Friday, May 31, 2013

ਦਮਨਤੰਤਰ-ਜੋਕਤੰਤਰ-ਲੋਕਤੰਤਰ

ਪਿਛਲੇ ਦਿਨੀਂ (ਮਈ 25, 2013 ਨੂੰ) ਜਗਦਲਪੁਰ ਵੱਲ ਕੌਮੀ ਸ਼ਾਹਰਾਹ ਨੰਬਰ 202 ਉੱਤੇ ਵੱਧ ਰਹੀ ਕਾਂਗਰਸ ਦੀ ਵਿਕਾਸ ਯਾਤਰਾ ਉੱਤੇ ਮਾਓਵਾਦੀਆਂ ਨੇ ਗੋਲ਼ੀਆਂ ਚਲਾ ਕੇ ਵੱਡਿਆਂ ਸਮੇਤ 28 ਕਾਂਗਰਸ ਆਗੂ ਮਾਰ ਦਿੱਤੇ। ਮਾਓਵਾਦੀ ਚੀਨ ਦੇ ਨੇਤਾ ਮਾਉ-ਜ਼ੇ-ਤੁੰਗ ਤੋਂ ਪ੍ਰੇਰਨਾ ਲੈਂਦੇ ਹਨ ਅਤੇ ਚੀਨ ਤੋਂ ਪ੍ਰਾਪਤ ਕੀਤੇ ਹਥਿਆਰਾਂ ਨਾਲ ਲੜ ਰਹੇ ਹਨ ਜਿਨ੍ਹਾਂ ਬਾਰੇ ਚਰਚਾ ਹੈ ਕਿ ਉਹ ਨਿਪਾਲ ਦੇ ਰਸਤੇ ਚੀਨ ਤੋਂ ਆਉਂਦੇ ਹਨ। ਮਾਓਵਾਦੀ ਆਪਣੇ ਬਣ-ਵਾਸੀਆਂ ਦੀਆਂ ਜ਼ਮੀਨਾਂ ਅਤੇ ਵਣਾਂ ਉੱਤੇ ਉਦਯੋਗਕਾਰਾਂ ਦਾ ਕਬਜ਼ਾ ਕਰਵਾਉਣ ਦੀ ਨੀਤੀ ਖ਼ਿਲਾਫ ਲੜ ਰਹੇ ਹਨ। ਉਹਨਾਂ ਦਾ ਕਹਿਣਾ ਹੈ ਗਰੀਬ ਬਣ-ਵਾਸੀਆਂ ਤੋਂ ਕੌਡੀਆਂ ਦੇ ਭਾਅ ਜ਼ਮੀਨ ਖ਼ਰੀਦ ਕੇ, ਖਣਿਜ ਪਦਾਰਥ ਵੇਚ ਕੇ ਮਣਾਮੂਹੀਂ ਨਫਾ ਕਮਾਇਆ ਜਾਂਦਾ ਹੈ, ਜੋ ਸਿੱਧਾ ਉਦਯੋਗਪਤੀਆਂ ਦੀ ਜੇਬ ਵਿੱਚ ਜਾਂਦਾ ਹੈ। ਪੈਰ-ਪੈਰ ਉੱਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਇਸ ਭ੍ਰਿਸ਼ਟਤੰਤਰ ਨੂੰ ਖ਼ਤਮ ਕਰਨ ਲਈ ਮਾਓਵਾਦੀ ਸਿਰ ਤਲੀ ਉੱਤੇ ਰੱਖ ਕੇ ਉੱਤਰੇ ਹਨ।

ਛਤੀਸਗੜ੍ਹ ਵਿੱਚ ਭਾਜਪਾ ਸਰਕਾਰ ਹੋਣ ਕਰਕੇ ਹੁਣ ਕਾਂਗਰਸ ਅਤੇ ਭਾਜਪਾ ਵੱਲੋਂ ਇੱਕ ਦੂਜੇ ਉੱਤੇ ਇਲਜ਼ਾਮਾਂ ਦੀ ਝੜੀ ਲੱਗਣੀ ਸ਼ੁਰੂ ਹੋ ਗਈ ਹੈ। ਪਰ ਦੋਨਾਂ ਪਾਸਿਆਂ ਤੋਂ ਮੁੱਖ ਨਾਅਰਾ ਇਹ ਲੱਗ ਰਿਹਾ ਹੈ ਕਿ ਮਾਓਵਾਦੀ ਕਾਰਵਾਈ ਲੋਕਤੰਤਰ ਉੱਤੇ ਹਮਲਾ ਹੈ। ਸਭ ਧਿਰਾਂ ਨੂੰ ਇਹਨਾਂ ਦਾ ਮੁਕਾਬਲਾ ਕਰਨ ਲਈ ਉਕਸਾਇਆ ਜਾ ਰਿਹਾ ਹੈ। ਇਹ ਦੁੱਖਦਾਈ ਘਟਨਾ ਪੰਜਾਬ ਤੋਂ ਬਹੁਤ ਦੂਰ ਵਾਪਰੀ ਹੈ। ਇਸ ਵਿੱਚ ਮਸ਼ੀਨਗੰਨਾਂ, ਬੰਬ ਅਤੇ ਹੱਥਗੋਲੇ ਵਰਤੇ ਗਏ ਹਨ। ਸਿੱਖਾਂ ਦੀ ਸ਼ਮੂਲੀਅਤ ਨਾ ਹੋਣ ਕਾਰਣ ਇਹ ਦੇਸ਼ ਦੀ ਏਕਤਾ ਅਖੰਡਤਾ ਲਈ ਖ਼ਤਰਾ ਨਹੀਂ ਬਣ ਸਕੀ, ਨਾ ਹੀ ਚੀਨੀ ਹਥਿਆਰ ਵਰਤੇ ਜਾਣ ਦੇ ਬਾਵਜੂਦ ਕੋਈ ‘ਵਿਦੇਸ਼ੀ ਹੱਥ’ ਹੋਣ ਦੀ ਗ਼ੱਲ ਕਰ ਰਿਹਾ ਹੈ। ਚੀਨ ਦੇ ਪ੍ਰਧਾਨ ਮੰਤਰੀ ਨਾਲ ਤਾਂ ਕੱਲ੍ਹ ਹੀ ਸਾਡਾ ਪ੍ਰਧਾਨ ਮੰਤਰੀ ਇੱਕ ਮੇਜ ਉੱਤੇ ਬੈਠਾ ਸੀ ਅਤੇ ‘ਹਿੰਦੀ-ਚੀਨੀ ਭਾਈ-ਭਾਈ’ ਦਾ ਨਾਅਰਾ ਦੁਬਾਰੇ ਬੁਦ ਕਰਨ ਦੀ ਗੱਲ ਤੁਰਨ ਦੇ ਆਸਾਰ ਬਣ ਰਹੇ ਸਨ। ਮਾਓਵਾਦੀਆਂ ਨੂੰ ਕੋਈ ਵੱਖਵਾਦੀ ਵੀ ਨਹੀਂ ਆਖ ਸਕਦਾ ਕਿਉਂਕਿ ਸ਼ਿਬੂ ਸੋਰੇਨ ਸਮੇਤ ਕਈ ਪ੍ਰਭਾਵਸ਼ਾਲੀ ਸਿਆਸਤਦਾਨ ਉਹਨਾਂ ਨੂੰ ‘ਭਾਈ ਬੰਧੂ’ ਸਵੀਕਾਰ ਚੁੱਕੇ ਹਨ। ਕੋਈ ਕੇ.ਪੀ.ਐਸ. ਗਿੱਲ ਟੀ.ਵੀ. ਦੇ ਕੰਨ੍ਹੀਂ ਚੜ੍ਹ ਕੇ ‘ਕੁਚਲ ਦਿਉ, ਸਿਰ ਕਲਮ ਕਰ ਦਿਉ’ ਦਾ ਚੀਕ ਚਿਹਾੜਾ ਨਹੀਂ ਪਾ ਰਿਹਾ ਕਿਉਂਕਿ ‘ਆਪਣੇ ਭਾਈ ਬੰਧੂ ਹਨ’। ਇਸ ਨੂੰ ਛਤੀਸਗੜ੍ਹ ਸਰਕਾਰ ਨੇ ਸਲਾਹਕਾਰ ਬਣਾਇਆ ਸੀ ਅਤੇ ਇਸ ਨੇ ਪੰਜਾਬ ਵਾਂਗ ਹੀ ਗ਼ੈਰ-ਸੰਵਿਧਾਨਕ ਕਤਲੋਗਾਰਤ ਦੀ ਸਲਾਹ ਦਿੱਤੀ ਸੀ। ਉਸ ਅਨੁਸਾਰ ਮੁੱਖ ਮੰਤਰੀ ਦਾ ਜੁਆਬ ਸੀ, ‘‘ਗਿੱਲ ਤੂੰ ਆਪਣੀ ਤਨਖ਼ਾਹ ਲੈ, ਐਸ਼ ਕਰ। ਅਸੀਂ ਆਪੇ ਸਿੱਝ ਲਵਾਂਗੇ’’। ਆਪਣਿਆਂ ਦਾ ਬੁਰਾ ਸੋਚਣਾ ਸ਼ਾਇਦ ਗਿੱਲ ਦੇ ਹੀ ਹਿੱਸੇ ਆਇਆ ਹੈ। ਕੁਚਲ ਦੇਣ ਦੇ ਨਾਅਰੇ ਅਤੇ ਕਰਮ ਤਾਂ ਕੇਵਲ ਸਿੱਖਾਂ ਨੂੰ ‘ਸਬਕ ਸਿਖਾਉਣ’ ਲਈ ਭਾਰਤੀ ਲੋਕਤੰਤਰ ਨੇ ਰਾਖਵੇਂ ਰੱਖੇ ਹਨ- ਹੋਰ ਸੰਦਰਭ ਵਿੱਚ ਵਰਤਣਾ ਮਨ੍ਹਾ ਹੈ। ਪਿੱਛੇ ਜਿਹੇ (ਅਪ੍ਰੈਲ 6, 2010 ਨੂੰ) ਇਹਨਾਂ ਮਾਓਵਾਦੀਆਂ ਨੇ ਹੀ 76 ਪੁਲਿਸ ਵਾਲੇ ਮਾਰ ਦਿੱਤੇ ਸਨ। ਕੇ.ਪੀ.ਐਸ. ਗਿੱਲ ਅਜੀਤ ਸਿੰਘ ਸੰਧੂ ਦੇ ਆਤਮ ਘਾਤ ਬਾਰੇ ਮਹੀਨਾ ਭਰ ਬਰੜਾਇਆ ਸੀ, ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਸੀ ਕਿ ਪੁਲਿਸ-ਕਰਮੀਆਂ ਨੂੰ ਇਉਂ ਨਹੀਂ ਮਰਨ ਦੇਣਾ ਚਾਹੀਦਾ। ਪਰ ਹੁਣ ਉਸ ਨੇ ਮੂੰਹ ਵਿੱਚ ਘੁੰਗਣੀਆਂ ਪਾ ਰੱਖੀਆਂ ਹਨ। ਆਖ਼ਰ ਉਸ ਨੂੰ ਵੀ ਪਤਾ ਹੈ ਕਿ ਸਿੱਖ ਦਿੱਖ ਵਾਲੇ ਦਾ ਸਿੱਖਾਂ ਵਿਰੁੱਧ ਪ੍ਰਚਾਰ ਕਰਨਾ ਗੰਗਾ ਨਹਾਉਣ ਸਮਾਨ ਹੈ, ਪਰ ‘ਭਾਈ ਬੰਧੂਆਂ’ ਬਾਰੇ ਮੂੰਹ ਖੋਲ੍ਹਣਾ ਕਾਫ਼ੀ ਮਹਿੰਗਾ ਪੈ ਸਕਦਾ ਹੈ। ਸਾਰੀਆਂ ਸਰਕਾਰੀ ਸਹੂਲਤਾਂ ਖੁੱਸ ਸਕਦੀਆਂ ਹਨ। ਪਿੱਛੇ ਜਿਹੇ ਮਾਓਵਾਦੀਆਂ ਨੇ ਸਰਕਾਰੀ ਕੋਤ ਵਿੱਚੋਂ ਸੈਂਕੜੇ ਮਾਰੂ ਹਥਿਆਰ ੱਟ ਲਏ ਸਨ, ਓਦੋਂ ਵੀ ਪਾਲਤੂ ਮੀਡੀਆ ਵਿੱਚ ਮਾਮੂਲੀ ਚਰਚਾ ਹੀ ਹੋਈ ਸੀ। ਆਖ਼ਰ ਰਿਸ਼ਤੇਦਾਰੀ ਦਾ ਮਸਲਾ ਹੈ। ਭਾਈ ਬੰਧੂਆਂ ਨੂੰ ਕਿੰਨੀ ਕੁ ਗੱਲ ਆਖੀ ਜਾ ਸਕਦੀ ਹੈ? ਮੀਡੀਆ ਵੀ ਇਸ ਪੱਖੋਂ ਬੇਹੱਦ ਸੰਵੇਦਨਸ਼ੀਲ ਹੈ। ਮੀਡੀਆ ਦੇ ਰੁਦ੍ਰ ਤੇਵਰ ਵੇਖਣ ਲਈ ਸਾਨੂੰ ਕਾਫ਼ੀ ਪਿੱਛੇ ਜਾਣਾ ਪਵੇਗਾ ਜਦੋਂ ਫਗਵਾੜੇ ਵਿੱਚ ਇਕਲੌਤਾ ਰੌਕਟ ਚੱਲਿਆ ਸੀ। ਸਿੱਖਾਂ ਉੱਤੇ ਇਲਜ਼ਾਮ ਥੱਪਣਾ ਸੀ ਇਸ ਲਈ ਮੀਡੀਆ ਦੀਆਂ ਮੁੰਨੀਆਂ ਭੇਡਾਂ ਨੇ ਭੰਡੀ-ਪ੍ਰਚਾਰ ਨੂੰ ਤੋੜ ਹੱਦ ਤੱਕ ਪੁਚਾ ਦਿੱਤਾ ਸੀ ਹਾਂਲਾਂਕਿ ਕਿਸੇ ਦੇ ਝਰੀਟ ਤੱਕ ਵੀ ਨਹੀਂ ਸੀ ਆਈ।

ਹੁਣ ਸਾਰੀ ਟੇਕ ਲੋਕਤੰਤਰ ਵਿਰੁੱਧ ਹਥਿਆਰ ਬੰਦ ਲੜਾਈ ਲੜਨ ਉੱਤੇ ਹੀ ਰੱਖ ਕੇ ਮਿੱਠੇ-ਮਿੱਠੇ ਉਲਾਂਭੇ ਦਿੱਤੇ ਜਾਂਦੇ ਰਹਿਣਗੇ। ਵੱਧ ਤੋਂ ਵੱਧ ਕੇ.ਪੀ.ਐਸ. ਗਿੱਲ ਵਰਗੇ ਨਾਨਕਾ ਮੇਲ ਵਾਲੇ ਸਿਠਣੀਆਂ ਉੱਤੇ ਹੀ ਉੱਤਰਨ ਦਾ ਹੀਆ ਕਰਨਗੇ। ਇਹਨਾਂ ਸਾਊ ਸੀਮਾਵਾਂ ਵਿੱਚ ਰਹਿੰਦੇ ਹੋਏ ਚਪਲ ਬੁੱਧੀ ਸਿਆਸਤਦਾਨ ਅਤੇ ਚੋਪੜੀਆਂ-ਚੰਚਲ ਨਾਰਾਂ ਟੀ.ਵੀ. ਉੱਤੇ ਜਾਬ੍ਹਾਂ ਦਾ ਭੇੜ ਹੀ ਕਰਦੇ ਰਹਿਣਗੇ। ਇਹਨਾਂ ਨੂੰ ਏਥੇ ਰੁੱਝੇ ਛੱਡ ਕੇ ਅਸੀਂ ਕੱਲ੍ਹ ਦੀ ਦੁਰਘਟਨਾ ਦੀਆਂ ਜੜ੍ਹਾਂ ਤੱਕ ਪਹੁੰਚਣ ਦਾ ਉੱਦਮ ਕਰੀਏ।

ਇਤਿਹਾਸ ਕਹਿੰਦਾ ਹੈ ਕਿ ਜਗਦਲਪੁਰ ਇੱਕ ਪੁਰਾਤਨ ਕਾਕਤੀਆ ਖ਼ਾਨਦਾਨ ਦੇ ਰਾਜੇ ਦੀ ਰਾਜਧਾਨੀ ਹੈ ਜੋ ਸਾਰੇ ਬਸਤਰ ਅਤੇ ਆਸ-ਪਾਸ ਦੇ ਇਲਾਕਿਆਂ ਉੱਤੇ ਸਦੀਆਂ ਤੋਂ ਰਾਜ ਕਰਦਾ ਆਇਆ ਹੈ। ਇਸ ਘਰਾਣੇ ਦਾ ਇੱਕ ਨੌ-ਜਵਾਨ ਵਾਰਸ (ਕਮਲਚੰਦਰ ਭੰਜਦੇਉ) ਅੱਜਕੱਲ੍ਹ ਸਿਆਸਤ ਵਿੱਚ ਵਾਪਸ ਆ ਰਿਹਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸ਼ਾਇਦ ਉਸਦੇ ਹੀ ਨਾਮਜ਼ਦ ਕੀਤੇ ਲੋਕ ਇਸ ਇਲਾਕੇ ਵਿੱਚ ਜਿੱਤ ਸਕਣ। ਇਹ ਲੋਕਾਂ ਦਾ ਅਸਲ ਨੁਮਾਇੰਦਾ ਜਾਪਦਾ ਹੈ। ਜਿਵੇਂ ਕਿ 1966 ਤੱਕ ਇਸ ਦਾ ਦਾਦਾ ਪ੍ਰਵੀਨ ਚੰਦਰ ਭੰਜਦੇਉ ਸੀ।

ਪ੍ਰਵੀਨ ਚੰਦਰ ਭੁੰਜਦੇਉ (ਜਨਮ 1929) 1947 ਤੱਕ ਰਾਜ ਕਰ ਚੁੱਕਿਆ ਸੀ। ਉਹ 1947 ਤੋਂ ਬਾਅਦ ‘ਬਾਹਰਲਿਆਂ’ ਦੀ ਬਸਤਰ ਵਿੱਚ ਮਚਾਈ ੱਟ ਅਤੇ ਲਾਗੂ ਕੀਤੇ ਮਾਰੂ ਜ਼ਮੀਨੀ ਸੁਧਾਰਾਂ ਬਾਰੇ ਪ੍ਰੇਸ਼ਾਨ ਸੀ ਕਿਉਂਕਿ ਉਸ ਦੀ ਅਨਪੜ੍ਹ ਜਨਤਾ ਨੂੰ ਬਹੁਤ ਕਸ਼ਟ ਪਹੁੰਚ ਰਿਹਾ ਸੀ। ਉਸ ਨੇ ਲੱਖ ਫਰਿਆਦਾਂ ਕੀਤੀਆਂ ਪਰ ਕਿਸੇ ਨੇ ਸੁਣਵਾਈ ਨਾ ਕੀਤੀ। ਜਦੋਂ ਉਹ ਜ਼ਿਆਦਾ ਰੌਲਾ ਪਾਉਣ ਲੱਗਿਆ ਤਾਂ ਡਾਢਿਆਂ ਦੇ ਨਾਜ਼ੁਕ ਕੰਨ ਸੁਣ ਨਾ ਸਕੇ। ਜ਼ੈਬੁੱਲਨਿਸਾ ਨੇ ਆਖਿਆ ਸੀ, ‘‘ਹੌਲੀ ਬੋਲ ਮਿਠਬੋਲੀ ਕੋਇਲ, ਔਰੰਗਜ਼ੇਬ ਦਾ ਨਾਜ਼ੁਕ ਮਿਜਾਜ਼ ਤਿੱਖੀ ਆਵਾਜ਼ ਦੀ ਹੂਕ ਨੂੰ ਬਰਦਾਸ਼ਤ ਨਹੀਂ ਕਰ ਸਕਦਾ’’।

ਆਖ਼ਰ 25 ਮਾਰਚ 1966 ਨੂੰ ਉਸ ਦੇ ਮਹਿਲ ਨੂੰ ਹਥਿਆਰਬੰਦ ਪੁਲਿਸ ਨੇ ਆ ਘੇਰਿਆ। ਰਾਜੇ ਕੋਲ ਤੀਰ ਕਮਾਨ ਅਤੇ ਢਾਲਾਂ ਪਿਾਨਾਂ ਹੀ ਹਥਿਆਰ ਸਨ। ਉਹ ਅਤੇ ਉਸਦੇ ਅਣਖ਼ੀ ਦਰਬਾਰੀ ਤੀਰ ਕਮਾਨਾਂ ਲੈ ਕੇ ਮੁਕਾਬਲੇ ਵਿੱਚ ਉੱਤਰੇ। ਪੁਲਿਸ ਨੇ ਰਫ਼ਲਾਂ ਨਾਲ 61 ਗੋਲ਼ੀਆਂ ਦਾਗੀਆਂ ਅਤੇ ਰਾਜੇ ਸਮੇਤ ਓਸ ਦੇ 11 ਦਰਬਾਰੀਆਂ ਨੂੰ ਢੇਰੀ ਕਰ ਦਿੱਤਾ। ਪੁਲਿਸ ਅਨੁਸਾਰ 21 ਆਦਮੀ ਜ਼ਖਮੀ ਹੋਏ। ਮਹਿਲ ਦੀਆਂ ਪੌੜੀਆਂ ਉੱਤੇ ਇਹ ਕਹਿਰ ਵਾਪਰਿਆ। ਆਲੀ ਮਿਜਾਜ਼ੇ ਸ਼ਾਹਾਂ ਨੇ ਤਾਬੇ ਸੁਖਨ ਨਾ ਸਹਾਰਿਆ - ਜ਼ੈਬੁੱਲਨਿਸਾ ਠੀਕ ਕਹਿੰਦੀ ਸੀ।

ਰਾਣੀ ਨੂੰ ਅੱਗਾ ਢਕਣ ਲਈ ਕੌਣ ਆਖੇ-? ਕੀ ਅਜਿਹੇ, ਲੋਕ ਦਰਦ ਰੱਖਣ ਵਾਲੇ, ਸਾਦਾ-ਦਿਲ ਲੋਕ-ਨਾਇਕ ਨੂੰ ਮਾਰਨਾ ਜ਼ਰੂਰੀ ਸੀ? ਕੀ ਉਹ ਧਾਂਦਲੀਆਂ ਵਿਰੁੱਧ ਅਵਾਜ਼ ਉੱਠਾ ਕੇ ਜਨ-ਹਿਤ, ਲੋਕਤੰਤਰੀ ਕੰਮ ਨਹੀਂ ਸੀ ਕਰ ਰਿਹਾ? ਕੀ ਲੋਕਾਂ ਦੇ ਮਸਲਿਆਂ ਦਾ ਸਮਾਧਾਨ ਲੱਭਣਾ ਲੋਕਰਾਜ ਦੀ ਹੋਂਦ-ਹਸਤੀ ਦਾ ਆਧਾਰ ਨਹੀਂ? ਕੀ ਹਿੰਦ ਦੇ ਲੋਕ-ਰਾਜ ਵਿੱਚ ਅਜਿਹੇ ਧਰਮਾਤਮਾ ਆਗੂਆਂ ਦਾ ਇਹੋ ਹਸ਼ਰ ਹੋਣਾ ਚਾਹੀਦਾ ਹੈ? ਜਿਨ੍ਹਾਂ ਨੇ ਹਨ੍ਹੇਰੀਆਂ ਬੀਜੀਆਂ ਸਨ ਉਹ ਵਾਅ-ਵਰੋਲਿਆਂ ਦੀ ਫ਼ਸਲ ਵੱਢਣ ਦੀ ਉਮੀਦ ਹੀ ਰੱਖ ਸਕਦੇ ਹਨ। ਉਹਨਾਂ ਆਰਾਮ ਦੀ ਨੀਂਦ ਸੌਦਿਆਂ ਨੂੰ ਸੁਗੰਧੀ ਭਰੀਆਂ ਰੁਮਕੇ-ਰੁਮਕੇ ਚਲਦੀਆਂ ਪੌਣਾਂ ਲੋਰੀਆਂ ਦੇਣ ਲਈ ਕਿੱਥੋਂ ਆਉਣੀਆਂ ਸਨ?

ਹੁਣ ਆਈਏ ਅੱਜ ਦੇ ਲੋਕਤੰਤਰ ਵੱਲ! ਅੱਜ ਦਾ ਲੋਕਤੰਤਰ ਜਗਦਲਪੁਰ ਨੂੰ ਜਾਂਦੀ ਸੜਕ ਉੱਤੇ ‘ਵਿਜੈ’ ਯਾਤਰਾ ਬਨਾਮ ‘ਵਿਕਾਸ’ ਯਾਤਰਾ ਕੱਢ ਰਿਹਾ ਸੀ। ਯਾਤਰੀ ਧਰਤੀ ਪੁੱਤਰਾਂ ਨੂੰ ਦੱਸ ਰਹੇ ਸਨ ਕਿ ਲੋਕਤੰਤਰ ਦਾ ਬੁਰਕਾ ਪਾ ਕੇ ਅੱਜ ਉਹਨਾਂ ਦੀ ਧਰਤੀ ਪਰਾਇਆਂ ਦੀ ਰਖੈਲ ਬਣਾਈ ਜਾ ਚੁੱਕੀ ਹੈ। ਉਹ ਦਰਭਾ ਘਾਟੀ ਨੂੰ ਦੱਸਣਾ ਚਾਹੁੰਦੇ ਸਨ ਕਿ ਉਨ੍ਹਾਂ ਕੋਲ ਸਲਵਾ ਜੁਡਮ ਵਰਗੇ ਕਾਰਗਰ ਹਥਿਆਰ ਹਨ। ਉਹ ਸਿੱਧੇ-ਸਾਦੇ ਲੋਕਾਂ ਦੀਆਂ ਜ਼ਮੀਨਾਂ ਉੱਤੇ, ਲੋਕ-ਵਿਰੋਧ ਦੇ ਹੁੰਦਿਆਂ, ਕਬਜ਼ੇ ਕਰਕੇ ਰੱਖਣਾ ਜਾਣਦੇ ਹਨ। ਉਹ ਹਥਿਆਰਬੰਦ ਸਿਪਾਹੀਆਂ ਦੀ ਮਦਦ ਨਾਲ ਆਪਣਾ ਦਬਕਾ ਕਾਇਮ ਰੱਖਣ ਦੇ ਕਾਬਲ ਹਨ। ਦੋਨਾਂ ਧਿਰਾਂ ਦੇ ਡੂੰਘੇ ਮਨੋਭਾਵਾਂ ਵੱਲ ਝਾਤ ਮਾਰੀਏ ਤਾਂ ਮਾਓਵਾਦੀ ਲੋਕਤੰਤਰ ਦੇ ਅਸਲ ਰਾਖੇ ਹੋ ਉੱਭਰਦੇ ਹਨ। ਉਹ ਧਰਤੀ ਨਾਲ ਜੁੜੇ ਹਨ ਅਤੇ ਮਣਾਂਮੂਹੀ ਕੁਰਬਾਨੀਆਂ ਦੇ ਕੇ ਲੋਕ-ਹੱਕਾਂ ਨੂੰ ਮਹਿਫੂਜ਼ ਰੱਖਣ ਲਈ ਲੜ ਰਹੇ ਹਨ। ਮੰਨਿਆ ਕਿ ਹਥਿਆਰਬੰਦ ਦਖ਼ਲ ਚੰਗਾ ਨਹੀਂ ਹੁੰਦਾ ਪਰ ਲੋਕਰਾਜੀ ਢੰਗ ਨਾਲ ਲੜਨ ਲਈ ਉਹਨਾਂ ਦਾ ਰਾਹ ਪੱਧਰਾ ਕਰਨਾ ਵੀ ਤਾਂ ਸੱਤਾ ਉੱਤੇ ਕਾਬਜ਼ ਲੋਕਾਂ ਦਾ ਲੋਕਧਰਮ ਨਾਲ ਮੇਲ ਖਾਂਦਾ ਕਰਮ ਹੈ। ਇਸ ਰੀਤ ਨੂੰ ਨਿਭਾਏ ਬਿਨਾਂ ਇਹ ਆਪਣੇ-ਆਪ ਨੂੰ ਲੋਕਤੰਤਰ ਦੇ ਹਾਮੀ ਨਹੀਂ ਅਖਵਾ ਸਕਦੇ। ਦਮਨਕਾਰੀ ਸਲਵਾ ਜੁਡਮ ਦੇ ਪਿਤਾਮਾ ਮਹਿੰਦਰ ਕਰਮਾ ਤਾਂ ਬਿਲਕੁਲ ਇਹ ਦਾਅਵਾ ਨਹੀਂ ਸੀ ਕਰ ਸਕਦੇ ਜਿਵੇਂ ਕਿ ਬਦਨਾਮ ਪੂਹਲਾ ਨਿਹੰਗ ਲੋਕ ਹਿਤੈਸ਼ੀ ਨਹੀਂ ਸੀ ਅਖਵਾ ਸਕਦਾ।

ਵੱਡਪੁਣੇ ਦਾ ਰੁੱਖ ਸਿੰਮਲ ਵਰਗਾ ਨਹੀਂ ਹੋਣਾਂ ਚਾਹੀਦਾ। ‘‘ਫੁੱਲ ਫਿੱਕੇ ਫ਼ਲ ਬਕਬਕੇ ਕੰਮ ਨ ਆਵਹਿ ਪਤ’’ ਵਾਲੀ ਸਥਿਤੀ ਲੋਕ ਰਾਜੀ ਬਣਤਰ ਵਿੱਚ ਸਹਾਈ ਨਹੀਂ ਹੋ ਸਕਦੀ। ਮਾਇਆਧਾਰੀਆਂ ਦੀ ਬੁੱਕਲ ਵਿੱਚ ਖੇਡ ਰਿਹਾ ਵਡੱਪਣ ਤਾਂ ਜਲ ਜਾਣ ਦੇ ਹੀ ਕਾਬਲ ਹੈ। ਬੰਦਾ ਬਹਾਦਰ ਨੇ ਵਡਿਆਈ ਪ੍ਰਾਪਤ ਕਰਕੇ ਦੱਬੇ-ਕੁਚਲੇ ਲੋਕਾਂ ਨੂੰ ਸੱਤਾ ਦੇ ਸਿੰਘਾਸਣ ਉੱਤੇ ਬਿਠਾਇਆ ਸੀ- ਏਹੋ ਸਿੱਖੀ ਵਿਚਾਰਧਾਰਾ ਦਾ ਨਿਚੋੜ ਸੀ। ਸਿੱਖੀ ਹੀ ਨਵੇਂ ਜ਼ਮਾਨੇ ਦੀ ਸਿਆਸੀ ਰੂਹ ਦੀ ਅਸਲ ਦਾਈ ਹੈ। ਇਹ ਰਸਮੀ ਲੋਕਤੰਤਰ ਤੋਂ ਅਗਾਂਹ ਦੀ ਗੱਲ ਕਰਦੀ ਹੈ। ਇਹੋ ਨਵੇਂ ਜ਼ਮਾਨੇ ਦੀ ਰੌਂਅ ਹੈ।

1947 ਵਿੱਚ ਨਵੀਆਂ ਨੀਤੀਆਂ ਇਸ ਮੁਲਕ ਨੇ ਅਖ਼ਤਿਆਰ ਕੀਤੀਆਂ। ਬਹੁਤੇ ਅਸਹਿਮਤ ਲੋਕਾਂ, ਜਿਨ੍ਹਾਂ ਉੱਤੇ ਦਬਾਅ ਨਹੀਂ ਸੀ ਪਾਇਆ ਜਾ ਸਕਦਾ, ਨੂੰ ਧੱਕ ਕੇ ਪਾਕਿਸਤਾਨ ਕੱਢ ਦਿੱਤਾ। ਪੂਰਬ ਦੇ ਆਜ਼ਾਦ ਕਈ ਮੁਲਕਾਂ ਨੂੰ ਜ਼ਬਰਦਸਤੀ (ਇੱਕ ਨੂੰ ਪਸਤੌਲ ਦੀ ਨੋਕ ਉੱਤੇ) ਪੁਰਾਤਨ ਪ੍ਰੰਪਰਾਵਾਂ ਨੂੰ ਛੱਡ ਕੇ ਨਵੇਂ ਆਗੂਆਂ ਅਧੀਨ ਕਰ ਦਿੱਤਾ ਗਿਆ ਸੀ। ਪੰਜਾਬ ਨੂੰ ਦਾਗ਼ੀ, ਬੇਈਮਾਨ ਲੋਕਤੰਤਰੀ ਦਾਅ-ਪੇਚ ਵਰਤਕੇ ਖੁਆਰ ਕੀਤਾ ਗਿਆ ਸੀ। ਬਸਤਰ, ਕਸ਼ਮੀਰ ਨਾਲ ਵੀ ਏਹੋ ਕੁਝ ਵਾਪਰਿਆ ਸੀ। ਦਲਿਤਾਂ ਕੋਲੋਂ ਤਾਂ ਪੂਨਾ ਪੈਕਟ ਰਾਹੀਂ ਦਲਿਤਾਂ ਦੇ ਨੇਤਾ ਉਭਾਰਨ ਦਾ ਪੱਕਾ-ਪੀਢਾ ਮੁਖਤਿਆਰਨਾਮਾ ਹੀ ਹਾਸਲ ਕਰ ਲਿਆ ਗਿਆ ਸੀ। ਹਰਬੇ ਵਰਤ ਕੇ ਹਾਸਲ ਕੀਤੀਆਂ ਸਰਦਾਰੀਆਂ ਅਤੇ ਲੋਕਾਂ ਦਾ ਅੰਨ੍ਹੇਵਾਹ ਸ਼ੋਸ਼ਣ ਕਰਕੇ ਕਮਾਈ ਦੌਲਤ ਕਦੇ ਲੋਕਤੰਤਰ ਦੀਆਂ ਨੀਹਾਂ ਮਜ਼ਬੂਤ ਨਹੀਂ ਕਰ ਸਕਦੀ।

ਬਸਤਰ ਨੂੰ ਹਰ ਪੱਖੋਂ ਦਾਗ਼ੀ ਲੋਕਤੰਤਰ ਦੇ ਦਾਵਾਨਲ ਵਿੱਚ ਨਾ ਝੋਕੋ! ਉਸ ਨੂੰ ਲੋਕਤੰਤਰ ਦੀ ਕੁੱਛੜ ਬਿਠਾ ਕੇ ਆਪਣੇ-ਆਪ ਉੱਤੇ ਰਾਜ ਕਰਨ ਦਾ ਵੱਲ ਸਮਝਾਉ। ਇਹੋ ਨੈਤਿਕਤਾ ਅਤੇ ਸਾਊਪੁਣੇ ਦਾ ਤਕਾਜ਼ਾ ਹੈ। ਦੇਸ ਏਵੇਂ ਮਜ਼ਬੂਤ ਹੰਦੇ ਹਨ ਨਾ ਕਿ ਬਹੁ ਗਿਣਤੀ ਦੀ, ਫ਼ੌਜ ਦੀ, ਸੁਰੱਖਿਆ ਬਲਾਂ ਦੀ ਧੌਂਸ ਜਮਾਇਆਂ। ਕੌਣ ਜਾਣੇ ਕਿਸ ਦਿਨ ਸਾਹਿਬ ਸੱਚੇ ਦੀ ਬੇ-ਪ੍ਰਵਾਹੀ ਦਾ ਨੱਕੋ ਨੱਕ ਭਰਿਆ ਪਿਆਲਾ ਛਲਕ ਜਾਵੇ ਅਤੇ ਫੇਰ: ‘‘ਕੀੜਾ ਥਾਪ ਦੇਵੇ ਪਾਤਸ਼ਾਹੀ’’, ਜੋ ‘‘ਲਸ਼ਕਰ ਕਰੇ ਸਵਾਹ’’। ਯਾਦ ਕਰੋ ਉਸ ਰਾਵਣ ਨੂੰ ਜਿਸ ਬਾਰੇ ਭਗਤ ਫਰਮਾਉਂਦੇ ਹਨ: ‘‘ਇਕੁ ਲਖੁ ਪੂਤ ਸਵਾ ਲਖੁ ਨਾਤੀ॥ ਤਿਹ ਰਾਵਨ ਘਰ ਦੀਆ ਨ ਬਾਤੀ’’। ਇਤਿਹਾਸ ਸੱਤਾ ਦੇ ਖੰਡਰਾਂ ਨਾਲ ਸਦੀਆਂ ਤੋਂ ਘੂਕ ਸੁੱਤੇ ਜਾਬਰ ਹੁਕਮਰਾਨਾਂ ਦੀਆਂ ਬੇਜਾਨ, ਮੂਕ ਕਬਰਾਂ ਨਾਲ ਭਰਿਆ ਪਿਆ ਹੈ। ਹਥਿਆਰਾਂ ਨਾਲ ਸੱਤਾ ਹੰਢਾਉਂਦੇ-ਹੰਢਾਉਂਦੇ ਉਹ ਬੇਜਾਨ, ਬਦਨਾਮ ਮਿੱਟੀ ਦਾ ਜਾਮਾ ਧਾਰ ਚੁੱਕੇ ਹਨ। ਅੱਜ ਦੇ ਸੱਤਾਧਾਰੀਆਂ ਨੂੰ ਗਫਲਤ ਤਿਆਗਣ ਦੀ ਪ੍ਰੇਰਨਾ ਦੇਣ ਲਈ ਆਖਿਆ ਜਾ ਸਕਦਾ ਹੈ, ਆਖ਼ਰ, ‘‘ਤੇਰਾ ਗੋਸ਼ਤ ਕੀੜਿਆਂ ਖਾਣਾ ਏਂ....... ਉੱਠ ਜਾਗ ਘੁਰਾੜੇ ਮਾਰ ਨਹੀਂ..... ਇਹ ਸੌਣ ਤੇਰੇ ਦਰਕਾਰ ਨਹੀਂ’’।

ਪਤਾ ਲੱਗਿਆ ਹੈ ਕਿ ਮਾਓਵਾਦੀ ਲੜਾਕੂਆਂ ਨੇ ਕਈ ਨਿਹੱਥੇ ਪੁਲਿਸ ਵਾਲਿਆਂ ਅਤੇ ਹੋਰ ਲੋਕਾਂ ਨੂੰ ਮਾਰਿਆ ਨਹੀਂ ਬਲਕਿ ਹੱਥ ਆਇਆਂ ਨੂੰ ਆਜ਼ਾਦ ਕਰ ਦਿੱਤਾ ਹੈ। ਇਹ ਵਰਤਾਰਾ ਸੂਰਮਿਆਂ ਦੀ ਆਦਿ ਕਾਲ ਤੋਂ ਚੱਲੀ ਆਉਂਦੀ ਯੁੱਧ ਰੀਤ ਅਨੁਸਾਰ ਹੈ। ਲੜਾਈ ਦੇ ਮੈਦਾਨ ਤੋਂ ਪਰ੍ਹੇ ਖ਼ਾਲਸੇ ਦਾ ਵੀ ਕੋਈ ਵੈਰੀ ਨਹੀਂ ਸੀ ਹੁੰਦਾ। ਅਹਿਮਦਸ਼ਾਹ ਨਾਲ ਜੰਗ ਤੋਂ ਬਾਅਦ ਬੰਦੀ ਬਣਾਏ ਜੰਗੀ ਕੈਦੀਆਂ ਨੂੰ ਵੀ ਇਹਨਾਂ ਦਰਬਾਰ ਸਾਹਿਬ ਸਰੋਵਰ ਦੀ ਕਾਰਸੇਵਾ ਕਰਵਾ ਕੇ ਆਪਣੇ ਦੇਸ ਅਫ਼ਗਾਨਿਸਤਾਨ ਪਰਤਣ ਦਿੱਤਾ ਸੀ। ਸਭ ਸਮਕਾਲੀ ਲਿਖਤਾਂ ਕਹਿੰਦੀਆਂ ਹਨ ਕਿ ਕਿਸੇ ਇੱਕ ਨੂੰ ਵੀ ਕਤਲ ਨਹੀਂ ਸੀ ਕੀਤਾ ਗਿਆ। ਸਾਂਝੇ ਪਿਤਾ/ਮਾਤਾ ਅਕਾਲਪੁਰਖ ਦੀ ਵੀ ਏਹੋ ਮਰਜ਼ੀ ਹੈ ਜਿਸ ਨੂੰ ਅਸੀਂ ਧੁਰ ਕੀ ਬਾਣੀ ਰਾਹੀਂ ਜਾਣ ਸਕਦੇ ਹਾਂ। ਮਾਓਵਾਦੀਆਂ ਦੇ ਇਸ ਕਿਰਦਾਰ ਦੇ ਖਿਲਾਫ਼ ਕੀ ਲੋਕਤੰਤਰ ਦੇ ਵਰਦੀਧਾਰੀ ਸਿਪਾਹੀਆਂ ਦਾ ਕਿਰਦਾਰ ਕਿਤੇ ਇਹ ਤਾਂ ਨਹੀਂ ਕਿ ਉਹ ਨਿਹੱਥੇ ਬੇ-ਸਹਾਰਾ ਲੋਕਾਂ ਉੱਤੇ ਪੁਲਿਸ ਥਾਣਿਆਂ ਵਿੱਚ ਅਕਹਿ ਜ਼ੁਲਮ ਕਰਦੇ ਹਨ, ਜਿਵੇਂ ਕਿਸੇ ਵੇਲੇ ਵਰਦੀਧਾਰੀ ਗੁੰਡਿਆਂ, ਅਹੁਦਿਆਂ, ਇਨਾਮਾਂ ਦੇ ਭੁੱਖਿਆਂ ਹੈਵਾਨਾਂ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਉੱਤੇ ਕੀਤਾ ਸੀ।

ਸੰਸਾਰ ਦੀ ਆਦਿ ਕਾਲ ਤੋਂ ਚੱਲੀ ਆਉਂਦੀ ਰੀਤ ਦੱਸਦੀ ਹੈ ਕਿ ਜਿਨ੍ਹਾਂ ਹਵਾਵਾਂ ਬੀਜੀਆਂ ਉਨ੍ਹਾਂ ਹਨ੍ਹੇਰੀਆਂ ਵੱਢੀਆਂ। ਜਿਹੜੇ ਵਾ-ਵਰੋਲੇ ਬੀਜਣਗੇ ਉਹ ਬਾਵੰਡਰ ਵੱਢਣਗੇ। ਸੱਤਾ ਦੇ ਨਸ਼ੇ ਵਿੱਚ ਚੂਰ ਲੋਕਾਂ ਨੂੰ ਖਿਆਲ ਨਹੀਂ ਆ ਰਿਹਾ ਕਿ ਜਿਨ੍ਹਾਂ ਦੀਆਂ ਕੁੱਲਾਂ ਵਿੱਚ ‘‘ਸਰਦਾਰੀ ਨਾ ਭਈ ਕਦਾਹੀਂ’’ ਸੀ। ਉਹਨਾਂ ਉੱਤੇ ਅੰਮ੍ਰਿਤ ਦ੍ਰਿਸ਼ਟ ਕਰ ਕੇ ਸਾਹਿਬ ਨੇ ਉਹਨਾਂ ਨੂੰ ‘ਰਾਜ ਕਰਨ ਦਾ ਵੱਲ ਸਮਝਾਇਆ’ ਸੀ। ਇਉਂ ਹੰਨੇ-ਹੰਨੇ ਮੀਰ ਸੁਰਜੀਤ ਹੋ ਗਏ ਸਨ। ਲੋਕਤੰਤਰ ਦਾ ਏਹੋ ਤਕਾਜ਼ਾ ਹੈ- ਏਹੋ ਲੋਕਤੰਤਰ ਦੀ ਮੰਜ਼ਲ ਹੈ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਣਾ ਹੀ ਕਾਫ਼ੀ ਨਹੀਂ। ਸਮਾਂ ਆ ਗਿਆ ਹੈ ਕਿ ਤੋਪਾਂ-ਟੈਂਕਾਂ ਦੀ ਹੈਂਕੜ ਛੱਡੀ ਜਾਵੇ, ਨਿਮਰਤਾ ਦਾ ਬੀਜ ਬੀਜਿਆ ਜਾਵੇ ਤਾਂ ਕਿ ਸਦਭਾਵਨਾ ਦੀ ਲਹਿ-ਲਹਾਉਂਦੀ ਫ਼ਸਲ ਵੱਢਣ ਦਾ ਮੌਕਾ ਮਿਲੇ। ਇਸ ਤੋਂ ਇਲਾਵਾ ਲੋਕਤੰਤਰ ਨੂੰ ਸਦਾ ਲਈ ਮਹਿਫੂਜ਼ ਰੱਖਣ ਦਾ ਕੋਈ ਹੋਰ ਤਰੀਕਾ ਨਹੀਂ। ਜਿਨ੍ਹਾਂ ਨੇ ਤੁਹਾਨੂੰ ਸੱਤਾ ਦੀ ਕੁਰਸੀ ਬਖ਼ਸ਼ੀ ਹੈ ਉਹਨਾਂ ਬੇ-ਸਹਾਰੇ ਲੋਕਾਂ ਦਾ ਨਰਸੰਘਾਰ ਕਰ ਕੇ ਕਦੇ ਵੀ ਇਹ ਸਰਦਾਰੀਆਂ ਕਾਇਮ ਨਹੀਂ ਰੱਖੀਆਂ ਜਾ ਸਕਦੀਆਂ, ਨਾ ਹੀ ਲੋਕਤੰਤਰ। ਕੁੱਟ-ਮਾਰ ਕਰਨ ਵਾਲਿਆਂ ਨਾਲ ਦੋਸਤੀਆਂ ਸਿਰੇ ਨਹੀਂ ਚੜ੍ਹਦੀਆਂ, ਸੱਚੇ ਜਗਤ ਕਲਿਆਣਕਾਰੀ ਸੱਚੇ ਸਾਹਿਬ ਦਾ ਮਹਾਂ ਵਾਕ ਹੈ:

ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥

ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ॥ (ਗੁਰੂ ਗ੍ਰੰਥ, ਪੰਨਾ 1412)

-ਮੋਬਾਇਲ ਨੰ: 9417871742