(ਇਹ ਲੇਖ 29 ਅਗਸਤ 2014 ਨੂੰ ਫੇਸਬੁੱਕ 'ਤੇ ਛਾਯਾ ਕੀਤਾ ਗਿਆ)
ਰਾਸ਼ਟਰੀਆ ਸਵੈਮ ਸੇਵਕ ਸੰਘ ਦੇ ਮੁੱਖੀ ਮੋਹਨ ਭਾਗਵਤ ਦੇ ਬਿਆਨ ਬਾਰੇ ਉਸ ਦੇ ਪੱਖਧਰ ਆਖ ਰਹੇ ਹਨ ਕਿ ਇਹ ਇੱਕ ਇਤਫ਼ਾਕੀਆ ਬਿਆਨ ਹੈ ਜਿਸ ਦੇ ਡੂੰਘੇ ਅਰਥ ਲੱਭਣ ਦੀ ਲੋੜ ਨਹੀਂ। ਐਵੇਂ ਸਰਸਰੀ ਗੱਲ ਕੀਤੀ ਹੈ। ਪਰ ਰਾਸ਼ਟਰੀਆ ਸਵੈਮ ਸੇਵਕ ਸੰਘ ਦੀਆਂ ਲਿਖਤਾਂ ਵਿੱਚ ਅਜਿਹੀਆਂ ਗੱਲਾਂ ਬਾਰ-ਬਾਰ ਦੁਹਰਾਈਆਂ ਜਾਂਦੀਆਂ ਹਨ। 1990 ਦੇ ਕਰੀਬ ਭਾਜਪਾ ਦੇ ਪ੍ਰਮੁੱਖ ਮੁਰਲੀ ਮਨੋਹਰ ਜੋਸ਼ੀ ਨੇ ਆਖਿਆ ਸੀ, ‘ਅਸੀਂ ਸਾਰੇ ਹਿੰਦੂ ਹਾਂ। ਮੁਸਲਮਾਨ ਅਹਿਮਦੀਆਂ ਹਿੰਦੂ ਹਨ, ਇਸਾਈ ਕ੍ਰਿਸਤੀ ਹਿੰਦੂ ਹਨ, ਸਿੱਖ, ਜੈਨੀ ਬੋਧੀ, ਸਭ ਹਿੰਦੂ ਹਨ।’ ਮੋਹਨ ਭਾਗਵਾਤ ਦਾ ਆਖਣਾ ਹੈ, ‘ਸਾਰੇ ਭਾਰਤ ਵਾਸੀਆਂ ਦੀ ਸੱਭਿਆਚਾਰਿਕ ਪਛਾਣ ਹਿੰਦੂਤਵ ਹੈ। ਅਜੋਕੇ ਸਭ ਦੇਸ ਵਾਸੀ ਇੱਕ ਮਹਾਨ ਸੱਭਿਆਚਾਰ ਦੀ ਔਲਾਦ ਹਨ’। ਇਹ ਬਿਆਨ ਏਨਾ ਅਟਪਟਾ ਹੈ ਕਿ ਮਨੁੱਖੀ ਸੂਝ ਸਮਝ ਦੀ ਜੱਦ ਤੋਂ ਬਹਾਰ ਹੈ। ਸ਼ਾਇਦ ਏਸੇ ਲਈ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਜਾਵੇ। ਚੀਰ-ਫਾੜ ਕਰਨ ਲੱਗੀਏ ਤਾਂ ਇਹ ਬਿਆਨ ਅਕਾਸ਼ਵੇਲ ਦੇ ਪੱਤਿਆਂ ਵਾਂਗ ਬਿਖਰ ਜਾਂਦਾ ਹੈ। ਪੁਰਾਤਨ ਭਾਰਤ ਵਿੱਚ ਅਜੋਕੇ ਭਾਰਤ ਵਾਂਗ ਹੀ ਇੱਕੋ ਵੇਲੇ ਕਈ ਸੱਭਿਆਤਾਵਾਂ ਪ੍ਰਚੱਲਤ ਰਹੀਆਂ ਹਨ। ਸਿੰਧੂ ਘਾਟੀ, ਆਰੀਅਨ, ਬੋਧੀ, ਆਦੀਵਾਸੀ, ਦਲਿਤ, ਬ੍ਰਾਹਮਣੀ ਅਤੇ ਸ਼੍ਰਮਨਿਕ ਸੱਭਿਆਤਾਵਾਂ ਇਹਨਾਂ ਵਿੱਚੋਂ ਕੁਝ ਹਨ। 712 ਦੇ ਅਰਬ ਹਮਲੇ ਤੱਕ ਹਿੰਦੂ ਲਫਜ਼ ਏਸ ਧਰਤੀ ਉੱਤੇ ਪ੍ਰਚੱਲਤ ਨਹੀਂ ਸੀ। ਹਮਲਾਵਰਾਂ ਨੇ ਏਸ ਲਫਜ਼ ਨੂੰ ਪਹਿਲੋ ਪਹਿਲ ਵਰਤਿਆ। ਕੁਝ ਸਮਾਂ ਇਹ ‘ਸਿੰਧੂ’ ਦਾ ਬਦਲ ਵੀ ਰਿਹਾ ਪਰ ਅੱਗੇ ਜਾ ਕੇ ‘ਡਾਕੂ, ਚੋਰ, ਧਾੜਵੀ’ ਆਦਿ ਦੇ ਬਦਲ ਵਜੋਂ ਪ੍ਰਚੱਲਤ ਹੋਇਆ। ਕਈ ਵਿਚਾਰਵਾਨ ਇਸ ਨੂੰ ਅਪਮਾਨਜਨਕ ਜਾਣਦੇ ਹਨ ਅਤੇ ਹਿੰਦੂ ਅਖਵਾਉਣ ਨੂੰ ਤਿਆਰ ਨਹੀਂ; ਕੁਝ ਕੁ ‘ਗਰਵ ਸੇ ਕਹੋ ਹਮ ਹਿੰਦੂ ਹੈ’ ਦਾ ਨਾਅਰਾ ਬੁਲੰਦ ਕਰਦੇ ਹਨ। ‘ਕੁਛ ਹਕੀਕਤ ਖੁਲਤੀ ਹੀ ਨਹੀਂ ਇਸ ਨਾਮ ਕੀ’। ਏਨੀ ਕੁ ਗੱਲ ਪੱਕੀ ਹੈ ਕਿ ਹਿੰਦੂਤਵ ਦਾ ਸਿਆਸੀ ਵਿਚਾਰ ‘ਹਿੰਦੂ ਰਾਸ਼ਟਰ’ ਦੇ ਸੰਦਰਭ ਵਿੱਚ 1924-25 ਤੋਂ ਹੋਂਦ ਵਿੱਚ ਆਇਆ ਹੈ ਅਤੇ ਸੰਘ ਪ੍ਰਵਾਰ ਵੱਲੋਂ ਓਦੋਂ ਤੋਂ ਹੀ ਏਸੇ ਪਰਿਪੇਖ ਵਿੱਚ, ਧਰਮ ਨਿਰਪੱਖ ਹਿੰਦੋਸਤਾਨ ਦੇ ਸੰਕਲਪ ਦੇ ਵਿਰੋਧ ਵਿੱਚ ਵਰਤਿਆ ਜਾ ਰਿਹਾ ਹੈ। ਸੰਘ ਪ੍ਰਵਾਰ ਨੇ ਏਸ ਦੀ ਮੁਕੰਮਲ ਵਿਆਖਿਆ ਰਾਸ਼ਟਰੀਆ ਸਵੈਮ ਸੇਵਕ ਸੰਘ ਦੇ ਇੱਕ ਟ੍ਰੇਨਿਂਗ ਕੈਂਪ ਦੌਰਾਨ ਕੀਤੀ। ਸਵਾਲ ਦਾ ਜੁਆਬ ਦਿੰਦਿਆਂ ਯਾਦਵਰਾਓ ਜੋਸ਼ੀ ਨੇ ਆਖਿਆ, ‘ਅਜੇ ਤੱਕ ਰਾਸ਼ਟਰੀਆ ਸਵੈਮ ਸੇਵਕ ਸੰਘ ਅਤੇ ਹਿੰਦੂ ਸਮਾਜ ਏਨੇ ਤਕੜੇ ਨਹੀਂ ਕਿ ਮੁਸਲਮਾਨਾਂ ਅਤੇ ਇਸਾਈਆਂ ਨੂੰ ਸਾਫ਼ ਆਖ ਸਕਣ ਕਿ ਜੇ ਉਹਨਾਂ ਨੇ ਹਿੰਦੋਸਤਾਨ ਵਿੱਚ ਰਹਿਣਾ ਹੈ ਤਾਂ ਉਹ ਹਿੰਦੂ ਬਣ ਜਾਣ: ‘ਖ਼ਤਮ ਹੋ ਜਾਉ ਜਾਂ ਹਿੰਦੂ ਹੋ ਜਾਓ’! ਪਰ ਜਦੋਂ ਹਿੰਦੂ ਸਮਾਜ ਅਤੇ ਰਾਸ਼ਟਰੀਆ ਸਵੈਮ ਸੇਵਕ ਏਨੇ ਤਕੜੇ ਹੋ ਗਏ, ਅਸੀਂ ਇਹਨਾਂ ਨੂੰ ਆਖਾਂਗੇ ਕਿ, ‘ਜੇ ਤੁਸੀਂ ਏਸ ਮੁਲਕ ਵਿੱਚ ਰਹਿਣਾ ਚਾਹੁੰਦੇ ਹੋ ਜਾਂ ਇਸ ਮੁਲਕ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਸਵੀਕਾਰ ਕਰੋ ਕਿ ਕੁਝ ਕੁ ਪੀੜ੍ਹੀਆਂ ਪਹਿਲਾਂ ਤੁਸੀਂ ਹਿੰਦੂ ਹੀ ਸੀ। ਤੁਸੀਂ ਹਿੰਦੂ ਦਾਇਰੇ ਵਿੱਚ ਪਰਤ ਆਉ।’
ਓਦੋਂ ਤੱਕ ਇਹ ਔਰੰਗਜ਼ੇਬੀ ਫ਼ਰਮਾਨ ਸਿੱਖਾਂ, ਬੋਧੀਆਂ, ਜੈਨੀਆਂ ਉੱਤੇ ਸੁਤੇ ਸਿੱਧ ਹੀ ਲਾਗੂ ਹੋ ਚੁੱਕਿਆ ਹੋਵੇਗਾ ਜਾਂ ਇਹਨਾਂ ਵਿੱਚ ਏਨੇ ਹਿੰਦੂ ਏਜੰਟ ਪੈਦਾ ਹੋ ਚੁੱਕੇ ਹੋਣਗੇ ਜੋ ਜ਼ਬਰੀ ਲਾਗੂ ਕਰ ਦੇਣਗੇ ਜਾਂ ਹਿੰਦੋਸਤਾਨ ਦੀ ਅਨੇਕਤਾ ਨੂੰ ਖ਼ਤਮ ਕਰਦਿਆਂ, ਕਰਦਿਆਂ ਹਿੰਦੋਸਤਾਨ ਦਾ ਹੀ ਖ਼ਾਤਮਾ ਹੋ ਜਾਵੇਗਾ। ਇਹ ਹੈ ਸਰਬ-ਨਾਸ ਦਾ ਮੰਤਰ ਜਿਸ ਦੀ ਅਜ਼ਮਾਇਸ਼ ਉਮੀਦ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ।
28 ਅਗਸਤ 2014 ਨੂੰ ‘ਟਾਈਮਸ ਔਵ ਇੰਡੀਆ’ ਵਿੱਚ ਪਿੰਡ ਅਸਰੋਈ ਅਲੀਗੜ੍ਹ ਤੋਂ ਛਪੀ ਖ਼ਬਰ ਦੱਸਦੀ ਹੈ :
72 ਬਾਲਮੀਕੀ ਜੋ 1995 ਵਿੱਚ ਇਸਾਈ ਬਣ ਗਏ ਸਨ ‘ਘਰ ਵਾਪਸ ਆ ਗਏ ਹਨ। ਉਹਨਾਂ ਦੀ ਸ਼ੁੱਧੀ ਕਰ ਕੇ ਉਹਨਾਂ ਨੂੰ ਹਿੰਦੂ ਬਣਾਇਆ ਜਾ ਚੁੱਕਿਆ ਹੈ ਅਤੇ ਉਹਨਾਂ ਦੇ ਗਿਰਜੇ ਨੂੰ ਸ਼ਿਵ ਮੰਦਰ ਵਿੱਚ ਤਬਦੀਲ ਕਰ ਕੇ ਸਲੀਬ ਨੂੰ ਬਾਹਰ ਸੜਕ ਉੱਤੇ ਰੱਖਿਆ ਜਾ ਚੁੱਕਾ ਹੈ। ਇੱਕ ਮੈਂਬਰ ਪਾਰਲਾਮੈਂਟ ਯੋਗੀ ਅਦਿਤਆ ਨਾਥ ਨੇ ਮੁਸਲਮਾਨਾਂ ਸਬੰਧੀ ਬਿਆਨ ਦਿੱਤਾ ਹੈ ਕਿ ‘ਪ੍ਰੇਮ-ਜਹਾਦ’ ਬੰਦ ਕਰ ਦੇਣ। ਜੇ ਉਹਨਾਂ ਇੱਕ ਹਿੰਦੂ ਔਰਤ ਨੂੰ ਮੁਸਲਮਾਨ ਕੀਤਾ ਤਾਂ ਅਸੀ ਇੱਕ ਸੌ ਮੁਸਲਮਾਨੀਆਂ ਨੂੰ ਹਿੰਦੂ ਬਣਾਵਾਂਗੇ।’
No comments:
Post a Comment