Saturday, February 26, 2011

Shalok Varan te Wadhik

[This weekend there were several propositions. I could have talked about a species of judicial corruption pertaining to the retired chief justice of India who, along with his family, is currently in the dock for all the wrong reasons. I was a kind of eye-witness to the unfair treatment he meted out to his own subordinates in the matter of promotions. That brings out his image as a schemer and a manipulator. I was instrumental in bringing it to the notice of the highest in the land – but of course, nothing happened. Then I could have written about Mr. Achuttanandan, the beleagured chief minister of Kerela. There is a Sikh angle to why he had to face the recent humiliation. One of my valuable colleagues was insisting that I talk further about the recent Sikh struggle to which also I am an eye-witness.
Suddenly however, the stunning beauty and the extreme contemporary relevance of the Guru’s revelation in the verses collected under Vaaran te Wadhik thrust itself on the consciousness. It appears that the first fourteen verses form a coherent, distinct whole. The fifteenth must also be looked upon as complementary. The twin streams of the Guru’s desire to convey the truth as he has realised it and to help the entire humankind are obvious in these verses, as elsewhere. He particularly addresses the innocent youth (using the metaphor of mundh, or a bewitching young beauty innocent of the intricacies of existence) who have fallen pray to materialism and tells them that there is life beyond and that aspect should engage their attention. He recommends integration with spiritual and intellectual pursuits as a more rewarding life style, that is at the same time more conducive to the ultimate purpose of life. There will be disagreements as we mostly know only a part of the story. But I hope the protesters will appreciate that Nanak is under an eternal obligation to state the Truth. Despite his deep concern for the welfare of the world, he is not out to make a kill – to convert. He makes his position that is deeply influenced by his proximity to the Ultimate Reality, crystal clear, states his proposition and leaves the rest to the discerning human mind endowed with the faculty of mature thought. As far as he is concerned, he would brave the oceanic waves and tear through the lake of fire (uncontrolled desire) and would squarely look the ferocious tiger (passion) pursuing humankind, in the eye. He talks of training his own mind of instructing the self and leaves it to others to emulate his example if they are so persuaded. But he does not quit before graphically bringing home the crucial importance of rationality and intellect in the battle for salvation. This is done in the fifteenth verse. Those who followed his advice became a powerful force in history, disseminating benign impulses to enrich humankind.
This is my excuse for attempting a translation of the verses of Guru Nanak. I do not know whether it is the right translation. When one is presenting a scripture, the realisation of inadequacy is not a policy matter, it is a dire necessity. Even the higher degree of humility required may not be sufficient. I, therefore, recommend that it is best to consider the following a working paper from which the reader may graduate to better understanding by personal application, grounded in personal experience.- Gurtej Singh]


ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧॥

ਉਤੰਗੀ ਪੈਓਹਰੀ ਗਹਿਰੀ ਗੰਭੀਰੀ॥
‘O tall young one with well formed body (breasts), acquire some seriousness.’

ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ॥
‘How should I do courtesy to the mother-in-law, the breasts (arrogance of youth) forbid humility.’

ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ॥
‘Consider friend, the well plastered mansions rivalling mountains,’

ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ॥੧॥
Bewitching girl, I have seen even those fall, the breasts must inspire no arrogance.’1.


ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ॥
‘Attractive doe-eyed girl, heed the sane advice being rendered seriously.’

ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ॥
‘Discern first the nature of goods and then deal in them (make choices).’

ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ॥
‘Shun squarely the evil inspiring and celebrate beneficial friendships.’

ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵੀਚਾਰੁ॥
‘Give consideration to the calling that earns good friends.’

ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ॥
‘Surrender mind and body to goodness (good inclinations), this is the essence of happiness.’

ਤਿਸ ਸਉ ਨੇਹੁ ਨ ਕੀਚਈ ਜਿ ਦਿਸੈ ਚਲਣਹਾਰੁ॥
‘Do not have affection for the obviously fleeting phenomenal.’

ਨਾਨਕ ਜਿ ਨੀ ਇਵ ਕਰਿ ਬੁਝਿਆ ਤਿਨਾ ਵਿਟਹੁ ਕੁਰਬਾਣੁ॥੨॥
‘Those who understand it in this context, unto them Nanak is a willing sacrifice.’ 2.

ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ ਕਲ॥
‘Should you aspire to swim over water, be instructed by expert swimmers.’

ਤਾਹੂ ਖਰੇ ਸੁਜਾਣ ਵੰਞਾ ਏਨੀ ਕਪਰੀ॥੩॥
‘They are the thoroughly accomplished, who pierce these billows.’ 3.

ਝੜ ਝਖੜ ਓਹਾੜ ਲਹਰੀ ਵਹਨਿ ਲਖੇਸਰੀ॥
‘Come rain, storm or flood when myriad waves issue forth in succession.’


ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹਿ ਭਉ॥੪॥
‘Call upon the True Guru, and obviate the fear of the ship capsizing.’ 4.

ਨਾਨਕ ਦੁਨੀਆ ਕੈਸੀ ਹੋਈ॥
‘Nanak such has become the world;

ਸਾਲਕੁ ਮਿਤੁ ਨ ਰਹਿਓ ਕੋਈ॥
no truly trustworthy sympathetic guide remains.’

ਭਾਈ ਬੰਧੀ ਹੇਤੁ ਚੁਕਾਇਆ॥
‘Love of a brother, a relative is abandoned lightly.’

ਦੁਨੀਆ ਕਾਰਣਿ ਦੀਨੁ ਗਵਾਇਆ॥੫॥
‘For the sake of the worldly, spirituality is cast away.’5.

ਹੈ ਹੈ ਕਰਿ ਕੈ ਓਹਿ ਕਰੇਨਿ॥
‘Then loudly lamenting they grieve,’

ਗਲਾ ਪਿਟਨਿ ਸਿਰੁ ਖੋਹੇਨਿ॥
‘beating their cheeks they pluck hair on their heads.’

ਨਾਉ ਲੈਨਿ ਅਰੁ ਕਰਨਿ ਸਮਾਇ॥
‘Those who accept the discipline and become well-adjusted,

ਨਾਨਕ ਤਿਨ ਬਲਿਹਾਰੈ ਜਾਇ॥੬॥
Nanak cherishes such ones.’ 6.

ਰੇ ਮਨ ਡੀਗਿ ਨ ਡੋਲੀਐ ਸੀਧੈ ਮਾਰਗਿ ਧਾਉ॥
‘Train the mind not to falter, not to waver and to march determinedly on the straight path (of spirituality),’

ਪਾਛੈ ਬਾਘੁ ਡਰਾਵਣੋ ਆਗੈ ਅਗਨਿ ਤਲਾਉ॥
‘even when there is a ferocious tiger (aggressive instincts) in pursuit and a lake of fire (uncontrolled desire) is in front.’

ਸਹਸੈ ਜੀਅਰਾ ਪਰਿ ਰਹਿਓ ਮਾ ਕਉ ਅਵਰੁ ਨ ਢੰਗੁ॥
‘Uncertainty, fear possess the mind for I know of no other method (to secure salvation).’

ਨਾਨਕ ਗੁਰਮੁਖਿ ਛੁਟੀਐ ਹਰਿ ਪ੍ਰੀਤਮ ਸਿਉ ਸੰਗੁ॥੭॥
‘Nanak aid of the Guru oriented relieves (allays fear) and earns one the company of the loving God.’7.

ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ॥
‘He, who accepts Guru’s instructions, trains the mind and defeats the (pursuing) tiger.’

ਆਪੁ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ॥
‘Self-realisation, unites with God and eliminates further possibility of (life and) death.’

ਕੀਚੜਿ ਹਾਥੁ ਨ ਬੂਡਈ ਏਕਾ ਨਦਰਿ ਨਿਹਾਲਿ॥
‘One is not submerged by the mire, a single look (of mercy) bestows felicity.’

ਨਾਨਕ ਗੁਰਮੁਖਿ ਉਬਰੇ ਗੁਰੁ ਸਰਵਰੁ ਸਚੀ ਪਾਲਿ॥੮॥
‘Nanak, the Guru-oriented one emerges, (is saved by) the Guru, who is a (purifying) lake bounded by Truth.’ 8.

ਅਗਨਿ ਮਰੈ ਜਲੁ ਲੋੜਿ ਲਹੁ ਵਿਣੁ ਗੁਰ ਨਿਧਿ ਜਲੁ ਨਾਹਿ॥
‘If being consumed by fire, seek water. Without the Guru-source, there is no water.’

ਜਨਮਿ ਮਰੈ ਭਰਮਾਈਐ ਜੇ ਲਖ ਕਰਮ ਕਮਾਹਿ॥
‘Performance of a hundred thousand rituals, (merely) consigns one to the cycle of life and death.’

ਜਮੁ ਜਾਗਾਤਿ ਨ ਲਗਈ ਜੇ ਚਲੈ ਸਤਿਗੁਰ ਭਾਇ॥
‘Death gets no dominion over one who confirms to the conduct approved by the Guru.’

ਨਾਨਕ ਨਿਰਮਲੁ ਅਮਰ ਪਦੁ ਗੁਰੁ ਹਰਿ ਮੇਲੈ ਮੇਲਾਇ॥੯॥
Nanak, immaculate indeed is eternal life. It is obtained when the Guru facilitates merger with God.’ 9.


ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ॥
‘At the muddy pond (of worldly entanglements), the less informed beings (crows) bathe applying dirt to themselves.’

ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ॥
‘Mind and body are soiled by bad conduct, the beak too comes to be filled with falsehood.’

ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ॥
‘The rightly motivated swans, because of the company of the perverted crows, fail to distinguish the (pure water) lake, the Guru, from the dirty pond.’

ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ॥
‘The knowledgable ones be informed, such is the result of keeping company with the perverted.’

ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ॥
‘Proclaiming victory to the congregation of the good, earn merit by adopting the practises of the God-ward bound.’

ਨਿਰਮਲੁ ਨਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ॥੧੦॥
‘Bathe to purify Nanak, Guru is the river, the place of pilgrimage.’ 10.

ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ॥
‘At naught can be assessed the gain of the human birth, if there be no devotion to God, no love of God (in life).’

ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ॥
‘Adornments and consumption are of no avail if the mind professes love of the other (than God).’

ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ॥
‘Then, it is falsehood that one sees, one hears and the mouth utters falsehood too.’

ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ॥੧੧॥
‘Nanak, accept (His) discipline, all else is self-centredness that begets transmigration alone. 11.

ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ॥੧੨॥
‘Nanak, (those who accept His Will) are far between, not many, empty shells fill rest of the world.’ 12.

ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ॥
‘Nanak, one stricken (by the love of God), immediately relaxes hold on worldly pursuits and dies unto the world.’

ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ॥
He who dies (to the world) gains (God’s) acceptance.’

ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ॥
He, whom He strikes, alone is struck and being struck is the mark of acceptance.

ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ॥੧੩॥
‘(Once embedded), the arrow of love is not extracted for it is shot by an accomplished Marksman. 13.’

ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ॥
‘It (the human body) is a vessel fashioned from mud, none can wash it.’

ਧਾਤੂ ਪੰਜਿ ਰਲਾਇ ਕੂੜਾ ਪਾਜਿਆ॥
Five elements have been blended to create a perishable body.’
ਭਾਂਡਾ ਆਣਗੁ ਰਾਸਿ ਜਾਂ ਤਿਸੁ ਭਾਵਸੀ॥
The vessel becomes worthwhile when it receives His Grace.’

ਪਰਮ ਜੋਤਿ ਜਾਗਾਇ ਵਾਜਾ ਵਾਵਸੀ॥੧੪॥
‘Lighting the eternal light, (He) sounds his trumpet.’14.

ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ॥
Those who are stone blind mentally, those who do not recognise the inherent implication (of human birth) to (serve the Truth);’

ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ॥
‘whose minds are like the (impervious) inverted lotus, they appear downright ugly.’

ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ॥
‘Some receive instructions, fathom the importance of the advice, they are the very wise ones.’

ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ॥
‘There are others who do not appreciate soulful music, intellectual activity fine arts or poetry.’

ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ॥
‘They are the ones who have no accomplishments, no intellectual capacity and cannot gauge the importance of the written word.’

ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ॥੧੫॥
‘Nanak, in reality, those who are arrogant but devoid of merit, are the unwise ones.’ 15

Saturday, February 12, 2011

ਹੋਸ਼ਿਆਰ ਥਾ ਸੋ ਮੈਂ ਥਾ *

ਅੱਜ ਦੀ ਇਹ ਕਹਾਣੀ, ਹੈ ਸਦੀਆਂ ਪੁਰਾਣੀ ਅਤੇ ਜੇ ਸੁਪਰੀਮ ਕੋਰਟ ਵੱਲੋਂ ਪ੍ਰਵਾਣਤ ਸਸਬਹੁ (ਸਥਾਈ ਸੱਭਿਆਚਾਰਕ ਬਹੁਗਿਣਤੀ) ਦੀ ਰੌਂਅ ਦੇ ਨਾਲ ਤੁਰੀਏ ਤਾਂ ਕਈ ਲੱਖ ਸਾਲ ਪੁਰਾਣੀ ਬਣ ਜਾਂਦੀ ਹੈ। ਕਦੇ ਡੂੰਘੇ ਅਤੀਤ ਵਿੱਚ, ਕਿਸੇ ਲੇਖਕ ਦੇ ਜ਼ਿਹਨ ਵਿੱਚ ਕਿਸੇ ਨਟਖਟ ਅਵਤਾਰ ਦੀ ਪ੍ਰੇਰਨਾ ਨਾਲ ਪਾਂਡਵਾਂ ਨੇ ਪੰਜ ਪਿੰਡਾਂ ਨਾਲ ਗੁਜ਼ਾਰਾ ਕਰਨਾ ਮਨਜ਼ੂਰ ਕਰ ਲਿਆ ਸੀ 'ਪ੍ਰੰਤੂ' ਕਿਸੇ ਲਾਲਚੀ, ਹੰਕਾਰੀ, ਦੋ ਸੌ ਚਾਰ ਬਾਹਵਾਂ ਵਾਲੇ ਰਾਜੇ ਨੇ ਅਸਲ ਵਾਰਸਾਂ ਨੂੰ ਸੂਈ ਦੇ ਨੱਕੇ ਜਿੰਨੀ ਜ਼ਮੀਨ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਇਉਂ ਤਹਿ ਹੋਇਆ ਸੀ ਉਹ ਸਿਧਾਂਤ ਜਿਸ ਨੇ ਸਸਬਹੁ ਦੇ ਚਿੱਤ ਵਿੱਚ ਸਦਾ ਲਈ ਨਿਵਾਸ ਕਰ ਕੇ ਮੁਲਕ ਨੂੰ ਸਦਾ ਲਈ ਖੇਰੂੰ-ਖੇਰੂੰ ਕਰਨ ਦੀ ਪੀਢੀ, ਪੁਖਤਾ ਅਤੇ ਸਦ¬-ਰਹਿਣੀ ਨੀਂਹ ਮਨੁੱਖੀ ਇਤਿਹਾਸ ਵਿੱਚ ਰੱਖੀ। ਸ਼ਰੀਕ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਾ ਕਰਨ ਦੀ, ਹਰ ਹਾਲਤ ਵਿੱਚ ਕਲਹ-ਕਲੇਸ਼ ਵਿੱਚ ਹੀ ਭਲਾਈ ਲੱਭਣ ਦੀ ਇਸ ਰੀਤ ਨੇ ਲੱਖਾਂ ਖੂਹਣੀਆਂ ਦਾ ਖ਼ੂਨ ਪੀਤਾ ਪਰ ਅਜੇ ਵੀ ਏਸ ਦੀ ਪ੍ਰਸਤਿਸ਼ ਕਰਨ ਵਾਲੇ ਲਹੂ-ਪੀਣੇ ਹਰ ਮੁਲਕ ਦੀ ਧਰਤੀ ਉੱਤੇ ਆਮ ਸਾਊ ਮਨੁੱਖਾਂ ਦਾ ਭੇਸ ਧਾਰ ਕੇ ਵਿਚਰ ਰਹੇ ਹਨ। ਇਹਨਾਂ ਦੀਆਂ ਕਰਤੂਤਾਂ ਵੱਲ ਫ਼ੇਰ ਪਰਤਾਂਗੇ, ਪਹਿਲਾਂ ਇੱਕ ਹੋਰ ਅਜਬ ਕਹਾਣੀ ਕਹਿ ਲਈਏ!

ਇਹ ਅਜਬ ਕਹਾਣੀ ਹੈ ਇੱਕ ਫ਼ਕੀਰ-ਪਾਤਸ਼ਾਹ, ਗੁਰੂ, ਦੀ ਜਿਸ ਦੇ ਜ਼ਿਹਨ ਵਿੱਚ ਸੰਸਾਰ ਦਾ ਸਭ ਤੋਂ ਸੁਨੱਖਾ ਮਨੁੱਖ, ਅੰਮ੍ਰਿਤ ਦੀਆਂ ਚੂਲੀਆਂ ਨਾਲ ਤ੍ਰਿਪਤ ਹੋਇਆ, ਖ਼ਾਲਸਾ ਉੱਭਰਿਆ। ਓਸ ਦੇ ਤਸੱਵਰ ਦੇ ਏਸ ਮਨੁੱਖ ਨੇ ਨਿਰੰਤਰ ਪਰਉਪਕਾਰ ਕਮਾਉਣਾ ਸੀ ਅਤੇ ਸਭ ਨਿਰਜਿੰਦ ਰੀਤਾਂ, ਘਾਤਕ ਬਿਰਤੀਆਂ, ਮਨੁੱਖੀ ਜੀਵਨ-ਰੌਂਅ ਨੂੰ ਨਕਾਰਨ ਵਾਲੇ ਹਰ ਵਿਚਾਰ ਨੂੰ ਤ੍ਰਿਸਕਾਰਨਾ ਸੀ। ਕਿਸੇ ਦੈਵੀ ਕਵੀ ਅਨੁਸਾਰ ਏਸ ਨੇ ਏਸ ਪੱਖੋਂ ਉਲਟੀ ਗੰਗਾ ਵਗਾਉਣੀ ਸੀ। ਏਸ ਮਨੁੱਖ ਦੀ ਇਹ ਕਹਾਣੀ ਸਦੀਆਂ ਪੁਰਾਣੀ ਤਾਂ ਹੈ ਪਰ ਹੈ ਗੌਰਵ ਕਰਨ ਵਾਲੀ ਵੀ ਅਤੇ ਸਦਾ ਤਰੋ-ਤਾਜ਼ਾ ਰਹਿਣ ਵਾਲੀ ਵੀ। ਇਹ ਕਿਸੇ ਗ਼ਲਤ ਘੜੇ ਅਸੂਲ ਦੀ ਲਾਸ਼ ਨਹੀਂ ਜੋ ਯੁੱਗਾਂ ਤੋਂ ਮਨੁੱਖਤਾ ਦੇ ਵਿਹੜੇ ਵਿੱਚ ਤਾਜ ਪਹਿਨ ਕੇ ਬੈਠੀ ਹੈ।

ਪਹਿਲਾਂ ਏਸ ਜਿਊਂਦੀ-ਜਾਗਦੀ, ਗੁਲਜ਼ਾਰ ਵਾਂਗ ਖਿੜੀ, ਅਲ੍ਹੜ ਕੁੜੀਆਂ ਦੇ ਰੰਗ-ਬਰੰਗੇ ਪਟੋਲਿਆਂ ਵਾਂਗ ਪਾਕ, ਸੋਖ ਚਿੜੀਆਂ ਵਾਂਗ ਚਹਿਕਦੀ ਰੀਤ ਦੀ ਗੱਲ ਕਰੀਏ। ਏਸ ਦਾ ਪਹਿਲਾ ਆਧਾਰ ਸੀ ਸੰਸਾਰ ਦੇ ਹਰ ਖਿੱਤੇ ਦੇ ਮਨੁੱਖ ਨਾਲ ਰਵਾਦਾਰੀ ਰੱਖਣਾ। ਰਵਾਦਾਰੀ ਨੂੰ ਜਾਨਦਾਰ ਬਣਾਉਣ ਲਈ, ਏਸ ਨੂੰ ਇੱਕ ਨਿੱਗਰ ਤਰੀਕੇ ਨਾਲ ਸੰਸਾਰ ਦੇ ਲੋਕਾਂ ਸਾਹਮਣੇ ਰੱਖਣਾ ਤਾਂ ਕਿ ਉਹ ਸਾਰੇ ਏਸ ਰਾਹ ਤੁਰ ਸਕਣ। ਇਹ ਸਭ ਕੁਝ ਕਰਨ ਲਈ ਆਪਣੀਆਂ ਅਕਾਲ ਪੁਰਖ ਵੱਲੋਂ ਸਿਰਜੀਆਂ, ਮਨਮੋਹਣੇ ਦਰਿਆਵਾਂ ਅਤੇ ਉੱਚਾ ਸਿਰ ਚੁੱਕ ਕੇ ਖੜ੍ਹੇ ਪਹਾੜਾਂ ਨਾਲ ਸ਼ਿੰਗਾਰੀਆਂ, ਕੁਦਰਤੀ ਸਰਹੱਦਾਂ ਨੂੰ ਮਜਬੂਤ ਕਰਨਾ ਸੀ। ਨਿਰੰਤਰ ਬਾਹਰੀ ਹਮਲਿਆਂ ਨਾਲ ਦੋ ਹੱਥ ਹੁੰਦੀ ਕੋਈ ਵੀ ਸੱਭਿਅਤਾ ਮਨੁੱਖੀ ਵਿਕਾਸ ਦੀ ਚਰਮ ਸੀਮਾ ਤੱਕ ਆਪਣੇ- ਆਪ ਨੂੰ ਉਤਾਂਹ ਨਹੀਂ ਚੁੱਕ ਸਕਦੀ ਅਤੇ ਕੋਈ ਵੀ ਮਨੁੱਖੀ ਸਮੂਹ ਜੋ ਆਪਣੀ ਗੱਲ ਕਹਿ ਸਕਣ ਲਈ ਆਜ਼ਾਦ ਨਹੀਂ, ਨਵੀਂ ਸੱਭਿਅਤਾ ਸਿਰਜਣ ਦੀ ਪ੍ਰਕਿਰਿਆ ਦਾ ਸੁਪਨਾ ਵੀ ਨਹੀਂ ਲੈ ਸਕਦਾ।

ਕਿਵੇਂ ਇਹ ਨਵਾਂ ਮਨੁੱਖ ਪੈਰ-ਪੈਰ ਉੱਤੇ ਆਪਣੀ ਅਹੂਤੀ ਦੇ ਕੇ ਆਜ਼ਾਦੀ ਦੇ ਦਰ ਤੱਕ ਪੁੱਜਾ ਤਾਂ ਇੱਕ ਹੋਰ ਰੌਚਕ ਕਹਾਣੀ ਹੈ ਜੋ ਅੱਜ ਦੇ ਵਿਸ਼ੇ ਨਾਲ ਮੇਲ ਨਹੀਂ ਖਾਂਦੀ। ਪਰ ਏਸ ਆਜ਼ਾਦੀ ਨੂੰ ਮਜਬੂਤ ਕਰਨ ਲਈ ਮਾਰੇ ਹੰਭਲੇ ਜ਼ਰੂਰ ਵਿਚਾਰੇ ਜਾਣੇ ਬਣਦੇ ਹਨ।

ਪੰਜਾਬ ਦਾ ਚਾਰ ਮਹਲ ਇਲਾਕਾ (ਔਰੰਗਾਬਾਦ, ਗੁਜਰਾਤ, ਸਿਆਲਕੋਟ, ਪਸਰੂਰ) ਤਾਂ ਮੁਗ਼ਲ ਸਾਮਰਾਜ ਪਹਿਲਾਂ ਹੀ ਨਾਦਰ ਸ਼ਾਹ ਨੂੰ 14 ਲੱਖ ਦੀ ਜਾਗੀਰ ਦੇ ਰੂਪ ਵਿੱਚ ਦੇ ਚੁੱਕਾ ਸੀ। ਅਹਿਮਦਸ਼ਾਹ ਨੇ 1750 ਵਿੱਚ ਲਾਹੌਰੋਂ ਆਪਣਾ ਏਲਚੀ ਭੇਜ ਕੇ ਆਪਣੇ ਹਮ-ਨਾਂਵੀਏਂ ਮੁਗ਼ਲ ਬਾਦਸ਼ਾਹ ਕੋਲੋਂ ਦੁਬਾਰਾ ਇਨ੍ਹਾਂ ਇਲਾਕਿਆਂ ਦਾ ਪਟਾ ਲਿਖਾ ਲਿਆ। ਮਾਰਚ 1752 ਵਿੱਚ ਮੁਗ਼ਲ ਬਾਦਸ਼ਾਹ ਨੇ ਸਾਰਾ ਪੰਜਾਬ ਅਹਿਮਦਸ਼ਾਹ ਨੂੰ ਦੇ ਦਿੱਤਾ ਅਤੇ ਉਸ ਤੋਂ ਬਾਅਦ ਇਹ ਅਫ਼ਗਾਨ ਸਾਮਰਾਜ ਦਾ ਹਿੱਸਾ ਬਣ ਗਿਆ। ਜੰਮੂ ਦਾ ਰਣਜੀਤ ਦੇਵ ਤਾਂ ਪਹਿਲਾਂ ਹੀ ਵਾਪਸ ਜਾਂਦੇ ਅਹਿਮਦ ਸ਼ਾਹ ਦੇ ਪਿੱਛੇ ਆਪਣੇ ਏਲਚੀ ਭੇਜ ਕੇ ਓਸ ਦੀ ਈਨ ਮੰਨ ਚੁੱਕਿਆ ਸੀ। ਏਸੇ ਤਰ੍ਹਾਂ ਡੇਰਾਜਾਤ ਇਲਾਕੇ ਦੇ ਸਰਦਾਰ ਵੀ। ਐਤਕੀਂ ਆਪਣੀ ਵਫ਼ਾਦਾਰੀ ਵਿਖਾਉਂਦਿਆਂ ਰਣਜੀਤ ਦੇਵ ਨੇ ਕਸ਼ਮੀਰ ਫ਼ਤਹਿ ਕਰਨ ਵਿੱਚ ਅਹਿਮਦ ਸ਼ਾਹ ਦੀ ਭਰਪੂਰ ਮਦਦ ਕੀਤੀ। ਕਸ਼ਮੀਰ ਉੱਤੇ ਕਬਜ਼ਾ ਕਰ ਕੇ ਅਹਿਮਦਸ਼ਾਹ ਨੇ ਓਥੇ ਅਬਦੁੱਲਾ ਖ਼ਾਨ ਨੂੰ ਆਪਣਾ ਸੂਬੇਦਾਰ ਥਾਪਿਆ ਅਤੇ ਸੁਖਜੀਵਨ ਮੱਲ ਨੂੰ ਓਥੋਂ ਦਾ ਬੰਦੋਬਸਤ ਕਰਨ ਲਈ ਦਿਵਾਨ ਨਿਯੁਕਤ ਕੀਤਾ।

ਇਉਂ ਸਾਰਾ ਪੰਜਾਬ, ਲਾਹੌਰ, ਮੁਲਤਾਨ, ਕਸ਼ਮੀਰ ਸਮੇਤ ਹਿੰਦੋਸਤਾਨ ਨਾਲੋਂ ਤੋੜ ਕੇ ਅਫ਼ਗਾਨਿਸਤਾਨ ਨਾਲ ਜੋੜ ਦਿੱਤਾ ਗਿਆ। ਏਸ ਦੇ ਵਿੱਰੁਧ ਕਿਸੇ ਕੋਈ ਰੋਸ ਨਾ ਕੀਤਾ; ਕੇਵਲ ਨਵੇਂ ਮਨੁੱਖ ਖ਼ਾਲਸਾ ਨੇ ਐਲਾਨ ਕੀਤਾ ਕਿ ਪੰਜਾਬ ਏਥੋਂ ਦੇ ਲੋਕਾਂ ਦਾ ਹੈ, ਏਹੀ ਏਸ ਦੀ ਉਪਜ ਖਾਣਗੇ ਅਤੇ ਏਹੀ ਏਸ ਦਾ ਬੰਦੋਬਸਤ ਕਰਨਗੇ। ਨਾਦਰਾਂ-ਅਬਦਾਲੀਆਂ ਨੂੰ ਏਸ ਨੂੰ ਲੁੱਟਣ, ਗ਼ੁਲਾਮ ਬਣਾਉਣ ਦਾ ਕੋਈ ਹੱਕ ਨਹੀਂ। ਦਸ ਕੁ ਸਾਲ ਦੀ ਜੱਦੋਜਹਿਦ ਉਪਰੰਤ ਜਦੋਂ ਬੇ-ਸਾਜ਼ੋ-ਸਾਮਾਨ ਫ਼ਕੀਰਾਂ ਦਾ ਇਹ ਟੋਲਾ ਪੰਜਾਬ ਉੱਤੇ ਆਪਣੇ ਬਾਹੂਬਲ ਨਾਲ ਕਬਜ਼ਾ ਕਰਨ ਦੇ ਨੇੜੇ ਅੱਪੜਿਆ; ਜਦੋਂ ਪਾਣੀਪਤ ਦੇ ਜੇਤੂ ਨੂੰ ਖ਼ਾਲਸਾ ਫ਼ੌਜਾਂ ਦੇ ਡਰੋਂ ਰਾਤੋ ਰਾਤ ਚੋਰ ਵਾਂਗ ਲਾਹੌਰੋਂ ਭੱਜਣਾ ਪਿਆ ਤਾਂ ਅਬਦਾਲੀ ਨੇ ਪੰਜਾਬ ਜਾਗੀਰ ਦੇ ਤੌਰ ਉੱਤੇ ਸਿੰਘਾਂ ਨੂੰ ਦੇਣ ਦੀ ਪੇਸ਼ਕਸ਼ ਬੜੀ ਆਜਜ਼ੀ ਨਾਲ ਕੀਤੀ। ਜੰਗਲ ਵਿੱਚ ਬੈਠੇ, ਕੜਾਕੇ ਸਹਿੰਦੇ ਸਿੰਘਾਂ ਦਾ ਜੁਆਬ ਸੀ, ''ਪੰਜਾਬ ਸਾਡਾ ਹੈ, ਸਾਡੇ ਗੁਰੂ ਨੇ ਸਾਨੂੰ ਬਖ਼ਸ਼ਿਆ ਹੈ; ਅਸੀਂ ਆਪੇ ਏਸ ਦੀ ਰਾਖੀ ਦੀ ਜ਼ਿੰਮੇਵਾਰੀ ਸੰਭਾਲਾਂਗੇ। ਕਿਸੇ ਭੁੱਖੇ ਜਰਵਾਣੇ ਤੋਂ ਏਸ ਨੂੰ ਬਖ਼ਸ਼ੀਸ਼ ਰੂਪ ਵਿੱਚ ਨਹੀਂ ਲਵਾਂਗੇ।" ਏਵੇਂ ਹੀ ਹੋਇਆ। ਆਖ਼ਰ ਪੇਸ਼ਾਵਰ ਤੱਕ ਦਾ ਇਲਾਕਾ ਪੰਜਾਬ ਦਾ ਹਿੱਸਾ ਬਣਿਆ ਅਤੇ ਨੌਂ ਸਦੀਆਂ ਤੋਂ ਵਗਦੇ ਜਬਰ ਦੇ ਹੜ੍ਹਾਂ ਨੂੰ ਸਦਾ ਲਈ ਠੱਲ੍ਹ ਪਾਈ ਗਈ। ਬਾਕੀ ਦੇ ਇਲਾਕੇ ਵੀ ਇਹਨਾਂ ਜਾਂਬਾਜ਼ ਬਹਾਦਰਾਂ ਨੇ ਲਹੂ-ਵੀਟਵੀਆਂ ਲੜਾਈਆਂ ਲੜ-ਲੜ ਕੇ ਵਾਪਸ ਲਏ ਅਤੇ ਏਸ ਮੁਲਕ ਦਾ ਹਿੱਸਾ ਬਣਾਏ।

ਕਸ਼ਮੀਰ, ਮੁਲਤਾਨ ਲਈ ਕਈ ਤਰੱਦਦ ਕਰਨੇ ਪਏ। ਆਖ਼ਰ 1819 ਵਿੱਚ 70 ਸਾਲ ਬਾਅਦ ਕਸ਼ਮੀਰ ਨੂੰ ਤੇਗ਼ ਦੇ ਜ਼ੋਰ ਨਾਲ ਅਫ਼ਗਾਨਿਸਤਾਨ ਨਾਲੋਂ ਤੋੜ ਕੇ ਮੁੜ ਏਸ ਮੁਲਕ ਦਾ ਹਿੱਸਾ ਬਣਾਇਆ ਗਿਆ ਅਤੇ ਏਸ ਉੱਤੇ ਸਹੀ ਲੋਕ-ਰਾਜ ਸਥਾਪਤ ਕੀਤਾ ਗਿਆ। ਨਵੇਂ ਮਨੁੱਖ ਦੀ ਇਲਾਕੇ ਦੇ ਰੂਪ ਵਿੱਚ ਹਿੰਦੂ ਨੂੰ ਆਖ਼ਰੀ ਸੌਗਾਤ ਸੀ ਤਿੱਬਤ ਅਤੇ ਇਸਕਾਰਦੂ ਦੇ ਉਹ ਹਿੱਸੇ ਜਿਨ੍ਹਾਂ ਬਿਨਾਂ ਇਹ ਮੁਲਕ ਮਹਿਫ਼ੂਜ਼ ਨਹੀਂ ਸੀ। ਏਸ ਲਈ ਖ਼ਾਲਸਾ ਫ਼ੌਜਾਂ ਨੂੰ ਤਿੱਬਤ ਦੇ ਦਲਾਈਲਾਮਾ ਅਤੇ ਚੀਨ ਦੇ ਸ਼ਨਿਸ਼ਾਹ ਨਾਲ, ਬਰਫ਼ ਦੀਆਂ ਦੁਸ਼ਵਾਰੀਆਂ ਨੂੰ ਉਲੰਘ ਕੇ, ਜੂਝਣਾ ਪਿਆ। ਆਖ਼ਰ 'ਸਰਕਾਰ ਖ਼ਾਲਸਾ ਜੀਉ' ਦੀ ਚੀਨ ਦੇ ਬਾਦਸ਼ਾਹ ਅਤੇ ਦਲਾਈਲਾਮਾ ਨਾਲ ਸੰਧੀ ਹੋਈ ਜਿਸ ਅਧੀਨ ਇਹ ਖ਼ੇਤਰ ਨਵੇਂ ਲੋਕ-ਰਾਜ ਦਾ ਹਿੱਸਾ ਬਣਿਆ।

ਜਮਨਾ ਤੋਂ ਉਰਲੇ ਪਾਰ ਦੇ ਖਿੱਤੇ ਦੀ ਕਥਾ ਬੜੀ ਰੌਚਕ ਹੈ। ਇਹ ਕਹਾਣੀ ਹੈ ਤਨੋਂ ਨੰਗੇ, ਢਿੱਡੋਂ ਭੁੱਖੇ ਲੋਕਾਂ ਦੀ ਜਿਨ੍ਹਾਂ ਨੇ ਆਪਣੇ ਮੁਰਸ਼ਦ ਕੋਲੋਂ ਆਤਮਕ ਸ਼ਕਤੀ ਹਾਸਲ ਕਰ ਕੇ ਕੇਵਲ ਆਪਣੇ ਬਾਹੂਬਲ, ਦ੍ਰਿਢ ਇਰਾਦੇ ਅਤੇ ਕੁਰਬਾਨੀ ਦੇ ਬਲਬੂਤੇ ਆਪਣੀ ਅਣਖ ਨੂੰ ਸਥਾਪਤ ਕੀਤਾ। ਇਹ ਲੋਕ ਮਨੁੱਖਤਾ ਲਈ ਪ੍ਰੇਰਨਾ ਸ੍ਰੋਤ ਅਤੇ ਆਪਣੇ ਦੇਸ਼ ਦਾ ਮਾਣ ਬਣੇ।

ਜਮਨਾ ਦੇ ਦੂਜੇ ਕਿਨਾਰੇ ਤੋਂ ਪਾਰ ਦੀ ਕਥਾ ਵੀ ਇੱਕ ਪੱਖੋਂ ਬੜੀ ਦਿਲਚਸਪ ਹੈ। ਮੁੱਢਲੇ ਰੂਪ ਵਿੱਚ ਇਹ ਕਥਾ ਹੈ ਸੂਰਜ ਵੰਸ਼ੀ, ਚੰਦਰ ਵੰਸ਼ੀ, ਰਿਸ਼ੀ-ਰਾਜਾਂ, ਅਵਤਾਰ-ਰਾਜਿਆਂ ਦੀ ਜਿਨ੍ਹਾਂ ਕੋਲ ਹਰ ਕਿਸਮ ਦੀ ਸ਼ਕਤੀ ਮੌਜੂਦ ਸੀ ਅਤੇ ਜਿਨ੍ਹਾਂ ਦੇ ਦੁਰਗ ਲਈ ਪਰਮ-ਪਿਤਾ ਨੇ ਸਮੁੰਦਰ ਨੂੰ ਹੀ ਖੰਦਕ ਬਣਾਇਆ ਹੋਇਆ ਸੀ (ਲੰਕਾ ਸਾ ਕੋਟੁ ਸਮੁੰਦ ਸੀ ਖਾਈ॥)। ਇਹ ਐਸੇ ਤੀਸ ਮਾਰ ਖਾਂ ਨਿਕਲੇ ਕਿ ਜੇ ਕੋਈ ਇੱਕ ਜਹਾਜ਼ ਲੈ ਕੇ ਇਹਨਾਂ ਉੱਤੇ ਹਮਲਾਵਰ ਹੋਇਆ, ਮਸਲਨ ਵਾਸਕੋ ਡਾ ਗਾਮਾ, ਤਾਂ ਇਹਨਾਂ ਓਸੇ ਦੀ ਈਨ ਮੰਨ ਲਈ। ਜੇ ਕਿਤੇ 17 ਘੋੜਸਵਾਰਾਂ ਨਾਲ ਕਿਸੇ ਸ਼ਿਕਾਰ ਚੜ੍ਹੇ ਮਨਚਲੇ ਮੁੰਡੇ ਨੇ ਰਾਜ-ਮਹਿਲ ਉੱਤੇ 'ਹਮਲਾ' ਕਰ ਦਿੱਤਾ ਤਾਂ ਸੂਰਜਵੰਸ਼ੀ, ਸਦੀਆਂ ਤੋਂ ਰਾਜ ਕਰਦੇ ਚੰਦਰਵੰਸ਼ੀ ਭੱਜ ਨਿਕਲੇ। ਹਫ਼ੜਾ-ਦਫ਼ੜੀ ਵਿੱਚ ਨੰਗੇ ਪੈਰੀਂ ਹੀ ਇਤਿਹਾਸ ਵਿੱਚੋਂ ਸਰਪਟ ਦੌੜ ਗਏ। ਦੁਨੀਆਂ ਦੀਆਂ ਵੱਡੀਆਂ ਸਮੁੰਦਰੀ ਸ਼ਕਤੀਆਂ ਨਾਲੋਂ ਵੀ ਜ਼ਿਆਦਾ ਤਟੀ ਇਲਾਕਾ ਕੁਦਰਤ ਨੇ ਇਹਨਾਂ ਨੂੰ ਦਿੱਤਾ ਲੇਕਿਨ ਧਰਮ-ਆਧਾਰਤ ਵਹਿਮਾਂ ਤੋਂ ਤ੍ਰਹਿੰਦੇ ਇਹਨਾਂ ਲੋਕਾਂ ਨੇ ਆਪਣੀ ਕੋਈ ਜਲ ਸੈਨਾ ਨਾ ਬਣਾਈ। ਨਤੀਜੇ ਵਜੋਂ ਵਪਾਰੀ ਜਹਾਜ਼ਾਂ ਵਿੱਚ ਸਮਾਨ ਵੇਚਣ ਆਏ ਵਿਦੇਸ਼ੀਆਂ ਨੇ ਇਹਨਾਂ ਦੇ ਸੂਰਜਵੰਸ਼ੀਆਂ ਦੇ ਤਾਜ ਘੱਟੇ ਵਿੱਚ ਰੋਲ ਦਿੱਤੇ ਅਤੇ ਆਪ ਮੁਲਕ ਦੇ ਹੁਕਮਰਾਨ ਬਣ ਬੈਠੇ।

ਜਦੋਂ ਜ਼ਮਾਨੇ ਦੀ ਨੁਹਾਰ ਬਦਲੀ; ਬਸਤੀਵਾਦ ਨੂੰ ਦਾਸ-ਪ੍ਰਥਾ ਵਾਂਗ ਬੇਹੱਦ ਘਟੀਆ ਕਰਮ ਗਿਣਿਆ ਜਾਣ ਲੱਗਾ; ਜਦੋਂ ਸੰਸਾਰ ਦੀਆਂ ਚੇਤੰਨ ਸ਼ਕਤੀਆਂ ਨੇ ਜ਼ੋਰ ਪਾ ਕੇ ਬਸਤੀਆਂ ਆਜ਼ਾਦ ਕਰਵਾਈਆਂ ਤਾਂ ਇਹਨਾਂ ਦੇ ਪੈਰ ਹੇਠ ਵੀ ਬਟੇਰ ਆ ਗਿਆ; ਆਜ਼ਾਦ ਹੋ ਬੈਠੇ ਪਰ ਹੁਣ ਪਿਛਲੇ ਪ੍ਰਗਟ ਹੋਏ ਤੱਥਾਂ ਨੂੰ ਘੋਖਣ ਤੋਂ ਪਤਾ ਚੱਲਦਾ ਹੈ ਕਿ ਗਦਾਧਾਰੀ ਹਾਥੀਆਂ ਨੂੰ ਅਸਮਾਨ ਵਿੱਚ ਚਲਾ ਕੇ ਮਾਰਨ ਵਾਲੇ ਮਹਾਂਬਲੀਆਂ ਦੇ ਵਾਰਸ, ਆਪਣੇ ਮੁਸਲਮਾਨ ਭਰਾਵਾਂ ਦੇ ਡਰੋਂ ਆਜ਼ਾਦੀ ਦੀ ਕਨਸੋਅ ਸੁਣ ਕੇ ਕੰਬਣ ਲੱਗ ਪਏ। ਉਹ ਆਉਣ ਵਾਲੇ ਲੋਕਤੰਤਰ ਵਿੱਚ ਉਹਨਾਂ ਦੇ ਬਣਦੇ ਹੱਕ ਉਨ੍ਹਾਂ ਨੂੰ ਦੇਣ ਲਈ ਤਿਆਰ ਨਹੀਂ ਸਨ। ਆਖ਼ਰ ਇਹਨਾਂ ਸਾਮਰਾਜੀਆਂ ਦੀਆਂ ਸ਼ਰਤਾਂ ਮੰਨ ਕੇ, ਤਰਲੇ-ਮਿੰਨਤਾਂ ਕਰ ਕੇ ਮੁਸਲਮਾਨਾਂ ਨੂੰ ਵੱਖਰਾ ਦੇਸ਼ ਦੇਣ ਲਈ ਮਨਾ ਹੀ ਲਿਆ। ਇਹਨਾਂ ਦੇ ਪ੍ਰਵਾਣਤ ਮਨਸੂਬੇ ਅਨੁਸਾਰ ਸਾਰਾ ਪੰਜਾਬ ਅਤੇ ਸਾਰਾ ਬੰਗਾਲ ਪਾਕਿਸਤਾਨ ਵਿੱਚ ਜਾਣਾ ਸੀ।

ਕਿਸੇ ਸ਼ੁਭ ਘੜੀ ਮਾਸਟਰ ਤਾਰਾ ਸਿੰਘ ਨੇ ਇੱਕ ਰਵੱਈਆ ਅਖ਼ਤਿਆਰ ਕਰ ਕੇ ਬਹੁਗਿਣਤੀ ਅਸੂਲ ਦੀ ਅੰਸ਼ਕ ਤਰਮੀਮ ਕਰ ਕੇ ਜਾਣ ਵਾਲੇ ਵਿਦੇਸ਼ੀਆਂ ਨੂੰ ਆਖ-ਵੇਖ ਕੇ ਅੱਧਾ ਪੰਜਾਬ ਅਤੇ ਅੱਧਾ ਬੰਗਾਲ ਪਾਕਿਸਤਾਨ ਜਾਣ ਤੋਂ ਬਚਾ ਲਿਆ। 1947 ਤੋਂ ਬਾਅਦ ਛਪੀਆਂ ਬੱਚਿਆਂ ਦੀਆਂ ਪਾਠ-ਪੁਸਤਕਾਂ ਵਿੱਚ ਏਸ ਕਾਰਨਾਮੇ ਦਾ ਜ਼ਿਕਰ ਛਪਦਾ ਰਿਹਾ। ਪਰ ਫ਼ੇਰ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਧਾ ਪੰਜਾਬ ਅਤੇ ਅੱਧਾ ਬੰਗਾਲ ਇਹਨਾਂ ਦੇ 'ਮਹਾਨ ਆਜ਼ਾਦੀ ਘੁਲਾਟੀਆਂ' ਨੇ, ਚਰਖੇ ਦੀ ਘੂਕਰ ਨਾਲ ਅੰਗ੍ਰੇਜ਼ ਨੂੰ 'ਡਰਾ' ਕੇ ਸੱਤ ਸਮੁੰਦਰੋਂ ਪਾਰ ਭੇਜਣ ਵਾਲਿਆਂ ਨੇ ਥਾਲੀ ਵਿੱਚ ਪਰੋਸ ਕੇ ਮੁਹੰਮਦ ਅਲੀ ਜਿੱਨਾਹ ਨੂੰ ਖੁਸ਼ੀ-ਖੁਸ਼ੀ ਦਰਸ਼ਨ ਭੇਟ ਦੇ ਦਿੱਤਾ। ਪੰਜ ਹਜ਼ਾਰ ਸਾਲਾਂ ਦੇ ਇਤਿਹਾਸ ਵਿੱਚ ਹਿੰਦ ਦੀ ਧਰਤੀ ਨੂੰ ਦੇਵੀ ਚਿਤਵ ਕੇ ਪੂਜਣ ਵਾਲਿਆਂ ਦਾ ਸਮਰੱਥ ਹੋਣ ਦਾ ਸ਼ੰਖ ਇਹਨਾਂ 'ਭਾਰਤ ਮਾਤਾ' ਦੇ ਤਿੰਨ ਟੁਕੜਿਆਂ ਵਿੱਚ ਵੰਡੇ ਸਰੀਰ ਦੇ ਸੱਜੇ ਮੋਢੇ ਉੱਤੇ ਖੜ੍ਹ ਕੇ ਵਜਾਇਆ। ਜੇ ਏਥੇ ਹੀ ਸਬਰ ਕਰ ਲੈਂਦੇ ਤਾਂ ਵਾਹਵਾ ਸੀ।

ਆਜ਼ਾਦੀ ਹਾਸਲ ਕਰਦਿਆਂ ਹੀ ਪਾਕਿਸਤਾਨ ਨੇ ਹੰਭਲਾ ਮਾਰ ਕੇ ਕਸ਼ਮੀਰ, ਜਿਸ ਨੂੰ ਉਹ ਆਪਣਾ ਸਮਝਦੇ ਸਨ, ਨੂੰ ਕਬਜ਼ੇ ਵਿੱਚ ਲੈਣ ਲਈ ਕਬਾਇਲੀਆਂ ਕੋਲੋਂ ਹਮਲਾ ਕਰਵਾ ਦਿੱਤਾ। ਇਹਨਾਂ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਮੱਖਣ ਦੇ ਗੋਲ਼ੇ ਵਿੱਚੋਂ ਨਿਕਲਦੀ ਛੁਰੀ ਵਾਂਗ ਕਬਾਇਲੀ ਝੱਟ ਸ੍ਰੀਨਗਰ ਦੇ ਦਰਵਾਜੇ ਉੱਤੇ ਆ ਲੱਥੇ। ਅੰਤ ਕਸ਼ਮੀਰ ਦੇ ਅਸਲ ਮਾਲਕਾਂ ਨੂੰ ਵੰਗਾਰ ਪਾਈ ਗਈ ਤਾਂ ਉਹਨਾਂ ਆ ਕੇ ਕਾਗ਼ਜ਼ੀ ਸ਼ੇਰਾਂ ਨੂੰ ਠੱਲ੍ਹ ਪਾਈ। ਉਹਨਾਂ ਦੇ ਮੂੰਹ ਵਾਪਸ ਰਾਵਲਪਿੰਡੀ ਵੱਲ ਮੋੜ ਦਿੱਤੇ। ਕੁਝ ਕੁ ਦਿਨਾਂ ਵਿੱਚ ਹੀ ਸਭ ਕੁਝ ਸਦਾ ਲਈ ਤੈਅ ਹੋ ਜਾਣਾ ਸੀ ਪਰ ਫ਼ੇਰ ਚਰਖੇ ਵਾਲਿਆਂ ਵਿੱਚ ਅਹਿੰਸਾ ਦੀ ਲੋਅ ਜਗ ਪਈ। ਸੰਯੁਕਤ ਰਾਸ਼ਟਰ ਰਾਹੀਂ ਬਾਕੀ ਇਲਾਕਾ ਵਾਪਸ ਲੈਣ ਦੀ ਜ਼ਿਦ ਕਰਨ ਲੱਗੇ। ਜਵਾਹਰ ਲਾਲ ਨੇ (27 ਅਕਤੂਬਰ 1947 ਤੋਂ ਲੈ ਕੇ 24 ਜਨਵਰੀ 1954 ਤੱਕ) ਚੌਦਾਂ ਬਿਆਨ ਦਾਗੇ ਕਿ ਕਸ਼ਮੀਰ ਵਿੱਚ ਸੰਯੁਕਤ ਰਾਸ਼ਟਰ ਰਾਇ- ਸ਼ੁਮਾਰੀ ਕਰਵਾ ਕੇ ਸਾਡੇ ਇਲਾਕੇ ਵਾਪਸ ਦਿਵਾਵੇ। ਮੋਟੇ-ਠੁੱਲ਼੍ਹੇ ਲਫ਼ਜ਼ਾਂ ਵਿੱਚ ਬਗਲੇ ਨੂੰ ਫੜਨ ਦੀ ਤਰਕੀਬ ਇਹ ਬਣਾਈ ਕਿ ਜਦੋਂ ਬਗਲਾ ਅੱਖਾਂ ਮੀਟ ਕੇ ਖੜ੍ਹਾ ਹੋਵੇ ਓਦੋਂ ਅਛੋਪਲੇ ਜਿਹੇ ਉਸ ਦੇ ਸਿਰ ਉੱਤੇ ਮੋਮ ਰੱਖ ਦਿੱਤੀ ਜਾਵੇ। ਜਦੋਂ ਮੋਮ ਧੁੱਪ ਨਾਲ ਢਲ ਕੇ ਅੱਖਾਂ ਵਿੱਚ ਪੈ ਜਾਵੇ, ਬਗਲਾ ਅੰਨ੍ਹਾਂ ਹੋ ਜਾਵੇ ਤਾਂ ਓਸ ਨੂੰ ਫੜ ਲਿਆ ਜਾਵੇ। ਜਦੋਂ ਕਿਸੇ ਆਖਿਆ ਕਿ ਮੋਮ ਰੱਖਣ ਲੱਗੇ ਕਿਉਂ ਨਾ ਫੜ ਲਈਏ ਤਾਂ ਜੁਆਬ ਸੀ, 'ਕਾਇਦੇ, ਕਾਨੂੰਨੀ ਪ੍ਰਕਿਰਿਆ ਦੀ ਵੀ ਕੋਈ ਅਹਿਮੀਅਤ ਹੁੰਦੀ ਹੈ।'

ਜੁਆਬ ਸਹੀ ਸੀ, ਅਰਬਾ ਵੀ ਜਿਉਂ ਕਾ ਤਿਉਂ ਸੀ ਪਰ ਵੱਡੇ ਪੰਡਤਾਂ ਦੀ ਮਿਹਰਬਾਨੀ ਨਾਲ ਕੁਨਬਾ ਸਾਰਾ ਹੀ ਡੁੱਬ ਗਿਆ। ਅੱਧਾ ਕਸ਼ਮੀਰ 63 ਸਾਲ ਬਾਅਦ ਅੱਜ ਵੀ ਉਹਨਾਂ ਦੇ ਕਬਜ਼ੇ ਵਿੱਚ ਹੈ। ਇਹ ਸੀ ਆਜ਼ਾਦੀ ਪ੍ਰਾਪਤ ਲੋਕਾਂ ਦੀ ਆਜ਼ਾਦੀ ਦੀ ਦੇਵੀ ਨੂੰ ਦਿੱਤੀ ਘੁੰਡ ਚੁਕਾਈ। ਪਰ ਇਹ ਮਹਾਂ ਗਿਆਨੀ ਹਨ, ਅਹਿੰਸਾ ਦੇ ਪੁਜਾਰੀ ਹਨ (ਜੇ ਵਿਰੋਧ ਵਿੱਚ ਦੁਸ਼ਮਣ ਹੋਵੇ ਤਾਂਹੀਏਂ), ਮਹਾਂ ਦੇਸ਼ ਭਗਤ ਹਨ; ਰਾਣੀ ਨੂੰ ਕਉਣ ਆਖੇ 'ਰਾਣੀਏ ਅੱਗਾ ਢੱਕ'।

ਜੇ ਏਨੀਂ ਕੁ ਨਾਲ ਹੀ ਸਾਰ ਲੈਂਦੇ ਤਾਂ ਵੀ ਕਿਤੇ ਮੂੰਹ ਵਿਖਾਉਣ ਜੋਗੇ ਰਹਿ ਜਾਂਦੇ। ਸਿੰਘਾਂ ਨੇ ਅਤਿ ਦੀਆਂ ਮੁਸੀਬਤਾਂ ਸਹਿੰਦੇ ਜੋ ਇਸਕਾਰਦੂ, ਗਾਰੋ ਆਦਿ ਦਾ ਇਲਾਕਾ ਡਰੈਗਨ ਦੇ ਆਲ੍ਹਣੇ ਵਿੱਚੋਂ ਕੱਢਿਆ ਸੀ, ਉਹ ਵੀ ਇਹ ਰੱਖ ਨਾ ਸਕੇ ਅਤੇ ਬਾ-ਅਦਬ ਚੀਨ ਨੂੰ ਭੇਟਾ ਕਰ ਦਿੱਤਾ। ਤਿੱਬਤ ਉੱਤੇ ਆਪਣਾ ਅਧਿਕਾਰ ਵੀ ਅਹਿੰਸਾ ਦੀ ਵੇਦੀ ਉੱਤੇ ਬਲੀ ਚੜ੍ਹ ਗਿਆ। ਜਦੋਂ ਪਾਰਲੀਮੈਂਟ ਵਿੱਚ ਏਸ ਬਾਰੇ ਵਿਚਾਰ ਹੋਈ ਤਾਂ ਚਰਖੀ ਘੁਕਾਉਣ ਵਾਲੇ ਪ੍ਰਧਾਨ ਮੰਤਰੀ ਦਾ ਕਹਿਣਾ ਸੀ, 'ਉਹ ਤਾਂ ਬੰਜਰ ਇਲਾਕਾ ਹੈ। ਓਥੇ ਤਾਂ ਘਾਹ ਦਾ ਪੱਤਾ ਵੀ ਨਹੀਂ ਉਗਰਦਾ'। ਏਸ ਦੇ ਜੁਆਬ ਵਿੱਚ ਕਈ ਸੰਸਦ ਮੈਂਬਰਾਂ ਨੇ ਆਪਣੇ ਗੰਜੇ ਸਿਰਾਂ ਉੱਤੇ ਹੱਥ ਫੇਰਦਿਆਂ ਆਖਿਆ, 'ਮੇਰੀ ਖੋਪੜੀ ਉੱਤੇ ਵੀ ਕੁਝ ਨਹੀਂ ਉੱਗਦਾ। ਇਹ ਵੀ ਚੀਨਿਆਂ ਨੂੰ ਦੇ ਦਿਉ।' ਪਰ ਕਿਸੇ ਨੂੰ ਸ਼ਰਮ ਨ ਆਈ ਕਿ ਕੀ ਕੀਤਾ ਜਾ ਰਿਹਾ ਹੈ। ਆਖ਼ਰ ਸਰਬਸੰਮਤੀ ਨਾਲ ਫ਼ੈਸਲਾ ਹੋਇਆ ਕਿ 'ਜਦੋਂ ਤੱਕ ਚੀਨ ਇਲਾਕਾ ਵਾਪਸ ਨਹੀਂ ਕਰਦਾ ਏਸ ਨਾਲ ਕੋਈ ਗੱਲਬਾਤ ਨਾ ਕੀਤੀ ਜਾਵੇ।' ਪਰ ਇਹ ਭੀਸ਼ਮ-ਪ੍ਰਤਿੱਗਿਆ ਵੀ ਵੱਡੇ ਬਾਲ- ਬ੍ਰਹਮਚਾਰੀਆਂ ਦੇ ਲੰਗੋਟਾਂ ਵਾਂਗ ਨਾ ਜਾਣੇ ਕਦੋਂ ਖੁਰ-ਭੁਰ ਗਈ। ਚੀਨੀ ਅਜੇ ਵੀ ਆਪਣੇ ਦਾਅਵੇ ਉੱਤੇ ਕਾਇਮ ਹਨ, ਇਲਾਕੇ ਉੱਤੇ ਕਾਬਜ਼ ਹਨ ਅਤੇ ਅਗਾਂਹ ਦੇ ਕਈ ਪ੍ਰਦੇਸ਼ਾਂ ਦਾ ਇਲਾਕਾ ਵੀ ਮੰਗ ਰਹੇ ਹਨ। ਏਧਰੋਂ ਵੀ ਨਵੀਂ ਸਿਰਜੀ ਗਾਂਧੀਗਿਰੀ ਕਰ ਕੇ ਅਹਿੰਸਕ ਤਰੀਕੇ ਨਾਲ ਉਹਨਾਂ ਦੇ ਫੀਹਨੇ ਨੱਕ ਵਿੱਚ ਦਮ ਕਰਨ ਲਈ ਚਰਖੇ, ਚਰਖੀਆਂ ਦੇਸ਼-ਭਗਤੀ ਵਿੱਚ ਓਤਪੋਤ ਹੋ ਕੇ ਨਿਰੰਤਰ ਘੁਕਾਈਆਂ ਜਾ ਰਹੀਆਂ ਹਨ। ਪਰ ਨਤੀਜਾ ਸਿਰਫ਼ ਇਹੀ ਹੈ ਕਿ ''ਜੋਗੀ (ਚੀਨੀ) ਉਤਰ ਪਹਾੜੋਂ ਆਏ, ਚਰਖੇ ਦੀ ਘੂਕ ਸੁਣ ਕੇ।"

ਲੈ ਦੇ ਕੇ ਖੱਦਰ ਦੇ ਵੱਡੇ-ਵੱਡੇ ਥਾਨ ਧਾਰਣ ਕਰਨ ਵਾਲਿਆਂ ਨੇ ਜੇ ਵੱਧ ਤੋਂ ਵੱਧ ਇਲਾਕਾ (3702 ਵਰਗ ਕਿਲੋਮੀਟਰ) ਬਾਹੂਬਲ ਨਾਲ ਜਿੱਤ ਕੇ ਮੁਲਕ ਵਿੱਚ ਮਿਲਾਇਆ ਹੈ ਤਾਂ ਉਹ ਹੈ ਚਿੜੀ ਦੇ ਪੰਜੇ ਜਿੰਨਾਂ ਗੋਆ। ਇਹ ਇਹਨਾਂ ਦੀ ਪਿਛਲੇ ਹਜ਼ਾਰਾਂ ਸਾਲਾਂ ਦੀ ਨਿਗੂਣੀ ਜਿਹੀ ਪ੍ਰਾਪਤੀ ਹੈ। ਨਿਗੂਣੀ ਏਸ ਲਈ ਵੀ ਕਿ ਓਥੇ ਕੇਵਲ ਇੱਕ ਸੂਰਮਾ ਰਣਖੇਤ ਰਿਹਾ - ਉਹ ਸੀ ਕਰਨੈਲ ਸਿੰਘ ਈਸੜੂ ਵਾਲਾ।

* ਇਸ ਮੈਅ-ਕਦੇ ਮੇਂ ਸੌਦਾ, ਹਮ ਤੋ ਕਭੀ ਨ ਬਹਿਕੇ,
ਸਬ ਮਸਤੋ ਬੇ-ਖ਼ਬਰ ਥੇ, ਹੋਸ਼ਿਆਰ ਥਾ ਸੋ ਮੈਂ ਥਾ।

ਜ਼ਮਾਨੇ ਦੀ ਚਾਲ ਆਖੀਏ ਜਾਂ ਪ੍ਰਚਾਰ ਸਾਧਨਾਂ ਦੀ ਦੁਰਵਰਤੋਂ? ਅਕਬਰ, ਅਸ਼ੋਕ ਦੇ ਸਮੁੱਚੇ ਇਲਾਕੇ ਨਾਲੋਂ ਵੱਡਾ ਇਲਾਕਾ ਜਿੱਤ ਕੇ ਹਿੰਦ ਵਿੱਚ ਸ਼ਾਮਲ ਕਰਨ ਵਾਲੇ ਤਾਂ ਅੱਜ 'ਅਲੱਗਵਾਦੀ, ਵੱਖਵਾਦੀ ਅਤੇ ਦਹਿਸ਼ਤਗਰਦ ਅਖਵਾਉਂਦੇ ਹਨ'; ਉਹ ਤਾਂ 'ਏਕਤਾ ਆਖੰਡਤਾ ਲਈ ਵੱਡਾ ਖ਼ਤਰਾ ਹਨ' ਜਿਹੜੇ ਕਿ ਰਾਜੀਵ ਗਾਂਧੀ ਅਨੁਸਾਰ ਦੇਸ਼ ਦੀ ਸਰਹੱਦ ਨੂੰ 'ਖਿੱਚ ਕੇ ਤੁਹਾਡੇ ਬਰੂਹਾਂ ਤੱਕ ਲਿਆਉਣ ਲਈ ਸਰਗਰਮ ਹਨ।' ਇਹਨਾਂ ਨੂੰ ਸ਼ਰ੍ਹੇਆਮ ਗੱਦਾਰ ਵੀ ਆਖਿਆ ਗਿਆ ਹੈ (ਯਾਦ ਕਰੋ ਨਾਅਰਾ, ''ਸਰਦਾਰ ਕੀ ਬੇਟੀ, ਗੱਦਾਰ ਕੀ ਬੇਟੀ") ਪਰ ਜਿਨ੍ਹਾਂ ਨੇ ਦੋਨੋਂ ਹੱਥੀਂ ਮੁਲਕ ਦੇ ਇਲਾਕੇ ਲੁਟਾਏ, ਸੁਭਾਸ਼ ਚੰਦਰ ਬੋਸ ਵਰਗਿਆਂ ਨੂੰ ਸਾਬਤ ਨਿਗਲ ਗਏ। ਉਹ 'ਮਹਾਨ ਦੇਸ਼ਭਗਤ' ਅਤੇ ਉੱਤਮ ਅਹਿੰਸਾਵਾਦੀ ਅਖਵਾਉਂਦੇ ਹਨ। ਉਹਨਾਂ ਦੀ ਔਲਾਦ ਦਾ ਕਦੇ ਤਖ਼ਤ ਉੱਤੋਂ ਪੈਰ ਹੀ ਥੱਲੇ ਨਹੀਂ ਲਹਿੰਦਾ। (ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ॥)। ਇਹ ਗੂੜ੍ਹ-ਰਹੱਸ ਤਾਂ ਸ਼ਾਸਤਰਾਂ ਦਾ ਭਰਪੂਰ ਗਿਆਨ ਹੀ ਖੋਲ੍ਹ ਕੇ ਸਮਝਾ ਸਕਦਾ ਹੈ। ਦਮੋਦਰ ਪਰਮਾਨੰਦ ਕੋਸੰਭੀ, ਆਪਣੀ ਪੁਸਤਕ (Myth and Reality) ਵਿੱਚ ਇੱਕ ਥਾਵੇਂ (ਪੰਨਾਂ 24 ਉੱਤੇ) ਦੇਵਰਾਜ ਇੰਦਰ ਦਾ ਸ਼ਾਸਤਰਾਂ ਵਿਚਲਾ ਬਿਆਨ ਚਿਤਾਰਦਾ ਹੈ। ਇੰਦਰ ਨੇ ... ਨੂੰ ਆਖਿਆ, ਮੈਂ ਤਿੰਨ ਸਿਰੇ ਨੂੰ ਮਾਰਿਆ, ਅਰੂਰਮਘ ਰਿਸ਼ੀ ਨੂੰ ਬਘਿਆੜਾਂ ਮੂਹਰੇ ਸੁਟਵਾ ਦਿੱਤਾ ਅਤੇ ਕਈ ਸੰਧੀਆਂ ਨੂੰ ਦਰੜਦਿਆਂ ਮੈਂਨੇ ਸਵਰਗਾਂ ਵਿੱਚ ਦੇਵਤਿਆਂ ਨੂੰ ਚੀਰਿਆ, ਪਰਾ-ਮਨੁੱਖਾਂ ਨੂੰ ਅੰਤਰਿਕਸ਼ ਵਿੱਚ ਅਤੇ ਕਾਲਕੰਗਾਂ ਨੂੰ ਏਸ ਧਰਤੀ ਉੱਤੇ। ਪਰ ਮੈਂ ਵਾਲ ਭਰ ਵੀ ਨਹੀਂ ਝਿਜਕਿਆ। ਜੋ ਮੈਨੂੰ ਸਮਝਦੇ ਹਨ ਉਹਨਾਂ ਦੀ ਦੁਨੀਆਂ ਦਾ ਕਦੇ ਵੀ ਉਹਨਾਂ ਦੀ ਕਿਸੇ ਕਰਤੂਤ ਨਾਲ ਕੋਈ ਨੁਕਸਾਨ ਨਹੀਂ ਹੁੰਦਾ: ਭਾਵੇਂ ਉਹ ਆਪਣੀ ਮਾਂ ਨੂੰ ਮਾਰ ਦੇਵੇ (ਤਖਤ ਢਾਹੇ, ਦਰਬਾਰ ਵਿੰਨ੍ਹੇ, ਕੁਤਬਖਾਨਾ ਫੂਕੇ) ਚਾਹੇ ਆਪਣੇ ਪਿਤਾ ਨੂੰ (ਸੰਤ , ਸੇਵਾਦਾਰ, ਸ਼ਰਧਾਲੂ); ਨਾ ਜਬਰੀ ਖੋਹ ਕਰਨ (2ਜੀ ਸਪੈਕਟ੍ਰਮ, ਐੱਸ-ਬੈਂਡ ਸਪੈਕਟ੍ਰਮ, ਬੇਲਾਰੀ ਲੋਹਾ ਖਾਣਾਂ ਜਿਹੇ ਅਨੇਕਾਂ ਘਪਲਿਆਂ) ਨਾਲ ਅਤੇ ਨਾ ਹੀ ਭਰੂਣ ਹੱਤਿਆ ਕਰਨ ਨਾਲ। ਉਹ ਚਾਹੇ ਜੋ ਵੀ ਪਾਪ ਕਰੇ ਓਸ ਦਾ ਤੇਜ-ਪ੍ਰਤਾਪ ਕਦੇ ਮੱਠਾ ਨਹੀਂ ਪੈਂਦਾ।'

Tuesday, February 1, 2011

ਸਿਰਦਾਰ ਕਪੂਰ ਸਿੰਘ ਯਾਦਗਾਰੀ ਤਕਰੀਰ ਲੜੀ ਆਰੰਭ

ਬਹੁਤ ਸਮੇਂ ਤੋਂ ਸਿਰਦਾਰ ਕਪੂਰ ਸਿੰਘ ਜੀ ਦੇ ਕਦਰਦਾਨਾਂ ਦੀ ਖਾਹਿਸ਼ ਸੀ ਕਿ ਸਿਰਦਾਰ ਦੀ ਕੁਈ ਢੁਕਵੀਂ ਯਾਦਗਾਰ ਬਣਾਈ ਜਾਵੇ ਪਰ ਏਸ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਅੜਚਨਾਂ ਕਈ ਸਨ। ਮੁੱਢਲੀ ਕਿਸਮ ਦੀਆਂ ਅੜਚਨਾਂ ਵਿੱਚ ਵੱਡੀ ਪੈਸੇ ਦੀ ਸੀ ਅਤੇ ਦੂਸਰੀ ਢੁਕਵੇਂ ਸਥਾਨ ਆਦਿ ਦੀ। ਮੈਕਸ ਆਰਥਰ ਮੈਕੌਲਿਫ਼ ਦੀ ਯਾਦਗਾਰ ਵਿੱਚ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇਣ ਲਈ ਪੈਸੇ ਇਕੱਠੇ ਕਰਨ ਦਾ ਮਸਲਾ ਆਗਿਆ ਨਹੀਂ ਸੀ ਦਿੰਦਾ ਕਿ ਹੌਂਸਲਾ ਕਰ ਕੇ ਝੋਲੀ ਫ਼ੈਲਾਈ ਜਾਵੇ।

ਮੈਕੌਲਿਫ਼ ਵਾਂਗ ਸਿਰਦਾਰ ਵੀ ਸਦਾ ਗੰਗਾ (ਅਰਥਾਤ ਸਥਾਪਤੀ) ਦੇ ਵਿਰੁੱਧ ਹੀ ਵਗਦਾ ਰਿਹਾ ਸੀ। ਓਸ ਦੀ ਯਾਦਗਾਰ ਲਈ ਪੈਸੇ ਦੇਣੇ ਜ਼ੋਖ਼ਮ ਦਾ ਕੰਮ ਸੀ। ਸਥਾਪਤੀ ਦਾ ਪੱਖ ਪੂਰਨ ਵਾਲਿਆਂ ਦੀਆਂ ਯਾਦਗਾਰਾਂ ਤਾਂ ਸਥਾਪਤੀ ਖ਼ੁਦ ਹੀ ਉੱਦਮ ਕਰ ਕੇ ਬਣਾ ਦਿੰਦੀ ਹੈ ਜਿਵੇਂ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਯਾਦਗਾਰ ਬਣ ਚੁੱਕੀ ਹੈ। ਪਰ ਸੰਤ ਜਰਨੈਲ ਸਿੰਘ ਖ਼ਾਲਸਾ ਦੀ ਯਾਦਗਾਰ ਵੱਲ ਕਿਸੇ ਦਾ ਧਿਆਨ ਨਹੀਂ। ਸਿਆਸੀ ਪਿੜ ਦੇ ਮਾਹਰਾਂ ਨੂੰ ਪਤਾ ਹੁੰਦਾ ਹੈ ਕਿਸ ਨੂੰ ਹੱਥ ਲਾਇਆਂ ਉਂਗਲਾਂ ਸੜਦੀਆਂ ਹਨ। ਇਹਨਾਂ ਕਾਰਣਾਂ ਕਰ ਕੇ ਜਿਵੇਂ ਕੌਮੀ ਸ਼ਹੀਦ ਬੇ-ਕਫ਼ਨ ਹੀ ਤੁਰ ਗਏ, ਏਵੇਂ ਉਹਨਾਂ ਦੀਆਂ ਯਾਦਗਾਰਾਂ ਲਈ ਸਮੁੰਦਰ ਤੋਂ ਪਰਬਤ ਤੱਕ ਕੁਈ ਜਗ੍ਹਾ ਨਹੀਂ ਲੱਭਦੀ।

ਸਿਰਦਾਰ ਦੀ ਯਾਦਗਾਰ ਦੇ ਮਸਲੇ ਵਿੱਚ ਵੱਡੀ ਔਕੜ ਇਹ ਵੀ ਸੀ ਕਿ ਉਹ ਬੜਾ ਖ਼ੁਦਦਾਰ ਇਨਸਾਨ ਸੀ, ਬਿਲਕੁਲ ਓਵੇਂ ਜਿਵੇਂ ਕਿ ਦਸਵੇਂ ਗੁਰੂ ਦਾ ਸਿੱਖ ਹੋਣਾ ਚਾਹੀਦਾ ਹੈ। ਓਸ ਲਈ ਝੋਲੀ ਫ਼ੈਲਾਉਣਾ ਵੀ ਵਾਜਬ ਨਹੀਂ ਸੀ। ਦੋਸਤਾਂ-ਮਿੱਤਰਾਂ ਨੂੰ ਕਈ ਵਾਰ ਟੋਹਿਆ ਗਿਆ ਪਰ ਹੁੰਗਾਰਾ ਲੋੜੋਂ ਵੱਧ ਮੱਠਾ ਰਿਹਾ। ਆਖ਼ਰ ਫ਼ੈਸਲਾ ਹੋਇਆ ਕਿ ਅਜਿਹੀ ਯਾਦਗਾਰ ਹੋਵੇ ਜਿਸ ਉੱਤੇ ਖਰਚਾ ਵੀ ਘੱਟ ਹੋਵੇ, ਤਾਜਦਾਰਾਂ ਦੇ ਭੂਖੰਡ ਉੱਤੇ ਵੀ ਨਾ ਹੋਵੇ ਅਤੇ ਫ਼ੇਰ ਵੀ ਢੁਕਵੀਂ ਹੋਵੇ।

ਆਖ਼ਰ ਓਸ ਜੁਝਾਰੂ ਸੂਰਮੇ ਵਾਸਤੇ ਕਿਸੇ ਯੂਨੀਵਰਸਿਟੀ ਵਿੱਚ ਯਾਦਗਾਰੀ ਸਾਲਾਨਾ ਲੈਕਚਰ ਸਥਾਪਤ ਕਰਨ ਨੂੰ ਤਰਜੀਹ ਦਿੱਤੀ ਗਈ। ਪਰਮਜੀਤ ਸਿੰਘ ਸਿਰਦਾਰ ਦਾ ਵੱਡਾ ਪ੍ਰਸੰਸਕ ਹੈ, ਪਟਿਆਲਾ ਯੂਨੀਵਰਸਿਟੀ ਦੇ ਨੇੜੇ ਹੀ ਰਹਿੰਦਾ ਹੈ ਅਤੇ ਅਧਿਕਾਰੀਆਂ ਨਾਲ ਗੱਲਬਾਤ ਚਲਾਉਣ ਦੇ ਯੋਗ ਵੀ ਹੈ। ਓਸ ਨੇ ਏਸ ਕੰਮ ਨੂੰ ਸਿਰੇ ਚਾੜ੍ਹਨ ਦੀ ਜ਼ਿੰਮੇਵਾਰੀ ਲਈ। ਦੇਵਨੇਤ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਉਪ-ਕੁਲਪਤੀ ਵੀ ਅਜਿਹਾ ਆ ਗਿਆ ਜੋ ਸਿਰਦਾਰ ਦੀ ਵਿਦਵਤਾ ਤੋਂ ਭਲੀ ਭਾਂਤ ਜਾਣੂੰ ਹੋਣ ਸਦਕਾ ਉਹਨਾਂ ਦਾ ਸਤਿਕਾਰ ਵੀ ਕਰਦਾ ਸੀ। ਪਰਮਜੀਤ ਸਿੰਘ ਨੇ ਹਿੰਮਤ ਅਤੇ ਮਿਹਨਤ ਕਰ ਕੇ ਕੰਮ ਸਿਰੇ ਚਾੜ੍ਹ ਲਿਆ।

ਪੰਜਾਬੀ ਯੂਨੀਵਰਸਿਟੀ ਨੇ ਸਿਰਦਾਰ ਦੇ ਨਾਂ ਉੱਤੇ ਇੱਕ ਤਕਰੀਰ ਲੜੀ ਸਥਾਪਤ ਕਰ ਦਿੱਤੀ। ਏਸ ਅਧੀਨ ਕਿਸੇ ਵਿਦਵਾਨ ਕੋਲੋਂ ਹਰ ਸਾਲ ਇੱਕ ਵਿਆਖਿਆਨ ਸਿਰਦਾਰ ਨੂੰ ਸਮਰਪਿਤ ਕਰਵਾਇਆ ਜਾਇਆ ਕਰੇਗਾ। ਏਸ ਉੱਤੇ ਅੱਜ-ਕੱਲ੍ਹ ਤਕਰੀਬਨ ਚਾਲੀ ਹਜ਼ਾਰ ਰੁਪਏ ਖਰਚਾ ਆਉਂਦਾ ਹੈ। ਐਤਕੀਂ ਵਾਰੀ ਏਨੇਂ ਕੁ ਪੈਸਿਆਂ ਦਾ ਇੰਤਜ਼ਾਮ ਪਰਮਜੀਤ ਸਿੰਘ ਨੇ ਆਪਣੇ ਕੋਲੋਂ ਕਰ ਲਿਆ। ਅਗਾਂਹ ਵਾਸਤੇ ਇੱਕ ਸਿਰਦਾਰ ਕਪੂਰ ਸਿੰਘ ਫਾਊਂਡੇਸ਼ਨ ਦਾ ਗਠਨ ਹੋਇਆ ਹੈ ਜਿਸ ਨੇ ਸੰਸਥਾ ਦੇ ਨਾਂ ਉੱਤੇ ਇੱਕ ਖਾਤਾ ਖੋਲ੍ਹ ਲਿਆ ਹੈ।

ਫਾਊਂਡੇਸ਼ਨ ਦਾ ਕੰਮ ਏਨਾਂ ਹੀ ਹੈ ਕਿ ਉਹ ਪੰਜ ਕੁ ਲੱਖ ਰੁਪੈ ਦਾ ਇੰਤਜ਼ਾਮ ਕਰੇ ਤਾਂ ਕਿ ਓਸ ਦੇ ਵਿਆਜ ਨਾਲ ਵਿਖਿਆਨ-ਕਰਤਾ ਵਿਦਵਾਨ ਦਾ, ਹੋਣ ਵਾਲੇ ਸਮਾਗਮ ਅਤੇ ਆਏ ਲੋਕਾਂ ਲਈ ਲੰਗਰ-ਪਾਣੀ ਦਾ ਇੰਤਜ਼ਾਮ ਸਾਲਾਂ ਬੱਧੀ ਨਿਰੰਤਰ ਹੁੰਦਾ ਰਹੇ। ਯੂਨੀਵਰਸਿਟੀ ਦੀ ਲੋੜ ਏਨੀਂ ਕੁ ਹੈ ਕਿ ਏਸ ਨਿਧੀ ਵਿੱਚ ਪੰਜ ਲੱਖ ਰੁਪਿਆ ਪਾਇਆ ਜਾਵੇ ਤਾਂ ਕਿ ਓਸ ਦੇ ਵਿਆਜ ਨਾਲ ਕੰਮ ਸਰਦਾ ਰਹੇ।

ਪੰਜ ਲੱਖ ਇਕੱਠਾ ਕਰਨ ਲਈ ਯਤਨ ਆਰੰਭੇ ਗਏ। ਸੱਠ ਕੁ ਹਜ਼ਾਰ ਰੁਪੈ ਪਰਮਜੀਤ ਸਿੰਘ ਨੇ ਆਪਣੇ ਸੱਜਣਾਂ-ਮਿੱਤਰਾਂ ਕੋਲੋਂ ਉਗਰਾਹੇ। ਪੱਚੀ ਹਜ਼ਾਰ ਹਰਸ਼ਿੰਦਰ ਸਿੰਘ ਨੇ ਆਪਣੇ ਕੋਲੋਂ ਦਿੱਤੇ ਅਤੇ ਏਵੇਂ ਹੀ ਪੰਜਾਹ ਹਜ਼ਾਰ ਪ੍ਰੋਫ਼ੈਸਰ ਕੁਲਬੀਰ ਸਿੰਘ ਅਤੇ ਰੂਪਿੰਦਰਬੀਰ ਸਿੰਘ ਨੇ ਆਪਣੇ ਖਜ਼ਾਨੇ ਵਿੱਚੋਂ ਕੱਢੇ। ਪ੍ਰੋਫ਼ੈਸਰ ਅਮਰਜੀਤ ਸਿੰਘ ਨੇ ਪੈਂਤੀ ਹਜ਼ਾਰ ਰੁਪੈ ਏਸ ਕੰਮ ਲਈ ਖਿੜੇ ਮੱਥੇ ਦਿੱਤੇ। ਸੱਠ ਕੁ ਹਜ਼ਾਰ ਦਸਵੰਧ ਵਿੱਚੋਂ ਪ੍ਰਾਪਤ ਕੀਤੇ ਅਤੇ ਇਉਂ ਕਰ ਕਰਾ ਕੇ ਦੋ ਲੱਖ ਤੀਹ ਹਜ਼ਾਰ ਰੁਪੈ ਉਸ ਨਿਧੀ ਵਿੱਚ ਪਾ ਦਿੱਤੇ ਗਏ। ਬਾਕੀ ਦੋ ਲੱਖ ਸੱਤਰ ਹਜ਼ਾਰ ਦਾ ਵੀ ਦਸਵੰਧ ਖਾਤੇ ਵਿੱਚੋਂ ਪ੍ਰਾਪਤ ਕਰਨ ਦਾ ਪੁਖਤਾ ਇੰਤਜ਼ਾਮ ਹੋ ਚੁੱਕਾ ਹੈ। ਸਿਰਦਾਰ ਦੀ ਖ਼ੁਦਦਾਰੀ ਨੂੰ ਆਂਚ ਨਹੀਂ ਆਉਣ ਦਿੱਤੀ ਗਈ।

ਪੈਸੇ ਜੁਟਾਉਣ ਦੀ ਗਾਥਾ ਇੱਕ ਪੱਖੋਂ ਰੌਚਕ ਵੀ ਹੋ ਨਿੱਬੜੀ। ਜੂਨ 2010 ਵਿੱਚ ਇਹ ਲੇਖਕ ਇੰਗਲੈਂਡ ਇੱਕ ਸੈਮੀਨਾਰ ਸਬੰਧੀ ਗਿਆ ਹੋਇਆ ਸੀ। ਫਾਊਂਡੇਸ਼ਨ ਨੇ ਸੋਚਿਆ ਕਿ ਉਹ ਆਪਣੇ ਅਮੀਰ ਮਿੱਤਰਾਂ ਕੋਲੋਂ ਏਨੀਂ ਨਿਗੂਣੀ ਰਕਮ ਤਾਂ ਉਗਰਾਹ ਹੀ ਲਵੇਗਾ। ਉਸ ਨੇ ਸਭ ਤੋਂ ਪਹਿਲਾਂ ਸਿਰਦਾਰ ਦੇ ਵੱਡੇ ਪ੍ਰਸੰਸਕ ਹੋਣ ਦਾ ਦਾਅਵਾ ਕਰਦੇ ਇੱਕ ਮਿਤਰ ਨਾਲ ਗੱਲ ਕੀਤੀ। ਜੁਆਬ ਬੜਾ ਉਤਸ਼ਾਹਜਨਕ ਸੀ। 'ਇਹ ਤਾਂ ਕੇਵਲ ਸੱਤ ਕੁ ਹਜ਼ਾਰ ਪੌਂਡ ਹੀ ਬਣਦਾ ਹੈ, ਏਨੇਂ ਕੁ ਤਾਂ ਮੈਂ ਕੱਲਾ ਹੀ ਕਰ ਦੇਵਾਂਗਾ।' ਅੱਗੋਂ ਕਿਸੇ ਨਾਲ ਗੱਲ ਕਰਨ ਦੀ ਲੋੜ ਹੀ ਨਾ ਸਮਝੀ ਗਈ। ਜਦੋਂ ਅਮਰਜੀਤ ਸਿੰਘ ਨੇ ਇਹ ਗਲ ਸੁਣੀ ਤਾਂ ਓਸ ਨੇ ਆਖਿਆ ਕਿ ਲੋੜ ਪੈਣ ਉੱਤੇ ਉਹ ਵੀ ਕੁਝ ਨ ਕੁਝ ਜ਼ਰੂਰ ਭੇਟ ਕਰੇਗਾ। ਉੱਥੇ ਇੱਕ ਬੜੇ ਵੱਡੇ 'ਦਾਨੀ' ਸੱਜਣ ਸਨ; ਸੌ ਫ਼ੀਸਦੀ ਪੰਥਕ ਜਾਣੇ ਜਾਂਦੇ ਹਨ। ਇਹਤਿਆਤ ਦੇ ਤੌਰ ਉੱਤੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਫ਼ੁਰਮਾਇਆ, 'ਕਪੂਰ ਸਿੰਘ ਬੜਾ ਅੱਖੜ ਆਦਮੀ' ਸੀ। ਕਪੂਰ ਸਿੰਘ ਦੀ ਅਦੁੱਤੀ ਵਿਦਵਤਾ, ਸਿੱਖ ਕੌਮ ਦੀ ਕੀਤੀ ਬੇਜੋੜ ਸੇਵਾ, ਹਰ ਪਲ਼ ਕੌਮ ਲਈ ਕੁਰਬਾਨੀਆਂ ਕਰਨ ਵਾਲਾ ਅੰਦਾਜ਼, ਸਾਰੀ ਉਮਰ ਤੰਗੀਆਂ-ਤੁਰਸ਼ੀਆਂ ਸਹਿੰਦਿਆਂ ਨਿਸ਼ਕਾਮ ਵਿਚਰਨਾ, ਸਾਰੀ ਘਾਲ-ਕਮਾਈ ਪੰਜਾਬੀ ਪੈਂਤੀ ਦੇ ਕੇਵਲ ਤਿੰਨ ਅੱਖਰਾਂ ---ਅ---ਖ---ੜ ਵਿੱਚ ਡੋਬ ਦਿੱਤੀ ਗਈ। ਮੈਂ ਆਪਣੇ-ਆਪ ਨੂੰ ਬੜਾ ਕੋਸਿਆ। ਜੇ ਮੈਂ ਗੱਲ ਨਾ ਕਰਦਾ ਤਾਂ ਸਿਰਦਾਰ ਦੀ ਖ਼ੁਦਦਾਰੀ ਨੂੰ 'ਅੱਖੜ' ਵਿੱਚ ਤਬਦੀਲ ਹੁੰਦਿਆਂ ਨਾ ਵੇਖਦਾ। ਖ਼ੈਰ, ਤੀਰ ਭੱਥੇ ਵਿੱਚੋਂ ਨਿਕਲ ਚੁੱਕਾ ਸੀ। ਓਸ ਵੱਡੇ 'ਦਾਨੀ' ਨੂੰ ਪੁੱਛਣਾ ਚਾਹੁੰਦਾ ਸਾਂ ਕਿ ਜਿਸ ਗੁਰੂ ਕੋਲੋਂ (ਓਸ ਦੇ ਆਪਣੇ ਅਕੀਦੇ ਅਨੁਸਾਰ) ਓਸ ਨੇ ਏਨਾਂ ਧਨ ਪ੍ਰਾਪਤ ਕੀਤਾ ਹੈ ਓਸ ਨੇ ਤਾਂ ਕਦੇ ਓਸ ਦੀ ਨਾ-ਅਹਿਲੀ ਵੱਲ ਵੇਖ ਕੇ ਹੱਥ ਨਾ ਖਿੱਚਿਆ। ਗੱਲ ਆਈ ਗਈ ਹੋ ਗਈ ਕਿਉਂਕਿ ਇੰਤਜ਼ਾਮ ਤਾਂ ਹੋ ਹੀ ਚੁੱਕਾ ਸੀ! ਇਹ ਤਾਂ ਕੇਵਲ ਅਣ-ਆਈ ਨੂੰ ਟਾਲਣ ਦਾ ਉਪਰਾਲਾ ਸੀ।

ਸ਼ਰਤ ਅਨੁਸਾਰ ਖਾਤਾ ਖੋਲ੍ਹ ਕੇ ਫਾਊਂਡੇਸ਼ਨ ਰਜਿਸਟਰ ਕਰਵਾ ਕੇ, ਯੂਨੀਵਰਸਿਟੀ ਕੋਲੋਂ ਪੱਤਰ ਪ੍ਰਾਪਤ ਕਰ ਕੇ ਪੰਜ ਲੱਖ ਇਕੱਲਿਆਂ ਦੇਣ ਵਾਲੇ ਸੱਜਣ ਨੂੰ ਭੇਜ ਦਿੱਤਾ ਗਿਆ। ਇਹ ਵੀ ਦੱਸਿਆ ਗਿਆ ਕਿ ਇੱਕ ਲੱਖ ਵੀਹ ਹਜ਼ਾਰ ਇਕੱਠਾ ਕਰ ਕੇ ਉਹਨਾਂ ਦਾ ਬੋਝ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਸ ਦੇ ਤੇਵਰ ਵੀ ਬਦਲ ਗਏ। 'ਤੁਸੀਂ ਸਰਕਾਰ ਅਤੇ ਯੂਨੀਵਰਸਿਟੀ ਨਾਲ ਮਿਲ ਕੇ ਪਤਾ ਨਹੀਂ ਕੀ ਘਾੜਤਾਂ ਘੜ ਰਹੇ ਹੋ। ਮੈਂ ਇੱਕ ਪੈਸਾ ਨਹੀਂ ਦੇਣਾ ਚਾਹੁੰਦਾ ਪਰ ਕਿਉਂਕਿ 'ਕੁਝ ਕੁ' ਦੇਣ ਦਾ ਵਾਅਦਾ ਕੀਤਾ ਸੀ ਏਸ ਲਈ ਕੁਝ ਨ ਕੁਝ (ਕਦੇ ਨਾ ਕਦੇ) ਜ਼ਰੂਰ ਦੇਵਾਂਗਾ।' ਏਸ ਤੋਂ ਬਾਅਦ ਓਸ ਆਦਮੀ ਨਾਲ ਵੀ ਕੁਈ ਗੱਲ ਅਗਾਂਹ ਤੋਰਨ ਨੂੰ ਵਾਜਬ ਨਾ ਸਮਝਿਆ ਗਿਆ ਅਤੇ ਓਸ ਦੇ ਯੋਗਦਾਨ ਤੋਂ ਬਿਨਾਂ ਹੀ ਸਾਰ ਲਿਆ ਗਿਆ।

ਪਰ ਕਿਉਂਕਿ ਅਚਾਨਕ ਅਵੱਲਾ ਮੋੜ ਆ ਗਿਆ ਸੀ ਏਸ ਲਈ ਥੋੜ੍ਹੀ ਘਬਰਾਹਟ ਜ਼ਰੂਰ ਹੋਈ। ਤੁਰੰਤ ਕੁਝ ਕਰਨ ਦੀ ਸੋਚੀ। ਅਮਰੀਕਾ ਵਿੱਚ ਵੀ ਤਿੰਨ ਸੱਜਣ ਸਨ ਜਿਨ੍ਹਾਂ ਉੱਤੇ ਗੁਰੂ ਦੀ ਬਹੁਤ ਕਿਰਪਾ ਹੈ। ਓਹਨਾਂ ਵਿੱਚੋਂ ਇੱਕ ਨੂੰ ਮਾਇਆਧਾਰੀ ਹੋਣ ਕਾਰਣ ਛੱਡ ਦਿੱਤਾ ਗਿਆ। ਦੂਜੇ ਦੋਨਾਂ ਵਿੱਚੋਂ ਇੱਕ ਨੂੰ ਬੇਨਤੀ ਕੀਤੀ ਪਰ ਓਸ ਆਪਣੀ ਅਸਮਰੱਥਾ ਪ੍ਰਗਟਾਈ। ਅਮਰੀਕਾ ਦਾ ਰਵੱਈਆ ਵੇਖਦਿਆਂ ਦੂਜੇ ਨਾਲ ਗੱਲ ਕਰਨ ਦਾ ਹੌਂਸਲਾ ਹੀ ਨਾ ਪਿਆ ਅਤੇ ਦਸਵੰਧ ਉੱਤੇ ਹੀ ਟੇਕ ਰੱਖੀ ਗਈ।

ਇਹ ਸਾਰੀ ਕਹਾਣੀ ਏਸ ਲਈ ਲਿਖੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਜਾਣਕਾਰੀ ਰਹੇ ਕਿ ਪੰਥ ਵਿੱਚ ਪੰਥਕ ਸੇਵਕਾਂ ਦੀ ਕਿੰਨੀ ਕੁ ਕਦਰ ਹੈ। ਕਈ ਸਾਰੇ ਭਰਮ ਵੀ ਟੁੱਟੇ। ਉਹਨਾਂ ਦੀ ਚੀਸ ਵੀ ਸਭ ਨਾਲ ਸਾਂਝੀ ਕਰਨੀ ਬਣਦੀ ਸੀ। ਇਹ ਲਿਖਣ ਦਾ ਇੱਕ ਮਕਸਦ ਹਰ ਮਾਈ-ਭਾਈ ਨੂੰ ਇਹ ਪ੍ਰੇਰਨਾ ਦੇਣਾ ਵੀ ਹੈ ਕਿ ਉਹ ਗੁਰੂ ਕੀ ਦਸਵੰਧ ਨੇਮ ਨਾਲ ਕੱਢਣ। ਏਸ ਨਾਲ ਬਹੁਤ ਕੰਮ ਸਹਿਜੇ ਹੀ ਸੰਵਰ ਜਾਂਦੇ ਹਨ ਅਤੇ ਕਿਸੇ ਦਾ ਅਹਿਸਾਨ ਲੈਣ ਦੀ ਵੀ ਲੋੜ ਨਹੀਂ ਰਹਿੰਦੀ। 'ਗੁਰੂ ਕੀ ਕਉਡੀ' ਸਾਡੇ ਧਰਮ-ਸ਼ਾਸਤ੍ਰਾਂ ਅਨੁਸਾਰ ਜ਼ਹਿਰ ਸਮਾਨ ਹੈ। ਏਸ ਲਈ ਦਸਵੰਧ ਆਖ਼ਰ ਗੁਰੂ ਨਮਿਤ ਹੀ ਖਰਚ ਹੁੰਦੀ ਹੈ ਕਿਉਂਕਿ ਮੰਦ ਤੋਂ ਮੰਦ ਬੁੱਧੀ ਇਨਸਾਨ ਅਤੇ ਵੱਡੇ ਤੋਂ ਵੱਡਾ ਲਾਲਚੀ ਕਿਸੇ ਹਾਲਤ ਵਿੱਚ ਵੀ 'ਗੁਰੂ ਕੀ ਕਉਡੀ' ਨੂੰ ਆਪਣੇ ਬਾਲਾਂ ਦੇ ਮੂੰਹ ਪਾਉਣ ਤੋਂ ਝਿਜਕਦਾ ਹੈ। ਲੋਕਾਂ ਤੋਂ ਮੰਗਣ ਵਾਲੇ ਆਖ਼ਰ ਖੁਆਰ ਹੀ ਹੁੰਦੇ ਹਨ (ਮੰਗਣ ਗਇਆ ਸੁ ਮਰ ਗਇਆ) ਪ੍ਰੰਤੂ ਦਸਵੰਧ ਵਰਤਣ ਵਿੱਚ ਨ ਨਮੋਸ਼ੀ, ਨ ਝਿਜਕ, ਨ ਖੁਆਰੀ। ਸਾਰਿਆਂ ਦਾ ਰਲ-ਮਿਲ ਕੇ ਏਸ ਮਹਾਨ ਸੰਸਥਾ (ਪ੍ਰਥਾ) ਨੂੰ ਨਿੱਗਰ ਨੀਹਾਂ ਉੱਤੇ ਖੜ੍ਹਾ ਕਰਨਾ ਬਣਦਾ ਹੈ।

ਅਜਬ ਤੇ ਅਜਾਇਬ ਤੇ ਉਮਰਸਾਹਿ ਸੰਘੇ ਮਸੰਦ ਹੈਸਨਿ.. .. .. ਇੱਕ ਦਿਨ ਸਾਹਿਬ (ਗੁਰੂ ਅਰਜਨ) ਪੁੱਛਿਆ: ਤੁਸੀਂ ਗੁਰੂ ਕੀ ਕੌਡੀ ਕੀਕਰ ਜਾਣਦੇ ਹੋਂ? ਤਾਂ ਉਹਨਾਂ ਕਹਿਆ: ''.. .. ਜੈਸੇ ਵਿਖੁ ਤੈਸੇ ਜਾਣਦੇ ਹਾਂ।'' ਤਾਂ ਬਚਨ ਹੋਇਆ: ''ਏਤੇ ਕਰ ਤੁਸਾਡਾ ਉਧਾਰ ਹੋਵੇਗਾ।''
(ਭਾਈ ਮਨੀ ਸਿੰਘ, ਸਿਖਾਂ ਦੀ ਭਗਤਮਾਲਾ, ਖ਼ਾਲਸਾ ਸਮਾਚਾਰ, ਅੰਮ੍ਰਿਤਸਰ, 1955, ਪੰਨਾ 112)


ਉਪਰੋਕਤ ਦੁਸ਼ਵਾਰੀਆਂ ਵਿੱਚੋ ਲੰਘਦਿਆਂ ਆਖ਼ਰ ਸਿਰਦਾਰ ਦੇ ਨਾਂਅ ਉੱਤੇ ਲੈਕਚਰ ਲੜੀ ਆਰੰਭ ਹੋ ਹੀ ਗਈ। ਏਸ ਲੜੀ ਦਾ ਪਹਿਲਾ ਵਿਖਿਆਨ ਸਿਰਦਾਰ ਦੀ ਇਤਿਹਾਸ ਅਤੇ ਫ਼ਲਸਫ਼ੇ ਨੂੰ ਦੇਣ ਸਬੰਧੀ 20 ਜਨਵਰੀ 2011 ਨੂੰ ਸੀ ਜੋ ਬੜੀ ਸ਼ਾਨ ਨਾਲ ਸੰਪੰਨ ਹੋਇਆ। ਡੌਕਟਰ ਜਗਤਾਰ ਸਿੰਘ ਗਰੇਵਾਲ ਨੇ ਵਿਆਖਿਆ ਕੀਤੀ ਅਤੇ ਸਿਰਦਾਰ ਦੀ ਸੋਚ ਤੋਂ ਲਾਭ ਉਠਾਉਣ ਲਈ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਪ੍ਰੋਫ਼ੈਸਰ ਏਨੀਂ ਵੱਡੀ ਗਿਣਤੀ ਵਿੱਚ ਪੁੱਜੇ ਕਿ ਕਈ ਦਰਜਨ ਸੁਣਨ ਵਾਲਿਆਂ ਨੂੰ ਖੜ੍ਹੇ ਹੋ ਕੇ ਹੀ ਸੁਣਨਾ ਪਿਆ। ਸਾਰਿਆਂ ਨੇ ਰੱਜ ਕੇ ਸਿਰਦਾਰ ਨੂੰ ਯਾਦ ਕੀਤਾ ਅਤੇ ਓਸ ਦੀ ਕਰਨੀ ਦੀ ਸਰਾਹਨਾ ਕੀਤੀ। ਹਰ ਇੱਕ ਜਾਣਿਆਂ ਕਿ ਓਸ ਦਾ ਆਉਣਾਂ ਸੁਕਾਰਥ ਹੋਇਆ ਹੈ।

ਪ੍ਰਬੰਧਕਾਂ ਦਾ ਯਤਨ ਸਫ਼ਲ ਹੋਇਆ, ਓਹਨਾਂ ਦੀ ਘਾਲ ਥਾਂ ਪਈ। ਆਉਂਦੇ ਸਾਲ ਵਿੱਚ ਉਹ ਸਿਰਦਾਰ ਸਬੰਧੀ ਦੋ-ਤਿੰਨ ਪੁਸਤਕਾਂ ਅਤੇ ਘੱਟੋ-ਘੱਟ ਇੱਕ ਕਿਤਾਬਚਾ ਛਾਪਣ ਦਾ ਮਨਸੂਬਾ ਬਣਾ ਕੇ ਬੈਠੇ ਹਨ। ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਰ ਚੇਤੰਨ ਮਨੁੱਖ ਦੀ ਇਹ ਕਾਮਨਾ ਹੋਣੀ ਚਾਹੀਦੀ ਹੈ ਕਿ ਸਿਰਦਾਰ ਕਪੂਰ ਸਿੰਘ ਵਰਗੇ ਰੰਗਲੇ ਸੱਜਣ ਦੇ ਚਾਨਣ ਮੁਨਾਰੇ ਤੋਂ ਸੰਸਾਰ ਨੂੰ ਸਦਾ ਸਹੀ ਸੇਧ ਮਿਲਦੀ ਰਹੇ ਅਤੇ ਗੁਰੂ ਸੱਚੇ ਪਾਤਸ਼ਾਹ ਦੀ ਮਹਾਂ ਨਿਰਮਲ ਕੀਰਤੀ ਤੇਲ ਵਾਂਗ ਹਰ ਪਾਣੀ ਦਾ ਸ਼ਿੰਗਾਰ ਬਣੇ। ਨਾ ਕਦੇ ਪ੍ਰਮੇਸ਼ਰ-ਸਰੂਪ ਗੁਰੂ ਗੋਬਿੰਦ ਸਿੰਘ ਦੁਬਾਰਾ ਪੈਦਾ ਹੋਣਾ ਹੈ ਨਾ ਕਦੇ ਸਿਰਦਾਰ ਵਰਗਾ ਅਣਖੀ ਫ਼ਕੀਰ ਖ਼ਾਲਸਾ ਦੁਬਾਰਾ ਆਵੇਗਾ ਜੋ ਮੁਕੰਮਲ ਤੌਰ ਉੱਤੇ ਗੁਰੂ ਨੂੰ ਸਮਰਪਿਤ ਹੋਵੇ ਅਤੇ ਓਸ ਦੀ ਕਲਗ਼ੀ ਦੇ ਇੱਕ ਝਲਕਾਰੇ ਉੱਤੋਂ ਲੱਖਾਂ ਜ਼ਿੰਦਗੀਆਂ ਵਾਰਨ ਨੂੰ ਧੰਨਭਾਗ ਜਾਣੇ।

ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ


ਜਾਪਦਾ ਹੈ ਕਿ ਸਿਰਦਾਰ ਕਪੂਰ ਸਿੰਘ ਦੀ ਸ਼ਖ਼ਸੀਅਤ ਨੂੰ ਵਿਧਾਤਾ ਨੇ ਬੜੀ ਨੀਝ ਨਾਲ ਘੜ ਕੇ ਮਨੁੱਖੀ ਉੱਤਮਤਾਈ ਦੇ ਕਈ ਗੁਣਾਂ ਨਾਲ ਸ਼ਿੰਗਾਰਿਆ ਸੀ। ਇੱਕ ਦਰਮਿਆਨੇ ਕੱਦ ਦੇ ਮਨੁੱਖੀ ਸਰੀਰ ਵਿੱਚ ਵੱਡੇ ਬੌਧਿਕ ਗੁਣਾਂ ਨੂੰ ਸਮਾ ਕੇ, ਓਸ ਉੱਤੇ ਅਨਿੰਨ ਸ਼ਰਧਾ ਦਾ ਲੇਪ ਕਰ ਕੇ ਐਸਾ ਪੁਤਲਾ ਗੁਰੂ ਨੇ ਸਾਜਿਆ ਜੋ ਸਿੱਖੀ ਦਾ ਮਹਾਨ ਥੰਮ੍ਹ ਅਤੇ ਮਨੁੱਖਤਾ ਦਾ ਚਾਨਣ ਮੁਨਾਰਾ ਹੋ ਨਿੱਬੜਿਆ। ਓਸ ਨੇ ਇੱਕ ਹੱਥੀਂ ਵਾਹੀ ਕਰਦੇ ਮੱਧਵਰਗੀ ਪਰਿਵਾਰ ਵਿੱਚੋਂ ਸ਼ੁਰੂ ਕਰ ਕੇ ਆਈ. ਸੀ. ਐਸ. ਅਤੇ ਸੰਸਦ ਮੈਂਬਰ ਤੱਕ ਦਾ ਰੰਗੀਨ ਸਫ਼ਰ ਬੜੀ ਸਜ-ਧਜ ਨਾਲ, ਪੂਰਣ ਸੰਜੀਦਗੀ ਨਾਲ ਸੰਪੰਨ ਕੀਤਾ। ਹਿੱਸੇ ਆਈ ਗੁੰਮਨਾਮੀ ਅਤੇ ਇਕੱਲ ਨੂੰ ਵੀ ਬੜੇ ਸਹਿਜ ਨਾਲ, ਬੜੇ ਧੀਰਜ ਨਾਲ, ਪੂਰਨ ਸਿਦਕ ਨਾਲ ਹੰਢਾਇਆ। ਆਖ਼ਰ ਉੱਹ ਸਿੱਖ ਸੋਚਵਾਨਾਂ ਲਈ ਵੱਡਾ ਉਤਸ਼ਾਹ ਦਾ ਸੋਮਾ ਬਣ ਗਿਆ।

ਵਿਦਿਆਰਥੀ ਜੀਵਨ ਤੋਂ ਸ਼ੁਰੂ ਹੋ ਕੇ ਪੜਚੋਲ ਕਰਨ ਦੀ ਬਿਬੇਕ ਅਤੇ ਅਣਥੱਕ ਮਿਹਨਤ ਰਾਹੀਂ ਹਰ ਮਸਲੇ ਦੀ ਡੂੰਘਾਈ ਤੱਕ ਪੜਤਾਲ ਕਰਨ ਦਾ ਉਸ ਦਾ ਸੁਭਾਅ ਤੋੜ ਨਿਭਿਆ। ਕੋਈ ਨਾਜਾਇਜ਼ ਝੇਪ, ਕਿਸੇ ਦੁਨਿਆਵੀ ਸ਼ਕਤੀ ਦਾ ਭਉ ਓਸ ਨੂੰ ਗੁਰੂ ਦੇ ਰਾਹ ਉੱਤੋਂ ਵਿਚਲਿਤ ਨਾ ਕਰ ਸਕਿਆ। ਜ਼ਿੰਦਗੀ ਦੇ ਹਰ ਪੜਾਅ ਦੇ ਧਰਮ ਨੂੰ ਬਖ਼ੂਬੀ ਨਿਭਾਉਣਾਂ ਓਸ ਤੋਂ ਸਿੱਖਣਾ ਬਣਦਾ ਹੈ। ਇਨਸਾਨੀ ਜੀਵਨ ਦੀ ਬਿਹਤਰੀ ਦੀਆਂ ਸਿਖਰਾਂ ਨੂੰ ਛੁਹਣ ਦੇ ਓਸ ਕੋਲ ਕਈ ਗੁਰ ਸਨ। ਓਸ ਦੀ ਸ਼ਖ਼ਸੀਅਤ ਦੇ ਅਨੇਕਾਂ ਪਹਿਲੂ ਹਨ ਜਿਨ੍ਹਾਂ ਨੇ ਉਸ ਪ੍ਰਤੀ ਲੋਕ-ਮਨਾਂ ਵਿੱਚ ਅਸਾਧਾਰਣ ਸਨੇਹ ਅਤੇ ਸਤਿਕਾਰ ਪੈਦਾ ਕੀਤਾ।

ਏਹੋ ਸਨੇਹ ਉਹਨਾਂ ਦੇ ਤੁਰ ਜਾਣ ਤੋਂ ਢਾਈ ਦਹਾਕੇ ਬਾਅਦ ਵੀ ਲੋਕ-ਮਨਾਂ ਵਿੱਚ ਅਜੇ ਤੱਕ ਓਸੇ ਤੀਬਰਤਾ ਨਾਲ ਮੌਜੂਦ ਹੈ।

ਉਹ ਮਹਾਂ-ਤਿਆਗੀ ਤੱਤ-ਵੇਤਾ ਮੁੱਢਲੇ ਸੁਭਾਉ ਪੱਖੋਂ ਫ਼ਕੀਰੀ ਦੀ ਚਰਮ ਸੀਮਾ ਤੱਕ ਸੰਸਾਰਕ ਰਹਿਮਤਾਂ ਵੱਲੋਂ ਬੇ-ਨਿਆਜ਼ ਸੀ। ਸਾਰੀ ਉਮਰ ਉਹ ਮਹਾਂ-ਚੇਤੰਨ ਜਗਿਆਸੂ ਰਿਹਾ ਅਤੇ ਜੋ ਵੀ ਵਸਤੂ ਓਸ ਨੂੰ ਆਪੇ ਚੁਣੇ ਅਧਿਆਤਮਕ ਰਾਹ ਉਤੋਂ ਵਿਚਲਿਤ ਕਰਦੀ ਜਾਪੀ ਓਸ ਨੇ ਤੁਰੰਤ ਹੇਚ ਜਾਣ ਕੇ ਤਿਆਗ ਦਿੱਤੀ।

ਸਿਰਦਾਰ ਵਿੱਚ ਮਨੁੱਖੀ ਜੀਵਨ ਦੇ ਮਸਲਿਆਂ ਅਤੇ ਬੌਧਿਕ ਆਲਮ ਦੇ ਗੂੜ੍ਹ ਰਹੱਸ ਸਮਝਣ ਦੀ ਅਸਾਧਾਰਣ ਸਮਰੱਥਾ ਸੀ; ਉਹਨਾਂ ਦੀ ਖੁੱਲ੍ਹੀ ਵਿਆਖਿਆ ਕਰ ਸਕਣ ਦੀ ਅਮੁੱਕ ਦਲੇਰੀ ਸੀ। ਜਦੋਂ ਉਹ ਆਪਣੇ ਵਿਚਾਰਾਂ ਨੂੰ ਸਜੀਵ ਲਫ਼ਜ਼ਾਂ, ਸੰਕਲਪਾਂ, ਇਤਿਹਾਸਕ ਹਵਾਲਿਆਂ, ਸਾਹਿਤਕ ਬਿੰਬਾਵਲੀ, ਰੋਜ਼ਮੱਰਾ ਜੀਵਨ ਦੀਆਂ ਤਸ਼ਬੀਹਾਂ, ਮੁੱਢਲੇ ਫ਼ਲਸਫ਼ੇ ਅਤੇ ਸਮਕਾਲੀ ਮਨੁੱਖ ਦੇ ਸਰੋਕਾਰਾਂ ਨਾਲ ਸਜਾ, ਸੰਵਾਰ, ਸ਼ਿੰਗਾਰ ਕੇ ਪੇਸ਼ ਕਰਦਾ ਸੀ ਤਾਂ ਸੁਣਨ ਵਾਲਿਆਂ ਦੇ ਮਨ ਵਿੱਚ ਇੱਕ ਅਤਿਅੰਤ ਆਸ਼ਾਵਾਦੀ ਜਿਊਂਦਾ-ਜਾਗਦਾ ਸੰਸਾਰ ਸਿਰਜਿਆ ਜਾਂਦਾ ਸੀ। ਹਵਾਵਾਂ ਕੰਨ ਧਰ ਕੇ ਓਸ ਨੂੰ ਸੁਣਦੀਆਂ ਸਨ ਅਤੇ ਹਨੇਰੀਆਂ ਦਾਦ ਦੇਣ ਲਈ ਘੜੀ ਦੋ ਘੜੀ ਥੰਮ੍ਹ ਜਾਂਦੀਆਂ ਸਨ। ਹਰ ਸ੍ਰੋਤਾ ਸਿਰਦਾਰ ਦੇ ਹਾਣ ਦੀ ਸਮਝ ਨਾਲ ਚਰਚਿਤ ਮਸਲਿਆਂ ਨੂੰ ਵਿਚਾਰਣ ਦੇ ਕਾਬਲ ਹੋ ਜਾਂਦਾ ਸੀ। ਸਾਧਾਰਣ ਪੇਂਡੂ ਜਨਤਾ ਤੋਂ ਲੈ ਕੇ ਉੱਚਤਮ ਵਿੱਦਿਅਕ ਸੰਸਥਾਵਾਂ ਵਿੱਚ ਬੈਠੇ ਧੁਰੰਦਰ ਵਿਚਾਰਵਾਨ ਓਸ ਦੇ ਤਰਕ ਦੇ ਕਾਇਲ ਹੋ ਜਾਂਦੇ ਸਨ।
ਕੌਮੀ ਮਸਲਿਆਂ ਉੱਤੇ ਤਰਕ-ਸੰਗਤ, ਮੁੱਢੋਂ ਨਿਰੁੱਤਰ ਕਰਨ ਵਾਲੀ ਬਹਿਸ ਦਾ ਉਹ ਮਾਹਿਰ ਸੀ। ਏਸ ਵੱਡੇ ਪ੍ਰਤਿਭਾਸ਼ਾਲੀ ਗੁਣ ਦੀ ਓਸ ਨੇ ਵਿਧਾਨ ਸਭਾ, ਲੋਕ ਸਭਾ ਵਿੱਚ ਖ਼ੂਬ ਵਰਤੋਂ ਕੀਤੀ। ਰਣ-ਤੱਤੇ ਵਿੱਚ ਨੰਗੇ ਧੜ ਜੂਝਦੇ ਸੂਰਮਿਆਂ ਵਾਂਗ ਓਸ ਨੇ ਸੱਚਾਈ ਦਾ ਪੱਖ ਪੇਸ਼ ਕੀਤਾ। ਉਸ ਦੇ ਅਨੇਕਾਂ ਐਸੇ ਵਿਆਖਿਆਨ ਹਨ ਜਿਨ੍ਹਾਂ ਦੇ ਉੱਤਰ ਦੇਣ ਦੀ ਕਿਸੇ ਨੇ ਜੁਰਅਤ ਨਾ ਕੀਤੀ। 'ਸਿੱਖਾਂ ਨਾਲ ਵਿਸਾਹਘਾਤ' ਵਾਲਾ ਉਹਨਾਂ ਦਾ ਲੋਕ ਸਭਾ ਦਾ ਪ੍ਰਵਚਨ, ਜਿਸ ਵਿੱਚ ਭਾਰਤ ਦੀ 'ਹਜ਼ਾਰਾਂ ਸਾਲ ਪੁਰਾਣੀ' ਸ਼੍ਰੋਮਣੀ ਸਮਝੀ ਜਾਂਦੀ ਸੱਭਿਅਤਾ ਦੀ ਤਰਕਯੁਕਤ ਅਤੇ ਅਤਿਅੰਤ ਕਰੜੀ ਨਿਖੇਧੀ ਸੀ, ਨੂੰ ਵੀ ਵੱਡੇ ਨੀਤੀਵੇਤਾ ਸ਼ੀਰੇ ਮਾਦਰ ਸਮਝ ਕੇ ਡਕਾਰ ਗਏ; ਕਿਸੇ ਇੱਕ ਤਰਕ ਨੂੰ ਵੀ ਝੂਠਾ ਸਾਬਤ ਨਾ ਕਰ ਸਕੇ। ਨੀਵੀਂ ਪਾ ਕੇ ਘੋਰ ਨਮੋਸ਼ੀ ਦੇ ਸਮੁੰਦਰ ਵਿੱਚ ਗਰਕ ਹੋ ਕੇ ਸੁਣਦੇ ਰਹੇ। ਇੱਕ ਅੱਧ ਸੜਕਛਾਪ ਨੁਮਾ ਐਮ. ਪੀ. ਨੇ ਘਟੀਆ ਟਿੱਚਰ ਕਰਨ ਦੀ ਜੁਰਅਤ ਕਰ ਕੇ ਕੇਵਲ ਆਪਣੀ ਕੌਮ ਦੇ ਬੌਧਿਕ ਦਿਵਾਲੀਏਪਣ ਦਾ ਐਲਾਨ ਹੀ ਕੀਤਾ।

ਕਹਿਣ ਦੀ ਲੋੜ ਨਹੀਂ ਕਿ ਸਿੱਖੀ ਵਿੱਚ ਉਸ ਦਾ ਪ੍ਰਪੱਕ, ਅਹਿੱਲ ਯਕੀਨ ਸੀ। ਗੁਰੂ ਸਾਹਿਬਾਨ ਦੀ ਬਾਣੀ ਅਤੇ ਇਤਿਹਾਸ ਓਸ ਲਈ ਸਦਾ ਜੀਵਨ ਦੇ ਪ੍ਰੇਰਨਾ ਸ੍ਰੋਤ ਬਣੇ ਰਹੇ। ਆਮ ਗੱਲਬਾਤ ਵਿੱਚ ਵੀ ਉਹ ਗੁਰੂ ਦਾ ਨਾਂਅ ਜ਼ੁਬਾਨ ਉੱਤੇ ਆਉਂਦਿਆਂ ਹੀ ਮੋਮ ਵਾਂਗ ਢਲ ਕੇ ਆਪਣੇ ਤਸੱਵਰ ਵਿੱਚ ਗੁਰੂ-ਚਰਨਾਂ ਨਾਲ ਲਿਪਟ ਜਾਂਦਾ ਸੀ। ਓਸ ਦੀ ਤੱਕਣੀ ਅਤੇ ਆਵਾਜ਼ ਵੀ ਬਦਲ ਜਾਂਦੀ, ਸੁਣਨ ਵਾਲੇ ਉੱਤੇ ਚੁੱਪੀ ਵਰਤ ਜਾਂਦੀ ਅਤੇ ਉਹ ਮਹਿਫ਼ਲ ਵਿੱਚ ਗੁਰੂ ਦੀ ਆਮਦ ਦੀ ਖੁਸ਼ਬੋ ਨੂੰ ਸੁੰਘਣ ਯੋਗ ਹੋ ਜਾਂਦਾ। ਕਈ ਵਾਰ ਵਜਦ ਵਿੱਚ ਆ ਕੇ ਭਾਈ ਸੰਤੋਖ ਸਿੰਘ ਦਾ, ''ਹਰਗੋਬਿੰਦ ਨੰਦਨ, ਨੰਦਨ ਕੋ ਅਭੀਬੰਦਨ ਕੈ ਪਦ ਜੇ ਅਰਬਿੰਦੂ। ਦੁੱਖ ਦੁੰਦ ਨਿਕੰਦਨ ਆਨੰਦ ਕੰਦ ਮੁਕੰਦ ..." ਨੂੰ ਗੁਣਗੁਣਾਉਣ ਲੱਗ ਪੈਂਦਾ।

ਬਾਅਦ ਵਿੱਚ ਮੈਂ ਇਹੋ ਖੂਬੀ ਅਤੇ ਏਸੇ ਕਿਸਮ ਦਾ ਵਤੀਰਾ ਅਤੇ ਹਾਵ-ਭਾਵ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲਬਾਤ ਵਿੱਚ ਮਹਿਸੂਸ ਕੀਤੇ।

ਅਨੇਕਾਂ ਬੋਲੀਆਂ ਦਾ ਭਰਪੂਰ ਗਿਆਨ, ਧਰਮ ਦੀ ਸੋਝੀ, ਕਾਦਰ ਦੀ ਕੁਦਰਤ ਨਾਲ ਵਿਸ਼ਾਲ - ਸਭ ਕਾਸੇ ਨੁੰ ਗਲਵੱਕੜੀ ਵਿਚ ਲੈਣ ਵਾਲਾ - ਪਿਆਰ, ਫ਼ਲਸਫ਼ੇ ਦੀ ਪਿੱਠਭੂਮੀ, ਦੂਜੇ ਜਹਾਨ ਨਾਲ ਲਗਾਤਾਰ ਸਬੰਧ ਬਣਾਈ ਰੱਖਣ ਦੀ ਤਿੱਖੀ ਚਾਹ, ਗੁਰੂ-ਸੇਵਾ ਵਿੱਚ ਸਦਾ ਤਤਪਰ ਰਹਿਣ ਦੀ ਤੀਬਰ ਲਾਲਸਾ ਦਾ ਮੁੱਖ ਮੰਤਵ, ਜਦ ਇਹ ਸਭ ਮਿਲ ਕੇ ਸਿਆਹੀ ਸਿਰਜਦੇ ਸਨ ਤਾਂ ਸਿਰਦਾਰ ਦੇ ਵਾਕ ਅਤੇ ਲੇਖ ਬਣਦੇ ਸਨ। ਹਰ ਲਫ਼ਜ਼ ਵਿੱਚ ਸੱਚੀ ਟਕਸਾਲ ਦੇ ਅਹਿਰਣ ਉੱਤੇ ਘੜੇ ਹੋਏ ਸਿੱਕੇ ਦੀ ਟੁਣਕਾਰ ਹੁੰਦੀ ਸੀ। ਹਰ ਲੇਖ ਵਿੱਚ ਟਿਕਾਣੇ ਦੀ ਗੱਲ ਹੁੰਦੀ ਸੀ ਅਤੇ ਉਹ ਹਰ ਲੇਖ ਨੂੰ ਸਿਰੇ ਲਾਉਣ ਤੱਕ ਸਿਰਜਣ ਪ੍ਰਕ੍ਰਿਆ ਵਿੱਚ ਰੁੱਝਾ ਰਹਿੰਦਾ ਸੀ।

ਅਲਪ ਬੁੱਧੀ, ਖਰੜ ਗਿਆਨੀਆਂ, ਸਿਆਸੀ ਨੌਸਰਬਾਜ਼ਾਂ, ਵਿਹਲੜ ਘੁਣਤਰੀ ਵਿਤੰਡਾਵਾਦੀਆਂ, ਆਪਣੀ ਹਉਮੈ ਦੀ ਦਲਦਲ ਵਿੱਚ ਗਲ ਤੱਕ ਖੁਭੇ, ਆਪਣੀ ਆਵਾਜ਼ ਦੇ ਆਪੇ ਮੋਹੇ ਗਾਲੜੀਆਂ ਨੂੰ ਓਸ ਦਾ ਸੁਭਾਅ ਅੱਖੜ ਲੱਗਦਾ ਸੀ ਪ੍ਰੰਤੂ ਜਗਿਆਸੂਆਂ, ਸ਼ਰਧਾਵਾਨਾਂ ਦੀ ਝੋਲੀ ਓਸ ਦੇ ਦਰ ਤੋਂ ਜ਼ਰੂਰ ਬੇਸ਼ਕੀਮਤੀ ਮੋਤੀਆਂ ਦੀ ਖ਼ੈਰ ਪੈਂਦੀ ਸੀ।

ਮੈਂ ਕਦੇ ਗੁਰੂ ਬਿਨਾਂ ਕਿਸੇ ਮਨੁੱਖ ਨੂੰ ਆਪਣਾ ਪੀਰ ਨਹੀਂ ਜਾਣਿਆ ਪਰ ਅੱਜ ਜਦੋਂ ਡੌਕਟਰ ਗਰੇਵਾਲ ਨੇ ਮੈਨੂੰ ਸਿਰਦਾਰ ਦਾ 'ਚੇਲਾ' ਦੱਸਿਆ ਤਾਂ ਮੈਂ ਖਿੜੇ ਮੱਥੇ ਏਸ ਤਖੱਲਸ ਨੂੰ ਪੁੱਠੇ ਕੌਮਿਆਂ ਵਿੱਚ ਰੱਖ ਕੇ ਪ੍ਰਵਾਨ ਕਰ ਲਿਆ। 'ਚੇਲਾ' ਤਾਂ ਮੈਂ ਨਹੀਂ ਸਾਂ, ਨਾ ਹੀ ਅੱਜ ਹਾਂ (ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ॥ ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ॥) ਪਰ ਓਸ ਸਭਾ ਵਿੱਚ ਏਸ ਨੁਕਤੇ ਉੱਤੇ ਇਤਰਾਜ਼ ਜਤਾਉਣ ਨਾਲ ਸਿਰਦਾਰ ਦੀ ਹੇਠੀ ਹੁੰਦੀ ਸੀ ਜੋ ਨਾ-ਕਾਬਲੇ-ਬਰਦਾਸ਼ਤ ਸੀ। ਉਂਝ ਵੀ ਓਸ ਬੇਪਰਵਾਹ ਫ਼ਕੀਰ ਦਾ ਚੇਲਾ ਹੋਣਾ ਕਿਸੇ ਵਾਸਤੇ ਵੀ ਮਾਣ-ਵਰਧਕ ਸੰਕਲਪ ਹੈ।

ਇੱਕ ਦਿਨ ਸਿਰਦਾਰ ਆਉਣ ਵਾਲੇ ਸਮੇਂ ਦੇ ਇਸ਼ਾਰਿਆਂ ਦਾ ਵਿਸ਼ਲੇਸ਼ਣ ਕਰ ਰਿਹਾ ਸੀ। ਪਰਲ ਬੱਕ ਦੀ ਕਿਤਾਬ ਗੁੱਡਅਰਥ ਦਾ ਇੱਕ ਦ੍ਰਿਸ਼ਟਾਂਤ ਓਸ ਦੀ ਯਾਦਗਾਰ ਵਿੱਚ ਉੱਭਰਿਆ। 'ਚੀਨ ਦਾ ਮਾਤਮ' ਅਖਵਾਉਂਦਾ ਦਰਿਆ ਸਭ ਮਰਿਯਾਦਾਵਾਂ ਤੋੜ ਕੇ ਕਿਨਾਰਿਆਂ ਤੋਂ ਬਾਹਰ ਵਗਣ ਲੱਗ ਪਿਆ। ਨੇੜੇ-ਤੇੜੇ ਵੱਸਦੇ ਸਭ ਕਿਸਾਨ ਉੱਜੜ-ਪੁੱਜੜ ਗਏ। ਕੁਝ ਕੁ ਥੋੜ੍ਹਾ-ਬਹੁਤ ਜ਼ਰੂਰੀ ਸਮਾਨ ਬਚਾਉਣ ਵਿੱਚ ਕਾਮਯਾਬ ਹੋਏ। ਇੱਕ ਅਜਿਹੇ ਕਿਸਾਨ ਨੇ ਸਮਾਨ ਦੀ ਵਹਿੰਗੀ ਮੋਢਿਆਂ ਉੱਤੇ ਰੱਖ ਕੇ ਸੁੱਕੀ ਜ਼ਮੀਨ ਵੱਲ ਚਾਲੇ ਪਾ ਦਿੱਤੇ। ਸਾਰੇ ਸਮਾਨ ਤੋਂ ਉੱਤੇ, ਸਭ ਤੋਂ ਮਹਿਫ਼ੂਜ਼ ਕਰ ਕੇ ਓਸ ਨੇ ਮਿੱਟੀ ਦੀ ਇੱਕ ਕੁੱਜੀ ਰੱਖੀ। ਬੜੀ ਸਾਂਭ-ਸੰਭਾਲ ਨਾਲ ਉਹ ਓਸ ਦਾ ਖਿਆਲ ਰੱਖ ਰਿਹਾ ਸੀ। ਕਿਸੇ ਵੇਖਣ ਵਾਲੇ ਨੇ ਪੁੱਛਿਆ ਤਾਂ ਓਸ ਨੇ ਕਿਹਾ, 'ਏਸ ਵਿੱਚ ਬੀਅ ਹੈ। ਦਰਿਆ ਤਬਾਹੀ ਕਰ ਕੇ ਥੱਕ ਜਾਵੇਗਾ, ਆਪਣੀ ਮਰਿਯਾਦਾ ਨੂੰ ਯਾਦ ਕਰ ਕੇ ਆਪਹੁਦਰੀਆਂ ਬੰਦ ਕਰ ਦੇਵੇਗਾ ਅਤੇ ਮੁੜ ਕੇ ਕਿਨਾਰਿਆਂ ਤੋਂ ਹੇਠਾਂ ਹੋ ਕੇ ਵਗਣ ਲੱਗੇਗਾ। ਮੇਰੀ ਧਰਤੀ ਏਸ ਦੀ ਗਰਿਫ਼ਤ ਵਿੱਚੋਂ ਮੁਕਤ ਹੋ ਕੇ ਫੇਰ ਮੇਰਾ ਭੁੱਖਾ ਢਿੱਡ ਭਰਨਾ ਲੋਚੇਗੀ ਤਾਂ ਓਸ ਵੇਲੇ ਮੈਂ ਇਹ ਬੀਅ ਏਸ ਵਿੱਚ ਬੀਜਾਂਗਾ। ਭਰਪੂਰ ਫ਼ਸਲਾਂ ਹੋਣਗੀਆਂ। ਅਸੀਂ ਸਾਰਾ ਪਰਿਵਾਰ ਰਲ ਕੇ ਖਾਵਾਂਗੇ ਅਤੇ ਵਾਧੂ ਅਨਾਜ ਜਾਨਵਰਾਂ, ਦੂਜੇ ਭੁੱਖੇ ਲੋਕਾਂ ਦੇ ਕੰਮ ਆਵੇਗਾ।'

ਸਿਰਦਾਰ ਕਹਾਣੀ ਸੁਣਾ ਕੇ ਆਖਣ ਲੱਗਾ, ''ਆਉਣ ਵਾਲੇ ਸਮਿਆਂ ਵਿੱਚ ਸਿੱਖੀ ਉੱਤੇ ਅਨੇਕਾਂ ਮਾਰੂ ਹਮਲੇ ਹੋਣਗੇ। ਕਿਸੇ ਵੇਲੇ ਸਭ ਕੁਝ ਰੁੜ੍ਹ ਗਿਆ ਜਾਪੇਗਾ। ਅਸੁਰੀ ਸ਼ਕਤੀਆਂ ਸਭ ਕੁਝ ਨਿਗ਼ਲ ਜਾਣਗੀਆਂ। ਓਸ ਵੇਲੇ ਵਿਚਲਿਤ ਨਹੀਂ ਹੋਣਾ। ਗੁਰੂ ਭਰੋਸੇ ਚੰਗੇ ਦਿਨਾਂ ਦੀ ਆਮਦ ਦੀ ਆਸ ਟੁੱਟਣ ਨਹੀਂ ਦੇਣੀ। ਅਸਲ ਸਿੱਖੀ ਦੇ ਬੀਅ ਨੂੰ ਘੁੱਟ ਕੇ ਗਲ਼ ਨਾਲ ਲਾਈ ਰੱਖਣਾ। ਬੀਅ ਵਿੱਚ ਬੜੀ ਸ਼ਕਤੀ ਹੈ। ਮਿਸਰ ਦੀਆਂ ਪਿਰਾਮਿਡਾਂ ਵਿੱਚੋਂ ਬੀਅ ਮਿਲੇ ਹਨ ਜੋ ਬੀਜਦਿਆਂ ਸਾਰ ਹੀ ਪੌਦੇ-ਪੇੜ ਬਣ ਗਏ। ਦਰਿਆ ਦੇ ਕਹਿਰ ਤੋਂ ਬਾਅਦ ਧਰਤੀ ਹੋਰ ਉਪਜਾਊ ਹੋ ਜਾਵੇਗੀ। ਸੂਰਜ ਨਵਾਂ ਜੀਵਨ ਲੈ ਕੇ ਰੌਸ਼ਨੀ ਬਿਖੇਰੇਗਾ, ਓਸ ਬੀਅ ਨੂੰ ਦੁਬਾਰੇ ਬੀਜ ਦੇਣਾ। ਉਹ ਸਿੱਖੀ ਦੀ ਨਵੀਂ ਫ਼ਸਲ ਪੈਦਾ ਕਰੇਗਾ। ਛੋਟੇ-ਛੋਟੇ ਬੀਆਂ ਤੋਂ ਹੀਂ ਵੱਡੇ-ਵੱਡੇ ਦਰਖਤ ਬਣਦੇ ਹਨ, ਜੋ ਪਸ਼ੂ-ਪੰਖੀਆਂ ਦਾ ਆਸਰਾ ਅਤੇ ਮਨੁੱਖ ਨੂੰ ਛਾਂ ਪ੍ਰਦਾਨ ਕਰਨ ਦੇ ਕਾਬਲ ਹੁੰਦੇ ਹਨ। ਏਸ ਲਈ ਸੰਕਟ ਸਮੇਂ ਸਭ ਤੋਂ ਵੱਧ ਸਾਂਭਣ ਵਾਲੀ ਵਸਤੂ ਬੀਅ ਹੀ ਹੁੰਦਾ ਹੈ।''

ਸਿਰਦਾਰ ਦੇ ਨਾਂਅ ਉੱਤੇ ਤਕਰੀਰ ਲੜੀ ਆਰੰਭਣ ਵਾਲੇ ਦਿਨ (20 ਜਨਵਰੀ 2011) ਨੂੰ ਮੈਂ ਬੀਅ ਨੂੰ ਸੰਭਾਲਣ ਦੀ ਕਾਰਵਾਈ ਹੀ ਜਾਣਦਾ ਹਾਂ। ਕਈ ਵਿੱਦਿਅਕ ਸੰਸਥਾਵਾਂ ਦੇ ਜ਼ਰਖ਼ੇਜ਼ ਜ਼ਿਹਨ ਏਥੇ ਸੁਸ਼ੋਭਿਤ ਹਨ ਅਤੇ ਏਸ ਲਈ ਏਸ ਬੀਅ ਨੂੰ ਬੀਜਣ ਦਾ ਢੁਕਵਾਂ ਸਮਾਂ, ਸਥਾਨ ਆ ਪਹੁੰਚਿਆ ਹੈ। ਪੇਸ਼ੇ ਵਜੋਂ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਕਾਮਨਾ ਕਰਦਾ ਹਾਂ ਕਿ ਭਰਪੂਰ ਫ਼ਸਲ ਹੋਵੇ; ਆਪ ਵੀ ਰੱਜ ਜਾਈਏ, ਇਹਨਾਂ ਖੇਤਾਂ ਉੱਤੇ ਨਿਰਭਰ ਪਸ਼ੂ-ਪੰਖੀ ਵੀ ਤ੍ਰਿਪਤ ਹੋਣ ਅਤੇ ਹਰ ਭੁੱਖੇ ਦੀ ਗੁਰ-ਸ਼ਬਦ ਨਾਲ ਭੁੱਖ ਦੂਰ ਹੋਵੇ, ਜਗਿਆਸੂ ਸਰਸ਼ਾਰ ਹੋਣ। ਗੁਰੂ-ਪ੍ਰਮੇਸ਼ਰ ਦੀ ਹਰ ਸੁਖ ਪ੍ਰਦਾਨ ਕਰਨ ਵਾਲੀ ਝਲਕ ਪਾਉਣ।