Monday, December 26, 2011

ਅਜੋਕੀ ਬੱਬਰ ਖਾੜਕੂ ਲਹਿਰ ਦਾ ਮੁੱਢਲਾ ਮੁਲਾਂਕਣ

ਭਾਈ ਸੁਖਦੇਵ ਸਿੰਘ ਬੱਬਰ ਅਤੇ ਓਸਦੇ ਸਾਥੀ ਜੋ 1984 ਤੋਂ ਬਾਅਦ ਦੀ ਲੜਾਈ ਵਿੱਚ ਮੂਹਰਲੀਆਂ ਸਫਾਂ ਵਿੱਚ ਰਿਹਾ ਦੀ ਯੁਧਨੀਤੀ ਅਤੇ ਰਾਜਨੀਤੀ ਬਾਰੇ ਕਈ ਸਵਾਲ ਸਹਿਜੇ ਹੀ ਉੱਠਦੇ ਹਨ ਜਿਨ੍ਹਾਂ ਦਾ ਜੁਆਬ ਖਾੜਕੂ ਲਹਿਰ ਦੇ ਮੁਲਾਂਕਣ ਲਈ ਨਿਹਾਇਤ ਜ਼ਰੂਰੀ ਹੈ। ਬੱਬਰਾਂ ਦੀ ਨਿਡਰਤਾ, ਜਾਨ ਦਾਅ ਉੱਤੇ ਲਾਉਣ ਦੀ ਤੱਤਪਰਤਾ, ਜੁਝਾਰੂਪਨ ਅਤੇ ਆਪਾ ਵਾਰੂ ਨੀਯਤ ਉੱਤੇ ਸ਼ੱਕ ਕਰਨਾ ਤਾਂ ਮੂਰਖਤਾ ਹੀ ਹੋ ਨਿਬੜਦੀ ਹੈ ਪਰ ਏਸ ਪੱਖੋਂ ਮੁਲਾਂਕਣ ਕਰਨਾ ਕਿ ਕੀ ਬੱਬਰਾਂ ਦੀ ਘਾਲਣਾ, ਮਕਸਦ ਅਤੇ ਉੱਚੇ ਇਰਾਦਿਆਂ ਦੇ ਹਾਣ ਦੀ ਉਹਨਾਂ ਦੀ ਯੋਜਨਾਬੰਦੀ ਸੀ, ਇੱਕ ਲੋਕ ਪੱਖੀ ਕਰਮ ਹੈ ਅਤੇ ਅੱਗੋਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। 'ਯੁੱਧ ਮੁਲਾਂਕਣ' (battle review) ਜੁਝਾਰੂ ਲੋਕਾਂ ਦੀ ਪੁਰਾਤਨ ਰੀਤ ਵੀ ਹੈ ਜਿਸ ਨੂੰ ਯੁੱਧ ਦਾ ਅਨਿਖੜਵਾਂ ਅੰਗ ਮੰਨਿਆ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਮੁਗ਼ਲਾਂ ਅਤੇ ਪਠਾਣਾਂ ਦੀ ਲੜਾਈ ਦਾ ਘੋਖਵਾਂ ਮੁਲਾਂਕਣ ਕੀਤਾ ਸੀ ਜੋ 'ਬਾਬਰਬਾਣੀ' ਵਿੱਚ ਦਰਜ਼ ਹੈ। ਕੀ ਉਹਨਾਂ ਕੋਲ ਟੀਚੇ ਤੱਕ ਪਹੁੰਚਣ ਦਾ ਨਕਸ਼ਾ ਉਲੀਕਿਆ ਹੋਇਆ ਸੀ? ਕੀ ਉਹ ਆਪਣੇ ਨਿਸ਼ਾਨੇ ''ਖਾਲਿਸਤਾਨ'' ਦਾ ਖਾਕਾ ਬਣਾ ਚੁੱਕੇ ਸਨ? ਨਾਅਰਿਆਂ ਦੀ ਸਤਹ ਤੋਂ ਉੱਚਾ ਉਠ ਕੇ ਕੀ ਉਹ ਖਾਲਿਸਤਾਨ ਦਾ ਤਰਕ, ਆਮ ਲੋਕਾਂ ਨੂੰ ਸਮਝਾਉਣ ਦੀ ਮੁਹਾਰਤ ਰੱਖਦੇ ਸਨ? ਸਭ ਤੋਂ ਅਹਿਮ ਸੁਆਲ ਹੈ ਕਿ ਕੀ ਇਹ ਨਿਸ਼ਾਨਾ ਉਹਨਾਂ ਨੇ ਆਪ ਮਿਥਿਆ ਸੀ ਜਾਂ ਕਿ ਪਾਕਿਸਤਾਨ ਦੇ ਸੰਕਲਪ ਵਾਂਗ ਇਹ ਇਹਨਾਂ ਦੇ ਦੁਸ਼ਮਣਾਂ ਦੀ ਕਾਢ ਸੀ ਜੋ ਏਸਨੂੰ ਬ੍ਰਹਮਅਸਤਰ ਬਣਾ ਕੇ ਸਿੱਖੀ ਨੂੰ ਖ਼ਤਮ ਕਰਨ ਦੇ ਜ਼ਹਿਰੀ ਮਨਸੂਬੇ ਘੜੀ ਬੈਠੇ ਸਨ? ਏਸ ਸੰਦਰਭ ਵਿੱਚ ਇਕ ਪ੍ਰਮੁੱਖ ਬੱਬਰ ਸੁਖਦੇਵ ਸਿੰਘ ਬਾਰੇ ਸਮੁੱਚੀ ਖਾੜਕੂ ਲਹਿਰ ਦੇ ਸੰਦਰਭ ਵਿੱਚ ਚਰਚਾ ਕਰਨੀ ਲਾਹੇਵੰਦ ਰਹੇਗੀ।

ਸੁਖਦੇਵ ਸਿੰਘ ਨੂੰ ਪਹਿਲੋ ਪਹਿਲ ਮੈਂ ਓਦੋਂ ਦੇਖਿਆ ਜਦੋਂ ਉਹ ਤੇਜਾ ਸਿੰਘ ਸਮੁੰਦਰੀ ਹੌਲ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਮਰੇ ਦੇ ਸਾਹਮਣੇ ਪੰਜ ਸਾਥੀਆਂ ਸਮੇਤ ਓਸਦਾ ਅੰਗ-ਰਖਿਅਕ ਬਣਕੇ ਬੈਠਾ ਸੀ। ਸਾਰੇ ਨੌਜਵਾਨਾਂ ਕੋਲ ਨਵੀਆਂ ਰਫ਼ਲਾਂ ਸਨ। ਮੈਂ ਆਪਣੀ ਫ਼ੌਜੀ ਬੁੱਧੀ ਜੋ ਐਨ.ਸੀ.ਸੀ., ਪੁਲਿਸ ਅਤੇ ਫ਼ੌਜ ਸੇਵਾਕਾਲ ਦੌਰਾਨ ਹਾਸਲ ਕੀਤੀ ਸੀ, ਦੀ ਵਰਤੋਂ ਕਰਨ ਦੀ ਠਾਣ ਲਈ। ਬੜੇ ਧਿਆਨ ਨਾਲ ਰਫ਼ਲਾਂ ਦੇ ਹੱਥਿਆਂ ਉੱਤੇ ਕੀਤੇ ਰੋਗਨ ਵੱਲ ਨਜ਼ਰ ਮਾਰੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਇਆ। ਇਹ ਸਾਰੀਆਂ ਰਫ਼ਲਾਂ ਨਵੀਆਂ ਸਨ, ਸਾਰੀਆਂ ਇੱਕੋ ਥਾਂ ਉੱਤੇ ਬਣੀਆਂ ਸਨ ਅਤੇ ਸਾਰੀਆਂ ਇੱਕੋ ਰੰਗ ਨਾਲ ਰੋਗਨ ਹੋਈਆਂ-ਹੋਈਆਂ ਸਨ। ਲੋਹੇ ਉੱਤੇ ਰੰਗ ਤੋਂ ਤਾਂ ਬਹੁਤਾ ਕੁਝ ਪਤਾ ਨਹੀਂ ਲਗਦਾ ਲੇਕਿਨ ਹੱਥਿਆਂ ਦਾ ਰੋਗਨ ਇਹਨਾਂ ਬਾਰੇ ਬਹੁਤ ਕਹਾਣੀਆਂ ਇੱਕੋ ਸਾਹ ਹੀ ਕਹਿ ਜਾਂਦਾ ਹੈ।

ਮੈਂ ਲੌਂਗੋਵਾਲ ਨੂੰ ਪੁੱਛਿਆ ਕਿ ਇਹ ਨੌਜਵਾਨ ਕੌਣ ਹਨ। ਜੁਆਬ ਮਿਲਿਆ 'ਆਪਣੇ ਹੀ ਹਨ, ਭਾਈ।' ਦੂਸਰਾ ਸਵਾਲ ਸੀ 'ਇਹ ਰਫ਼ਲਾਂ ਇਹਨਾਂ ਨੂੰ ਆਪਾਂ ਲੈ ਕੇ ਦਿੱਤੀਆਂ ਹਨ ਜਾਂ ਇਹ ਖੁਦ ਲੈ ਕੇ ਆਏ ਹਨ।' ਥੋੜਾ ਝਿਝਕ ਕੇ, ਮੋਰਚਾ ਡਿਕਟੇਟਰ ਬੋਲਿਆ 'ਆਪਣੇ ਆਪ ਲੈ ਕੇ ਆਏ ਹਨ।' ਮੈਨੂੰ ਇਹ ਗੱਲ ਸੁਣ ਕੇ ਬੜਾ ਫਿਕਰ ਲੱਗਿਆ ਅਤੇ ਮੈਂ ਬੀਬੀ ਅਮਰਜੀਤ ਅਤੇ ਲੌਂਗੋਵਾਲ ਸਾਹਮਣੇ ਖੁਲਾਸਾ ਵੀ ਕਰ ਦਿੱਤਾ। 'ਇਹ ਸਾਰੀਆਂ ਰਫ਼ਲਾਂ ਇਹਨਾਂ ਨੂੰ ਸਿੱਧੀਆਂ ਕਾਰਖ਼ਾਨੇ ਤੋਂ ਪ੍ਰਾਪਤ ਹੋਈਆਂ ਜਾਪਦੀਆਂ ਹਨ ਕਿਉਂਕਿ ਇਕੋ ਕਿਸਮ ਦੀਆਂ ਏਨੀਆਂ ਰਫ਼ਲਾਂ ਰੱਖਣ ਦੀ ਸਮਰੱਥਾ ਕਿਸੇ ਅਸਲਾ ਵਪਾਰੀ ਕੋਲ ਨਹੀਂ। ਗ੍ਰਹਿ ਵਿਭਾਗ ਵਿੱਚ ਨੌਕਰੀ ਕਰਨ ਕਰਕੇ ਮੈਂ ਜਾਣਦਾ ਹਾਂ ਕਿ ਇੱਕ ਕਿਸਮ ਦੀਆਂ ਇੱਕ ਦੋ ਰਫ਼ਲਾਂ ਹੀ ਵਪਾਰੀ ਰੱਖ ਸਕਦਾ ਹੈ।' ਬੱਟ ਰੋਗਨ ਦੀ ਗੱਲ ਵੀ ਕੀਤੀ। ਲੌਂਗੋਵਾਲ ਦੇ ਕੰਨ ਉੱਤੇ ਜੂੰ ਵੀ ਨਾ ਸਰਕੀ। ਏਸ ਤੋਂ ਅੰਦਾਜ਼ਾ ਲੱਗਦਾ ਸੀ ਕਿ ਰਫ਼ਲਾਂ ਦੀ ਅਸਲੀਅਤ ਤੋਂ ਉਹ ਵਾਕਫ਼ ਸੀ ਅਤੇ ਸ਼ਾਇਦ ਓਸੇ ਨੇ ਇਹਨਾਂ ਨੌਜਵਾਨਾਂ ਨੂੰ ਰਫ਼ਲਾਂ ਲੈ ਕੇ ਦਿੱਤੀਆਂ ਸਨ। ਜੇ ਇਹ ਗੱਲ ਨਾ ਹੁੰਦੀ ਤਾਂ ਓਸਨੇ ਤੁਰੰਤ ਏਸ ਟੋਲੇ ਦੀ ਗਹਿਰੀ ਪੜਤਾਲ ਕਰਨੀ ਸੀ। ਬਹੁਤ ਬਾਅਦ ਵਿੱਚ ਅਖ਼ਬਾਰੀ ਖ਼ਬਰ ਆਈ ਕਿ ਧੀਰੇਂਦਰ ਬ੍ਰਹਮਚਾਰੀ, ਜਿਸਦੇ ਇੰਦਰਾ ਗਾਂਧੀ ਨਾਲ ਨੇੜੇ ਦੇ ਸਬੰਧ ਸਨ, ਨੇ ਜੰਮੂ ਵਿੱਚ ਇੱਕ ਰਫ਼ਲਾਂ ਬਣਾਉਣ ਦੀ ਫੈਕਟਰੀ ਲਾਈ ਹੈ ਅਤੇ ਕਈ ਖਾੜਕੂ ਓਸਦੇ ਹਥਿਆਰ ਖਰੀਦ ਚੁੱਕੇ ਹਨ।

ਗੱਲਾਂ ਕਰਦੇ ਲੌਂਗੋਵਾਲ ਨੇ ਮੁਸਕੜੀਆਂ ਹੱਸਦਿਆਂ ਇਹ ਵੀ ਆਖਿਆ,'ਤੁਸੀਂ ਸੰਤਾਂ (ਇਸ਼ਾਰਾ ਭਿੰਡਰਾਵਾਲੇ ਵੱਲ ਸੀ) ਨੂੰ ਆਖ ਦੇਣਾ ਕਿ ਉਹ ਆਪਣੇ ਬੰਦਿਆਂ ਦੇ ਹਥਿਆਰ ਸਾਫ਼ ਕਰਵਾ ਕੇ ਤੇਲ ਵਗੈਰਾ ਦੇ ਲੈਣ।' ਓਸਦੇ ਏਸ ਪ੍ਰਵਚਨ ਉੱਤੇ ਬੀਬੀ ਅਮਰਜੀਤ ਕੌਰ ਨੇ ਵੀ ਅਰਥ ਭਰਪੂਰ ਮੁਸਕਾਣ ਚਿਹਰੇ ਉੱਤੇ ਲੈ ਆਂਦੀ ਸੀ। ਮੈਨੂੰ ਭੰਬਲਭੂਸੇ ਵਿੱਚ ਪਿਆ ਵੇਖ ਕੇ ਓਸਨੇ ਆਪ ਹੀ ਆਪਣੇ ਬਿਆਨ ਦੀ ਵਿਆਖਿਆ ਕੀਤੀ,'ਦੁਨੀਆ ਸਮਝ ਰਹੀ ਹੈ ਕਿ ਖਾੜਕੂ ਕਾਰਵਾਈਆਂ ਸੰਤ ਕਰਵਾ ਰਹੇ ਹਨ। ਅਸਲੀਅਤ ਇਹ ਹੈ ਕਿ ਉਹਨਾਂ ਦੇ ਬੰਦਿਆਂ ਨੇ ਤਾਂ ਕਦੇ ਚਿੜੀ ਵੀ ਨਹੀਂ ਮਾਰੀ। ਸਾਰੀਆਂ ਵਾਰਦਾਤਾਂ ਆਪਣੇ ਆਦਮੀ ਕਰ ਰਹੇ ਹਨ। ਉਹਨਾਂ ਦੇ ਬੰਦਿਆਂ ਦੇ ਹਥਿਆਰਾਂ ਨੂੰ ਸ਼ਾਇਦ ਜ਼ਰ ਹੀ ਲੱਗਿਆ ਹੋਣਾ ਹੈ। ਉਹਨਾਂ ਲੋੜ ਪੈਣ ਉੱਤੇ ਚੱਲਣਾ ਹੀ ਨਹੀਂ। ਅੱਜ-ਕਲ੍ਹ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਪਤਾ ਨਹੀਂ ਕਿਸ ਵੇਲੇ ਹਥਿਆਰਾਂ ਦੀ ਲੋੜ ਪੈ ਜਾਵੇ। ਏਸ ਲਈ ਸੁਨੇਹਾਂ ਜ਼ਰੂਰ ਦੇ ਦੇਣਾਂ।' ਬੀਬੀ ਅਮਰਜੀਤ ਕੌਰ ਨੇ ਵੀ ਸਹਿਮਤੀ ਜ਼ਾਹਰ ਕੀਤੀ। ਹੋਰ ਦਸ ਵੀਹ ਮਿੰਟ ਬੈਠ ਕੇ, ਸੁਨੇਹਾ ਦੇਣ ਦਾ ਵਾਅਦਾ ਕਰਕੇ ਮੈਂ ਉੱਠ ਆਇਆ।

ਤਕਰੀਬਨ ਮਹੀਨਾ ਕੁ ਬਾਅਦ (ਦਸੰਬਰ 1983 ਦੇ ਤਕਰੀਬਨ ਆਖਰੀ ਹਫ਼ਤੇ) ਬੀਬੀ ਅਮਰਜੀਤ ਕੌਰ ਵੱਲੋਂ ਇੱਕ ਅਖ਼ਬਾਰੀ ਬਿਆਨ ਵੀ ਛੱਪਿਆ ਜਿਸ ਵਿੱਚ ਬੱਬਰਾਂ ਵਲੋਂ ਉਹਨਾਂ ਨੇ 35 ਨਿਰੰਕਾਰੀ ਮਾਰਨ ਦੀ ਜ਼ਿੰਮੇਵਾਰੀ ਲਈ ਅਤੇ ਸ਼ਰ੍ਹੇਆਮ ਦੱਸਿਆ ਸੀ ਕਿ ਪੰਜਾਬ ਵਿੱਚ ਸਭ ਹਿੰਸਕ ਕਾਰਵਾਈਆਂ ਬੱਬਰਾਂ ਵੱਲੋਂ, ਜੋ ਆਖੰਡ ਕੀਰਤਨੀਏ ਸਨ, ਕੀਤੀਆਂ ਜਾ ਰਹੀਆਂ ਹਨ। ਸੰਤ ਭਿੰਡਰਾਂਵਾਲੇ ਅਤੇ ਟਕਸਾਲੀਏ ਐਂਵੇ ਹੀ ਇਹਨਾਂ ਨੂੰ ਅੰਜ਼ਾਮ ਦੇਣ ਦਾ ਦਾਈਆ ਕਰ ਰਹੇ ਹਨ। ਇਹਨਾਂ ਲੀਹਾਂ ਉੱਤੇ ਬੀਬੀ ਦਾ ਇੱਕ ਬਿਆਨ ਜਨਵਰੀ 1984 ਦੇ ਸੰਤ ਸਿਪਾਹੀ ਵਿੱਚ ਵੀ ਛਪਿਆ। ਲੋਂਗੋਵਾਲ ਤੇ ਬੀਬੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਜਦੋਂ ਮੈਂ ਬਾਹਰ ਆ ਕੇ ਨੌਜਵਾਨਾਂ ਦੇ ਚਿਹਰੇ ਮੁਹਰਿਆਂ ਵੱਲ ਘੋਖਵੀਂ ਨਜ਼ਰ ਮਾਰੀ ਤਾਂ ਵੀ ਮੈਨੂੰ ਉਹ ਅਜੇਹੀਆਂ ਕਾਰਵਾਈਆਂ ਵਿੱਚ ਗਲਤਾਨ ਹੋਇਆਂ ਦੇ ਚਿਹਰੇ ਨਾ ਜਾਪੇ। ਦ੍ਰਿਢਤਾ ਦੀ ਥਾਵੇਂ ਉਹਨਾਂ ਉੱਤੇ ਸਾਉਪੁਣਾ, ਅਲ੍ਹੜਪੁਣਾ ਝਲਕਦਾ ਸੀ। ਬਾਅਦ ਵਿੱਚ ਇਹਨਾਂ ਬੱਬਰਾਂ ਨੇ ਸੰਤ ਜਰਨੈਲ ਸਿੰਘ ਦੀ ਵਿਰਾਸਤ ਸੰਭਾਲਣ ਦਾ ਦਾਅਵਾ ਵੀ ਕੀਤਾ ਅਤੇ ਕੌਮ ਨੂੰ ਸਿਆਸੀ ਅਗਵਾਈ ਦੇਣ ਦਾ ਬੀੜਾ ਵੀ ਚੁੱਕਿਆ। ਵੱਡੇ ਧੂਮ-ਧੜੱਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਜ਼ਾਲਮ ਬਿੰਅਤ ਸਿੰਘ ਨੂੰ ਵੀ ਇਹਨਾਂ ਦੰਡ ਦਿੱਤਾ। ਪਰ ਓਸ ਵੇਲੇ ਮੈਨੂੰ ਇਹ ਨਾ ਸਿਆਸੀ ਪਿੜ ਵਿੱਚ ਗਿਆਨਵਾਨ ਜਾਪੇ ਨਾ ਹੀ ਕੌਮੀ ਅਤੇ ਅੰਤਰ-ਰਾਸ਼ਟਰੀ ਸਿਆਸੀ ਸਥਿਤੀ ਦੇ ਜਾਣਕਾਰ। ਓਸ ਯੁੱਗ ਦੇ ਪੰਥਕ ਮਹਾਂ-ਨਾਇਕ ਸੰਤ ਜਰਨੈਲ ਸਿੰਘ ਨੂੰ ਛੱਡ ਕੇ ਇਹਨਾਂ ਦਾ ਇੱਕ ਬੇਈਮਾਨ ਤਨਜ਼ੀਮ ਦੇ ਨਾ-ਅਹਿਲ ਪ੍ਰਧਾਨ ਪਿਛੇ ਖੜ੍ਹੇ ਹੋ ਜਾਣਾ ਆਪਣੀ ਕਹਾਣੀ ਆਪ ਕਹਿੰਦਾ ਹੈ।

ਇਹ ਸੱਜਣ ਲੌਂਗੋਵਾਲ ਦੀ ਹਿਫਾਜ਼ਤ ਵਿੱਚ ਡਟੇ ਰਹੇ, ਜਾਂ ਇਉਂ ਆਖੀਏ ਕਿ ਇਹ ਲੌਂਗੋਵਾਲ ਨੂੰ ਸੰਤ ਜਰਨੈਲ ਸਿੰਘ ਦੇ ਮੁਕਾਬਲੇ ਦਾ ਖਾੜਕੂ ਸਿੱਧ ਕਰਕੇ ਓਸਦਾ ਮਨੋਬਲ ਉੱਚਾ ਕਰਦੇ ਰਹੇ ਤਾਂ ਕਿ ਉਹ ਹੌਂਸਲੇ ਨਾਲ ਕੌਮੀ ਸਰੋਕਾਰਾਂ ਨੂੰ ਅੱਖੋਂ ਪਰੋਖੇ ਕਰ ਸਕੇ। ਬੀਬੀ ਨਿਰਲੇਪ ਕੌਰ ਨੇ ਇੱਕ ਵਾਰੀ ਲੌਂਗੋਵਾਲ ਉੱਤੇ ਟਿਪਣੀ ਕੀਤੀ ਸੀ: 'ਇਹ ਸਾਧ ਤਾਂ ਆਲੂਆਂ ਦੀ ਬੋਰੀ ਹੈ ਅਤੇ ਓਨੀਂ ਦੇਰ ਹੀ ਖੜ੍ਹਾ ਰਹਿ ਸਕਦਾ ਹੈ ਜਿੰਨੀ ਦੇਰ ਏਸ ਨੂੰ ਸਹਾਰਾ ਦੇ ਕੇ ਕੁਈ ਖੜ੍ਹਾ ਰੱਖ ਸਕੇ'। ਸੰਤ ਜਰਨੈਲ ਸਿੰਘ ਉਹਨਾਂ ਹਾਲਤਾਂ ਵਿੱਚ ਪੰਥਕ ਸਰੋਕਾਰਾਂ ਦਾ ਥੰਮ੍ਹ ਸੀ। ਏਸ ਪੜਾ ਤੱਕ ਓਸਦਾ ਆਪਣਾ ਕੁਈ ਸਿਆਸੀ ਨਿਸ਼ਾਨਾ ਨਹੀਂ ਸੀ। ਉਹ ਕੇਵਲ ਇਹ ਚਾਹੁੰਦਾ ਸੀ ਕਿ ਕੁਈ ਢਿੱਲਾ-ਮੱਠਾ ਸਮਝੋਤਾ ਕਰ ਕੇ ਅਕਾਲੀ ਦਲ ਕੌਮ ਦੀ ਹੇਠੀ ਨਾ ਕਰਵਾਵੇ। ਏਸ ਸੰਦਰਭ ਵਿੱਚ ਲੌਂਗੋਵਾਲ ਚਾਹੁੰਦਾ ਸੀ ਕਿ ਸੰਤ ਨੂੰ ਸਿਆਸਤ ਤੋਂ ਕੋਰਾ, ਡਰੂ ਬਿਰਤੀ ਦਾ ਧਾਰਨੀ, ਲੜਾਈ ਦੇ ਮੈਦਾਨ ਵਿੱਚ ਨਾ ਨਿੱਤਰ ਸਕਣ ਵਾਲਾ ਅਤੇ ਸਿਧਾਂਤ ਤੋਂ ਅਣਭਿੱਜ ਸਾਬਤ ਕਰਕੇ ਲੋਕ ਮਨਾਂ ਨਾਲੋਂ ਨਿਖੇੜ ਦਿੱਤਾ ਜਾਵੇ। ਓਸੇ ਵੇਲੇ ਸਾਡੇ ਬੱਬਰ ਭਲਵਾਨ ਲੌਂਗੋਵਾਲ ਦੇ ਨਪਾਕ ਮਨਸੂਬਿਆਂ ਨੂੰ ਸਿਰੇ ਲਾਉਣ ਲਈ ਤਰਲੋ-ਮੱਛੀ ਹੋ ਰਹੇ ਸਨ। ਇਹਨਾਂ ਦੀ ਸਿਆਸਤ ਦੇ ਓਸ ਅਹਿਮ ਮੋੜ ਉੱਤੇ ਏਹੋ ਚਰਮ ਸੀਮਾ ਸੀ। ਖਾੜਕੂ ਲਹਿਰ ਦਾ ਅਸਲ ਮੋਢੀ ਭਾਈ ਫੌਜਾ ਸਿੰਘ ਤਾਂ ਆਪਣੀ ਸ਼ਹੀਦੀ ਤੱਕ ਸੰਤਾਂ ਨਾਲ ਕਦਮ ਮਿਲਾਕੇ ਚਲਦਾ ਰਿਹਾ ਸੀ।

ਸ਼ਇਦ ਇਹ ਵੀ ਕਦੇ ਪਤਾ ਲੱਗ ਸਕੇ ਕਿ ਇਹਨਾਂ ਸਾਦਾ ਦਿਲ ਗੱਭਰੂਆਂ ਨੂੰ ਲੌਂਗੋਵਾਲ ਦੀ ਫ਼ਰਮਾਬਰਦਾਰੀ ਦੇ ਰਾਹ ਉੱਤੇ ਤੋਰਨ ਲਈ ਕਉਣ ਜ਼ਿੰਮੇਵਾਰ ਸੀ। ਓਸ ਬਿਖੜੇ ਸਮੇਂ ਇਹਨਾ ਦਾ ਸੰਤ ਜਰਨੈਲ ਸਿੰਘ ਨਾਲ ਨਾ-ਜਾਇਜ਼ ਖਹਿਬੜਨਾ ਬਹੁਤ ਗੰਭੀਰ ਰੂਪ ਧਾਰ ਗਿਆ ਸੀ। ਸੰਤ, ਆਪਣੇ ਜਥੇ ਸਮੇਤ ਗੁਰੂ ਨਾਨਕ ਨਿਵਾਸ ਵਿੱਚ ਰਹਿੰਦੇ ਸਨ, ਬੱਬਰ ਖਾਲਸਾ ਅਕਾਲ ਰੈਸਟ ਹਾਉਸ ਵਿੱਚ, ਜਿੱਥੇ ਇਹਨਾ ਕੋਲ 20 ਕਮਰੇ ਸਨ ਅਤੇ ਸੰਤਾਂ ਦੇ ਜਥੇ ਦੇ ਸੁਜਾਨ ਸਿੰਘ ਅਤੇ ਉੱਜਲ ਸਿੰਘ ਕੋਲ ਵੀ ਦੋ ਕਮਰੇ ਸਨ। ਅਕਾਲੀ ਦਲ ਦੇ ਪੁਆੜੇ ਹੱਥੇ ਸਕੱਤਰ ਗੁਰਚਰਨ ਸਿੰਘ ਦੀ ਚੁੱਕ ਉੱਤੇ ਕਿਸੇ ਡੂੰਘੀ ਰਾਜਨੀਤੀ ਦੇ ਮੁਹਰੇ ਬਣਕੇ, ਬੱਬਰਾਂ ਨੇ ਸੰਤ ਨੂੰ ਗੁਰੂ ਨਾਨਕ ਨਿਵਾਸ ਵਿੱਚੋਂ ਕੱਢਣ ਦੀ ਠਾਣ ਲਈ। ਇਹਨਾਂ ਦਾ ਖਿਆਲ ਸੀ ਕਿ ਕਿਸੇ ਘੱਟ ਆਵਾਜਾਈ ਵਾਲੀ ਥਾਂ ਉੱਤੇ ਸੰਤ ਨੂੰ ਧੱਕ ਕੇ ਓਸਦੀ ਅਹਿਮੀਅਤ ਨੂੰ ਘਟਾਇਆ ਜਾ ਸਕਦਾ ਹੈ। ਏਸ ਨੀਅਤ ਨਾਲ ਇਹਨਾਂ ਸੰਤ ਅਤੇ ਟਕਸਾਲ ਦੇ ਵਿਰੁੱਧ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਜਿਸਦਾ ਮਨੋਰਥ ਸੰਤ ਨੂੰ ਬਦਨਾਮ ਕਰਨਾ ਅਤੇ ਸੰਗਤ ਦੀਆਂ ਨਿਗਾਹਾਂ ਵਿੱਚੋਂ ਡੇਗਣਾ ਸੀ। ਇਹਨਾਂ ਦਾ ਇਹ ਪ੍ਰਚਾਰ ਲੌਂਗੋਵਾਲ ਦੇ ਨਾਪਾਕ ਮਨਸੂਬਿਆਂ ਦੀ ਪ੍ਰੋਢਤਾ ਕਰਦਾ ਸੀ।

ਬੱਬਰਾਂ ਨੇ ਇਕ-ਵਰਕੀ ਜਿਹੀ ਨਿਹਾਇਤ ਹਲਕੇ ਕਾਗਜ਼ ਉੱਤੇ ਛਾਪ ਕੇ ਵੰਡੀ। ਏਸ ਵਿੱਚ ਸੰਤ ਨੂੰ ਕਈ ਅੱਟਪਏ ਸਵਾਲ ਪੁੱਛੇ ਗਏ ਸਨ। ਅੱਠ ਸਵਾਲਾਂ ਰਾਹੀ ਸੰਤ ਉੱਤੇ ਦੋਸ਼ ਲਾਇਆ ਗਿਆ ਕਿ ਓਸਨੇ 1978 ਵਿੱਚ ਅਰਦਾਸ ਕਰਕੇ ਵੀ ਫੌਜਾ ਸਿੰਘ ਦਾ (13 ਅਪ੍ਰੈਲ ਨੂੰ) ਸਾਥ ਨਹੀਂ ਸੀ ਦਿੱਤਾ ਅਤੇ ਉਹ ਚੰਦੋ ਕਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਤੇ ਧਾਰਮਿਕ ਕਿਤਾਬਾਂ ਨੂੰ ਛੱਡ ਕੇ ਭਜ ਆਇਆ ਸੀ। ਸੰਤ ਨੇ ਹਰਮਿੰਦਰ ਸਿੰਘ ਸੰਧੂ ਅਤੇ ਰਛਪਾਲ ਸਿੰਘ (ਨਿਜੀ ਸਹਾਇਕ) ਦੇ ਵਿਆਹ ਅਕਾਲ ਤਖ਼ਤ ਉੱਤੇ (ਅਸਲ ਵਿੱਚ ਗੁਰੂ ਰਾਮਦਾਸ ਲੰਗਰ ਹਾਲ ਦੀ ਉਪਰਲੀ ਛੱਤ 'ਤੇ ਅਨੰਦ ਕਾਰਜ ਹੋਏ ਸਨ) ਸਪੰਨ ਕਰਵਾਏ ਸਨ ਇਹ ਵੀ ਇੱਕ ਦੋਸ਼ ਗਿਣਿਆ ਗਿਆ ਸੀ। ਆਖਿਆ ਗਿਆ ਕਿ ਰਾਜਿੰਦਰ ਸਿੰਘ ਮਹਿਤਾ ਨੂੰ ਓਸਨੇ ਗਊਆਂ ਦੇ ਸਿੰਗ ਸੁੱਟਣ ਦੇ ਮਸਲੇ ਵਿੱਚੋਂ ਸਰਕਾਰ ਨਾਲ ਮਿਲਕੇ ਸੰਤਾਂ ਨੇ ਬਰੀ ਕਰਵਾਇਆ ਸੀ । ਓਸ ਨਾਲ ਸਬੰਧਤ ਸਿੱਖ ਸਟੂਡੰਟ ਫੈਡਰੇਸ਼ਨ ਉੱਤੇ ਦੋਸ਼ ਲੱਗੇ ਕਿ ਉਹ ਸਰਾਂ ਦੇ ਕਮਰਿਆਂ ਵਿੱਚ ਸ਼ਰਾਬ ਪੀਂਦੇ ਹਨ ਅਤੇ ਤਸਕਰੀ ਕਰਦੇ ਹਨ। (ਉਹਨੀਂ ਦਿਨੀਂ ਹਰਮਿੰਦਰ ਸਿੰਘ ਸੰਧੂ ਨੇ ਮੈਨੂੰ ਦੱਸਿਆ ਸੀ ਕਿ ਓਸਨੇ ਤਸਕਰਾਂ ਨੂੰ ਹਥਿਆਰ ਖਰੀਦਣ ਦੀ ਨੀਯਤ ਨਾਲ ਨਾਨਕ ਵਿਵਾਸ ਬੁਲਾਇਆ ਸੀ ਅਤੇ ਓਹਨਾਂ ਨੂੰ ਓਥੇ ਮੀਟ ਨਾਲ ਰੋਟੀ ਖਵਾਈ ਸੀ। ਓਸਨੇ ਸੰਤਾ ਦਾ ਗੁੱਸਾ ਠੰਡਾ ਕਰਨ ਲਈ ਇਹ ਕਹਿੰਦਿਆਂ ਮੇਰੀ ਮਦਦ ਮੰਗੀ ਸੀ, 'ਇਹ ਤਸਕਰ ਬ੍ਰਹਮ-ਗਿਆਨੀ ਤਾਂ ਹੁੰਦੇ ਨਹੀਂ। ਇਹਨਾਂ ਨਾਲ ਵਰਤਣ ਲਈ ਕੁਝ ਹਰਬੇ, ਫਰੇਬ ਵੀ ਕਰਨੇ ਪੈਂਦੇ ਹਨ।)

ਕਿਉਂਕਿ ਬੱਬਰਾਂ ਨੇ ਇਹ ਰੁੱਖ ਓਦੋਂ ਅਪਣਾਇਆ ਸੀ ਜਦੋਂ ਲੌਂਗੋਵਾਲ ਸੰਤ ਭਿੰਡਰਾਂਵਾਲੇ ਨਾਲ ਆਪਣੇ ਮਤ-ਭੇਦਾਂ ਦੀ ਗੱਲ ਸ਼ਰ੍ਹੇਆਮ ਨਸ਼ਰ ਕਰ ਚੁੱਕਿਆ ਸੀ, ਏਸ ਲਈ ਉਹਨਾਂ ਨੂੰ ਲੌਂਗੋਵਾਲ ਦੇ ਹੱਥ-ਠੋਕੇ ਅਤੇ ਸੰਤ ਦੇ ਵਿਰੋਧੀ ਜਾਣਿਆ ਗਿਆ ਸੀ। ਸੰਤ ਵਿਰੁੱਧ ਇਹਨਾਂ ਦਾ ਵੱਡਾ ਕਾਰਨਾਮਾ 1983 ਨਵੰਬਰ ਅੱਧ ਵਿੱਚ ਵਾਪਰਿਆ ਜਦੋਂ ਕਿ ਇਹਨਾਂ ਅਕਾਲ ਰੈਸਟ ਹਾਊਸ ਛੱਡ ਕੇ ਗੁਰੂ ਨਾਨਕ ਨਿਵਾਸ, ਸੰਤਾਂ ਦੇ ਜਥੇ ਕੋਲੋਂ ਦੋ ਕਮਰੇ ਜਬਰੀ ਖਾਲੀ ਕਰਵਾ ਕੇ ਆ ਡੇਰੇ ਲਾਏ ਸਨ। ਇਹ ਕਾਰਵਾਈ ਵੀ ਲੌਂਗੋਵਾਲ ਦੀ ਸ਼ਹਿ ਉੱਤੇ ਹੋਈ ਸੀ ਅਤੇ ਸੁਲ੍ਹਾ ਸਫਾਈ ਲਈ ਗਏ ਬਾਬਾ ਠਾਰ੍ਹਾ ਸਿੰਘ ਨੂੰ ਲੌਂਗੋਵਾਲ ਨੇ ਝੂਠਾ ਆਖ ਦਿੱਤਾ ਸੀ ਕਿ ਬੱਬਰਾ ਉੱਤੇ ਓਸਦਾ ਕੁਈ ਕੁੰਡਾ ਨਹੀਂ ਏਸ ਲਈ ਉਹ ਸੁਲਹ ਕਰਵਾਉਣ ਤੋਂ ਅਸਮਰੱਥ ਹੈ। ਨਤੀਜੇ ਵਜੋਂ ਸੰਤ ਅਤੇ ਟਕਸਾਲੀ ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖ਼ਤ ਸਾਹਿਬ ਦੇ ਨੇੜੇ ਬਣੇ ਕਮਰਿਆਂ ਵਿੱਚ ਜਾ ਕੇ ਰਹਿਣ ਲੱਗ ਪਏ ਸਨ। ਏਸ ਸਿਆਣਪ ਰਾਹੀਂ ਸੰਤ ਨੇ ਬੱਬਰਾਂ ਅਤੇ ਟਕਸਾਲ ਵਿੱਚ ਹੋਣ ਦੇ ਕਿਨਾਰੇ ਖੜ੍ਹੀ ਖਾਨਾਜੋਗੀ ਨੂੰ ਵਾਪਰਨ ਤੋਂ ਬਚਾ ਲਿਆ ਸੀ। ਓਸ ਨਾਜ਼ੁਕ ਸਮੇ ਮਾਮੂਲੀ ਮਤਭੇਦਾਂ ਨੂੰ ਆਪਸੀ ਮਾਰਕਾਟ ਦਾ ਕਾਰਣ ਬਣਨ ਦੇਣ ਤੱਕ ਪਹੁੰਚਾ ਦੇਣਾਂ ਵੀ ਬੱਬਰਾਂ ਦੀ ਸਿਆਸੀ ਕੰਗਾਲੀ ਵੱਲ ਇਸ਼ਾਰਾ ਕਰਦਾ ਹੈ।

ਏਸ ਸਮੇਂ ਤੋਂ ਲੈ ਕੇ ਅੰਤ (ਜੂਨ 1984) ਤੱਕ ਬੱਬਰਾਂ ਨੇ ਸੰਤ ਨਾਲ ਪੂਰੀ ਦੂਰੀ ਬਣਾਈ ਰੱਖੀ। ਓਹਨਾਂ ਨੇ ਸੰਤ ਅਤੇ ਓਸਦੇ ਸਾਥੀਆਂ ਨੂੰ ਨੀਵਾਂ ਵਖਾਉਣ ਦੀ ਯੁਧਨੀਤੀ ਅਪਣਾਈ ਰੱਖੀ। ਆਖਰ ਓਹ ਦਿਨ ਆ ਪਹੁੰਚਿਆਂ ਜਦੋਂ ਕਿ ਦਾਗੇ ਹੋਏ, ਲਾਲ ਰੰਗ ਨਾਲ ਰੰਗੇ ਹੋਇਆਂ ਨੇ ਰਣ ਵਿੱਚ ਜੂਝਣਾ ਸੀ। ਅਫ਼ਸੋਸ ਨਾਲ ਆਖਣਾ ਪੈਂਦਾ ਹੈ ਕਿ ਓਸ ਦਿਨ ਨੇ ਬੱਬਰਾਂ ਨੂੰ ਕੰਧ ਵਿੱਚ ਪਾੜ ਲਾ ਕੇ ਹਰਨ ਹੁੰਦਿਆਂ ਵੇਖਿਆ। ਇਹ ਕਹਿਣਾ ਬਿਲਕੁਲ ਗਲ਼ਤ ਹੋਵੇਗਾ ਕਿ ਬੱਬਰਾਂ ਨੂੰ ਵੀ ਓਥੇ ਲੜ ਕੇ ਸ਼ਹੀਦ ਹੋ ਜਾਣਾ ਚਾਹੀਦਾ ਸੀ। ਇਹ ਦੁਸ਼ਮਣ ਦੀ ਚਾਲ ਵਿੱਚ ਫਸ ਜਾਣ ਤੁਲ ਸੀ। ਪਰ ਇਹ ਵੀ ਕੁਥਾਂ ਨਹੀਂ ਕਿ ਉਹ ਅਜੇਹੇ ਸਾਰਥਕ ਤਰਕ ਦੀ ਓਟ ਲੈਣ ਦਾ ਅਧਿਕਾਰ ਗਵਾ ਚੁੱਕੇ ਸਨ। ਸੰਤ ਨੂੰ ਚੰਦੋਂ ਕਲਾਂ ਵਿੱਚੋਂ ਵਾਪਸ ਆ ਜਾਣ ਦਾ ਅਤੇ ਭਾਈ ਫੌਜਾ ਸਿੰਘ ਨਾਲ ਨਾ ਤੁਰਨ ਦਾ ਮਿਹਣਾ ਦੇ ਕੇ ਉਹ ਦਰਬਾਰ ਨੂੰ ਦੁਸ਼ਮਣ ਦੇ ਰਹਿਮੋ-ਕਰਮ ਉੱਤੇ ਛੱਡ ਕੇ ਜਾਣ ਦੇ ਕਾਬਲ ਨਹੀਂ ਸੀ ਰਹੇ। ਓਦੋਂ ਤਾਂ ''ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ'' ਵਾਲੀ ਹਾਲਤ ਬਣ ਚੁੱਕੀ ਸੀ। ਦਰਬਾਰੋਂ ਓਸ ਸਮੇਂ ਜਾਣ ਨੂੰ ਉਹਨਾਂ ਦੀ ਕਾਇਰਤਾ ਦਾ ਸਬੂਤ ਮੰਨਣਾ ਤਾਂ ਵੱਡੀ ਹਮਾਕਤ ਹੈ ਕਿਉਂਕਿ ਉਹਨਾਂ ਬਾਕੀ ਸਮੇਂ ਚੰਗਾ ਜੁਝਾਰੂ ਰੁੱਖ ਅਖਤਿਆਰ ਕੀਤਾ ਸੀ। ਪਰ ਏਸ ਨੂੰ ਉਹਨਾਂ ਦੀ ਇਖਲਾਕੀ ਕਚਿਆਈ ਅਤੇ ਸਿਆਸੀ ਅਲ੍ਹੜਪੁਣਾ ਤਸੱਵਰ ਕਰਨਾ ਜਾਇਜ਼ ਹੀ ਜਾਪਦਾ ਹੈ।

ਇਹਨਾਂ ਦੇ ਬਾਅਦ ਦੇ ਵਰਤਾਰੇ ਵਿੱਚ ਇਹ ਦੋਵੇਂ ਅਲਾਮਤਾਂ ਕੌਮੀ ਸੰਘਰਸ਼ ਦੇ ਘਾਣ ਦਾ ਵੱਡਾ ਕਾਰਣ ਬਣੀਆਂ। ਇਹਨਾਂ ਕਮਜ਼ੋਰੀਆਂ ਤੋਂ ਪੈਦਾ ਹੋਏ ਬੱਬਰਾਂ ਦੇ ਵਰਤਾਰੇ ਦੀਆਂ ਪ੍ਰਮੁੱਖ ਤੰਦਾਂ ਜੱਗ ਜ਼ਾਹਰ ਹਨ। ਲੜਾਈ ਦੇ ਮੈਦਾਨ ਵਿੱਚ ਉਤਰਨ ਸਮੇ ਸੂਰਬੀਰ ਵੱਡੇ ਵਜਦ ਵਿੱਚ ਹੁੰਦਾ ਹੈ। ਓਸਨੂੰ ਤੇਗ਼ਾਂ ਦੇ ਨਾਦ, ਗੋਲੀਆਂ ਦੇ ਤਾਲ ਤੋਂ ਬਿਨਾਂ ਕੁਈ ਨਿੱਕੀ-ਮੋਟੀ ਗੱਲ ਪੋਂਹਦੀ ਨਹੀਂ। ਇਹ ਸਿੱਖ ਕੌਮ ਦਾ ਸਦੀਆਂ ਦਾ ਇਤਿਹਾਸ ਦੱਸਦਾ ਹੈ, ਜਿਸਦੇ ਲੱਖਾਂ ਸੂਰਮੇ ਗਵਾਹ ਹਨ। ਸਿਆਸੀ ਅਲ੍ਹੜਪੁਣੇ ਕਾਰਣ ਹੀ ਬੱਬਰ ਅਤੇ ਹੋਰ ਖਾੜਕੂ ਰਣਭੇਰੀਆਂ, ਦਮਾਮਿਆਂ ਦੇ ਵੱਜਦਿਆਂ ਵੀ ਸਮਾਜ ਸੁਧਾਰ ਦੀਆਂ ਤੂਤੀਆਂ ਵੱਲ ਕੰਨ ਦਿੰਦੇ ਰਹੇ।

ਉਹਨੀਂ ਦਿਨੀਂ ਮੈਨੂੰ ਸਿੱਖ ਨੈਸ਼ਨਲ ਕੌਲਿਜ, ਬੰਗੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਓਸ ਦਾ ਭਰਪੂਰ ਫਾਇਦਾ ਉਠਾਉਂਦਿਆਂ ਏਸ ਸ੍ਵੈ-ਵਿਰੋਧੀ ਵਰਤਾਰੇ ਵੱਲ ਸਭ ਦਾ ਧਿਆਨ ਦਵਾਇਆ। ਔਰਤਾਂ ਮਨੁੱਖ ਦੇ ਜਨਮ ਤੋਂ ਹੀ ਹਾਰ ਸ਼ਿੰਗਾਰ ਦੀਆਂ ਸ਼ੌਕੀਨ ਰਹੀਆਂ ਹਨ। ਜਦੋਂ ਕੁਝ ਨਹੀਂ ਸੀ ਓਦੋਂ ਉਹ ਚਮਕੀਲੇ ਪੱਥਰਾਂ ਅਤੇ ਜਾਨਵਰਾਂ ਦੀਆਂ ਹੱਡੀਆਂ ਨੂੰ ਪ੍ਰੋ ਕੇ ਆਪਣੇ ਸੁਹਪਣ ਵਿੱਚ ਵਾਧਾ ਕਰਦੀਆਂ ਸਨ। ਪੈਂਤੀ ਸੌ ਸਾਲ ਪਹਿਲਾਂ ਦੇ ਮਿਸਰ ਦੀਆਂ ਕਬਰਾਂ (ਪਿਰਾਮਿੱਡ) ਵਿੱਚ ਉਕਰੀਆਂ ਤਸਵੀਰਾਂ ਤੋਂ ਅਸੀਂ ਜਾਣਦੇ ਹਾਂ ਕਿ ਭਾਂਤ-ਭਾਂਤ ਦੇ ਗਹਿਣੇ ਪਹਿਨਣਾ ਔਰਤਾਂ ਦਾ ਮਨਭਾਉਣਾ ਸ਼ੌਕ ਰਿਹਾ ਹੈ। ਔਰਤਾਂ ਨੂੰ ਹਾਰ ਸ਼ਿੰਗਾਰ ਤੋ ਵਰਜਣਾਂ ਉਹਨਾਂ ਨੂੰ ਕਿਸੇ ਖਾਸ ਕਿਸਮ ਦੇ ਕਪੜੇ ਪਹਿਨਣ ਲਈ ਮਜਬੂਰ ਕਰਨ ਆਦਿ ਨੂੰ ਯੁੱਧ-ਨੀਤੀ ਦਾ ਹਿੱਸਾ ਬਣਾਉਣਾਂ ਨਿਹਾਇਤ ਘੋਰ ਅਗਿਆਨ ਦਾ ਪ੍ਰਗਟਾਵਾ ਸੀ। ਮਨੋਵਿਗਿਆਨਕ ਪੱਖੋਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਜਦੋਂ ਮਾਂ ਦੇ ਚਰਨ ਸਪਰਸ਼ ਕਰਕੇ 'ਹੰਝੂਆਂ ਵਾਲੀ' ਤੋਂ ਵਾਗਾਂ ਛੁਡਾ ਕੇ ਸੂਰਮਾ ਜੰਗ ਵਿੱਚ ਉਤਰਦਾ ਹੈ ਤਾਂ ਉਹ ਇੱਕ ਪਲ ਲਈ ਵੀ ਜੁਲਫਾਂ ਦੇ ਜਾਲ ਵਿੱਚ ਨਹੀਂ ਉੱਲਝਦਾ।

ਗੁਰਬਾਣੀ ਦੇ ਡੂੰਘੇ ਰਹੱਸ ਤੋਂ ਅਣਭਿਜ ਹੀ ਕੁਈ ਵਿਆਹ ਸ਼ਾਦੀਆਂ ਵਿੱਚ ਮਾਸ ਦੀ ਵਰਤੋਂ ਵਿਰੁੱਧ ਫਤਵੇ ਦੇ ਸਕਦਾ ਹੈ। ''ਜੇਤੇ ਦਾਣੇ ਅੰਨ ਕੇ, ਜੀਆ ਬਾਝ ਨ ਕੋਇ'' ਗੁਰੂ ਹਜ਼ੂਰ ਦੇ ਮਹਾਂਵਾਕ ਹਨ ਅਤੇ ਉਹਨਾਂ ਨੂੰ ਵੀ ਸਮਝ ਆਉਣੇ ਚਾਹੀਦੇ ਹਨ ਜਿਨ੍ਹਾਂ ਨੂੰ ''ਮਾਸ ਮਾਸ ਕਰ ਮੂਰਖ ਝਗੜੇ'' ਅਤੇ ''ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ'' ਦੀ ਸੋਝੀ ਨਹੀਂ ਪੈਂਦੀ। ਏਸ ਨਿਗੂਣੇ ਆਧਾਰ ਉੱਤੇ ਲੋਕ ਸਮਰਥਨ ਨੂੰ ਵਗਾਹ ਕੇ ਮਾਰਨਾ ਉੱਕਾ ਸਿਆਣਪ ਨਹੀਂ ਸੀ। ਸ਼ਾਇਦ ਬਰਾਤ ਦੀ ਨਫਰੀ ਨਿਰਧਾਰਿਤ ਕਰਨ ਦਾ ਕੰਮ ਵੀ ਪੰਥਕ ਕਮੇਟੀ ਜਾਂ ਸਹਯੋਗੀ ਬੱਬਰਾਂ ਦਾ ਨਹੀਂ ਸੀ ਬਲਕਿ ਲੋਕਾਂ ਨੂੰ ਅਜੇਹੇ ਫੈਸਲੇ ਆਪੇ ਕਰਨ ਲਈ ਉਤਸ਼ਾਹ ਦੇਣਾ ਹੀ ਵੱਡੀ ਸੇਵਾ ਸੀ।

ਖਾੜਕੂ ਦੌਰ ਵਿੱਚ ਉਹ ਸਮਾਂ ਵੀ ਆਇਆ ਜਦੋਂ ਸ਼ੱਕ ਦੀ ਨੀਂਹ ਉੱਤੇ ਉਸਾਰੇ ਤੌਖ਼ਲਿਆ ਨੂੰ ਆਹੂਤੀ ਦੇਣ ਲਈ ਆਪਣੇ ਤੋਂ ਵੱਖ ਦਿਸਦੇ ਆਪਣੇ ਭਰਾਵਾਂ ਨੂੰ ਹੀ ਕਤਲ ਕਰ ਦਿੱਤਾ ਗਿਆ। ਭੁਪਿੰਦਰ ਸਿੰਘ ਲੌਂਗੀਆਂ ਇੱਕ ਅਜੇਹਾ ਸਾਊ ਮਨੁੱਖ ਸੀ ਜਿਸਨੂੰ ਆਪਣਿਆਂ ਹੀ ਬੇ-ਕਿਰਕ ਹੋ ਕੇ ਕੁਹ ਸੁੱਟਿਆ ਸੀ। ਮੈਂ ਓਸਨੂੰ ਜਾਣਦਾ ਸਾਂ ਅਤੇ ਮੇਰੀ ਸਮਝ ਅਨੁਸਾਰ ਉਹ ਇੱਕ ਨਿਸ਼ਕਾਮ ਸੇਵਕ ਸੀ। ਅਜੇਹੇ ਗੱਭਰੂ ਦਾ ਕਤਲ ਇੱਕ ਵੱਡਾ ਹਾਦਸਾ ਸੀ ਜਿਵੇਂ ਹਰਮਿੰਦਰਸਿੰਘ ਸੰਧੂ ਅਤੇ ਬਲਦੇਵ ਸਿੰਘ ਲੰਗ ਵਰਗੇ ਦਰਵੇਸ਼ ਦਾ ਕਤਲ ਸੀ। ਲੌਂਗੀਆ ਦੇ ਜ਼ਾਲਮਾਨਾ ਕਤਲ ਤੋਂ ਬਾਅਦ ਫਤਵਾ ਜਾਰੀ ਕੀਤਾ ਗਿਆ ਸੀ ਕਿ ਓਸਦੇ ਭੋਗ ਉੱਤੇ ਕੁਈ ਨ ਜਾਵੇ 'ਨਹੀਂ ਤਾਂ.........'। ਏਸਨੂੰ ਕਤਲ ਤੋਂ ਵੀ ਵੱਡਾ ਧੱਕਾ ਮੰਨਣਾ ਯੋਗ ਹੈ। ਅਜੇਹੇ ਕਤਲਾਂ ਨੇ ਜੋ ਸਵਾਲ ਖੜ੍ਹੇ ਕੀਤੇ ਸਨ ਉਹਨਾਂ ਦੇ ਜੁਆਬ ਦਿੱਤੇ ਬਿਨਾਂ ਕਿਸੇ ਕੌਮ ਦਾ ਕੁਈ ਸੰਘਰਸ਼ ਅਗਾਂਹ ਨਹੀਂ ਵਧਇਆ ਜਾ ਸਕਦਾ।

ਮੈਂ ਲੌਂਗੀਏ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਇਆ ਸੀ। ਮੈਂ ਪਹਿਲਾ ਸਵਾਲ ਉਠਾਇਆ ਕਿ ਓਸਨੂੰ ਕਿਸ ਜ਼ੁਰਮ ਅਧੀਨ ਕਤਲ ਕੀਤਾ ਗਿਆ? ਕਿਸ ਨਿਆਂਇਕ ਪ੍ਰਕਿਰਿਆ ਵਿੱਚੋਂ ਲੰਘ ਕੇ ਓਸਨੂੰ ਸਜਾਏ-ਮੌਤ ਦਿੱਤੀ ਗਈ? ਪੁਰਾਤਨ ਸਿੰਘ-ਰੀਤ ਸੀ ਕਿ ਦੁਪਹਿਰ ਦੇ ਦੀਵਾਨ ਵਿੱਚ, ਸ਼ਰਦਈ ਛਕਣ ਵੇਲੇ, ਪ੍ਰਸ਼ਾਸਕੀ ਅਤੇ ਨਿਆਂਇਕ ਮਸਲਿਆਂ ਉੱਤੇ ਵਿਚਾਰ ਕੀਤਾ ਜਾਂਦਾ ਸੀ। ਓਸ ਵੇਲੇ ਗਵਾਹੀਆਂ ਲੈ ਕੇ ਮੁਕੰਮਲ ਘੋਖ ਕੀਤੀ ਜਾਂਦੀ ਸੀ। ਜੇ ਕਿਸੇ ਨੂੰ ਮੌਤ ਦੀ ਸਜ਼ਾ ਦਾ ਹੱਕਦਾਰ ਪਾਇਆ ਜਾਂਦਾ ਸੀ ਤਾਂ ਨਿਆਂ ਪ੍ਰਣਾਲੀ ਨਾਲ ਸਬੰਧਤ ਸਰਦਾਰ (ਜੱਜ) ਓਸ ਵੱਲ ਸ਼ਰਦਈ ਦੇ ਫੋਗ ਦੇ ਗੋਲੇ ਬਣਾ ਕੇ ਸੁੱਟਦੇ ਸਨ ਅਤੇ ਸੰਗਤ ਦਾ ਰੁਝਾਨ ਵੇਖ ਕੇ ਅੰਤਮ ਗੋਲਾ ਸਭਾ ਦਾ ਪ੍ਰਮੁੱਖ (ਸਿਆਸੀ ਆਗੂ) ਸਰਦਾਰ ਸੁੱਟਦਾ ਸੀ। ਓਸਤੋਂ ਬਾਅਦ ਦੋਖੀ ਨੂੰ ਖ਼ਤਮ ਕਰਨ ਵਾਸਤੇ ਜਥੇ ਬਣਾਏ ਜਾਂਦੇ ਸਨ, ਜ਼ਿੰਮੇਵਾਰੀਆਂ ਲਗਦੀਆਂ ਸਨ। ਇਉਂ ਇਹ ਗਹਿਰ ਗੰਭੀਰ ਜ਼ਿੰਮੇਵਾਰੀ ਨਿਭਾਈ ਜਾਂਦੀ ਸੀ। ਪਰ ਖਾੜਕੂ ਚੜ੍ਹਤ ਦੌਰਾਨ ਬੰਦੂਕ ਦੇ ਘੋੜੇ ਉੱਤੇ ਜਿਸਦਾ ਹੱਥ ਸੀ, ਉਹ, ਪੁਲਿਸ ਦੀ ਤਰਜ਼ ਉੱਤੇ, ਆਪੇ ਹੀ ਜੱਜ, ਆਪੇ ਵਕੀਲ ਅਤੇ ਆਪੇ ਜਲਾਦ ਬਣ ਬੈਠਾ ਸੀ। ਏਸ ਵਿੱਚ ਸ਼ੱਕ ਨਹੀਂ ਕਿ ਜਿਨ੍ਹਾਂ ਮੁਆਮਲਿਆਂ ਵਿੱਚ ਵਿਆਪਕ ਕੌਮੀ ਸਹਿਮਤੀ ਹੋ ਜਾਂਦੀ ਸੀ, ਮਸਲਨ ਨਿਰੰਕਾਰੀ ਮੁੱਖੀ ਵਿਰੁੱਧ, ਉਹਨਾਂ ਵਿੱਚ ਅਜੇਹੀ ਰਸਮ ਦੀ ਲੋੜ ਨਹੀਂ ਸੀ। (ਇਕ ਤਰ੍ਹਾਂ ਨਾਲ ਫੋਗ ਦੇ ਗੋਲੇ ਸੁੱਟਣ ਦੀ ਰਸਮ, ਸ਼੍ਰੋਮਣੀ ਕਮੇਟੀ ਦੇ ਸਫੈਦ ਪੱਤਰ ਅਤੇ ਏਸਦੀ ਸਲਾਹ ਨਾਲ ਜਾਰੀ ਹੁਕਮਨਾਮੇ ਰਾਹੀਂ ਪੂਰੀ ਵੀ ਕੀਤੀ ਜਾ ਚੁੱਕੀ ਸੀ।)

ਫੇਰ ਮਸਲਾ ਸੀ ਕਿ ਨਵੀਂ ਬਣੀ ਸਰਕਾਰ ਦੇ ਕਾਨੂੰਨ ਅਨੁਸਾਰ ਕਿਹੜੇ-ਕਿਹੜੇ ਜ਼ੁਰਮ ਸਨ ਜਿਨ੍ਹਾਂ ਲਈ ਸਜਾਏ ਮੌਤ ਦਿੱਤੀ ਜਾ ਸਕਦੀ ਸੀ? ਏਸ ਦਾ ਖੁਲਾਸਾ ਕਿਸੇ ਨੇ ਨਾ ਕੀਤਾ, ਆਮ ਤੌਰ ਉੱਤੇ ਅਜੇਹੇ ਸਮਿਆਂ ਵਿੱਚ ਸਿਰਫ ਗੱਦਾਰ ਅਤੇ ਕਾਤਲ ਨੂੰ ਇਹ ਸਜ਼ਾ ਕਿਸੇ ਵਿੱਧੀ ਵਿਧਾਨ ਅਨੁਸਾਰ ਦਿੱਤੀ ਜਾ ਸਕਦੀ ਹੈ। ਲੌਂਗੀਆ (ਜਾਂ ਹਰਮਿੰਦਰਸਿੰਘ ਸੰਧੂ) ਨਾ ਗਦਾਰ ਸੀ ਨਾ ਕਾਤਲ। ਅੰਤਮ ਰਸਮਾ ਦਾ ਮਸਲਾ ਵੀ ਓਨਾ ਹੀ ਗੰਭੀਰ ਸੀ। ਸਾਹਿਬ ਦਸਵੇਂ ਪਾਤਸ਼ਾਹ ਨੇ ਉਨ੍ਹਾਂ ਨੂੰ ਮਾਰਨ ਆਏ ਮੁਗਲ ਸੈਨਕਾਂ ਦੀਆਂ ਅੰਤਮ ਰਸਮਾ ਉਹਨਾਂ ਦੇ ਧਾਰਮਿਕ ਅਕੀਦਿਆਂ ਅਨੁਸਾਰ ਕਰਵਾਈਆਂ ਸਨ ਅਤੇ ਉਹਨਾਂ ਨੂੰ ਕਿਆਮਤ ਵਾਲੇ ਦਿਨ ਆਪਣੇ ਪੈਗੰਬਰ ਦੇ ਦਰਸ਼ਨ ਕਰਨ ਲਈ ਪਾਕ ਕਰਕੇ ਸਪੁਰਦੇ ਖਾਕ ਕੀਤਾ ਸੀ। ਭੂਪਿੰਦਰ ਸਿੰਘ ਲੌਂਗੀਏ ਨੂੰ ਸ਼ਹੀਦ ਸਾਹਿਬਜ਼ਾਦਿਆਂ ਦੀ ਅਗੰਮੀ ਸਭਾ ਵਿੱਚੋਂ, ਮਾਤਾ ਗੁਜਰੀ ਦੀ ਸੁਖਾਵੀਂ ਗੋਦ ਵਿੱਚੋਂ ਧੋਖੇ ਨਾਲ ਉਠਾ ਕੇ ਕਤਲ ਕਰਕੇ ਓਸਦੀ ਲਾਸ਼ ਨੂੰ ਗੰਨੇ ਦੇ ਖੇਤ ਵਿੱਚ ਸੁੱਟ ਦਿੱਤਾ ਗਿਆ ਸੀ। ਇਹ ਜ਼ੁਲਮ ਤਾਂ ਵਜ਼ੀਰੇ ਨੂੰ ਮਾਤ ਦੇਣ ਦੇ ਰਾਹ ਤੁਰਦਾ ਜਾਪਦਾ ਹੈ। ਜੇ ਇਹ ਏਨੇ ਸੰਵੇਦਨਾਸ਼ੀਲ ਨਹੀਂ ਸਨ ਤਾਂ ਇਹਨਾਂ ਨੂੰ ਕੌਮੀ ਫੈਸਲੇ ਲੈਣ ਦਾ ਕੀ ਅਧਿਕਾਰ ਸੀ?

ਇਹਨਾਂ ਕੋਲ ਕਤਲ ਦੇ ਅਧਿਕਾਰ ਸਨ ਪਰ ਸਿਰਫ ਉਹਨਾਂ ਹਾਲਤਾਂ ਵਿੱਚ ਸਨ ਜਿਨ੍ਹਾਂ ਵਿੱਚ ਨਿਆਂ ਪ੍ਰਣਾਲੀ ਨਿਆਂ ਨਹੀਂ ਕਰਦੀ ਜਾਂ ਕਿਰਿਆਸ਼ੀਲ ਹੀ ਨਹੀਂ ਹੁੰਦੀ। ਏਸ ਗਾਡੀ ਰਾਹ ਕਈ ਖਾੜਕੂ ਮਨੋਬ੍ਰਿਤੀ ਦੇ ਧਾਰਨੀ ਚੱਲੇ ਜਿਨ੍ਹਾਂ ਵਿੱਚੋਂ ਅਸੀਂ ਬੇਅੰਤ ਸਿੰਘ, ਸਤਵੰਤ ਸਿੰਘ, ਸੁਖੇ, ਜਿੰਦੇ ਨੂੰ ਸਿਰਕੱਢ ਜਾਣ ਸਕਦੇ ਹਾਂ। ਬਹੁਤ ਸਾਰਿਆਂ ਨੇ ਸੌਖੀਆਂ ਡੰਡੀਆਂ ਉੱਤੇ ਚਲਕੇ ਸਿਰਫ ਸਸਤੀ, ਛਿਨਭੰਗਰੀ ਝੂਠੀ ਸ਼ੁਹਰਤ ਦਾ ਮੁਕਾਮ ਹੀ ਹਾਸਲ ਕੀਤਾ। ਇਹਨਾਂ ਨੂੰ ਕੌਮੀ ਸ਼ਾਹਰਾਹ ਤੋਂ ਭਟਕੇ ਗਿਣਕੇ ਅੱਗੋਂ ਲਈ ਸਬਕ ਸਿੱਖਣਾ ਜਾਇਜ਼ ਹੈ।

ਵਿਸਲੇਸ਼ਣ ਕਰਨ ਵਾਲਾ ਕੁਈ ਵੀ ਏਸ ਪੱਖੋਂ ਉਦਾਸ ਹੋਏ ਬਿਨਾਂ ਨਹੀਂ ਰਹਿ ਸਕਦਾ ਕਿ ਬੱਬਰਾਂ ਕੋਲ ਖਾਸ ਕਰਕੇ ਅਤੇ ਬਾਕੀ ਖਾੜਕੂਆਂ ਕੋਲ ਪ੍ਰਬੁੱਧ ਸਿਧਾਂਤਕਾਰਾਂ ਦੀ ਘਾਟ ਜਾਂ ਉੱਕਾ ਅਣਹੋਂਦ ਸੀ। ਤਾਹੀਂਏ ਇਹ ਖਾਲਿਸਤਾਨ ਦੇ ਸੰਕਲਪ ਨੂੰ ਲਫਜ਼ਾਂ ਦੀਆਂ ਝਾੜੀਆਂ ਵਿੱਚੋਂ ਬਾਹਰ ਨਾ ਕੱਢ ਸਕੇ। ਆਖਰ ਇਹਨਾਂ ਕੋਲ ਕੀ ਨਹੀ ਸੀ! ਸਾਹਿਬਾਂ ਦਾ ਬਖਸ਼ਸ਼ ਕੀਤਾ ਮਨੁੱਖੀ ਬ੍ਰਾਬਰੀ, ਔਰਤ-ਮਰਦ ਬਰਾਬਰੀ ਦਾ ਸਿਧਾਂਤ ਸੀ, 'ਪੰਥ' ਦਾ ਅਦੁੱਤੀ ਸੰਕਲਪ ਸੀ ਜੋ ਸੰਸਾਰ ਪੱਧਰ ਉੱਤੇ 'ਨੇਸ਼ਨ' ਦੇ ਸਮਾਂ ਵਿਹਾ ਚੁੱਕੇ ਸੰਕਲਪ ਨੂੰ ਰੱਦ ਕਰ ਕੇ ਨਵੇਂ ਨਵੇਲੇ ਰਾਜਪ੍ਰਬੰਧ ਦਾ ਸੁਨੇਹਾ ਦੇਣ ਦੇ ਕਾਬਲ ਸੀ। ਇਹਨਾਂ ਕੋਲ, ਸੀਸ ਭੇਟ, ਸਰਬੱਤ ਦਾ ਭਲਾ, ਦੇਗ਼-ਤੇਗ਼, ਮੀਰੀ-ਪੀਰੀ, ਦੀਨ ਦਾ ਹਿੱਤ, ਅਕਾਲ ਫ਼ਤਹਿ ਸਭ ਸੰਕਲਪ ਸਨ ਜਿਹਨਾਂ ਨੂੰ ਨੀਂਹ ਦੇ ਪੱਥਰ ਬਣਾ ਕੇ ਬੰਦਾ ਸਿੰਘ ਨੇ ਸਿੱਖ ਸਿਆਸਤ ਦਾ, ਆਉਣ ਵਾਲੇ ਸਰਬ-ਸਾਂਝੇ ਸਮਾਜ ਦਾ, ਅਦੁੱਤੀ ਮਹਿਲ ਉਸਾਰਿਆ ਸੀ। ਮਨੁੱਖਤਾ ਦੇ ਉੱਚਤਮ ਆਦਰਸ਼ਾ ਨੂੰ ਪ੍ਰਚਾਰਨ ਲਈ ਨਿਯਮ-ਬੱਧ ਸਿਆਸੀ ਤਨਜ਼ੀਮਾਂ ਉਸਾਰਨ ਦੀ ਸਮਰੱਥਾ ਵੀ ਗੁਰੂ ਸਿਧਾਂਤ ਨੇ ਇਹਨਾਂ ਨੂੰ ਸਾਰੇ ਸੰਸਾਰ ਤੋਂ ਪਹਿਲਾਂ ਪ੍ਰਦਾਨ ਕਰ ਦਿੱਤੀ ਸੀ। ਸਭ ਤੋਂ ਉੱਤੇ ਇਹਨਾਂ ਕੋਲ ਸਰਬ ਫਲ ਦੇਣ ਵਾਲੀ ਕਾਮਧੇਨੂ ਗੁਰਬਾਣੀ ਸੀ ਜਿਸਦੇ ਅਨੇਕਾਂ ਪਹਿਲੂ ਮਨੁੱਖੀ ਜੀਵਨ ਨੂੰ ਸਰਸ਼ਾਰ ਕਰਨ ਦੇ ਸਿਧਾਂਤਾਂ ਨਾਲ ਸ਼ਹਿਦ ਦੇ ਛੱਤਿਆਂ ਵਾਂਗ ਭਰੇ ਹੋਏ ਸਨ। ਕਿਉਂ ਇਹ ਅਤੇ ਇਹਨਾ ਦੇ ਸਿਧਾਂਤਕਾਰ ਸਰਬ ਕਲਿਆਣਕਾਰੀ ਨਵੇਂ ਆਕਰਸ਼ਕ ਸਿਧਾਂਤ ਅਤੇ ਪ੍ਰਣਾਲੀਆਂ ਸਿਰਜ ਕੇ ਮਨੁੱਖਤਾ ਨੂੰ ਨਾ ਲੁਭਾ ਸਕੇ? ਇਹ ਤਾਂ ਕੇਵਲ ਦੋਸ਼ੀਆਂ ਨੂੰ ਸਜ਼ਾ ਦੇ ਕੇ ''ਨਾ ਕੋ ਬੈਰੀ ਨਹੀ ਬਿਗਾਨਾ'' ਦੇ ਪਰਮ-ਪਾਵਨ ਗੁਰਵਾਕ ਉੱਤੇ ਵੀ ਡੱਟ ਕੇ ਪਹਿਰਾ ਨਾ ਦੇ ਸਕੇ। ਆਖਰ ਏਸ ਸਿਧਾਂਤ ਉੱਤੇ ਚੱਲਣ ਲਈ ਕਿੰਨੇ ਕੁ ਬ੍ਰਹਮ ਗਿਆਨ ਦੀ ਲੋੜ ਸੀ?

ਏਸੇ ਤਰ੍ਹਾਂ ਇਹ ਜਾਣਨ ਵਾਸਤੇ ਤਾਂ ਉੱਕਾ ਹੀ ਵਿਸ਼ੇਸ਼ ਬੰਦੋਬਸਤ ਦੀ ਲੋੜ ਨਹੀਂ ਸੀ ਕਿ ਚੋਣ ਪ੍ਰਣਾਲੀ, ਜੋ ਕਿ ਸਾਰੇ ਸੰਸਾਰ ਵਿੱਚ ਰਾਜ ਕਰਨ ਵਾਲੀ ਜਮਾਤ ਦੀ ਨਿਸ਼ਾਨਦੇਹੀ ਕਰ ਰਹੀ ਹੈ, ਓਸ ਤੋਂ ਬਾਹਰ ਰਹਿਣਾ ਤਾਂ ਆਪ ਗ਼ੁਲਾਮੀ ਦੀ ਪੰਜਾਲੀ ਗੱਲ ਪਾ ਲੈਣ ਬਰਾਬਰ ਹੈ। ਬੱਬਰਾਂ ਉੱਤੇ ਅਤੇ ਸਮੁੱਚੇ ਖਾੜਕੂਤੰਤਰ ਉੱਤੇ ਅਤੇ ਉਹਨਾਂ ਦੇ ਸਲਾਹਕਾਰਾਂ ਉੱਤੇ ਵੱਡਾ ਗੰਭੀਰ ਦੋਸ਼ ਲੱਗਦਾ ਹੈ ਕਿ ਆਪਣੀ ਚੜ੍ਹਤ ਦੇ ਦਿਨੀਂ, ਚੋਣ ਵਿਵਸਥਾ ਵਿੱਚੋਂ ਬਾਹਰ ਰਹਿ ਕੇ ਉਹਨਾਂ ਦੁਸ਼ਮਣ ਜਮਾਤ ਦਾ ਪੱਖ ਪੂਰਿਆ। ਇਹ ਛੋਟਾ-ਮੋਟਾ ਇਲਜ਼ਾਮ ਨਹੀਂ ਅਤੇ ਏਸ ਸ਼ੰਕੇ ਦਾ ਨਿਵਾਰਣ ਅਤਿ ਜ਼ਰੂਰੀ ਹੈ। ਏਸ ਕਸਵੱਟੀ ਉੱਤੇ ਲਾਏ ਬਿਨਾਂ ਅਸੀਂ ਆਪਣੇ ਨਾਇਕ, ਮਹਾਂਨਾਇਕ ਨਹੀਂ ਪ੍ਰਵਾਨ ਕਰ ਸਕਦੇ ਨਾ ਆਉਣ ਵਾਲੇ ਸਮੇਂ ਦੀਆਂ ਆਸਾਂ ਦੇ ਕੇਂਦ੍ਰ ਸਥਾਪਤ ਕਰ ਸਕਦੇ ਹਾਂ। ਇੱਕ ਵਾਰ, ਚੋਣ ਬਾਈਕੌਟ ਦੀ ਮੁਹਿੰਮ ਚਲਾ ਰਹੇ ਗੁਰਚਰਨ ਸਿੰਘ ਟੌਹੜਾ ਨੂੰ ਮੈਂ ਓਸਦੀ ਪ੍ਰੈਸ ਕੌਨਫਰੰਸ ਦੌਰਾਨ ਹੀ ਪੁਛਿਆ ਸੀ, ''ਅੱਜ ਦੁਸ਼ਮਣ ਸਮਝੇ ਜਾਣ ਵਾਲੇ ਵੀ ਏਹੋ ਚਾਹੁੰਦੇ ਹਨ ਕਿ ਤੁਸੀਂ ਸੱਤਾ ਤੋਂ ਬਾਹਰ ਰਹੋ, ਅਤੇ ਤੁਸੀ ਵੀ। ਇਹ ਇਕਸਾਰਤਾ ਦਾ ਕੀ ਅਰਥ ਹੈ?' ਟੌਹੜੇ ਨੇ ਆਪਣੇ ਅੰਦਾਜ਼ ਵਿੱਚ ਜੁਆਬ ਦਿੱਤਾ ਸੀ, 'ਉਹ ਕਿਸੇ ਹੋਰ ਦ੍ਰਿਸਟੀਕੋਣ ਤੋਂ ਚਾਹੁੰਦੇ ਹਨ ਅਸੀਂ ਹੋਰ ਦ੍ਰਿਸ਼ਟੀਕੋਣ ਤੋਂ।' ਇਹ ਸਰਾਸਰ ਗੰਭੀਰ ਦ੍ਰਿਸ਼ਟੀਦੋਸ਼ ਸੀ, 'ਦ੍ਰਿਸ਼ਟੀਕੋਣ' ਨਹੀਂ ਸਨ। ਮੈਂ ਬੇਨਤੀ ਕੀਤੀ, 'ਖਰਬੂਜੇ ਨੂੰ ਕੀ ਫ਼ਰਕ ਪੈਂਦਾ ਹੈ ਕਿ ਉਹ ਛੁਰੀ ਉੱਤੇ ਡਿਗੇ ਜਾਂ ਛੁਰੀ ਓਸ ਉੱਤੇ।' ਇਹ ਸਵਾਲ ਜ਼ੁਆਬ ਅਗਲੇ ਦਿਨ ਪੰਜਾਬੀ ਸਮਕਾਲੀ ਵਿੱਚ ਤਕਰੀਬਨ ਏਵੇਂ ਜਿਵੇਂ ਛਪ ਗਿਆ ਪਰ ਸ਼ਾਇਦ ਕਿਸੇ ਇੱਕ ਜੁਝਾਰੂ ਉੱਤੇ ਵੀ ਅਸਰ-ਅੰਦਾਜ਼ ਨਾ ਹੋ ਸਕਿਆ। ਅੱਜ ਤੱਕ ਵੀ ਇਹ ਸਮਝ ਤੋਂ ਬਾਹਰ ਹੈ ਕਿ ਆਪਣੇ ਆਪ ਨੂੰ ਚੋਣਾਂ ਵਿੱਚੋਂ ਮਨਫੀ ਕਰਕੇ ਨਿਹੱਥੇ, ਨਿਮਾਣੇ, ਪਿੰਗਲੇ ਬਣਾ ਲੈਣਾ ਕਿਥੋਂ ਦੀ ਰਣਨੀਤੀ ਸੀ।

ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ ਕਥਨ ਦੀ ਪਾਲਣਾ ਓਦੋਂ ਹੋਈ ਜਦੋਂ ਚੁਣੇ ਜਾਣ ਦੇ ਬਾਵਜੂਦ ਸਿਮਰਨਜੀਤ ਸਿੰਘ ਮਾਨ ਨੇ ਤਿੰਨ ਫੁੱਟੀ ਕ੍ਰਿਪਾਨ ਦਾ ਬਹਾਨਾ ਬਣਾ ਕੇ ਪਾਰਲਾਮੈਂਟ ਵਿੱਚ ਜਾਣ ਤੋਂ ਇੰਨਕਾਰ ਕਰ ਦਿੱਤਾ। ਚੇਤੇ ਰਹੇ ਕਿ ਮਾਨ ਗਰਮ ਧਿਰਾਂ ਵੱਲੋਂ ਚੁਣਿਆ ਨੇਤਾ ਸੀ ਅਤੇ ਓਸਨੂੰ ਲੋਕਾਂ ਨੂੰ ਨੁਮਾਇੰਦਗੀ ਤੋਂ ਮਹਰੂਮ ਕਰਨ ਦੇ ਏਸ ਵੱਡੇ ਕੁਕਰਮ ਵਿੱਚ ਗਰਮ-ਖਿਆਲੀ ਖਾੜਕੂਆਂ ਦੀ ਹਮਾਇਤ ਹਾਸਲ ਸੀ। ਕ੍ਰਿਪਾਨ ਦੇ ਅੜਿਕੇ ਨੂੰ ਮਹਿਜ ਬਹਾਨੇ ਤੋਂ ਵੱਧ ਕੁਝ ਨਹੀਂ ਜਾਣਿਆ ਜਾ ਸਕਦਾ ਕਿਉਂਕਿ ਅਗਲੀ ਵਾਰੀਂ, ਭੱਤਾ ਭਨਾ ਕੇ (ਤੱਥ ਸਾਰ ਗੁਆ ਕੇ) ਮਾਨ ਬਿਨਾ ਕ੍ਰਿਪਾਨ ਤੋਂ ਓਸੇ ਪਾਰਲਾਮੈਂਟ ਵਿੱਚ ਗਿਆ। ਅਜੇਹੇ ਕੁਕਰਮਾਂ ਦੀ ਹਮਾਇਤ ਕਰਨ ਵਾਲੇ ਬੱਬਰ ਅਤੇ ਖਾੜਕੂ ਕਿੰਨੇ ਕੁ ਕੌਮ ਨੂੰ ਸਮਰਪਤ ਸਨ?

ਅਖਾਰੀ ਸਵਾਲ ਪੈਦਾ ਹੁੰਦਾ ਹੈ ਬੱਬਰਾਂ ਦੇ ਦੇਸ ਵਿਦੇਸ਼ ਵਿੱਚ ਸੰਤ ਜਰਨੈਲ ਸਿੰਘ ਦੇ ਵਾਰਸ ਬਣ ਕੇ ਉਭਰਨ ਤੋਂ। ਪਹਿਲੇ ਕੁਝ ਸਮੇ ਨੂੰ ਛੱਡ ਕੇ, ਜਦੋਂ ਬੱਬਰਾਂ ਦੀ ਅਗਵਾਈ ਭਾਈ ਫੌਜਾ ਸਿੰਘ ਕਰ ਰਹੇ ਸਨ (ਸ਼ਾਇਦ ਉਹ ਓਦੋਂ ਬੱਬਰ ਨਹੀਂ ਸੀ ਅਖਵਾਉਂਦੇ) ਕਦੇ ਵੀ ਸੰਤ ਦਾ ਸਾਥ ਨ ਦੇਣ ਵਾਲੇ, ਓਸਦੀ ਵਿਚਾਰਧਾਰਾ ਨੂੰ ਕਦੇ ਵੀ ਨਾ ਅਪਨਾਉਣ ਵਾਲੇ ਬੱਬਰ ਕਿਸ ਮੰਤਵ ਦੀ ਪੂਰਤੀ ਲਈ ਓਸਦੇ ਵਾਰਸ ਬਣ ਕੇ ਉਭਰੇ? ਸੰਤ ਜਰਨੈਲ ਸਿੰਘ ਨੇ ਲਾਸਾਨੀ ਆਖਰੀ ਮੁਕਾਬਲਾ ਕਰਕੇ ਇੱਕ ਅਜਬ ਜਿੱਤ ਹਾਸਲ ਕੀਤੀ ਸੀ। ਆਪਣੇ ਲੋਕ ਪੱਖੀ ਜੀਵਨ ਜਿਉਣ ਦੌਰਾਨ ਅਤੇ ਆਪਣੀ ਅਦੁੱਤੀ ਸ਼ਹਾਦਤ ਦ੍ਵਾਰਾ ਓਸਨੇ ਸਾਰੀ ਦੁਨੀਆਂ ਨੂੰ ਸਾਫ ਜ਼ਾਹਰ ਕਰ ਦਿੱਤਾ ਸੀ ਕਿ ਸਿੱਖਾਂ ਦੀ ਨਸਲਕੁਸ਼ੀ ਤੇ ਉਤਰਿਆ ਭਾਰਤ ਦਾ ਲੋਕਤੰਤਰ ਮੁਕੰਮਲ ਤੌਰ ਉੱਤੇ ਭ੍ਰਿਸ਼ਟਿਆ ਹੋਇਆ ਅਤੇ ਖੋਖਲਾ ਹੈ। ਓਸਨੇ ਦੱਸ ਦਿੱਤਾ ਸੀ ਕਿ ਕੁਰਬਾਨੀ ਵਾਲਿਆਂ ਨੂੰ ਦੁਰਕਾਰ ਕੇ, ਭੁੱਖੀ ਜਨਤਾ ਦਾ ਢਿਡ ਭਰਨ ਵਾਲਿਆਂ ਨੂੰ ਲਤਾੜ ਕੇ, ਜੰਗਾਂ ਵਿੱਚ ਜੂਝਣ ਵਾਲਿਆਂ ਨੂੰ ਫੌਜੀ ਧੋਂਸ ਨਾਲ ਕੁਚਲ ਕੇ, ਹਿੰਦੀ ਰਾਜ-ਬਣਤਰ ਨੇ ਸਮਾਰਾਜ ਹੋਣ ਦਾ ਸਪੱਸ਼ਟ ਸਬੂਤ ਸੰਸਾਰ ਨੂੰ ਮੁਹੱਈਆ ਕੀਤਾ ਹੈ, ਬੜੀ ਕੂ੍ਰਰਤਾ ਨਾਲ ਏਸਨੇ ਧਰਮ ਦੇ ਸਦੀਵੀ ਸੋਮਿਆਂ ਨੂੰ ਗੰਧਲਾ ਕਰਨ ਲਈ ਤਖ਼ਤ ਢਾਹੇ ਹਨ ਅਤੇ ਹਰਮਿੰਦਰਵਿਨ੍ਹੇ ਹਨ। ਵਿਰਾਸਤ ਹਥਿਆਉਣ ਵਾਲਿਆਂ ਨੇ ਕਿਉਂ ਏਸ ਤੰਦ ਨੂੰ ਏਥੋਂ ਫੜ੍ਹ ਕੇ ਕਹਾਣੀ ਨੂੰ ਅੰਜ਼ਾਮ ਵੱਲ ਨਾ ਤੋਰਿਆ? ਇਹ ਤਾਂ ਉਲਟਾ ਸੰਤ ਦੀ ਵੱਡੀ ਜਿੱਤ ਨੂੰ ਹਾਰ ਬਣਾ ਕੇ ਹੀ ਪੇਸ਼ ਕਰਦੇ ਰਹੇ।

ਹਥਲੇ ਮੁਲਾਂਕਣ ਨੂੰ ਮੁਕੰਮਲ ਕਰਨ ਲਈ ਏਸਦੇ ਇੱਕ ਗੋਰਵਸ਼ਾਲੀ ਪਹਿਲੂ ਉੱਤੇ ਨਜ਼ਰ ਮਾਰਨੀ ਜ਼ਰੂਰੀ ਹੈ। ਇਹ ਐਸਾ ਪੱਖ ਹੈ ਜੋ ਪੰਜਾਬ ਅਤੇ ਸਿੱਖੀ ਦੀ ਸਦੀਆਂ ਲਈ ਨੁਹਾਰ ਬਦਲਣ ਦੇ ਕਾਬਲ ਸੀ। ਪੰਜਾਬ ਦੀ ਤ੍ਰਿਹਾਈ ਧਰਤੀ ਆਪਣੇ ਆਪਾਵਾਰੂ ਪੁਤਰਾਂ ਵੱਲ ਪਾਣੀ ਦਾ ਖਾਲੀ ਛੱਨਾ ਲੈ ਕੇ ਪੁਰਉਮੀਦ ਅੱਖਾਂ ਨਾਲ ਨਿਹਾਰ ਰਹੀ ਸੀ। ਇਹ ਕੰਮ ਵੀ ਬੜਾ ਸੌਖਾ ਸੀ ਅਤੇ ਏਸ ਨੂੰ ਸਿਰੇ ਲਾਉਣ ਲਈ ਘੱਟੋ-ਘੱਟ ਨੱਬੇ ਫੀ ਸਦੀ ਘੱਟ ਖ਼ੂਨ ਡੁਹਲਣ ਦੀ ਲੋੜ ਪੈਣੀ ਸੀ (ਜੇ ਪੈਂਦੀ ਤਾਂ)। ਇਹ ਕਾਰਨਾਮਾ ਏਨਾ ਵੱਡਾ ਸੀ ਕਿ ਏਸ ਨੂੰ ਕਰਨ ਵਾਲਿਆਂ ਦੇ ਨਾਂਅ ਸਹਿਬਨ ਹੀ ਓਸ ਸੁਨੈਹਰੀ ਪੰਨੇ ਉੱਤੇ ਲਿੱਖੇ ਜਾਣੇ ਸਨ ਜਿਸ ਉੱਤੇ ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ, ਸ਼ਾਮ ਸਿੰਘ ਅਟਾਰੀਵਾਲਾ ਅਤੇ ਸੰਤ ਬਾਬਾ ਜਰਨੈਲ ਸਿੰਘ ਮਹਾਂ ਨਾਇਕਾਂ ਦੇ ਲਿੱਖੇ ਹੋਏ ਹਨ। ਏਸ ਕੰਮ ਨੂੰ ਕਰਨ ਵਾਲਿਆਂ ਨੂੰ ਨਾ ਨਿਆਂ, ਨਾ ਕਾਨੂੰਨ, ਨਾ ਇਖਲਾਕ, ਨਾ ਭਵਿਖ ਮਾੜਾ ਆਖ ਸਕਦਾ ਸੀ। ਸਦੀਆਂ ਤੱਕ ਇਹਨਾਂ ਦੇ ਮਹਾਂ ਪਰੋਪਕਾਰੀ ਗਿਣੇ ਜਾਣ ਦਾ ਰਾਹ ਖੁਲ੍ਹਦਾ ਸੀ। ਕਾਰਨਾਮਾ ਅਰਸ਼ਾਂ ਤੇ ਲਿਖਿਆ ਜਾਣਾ ਸੀ: ''ਫਜ਼ਰ ਅਜ਼ਾਨ ਵਿੱਚ ਲਹੂ ਦੀ ਲਾਟ ਹੋ, ਬਿਜਲੀਆਂ ਕੁਫ਼ਰ ਵਿੱਚ ਪਾਉਣੀ ਧਮਾਲ ਵੇ'' ?ਮਹਿਬੂਬ।

ਏਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਇਹਨਾਂ ਕੋਲ ਉਹ ਸਭ ਸਜ਼ੋ-ਸਮਾਨ ਸਨ ਜਿਹਨਾਂ ਦੀ ਜ਼ਰੂਰਤ ਪੈਣੀ ਸੀ। ਜਾਪਦਾ ਇਹ ਹੈ ਕਿ ਇਹਨਾਂ ਨੂੰ ਧੁੰਦਲੀ ਜਿਹੀ ਸੋਝੀ ਵੀ ਏਸ ਕੰਮ ਦੀ ਮਹਾਨਤਾ ਦੀ ਸੀ। ਪਾਠਕਾਂ ਨੇ ਬੁਝ ਲਿਆ ਹੋਵੇਗਾ ਕਿ ਜ਼ਿਕਰ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਪੰਜਾਬ ਲਈ ਮਹਿਫੂਜ਼ ਕਰਨ ਦਾ ਹੋ ਰਿਹਾ ਹੈ। ਸਤਿਲੁਜ-ਯਮਨਾ ਲਿੰਕ ਨਹਿਰ ਨੂੰ ਰੋਕਣ ਤੋਂ ਜਾਪਦਾ ਹੈ ਕਿ ਬੱਬਰਾਂ ਨੂੰ ਏਸ ਕੰਮ ਦੀ ਅਹਿਮੀਅਤ ਦਾ ਪਤਾ ਸੀ। ਜੇ ਥੋੜ੍ਹੀ ਜਿਹੀ ਹਿੰਮਤ ਹੋਰ ਕਰਦੇ ਤਾਂ ਪੰਜਾਬ ਦੀ ਧਰਤੀ ਨੂੰ ਸਦਾ ਲਈ ਬੰਜਰ ਹੋਣ ਤੋਂ ਅਤੇ ਲੱਖਾਂ ਲੋਕਾਂ ਦੀਆਂ ਕਈ ਪੁਸ਼ਤਾਂ ਨੂੰ ਬਰਬਾਦ ਹੋਣ ਤੋਂ ਇਹ ਬਚਾ ਸਕਦੇ ਸਨ। ਖੁਲ੍ਹ-ਖੁਲ੍ਹ ਕੇ ਨੱਚਣ ਦਾ ਸਮਾਂ ਸੀ ਘੁੰਡ ਕੱਢਕੇ ਨਹੀਂ। ਪਤਾ ਨਹੀਂ ਇਹਨਾਂ ਦੇ ਕਿਹੜੇ ਕੁਲੈਹਣੇ ਸਲਾਹਕਾਰ ਦੀ ਬੁੱਧੀ ਨੂੰ ਗ੍ਰਹਿਣ ਲੱਗ ਗਿਆ ਕਿ ਉਹ ਸਹੀ ਸਲਾਹ ਨਾ ਦੇ ਸਕਿਆ। ਏਦੋਂ ਵੱਧ ਲਿਖਿਆ ਨਹੀਂ ਜਾ ਸਕ ਰਿਹਾ। ਏਸ ਪੜਾ ਉੱਤੇ ਕਲਮ ਸਮੇਤ ਦਰਦ ਵੀ ਕੀਰਨੇ ਪਾਉਣ ਲੱਗ ਪਿਆ ਹੈ।............

''ਪਵਣੁ ਗੁਰੂ ਪਾਣੀ ਪਿਤਾ'' ਵਾਲੇ ਸਲੋਕ ਨੂੰ ਜਾਂ ''ਜਲ ਬਿਨ ਸਾਖ ਕੁਮਲਾਵਤੀ'' ਦੇ ਮਹਾਂਵਾਕ ਉੱਤੇ ਇਹਨਾਂ ਭੋਰਾ ਭਰ ਵੀ ਅਮਲ ਕੀਤਾ ਹੁੰਦਾ ਤਾਂ ਇਹ ਪੰਜਾਬ ਦਾ ਲਹੂ ਜੋ ਪਾਣੀ ਦੀ ਸ਼ਕਲ ਵਿੱਚ ਨਚੋੜ ਕੇ ਗੈਰ-ਰਿਪੇਰੀਅਨ ਸੂਬਿਆਂ ਨੂੰ ਸੰਸਾਰ ਭਰ ਵਿੱਚ ਪ੍ਰਵਾਣਿਤ ਨਿੱਗਰ ਕਾਨੂੰਨ ਦੀ ਹਰ ਮਨਸ਼ਾ ਵਿਰੁੱਧ ਕੇਵਲ ਹਿੱਕ ਦੇ ਧੱਕੇ ਨਾਲ ਖੋਹ ਕੇ ਲੈ ਜਾਇਆ ਜਾ ਰਿਹਾ ਹੈ, ਨੂੰ ਰੋਕਣ ਦੀ ਕੋਸ਼ਿਸ਼ ਕਰਦੇ। ਇਹਨਾਂ ਦੀ ਇਹ ਕੋਸ਼ਿਸ਼ ਯਕੀਨਨ ਸਫ਼ਲ ਹੋਣੀ ਸੀ ਕਿਉਂ ਜੋ ਪਾਣੀ ਹਵਾਈ ਜ਼ਹਾਜਾਂ ਰਾਹੀ ਨਹੀਂ ਬਲਕਿ ਪੰਜਾਬ ਦੀ ਧਰਤ ਨੂੰ ਬੇ-ਰਹਿਮੀ ਨਾਲ ਚੀਰਦੀ ਨਹਿਰ ਰਾਹੀਂ ਲੈ ਜਾਇਆ ਜਾ ਰਿਹਾ ਹੈ। ਪਰ ਸ਼ਾਇਦ ਸੱਚੇ ਸਾਹਿਬ ਨੇ ਇਹਨਾਂ ਨੂੰ ਇਹ ਫ਼ਤਹਿ ਨਹੀਂ ਸੀ ਬਖਸ਼ਣੀ ਤਾਹੀਏ ਤਾਂ:

ਦੇਖੀਏ ਖੂਬੀਏ ਕਿਸਮਤ ਕਿ ਟੂਟੀ ਕਹਾਂ ਕਮੰਦ,

ਜਬਕਿ ਦੋ ਹਾਥ ਲਬੇ ਬਾਮ ਰਹਿ ਗਇਆ। (ਤਾਰਿਆਂ ਭਰੀ ਚੰਗੇਰ, ਵਿੱਚੋਂ)

Thursday, December 1, 2011

ਭਾਈ ਤਲਵਿੰਦਰ ਸਿੰਘ ਬੱਬਰ

ਪੱਤਰਕਾਰੀ, ਇਤਿਹਾਸ ਲਿਖਣ ਅਤੇ ਸਾਹਿਤ ਸਿਰਜਣ ਦੇ ਕੰਮ ਏਨੇਂ ਜ਼ਿੰਮੇਵਾਰੀ ਦੇ ਹਨ ਕਿ ਜ਼ਰਾ ਜਿੰਨੀ ਅਣਗਹਿਲੀ ਸਦੀਆਂ ਦਾ ਮੁਹਾਂਦਰਾ ਵਿਗਾੜਨ ਦਾ ਕਾਰਣ ਬਣ ਸਕਦੀ ਹੈ। ਇਤਿਹਾਸ ਲਿਖਣ ਦੀ ਪ੍ਰਕਿਰਿਆ ਏਨੀਂ ਇਮਾਨਦਾਰੀ ਅਤੇ ਨਿਰਪੱਖਤਾ ਦੀ ਮੰਗ ਕਰਦੀ ਹੈ ਜਿੰਨੀ ਕੁ ਕਦੇ-ਕਦੇ ਵੱਡੇ ਸਤਵਾਦੀ ਰਿਸ਼ੀਆਂ-ਮੁਨੀਆਂ ਵਿੱਚ ਵੀ ਨਹੀਂ ਲੱਭਦੀ। ਏਸ ਤੱਥ ਨੂੰ ਜਾਣ ਕੇ, ਜੋ ਪੂਰੀ ਸਾਧਨਾ ਨਾਲ ਆਪਣੇ-ਆਪ ਉੱਤੇ ਅੰਕੁਸ਼ ਲਗਾ ਕੇ, ਸੱਚ ਦੇ ਨੇੜੇ-ਤੇੜੇ ਪਹੁੰਚਣ ਦੀ ਤੀਬਰ ਚਾਹ ਲੈ ਕੇ ਇਤਿਹਾਸ ਲਿਖਦਾ ਹੈ, ਉਹੀ ''ਮਨੁ ਸਚ ਕਸਵਟੀ ਲਾਈਐ, ਤੁਲੀਐ ਪੂਰੈ ਤੋਲਿ'' ਗੁਰਵਾਕ ਦੀ ਪੈਰਵੀ ਕਰਦਾ ਪ੍ਰਤੀਤ ਹੋ ਸਕਦਾ ਹੈ। ਇਉਂ ਵੇਖਿਆਂ ਇਤਿਹਾਸ-ਲਿਖਣ-ਕਲਾ ਅਧਿਆਤਮਵਾਦ ਦਾ ਹੀ ਇੱਕ ਅੰਗ ਬਣ ਜਾਂਦੀ ਹੈ ਅਤੇ ਦੁਨਿਆਵੀ ਜ਼ਿੰਮੇਵਾਰੀ ਦੀਆਂ ਜ਼ੱਦਾਂ ਨੂੰ ਪਿੱਛੇ ਛੱਡਦੀ ਆਤਮਕ ਮੰਡਲ ਵਿੱਚ ਸਹਾਈ ਹੋਣ ਦਾ ਜ਼ਰੀਆ ਵੀ ਹੋ ਨਿੱਬੜਦੀ ਹੈ। ਹਰ ਕਿਸਮ ਦੀ ਸਾਧਨਾ ਦੀ ਰੌਸ਼ਨੀ ਵਿੱਚ ਵਿਚਰਦੀ ਬੁੱਧੀ ਨੂੰ ਕ੍ਰੋਧੀ, ਕਪਟੀ, ਚੋਰ-ਮਨ ਫੇਰ ਵੀ ਟਪਲਾ ਲਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ। ਏਸੇ ਕਾਰਣ 'ਬਿਬੇਕ ਬੁੱਧੀ' ਬਖ਼ਸ਼ਣ ਲਈ ਪ੍ਰਮਾਤਮਾ ਨੂੰ ਅਰਦਾਸਾਂ ਕਰਨੀਆਂ ਪੈਂਦੀਆਂ ਹਨ (ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ।) ਉਲਾਰ ਮਨ ਨਾਲ ਲਿਖਿਆ ਇਤਿਹਾਸ ਅਤੇ ਏਸ ਸਬੰਧੀ ਕੀਤੀਆਂ ਟਿੱਪਣੀਆਂ ਕਈ ਵਾਰੀ ਮਨੁੱਖ ਨੂੰ ਆਪਣੀ ਨਜ਼ਰ ਵਿੱਚ ਹੀ ਡੇਗਣ ਦਾ ਕਾਰਣ ਬਣ ਜਾਂਦੀਆਂ ਹਨ।

ਪਿੱਛੇ ਜਿਹੇ ਇਕ ਲੇਖ ਵਿੱਚ ਮੈਂ ਤਲਵਿੰਦਰ ਸਿੰਘ ਬੱਬਰ ਅਤੇ ਜਨਰਲ ਭੁੱਲਰ ਦਾ ਜ਼ਿਕਰ ਕੀਤਾ ਸੀ। ਇਹ ਸਤਹੀ ਪਹੁੰਚ ਨਹੀਂ ਸੀ ਬਲਕਿ ਏਸ ਦੀ ਪਿੱਠ ਉੱਤੇ ਕਾਫ਼ੀ ਸਮੇਂ ਦਾ ਅਧਿਐਨ ਸੀ। ਪਰ ਕੁਝ ਲੋਕ ਏਸ ਦੀ ਹਲਕੀ-ਫੁਲਕੀ ਖਿੱਲੀ ਉਡਾਉਣ ਦੇ ਮਕਸਦ ਨਾਲ ਲੇਖਕ ਉੱਤੇ ਚਿੱਕੜ ਉਛਾਲਦੀਆਂ ਨਾਜਾਇਜ਼ ਟਿੱਪਣੀਆਂ ਕਰਨ ਉੱਤੇ ਉੱਤਰ ਆਏ। ਜਨਰਲ ਭੁੱਲਰ ਦੇ ਸਮਰਥਕ ਦੀ ਸ਼ੰਕਾ ਦੂਰ ਕਰਨ ਲਈ ਇੱਕ ਵੱਡੇ ਲੇਖ ਦੀ ਲੋੜ ਪਈ। ਏਸ ਲੇਖ ਦਾ ਸਮਰਥਨ ਵਰਲਡ ਸਿੱਖ ਔਰਗਨਾਈਜ਼ੇਸ਼ਨ ਵਿੱਚ ਭੁੱਲਰ ਦੇ ਸਹਿਯੋਗੀ ਰਹਿ ਚੁੱਕੇ ਸਮਾਘ ਅਤੇ ਗੁਰਚਰਨ ਸਿੰਘ ਦੀਆਂ ਸਹਿਜ ਵਿੱਚ ਹੀ ਕੀਤੀਆਂ ਟਿੱਪਣੀਆਂ ਨੇ ਕਰ ਦਿੱਤਾ ਜਿਨ੍ਹਾਂ ਭੁੱਲਰ ਅਤੇ ਓਸ ਦੇ ਸਮਰਥਕ ਦਾ ਹਰ ਪਾਜ ਉਘਾੜ ਦਿੱਤਾ। ਸੱਚ ਸੌ ਪਰਦੇ ਪਾੜ ਕੇ ਸਾਹਮਣੇ ਆ ਜਾਂਦਾ ਹੈ। ਸਮਰਥਕ (ਸਹੋਤਾ) ਜੇ ਥੋੜ੍ਹਾ ਵੀ ਦਿਆਨਤਦਾਰ ਹੈ ਤਾਂ ਹੁਣ ਪਛਤਾ ਰਿਹਾ ਹੋਵੇਗਾ ਕਿ ਸਹਿਵਨ ਟਿੱਪਣੀ ਨੂੰ ਜੇ ਉਹ ਅਣਡਿੱਠ ਕਰ ਦਿੰਦਾ ਤਾਂ ਓਸ ਨੂੰ ਅਣਸੁਖਾਵੀਂ ਸੱਚਾਈ ਦਾ ਪ੍ਰਗਟਾਵਾ ਅਜੇ ਨਾ ਸੁਣਨਾਂ ਪੈਂਦਾ।

ਏਸੇ ਲੇਖ ਵਿੱਚ ਇੱਕ ਟਿੱਪਣੀ ਤਲਵਿੰਦਰ ਸਿੰਘ ਬੱਬਰ ਬਾਰੇ ਵੀ ਹੋ ਗਈ। ਏਸ ਲਈ ਕਈ ਮਾਨ-ਸਨਮਾਨ ਪ੍ਰਾਪਤ, 'ਵੱਡੇ ਇਤਿਹਾਸਕਾਰ-ਬ-ਸਾਹਿਤਕਾਰ-ਬ-ਕਾਨੂੰਨ ਦਾਨ' ਨਾਜਾਇਜ਼ ਗੁੱਸੇ ਵਿੱਚ ਆ ਗਏ। ਮੋੜਵੀਂ ਟਿੱਪਣੀ ਕਰਦਿਆਂ ਉਹਨਾਂ ਇੱਕ ਪੱਤਰ ਇੰਟਰਨੈਟ ਉੱਤੇ ਜਾਰੀ ਕਰ ਦਿੱਤਾ ਜਿਸ ਵਿੱਚ ਲੇਖਕ ਨੂੰ ਜਿੰਨਾਂ ਵੱਧ ਤੋਂ ਵੱਧ ਭੰਡਿਆ ਜਾ ਸਕਦਾ ਸੀ ਭੰਡਿਆ। ਨਾਲੋ-ਨਾਲ ਅਪਣੱਤ ਅਤੇ ਸੁਹਿਰਦਤਾ ਦਾ ਮੋਟ ਮਖੌਟਾ ਵੀ ਧਾਰਣ ਕਰੀ ਰੱਖਿਆ। ਹਰਜਿੰਦਰ ਸਿੰਘ ਦਿਲਗੀਰ ਨੇ ਆਖਿਆ ਕਿ ਉਹ ਹਰ ਮਸਲੇ ਉੱਤੇ ਮੇਰੇ ਨਾਲ ਸੌ ਫ਼ੀਸਦੀ ਸਹਿਮਤ ਹੈ। ਇਹ ਫ਼ੀਸਦੀ ਦੱਸਦਾ ਸਹਿਮਤੀ-ਪਰਖ-ਯੰਤਰ ਪਤਾ ਨਹੀਂ ਕਿੱਥੋਂ ਉਸ ਦੇ ਹੱਥ ਲੱਗਾ ਹੈ ਜੋ ਅਜਿਹੇ ਬਿਆਨ ਲਈ ਓਸ ਨੂੰ ਪ੍ਰੇਰ ਸਕਿਆ। ਪਰ ਜੇ ਏਸ ਪ੍ਰਤੀ ਦਿਲਗੀਰ ਸੰਜੀਦਾ ਹੈ ਤਾਂ ਮੈਂ ਕਦੇ ਵੀ ਤੱਥ ਰਹਿਤ ਸਭ-ਵਲ੍ਹੇਟੂ ਬਿਆਨ ਦੇਣ ਨਾਲ ਸਹਿਮਤ ਨਹੀ ਹੁੰਦਾ; ਏਸ ਪਹਿਲੂ ਉੱਤੇ ਉਹ ਮੇਰੇ ਨਾਲ ਸਹਿਮਤੀ ਕਿਉਂ ਨਾ ਕਰ ਸਕਿਆ?

ਓਸ ਨੂੰ ਇਤਰਾਜ਼ ਸੀ ਕਿ ਮੈਂ ਤਲਵਿੰਦਰ ਸਿੰਘ ਨੂੰ ਕੌਮੀ ਹਿਤਾਂ ਦੇ ਵਿਰੋਧ ਵਿੱਚ ਖੜ੍ਹਾ ਵੇਖਿਆ ਹੈ। ਏਸ ਦਾ ਤਰਕ-ਸੰਗਤ ਜੁਆਬ ਦੇਣ ਦੀ ਜਗ੍ਹਾ ਇਹ ਆਖਿਆ ਗਿਆ ਕਿ ਦਿਲਗੀਰ ਇੱਕ ਸਮੇਂ ਬੱਬਰ ਦੀ ਵਕਾਲਤ ਕਰਨ ਲਈ ਤਤਪਰ ਸੀ। ਪਰ ਏਸ ਬਚਨ ਨਾਲ ਕਿਸੇ ਸੱਚ ਦੀ ਤਸਦੀਕ ਨਹੀਂ ਹੁੰਦੀ। ਹਰ ਚੋਰ-ਉਚੱਕੇ, ਕਾਤਲ ਆਦਿ ਦੀ ਵਕਾਲਤ ਕੁਈ ਨ ਕੁਈ ਵਕੀਲ ਜ਼ਰੂਰ ਕਰਦਾ ਹੈ ਕਿਉਂਕਿ ਇਨਸਾਫ਼ ਦੇ ਤਕਾਜ਼ੇ ਅਤੇ ਵਕਾਲਤ-ਧਰਮ ਦੀ ਏਹੋ ਮੰਗ ਹੈ। ਕਿਸੇ ਦੀ ਵਕਾਲਤ ਕਰਨ ਦੀ ਇੱਛਾ ਮੁਵੱਕਲ ਦੀ ਸਦਾਕਤ ਦਾ ਅਕੱਟ ਸਬੂਤ ਨਹੀਂ ਬਣ ਸਕਦੀ।

ਦਿਲਗੀਰ ਨੇ ਮੇਰੇ ਕੋਲੋਂ ਬਿਨਾ ਪੁੱਛ-ਪੜਤਾਲ ਕੀਤੇ ਇਹ ਫ਼ਤਵਾ ਜਾਰੀ ਕਰ ਦਿੱਤਾ ਕਿ ਮੈਂ ਕਨੇਡਾ ਦੀਆਂ ਖ਼ੁਫ਼ੀਆ ਅਜੰਸੀਆਂ ਦੀ ਘੋਖ ਤੋਂ ਉੱਕਾ ਨਾਵਾਕਫ਼ ਹਾਂ ਅਤੇ ਏਸ ਲਈ ਅਜਿਹਾ ਦਾਅਵਾ ਕਰਦੀ ਮੇਰੀ ਟਿੱਪਣੀ ਸਹੀ ਨਹੀਂ। ਹਰ ਕਿਸਮ ਦੀ ਸ਼ਰਮ-ਸੰਗ ਨੂੰ ਤਿਆਗਦਿਆਂ ਉਹਨਾਂ ਇਹ ਕਰੂਰ ਬਚਨ ਵੀ ਆਖੇ ਕਿ ਮੇਰਾ ਦਾਅਵਾ ''ਕੋਰਾ ਝੂਠ'' ਹੈ। ਇਹ ਲਫ਼ਜ਼ ਆਪਣੇ ਬਿਆਨ ਵਿੱਚ ਦੁਹਰਾਇਆ ਵੀ। ਏਸ ਕਾਰਣ ਮੈਨੂੰ ਤਲਵਿੰਦਰ ਸਿੰਘ ਬੱਬਰ ਬਾਰੇ ਉਹ ਸਭ ਕੁਝ ਲਿਖਣਾ ਪੈ ਰਿਹਾ ਹੈ ਜੋ ਮੈਂ ਦੋ ਦਹਾਕਿਆਂ ਤੋਂ ਜਾਣਦਾ ਹਾਂ ਪਰ ਲਿਖਣ ਤੋਂ ਕੰਨੀ ਕਤਰਾ ਰਿਹਾ ਸਾਂ ਕਿਉਂਕਿ ਮਹਾਂਬਲੀ ਮਸੇਂ ਨੂੰ ਆਪਣੀ ਬੁੱਕਲ ਖੋਲ੍ਹਣ ਦਾ ਮੌਕਾ ਦੇਣਾ ਵੀ ਨਿਰਪੱਖ ਇਤਿਹਾਸਕਾਰੀ ਦਾ ਸਾਰਥਕ ਪਹਿਲੂ ਹੈ। ਡੂੰਘੇ ਰਹੱਸਾਂ ਦੇ ਮੁਖੜੇ ਸਤ ਪਰਦਿਆਂ ਵਿੱਚ ਵਲ੍ਹੇਟੇ ਹੁੰਦੇ ਹਨ ਜਿਨ੍ਹਾਂ ਦੇ ਲੱਥਣ ਦਾ ਇੰਤਜ਼ਾਰ ਜ਼ਰੂਰੀ ਹੁੰਦਾ ਹੈ।

ਕਿਉਂਕਿ ਜਾਣਕਾਰੀ ਦੇ ਆਧਾਰ ਉੱਤੇ ਜ਼ੋਰ ਦਿੱਤਾ ਗਿਆ ਹੈ, ਪਹਿਲੋਂ ਏਹੋ ਮਸਲਾ ਨਜਿੱਠਣਾ ਜ਼ਰੂਰੀ ਹੈ। ਕੈਨੇਡਾ ਦੇ ਦੋ ਪੱਤਰਕਾਰਾਂ ਨੇ ਏਅਰ ਇੰਡੀਆ ਦੇ ਕਨਿਸ਼ਕਾ ਜਹਾਜ਼ ਦੀ ਤਬਾਹੀ ਬਾਰੇ ਇੱਕ ਪੁਸਤਕ 'ਸੌਫ਼ਟ ਟਾਰਗਟ' 1986 ਵਿੱਚ ਲਿਖੀ ਸੀ। ਪੁਸਤਕ ਦਾ ਆਧਾਰ ਖੁਫ਼ੀਆਂ ਅਜੰਸੀਆਂ ਕੋਲੋਂ ਪ੍ਰਾਪਤ ਕੀਤੀ ਜਾਣਕਾਰੀ ਹੈ। ਜਾਪਦਾ ਇਉਂ ਹੈ ਕਿ ਕੈਨੇਡਾ ਦੀਆਂ ਸੂਹੀਆ ਅਜੰਸੀਆਂ ਜਿਸ ਸੱਚ ਨੂੰ ਮੁਲਕਾਂ ਦੇ ਸਬੰਧ ਵਿਗੜਨ ਡਰੋਂ ਆਪ ਪ੍ਰਗਟ ਨਹੀਂ ਸੀ ਕਰ ਸਕਦੀਆਂ ਉਹ ਤੱਥ ਇਹਨਾਂ ਨੇ 'ਸੌਫ਼ਟ ਟਾਰਗਟ' ਦੇ ਲੇਖਕਾਂ ਨੂੰ ਦੱਸ ਕੇ ਲੋਕਾਂ ਤੱਕ ਪੁੱਜਦਾ ਕੀਤੇ ਹਨ। ਏਸ ਕਿਤਾਬ ਦੀ ਸੱਚਾਈ ਨੂੰ ਗੰਭੀਰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਹਾਲਾਂਕਿ ਇੱਕਾ-ਦੁੱਕਾ ਚੇਸ਼ਟਾਵਾਂ ਹੋਈਆਂ ਹਨ। 'ਸੌਫ਼ਟ ਟਾਰਗਟ' ਉੱਤੇ ਸੱਚ ਜਾਣਨ ਲਈ ਟੇਕ ਰੱਖਣਾ ਸ਼ੱਕ ਦੀ ਜ਼ੱਦ ਤੋਂ ਬਾਹਰ ਹੈ - ਖ਼ਾਸ ਤੌਰ ਉੱਤੇ ਏਸ ਲਈ ਕਿ ਦੋਨੋਂ ਲੇਖਕ ਗਲੋਬ ਐਂਡ ਮੇਲ ਦੇ ਹੰਢੇ-ਵਰਤੇ ਪੱਤਰਕਾਰ ਹਨ ਅਤੇ ਸੱਚ-ਝੂਠ ਦਾ ਨਿਖੇੜਾ ਕਰਨ ਦੀ ਪ੍ਰਕਿਰਿਆ ਵਿੱਚੋਂ ਹਰ ਪਲ ਨਿਕਲਦੇ ਰਹਿੰਦੇ ਹਨ। ਸੂਹੀਏ ਖਫ਼ਾ ਸਨ ਕਿ ਉਹਨਾਂ ਨੂੰ ਖੋਜਬੀਨ ਕਰਨ ਦਾ ਪੂਰਣ ਅਧਿਕਾਰ ਸਰਕਾਰ ਨਹੀਂ ਸੀ ਦੇ ਰਹੀ ਬਲਕਿ ਜ਼ੋਰ ਦੇ ਰਹੀ ਸੀ ਕਿ ਕਨਿਸ਼ਕਾ ਦੇ ਡੇਗਣ ਨੂੰ ਅੱਤਵਾਦੀ ਕਾਰਾ ਹੀ ਸਾਬਤ ਕਰਨ। ਹਵਾਲੇ ਦੀਆਂ ਸ਼ਰਤਾਂ (Terms of Reference) ਵਿੱਚ ਇਹ ਹਿਦਾਇਤ ਕੀਤੀ ਗਈ ਸੀ (ਵੇਖੋ ਰਪਟ ਦਾ Annexure-J) ਉਹਨਾਂ ਕੋਲ ਸੱਚ ਨੂੰ ਪ੍ਰਗਟ ਕਰਨ ਦਾ ਦੂਸਰਾ ਰਾਹ ਨਹੀਂ ਸੀ। ਏਸ ਲਈ 'ਸੌਫ਼ਟ ਟਾਰਗਟ' ਨੂੰ ਅਸਲੀਅਤ ਦਾ ਦਸਤਾਵੇਜ਼ ਨਾ ਮੰਨਣਾ ਸੋਚ ਨੂੰ ਗਲਤ ਲੀਹਾਂ ਉੱਤੇ ਤੋਰਨ ਬਰਾਬਰ ਹੈ।

ਸਮਾਂ ਪਾ ਕੇ ਇੱਕ ਰਾਸ਼ਟਰਪਤੀ ਜ਼ੈਲ ਸਿੰਘ ਦੀ ਬੇਟੀ ਗੁਰਦੀਪ ਕੌਰ ਦੀ ਜੀਵਨ ਸਿੰਘ ਨੂੰ ਲਿਖੀ ਚਿੱਠੀ ਮੇਰੇ ਹੱਥ ਲੱਗੀ। ਏਸ ਵਿੱਚ ਬੀਬੀ ਓਸ ਨੂੰ ਤਾਕੀਦ ਕਰ ਰਹੀ ਹੈ ਕਿ ਸਿੱਖ ਨੇਤਾਵਾਂ ਨੂੰ ਭਰਮਾਉਣ ਲਈ, ਉਹਨਾਂ ਦੀ ਰੁਚੀ ਦਾ ਲਾਭ ਲੈਣ ਲਈ ਸੁੰਦਰ ਕੰਨਿਆਵਾਂ ਭੇਜੀਆਂ ਜਾਣ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਕਿ ਹਿੰਦ ਸਰਕਾਰ ਸਿੱਖ ਉਭਾਰ ਨੂੰ ਠੱਪਣ ਲਈ ਉਚੇਚੇ ਯਤਨ ਕਰ ਰਹੀ ਸੀ। ਏਸ ਜੀਵਨ ਸਿੰਘ ਦੇ ਤਲਵਿੰਦਰ ਸਿੰਘ ਪਰਮਾਰ ਨਾਲ ਗੂੜ੍ਹੇ ਸਬੰਧਾਂ ਨੂੰ ਕੈਨੇਡਾ ਦੇ ਕਈ ਸੂਹੀਆਂ ਨੇ ਤਸਦੀਕ ਕੀਤਾ ਹੈ ਅਤੇ ਅਨੇਕਾਂ ਸਰਕਾਰੀ ਦਸਤਾਵੇਜ਼ਾਂ ਵਿੱਚ ਇਹ ਤੱਥ ਲਿਖੇ ਮਿਲਦੇ ਹਨ ਜਿਨ੍ਹਾਂ ਦਾ ਸੰਪੂਰਨ ਹਵਾਲਾ ਮੈਂ ਦੇ ਸਕਦਾ ਹਾਂ। ਜੀਵਨ ਸਿੰਘ, ਜਿਹੜਾ ਕਿ ਆਪਣੇ-ਆਪ ਨੂੰ ਧਾਰਮਕ ਆਦਮੀ ਦਰਸਾਉਂਦਾ ਸੀ ਅਤੇ ਜਿਸ ਦੇ ਜ਼ੈਲ ਸਿੰਘ ਨਾਲ ਘਨਿਸ਼ਟ ਸਬੰਧ ਸਨ ਤੇ ਜਿਹੜਾ ਭਾਰਤ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਕੈਨੇਡਾ-ਅਮਰੀਕਾ ਵਿੱਚ ਤਾਇਨਾਤ ਸੀ, ਦੇ ਨਜ਼ਦੀਕੀ ਸਬੰਧ ਤਲਵਿੰਦਰ ਸਿੰਘ ਨਾਲ ਹੋਣੇ ਆਪਣੇ-ਆਪ ਵਿੱਚ ਵੱਡਾ ਸਬੂਤ ਹੈ ਕਿ ਇਹ ਬੱਬਰ ਸੱਜਣ ਸਰਕਾਰੀ ਮਸ਼ੀਨਰੀ ਦਾ ਇੱਕ ਅਹਿਮ ਪੁਰਜ਼ਾ ਬਣ ਕੇ ਵਿਚਰ ਰਿਹਾ ਸੀ; ਪੰਥ ਅਤੇ ਸਰਕਾਰ ਦੋਨਾਂ ਨਾਲ ਬਰਾਬਰ ਦੀ ਹਮਦਰਦੀ ਰੱਖਣ ਦਾ ਭਰਮ ਮਨ ਵਿੱਚ ਪਾਲ ਰਿਹਾ ਸੀ।

ਤਲਵਿੰਦਰ ਸਿੰਘ ਵੱਡੇ ਖ਼ਾੜਕੂ ਨੇਤਾ ਦੇ ਰੂਪ ਵਿੱਚ ਓਦੋਂ ਉੱਭਰਿਆ ਸੀ ਜਦੋਂ ਏਸ ਦਾ ਨਾਂਅ ਦਹੇੜੂ ਪੁਲਿਸ ਮੁਕਾਬਲੇ ਵਿੱਚੋਂ ਬਚ ਨਿਕਲਣ ਵਿੱਚ ਬੋਲਣ ਲੱਗਾ ਸੀ। ਇਹ ਵੀ ਇੱਕ ਵੱਡਾ ਗੋਰਖਧੰਦਾ ਹੋ ਨਿੱਬੜਦਾ ਹੈ। ਇੱਕ ਪੁਲਿਸ ਕਰਮਚਾਰੀ ਨੇ ਇਹ ਬਿਆਨ ਦਿੱਤਾ ਸੀ ਕਿ ਓਸ ਨੇ 19 ਨਵੰਬਰ 1981 ਦੇ ਦਹੇੜੂ ਪੁਲਿਸ ਮੁਕਾਬਲੇ ਵਿੱਚੋਂ ਤਲਵਿੰਦਰ ਸਿੰਘ ਨੂੰ ਹਰਨ ਹੁੰਦਿਆਂ ਵੇਖਿਆ ਸੀ। ਇਹ ਮੁਕਾਬਲਾ ਪਹਿਲਾ ਅਤੇ ਅਸਲ ਪੁਲਿਸ ਮੁਕਾਬਲਾ ਸੀ। ਇਹ ਬਹੁਤ ਮਸ਼ਾਹੂਰ ਹੋਇਆ। ਏਸ ਦਾ ਲਾਭ ਸਰਕਾਰ ਤਲਵਿੰਦਰ ਸਿੰਘ ਨੂੰ ਦੇਣ ਲਈ ਬਹੁਤ ਉਤਾਵਲੀ ਜਾਪਦੀ ਹੈ। ਅਸਲੀਅਤ ਇਹ ਸੀ ਕਿ ਤਲਵਿੰਦਰ ਸਿੰਘ 15 ਨਵੰਬਰ 1981 ਨੂੰ ਨੇਪਾਲ ਹੁੰਦਾ ਹੋਇਆ ਯੂਰਪ ਜਾ ਚੁੱਕਾ ਸੀ। ਓਸ ਦੇ ਪਾਸਪੋਰਟ ਉੱਤੇ ਸਾਰੇ ਸਬੂਤ ਮੌਜੂਦ ਸਨ। ਬਾਅਦ ਵਿੱਚ ਉਹ ਕੈਨੇਡਾ ਸਮੇਤ ਹੋਰ ਮੁਲਕਾਂ ਵਿੱਚ ਵੀ ਗਿਆ।

ਓਥੇ ਜਾ ਕੇ ਪਰਮਾਰ ਨੀਦਰਲੈਂਡ ਹੁੰਦਾ ਹੋਇਆ ਜਦੋਂ ਜਰਮਨੀ ਪੁੱਜਿਆ ਤਾਂ ਹਿੰਦ ਸਰਕਾਰ ਵੱਲੋਂ ਇੰਟਰਪੋਲ ਰਾਹੀਂ ਜਾਰੀ ਕੀਤੇ ਲਾਲ ਨੋਟਿਸ ਕਾਰਣ ਗ੍ਰਿਫ਼ਤਾਰ ਕਰ ਲਿਆ ਗਿਆ। ਜਰਮਨੀ ਤੋਂ ਏਸ ਨੂੰ ਜੂਨ 1984 ਵਿੱਚ ਰਿਹਾਅ ਕੀਤਾ ਗਿਆ। ਕੈਨੇਡਾ ਦੀਆਂ ਖੁਫ਼ੀਆਂ ਅਜੰਸੀਆਂ ਨੂੰ ਪਤਾ ਲੱਗਾ ਕਿ ਓਸ ਦੀ ਰਿਹਾਈ ਇੰਦਰਾ ਗਾਂਧੀ ਦੇ ਸਲਾਹਕਾਰ (ਤੀਜੀ ਅਜੰਸੀ ਦੇ ਹੈੱਡ) ਆਰ.ਐਨ. ਕਾਉ ਨੇ ਜਾ ਕੇ ਕਰਵਾਈ ਸੀ। ਇੱਕ ਤੋਂ ਵੱਧ ਹਵਾਲੇ ਏਸ ਵਿਸ਼ੇ ਉੱਤੇ ਮਿਲਦੇ ਹਨ। ਕੈਨੇਡਾ ਨੇ ਜਦੋਂ ਬੁਰੇ ਦੇ ਘਰ ਤੱਕ ਪਹੁੰਚ ਕਰਦਿਆਂ ਜਰਮਨ ਸਰਕਾਰ ਨੂੰ ਸਿੱਧਾ ਇਹ ਸਵਾਲ ਪੁੱਛਿਆ ਤਾਂ ਸਰਕਾਰ ਨੇ ਪੂਰੀ ਢੀਠਤਾਈ ਨਾਲ ਏਸ ਦੇ ਜੁਆਬ ਵਿੱਚ ਮੁਕੰਮਲ ਚੁੱਪ ਸਾਧ ਲਈ। ਏਸ ਚੁੱਪੀ ਦਾ ਇੱਕੋ-ਇੱਕ ਅਰਥ ਸੀ ਕਿ ਇਲਜ਼ਾਮ ਸੱਚਾ ਹੈ। ਕੁਈ ਦੱਸੇ ਕਿ ਭਿੰਡਰਾਂਵਾਲੇ ਦੇ ਹੱਕ ਵਿੱਚ ਹੋਏ ਉਭਾਰ ਦੀ ਵਾਗਡੋਰ ਏਸ ਦੇ, ਜਨਰਲ ਭੁੱਲਰ ਦੇ ਅਤੇ ਰਿਪੂਦਮਨ ਸਿੰਘ ਮਲਿਕ ਆਦਿ ਦੇ ਹੱਥ ਦੇਣ ਲਈ ਹਿੰਦ ਸਰਕਾਰ ਕਿਉਂ ਏਨਾਂ ਤਰੱਦਦ ਕਰ ਰਹੀ ਸੀ। ਜਰਮਨੀ ਤੋਂ ਛੁੱਟ ਕੇ ਪਰਮਾਰ ਸਿੱਧਾ ਮੈਡੀਸਨ ਸੁਕੇਅਰ ਗਾਰਡਨ ਦੇ ਮੰਚ ਉੱਤੇ ਪਹੁੰਚਿਆ ਸੀ ਜਿੱਥੇ ਇਹ ਵੱਡੇ ਧੜੱਲੇ ਨਾਲ ਮੰਚਾਰੂਢ ਹੋਇਆ ਸੀ। ਰਿਪੂਦਮਨ ਸਿੰਘ ਮਲਿਕ 1981 ਤੋਂ ਬੱਬਰ ਖ਼ਾਲਸਾ ਦਾ ਮੈਂਬਰ ਚੱਲਿਆ ਆ ਰਿਹਾ ਸੀ ਅਤੇ ਏਸ ਨੂੰ ਮਾਰਚ 1984 ਵਿੱਚ ਸਟੇਟ ਬੈਂਕ ਔਵ ਇੰਡੀਆ ਨੇ ਵੀਹ ਲੱਖ ਡੌਲਰ ਕਰਜ਼ਾ ਦਿੱਤਾ ਸੀ। ਖੁਫ਼ੀਆ ਰਪਟਾਂ ਅਨੁਸਾਰ ਕੈਨੇਡਾ ਦੀ ਸਰਕਾਰ ਨੇ ਏਸ ਘਟਨਾ ਨੂੰ 'ਅਸਮੰਜਸ ਭਰਿਆ' (bizarre) ਅਤੇ 'ਚਿੰਤਾਜਨਕ' (worrisome) ਕਰ ਕੇ ਜਾਣਿਆ ਸੀ। ਜਨਰਲ ਭੁੱਲਰ ਨੂੰ ਵੀ ਸ਼ਿੰਗਾਰ ਕੇ ਏਸ ਮਕਸਦ ਲਈ ਭੇਜਿਆ ਗਿਆ ਸੀ ਕਿ ਉਹ ਸਿੱਖ ਪੱਖੀ ਉਭਾਰ ਨੂੰ ਆਪਣੇ ਹੱਥ ਲੈ ਕੇ ਜ਼ਾਇਆ ਕਰ ਦੇਵੇ (ਵੇਰਵੇ ਲਈ ਵੇਖੋ ਏਸੇ ਲੇਖਕ ਦੀ ਅੰਗ੍ਰੇਜ਼ੀ ਕਿਤਾਬ ''ਚੱਕਰਵਿਯੂਹ'')

ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਹਿੰਦ ਸਰਕਾਰ ਦੀ ਹਮਲੇ ਦੇ ਅਸਰ ਨੂੰ ਖ਼ਤਮ ਕਰਨ ਦੀ ਨੀਤੀ ਦੇ ਤਿੰਨ ਪ੍ਰਮੁੱਖ ਪਹਿਲੂ ਸਨ ਜੋ ਕਿ ਵਿਦੇਸ਼ ਨਾਲ ਸਬੰਧ ਰੱਖਦੇ ਸਨ। ਪਹਿਲਾ ਤਾਂ ਇਹੋ ਸੀ ਕਿ ਸਿੱਖਾਂ ਦੇ ਰੋਸ ਅਤੇ ਰੋਹ ਨੂੰ ਪ੍ਰਗਟ ਕਰਨ ਵਾਲੇ ਆਗੂਆਂ ਨੂੰ ਖ਼ੁਦ ਉਭਾਰਿਆ ਜਾਵੇ ਤਾਂ ਕਿ ਉਹ ਸਰਕਾਰੀ ਪੱਖੋਂ ਸੁਖਾਵੇਂ ਫ਼ੈਸਲੇ ਕਰਨ। ਏਹੋ ਅਮਲ ਹਿੰਦ ਅੰਦਰਲੇ ਅਕਾਲੀ ਆਗੂਆਂ ਨੂੰ ਬੁੱਕਲ ਵਿੱਚ ਲੈ ਕੇ ਯਕੀਨੀ ਬਣਾਇਆ ਗਿਆ ਸੀ। ਦੂਜਾ ਪਹਿਲੂ ਸੀ ਕਿ ਸਿੱਖਾਂ ਨੂੰ ਵਿਦੇਸ਼ੀ ਲੋਕਾਂ ਵਿੱਚ ਨਿਰੰਤਰ ਖ਼ਰੂਦ ਪਾਉਣ ਵਾਲੇ ਹਿੰਸਕ ਪ੍ਰਵਿਰਤੀਆਂ ਦੇ ਧਾਰਨੀ ਦਰਸਾਇਆ ਜਾਵੇ ਤਾਂ ਕਿ ਸਥਾਨਕ ਲੋਕਾਂ ਦੀ ਹਮਦਰਦੀ ਇਹਨਾਂ ਦੇ ਨਾਲ ਨਾ ਰਹੇ। ਤੀਸਰਾ ਪਹਿਲੂ ਸੀ ਵਿਦੇਸ਼ੀ ਹਿੰਦੂ ਵਸੋਂ ਨੂੰ ਸਿੱਖਾਂ ਵਿਰੁੱਧ ਭੜਕਾ ਕੇ ਗਹਿਰੀ ਨਫ਼ਰਤ ਫ਼ੈਲਾਈ ਜਾਵੇ। ਕੈਨੇਡਾ ਖੁਫ਼ੀਆ ਤੰਤਰ ਨੂੰ ਹਿੰਦ ਦੀ ਏਸ ਨੀਤੀ ਦਾ ਪਹਿਲੇ ਦਿਨੋਂ ਹੀ ਪਤਾ ਲੱਗ ਚੁੱਕਿਆ ਸੀ। ਉਹ ਜਾਣਦੇ ਸਨ ਕਿ ਸਿੱਖ ਅਤੇ ਹਿੰਦੂ ਗਰਮ-ਖਿਆਲੀ ਲੋਕਾਂ ਨੂੰ ਹਿੰਦੀ ਸਫ਼ਾਰਤਖ਼ਾਨੇ ਪੈਸੇ ਦੀ ਇਮਦਾਦ ਵੀ ਕਰ ਰਹੇ ਸਨ। ਏਸ ਸੰਦਰਭ ਵਿੱਚ 1983 ਤੋਂ ਹੀ ਖੁਫ਼ੀਆ ਰਪਟਾਂ ਵਿੱਚ ਪਰਮਾਰ ਦਾ ਨਾਂਅ ਬੋਲਦਾ ਸੀ। 1984 ਤੋਂ ਲੈ ਕੇ 1988 ਤੱਕ ਖੁਫ਼ੀਆ ਤੰਤਰ ਏਸ ਤੱਥ ਦੀ ਪ੍ਰੋਢਤਾ ਕਰਨ ਵਾਲੀ ਜਾਣਕਾਰੀ ਇਕੱਤਰ ਕਰਦਾ ਰਿਹਾ। ਉਹਨਾਂ ਵੇਖਿਆ ਕਿ 1987 ਵਿੱਚ ਭਾਰਤੀ ਸਫ਼ੀਰ ਆਹਲੂਵਾਲੀਆ ਦੋ ਵਾਰ ਪਰਮਾਰ ਨੂੰ ਮਿਲਿਆ। ਪੰਜਾਬ ਦੇ ਰਹਿ ਚੁੱਕੇ ਮੁੱਖ-ਮੰਤਰੀ ਨੇ ਪਰਮਾਰ ਦੀ ਭੈਣ ਦੀ ਵਪਾਰਕ ਪੰਜਾਬ ਫ਼ੇਰੀ ਨੂੰ ਸੁਖਾਵਾਂ ਬਣਾਉਣ ਲਈ ਚਿੱਠੀ ਲਿਖੀ ਅਤੇ ਅਜਿਹੀ ਇੱਕ ਚਿੱਠੀ ਪਰਮਾਰ ਦੇ ਹੱਕ ਵਿੱਚ ਵੀ ਲਿਖੀ। ਇਹ ਵੀ ਵੇਖਿਆ ਗਿਆ ਕਿ ਪਰਮਾਰ ਦਾ ਸੰਪਰਕ ਨਿਹਾਲ ਸਿੰਘ ਅਤੇ ਜੀਵਨ ਸਿੰਘ ਨਾਲ ਸੀ ਜਿਨ੍ਹਾਂ ਨੂੰ ਹਿੰਦ ਸਰਕਾਰ ਦੇ ਏਜੰਟ ਜਾਣਿਆ ਜਾਂਦਾ ਸੀ। ਇੱਕ ਵਾਰ ਪਰਮਾਰ ਨੇ ਓਵਰਸੀਜ਼ ਕਾਂਗਰਸ ਪਾਰਟੀ ਦੇ ਪ੍ਰਧਾਨ ਕੋਲੋਂ ਵੀ ਪੈਸੇ ਦੀ ਮੰਗ ਕੀਤੀ ਜਿਸ ਬਾਰੇ ਵਾਕਫ਼ੀਅਤ ਸੀ ਕਿ ਉਹ (ਪ੍ਰਧਾਨ) RAW ਦੇ ਬ੍ਰਿਜਮੋਹਨ ਲਾਲ ਦੇ ਸਿੱਧੇ ਸੰਪਰਕ ਵਿੱਚ ਸੀ। ਪਰਮਾਰ ਦੇ ਤਿੰਨ ਹੋਰ ਐਸੇ ਸਹਿਯੋਗੀਆਂ ਦਾ ਪਤਾ ਲੱਗਿਆ ਜਿਨ੍ਹਾਂ ਦੇ ਭਾਰਤ ਸਰਕਾਰ ਅਤੇ RAW ਨਾਲ ਗੂੜ੍ਹੇ ਸਬੰਧ ਸਨ। ਏਸ ਦੌਰਾਨ ਕੈਨੇਡਾ ਦੇ ਖੁਫ਼ੀਆ ਤੰਤਰ ਨੂੰ RAW ਦੇ ਅਫ਼ਸਰ ਨੇ ਇਹ ਵੀ ਦੱਸਿਆ ਕਿ ਪਰਮਾਰ ਦੇ ਸੰਤ ਭਿੰਡਰਾਂਵਾਲਿਆਂ ਨਾਲ ਸਬੰਧਾਂ ਦੀ ਕਹਾਣੀ ਝੂਠੀ ਹੈ।

ਉਪਰੋਕਤ ਸਾਰੀ ਸਮਗਰੀ ਕੈਨੇਡਾ ਸਰਕਾਰ ਦੀ 'ਸਕਿਓਰਟੀ ਇੰਟੈਲੀਜੰਸ ਰੀਵਿਊ ਕਮੇਟੀ' (ਸਇਰਕ) ਦੀ ਰਪਟ ਵਿੱਚੋਂ ਲਈ ਗਈ ਹੈ। ਸਇਰਕ ਦੀ ਰਪਟ ਗੰਭੀਰ ਖੋਜੀਆਂ ਨੇ ਅਕਤੂਬਰ 1991 ਤੋਂ ਲੈ ਕੇ ਸਤੰਬਰ 1992 ਤੱਕ ਸਮੁੱਚੇ ਖੁਫ਼ੀਆ ਤੰਤਰ ਦੇ ਸਾਰੇ ਦਸਤਾਵੇਜ਼ਾਂ ਦੀ ਖੋਜ-ਪੜਤਾਲ ਕਰ ਕੇ ਤਿਆਰ ਕੀਤੀ ਸੀ। ਏਸ ਰਪਟ ਦਾ ਆਧਾਰ ਹਜ਼ਾਰਾਂ ਅਸਲ ਦਸਤਾਵੇਜ਼ ਹਨ ਅਤੇ ਏਸ ਨੂੰ ਕੈਨੇਡਾ ਸਰਕਾਰ ਨੇ ''ਚੋਟੀ ਦੀ ਖੁਫ਼ੀਆ'' (Top Secret) ਕਰਾਰ ਦਿੱਤਾ ਹੋਇਆ ਹੈ। ਮੇਰਾ ਦਾਅਵਾ ਹੈ ਕਿ ਮੈਂ ਇਹ ਰਪਟ ਅੱਖਰ-ਅੱਖਰ ਪੜ੍ਹੀ ਹੈ। ਕੀ ਦਿਲਗੀਰ ਦੱਸੇਗਾ ਕਿ ਏਸ ਦਾਅਵੇ ਨੂੰ ਝੂਠਾ ਸਾਬਤ ਕਰਨ ਲਈ ਓਸ ਕੋਲ ਕਿਹੜੇ ਤੱਥ ਹਨ? ਮਸਲਨ RAW ਦਾ ਕੈਨੇਡਾ ਸਰਕਾਰ ਉੱਤੇ ਲਾਇਆ ਇਲਜ਼ਾਮ ਕਿ ਉਹ ਸਿੱਖਾਂ ਨਾਲ ਨਰਮੀ ਨਾਲ ਵਰਤ ਰਹੀ ਹੈ। RAW ਨੇ ਪੇਸ਼ਕਸ਼ ਵੀ ਕੀਤੀ ਕਿ ਇਹਨਾਂ ਨੂੰ ਕੈਨੇਡਾ ਜਾਂ ਭਾਰਤ ਵਿੱਚ ਭਾਰਤੀ ਪੁਲਿਸ ਦੇ ਹਵਾਲੇ ਕੀਤਾ ਜਾਵੇ। ਉਹ ਮਾਰ ਕੁੱਟ ਕੇ ਉਹਨਾਂ ਕੋਲੋਂ ਸਭ ਕੁਝ ਉਗਲਵਾ ਲਵੇਗੀ।

ਜ਼ੁਹੇਰ ਕਸ਼ਮੀਰੀ ਅਤੇ ਬਰਾਇਨ ਮੈਕਐਡਰਿਉਜ਼ ਦੀ ਕਿਤਾਬ ''ਸੌਫ਼ਟ ਟਾਰਗਟ'' ਵੀ ਮੂਲ ਰੂਪ ਵਿੱਚ ਖੁਫ਼ੀਆ ਤੰਤਰ ਦੇ ਦਸਤਾਵੇਜ਼ਾਂ ਉੱਤੇ ਆਧਾਰਤ ਹੈ। ਸਇਰਕ ਦੀ ਰਪਟ ਵਿੱਚ ਏਸ ਤੱਥ ਨੂੰ ਤਸਲੀਮ ਕੀਤਾ ਗਿਆ ਹੈ। 'ਸੌਫ਼ਟ ਟਾਰਗਟ' ਖੁਫ਼ੀਆ ਤੰਤਰ ਦੀ ਲਾਗ-ਲਪੇਟ ਵਾਲੀ ਪਹੁੰਚ ਅਤੇ ਲਫ਼ਜ਼ਾਂ ਦੇ ਕੂਟਨੀਤਕ ਹੇਰ-ਫੇਰ ਤੋਂ ਮੁਕਤ ਹੈ ਅਤੇ ਉਪਰੋਕਤ ਸਮੇਤ ਅਜਿਹੇ ਹੋਰ ਕਈ ਤੱਥਾਂ ਦੀ ਪ੍ਰੋਢਤਾ ਕਰਦੀ ਹੈ।

ਕਹਾਣੀ ਅੱਗੇ ਤੋਰੀਏ ਤਾਂ ਜਾਣਾਂਗੇ ਕਿ ਕੁਝ ਸਮੇਂ ਲਈ ਕੈਨੇਡਾ ਸਰਕਾਰ ਨੇ ਪਰਮਾਰ ਨੂੰ 1986 ਵਿੱਚ ਗ੍ਰਿਫ਼ਤਾਰ ਕਰ ਲਿਆ। ਏਸ ਸਮੇਂ ਹੈਮਿਲਟਨ ਜੇਲ੍ਹ ਵਿੱਚ ਰਿਪੂਦਮਨ ਸਿੰਘ ਮਲਕ ਓਸ ਨੂੰ ਅਮੂਮਨ ਮਿਲਣ ਜਾਂਦਾ ਰਿਹਾ।

ਥੋੜ੍ਹੇ ਸਮੇਂ ਬਾਅਦ ਤਲਵਿੰਦਰ ਸਿੰਘ ਹਿੰਦੋਸਤਾਨ ਪਰਤ ਆਇਆ। ਓਸ ਨੂੰ ਗ੍ਰਿਫ਼ਤਾਰ ਕਰ ਕੇ ਕਈ ਦਿਨ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਅੰਤ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕਰ ਦਿੱਤਾ ਗਿਆ। ਓਸ ਵੇਲੇ ਇਹ ਜਾਣਕਾਰੀ ਆਮ ਸੀ ਕਿ ਪਰਮਾਰ ਦੀ ਕਨਿਸ਼ਕਾ ਡੇਗਣ ਵਿੱਚ ਸ਼ਮੂਲੀਅਤ ਸਮਝੀ ਜਾਂਦੀ ਹੈ। ਕੈਨੇਡਾ ਸਰਕਾਰ ਵੱਲੋਂ ਓਸ ਨੂੰ ਆਪਣੇ ਦੇਸ਼ ਲਿਜਾਣ ਦੀ ਸਾਰਥਕ ਪਹੁੰਚ ਅਪਨਾਉਣ ਤੋਂ ਪਹਿਲਾਂ ਹੀ ਕਤਲ ਦਾ ਕਾਰਾ ਕਰ ਦਿੱਤਾ ਗਿਆ। ਇਹ ਇਕੱਲਾ ਵਜ਼ਨਦਾਰ ਤੱਥ ਦੱਸਦਾ ਹੈ ਕਿ ਹਿੰਦ ਨੂੰ ਓਸ ਦਾ ਜਿਊਂਦਾ ਰਹਿਣਾ ਬੜਾ ਮਹਿੰਗਾ ਪੈ ਸਕਦਾ ਸੀ। ਹਵਾਈ ਜਹਾਜ਼ ਡੇਗਣ ਦਾ ਪ੍ਰਮੁੱਖ ਆਰੋਪੀ ਭਾਰਤੀ ਖੁਫ਼ੀਆ ਤੰਤਰ ਦੀ ਮਿਲੀਭੁਗਤ ਨੂੰ ਨੰਗਾ ਕਰ ਸਕਦਾ ਸੀ। ਏਸ ਗੰਭੀਰ ਖ਼ਤਰੇ ਤੋਂ ਬਚਣ ਲਈ ਓਸ ਨੂੰ ਤੁਰੰਤ ਖ਼ਤਮ ਕਰਨਾ ਲਾਜ਼ਮੀ ਹੋ ਗਿਆ ਜੋ ਬੇ-ਕਿਰਕ ਕਰ ਦਿੱਤਾ ਗਿਆ।

ਪਰ ਕੀ ਏਸ ਆਧਾਰ ਉੱਤੇ ਆਖਿਆ ਜਾ ਸਕਦਾ ਹੈ ਕਿ ਮਲਕ, ਬਾਗੜੀ, ਪਰਮਾਰ ਕਨਿਸ਼ਕ ਜਹਾਜ਼ ਨੂੰ ਡੇਗਣ ਲਈ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਸਨ? ਯਕੀਨ ਨਾਲ ਨਹੀਂ ਕਿਹਾ ਜਾ ਸਕਦਾ। 1986 ਵਿੱਚ ਅਮਰੀਕਾ ਵਿੱਚ ਰਹਿੰਦੇ ਇੱਕ ਹਿੰਦੂ ਪਿਆਰੇ ਲਾਲ ਨੇ ਗਲੋਬ ਟੈਲੀਵਿਜ਼ਨ ਉੱਤੇ ਦਾਅਵਾ ਕੀਤਾ ਸੀ ਕਿ ਮਾਰੂ ਬੰਬ ਓਸ ਨੇ ਜਹਾਜ਼ ਵਿੱਚ ਰੱਖਿਆ ਸੀ। ਇਹ ਤੱਥ ਵੀ ਕੈਨੇਡਾ ਦੇ ਖੁਫ਼ੀਆ ਤੰਤਰ ਦੀ ਰਪਟ ਵਿੱਚ ਦਰਜ ਹੈ। ਕਸ਼ਮੀਰੀ ਦੀ ਕਿਤਾਬ ਤੋਂ ਅਸੀਂ ਜਾਣਦੇ ਹਾਂ ਕਿ ਸਮਾਨ ਰਖਵਾਉਣ ਵਾਲੀ ਲੜਕੀ ਨੇ ਸ਼ੱਕੀ ਸਮਾਨ (ਬੰਬ) ਰੱਖਣ ਵਾਲੇ ਬੰਦੇ ਦੀ ਸ਼ਨਾਖ਼ਤ ਇੱਕ ਪੂਰਬੀ ਭਾਰਤ ਦੇ, ਦਾੜ੍ਹੀ-ਕੇਸ ਰਹਿਤ ਬੰਦੇ, ਦੇ ਰੂਪ ਵਿੱਚ ਕੀਤੀ ਸੀ। ਜਾਪਦਾ ਇਹ ਹੈ ਕਿ ਮਲਕ, ਬਾਗੜੀ, ਪਰਮਾਰ, ਰਿਆਤ ਆਦਿ ਨੂੰ ਤਾਂ ਬਲੀ ਦੇ ਬੱਕਰਿਆਂ ਵਾਂਗ ਸਿਰਫ਼ ਜ਼ਿੰਮੇਵਾਰੀ ਲੈਣ ਲਈ ਪਾਲ ਕੇ ਮੋਟੇ ਕੀਤਾ ਗਿਆ ਸੀ ਤਾਂ ਕਿ ਏਸ ਘਿਨਾਉਣੀ ਕਾਰਵਾਈ ਦੀ ਜ਼ਿੰਮੇਵਾਰੀ ਸਿੱਖਾਂ ਉੱਤੇ ਆਵੇ ਅਤੇ ਉਹਨਾਂ ਨੂੰ ਬਦਨਾਮ ਕਰਨ ਲਈ ਲੋੜ ਅਨੁਸਾਰ ਗਵਾਹੀਆਂ ਇਕੱਠੀਆਂ ਕੀਤੀਆਂ ਜਾ ਸਕਣ। ਬੰਬ ਰੱਖਣ ਵਾਲਾ ਦੂਸਰਾ ਗਰੁੱਪ ਗੁੰਮਨਾਮੀ ਦੇ ਪਰਦੇ ਹੇਠੋਂ ਕੰਮ ਕਰਦਾ ਰਿਹਾ। ਇੱਕ ਵੇਰਵਾ ਇਹ ਵੀ ਉੱਭਰਿਆ ਕਿ ਬੰਬ ਸ਼ਾਇਦ ਕੂਟਨੀਤਕ ਬਕਸੇ ਵਿੱਚ ਹੀ ਰੱਖ ਕੇ ਜਹਾਜ਼ ਵਿੱਚ ਚਾੜ੍ਹਿਆ ਗਿਆ ਸੀ। ਏਸ ਤੱਥ ਉੱਤੇ ਮੁਕੱਦਮੇ ਵਿੱਚ ਵੀ ਵਿਚਾਰ ਹੋਈ ਸੀ। ਅੰਤ ਆਖਿਆ ਗਿਆ ਕਿ ਬੰਬ ਕੂਟਨੀਤਿਕ ਮੇਲ ਤੋਂ ਤਿੰਨ-ਚਾਰ ਫੁੱਟ ਦੀ ਦੂਰੀ ਉੱਤੇ ਫਟਿਆ ਸੀ। ਇਹ ਸਚਾਈ ਤੋਂ ਦੂਰ ਦੀ ਗੱਲ ਹੈ ਕਿਉਂਕਿ ਕਨਿਸ਼ਕਾ ਜਹਾਜ਼ ਦੇ ਕੇਵਲ ਇੱਕ ਪ੍ਰਤਿਸ਼ਟ ਟੁਕੜੇ ਹੀ ਸਮੁੰਦਰ ਵਿੱਚੋਂ ਮੋੜ ਕੇ ਕੱਢੇ ਜਾ ਸਕੇ ਸਨ।

ਆਖ਼ਰ, ਆਰ ਬਨਾਮ ਮਲਿਕ ਅਤੇ ਬਾਗੜੀ (R vs Malik and Bagri) ਜਹਾਜ਼ ਡੇਗਣ ਦੇ ਜੁਰਮ ਵਿੱਚ ਮੁਕੱਦਮਾ ਚਲਿਆ ਅਤੇ ਮਾਰਚ 16, 2005 ਨੂੰ ਏਸ ਦਾ ਫ਼ੈਸਲਾ ਸੁਣਾਇਆ ਗਿਆ। ਏਸ ਫ਼ੈਸਲੇ ਦੇ ਕੁਝ ਅੰਸ਼ ਗੁਪਤ ਰੱਖੇ ਗਏ। ਨਸ਼ਰ ਕੀਤਾ ਹਿੱਸਾ ਫ਼ੇਰ ਵੀ ਬੜਾ ਰੌਚਕ ਹੈ। ਇਹ ਹਿੱਸਾ ਜਹਾਜ਼ ਡੇਗਣ ਦੀ ਜ਼ਿੰਮੇਵਾਰੀ ਪਰਮਾਰ ਉੱਤੇ ਹੀ ਮੜ੍ਹਦਾ ਜਾਪਦਾ ਹੈ। ਏਸ ਨਾਲ ਓਸ ਨੂੰ ਹਿਰਾਸਤ ਵਿੱਚ ਲੈ ਕੇ ਖ਼ਤਮ ਕਰਨ ਵਾਲੀ ਸਰਕਾਰ ਉੱਤੇ ਜਹਾਜ਼ ਡੇਗਣ ਦੀ ਜ਼ਿੰਮੇਵਾਰੀ ਸੁੱਤੇ-ਸਿੱਧ ਹੀ ਆ ਜਾਂਦੀ ਹੈ। ਏਸ ਨੂੰ ਟਾਲਣ ਲਈ ਭਾਰਤ ਅਮਰੀਕਾ ਅਤੇ ਕੈਨੇਡਾ ਨੇ ਅਨੇਕਾਂ ਪਾਪੜ ਵੇਲੇ। ਭਾਰਤੀ ਅਦਾਲਤਾਂ ਦੀ ਤਰਜ਼ ਉੱਤੇ ਝੂਠੇ ਗਵਾਹ ਵੀ ਪੇਸ਼ ਕੀਤੇ ਜਿਨ੍ਹਾਂ ਦਾ ਜ਼ਿਕਰ ਫ਼ੈਸਲੇ ਦੇ 741 ਤੋਂ ਲੈ ਕੇ 744 ਅਤੇ 1141 ਪੈਰ੍ਹਿਆਂ ਵਿੱਚ ਖਾਸ ਤੌਰ ਉੱਤੇ ਆਇਆ ਹੈ। ਹੋਰ ਵੀ ਕਈ ਸਬੂਤ ਹਨ। ਇਹ ਸਾਰਾ ਕੁਝ ਮਜ਼ਮੂਨ ਦੇ ਮੂਲ ਨਾਲ ਸਬੰਧਤ ਨਾ ਹੋਣ ਕਰ ਕੇ ਨਹੀਂ ਲਿਖਿਆ ਜਾ ਰਿਹਾ।

ਨਿਰਪੱਖ ਹੋ ਕੇ ਤਲਵਿੰਦਰ ਸਿੰਘ ਬੱਬਰ ਦੀ ਭੂਮਿਕਾ ਦਾ ਮੁਲਾਂਕਣ ਕਰਨ ਦੀ ਬੜੀ ਸਖ਼ਤ ਲੋੜ ਭਾਸਦੀ ਹੈ। ਇਹ ਤਾਂ ਯਕੀਨੀ ਹੈ ਕਿ ਓਸ ਦੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲ ਕੋਈ ਸਾਂਝ ਨਹੀਂ ਸੀ। ਓਹਨਾਂ ਦੇ ਧਾਰਮਕ ਵਿਚਾਰਾਂ ਨਾਲ ਵੀ ਸ਼ਾਇਦ ਉਹ ਸਹਿਮਤ ਨਹੀਂ ਸੀ। ਬੱਬਰ ਖ਼ਾਲਸਾ ਦੀ ਅਗਵਾਈ ਕਰਦੀ ਇਹ ਮਲਿਕ-ਪਰਮਾਰ ਜੋੜੀ ਹਿੰਦ ਸਰਕਾਰ ਦੀ ਕਿਰਪਾ-ਪਾਤਰ ਕਿਵੇਂ ਬਣ ਗਈ? ਜੀਵਨ ਸਿੰਘ ਰਾਹੀਂ ਗਿਆਨੀ ਜ਼ੈਲ ਸਿੰਘ ਨਾਲ ਇਹਨਾਂ ਦੇ ਸਬੰਧ ਕੀ ਸੰਕੇਤ ਦਿੰਦੇ ਹਨ? ਇਹਨਾਂ ਦੇ ਆਖ਼ਰੀ ਟੀਚੇ ਬਾਰੇ ਇਹਨਾਂ ਦੀਆਂ ਕਾਰਵਾਈਆਂ ਤੋਂ ਉੱਕਾ ਭਿਣਕ ਨਹੀਂ ਪੈਂਦੀ - ਨਾ ਹੀ ਪਰਮਾਰ ਆਖ਼ਰੀ ਨਿਸ਼ਾਨੇ (ਖ਼ਾਲਿਸਤਾਨ) ਲਈ ਕੋਈ ਖ਼ਾਸ ਯੋਜਨਾਬੱਧ ਤਰੱਦਦ ਕਰਦਾ ਜਾਪਦਾ ਹੈ। ਜੇ ਹਿੰਦ ਸਰਕਾਰ ਇਹਨਾਂ ਦੇ ਨਾਂਅ ਉੱਤੇ ਕਨਿਸ਼ਕ ਡੇਗਣ ਦਾ ਦੋਸ਼ ਮੜ੍ਹਨ ਵਿੱਚ ਕਾਮਯਾਬ ਵੀ ਹੋ ਜਾਂਦੀ ਤਾਂ ਏਸ ਵਿੱਚੋਂ ਕੌਮ ਲਈ ਬਦਨਾਮੀ ਦੀ ਕਾਲਖ ਤੋਂ ਇਲਾਵਾ ਕੁਝ ਨਹੀਂ ਸੀ ਲੱਭਣਾ। ਕੀ ਇਹ ਖ਼ਾਲਿਸਤਾਨ ਨੂੰ ਨੇੜੇ ਲਿਆਉਣ ਲਈ ਯਤਨ ਕਰ ਰਿਹਾ ਸੀ ਕਿ ਜਾਂ ਏਸ ਦਾ ਮਹਾਂ-ਅਭਿਯਾਨ ਖ਼ਾਲਿਸਤਾਨ ਦੀ ਸੰਭਾਵਨਾ ਨੂੰ ਦੂਰ ਧੱਕਣ ਲਈ ਸੀ? ਏਸ ਦੀ ਸੰਭਾਵਨਾ ਵੀ ਬਣੀ ਹੋਈ ਹੈ ਕਿ ਭਾਰਤ ਦੇ ਸਫ਼ਾਰਤਖਾਨੇ ਦੇ ਅਫ਼ਸਰ ਆਹਲੂਵਾਲੀਏ ਨੇ ਸਿੱਖ ਬੁਰਕਾ ਪਾ ਕੇ 'ਬਦਲਾ ਲੈਣ' ਲਈ ਉਕਸਾਇਆ ਹੋਵੇ। ਅਜਿਹੀਆਂ ਅਫ਼ਵਾਹਾਂ ਓਦੋਂ ਸੁਣਨ ਵਿੱਚ ਆਈਆਂ ਸਨ। ਗੱਲ ਏਥੇ ਪਹੁੰਚੀ ਸੀ ਕਿ ਕੈਨੇਡਾ ਪੁਲਿਸ ਨੇ ਆਹਲੂਵਾਲੀਆਂ ਦੇ ਗ੍ਰਿਫ਼ਤਾਰੀ ਵਰੰਟ ਵੀ ਹਾਸਲ ਕਰ ਲਏ ਸਨ। ਕੀ ਸਿੱਖਾਂ ਨੂੰ ਹਿੰਦ ਸਰਕਾਰ ਕੋਲ ਇਹ ਸਵਾਲ ਨਹੀਂ ਉਠਾਉਣਾ ਚਾਹੀਦਾ ਕਿ ਉਹ ਦੇਸ਼-ਵਿਦੇਸ਼ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਅਜਿਹੀਆਂ ਕੁਟਲ ਚਾਲਾਂ ਕਿਉਂ ਚੱਲ ਰਹੀ ਹੈ? ਕੈਨੇਡਾ ਖੁਫ਼ੀਆ ਏਜੰਸੀ ਦੀ ਇਕ ਰਪਟ ਇਹ ਵੀ ਹੈ ਕੇ ਭਾਰਤ ਸਰਕਾਰ ਆਪ ਖਾੜਕੂਆਂ ਵੱਲੋਂ ਲਿਖ ਕੇ ਵਿਦੇਸ਼ੀ ਮੀਡੀਆ ਨੂੰ ਛਾਪਣ ਲਈ ਵੰਡ ਰਹੀ ਹੈ (ਵੇਖੋ ਸਇਰਕ Annexure-I) ਤਾਂ ਕਿ ਸਿੱਖਾਂ ਨੂੰ ਅੱਤਵਾਦ ਵੱਲ ਝੁਕਾਅ ਰਖਦੇ ਦਰਸਾਇਆ ਜਾ ਸਕੇ। ਏਸੇ ਤਰ੍ਹਾਂ Annexure-G ਵਿੱਚ ਔਸਟ੍ਰੇਲੀਆ ਦੀ ਸਰਕਾਰ ਆਖਦੀ ਹੈ ਕਿ ਭਾਰਤ ਸਰਕਾਰ ਵਿਦੇਸ਼ੀ ਸਿੱਖਾਂ ਨੂੰ ਹਿੰਸਕ ਸਾਬਤ ਕਰਨ ਬਾਰੇ ਵਧਾ-ਚੜ੍ਹਾ ਕੇ ਰਪਟਾਂ ਜਾਰੀ ਕਰ ਰਹੀ ਹੈ। ਪੁੱਛਣਾ ਬਣਦਾ ਹੈ ਕਿ ਵਾੜ ਖੇਤ ਨੂੰ ਕਿਉਂ ਖਾ ਰਹੀ ਹੈ?

Saturday, November 12, 2011

‘Order of the Khalsa’

In a recent article, I had referred to the Khalsa form being the ‘finished product’ of the Sikh movement and to the ‘Order of the Khalsa.’ This article was published in the online publication The Sikh Bulletin, edited by Hardev Singh from California. Sardar Jarnail Singh, one of his readers presumably from Australia, asked the editor to get me to explain the terms. I was not able to respond with the efficiency demanded by the ‘cannot wait Sardar’ and was reluctant to get into arguments with him or anybody else as a lot of time is wasted in the exercise which eventually gets nowhere. So on account of my personal prejudices, the editor had to face a measure of embarrassment. I have thought over the matter and would like to state my point of view with apologies to both Jarnail Singh ji and Hardev Singh ji. Before doing that, however, I want to make it clear that I am a leader of no group of people and I do not have the ambition to influence people’s thought processes. I study to lessen my own ignorance and write to educate myself. I publish sometimes to share my thought with others in the hope that someone will suggest a better point of view. I have never even dreamt of imposing my point of view on anybody. The above is my ‘complete’ rationale for not wanting to get into an argument. The only fact that I am hiding in the above explanation is that I am also lazy and would love a situation in which I can avoid working by simply ignoring the compulsion to work.
I do not subscribe to the view that the idea of Sikhi evolved from one Guru to another. I do not also believe that one Guru was different from the other except in mundane human form and the time span of their existence in the world. The Sikhi they preached is the product of Gurbani which is a word of Akalpurakh. It did not evolve but came as a whole, self contained and complete in everyway, right in the beginning – regardless of what the theory of evolution may have to say on the subject. The proof that it is ‘aad pooran, madh pooran, ant pooran’ like the Akalpurakh it emanates from, is present in the bani of Nanak which has come down to us to this day without a comma or a full-stop being changed in the last five centuries. Anyone who knows elementary Punjabi can read the entire programme of the Sikh movement in the revelation made by Guru Nanak. He will certainly notice that the successor Gurus merely elaborated, propounded and put into practise what had been written by him. That is my observation.
Nevertheless, Guru Nanak did not announce the conclusion of his preaching with the closing of his personal ministry. He called himself ‘guru’ that is a teacher, a person who destroys ignorance, and knew full well the obligations that go with the title. He had firstly to educate those who accepted his guidance so that they could understand the ideal he was preaching. Then he had to carefully monitor their initial steps in the journey towards the ideal. He had to hold their hands until they were brought nearest to the final goal. The last lap, of course is, individual effort. Then he had to be there all the time for the guidance of the people. He also had to leave behind a society firmly believing itself to be the custodian of the truth he was preaching. He knew that all that was not possible in one lifetime. Knowing that one lifetime was not sufficient for the purpose, and knowing that moulding the psyche and thought processes of an entirely new nation is a long drawn-out process, he provided most successfully in all human history, for the extension of his natural lifespan by decreeing not merely a successor but a whole line of successors. The most remarkable aspect of which was that his nominee and his nominees succeeded him not only simply as successors, but as Nanak’s very own self – ‘the limb of my limb, the flesh of my flesh and the spirit of my spirit’ as he called Lehna on appointing him as second Nanak.
From the very beginning, Guru’s ideal was the Khalsa. But just as a pupil passes through stages of learning and slowly crosses over from one class to another, from one stage of knowledge to a higher one, so his Sikhs were to graduate to the Khalsa status. The mission that Nanak (in his ten forms) had undertaken required him to slowly lead humans to perfection – a stupendous task by any reckoning.
We need to realise that the journey of transformation did not start with the finished product but with the raw human material. It was very crudely raw material at that. In a land and a mentality enslaved for a millennium nothing better could have been expected. His material consisted of a people who had accepted their fate of being no more than the despicable doormats for the conquerors. This is brought out in the by the symbolism of Kauda, of Kaaroon, of Malik Bhago, Sajjan the thug, the magicians of Kaamroop and so on. The reality was far more miserable. The Guru did not finish the job with a magic wand. He imparted to humans an idea of liberated person – a jiwan mukta and provided many steps to the ladder, as for instance in his rightly celebrated Japuji, so to ensure that humans could steadily ascend to proximate the ideal. The journey was understandably torturous as the change was phenomenal. To accomplish the change required a superhuman effort. To understand the process, the discipline (naam) truly required the faith that could move mountains and the proverbial patience of trees (rukhan di jeerand). The Guru himself likened it to transforming ‘ghosts and demons into gods’ (pasu prethu dev karai). The stages through which the ascent took place are known to us in history. They were – sahlang, satsangi, naamdharik sikh, giani (for instance Partapmal), gursikh, brahamgyiani and so on, until the Baisakhi day of 1699, when the same Nanak literally unveiled (drew out from a tented enclosure) the human of his dreams. A common surname, Singh, was prescribed for the first five and all those who came after them. It was the festival of harvesting the ripened conscience of humankind. It was the celestial celebration of the human spirit that had lifted itself to rival the loftiness of mountains. It was the tempering of the steel that was ever to protect the humblest of His creation, the most defenceless and the weakest of all beings.
It is in this context that I call the Khalsa the ‘finished product of the Sikh movement.’ Since the Khalsa was also to be the Guru (under the strict guidance of the Guru Granth), the most compassionate Nanak wove him into an institutional framework – the Order of the Khalsa. It was to constitute the panth by organising the right minded, the most enlightened men and women in seeking implementation of the Will of Akalpurakh for the betterment of His creation. It was an institution that was to function for ever and ever. It is to provide an alternate model to the concept of State and a new basis for social organisation.
I adopted the phrases because these succinctly sum up the concepts that arise in my mind on reading details of the processes adopted by the Guru and the end result sought by him. Terms ‘Order of the Khalsa’ and ‘the finished product’ have been used by the most knowledgeable Sirdar Kapur Singh, who was also a distinguished member of the Order. A reader wanting to familiarise himself with his perception of it may go to his erudite exposition in his Prasharprashna. Some western scholars, for instance, Noel Q. King, have also used either one or both of these terms. As far as I am concerned, I have tried to make myself as plain as is possible for me in the present stage of self-understanding.

Monday, October 31, 2011

ਜਨਰਲ ਭੁੱਲਰ ਦੀ ਚੌਮੁਖੀ ਸੇਵਾ

ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਨੂੰ ਮੈਂ 1978 ਤੋਂ ਜਾਣਦਾ ਹਾਂ। ਤਕਰੀਬਨ ਸੰਨ 2000 ਤੱਕ ਏਸ ਨਾਲ ਮੇਰੇ ਸਬੰਧੀ, ਛੋਟੀਆਂ-ਮੋਟੀਆਂ ਅੜਚਨਾਂ ਦੇ ਬਾਵਜੂਦ, ਲਗਾਤਾਰ ਦੋਸਤੀ ਵਾਲੇ ਰਹੇ। ਓਸ ਤੋਂ ਬਾਅਦ ਦੇ ਉਤਰਾਅ-ਚੜ੍ਹਾਅ ਏਸ ਕਥਾ ਲਈ ਤਰਕ-ਸੰਗਤ ਨਹੀਂ। ਸਾਡੇ ਆਪਸ ਵਿੱਚ ਪ੍ਰਵਾਰਕ ਸਬੰਧ ਸਨ ਅਤੇ ਇੱਕ ਦੂਜੇ ਦੇ ਘਰ ਆਉਣ-ਜਾਣ ਸੀ। ਪਿੰਡ ਤੋਂ ਚਾਚਾ ਮੰਗਾ ਸਿੰਘ ਦਾ ਲੜਕਾ ਬਾਈ ਜਲੌਰ ਸਿੰਘ ਗੁਰਦਰਸ਼ਨ ਸਿੰਘ ਦਾ ਚੰਗਾ ਵਾਕਫ਼, ਸ਼ਾਇਦ ਰਿਸ਼ਤੇਦਾਰ ਵੀ ਸੀ। ਏਂਵੇ ਨੇੜੇ ਦੇ ਇੱਕ ਹੋਰ ਰਿਸ਼ਤੇਦਾਰ ਦਲਜੀਤ ਸਿੰਘ ਏਸ ਦੇ ਚੰਗੇ ਵਾਕਫ਼ ਹਨ। ਇਹਨਾਂ ਕਾਰਣਾਂ ਸਦਕਾ ਇੱਕ ਗੂੜ੍ਹਾ ਜਿਹਾ ਸਬੰਧ ਬਣ ਗਿਆ ਸੀ।

ਸਤੰਬਰ 1982 ਦੇ ਇੱਕ ਦਿਨ ਗੁਰਦਰਸ਼ਨ ਸਿੰਘ ਆਇਆ ਤੇ ਆਖਣ ਲੱਗਾ ਕਿ ਓਸ ਦੇ ਇੱਕ ਬਹੁਤ ਅੱਛੇ ਦੋਸਤ ਜਨਰਲ ਦਰਸ਼ਨ ਸਿੰਘ ਦਾ ਕੁੜਮ ਜਨਰਲ ਜਸਵੰਤ ਸਿੰਘ ਭੁੱਲਰ ਹੁਣੇ-ਹੁਣੇ ਫ਼ੌਜ ਤੋਂ ਸੇਵਾ-ਮੁਕਤ ਹੋ ਕੇ ਆਇਆ ਹੈ। ਉਹ ਬਹੁਤ ਪ੍ਰਪੱਕ ਸਿੱਖੀ ਖਿਆਲਾਂ ਦਾ ਹੈ। ਓਸ ਦੇ ਪਿਤਾ ਜੀ ਵੀ ਮਸਤੂਆਣੇ (ਬਤੌਰ ਮਾਸਟਰ ਜਾਂ ਸੇਵਾਦਾਰ) ਸੇਵਾ ਕਰਦੇ ਰਹੇ ਹਨ। 'ਓਸ ਨੂੰ ਵੀ ਸੇਵਾ ਕਰਨ ਦਾ ਬੜਾ ਚਾਅ ਹੈ। ਤੁਸੀਂ ਕਿਸੇ ਦਿਨ ਅੰਮ੍ਰਿਤਸਰ ਜਾਂਦੇ ਓਸ ਨੂੰ ਨਾਲ ਲੈ ਜਾਉ ਅਤੇ ਦੋਨਾਂ ਸੰਤਾਂ ਨਾਲ ਭੁੱਲਰ ਦੀ ਵਾਕਫ਼ੀਅਤ ਕਰਵਾ ਦਿਉ।'

ਓਹਨੀਂ ਦਿਨੀਂ ਮੈਂ ਸੰਤ ਲੌਂਗੋਵਾਲ ਨੂੰ ਸੁਝਾਅ ਦਿੱਤਾ ਹੋਇਆ ਸੀ ਕਿ ਅਕਾਲੀ ਦਲ ਵੱਖ-ਵੱਖ ਵਰਗਾਂ ਦੇ ਚਾਰ ਵੱਡੇ ਇਕੱਠ ਕਰ ਕੇ ਹਰ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਜੋੜੇ। ਓਸ ਨੇ ਸੁਝਾਅ ਮੰਨ ਲਿਆ ਸੀ ਅਤੇ ਫ਼ੌਜੀ ਕੌਨਫ਼ਰੰਸ ਬੁਲਾਈ ਹੋਈ ਸੀ। ਮੈਂ ਚਾਹੁੰਦਾ ਸਾਂ ਕਿ ਵੱਡੇ-ਵੱਡੇ ਸੇਵਾ-ਮੁਕਤ ਫ਼ੌਜੀ ਅੰਮ੍ਰਿਤਸਰ ਪਹੁੰਚ ਕੇ ਮੋਰਚੇ ਨੂੰ ਸਮਰਥਨ ਦੇਣ ਤਾਂ ਕਿ ਸਰਕਾਰ ਉੱਤੇ ਹੱਲ ਲੱਭਣ ਲਈ ਜ਼ੋਰ ਪਾਇਆ ਜਾ ਸਕੇ। ਇਹ ਗੱਲ ਮੈਨੂੰ ਚੰਗੀ ਲੱਗੀ ਕਿ ਇੱਕ ਹੋਰ ਜਨਰਲ ਏਸ ਕਾਫ਼ਲੇ ਵਿੱਚ ਸ਼ਾਮਲ ਹੋਣ ਨੂੰ ਤਿਆਰ ਹੈ। ਮੈਂ ਅਗਲੀ ਫ਼ੇਰੀ ਉੱਤੇ ਦੋਨਾਂ ਸੰਤਾਂ ਨੂੰ ਭੁੱਲਰ ਬਾਰੇ ਪੁੱਛਣ ਦੀ ਸਲਾਹ ਬਣਾਈ।

ਅਗਲੇ ਗੇੜੇ ਮੈਂ ਵੇਖਿਆ ਕਿ ਮੇਰਾ ਕੰਮ ਬਹੁਤ ਆਸਾਨ ਹੋ ਚੁੱਕਾ ਸੀ। ਸੰਤ ਲੌਂਗੋਵਾਲ ਨੇ ਫ਼ੌਜੀ ਕਨਵੈਨਸ਼ਨ ਵਾਸਤੇ ਸੱਦਾ- ਪੱਤਰ ਭੇਜੇ ਹੋਏ ਸਨ। ਬਲਵੰਤ ਸਿੰਘ ਰਾਮੂਵਾਲੀਆ ਜਾ ਕੇ ਵੱਡੇ-ਵੱਡੇ ਅਫ਼ਸਰਾਂ ਨੂੰ ਸੱਦਾ-ਪੱਤਰ ਦੇ ਆਇਆ ਸੀ। ਜਦੋਂ ਮੈਂ ਸੰਤ ਲੌਂਗੋਵਾਲ ਨੂੰ ਮਿਲਿਆ ਓਦੋਂ ਰਾਮੂਵਾਲੀਆ ਓਸ ਦੇ ਕੋਲ ਹੀ ਬੈਠਾ ਸੀ। ਰਸਮੀ ਗੱਲਬਾਤ ਤੋਂ ਬਾਅਦ ਸੰਤ ਨੇ ਆਖਿਆ ਕਿ 'ਇੱਕ ਜਸਵੰਤ ਸਿੰਘ ਭੁੱਲਰ ਨਵਾਂ ਸੇਵਾ-ਮੁਕਤ ਹੋ ਕੇ ਆਇਆ ਹੈ। ਬੜਾ ਸ਼ਰਧਾ ਵਾਲਾ ਬੰਦਾ ਹੈ। ਅਗਲੀ ਵਾਰ ਓਸ ਨੂੰ ਨਾਲ ਲੈ ਆਉਣਾ, ਮੈਂ ਮਿਲਣਾ ਚਾਹੁੰਦਾ ਹਾਂ।' ਮੈਂ ਪੁੱਛਿਆ ਕਿ ਸੰਤ ਓਸ ਨੂੰ ਕਿਵੇਂ ਜਾਣਦਾ ਸੀ? ਜੁਆਬ ਰਾਮੂਵਾਲੀਏ ਨੇ ਦਿੱਤਾ: 'ਜਦੋਂ ਮੈਂ ਓਸ ਨੂੰ ਸੰਤਾਂ ਦੀ ਚਿੱਠੀ ਦੇਣ ਗਿਆ ਤਾਂ ਉਹ ਬਾਹਰ ਘਾਹ ਉੱਤੇ ਬੈਠਾ ਸੀ। ਮੈਨੂੰ ਬਿਠਾ ਕੇ ਉਹ ਕਾਹਲੀ-ਕਾਹਲੀ ਘਰ ਦੇ ਅੰਦਰ ਗਿਆ। ਪਟਕਾ ਸਿਰ ਉੱਤੇ ਬੰਨ੍ਹ ਕੇ ਝੱਟ ਆ ਗਿਆ। ਮੈਂ ਸੰਤਾਂ ਦੀ ਚਿੱਠੀ ਫੜਾਈ ਤਾਂ ਓਸ ਨੇ ਖੜ੍ਹੇ ਹੋ ਕੇ ਦੋਨਾਂ ਹੱਥਾਂ ਨਾਲ ਫੜ ਕੇ ਪਹਿਲਾਂ ''ਧੰਨ ਭਾਗ-ਧੰਨ ਭਾਗ'' ਆਖ ਕੇ ਮੱਥੇ ਨੂੰ ਲਾਈ, ਸਿਰ ਉੱਤੇ ਰੱਖੀ ਅਤੇ ਫੇਰ ਬੜੇ ਅਦਬ ਨਾਲ ਚੁੰਮ ਕੇ ਖੋਲ੍ਹੀ। ਓਸ ਨੇ ਅਖਿਆ ਮੈਂ ਬੰਬਈ ਆਪਣੀ ਬੇਟੀ ਕੋਲ ਜਾਣਾ ਹੈ। ਸ਼ਾਇਦ ਆ ਨਾ ਸਕਾਂ ਪਰ ਓਸ ਤੋਂ ਬਾਅਦ ਮੈਂ ਤੁਹਾਡੇ ਨਾਲ ਹੀ ਹਾਂ ਅਤੇ ਫ਼ੌਜੀਆਂ ਵਾਂਗੂੰ ਜੰਗ ਲੜਾਂਗਾ। ਏਨੀ ਸ਼ਰਧਾ ਨਾਲ ਕਿਸੇ ਹੋਰ ਫ਼ੌਜੀ ਨੇ ਚਿੱਠੀ ਪ੍ਰਾਪਤ ਨਹੀਂ ਕੀਤੀ। ਬੰਦਾ ਬੜੇ ਕੰਮ ਦਾ ਜਾਪਦਾ ਹੈ।'

ਜਦੋਂ ਮੈਂ ਸੰਤ ਭਿੰਡਰਾਂ ਵਾਲਿਆਂ ਨੂੰ ਮਿਲਿਆ ਤਾਂ ਉਹਨਾਂ ਵੀ ਮੇਰੇ ਗੱਲ ਕਰਨ ਤੋਂ ਪਹਿਲਾਂ ਹੀ ਪੁੱਛ ਲਿਆ ਕਿ ਜਨਰਲ ਜਸਵੰਤ ਸਿੰਘ ਭੁੱਲਰ ਕਿਸ ਤਰ੍ਹਾਂ ਦਾ ਆਦਮੀ ਹੈ। ਮੈਂ ਦੱਸਿਆ 'ਮੈਂ ਓਸ ਨੂੰ ਨਹੀਂ ਜਾਣਦਾ ਪਰ ਉਹ ਤੁਹਾਨੂੰ ਮਿਲਣ ਵਾਸਤੇ ਬੜਾ ਉਤਾਵਲਾ ਹੈ।' ਆਖਣ ਲੱਗੇ 'ਮੈਨੂੰ ਵੀ ਸੁਨੇਹਾ ਪਹੁੰਚਿਆ ਹੈ ਪਰ ਆਪਾਂ ਨੂੰ ਪੂਰਾ ਪਤਾ ਲਗਾ ਲੈਣਾ ਚਾਹੀਦਾ ਹੈ ਕਿ ਬੰਦਾ ਕਿਸ ਤਰ੍ਹਾਂ ਦਾ ਹੈ। ਅਗਲੀ ਵਾਰ ਤੁਸੀਂ ਪੂਰਾ ਪਤਾ ਕੱਢ ਕੇ ਲਿਆਉਣਾ।' ਜਾਪਦਾ ਹੈ ਕਿ ਜਸਵੰਤ ਸਿੰਘ ਭੁੱਲਰ ਦੋਨਾਂ ਸੰਤਾਂ ਨੂੰ ਮਿਲਣ ਲਈ ਕਾਹਲਾ ਸੀ ਪਰ ਕੁਝ ਸਮਾਂ ਪਾ ਕੇ। ਏਸ ਲਈ ਉਹ ਕਈ ਲੋਕਾਂ ਰਾਹੀਂ ਸੁਨੇਹੇ ਪਹੁੰਚਾ ਰਿਹਾ ਸੀ ਤਾਂ ਕਿ ਗੱਲ ਚੱਲਦੀ ਰਹੇ।

ਏਸ ਵਤੀਰੇ ਦਾ ਅੱਧ-ਪਚੱਧ ਰਾਜ਼ ਭੁੱਲਰ ਨੂੰ ਮਿਲ ਕੇ ਖੁੱਲ੍ਹਿਆ। ਓਸ ਨੇ ਦੱਸਿਆ ਕਿ ਨੌਕਰੀ ਦੌਰਾਨ ਓਸ ਨੇ ਕੇਸ ਨਹੀਂ ਸਨ ਰੱਖੇ ਹੋਏ। ਸੰਤਾਂ ਨੂੰ ਮਿਲਣ ਦੇ ਸਮੇਂ ਤੱਕ ਮੂੰਹ ਅਤੇ ਸਿਰ ਉੱਤੇ ਇੱਜ਼ਤ ਰੱਖਣ ਜੋਗੇ ਕੇਸ ਉੱਗ ਆਉਣ ਦੀ ਉਡੀਕ ਵਿੱਚ ਸੀ। ਓਸ ਤਰ੍ਹਾਂ ਓਸ ਨੇ ਬੰਬਈ (ਓਸ ਵੇਲੇ ਮੁੰਬਈ ਨਾਮਕਰਣ ਨਹੀਂ ਸੀ ਹੋਇਆ) ਆਪਣੀ ਬੇਟੀ ਨੂੰ ਮਿਲਣ ਲਈ ਜਾਣਾ ਸੀ।

ਫ਼ੌਜੀ ਅਫ਼ਸਰਾਂ ਵਿੱਚੋਂ ਮੈਂ ਕਰਨਲ ਭਗਤ ਸਿੰਘ, ਬ੍ਰਿਗੇਡੀਅਰ ਜੋਗਿੰਦਰ ਸਿੰਘ 'ਜੋਗੀ', ਜਨਰਲ ਗੁਰਬਖ਼ਸ਼ ਸਿੰਘ ਬੱਧਨੀ, ਜਨਰਲ ਨਰਿੰਦਰ ਸਿੰਘ ਨੂੰ ਜਾਣਦਾ ਸਾਂ। ਮੇਰੇ ਘਰ ਦੇ ਬਿਲਕੁਲ ਸਾਹਮਣੇ ਜਨਰਲ ਮਹਿੰਦਰ ਸਿੰਘ ਰਹਿੰਦੇ ਸਨ। ਇਹ ਬੜੇ ਨੇਕ ਸੁਭਾਅ ਦੇ ਗੁਰਮੁਖ ਸੱਜਣ ਸਨ। ਜਨਰਲ ਜੋਗਿੰਦਰ ਸਿੰਘ ਵੀ ਨੇੜੇ ਹੀ ਰਹਿੰਦੇ ਸਨ ਅਤੇ ਕੌਲਿਜ ਵਿੱਚ ਮੇਰੇ ਸਹਿਪਾਠੀ ਦੇ ਪਿਤਾ ਸਨ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਏਨੇਂ ਲੋਕਾਂ ਵਿੱਚੋਂ ਇੱਕ ਨੇ ਵੀ ਜਸਵੰਤ ਸਿੰਘ ਭੁੱਲਰ ਦੀ ਤਾਰੀਫ਼ ਨਾ ਕੀਤੀ। ਸਾਰਿਆਂ ਨੇ ਓਸ ਦੀ ਰਹਿਤ ਦੀ ਚੋਖੀ ਢਿੱਲ ਤੋਂ ਇਲਾਵਾ ਜਾਤੀ ਕਿਰਦਾਰ, ਪਹਿਲੀ ਪਤਨੀ, ਪਿਤਾ ਇਤਿਆਦਿ ਨਾਲ ਦੁਰ-ਵਿਵਹਾਰ ਦੀਆਂ ਕਈ ਕਹਾਣੀਆਂ ਸੁਣਾਈਆਂ। ਹਰ ਇੱਕ ਨੇ ਜਰਨੈਲ ਨੂੰ ਸੱਤਵਾਦੀ ਹੋਣ ਤੋਂ ਕੋਹਾਂ ਦੂਰ ਦੱਸਿਆ। ਜਨਰਲ ਗੁਰਬਖਸ਼ ਸਿੰਘ ਨੇ ਤਾਂ ਇਹ ਵੀ ਆਖ ਦਿੱਤਾ ਕਿ 'ਭੁੱਲਰ ਭੁੱਲ ਕੇ ਵੀ ਸੱਚ ਨਹੀਂ ਬੋਲਦਾ।' ਇਹਨਾਂ ਸਾਰੀਆਂ ਕਿੱਸਾ-ਕਹਾਣੀਆਂ ਦਾ ਨਿਚੋੜ ਮੈਂ ਸੰਤ ਜਰਨੈਲ ਸਿੰਘ ਨੂੰ ਥੋੜ੍ਹਾ ਘਟਾ ਕੇ ਜਾ ਦੱਸਿਆ ਕਿਉਂਕਿ ਮਨੁੱਖੀ ਰਿਸ਼ਤਿਆਂ ਵਿੱਚ ਥੋੜ੍ਹੀ ਥਾਂ ਗ਼ਲਤਫ਼ਹਿਮੀ, ਈਰਖਾ, ਨਾ-ਪਸੰਦਗੀ ਇਤਿਆਦਿ ਲਈ ਵੀ ਰੱਖਣੀ ਚਾਹੀਦੀ ਹੈ। ਸੰਤ ਨੇ ਪੂਰੇ ਧਿਆਨ ਨਾਲ ਸੁਣਿਆ ਪਰ ਆਖਿਆ ਕੁਝ ਵੀ ਨਾ। ਸੰਤ ਹਰਚੰਦ ਸਿੰਘ ਨੇ ਨਾ ਕਦੇ ਪੁੱਛਿਆ ਅਤੇ ਨਾ ਹੀ ਮੈਂ ਓਸ ਨਾਲ ਭੁੱਲਰ ਬਾਰੇ ਏਸ ਕਿਸਮ ਦੀ ਗੱਲ ਕੀਤੀ। ਆਪਣੇ-ਆਪ ਮੈਂ ਸਦਾ ਭੁੱਲਰ ਨਾਲ ਏਨੀਂ ਕੁ ਨੇੜਤਾ ਰੱਖੀ ਕਿ ਕੰਮ ਪ੍ਰਭਾਵਸ਼ਾਲੀ ਤਰੀਕੇ ਨਾਲ ਚੱਲਦਾ ਰਹੇ ਪਰ ਪੱਲਾ ਬਚਿਆ ਰਹੇ।

ਭੁੱਲਰ ਫ਼ੌਜੀ ਕਨਵੈਨਸ਼ਨ ਵਿੱਚ ਤਾਂ ਨਾ ਆ ਸਕਿਆ ਪਰ ਓਸ ਨੇ ਬੜੀ ਢੁਕਵੀਂ ਪੰਜਾਬੀ ਵਿੱਚ ਇੱਕ ਚਿੱਠੀ ਸੰਤ ਲੌਂਗੋਵਾਲ ਦੇ ਨਾਂਅ ਲਿਖ ਕੇ ਭੇਜੀ। ਓਸ ਵਿੱਚ ਓਸ ਨੇ ਆਖਿਆ ਕਿ ਏਸ਼ੀਆ ਖੇਡਾਂ ਦੌਰਾਨ ਓਸ ਦੀ ਦਿੱਲੀ ਜਾਂਦੇ ਦੀ ਹਰਿਆਣਾ ਦੀ ਪੁਲਿਸ ਨੇ ਸਿੱਖ ਜਾਣ ਕੇ ਬਹੁਤ ਬੇ-ਇੱਜ਼ਤੀ ਕੀਤੀ ਸੀ। ਏਸ ਘਟਨਾ ਨੇ ਓਸ ਨੂੰ ਆਪਣੇ ਲੋਕਾਂ ਨਾਲ ਖੜ੍ਹਨ ਲਈ ਪ੍ਰੇਰਨਾ ਦਿੱਤੀ। ਗੱਲਬਾਤ ਦੌਰਾਨ ਓਸ ਨੇ ਮੇਰੇ ਕੋਲ ਮੰਨਿਆ ਕਿ ਉਹਨਾਂ ਦਿਨਾਂ ਵਿੱਚ ਨਾ ਤਾਂ ਉਹ ਦਿੱਲੀ ਗਿਆ ਸੀ ਅਤੇ ਨਾ ਹੀ ਓਸ ਦੀ ਸਿੱਖ-ਪਛਾਣ ਓਦੋਂ ਤੱਕ ਬਣ ਸਕੀ ਸੀ। ਪਰ ਓਸ ਨੇ ਕਿਹਾ, ''ਸੱਚਾਈ ਤਾਂ ਇਹੋ ਹੈ ਨਾ ਕਿ ਜੇ ਮੈਂ ਓਦੋਂ ਦਿੱਲੀ ਜਾਂਦਾ ਅਤੇ ਬਤੌਰ ਸਿੱਖ ਪਛਾਣਿਆ ਜਾਂਦਾ ਤਾਂ ਹੋਣੀ ਤਾਂ ਮੇਰੇ ਨਾਲ ਏਂਵੇਂ ਹੀ ਸੀ''। ਓਸ ਦੇ ਫ਼ੌਜੀ ਤਰਕ ਨਾਲ ਤਾਂ ਕਾਸ ਦਾ ਝਗੜਾ ਸੀ ਪਰ ਮੈਨੂੰ ਜਾਪਿਆ ਕਿ ਜੇ ਇਹ ਹਰਿਆਣਾ ਵਾਲੀ ਗੱਲ ਨਾ ਲਿਖੀ ਜਾਂਦੀ ਤਾਂ ਵੀ ਖ਼ਤ ਓਨਾਂ ਹੀ ਪ੍ਰਭਾਵਸ਼ਾਲੀ ਹੋਣਾ ਸੀ।

ਜਨਰਲ ਭੁੱਲਰ ਬੰਬਈ ਤੋਂ ਵਾਪਸ ਆ ਗਿਆ ਅਤੇ ਅਸੀਂ ਇਕੱਠੇ ਅੰਮ੍ਰਿਤਸਰ ਗਏ ਤੇ ਸੰਤ ਭਿੰਡਰਾਂਵਾਲਿਆਂ ਨੂੰ ਮਿਲੇ। ਬੜੀ ਵਧੀਆ ਗੱਲਬਾਤ ਹੋਈ। ਏਸੇ ਤਰ੍ਹਾਂ ਹੀ ਸੰਤ ਲੌਂਗੋਵਾਲ ਨਾਲ ਵੀ। ਏਸ ਕਾਰਵਾਈ ਨੂੰ ਨਿਪਟਾ ਕੇ ਅਸੀਂ ਵਾਪਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਣ ਲਈ ਕਾਰ ਵੱਲ ਆ ਰਹੇ ਸਾਂ ਤਾਂ ਜਨਰਲ ਸੁਬੇਗ ਸਿੰਘ ਹੇਠਾਂ ਮਿਲ ਗਏ। ਉਹ ਵੀ ਆਮ ਵਾਰਤਾਲਾਪ ਕਰਦੇ ਰਹੇ। ਇੱਕ ਵਾਰੀ ਫ਼ੇਰ ਅਸੀਂ ਵਿਦਾਇਗੀ ਲਈ ਅਤੇ ਮੈਂ ਜਾ ਕੇ ਕਾਰ ਵਿੱਚ ਬੈਠ ਗਿਆ। ਜਨਰਲ ਭੁੱਲਰ ਨੇ ਆ ਕੇ ਤਾਕੀ ਖੋਲ੍ਹੀ। ਫ਼ੇਰ ਮੈਨੂੰ ਆਖਿਆ, 'ਇੱਕ ਮਿੰਟ ਰੁਕਣਾ ਮੈਂ ਸੁਬੇਗ ਸਿੰਘ ਨਾਲ ਇੱਕ ਹੋਰ ਗੱਲ ਕਰ ਆਵਾਂ।' ਦੋ ਕੁ ਮਿੰਟ ਵਿੱਚ ਹੀ ਭੁੱਲਰ ਵਾਪਸ ਆ ਗਿਆ।

ਰਾਹ ਵਿੱਚ ਬੜਾ ਹੈਰਾਨ ਹੋ ਕੇ, ਪੂਰੀ ਤਮਹੀਦ ਬੰਨ੍ਹ ਕੇ ਓਸ ਨੇ ਮੈਨੂੰ ਸੁਬੇਗ ਸਿੰਘ ਨਾਲ ਅਖ਼ੀਰ ਉੱਤੇ ਹੋਈ ਅਹਿਮ ਗੱਲ ਬਾਰੇ ਦੱਸਿਆ: 'ਬੰਗਲਾਦੇਸ਼ ਦੀ ਲੜਾਈ ਵਿੱਚ ਮੈਂ ਕਮਾਨ ਦਫ਼ਤਰ ਵਿੱਚ ਸਾਂ ਅਤੇ ਯੋਜਨਾ ਬਣਾਉਣ ਲਈ ਜ਼ਿੰਮੇਵਾਰ ਸਾਂ। ਸਾਰੀ ਬੰਗਲਾ ਦੇਸ਼ ਦੀ ਲੜਾਈ ਕਾਬਲ ਯੋਜਨਾ ਦੇ ਬਲਬੂਤੇ ਜਿੱਤੀ ਗਈ ਸੀ। ਓਦੋਂ ਸੁਬੇਗ ਸਿੰਘ ਮੁਕਤੀ-ਵਾਹਿਨੀ ਦਾ ਸੰਚਾਲਕ ਬਣਿਆ ਹੋਇਆ ਸੀ। ਏਸ ਨੇ ਵੀ ਰਣ ਵਿੱਚ ਬੜੀ ਬਹਾਦਰੀ ਵਿਖਾਈ। ਅਸਲ ਵਿੱਚ ਬੰਗਲਾ ਦੇਸ਼ ਦੀ ਜੰਗ ਅਸੀਂ ਦੋਨਾਂ ਨੇ ਹੀ ਜਿੱਤੀ ਸੀ। ਹੁਣ ਮੇਰੇ ਨਾਲ ਨਿਵੇਕਲੀ ਗੱਲਬਾਤ ਵਿੱਚ ਸੁਬੇਗ ਸਿੰਘ ਨੇ ਆਖਿਆ: ਭੁੱਲਰ, ਜੇ ਯੋਜਨਾਬੰਦੀ ਤੇਰੀ ਹੋਵੇ ਅਤੇ ਕਾਰਵਾਈ ਮੈਂ ਕਰਾਂ ਤਾਂ ਆਪਾਂ ਕੁਝ ਹੀ ਦਿਨਾਂ ਵਿੱਚ ਸਾਰੀ ਸਿੱਖ ਸਿਆਸਤ ਉੱਤੇ ਕਬਜ਼ਾ ਕਰ ਲਵਾਂਗੇ। ਅਕਾਲੀਆਂ ਨੂੰ ਤਾਂ ਅਕਲ ਉੱਕਾ ਹੀ ਨਹੀਂ; ਦੂਜੇ ਪਾਸੇ ਵੀ ਸੰਤਾਂ ਬਿਨਾ ਸਭ ਸਤਿਨਾਮ ਹੀ ਹੈ। ਤੂੰ ਹੁਣ ਦੇਰ ਨਾ ਕਰ ਅਤੇ ਝੱਟ ਆ ਕੇ ਨਾਲ ਰਲ ਜਾ' ਆਦਿ-ਆਦਿ। ਨਾਲੋ-ਨਾਲ ਭੁੱਲਰ ਸੁਬੇਗ ਸਿੰਘ ਨੂੰ ਕੋਸੀ ਜਾਵੇ। 'ਇਹਦੇ ਵਿੱਚ ਸ਼ਰਧਾ ਬਿਲਕੁਲ ਹੀ ਨਹੀਂ। ਬੰਗਲਾ ਦੇਸ਼ ਵੇਲੇ ਵੀ ਰਹਿਤ-ਬਹਿਤ ਨਹੀਂ ਸੀ ਰੱਖਦਾ। ਹੁਣ ਵੇਖੋ ਦੋਨਾਂ ਸੰਤਾਂ ਨਾਲ ਕਿੰਨਾ ਫ਼ਰੇਬ ਕਰ ਰਿਹਾ ਹੈ। ਉਹਨਾਂ ਦਾ ਖ਼ੈਰ-ਖ਼ਾਹ ਬਣਿਆ ਫਿਰਦਾ ਹੈ ਪਰ ਅੰਦਰੋਂ-ਅੰਦਰੀਂ ਕਿਹੋ ਜਿਹੇ ਇਰਾਦੇ ਮਨ ਵਿੱਚ ਧਾਰ ਕੇ ਬੈਠਾ ਹੈ। ਸੰਤਾਂ ਨਾਲ ਧੋਖਾ! ਏਦੂੰ ਮਾੜਾ ਬੰਦਾ ਹੋ ਨਹੀਂ ਸਕਦਾ'......

ਰਾਤੀਂ ਮੰਜੇ ਉੱਤੇ ਪੈ ਕੇ ਮੈਂ ਕਾਫ਼ੀ ਦੇਰ ਸੋਚਦਾ ਰਿਹਾ ਕਿ ਕੀ ਭੁੱਲਰ ਦੀ ਆਖੀ ਗੱਲ ਮੰਨਣ ਯੋਗ ਹੈ? ਆਖ਼ਰ ਮੈਂ ਆਪਣੇ-ਆਪ ਨੂੰ ਸਮਝਾਇਆ ਕਿ ਸੰਤ ਜਰਨੈਲ ਸਿੰਘ ਪਾਰਖੂ ਅੱਖ ਰੱਖਣ ਵਾਲਾ ਇਨਸਾਨ ਹੈ। ਉਹ ਧੋਖੇ-ਫ਼ਰੇਬ ਨੂੰ ਝੱਟ ਪਛਾਣ ਜਾਏਗਾ। ਗੁਰਬਾਣੀ ਦਾ ਫ਼ੁਰਮਾਨ ਹੈ ''ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ''। ਕੋਈ ਵੀ ਮਾੜੇ ਇਰਾਦੇ ਵਾਲਾ ਬੰਦਾ ''ਰਾਮ ਕਸਾਓਟੀ'' ਨਹੀਂ ਸਹਿ ਸਕਦਾ। ਇਹ ਵੀ ਹੋ ਸਕਦਾ ਹੈ ਕਿ ਸੁਬੇਗ ਸਿੰਘ ਨੇ ਭੁੱਲਰ ਦਾ ਅਸਲ ਇਰਾਦਾ ਜਾਣਨ ਲਈ ਅਜਿਹੀਆਂ ਗੱਲਾਂ ਏਸ ਨਾਲ ਕੀਤੀਆਂ ਹੋਣ! ਇਹ ਵੀ ਹੋ ਸਕਦਾ ਹੈ ਕਿ ਓਸ ਨੇ ਕੋਈ ਅਜਿਹੀ ਗੱਲ ਨਾ ਕੀਤੀ ਹੋਵੇ ਅਤੇ ਭੁੱਲਰ ਕੋਲੋਂ ਹੀ ਬਣਾ ਰਿਹਾ ਹੋਵੇ। ਏਸ ਤਰ੍ਹਾਂ ਦੇ ਖਿਆਲਾਂ ਵਿੱਚ ਡੁੱਬੇ ਨੂੰ ਮੈਨੂੰ ਆਖ਼ਰ ਨੀਂਦ ਆ ਗਈ।

ਅਗਲੇ ਦਿਨ ਸਵੇਰੇ ਭੁੱਲਰ ਜਾਗਿਆ ਤਾਂ ਮੈਂ ਇਸ਼ਨਾਨ ਕਰ ਕੇ ਗੁਟਕੇ ਤੋਂ ਪਾਠ ਕਰ ਰਿਹਾ ਸਾਂ। ਇਹ ਮੈਨੂੰ ਵੇਖ ਕੇ ਕਾਫ਼ੀ ਹੱਸਿਆ। ਬਾਅਦ ਵਿੱਚ ਆਖਿਆ, ''ਗੁਟਕੇ ਤੋਂ ਪਾਠ ਕਰ ਰਿਹਾ ਸੀ, ਅਜੇ ਤੱਕ ਬਾਣੀ ਯਾਦ ਨਹੀਂ ਹੋਈ'। ਮੈਂ ਗੱਲ ਨੂੰ ਆਈ-ਗਈ ਕਰਨਾ ਹੀ ਬਿਹਤਰ ਸਮਝਿਆ। ਭੁੱਲਰ ਨੇ ਇਸ਼ਨਾਨ ਕਰਦੇ ਵਕਤ ਹੀ ਜਪੁਜੀ ਸਾਹਿਬ ਦਾ ਪਾਠ ਗੁਨਗੁਨਾਉਣਾ ਸ਼ੁਰੂ ਕਰ ਦਿੱਤਾ ਅਤੇ ਬਾਹਰ ਆਉਣ ਤੱਕ ਮੁਕੰਮਲ ਕਰ ਲਿਆ। ਨਾਲ ਆਖਿਆ, 'ਮੈਨੂੰ ਤਾਂ ਸਭ ਨਿੱਤਨੇਮ ਦੀਆਂ ਬਾਣੀਆਂ ਕੰਠ ਹਨ। ਮੇਰੇ ਪਿਤਾ ਜੀ ਗੁਰਦ੍ਵਾਰਾ ਮਸਤੂਆਣਾ ਸੇਵਾ ਕਰਦੇ ਹੁੰਦੇ ਸਨ; ਮੈਂ ਤਾਂ ਓਦੋਂ ਹੀ ਯਾਦ ਕਰ ਲਈਆਂ ਸਨ। ਕਈ ਲੋਕ ਤਾਂ ਮੇਰੇ ਪਿਤਾ ਜੀ ਨੂੰ ਪਹੁੰਚਿਆ ਹੋਇਆ ਸੰਤ ਸਮਝਦੇ ਸਨ।'....

ਕਾਫ਼ੀ ਦੇਰ ਬਾਅਦ ਸੰਤ ਜਰਨੈਲ ਸਿੰਘ ਨੇ ਇੱਕ ਚੋਣਵੇਂ ਸਿੱਖਾਂ ਦੀ ਮਿਲਣੀ ਦਾ ਪ੍ਰਬੰਧ ਗੁਰੂ ਨਾਨਕ ਨਿਵਾਸ ਦੀ ਛੱਤ ਉੱਤੇ ਕੀਤਾ। ਦੋ ਦਿਨ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਆਖ਼ਰ ਸੰਤ ਬੋਲਿਆ। ਸਾਰਿਆਂ ਕੋਲੋਂ ਇੱਕ ਸਵਾਲ ਵੀ ਸੰਤ ਨੇ ਪੁੱਛਿਆ: 'ਜਿਨ੍ਹਾਂ-ਜਿਨ੍ਹਾਂ ਨੂੰ ਪੰਜੇ ਬਾਣੀਆਂ ਯਾਦ ਹਨ ਆਪਣੇ ਹੱਥ ਖੜ੍ਹੇ ਕਰੋ।' ਭੁੱਲਰ ਨੇ ਝੱਟ ਦੋਨੋਂ ਹੱਥ ਖੜ੍ਹੇ ਕਰ ਦਿੱਤੇ। ਮੈਨੂੰ ਤਾਂ ਕੁਈ ਹੈਰਾਨੀ ਨਾ ਹੋਈ ਕਿਉਂਕਿ ਮੇਰੇ ਕੋਲ ਤਾਂ ਪਹਿਲਾਂ ਹੀ ਭੁੱਲਰ ਏਸ ਸਬੰਧੀ ਦਾਅਵਾ ਕਰ ਚੁੱਕਾ ਸੀ। ਜਨਰਲ ਨਰਿੰਦਰ ਸਿੰਘ ਦੀ ਮੁਸਕਰਾਹਟ ਵਿੱਚ ਮੈ ਕਟਾਖ਼ਸ਼ ਦਾ ਰੰਗ ਵੇਖਿਆ। ਨਾ ਨਰਿੰਦਰ ਸਿੰਘ ਨੇ ਅਤੇ ਨਾ ਮੈਂ ਹੱਥ ਖੜ੍ਹੇ ਕੀਤੇ। ਦਰਬਾਰ ਸਾਹਿਬ ਦਾ ਪਵਿੱਤਰ ਮਾਹੌਲ ਸੀ, ਸਾਡੇ ਮੂੰਹ ਬਾਬਾ ਅਟੱਲ ਵੱਲ ਸਨ ਅਤੇ ਸੱਜੇ ਪਾਸੇ ਗੁਰੂ ਦਾ ਸੁਨਹਿਰੀ ਦਰਬਾਰ ਡਲ੍ਹਕਾਂ ਮਾਰ ਰਿਹਾ ਸੀ, ਸਾਹਮਣੇ ਖੜ੍ਹਾ ਇੱਕ ਗੁਰੂ ਕਾ ਪਿਆਰਾ ਸਵਾਲ ਪੁੱਛ ਰਿਹਾ ਸੀ। ਇਹਨਾਂ ਹਾਲਤਾਂ ਵਿੱਚ ਝੂਠ ਬੋਲ ਕੇ ਸੁਰਖਰੂ ਹੋ ਜਾਣਾ ਆਤਮਕ ਜੀਵਨ ਦੀ ਕੰਗਾਲੀ ਦਾ ਹੀ ਸੂਚਕ ਹੋ ਸਕਦਾ ਸੀ। ''ਥਰਹਰ ਕੰਪੈ ਬਾਲਾ ਜੀਉ॥ ਨਾ ਜਾਨਉ ਕਿਆ ਕਰਸੀ ਪੀਉ॥'' ਜਿੰਨੀਂ ਕੁ ਬਾਣੀ ਕੰਠ ਸੀ ਓਨੀਂ ਕੁ ਦੇ ਸ਼ਬਦ ਵੀ ਜ਼ੁਬਾਨੀ ਪਾਠ ਕਰਦਿਆਂ ਅੱਗੇ-ਪਿੱਛੇ ਹੋ ਜਾਂਦੇ ਸਨ। ਨਾ ਯਾਦ ਹੋਣਾ ਸੀ ਤਾਂ ਨਮੋਸ਼ੀ ਦਾ ਮੰਜ਼ਰ ਪਰ ਓਸ ਪਵਿੱਤਰ ਮਾਹੌਲ ਵਿੱਚ ਝੂਠਾ ਦਾਅਵਾ ਕਰਨਾ ਤਾਂ ਆਤਮਘਾਤੀ ਸੀ। ਕਈ ਲੋਕਾਂ ਨੇ ਨਮੋਸ਼ੀ ਸਹਿ ਲਈ ਅਤੇ ਹੱਥ ਖੜ੍ਹਾ ਨਾ ਕੀਤਾ।

ਵਾਪਸ ਆਉਂਦਿਆਂ ਅਸੀਂ ਚਾਰ ਜਣੇ ਇੱਕੋ ਕਾਰ ਵਿੱਚ ਸਾਂ। ਜਨਰਲ ਨਰਿੰਦਰ ਸਿੰਘ ਨੇ ਬਲਾਚੌਰ ਨੇੜੇ ਪਹੁੰਚ ਕੇ ਭੁੱਲਰ ਨੂੰ ਆਖਿਆ, 'ਭੁੱਲਰ ਤੂੰ ਬੜੇ ਤਪਾਕ ਨਾਲ ਦੋਵੇਂ ਹੱਥ ਖੜ੍ਹੇ ਕੀਤੇ ਸਨ। ਜਾਪ ਸਾਹਿਬ ਤਾਂ ਸੁਣਾ ਭਲਾ।' ਜਨਰਲ ਭੁੱਲਰ ਥੋੜ੍ਹਾ ਘਬਰਾ ਗਿਆ: 'ਨਹੀਂ-ਨਹੀਂ, ਤੁਹਾਨੂੰ ਗ਼ਲਤ-ਫ਼ਹਿਮੀ ਹੋਈ ਹੈ।' ਨਰਿੰਦਰ ਸਿੰਘ ਨੇ ਫ਼ੇਰ ਆਖਿਆ,'ਇਉਂ ਨਹੀਂ ਗੱਲ ਮੁੱਕਣੀ। ਤੂੰ ਦੋਨੋਂ ਹੱਥ ਖੜ੍ਹੇ ਕੀਤੇ ਸਨ। ਹੁਣ ਤਾਂ ਜਾਪ ਸਾਹਿਬ ਸੁਣਾ ਕੇ ਹੀ ਖਹਿੜਾ ਛੁੱਟੂ।' ਭੁੱਲਰ ਕਹਿੰਦਾ, 'ਨਹੀਂ, ਨਹੀਂ। ਜਾਪ ਸਾਹਿਬ ਨਹੀਂ...... ਦਰਅਸਲ ਮੈਨੂੰ ਪੰਜ ਸਵੱਈਏ ਯਾਦ ਹਨ।' ਜਨਰਲ ਨਰਿੰਦਰ ਸਿੰਘ ਬੋਲਿਆ, 'ਇਹ ਭਲਾ ਕਿਹੜੀ ਬਾਣੀ ਹੋਈ? ਦਸ ਸਵੱਈਏ ਤਾਂ ਹਨ, ਪਰ ਪੰਜ ਸਵੱਈਏ ਤਾਂ ਕਿਸੇ ਬਾਣੀ ਦਾ ਨਾਂਅ ਨਹੀਂ। ਮਤਲਬ ਇਹ ਕਿ ਤੈਨੂੰ ਇਹ ਵੀ ਪਤਾ ਨਹੀਂ ਕਿ ਪੰਜ ਬਾਣੀਆਂ ਕਿਹੜੀਆਂ ਹਨ।' ਮੈਂ ਅਜੇ ਮੌਕੇ ਦੀ ਨਜ਼ਾਕਤ ਤੋਂ ਟਾਲਾ ਵੱਟਣ ਦਾ ਢੰਗ ਲੱਭ ਹੀ ਰਿਹਾ ਸੀ ਕਿ ਕਰਨਲ ਭਗਤ ਸਿੰਘ ਨੇ ਗੱਲਬਾਤ ਦਾ ਰੁਖ਼ ਪਲਟਾ ਦਿੱਤਾ। ਕਰਨਲ ਭਗਤ ਸਿੰਘ ਜ਼ਰਾ ਉੱਚਾ ਸੁਣਦੇ ਸਨ; ਮਾਸਟਰ ਤਾਰਾ ਸਿੰਘ ਵਾਂਗ ਆਪਣੀ ਏਸ ਕਮਜ਼ੋਰੀ ਦਾ ਭਰਪੂਰ ਫ਼ਾਇਦਾ ਉਠਾਉਣਾ ਵੀ ਜਾਣਦੇ ਸਨ। ਬਾਅਦ ਵਿੱਚ ਜਦੋਂ ਮੈਂ ਪੁੱਛਿਆ ਕਿ ਕੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਕੀ ਗੱਲ ਚੱਲ ਰਹੀ ਹੈ, ਤਾਂ ਉਹਨਾਂ ਜੁਆਬ ਦਿੱਤਾ,'ਤਲਖ਼ੀ ਹੋਣ ਦਾ ਡਰ ਸੀ, ਮੈਂ ਏਸ ਲਈ ਗੱਲਬਾਤ ਦਾ ਰੁਖ ਹੋਰ ਪਾਸੇ ਕੀਤਾ ਸੀ।'

ਅਕਾਲੀ ਮੋਰਚੇ ਨੂੰ ਬਲ ਦੇਣ ਲਈ, ਮੰਗਾਂ ਇਤਿਆਦਿ ਦਾ ਵਿਸਥਾਰ ਕਰਨ ਲਈ ਓਹਨੀਂ ਦਿਨੀਂ ਮੈਂ ਇੱਕ ਮਿਲਣੀ ਦਾ ਇੰਤਜ਼ਾਮ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਚੰਡੀਗੜ੍ਹ ਕਰਦਾ ਹੁੰਦਾ ਸਾਂ। ਏਸ ਵਿੱਚ ਬੜੀਆਂ ਹਸਤੀਆਂ ਤਸ਼ਰੀਫ਼ ਲਿਆਉਂਦੀਆਂ ਸਨ। ਫ਼ੌਜੀ ਜਰਨੈਲਾਂ ਤੋਂ ਬਾਅਦ ਕਈ ਪ੍ਰੋਫ਼ੈਸਰ, ਕਈ ਸੇਵਾ ਮੁਕਤ ਅਫ਼ਸਰ (ਮਸਲਨ ਡੌਕਟਰ ਸੋਹਣ ਸਿੰਘ ਅਤੇ ਕਰਨੈਲ ਸਿੰਘ) ਅਤੇ ਕੁਝ ਕੁ ਵਕੀਲ ਵੀ ਆ ਜਾਂਦੇ ਸਨ। ਏਸ ਮਿਲਣੀ ਲਈ ਮੈਂ ਬੰਦਾ ਨਾਲ ਲੈ ਕੇ ਦੋ-ਤਿੰਨ ਘੰਟੇ ਪਹਿਲਾਂ ਦਫ਼ਤਰ ਜਾ ਕੇ ਕੁਰਸੀਆਂ ਥਾਂ ਸਿਰ ਕਰ ਕੇ, ਸਾਫ ਕਰਵਾ ਕੇ ਆਉਂਦਾ; ਸਾਰਿਆਂ ਨੂੰ ਟੈਲੀਫੋਨ ਕਰ ਕੇ ਸੱਦਾ ਦਿੰਦਾ, ਚਾਹ ਦਾ ਇੰਤਜ਼ਾਮ ਕਰਦਾ। ਪਹਿਲਾਂ ਮਿਲਣੀ ਦੇ ਮਕਸਦ ਬਾਰੇ ਗੱਲ ਕਰ ਕੇ, ਸਭ ਨੂੰ ਬੋਲਣ ਦਾ ਸੱਦਾ ਦਿੰਦਾ। ਜਦੋਂ ਸਾਡੇ ਬੁੱਧੀਜੀਵੀ ਆਪਣੇ ਵਿਚਾਰ ਪੇਸ਼ ਕਰ ਰਹੇ ਹੁੰਦੇ ਓਦੋਂ ਮੈਂ ਉੱਭਰ ਰਹੀ ਪ੍ਰਧਾਨ ਸੁਰ ਅਨੁਸਾਰ ਅਖ਼ਬਾਰਾਂ ਨੂੰ ਦੇਣ ਲਈ 'ਪ੍ਰੈੱਸ-ਨੋਟ' ਬਣਾਉਂਦਾ ਅਤੇ ਸਾਰਿਆਂ ਦੇ ਦਸਤਖ਼ਤ ਕਰਵਾ ਕੇ ਅਖ਼ਬਾਰਾਂ ਨੂੰ ਵੰਡਣ ਆਦਿ ਦੀ ਸੇਵਾ ਕਰਦਾ।

ਜਨਰਲ ਭੁੱਲਰ ਦੀ ਯੋਜਨਾ ਬੰਦੀ ਦੀ ਸੂਝ-ਬੂਝ ਤਾਂ ਕਮਾਲ ਦੀ ਹੈ ਈ ਸੀ। ਉਹ ਆ ਕੇ ਮੇਰੇ ਸੱਜੇ ਪਾਸੇ ਬੈਠ ਜਾਂਦਾ। ਮਾੜੀ-ਮੋਟੀ ਮਦਦ ਵੀ ਕਰ ਦਿੰਦਾ ਜਿਸ ਵੇਲੇ 'ਪ੍ਰੈੱਸ-ਨੋਟ' ਤਿਆਰ ਹੋ ਜਾਂਦਾ ਤਾਂ ਭੁੱਲਰ ਲੈ ਕੇ ਸਭ ਤੋਂ ਪਹਿਲਾਂ ਦਸਤਖ਼ਤ ਕਰ ਦਿੰਦਾ ਅਤੇ ਫ਼ੇਰ ਨਾਲ ਦੇ ਨੂੰ ਫੜਾ ਕੇ ਮੇਜ਼ ਦੇ ਉਦਾਲੇ ਘੁਮਾ ਦਿੰਦਾ। ਨਤੀਜਾ ਇਹ ਨਿਕਲਦਾ ਕਿ ਮੇਰੀ ਦਸਤਖ਼ਤ ਕਰਨ ਦੀ ਵਾਰੀ ਸਭ ਤੋਂ ਅਖ਼ੀਰ ਉੱਤੇ ਆਉਂਦੀ ਅਤੇ ਜਨਰਲ ਭੁੱਲਰ ਦੀ ਸਭ ਤੋਂ ਪਹਿਲਾਂ। ਥੋੜ੍ਹੀ ਦੇਰ ਬਾਅਦ ਇਹ ਵਿਸ਼ਾ ਚਰਚਾ ਵਿੱਚ ਆਉਣ ਲੱਗ ਪਿਆ। ਡੌਕਟਰ ਸੋਹਣ ਸਿੰਘ ਅਤੇ ਕਰਨੈਲ ਸਿੰਘ ਬਹੁਤ ਇਤਰਾਜ਼ ਕਰਨ ਲੱਗ ਪਏ ਕਿ ਸਾਰੇ ਬਿਆਨ ਇਉਂ ਜਾਪਦੇ ਹਨ ਜਿਵੇਂ ਭੁੱਲਰ ਦੇ ਹੀ ਹੋਣ। ਇੱਕ-ਦੋ ਵਾਰ ਮੈਂ ਦੱਬੀ ਜ਼ੁਬਾਨ ਵਿੱਚ ਇਤਰਾਜ਼ਾਂ ਦਾ ਜ਼ਿਕਰ ਪ੍ਰੋਫੈਸਰ ਗੁਰਦਰਸ਼ਨ ਸਿੰਘ ਨਾਲ ਅਤੇ ਕੁਝ ਹੋਰ ਦੋਸਤਾਂ ਨਾਲ ਕੀਤਾ। ਉਹ ਆਖਣ ਲੱਗੇ ਛੋਟੀ ਜਿਹੀ ਗੱਲ ਹੈ, ਡਾਕਟਰ ਸਾਹਿਬਾਨ ਨੂੰ ਸਮਝਾ ਦਿਉ।

ਚੰਦ ਦਿਨਾਂ ਵਿੱਚ ਹੀ ਇਤਰਾਜ਼ ਕਰਨ ਵਾਲੇ ਜ਼ਿਆਦਾ ਹੋ ਗਏ। ਪ੍ਰੋਫ਼ੈਸਰ ਆਖਣ ਇਹ ਇਹਨਾਂ ਦੀ ਹਉਮੈ ਬੋਲ ਰਹੀ ਹੈ। ਦੂਜਿਆਂ ਨੂੰ ਲੱਗੇ ਕਿ ਭੁੱਲਰ ਦੀ ਹਉਮੈ ਨਿੱਤ ਵਧਦੀ ਜਾ ਰਹੀ ਹੈ। ਏਸ ਤਰ੍ਹਾਂ ਦੇ ਇੱਕ-ਦੋ, ਕਾਰਜ ਸ਼ੈਲੀ ਦੇ, ਹੋਰ ਮਸਲੇ ਵੀ ਉੱਭਰੇ। ਮੈਂ ਉਹਨਾਂ ਲੋਕਾਂ ਨਾਲ ਸਾਂਝੇ ਕਰਦਾ ਰਿਹਾ ਜੋ ਮੈਨੂੰ ਹਮਦਰਦ ਅਤੇ ਗੱਲ ਨੂੰ ਅਗਾਂਹ ਤੋਰਨ ਵਾਲੇ ਜਾਪੇ। ਮੈਨੂੰ ਗੁੱਸੇ-ਗਿਲ਼ੇ ਵੀ ਸੁਣਨੇ ਪਏ। ਆਖ਼ਰ ਇੱਕ ਦਿਨ ਪ੍ਰੋਫ਼ੈਸਰ ਦਵਿੰਦਰ ਸਿੰਘ ਭਰੀ ਸਭਾ ਵਿੱਚ ਹੀ ਨਾਰਾਜ਼ ਹੋ ਗਏ: 'ਇਹ ਗੁਰਤੇਜ ਸਿੰਘ ਆਈ.ਏ.ਐਸ. ਦੇ ਤੌਰ-ਤਰੀਕੇ ਖ਼ਾਲਸਾ ਜੀ ਦੀਆਂ ਮਿਲਣੀਆਂ ਉੱਤੇ ਲਾਗੂ ਕਰਨਾ ਚਾਹੁੰਦਾ ਹੈ। ਇਹ ਕਦੇ ਬਰਦਾਸ਼ਤ ਨਹੀਂ ਹੋਵੇਗਾ।'.... ਪਤਾ ਲੱਗਾ ਕਿ ਜਨਰਲ ਭੁੱਲਰ ਦੀ ਸ਼ਹਿ ਉੱਤੇ ਓਸ ਨੇ ਇਹ ਕਦਮ ਚੁੱਕਿਆ ਸੀ।

ਮੇਰਾ ਵੀ ਸਬਰ ਦਾ ਪਿਆਲਾ ਭਰ ਚੁੱਕਿਆ ਸੀ। ਓਸ ਤੋਂ ਬਾਅਦ ਮੈਂ ਸੱਦੇ ਦੇਣੇ ਅਤੇ ਇੰਤਜ਼ਾਮ ਕਰਨਾ ਬੰਦ ਕਰ ਦਿੱਤਾ ਅਤੇ ਮਿਲਣੀਆਂ ਆਪਣੇ-ਆਪ ਬੀਤੇ ਦੀ ਗੱਲ ਬਣ ਗਈਆਂ। ਬ੍ਰਿਗੇਡੀਅਰ ਜੋਗਿੰਦਰ ਸਿੰਘ ਜੋਗੀ ਨੇ ਜ਼ਰੂਰ ਕੁਝ ਕੁ ਲੋਕਾਂ ਦੇ ਮਿਲਣ ਦਾ ਇੰਤਜ਼ਾਮ ਆਪਣੇ 17 ਸੈਕਟਰ ਵਾਲੇ ਦਫ਼ਤਰ ਵਿੱਚ ਕੀਤਾ ਪਰ ਛੇਤੀ ਹੀ ਉਹ ਵੀ ਥੱਕ ਗਿਆ। ਗਾਹੇ-ਬਗਾਹੇ ਉਹਨਾਂ ਵਿੱਚੋਂ ਕੁਝ ਲੋਕ ਮਿਲ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਰਹੇ ਪਰ ਇੱਕ ਮੁਹਿੰਮ, ਜੋ ਓਸ ਵੇਲੇ ਬਣ ਚੁੱਕੀ ਸੀ, ਦਾ ਜੋਸ਼ ਖ਼ਤਮ ਕਰ ਦਿੱਤਾ ਗਿਆ। ਏਸ ਲਈ ਮੈਂ ਜਨਰਲ ਭੁੱਲਰ ਨੂੰ ਮੁੱਖ ਤੌਰ ਉੱਤੇ ਦੋਸ਼ੀ ਜਾਣਿਆ। ਪਿੱਛੋਂ ਤਕਰੀਬਨ ਦਸੰਬਰ 1983-ਜਨਵਰੀ 1984 ਵਿੱਚ ਪਤਾ ਲੱਗਿਆ ਕਿ ਜਨਰਲ ਭੁੱਲਰ ਦੀ ਵਿਚਾਰਧਾਰਾ ਫ਼ਰਕ ਹੋ ਚੁੱਕੀ ਸੀ।

ਗਰਮੀਆਂ ਦੀ ਇੱਕ ਕੜਕਦੀ ਦੁਪਹਿਰ ਨੂੰ ਜਨਰਲ ਭੁੱਲਰ ਫ਼ੌਜੀ ਜੌਂਗੇ ਵਿੱਚ ਇੱਕ ਬ੍ਰਿਗੇਡੀਅਰ ਨਾਲ ਆਇਆ ਜਿਸ ਨੂੰ ਓਸ ਨੇ ਆਪਣਾ ਦੋਸਤ ਦੱਸਿਆ। ਉਸ ਦਾ ਕਹਿਣਾ ਸੀ, 'ਸਰਕਾਰ ਦਰਬਾਰ ਸਾਹਿਬ ਉੱਤੇ ਹਮਲਾ ਜ਼ਰੂਰ ਕਰੇਗੀ। ਸਿੱਖਾਂ ਦੀ ਇੱਜ਼ਤ ਰੱਖਣ ਲਈ, ਸਿੱਖ ਇਤਿਹਾਸ ਦਾ ਗੌਰਵ ਕਾਇਮ ਰੱਖਣ ਲਈ, ਹਮਲੇ ਦਾ ਡੱਟ ਕੇ ਮੁਕਾਬਲਾ ਕਰਨਾ ਨਿਹਾਇਤ ਜ਼ਰੂਰੀ ਹੈ। ਸੰਤਾਂ ਤੋਂ ਬਿਨਾਂ ਕਿਸੇ ਨੇ ਮੁਕਾਬਲਾ ਨਹੀਂ ਕਰਨਾ ਪਰ ਸੰਤਾਂ ਕੋਲ ਛੋਟੇ-ਮੋਟੇ ਹਥਿਆਰ ਹਨ ਜਿਨ੍ਹਾਂ ਦੀ ਮਾਰ ਸੌ, ਦੋ ਸੌ ਗਜ਼ ਤੋਂ ਵੱਧ ਨਹੀਂ। ਫੌਜ ਦੇ ਹਥਿਆਰਾਂ ਦੇ ਮੁਕਾਬਲੇ ਇਹ ਗੁਲੇਲਾਂ ਹੀ ਹਨ। ਅਜਿਹੇ ਹਥਿਆਰਾਂ ਨਾਲ ਪੁਲਿਸ ਜਾਂ ਫ਼ੌਜ ਦਾ ਮੁਕਾਬਲਾ ਨਹੀਂ ਹੋ ਸਕਦਾ। ਸਾਡੇ ਕੋਲ ਬੰਗਲਾ ਦੇਸ਼ ਤੋਂ ਕਬਜ਼ੇ ਵਿੱਚ ਲਏ ਬਹੁਤ ਹਥਿਆਰ ਪਏ ਹਨ। ਅਸੀਂ ਵੀ ਸਿੱਖ ਹਾਂ। ਸਾਡੀ ਇੱਜ਼ਤ ਵੀ ਤਾਂ ਰਹਿੰਦੀ ਹੈ ਜੇ ਮੁਕਾਬਲਾ ਡਟਵਾਂ ਹੋਵੇ। ਅਸੀਂ ਇੱਕ ਟਰੱਕ ਹਥਿਆਰਾਂ ਦਾ ਸੰਤਾਂ ਨੂੰ ਦੇਣਾ ਚਾਹੁੰਦੇ ਹਾਂ। ਤੁਸੀ ਲੈ ਕੇ ਕਿਵੇਂ ਨਾ ਕਿਵੇਂ ਸੰਤਾਂ ਨੂੰ ਪਹੁੰਚਾ ਦਿਉ।'

ਮੈਂ ਇਹ ਸੁਣ ਕੇ ਬਿਲਕੁਲ ਹੈਰਾਨ ਰਹਿ ਗਿਆ। ਫ਼ੌਜੀ ਵਾਹਨ ਵਿੱਚ ਡਰਾਈਵਰ ਨਾਲ ਲੈ ਕੇ ਦਿਨ-ਦਿਹਾੜੇ ਆਇਆ ਬ੍ਰਿਗੇਡੀਅਰ ਅਜਿਹੀ ਪੇਸ਼ਕਸ਼ ਕਿਸੇ ਤੀਸਰੇ ਆਦਮੀ ਦੇ ਸਾਹਮਣੇ ਨਹੀਂ ਕਰ ਸਕਦਾ। ਏਸ ਨਿਸਕਰਸ਼ ਉੱਤੇ ਪਹੁੰਚਣ ਲਈ ਮੈਨੂੰ ਦੇਰ ਨਾ ਲੱਗੀ। ਏਸ ਵਿੱਚੋਂ ਨਿਕਲਣ ਦੀ ਤਰਕੀਬ ਵੀ ਕੁਦਰਤੀ ਸੁੱਝ ਗਈ। ਉਹਨੀਂ ਦਿਨੀਂ ਸੰਤ ਲੌਂਗੋਵਾਲ ਨੂੰ ਸੁਝਾਅ ਦਿੱਤਾ ਗਿਆ ਸੀ ਕਿ ਉਹ ਪੰਜਾਬ ਦੇ ਦਰਿਆਵਾਂ ਦਾ ਲੁੱਟਿਆ ਪਾਣੀ ਜੇ ਰਾਜਿਸਥਾਨ ਜਾਣ ਤੋਂ ਰੋਕ ਲਵੇ ਤਾਂ ਕੇਂਦਰੀ ਸਰਕਾਰ ਮੋਰਚੇ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਨ ਲਈ ਮਜਬੂਰ ਹੋ ਜਾਵੇਗੀ। ਏਸ ਮਕਸਦ ਲਈ ਰਾਜਿਸਥਾਨ ਫ਼ੀਡਰ ਨਹਿਰ ਨੂੰ ਤੋੜਨ ਲਈ ਓਸ ਨੇ ਕੁਝ ਬਾਰੂਦੀ ਛੜੀਆਂ ਆਦਿ ਮੰਗਵਾ ਲਈਆਂ ਸਨ। ਮੁਸ਼ਕਲ ਇਹ ਸੀ ਗ਼ਲਤ ਥਾਂ ਉੱਤੋਂ ਨਹਿਰ ਤੋੜਨ ਨਾਲ ਪੰਜਾਬ ਦਾ ਨੁਕਸਾਨ ਵਧੇਰੇ ਸੀ। ਉਹ ਚਾਹੁੰਦਾ ਸੀ ਕਿ ਐਸੀ ਜਗ੍ਹਾ ਤੋਂ ਤੋੜੀ ਜਾਵੇ ਜਿੱਥੋਂ ਪਾਣੀ ਹਰਿਆਣਾ, ਰਾਜਿਸਥਾਨ ਦਾ ਨੁਕਸਾਨ ਜ਼ਿਆਦਾ ਕਰੇ। ਇਹ ਸਮੱਸਿਆ ਓਸ ਨੇ ਮੈਨੂੰ ਦੱਸੀ ਤਾਂ ਮੈਂ ਸਲਾਹ ਦਿੱਤੀ ਕਿ ਉਹ ਫ਼ੌਜ ਦੇ ਨਕਸ਼ੇ, ਜਿਨ੍ਹਾਂ ਨੂੰ 'ਇੱਕ ਇੰਚ' ਨਕਸ਼ੇ ਆਖਿਆ ਜਾਂਦਾ ਹੈ, ਮੰਗਵਾ ਲਵੇ। ਇਹਨਾਂ ਵਿੱਚ ਢਾਲ ਦਾ ਰੁਖ਼ ਵੀ ਦੱਸਿਆ ਹੁੰਦਾ ਹੈ। ਏਸ ਤੋਂ ਪੱਕਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਣੀ ਕਿੱਥੋਂ ਕਿੱਧਰ ਨੂੰ ਵਗੇਗਾ। ਮੁਸ਼ਕਲ ਇਹ ਸੀ ਕਿ ਇਹ ਨਕਸ਼ੇ ਫ਼ੌਜ ਵਿੱਚੋਂ ਹੀ ਮਿਲਦੇ ਸਨ। ਸੰਤ ਨੇ ਮੈਨੂੰ ਵੀ ਵਿੜਕ ਰੱਖਣ ਲਈ ਆਖਿਆ।

ਮੈਂ ਓਸ ਬ੍ਰਿਗੇਡੀਅਰ ਨੂੰ ਆਖਿਆ, 'ਮੈਨੂੰ ਤਾਂ ਹਥਿਆਰ ਦੀ ਉੱਕਾ ਵਾਕਫ਼ੀਅਤ ਨਹੀਂ। ਨਾ ਹੀ ਮੈਂ ਏਨੇਂ ਹਥਿਆਰ ਦਰਬਾਰ ਸਾਹਿਬ ਸਮੂਹ ਵਿੱਚ ਲੈ ਕੇ ਜਾ ਸਕਦਾ ਹਾਂ। ਇਹ ਕੰਮ ਤਾਂ ਜਨਰਲ ਭੁੱਲਰ ਬਿਹਤਰ ਕਰ ਸਕਣਗੇ। ਮੈਨੂੰ ਤਾਂ ਕਿਸੇ ਕੰਮ ਲਈ ਫ਼ੌਜ ਦੇ ਫ਼ਲਾਨੇ ਇਲਾਕੇ ਦੇ 'ਇੱਕ ਇੰਚ' ਨਕਸ਼ੇ ਚਾਹੀਦੇ ਹਨ। ਜੇ ਦੇ ਸਕੋ ਤਾਂ ਧੰਨਵਾਦੀ ਹੋਵਾਂਗਾ।' ਏਸ ਤੋਂ ਬਾਅਦ ਹਥਿਆਰਾਂ ਬਾਰੇ ਕੁਈ ਗੱਲ ਨਾ ਹੋਈ ਅਤੇ ਨਕਸ਼ੇ ਮੈਨੂੰ ਪਹੁੰਚ ਗਏ ਜੋ ਮੈਂ ਸੰਤ ਲੌਂਗੋਵਾਲ ਕੋਲ ਪੁਚਾ ਦਿੱਤੇ। ਕਿਸੇ ਕਾਰਣ ਸੰਤ ਨੇ ਉਹ ਵਰਤੇ ਨਾ। ਆਖ਼ਰ ਫੌਜੀ ਕਾਰਵਾਈ ਸਮੇਂ ਬਾਰੂਦ ਦੀਆਂ ਛੜੀਆਂ ਵੀ ਸੰਤ ਦੇ ਮੰਜੇ ਹੇਠੋਂ ਬ੍ਰਾਮਦ ਹੋ ਗਈਆਂ।

ਭੁੱਲਰ ਦੀ ਉਪਰੋਕਤ ਪੇਸ਼ਕਸ਼ ਤੋਂ 15-20 ਦਿਨ ਬਾਅਦ ਅਖ਼ਬਾਰ ਵਿੱਚ ਖ਼ਬਰ ਆਈ ਕਿ ਕਾਰ ਸੇਵਾ ਦੇ ਟਰੱਕ ਵਿੱਚ ਆਟੇ-ਖੰਡ ਦੀਆਂ ਬੋਰੀਆਂ ਹੇਠ ਹਥਿਆਰਾਂ ਦੀ ਵੱਡੀ ਖੇਪ ਦਰਬਾਰ ਸਾਹਿਬ ਜਾਂਦੀ ਰੋਕੀ ਗਈ ਪ੍ਰੰਤੂ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਖਿਆ ਕਿ ਕਾਰ-ਸੇਵਾ ਦੇ ਟਰੱਕਾਂ ਨੂੰ ਬਿਨਾਂ ਤਲਾਸ਼ੀ ਦੇ ਅੰਦਰ ਜਾਣ ਦਿੱਤਾ ਜਾਵੇ। ਏਸ ਤੋਂ ਬਾਅਦ ਇਹ ਟਰੱਕ ਅੰਦਰ ਚਲਾ ਗਿਆ। ਇਹ ਬੜੀ ਅਚੰਭੇ ਵਾਲੀ ਗੱਲ ਸੀ ਕਿ ਕੇਂਦਰੀ ਰਿਜ਼ਰਵ ਬਲ ਅਜਿਹੇ ਟਰੱਕ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮ ਉੱਤੇ ਅੰਦਰ ਜਾਣ ਦੇਣ। ਇਹ ਤਸੱਵਰ ਵਿੱਚ ਆਉਣ ਵਾਲਾ ਤੱਥ ਨਹੀਂ ਸੀ।

ਕੁਝ ਕੁ ਦਿਨਾਂ ਬਾਅਦ ਜਨਰਲ ਭੁੱਲਰ ਅਤੇ ਮੈਂ ਦਰਬਾਰ ਸਾਹਿਬ ਗਏ। ਅਸੀਂ ਅਜੇ ਪ੍ਰਕਰਮਾ ਵਿੱਚ ਹੀ ਸਾਂ ਕਿ ਬੀਬੀ ਅਮਰਜੀਤ ਕੌਰ ਨੇ ਉੱਪਰੋਂ ਸਾਨੂੰ ਵੇਖ ਲਿਆ। ਓਸ ਵੇਲੇ ਉਹ ਨਿਸ਼ਾਨ ਸਾਹਿਬ ਦੇ ਕੋਲ ਪ੍ਰਕਰਮਾਂ ਦੇ ਉੱਪਰਲੇ ਕਮਰੇ ਵਿੱਚ ਰਹਿੰਦੀ ਸੀ। ਓਸ ਨੇ ਇੰਦਰਜੀਤ ਸਿੰਘ ਬਾਗ਼ੀ ਨੂੰ ਭੇਜ ਕੇ ਸਾਨੂੰ ਬੁਲਾ ਲਿਆ। ਮੈਨੂੰ ਮੁਖ਼ਾਤਬ ਹੋ ਕੇ ਬੀਬੀ ਨੇ ਆਖਿਆ, 'ਭਾਜੀ, ਤੁਸੀਂ ਸੰਤਾਂ ਨੂੰ ਇੱਕ ਟਰੱਕ ਹਥਿਆਰਾਂ ਦਾ ਲਿਆ ਕੇ ਦਿੱਤਾ ਹੈ। ਤੁਹਾਨੂੰ ਤਾਂ ਪਤਾ ਹੀ ਹੈ ਕਿ ਸੰਤ ਤਾਂ ਕੁਝ ਵੀ ਨਹੀਂ ਕਰਦੇ। ਜਿੰਨੀਆਂ ਵਾਰਦਾਤਾਂ ਹੋ ਰਹੀਆਂ ਹਨ ਉਹ ਤਾਂ ਸਾਰੀਆਂ ਸਾਡੇ ਅਖੰਡ ਕੀਰਤਨੀ ਜਥੇ ਦੇ ਬੱਬਰ ਹੀ ਕਰ ਰਹੇ ਹਨ। ਸਾਡੇ ਕੋਲ ਹਥਿਆਰਾਂ ਦੀ ਬਹੁਤ ਘਾਟ ਹੈ। ਤੁਸੀਂ ਸਾਨੂੰ ਵੀ ਥੋੜ੍ਹੇ ਜਿਹੇ ਹਥਿਆਰ ਲਿਆ ਦੇਵੋ ਤਾਂ ਚੰਗਾ ਹੋਵੇ। ਫ਼ੇਰ ਤੁਸੀਂ ਵੇਖਿਓ ਅਸੀਂ ਕੀ ਕਰਨ ਜੋਗੇ ਹਾਂ।'

ਇਹ ਸੁਣ ਕੇ ਮੈਂ ਜਰਨੈਲ ਵੱਲ ਵੇਖਿਆ ਤਾਂ ਉਹ ਘੋਖਵੀਂ ਨਜ਼ਰ ਨਾਲ ਮੇਰੇ ਵੱਲ ਪਹਿਲਾਂ ਹੀ ਵੇਖ ਰਿਹਾ ਸੀ। ਬੀਬੀ ਅਮਰਜੀਤ ਕੌਰ ਭਾਈ ਫ਼ੌਜਾ ਸਿੰਘ ਦੀ ਪਤਨੀ ਹੈ ਜੋ ਕੌਮ ਦਾ ਵੱਡਾ ਆਪਾ-ਵਾਰੂ ਜਰਨੈਲ ਸੀ। ਆਪਣੀ ਰੂਪੋਸ਼ੀ ਦੇ ਦਿਨੀਂ ਉਹ ਇੱਕ-ਦੋ ਵਾਰ ਮੈਨੂੰ ਮਿਲਿਆ ਸੀ। ਓਸ ਦਾ ਹਸੂੰ-ਹਸੂੰ ਕਰਦਾ ਚਿਹਰਾ, ਓਸ ਦੇ ਨੇਕ ਪਵਿੱਤਰ ਵਿਚਾਰ, ਓਸ ਦੇ ਜਾਂਬਾਜ਼ ਕਾਰਨਾਮੇ ਹਰ ਇੱਕ ਦਾ ਸਤਿਕਾਰ ਜਿੱਤਣ ਲਈ ਕਾਫ਼ੀ ਸਨ। ਮੈਂ ਬੀਬੀ ਨੂੰ ਫ਼ੌਜਾ ਸਿੰਘ ਸਦਕਾ ਕੌਮ ਦੀ ਧਰੋਹਰ ਸਮਝਦਾ ਸਾਂ। ਇੱਕ ਵਾਰ ਤਾਂ ਮੈਂ 'ਕੋਸ਼ਿਸ਼ ਕਰਾਂਗਾ' ਵਰਗਾ ਫ਼ਿਕਰਾ ਬੋਲ ਕੇ ਓਸ ਦਾ ਦਿਲ ਰੱਖਣ ਦੀ ਸੋਚੀ। ਪਰ ਮੈਂ ਏਹੀ ਆਖਿਆ, 'ਭੈਣ ਜੀ, ਮੈਨੂੰ ਨਹੀਂ ਪਤਾ ਸੰਤਾਂ ਨੂੰ ਹਥਿਆਰ ਕਿਸ ਨੇ ਲਿਆ ਕੇ ਦਿੱਤੇ ਹਨ। ਮੇਰੇ ਕੋਲ ਤਾਂ ਗੁਲੇਲ ਵੀ ਨਹੀਂ ਹੈ। ਮੈਂ ਤੁਹਾਡੇ ਜਥੇ ਬਾਰੇ ਥੋੜ੍ਹੀ ਵਾਕਫ਼ੀਅਤ ਰੱਖਦਾ ਹਾਂ। ਜੇ ਮੇਰੇ ਕੋਲ ਕੁਝ ਹੁੰਦਾ ਤਾਂ ਯਕੀਨਨ ਮੈਂ ਤਹਾਨੂੰ ਹੀ ਲਿਆ ਕੇ ਦੇਣਾ ਸੀ'

ਏਨੀਂ ਗੱਲ ਸੁਣ ਕੇ ਜਨਰਲ ਭੁੱਲਰ ਝੱਟ ਬੋਲ ਪਿਆ, 'ਦਰ ਅਸਲ...... ਤੁਹਾਨੂੰ ਗਲ਼ਤ ਫ਼ਹਿਮੀ ਹੋਈ ਹੈ.... ਹਥਿਆਰਾਂ ਦਾ ਟਰੱਕ..... ਦਰ ਅਸਲ ਮੈਂ ਲਿਆ ਕੇ ਦਿੱਤਾ ਹੈ।' ਮੈਨੂੰ ਇਹ ਸੁਣ ਕੇ ਹੈਰਾਨੀ ਤਾਂ ਨਾ ਹੋਈ ਪਰ ਇਹ ਰੰਜ ਜ਼ਰੂਰ ਹੋਇਆ ਕਿ ਏਸ ਨੇ ਮੈਨੂੰ ਪਹਿਲਾਂ ਕਿਉਂ ਇਹ ਗੱਲ ਨਾ ਦੱਸੀ। ਚੰਡੀਗੜ੍ਹ ਵਾਪਸ ਆਉਂਦਿਆਂ ਮੈਂ ਭੁੱਲਰ ਨੂੰ ਪੁੱਛਿਆ ਕਿ ਉਸ ਨੇ ਟਰੱਕ ਨੂੰ ਕੇਂਦਰੀ ਬਲਾਂ ਦੇ ਫੜਨ ਤੋਂ ਬਾਅਦ ਕਿਵੇਂ ਛੁਡਾਇਆ ਸੀ? ਓਸ ਨੇ ਮੈਨੂੰ ਬੜੀ ਵਧੀਆ ਕਹਾਣੀ ਸੁਣਾਈ। ਕਹਿੰਦਾ, 'ਮੈਂ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਗੁਰਦੇਵ ਸਿੰਘ ਬਰਾੜ ਨੂੰ ਪੁਰਾਣਾ ਜਾਣਦਾ ਹਾਂ। ਜਦੋਂ ਮੈਂ ਫ਼ਾਜ਼ਿਲਕਾ ਸਰਹੱਦ ਉੱਤੇ ਡਿਊਟੀ ਉੱਤੇ ਸਾਂ ਓਦੋਂ ਸਾਡਾ ਸਿਵਲ ਵਾਲਿਆਂ ਨਾਲ ਕਾਫ਼ੀ ਆਉਣ-ਜਾਣ ਰਹਿੰਦਾ ਸੀ। ਇਹ ਮੇਰਾ ਦੋਸਤ ਬਣ ਗਿਆ। ਪਰ ਇੱਕ ਨਿਗੂਣੀ ਜਿਹੀ ਗੱਲ ਤੋਂ ਵਿਗੜ ਗਈ। ਇੱਕ ਰਾਤ ਅਸੀਂ ਇਹਨਾਂ ਕੋਲ ਖਾਣਾ ਖਾ ਰਹੇ ਸਾਂ ਤਾਂ ਮੇਰਾ ਬੱਚਾ ਸੌਂ ਗਿਆ। ਓਸ ਨੂੰ ਅਸੀਂ ਇਹਨਾਂ ਦੇ ਬਿਸਤਰੇ ਉੱਤੇ ਪਾ ਦਿੱਤਾ। ਬੱਚੇ ਨੇ ਨੀਂਦ ਵਿੱਚ ਕੱਪੜਿਆਂ ਉੱਤੇ ਪਿਸ਼ਾਬ ਕਰ ਦਿੱਤਾ ਜਿਸ ਉੱਤੇ ਗੁਰਦੇਵ ਸਿੰਘ ਤੇ ਓਸ ਦੀ ਘਰਵਾਲੀ ਲੋੜ ਨਾਲੋਂ ਵੱਧ ਨਾਰਾਜ਼ ਹੋ ਗਏ। ਮੈਂ ਫ਼ੇਰ ਏਸ ਨੂੰ ਨਾ ਮਿਲਿਆ। ਹੁਣ ਪੰਥਕ ਮਸਲਾ ਸੀ, ਏਸ ਲਈ ਮੈਂ ਏਸ ਨੂੰ ਟੈਲੀਫ਼ੋਨ ਕੀਤਾ ਤਾਂ ਏਸ ਨੇ ਦਖ਼ਲ ਦੇ ਕੇ ਝੱਟ ਟਰੱਕ ਛੁਡਵਾ ਦਿੱਤਾ'। ਕਹਾਣੀ ਤਾਂ ਪ੍ਰਭਾਵਸ਼ਾਲੀ ਸੀ ਪਰ ਏਸ ਦੇ ਸੱਚ ਉੱਤੇ ਯਕੀਨ ਕਰਨਾ ਆਪਣੇ-ਆਪ ਨੂੰ ਮੂਰਖ ਸਾਬਤ ਕਰਨ ਵਾਲੀ ਗੱਲ ਸੀ। ਜਿਹੜੀ ਘਟਨਾ ਦੀ ਖ਼ਬਰ ਛਪਣ ਤੱਕ ਨੌਬਤ ਆ ਚੁੱਕੀ ਹੋਵੇ ਓਸ ਨੂੰ ਏਨਾਂ ਸੌਖਿਆਂ ਆਇਆ-ਗਿਆ ਕਰ ਦੇਣਾ ਏਵੇਂ ਸੰਭਵ ਨਹੀਂ ਸੀ ਜਿਵੇਂ ਜਰਨੈਲ ਦੱਸ ਰਿਹਾ ਸੀ। ਕੇਂਦਰੀ ਬਲ ਜ਼ਿਲ੍ਹਾ ਮੈਜਿਸਟ੍ਰੇਟ ਦਾ ਹੁਕਮ ਮੰਨਣ ਲਈ ਬਿਲਕੁਲ ਵੀ ਮਜਬੂਰ ਨਹੀਂ ਸਨ।

ਕਈ ਸਾਲ ਬਾਅਦ (1989 ਦੇ ਕਰੀਬ) ਜਦੋਂ ਸਰਦਾਰ ਦਲਜੀਤ ਸਿੰਘ ਦੇ ਘਰ ਮੈਨੂੰ ਗੁਰਦੇਵ ਸਿੰਘ ਮਿਲਿਆ ਤਾਂ ਮੈਂ ਓਸ ਨੂੰ ਪੁੱਛਿਆ ਕਿ ਉਹ ਜਨਰਲ ਭੁੱਲਰ ਨੂੰ ਕਦੋਂ ਤੋਂ ਜਾਣਦਾ ਹੈ ਤਾਂ ਓਸ ਨੇ ਆਖਿਆ ਕਿ ਉਹ ਭੁੱਲਰ ਨੂੰ ਜਾਤੀ ਤੌਰ ਉੱਤੇ ਨਹੀਂ ਜਾਣਦਾ। ਬੱਚੇ ਦੇ ਓਸ ਦੇ ਬਿਸਤਰੇ ਵਿੱਚ ਪਿਸ਼ਾਬ ਕਰਨ ਵਾਲੀ ਘਟਨਾ ਦਾ ਮੈਂ ਜ਼ਿਕਰ ਕੀਤਾ ਤਾਂ ਵੀ ਓਸ ਓਹੀ ਜੁਆਬ ਦਿੱਤਾ।

ਓਦੋਂ ਤੱਕ ਉਨ੍ਹਾਂ ਹਥਿਆਰਾਂ ਦਾ ਰਾਜ਼, ਜੋ ਦਰਬਾਰ ਸਾਹਿਬ ਸਮੂਹ ਵਿੱਚ ਦਾਖਲ ਕੀਤੇ ਗਏ ਸਨ, ਖੁੱਲ੍ਹ ਚੁੱਕਿਆ ਸੀ। ਜੇਠਮਲਾਨੀ ਦੇ ਰਸਾਲੇ ਸੂਰੀਆ ਵਿੱਚ ਸਾਰਾ ਵੇਰਵਾ ਲਿੱਖਿਆ ਜਾ ਚੁੱਕਾ ਸੀ। ਇੰਦਰਾ ਸਰਕਾਰ ਨੇ 'ਥਰਡ ਏਜੰਸੀ' ਨਾਂਅ ਦਾ ਇੱਕ ਸੰਗਠਨ ਬਣਾਇਆ ਹੋਇਆ ਸੀ ਜਿਸ ਵਿੱਚ ਸਿਵਲ, ਮਿਲਟਰੀ, ਸਿਆਸੀ, ਪ੍ਰਸ਼ਾਸਨਿਕ ਅਧਿਕਾਰੀ ਸਭ ਪਾਸਿਆਂ ਤੋਂ ਲਏ ਗਏ ਸਨ। ਏਸ ਨੂੰ ਗੈਰ-ਕਾਨੂੰਨੀ ਕਾਰਵਾਈਆਂ ਕਰਨ ਲਈ ਖੜ੍ਹਾ ਕੀਤਾ ਗਿਆ ਸੀ। ਏਸ ਏਜੰਸੀ ਨੇ ਦਰਬਾਰ ਉੱਤੇ ਹਮਲੇ ਤੋਂ ਬਾਅਦ ਜੋ ਝੂਠਾ ਪ੍ਰਚਾਰ ਸਿੱਖਾਂ ਅਤੇ ਸੰਤ ਵਿਰੁੱਧ ਕਰਨਾ ਸੀ ਓਸ ਲਈ ਦਰਬਾਰ ਸਾਹਿਬ ਵਿੱਚੋਂ ਵੱਡੀ ਤਾਦਾਦ ਵਿੱਚ ਸ਼ਸਤ੍ਰਾਂ ਦਾ ਬਰਾਮਦ ਹੋਣਾ ਜ਼ਰੂਰੀ ਸੀ। ਓਸ ਨੂੰ ਪਤਾ ਸੀ ਕਿ ਓਥੇ ਹਥਿਆਰ ਨਹੀਂ ਹਨ। ਏਸ ਲਈ ਹਥਿਆਰ ਓਥੇ ਭੇਜਣੇ ਜ਼ਰੂਰੀ ਸਨ।

ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦੀ ਮਦਦ ਨਾਲ 'ਥਰਡ ਏਜੰਸੀ' ਨੇ ਹਥਿਆਰਾਂ ਦਾ ਇੱਕ ਕਰੇਟ ਖਾਈਬਰ ਸਰਹੱਦ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਮੰਗਵਾਇਆ। ਹਵਾਈ ਅੱਡੇ ਉੱਤੇ ਇਤਫ਼ਾਕ ਨਾਲ ਏਸ ਦਾ ਦਰਵਾਜਾ ਖੁੱਲ੍ਹ ਗਿਆ ਤਾਂ ਵਿਆਪਕ ਸਨਸਨੀ ਫ਼ੈਲ ਗਈ। ਕਿਵੇਂ ਨਾ ਕਿਵੇਂ ਹਾਲਤ ਉੱਤੇ ਕਾਬੂ ਪਾ ਲਿਆ ਗਿਆ। ਫੇਰ ਸ਼ੁਰੂ ਹੋਈ ਫ਼ੌਜੀ ਅਫ਼ਸਰਾਂ ਰਾਹੀਂ ਇਨ੍ਹਾਂ ਹਥਿਆਰਾਂ ਨੂੰ ਦਰਬਾਰ ਸਾਹਿਬ ਦਾਖ਼ਲ ਕਰਨ ਦੀ ਕਵਾਇਦ। ਏਨੀਂ ਕੁ ਕਹਾਣੀ ਲੜੀ ਜੋੜਨ ਲਈ ਕਾਫ਼ੀ ਹੈ। ਬਾਕੀ ਸਾਰਾ ਹਵਾਲ ਉੱਤੇ ਪੜ੍ਹਿਆ ਜਾ ਚੁੱਕਾ ਹੈ। ਇਹੋ ਰਾਜ਼ ਸੀ ਬ੍ਰਿਗੇਡੀਅਰ ਵਿੱਚ ਸਿੱਖਾਂ ਪ੍ਰਤੀ ਹੇਜ ਜਾਗਣ ਦਾ ਅਤੇ ਜਨਰਲ ਭੁੱਲਰ ਦੀ ਕਾਮਯਾਬੀ ਦਾ ਵੀ ਏਹੋ ਹੀ ਰਾਜ਼ ਸੀ। ਏਸ ਦੇ ਵਿੱਚ-ਵਿਚਾਲੇ ਗੁਰਦੇਵ ਸਿੰਘ ਦਾ ਬਿਸਤਰਾ ਗਿੱਲਾ ਹੋਣ ਦੀ ਕਹਾਣੀ ਨਗ ਵਾਂਗੂੰ ਜੜ ਦਿੱਤੀ ਗਈ ਸੀ।

ਕਥਾ-ਕਹਾਣੀਆਂ ਘੜਨ ਨੂੰ ਭੁੱਲਰ ਬੜਾ ਤਕੜਾ ਹੈ। ਜੇ ਕਿਤੇ ਫ਼ੌਜ ਵਿੱਚ ਜਾਣ ਦੀ ਬਜਾਏ ਇਹ ਗਲਪ-ਸਾਹਿਤ ਰਚਣ ਲੱਗ ਪੈਂਦਾ ਤਾਂ ਯਕੀਨਨ ਸਾਹਿਤਕ ਖ਼ੇਤਰ ਵਿੱਚ ਵੱਡਾ ਨਾਂਅ ਕਮਾ ਸਕਦਾ ਸੀ। ਓਸ ਨੇ ਇੱਕ ਕਹਾਣੀ ਆਪਣੀ ਮਾਂ ਦੇ ਕਿਸੇ ਨਿਹੰਗ ਦੇ ਬਰਛੇ ਨਾਲ ਮਾਰੇ ਜਾਣ ਦੀ ਵੀ ਘੜੀ ਸੀ। ਏਸ ਨੂੰ ਮੇਲੇ ਅਤੇ ਸੁਖਨਿਧਾਨ ਦੀ ਪਿੱਠ ਭੂਮੀ ਵਿੱਚ ਉਸਾਰਿਆ ਗਿਆ ਸੀ। ਓਸ ਅਨੁਸਾਰ ਸੁਖਨਿਧਾਨ ਦੇ ਲੋਰ ਵਿੱਚ, ਮਸਤੂਆਣੇ ਮੇਲੇ ਉੱਤੇ, ਕਿਸੇ ਨਿਹੰਗ ਨੇ ਆਪਣਾ ਨਵਾਂ ਬਰਛਾ ਪਰਖਣ ਲਈ ਇਹ ਕੁਕਰਮ ਕੀਤਾ ਸੀ। ਸੱਚ ਦੱਸਾਂ ਤਾਂ ਮੈਂ ਏਸ ਕਹਾਣੀ ਤੋਂ ਬੜਾ ਪ੍ਰਭਾਵਤ ਹੋਇਆ ਸਾਂ। ਅਜਿਹਾ ਆਦਮੀ, ਜਿਹੜਾ ਏਨਾਂ ਕੌਮ ਪ੍ਰਸਤ ਹੋਵੇ ਕਿ ਏਨਾਂ ਵੱਡਾ ਨੁਕਸਾਨ ਸਹਿ ਕੇ ਵੀ ਕੌਮ ਲਈ ਹਰ ਕੁਰਬਾਨੀ ਵਾਸਤੇ ਮੈਦਾਨ ਵਿੱਚ ਕੁੱਦੇ, ਮੇਰੇ ਲਈ ਦੇਵਤਾ ਸਰੂਪ ਸੀ। ਏਸ ਕਹਾਣੀ ਦੇ ਸੱਚ-ਝੂਠ ਤੋਂ ਮੈਂ ਅੱਜ ਵੀ ਵਾਕਫ਼ ਨਹੀਂ। ਜੇ ਇਹ ਸੱਚੀ ਹੋਵੇ ਤਾਂ ਦਰਮਿਆਨੇ ਆਕਾਰ ਦੇ ਸ਼ਾਨਦਾਰ ਉਪਨਿਆਸ ਦਾ ਵਿਸ਼ਾ ਇਹ ਸਹਿਜੇ ਹੀ ਬਣ ਸਕਦੀ ਹੈ।

ਏਸ ਤਰ੍ਹਾਂ ਹੀ ਭੁੱਲਰ ਨੇ ਮੈਨੂੰ ਸਾਡੇ ਸਾਂਝੇ ਸਫ਼ਰ ਦੌਰਾਨ ਇੱਕ ਹੋਰ ਬੇ-ਹੱਦ ਕਰੁਣਾਮਈ ਕਹਾਣੀ ਵੀ ਦੱਸੀ ਸੀ। ਉਹ ਹਿੰਦ-ਪਾਕ ਜੰਗ ਦੀ ਪਿੱਠ ਭੂਮੀ ਵਿੱਚ ਉਸਾਰੀ ਗਈ ਸੀ। ਇਹ ਇੱਕ ਵਿਧਵਾ ਦੇ ਇਕਲੌਤੇ ਫ਼ੌਜੀ ਪੁੱਤਰ ਬਾਰੇ ਸੀ। ਜੰਗ ਲੱਗਣ ਵਾਲੀ ਸੀ। ਇੱਕ ਮਾਈ 'ਫ਼ੌਜਾਂ ਦੇ ਰਾਜੇ' ਦਾ ਪਤਾ ਪੁੱਛਦੀ-ਪੁੱਛਦੀ ਮੈਦਾਨ-ਏ-ਜੰਗ ਵਿੱਚ ਭੁੱਲਰ ਕੋਲ ਪਹੁੰਚ ਗਈ। ਲੱਖ ਅਸੀਸਾਂ ਦੇ ਕੇ ਆਖਣ ਲੱਗੀ, 'ਮੇਰੇ ਪੁੱਤ ਦਾ ਹੁਣੇ-ਹੁਣੇ ਵਿਆਹ ਹੋਇਆ ਹੈ, ਓਸ ਦਾ ਖਿਆਲ ਰੱਖੀਂ। ਮੇਰਾ ਇੱਕੋ-ਇੱਕ ਸਹਾਰਾ ਹੈ।' ਭੁੱਲਰ ਨੇ ਦਇਆ ਕਰ ਕੇ ਓਸ ਨੂੰ ਆਪਣਾ ਅਰਦਲੀ ਰੱਖ ਲਿਆ ਤਾਂ ਕਿ ਜੇ ਮਰਨ ਤਾਂ ਦੋਨੋਂ ਇਕੱਠੇ ਮਰਨ ਅਤੇ ਮਾਂ ਨੂੰ ਜੁਆਬ ਦੇਣ ਲਈ ਓਸ ਨੂੰ ਕੋਈ ਨਾ ਆਖੇ। ਕਰਣਾ ਰੱਬ ਦਾ ਇਹ ਹੋਇਆ ਕਿ ਜੰਗ-ਬੰਦੀ ਹੋਣ ਤੋਂ ਬਾਅਦ ਲਾ-ਪਰਵਾਹੀ ਵਿੱਚ ਫ਼ੌਜਾਂ ਦੀ ਸੁੱਧ ਲੈਂਦੇ ਭੁੱਲਰ ਉੱਤੇ ਕਿਸੇ ਪਾਕਿਸਤਾਨੀ ਫ਼ੌਜੀ ਨੇ ਗੋਲ਼ੀ ਚਲਾ ਦਿੱਤੀ ਜਿਹੜੀ ਕਿ ਏਸ ਨੂੰ ਨਾ ਲੱਗ ਕੇ ਮਾਈ ਦੇ ਲਾਡਲੇ ਪੁੱਤ ਅਰਦਲੀ ਨੂੰ ਜਾ ਲੱਗੀ। ਏਨੀਂ ਗੱਲ ਦੱਸ ਕੇ ਭੁੱਲਰ ਬੜਾ ਫੁਸਕ ਕੇ ਰੋਇਆ ਸੀ। ਰੋਪੜ ਨਹਿਰਾਂ ਤੋਂ, ਜਿੱਥੇ ਬੱਸ ਅੱਡਾ ਹੈ, ਓਸ ਮੋੜ ਤੋਂ ਲੈ ਕੇ ਸਤਲੁਜ ਉੱਤੇ ਬੰਨ੍ਹ ਵਾਲੇ ਬਰਾਜ ਵਾਲਾ ਪੁਲ ਲੰਘਣ ਤੱਕ ਇਉਂ ਰੋਂਦਾ ਰਿਹਾ ਜਿਵੇਂ ਕਿ ਇਹ ਘਟਨਾ ਕੱਲ੍ਹ ਵਾਪਰੀ ਹੋਵੇ। ਓਸ ਦਾ ਹਾਲ ਵੇਖ ਕੇ ਕੁਈ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਸੀ ਕਿ ਓਸ ਵਿੱਚ ਇਨਸਾਨੀ ਹਮਦਰਦੀ ਕੁੱਟ-ਕੁੱਟ ਕੇ ਭਰੀ ਹੋਈ ਸੀ ਅਤੇ ਇੱਕ ਮਾਂ ਨੂੰ ਦਿੱਤਾ ਓਸ ਦੇ ਪੁੱਤ ਦੀ ਸੁਰੱਖਿਆ ਦਾ ਵਚਨ ਨਾ ਨਿਭਾ ਸਕਣ ਦਾ ਝੋਰਾ ਕਿਵੇਂ ਓਸ ਨੂੰ ਅੰਦਰੋ-ਅੰਦਰ ਖਾਈ ਜਾ ਰਿਹਾ ਸੀ। ਇਹ ਦ੍ਰਿਸ਼ ਏਨਾਂ ਮਾਰਮਿਕ ਮਾਹੌਲ ਸਿਰਜਣ ਦੇ ਕਾਬਲ ਸੀ ਕਿ ਜੇ ਮੰਚਨ ਕੀਤਾ ਜਾਂਦਾ ਤਾਂ ਕੁਈ ਵੇਖਣ ਵਾਲੀ ਅੱਖ ਸੁੱਕੀ ਨਾ ਰਹਿ ਸਕਦੀ।

ਕਦੇ-ਕਦੇ ਭੁੱਲਰ ਆਪਣੇ ਮਨ ਵਿੱਚ ਡੂੰਘੀਆਂ ਦੱਬੀਆਂ ਸੱਧਰਾਂ ਨੂੰ ਵੀ ਸਹਿਜੇ ਹੀ ਪ੍ਰਗਟ ਕਰ ਦਿੰਦਾ ਸੀ। ਇੱਕ ਦਿਨ ਘਰ ਚਾਹ ਪੀਂਦਿਆਂ ਮੇਰੀ ਘਰਵਾਲੀ (ਜੋ ਭੁੱਲਰ ਖ਼ਾਨਦਾਨ ਦੀ ਹੈ ਅਤੇ ਜਿਸ ਨੂੰ ਏਸ ਨਾਤੇ ਭੁੱਲਰ ਬੇਟੀ ਸਮਝਦਾ ਸੀ) ਨੂੰ ਭੁੱਲਰ ਨੇ ਆਪਣੇ ਪ੍ਰਤੀ ਕੀਤੀ ਇੱਕ 'ਮਸ਼ਹੂਰ ਜੋਤਸ਼ੀ' ਦੀ ਪੇਸ਼ੀਨਗੋਈ ਦੱਸੀ। ਜੋਤਸ਼ੀ ਨੇ ਦੱਸਿਆ ਸੀ ਕਿ ਭੁੱਲਰ ਵੱਡੇ ਅਹੁਦੇ ਉੱਤੇ ਬਿਰਾਜਮਾਨ ਰਹਿੰਦਿਆਂ ਹੀ ਏਸ ਜਹਾਨ ਤੋਂ ਕੂਚ ਕਰੇਗਾ। ਲੌਂਗੋਵਾਲ-ਰਾਜੀਵ ਸਮਝੌਤਾ ਅਜੇ ਦੋ ਸਾਲ ਬਾਅਦ ਹੋਣਾ ਸੀ। ਪੰਜਾਬ ਵਿੱਚ ਮੰਤਰੀ ਰਿਹਾ ਬਲਦੇਵ ਸਿੰਘ ਮਾਨ ਦੱਸਦਾ ਹੈ ਕਿ ਸੁਰਜੀਤ ਸਿੰਘ ਬਰਨਾਲਾ ਨੂੰ ਮੁੱਖ ਮੰਤਰੀ ਦਾ ਥਾਪੜਾ ਦਿੰਦਿਆਂ ਰਾਜੀਵ ਗਾਂਧੀ ਨੇ ਆਖਿਆ ਸੀ 'ਜਨਰਲ ਭੁੱਲਰ ਕਾ ਖਿਆਲ ਰੱਖਣਾ। ਉਸੇ ਅਪਨੇ ਮੰਤਰੀ ਮੰਡਲ ਮੇਂ ਲੇ ਲੇਨਾ।' ਜੋਤਸ਼ੀ ਜ਼ਿਕਰ ਵੇਲੇ ਤਾਂ ਭੁੱਲਰ ਦੀ ਏਨੀਂ ਪਹੁੰਚ ਦਾ ਅੰਦਾਜ਼ਾ ਹੋਰ ਕਿਸੇ ਨੂੰ ਵੀ ਨਹੀਂ ਸੀ। ਸੁਰਿੰਦਰ ਕੌਰ ਨੇ ਬੜੀ ਅਪਣੱਤ ਨਾਲ 'ਭੁੱਲਰ ਅੰਕਲ' ਨੂੰ ਆਖਿਆ ਸੀ, 'ਅੰਕਲ ਤੁਸੀਂ ਅਹੁਦਾ ਕਦੇ ਨਾ ਲੈਣਾ ਤਾਂ ਕਿ ਮਰਨ ਤੋਂ ਸਦਾ ਬਚੇ ਰਹੋ।' ਜਾਪਦਾ ਨਹੀਂ ਕਿ ਏਸੇ ਪ੍ਰੇਰਨਾ ਅਨੁਸਾਰ ਭੁੱਲਰ ਨੇ ਮੰਤਰੀ ਬਣਨ ਤੋਂ ਇਨਕਾਰ ਕੀਤਾ ਜਾਂ ਕਿਸੇ ਹੋਰ ਮੰਤਵ ਨੂੰ ਮੁੱਖ ਰੱਖ ਕੇ। ਖੈਰ! ਓਸ ਅਹੁਦਾ ਧਾਰਨ ਨਾ ਕੀਤਾ ਅਤੇ ਸ਼ਾਇਦ ਏਸੇ ਲਈ ਜਨਰਲ ਅੱਜ ਤੱਕ ਨੌ-ਬਰ-ਨੌ ਹੈ। ਬਰਨਾਲੇ ਦੀ ਸਰਕਾਰ ਨੂੰ ਤਾਂ ਫ਼ੌਤ ਹੋਈ ਨੂੰ ਵੀ ਸਦੀਆਂ ਬੀਤ ਚੁੱਕੀਆਂ ਹਨ।

ਹੁਣ ਇੱਕ ਹੋਰ ਵਾਰਤਾ ਦਾ ਸਮਾਂ, ਸਥਾਨ, ਸੰਦਰਭ ਆਪਣੇ-ਆਪ ਹੀ ਸਿਰਜਿਆ ਜਾ ਚੁੱਕਾ ਹੈ। ਉਹ ਵੀ ਏਥੇ ਦੱਸਣੀ ਲੋੜੀਂਦੀ ਹੈ। 1983 ਦੀਆਂ ਗਰਮੀਆਂ ਵਿੱਚ ਇੱਕ ਦਿਨ ਭੁੱਲਰ ਮਿਲਿਆ ਅਤੇ ਓਸ ਨੇ ਦੱਸਿਆ ਕਿ ਓਸ ਨੇ ਅਤੇ ਓਸ ਦੇ ਇੱਕ ਦੋਸਤ ਨੇ ਇੱਕ ਕਿਤਾਬ ਲਿਖੀ ਹੈ। ਉਹ ਕਿਤਾਬ ਬਾਹਰ ਦੇ ਲੋਕਾਂ, ਸਿੱਖਾਂ, ਗ਼ੈਰ-ਸਿੱਖਾਂ ਦੇ ਪੜ੍ਹਨ ਲਈ ਲਿਖੀ ਗਈ ਸੀ। ਉਹ ਚਾਹੁੰਦਾ ਸੀ ਕਿ ਮੈਂ ਓਸ ਨੂੰ ਵੇਖ ਲਵਾਂ ਅਤੇ ਏਸ ਸੰਦਰਭ ਨੂੰ ਮੁਖ ਰੱਖ ਕੇ ਸੁਝਾਅ ਦੇਵਾਂ ਤਾਂ ਕਿ ਹੋਰ ਪ੍ਰਭਾਵਸ਼ਾਲੀ ਬਣ ਸਕੇ। ਮੈਂ ਟਾਲਾ ਕਰਨ ਦੀ ਕੋਸ਼ਿਸ਼ ਕੀਤੀ, 'ਤੁਹਾਡੇ ਨਾਲੋਂ ਕੌਣ ਸਿਆਣਾ ਹੈ। ਜੋ ਲਿਖਿਆ ਹੈ ਵਧੀਆ ਹੀ ਹੋਵੇਗਾ' ਆਦਿ ਆਖਿਆ ਪਰ ਗੱਲ ਨਾ ਬਣ ਸਕੀ। ਉਹ ਖਰੜਾ ਮੇਰੇ ਕੋਲ ਛੱਡ ਕੇ ਚਲਾ ਗਿਆ। ਮੈਂ ਵੇਖਿਆ ਅਤੇ ਹਾਸ਼ੀਏ ਵਿੱਚ ਕੁਝ ਸੁਝਾਅ ਲਿੱਖ ਦਿੱਤੇ। ਇੱਕ ਸੁਝਾਅ ਇਹ ਸੀ ਕਿ ਪੰਜਵੇਂ ਸਫ਼ੇ ਉੱਤੇ 'ਸਿਮਰਨ', 'ਸ਼ਕਤੀ' ਦੀ ਥਾਂਵੇਂ ਅੰਗ੍ਰੇਜ਼ੀ ਦੇ ਫ਼ਲਾਨੇ ਢੁਕਵੇਂ ਲਫ਼ਜ਼ ਹੋਣੇ ਚਾਹੀਦੇ ਹਨ। ਇੱਕ ਜਗ੍ਹਾ ਪੰਨਾ ਦਸ ਉੱਤੇ ਲਫ਼ਜ਼ 'ਸਿੱਖ ਪੋਪ' ਵਰਤਿਆ ਗਿਆ ਸੀ ਜੋ ਸਿੱਖੀ ਸੰਦਰਭ ਵਿੱਚ ਗ਼ਲਤ ਸੀ। ਏਸ ਕਿਸਮ ਦੇ ਵੀਹ ਕੁ ਸੁਝਾਅ ਮੈਂ ਹਾਸ਼ੀਏ ਵਿੱਚ ਕੱਚੀ ਪੈਨਸਿਲ ਨਾਲ ਲਿਖ ਦਿੱਤੇ। ਇਹ ਟਿੱਪਣੀਆਂ 9, 10, 20, 21, 22, 24, 26, 28, 30, 34, 37, 41, 45, 50 ਪੰਨਿਆਂ ਉੱਤੇ ਮੈਂ ਲਿਖੀਆਂ। ਬਾਅਦ ਵਿੱਚ ਇਹ ਖਰੜਾ ਦੇਸ਼-ਧ੍ਰੋਹ ਦੇ ਮੁਕੱਦਮੇ ਦਾ ਆਧਾਰ ਬਣ ਗਿਆ ਅਤੇ ਅਜੇ ਤੱਕ ਮਿਸਲ ਦਾ ਹਿੱਸਾ ਹੈ। ਇਹਨਾਂ ਨੂੰ ਪੜ੍ਹਨ ਤੋਂ ਬਾਅਦ ਜਨਰਲ ਭੁੱਲਰ ਨੇ ਆਖਿਆ ਕਿ ਮੈਂ ਏਸ ਖਰੜੇ ਦੇ ਲੇਖਕਾਂ ਵਿੱਚ ਸ਼ਾਮਲ ਹੋ ਜਾਵਾਂ ਕਿਉਂਕਿ ਮੈਂ ਬੜੇ ਕੀਮਤੀ ਸੁਝਾਅ ਦਿੱਤੇ ਹਨ। ਮੇਰਾ ਮੱਤ ਸੀ ਕਿ ਸੁਝਾਅ ਦੇਣ ਵਾਲਾ ਲੇਖਕ ਨਹੀਂ ਹੁੰਦਾ। ਓਸ ਦਾ ਕਹਿਣਾ ਸੀ ਕਿ ਉਹ ਮੇਰਾ ਨਾਂਅ ਕਿਤਾਬ ਉੱਤੇ ਲਿਖਣਾ ਚਾਹੁੰਦਾ ਹੈ। ਮੇਰਾ ਜੁਆਬ ਸੀ ਕਿ ਉਹ ਮੇਰਾ ਨਾਂਅ ਬਤੌਰ ਲਿਖਣ ਵਿੱਚ ਸਹਾਇਤਾ ਕਰਨ ਵਾਲੇ ਦੇ ਲਿਖ ਸਕਦਾ ਹੈ। ਹਰ ਕਿਤਾਬ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਫ਼ਲਾਨੇ ਨੇ ਖਰੜਾ ਪੜ੍ਹਿਆ, ਕੀਮਤੀ ਸੁਝਾਅ ਦਿੱਤੇ, ਜਿਨ੍ਹਾਂ ਵਿੱਚੋਂ ਕਈ ਅਸੀਂ ਪ੍ਰਵਾਨ ਕਰ ਲਏ। ਕਿਤਾਬ ਦੀ ਲਿਖਣ ਪ੍ਰਕਿਰਿਆ ਵਿੱਚ ਸਹਾਇਤਾ ਦੇਣ ਦੇ ਅਸੀਂ ਆਭਾਰੀ ਹਾਂ। ਭੁੱਲਰ ਨੇ ਇਹ ਮੰਨ ਲਿਆ।

ਜਦੋਂ ਕਿਤਾਬ ਛਪੀ ਤਾਂ ਵੇਖਿਆ ਗਿਆ ਕਿ ਓਸ ਨੇ ਮੂਲ ਲੇਖਕਾਂ ਸਮੇਤ ਮੇਰਾ ਨਾਂਅ ਏਸ ਪ੍ਰਸੰਗ ਵਿੱਚ ਲਿਖਿਆ ਕਿ 'ਅਸੀਂ..... ਦੇ ਅਭਾਰੀ ਹਾਂ ਜਿਨ੍ਹਾਂ ਨੇ ਇਹ ਕਿਤਾਬ ਲਿਖਣ ਵਿੱਚ ਸਹਾਇਤਾ ਕੀਤੀ।' ਏਨਾਂ ਲਿਖਣ ਨਾਲ ਮੈਂ ਵੀ ਅਸਲ ਮੂਲ ਲੇਖਕਾਂ ਵਿੱਚ ਸ਼ੁਮਾਰ ਹੋ ਗਿਆ ਅਤੇ ਸਿੱਧੇ ਤੌਰ ਉੱਤੇ ਮੈਨੂੰ ਲੇਖਕ ਲਿਖਿਆ ਵੀ ਨਾ ਗਿਆ। ਕਈ ਸਮਝਾਂ ਵਿੱਚ ਕਿੰਨੇ ਰੱਖਣੇ ਅਤੇ ਕਿੰਨੀਆਂ ਚੋਰ-ਮੋਰੀਆਂ ਹੁੰਦੀਆਂ ਹਨ! ਬਾਅਦ ਦੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਇਹ ਚਲਾਕੀ ਮੇਰੇ ਲਈ ਬੇਹੱਦ ਖ਼ਤਰਨਾਕ ਸਿੱਧ ਹੋ ਸਕਦੀ ਸੀ। ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਸਾਰਿਆਂ ਉੱਤੇ ਦਰਜ ਹੋ ਗਿਆ। ਏਸ ਜੁਰਮ ਲਈ ਓਦੋਂ ਦੇ ਕਾਨੂੰਨ ਅਨੁਸਾਰ ਜ਼ਮਾਨਤ ਹੋ ਸਕਦੀ ਸੀ ਅਤੇ ਜਨਰਲ ਭੁੱਲਰ ਦੇ ਜਿਹੜੇ ਸਾਥੀਆਂ ਨੇ ਏਥੇ ਹਿੰਦ ਵਿੱਚ ਰਹਿਣਾ ਸੀ, ਝੱਟ ਜ਼ਮਾਨਤ ਕਰਵਾ ਲਈ। ਛਾਪਾਖਾਨਾ ਪ੍ਰੋਫ਼ੈਸਰ ਸਰੂਪ ਸਿੰਘ ਪਰਿਵਾਰ ਦਾ ਸੀ। ਉਹਨਾਂ ਵੀ ਜ਼ਮਾਨਤ ਕਰਵਾ ਲਈ। ਚੰਦ ਦਿਨਾਂ ਵਿੱਚ ਹੀ ਕਾਨੂੰਨ ਬਦਲ ਗਿਆ।

ਮੈਨੂੰ ਮੁਕੱਦਮਾ ਰਜਿਸਟਰ ਹੋਣ ਦਾ ਪਤਾ ਓਦੋਂ ਲੱਗਿਆ ਜਦੋਂ ਕਿ ਕਾਨੂੰਨ ਬਦਲ ਚੁੱਕਾ ਸੀ ਅਤੇ ਜੁਰਮ ਨੂੰ ਗ਼ੈਰ-ਜ਼ਮਾਨਤੀ ਬਣਾ ਦਿੱਤਾ ਗਿਆ ਸੀ। ਜਨਰਲ ਭੁੱਲਰ ਆਪਣੇ ਸਾਥੀਆਂ ਸਮੇਤ ਸੱਤ ਸਮੁੰਦਰੋਂ ਪਾਰ ਉਡਾਰੀ ਮਾਰ ਚੁੱਕਾ ਸੀ।

ਮੇਰੇ ਲਈ ਖ਼ਤਰਨਾਕ ਸੰਭਾਵਨਾਵਾਂ ਪੈਦਾ ਹੋ ਗਈਆਂ। ਓਸ ਵੇਲੇ ਗੁਰਬਰਿੰਦਰ ਸਿੰਘ ਔਜਲਾ ਚੰਡੀਗੜ੍ਹ ਦਾ ਪੁਲੀਸ ਮੁਖੀ ਸੀ। ਏਸ ਨਾਲ ਮੈਂ ਇੱਕ ਸਾਲ ਆਈ.ਪੀ.ਐਸ. ਦੀ ਨੌਕਰੀ ਕੀਤੀ ਸੀ। ਮੈਂ ਓਸ ਨੂੰ ਹੱਲ ਪੁੱਛਿਆ ਤਾਂ ਉਸ ਆਖਿਆ ਕਿ ਮੈਂ ਦਰਬਾਰ ਸਾਹਿਬ ਚਲਾ ਜਾਵਾਂ ਨਹੀ ਤਾਂ ਕਿਸੇ ਵੇਲੇ ਵੀ ਗ੍ਰਿਫ਼ਤਾਰੀ ਹੋ ਸਕਦੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਕੋਈ ਨਹੀਂ ਕਹਿ ਸਕਦਾ ਕਿ ਕੀ ਹਸ਼ਰ ਹੋਵੇ। ਮੈਂ ਇੱਕ ਵਿਆਹ ਦੇ ਸਿਲਸਿਲੇ ਵਿੱਚ ਚੰਡੀਗੜ੍ਹ ਛੱਡ ਕੇ ਪਿੰਡ ਚਲਾ ਗਿਆ। ਔਜਲੇ ਦੇ ਬੰਦਿਆਂ ਨੇ ਘਰ ਖਾਲੀ ਵੇਖ ਕੇ ਅੰਦਾਜ਼ਾ ਲਾਇਆ ਹੋਵੇਗਾ ਕਿ ਮੈਂ ਦਰਬਾਰ ਸਾਹਿਬ ਜਾ ਚੁੱਕਿਆ ਹਾਂ।

ਦੋ ਕੁ ਦਿਨ ਬਾਅਦ ਹੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਹੋ ਗਿਆ। ਕੁਝ ਦਿਨਾਂ ਬਾਅਦ ਅਖ਼ਬਾਰ ਵੇਖਣ ਨੂੰ ਮਿਲਿਆਂ ਤਾਂ ਇੰਡੀਅਨ ਐਕਸਪ੍ਰੈਸ ਵਿੱਚ ਮੇਰੀ ਮੌਤ ਦੀ ਖ਼ਬਰ ਛਪੀ ਹੋਈ ਮਿਲੀ। ਜਰਨਲ ਭੁੱਲਰ ਦੇ ਮੇਰੇ ਪ੍ਰਤੀ 'ਨੇਕ ਇਰਾਦਿਆਂ' ਦਾ ਓਸ ਖ਼ਬਰ ਨੂੰ ਪੜ੍ਹ ਕੇ ਮੈਨੂੰ ਪੂਰਾ ਗਿਆਨ ਹੋਇਆ। ਪਹਿਲਾਂ ਮੈਨੂੰ ਰੰਜ ਸੀ ਕਿ ਭੁੱਲਰ ਏਨਾਂ ਵੀ ਨਾ ਕਰ ਸਕਿਆ ਕਿ ਮੈਨੂੰ ਮੁਕੱਦਮੇ ਦੀ ਖ਼ਬਰ ਕਰ ਕੇ ਜ਼ਮਾਨਤ ਲੈਣ ਲਈ ਹੀ ਰਾਹ ਪੱਧਰਾ ਕਰ ਦਿੰਦਾ। ਮੌਤ ਦੀ ਖ਼ਬਰ 11 ਜੂਨ 1984 ਦੀ ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿੱਚ ਪੜ੍ਹ ਕੇ ਪਤਾ ਚੱਲਿਆ ਕਿ ਜਾਲ ਬੜੀ ਤਰਕੀਬ ਨਾਲ ਵਿਛਾਇਆ ਗਿਆ ਸੀ, ਮੈਂ ਦੇਵਨੇਤ ਨਾਲ ਹੀ ਹੇਠੋਂ ਨਿਕਲ ਗਿਆ। ਮੇਰੇ ਸਾਰੇ ਗਿਲ਼ੇ ਜਾਂਦੇ ਰਹੇ। ਦੋਸਤਾਂ ਦੀ ਮਿਹਰ ਦਾ ਮੀਂਹ ਤਾਂ 'ਆਫਤੇ-ਜਾਂ' ਬਣ ਕੇ ਬਰਸਿਆ ਸੀ (ਅਬਰੇ-ਰਹਿਮਤ ਯੂੰ ਬਰਸਾ ਕਿ ਆਫਤੇ-ਜਾਂ ਬਨ ਗਇਆ)। ਸੁਰਿੰਦਰ ਕੌਰ ਦੇ ਮਾਮੇ ਦੀ ਧੀ ਦੇ ਵਿਆਹ ਉੱਤੇ ਲੜਕੀ ਦੇ ਕਪੜੇ ਪਹੁੰਚਾਉਣ ਤੋਂ ਬਾਅਦ ਮੈਂ ਦਰਬਾਰ ਸਾਹਿਬ ਜਾਣ ਦਾ ਮਨ ਬਣਾਇਆ ਸੀ। ਜੇ ਇਹ ਮਜਬੂਰੀ ਨਾ ਹੁੰਦੀ ਤਾਂ ਮੈਂ ਪੰਜਾਬ ਵਿੱਚ ਕਰਫ਼ਿਊ ਲੱਗਣ ਤੋਂ ਪਹਿਲਾਂ ਹੀ ਦਰਬਾਰ ਸਾਹਿਬ ਪਹੁੰਚ ਜਾਣਾ ਸੀ। ਉਹਨਾਂ ਹਾਲਤਾਂ ਵਿੱਚ ਮੈਂ ਆਪਣੀ ਮੌਤ ਦੀ ਖ਼ਬਰ ਪੜ੍ਹਨ ਦਾ ਮੌਕਾ ਹੱਥੋਂ ਗਵਾ ਦੇਣਾ ਸੀ।

ਜਨਰਲ ਭੁੱਲਰ ਨੂੰ ਕਦੇ ਵੀ ਇਹ ਯਕੀਨ ਨਹੀਂ ਸੀ ਹੋਇਆ ਕਿ ਮੈਂ ਓਸ ਦੀਆਂ ਕਰਤੂਤਾਂ ਨੂੰ ਪੂਰੀ ਡੂੰਘਾਈ ਨਾਲ ਸਮਝ ਲਿਆ ਹੈ। ਉਹ ਸੱਚਾ ਸੀ। ਓਸ ਦਾ ਪ੍ਰਭਾਵ ਅਤੇ ਫ਼ੌਜੀ ਅਹੁਦੇ ਦੀ ਸਿੱਖ ਮਾਨਸਿਕਤਾ ਵਿੱਚ ਲੋੜੋਂ ਵੱਧ ਕਦਰ ਪੂਰਨ ਗਿਆਨ ਹੋਣ ਦੇ ਰਾਹ ਵਿੱਚ ਵੱਡੀ ਰੁਕਾਵਟ ਬਣੀ ਹੋਈ ਸੀ। ਕੁਝ ਤਾਂ ਸਮਝ ਦੀ ਕਮੀ ਸੀ। ਮਨ ਮੰਨਦਾ ਹੀ ਨਹੀਂ ਸੀ ਕਿ ਏਨੇਂ ਵੱਡੇ ਅਹੁਦੇ ਉੱਤੇ ਰਹਿ ਚੁੱਕਾ ਆਦਮੀ ਨਿਗੂਣੀਆਂ ਲਾਲਸਾਵਾਂ ਅਧੀਨ ਅਜੇ ਵੀ ਵਿਚਰ ਰਿਹਾ ਹੋਵੇਗਾ। ਕੁਝ ਸਲਾਹ ਦੇਣ ਵਾਲੇ ਦੋਸਤ-ਮਿੱਤਰ ਵੀ ਅਜਿਹੀ ਵਿਚਾਰਧਾਰਾ ਦੇ ਪੱਕੇ ਧਾਰਨੀ ਸਨ। ਉਪਰੋਕਤ ਪ੍ਰਸਥਿਤੀਆਂ ਨੇ ਸਹਿਜੇ-ਸਹਿਜੇ ਕਪਾਟ ਖੋਲ੍ਹ ਦਿੱਤੇ। ਮੈਂ ਹੌਲੇ-ਹੌਲੇ ਤੁਰਦਿਆਂ ਭੁੱਲਰ ਦਾ ਪੱਕਾ ਵਿਰੋਧੀ ਬਣ ਗਿਆ। ਭੁੱਲਰ ਦੇ ਅਤੇ ਮੇਰੇ ਮੱਤਭੇਦਾਂ ਨੂੰ ਭਾਂਪ ਕੇ ਸਾਰਿਆਂ ਸੁਲ੍ਹਾ-ਸਫਾਈ ਲਈ ਯਤਨ ਆਰੰਭ ਦਿੱਤੇ ਸਨ।

ਸਭ ਤੋਂ ਪਹਿਲਾਂ ਬ੍ਰਿਗੇਡੀਅਰ ਜੋਗੀ ਨੇ ਇੱਕ ਫ਼ੌਜੀ ਮਿਲਣੀ ਆਪਣੇ ਦਫ਼ਤਰ ਵਿੱਚ ਕਰਵਾਈ। ਓਥੇ ਧਾਰਨਾ ਇਹ ਸੀ ਕਿ ਇੱਕ ਫ਼ੌਜੀ ਅਫ਼ਸਰ ਦਾ ਅਤੇ ਇੱਕ ਸਿਵਲ ਦੇ ਅਫ਼ਸਰ ਦਾ ਗਠਜੋੜ ਕੌਮ ਲਈ ਲਾਹੇਵੰਦ ਹੈ; ਏਸ ਨੂੰ ਕਮਜ਼ੋਰ ਨਾ ਹੋਣ ਦਿੱਤਾ ਜਾਵੇ। ਸਾਰੇ ਬੜੇ ਸਿਆਣੇ ਅਫ਼ਸਰ ਸਨ, ਉਹਨਾਂ ਕਿਸੇ ਵੀ ਗੱਲ ਨੂੰ ਨਿਤਾਰ ਕੇ ਨਾ ਆਖਿਆ, ਨਾ ਪੁੱਛਿਆ। ਘੋਖ ਕਰ ਕੇ, ਮਸਲਾ ਨਿਤਾਰ ਕੇ, ਬੁਰੇ ਨੂੰ ਬੁਰਾ, ਚੰਗੇ ਨੂੰ ਭਲਾ ਆਖ ਕੇ, ਸ਼ੰਕੇ ਦੂਰ ਕਰ ਕੇ ਸੁਲ੍ਹਾ ਕਰਵਾਉਣ ਦੀ ਜ਼ਹਿਮਤ ਨਾ ਕੀਤੀ ਗਈ। ਪਰਨਾਲਾ ਓਥੇ ਦਾ ਓਥੇ ਹੀ ਰਿਹਾ। ਫੇਰ ਸੁਖਦੇਵ ਸਿੰਘ ਪੱਤਰਕਾਰ ਨੇ ਇੱਕ ਅਜੇਹੀ ਮਿਲਣੀ ਆਪਣੇ ਘਰ ਖਾਣੇ ਉੱਤੇ ਕਰਵਾਈ। ਏਸ ਮਿਲਣੀ ਲਈ ਮੈਂ ਅੱਠ, ਦਸ ਉਹ ਨੁਕਤੇ ਲਿਖ ਕੇ ਲੈ ਗਿਆ ਜਿਨ੍ਹਾਂ ਨੂੰ ਮੈਂ ਭੁੱਲਰ ਦੀਆਂ ਬੱਜਰ ਕੁਤਾਹੀਆਂ ਅਤੇ ਕੌਮ ਲਈ ਘਾਤਕ ਸਮਝਦਾ ਸਾਂ। ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਾ ਹੋਈ ਅਤੇ ਮਸਲਾ ਫ਼ੇਰ ਓਥੇ ਦਾ ਓਥੇ ਹੀ ਰਿਹਾ। ਸੁਖਦੇਵ ਸਿੰਘ ਦੇ ਸੁਹਿਰਦ ਯਤਨ ਤੋਂ ਬਾਅਦ ਇੱਕ ਹੋਰ ਵੱਡਾ ਹੰਭਲਾ ਪ੍ਰੋਫੈਸਰ ਗੁਰਦਰਸ਼ਨ ਸਿੰਘ ਨੇ ਵੀ ਮਾਰਿਆ। ਓਸ ਨੇ ਵੀ ਸਾਨੂੰ ਦੋਨਾਂ ਨੂੰ ਬਾਕੀ ਸਾਂਝੇ ਦੋਸਤਾਂ ਸਮੇਤ ਰਾਤ ਦੇ ਖਾਣੇ ਉੱਤੇ ਬੁਲਾਇਆ। ਮੈਂ ਓਥੇ ਵੀ ਸੁਖਦੇਵ ਸਿੰਘ ਦੇ ਘਰ ਵਾਲੀ, ਭੁੱਲਰ ਦੀਆਂ ਕੀਤੀਆਂ (ਮੇਰੀ ਸਮਝ ਅਨੁਸਾਰ) ਬੱਜਰ ਕੁਤਾਹੀਆਂ ਦੀ, ਲਿਸਟ ਲੈ ਕੇ ਚਲਾ ਗਿਆ। ਮੈਂ ਫ਼ੇਰ ਓਸ ਨੂੰ ਪੜ੍ਹ ਕੇ ਸੁਣਾਇਆ ਅਤੇ ਸਿਆਣਿਆਂ ਨੇ ਇੱਕ ਵਾਰ ਫੇਰ ਓਸ ਨੂੰ ਆਇਆ-ਗਿਆ ਕਰ ਦਿੱਤਾ। ਭੁੱਲਰ ਓਸ ਮੀਟਿੰਗ ਵਿੱਚ, ਆਪਣੇ ਸੁਭਾਅ ਦੇ ਵਿਰੁੱਧ, ਕਾਫ਼ੀ ਭੜਕ ਪਿਆ। ਓਸ ਨੇ ਅਜਿਹੇ ਲਫ਼ਜ਼ ਆਖੇ : 'ਇਹ ਆਪਣੇ-ਆਪ ਨੂੰ ਕੀ ਸਮਝਦਾ ਹੈ। ਜਿੱਥੇ ਜਾਈਦਾ ਹੈ ਓਥੇ ਇਹ ਕਾਗ਼ਜ਼ ਜਿਹਾ ਚੁੱਕ ਲਿਆਉਂਦਾ ਹੈ। ਜਾਉ ਛੱਡੋ, ਮੈਂ ਨਹੀਂ ਕਰਨੀ ਏਸ ਨਾਲ ਸੁਲ੍ਹਾ। ...... ......।' ਮੈਂ ਵੀ ਕੁਝ ਤਲਖ਼, ਢੁਕਵੇਂ ਜੁਆਬ ਦਿੱਤੇ। ਆਖ਼ਰ ਸਾਰੇ ਡੂੰਘੇ ਪਾੜ ਉੱਤੇ ਪੋਚਾ ਮਾਰ ਕੇ ਉੱਠ ਗਏ।

ਮੇਰਾ ਇੱਕ ਵੱਡਾ ਇਲਜ਼ਾਮ ਸੀ ਕਿ ਭੁੱਲਰ ਦਾ ਰਾਬਤਾ ਅਜਿਹੇ ਲੋਕਾਂ ਨਾਲ ਹੈ ਜਿਨ੍ਹਾਂ ਨੂੰ ਸਰਕਾਰ ਪੱਖੀਆਂ ਤੋਂ ਇਲਾਵਾ ਕੁਝ ਜਾਣਿਆ ਹੀ ਨਹੀਂ ਜਾ ਸਕਦਾ। ਏਸ ਮਿਲਣੀ ਤੋਂ ਕੁਝ ਦਿਨ ਬਾਅਦ ਹੀ ਏਸ ਤੱਥ ਦੀ ਪੁਸ਼ਟੀ ਕਰਦਾ ਵੱਡਾ ਸਬੂਤ ਖ਼ੁਦ ਪ੍ਰੋਫ਼ੈਸਰ ਢਿੱਲੋਂ ਨੂੰ ਮਿਲ ਗਿਆ। ਇਹ ਉਹ ਦਿਨ ਸਨ ਜਦੋਂ ਕਿ ਸੰਤ ਜਰਨੈਲ ਸਿੰਘ ਨਾਲੋਂ ਲੋਕਾਂ ਨੂੰ ਤੋੜਨ ਦੀ ਮੁਹਿੰਮ ਸਰਕਾਰੀ ਸ਼ਹਿ ਉੱਤੇ ਚਲਾਈ ਜਾ ਰਹੀ ਸੀ। ਏਸ ਦਾ ਆਗਾਜ਼ ਬਾਬਾ ਵਿਰਸਾ ਸਿੰਘ ਵੱਲੋਂ ਦਿੱਲੀ ਤੋਂ ਹੋਇਆ ਜਿਸ ਦੀ ਪ੍ਰਮੁੱਖ ਵਕਤਾ ਬਣੀ ਬੀਬੀ ਨਿਰਲੇਪ ਕੌਰ। ਹਰਭਜਨ ਸਿੰਘ ਯੋਗੀ ਨੇ ਵੀ ਆਪਣਾ ਯੋਗਦਾਨ ਵਿੰਗੇ-ਟੇਢੇ ਢੰਗ ਨਾਲ ਪਾਇਆ ਅਤੇ ਏਵੇਂ ਹੀ ਡਾਕਟਰ ਭਗਤ ਸਿੰਘ ਅਤੇ ਭਰਪੂਰ ਸਿੰਘ ਬਲਬੀਰ ਨੇ ਵੀ।

ਚੰਡੀਗੜ੍ਹ ਇਹ ਸੇਵਾ ਇੱਕ ਸਰਕਾਰ ਦੇ ਆਸਰੇ ਚੱਲ ਰਹੀ ਸੰਸਥਾ ਦੇ ਮੁਖੀ ਨੇ ਨਿਭਾਈ। ਏਸ ਦਾ ਮੁਖੀ ਓਸ ਵੇਲੇ ਰਛਪਾਲ ਮਲਹੋਤਰਾ ਸੀ। ਇੱਕ ਦਿਨ ਮੈਨੂੰ ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਨੇ ਆਖਿਆ ਕਿ ਮੈਂ ਜਨਰਲ ਭੁੱਲਰ ਨੂੰ ਨਾਲ ਲੈ ਕੇ ਰਛਪਾਲ ਮਲਹੋਤਰਾ ਨੂੰ ਮਿਲ ਲਵਾਂ। ਓਸ ਕੋਲ ਪੰਜਾਬ ਦੇ ਮਸਲੇ ਨੂੰ ਹੱਲ ਕਰਨ ਦੇ ਕਈ ਗੁਰ ਹਨ। ਰਛਪਾਲ ਮਲਹੋਤਰੇ ਨੂੰ ਮੈਂ ਓਦੋਂ ਤੋਂ ਜਾਣਦਾ ਸਾ ਜਦੋਂ ਮੈਂ ਯੂਨੀਵਰਸਿਟੀ ਵਿੱਚ ਪੜ੍ਹਦਾ ਹੁੰਦਾ ਸਾਂ। ਓਸ ਨਾਲ ਮੇਰੇ ਜਾਤੀ ਸਬੰਧ ਚੰਗੇ ਸਨ; ਦੋਸਤਾਨਾ ਸਨ ਪਰ ਡਾਕਟਰ ਤਿਵਾੜੀ ਵਾਂਗ ਹੀ ਮੈਂ ਓਸ ਦੀ ਸਿਆਸਤ ਨਾਲ ਹਮਦਰਦੀ ਨਹੀਂ ਸੀ ਰੱਖਦਾ। ਇਹ ਯੂਨੀਵਰਸਿਟੀ ਦਾ ਮੁਲਾਜ਼ਮ ਸੀ ਅਤੇ ਪੰਜ ਨੰਬਰ ਹੋਸਟਲ ਵਿੱਚ ਤਾਇਨਾਤ ਸੀ, ਜਿਸ ਵਿੱਚ ਮੈਂ ਵੀ ਦੋ-ਢਾਈ ਸਾਲ ਰਿਹਾ ਸਾਂ। ਇਸ ਦੀ ਹਮਦਰਦੀ ਓਸ ਵੇਲੇ ਰਾਸ਼ਟ੍ਰੀਆ ਸਵਯਮ ਸੇਵਕ ਸੰਘ ਨਾਲ ਸਮਝੀ ਜਾਂਦੀ ਸੀ। ਬਾਅਦ ਵਿੱਚ ਇਹ ਇੰਦਰਾ ਗਾਂਧੀ ਦੇ ਪੰਜਾਬ ਪ੍ਰਤੀ ਗਿਣੇ-ਚੁਣੇ ਸਲਾਹਕਾਰਾਂ ਵਿੱਚੋਂ ਸਮਝਿਆ ਜਾਣ ਲੱਗਾ ਸੀ। ਕਹਿੰਦੇ ਹਨ ਕਿ ਜਦੋਂ ਇੰਦਰਾ ਗਾਂਧੀ ਸ਼ਸ਼ੋਪੰਜ ਵਿੱਚ ਸੀ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਰੇ ਜਾਂ ਨਾ, ਤਾਂ ਏਸ ਦੀ ਸਲਾਹ ਹੀ ਓਸ ਦੇ ਕੰਮ ਆਈ ਸੀ। ਏਸ ਨੇ ਇਹ ਆਖ ਕੇ ਓਸ ਨੂੰ ਹਮਲੇ ਲਈ ਰਾਜ਼ੀ ਕਰ ਲਿਆ ਸੀ ਕਿ ਇਤਿਹਾਸ, ਆਸਥਾ, ਧਾਰਮਕ ਜਜ਼ਬਾਤ ਆਦਿ ਕੁਝ ਨਹੀਂ ਹੁੰਦੇ। 'ਵੈਸੇ ਵੀ ਦਰਬਾਰ ਸਾਹਿਬ ਹੈ ਕੀ? ਇਹ ਤਾਂ ਕੇਵਲ ਸੋਨੇ ਵਿੱਚ ਮੜ੍ਹੀ ਕਿਤਾਬ ਦੀ ਅਲਮਾਰੀ (gilded book case) ਹੈ।'

ਮੇਰੇ ਲਈ, ਏਨਾਂ ਕੁਝ ਜਾਣਦਿਆਂ ਹੋਇਆ ਰਛਪਾਲ ਦੀ ਸਿੱਖਾਂ ਪ੍ਰਤੀ ਹਮਦਰਦੀ ਉੱਤੇ ਯਕੀਨ ਕਰਨਾ ਸੰਭਵ ਨਹੀਂ ਸੀ। ਮੈਂ ਬਹੁਤਾ ਕੁਝ ਆਖੇ ਬਿਨਾ ਆਪਣੀ ਅਸਮਰਥਤਾ ਪ੍ਰਗਟ ਕਰ ਦਿੱਤੀ। ਜਨਰਲ ਜਸਵੰਤ ਸਿੰਘ ਭੁੱਲਰ ਤਾਂ ਨਿਹਕਲੰਕ ਸੀ। ਓਸ ਨੂੰ ਕਿਸੇ ਦਾ ਕੁਈ ਮਾੜਾ ਪੱਖ ਪੋਂਹਦਾ ਤੱਕ ਨਹੀਂ ਸੀ। ਸਗੋਂ ਹਰ ਅਜਿਹੀ ਗ਼ਲਤੀ ਕਰਨ ਨਾਲ ਓਸ ਦਾ ਕੱਦ ਦੋ ਉਂਗਲਾਂ ਹੋਰ ਉੱਚਾ ਹੋ ਜਾਂਦਾ ਸੀ। ਰਛਪਾਲ ਦੇ ਹਮਾਇਤੀਆਂ ਵਿੱਚ 18 ਸੈਕਟਰ ਰਹਿਣ ਵਾਲਾ ਨਵਜੀਤ ਸਿੰਘ ਵੀ ਸੀ। ਸਭ ਤੋਂ ਪਹਿਲਾਂ ਏਸ ਟੋਲੀ ਨੇ ਸਾਰੇ ਧਰਮਾਂ ਦੇ ਝੰਡੇ ਲੈ ਕੇ ਨਾਲ ਨਿਸ਼ਾਨ ਸਾਹਿਬ ਨੂੰ ਨੱਥੀ ਕਰ ਕੇ ਇੱਕ ਸਾਂਝਾ ਝੰਡਾ ਨਵਜੀਤ ਸਿੰਘ ਦੇ ਘਰ ਝੁਲਾਇਆ। ਓਸ ਨੂੰ ਫ਼ੌਜੀ ਤਰਜ਼ ਉੱਤੇ ਖ਼ੂਬ ਸਲਾਮੀਆਂ ਦਿੱਤੀਆਂ ਗਈਆਂ; ਧਾਰਮਕ ਮੱਤਭੇਦ ਭੁਲਾ ਕੇ ਸਾਰੇ ਧਰਮਾਂ ਦੇ ਇੱਕ ਹੋ ਜਾਣ ਬਾਰੇ ਧੂੰਆਂਧਾਰ ਤਕਰੀਰਾਂ ਹੋਈਆਂ। ਖ਼ਬਰਾਂ ਅਖ਼ਬਾਰਾਂ ਵਿੱਚ ਵੀ ਛਪੀਆਂ।

ਦੂਜੀ ਪ੍ਰਮੁੱਖ ਕਾਰਵਾਈ ਇਹਨਾਂ ਦੀ ਸੀ ਸੈਕਟਰ 19 ਦੀ ਮਾਰਕਿਟ ਵਿੱਚ ਲੋਕਾਂ ਦੇ ਤੁਰਨ ਲਈ ਬਣੇ ਵਰਾਂਡੇ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੀਤਾ ਦੇ ਸਾਂਝੇ ਅਖੰਡ ਪਾਠ ਕਰਵਾਉਣਾ। ਇਹ ਇੱਕ ਨਿਹਾਇਤ ਅਜਬ ਕਿਸਮ ਦੀ ਕਾਰਵਾਈ ਸੀ। ਦੋਨਾਂ ਧਰਮ-ਗ੍ਰੰਥਾਂ ਦੀ ਵਿਚਾਰਧਾਰਾ ਇੱਕ-ਦੂਜੇ ਦੇ ਵਿਰੋਧ ਵਿੱਚ ਹੈ। ਗੀਤਾ ਦੇ ਅਖੰਡ ਪਾਠ ਦੀ ਕੋਈ ਪ੍ਰੰਪਰਾ ਮੌਜੂਦ ਨਹੀਂ। ਏਸ ਕਾਰਵਾਈ ਦਾ ਆਖ਼ਰੀ ਅਰਥ ਕੇਵਲ ਗੀਤਾ ਨੂੰ ਗੁਰੂ ਗ੍ਰੰਥ ਦੇ ਬਰਾਬਰ ਸਥਾਪਤ ਕਰਨਾ ਸੀ। ਇਹ ਐਸੇ ਦੌਰ ਦੀ ਸ਼ੁਰੂਆਤ ਸੀ ਜਿਸ ਦੇ ਭਰਪੂਰ ਪ੍ਰਗਟਾਵੇ ਅੱਜ ਤੱਕ ਹੋ ਰਹੇ ਹਨ। ਕਦੇ ਮੰਦਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਕਿਤੇ ਕੋਈ ਸੁੱਚਾ ਸਿੰਘ ਲੰਗਾਹ ਗੀਤਾ ਦੇ ਅਖੰਡ ਪਾਠਾਂ ਦੀ ਇਕੋਤਰੀ ਕਰਵਾ ਰਿਹਾ ਹੈ। ਅਜਿਹੀਆਂ ਹੋਰ ਵੀ ਕੁਝ ਕਾਰਵਾਈਆਂ ਹੋਈਆਂ।

ਇਹਨਾਂ ਨੇ ਭੁੱਲਰ ਦੀ ਗਰਿਮਾ ਵਿੱਚ ਏਨਾਂ ਵਾਧਾ ਕਰ ਦਿੱਤਾ ਕਿ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਨੇ ਖ਼ਾਸ ਹਦਾਇਤਾਂ ਕੀਤੀਆਂ ਕਿ ਭੁੱਲਰ ਨੂੰ ਪੂਰਾ ਤਾਣ ਲਾ ਕੇ ਨਾਇਕ ਦੇ ਰੂਪ ਵਿੱਚ ਉਭਾਰਿਆ ਜਾਵੇ। ਭੁੱਲਰ ਦੇ ਘਰ ਨੇੜੇ ਓਸ ਦਲਜੀਤ ਸਿੰਘ ਪੰਨੂੰ ਦੀ ਕੋਠੀ ਸੀ ਜੋ ਬਾਅਦ ਵਿੱਚ ਬੁਰਕੀਨੋ ਫ਼ਾਸੋ ਦਾ ਰਾਜਦੂਤ ਬਣਿਆ। ਇੱਕ ਦਿਨ ਭੁੱਲਰ ਨੇ ਓਥੇ ਮਿਲਣੀ ਰੱਖ ਕੇ ਅਖ਼ਬਾਰੀ ਬਿਆਨ ਜਾਰੀ ਕਰਨ ਦਾ ਉਪਰਾਲਾ ਕੀਤਾ। ਇਉਂ ਕਰ ਕੇ ਇਹ ਪਹਿਲਾਂ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਹੋ ਰਹੀਆਂ ਮਿਲਣੀਆਂ ਦੀ ਪ੍ਰੰਪਰਾ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਸੀ। ਜੋ ਹੱਥਕੰਡੇ ਇਹ ਅਪਣਾ ਰਿਹਾ ਸੀ ਓਹ ਸਰਕਾਰ ਦੀ ਚਾਪਲੂਸੀ ਉੱਤੇ ਜਾ ਸੰਪੰਨ ਹੁੰਦੇ ਸਨ। ਕਰਨਲ ਭਗਤ ਸਿੰਘ ਅਤੇ ਮੈਂ ਵੀ ਏਸ ਮੀਟਿੰਗ ਵਿੱਚ ਸ਼ਾਮਲ ਹੋਏ। ਜਨਰਲ ਭੁੱਲਰ ਦੀ ਭੂਮਿਕਾ, ਜਿਸ ਵਿੱਚ ਓਸ ਨੇ ਅਜਿਹਾ ਪ੍ਰਸਤਾਵ ਰੱਖਿਆ ਸੀ ਜਿਸ ਦਾ ਨਤੀਜਾ ਸੰਤ ਜਰਨੈਲ ਸਿੰਘ ਨੂੰ ਭੰਡ ਕੇ ਸਿੱਖ ਦੁਸ਼ਮਣਾਂ ਦਾ ਪੱਖ ਪੂਰਨਾ ਸੀ, ਤੋਂ ਬਾਅਦ ਕਰਨਲ ਭਗਤ ਸਿੰਘ ਉੱਠੇ ਅਤੇ ਉਹਨਾਂ ਵਿਸਥਾਰ ਨਾਲ ਉਹਨਾਂ ਅਸੂਲਾਂ ਦਾ ਨਿਰੂਪਣ ਕੀਤਾ ਜਿਨ੍ਹਾਂ ਉੱਤੇ ਅਜਿਹੀਆਂ ਮਿਲਣੀਆਂ ਪਹਿਲਾਂ ਹੁੰਦੀਆਂ ਰਹੀਆਂ ਸਨ। ਭੁੱਲਰ ਨੇ ਸਖ਼ਤ ਇਤਰਾਜ਼ ਕੀਤਾ। ਮੈਂ ਕਰਨਲ ਭਗਤ ਸਿੰਘ ਦੀ ਤਾਈਦ ਕੀਤੀ। ਡਾਕਟਰ ਸੋਹਣ ਸਿੰਘ ਸਮੇਤ ਕਈ ਹੋਰਾਂ ਨੇ ਵੀ ਭੁੱਲਰ ਵਿਰੁੱਧ ਵਿਚਾਰ ਪ੍ਰਗਟ ਕੀਤੇ। ਗੱਲ ਆਈ ਗਈ ਹੋ ਗਈ।

ਅਜਿਹੀਆਂ ਕਾਰਵਾਈਆਂ ਕਰਦਿਆਂ ਭੁੱਲਰ ਦਾ ਬਾਹਰ ਜਾਣ ਦਾ ਸਮਾਂ ਨੇੜੇ ਆ ਗਿਆ। ਓਸ ਨੇ ਸੰਤ ਲੌਂਗੋਵਾਲ ਕੋਲੋਂ ਇੱਕ ਪੱਤਰ ਵਿਦੇਸ਼ਾਂ ਦੀ ਸੰਗਤ ਦੇ ਨਾਂਅ ਪ੍ਰਾਪਤ ਕੀਤਾ ਅਤੇ ਆਪਣੇ-ਆਪ ਉੱਤੇ ਜ਼ਿਕਰ ਕੀਤੇ ਕਿਤਾਬਚੇ (Betrayal of Sikhs) ਦੇ ਸਬੰਧ ਵਿੱਚ ਮੁਕੱਦਮਾ ਦਰਜ ਕਰਵਾ ਕੇ ਵਿਦੇਸ਼ਾਂ ਦਾ ਤਿਆਰਾ ਕੱਸ ਲਿਆ। ਸੰਤ ਭਿੰਡਰਾਂ ਵਾਲਿਆਂ ਨੂੰ ਪ੍ਰੇਰਨਾ ਕੀਤੀ ਗਈ ਕਿ ਉਹ ਲੌਂਗੋਵਾਲ ਦੀ ਤਰਜ਼ ਉੱਤੇ ਇਹਨਾਂ ਨੂੰ ਚਿੱਠੀ ਲਿਖ ਦੇਣ ਪਰ ਉਹਨਾਂ ਏਸ ਸੁਝਾਅ ਨੂੰ ਠੁਕਰਾ ਦਿੱਤਾ। ਸੰਤ ਲੌਂਗੋਵਾਲ ਨੇ ਇੰਦਰਾ ਗਾਂਧੀ ਦੇ ਸਕੱਤਰੇਤ ਨੂੰ ਖ਼ਤ ਲਿੱਖ ਕੇ ਦੱਸਿਆ ਕਿ ਜਨਰਲ ਭੁੱਲਰ, ਪ੍ਰੋਫ਼ੈਸਰ ਮਨਜੀਤ ਸਿੰਘ ਆਦਿ ਵਿਦੇਸ਼ ਜਾ ਕੇ (ਹਮਲੇ ਤੋਂ ਬਾਅਦ ਦੀ) ਸੰਤ ਭਿੰਡਰਾਂਵਾਲਿਆਂ ਦੇ ਹੱਕ ਵਿੱਚ ਉੱਭਰਨ ਵਾਲੀ ਲਹਿਰ ਨੂੰ 'ਸੁਖਾਵਾਂ' ਮੋੜ ਦੇਣ ਅਤੇ ਨਿਯੰਤਰਣ ਰੱਖਣ ਦੀ ਨੀਯਤ ਨਾਲ ਜਾ ਰਹੇ ਹਨ, ਇਹਨਾਂ ਦੀ ਮਦਦ ਕੀਤੀ ਜਾਵੇ। ਇਹ ਸਾਰੀਆਂ ਚਿੱਠੀਆਂ ਅਤੇ ਵਿਸ਼ਲੇਸ਼ਣ ਮੇਰੀ ਅੰਗ੍ਰੇਜੀ ਦੀ ਕਿਤਾਬ ਚੱਕ੍ਰਵਿਯੂਹ ਵਿੱਚ ਪੜ੍ਹੀਆਂ ਜਾ ਸਕਦੀਆਂ ਹਨ।

ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਸ਼ਾਇਦ ਥੋੜ੍ਹਾ ਹੋਰ ਪਹਿਲਾਂ ਵਿਦੇਸ਼ੀ ਦੌਰੇ ਉੱਤੇ ਨਿਕਲ ਚੁੱਕੇ ਸਨ। ਬਰਤਾਨੀਆ ਦੇ ਕਈ ਸਿੰਘਾਂ ਨੇ ਤਾਂ ਤਸਦੀਕ ਕੀਤਾ ਕਿ ਏਥੇ ਸਰਕਾਰ ਨੂੰ ਕੋਸ ਕੇ ਇਹਨਾਂ ਕਾਫੀ ਧਨ, ਗਹਿਣੇ ਆਦਿ ਇਕੱਠੇ ਕੀਤੇ ਅਤੇ ਅਮਰੀਕਾ ਪਹੁੰਚ ਗਏ। ਓਥੇ ਕਾਫ਼ੀ ਸਮਾਂ ਇਹਨਾਂ ਆਪਣੀ ਕਾਰਵਾਈ ਜਾਰੀ ਰੱਖੀ। ਇਹਨਾਂ ਦਾ ਸਭ ਤੋਂ ਪਹਿਲੇ ਵੱਡੇ ਸੰਮੇਲਨ ਵਿੱਚ ਜ਼ਿਕਰ ਆਉਂਦਾ ਹੈ। ਮੈਡੀਸਨ ਸਕੁਏਅਰ ਗਾਰਡਨ ਕਨਵੈਨਸ਼ਨ, ਜਿਸ ਦੀ ਹਾਜ਼ਰੀ ਬਹੁਤ ਵੱਡੀ ਸੀ, ਵਿੱਚ ਜਨਰਲ ਭੁੱਲਰ ਦਾ ਪ੍ਰਮੁੱਖ ਰੋਲ ਰਿਹਾ। ਭਾਰਤ ਸਮੇਤ ਕਈ ਮੁਲਕਾਂ ਦੇ ਸਿੱਖਾਂ ਨੇ ਏਸ ਵਿੱਚ ਸ਼ਿਰਕਤ ਕੀਤੀ। ਕੈਨੇਡਾ ਤੋਂ ਆਇਆ ਅਜੈਬ ਸਿੰਘ ਬਾਗੜੀ ਏਸ ਸਭਾ ਵਿੱਚ ਪ੍ਰਮੁੱਖ ਬੁਲਾਰਿਆਂ ਵਿੱਚੋਂ ਸੀ। ਓਸ ਸਭਾ ਵਿੱਚੋਂ ਪੂਰੇ ਧੜੱਲੇ ਨਾਲ ਪਰਗਟ ਹੋਇਆ ਤਲਵਿੰਦਰ ਸਿੰਘ ਪਰਮਾਰ। ਏਸ ਨੂੰ ਜਰਮਨੀ ਵਿੱਚ, ਹਿੰਦੋਸਤਾਨ ਅੰਦਰ ਕੀਤੀਆਂ ਮਾਰ-ਧਾੜ ਦੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਸਮਝ ਕੇ ਕੈਦ ਕਰ ਲਿਆ ਗਿਆ ਸੀ। ਜਰਮਨੀ ਨੇ ਅਚਾਨਕ ਏਸ ਨੂੰ ਰਿਹਾਅ ਕਰ ਦਿੱਤਾ ਸੀ।

ਤਲਵਿੰਦਰ ਸਿੰਘ ਦੀ ਮੁਕੰਮਲ ਕਹਾਣੀ ਏਥੇ ਦੱਸੀ ਜਾਣੀ ਜ਼ਰੂਰੀ ਹੈ। ਦਹੇੜੂ ਦੇ ਖ਼ਾੜਕੂ ਪੁਲਿਸ ਮੁਕਾਬਲੇ ਤੋਂ ਬਾਅਦ ਇੱਕ ਠਾਣੇਦਾਰ ਦਾ ਬਿਆਨ ਸੀ ਕਿ ਇਹ ਮੁਕਾਬਲੇ ਵਿੱਚ ਸ਼ਾਮਲ ਸੀ ਅਤੇ ਓਥੋਂ ਦੌੜ ਜਾਣ ਵਿੱਚ ਸਫ਼ਲ ਹੋ ਗਿਆ। ਓਸ ਦੇ ਪਾਸਪੋਰਟ ਉੱਤੇ ਲੱਗੀ ਮੁਹਰ ਦੱਸਦੀ ਸੀ ਕਿ ਉਹ ਮੁਕਾਬਲੇ ਵਾਲੇ ਦਿਨ ਨੇਪਾਲ ਵਿੱਚ ਸੀ। ਉਮੀਦ ਸੀ ਕਿ ਇਹ ਵਿਦੇਸ਼ੀ ਸਰਕਾਰਾਂ ਕੋਲੋਂ ਪਨਾਹ ਲੈਣ ਲਈ ਏਸ ਤੱਥ ਨੂੰ ਵਰਤ ਸਕੇਗਾ। ਜਰਮਨੀ ਨੇ ਫ਼ੇਰ ਵੀ ਗ੍ਰਿਫ਼ਤਾਰ ਕਰ ਲਿਆ। ਅਗਾਂਹ ਜਾ ਕੇ ਜੋ ਏਸ ਨੇ ਬਤੌਰ 'ਜ਼ਿੰਦਾ ਸ਼ਹੀਦ' ਦੇ ਆਪਣਾ ਕਿਰਦਾਰ ਨਿਭਾਉਣਾ ਸੀ ਓਸ ਨੂੰ ਡੱਕਾ ਲੱਗ ਗਿਆ। ਕੈਨੇਡਾ ਦੀਆਂ ਖੁਫ਼ੀਆਂ ਏਜੰਸੀਆਂ ਮੁਤਾਬਕ ਹਿੰਦੋਸਤਾਨ ਦੇ ਰਿਸਰਚ ਐਂਡ ਅਨੈਲੇਸਿਸ ਵਿੰਗ (ਰਾਅ) ਦੇ ਮੁਖੀ ਆਰ.ਐਨ.ਕਾਓ ਨੇ ਓਸ ਨੂੰ ਜਰਮਨੀ ਤੋਂ ਰਿਹਾਅ ਕਰਵਾਇਆ ਅਤੇ ਸ਼ਾਇਦ ਉਹ ਸਿੱਧਾ ਮੈਡੀਸਨ ਸਕੁਏਅਰ ਗਾਰਡਨ ਦੇ ਮੰਚ ਉੱਤੇ ਜਾ ਸਭਾ ਵਿੱਚ ਸ਼ਾਮਲ ਹੋਇਆ ਜਿਸ ਨੇ ਆਲਮੀ ਸਿੱਖ ਸੰਸਥਾ ਸਿਰਜ ਕੇ ਲੋਕਾਂ ਦੇ ਜਜ਼ਬਾਤਾਂ ਨੂੰ ਬੰਨ੍ਹ ਲਾਉਣਾ ਸੀ ਜਾਂ ਪ੍ਰਵਾਨਤ ਅਮਨ ਦੇ ਰੰਗ ਵਿੱਚ ਰੰਗਣਾ ਸੀ।

ਬਾਅਦ ਵਿੱਚ ਬਾਗੜੀ ਉੱਤੇ ਏਅਰ ਇੰਡੀਆ ਦੇ ਕਨਿਸ਼ਕਾ ਜਹਾਜ਼ ਨੂੰ ਡੇਗਣ ਦਾ ਮੁਕੱਦਮਾ ਬਣ ਗਿਆ। ਓਸ ਸਬੰਧੀ ਸਫ਼ਾਈ ਪੱਖ ਵੱਲੋਂ ਮੈਨੂੰ ਵੀ ਮਾੜੀ-ਮੋਟੀ ਖੋਜ ਕਰਨ ਵਿੱਚ ਸ਼ਾਮਲ ਕੀਤਾ ਗਿਆ। ਮੇਰਾ ਇੱਕ ਕੰਮ ਸੀ ਬਾਗੜੀ ਦੇ ਮੰਚ ਉੱਤੇ ਦਿੱਤੇ ਭਾਸ਼ਣ ਦਾ ਅੰਗ੍ਰੇਜ਼ੀ ਉਲੱਥਾ ਕਰਨਾ। ਓਸ ਸਬੰਧੀ ਮੈਨੂੰ ਮੀਟਿੰਗ ਦੀ ਕਾਰਵਾਈ ਦੀ ਫ਼ਿਲਮ ਦਿੱਤੀ ਗਈ। ਓਸ ਸਭਾ ਵਿੱਚ ਹਿੰਦੋਸਤਾਨ ਤੋਂ ਗਿਆ ਲੋਕ-ਧੁਨਾਂ ਦਾ ਗਵੱਈਆ ਵੀ ਸ਼ਾਮਲ ਸੀ। ਓਸ ਦਾ ਸੰਖੇਪ ਭਾਸ਼ਣ ਕੰਨ ਖੋਲ੍ਹਣ ਵਾਲਾ ਸੀ। 'ਤੁਸੀਂ ਮੰਚ ਉੱਤੋਂ ਸਰਕਾਰ ਨੂੰ ਸਬਕ ਸਿਖਾਉਣ ਦੀਆਂ ਵਧ-ਚੜ੍ਹ ਕੇ ਗੱਲਾਂ ਕਰ ਰਹੇ ਹੋ।' ਓਸ ਨੇ ਆਖਿਆ 'ਮੈਂ ਦੇਖ ਰਿਹਾ ਹਾਂ ਕਿ ਏਸ ਸਭਾ ਵਿੱਚ ਤਾਂ ਓਹਨਾਂ ਕੌਂਗਰਸੀ ਲੋਕਾਂ ਦੀ ਭਰਮਾਰ ਹੈ ਜਿਨ੍ਹਾਂ ਦੀ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਹੈ ਅਤੇ ਜਿਸ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਹੋ ਰਹੀਆਂ ਹਨ।'

ਓਸ ਨੇ ਸੱਚ ਕਿਹਾ ਸੀ। ਮੰਚ ਦੇ ਦੋਨੋ ਪਾਸੇ ਪ੍ਰਮੁੱਖ ਲੋਕ ਓਹੀ ਸਨ ਜਿਨ੍ਹਾਂ ਦਾ ਕਾਂਗਰਸ ਨਾਲ ਇੱਕ-ਮਿੱਕ ਹੋਣਾ ਝੁਠਲਾਇਆ ਨਹੀਂ ਸੀ ਜਾ ਸਕਦਾ। ਅਜਿਹਿਆਂ ਵਿੱਚ ਇੱਕ ਵੱਡੀ ਮੱਛੀ ਸੀ ਜਨਰਲ ਭੁੱਲਰ। ਓਥੇ ਇਹ ਨੰਗੀਆਂ ਤਲਵਾਰਾਂ ਦੀ ਛਾਂਵੇਂ ਆਇਆ। ਏਸ ਨੇ ਖ਼ੂਬ ਮਜਮਾ ਲਾਇਆ ਅਤੇ ਅਮਰੀਕਾ ਵਿੱਚੋਂ ਕਾਫ਼ੀ ਧਨ ਇਕੱਠਾ ਕੀਤਾ। ਇਹ ਆਮ ਇਲਜ਼ਾਮ ਲੱਗਿਆ ਕਿ ਭੁੱਲਰ ਨੇ ਦੂਸਰੇ ਸਹਿਯੋਗੀਆਂ ਨਾਲ ਮਿਲ ਕੇ ਇਹ ਧਨ ਹੜੱਪ ਲਿਆ ਅਤੇ ਕੌਮ ਦੇ ਕਿਸੇ ਕੰਮ ਨਾ ਆਉਣ ਦਿੱਤਾ। ਜਦੋਂ ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਵਾਪਸ ਭਾਰਤ ਆਇਆ ਤਾਂ ਓਸ ਨੇ ਵੀ ਏਸ ਕਿਸਮ ਦੀਆਂ ਗੱਲਾਂ ਕੀਤੀਆਂ। ਜਦੋਂ ਜਨਰਲ ਭੁੱਲਰ ਵਾਪਸ ਆਇਆ ਤਾਂ ਓਸ ਨੇ ਮੈਨੂੰ ਦੱਸਿਆ ਕਿ ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਉੱਥੇ ਵੱਡਾ ਗ਼ਬਨ ਕਰ ਕੇ ਆਇਆ ਹੈ। ਤਨਜ਼ੀਮ ਦੀ ਕੇਂਦਰੀ ਕਮੇਟੀ ਵੱਲੋਂ 'ਮੈਂ ਏਸ ਨੂੰ ਚਾਰਜਸ਼ੀਟ ਵੀ ਕੀਤਾ ਸੀ'। ਭੁੱਲਰ ਨੇ ਮੈਨੂੰ ਦੋਸ਼-ਪੱਤਰ ਦੀ ਨਕਲ ਵੀ ਦਿੱਤੀ, ਸ਼ਾਇਦ ਹੋਰ ਥਾਂਈਂ ਵੀ ਵੰਡੀ। ਅਮਰੀਕਾ ਵਿੱਚ ਹੋਈ ਕਾਰਵਾਈ ਬਾਰੇ ਮੈਨੂੰ ਏਨਾਂ ਕੁ ਪਤਾ ਲੱਗਿਆ ਕਿ ਪ੍ਰੋਫ਼ੈਸਰ ਨੇ ਕਿਸੇ ਨਾਲ ਮਿਲ ਕੇ ਇੱਕ ਸਾਂਝਾ ਖਾਤਾ ਖੋਲ੍ਹਿਆ ਸੀ ਅਤੇ ਓਸ ਆਦਮੀ ਨੇ ਏਸ ਨੂੰ ਦੱਸੇ ਬਿਨਾ ਪੈਸੇ ਕਢਾ ਕੇ ਵਰਤ ਲਏ ਸਨ। ਏਸ ਨੇ ਇੱਕ-ਦੋ ਵਕੀਲਾਂ ਨਾਲ ਮੁਕੱਦਮਾ ਕਰਨ ਬਾਰੇ ਸਲਾਹ-ਮਸ਼ਵਰਾ ਕੀਤਾ। ਕਿਉਂਕਿ ਗ਼ੈਰ-ਕਾਨੂੰਨੀ ਕੁਝ ਨਹੀਂ ਸੀ ਹੋਇਆ ਏਸ ਲਈ ਮੁਕੱਦਮਾ ਨਾ ਹੋ ਸਕਿਆ। ਇਹ ਗੱਲ ਮੈਨੂੰ ਇੱਕ ਵਕੀਲ ਨੇ ਦੱਸੀ ਜਿਸ ਨਾਲ ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਨੇ ਮਸ਼ਵਰਾ ਕੀਤਾ ਸੀ। ਰਕਮ ਬਾਰੇ ਏਨਾਂ ਕੁ ਪਤਾ ਚੱਲਿਆ ਕਿ 'ਕਾਫ਼ੀ ਵੱਡੀ' ਸੀ। ਜਿਸ ਨੂੰ ਏਸ ਤੋਂ ਵੱਧ ਜਾਣਨ ਦੀ ਚਾਹ ਹੋਵੇ ਉਹ ਅਗਾਂਹ ਖੋਜਬੀਨ ਕਰ ਸਕਦਾ ਹੈ। ਮੈਨੂੰ ਦਿਲਚਸਪੀ ਨਹੀਂ ਸੀ। ਇਸ ਲਈ ਜਿੰਨਾ ਕੁ ਕੰਨੀਂ ਪਿਆ, ਓਨੇਂ ਕੁ ਨੂੰ ਇਤਿਹਾਸ ਦੀ ਲੋੜ ਲਈ ਸੰਭਾਲ ਲਿਆ।

ਜਨਰਲ ਭੁੱਲਰ ਦੀ ਮਾਲੀ ਹਾਲਤ ਬਾਰੇ ਮੈਂ ਏਨਾਂ ਹੀ ਜਾਣਦਾ ਹਾਂ ਕਿ ਵਿਦੇਸ਼ ਜਾਣ ਤੋਂ ਪਹਿਲਾਂ ਬਹੁਤ ਚੰਗੀ ਨਹੀਂ ਸੀ। ਇੱਕ ਵੇਰ ਅੰਮ੍ਰਿਤਸਰ ਤੋਂ ਵਾਪਸ ਆਉਂਦਿਆਂ ਭੁੱਲਰ ਨੇ ਖਾਣੇ ਦਾ ਬਿੱਲ ਦੇਣ ਦੀ ਕੋਸ਼ਿਸ਼ ਕੀਤੀ। ਏਸ ਨੇ ਹੱਥ ਕਮੀਜ਼ ਦੀ ਜੇਬ ਵੱਲ ਵਧਾਇਆ ਤਾਂ ਜਨਰਲ ਨਰਿੰਦਰ ਸਿੰਘ ਅਤੇ ਕਰਨਲ ਭਗਤ ਸਿੰਘ ਏਸ ਵੱਲ ਵੇਖ ਕੇ ਮਸ਼ਕਰੀ ਕਰਨ ਦੇ ਅੰਦਾਜ਼ ਨਾਲ ਮੁਸਕਰਾਉਣ ਲੱਗੇ। ਭੁੱਲਰ ਨੇ ਸੌ ਰੁਪੈ ਦਾ ਨੋਟ ਜੇਬ ਵਿੱਚੋਂ ਕੱਢਿਆ ਪਰ ਉਹ ਪਾਟਿਆ ਹੋਣ ਕਾਰਣ ਵਰਤਿਆ ਨਾ ਜਾ ਸਕਿਆ। ਬਾਅਦ ਵਿੱਚ ਮੈਂ ਦੋਨਾਂ ਫ਼ੌਜੀਆਂ ਕੋਲੋਂ ਮੁਸਕਰਾਹਟ ਦਾ ਰਾਜ਼ ਪੁੱਛਿਆ ਤਾਂ ਉਹਨਾਂ ਨੇ ਪਾਟੇ ਨੋਟ ਦੇ ਡੂੰਘੇ ਰਹੱਸ ਤੋਂ ਪਰਦਾ ਲਾਹਿਆ। ਭੁੱਲਰ ਇੱਕ ਪਾਟਿਆ ਨੋਟ ਰੱਖਣ ਅਤੇ ਏਸ ਮੰਤਵ ਲਈ ਵਰਤਣ ਲਈ ਦੋਸਤਾਂ-ਮਿੱਤਰਾਂ ਵਿੱਚ ਚਿਰੋਕਣਾ ਜਾਣਿਆ ਜਾਂਦਾ ਸੀ।

ਓਸ ਤਰ੍ਹਾਂ ਓਸ ਨੇ ਮੈਨੂੰ ਆਮ ਵਾਰਤਾਲਾਪ ਵਿੱਚ ਕਈ ਵਾਰ ਦੱਸਿਆ ਸੀ ਕਿ ਓਸ ਦੀ ਜੱਦੀ ਜਾਇਦਾਦ ਨਾ ਹੋਣ ਬਰਾਬਰ ਸੀ। ਇੱਕ ਵਾਰ ਅਸੀਂ ਦੋਨੋਂ ਓਧਰੋਂ ਲੰਘਦੇ, ਓਸ ਦੇ ਪਿੰਡ ਢਪੱਈ ਵੀ ਹੋ ਕੇ ਆਏ ਸੀ। ਰਾਹ ਵਿੱਚ ਏਸ ਨੇ ਮੈਨੂੰ ਸੜਕ ਤੋਂ ਦਿਸਦਾ ਇੱਕ ਵੱਧ ਤੋਂ ਵੱਧ 15 ਜ਼ਰਬ 20 ਕੁ ਫੁਟ ਦਾ ਚੁਬਾਰਾ ਮਸਤੂਆਣੇ ਗੁਰਦੁਆਰੇ ਦੇ ਸਕੂਲ ਦੀ ਛੱਤ ਉੱਤੇ ਵਖਾਇਆ ਸੀ। ਓਸ ਦਾ ਆਖਣਾ ਸੀ ਕਿ ਓਸ ਦਾ ਸਾਰਾ ਬਚਪਨ ਏਸ ਚੁਬਾਰੇ ਵਿੱਚ ਬੀਤਿਆ ਸੀ ਜਿਸ ਵਿੱਚ ਓਸ ਦੇ ਪਿਤਾ ਰਹਿੰਦੇ ਸਨ। ਉਹ ਮਾਇਆ ਵੱਲੋਂ ਏਨੇ ਉਪਰਾਮ ਸਨ ਕਿ 'ਕਈ ਲੋਕ ਉਨ੍ਹਾਂ ਨੂੰ ਸੰਤ ਤੇਜਾ ਸਿੰਘ ਆਖਦੇ ਸਨ।' ਵਿਦੇਸ਼ ਜਾਣ ਤੋਂ ਪਹਿਲਾਂ ਜਰਨੈਲ ਦਾ ਰਹਿਣ-ਸਹਿਣ ਵੀ ਆਮ ਮੱਧ-ਵਰਗੀ ਘਰ ਦੇ ਬੰਦੇ ਵਰਗਾ ਸੀ।

ਹੁਣ ਵਿਦੇਸ਼ੋਂ ਪਰਤਣ ਤੋਂ ਬਾਅਦ ਦੀ ਗੱਲ ਕਰੀਏ! ਕੁਝ ਦੋਸਤਾਂ ਦੀ ਸਲਾਹ ਨਾਲ ਮੈਂ ਸਿਰਮੌਰ ਕਵੀ ਹਰਿੰਦਰ ਸਿੰਘ ਮਹਿਬੂਬ ਨੂੰ ਇੱਕ ਲੱਖ ਰੁਪਏ ਉਸ ਦੀ ਮਹਾਂਕਾਵਿ ਦੀ ਪਹਿਲੀ ਜਿਲਦ ਦੇ ਪ੍ਰਕਾਸ਼ਨ ਉੱਤੇ ਭੇਟ ਕਰਨ ਲਈ ਸਮਾਗਮ 30 ਜਨਵਰੀ 2000 ਨੂੰ ਰਚਾਇਆ। ਦੋਸਤਾਂ ਵਿੱਚੋਂ, ਜਿਨ੍ਹਾਂ ਤੋਂ ਵੱਡੀਆਂ ਉਮੀਦਾਂ ਸਨ, ਬਹੁਤੇ ਵਾਅਦੇ ਭੁੱਲ ਗਏ ਅਤੇ ਅਖ਼ੀਰ ਜ਼ਿਆਦਾ ਬੋਝ ਇੱਕੋ ਆਦਮੀ ਉੱਤੇ ਪੈਣ ਲੱਗਾ। ਜਨਰਲ ਭੁੱਲਰ ਨੇ ਪੇਸ਼ਕਸ਼ ਭੇਜੀ ਕਿ ਓਸ ਕੋਲ ਬਹੁਤ ਪੈਸੇ ਹਨ ਅਤੇ ਉਹ ਵੀ ਮਹਿਬੂਬ ਵਾਲੇ ਸਮਾਗਮ ਵਿੱਚ ਸ਼ਮੂਲੀਅਤ ਕਰਨਾ ਚਾਹੁੰਦਾ ਹੈ। ਮੈਂ ਆਪਣੇ ਇੱਕ ਸਹਿਯੋਗੀ ਸਰਦਾਰ ਹਰਸ਼ਿੰਦਰ ਸਿੰਘ ਨੂੰ ਏਸ ਦੇ ਘਰ ਭੇਜਿਆ ਤਾਂ ਏਸ ਨੇ ਪੱਚੀ ਹਜ਼ਾਰ ਰੁਪਏ ਦੇ ਕੇ ਓਸ ਰਕਮ ਵਿੱਚ ਹਿੱਸਾ ਪਾਇਆ। ਭੁੱਲਰ ਨੇ ਹਰਸ਼ਿੰਦਰ ਸਿੰਘ ਨੂੰ ਦੱਸਿਆ ਕਿ ਓਸ ਨੇ 'ਸੰਗਤ ਦੇ ਪੈਸੇ ਨਾਲ' ਇੱਕ ਮਾਤਾ ਗੁਜਰੀ ਟ੍ਰਸਟ ਬਣਾਇਆ ਹੈ ਅਤੇ ਕਈ ਲੋਕਾਂ ਦੀ ਮਦਦ ਕਰ ਚੁੱਕਿਆ ਹੈ। 'ਮੈਂ ਹੁਣੇ-ਹੁਣੇ ਕਈ ਥਾਂਈ ਵੱਡੀਆਂ ਰਕਮਾਂ ਦਿੱਤੀਆਂ ਹਨ। ਤੁਹਾਡੇ ਪ੍ਰਯੋਜਨ ਦਾ ਪਹਿਲਾਂ ਪਤਾ ਲੱਗ ਜਾਂਦਾ ਤਾਂ ਮੈਂ ਏਨੇਂ ਕੁ ਪੈਸੇ ਹੋਰ ਦੇ ਦੇਣੇ ਸਨ? ਵਿਦੇਸ਼ੋਂ ਪਰਤੇ ਭੁੱਲਰ ਦੇ ਅਤੇ ਪਹਿਲਾਂ ਵਾਲੇ ਭੁੱਲਰ ਦੇ ਰਹਿਣ-ਸਹਿਣ ਵਿੱਚ ਵੀ ਬਹੁਤ ਫ਼ਰਕ, ਵੇਖਣ ਵਾਲਿਆਂ ਨੇ ਵੇਖਿਆ।

ਏਸ ਘਟਨਾ ਤੋਂ ਬਾਅਦ ਇੱਕ ਵਾਰ ਭੁੱਲਰ ਮੈਨੂੰ ਆ ਕੇ ਮਿਲਿਆ। ਓਸ ਨੇ ਇੱਕ ਆਪਣੀ ਜੀਵਨੀ ਦਾ ਖਰੜਾ ਅਤੇ ਇੱਕ ਤਸਵੀਰਾਂ ਦੀ ਐਲਬਮ ਮੈਨੂੰ ਦੇ ਕੇ ਆਖਿਆ ਕਿ ਮੈਂ ਏਸ ਨੂੰ ਜਿਵੇਂ ਚਾਹਵਾਂ ਛਾਪ ਲਵਾਂ। ਓਸ ਨੇ 'ਖਰਚਾ' ਆਦਿ ਦੇਣ ਦੀ ਪੇਸ਼ਕਸ਼ ਵੀ ਕੀਤੀ। ਮਾਤਾ ਗੁਜਰੀ ਟਰਸਟ, ਜਿਸ ਨੂੰ ਉਹ ਕੌਮੀ ਖਜ਼ਾਨਾ ਦੱਸਦਾ ਸੀ, ਦਾ ਵੀ ਜ਼ਿਕਰ ਕੀਤਾ। ਮੈਂ ਕਿਤਾਬ ਪੜ੍ਹ ਕੇ ਵੇਖੀ । ਓਸ ਵਿੱਚ ਲੋਕਾਂ ਦੀ ਦਿਲਚਸਪੀ ਲਈ ਕੁਝ ਵੀ ਨਹੀਂ ਸੀ। ਬਹੁਤੇ ਆਪਣੇ ਗੁਣਗਾਨ ਹੀ ਸਨ। ਜਾਂ ਕਈ ਲੋਕਾਂ ਨੂੰ ਜੀ ਭਰ ਕੇ ਕੋਸਿਆ ਗਿਆ ਸੀ। ਅਮਰੀਕਾ ਤੋਂ ਪਰਤਣ ਤੋਂ ਬਾਅਦ ਕੁਝ ਮੀਹਨੇ ਭੁੱਲਰ ਕਿਤੇ ਗੁੰਮਨਾਮ ਜ਼ਿੰਦਗੀ ਬਿਤਾ ਕੇ ਵਾਪਸ ਭਾਰਤ ਆਇਆ ਸੀ। ਓਸ ਗੁੰਮਨਾਮੀ ਦੇ ਜੀਵਨ ਉੱਤੇ ਵੀ ਕੋਈ ਚਾਨਣ ਕਿਤਾਬ ਵਿੱਚ ਨਹੀਂ ਸੀ ਪਾਇਆ ਗਿਆ। ਵਿਰੋਧੀਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਵੀ ਕੁਈ ਜ਼ਿਕਰ ਜਾਂ ਜੁਆਬ ਨਹੀਂ ਸੀ। ਨਾ ਕੌਮੀ ਮਸਾਇਲ ਦਾ ਵਿਸ਼ਲੇਸ਼ਣ, ਸੰਭਵ ਹੱਲ ਆਦਿ ਸੀ। ਓਸ ਦੇ ਛਪਣ ਨਾਲ ਕੋਈ ਸਪਸ਼ਟਤਾ ਆਉਣ ਦੀ ਸੰਭਾਵਨਾ ਨਹੀਂ ਸੀ। ਇਹ ਕਿਤਾਬ ਛਪ ਵੀ ਜਾਵੇ ਤਾਂ ਕਿਸੇ ਕੌਮੀ ਮਕਸਦ ਦੀ ਪੂਰਤੀ ਲਈ ਵਰਤੀ ਨਹੀਂ ਸੀ ਜਾ ਸਕਦੀ।

ਇੱਕ ਇਲਜ਼ਾਮ ਭੁੱਲਰ ਨੇ ਆਪਣੇ ਉੱਤੇ ਖ਼ੁਦ ਲਗਾਇਆ ਅਤੇ ਓਸ ਦਾ ਜ਼ੁਬਾਨੀ ਜੁਆਬ ਵੀ ਉਹ ਖ਼ੁਦ ਦੇ ਗਿਆ। 'ਕਈ ਬਾਹਲੇ ਗਰਮ-ਖਿਆਲੀ ਮੈਨੂੰ ਮਿਲਣ ਤੋਂ ਬਾਅਦ ਪੁਲਿਸ ਨੇ ਦਬੋਚ ਲਏ। ਮੈਂ ਬੜਾ ਹੈਰਾਨ! ਇੱਕ ਪੁਲਿਸ ਅਫ਼ਸਰ ਨੇ ਮੈਨੂੰ ਦੱਸਿਆ ਕਿ ਉਹਨਾਂ ਕੋਲ ਐਸੇ-ਐਸੇ ਯੰਤਰ ਹਨ ਜੋ ਕੰਨ ਵਿੱਚ ਕੀਤੀ ਗੱਲ ਨੂੰ ਵੀ ਮੀਲਾਂ ਤੋਂ ਸੁਣ ਲੈਂਦੇ ਹਨ।'

ਕੁਲ ਮਿਲਾ ਕੇ ਮੈਂ ਜਨਰਲ ਭੁੱਲਰ ਬਾਰੇ ਏਨਾਂ ਕੁ ਹੀ ਜਾਣਦਾ ਹਾਂ। ਏਸ ਜਾਣਕਾਰੀ ਦੀ ਬਿਨਾ ਉੱਤੇ ਮੈਂ ਓਸ ਨੂੰ ਨਾ ਸੱਚ, ਧਰਮ ਨਾਲ ਖੜ੍ਹਨ ਵਾਲਾ ਆਖ ਸਕਦਾ ਹਾਂ, ਨਾ ਖ਼ਾਲਸਾ ਉਦੇਸ਼ਾਂ ਨੂੰ ਸਮਝਣ ਵਾਲਾ ਜਾਂ ਉਹਨਾਂ ਦੇ ਪ੍ਰਚਾਰ ਵਿੱਚ ਦਿਲਚਸਪੀ ਰੱਖਣ ਵਾਲਾ। ਓਸ ਦੀ ਛਬੀ ਮੇਰੇ ਮਨ ਵਿੱਚ ਇੱਕ ਪੰਥ-ਵਿਰੋਧੀ ਦੀ ਬਣ ਕੇ ਉੱਭਰਦੀ ਹੈ ਜੋ ਪੰਜਾਬ ਦੇ ਮਸਲਿਆਂ ਨਾਲ ਕੋਈ ਸਰੋਕਾਰ ਨਹੀਂ ਸੀ ਰੱਖਦਾ ਅਤੇ ਏਸ ਦੀ ਜਵਾਨੀ ਨੂੰ ਫੋਕੀ ਹੱਲਾ-ਸ਼ੇਰੀ ਦੇ ਕੇ ਬਲਦੀ ਭੱਠੀ ਵਿੱਚ ਝੋਕ ਰਿਹਾ ਸੀ। ਜਾਪਦਾ ਇਹ ਵੀ ਹੈ ਕਿ ਉਹ ਆਪਣੀਆਂ ਸੇਵਾਵਾਂ ਬਦਲੇ ਕਿਸੇ ਪਾਸੋਂ ਮੁੱਲ ਵੱਟਣ ਦੀ ਇੱਛਾ ਵੀ ਰੱਖਦਾ ਸੀ। ਵਿਚਾਰਧਾਰਕ ਤੌਰ ਉੱਤੇ ਉਹ ਕਿਸੇ ਵੀ ਵਿਚਾਰਧਾਰਾ ਦਾ ਕਾਇਲ ਨਹੀਂ ਜਾਪਦਾ ਅਤੇ ਆਪਣੇ-ਆਪ ਨੂੰ ਹਰ ਉੱਚੀ ਇਖ਼ਲਾਕੀ ਕਦਰ-ਕੀਮਤ ਤੋਂ ਬਰਾਬਰ ਦੀ ਦੂਰੀ ਉੱਤੇ ਖੜ੍ਹਾ ਹੋਣ ਵਾਲਾ ਮੈਨੂੰ ਦਿੱਸਿਆ। ਪਾਠਕ ਸਾਰੀ ਕਹਾਣੀ ਪੜ੍ਹ ਕੇ ਆਪਣਾ ਮੁਲਾਂਕਣ ਆਪੇ ਕਰੇ ਤਾਂ ਬਿਹਤਰ ਰਹੇਗਾ।

ਇੱਕ ਸਵਾਲ ਮੈਨੂੰ ਜ਼ਰੂਰ ਖਲਦਾ ਹੈ। ਸਾਡੇ ਆਗੂ ਜੇ ਪਾਰਖੂ ਅੱਖ ਨਹੀਂ ਸੀ ਰੱਖਦੇ ਤਾਂ ਉਹਨਾਂ ਅਜਿਹੇ ਬੰਦਿਆਂ ਦੀ ਖੋਜਬੀਨ ਲਈ ਕੁਈ ਪੁਖਤਾ ਇੰਤਜ਼ਾਮ ਕਿਉਂ ਨਾ ਕੀਤਾ?

---------------------------------------------------

ਜੋ ਮੁਕੱਦਮਾ ਭੁੱਲਰ ਅਤੇ ਓਸ ਦੇ ਸਾਥੀ ਮੇਰੇ ਗਲ਼ ਮੜ੍ਹ ਗਏ ਸਨ ਓਸ ਦੀ ਕਹਾਣੀ ਵੀ ਕਹਿਣਯੋਗ ਹੈ ਪਰ ਕਦੇ ਫ਼ੇਰ। ਏਥੇ ਏਨਾਂ ਹੀ ਕਾਫ਼ੀ ਹੈ ਕਿ ਮੇਰੀ ਪੈਰਵੀ ਲਈ ਕੁਈ ਵਕੀਲ ਪੇਸ਼ ਹੋਣ ਲਈ ਹੀ ਤਿਆਰ ਨਹੀਂ ਸੀ ਹੁੰਦਾ। ਚਾਰ ਸਾਲ ਦੀ ਖੱਜਲ-ਖੁਆਰੀ ਤੋਂ ਬਾਅਦ ਨਰਿੰਦਰ ਸਿੰਘ ਭੁਲੇਰ ਦੀ ਸਿਫ਼ਾਰਸ਼ ਉੱਤੇ, ਅਕਾਲੀ ਪੱਖੀ ਜਾਣਿਆ ਜਾਂਦਾ, ਵਕੀਲ ਗੁਰਦਰਸ਼ਨ ਸਿੰਘ ਗਰੇਵਾਲ ਪੇਸ਼ ਹੋਇਆ। ਕੇਂਦਰੀ ਸਰਕਾਰ ਦਾ ਵਕੀਲ ਸੀ ਆਨੰਦ ਸਰੂਪ ਜਿਸ ਨੇ ਹਾਈ ਕੋਰਟ ਦੇ ਜੱਜ ਕੇ.ਐਸ. ਭੱਲਾ ਨੂੰ ਅਪ੍ਰਸੰਗਿਕ ਗੱਲਾਂ ਕਰ ਕਰ ਕੇ ਏਨਾਂ ਨਾਰਾਜ਼ ਕਰ ਲਿਆ ਕਿ ਉਹ 5 ਅਸਗਤ 1988 ਨੂੰ ਜ਼ਮਾਨਤ ਦੇਣ ਲਈ ਰਜ਼ਾਮੰਦ ਹੋ ਗਿਆ। 8 ਅਗਸਤ 1988 ਨੂੰ ਜ਼ਿਲ੍ਹਾ ਜੱਜ ਨੇ ਹਾਈ ਕੋਰਟ ਦੇ ਹੁਕਮ ਅਨੁਸਾਰ ਜ਼ਮਾਨਤ ਮਨਜ਼ੂਰ ਕਰ ਲਈ। ਕੁਝ ਸਮੇਂ ਬਾਅਦ ਜਨਰਲ ਭੁੱਲਰ ਨੇ ਵਾਪਸ ਹਿੰਦੋਸਤਾਨ ਆਉਣਾ ਸੀ। ਓਸ ਦੀ ਆਮਦ ਤੋਂ ਥੋੜ੍ਹਾ ਸਮਾਂ ਪਹਿਲਾਂ ਸਰਕਾਰ ਨੇ ਮੁਕੱਦਮਾ ਵਾਪਸ ਲੈ ਲਿਆ। ਮੁਕੱਦਮਾ ਓਸ ਲਈ ਤਾਂ ਬਣਾਇਆ ਹੀ ਨਹੀਂ ਗਿਆ ਸੀ।