Tuesday, August 26, 2014

ਸਿਆਸੀ ਅਗਵਾਈ ਦੀ ਪੰਥਕ ਸਮੱਸਿਆ

ਨਵੀਂ ਬਣੀ ਹਰਿਆਣਾ ਗੁਰਦ੍ਵਾਰਾ ਪ੍ਰਬੰਧਕ ਕਮੇਟੀ ਦੀ ਕਾਰਜ ਕਾਰਣੀ ਦੇ ਮੈਂਬਰ ਬਾਬਾ ਬਲਜੀਤ ਸਿੰਘ ਦਾਦੂਵਾਲ ਇੱਕ ਨੌਜਵਾਨ ਹਨ ਜੋ ਪਿਛਲੇ ਸਮਿਆਂ ਵਿੱਚ ਪੰਥਕ ਕਾਰਵਾਈਆਂ ਵਿੱਚ ਮੂਹਰਲੀਆਂ ਸਫ਼ਾਂ ਵਿੱਚ ਕੰਮ ਕਰਦੇ ਰਹੇ ਹਨ। ਇਹ ਕੋਟਸ਼ਮੀਰ ਵਿੱਚ ਸਥਾਪਤ ਗੁਰਦ੍ਵਾਰੇ ਦੇ ਵੀ ਪ੍ਰਬੰਧਕ ਹਨ। ਹਰਿਆਣਾ ਕਮੇਟੀ ਤੋਂ ਬਦਲਾ ਲੈਣ ਖ਼ਾਤਰ ਬਾਦਲਾਂ ਨੇ ਆਪਣੀ ਪਾਲਤੂ ਪੁਲਿਸ ਰਾਹੀਂ ਇਸ ਨੂੰ ਅੱਧੀ ਰਾਤੀਂ ਗੁਰਦ੍ਵਾਰੇ ਤੋ ਗ੍ਰਿਫ਼ਤਾਰ ਕਰਵਾ ਦਿੱਤਾ। ਕੋਟ ਸ਼ਮੀਰ ਦੇ ਗੁਰਦ੍ਵਾਰੇ ਉੱਤੇ ਤੁਰੰਤ ਆਪਣੇ ਪੱਖ ਦੀ ਕਮੇਟੀ ਦਾ ਸ਼੍ਰੋਮਣੀ ਕਮੇਟੀ ਵੱਲੋਂ ਕਬਜ਼ਾ ਕਰਵਾ ਦਿੱਤਾ ਗਿਆ। ਦਾਦੂਵਾਲ ਕੋਲੋਂ ਕੁਝ ਵੀ ਗ਼ੈਰ-ਕਾਨੂੰਨੀ ਨਾ ਮਿਲਣ ਤੋਂ ਖਿਝੀ ਸਿਆਸੀ ਜੁੰਡਲੀ ਨੇ ਦੋ ਦਿਨਾਂ ਦਾ ਹੋਰ ਰਿਮਾਂਡ ਮੰਗ ਕੇ ਉਸ ਉੱਤੇ ਗੁਜਰਾਤ ਵਿੱਚ ਰੱਖੀ ਏ.ਕੇ. 47 ਰਫ਼ਲ ਬਰਾਮਦ ਕਰਨ ਦੇ ਮੁਆਮਲੇ ਵਿੱਚ ਉਲਝਾਉਣ ਲਈ ਹੰਭਲਾ ਮਾਰਿਆ। ਮੈਜਿਸਟ੍ਰੇਟ ਨੇ ਪੁਲਿਸ ਨੂੰ ਅਖਤਿਆਰ ਦੇਣ ਤੋਂ ਇੰਨਕਾਰ ਕਰ ਦਿੱਤਾ। ਹੁਣ ਹੋਰ ਹਰਬੇ ਵਰਤੇ ਜਾਣਗੇ।

ਜਦੋਂ ਦਾ ਸਿੱਖ ਅਗਵਾਈ ਕਰਨ ਦਾ ਠੇਕਾ ਬਾਦਲਾਂ ਨੂੰ ਸਿੱਖ ਵਿਰੋਧੀ ਤਾਕਤਾਂ ਨੇ ਦਿੱਤਾ ਹੈ, ਓਦੋਂ ਦੀ ਇਹ ਸਿਆਸੀ ਮੁਹਿੰਮ ਚੱਲ ਰਹੀ ਹੈ ਕਿ ਬਾਦਲ ਪਿੰਡ ਤੋਂ ਬਾਹਰ ਦੇ ਕਿਸੇ ਵੀ ਸਿੱਖ ਨੇਤਾ ਨੂੰ ਉਭਰਨ ਨਾ ਦਿੱਤਾ ਜਾਵੇ ਤਾਂ ਕਿ ਬਾਦਲ ਦਾ ਬਦਲ ਸਾਹਮਣੇ ਨਾ ਆ ਸਕੇ। ਅਕਾਲ ਫੈਡਰੇਸ਼ਨ ਦਾ ਨਰਾਇਣ ਸਿੰਘ ਏਸ ਨੀਤੀ ਦਾ ਸ਼ਿਕਾਰ ਹੋਇਆ ਉਸ ਦੇ ਬਰਖ਼ਿਲਾਫ਼ ਵਾਰੋ-ਵਾਰੀ 16-17 (ਪਹਿਲਾਂ ਅਤੇ 6-7 ਹੁਣ) ਝੂਠੇ ਮੁਕੱਦਮੇ ਦਰਜ਼ ਕੀਤੇ ਗਏ। ਉਹ ਵੱਡੀ ਖ਼ੱਜਲ-ਖ਼ੁਆਰੀ ਤੋਂ ਬਾਅਦ ਸਾਰਿਆਂ ਵਿੱਚੋਂ ਬਰੀ ਹੋ ਗਿਆ। ਪੰਜਾਬ ਦੀ ਬਹਾਦਰ ਪੁਲਿਸ ਨੇ 'ਯੋਗ' ਸਿਆਸੀ ਅਗਵਾਈ ਕਾਰਨ ਹਿੰਮਤ ਨਾ ਹਾਰੀ ਅਤੇ ਆਖ਼ਰ ਉਸ ਨੂੰ ਇੱਕ ਨਵੇਂ ਕੇਸ ਵਿੱਚ ਕੈਦ ਕਰਵਾ ਹੀ ਲਿਆ। 

ਜਦੋਂ ਸਿਮਰਨਜੀਤ ਸਿੰਘ ਮਾਨ ਕਾਗਜ਼ੀ ਬਿਆਨਾਂ ਤੋਂ ਬਾਹਰ ਨਿਕਲ ਕੇ ਮੁਜ਼ਾਹਰੇ ਕਰਨ ਲੱਗਿਆ ਤਾਂ ਉਸ ਨੂੰ ਵੀ ਏਸੇ ਤਰ੍ਹਾਂ ਝੂਠੇ ਕੇਸ ਵਿੱਚ ਫਸਾ ਕੇ ਅੰਦਰ ਕਰ ਦਿੱਤਾ ਗਿਆ। ਅਖ਼ਬਾਰਾਂ ਵਿੱਚ ਬਿਆਨ ਵੀ ਛੱਪਿਆ ਕਿ ਜੇ ਇਹ ਸਥਾਪਤੀ ਦਾ ਵਿਰੋਧ ਨਹੀਂ ਛੱਡਦਾ ਤਾਂ ਜੇਲ੍ਹ ਵਿੱਚ ਹੀ ਰਹੇਗਾ। ਪਾਲ ਸਿੰਘ ਫਰਾਂਸ ਅਤੇ ਹੋਰ ਕਈਆਂ ਨਾਲ ਇਹੋ ਹੋਇਆ। ਏਸ ਅੱਗ ਦੀਆਂ ਲਪਟਾਂ ਵਿੱਚ ਫੇਰ ਦਲਜੀਤ ਸਿੰਘ ਬਿੱਟੂ ਅਤੇ ਕੁਲਬੀਰ ਸਿੰਘ ਬੜਾ ਪਿੰਡ ਲਪੇਟੇ ਗਏ। ਤਕਰੀਬਨ ਇਕੋ FIR ਨਾਮ ਤਬਦੀਲ ਕਰ ਕੇ ਦੋਨਾਂ ਵਿਰੁੱਧ ਦਾਇਰ ਕੀਤੀ ਗਈ। ਭਾਈ ਦਲਜੀਤ ਸਿੰਘ ਤਾਂ ਕਿਵੇਂ ਨਾ ਕਿਵੇਂ ਬਾਹਰ ਨਿਕਲ ਆਇਆ ਪਰ ਕੁਲਬੀਰ ਸਿੰਘ ਅਜੇ ਉਸੇ ਘੁੰਮਣ-ਘੇਰੀ ਵਿੱਚ ਫਸਿਆ ਹੋਇਆ ਅਦਾਲਤ ਦਰ ਅਦਾਲਤ ਚੱਕਰ ਲਗਾ ਰਿਹਾ ਹੈ। 
ਪਰਮਜੀਤ ਸਿੰਘ ਸਰਨਾ ਦਿੱਲੀ ਦਾ ਸੀ। ਉਸ ਨੂੰ ਇਸ ਤਰ੍ਹਾਂ ਨਹੀਂ ਸੀ ਲਾਂਭੇ ਕੀਤਾ ਜਾ ਸਕਦਾ। ਨੀਤੀ ਥੋੜੀ ਤਬਦੀਲ ਕਰ ਕੇ ਉਸ ਨੂੰ ਅਕਾਲ ਤਖ਼ਤ ਦੇ ਜਥੇਦਾਰ ਦੀ ਕਚੈਹਰੀ ਵਿੱਚ ਐਸਾ ਫਸਾਇਆ ਕਿ ਉਹ ਵਿੱਧੀ ਅਨੁਸਾਰ ਗੁਰਸਿੱਖੀ ਦੀ ਰੀਤ ਪਾਲਦਾ-ਪਾਲਦਾ ਪੰਥਕ ਮੰਚ ਤੋਂ ਲਾਂਭੇ ਹੋ ਗਿਆ। ਐਸੀ ਸਫ਼ਾਈ ਨਾਲ ਉਸ ਨੂੰ ਰੁਖਸਤ ਕੀਤਾ ਗਿਆ ਕਿ ਲੋਕਾਂ ਨੂੰ ਅਸਲ ਦੋਖੀਆਂ ਦੀ ਭਿਣਕ ਹੀ ਨਾ ਪਈ। ਪੰਥ ਦੇ ਮਖੌਟੇ ਹੇਠ ਸਾਰਾ ਪਾਪ ਸਮੇਟਿਆ ਗਿਆ। 

ਸਿੰਘ ਸਾਹਿਬ ਦਰਸ਼ਨ ਸਿੰਘ ਦੀ ਉਮਰ ਭਰ ਦੀ ਗੁਰੂ ਉਸਤਤ ਦੀ ਘਾਲ ਕਮਾਈ ਨੂੰ ਹੋਮ ਸਮੱਗਰੀ ਵਾਂਗ ਸਵਾਹਾ ਕਰਨ ਲਈ ਅਕਾਲ ਤਖ਼ਤ ਉੱਤੇ ਮੁਖ਼ਬਰਾਂ ਨੇ ਝੂਠੀ FIR ਦਰਜ ਕਰਵਾਈ ਕਿ ਉਹ ਗੁਰੂ ਨਿੰਦਕ ਹੈ। ਮੁਕੱਦਮਾ ਦਰਜ਼ ਹੁੰਦਿਆਂ ਹੀ ਸਜ਼ਾ ਸੁਣਾ ਦਿੱਤੀ ਗਈ। ਉਹ ਫੇਰ ਵੀ ਮਿੱਥੀ ਤਰੀਕ ਉੱਤੇ ਪੱਖ ਪੇਸ਼ ਕਰਨ ਲਈ ਅਕਾਲ ਤਖ਼ਤ ਉੱਤੇ ਹਾਜ਼ਰ ਹੋਇਆ ਤਾਂ ਆਖਿਆ ਗਿਆ ਕਿ ਆਇਆ ਹੀ ਨਹੀਂ। ਉਸ ਨੂੰ ਪ੍ਰਤੱਖ ਬੈਠਾ ਵੇਖ ਕੇ ਵੀ ਕੁਫ਼ਰ ਤੋਲਿਆ ਗਿਆ- ਧੜੇ ਵਾਲਿਆਂ ਅੱਖਾਂ ਬੰਦ ਕਰ ਕੇ ਮੰਨ ਲਿਆ। ਪ੍ਰੈੱਸ ਵਿਚਾਰੇ ਦੀ ਕੌਣ ਸੁਣਦਾ ਹੈ!

ਏਸੇ ਤਰ੍ਹਾਂ ਛੇਕਣ-ਫੂਕਣ ਦੀ ਕਾਰਵਾਈ ਦੀ ਲਪੇਟ ਵਿੱਚ ਕੁਝ ਕੁ ਹੋਰ ਵੀ ਆਏ। ਨਵਾਂ ਸਿਧਾਂਤ ਸਥਾਪਤ ਹੋਇਆ ਕਿ ਜੇ ਤੁਸੀਂ ਸਰਨੇ ਵਾਂਗੂ, ਜਿਸ ਨੂੰ ਇਹ ਤਖ਼ਤ ਆਖਣ ਹਨ ਉਸ ਉੱਤੇ ਹਾਜ਼ਰ ਹੋ ਜਾਉ ਤਾਂ ਤੁਹਾਨੂੰ ਜ਼ਲੀਲ ਦਰ ਜ਼ਲੀਲ ਕਰ ਕੇ ਪੰਥ ਦੀਆਂ ਨਜ਼ਰਾਂ ਵਿੱਚੋਂ ਗਿਰਾਇਆ ਜਾਵੇਗਾ। ਜੇ ਅਸਲ ਤਖ਼ਤ ਉੱਤੇ ਪੇਸ਼ ਹੋ ਜਾਓ ਜਿੱਥੇ ਦਲੀਲ ਨਾਲ ਫ਼ੈਸਲਾ ਲੋਕਾਂ ਦੇ ਸਾਹਮਣੇ ਕਰਨਾ ਪੈਣਾ ਹੈ, ਤਾਂ ਭਗੌੜਾ ਕਰਾਰ ਦੇ ਕੇ ਭੰਡ ਦਿਤਾ ਜਾਵੇਗਾ। ਜਿਹੜਾ ਇੱਕ ਬਾਰ ਜਾੜ੍ਹ ਹੇਠ ਆ ਗਿਆ ਉਹ ਕਿਸੇ ਸੂਰਤ ਬਚ ਨਹੀਂ ਸਕਦਾ।

ਜੇ ਕਿਤੇ ਹਰਿਆਣਾ ਗੁਰਦ੍ਵਾਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਹੀ ਗਈ ਤਾਂ ਅਨੇਕਾਂ ਹੋਰ ਹਰਬੇ ਹਨ ਜਿਨ੍ਹਾਂ ਨੂੰ ਵਰਤ ਕੇ ਉਸ ਨੂੰ ਮਲੀਆਮੇਟ ਕੀਤਾ ਜਾ ਸਕਦਾ ਹੈ। ਅਕਾਲ ਤਖ਼ਤ ਦੇ ਜਥੇਦਾਰ ਰਾਹੀਂ ਛੇਕਣ ਦਾ ਵਾਰ ਉਸ ਉੱਤੇ ਕੀਤਾ ਗਿਆ ਪਰ ਸਿੰਘ ਸਾਹਿਬ ਦਰਸ਼ਨ ਸਿੰਘ ਦੇ ਛੇਕਣ ਵਾਂਗ ਕਿਸੇ ਪ੍ਰਵਾਨ ਨਾ ਕੀਤਾ। ਹੁਣ ਅਦਾਲਤਾਂ, ਜਿਨ੍ਹਾਂ ਨੂੰ ਬਾਦਲਾਂ ਨੂੰ ਕੇਂਦ੍ਰ ਵੱਲੋਂ ਬਖ਼ਸ਼ੀ ਠੇਕੇਦਾਰੀ ਅਤੇ ਸੂਬੇਦਾਰੀ ਬਾਰੇ ਆਮ ਜਾਗਰੂਕ ਲੋਕਾਂ ਨਾਲੋਂ ਵੱਧ ਪਤਾ ਹੈ- ਉਹਨਾਂ ਦਾ ਦਰ ਖੜਕਾਇਆ ਜਾ ਰਿਹਾ ਹੈ। ਉਹਨਾਂ ਦੇ ਮਾਲਕਾਂ ਦੀ ਕਿਰਪਾ ਹੋਈ ਤਾਂ ਸਭ ਕੁਝ ਉਹਨਾਂ ਦੀ ਮਰਜ਼ੀ ਅਨੁਸਾਰ ਹੱਲ ਕਰ ਲਿਆ ਜਾਵੇਗਾ। 

ਕੁਲ ਮਿਲਾ ਕੇ ਹਾਲਤ ਇਹ ਹੈ ਕਿ ਸਿਮਰਨਜੀਤ ਸਿੰਘ ਸੂਰਮਾ ਤਿੰਨ ਫੁੱਟੀ ਕ੍ਰਿਪਾਨ ਲੈ ਕੇ ਸਾਂਝੀ ਪੰਥਕ ਅਗਵਾਈ ਦਾ ਰਾਹ ਰੋਕ ਕੇ ਖੜ੍ਹਾ ਹੈ। ਉਹ ਪੰਥ-ਪੰਥ ਕੂਕਦਾ ਪੰਥ ਨੂੰ ਡੋਬਣ ਦੇ ਕੱਲਾ ਹੀ ਸਮਰੱਥ ਹੈ। ਵੇਖੋ ਨਾ ਜੀ! ਖ਼ਾਲਿਸਤਾਨ ਦੀ ਲਗਾਤਾਰ ਰੱਟ ਲਗਾ ਕੇ ਕੇਹੀ ਸਫ਼ਾਈ ਨਾਲ ਉਸ ਨੇ ਖ਼ਾਲਿਸਤਾਨ ਨੂੰ ਖਾਰੇ ਸਮੁੰਦਰ ਵਿੱਚ ਖੋਰ ਦਿੱਤਾ ਹੈ। ਅੱਜ ਨਿਰੋਲ ਸਿੱਖ ਹਲਕੇ ਵਿੱਚ ਉਸ ਦੇ ਖ਼ਾਲਿਸਤਾਨ ਨੂੰ 1607 ਵੋਟਾਂ ਪੈਂਦੀਆਂ ਹਨ ਅਤੇ ਕਲ੍ਹ ਪੈਦਾ ਹੋਈ ਆਮ ਆਦਮੀ ਪਾਰਟੀ ਦੇ ਅਲ੍ਹੜ, ਅਨਾੜੀ, ਗ਼ੈਰ-ਸਿਆਸਤਦਾਨ ਵਕੀਲ ਨੂੰ ਤਿੰਨ ਲੱਖ। ਔਰੰਗਜ਼ੇਬ ਦੀ ਇਲਮੇ ਮੌਸੀਕੀ ਵਿਰੁੱਧ ਨੀਤੀ ਉੱਤੇ ਰੋਸ ਪ੍ਰਗਟ ਕਰਨ ਲਈ ਕੁਝ ਕਵੀ, ਲੇਖਕ, ਫਨਕਾਰ ਆਦਿ ਰੋਂਦੇ ਪਿਟਦੇ ਇੱਕ ਜਨਾਜ਼ਾ ਲੈ ਚੱਲੇ। ਸ਼ੋਰੋਗੁਲ ਅਸਮਾਨ ਤੱਕ ਉਠਿਆ। ਔਰੰਗਜ਼ੇਬ ਨੇ ਪੁਛਿਆ ਕਿਸਦਾ ਜਨਾਜ਼ਾ ਹੈ ਜੋ ਲੋਕ ਜ਼ਾਰ-ਜ਼ਾਰ ਰੋ ਰਹੇ ਹਨ। ਦੱਸਿਆ ਗਿਆ ਕਿ ਲਲਿਤ ਕਲਾਵਾਂ ਦਾ ਜਨਾਜ਼ਾ ਹੈ। ਔਰੰਗਜ਼ੇਬ ਨੇ ਹੁਕਮ ਕੀਤਾ, 'ਜਰਾ ਡੂੰਘਾ ਕਰ ਕੇ ਮੁਰਦਾ ਨੱਪਿਓ ਜਿਹੜਾ ਕਈ ਸਦੀਆਂ ਨਿਕਲ ਨਾ ਸਕੇ।' ਸਿਮਰਨਜੀਤ ਸਿੰਘ ਮਾਨ ਨੂੰ ਜਿੰਨੀ ਦੇਰ ਤੱਕ ਤਸੱਲੀ ਨਹੀਂ ਹੋ ਜਾਂਦੀ ਕਿ ਖ਼ਾਲਿਸਤਾਨ ਦਾ ਮੁੱਦਾ ਫੇਰ ਕਦੇ ਨਹੀਂ ਉਠੇਗਾ ਓਨੀਂ ਦੇਰ ਤੱਕ ਉਹ ਡੂੰਘੀਆਂ ਤੋਂ ਡੂੰਘੀਆਂ ਕਬਰਾਂ ਵਿੱਚ ਉਸ ਨੂੰ ਦਫ਼ਨਾਉਂਦਾ ਹੀ ਜਾਵੇਗਾ- ਦਫ਼ਨਾਉਂਦਾ ਹੀ ਜਾਵੇਗਾ। ਬੜਾ ਹਠ ਵਾਲਾ, ਤਿੰਨ ਫੁੱਟੀ ਕ੍ਰਿਪਾਨ ਵਾਲਾ ਦਲੇਰ ਸੂਰਮਾ ਹੈ; ਮੁਠੀ ਭਰ ਬਹਾਦਰਾਂ ਦਾ ਸਮੁੱਚਾ ਦਲ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਉਸ ਦੇ ਨਾਲ ਹੈ। ਉਹ ਤਾਂ ਪੁੱਲ ਉੱਤੇ ਵਾਹੀ ਕਰਨ ਵਾਲਿਆਂ ਕਿਸਾਨਾਂ ਨੂੰ ਵੱਡੇ-ਵੱਡੇ ਬੋਹਲ ਲਾਉਣ ਦੀਆਂ ਉਮੀਦਾਂ ਪੱਕੇ ਤੌਰ ਉੱਤੇ ਬਨ੍ਹਾਈ ਬੈਠਾ ਹੈ। ਏਸ ਨੂੰ ਆਖਦੇ ਹਨ ਸਿਆਸਤ।
ਆਉਣ ਵਾਲੇ ਭਵਿੱਖ ਵਿੱਚ ਸਭ ਕਾਲਾ-ਕਾਲਾ ਹੀ ਨਜ਼ਰ ਆਉਂਦਾ ਹੈ।