Wednesday, December 25, 2013

 ਪੰਜਾਬ ਧ੍ਰਿਤਰਾਸ਼ਟਰ ਦੀ ਜੱਫੀ ਵਿੱਚ*  
                                                                                          
      ਅੱਜ ਪ੍ਰਚੱਲਤ ਪ੍ਰਮੁੱਖ ਧਰਮਾਂ ਦੀ ਉਤਪਤੀ ਅਤੇ ਵਿਕਾਸ ਵੱਲ ਧਿਆਨ ਧਰ ਕੇ ਵੇਖੀਏ ਤਾਂ ਇਹਨਾਂ ਦੀਆਂ ਕਈ ਸਾਂਝੀਆਂ ਕੜੀਆਂ ਦਿੱਸ ਆਉਂਦੀਆਂ ਹਨ ਜਿਨ੍ਹਾਂ ਨੇ ਇਹਨਾਂ ਦੇ ਸੁਭਾਅ, ਮਨੁੱਖਤਾ ਪ੍ਰਤੀ ਪਹੁੰਚ ਅਤੇ ਧਰਮ ਪ੍ਰਚਾਰ ਦੇ ਤੌਰ ਤਰੀਕਿਆਂ ਉੱਤੇ ਭਰਪੂਰ ਅਸਰ ਪਾਇਆ। ਇਹਨਾਂ ਦੀਆਂ ਇਤਿਹਾਸ ਵਿਚਲੀਆਂ ਪੈੜਾਂ ਖੋਜੀ ਲੋਕਾਂ ਨੂੰ ਇਹਨਾਂ ਦੀਆਂ ਅੰਤਰੀਵ ਭਾਵਨਾਵਾਂ ਬਾਰੇ ਬਹੁਤ ਕੁਝ ਦੱਸ ਦਿੰਦੀਆਂ ਹਨ। ਸਾਰੇ ਸਾਮੀ ਧਰਮ ਪ੍ਰਮਾਤਮਾ ਨੂੰ ਮੁਕੰਮਲ ਰੂਪ ਵਿੱਚ ਜਾਣਨ ਦਾ ਦਾਅਵਾ ਕਰਦੇ ਹਨ। ਮੂਸਾ ਕੋਹਤੂਰ ਉੱਤੇ ਪ੍ਰਮਾਤਮਾ ਦੇ ਸਾਖ਼ਸ਼ਾਤ ਦਰਸ਼ਨ ਕਰਦਾ ਹੈ; ਈਸਾ ਆਪਣੇ-ਆਪ ਨੂੰ ਰੱਬ ਦਾ ਇੱਕੋ-ਇੱਕ ਪੁੱਤਰ ਪ੍ਰਗਟ ਕਰਦਾ ਹੈ ਅਤੇ ਮੁਹਮੰਦ ਵੀ ਓਸ ਦੀ ਦਰਗਾਹ ਵਿੱਚ ਇੱਕ ਵਾਰ ਤੋਂ ਵੱਧ ਪਹੁੰਚ ਕਰਦੇ ਹਨ। ਤਿੰਨੇ ਧਰਮ-ਗੁਰੂ ਪੈਗੰਬਰ ਅਖਵਾਉਂਦੇ ਹਨ ਅਤੇ ਆਪਣੀ ਥਾਂਵੇਂ ਧਰਮ-ਸੰਚਾਲਣ ਲਈ ਪੁਜਾਰੀ ਜਮਾਤਾਂ ਦੀ ਸਿਰਜਨਾ ਕਰਦੇ ਹਨ। ਇਹ ਤਿੰਨੋਂ ਧਰਮ ਕਬੀਲਾ ਸੱਭਿਆਚਾਰ ਦੀ ਦੇਣ ਹਨ ਅਤੇ ਉਸ ਦੇ ਗੁਣਾਂ ਔਗੁਣਾਂ ਨੂੰ ਗ੍ਰਹਿਣ ਕਰਨ ਵਿੱਚ ਖ਼ਾਸ ਦਿਲਚਸਪੀ ਲੈਂਦੇ ਹਨ।
                ਨਵੇਂ ਬਣੇ ਧਾਰਮਿਕ ਕਬੀਲੇ ਦੀ ਸਰਦਾਰੀ, ਉਸ ਦੇ ਬਲ ਵਿੱਚ ਵਾਧਾ ਇਹਨਾਂ ਮਜ਼ਹਬਾਂ ਦਾ ਪ੍ਰਮੁੱਖ ਟੀਚਾ ਰਿਹਾ ਹੈ। ਅੰਤਮ ਸੱਚ ਦੇ ਮੁਕੰਮਲ ਗਿਆਤਾ ਹੋਣ ਦੇ ਦਾਅਵੇ ਨੇ ਇਹਨਾਂ ਨੂੰ ਹਰ ਹੀਲੇ ਆਪਣੀ ਸਿਆਸੀ ਸ਼ਕਤੀ ਦਾ ਅਥਾਹ ਵਾਧਾ ਕਰਨ ਲਈ ਪ੍ਰੇਰਿਆ। ਮਨੁੱਖਤਾ ਨਾਲ ਇਹਨਾਂ ਦੇ ਰਿਸ਼ਤੇ ਇਹਨਾਂ ਧਾਰਨਾਵਾਂ ਉੱਤੇ ਆਧਾਰਤ ਹਨ: ਜਿਨ੍ਹਾਂ ਧਰਮ ਕਬੂਲ ਨਹੀਂ ਕੀਤਾ ਉਹਨਾਂ ਨੂੰ ਤਹਿਤੇਗ ਕਰਨਾ ਪਰਮਸੱਤ ਦੀ ਸੇਵਾ ਸਮਝਿਆ ਗਿਆ। ਜ਼ਬਰੀ ਧਰਮ ਤਬਦੀਲੀ, 'ਦੂਜਿਆਂ' ਨੂੰ ਗ਼ੁਲਾਮ ਬਣਾਉਣਾ ਅਤੇ ਉਹਨਾਂ ਦੇ ਸਰਮਾਏ ਉੱਤੇ ਕਬਜ਼ਾ ਕਰਨਾ ਧਾਰਮਿਕ ਫ਼ਰਜ਼ ਮੰਨਿਆ ਗਿਆ।  ਯਹੂਦੀ ਸੈਨਾ ਦੀ ਕਤਲੋਗਾਰਤ, ਇਸਲਾਮੀ ਸੇਨਾਵਾਂ ਦਾ ਹਰ ਮੁਲਕ ਵਿੱਚ ਕੀਤਾ ਜਹਾਦ, ਇਸਾਈ ਮੱਤ ਦੇ 'ਕਰੂਸੇਡ' ਸਭ ਏਸੇ ਭਰਮ ਦੀ ਦੇਣ ਹਨ ਕਿ ਧਰਮ ਦੇ ਵਾਧੇ ਲਈ ਅਣ-ਧਰਮੀਆਂ ਦਾ ਘਾਣ ਉਹਨਾਂ ਦੇ ਪ੍ਰਮੇਸ਼ਰ ਨੂੰ ਭਾਉਂਦਾ ਹੈ।
                ਆਰੀਯਾ ਲੋਕਾਂ ਦੀਆਂ ਵੇਦਾਂ ਵਿੱਚ ਸਾਂਭੀਆਂ ਪ੍ਰਾਰਥਨਾਵਾਂ ਦੱਸਦੀਆਂ ਹਨ ਕਿ ਉਹਨਾਂ ਦੇ ਅਕੀਦੇ ਅਨੁਸਾਰ ਲੁੱਟ- ਮਾਰ, ਕਤਲੋਗਾਰਤ ਕਰਦੀਆਂ, ਹਿੰਦ ਦੇ ਲੋਕਾਂ ਨੂੰ ਕੜਮਾ ਕਰਕੇ ਗ਼ੁਲਾਮਾ ਕਰਦੀਆਂ ਆਰਿਆਈ ਹੇੜਾਂ ਦੀ ਅਗਵਾਈ ਇੰਦ੍ਰ ਆਦਿ ਦੇਵਤੇ-ਦੇਵੀਆਂ ਕਰਦੇ ਸਨ ਅਤੇ ਆਰੀਯਾ-ਆਤੰਕ ਨੂੰ ਬਲ ਦਿੰਦੇ ਸਨ। ਏਥੇ ਫ਼ਰਕ ਸਿਰਫ਼ ਏਨਾ ਸੀ ਕਿ ਅਨਾਰੀਯਾ ਲੋਕਾਂ ਨੂੰ ਜਾਤ-ਪਾਤ, ਵਰਣ-ਵਿਵਸਥਾ ਆਦਿ ਦੀ ਗ਼ੁਲਾਮੀ ਕਬੂਲ ਕਰਨ ਉੱਤੇ ਤਾਣ ਤੋੜਿਆ ਗਿਆ। ਹੋਰ ਸਭ ਪੱਖਾਂ ਤੋਂ ਇਸ ਏਸ਼ੀਆਈ ਧਰਮ ਦੀ ਪਹੁੰਚ ਸਾਮੀ ਧਰਮਾਂ ਤੋਂ ਰਤਾ ਭਰ ਵੀ ਵੱਖ ਨਹੀਂ ਸੀ। ਸਗੋਂ ਅੰਤਮ ਲੇਖੇ ਵਜੋਂ ਇਹ ਪਹੁੰਚ ਸਾਮੀ ਧਰਮਾਂ ਨਾਲੋਂ ਕਿਤੇ ਵੱਧ ਕਰੂਰ, ਕੁਰੱਖਤ ਅਤੇ ਵਿਨਾਸ਼ਕਾਰੀ ਹੈ। ਸਾਮੀ ਧਰਮਾਂ ਦਾ 'ਪਰਾਇਆਂ' ਨਾਲ ਵਿਰੋਧ ਉਹਨਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਨ ਉਪਰੰਤ ਖ਼ਤਮ ਹੋ ਜਾਂਦਾ ਸੀ; ਸਮਾਂ ਪਾ ਕੇ ਵਿਤਕਰੇ ਦੀਆਂ ਵਿੱਥਾਂ ਵੀ ਮਿਟ ਜਾਂਦੀਆਂ ਸਨ। ਪਰ ਆਰੀਆ ਧਰਮ ਦਾ ਵਿਰੋਧ ਜਾਤ-ਪਾਤ, ਵਰਣ ਵਿਵਸਥਾ ਦੀ ਸਦੀਵੀ, ਪੱਕੀ-ਪੀਢੀ ਦਾਸਤਾ ਵਿੱਚ ਬਦਲ ਗਿਆ। ਨਫ਼ਰਤ ਹੋਰ ਡੂੰਘੀ ਹੋ ਗਈ ਅਤੇ ਸੁੱਚ-ਭਿੱਟ, ਛੂਤ-ਅਛੂਤ ਵਰਗੇ ਮਨੁੱਖਤਾ ਮਾਰੂ ਸੰਕਲਪਾਂ ਵਿੱਚ ਵੱਟ ਗਈ।
                ਮਨੁੱਖੀ ਸਮਾਜ ਵਿੱਚ ਪਈਆਂ ਵਿਤਕਰਿਆਂ ਦੀਆਂ ਵੰਡੀਆਂ ਨੂੰ ਮੇਟਣ ਲਈ ਸੰਸਾਰ ਨੇ ਆਪਣੇ ਕੱਦ ਤੋਂ ਵੱਡੇ ਸਿਰਕੱਢ ਚੰਦ ਮਨੁੱਖਾਂ ਨੂੰ ਜਨਮ ਦਿੱਤਾ ਜਿਨ੍ਹਾਂ ਵਿੱਚ ਮਹਾਤਮਾ ਬੁੱਧ ਦਾ ਵੱਡਾ ਨਾਂਅ ਹੈ। ਕੁਛ ਆਰਜ਼ੀ ਪ੍ਰਾਪਤੀਆਂ ਵੀ ਹੋਈਆਂ ਪਰ ਅੰਤ ਪਰਨਾਲਾ ਓਥੇ ਦਾ ਓਥੇ ਹੀ ਰਹਿ ਗਿਆ। ਹਨੇਰਾ ਚੁਫ਼ੇਰੇ ਪਸਰਿਆ ਰਿਹਾ। ਆਖ਼ਰ 'ਆਪ ਨਿਰੰਕਾਰ' ਨੇ ਆਪਣੀ ਰਚਨਾ ਨੂੰ ਸੰਭਾਲਣ ਲਈ ਗੁਰੂ ਨਾਨਕ ਦੇ ਰਿਦੇ ਆਪਣਾ ਪ੍ਰਕਾਸ਼ ਕੀਤਾ ਅਤੇ ਜਗਤ ਜਲੰਦੇ ਨੂੰ ਸਦਾ-ਕਾਲ ਰੱਖਣ ਲਈ ਮਹਾਂ ਸੰਗਰਾਮ ਦਾ ਸਿੰਘਨਾਦ ਗੁਰਬਾਣੀ ਰਾਹੀਂ ਕੀਤਾ।
                ਜਿਨ੍ਹਾਂ-ਜਿਨ੍ਹਾਂ ਨੇ ਸੁਣਿਆ, ਵੇਖਿਆ, ਉਸ ਦੇ ਰਾਹ ਦੇ ਪੰਥੀ ਬਣੇ ਅਤੇ ਦੀਨ-ਦੁਨੀ ਦੇ ਮਾਲਕ ਉੱਤੇ ਅਕੀਦਾ ਲਿਆਂਦਾ, ਉਹ ਸਾਰੇ ਸੰਸਾਰੀ ਬੰਧਨਾਂ ਤੋਂ ਮੁਕਤ ਹੋ ਗਏ। ਊਚ-ਨੀਚ ਦੇ ਵਿਤਕਰੇ ਮਿਟ ਗਏ। ਸਭ ਸਾਂਝੇ ਬਾਟੇ ਦੇ ਆਤਮਕ ਇਸ਼ਨਾਨ ਤੋਂ ਬਾਅਦ ਇੱਕ ਜਾਨ ਹੋ ਕੇ, ਕਰਮਯੋਗੀ ਬਣ ਸੰਸਾਰ  ਉੱਤੇ ਦੁਬਾਰਾ ਜਨਮੇ। ਅਕਾਲ ਪੁਰਖ ਨੂੰ ਉਹਨਾਂ ਨੇ 'ਪ੍ਰਿਤਪਾਲਕ ਨਾਇਕ ਖਸਮ' ਜਾਣਿਆ, ਉਸ ਦੇ ਸੱਚ, ਨਿਆਂ ਨੂੰ ਧਾਰਣ ਕਰ ਕੇ ਨਿਰਵੈਰ ਹੋ ਗਏ। 'ਸਦ ਮਿਹਰਵਾਨ' ਨੂੰ ਉਹਨਾਂ ਮਨ ਵਿੱਚ ਵਸਾਇਆ ਅਤੇ ਇਤਿਹਾਸ ਦੇ ਪੰਨਿਆਂ ਨੂੰ ਉਸ ਦੇ ਰੰਗ ਵਿੱਚ ਰੰਗਣ ਲਈ ਉਹਨਾਂ ਨੇ ਸਫ਼ਲ ਯਤਨ

ਕੀਤਾ। ਸੰਗਤਾਂ ਜੁੜਨ ਲੱਗੀਆਂ, ਪੰਗਤਾਂ ਸਜਣ ਲੱਗੀਆਂ। ਸਹਿਜੇ-ਸਹਿਜੇ ਸਾਖ਼ਸ਼ਤ ਅਕਾਲ ਪੁਰਖ ਦੀਆਂ ਪੈੜਾਂ ਇਤਿਹਾਸਕ ਪਾਤਰਾਂ ਦੇ ਜਿਹਨ ਵਿੱਚ ਦਰਸ਼ਨ ਦੇਣ ਲੱਗੀਆਂ।
                ਇਸ ਨਵੇਂ ਆਰੰਭ ਨੂੰ ਅਜੇ ਦੋ ਸਦੀਆਂ ਹੀ ਬੀਤੀਆਂ ਸਨ ਕਿ ਯੂਰਪ ਦੀ ਸੋਚ ਵਿੱਚ ਵੀ ਏਸ ਦੀਆਂ ਕਨਸੋਆਂ ਅੰਗੜਾਈਆਂ ਲੈਣ ਲੱਗੀਆਂ। ਅਮਰੀਕਨ ਸੂਬੇ ਦੀ ਵਿਧਾਨ ਸਭਾ ਵਿੱਚ ਖੜ੍ਹਾ ਪੈਟਰਿਕ ਹੈਨਰੀ 1775 ਵਿੱਚ ਆਖ ਰਿਹਾ ਸੀ, 'ਬਾਕੀ ਲੋਕਾਂ ਦਾ ਪਤਾ ਨਹੀਂ ਕੀ ਮੰਗਣਗੇ, ਮੈਨੂੰ ਤਾਂ ਤੂੰ ਆਜ਼ਾਦੀ ਦੇ ਜਾਂ ਮੌਤ।' ਪਰ ਇਸ ਤੋਂ ਪੂਰੀ ਇੱਕ ਸਦੀ ਪਹਿਲਾਂ ਚਾਂਦਨੀ ਚੌਂਕ ਦਾ ਸੂਰਜ, ਨੌਵਾਂ ਨਾਨਕ, ਸ੍ਰਿਸ਼ਟੀ ਦੀ ਪਤ ਦਾ ਰਾਖਾ (''ਸਗਲ ਸ੍ਰਿਸ਼ਟ ਪੈ ਢਾਪੀ ਚਾਦਰ'') ਯੁੱਗ-ਪਲਟਾਊ ਸਮਾਧੀ ਵਿੱਚ ਬਿਰਾਜਮਾਨ ਹੋ ਕੇ ਗ਼ੁਲਾਮੀ ਦੇ ਦਾਗਾਂ ਨੂੰ ਆਪਣੇ ਲਹੂ ਨਾਲ ਧੋ ਰਿਹਾ ਸੀ।
                ਯੂਰਪ ਨੇ ਕਈ ਯਤਨ ਕੀਤੇ, ਕਲਮਾਂ ਘਸਾਈਆਂ, ਲਹੂ ਵੀਟੇ, ਫਲਸਫੇ ਘੜੇ, ਇੰਨਕਨਾਬ ਲਿਆਂਦੇ ਪਰ ਆਜ਼ਾਦੀ ਅਤੇ ਅਣਖ ਨੂੰ ਧਰਮ ਦਾ ਮੇਲੀ ਨਾ ਬਣਾ ਸਕੇ। ਇਸ ਲਈ ਉਸ ਨੇ ਧਰਮ ਅਤੇ ਸਿਆਸਤ ਦੇ ਖੇਤਰ ਵੰਡ ਲਏ, ਸ੍ਰਿਸ਼ਟੀ ਨੂੰ, ਮਾਨਸਿਕਤਾ ਨੂੰ ਵੰਡਣ ਤਾਂਈ ਗੱਲ ਪਹੁੰਚੀ। ਕਿਉਂਕਿ ਉਸ ਦੀ ਸੋਚ ਇਮਾਨਦਾਰਨਾ ਸੀ, ਉਸ ਨੂੰ ਧਰਮ ਨਿਰਪੱਖਤਾ, ਮਨੁੱਖੀ ਅਧਿਕਾਰਾਂ ਦਾ ਰਾਹ ਲੱਭਿਆ। ਧਰਮ ਨੂੰ ਲਾਂਭੇ ਰੱਖ ਕੇ ਸਾਂਝੇ ਕਾਇਦੇ ਕਾਨੂੰਨ ਬਣੇ ਜਿਨ੍ਹਾਂ ਨੇ ਰੂਹ ਨੂੰ ਹੁਲਾਰਾ ਦਿੱਤਾ, ਕਿਸੇ ਹੱਦ ਤੱਕ ਮਾਨਵਤਾ ਨੂੰ ਨਵਿਆਇਆ। ਯੂਰਪ ਆਪਣੀ 'ਨਵੀਂ' ਲੱਭਤ ਨੂੰ ਪ੍ਰਪੱਕ ਕਰਦਾ ਅੱਜ (ਨਵੰਬਰ 2013 ਨੂੰ) ਖ਼ਾਲਸਾ ਪੰਥ ਦੇ ਸਾਢੇ ਪੰਜ ਸਦੀਆਂ ਕਮਾਏ ਸੰਕਲਪਾਂ ਦੇ ਕਾਫੀ ਨੇੜੇ ਪਹੁੰਚ ਚੁੱਕਿਆ ਹੈ। ਕੇਵਲ ਗੁਰੂ ਨਾਨਕ ਦਾ ਪ੍ਰਕਾਸ਼ ਉਸ ਦੀ ਸਮੂਹਕ ਚੇਤਨਾ ਵਿੱਚ ਹੋਣ ਨਾਲ ਰਹਿੰਦੀਆਂ ਦੂਰੀਆਂ ਵੀ ਮਿਟ ਜਾਣਗੀਆਂ।
                ਹਿੰਦ ਨੇ ਨਾ ਤਥਾਗਤ ਦੀ ਸੁਣੀ ਨਾ ਗੁਰੂ ਨਾਨਕ ਦੀ ਸੁਣੀ। ਆਪਣੀ ਚਾਲੇ ਮਸਤ, ਗ਼ੁਲਾਮੀ ਨੂੰ ਗਲ਼ ਲਾ ਕੇ ਆਪਣੇ ਸੰਗਲਾਂ ਨੂੰ ਪਲੋਸਦਾ, ਨਿਹਾਰਦਾ ਰਿਹਾ। ਅੰਗਰੇਜ਼ ਜਾਣ ਲੱਗਿਆ ਤਾਂ ਇਸ ਨੂੰ ਆਜ਼ਾਦ ਮੁਲਕਾਂ ਦੇ ਭਾਈਚਾਰੇ ਵਿੱਚ ਆਪਣਾ-ਆਪ ਬੌਣਾ-ਬੌਣਾ ਜਾਪਣ ਲੱਗਾ। ਇਸ ਨੇ ਆਪਣੀ ਜ਼ਾਲਮ ਰੂਹ ਉੱਤੇ ਇਨਸਾਨੀਅਤ ਦੀ ਚਿੱਟੀ ਚਾਦਰ ਨਵੇਂ ਸੰਵਿਧਾਨ ਦੇ ਰੂਪ ਵਿੱਚ ਤਾਣ ਲਈ; ਫਿਤਰਤਾਂ ਨਾ ਬਦਲੀਆਂ। ਨਵੇਂ ਸੰਵਿਧਾਨ ਵਿੱਚ ਗ਼ੁਲਾਮੀ ਵੱਲ ਨੂੰ ਲੈ ਜਾਂਦੀਆਂ ਚੋਰ-ਮੋਰੀਆਂ (ਧਾਰਾ 25 ਆਦਿ) ਰੱਖੀਆਂ ਗਈਆਂ। ਚੋਗਿਆਂ, ਬੁਰਕਿਆਂ, ਤਿਲਕਾਂ ਉਹਲੇ ਛੁਰੀਆਂ ਚਲਦੀਆਂ ਰਹੀਆਂ। ਊਚ-ਨੀਚ, ਭਿੱਟ-ਸੁੱਚ, ਨਫ਼ਰਤ ਵੀ ਕਾਇਮ ਰਹੀ ਅਤੇ ਮਨੁੱਖਤਾ ਦੇ ਵੱਡੇ ਹਿੱਸੇ ਨੂੰ ਫ਼ੌਜਾਂ ਦੇ ਬਲਬੂਤੇ ਗ਼ੁ²ਲਾਮ ਰੱਖਣ ਦੀ ਹਵਸ ਵੀ। ਜਿਉਂ-ਜਿਉਂ ਸ੍ਵੈ-ਭਰੋਸਾ ਵਧਦਾ ਗਿਆ, ਜ਼ਾਲਮ-ਅੰਦਾਜ਼ ਹੋਰ ਪੱਕੇ-ਪੀਢੇ ਹੁੰਦੇ ਗਏ। ਨਵੇਂ ਸੰਵਿਧਾਨ ਦੇ ਓਟ-ਆਸਰੇ ਆਜ਼ਾਦੀ ਦਾ ਨਿੱਘ ਮਾਨਣ ਦੀ ਤਿੱਖੀ ਚਾਹ ਰੱਖਣ ਵਾਲੇ, ਨਿਰੰਤਰ ਚਾਨਣ ਦੀਆਂ ਕਿਰਨਾਂ ਵੱਲ ਖਿੱਚੇ ਚਲੇ ਆਉਂਦੇ ਲੋਕ-ਸਮੂਹਾਂ ਦੀ ਪਛਾਣ ਕੀਤੀ ਗਈ। ਅਜਿਹਿਆਂ ਨੂੰ ਸਦੀਵੀ ਜਕੜ ਕੇ ਪੁਰਾਣੀ ਦਾਸਤਾ ਨੂੰ ਪ੍ਰਪੱਕ ਕਰਨ ਦੇ ਕਾਲੇ ਕਾਨੂੰਨੀ ਵਸੀਲੇ ਘੜੇ ਗਏ। ਸੌ-ਸੌ ਸਿਰਾਂ ਵਾਲੇ ਅਜਗਰ ਦੈਵੀ ਸੰਕਲਪਾਂ ਉੱਤੇ ਜ਼ਹਿਰ ਉੱਗਲਣ ਲੱਗੇ। 
                ਪੁਰਾਣੇ ਸਮਿਆਂ ਵਿੱਚ ਲੁੱਟ-ਖਸੁੱਟ ਅਤੇ ਸੋਸ਼ਣ ਨੂੰ ਸਥਾਈ ਬਨਾਉਣ ਲਈ ਦਾਨਵਾਂ, ਰਾਖਸ਼ਸਾਂ ਦੇ ਸੰਕਲਪ ਕੰਮ ਆਏ ਸਨ। ਚੰਗੇ ਸਦਗੁਣ ਭਰਪੂਰ ਮਨੁੱਖਾਂ ਨੂੰ ਬਰਬਾਦ ਕਰਨ ਵਿੱਚ ਉਹਨਾਂ ਭਰਪੂਰ ਮਦਦ ਕੀਤੀ ਸੀ। ਹੁਣ ਸਮੇਂ ਦੀ ਲੋੜ ਅਨੁਸਾਰ ਦੇਸ਼ ਦੀ 'ਏਕਤਾ-ਅਖੰਡਤਾ' ਦਾ ਝੂਠਾ ਨਾਅਰਾ ਉਹਨਾਂ ਬੁਲੰਦ ਕੀਤਾ ਜਿਨ੍ਹਾਂ ਦੀ ਬੇਸਬਰੀ, ਅਤੇ ਹੀਣ-ਭਾਵਨਾ ਨੇ ਦੇਸ਼ ਨੂੰ ਕਈ ਟੁਕੜਿਆਂ ਵਿੱਚ ਅਤਿ ਨਿਰਦੈਤਾ ਨਾਲ ਵੰਡਿਆ ਸੀ। ਇਸ ਚੌਖਟੇ ਵਿੱਚ ਖ਼ਾਸ ਤੌਰ ਉੱਤੇ ਸਿੱਖਾਂ ਨੂੰ ''ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ'' ਵਿੱਚ ਯਕੀਨ ਰੱਖਣ ਬਦਲੇ ਨਰੜਿਆ ਗਿਆ। ਗੁਰੂ ਗ੍ਰੰਥ-ਗੁਰੂ ਪੰਥ ਦੀ ਗੁਰਿਆਈ, ਅੰਮ੍ਰਿਤ ਦੀ ਰਹਿਤ, ਖ਼ਾਲਸਾ ਸਰੂਪ ਅਤੇ ਦਸ਼ਮੇਸ਼ ਦੀ ਪਰਮ-ਪਾਕ ਛਬੀ- ਜੋ ਹਰ ਪੱਖੋਂ ਹਿੰਦ ਦਾ ਧਰਵਾਸ ਸਦੀਆਂ ਰਹੇ, ਜੋ ਮਨੁੱਖਤਾ ਦੇ ਧਰਵਾਸ ਦਾ ਦਰਜਾ ਰੱਖਦੇ ਹਨ- ਇੱਕਦਮ ਦੁਸ਼ਮਣ ਸੰਕਲਪ ਗਰਦਾਨੇ ਗਏ। ਇਹਨਾਂ ਨੂੰ ਮਲੀਆਮੇਟ ਕਰਨ ਲਈ ਕਈ ਗੁੱਝੇ ਅਤੇ ਕਈ ਪ੍ਰਤੱਖ ਪੈਂਤੜੇ ਸਿਰਜੇ ਗਏ।
                ਹਿੰਦ ਵਿੱਚ 'ਮਨੁੱਖੀ ਅਧਿਕਾਰ' ਸੰਕਲਪ ਬੋਡੇ ਹਨ; ਭਰਮਾਊ, ਗੁੰਮਰਾਹਕੁੰਨ ਹਨ। ਅਸਲ ਲੜਾਈ ਉਸ ਹੈਂਕੜ ਭਰਪੂਰ ਮਾਨਸਿਕਤਾ ਨਾਲ ਹੈ ਜੋ ਸਰਬ ਸੰਸਾਰ ਪ੍ਰਵਾਣਿਤ ਨਵੀਨਤਮ ਮਨੁੱਖ ਪੱਖੀ ਸੰਕਲਪਾਂ ਨੂੰ ਪੁੱਠਾ ਗੇੜਾ ਦੇ ਕੇ ਸਦਾ ਲਈ ਆਪਣੇ ਹਨੇਰੇ ਦੀ ਡਰੂ ਸਰਦਾਰੀ ਕਾਇਮ ਕਰਨਾ ਚਾਹੁੰਦੀ ਹੈ। ਇਹ 'ਮਨੁੱਖੀ ਅਧਿਕਾਰਾਂ' ਤੋਂ ਪਰ੍ਹੇ ਦੀ ਪਹੁੰਚ ਹੈ, ਮਨੁੱਖ ਦੇ ਚਾਰ ਪੈਰਾਂ ਉੱਤੇ ਚੱਲਣ ਵਾਲੇ ਸਮੇਂ ਦੀ ਸੋਚ ਹੈ ਜੋ ਸੱਚ ਲਈ ਜੂਝਦਿਆਂ ਨੂੰ 'ਗ਼ੁਲਾਮੀ ਜਾਂ ਮੌਤ' ਦਾ ਪੈਗ਼ਾਮ ਸੁਣਾਉਂਦੀ ਹੈ। ਘੱਟ ਗਿਣਤੀਆਂ ਤੇ ਬਾਕੀ ਕੌਮਾਂ ਇਸ ਸੋਚ ਦੀ ਮਾਰ ਹੇਠ ਹਨ। ਇਸ ਤੋਂ ਫ਼ਾਇਦਾ ਉਠਾਉਣ ਵਾਲੇ ਚਾਕਰ, ਜਿਨ੍ਹਾਂ ਦਾ ਕਸਬ ਖ਼ੂਨ ਵਗਾਉਣਾ ਹੈ, ਜੂਠੇ ਟੁੱਕਰਾਂ ਦੀ ਆਸ ਵਿੱਚ ਨਹੁੰਦਰਾਂ ਤਿੱਖੀਆਂ ਕਰ ਰਹੇ ਹਨ। 
              ਗੁਰੂ  ਨਾਨਕ ਦਸਮੇਸ਼ ਨੇ ਪੈਂਡੇ ਮਾਰੇ, ਸਰਬ ਸੁਖਦਾਈ ਸੰਕਲਪ ਪਾਵਨ ਬਾਣੀ ਰਾਹੀਂ ਉਭਾਰੇ, ਸੱਚੇ ਦੇ ਅਦੇਸ਼ਾਂ ਤੋਂ ਪਰਦੇ ਚੁੱਕੇ, ਕੂੜ ਦੀਆਂ ਪਾਲਾਂ ਤੋੜੀਆਂ, ਤਵੀਆਂ ਉੱਤੇ ਬੈਠੇ, ਤੇਗਾਂ ਵਾਹੀਆਂ, ਸਿਰ ਕਲਮ ਕਰਵਾਏ, ਸਰਬੰਸ ਵਾਰੇ ਪਰ ਜਾਤ-ਪਾਤੀ ਮਾਨਸਿਕਤਾ ਨੂੰ ਟੁੰਬ ਨਾ ਸਕੇ। ਉਸ ਦੇ ਧਾਰਨੀ ਤਾਂ ਪੰਗਤ ਤੋਂ ਪਰ੍ਹੇ ਹੋ ਕੇ ਉੱਚ ਵਰਗੀ ਅੰਮ੍ਰਿਤ ਦੀ ਢੁੱਚਰ ਡਾਹੁੰਦੇ ਰਹੇ। ਜੇ ਸਾਥ ਦਿੱਤਾ ਤਾਂ ਮਰਾਸੀਆਂ, ਨਾਈਆਂ, ਛੀਬਿਆਂ, ਚੰਡਾਲਾਂ, ਚੂਹੜੇ, ਚਮਾਰਾਂ, ਜੱਟਾਂ ਨੇ ਜੋ ਸਹਿਜੇ-ਸਹਿਜੇ ਇਸਲਾਮ ਅਪਨਾਉਣ ਦੇ ਕਈ ਪੈਂਡੇ ਤਹਿ ਕਰ ਚੁੱਕੇ ਸਨ। ਇਹ ਲੋਕ ਬੁਝੇ ਮਨ ਨਾਲ 'ਅਧ-ਮੁਸਲੰਮੇ' ਬਣੇ ਹੋਏ ਸਨ। ਇਹਨਾਂ ਨੇ ਸਾਹਿਬਾਂ ਦੇ ਪਰਮ-ਪਾਕ ਬਚਨ ਸੁਣ ਕੇ, ਨਿਰਮਲ ਕਰਨੀ ਵੇਖ ਕੇ ਉਹਨਾਂ ਦੇ ਅਥਾਹ ਦਰਦ ਨੂੰ ਪਛਾਣਿਆ ਅਤੇ ਮੋੜਾ ਕੱਟ ਕੇ ਹਮ-ਰਕਾਬ ਆ ਬਣੇ।  ਆਗਾਜ਼ ਹੋਇਆ ਉਹਨਾਂ ਸਿਰਲੱਥ ਸੂਰਮਿਆਂ ਦਾ ਜਿਨ੍ਹਾਂ ਦੀਨਾ ਦੀ ਰੱਖਿਆ ਲਈ ਰਣਖੇਤ ਆ ਮੱਲਿਆ। ਇਹ ਪੁਰਜਾ-ਪੁਰਜਾ ਕੱਟ ਮਰੇ ਪਰ ਹੱਥ ਸਿਂਧਾਉਰਾ ਲੈ ਕੇ ਪੈਰ ਪਿਛਾਂਹ ਨਾ ਪਾਇਆ।
                ਇਹ ਸਾਹਿਬਾਂ ਦੇ ਸਾਥੀ, ਅੰਗ-ਰੱਖਿਅਕ, ਪ੍ਰਚਾਰਕ ਅਤੇ ਫ਼ੌਜੀ ਸਿਪਾਹੀ ਬਣੇ। ਸਮੇਂ ਅਨੁਸਾਰ ਕਦੇ ਇਹਨਾਂ ਰਬਾਬ ਲੈ ਕੇ ਕੀਰਤਨ ਕੀਤਾ, ਵਿਦੇਸ਼ਾਂ ਦੇ ਦੁੱਖ ਝੱਲੇ ਅਤੇ ਆਖ਼ਰ ਜਿਗ੍ਹਾ ਤੋੜੇ ਕਲਗ਼ੀਆਂ ਸਜਾ ਕੇ ਸੀਸ ਭੇਟ ਕਰਨ ਲਈ ਸੱਚੇ ਦੇ ਆਪਣੇ ਸਿੰਘਾਸਣ ਉੱਤੇ ਆ ਬਿਰਾਜਮਾਨ ਹੋਏ। ਇਹ ਉਹ 'ਕੀੜੇ' ਸਨ ਜਿਨ੍ਹਾਂ ਦੀ ਹੋਂਦ ਤੋਂ ਪਹਿਲਾ ਇਤਿਹਾਸ ਨਾਵਾਕਫ਼ ਹੈ ਪਰ ਬਾਅਦ ਦਾ ਇਹਨਾਂ ਨੂੰ, 'ਲਸ਼ਕਰ ਸਵਾਹ' ਕਰਦਿਆਂ ਨੂੰ, ਤਖ਼ਤਾਂ ਤੱਕ ਅੱਪੜਦੇ ਵੇਖਦਾ ਹੈ। ਜੇ ਗੁਰੂ ਗ੍ਰੰਥ ਦੀ ਨਿਰਮਲ ਸੋਚ, ਪੰਜਾਬੀ ਬੋਲੀ, ਗੁਰਮੁਖੀ ਅੱਖਰ, ਅੰਮ੍ਰਿਤ ਵਰਤਾਉਂਦੀ ਰਹਿਤ, ਗੁਰਮੁਖੀ ਸਰੂਪ ਨੂੰ ਕਾਇਮ ਰੱਖਣਾ ਹੈ ਤਾਂ ਨਾਨਕ ਦਸਮੇਸ਼ ਦੇ ਸਾਧੇ ਰਾਹ ਚੱਲਣਾ ਅੱਜ ਨਿਹਾਇਤ ਜ਼ਰੂਰੀ ਹੋ ਗਿਆ ਹੈ।
                ਇਸ ਰਾਹ ਦੀ ਦੱਸ ਕਿਸੇ ਨੇ ਅੰਬੇਡਕਰ ਨੂੰ ਵੀ ਪਾਈ ਸੀ ਅਤੇ ਉਹ ਇਸ ਨੂੰ ਮੁਕਤੀ ਦਾ ਇੱਕੋ-ਇੱਕ ਰਾਹ ਵੀ ਸਮਝਦਾ ਸੀ (ઑઑ(''Annihilation of Caste[[)) ਪਰ ਸਿਆਸਤ ਨੇ ਉਸ ਨੂੰ ਨਿਹੱਥਲ, ਬੇਵੱਸ ਕਰ ਦਿੱਤਾ ਸੀ। ਉਹ ਮੁਕਤੀ ਦੀ ਜਰਨੈਲੀ ਸੜਕ ਨੂੰ ਛੱਡ ਕੇ ਹੋਰਨਾਂ ਬਿਖੜੇ ਰਾਹਾਂ ਉੱਤੇ ਤੁਰ ਗਿਆ ਸੀ। ਉਸ ਦੀ ਵਲੂੰਧਰੀ ਉੱਮਤ ਅੱਜ ਫ਼ੇਰ ਨਵੇਂ ਪੈਂਡੇ ਤੈਅ ਕਰਨ ਦਾ ਤਹੱਈਆ ਕਰਦੀ ਜਾਪਦੀ ਹੈ। ਉਹ ਵਿਦਵਾਨ, ਸੰਜਮੀਂ ਰਾਵਣ ਨੂੰ ਅਪਣਾ ਕੇ ਉਸ ਦਾ ਸ਼ਹੀਦੀ ਦਿਨ ਮਨਾਉਣ ਦੇ ਚਾਅ ਪਾਲ ਰਹੀ ਹੈ। ਉਸ ਦੀ ਜਾਗਰੂਕ ਉੱਮਤ 'ਗਉ ਮਾਸ ਸੇਵਨ ਮੇਲੇ' ਲਗਾਉਣ ਦੀ ਤਾਂਘ ਪਾਲਦੀ ਹੋਈ ਮਹਿਸ਼ਾਸੁਰ, ਸ਼ੰਭੂਕ ਦੀਆਂ ਸ਼ਹਾਦਤਾਂ ਨੂੰ ਨਮਸਕਾਰ ਕਰਨ ਦਾ ਮਨ ਬਣਾਈ ਫਿਰਦੀ ਹੈ। ਮੰਨ ਲੈਂਦੇ ਹਾਂ ਕਿ ਕਿਸੇ ਦੀ ਚੁੱਕ ਨੇ ਇਹਨਾਂ ਕੋਲੋਂ ਸਿੱਖ ਕਤਲੇਆਮ ਵਰਗੇ ਕਈ ਕੁਕਰਮ ਕਰਵਾਏ ਹਨ। ਅੱਜ ਇਹਨਾਂ ਦਾ ਉਹ ਸਰੂਪ ਕਾਇਮ ਨਹੀਂ- ਝਾਰਖੰਡ ਵਿੱਚ ਇਹ ਪੁਰਾਤਨ ਸਿੰਘਾਂ ਦੇ ਕਾਰਨਾਮਿਆਂ ਨੂੰ ਮੂਰਤੀਮਾਨ ਕਰਦੇ ਵਖਾਈ ਦੇ ਰਹੇ ਹਨ। ਇਹਨਾਂ ਦੀ ਦਹਸਦੀਆਂ ਤੋਂ ਬੇਚੈਨ ਆਤਮਾ ਨੂੰ ਆਖ਼ਰ ਅਜੀਤ, ਜੁਝਾਰ ਬਣ ਕੇ ਦਸਮੇਸ਼ ਦੇ ਵਿਸ਼ਾਲ ਸੀਨੇ ਨਾਲ ਲੱਗ ਕੇ ਹੀ ਸਦੀਵੀ ਸਕੂਨ ਮਿਲਣਾ ਹੈ।
ਨਵੰਬਰ 2013 ਵਿੱਚ ਯੂਰਪ ਦੀ ਪਾਰਲਾਮੈਂਟ ਨੇ ਭਰਪੂਰ ਵਿਚਾਰ ਵਟਾਂਦਰੇ ਤੋਂ ਬਾਅਦ ਵੱਡੀ ਬਹੁਮਤ ਨਾਲ ਮਤਾ ਕੀਤਾ ਹੈ ਕਿ ਸਮਾਜਿਕ-ਧਾਰਮਿਕ ਖੇਤਰ ਵਿੱਚ ਜੜ੍ਹਾਂ ਰੱਖਣ ਵਾਲੀ ਜਾਤ-ਪਾਤੀ ਵਿਵਸਥਾ ਉਹਨਾਂ ਮੱਦਾਂ ਵਿੱਚ ਸ਼ਾਮਲ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਆਧਾਰ ਉੱਤੇ, ਕਬੀਲਿਆਂ, ਨਸਲ, ਵੰਸ਼, ਧਰਮ, ਲਿੰਗ ਆਦਿ ਦੀ ਬਿਨਾ ਉੱਤੇ ਮਨੁੱਖਾਂ ਨਾਲ ਵਿਤਕਰੇ ਹੁੰਦੇ ਆਏ ਹਨ। ਇਉਂ ਉਹਨਾਂ ਜਾਤਪਾਤ ਵਰਤਾਰੇ ਵਿਰੁੱਧ ਐਲਾਨੇ ਜੰਗ ਕੀਤਾ ਹੈ। ਹੁਣ ਹਿੰਦ ਦੇ ਦਲਿਤਾਂ ਨੂੰ ਆਪਣੀ ਜ਼ੁਬਾਨ ਅਤੇ ਹਿੰਮਤ ਵਾਪਸ ਮਿਲੇਗੀ। ਉਹ ਆਪਣੇ-ਆਪ ਨੂੰ ਗ਼ੈਰ-ਹਿੰਦੂ ਦਸ ਕੇ ਹਿੰਦੂ ਗਲਬੇ ਹੇਠੋਂ ਨਿਕਲ ਆਪਣੀ ਪੱਤ ਹਾਸਲ ਕਰਨ ਦੇ ਨਵੇਂ ਰਾਹ ਲੱਭਣਗੇ।
                'ਮਨੁੱਖੀ ਅਧਿਕਾਰ ਦਿਵਸ' ਮਨਾਉਣ ਦੀਆਂ ਰਸਮਾਂ ਵੀ ਪੂਰੀਆਂ ਕਰੋ, ਹਰ ਹੀਲੇ ਸੰਸਾਰ ਨੂੰ ਆਪਣਾ ਹਾਲ ਦੱਸੋ ਲੇਕਿਨ ਸੱਚੇ ਸਾਹਿਬ ਦੀ ਕਰਨੀ ਅਤੇ ਉਪਦੇਸ਼ ਨੂੰ ਸਭ ਦੀ ਮੁਕਤੀ ਦਾ ਇੱਕੋ-ਇੱਕ ਰਾਹ ਜਾਣਦੇ ਹੋਏ, ਇਤਿਹਾਸ ਦੀ ਕਿਸੇ ਕਾਲੀ-ਬੋਲੀ ਰਾਤ ਵਿੱਛੜਿਆਂ ਨੂੰ ਧਾਅ ਕੇ ਗਲ਼ ਲਾਉ। ਦਹਸਦੀਆਂ ਤੋਂ ਤਰਸਦੀਆਂ ਰੂਹਾਂ ਦੇ ਸਾਹਮਣੇ 'ਸਤ ਸੰਤੋਖ ਵਿਚਾਰ' ਦਾ ਥਾਲ ਗੁਰੂ ਗ੍ਰੰਥ ਪਰੋਸੋ। ਇਹ ਹਰ ਛਕਣ ਵਾਲੇ ਦਾ ਉਧਾਰ ਕਰਨ ਦੇ ਸਮਰੱਥ ਹੈ। ਦਸਮੇਸ਼ ਦੇ ਬਚਨਾਂ ਨੂੰ ਸਿਰ-ਅੱਖਾਂ ਉੱਤੇ ਰੱਖ ਕੇ ਇਹਨਾਂ ਔਟਲੇ ਹੋਇਆਂ ਵੱਲ ਹੱਥ ਵਧਾਉ। ਉਸ ਦਾ ਸਰਬ ਕਲਿਆਣਕਾਰੀ ਉਪਦੇਸ਼ ਸੰਪੂਰਣਤਾ ਲਈ ਉਸ ਦੇ ਬੋਲੇ ਉੱਤੇ ਅਮਲ ਦੀ ਮੰਗ ਕਰਦਾ ਹੈ, ਜੋ ਖੰਡ-ਮਿਸ਼ਰੀ ਵਿੱਚ ਲਿਪਟਿਆ ਭਾਈ ਸੰਤੋਖ ਸਿੰਘ ਰਾਹੀਂ ਸਾਡੇ ਤੱਕ ਪਹੁੰਚਿਆ ਹੈ: ''ਰੰਘਰੇਟੇ ਗੁਰੂ ਕੇ ਬੇਟੇ, ਰਹੋ ਪੰਥ ਕੇ ਸੰਗ ਅਮੇਟੇ।''
                ਰੋਗ ਜੇ ਬੁੱਝਿਆ ਨਾ ਜਾਵੇ ਤਾਂ ਉਸ ਦਾ ਦਾਰੂ ਸਿਹਤਯਾਬ ਨਹੀਂ ਕਰ ਸਕਦਾ। ਪੰਜਾਬ ਵਿੱਚ ਮਨੁੱਖੀ ਅਧਿਕਾਰ ਹਨਨ ਦੀ ਸਮੱਸਿਆ ਨਹੀਂ। ਅੰਨ੍ਹੇ ਧ੍ਰਿਤਰਾਸ਼ਟਰ ਦੀ ਜੱਫੀ (ਸਿੱਖ ਹਿੰਦੂ ਹਨ) ਇਸ ਨੂੰ ਜਕੜ ਵਿੱਚ ਲੈ ਕੇ ਇਸ ਦੀਆਂ ਹੱਡੀਆਂ-ਪਸਲੀਆਂ ਨੂੰ ਪੀਹ ਦੇਣਾ ਲੋਚ ਰਹੀ ਹੈ।


*ਚੰਡੀਗੜ੍ਹ ਵਿੱਚ ਦਲ ਖ਼ਾਲਸਾ ਵੱਲੋਂ 10 ਦਸੰਬਰ 2013 ਨੂੰ ਮਨਾਏ ਗਏ ਅੰਤਰਰਾਸ਼ਟ੍ਰੀ ਮਨੁੱਖੀ ਅਧਿਕਾਰ ਦਿਵਸ ਦੇ ਸੰਦਰਭ ਵਿੱਚ!

Wednesday, November 20, 2013

ਕਾਚ ਬਾਦਰੈ ਲਾਲੁ ਖੋਈ ਹੈ -ਗੁਰਤੇਜ ਸਿੰਘ

(ਪੰਜਾਬ ਦੇ ਅਜੋਕੇ ਸੰਕਟ ਦੀ ਥਹੁ ਪਾਉਣ ਦਾ ਆਰੰਭ ਅਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਤੋਂ ਮੂੰਹ ਮੋੜ ਕੇ ਪੰਥ ਨੂੰ ਢਾਹ ਲਗਾਉਣ ਵਾਲੀਆਂ ਸ਼ਕਤੀਆਂ ਦਾ ਐਲਾਨੀਆਂ ‘ਜ਼ਰ ਖ਼ਰੀਦ’ ਬਣ ਜਾਣ ਦੀ ਕਿਰਿਆ ਤੋਂ ਕਰਨਾ ਜ਼ਰੂਰੀ ਹੈ। ਪਹਿਲਾਂ ਵਾਜਪਾਈ ਦੇ ਨਾਂਅ ਉੱਤੇ ਵੋਟਾਂ ਮੰਗਣਾ; ‘ਜੈ ਸ੍ਰੀ ਰਾਮ, ਸਤਿ ਸ੍ਰੀ ਅਕਾਲ ’ ਦੇ ਨਾਅਰੇ ਲਗਾਉਣਾ, ਬਿਨਾਂ ਸ਼ਰਤ ਇੱਕ ਫ਼ਾਸ਼ੀ ਜਮਾਤ ਦਾ ਸਾਥ ਦੇਣਾ_ ਜਿਸ ਦਾ ਸਿੱਖ ਰਹਿਤ ਮਰਿਯਾਦਾ ਨਾਲ ਮੁੱਢੋਂ-ਸੁਢੋਂ ਵੈਰ ਹੈ, ਲੱਚਰ ਗਵੱਈਆਂ, ਨਕਲੀ ਸਾਧਾਂ, ਡੇਰੇਦਾਰ ਟ੍ਰੇਡ ਯੂਨੀਅਨ ਦੀ ਤਾਬਿਆਦਾਰੀ; ਪਤਿਤ, ਦਿਸ਼ਾਹੀਣ, ਸਿਰ ਗੁੰਮ ਕਾਤਲਾਂ ਨੂੰ ਸ਼੍ਰੋਮਣੀ ਸ਼ਹੀਦ ਪ੍ਰਚਾਰਨਾ; ਅਨੇਕਾਂ ਹੋਰ ਅਲਾਮਤਾਂ ਜਿਨਾਂ ਦਾ ਨਿਰੂਪਣ ਸਹਿਜੇ ਹੀ ਕੀਤਾ ਜਾ ਸਕਦਾ ਹੈ, ਏਸੇ ਵੱਡੇ ਕੁਕਰਮ ਵੱਲ ਇਸ਼ਾਰਾ ਕਰ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦਾ ਰਾਸ਼ਟ੍ਰੀਆ ਸਵਯੰ ਸੇਵਕ ਸੰਘ ਦੀ ਹਿਦਾਇਤ ਉੱਤੇ ‘ਸਿੱਖ ਇਤਿਹਾਸ’ ਵਰਗੀਆਂ ਕਿਤਾਬਾਂ ਛਾਪਣਾ, ‘ਜਥੇਦਾਰ’ ਕੋਲੋਂ ਸਿੱਖਾਂ ਦੇ ਲਵ-ਕੁਸ਼ ਦੀ ਔਲਾਦ ਹੋਣ ਦੇ ਐਲਾਨ ਕਰਵਾਉਣਾ, ਬਸੰਤੀ ਦੀ ਥਾਂਵੇਂ ਭਗਵੇਂ ਸਿਰੋਪੇ, ਨਿਸ਼ਾਨ ਸਾਹਿਬ ਦੇ ਚੋਲੇ ਪ੍ਰਚੱਲਤ ਕਰਨਾ, ਭਾਰਤੀ ਜਨਤਾ ਪਾਰਟੀ ਵੱਲੋਂ 16 ਕਰੋੜ ਰੁਪਿਆ ‘ਦਸਮ ਗ੍ਰੰਥ’ ਦੇ ਪ੍ਰਚਾਰ ਲਈ ਸਰਕਾਰੀ ਖਜ਼ਾਨੇ ਵਿੱਚੋਂ ਖ਼ਰਚ ਕਰਨਾ ਆਦਿ ਦਰਜਨਾਂ ਕਰਤੂਤਾਂ ਐਸੀਆਂ ਹਨ ਜੋ ਦੱਸ ਦੀਆਂ ਹਨ ਕਿ ਦਸਵੇਂ ਪਾਤਸ਼ਾਹ ਦੀ ਖ਼ਾਲਸਾ ਰਹਿਤ ਨੂੰ ਮਲੀਆਮੇਟ ਕਰ ਕੇ, ਗੁਰੂ ਗੰ੍ਰਥ ਦੇ ਸ਼ਰੀਕ ਉਸਾਰ ਕੇ ਸਿੱਖ ਧਰਮ ਵਿੱਚ ਮੁੱਢਲੀਆਂ ਤਰਮੀਮਾਂ ਕਰ ਕੇ ਇਸ ਨੂੰ ਹਿੰਦੂਤਵੀ ਨੁਖ਼ਸੇ ਅਨੁਸਾਰ ਢਾਲਣ ਲਈ ਖ਼ਾਸ ਯਤਨ ਕੀਤੇ ਜਾ ਰਹੇ ਹਨ। ਪ੍ਰੇਸ਼ਾਨੀ ਦਾ ਕਾਰਣ ਇਹ ਹੈ ਕਿ ਆਖ਼ਰੀ ਨਿਸ਼ਾਨੇ ਨੂੰ ਮੁਕੰਮਲ ਤੌਰ ਉੱਤੇ ਗੁੱਝਾ ਰੱਖਿਆ ਜਾ ਰਿਹਾ ਹੈ। ਸਾਰੀਆਂ ਕਾਰਵਾਈਆਂ ਦਾ ਅਸਲ ਨਿਸ਼ਾਨਾ ਹੈ ਦਸਮੇਸ਼ ਦੇ ਅੰਮ੍ਰਿਤ, ਸਿੱਖੀ ਦੀ ਰਹਿਤ, ਗੁਰੂ ਗ੍ਰੰਥ-ਪੰਥ ਦੀ ਗੁਰਿਆਈ, ਸਿੱਖ ਇਤਿਹਾਸ ਦੇ ਜੁਝਾਰੂ ਖਾਸੇ ਨੂੰ ਖ਼ਤਮ ਕਰ ਕੇ ਸਥਾਈ ਬਹੁ-ਗਿਣਤੀ ਸੱਭਿਆਚਾਰ ਵਿੱਚ ਇਸ ਤਰਾਂ ਰੰਗ ਦੇਣਾ ਕਿ ਵੱਖਰੀ ਪਛਾਣ ਮਿਟ ਜਾਵੇ।
    ਜ਼ਾਹਰ ਹੈ ਕਿ ਸਿੱਖ ਕੌਮ ਇਸ ਨਾਲ ਸਹਿਮਤ ਨਹੀਂ। ਤਾਹੀਏਂ ਤਾਂ ਨਕਾਬ, ਬੁਰਕੇ ਪਾ ਕੇ ਪਰਦਿਆਂ ਪਿੱਛੇ ਕਾਰਵਾਈਆਂ ਹੋ ਰਹੀਆਂ ਹਨ। ਗੁਰੂ ਫ਼ਰਮਾਨ ਹੈ ‘‘ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ।’’ ਅਵੇਸਲੇਪਨ ਦੇ ਵੱਡੇ ਖ਼ਤਰਿਆਂ ਨੂੰ ਉਜਾਗਰ ਕਰ ਕੇ ਭਰਪੂਰ ਬਹਿਸ ਲੋੜੀਂਦੀ ਹੈ। ਪਰ ਇਸ ਨੂੰ ਕਰਵਾਉਣ ਲਈ ਕਿਸੇ ਅਖ਼ਬਾਰ ਤੋਂ ਉਮੀਦ ਨਹੀਂ ਸੀ।
    ਅਚਾਨਕ ਇੱਕ ਸਵੇਰ ਪੰਥ ਦਾ ਦਰਦ ਰੱਖਣ ਵਾਲੇ ਪਰਮਜੀਤ ਸਿੰਘ ਸਰਨਾ ਨੇ ਟੈਲੀਫ਼ੋਨ ਉੱਤੇ ਸੁਨੇਹਾ ਦਿੱਤਾ ਕਿ ਉਸ ਦੀ ਗੱਲ ਬ੍ਰਜਿੰਦਰ ਸਿੰਘ ਹਮਦਰਦ ਨਾਲ ਹੋਈ ਹੈ ਅਤੇ ਉਹ ਅਜਿਹੇ ਮਸਲਿਆਂ ਸਬੰਧੀ ਲੇਖ ਆਪਣੇ ਅਖ਼ਬਾਰ ‘ਅਜੀਤ’ ਵਿੱਚ ਛਾਪਣ ਲਈ ਤਿਆਰ ਹੈ ਜਿਸ ਨਾਲ ਲੋਕਾਂ ਵਿੱਚ ਭਰਪੂਰ ਬਹਿਸ ਹੋ ਸਕੇ। ਹਮਦਰਦ ਦੇ ਪਿਛੋਕੜ ਵਿੱਚ ਕੁਝ ਐਸਾ ਨਹੀਂ ਸੀ ਜਿਸ ਤੋਂ ਉਸ ਦੇ ਲੋਕ-ਪੱਖੀ ਹੋਣ ਦਾ, ਸਿੱਖੀ ਪ੍ਰਤੀ ਸੁਹਿਰਦ ਹੋਣ ਦਾ ਸਬੂਤ ਮਿਲ ਸਕੇ। ਸਰਨਾ ਨੇ ਭਰੋਸਾ ਦਵਾਇਆ ਕਿ ਹਮਦਰਦ ਹੁਣ ਇਸ ਮਸਲੇ ਉੱਤੇ ਬਹੁਤ ਸੰਵੇਦਨਸ਼ੀਲ ਹੈ। ਨਾ ਛਪਣ ਦੀ ਪੱਕੀ ਵਾਕਫ਼ੀਅਤ ਹੁੰਦਿਆਂ ਵੀ ਲੇਖ ਲਿਖਿਆ ਗਿਆ।
    31 ਅਕਤੂਬਰ 2013 ਨੂੰ ਲੇਖ ਈ-ਮੇਲ ਰਾਹੀਂ ਭੇਜ ਦਿੱਤਾ ਗਿਆ। ਦੋ ਦਿਨ ਨਾ ਮਿਲਣ ਦਾ ਬਹਾਨਾ ਚੱਲਿਆ। ਫ਼ੇਰ ਤਿੰਨ ਕੁ ਦਿਨ ਬਾਹਰ ਰਹਿਣ ਦਾ। ਉਸ ਤੋਂ ਬਾਅਤ ਹਫ਼ਤਾ ਕੁ ਮਸ਼ਰੂਫੀਅਤ ਕਾਰਣ ਨਾ ਵੇਖ ਸਕਣ ਆਦਿ ਦਾ। ਆਖ਼ਰ ਕੋਰੀ ਨਾਂਹ ਹੋਣ ਤੋਂ ਬਾਅਦ ਸਰਨੇ ਨੇ ਨਿੰਮੋਝੂਣਾ ਜਿਹਾ ਹੋ ਕੇ ਲੇਖ ਛਪਣ ਦੇ ਭਰੂਣ ਦੇ ਕਤਲ ਦੀ ਗੱਲ ਝਕਦਿਆਂ-ਝਕਦਿਆਂ ਦੱਸੀ। ਜੇ ਸਾਡੇ ਆਪਣੇ ਪੱਤਰਕਾਰੀ ਪੇਸ਼ੇ ਵਿੱਚ ਭੋਰਾ ਭਰ ਵੀ ਇਮਾਨਦਾਰੀ ਅਤੇ ਲੋਕ-ਸੇਵਾ ਦੀ ਭਾਵਨਾ ਹੋਵੇ ਤਾਂ ਕੌਮ ਦੇ ਅੱਧੇ ਦੁੱਖ ਪੈਦਾ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਣ। ਖ਼ੈਰ! ਸਭ ਨੇ ਗੁਰੂ ਨੂੰ ਜਾਨ ਦੇਣੀ ਹੈ। ਅਤਿ ਪ੍ਰਚੰਡ ਨੂਰ ਦੇ ਪ੍ਰਕਾਸ਼ ਵਿੱਚ ਲੇਖੇ ਹੋਣਗੇ। ਉਹਨਾਂ ਦੀਆਂ ਉਹ ਜਾਣਨ। ਮੇਰੇ ਵਰਗੇ ‘ਬੇ-ਸਾਜ਼ੋ ਸਮਾਨ’ ਕੋਲੋਂ ਤਾਂ ਗਰੀਬੀ ਦਾਅਵੇ ਵਿੱਚ ਇਹੋ ਸੇਵਾ ਹੋ ਸਕਦੀ ਹੈ ਕਿ ਦੋਸਤਾਂ, ਮਿੱਤਰਾਂ, ਮਿਹਰਬਾਨਾਂ, ਅਸਲੀ ਹਮਦਰਦਾਂ ਤੱਕ ਲੇਖ ਦੇ ਮੁੱਦੇ ਨੂੰ ਈ-ਮੇਲ ਆਦਿ ਰਾਹੀਂ ਪੁੱਜਦਾ ਕੀਤਾ ਜਾਵੇ। ਸੋ ਹੇਠਾਂ ਉਹ ਲੇਖ ਦਰਜ ਹੈ ਜੋ ਪਰਮਜੀਤ ਸਿੰਘ ਸਰਨਾ ਰਾਹੀਂ ਮਿਲੇ ਬ੍ਰਜਿੰਦਰ ਸਿੰਘ ਹਮਦਰਦ ਦੇ ਸੁਨੇਹੇ ਉੱਤੇ ‘ਅਜੀਤ’ ਵਿੱਚ ਛਾਪਣ ਲਈ ਲਿਖਿਆ ਗਿਆ ਸੀ। ਜੇ ਕਿਸੇ ਇੱਕ ਮਨ ਵਿੱਚ ਵੀ ਇਹ ਸੱਚ ਜਾਣਨ ਦੀ ਉਤਸੁਕਤਾ ਨੂੰ ਜਗਾ ਸਕੇ ਤਾਂ ਲੇਖਕ ਦਾ ਲਿਖਣਾ ਸਫ਼ਲ ਹੋਇਆ ਸਮਝਿਆ ਜਾਵੇਗਾ। ਇਸੇ ਲੜੀ ਦਾ ਦੂਜਾ ਲੇਖ ਪਿਛਲੇ ਹਫ਼ਤੇ ਏਸੇ ਬਲੌਗ ਉੱਤੇ ਪਾਇਆ ਜਾ ਚੁੱਕਾ ਹੈ। ਤੀਸਰੇ ਦੀ ਵਰਤੋਂ ਹੋਰ ਥਾਵੇਂ ਕਰ ਲਈ ਗਈ ਹੈ। ਦੋ ਹੋਰ ਲਿਖਣੇ ਸਨ ਜਿਨਾਂ ਨੂੰ ਲਿਖਣ ਦਾ ਵਿਚਾਰ ਤਜ ਦੇਣਾ ਹੀ ਸਭ ਦੇ ਭਲੇ ਹਿਤ ਜਾਪਦਾ ਹੈ -ਗੁਰਤੇਜ ਸਿੰਘ)ਸਿੱਖ ਧਰਮ ਦੇ ਅੰਦਰ ਜੋ ਵਰਤਾਰਾ ਵਰਤ ਰਿਹਾ ਹੈ ਉਸ ਦਾ ਸਹਿਜੇ ਨਿਰੂਪਣ ਕਰਨਾ ਹੋਵੇ ਤਾਂ ਦੋ ਮਾਮੂਲੀ ਘਟਨਾਵਾਂ ਤੋਂ ਦੂਰ-ਰਸੀ ਸਿੱਟੇ ਕੱਢੇ ਜਾ ਸਕਦੇ ਹਨ। ਕਿਸੇ ਨੇ ਅਕਾਲ ਤਖ਼ਤ ਦੇ ਨਾਮ ਹੇਠ ਗੁਰਬਾਣੀ ਦਾ ਇਹ ਸੁਨੇਹਾ ਦੇਣ ਲਈ ਕਿ ਕਰੂਆਚੌਥ ਵਰਤ ਆਦਿ ਫ਼ੋਕਟ ਕਰਮ ਹਨ, ਭਗਤ ਕਬੀਰ ਦਾ ਇੱਕ ਦੋਹਾ ਇੰਟਰਨੈਟ ਉੱਤੇ ਪਾ ਦਿੱਤਾ। ਇਸ ਉੱਤੇ ਫ਼ਿਰਕੂ ਜ਼ਹਿਨੀਅਤ ਨੇ ਇਤਰਾਜ਼ ਕੀਤਾ। ਤੁਰੰਤ ‘ਜਥੇਦਾਰ’ ਦਾ ਐਲਾਨ ਆਇਆ ਕਿ ਪੂਰੀ ਛਾਣਬੀਨ ਕਰ ਕੇ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇਗਾ। ਸੁਨੇਹਾ ਦੇਣ ਵਾਲੇ ਗੁਰਸਿੱਖ ਨੇ ਕਿਸੇ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕੀਤੀ। ‘ਜਥੇਦਾਰ’ ਦਾ ਬਿਆਨ ਮਹਿਜ਼ ਇੱਕ ‘ਥਰਹਰ’ ਕੰਬਦੇ ਮੁਲਾਜ਼ਮ ਦਾ ਬਿਆਨ ਹੈ ਜਿਸ ਨੂੰ ਫ਼ਿਕਰ ਹੈ ਕਿ ਉਸ ਦਾ ਆਕਾ ਕਿੱਤੇ ਗੁਰੂ-ਸਿਧਾਂਤ ਦੇ ਪ੍ਰਚਾਰ ਦੀ ਗੁਸਤਾਖੀ ਲਈ ਉਸ ਨੂੰ ਘਰ ਹੀ ਨਾ ਬਿਠਾ ਦੇਵੇ ‘‘ਨਾ ਜਾਨਉ ਕਿਆ ਕਰਸੀ ਪੀਉ’’। ਏਨਾਂ ਆਖਣਾ ਵੀ ਠੀਕ ਨਹੀਂ ਸਮਝਿਆ ਗਿਆ ਕਿ ਸੁਨੇਹਾ ਗੁਰ-ਸਿਧਾਂਤ ਅਨੁਸਾਰ ਅਤੇ ਮੌਕੇ ਮੁਤਾਬਕ ਢੁਕਵਾਂ ਸੀ। ਜੇ ਇਹ ਸੁਨੇਹਾ ਸੱਚ-ਮੁੱਚ ਅਕਾਲ ਤਖ਼ਤ ਵੱਲੋਂ ਸੀ ਤਾਂ ਇਸ ਤੋਂ ਮੁਨਕਰ ਹੋਣ ਨੂੰ ਵੱਡੀ ਕਾਇਰਤਾ ਹੀ ਆਖਿਆ ਜਾਵੇਗਾ।
    ਇੱਕ ਹੋਰ ਸੰਦੇਸ਼ ਇਉਂ ਸੀ, ‘ਕਈ ਲੋਕਾਂ ਨੇ ਘਰਾਂ ਵਿੱਚ ਸ਼ਰਾਬ ਰੱਖੀ ਹੋਈ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ। ਅਜਿਹੇ ਲੋਕ ਪ੍ਰਕਾਸ਼ ਕਰਨਾ ਬੰਦ ਕਰ ਕੇ ਬੀੜ ਨੂੰ ਨੇੜੇ ਦੇ ਗੁਰਦ੍ਵਾਰੇ ਪੁਚਾ ਦੇਣ’। ਹਾਲਾਂਕਿ ਸੁਨੇਹਾ ਇਹ ਹੋਣਾ ਚਾਹੀਦਾ ਸੀ ਕਿ ‘ਗੁਰਸਿੱਖ ਪ੍ਰਕਾਸ਼ ਮਰਿਯਾਦਾ ਦਾ ਮੁਕੰਮਲ ਪਾਲਣ ਕਰਨ ਅਤੇ ਜੇ ਘਰ ਵਿੱਚ ਸ਼ਰਾਬ ਦੀ ਹੋਂਦ ਵਿਘਨਕਾਰੀ ਸਾਬਤ ਹੋ ਰਹੀ ਹੈ ਤਾਂ ਸ਼ਰਾਬ ਘਰੋਂ ਕੱਢ ਦੇਣ’। ਗੁਰੂ ਅਤੇ ਸਿੱਖ ਦੇ  ਆਪਸੀ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਬਰਕਰਾਰ ਰੱਖਣਾ ਤਾਂ ਸਿੱਖ ਹਿਤ ਦੀ ਗੱਲ ਹੈ ਪਰ ਇਹ ਰਿਸ਼ਤਾ ਤੋੜਨ ਅਤੇ ਨਸ਼ਿਆਂ ਦੇ ਸੇਵਨ ਤੋਂ ਬਚਣ ਦੀ ਪ੍ਰੇਰਨਾ ਨਾ ਕਰਨਾ ਕਿਸੇ ਤਰਾਂ ਵੀ ਸਿੱਖ-ਹਿਤੈਸ਼ੀ ਕਰਮ ਨਹੀਂ।
    ਅਜਿਹੀਆਂ ਅੱਟਪਟੀਆਂ ਕਰਤੂਤਾਂ ਦਾ ਕੱਚਾ ਚਿੱਠਾ ਬਣਾਇਆ ਜਾਵੇ ਤਾਂ ਪਤਾ ਲੱਗੇਗਾ ਕਿ ਚੰਦ ਲਿਫ਼ਾਫ਼ਿਆਂ ਵਿੱਚੋਂ ਨਿਕਲੇ ਅਹੁਦੇਦਾਰ, ਸਿਆਸਤਦਾਨਾਂ ਦੇ ਚਰਨਾਂ ਦੀ ਸ਼ਰਨ ਬੈਠ ਕੇ ਤਸਵੀਰਾਂ ਖਿਚਵਾਉਣ ਵਾਲੇ ਕੁਝ ਧਾਰਮਿਕ ਮਖੌਟਿਆਂ ਅਤੇ ਗ਼ੁਲਾਮ ਜ਼ਹਿਨੀਅਤ ਵਾਲੇ ਆਪਣੇ-ਆਪ ਨੂੰ ‘ਮਹਾਂ-ਗ੍ਰੰਥੀ, ਸਥਾਈ ਪੰਜ ਪਿਆਰੇ, ਮਹਾਂ-ਪੁਜਾਰੀ’ ਅਖਵਾਉਣ ਦੇ ਲਾਲਚ ਵਿੱਚ ਸਿੱਖੀ ਦੀਆਂ ਆਦਿ ਕਾਲ ਤੋਂ ਚੱਲੀਆਂ ਆ ਰਹੀਆਂ ਪ੍ਰੰਪਰਾਵਾਂ ਨੂੰ ਪਿਸ਼ਾਚ ਵਿਹਾਰ ਕਰ ਕੇ ਬੇਦਰਦੀ ਨਾਲ ਤਿਆਗ ਰਹੇ ਹਨ। ਇਹ ਏਨਂੇ ਚੇਤੰਨ ਤਾਂ ਹਨ ਕਿ ਇਹਨਾਂ ਨੂੰ ਪਤਾ ਹੈ ਕਿ ਇਹ ਜਾਣਦੇ ਹੋਏ ਅਵੱਗਿਆ ਕਰ ਰਹੇ ਹਨ। ਇਹਨਾਂ ਦੇ ਕੁਕਰਮਾਂ ਨੂੰ ਸਮਝਣ ਦਾ ਉਪਰਾਲਾ ਇਹਨਾਂ ਉੱਤੇ ਹੀ ਖ਼ਤਮ ਨਹੀਂ ਹੁੰਦਾ। ਤੰਦਾਂ ਇਹਨਾਂ ਦੇ ਆਕਾਵਾਂ ਅਤੇ ਉਹਨਾਂ ਦੇ ਮਾਲਕਾਂ ਤੱਕ ਪਹੁੰਚਦੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਆਖ਼ਰ ਸਿਲਸਿਲਾ ਸਿੱਖੀ ਨੂੰ ਮਨ-ਭਾਉਂਦਾ ਮੋੜ ਦੇ ਕੇ ਇਸ ਨੂੰ ਗੁਰੂ ਦੁਆਰਾ ਪ੍ਰਮਾਣਿਤ ਸੱਚ ਤੋਂ ਕੋਹਾਂ ਦੂਰ ਲੈ ਜਾਣ ਉੱਤੇ ਮੁੱਕਦਾ ਜਾਪਦਾ ਹੈ। ਇਸ ਸਫ਼ਰ ਦੀਆਂ ਪੈੜਾਂ ਖੋਜਣੀਆਂ ਜ਼ਰੂਰੀ ਹਨ।
    ਜੇ ਸੰਸਾਰ ਦੇ ਪ੍ਰਮੁੱਖ ਧਰਮਾਂ ਦੇ ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਸਮੇਂ ਦੀਆਂ ਸਿਆਸੀ ਸ਼ਕਤੀਆਂ ਧਰਮ ਨੂੰ ਆਪਣੇ ਅਨੁਸਾਰੀ ਮੋੜ ਦੇਣ ਵਿੱਚ ਸਦਾ ਤਤਪਰ ਰਹੀਆਂ ਹਨ_ ਕਈ ਵਾਰ ਸਫ਼ਲ ਵੀ ਹੋ ਚੁੱਕੀਆਂ ਹਨ। ਸੰਤ ਪੀਟਰ ਨੇ ਰੋਮ ਦੇ ਪ੍ਰਭਾਵ ਹੇਠ ਇਸਾਈ ਮੱਤ ਦਾ ਹੁਲੀਆ ਅਤੇ ਆਪਣੇ ਧਰਮ ਗੁਰੂ ਜੀਜਸ ਦਾ ਐਸਾ ਅਕਸ ਵਿਗਾੜਿਆ ਕਿ ਅੱਜ ਤੱਕ ਜੀਜਸ ਦੇ ਸਮਾਜਿਕ ਚਿੰਤਨ ਨੂੰ ਧਰਮ ਦਾ ਅੰਗ ਨਹੀਂ ਬਣਾਇਆ ਜਾ ਸਕਿਆ। ਇਸ ਪਾੜੇ ਕਾਰਨ ਧਰਮ-ਨਿਰਪੱਖ ਰਾਜ ਸਿਰਜਣ ਦਾ ਰੁਝਾਨ ਚੱਲਿਆ ਜੋ ਘਟੋ-ਘੱਟ ਦੋ ਸੰਸਾਰੀ ਯੁੱਧ ਅਤੇ ਐਟਮ ਬੰਬ ਦਾ ਕਹਿਰ ਤਾਂ ਵਰਤਾ ਹੀ ਚੁੱਕਿਆ ਹੈ। ਮਨੂ ਮਹਾਰਾਜ ਨੇ ਹਿੰਦ ਦੇ ਧਰਮ ਵਿੱਚ ਛੂਤ-ਛਾਤ, ਸੁੱਚ-ਭਿੱਟ, ਊਚ-ਨੀਚ, ਵਰਣ-ਵਿਵਸਥਾ ਦਾ ਉਹ ਬੀਜ ਬੀਜਿਆ ਜਿਸ ਦੀ ਭੇਟਾ ਕਰੋੜਾਂ ਲੋਕ ਚੜ ਚੁੱਕੇ ਹਨ ਅਤੇ ਅਜੇ ਹੋਰ ਕਰੋੜਾਂ ਨੇ ਸੰਤਾਪ ਹੰਢਾਉਣਾ ਹੈ। ‘‘ਮਿਹਰ ਮਸੀਤ’’ ਵਾਲੇ ਸ਼ਬਦ ਰਾਹੀਂ ਗੁਰੂ ਇਸ਼ਾਰਾ ਕਰਦੇ ਹਨ ਕਿ ਸਿਆਸਤ ਨੇ ਇਸਲਾਮ ਦੇ ਚਿਹਰੇ-ਮੋਹਰੇ ਨੂੰ ਖ਼ੂਬ ਵਿਗਾੜਿਆ ਹੈ। ਇਹੋ ਗਵਾਹੀ ਪੰਜਵੇਂ ਜਾਮੇ ਵਿੱਚ ‘‘ਮੁਸਲਮਾਨ ਮੋਮ ਦਿਲ ਹੋਵੇ’’ ਵਾਲੇ ਸ਼ਬਦ ਵਿੱਚ ਸਤਿਗੁਰੂ ਦੇ ਰਹੇ ਹਨ। ਅੰਗ੍ਰੇਜ਼ਾਂ ਨੇ ਆਪਣੇ ਵਿਆਪਕ ਸਾਮਰਾਜ ਵਿੱਚ ਧਰਮਾਂ ਨੂੰ ਪ੍ਰਭਾਵਤ ਕਰਨ ਲਈ ਅਨੇਕ ਫ਼ਿਰਕੇ ਚਲਾਏ ਜਿਨਾਂ ਦਾ ਮਾਰੂ ਅਸਰ ਅਜੇ ਤੱਕ ਜਾਰੀ ਹੈ। ਇਹਨਾਂ ਵਿੱਚੋਂ ਅਹਿਮਦੀਆਂ, ਬਹਾਈ, ਨਿਰੰਕਾਰੀ, ਰਾਧਾਸੁਆਮੀ ਕੁਝ ਕੁ ਹਨ। ਇਸ ਤਰਜ਼ ਉੱਤੇ ਹਿੰਦ ਦੇ ਸੂਬੇ ਪੰਜਾਬ ਵਿੱਚ ਇੱਕ ਨਵਾਂ-ਨਕੋਰ ਤਜ਼ਰਬਾ ਜਾਰੀ ਹੈ ਅਤੇ ਸਿੱਖ ਧਰਮ ਨੂੰ ਹਾਕਮਾਂ ਦੇ ਸਿਆਸੀ ਅਮਲ ਅਨੁਸਾਰ ਢਾਲਣ ਵਿੱਚ ਕਾਫ਼ੀ ਤਰੱਕੀ ਕਰ ਚੁੱਕਿਆ ਹੈ।
    ਇਸ ਦੀਆਂ ਕਨਸੋਆਂ ਤਾਂ 1947 ਤੋਂ ਫ਼ਿਜ਼ਾ ਨੂੰ ਗੰਧਲਾ ਕਰ ਰਹੀਆਂ ਸਨ ਪਰ ਇਸ ਦੀ ਸ਼ੁਰੂਆਤ ਅਕਾਲੀ ਦਲ ਦੇ ਧਰਮਯੁੱਧ ਮੋਰਚੇ ਤੋਂ ਹੁੰਦੀ ਦਿੱਸ ਆਉਂਦੀ ਹੈ। ਇਸ ਦੀਆਂ ਜੜਾਂ ਦਿਖਾਵੇ ਲਈ ਘੜੇ ਸੰਵਿਧਾਨ ਨੂੰ ਵਿਸਾਰ ਕੇ ਮਨੂਸਿਮ੍ਰਤੀ ਅਨੁਸਾਰ ਸਮਾਜ ਸਿਰਜਣ ਦੇ ਨਾਪਾਕ ਇਰਾਦੇ ਵਿੱਚ ਵੱਧਦੀਆਂ-ਫੁਲਦੀਆਂ ਨਜ਼ਰ ਆਉਂਦੀਆਂ ਹਨ। ਮਨੂਸਿਮ੍ਰਤੀ ਦਾ ਮੰਤਵ ਨਾ-ਬਰਾਬਰੀ ਦਾ ਸਮਾਜ ਸਿਰਜਣਾ ਸੀ ਤਾਂ ਕਿ ਚੰਦ ਰਾਜ ਕਰਦੇ ਲੋਕ/ਵਰਗ ਪੁਸ਼ਤ ਦਰ ਪੁਸ਼ਤ ਬਿਨਾਂ ਵਿਰੋਧ ਦੇ ਰਾਜਸੀ ਸੱਤਾ ਬਿਨਾ ਵਿਰੋਧ ਦੇ ਹੰਢਾ ਸਕਣ। ਇਹ ਵੱਡੀ ਸਮਾਜ-ਘਾਤਕ ਕਮਜ਼ੋਰੀ ਸੀ ਜਿਸ ਨੇ ਪਹਿਲਾਂ ਵੀ ਕੁਝ ਸਦੀਆਂ ਵਿੱਚ ਹੀ ਹਿੰਦ ਦੇ ਲੋਕਾਂ ਨੂੰ ਇੰਨਾ ਨਿਹੱਥਲ ਕਰ ਦਿੱਤਾ ਸੀ ਕਿ ਉਹ ਦਹਸਦੀਆਂ ਲਈ ਗ਼ੁਲਾਮ ਬਣ ਕੇ ਰਹਿ ਗਏ। ਗ਼ੁਲਾਮੀ ਵਿੱਚ ਵੀ ਉਹਨਾਂ ‘ਉੱਚ’ ਵਰਗਾਂ’ ਦੀ ਸਰਦਾਰੀ ਸ਼ਾਸਕਾਂ ਨੇ ਆਪਣੀ ਸਹੂਲਤ ਲਈ ਅਮਲ ਵਿੱਚ ਕਾਇਮ ਰੱਖੀ ਤਾਂ ਕਿ ਜ਼ਰ ਖ਼ਰੀਦਾਂ ਰਾਹੀਂ ਰਾਜਸੀ ਸੱਤਾ ਨੂੰ ਬੇ-ਰੋਕ ਟੋਕ ਮਾਣਿਆ ਜਾ ਸਕੇ। ਮਨੂ ਮਹਾਰਾਜ ਦੀ ਕਿਰਪਾ ਗ਼ੁਲਾਮੀ ਦੀ ਹਾਲਤ ਵਿੱਚ ਵੀ ਆਪਣਾ ਕੰਮ ਕਰਦੀ ਰਹੀ। ਅਜੋਕੀ ਅੰਤਰਰਾਸ਼ਟ੍ਰੀ ਸਥਿਤੀ ਵਿੱਚ ਇਹ ਵਰਗ ਸਮਝਦੇ ਹਨ ਕਿ ਕਿਸੇ ਮੁਲਕ ਉੱਤੇ ਸਾਮਰਾਜ ਕਾਇਮ ਕਰ ਸਕਣਾ ਸੰਭਵ ਨਹੀਂ ਅਤੇ ਜੇ ਹੋ ਵੀ ਜਾਵੇ ਤਾਂ ਵੀ ਇਹਨਾਂ ਦੀ ਟੁੱਕੜ-ਬੋਚ ਵਿਚੋਲਿਆਂ ਦੇ ਤੌਰ ਉੱਤੇ ਲੋੜ ਸਦਾ ਵਾਂਗ ਕਾਇਮ ਰਹੇਗੀ। ਇਹ ਸਮਝਦੇ ਹਨ ਕਿ ਸੰਵਿਧਾਨ ਨੂੰ ਝਕਾਨੀ ਦੇ ਕੇ, ਜਿਸ ਕਰਮ ਦੇ ਇਹ 65 ਸਾਲਾਂ ਵਿੱਚ ਮਾਹਰ ਬਣ ਚੁੱਕੇ ਹਨ, ਨਵੇਂ ਰਾਜ ਘਰਾਣੇ ਸਿਰਜ ਕੇ ਉੱਚ ਵਰਗਾਂ ਦੀ ਸੱਤਾ ਕਾਇਮ ਰੱਖੀ ਜਾ ਸਕਦੀ ਹੈ_ ਚਾਹੇ ਆਰਜ਼ੀ ਤੌਰ ਉੱਤੇ ਰਾਜ ਘਰਾਣਿਆਂ ਵਿੱਚ ਕੁਝ ਕੁ ਨੀਮ-ਸ਼ੂਦਰਾਂ ਨੂੰ ਵੀ ਥਾਂ ਦੇਣੀ ਪਵੇ।
    ਸੱਤਾ ਨੂੰ ਚੰਦ ਵਰਗਾਂ ਤੱਕ ਸੀਮਤ ਕਰਨ ਦਾ ਅਮਲ ਹਿੰਦ ਕਈ ਦਹਸਦੀਆਂ ਹੰਢਾ ਚੁੱਕੀ ਹੈ ਅਤੇ ਇਸ ਦੇ ਨਾਕਾਰਾਤਮਕ ਸਿੱਟਿਆਂ ਦਾ ਸੰਤਾਪ ਅਜੇ ਭੋਗ ਰਹੀ ਹੈ। ਇਸ ਦੇ ਕਈ ਅਤਿ ਦੁੱਖਦਾਈ ਪਹਿਲੂ ਹਨ ਜਿਨਾਂ ਬਾਰੇ ਜਾਣਕਾਰੀ ਕਿਸੇ ਹੱਦ ਤੱਕ ਧੁੰਦਲੀ ਪੈ ਚੁੱਕੀ ਹੈ। ਸੰਵਿਧਾਨ, ਵੋਟ-ਅਧਿਕਾਰ, ਮਨੁੱਖੀ ਅਧਿਕਾਰ ਸੰਸਥਾਵਾਂ, ਸੁਤੰਤਰ ਨਿਆਂਪਾਲਿਕਾ, ਆਜ਼ਾਦ ਮੀਡੀਆ ਆਦਿ ਦੇ ਝਾਂਸਿਆਂ ਨਾਲ ਇਸ ਪਹਿਲੂ ਉੱਤੇ ਅੱਜ ਕਈ ਪਰਦੇ ਪੈ ਸਕਦੇ ਹਨ ਅਤੇ ਪਾਏ ਜਾ ਚੁੱਕੇ ਹਨ। ਵੋਟਾਂ ਦਾ ਝੰਜਟ ਜਿੰਨੀ ਦੇਰ ਤੱਕ ਨਿਯੰਤ੍ਰਣ ਵਿੱਚ ਨਹੀਂ ਲਿਆਂਦਾ ਜਾ ਸਕਦਾ ਓਨੀ ਦੇਰ ਤੱਕ ਨਸ਼ੇ, ਸ਼ਰਾਬ, ਅੰਨ, ਸਾਈਕਲ, ਬਾਲਟੀਆਂ, ਸਿਲਾਈ ਮਸ਼ੀਨਾਂ ਅਤੇ ਪੈਸੇ ਵੰਡ ਕੇ ਕੰਮ ਚਲਾਉਣ ਦਾ ਆਰਜ਼ੀ ਤਜ਼ਰਬਾ ਅਜੇ ਸਭ ਪਾਸੇ ਅਜ਼ਮਾਇਆ ਜਾ ਰਿਹਾ ਹੈ। ਜਦੋਂ ਇਹ ਮਹਾਂਮਾਰੀ ਬਣ ਗਿਆ ਤਾਂ ਕੁਲੀਨ ਵਰਗ ਅਧੀਨ ਮੀਡੀਆ ਡੌਂਡੀ ਪਿੱਟੇਗਾ ਕਿ ਇਹ ਵੋਟਰ ਇੰਨੇ ਸਸਤੇ ਵਿਕਣ ਲੱਗ ਪਏ ਹਨ ਕਿ ਹੁਣ ਮਤਾਧਿਕਾਰ ਹੀ ਬੇ-ਮਾਅਨਾ ਹੋ ਗਿਆ ਹੈ। ਤਦ ਸਹਿਜੇ ਹੀ ਪ੍ਰਣਾਲੀਆਂ ਬਦਲ ਲਈਆਂ ਜਾਣਗੀਆਂ। ਜਨਤਾ ਨੂੰ ਕਾਬੂ ਕਰਨ ਦੇ ਅਤੇ ‘ਸ਼ਾਤਮਈ’ ਰੱਖਣ ਦੇ ਨਵੇਂ ਤਰੀਕੇ ਈਜਾਦ ਕਰ ਲਏ ਜਾਣਗੇ। ਜਿਨਾਂ ਵਰਗਾਂ ਨੂੰ ਵੋਟ ਹੱਕ ਤੋਂ ਵਾਂਝਾ ਕਰ ਦਿੱਤਾ ਜਾਵੇਗਾ, ਉਨਾਂ ਨੂੰ ਰਾਜ ਵਿੱਚ ਭਾਗੀਦਾਰ ਬਣਾਉਣ ਦੀ ਲੋੜ ਖ਼ਤਮ ਹੋ ਜਾਵੇਗੀ। ਮਨੂ ਮਹਾਰਾਜ ਫ਼ੇਰ ਸਿੰਘਾਸਣ ਉੱਤੇ ਬਿਰਾਜਮਾਨ ਹੋ ਕੇ ਚੰਮ ਦੀਆਂ ਚਲਾਉਣਗੇ। ਇਹ ਮੰਜ਼ਰ ਇੰਨਾਂ ਖੌਫ਼ਨਾਕ ਹੈ ਕਿ ਇਸ ਦਾ ਤਸੱਵਰ ਵੀ ਪਿੰਡੇ ਨੂੰ ਸੁੰਨ ਕਰ ਜਾਂਦਾ ਹੈ। ਕਿਤੇ ਇਸ ਨਾਟਕ ਦਾ ਮੰਚਨ ਸ਼ੁਰੂ ਤਾਂ ਨਹੀਂ ਹੋ ਚੁੱਕਿਆ? ਕਿਤੇ ਇਹ ਅੱਧਵਾਟੇ ਤਾਂ ਨਹੀਂ ਪਹੁੰਚ ਚੁੱਕਿਆ?
    ਘੱਟੋ-ਘੱਟ ਪੰਜਾਬ ਦੇ ਸੰਦਰਭ ਵਿੱਚ ਤਾਂ ਇਸ ਦੀ ‘ਆਦਮ-ਬੋ, ਆਦਮ-ਬੋ’ ਹਰ ਗਲੀ-ਮੁਹੱਲੇ ਵਿੱਚ ਸੁਣੀ ਜਾ ਰਹੀ ਹੈ। ਸੰਵਿਧਾਨ ਦੇ ਪਿੰਜਰ ਵੀ ਦਰਿਆਵਾਂ ਦੇ ਪਾਣੀ ਵਾਂਗ ਸੁੱਕ ਚੁੱਕੇ ਹਨ। ਅਣਖੀ ਗੱਭਰੂਆਂ ਨੂੰ ਬਿੱਲੇ ਲਾਉਣ ਦੇ ਅਤੇ ਬਾਕੀਆਂ ਨੂੰ ਮੁੰਦਰਾਂ ਪਵਾ ਕੇ ਬਾਂਦਰ-ਟਪੂਸੀਆਂ ਮਰਵਾਉਣ ਦੇ ਪੱਕੇ ਇੰਤਜ਼ਾਮ ਹੋ ਚੁੱਕੇ ਹਨ। ਜਬਰੀ ਠੇਕਿਆਂ ਦਾ ਅਮਲ ਹੁਣ ਘੋੜਿਆਂ, ਊਠਾਂ , ਬਲਦਾਂ ਨੂੰ ਨਾਲਾਂ ਦੇਣ ਵਾਂਗ ਹੱਥ-ਪੈਰ ਬੰਨ ਕੇ ਬੋਤਲਾਂ ਗਲਾਂ ਵਿੱਚ ਉਧੇਲਣ ਨਾਲ ਆਪਣੇ ਅੰਜਾਮ ਤੱਕ ਲੈ ਜਾਇਆ ਜਾਵੇਗਾ ਜਿਸ ਦੇ ਆਸਾਰ ਹੁਣ ਨਜ਼ਰ ਆਉਣ ਲੱਗ ਪਏ ਹਨ। ਅਜੇ ਕੱਲ ਦੀ ਗੱਲ ਹੈ ਕਿ ਫ਼ੌਜਾਂ ਇਹਨਾਂ ਨਾਲ ਲੋਹਾ ਲੈਣ ਤੋਂ ਕੰਨੀ ਕਤਰਾਉਂਦੀਆਂ ਸਨ। ਮਹਿਜ਼ ਤੀਹ ਸਾਲਾਂ ਵਿੱਚ ਸਿੰਘ ਬਿੱਲੀ ਕਿਵੇਂ ਬਣੇ_ ਇਹ ਮੌਜਜ਼ੇ ਦੇ ਮੂਰਤੀਮਾਨ ਹੋਣ ਦੀ ਕਥਾ ਵੀ ਓਨੀਂ ਹੀ ਦਿਲਚਸਪ ਹੈ ਜਿੰਨੀ ਦੁੱਖਦਾਈ ਹੈ।
    ਪਿਛਲੇ ਦੌਰ ਦੀ ਗੱਲ ਅਜੇ ਵਿਸਰੀ ਨਹੀਂ। ਉਹਨਾਂ ਸਮਿਆਂ ਵਿੱਚ ਇੱਕ ਦਿਨ ਆਇਆ ਸੀ। ਐਨ ਜਦੋਂ ਮਨੂ ਦੀ ਮਰਜ਼ੀ ਨੂੰ ਫਲ਼ ਲੱਗਣ ਹੀ ਵਾਲੇ ਸਨ, ਐਮਰਜੰਸੀ ਨੇ ਸਭ ਦੀਆਂ ਆਕੜਾਂ ਭੰਨ ਦਿੱਤੀਆਂ ਸਨ। ਸਮਾਜ ਗ਼ੁਲਾਮ ਵੰਸ਼ ਦੇ ਰਾਜ ਨੂੰ ਸੁਰਜੀਤ ਕਰਨ ਵੱਲ ਵੱਡੀਆਂ ਪੁਲਾਂਘਾਂ ਪੁੱਟ ਕੇ ਵੱਧ ਰਿਹਾ ਸੀ। ਫੇਰ ‘‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ,’’ ਦਾ ਬੋਲਾ ਸੰਭਾਲਣ ਵਾਲੇ ਗੁਰੂ ਕੇ ਸਿੱਖ ਉੱਠੇ। ਐਮਰਜੰਸੀ ਦੇ ਲਾਗੂ ਰਹਿਣ ਦੇ ਹਰ ਦਿਨ ਇਸ ਦਾ ਵਿਰੋਧ ਕਰ ਕੇ ਉਹਨਾਂ ਆਪਣੀ ਰੀਤ ਮੁਤਾਬਕ ਲੋਕਾਂ ਦੇ ਹੱਕ ਵਿੱਚ ਪਾਸਾ ਪਲਟ ਦਿੱਤਾ। ਫ਼ੇਰ ਤਖ਼ਤਾਂ-ਤਾਜਾਂ ਦੇ ਚਾਹਵਾਨਾਂ ਨੇ ਪੈਂਤੜਾ ਬਦਲਿਆ। ਪਹਿਲਾਂ ਸਿੱਖ ਕੌਮ ਨੂੰ ਹੀ ਮਲੀਆਮੇਟ ਕਰਨ ਦਾ ਮਨਸੂਬਾ ਬਣਿਆ।
    ਨਵੇਂ ਪੈਤੜੇ ਅਨੁਸਾਰ, ਸਿੱਖ ਕੌਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਓਹ ਸਨ ਜੋ ਅਦਲੀ ਪ੍ਰਭੂ ਨੂੰ ਸੱਚੇ ਤਖ਼ਤ ਉੱਤੇ ਬੈਠਾ ਵੇਖਦੇ ਸਨ ਅਤੇ ਉਸ ਦੀ ਸੁੱਚੀ ਬਾਦਸ਼ਾਹੀ ਦੇ ਹਰ ਇਸਤਰੀ, ਮਰਦ ਨੂੰ ‘ਹੰਨੇ ਹੰਨੇ ਮੀਰ’ ਜਾਣਦੇ ਸਨ। ਇਹ ਸਮਾਜਿਕ, ਧਾਰਮਿਕ, ਸਿਆਸੀ ਗ਼ੁਲਾਮੀ ਦੇ ਵਿਰੋਧ ਵਿੱਚ ਤਣ ਕੇ ਖੜੇ ਸਨ। ਸਾਹਿਬਾਂ ਦੇ ਬਚਨਾਂ ਨੂੰ ਜਗਤ-ਕਲਿਆਣਕਾਰੀ ਜਾਣ ਕੇ ਆਪਣੇ ਸਿਰ ਨਾਲ ਪੁਗਾਉਣ ਦੀਆਂ ਵਿਉਂਤਾਂ ਬਣਾਈ ਬੈਠੇ ਸਨ। ਇਹਨਾਂ ਨੂੰ ਉਹ ‘ਮਿਹਰਵਾਣ’ ਦਾ ਰਾਜ ਭਾਉਂਦਾ ਸੀ ਜਿਸ ਵਿੱਚ ਕੋਈ ਕਿਸੇ ਉੱਤੇ ਜ਼ੁਲਮ ਨਾ ਕਰ ਸਕੇ ਅਤੇ ਸਭ ਗੁਰੂ-ਪ੍ਰੇਮਸ਼ਰ ਦੀ ਗੋਦ ਵਿੱਚ ਨਿਰਭੈ-ਨਿਸ਼ੰਗ ਹੋ ਕੇ ਖੇਡਣ, ਮੌਲਣ ਅਤੇ ਸਮਰੱਥਾ ਅਨੁਸਾਰ ਚੜਦੇ ਚੰਨ ਵਾਂਗ ਤਰੱਕੀਆਂ ਕਰਨ। ਇਹਨਾਂ ਉਪਰ ਸੌ-ਸੌ ਬਹਾਨੇ ਬਣਾ ਕੇ, ਗੁੰਝਲਦਾਰ ਮੱਕੜ-ਜਾਲ ਤਣ ਕੇ, ਅਕ੍ਰਿਤਘਣਤਾ ਦੇ ਸਭ ਹੰਦਾਂ-ਬੰਨੇ ਤੋੜ ਕੇ ਫ਼ੌਜਾਂ ਚਾੜੀਆਂ ਗਈਆਂ ਅਤੇ  ਲਾ ਮਿਸਾਲ ਕਹਰ ਵਰਤਾ ਕੇ ਇਹਨਾਂ ਨੂੰ ਖ਼ਤਮ ਕਰ ਦਿੱਤਾ ਗਿਆ।
    ਕੁਝ ਉਹ ਸਨ ਜੋ ‘ਬਾਬਰ ਬ-ਐਸ਼ ਕੋਸ਼ ਕਿ ਆਲਮ ਦੁਬਾਰਾ ਨੇਸਤ’ ਦੇ ਧਾਰਨੀ ਸਨ। ਇਹਨਾਂ ਲਈ ਸੱਚ ਦੀ ਸਹਿਨਸ਼ਾਹੀ, ਨਿਆਂ ਦਾ ਬੋਲਬਾਲਾ, ਮਨੁੱਖੀ ਬਰਾਬਰੀ, ਨਿਮਾਣਿਆਂ ਦੇ ਮਾਣ ਬਣ ਉੱਭਰਨਾ, ‘‘ਨੀਚਾਂ ਅੰਦਰ ਨੀਚ’’ ਅਖਵਾਉਣਾ ਆਦਿ ਸਭ ਪਵਿੱਤ੍ਰ ਸੰਕਲਪ ਮਹਿਜ਼ ਸ਼ਬਦ ਸਨ। ਇਹ ਤਖ਼ਤਾਂ ਹੇਠ ਪੀਹੜੀਆਂ ਡਾਹ ਕੇ ਸੱਤਾ ਦੇ ਪਰਛਾਵੇਂ ਹੰਢਾਉਣ ਦੇ ਹਾਮੀ ਸਨ। ਸੱਜਣ ਦੇਸ਼ ਦੇ ਸੁਨੇਹੜੇ ਇਹਨਾਂ ਕਦੀ ਨਾ ਸੁਣੇ ਸਨ, ਨਾ ਇਹਨਾਂ ਦੇ ਤਸੱਵਰ ਵਿੱਚ ਸਨ। ਧਰਤੀ ਦੇ ਤਖ਼ਤੇ ਉੱਤੇ ਸੱਚਾਈ ਇਹ ਸੀ ਕਿ ਸਿੱਖ ਕੇਵਲ ਭਾਰਤ ਦੀ ਆਬਾਦੀ ਦਾ ਦੋ ਪ੍ਰਤਿਸ਼ਤ ਹਨ, ਇਹਨਾਂ ਵਿੱਚੋਂ ਮਸਾਂ ਅੱਧੇ ਕੁ ‘ਹੰਨੇ ਹੰਨੇ ਮੀਰ’ ਦਾ ਸੁਪਨਾ ਵੇਖਣ ਦੇ ਕਾਬਲ ਸਨ; ਵਿਰੋਧ ਵਿੱਚ ਕੰਨਿਆਕੁਮਾਰੀ ਤੱਕ ਅਣਗਿਣਤ ਲੋਕ ਖੜੇ ਨਜ਼ਰ ਆਏ।
    ਇਹ ਸੀ ਸ਼ੁਰੂਆਤ ਖ਼ਾਲਸੇ ਦੀ ਰਹਿਤ ਨੂੰ, ਦਸਮੇਸ਼ ਦੇ ਅੰਮ੍ਰਿਤ ਨੂੰ ਅਤੇ ਗੁਰੂ ਗ੍ਰੰਥ ਦੇ ਸਰਬ-ਕਲਿਆਣਕਾਰੀ ਉਪਦੇਸ਼ ਨੂੰ ਧਰਤੀ ਉੱਤੋਂ ਮਨਫ਼ੀ ਕਰਨ ਦੀ ਯੋਜਨਾ ਨੂੰ ਜੀ ਆਇਆਂ ਆਖ਼ਣ ਦੀ। ਤੀਲਿਆਂ ਵਾਲੇ ਕਾਨਿਆਂ ਵਾਲਿਆਂ ਨੂੰ ਗਲ਼ੇ ਲੱਗ ਕੇ ਮਿਲੇ ਜੈਸੇ ਭਾਈ ਨੂੰ ਭਾਈ। ਏਜੰਡਾ ਬਹੁਤ ਵਸੀਹ ਸੀ। ਹੁਣ ਤਾਂ ਅਮਲ ਦੇ ਨਤੀਜੇ ਵੀ ਨਿਕਲਣੇ ਸ਼ੁਰੂ ਹੋ ਗਏ ਹਨ। ਪੁਲਿਸੀਏ ਵਿਚਾਰੇ ਤਾਂ ਫ਼ੀਤੀਆਂ ਪਿੱਛੇ ਕਈ-ਕਈ ਕਤਲ ਕਰ ਚੁੱਕੇ ਸਨ; ਇਹਨਾਂ ਕੋਲੋਂ ਹਰ ਮੌਕੇ ਨੌਜਵਾਨਾਂ ਦੀਆਂ ਪੱਗਾਂ ਲੁਹਾਉਣੀਆਂ ਕਿੰਨਾ ਕੁ ਮੁਸ਼ਕਲ ਸੀ? ਰਹਿੰਦੀ ਕਸਰ ਘੋਨ-ਮੋਨ ਨਕਲੀ ਸ਼ਹੀਦਾਂ ਨੂੰ ਮਹਾਨ ਸ਼ਹੀਦ ਪ੍ਰਚਾਰ ਕੇ ਪੂਰੀ ਕਰ ਲਈ ਗਈ। ਪੰਜ ਕਮਜ਼ੋਰ ਸਿੱਖਾਂ ਨੂੰ ਸਥਾਈ ਪੰਜ ਪਿਆਰੇ ਥਾਪ ਕੇ ਗੁਰੂ ਗ੍ਰੰਥ ਤੋਂ ਲੋਕਾਂ ਨੂੰ ਦੂਰ ਲੈ ਜਾਣ ਦੀ, ਪੰਥ-ਦਰਦੀ ਪ੍ਰਚਾਰਕਾਂ ਨੂੰ ਪੰਥ ਵਿੱਚੋਂ ਛੇਕਣ ਦੀ ਚੰਦਰੀ ਰੀਤ ਚਲਾਈ ਗਈ। ਦਲੀਪ ਸਿੰਘ ਨੂੰ ਅਭਿਮੱਨਯੂ ਵਾਂਗੂੰ ਗ਼ੈਰਾਂ ਦੇ ਚੱਕ੍ਰਵਿਯੂਹ ਵਿੱਚ ਘੇਰ ਕੇ ਕੇਸ ਕਤਲ ਕਰਵਾਉਣ ਦੀ ਹੱਲਾਸ਼ੇਰੀ ਦਿੱਤੀ ਗਈ। ਵੱਡੇ ਅਪ੍ਰੇਸ਼ਨ ਤੋਂ ਪਹਿਲਾਂ ਬੇਹੋਸ਼ੀ ਦੀ ਦਵਾਈ ਦੇ ਤੌਰ ਉੱਤੇ ਮਣਾਂਮੂਹੀ ਭੁੱਕੀ, ਅਫ਼ੀਮ, ਹੈਰੋਈਨ ਆਦਿ ਪੰਜਾਬ ਵਿੱਚ ਝੋਕੇ ਗਏ। ਸ਼ਰਾਬ ਦੇ ਠੇਕਿਆਂ ਦੀਆਂ ਬਹਾਰਾਂ ਹਰ ਗਲ਼ੀ ਦੇ ਮੋੜ ਉੱਤੇ ਸਜਾਈਆਂ ਗਈਆਂ । ਨੌਜਵਾਨਾਂ ਦੀ ਜ਼ਮੀਰ ਕਤਲ ਕਰਨ ਲਈ ਬੇਰੁਜ਼ਗਾਰੀ ਦੀ ਮਹਾਂਮਾਰੀ ਨੂੰ ਖੁੱਲੀ ਛੁੱਟੀ ਦਿੱਤੀ ਗਈ। ਬਲਦੀ ਤੇ ਤੇਲ ਪਾਇਆ ਮੁੰਦਰਾਂ ਵਾਲੇ ਜੋਗੀਆਂ-ਸੂਫ਼ੀਆਂ ਨੇ। ਇਹਨਾਂ ਨੇ ਲੱਚਰਤਾ ਪ੍ਰਸਾਰਨ ਲਈ ਦੋ-ਮੂੰਹੇ ਸ਼ਬਦਾਂ ਵਿੱਚ ਗੀਤ ਰਚ ਕੇ ਭੈਣਾਂ, ਨਾਬਾਲਗ ਬੱਚੀਆਂ, ਬੀਬੀਆਂ ਦੀਆਂ ਕੁੜਤੀਆਂ, ਚੋਲੀਆਂ ਹੇਠ ਤੱਕ ਬੁਰੀਆਂ ਨਜ਼ਰਾਂ ਨੂੰ ਪੁਚਾਇਆ। ਗਿੱਧਾ ਪਾਉਂਦੇ ਬਾਬੇ ਤਾਂ ਪੰਜਾਬ ਨੇ ਵੇਖੇ ਸਨ, ਹੁਣ ਨੂੰਹਾਂ-ਧੀਆਂ ਸਮੇਤ ਨੰਗੇ ਨਾਚ ਨਿਹਾਰਦੇ ਵੇਖ ਕੇ ਸੱਭਿਅਤਾ ਵੀ ਸ਼ਰਮਸਾਰ ਹੋਈ। ਚਰਿਤ੍ਰੋਪਖਿਆਨ ਦੇ ਪ੍ਰਚਾਰ ਲਈ ਇਹਨਾਂ ਦੇ ਸਹਿਯੋਗੀਆਂ ਨੇ ਕਰੋੜਾਂ ਰੁਪੈ ਖਰਚੇ।
    ਜੇ ਅਜਿਹਾ ਕਰਨ ਵਾਲਿਆਂ ਨੂੰ ਮੌਕਾ ਸ਼ਨਾਸ, ਸਿਆਸੀ ਤਾਕਤ ਦੇ ਭੁੱਖੇ ਆਦਿ ਆਖ ਕੇ ਕੰਮ ਨਾ ਸਾਰਿਆ ਜਾਵੇ ਤਾਂ ਇਹਨਾਂ ਨੂੰ ਸਮਝਣ ਲਈ ਗੰਭੀਰ ਮੁਤਾਲਿਆ ਦੀ ਲੋੜ ਪੈਂਦੀ ਹੈ। ਸ਼ਾਇਦ ਇਹ ਇਮਾਨਦਾਰੀ ਨਾਲ ਇਸ ਧਾਰਨਾ ਤੋਂ ਕਾਇਲ ਹਨ ਕਿ ਗੁਰੂ ਗ੍ਰੰਥ ਦਾ ਉਪਦੇਸ਼, ਅੰਮ੍ਰਿਤ ਦੀ ਦਾਤ, ਖ਼ਾਲਸੇ ਦੀ ਰਹਿਤ ਅਤੇ ਇਹਨਾਂ ਵਿੱਚ ਸਮਾਏ ਸਿੱਖੀ ਦੇ ਸਿਆਸੀ ਸਰੋਕਾਰ (ਜਿਨਾਂ ਨੂੰ ਨਿਰੂਪਣ ਕਰਨ ਦੀ ਅਸੀਂ ਕਦੇ ਜ਼ਹਮਤ ਨਹੀਂ ਉਠਾਈ) ਅੱਜ ਦੇ ਜ਼ਮਾਨੇ ਦੀ ਹਿੰਦ ਦੀ ਸਿਆਸੀ ਗਤੀ ਵਿੱਚ ਪ੍ਰਭਾਵ ਪਾਉਣ ਦੇ ਕਾਬਲ ਨਹੀਂ ਰਹੇ। ਸ਼ਾਇਦ ਅਸਾਡੇ ਇਹ ਨੇਤਾ ਸਮਝਦੇ ਹਨ ਕਿ ਅਜਿਹੇ ‘ਅਣਸੁਖਾਵੇਂ’ ਸੰਕਲਪਾਂ ਨੂੰ ਤਿਲਾਂਜਲੀ ਦੇਣ ਨਾਲ ਪੰਜਾਬ ਦੇ ਜਾਏ ਕੁਝ ਕੁ ਪੀੜੀਆਂ ਸੰਘਰਸ਼ ਰਹਿਤ, ਦੁੱਖ ਰਹਿਤ ਜੀਵਨ ਜਿਉਂ ਸਕਣ। ਇੱਜ਼ਤਾਂ, ਅਣਖਾਂ, ਅਧਿਆਤਮ ਦੀ ਖਿੱਚ, ਅਣਖ ਦੀ ਧੂਅ ਨੂੰ ਵਿਸਾਰ ਕੇ ਹਿੰਦੀ ਗ਼ੁਲਾਮੀ ਵਿੱਚ ਹਜ਼ਾਰਾਂ ਸਾਲ ਚੈਨ ਦੀ ਜ਼ਿੰਦਗੀ ਬਤੀਤ ਕਰ ਚੁੱਕੇ ਹਨ। ਇਹਨਾਂ ਦੇ ਤਸੱਵਰ ਅਨੁਸਾਰ ਸ਼ਾਇਦ ਇਹੋ ਰਾਹ ਹੈ ਸੰਸਾਰ ਉੱਤੇ ਜਿਉਣ ਦਾ। ਜੇ ਇਹਨਾਂ ਦੀਆਂ ਧਾਰਨਵਾਂ ਠੀਕ ਹਨ ਤਾਂ ਬਿਨਾਂ ਹੋਰ ਖ਼ੂਨ-ਖ਼ਰਾਬੇ ਦੇ ਇਸੇ ਰਾਹ ਪੈ ਜਾਣ ਵਿੱਚ ਸਭ ਦਾ ਭਲ਼ਾ ਹੈ। ਹੁਣ ਗੁੱਝੀ ਰਿੰਨਣ ਦਾ ਸਮਾਂ ਨਹੀਂ; ਇਹ ਆਪਣਾ ਪੱਖ ਜੱਗ-ਜ਼ਾਹਰ ਕਰਨ ਅਤੇ ਸ਼ਿਖੰਡੀ ਦੀ ਓਟ ਲੈ ਕੇ ਬਾਣ ਦਾਗਣੇ ਬੰਦ ਕਰਨ। ਇਹ ਜ਼ਹਿਰ-ਸਿੰਜੇ ਬਾਣ ਇਹਨਾਂ ਦੇ ਨਹੀਂ, ਕਿੰਨਾਂ ਹੋਰ ਭੱਥਿਆਂ ਦੇ ਹਨ।
ਦੂਜਾ ਪੱਖ ਜਿਸ ਨੂੰ ਕਲਗ਼ੀ ਦਾ ਝਲਕਾਰਾ, ਪ੍ਰੇਮ ਖੇਲਣ ਦਾ ਚਾਉ, ਨਿਰੰਕਾਰ ਦੇ ਦੇਸ਼ ਦੀਆਂ ਠੰਡੀਆਂ ਹਵਾਵਾਂ, ਗੁਰੂ ਗ੍ਰੰਥ ਦੇ ਉਪਦੇਸ਼, ਪ੍ਰੋਪਕਾਰੀ ਜੀਵਨ, ਰਣਜੀਤ ਨਗਾਰੇ, ਡੱਗੇ, ਤੰਦਾਂ ਬਣ ਆਪਣੇ ਵੱਲ ਖਿੱਚ ਰਹੇ ਹਨ; ਉਹ ਵੀ ਗੂੰਗੇ ਦੀ ਮਠਿਆਈ ਦਾ ਰਸ ਮਾਨਣਾ ਛੱਡਣ। ਆਪਣੇ ਸੁਹਣੇ ਅਕੀਦੇ ਮਖ਼ਮਲ਼ੀ ਰੁਮਾਲਿਆਂ ਵਿੱਚ ਵਲੇਟ ਕੇ ਲੋਕਾਂ ਦੇ ਸਾਹਮਣੇ ਰੱਖਣ ਤਾਂ ਕਿ ਸੰਸਾਰ ਨਵੇਂ ਜੰਮੇ ਬੱਚਿਆਂ ਦੀਆਂ ਮੁਸਕਾਨਾਂ ਵਾਂਗ ਇਹਨਾਂ ਨੂੰ ਪਿਆਰੇ, ਦੁਲਾਰੇ ਅਤੇ ਇਹਨਾਂ ਉੱਤੋਂ ਵਾਰੇ-ਵਾਰੇ ਜਾਵੇ। ਕੌਡੀਆਂ ਬਦਲੇ ਲਾਲ ਵਗਾਹ ਕੇ ਮਾਰਨ ਦੇ ਕੁਲਹਿਣੇ ਵਰਤਾਰੇ ਨੂੰ ਸਮੇਟਣ ਵਿੱਚ ਮਦਦ ਮਿਲੇ ਅਤੇ ਅਸੀਂ ਨਿਸੰਗ ਗਾ ਸਕੀਏ:
ਮਾਈ ਚਰਨ ਗੁਰ ਮੀਠੇ ॥ ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥    (ਟੋਡੀ ਮਹਲਾ 5)
 

Wednesday, November 13, 2013

ਸਿੱਖ ਕਤਲੇਆਮ! ਹਿੰਦੂਤਵ ਬਨਾਮ ਕੌਂਗਰਸ: ਮਾਈ ਧੂਈ? ਮਾਈ ਘੜੀਸੀ? ਜਾਂ ਇਸ ਹਮਾਮ ਵਿੱਚ........ -ਗੁਰਤੇਜ ਸਿੰਘ

1 ਨਵੰਬਰ 2013 ਨੂੰ ਕਈ ਸਿੱਖ ਜਥੇਬੰਦੀਆਂ ਨੇ ਪ੍ਰਭਾਵਸ਼ਾਲੀ 'ਆਜ਼ਾਦੀ ਮਾਰਚ' ਕੱਢ ਕੇ ਇਹ ਸੁਨੇਹਾ ਦਿੱਤਾ ਕਿ ਸਿੱਖਾਂ ਨੂੰ ਨਵੰਬਰ 1984 ਵਿੱਚ ਕੀਤੀ ਨਸਲਕੁਸ਼ੀ ਸਬੰਧੀ ਇਨਸਾਫ਼ ਮਿਲਣ ਦੀ ਕੋਈ ਸੰਭਾਵਨਾ ਨਹੀਂ ਅਤੇ ਨਾ-ਇਨਸਾਫ਼ੀ ਵਿੱਚ ਜਿਊਣਾ ਮੁਸ਼ਕਲ ਹੈ; ਇਸ ਲਈ ਅਜ਼ਾਦੀ ਲੈਣ ਦਾ ਹੰਭਲਾ ਮਾਰਿਆ ਜਾਵੇ। ਇਸ ਸੰਦਰਭ ਵਿੱਚ ਜਲੰਧਰ ਸ਼ਹਿਰ ਵਿੱਚ ਇਸ਼ਤਿਹਾਰ ਆਦਿ ਲਾਏ ਗਏ। ਇੱਕ ਇਸ਼ਤਿਹਾਰ ਵਿੱਚ ਲਿਖਿਆ ਸੀ, ਸਿੱਖ ਕਤਲੇਆਮ ''ਹਿੰਦੂਤਵ ਦਾ ਮਹਾਂਤਾਂਡਵ ਸੀ''। ਇਸ ਉੱਤੇ ਹਿੰਦੁਤਵੀਆਂ ਨੇ ਇਸ਼ਤਿਹਾਰ ਵਾਲਾ ਇੱਕ ਬੋਰਡ ਉਖਾੜ ਦਿੱਤਾ ਅਤੇ ਆਖ਼ਰ ਪੁਲਿਸ ਕੋਲ ਗੱਲ ਪਹੁੰਚੀ। ਪੁਲਿਸ ਨੇ ਮੁੱਖ ਆਗੂਆਂ ਹਰਚਰਨਜੀਤ ਸਿੰਘ ਧਾਮੀ ਅਤੇ ਹਰਪਾਲ ਸਿੰਘ ਚੀਮਾ ਨੂੰ ਬੁਲਾ ਕੇ ਇਹ ਫ਼ਿਕਰਾ ਇਸ਼ਤਿਹਾਰ ਵਿੱਚੋਂ ਕੱਢਣ ਲਈ ਆਖਿਆ। ਉਹਨਾਂ ਦੇ ਨਾਂਹ ਕਰਨ ਤੋਂ ਬਾਅਦ ਪੁਲਿਸ ਨੇ ਆਪਣੇ-ਆਪ ਇਸ ਫ਼ਿਕਰੇ ਉੱਤੇ ਥਾਂ-ਥਾਂ ਜਾ ਕੇ ਕਾਲੀ ਸਿਆਹੀ ਫੇਰ ਦਿੱਤੀ। ਪੁਲਿਸ ਦੀ ਕਾਰਗੁਜ਼ਾਰੀ ਉੱਤੇ ਕੁਝ ਅਹਿਮ ਸਵਾਲ ਉੱਠਦੇ ਹਨ, ਜਿਨ੍ਹਾਂ ਕਿਸੇ ਹੋਰ ਦਿਨ ਲਈ ਰਾਖਵੇਂ ਰੱਖ ਕੇ ਹਿੰਦੂਤਵੀਆਂ ਦੇ ਇਤਰਾਜ਼ ਉੱਤੇ ਟਿੱਪਣੀ ਕਰਨੀ ਅੱਜ ਦਾ ਵਿਸ਼ਾ ਹੈ।
ਹਿੰਦੂਤਵੀਆਂ ਦਾ ਪਹਿਲਾਂ ਇਤਰਾਜ਼ ਸੀ ਕਿ ਇਹ ਲਿਖਣ ਨਾਲ ਸਾਰੇ ਹਿੰਦੂ ਧਰਮ ਦੀ ਹੇਠੀ ਹੁੰਦੀ ਹੈ। ਉਹਨਾਂ ਦਾ ਖਿਆਲ ਤਾਂ ਸਹੀ ਸਾਬਤ ਹੁੰਦਾ ਹੈ ਜੇ ਸਾਰੇ ਹਿੰਦੂਆਂ ਨੂੰ ਹਿੰਦੂਤਵ ਦਾ ਧਾਰਨੀ ਮੰਨ ਲਿਆ ਜਾਵੇ। ਇਸ ਤੱਥ ਦੀ ਪੁਸ਼ਟੀ ਨਹੀਂ ਹੁੰਦੀ। ਹਿੰਦੂਤਵੀਆਂ ਦਾ ਨਾਂਅ ਆਉਣ ਨਾਲ ਕੇਵਲ ਹਿੰਦੂਤਵੀਆਂ ਦੀ ਹੀ ਪੋਲ ਖੁੱਲ੍ਹਦੀ ਹੈ। ਇਹਨਾਂ ਦੇ ਸਿੱਖ ਨਸਲਕੁਸ਼ੀ ਵਿੱਚ ਸਿੱਧੇ ਸ਼ਾਮਲ ਹੋਣ ਦੇ ਅਨੇਕਾਂ ਪ੍ਰਮਾਣ ਹਨ ਜੋ ਸਿੱਖ ਕੌਮ ਦਾ ਬੱਚਾ-ਬੱਚਾ ਜਾਣਦਾ ਹੈ। ਅਡਵਾਨੀ ਦਾ ਆਪਣੀ ਸ੍ਵੈ-ਜੀਵਨੀ ਵਿੱਚ ਲਿਖਣਾ ਕਿ ਭਾਜਪਾ ਨੇ ਇੰਦਰਾ ਗਾਂਧੀ ਨੂੰ ਹੱਲਾ ਸ਼ੇਰੀ ਦੇ ਕੇ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ, ਸੰਘ ਪ੍ਰਵਾਰ ਵੱਲੋਂ ਹਰ ਖ਼ਾਸ ਮੌਕੇ ਉੱਤੇ ਸਿੱਖਾਂ ਪ੍ਰਤੀ ਜ਼ਹਿਰ ਉਗਲਨਾ (ਈੜਾ ਈੜੀ ਨਹੀਂ ਪੜ੍ਹੇਗੇਂ, ਸਿਗਰਟ ਬੀੜੀ ਪੀਏਂਗੇ ਸ਼ਾਨ ਸੇ ਜੀਏਂਗੇ, ਕੰਘਾ ਕੱਛ ਕੜਾ ਕਿਰਪਾਨ ਇਹ ਭੇਜੋ ਪਾਕਿਸਤਾਨ), ਬਿਨਾਂ ਝਿਜਕ ਸਰ੍ਹੇਆਮ ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਕਰਨਾ ਆਦਿ ਸੂਚੀ ਬਹੁਤ ਲੰਬੀ ਹੈ। ਪਰ ਅੱਜ ਐਸੇ ਪ੍ਰਮਾਣ ਦੀ ਗੱਲ ਕਰਨੀ ਹੈ ਜੋ ਕਿ ਨਿਰੋਲ ਗ਼ੈਰ-ਸਿੱਖ ਸੋਮਿਆਂ ਉੱਤੇ ਮੁਕੰਮਲ ਤੌਰ ਉੱਤੇ ਨਿਰਭਰ ਹੈ।
8 ਨਵੰਬਰ 1984 ਨੂੰ ਨਾਨਾ ਦੇਸ਼ਮੁਖ ਨੇ ਆਪਣਾ ਲਿਖਿਆ ਇੱਕ ਅਹਿਮ ਦਸਤਾਵੇਜ਼ ਗੁਰੂ ਨਾਨਕ ਦੇ ਜਨਮ ਦਿਨ ਉੱਤੇ ਦਿੱਲੀ ਦੀਆਂ ਪ੍ਰਮੁੱਖ ਸਿਆਸੀ ਹਸਤੀਆਂ ਵਿੱਚ ਵੰਡਿਆ। ਇਸ ਲੇਖ ਵਿੱਚ ਉਹ ਦੱਸਦਾ ਹੈ ਕਿ ਉਹ ਪੰਜਾਹ ਸਾਲ ਤੋਂ ਰਾਸ਼ਟ੍ਰੀਆ ਸਵਯੰਸੇਵਕ ਸੰਘ ਦਾ ਮੈਂਬਰ ਹੈ ਅਤੇ ਕੱਟੜ ਰਾਸ਼ਟ੍ਰਵਾਦੀ ਹੈ। ਉਹ ਬਾਰ-ਬਾਰ ਲਿਖਦਾ ਹੈ ਕਿ ਉਹ ਸਿੱਖਾਂ ਦਾ ਹਮਦਰਦ ਹੈ ਅਤੇ ਉਹਨਾਂ ਦੇ ਅਤੇ ਦੇਸ਼ ਦੇ ਭਲੇ ਹਿਤ ਇਹ ਲੇਖ ਲਿਖ ਰਿਹਾ ਹੈ। ਉਹ ਕਤਲੇਆਮ ਦੇ ਕਾਰਣ ਵੀ ਹਿੰਦੂਤਵੀ ਨਜ਼ਰੀਏ ਤੋਂ ਦੱਸਦਾ ਹੈ ਅਤੇ ਕਿਉਂਕਿ ਕਤਲੇਆਮ ਅਜੇ ਚੱਲ ਰਿਹਾ ਸੀ (ਬਹੁਤੇ ਕਤਲ 5 ਤੋਂ 10 ਨਵੰਬਰ ਤੱਕ ਹੀ ਹੋਏ ਸਨ) ਇਸ ਲਈ ਇਸ ਤੋਂ ਬਚਣ ਦੇ ਉਪਾਅ ਵੀ ਸੁਝਾਉਂਦਾ ਹੈ। ਉਹ ਇੰਦਰਾ ਗਾਂਧੀ ਨੂੰ ਬਹੁਤ ਬਹਾਦਰ ਔਰਤ ਦੱਸਦਾ ਹੈ ਜਿਸ ਨੇ ਹਿੰਦੋਸਤਾਨ ਦੀ 'ਏਕਤ ਅਖੰਡਤਾ ਲਈ ਸ਼ਹਾਦਤ ਪ੍ਰਾਪਤ' ਕੀਤੀ। ਦੇਸ਼ਮੁੱਖ ਉਸ ਦੀਆਂ ਸਿੱਖ ਮਾਰੂ ਨੀਤੀਆਂ ਦਾ ਖੁੱਲ੍ਹੇਆਮ ਸਮਰਥਨ ਕਰਦਾ ਹੈ। ਇਸ ਨਾਤੇ ਉਹ ਨਾ-ਤਜ਼ਰਬੇਕਾਰ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਉੱਤੇ ਵੀ ਬਹੁਤ ਖੁਸ਼ ਹੁੰਦਾ ਹੋਇਆ ਉਸ ਨੂੰ ਪੂਰਾ ਸਮਰਥਨ ਦੇਣ ਦੀ ਪੇਸ਼ਕਸ਼ ਵੀ ਕਰਦਾ ਹੈ; ਬਾਕੀ ਸਿਆਸਤਦਾਨਾਂ ਨੂੰ ਵੀ ਉਸ ਦੀ ਮਦਦ ਲਈ ਪ੍ਰੇਰਦਾ ਹੈ।
ਉਹ ਇੰਦਰਾ ਗਾਂਧੀ ਦੇ ਕਤਲ ਨੂੰ ਪੰਥ ਦੇ ਨਾਮ ਉੱਤੇ ਕੀਤਾ ਗਿਆ ਮਨੁੱਖੀ ਭਰੋਸੇ ਦਾ ਕਤਲ ਕਹਿੰਦਾ ਹੈ। ਗੁਰੂ ਅਰਜਨ ਦੇ ਸ਼ਹੀਦੀ ਦਿਨ ਕਰਫ਼ਿਊ ਵਿੱਚ ਢਿੱਲ ਦੇ ਕੇ ਦਰਬਾਰ ਸਾਹਿਬ ਪ੍ਰਸਰ ਵਿੱਚ ਕਤਲ ਕਰਨ ਲਈ ਫਸਾਏ ਗਏ 10,000 ਸਿੱਖ ਬੱਚਿਆਂ, ਬਿਰਧਾਂ ਬੀਬੀਆਂ, ਸੇਵਾਦਾਰਾਂ, ਗ੍ਰੰਥੀਆਂ ਰਾਗੀਆਂ ਬਾਰੇ ਅਫ਼ਸੋਸ ਲਈ ਉਸ ਕੋਲ ਸ਼ਬਦ ਨਹੀਂ; ਨਾ ਹੀ ਉਹਨਾਂ ਨਿਹੱਥੇ ਨਿਰਦੋਸ਼ਾਂ ਨੂੰ ਬਿਨਾਂ ਚਿਤਾਵਨੀ ਫ਼ੌਜਾਂ ਚਾੜ੍ਹ ਕੇ ਤੋਪਾਂ, ਟੈਕਾਂ ਦਾਗ ਕੇ ਮਾਰਨ ਲਈ ਇੰਦਰਾ ਦੀ ਭੰਡੀ ਕਰਦਾ ਹੈ। ਸਿੱਖਾਂ ਉੱਤੇ ਝੂਠਾ ਇਲਜ਼ਾਮ ਲਾਉਂਦਾ ਹੈ ਕਿ ਇਹਨਾਂ ਨੇ ਪਿਛਲੇ ਤਿੰਨ ਸਾਲਾਂ ਵਿੱਚ ਸੈਂਕੜੇ ਲੋਕ ਮਾਰੇ ਅਤੇ ਧਾਰਮਿਕ ਸਥਾਨ ਢਾਹੇ। ਇਹ ਭੁੱਲ ਜਾਂਦਾ ਹੈ ਕਿ ਮਰਨ ਵਾਲੇ ਬਹੁਤੇ ਸਿੱਖ ਹੀ ਸਨ ਅਤੇ ਕਦੇ ਕਾਤਲਾਂ ਦੀ ਨਿਸ਼ਾਨਦੇਹੀ ਨਾ ਕੀਤੀ ਜਾ ਸਕੀ। ਸਬੂਤ ਕਿਸੇ ਇੱਕ ਦਾ ਵੀ ਪੇਸ਼ ਨਹੀਂ ਕਰਦਾ-ਨਾ ਹੀ ਨਾਮ ਦੱਸਦਾ ਹੈ। ਇਹ ਵੀ ਨਹੀਂ ਆਖਦਾ ਕਿ ਸ਼ੁਰੂਆਤ ਬੀਬੀ ਦੇ ਚਹੇਤੇ ਨਿਰੰਕਾਰੀ ਨੇ ਵਿਸਾਖੀ ਵਾਲੇ ਦਿਨ 13 ਸਿੱਖ ਮਾਰ ਕੇ ਕੀਤੀ ਸੀ ਅਤੇ ਇੰਦਰਾ ਗਾਂਧੀ ਦੀ ਗੁਪਤ ਪੁਲਿਸ ਵੀ ਕਤਲ ਦਾ ਸਿਲਸਿਲਾ ਵੱਡੀ ਹੱਦ ਤੱਕ ਅੱਗੇ ਵਧਾਉਂਦੀ ਰਹੀ।
ਉਹ ਕੌਂਗਰਸ ਦੀ ਮੰਦ-ਭਾਵਨਾ ਨਾਲ ਘੜੀ ਧਾਰਨਾ ਦਾ ਪ੍ਰਚਾਰ ਕਰਦਾ ਹੋਇਆ ਆਖਦਾ ਹੈ ਕਿ ਸਿੱਖਾਂ ਨੇ ਦਰਬਾਰ ਸਾਹਿਬ ਨੂੰ ਪਲੀਤ ਕੀਤਾ ਸੀ ਅਤੇ ਇੰਦਰਾ ਗਾਂਧੀ ਨੇ ਹਿੰਦੋਸਤਾਨ ਦੇ ਲੋਕਾਂ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਇਸ ਦੀ ਪਵਿੱਤ੍ਰਤਾ ਬਹਾਲ ਕੀਤੀ ਸੀ। ਇਸ ਸੋਚ ਵਿੱਚ ਸਮਿਲਤ ਇਹ ਕੁਢੱਬਾ ਸੰਕਲਪ ਵੀ ਹੈ ਕਿ ਦਰਬਾਰ ਸਾਹਿਬ ਹਿੰਦੂ ਤੀਰਥ ਹੈ ਜਿਸ ਦੀ ਬੇ-ਅਦਬੀ ਖ਼ਾਲਸੇ ਨੇ ਉੱਥੇ ਹਥਿਆਰ ਲੈ ਜਾ ਕੇ ਕੀਤੀ ਸੀ। ਜਾਪਦਾ ਹੈ ਕਿ ਇਹ ਤਰਕ ਵਿਦੇਸ਼ੀ ਸਰਕਾਰਾਂ ਨੂੰ ਹਮਲੇ ਦੇ ਹੱਕ ਵਿੱਚ ਕਾਇਲ ਕਰਨ ਲਈ ਸਰਕਾਰੇ ਹਿੰਦ ਨੇ ਘੜਿਆ ਸੀ। ਇਸ ਦੀਆਂ ਕਨਸੋਆਂ ਸਰਕਾਰੀ ਪ੍ਰਚਾਰ ਵਿੱਚ ਨਜ਼ਰ ਆ ਰਹੀਆਂ ਹਨ। ਇੱਕ ਵਿਚਾਰ ਇਹ ਵੀ ਹੈ ਕਿ ਮੱਕੇ ਵਿੱਚੋਂ ਕੱਢ ਕੇ ਸੁੱਟੀ ਸੋਮਾ ਦੇਵੀ ਦੇ ਬੁੱਤ ਦੇ ਸੋਮਨਾਥ ਦੇ ਮੰਦਰ ਵਿੱਚ ਅਸਥਾਪਨ ਨੂੰ ਮਹਿਮੂਦ ਗਜ਼ਨਵੀ ਨੇ ਪਲੀਤ ਕਰਮ ਸਮਝ ਕੇ ਹਮਲਾ ਉਸ ਬੁੱਤ ਨੂੰ ਤੋੜ ਕੇ ਮੰਦਰ ਦੀ ਪਵਿੱਤ੍ਰਤਾ ਬਹਾਲ ਕਰਨ ਲਈ ਕੀਤਾ ਸੀ। ਲੱਖ ਲਾਹਣਤ ਉਹਨਾਂ ਹਿੰਦੂਆਂ ਉੱਤੇ ਜੋ ਇਸ ਨੂੰ ਵਾਜਬ ਵਜ੍ਹਾ ਕਬੂਲ ਕਰ ਲੈਣ। ਸਿਰ ਦੇ ਕੇ ਰੱਖਿਆ ਕਰਨ ਵਾਲੇ ਤਾਂ ਦੇਸ਼ਮੁਖ ਦੀ ਨਜ਼ਰ ਵਿੱਚ ਪਲੀਤ-ਕਰਤਾ ਹਨ ਅਤੇ ਕਤਲੇਆਮ, ਲੁੱਟ-ਮਾਰ, ਬਲਾਤਕਾਰ ਕਰਨ ਵਾਲੀ, ਮਨੁੱਖੀ ਲਹੂ ਨਾਲ ਦਰਬਾਰ ਦੇ ਚੱਪੇ-ਚੱਪੇ ਨੂੰ ਸਿੰਜਣ ਵਾਲੀ ਇੰਦਰਾ ਦੀ ਫ਼ੌਜ ਉਸ ਦੀ ਨਜ਼ਰ ਵਿੱਚ ਪਵਿੱਤ੍ਰਤਾ ਬਹਾਲ ਕਰਨ ਵਾਲੀ ਹੈ। ਅਜਿਹੀ ਸੋਚ ਚਲਾਕੀ-ਮੱਕਾਰੀ ਦੀ ਹੱਦ ਤੋਂ ਪਰ੍ਹਾਂ ਦਾ ਦਰਜਾ ਰੱਖ ਦੀ ਹੈ।
ਦੇਸ਼ਮੁਖ ਆਖਦਾ ਹੈ ਕਿ ਸਿੱਖ ਹਿੰਦੂਆਂ ਦੀ ਹੋਈ ਮਾਰਕਾਟ ਦਾ ਵਿਰੋਧ ਨਾ ਕਰ ਸਕੇ¸ ਇਹ ਵੇਖ ਕੇ ਮੁਲਕ ਸੁੰਨ ਹੋ ਗਿਆ। ਸੁੰਨ ਹੋਏ ਮੁਲਕ ਦੀਆਂ ਫ਼ੌਜਾਂ ਨੇ ਸਾਲਾਂ ਤੋਂ ਦਰਬਾਰ ਸਾਹਿਬ ਦੀ ਨਾਕਾ ਬੰਦੀ ਕੀਤੀ ਹੋਈ ਸੀ। ਉਹ ਨਾ ਕਦੇ ਕੋਈ ਕਤਲ ਕਰਨ ਲਈ ਬਾਹਰ ਨਿਕਲਦੇ ਨੂੰ, ਨਾ ਕਤਲ ਕਰਕੇ ਅੰਦਰ ਜਾਂਦੇ ਨੂੰ ਗ੍ਰਿਫ਼ਤਾਰ ਕਰ ਸਕੀ ਸੀ। ਪਰ ਹਿੰਦੂ ਮੀਡੀਏ ਰਾਹੀਂ ਝੂਠਾ ਪ੍ਰਚਾਰ ਨਿਰੰਤਰ ਹੁੰਦਾ ਰਿਹਾ ਕਿ ਕਤਲ ਸਿੱਖ ਹੀ ਕਰ ਰਹੇ ਹਨ। ਉਸ ਨੂੰ ਇਹ ਵੀ ਇਤਰਾਜ਼ ਹੈ ਕਿ ਸਿੱਖਾਂ ਨੇ ਫ਼ੌਜੀ ਕਾਰਵਾਈ ਨੂੰ ਘੱਲੂਘਾਰੇ ਦਾ ਨਾਮ ਦੇ ਕੇ ਇੰਦਰਾ ਦੀ ਅਬਦਾਲੀ ਨਾਲ ਤੁਲਨਾ ਕਰ ਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭੜਕਾਇਆ। ਜਿੰਨੇ ਕੁ ਸਿੱਖ ਅਫ਼ਗਾਨ ਸਮਰਾਜ ਅਤੇ ਅਬਦਾਲੀ ਨੇ ਕੁੱਲ ਮਿਲਾ ਕੇ  ਦੋ ਦਹਾਕਿਆਂ ਵਿੱਚ ਕਤਲ ਕੀਤੇ ਸਨ ਓਨੇਂ ਕੁ ਤਾਂ ਇੰਦਰਾ ਦੀਆਂ ਫ਼ੌਜਾਂ ਨੇ ਪਹਿਲੇ ਦਿਨ ਹੀ ਕਰ ਦਿੱਤੇ। ਇੰਦਰਾ ਗਾਂਧੀ ਦੀ ਇਸ ਕਾਰਵਾਈ ਲਈ ਲਫ਼ਜ਼ 'ਘੱਲੂਘਾਰਾ' ਛੋਟਾ ਪੈਂਦਾ ਜਾਪਦਾ ਹੈ।
ਦੇਸ਼ਮੁਖ ਕਹਿੰਦਾ ਹੈ ਕਿ ਭਿੰਡਰਾਂਵਾਲੇ ਨੇ ਘਿਨਾਉਣੇ ਜ਼ੁਰਮ ਮਨੁੱਖਤਾ ਵਿਰੁੱਧ ਕੀਤੇ ਸਨ ਪਰ ਫੇਰ ਵੀ ਸਿੱਖ ਉਸ ਨੂੰ ਸ਼ਹੀਦ ਆਖਦੇ ਰਹੇ। ਸੰਤ ਦੇ ਨਾਂਅ ਉੱਤੇ ਲਾਈ ਜਗਤ ਨਾਰਾਇਣ ਦੇ ਕਤਲ ਦੀ ਸਾਜ਼ਿਸ਼ ਨੂੰ ਪੁਲਿਸ ਸਾਬਤ ਨਹੀਂ ਸੀ ਕਰ ਸਕੀ ਅਤੇ ਉਸ ਤੋਂ ਬਾਅਦ ਕਦੇ ਵੀ ਸੰਤਾਂ ਉੱਤੇ ਕੋਈ ਦੂਸਰਾ ਇਲਜ਼ਾਮ ਨਹੀਂ ਸੀ ਲੱਗਿਆ, ਸਾਬਤ ਹੋਣਾਂ ਤਾਂ ਦੂਰ ਦੀ ਗੱਲ ਹੈ। ਆਪਣੇ ਦੁਸ਼ਪ੍ਰਚਾਰ ਨੂੰ ਹੀ ਸੱਚ ਮੰਨਣਾ ਹਿੰਦੂਤਵੀ ਸ਼ਕਤੀਆਂ ਦੀ ਪੱਕੀ ਪਛਾਣ ਹੈ।
ਉਹ ਲਿਖਦਾ ਹੈ ਕਿ ਦੇਸ਼-ਵਿਦੇਸ਼ ਦੇ ਸਿੱਖਾਂ ਨੇ ਆਪਣੇ ਮਨੋਭਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਅਤੇ ਇਸ ਨੇ ਦੇਸ਼ਵਾਸੀਆਂ ਅਤੇ ਸਿੱਖਾਂ ਵਿਚਲਾ ਪਾੜਾ ਵਧਾ ਦਿੱਤਾ। ਗਿਆਨੀ ਕ੍ਰਿਪਾਲ ਸਿੰਘ ਨੇ ਆਖਿਆ ਕਿ ਉਸ ਨੂੰ ਇੰਦਰਾ ਗਾਂਧੀ ਦੀ ਮੌਤ ਦਾ ਅਫ਼ਸੋਸ ਨਹੀਂ। ਬੁੱਧੀ ਜੀਵੀਆਂ ਜਾਂ ਕਿਸੇ ਵੀ ਸਿੱਖ ਵੱਲੋਂ ਇਸ ਦੇ ਨਾ ਹੋਏ ਵਿਰੋਧ ਨੇ ਬਲਦੀ ਉੱਤੇ ਤੇਲ ਦਾ ਕੰਮ ਕੀਤਾ। ਲੋਕਾਂ ਨੂੰ ਜਾਪਿਆ ਕਿ ਸਿੱਖ ਇੰਦਰਾ ਦੀ ਮੌਤ ਦਾ ਜਸ਼ਨ ਮਨਾ ਰਹੇ ਹਨ। ਕਿਸੇ ਵੇਲੇ ਬਘਿਆੜ ਨੇ ਲੇਲੇ ਨੂੰ ਆਖਿਆ ਸੀ ਕਿ ਤੂੰ ਮੇਰਾ ਪੀਣ ਦਾ ਪਾਣੀ ਜੂਠਾ ਕੀਤਾ ਹੈ। ਅੰਤ ਕੀ ਹੋਇਆ ਸਭ ਜਾਣਦੇ ਹਨ।
ਦੇਸ਼ਮੁਖ ਦਾ ਮੱਤ ਹੈ ਕਿ ਇਹਨਾਂ ਕਾਰਣਾਂ ਸਦਕਾ ਸਿੱਖ ਇੱਕਦਮ ਆਪ-ਮੁਹਾਰੇ ਭੜਕੇ ਗੁੱਸੇ ਦਾ ਸ਼ਿਕਾਰ ਹੋ ਗਏ। ਮਿੱਟੀ ਦਾ ਤੇਲ, ਜਲਣ ਵਾਲਾ ਪਾਊਡਰ, ਸਰੀਏ, ਟਾਇਰ, ਰਿਹਾਇਸ਼ ਦੇ ਪਤੇ, ਵੋਟਰ ਲਿਸਟਾਂ ਆਦਿ ਵੀ ²ਸ਼ਾਇਦ ਗੁੱਸੇ ਵਿੱਚ ਭੜਕੇ ਲੋਕਾਂ ਨੇ ਇਕਮੱਤ ਹੋ ਕੇ ਗੈਬੋਂ ਧੂਅ ਲਿਆਂਦੇ। ਉਸ ਦਾ ਮੱਤ ਹੈ ਕਿ ਸਿੱਖਾਂ ਨੂੰ ਆਪਣੀ ਸੁਰੱਖਿਆ ਨਹੀਂ ਸੀ ਕਰਨੀ ਬਣਦੀ। ਉਹਨਾਂ ਨੂੰ ਆਪਣੀ ਔਕਾਤ ਦਾ ਮੁਕੰਮਲ ਜਾਇਜ਼ਾ ਲੈ ਕੇ ਸ਼ਾਂਤ ਰਹਿਣਾ ਚਾਹੀਦਾ ਸੀ। ਸਿੱਖਾਂ ਵਰਗੀ 'ਅਨੁਸ਼ਾਸਿਤ, ਸੰਗਠਿਤ, ਧਾਰਮਿਕ ਸੁਭਾਅ ਵਾਲੀ ਕੌਮ 'ਤੋਂ ਉਹ ਉਮੀਦ ਨਹੀਂ ਸੀ ਰੱਖਦਾ ਕਿ ਉਹ ਆਪਣੀ ਰੱਖਿਆ ਕਰਨ ਦਾ ਹੰਭਲਾ ਮਾਰਨਗੇ। ਪਟੇਲ ਵੀ ਵਿਧਾਨ-ਘਾੜਨੀ ਸਭਾ ਵਿੱਚ ਕਹਿੰਦਾ ਸੀ ਸਿੱਖ ਏਨਂੇ ਤਕੜੇ ਹੌਂਸਲੇ ਵਾਲੇ ਹਨ, ਉੱਦਮੀ, ਬਹਾਦਰ ਹਨ, ਇਹਨਾਂ ਨੂੰ ਖ਼ਾਸ ਵੋਟ ਅਧਿਕਾਰ ਦੀ ਲੋੜ ਨਹੀਂ। ਇਸੇ ਮੰਤਕ ਨੂੰ ਅੱਗੇ ਤੋਰਦੇ ਨਹਿਰੂ ਕਹਿੰਦਾ ਸੀ ਕਿ ਇਹਨਾਂ ਨੂੰ ਪੰਜਾਬੀ ਸੂਬੇ ਦੀ ਲੋੜ ਨਹੀਂ।
ਉਹ ਸਿੱਖਾਂ ਨੂੰ ਵਸੀਹ ਹਿੰਦੂ ਭਾਈਚਾਰੇ ਦਾ ਇੱਕ ਛੋਟਾ ਹਿੱਸਾ ਦੱਸਦਾ ਹੋਇਆ ਕਹਿੰਦਾ ਹੈ ਕਿ ਮੁਗਲਾਂ ਦੇ ਜ਼ੁਲਮਾਂ ਨੂੰ ਖ਼ਤਮ ਕਰਨ ਵਾਸਤੇ ਖ਼ਾਲਸਾ ਸਾਜਿਆ ਸੀ। ਬਿਨ ਕਹੇ ਪ੍ਰਭਾਵ ਦਿੰਦਾ ਹੈ ਕਿ ਹਿੰਦੂਆਂ ਨੇ ਸਾਜਿਆ ਸੀ। ਇਹ ਨਹੀਂ ਦੱਸਦਾ ਕਿ ਜੇ ਇਹ ਵਸੀਹ ਭਾਈਚਾਰਾ ਏਨੀਂ ਸਮਰੱਥਾ ਰੱਖਦਾ ਸੀ ਤਾਂ ਆਪਣੇ-ਆਪ ਕਿਉਂ ਜ਼ੁਲਮ ਸਹਿਣ ਵਾਸਤੇ ਧੌਣ ਨਿਵਾ ਕੇ ਡਟਿਆ ਰਿਹਾ ਅਤੇ ਕਿਉਂ ਰਾਜਾ ਮਾਨ ਸਿੰਘ ਅਤੇ ਪਹਾੜੀ ਰਾਜਿਆਂ ਨੂੰ ਜ਼ੁਲਮ ਖ਼ਤਮ ਕਰਨ ਵਾਸਤੇ ਖ਼ਾਲਸੇ ਦੀ ਮਦਦ ਲਈ ਨਾ ਪ੍ਰੇਰ ਸਕਿਆ। ਜੇ ਹਿੰਦੂ ਸਮਾਜ ਨੇ ਇਹੀ ਕੰਮ ਚੰਦ ਸਦੀਆਂ ਪਹਿਲਾਂ ਕੀਤਾ ਹੁੰਦਾ ਤਾਂ ਗ਼ੁਲਾਮ ਲੋਧੀ, ਮੁਗ਼ਲ ਅਤੇ ਬਾਅਦ ਵਿੱਚ ਅੰਗ੍ਰੇਜ਼ ਇਸ ਧਰਤੀ ਉੱਤੇ ਪੈਰ ਹੀ ਨਾ ਰੱਖ ਸਕਦੇ ਜੇ ਰਣਜੀਤ ਸਿੰਘ ਦੇ ਨਾਲ ਹੀ ਹਿੰਦੂ ਰਾਜੇ-ਮਹਾਰਾਜੇ ਖੜ੍ਹ ਜਾਂਦੇ...। ਨਿਗੂਣੀ ਘੱਟ ਗਿਣਤੀ ਕੌਮ ਨੂੰ ਔਕਾਤਾਂ ਦੱਸਣ ਵਾਲੇ ਕਦੇ ਆਪਣੇ ਗਲਮੇ ਵਿੱਚ ਵੀ ਸਿਰ ਨੀਵਾਂ ਕਰ ਕੇ ਵੇਖਣਗੇ? ਕਦੇ ਵੇਖਣਗੇ ਕਿ ਉਹਨਾਂ ਦੀ ਇਸੇ ਬੌਣੀ ਮਾਨਸਿਕਤਾ ਨੇ ਕਿਸ ਕਦਰ ਉਹਨਾਂ ਨੂੰ ਸਦੀਆਂ ਤੋਂ ਘਟੀਆ ਇਨਸਾਨੀ ਦਰਜਾ ਬਖ਼ਸ਼ਿਆ ਹੋਇਆ ਹੈ।
ਅਗਾਂਹ ਦੇਸ਼ਮੁੱਖ ਦੱਸਦਾ ਹੈ ਕਿ ਅੰਗ੍ਰੇਜ਼ਾਂ ਨੇ ਸਿੱਖਾਂ ਵਿੱਚ ਵੱਖ-ਵਾਦੀ ਰੁਚੀਆਂ ਪੈਦਾ ਕੀਤੀਆਂ। ਸਿੱਖ ਬੁੱਧੀਜੀਵੀ ਸਮਝ ਨਾ ਸਕੇ ਅਤੇ ਵਿਦੇਸ਼ੀਆਂ ਦੇ ਹੱਥ-ਠੋਕੇ ਬਣ ਗਏ। ਆਪਣੇ ਬਣਾਏ ਸੰਵਿਧਾਨ ਦੀ ਉਲੰਘਣਾ ਕਰ ਕੇ ਦਰਿਆਵਾਂ ਦਾ ਪਾਣੀ ਲੁੱਟਦੇ ਅਤੇ ਪੁਲਿਸ, ਫ਼ੌਜਾਂ, ਨਿਆਂਪਾਲਕਾ ਕੋਲੋਂ ਕਤਲ ਕਰਵਾਉਂਦੇ ਹਿੰਦੂ ਬੁੱਧੀਜੀਵੀ ਕਿਉਂ ਨਾ ਸਮਝ ਸਕੇ ਕਿ ਨਿਆਂ ਹੀ ਵੱਡੇ ਤੋਂ ਵੱਡੇ ਰੋਗ ਦਾ ਦਾਰੂ ਹੈ। ਤੁਸੀਂ ਆਪਣੀ ਨਫ਼ਰਤ ਦੇ ਹੱਥ-ਠੋਕੇ ਬਣ ਕੇ ਦਰਬਾਰ ਸਾਹਿਬ ਢਾਹੁਣ ਅਤੇ ਕਤਲੇਆਮ ਕਰਨ ਤੁਰ ਪਏ ਹਾਲਾਂਕਿ ਲੋੜ ਆਪੇ ਘੜੇ ਕਾਨੂੰਨ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਮਾਤਰ ਦੀ ਸੀ। ਲੋੜ ਕੇਵਲ ਬਣਦੇ ਜ਼ਰੂਰੀ ਹੱਕ ਦੇਣ ਦੀ ਸੀ।
ਅੰਮ੍ਰਿਤ ਦੀ ਰਹਿਤ ਉੱਤੇ ਵੱਡਾ, ਗਾੜ੍ਹੀ ਨਫ਼ਰਤ ਭਰਿਆ ਕਾਇਰਾਨਾ ਪ੍ਰਹਾਰ ਕਰਦਾ ਦੇਸ਼ਮੁਖ ਆਖਦਾ ਹੈ ਕਿ ਕਕਾਰ ਤਾਂ ਸਿਰਫ਼ ਫ਼ੌਜੀ ਭਰਤੀ ਕਰਨ ਦੀ ਵਰਦੀ ਸੀ; ਸਿੱਖ ਇਸ ਨੂੰ ਧਰਮ ਦਾ ਹਿੱਸਾ ਮੰਨ ਬੈਠੇ। ਇਸ ਨੂੰ ਇਹ ਵੱਡਾ ਪਾੜਾ ਦੱਸਦਾ ਹੈ ਜਿਸ ਨੂੰ ਮੇਟਣ ਲਈ ਹਿੰਦੂ ਕੌਮ ਸਿੱਖਾਂ ਉੱਤੇ ਤਸ਼ੱਦਦ ਕਰਨ ਲਈ ਮਜਬੂਰ ਹੈ। ਮੁਸਲਮਾਨਾਂ, ਇਸਾਈਆਂ, ਦਲਿਤਾਂ ਤਾਂ ਕਕਾਰ ਨਹੀਂ ਸਵੀਕਾਰ ਕੀਤੇ; ਉਹਨਾਂ ਦੇ ਨਿਰੰਤਰ ਚੱਲ ਰਹੇ ਕਤਲੇਆਮ ਦਾ ਕੀ ਸਵੱਬ ਹੈ? ਅਸੀਂ ਕਿਸ ਨੂੰ ਧਰਮ ਸਮਝਣਾ ਹੈ, ਇਹ ਸੇਧ ਸਾਨੂੰ ਯੁੱਗੋ-ਯੁੱਗ ਅਟੱਲ ਗੁਰੂ ਗ੍ਰੰਥ ਤੋਂ ਮਿਲਣੀ ਹੈ ਨਾਂ ਕਿ ਮਕਾਰੀ, ਅਕ੍ਰਿਤਘਣਤਾ, ਨਫ਼ਰਤ ਨਾਲ ਭਰੇ ਦੇਸ਼ਮੁਖ ਕੋਲੋਂ। ਜੇ ਕਿਤੇ ਹਿੰਦੂ ਧਰਮ ਦੀ ਵਿਆਖਿਆ ਸਿੱਖਾਂ ਦੀ ਦੱਸੀ ਪ੍ਰਵਾਨ ਹੋ ਜਾਵੇ ਤਾਂ ਪਾੜੇ ਮੇਟੇ ਜਾ ਸਕਦੇ ਹਨ।
ਉਹ ਸਿੱਖਾਂ ਨੂੰ ਆਖਦਾ ਹੈ ਕਿ ਇਤਿਹਾਸ ਦਾ ਸਹੀ ਮੁਲਾਂਕਣ ਕਰ ਕੇ, ਵਖਰੇਵੇਂ ਤਜ ਕੇ, ਉਹ ਆਪਣੀਆਂ ਜੜ੍ਹਾਂ ਵੱਲ ਪਰਤਣ। ਉਸ ਦਾ ਖਿਆਲ ਹੈ ਕਿ ਸਿੱਖ ਬਣਨ ਤੋਂ ਪਹਿਲਾਂ ਸ਼ਾਇਦ ਇਹ ਸਾਰੇ ਹਿੰਦੂ ਹੀ ਸਨ। ਲੇਕਿਨ ਸਾਰਾ ਇਤਿਹਾਸ ਦੱਸਦਾ ਹੈ ਕਿ ਸਿੱਖ ਕੇਵਲ ਉਹਨਾਂ ਜਾਤਾਂ-ਬਿਰਾਦਰੀਆਂ ਵਿੱਚੋਂ ਬਣੇ ਜੋ ਅੱਜ ਵੀ ਆਪਣੇ-ਆਪ ਨੂੰ ਹਿੰਦੂ ਨਹੀਂ ਮੰਨਦੀਆਂ। ਬਾਕੀ ਉਹਨਾਂ ਫ਼ਿਰਕਿਆਂ ਵਿੱਚੋਂ ਆਏ ਜੋ ਮੁਸਲਮਾਨ ਬਣਨ ਵੱਲ ਧਾਅ ਕੇ ਵੱਧ ਰਹੇ ਸਨ। ਇਹਨਾਂ ਵਿੱਚ ਸੁਲਤਾਨੀ ਫ਼ਿਰਕਾ ਪ੍ਰਮੁੱਖ ਸੀ। ਸਿੱਖਾਂ ਦੇ ਕਈ ਵੱਡੇ ਪ੍ਰਚਾਰਕ ਅਤੇ ਕਈ ਵੱਡੇ ਜਰਨੈਲ ਇਸ ਫ਼ਿਰਕੇ ਨਾਲ ਸਬੰਧ ਰੱਖਣ ਵਾਲੇ ਸਨ। ਹਿੰਦੂਤਵ ਦੇ ਪ੍ਰਚਾਰਕਾਂ ਨੇ ਸਿੱਖਾਂ ਨੂੰ ਕੀ ਦੱਸਣਾ ਕਿ ਉਹਨਾਂ ਦੀਆਂ ਜੜ੍ਹਾਂ ਕਿੱਥੇ ਹਨ?
ਅਖ਼ੀਰ ਵਿੱਚ ਉਹ ਵੱਡੀ ਧੱਮਕੀ ਦਿੰਦਾ ਹੈ ਕਿ ਜੇ ਇਤਿਹਾਸ ਦਾ ਸਹੀ ਮੁਲਾਂਕਣ ਕਰ ਕੇ, ਆਪਾ ਚੀਨ ਕੇ ਸਿੱਖ ਵਾਪਸ ਨਹੀਂ ਪਰਤਦੇ ਤਾਂ ਚੈਨ ਨਾਲ ਨਹੀਂ ਰਹਿ ਸਕਦੇ। ਆਪਣਾ ਬੁਰਾ-ਭਲਾ ਵਿਚਾਰ ਲੈਣ। ਫ਼ੌਜਾਂ ਦੇ ਆਸਰੇ ਅਜਿਹੀ ਕਾਇਰਾਨਾ ਧਮਕੀ ਦੇਣ ਵਾਲੇ ਜਰਾ ਚਿੜੀ ਦੇ ਪੌਂਚੇ ਜਿੰਨੀ ਸ੍ਰੀ ਲੰਕਾ, ਨਿਪਾਲ, ਬਰਮਾ ਜਾਂ ਪਾਕਿਸਤਾਨ ਨੂੰ ਜੜ੍ਹਾਂ ਵੱਲ ਮੋੜ ਕੇ ਤਾਂ ਵੇਖਣ ਕਿ ਕੀ ਭਾਅ ਵਿਕਦੀ ਹੈ? ਕੀ ਇਹ ਹਿੰਦੂਤਵ ਦੇ ਵਸੀਹ ਸਾਗਰ ਦੀ ਸ਼ਕਤੀ ਕੇਵਲ ਮੁੱਠੀ ਭਰ ਸਿੱਖਾਂ ਨੂੰ ਡਰਾਉਣ-ਧਮਕਾਉਣ ਲਈ ਹੀ ਹਾਸਲ ਕੀਤੀ ਹੈ? 65 ਸਾਲਾਂ ਵਿੱਚ ਤਾਂ ਕਸ਼ਮੀਰ ਨੂੰ ਕਈ ਵਾਰ ਖ਼ੂਨ ਵਿੱਚ ਡੁਬੋ ਕਿ ਹਿੰਦੂਤਵ 'ਜੜ੍ਹਾਂ' ਵੱਲ ਨਹੀ ਮੋੜ ਸਕਿਆ।
ਉਪਰੋਕਤ ਸਭ ਕੁਝ ਦਰਸਾਉਂਦਾ ਲੇਖ ਜਦੋਂ ਜੌਰਜ ਫਰਨਾਂਡੇਸ ਨੂੰ ਮਿਲਿਆ ਤਾਂ ਉਸ ਨੇ ਆਪਣੀ ਹਿੰਦੀ ਦੀ ਪੱਤ੍ਰਿਕਾ 'ਪ੍ਰਤਿਪਕਸ਼' ਦੇ 25 ਨਵੰਬਰ 1984 ਦੇ ਅੰਕ ਵਿੱਚ, ਆਪਣੀਆਂ ਟਿੱਪਣੀਆਂ ਸਹਿਤ ਛਾਪ ਦਿੱਤਾ। ਉਸ ਦੀ ਮਹੱਤਵਪੂਰਣ ਟਿੱਪਣੀ ਸੀ ਕਿ ਹੁਣ ਤੱਕ ਹਿੰਦੂ ਆਖਦੇ ਸਨ ਕਿ ਇਹਨਾਂ ਦਾ ਵਿਰੋਧ ਕੇਵਲ ਬਾਹਰੋਂ ਆਏ ਧਰਮਾਂ, ਇਸਾਈਮਤ ਅਤੇ ਇਸਲਾਮ, ਨਾਲ ਹੈ। ਸਿੱਖ ਮਤ ਨੂੰ ਤਾਂ ਇਹ ਅੰਦਰੂਨੀ ਵਿਕਸਿਤ ਹੋਇਆ ਮੰਨਦੇ ਹਨ। ਸਿੱਖਾਂ ਨੂੰ ਨੇਸਤੋ ਨਾਬੂਦ ਕਰਨ ਦੀ ਤੀਬਰ ਇੱਛਾ ਉਸ ਨੂੰ ਸਮਝ ਨਹੀਂ ਆਉਂਦੀ।
ਬਾਅਦ ਵਿੱਚ ਇੱਕ ਹੋਰ ਗ਼ੈਰ-ਸਿੱਖ ਟਿੱਪਣੀਕਾਰ ਵੀ ਕਹਿੰਦਾ ਹੈ ਕਿ ਕੌਂਗਰਸ ਕੋਲ ਦਿੱਲੀ ਵਰਗਾ ਕਤਲੇਆਮ ਕਰਨ ਲਈ ਨਫ਼ਰੀ ਨਹੀਂ ਸੀ। ਜਾਪਦਾ ਇਹ ਹੈ ਕਿ ਕਤਲੇਆਮ ਨੂੰ ਸਿਰੇ ਚਾੜ੍ਹਨ ਲਈ ਹਿੰਦੂਤਵ ਦੇ ਖਾਕੀ ਨਿੱਕਰਾਂ ਵਾਲੇ ਸਿਪਾਹੀ ਹੀ ਕੰਮ ਆਏ। ਪ੍ਰਮਾਣ ਵਜੋਂ ਇਹ ਆਖਦਾ ਹੈ ਕਿ ਹਰ ਵੱਡੀ ਘਟਨਾ ਤੋਂ ਬਾਅਦ ਸੰਘ ਵਾਲੇ ਖਾਕੀ ਨਿੱਕਰਾਂ ਵਾਲਿਆਂ ਦੀਆਂ ਤਸਵੀਰਾਂ ਛਾਪਦੇ ਹਨ ਜਿਸ ਤੋਂ ਇਹ ਜਾਪੇ ਕਿ ਇਹਨਾਂ ਬਹੁਤ ਸਕਾਰਾਤਮਕ ਭੂਮਿਕਾ ਨਿਭਾਈ ਹੈ। ਸਿੱਖ ਕਤਲੇਆਮ ਤੋਂ ਬਾਅਦ ਅਜਿਹਾ ਨਹੀਂ ਕੀਤਾ ਗਿਆ। ਜੌਰਜ ਫਰਨਾਂਡੇਸ ਵੀ ਸਿੱਖ ਕਤਲੇਆਮ ਨੂੰ ਹਿੰਦੂਤਵ ਸ਼ਕਤੀਆਂ ਅਤੇ ਕੌਂਗਰਸ ਜਮਾਤ ਦਾ ਮਿਲ ਕੇ ਕੀਤਾ ਅੱਤਿਆਚਾਰ ਹੀ ਮੰਨਦਾ ਹੈ।
ਇਹ ਦਸਤਾਵੇਜ਼ 8 ਨੰਵਬਰ 1984 ਨੂੰ ਜਾਰੀ ਹੋਇਆ ਜਦੋਂ ਕਤਲੇਆਮ ਚੱਲ ਰਿਹਾ ਸੀ ਅਤੇ ਇਹ ਹੈ ਈ ਸਿੱਖ ਕਤਲੇਆਮ ਨੂੰ ਜਾਇਜ਼ ਦੱਸਣ ਲਈ ਸੀ ਤਾਂ ਕਿ ਸਭ ਹਿੰਦੂਤਵੀ ਇਸ 'ਭਰੋਸਾ ਨਿਬੇੜ ਯੱਗ' ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਸਕਣ। ਸਿੱਖ ਕਤਲੇਆਮ ਮੂਲ ਰੂਪ ਵਿੱਚ ਹਿੰਦੂਤਵੀਆਂ ਦੀ ਹਿੰਦ ਦੇ ਇਤਿਹਾਸ ਨੂੰ ਮਾਰੂ ਦੇਣ ਹੈ ਜਿਸ ਦੇ ਨਤੀਜੇ ਅਜੇ ਆਉਣੇ ਬਾਕੀ ਹਨ।  ਪਰਸ਼ੂਰਾਮ ਦੇ ਕੁਹਾੜੇ ਦੇ ਵਾਰ ਵੀ ਬਹੁਤ ਸਮੇਂ ਬਾਅਦ ਰੰਗ ਲਿਆਏ ਸਨ।
ਸਿੱਖ ਕਤਲੇਆਮ ਹਿੰਦ ਦੇ ਕੁੱਲ ਹਿੰਦੂਤਵੀਆਂ ਦਾ ਸਾਂਝਾ ਮਹਾਂ-ਤਾਂਡਵ ਹੈ। 1984 ਤੋਂ ਲੈ ਕੇ ਹੁਣ ਤੱਕ ਅਨੇਕਾਂ  ਰੰਗਾਂ ਦੀਆਂ ਸਰਕਾਰਾਂ ਬਣੀਆਂ ਹਨ ਅਤੇ ਭਗਵੇਂ ਸਮੇਤ ਕਈ ਰੰਗਾਂ ਦੇ ਮਹਾਂਰਥੀ ਪ੍ਰਧਾਨ ਮੰਤਰੀ ਆਦਿ ਰਹਿ ਚੁੱਕੇ ਹਨ। ਜਾਪਦਾ ਹੈ ਮਾਈ ਧੂਈ, ਮਾਈ ਘੜੀਸੀ ਵਿੱਚ ਕੋਈ ਫ਼ਰਕ ਨਹੀਂ। ਗੰਡਾਸਾ ਅਤੇ ਖੱਪਰ ਸਭ ਦੀ ਸਾਂਝੀ ਪਛਾਣ ਹੈ। ਜੇ ਦੋ ਪ੍ਰਤਿਸ਼ਤ ਸਿੱਖਾਂ ਨੂੰ ਖ਼ਤਮ ਕਰਨ ਦਾ ਇਰਾਦਾ ਹਿੰਦ ਨਾ ਰੱਖਦਾ ਹੁੰਦਾ ਤਾਂ ਕੋਈ ਤਾਂ ਨਵਾਬ ਮਲੇਰਕੋਟਲੇ ਵਾਂਗ ਘੱਟੋ-ਘੱਟ ਹਾਅ ਦਾ ਨਾਅਰਾ ਹੀ ਮਾਰਦਾ!  'ਸੰਕਲ ਜੇਵੜੀ' ਲੈ ਕੇ ਵੇਦਾਂ ਦੀਆਂ ਪੁਤਰੀਆਂ ਨੇ ਪੈਂਤੜੇ ਨਹੀਂ ਸਨ ਮੱਲਣੇ। ਇਸ ਹਮਾਮ ਵਿੱਚ ਸਭ ਨੰਗੇ ਹਨ।
ਇਸ ਭਾਵ ਨੂੰ ਪ੍ਰਗਟ ਕਰਦੀ ਲਿਖਤ ਉੱਤੇ ਸਿਆਹੀ ਫੇਰ ਦੇਣਾ ਪੰਜਾਬ ਦੀ ਸਵਾਮੀ ਭਗਤ ਪੁਲਿਸ ਦਾ ਕਾਰਾ ਤਾਂ ਹੋ ਸਕਦਾ ਹੈ ਪਰ ਇਹ ਪੰਚ ਪ੍ਰਧਾਨੀ ਅਕਾਲੀ ਦਲ ਅਤੇ ਦਲ ਖ਼ਾਲਸਾ ਦੇ ਮੁੱਢਲੇ ਤਰਕ ਨੂੰ ਰੱਦ ਨਹੀਂ ਕਰ ਸਕਦਾ। ਪੁਲਿਸ ਦਾ ਇਤਿਹਾਸ ਦੀ ਵਿਆਖਿਆ ਤੋਂ ਦੂਰ ਰਹਿਣਾ ਹੀ ਜਾਇਜ਼ ਹੈ।
 ------
 
    [ ਰੋਜ਼ਾਨਾ ਪਹਿਰੇਦਾਰ 3 ਨਵੰਬਰ, 2013 'ਚੋਂ ਧਨਵਾਦ ਸਹਿਤ:-

            84 ਦੇ ਸਿੱਖ ਕਤਲੇਆਮ 'ਚ ਆਰ.ਐਸ.ਐਸ. ਦੀ ਭੂਮਿਕਾ
    ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਹੋਇਆਂ ਪੂਰੇ 29 ਸਾਲ ਗੁਜ਼ਰ ਗਏ ਹਨ। ਵੱਡੀ ਤਾਕਤ ਵਾਲੀਆਂ ਅਣਗਿਣਤ ਜਾਂਚ ਕਮੇਟੀਆਂ, ਪੁਲਿਸ ਜਾਂਚ ਟੀਮਾਂ ਅਤੇ ਕਮਿਸ਼ਨਾਂ ਦੇ ਗਠਨ ਦੇ ਬਾਵਜੂਦ ਬਹੁਤ ਘੱਟ ਆਰੋਪੀਆਂ ਤੇ ਮੁਕੱਦਮੇ ਦਰਜ ਹੋ ਸਕੇ, ਅਸਲ ਅਪਰਾਧੀ ਤਾਂ ਕਾਨੂੰਨ ਦੀ ਪਹੁੰਚ ਤੋਂ ਹਾਲਾਂ ਵੀ ਬਹੁਤ ਦੂਰ ਹਨ। ਸੱਚਾਈ ਇਹ ਹੈ ਕਿ ਭਾਵੇਂ ਪਿਛਲੇ 29 ਸਾਲਾਂ ਵਿੱਚ ਦੇਸ਼ ਵਿੱਚ ਕਈ ਸਿਆਸੀ ਵਿਚਾਰਧਾਰਾਵਾਂ ਦਾ ਰਾਜ ਰਿਹਾ ਹੈ, ਪਰ ਅਪਰਾਧੀਆਂ ਨੂੰ ਸਜ਼ਾ ਦੇਣ ਲਈ ਕੋਈ ਸਿਆਸੀ ਇੱਛਾ ਨਹੀਂ ਸੀ। ਅੱਜ ਤੱਕ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਕਤਲੇਆਮ ਪਿਛੇ ਕਾਂਗਰਸ ਦੇ ਵਰਕਰਾਂ ਦਾ ਹੱਥ ਸੀ। ਇਹ ਸੱਚ ਵੀ ਹੋ ਸਕਦਾ ਹੈ ਪਰ ਅਜਿਹੀਆਂ ਹੋਰ ਵੀ ਤਾਕਤਾਂ ਸ਼ਾਮਲ ਸਨ ਜਿਨ੍ਹਾਂ ਨੇ ਕਤਲੇਆਮ ਵਿੱਚ ਸਰਗਰਮ ਭੂਮਿਕਾ ਨਿਭਾਈ ਪਰ ਫਿਰ ਵੀ ਉਨ੍ਹਾਂ ਦੀ ਭੂਮਿਕਾ ਦੀ ਕਦੇ ਵੀ ਜਾਂਚ ਨਹੀਂ ਕੀਤੀ ਗਈ। ਜਿਹੜੇ ਵਿਅਕਤੀ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਗਵਾਹ ਸਨ, ਉਹ ਨਿਰਦੋਸ਼ ਸਿੱਖਾਂ ਨੂੰ ਜਲਾਉਣ ਵਾਲੀ ਕਾਤਲ ਹਮਲਾਵਰ ਭੀੜਾਂ ਦੀ ਚੁਸਤੀ ਅਤੇ ਫ਼ੌਜ ਵਰਗੀ ਅਚੂਕਤਾ ਤੋਂ ਹੈਰਾਨ ਹੋ ਗਏ ਸਨ। ਇਹ ਕਾਂਗਰਸੀ ਠਗਾਂ ਦੇ ਵੱਸ ਤੋਂ ਬਾਹਰ ਦੀ ਗੱਲ ਸੀ। ਪਿੱਛੇ ਜਿਹੇ ਇੱਕ ਮਹੱਤਵਪੂਰਨ ਦਸਤਾਵੇਜ਼ ਸਾਹਮਣੇ ਆਇਆ ਹੈ, ਜੋ ਇਸ ਨਸਲਕੁਸ਼ੀ ਦੇ ਕੁਝ ਛੁਪੇ ਹੋਏ ਪਹਿਲੂਆਂ ਤੇ ਰੋਸ਼ਨੀ ਪਾ ਸਕਦਾ ਹੈ। ਇਸ ਨੂੰ ਆਰ.ਐਸ.ਐਸ ਦੇ ਇੱਕ ਨਾਮਵਰ ਅਤੇ ਅਨੁਭਵੀ ਆਗੂ ਨਾਨਾ ਦੇਸ਼ਮੁੱਖ ਵੱਲੋਂ 8 ਨਵੰਬਰ, 1984 ਨੂੰ ਲਿਖਿਆ ਅਤੇ ਵੰਡਿਆ ਗਿਆ ਸੀ। ਦਿਲਚਸਪ ਗੱਲ ਹੈ ਕਿ ਇਹ ਦਸਤਾਵੇਜ਼ ਜਾਰਜ ਫਰਨਾਡਿਜ਼ (1999 ਤੋਂ 2005 ਤੱਕ ਭਾਰਤ ਦੇ ਸੁਰੱਖਿਆ ਮੰਤਰੀ ਅਤੇ ਮੌਜੂਦਾ ਤੌਰ ਤੇ ਆਰ.ਐਸ.ਐਸ. ਦਾ ਇੱਕ ਖਾਸ ਮਿੱਤਰ) ਦੇ ਸੰਪਾਦਨ ਵਾਲੀ ਹਿੰਦੀ ਸਾਪਤਾਹਿਕ ਪੱਤ੍ਰਿਕਾ 'ਪ੍ਰਤੀਪਕਸ਼' ਦੇ 25 ਨਵੰਬਰ, 1984 ਦੇ ਸੰਸਕਣ ਵਿੱਚ 'ਇੰਦਰਾ ਕੌਂਗਰਸ-ਆਰ.ਐਸ.ਐਸ ਗਠਜੋੜ' ਸਿਰਲੇਖ ਨਾਲ ਹੇਠ ਲਿਖੀ ਸੰਪਾਦਕੀ ਟਿੱਪਣੀ ਨਾਲ ਪ੍ਰਕਾਸ਼ਿਤ ਹੋਇਆ ਸੀ। ਹੇਠ ਲਿਖੇ ਦਸਤਾਵੇਜ਼ ਦੇ ਲਿਖਾਰੀ ਨੂੰ ਆਰ.ਐਸ.ਐਸ ਦੇ ਸਿਧਾਂਤਕਾਰ ਅਤੇ ਨੀਤੀ ਘਾੜਾ ਜਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ (ਇੰਦਰਾ ਗਾਂਧੀ) ਦੀ ਹੱਤਿਆ ਦੇ ਬਾਅਦ ਉਸ ਨੇ ਇਸ ਦਸਤਾਵੇਜ਼ ਨੂੰ ਪ੍ਰਮੁੱਖ ਸਿਆਸਤਦਾਨਾਂ ਵਿੱਚ ਵੰਡਿਆ। ਇਸ ਦੀ ਇੱਕ ਇਤਿਹਾਸਕ ਮਹੱਤਤਾ ਹੈ, ਜਿਸ ਕਾਰਨ ਅਸੀਂ ਆਪਣੇ ਹਫਤਾਵਾਰੀ ਦੀ ਨੀਤੀਆਂ ਦੇ ਉਲਟ ਇਸ ਨੂੰ ਪ੍ਰਕਾਸ਼ਿਤ ਕਰਨ ਦਾ ਨਿਰਣਾ ਲਿਆ ਹੈ। ਇਹ ਦਸਤਾਵੇਜ਼ ਇੰਦਰਾ ਕਾਂਗਰਸ ਅਤੇ ਆਰ.ਐਸ.ਐਸ ਵਿਚਕਾਰ ਨਵੀਂ ਸਾਂਝ ਨੂੰ ਉਭਾਰਦਾ ਹੈ, ਅਸੀਂ ਦਸਤਾਵੇਜ਼ ਦਾ ਹਿੰਦੀ ਅਨੁਵਾਦ ਪੇਸ਼ ਕਰ ਰਹੇ ਹਾਂ। ਇਹ ਦਸਤਾਵੇਜ਼ ਨਿਰਦੋਸ਼ ਸਿੱਖਾਂ ਦੇ ਕਤਲੇਆਮ ਵਿੱਚ ਸ਼ਾਮਲ ਅਪਰਾਧੀਆਂ ਜਿੰਨ੍ਹਾਂ ਦਾ ਇੰਦਰਾ ਗਾਂਧੀ ਦੇ ਕਤਲ ਨਾਲ ਕੋਈ ਲੈਣ-ਦੇਣ ਨਹੀਂ ਸੀ ਦੇ ਸਾਰੇ ਸਮੂਹ ਨੂੰ ਬੇਨਕਾਬ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਦਸਤਾਵੇਜ਼ ਇਸ ਗੱਲ ਤੇ ਵੀ ਕੁਝ ਪ੍ਰਕਾਸ਼ ਪਾ ਸਕਦਾ ਹੈ ਕਿ ਹਮਲਾਵਰ ਕਿੱਥੋਂ ਆਏ ਅਤੇ ਕਿਸ ਨੇ ਸੂਖਮਤਾ ਨਾਲ ਸਿੱਖਾਂ ਦੇ ਕਤਲਾਂ ਨੂੰ ਸੰਗਠਤ ਕੀਤਾ। ਇਸ ਦਸਤਾਵੇਜ਼ਾ ਵਿੱਚ ਨਾਨਾ  ਦੇਸ਼ਮੁੱਖ 1984 ਦੇ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਲਿਖਤ ਆਰ.ਐਸ.ਐਸ ਦੀ ਭਾਰਤ ਦੀਆਂ ਸਾਰੀਆਂ ਘੱਟ-ਗਿਣਤੀਆਂ ਪ੍ਰਤੀ ਅਸਲ ਭਰਿਸ਼ਟ ਅਤੇ ਫਾਸਿਸਟ ਮਨੋਬਿਰਤੀ ਦਾ ਪ੍ਰਗਟਾਵਾ ਕਰਦੀ ਹੈ। ਆਰ.ਐਸ.ਐਸ ਇਹ ਕਹਿੰਦੀ ਰਹੀ ਕਿ ਉਹ ਮੁਸਲਮਾਨਾਂ ਅਤੇ ਇਸਾਈਆਂ ਦੇ ਇਸ ਲਈ ਵਿਰੁੱਧ ਹਨ ਕਿ ਉਹ ਵਿਦੇਸ਼ੀ ਧਰਮਾਂ ਦੇ ਉਪਾਸਕ ਹਨ। ਇੱਥੇ ਅਸੀਂ ਉਨ੍ਹਾਂ ਨੂੰ ਸਿੱਖਾਂ ਪ੍ਰਤੀ ਕਸਾਈਪੁਣੇ ਨੂੰ ਜਾਇਜ਼ ਠਹਿਰਾਉਂਦਿਆਂ ਵੇਖਦੇ ਹਾਂ। ਜੋ ਕਿ ਉਨ੍ਹਾਂ ਦੇ ਆਪਣੇ ਮੁਤਾਬਿਕ ਸਥਾਨਕ ਧਰਮ ਦੇ ਉਪਾਸਕ ਹਨ। ਆਰ.ਐਸ.ਐਸ. ਅਕਸਰ ਹਿੰਦੂ-ਸਿੱਖ ਏਕਤਾ ਦੀ ਦ੍ਰਿੜ੍ਹ ਸਮੱਰਥਕ ਹੋਣ ਦਾ ਦਾਅਵਾ ਕਰਦੀ ਹੈ। ਪਰ ਇਸ ਲਿਖਤ ਵਿੱਚ ਉਹ ਤਤਕਾਲੀ ਕਾਂਗਰਸ ਲੀਡਰਸ਼ਿਪ ਦੀ ਤਰ੍ਹਾਂ ਇਹ ਯਕੀਨ ਕਰਦੇ ਹਨ ਕਿ ਨਿਰਦੋਸ਼ ਸਿੱਖਾਂ ਦਾ ਕਤਲੇਆਮ ਜਾਇਜ਼ ਸੀ। ਦਸਤਾਵੇਜ਼ ਵਿੱਚ ਨਾਨਾ ਦੇਸ਼ਮੁੱਖ 1984 ਦੇ ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੇ ਨੁਕਤੇ ਪੇਸ਼ ਕਰਦਾ ਹੈ। ਇਸ ਖ਼ੂਨ ਖ਼ਰਾਬੇ ਦੇ ਪੱਖ ਵਿੱਚ ਉਸ ਦੀਆਂ ਦਲੀਲਾਂ  ਹੇਠ ਲਿਖੇ ਅਨੁਸਾਰ ਹਨ:-

    1. ਸਿੱਖਾਂ ਦਾ ਕਤਲੇਆਮ ਕਿਸੇ ਸਮੂਹ ਜਾਂ ਸਮਾਜ ਵਿਰੋਧੀ ਤੱਤਾਂ ਦਾ ਕੰਮ ਨਹੀਂ ਸੀ ਬਲਕਿ ਭਾਰਤ ਦੇ ਹਿੰਦੂਆਂ ਵਿੱਚ ਸਿੱਖਾਂ ਵਿਰੁੱਧ ਅਸਲ ਗੁੱਸੇ ਦਾ ਨਤੀਜਾ ਸੀ।
    2. ਦੇਸ਼ਮੁੱਖ ਇੰਦਰਾ ਗਾਂਧੀ ਦੇ ਦੋ ਅੰਗ ਰੱਖਿਆਕਾਂ, ਜੋ ਸਿੱਖ ਸਨ, ਅਤੇ ਸਾਰੀ ਸਿੱਖ ਬਿਰਾਦਰੀ ਦੇ ਵਿਹਾਰ ਵਿੱਚ ਕੋਈ ਅੰਤਰ ਨਹੀਂ ਕਰਦਾ। ਉਸ ਦੇ ਦਸਤਾਵੇਜ਼ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਇੰਦਰਾ ਗਾਂਧੀ ਦੇ ਕਾਤਲ ਸਿੱਖ ਕੌਮ ਤੋਂ ਪ੍ਰਾਪਤ ਕਿਸੇ ਤਰ੍ਹਾਂ ਦੇ ਫੁਮਾਨ ਦੇ ਅਧੀਨ ਕੰਮ ਕਰ ਰਹੇ ਸਨ। ਇਸ ਲਈ ਸਿੱਖਾਂ ਤੇ ਹਮਲੇ ਜਾਇਜ਼ ਸਨ।
    3. ਦੇਸ਼ਮੁੱਖ ਅਨੁਸਾਰ ਸਿੱਖਾਂ ਨੇ ਖ਼ੁਦ ਹੀ ਇਨਾਂ ਹਮਲਿਆਂ ਨੂੰ ਦਾਵਤ ਦਿੱਤੀ ਅਤੇ ਇਸ ਤਰ੍ਹਾਂ ਕਾਂਗਰਸ ਵੱਲੋਂ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦੀ ਥਿਉਰੀ ਨੂੰ ਅੱਗੇ ਵਧਾਇਆ।
    4. ਦੇਸ਼ਮੁੱਖ 'ਸਾਕਾ ਨੀਲਾ ਤਾਰਾ' ਦੀ ਵਡਿਆਈ ਕਰਦਿਆਂ ਕਹਿੰਦਾ ਹੈ, ਕਿ ਇਸ ਸਾਰੇ ਦੀ ਕਿਸੇ ਤਰ੍ਹਾਂ ਦੀ ਵਿਰੋਧਤਾ ਦੇਸ਼-ਵਿਰੋਧੀ ਹੈ। ਜਦ ਸਿੱਖ ਹਜ਼ਾਰਾਂ ਦੀ ਗਿਣਤੀ ਵਿੱਚ ਮਾਰੇ ਜਾ ਰਹੇ ਸਨ ਤਾਂ ਉਹ ਇਨ੍ਹਾਂ ਕਤਲਾਂ ਦੀ ਸਿਧਾਂਤਕ ਜਾਵਬਦੇਹੀ ਕਰਦਿਆਂ ਦੇਸ਼ ਨੂੰ ਸਿੱਖ ਅੱਤਵਾਦ ਬਾਰੇ ਚੇਤਾਵਨੀ ਦੇ ਰਿਹਾ ਸੀ।
   5. ਪੰਜਾਬ ਵਿੱਚ ਹੋਈ ਹਿੰਸਾ ਲਈ ਸਾਰੀ ਸਿੱਖ ਕੌਮ ਸਮੁੱਚੇ ਤੌਰ 'ਤੇ ਜ਼ਿੰਮੇਵਾਰ ਸੀ।
    6. ਸਿੱਖਾਂ ਨੂੰ ਆਪਣੇ ਬਚਾਅ ਲਈ ਕੁਝ ਨਹੀਂ ਕਰਨਾ ਚਾਹੀਦਾ ਸੀ। ਬਲਕਿ ਕਾਤਿਲ ਭੀੜਾਂ ਪ੍ਰਤੀ ਧੀਰਜ ਅਤੇ ਸਬਰ ਦਾ ਪ੍ਰਗਟਾਵਾ ਕਰਨਾ ਚਾਹੀਦਾ ਸੀ
    7. ਕਤਲੇਆਮ ਲਈ ਕਾਤਿਲ ਭੀੜਾਂ ਨਹੀਂ ਬਲਕਿ ਸਿੱਖ ਬੁੱਧਜੀਵੀ ਜ਼ਿੰਮੇਵਾਰ ਸਨ। ਉਨ੍ਹਾਂ ਨੇ ਸਿੱਖਾਂ ਨੂੰ ਹਿੰਦੂ ਜੜ੍ਹਾਂ ਤੋਂ ਅਲੱਗ ਕਰਦਿਆਂ ਇੱਕ ਲੜਾਕੂ ਬਣਾ ਦਿੱਤਾ ਸੀ ਅਤੇ ਇਸ ਤਰ੍ਹਾਂ ਦੇਸ਼-ਭਗਤ ਭਾਰਤੀਆਂ ਤੋਂ ਹਮਲੇ ਨੂੰ ਦਾਵਤ ਦਿੱਤੀ। ਦਿਲਚਸਪ ਗੱਲ ਹੈ ਕਿ ਦੇਸ਼ਮੁਖ ਨੂੰ ਲੜਾਕੂ ਹਿੰਦੂਆਂ 'ਤੇ ਕੋਈ ਇਤਰਾਜ਼ ਨਹੀਂ। ਸਭ ਤੋਂ ਵੱਡੀ ਗੱਲ, ਉਹ ਸਾਰੇ ਸਿੱਖਾਂ ਨਾਲ ਕਿਸੇ ਗੈਂਗ ਦੇ ਮੈਂਬਰਾਂ ਦੀ ਤਰ੍ਹਾਂ ਵਤੀਰਾ ਕਰਦਾ ਹੈ ਅਤੇ ਉਨ੍ਹਾਂ 'ਤੇ ਹੋਏ ਹਮਲਿਆਂ ਨੂੰ ਦੇਸ਼ਭਗਤ ਹਿੰਦੂਆਂ ਦੀ ਪ੍ਰਤੀਕ੍ਰਿਆ ਵਜੋਂ ਸਫਾਈ ਪੇਸ਼ ਕਰਦਾ ਹੈ।
    8.  ਉਹ ਇੰਦਰਾ ਗਾਂਧੀ ਦਾ ਵਰਣਨ ਇੱਕ-ਮਾਤਰ ਅਜਿਹੀ ਆਗੂ ਦੇ ਰੂਪ ਵਿੱਚ ਕਰਦਾ ਹੈ ਜੋ ਦੇਸ਼ ਦੀ ਏਕਤਾ ਬਣਾਈ ਰੱਖ ਸਕਦੀ ਸੀ ਅਤੇ ਅਜਿਹੀ ਮਹਾਨ ਨੇਤਾ ਦੇ ਮਾਰੇ ਜਾਣ 'ਤੇ ਅਜਿਹੇ ਕਤਲੇਆਮ ਤੋਂ ਬਚਾਅ ਨਹੀਂ ਹੋ ਸਕਦਾ ਹੈ।
    9. ਲਿਖਤ ਦੇ ਅੰਤ ਵਿੱਚ ਨਾਨਾ ਦੇਸ਼ਮੁੱਖ ਨੇ ਰਾਜੀਵ ਗਾਂਧੀ, ਜੋ ਇੰਦਰਾ ਗਾਂਧੀ ਤੋਂ ਬਾਅਦ ਪ੍ਰਧਾਨ ਮੰਤਰੀ ਬਣਿਆ ਅਤੇ ਜਿਸ ਨੇ ਦੇਸ਼ ਭਰ ਵਿੱਚ ਸਿੱਖਾਂ ਤੇ ਕਤਲਾਂ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ, ਜਦ ਕੋਈ ਵੱਡਾ ਪੇੜ ਡਿੱਗਦਾ ਹੈ ਤਾਂ ਧਰਤੀ ਹਮੇਸ਼ਾਂ ਹਿੱਲਦੀ ਹੈ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ਅਸੀਸਾਂ ਦਿੱਤੀਆਂ ਹਨ।
    10. ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੇ ਕਤਲੇਆਮ ਨੂੰ ਗਾਂਧੀ ਜੀ ਦੇ ਕਤਲ ਉਪਰੰਤ ਆਰ.ਐਸ.ਐਸ. ਕਾਰਕੁੰਨਾਂ ਤੇ ਹੋਏ ਹਮਲਿਆਂ ਨਾਲ ਤੁਲਨਾ ਕੀਤੀ ਜਾਂਦੀ ਹੈ ਅਤੇ ਅਸੀਂ ਪਾਉਂਦੇ ਹਾਂ ਕਿ ਦੇਸ਼ਮੁੱਖ ਸਿੱਖਾਂ ਨੂੰ ਚੁਪਚਾਪ ਮੁਸੀਬਤ ਸਹਿਨ ਕਰਨ ਦੀ ਸਲਾਹ ਦਿੰਦਾ ਹੈ। ਹਰ ਕੋਈ ਜਾਣਦਾ ਹੈ ਕਿ ਗਾਂਧੀ ਜੀ ਦੇ ਕਤਲ ਦੀ ਪ੍ਰੇਰਣਾ ਆਰ.ਐਸ.ਐਸ. ਅਤੇ ਹਿੰਦੂਤਵ ਵਿਚਾਰਧਾਰਾ ਤੋਂ ਉਪਜੀ ਸੀ ਜਦਕਿ ਆਮ ਨਿਰਦੋਸ਼ ਸਿੱਖਾਂ ਦਾ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਨਾਲ ਕੋਈ ਲੈਣ-ਦੇਣ ਨਹੀਂ ਸੀ।
    11. ਦੇਸ਼ਮੁੱਖ ਦੀ ਲਿਖਤ ਵਿੱਚ ਇੱਕ ਵੀ ਅਜਿਹਾ ਵਾਕ ਨਹੀਂ ਜਿਸ ਵਿੱਚ ਉਹ ਤਤਕਾਲੀ ਕਾਂਗਰਸ ਸਰਕਾਰ ਤੋਂ ਘੱਟ ਗਿਣਤੀ ਬਿਰਾਦਰੀ ਵਿਰੁੱਧ ਹਿੰਸਾ ਨੂੰ ਰੋਕਣ ਲਈ ਉਪਾਅ ਦੀ ਮੰਗ ਕਰਦਾ ਹੋਵੇ। ਧਿਆਨ ਦੇਵੋ, ਦੇਸ਼ਮੁੱਖ ਨੇ ਇਸ ਲਿਖਤ ਨੂੰ 8 ਨਵੰਬਰ 1984 ਨੂੰ ਵਰਤਾਇਆ ਅਤੇ 31 ਅਕਤੂਬਰ ਤੋਂ ਲੈ ਉਸ ਦਿਨ ਤੱਕ ਸਿੱਖਾਂ ਨੂੰ ਕਾਤਲ ਭੀੜਾਂ ਨਾਲ ਨਿਬੜਨ ਲਈ ਇਕੱਲਿਆਂ ਛੱਡ ਦਿੱਤਾ ਗਿਆ ਸੀ। ਤੱਥ ਤਾਂ ਇਹ ਹੈ ਕਿ ਇਹ 5 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ ਦਾ ਹੀ ਸਮਾਂ ਸੀ ਜਦ ਸਭ ਤੋਂ ਵੱਧ ਸਿੱਖਾਂ ਦੇ ਕਤਲ ਹੋਏ। ਦੇਸ਼ਮੁੱਖ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਸੀ।
    ਦੇਸ਼ਮੁੱਖ ਦੀ ਲਿਖਤ ਉਸ ਦੀ ਨਿੱਜੀ ਸੋਚ ਨਹੀਂ। ਇਹ ਆਰ.ਐਸ.ਐਸ. ਦਾ 1984 ਦੇ ਸਿੱਖ ਨਸਲਕੁਸ਼ੀ ਪ੍ਰਤੀ ਅਸਲ ਮਨੋਬਿਰਤੀ ਦਾ ਪ੍ਰਗਟਾਵਾ ਸੀ। ਆਰ.ਐਸ.ਐਸ. ਨੂੰ ਸ਼ਹੁਰਤ ਹਾਸਲ ਕਰਨ ਵਾਲੀ ਸਮੱਗਰੀ ਵੰਡਣ ਦਾ ਬੜਾ ਸ਼ੌਕ ਹੈ¸ਖ਼ਾਸ ਕਰ ਉਹ ਤਸਵੀਰਾਂ ਜਿਨ੍ਹਾਂ ਵਿੱਚ ਖਾਕੀ ਨਿੱਕਰਾਂ ਵਾਲੇ ਇਸ ਦੇ ਕਾਰਕੁੰਨ ਸਮਾਜ ਸੇਵਾ ਕਰਦੇ ਹਨ। 1984 ਦੀ ਹਿੰਸਾ ਲਈ ਉਨ੍ਹਾਂ ਕੋਲ ਕੋਈ ਤਸਵੀਰ ਨਹੀਂ ਹੈ। ਅਸਲ ਵਿੱਚ, ਦੇਸ਼ਮੁੱਖ ਦਾ ਲੇਖ ਆਰ.ਐਸ.ਐਸ. ਕਾਰਕੁੰਨਾਂ ਵੱਲੋਂ ਘਿਰੇ ਹੋਏ ਸਿੱਖਾਂ ਦੇ ਬਚਾਅ ਲਈ ਜਾਣ ਦਾ ਕੋਈ ਜ਼ਿਕਰ ਨਹੀਂ ਕਰਦਾ। ਇਹ ਨਸ਼ਲਕੁਸੀ ਆਰ.ਐਸ.ਐਸ. ਦੀਆਂ ਅਸਲ ਇਛਾਵਾਂ ਦਰਸਾਉਂਦੀ ਹੈ।

    ਦੇਸ਼ਮੁੱਖ ਦੀ ਲਿਖਤ ਦੇ ਅੰਸ਼ ਹੇਠਾਂ ਪੰਜਾਬੀ ਵਿੱਚ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ :-

    ਆਤਮ-ਖੋਜ ਦੀਆਂ ਘੜੀਆਂ

    ਆਖਿਰਕਾਰ ਇੰਦਰਾ ਗਾਂਧੀ ਨੇ ਇਤਿਹਾਸ ਦੇ ਦਰਵਾਜ਼ੇ ਤੇ ਇੱਕ ਮਹਾਨ ਸ਼ਹੀਦ ਦਾ ਸਥਾਨ ਪਾ ਹੀ ਲਿਆ। ਉਹ ਇੱਕ ਮਹਾਨ ਔਰਤ ਸੀ ਅਤੇ ਇਕ ਬਹਾਤਰ ਨੇਤਾ ਦੀ ਤਰ੍ਹਾਂ ਉਸ ਦੀ ਮੌਤ ਨੇ ਉਸ ਦੀ ਮਹਾਨਤਾ ਵਿੱਚ ਵਾਧਾ ਕੀਤਾ ਹੈ। ਉਸ ਨੂੰ ਇੱਕ ਅਜਿਹੇ ਵਿਅਕਤੀ ਵੱਲੋਂ ਮਾਰਿਆ ਗਿਆ ਜਿਸ ਵਿੱਚ ਉਸ ਨੇ ਕਈ ਸ਼ਿਕਾਇਤਾਂ ਦੇ ਬਾਵਜੂਦ ਵਿਸ਼ਵਾਸ ਰੱਖਿਆ ਸੀ। ਅਜਿਹੇ ਇੱਕ ਪ੍ਰਭਾਵਸ਼ਾਲੀ ਅਤੇ ਮਸਰੂਫ ਵਿਅਕਤੀਤਵ ਦਾ ਕਤਲ ਉਸ ਵਿਅਕਤੀ ਵੱਲੋਂ ਕੀਤਾ ਗਿਆ ਜਿਸ ਦਾ ਫਰਜ਼ ਉਸ ਦੀ ਰੱਖਿਆ ਕਰਨਾ ਸੀ। ਇਹ ਕਾਰਾ ਨਾ ਸਿਰਫ਼ ਭਾਰਤ ਅਤੇ ਦੁਨੀਆਂ ਭਰ ਵਿੱਚ ਮੌਜੂਦ ਉਸ ਦੇ ਪ੍ਰਸ਼ੰਸਕਾਂ ਲਈ ਬਲਕਿ ਉਸ ਦੇ ਵਿਰੋਧੀਆਂ ਲਈ ਵੀ ਇੱਕ ਸਦਮੇ ਦੀ ਤਰ੍ਹਾਂ ਸੀ। ਕਤਲ ਦਾ ਇਹ ਕਾਇਰਤਾਪੂਰਨ ਅਤੇ ਧੋਖੇ-ਭਰਪੂਰ ਕਾਰਜ ਨੇ ਨਾ ਸਿਰਫ਼ ਇੱਕ ਮਹਾਨ ਆਗੂ ਦੀ ਜ਼ਿੰਗਦੀ ਨੂੰ ਖ਼ਤਮ ਕਰ ਦਿੱਤਾ ਬਲਕਿ ਪੰਥ ਦੇ ਨਾਮ ਤੇ ਸਮੁੱਚੇ ਮਨੁੱਖੀ ਵਿਸ਼ਵਾਸ ਨੂੰ ਹੀ ਕਤਲ ਕਰ ਦਿੱਤਾ। ਇੰਦਰਾ ਗਾਂਧੀ ਦੇ ਮਾਸੂਮ ਅਤੇ ਬੇਖਬਰ ਸਮਰੱਥਕਾਂ ਲਈ ਉਸ ਦਾ ਵਿਸਾਹਘਾਤੀ ਕਤਲ, ਪਿਛਲੇ ਤਿੰਨ ਸਾਲ ਤੋਂ ਚੱਲ ਰਹੇ ਵੱਖਵਾਦ, ਵਿਰੋਧ ਅਤੇ ਹਿੰਸਾ ਦੀ ਜ਼ਹਿਰੀਲੀ ਮੁਹਿੰਮ, ਜਿਸ ਵਿੱਚ ਸੈਂਕੜੇ ਨਿਦਰੋਸ਼ਾਂ ਨੂੰ ਆਪਣੀਆਂ ਕੀਮਤੀ ਜਾਨਾਂ ਗੁਆਉਣੀਆ ਪਈਆਂ ਅਤੇ ਧਰਮ ਸਥਾਨਾਂ ਦੀ ਬੇਅਦਬੀ ਹੋਈ ਦਾ ਸਿਖ਼ਰ ਸੀ। ਇਸ ਮੁਹਿੰਮ ਨੇ ਜੂਨ ਵਿੱਚ ਹੋਈ ਦਰਦਨਾਕ ਫ਼ੌਜੀ ਕਾਰਵਾਈ, ਜੋ ਦੇਸ਼ ਦੇ ਜ਼ਿਆਦਾਤਰ ਲੋਕਾਂ ਦੀਆਂ ਨਜ਼ਰਾਂ ਵਿੱਚ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਨੂੰ ਬਰਕਾਰ ਰੱਖਣ ਲਈ ਜ਼ਰੂਰੀ ਹੋ ਗਿਆ ਸੀ ਤੋਂ ਬਾਅਦ ਇੱਕ ਬਦਸ਼ਗਨੀ ਗਤੀ ਫੜ ਲਈ। ਕੁਝ ਇੱਕ ਅਪਵਾਦਾਂ ਨੂੰ ਛੱਡਕੇ, ਸਿੱਖ ਬਿਰਾਦਰੀ ਨੇ ਵਹਿਸ਼ੀਆਨਾ ਕਤਲੇਆਮ ਅਤੇ ਨਿਰਦੋਸ਼ ਲੋਕਾਂ ਦੇ ਅਨੈਤਿਕ ਕਤਲਾਂ ਬਾਰੇ ਲੰਬੇ ਸਮੇਂ ਤੱਕ ਚੁੱਪੀ ਸਾਧ ਰੱਖੀ ਪਰ ਲੰਬੇ ਸਮੇਂ ਤੋਂ ਲੋੜੀਦੀ ਫ਼ੌਜੀ ਕਾਰਵਾਈ ਦੀ ਗੁੱਸੇ ਅਤੇ ਖ਼ਤਰਨਾਕ ਧਮਕ ਨਾਲ ਨਿੰਦਾ ਕੀਤੀ। ਦੇਸ਼ ਉਨ੍ਹਾਂ ਦੀ (ਸਿੱਖੀ ਦੀ) ਮਨੋਬਿਰਤੀ ਤੇ ਹੈਰਾਨ ਸੀ। ਫ਼ੌਜੀ ਕਾਰਵਾਈ ਦੀ 1762 ਵਿੱਚ ਅਹਿਮਦਸ਼ਾਹ ਅਬਦਾਲੀ ਵੱਲੋਂ ਹਰਿਮੰਦਰ ਸਾਹਿਬ ਨੂੰ ਅਪਵਿੱਤਰ ਕਰਨ ਵਾਲੇ ''ਘੱਲੂਘਾਰੇ' ਦੀ ਕਾਰਵਾਈ ਨਾਲ ਤੁਲਨਾ ਕੀਤੀ ਗਈ। ਇਨ੍ਹਾਂ ਦੋਹਾਂ ਘਟਨਾਵਾਂ ਦੀ ਮੰਸ਼ਾ ਵੱਲ ਧਿਆਨ ਦਿੱਤਿਆਂ ਬਿਨਾਂ ਸ੍ਰੀਮਤੀ ਗਾਂਧੀ ਨੂੰ ਅਹਿਮਦਸ਼ਾਹ ਅਬਦਾਲੀ ਦੀ ਸ਼੍ਰੇਣੀ ਵਿੱਚ ਧੱਕ ਦਿੱਤਾ ਗਿਆ। ਉਨ੍ਹਾਂ ਨੂੰ ਸਿੱਖ ਕੌਮ ਦਾ ਦੁਸ਼ਮਣ ਐਲਾਨ ਦਿੱਤਾ ਗਿਆ ਅਤੇ ਉਨ੍ਹਾਂ ਦੇ ਸਿਰ ਤੇ ਵੱਡੇ ਇਨਾਮ ਰੱਖ ਦਿੱਤੇ ਗਏ। ਦੂਜੇ ਪਾਸੇ ਭਿੰਡਰਾਂਵਾਲਾ ਜੋ ਧਰਮ ਦੇ ਨਾਂ ਤੇ ਅਨੈਤਿਕ ਅਪਰਾਧ ਕਰਨ ਦਾ ਦੋਸ਼ੀ ਸੀ ਨੂੰ ਸ਼ਹੀਦ ਕਹਿ ਕੇ ਸਨਮਾਨਿਆ ਗਿਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਵਿੱਚ ਅਜਿਹੀਆਂ ਭਾਵਨਾਵਾਂ ਦੇ ਖੁੱਲ੍ਹੇ ਇਜ਼ਹਾਰ ਨੇ ਸਿੱਖਾਂ ਅਤੇ ਬਾਕੀ ਭਾਰਤੀਆਂ ਵਿਚਕਾਰ ਅਵਿਸ਼ਵਾਸ ਅਤੇ ਦੂਰੀ ਨੂੰ ਵਧਾਉਣ ਵਿੱਚ ਵਿਸ਼ੇਸ਼ ਭੂਮਿਕਾ ਅਦਾ ਕੀਤੀ। ਅਜਿਹੇ ਅਵਿਸ਼ਵਾਸ ਅਤੇ ਦੂਰੀ ਦੀ ਪਿੱਠਭੂਮੀ ਵਿੱਚ ਸੁੰਨ ਅਤੇ ਬੌਂਦਲੇ ਹੋਏ ਲੋਕਾਂ ਨੇ ਇਨ੍ਹਾਂ ਅਫ਼ਵਾਹਾਂ ਤੇ ਯਕੀਨ ਕਰ ਲਿਆ ਕਿ ਇੰਦਰਾ ਗਾਂਧੀ ਦੇ ਸਿੱਖ ਅੰਗ-ਰੱਖਿਆ ਵੱਲੋਂ ਫ਼ੌਜੀ ਕਾਰਵਾਈ ਦੇ ਬਦਲੇ ਵਿੱਚ ਉਸ ਦੇ ਕਤਲ ਦੀ ਸਿੱਖਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ। ਮੈਂ ਅਜਿਹੀ ਨਾਜ਼ੁਕ ਅਤੇ ਵਿਸਫੋਟਕ ਘੜੀ ਵਿੱਚ ਸਿੱਖਾਂ ਦੀ ਪ੍ਰਤਿਕ੍ਰਿਆ ਤੇ ਵੀ ਫਿਕਰਮੰਦ ਹਾਂ। ਪੰਜਾਬ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਰਾਸ਼ਟਰ ਦੀ ਮੁੜ-ਬਹਾਲੀ ਅਤੇ ਏਕਤਾ ਵਿੱਚ ਰੁੱਝੇ ਹੋਏ ਅਤੇ ਸਿੱਖ ਬਿਰਾਦਰੀ ਦੇ ਸ਼ੁਭਚਿੰਤਕ ਵਜੋਂ ਮੈਨੂੰ ਇਹ ਕਹਿਣ ਵਿੱਚ ਹਿਚਕਿਚਾਰਟ ਹੋ ਰਹੀ ਹੈ ਕਿ ਜੇਕਰ ਸਿੱਖਾਂ ਵੱਲੋਂ ਬਚਾਵ ਲਈ ਹਥਿਆਰਬੰਦ ਕਾਰਵਾਈ ਦੀ ਸੂਚਨਾ ਜ਼ਰਾ ਵੀ ਸੱਚ ਹੈ ਤਾਂ ਉਨ੍ਹਾਂ ਨੇ ਸਥਿਤੀ ਦਾ ਮੁਲਾਂਕਣ ਵਿਸਤਾਰ ਵਿੱਚ ਅਤੇ ਸਹੀ ਤਰ੍ਹਾਂ ਨਹੀਂ ਕੀਤਾ ਤੇ ਨਤੀਜੇ ਵਜੋਂ ਸਥਿਤੀ ਦੇ ਮੁਤਾਬਿਕ ਨਹੀਂ ਵਿਚਰ ਸਕੇ। ਮੈਂ ਆਸ ਕਰਦਾ ਹਾਂ ਕਿ ਮੌਜੂਦਾ ਮੁਸ਼ਕਲ ਘੜੀ ਵਿੱਚ ਸਿੱਖ ਭਰਾ ਉਪਰ ਦੱਸੇ ਗਏ (ਗਾਂਧੀ ਹੱਤਿਆ ਉਪਰ ਆਰ.ਐਸ.ਐਸ. ਵੱਲੋਂ ਕਥਿਤ ਸ਼ਾਂਤੀਪੂਰਨ ਰਵੱਈਆ): ਸਬਰ ਅਤੇ ਧੀਰਜ ਦੀ ਪਾਲਣਾ ਕਰਨਗੇ। ਪਰ ਮੈਨੂੰ ਇਹ ਜਾਣਕੇ ਭਾਰੀ ਦਰਦ ਹੋਇਆ ਹੈ ਕਿ ਅਜਿਹੇ ਸਬਰ ਅਤੇ ਧੀਰਜ ਨੂੰ ਅਪਨਾਉਣ ਦੀ ਬਜਾਏ ਉਨ੍ਹਾਂ ਨੇ ਕਈ ਥਾਵਾਂ ਤੇ ਭੀੜ ਦਾ ਹਥਿਆਰਾਂ ਨਾਲ ਮੁਕਾਬਲਾ ਕੀਤਾ ਅਤੇ ਉਨ੍ਹਾਂ ਸੁਆਰਥੀ ਲੋਕਾਂ ਦੇ ਹੱਥ ਵਿੱਚ ਖੇਡੇ ਜੋ ਮੁਸੀਬਤ ਨੂੰ ਵਧਾਉਣ ਚਾਹੁੰਦੇ ਸਨ। ਮੈਨੂੰ ਹੈਰਾਨੀ ਹੈ ਕਿ ਕਿਵੇਂ ਸਾਡੇ ਸਮਾਜ ਦਾ ਇੱਕ ਹਿੱਸਾ ਜਿਸ ਨੂੰ ਸਭ ਤੋਂ ਵੱਧ ਜ਼ਾਬਤੇ ਵਿੱਚ ਸੰਗਠਤ ਅਤੇ ਧਾਰਮਿਕ ਮੰਨਿਆ ਜਾਂਦਾ ਹੈ ਨੇ ਕਿਸ ਤਰ੍ਹਾਂ ਅਜਿਹਾ ਨਾਂਹ ਪੱਖੀ ਅਤੇ ਖ਼ੁਦ ਨੂੰ ਹਰਾਉਣ ਵਾਲੀ ਮਨੋਬਿਰਤੀ ਗ੍ਰਹਿਣ ਕਰ ਲਈ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਅਜਿਹੇ ਸੰਕਟ ਦੀ ਘੜੀ ਵਿੱਚ ਚੰਗੀ ਲੀਡਰਸ਼ਿਪ ਨਾ ਮਿਲੀ ਹੋਵੇ.... ਸਿੱਖ ਕੌਮ ਦਾ ਲੜਾਕਾ ਸੁਭਾਅ ਵਿਦੇਸ਼ੀ ਮੁਗ਼ਲ ਹਮਲਾਵਾਰਾਂ ਦੀ ਨਿਰਦਇਤਾ ਦਾ ਮੁਕਾਬਲਾ ਕਰਨ ਲਈ ਦਸਵੇਂ ਗੁਰੂ ਵੱਲੋਂ ਬਣਾਇਆ ਗਿਆ ਇੱਕ ਛੋਟੇ ਸਮੇਂ ਦਾ ਵਿਧਾਨ ਸੀ। ਉਨ੍ਹਾਂ ਲਈ ਖ਼ਾਲਸਾ ਇੱਕ ਵੱਡੇ ਹਿੰਦੂ-ਸਿੱਖ ਭਾਈਚਾਰੇ ਦਾ ਛੋਟਾ ਹਿੱਸਾ ਸੀ ਅਤੇ ਇਸ ਨੂੰ ਹਿੰਦੂ ਬਰਾਦਰੀ ਅਤੇ ਇਸ ਦੇ ਰਿਵਾਜਾਂ ਦੇ ਬਚਾਵ ਲਈ ਬਣਾਇਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਚੇਲਿਆਂ ਨੂੰ ਪੰਜ ਕਕਾਰ ਧਾਰਨ ਕਰਨ ਅਤੇ ਨਾਮ ਨਾਲ 'ਸਿੰਘ' ਲਗਾਉਣ ਦਾ ਨਿਰਦੇਸ਼ ਦਿੱਤਾ। ਇਹ ਉਨ੍ਹਾਂ ਦੇ ਸਿਪਾਹੀ ਹੋਣ ਦੀ ਨਿਸ਼ਾਨੀ ਸੀ। ਪਰ ਬਦਕਿਸਮਤੀ ਨਾਲ ਅੱਜ ਇਨ੍ਹਾਂ (ਕਕਾਰਾਂ) ਨੂੰ ਹੀ ਸਿੱਖ ਧਰਮ ਦਾ ਅਧਾਰਭੂਤ ਅਤੇ ਜ਼ਰੂਰੀ ਰੂਪ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ਮੈਨੂੰ ਇਹ ਕਹਿਣ ਵਿੱਚ ਅਫ਼ਸੋਸ ਹੈ ਕਿ ਸਿੱਖ ਬੁੱਧੀਜੀਵੀ ਵੀ ਇਹ ਸਮਝਣ ਵਿੱਚ ਨਾਕਾਮ ਰਹੇ ਹਨ ਕਿ ਸਿੱਖ ਧਰਮ ਦਾ ਖ਼ਾਲਸਾਵਾਦ ਵਿੱਚ ਬਦਲਾਵ ਇੱਕ ਬਹੁਤ ਬਾਅਦ ਦੀ ਘਟਨਾ ਹੈ ਅਤੇ ਅਜਿਹਾ ਬ੍ਰਿਟਿਸ਼ ਹਾਕਮਾਂ ਵੱਲੋਂ ਪੰਜਾਬ ਨੂੰ ਵੰਡ ਕੇ ਰਾਜ ਕਰਨ ਦੀ ਯੋਜਨਾ ਕਾਰਨ ਹੋਇਆ। ਇਸ ਦਾ ਮੁੱਖ ਉਦੇਸ਼ ਸਿੱਖਾਂ ਨੂੰ ਉਨ੍ਹਾਂ ਦੇ ਹਿੰਦੂ ਵਾਤਾਵਰਣ ਤੋਂ ਦੂਰ ਕਰਨਾ ਸੀ,.... ਸਿੱਖਾਂ ਦੀ ਲੜਾਕੂ ਖਾਲਸਾਵਾਦ ਨਾਲ ਗ਼ੈਰ ਵਾਜਿਬ ਤੁਲਨਾ ਸਿੱਖ ਬਿਰਾਦਰੀ ਦੇ ਕੁਝ ਭਾਗਾਂ ਵਿੱਚ ਵੱਖਰੇਵੇਂਪਨ ਦੇ ਰੁਝਾਨ ਦਾ ਮੂਲ ਕਾਰਨ ਹੀ ਨਹੀਂ ਬਲਕਿ ਇਸ ਦੇ ਲੜਾਕੂਵਾਦ ਅਤੇ ਹਥਿਆਰਾਂ ਦੀ ਤਾਕਤ ਵਿੱਚ ਵਿਸ਼ਵਾਸ ਨੂੰ ਧਾਰਮਿਕ ਪੂਜਾ ਦੇ ਸਤਰ ਤੱਕ ਵੱਧਾ ਦਿੱਤਾ। ਧਾਰਮਿਕ ਪੂਜਾ ਨੇ ਦੂਜੇ ਦਹਾਕੇ ਵਿੱਚ ਬੱਬਰ ਖ਼ਾਲਸਾ ਜਿਹੇ ਅੱਤਵਾਦੀ ਅੰਦੋਲਨ ਨੂੰ ਜਨਮ ਦਿੱਤਾ ਅਤੇ ਹੁਣ ਇੰਦਰਾ ਗਾਂਧੀ ਦਾ ਕਤਲ ਭਿੰਡਰਾਵਾਲੇ ਦੀ ਅਗਵਾਈ ਵਿੱਚ ਅੱਤਵਾਦੀ ਲਹਿਰ ਦੇ ਨਤੀਜੇ ਵਜੋਂ ਹੋਈ ਅਤੇ ਹਾਲਾਂ ਇੱਕ ਲੰਬੀ 'ਹਿਟ ਲਿਸਟ' ਨੂੰ ਅੰਜਾਮ ਦਿੱਤਾ ਜਾਣਾ ਹੈ।..... ਹੁਣ ਸਮਾਂ ਆ ਗਿਆ ਹੈ ਕਿ ਸਿੱਖ ਭਰਾਵਾਂ ਨੂੰ ਆਪਣੇ ਦਿਲਾਂ ਵਿੱਚ ਖੋਜ ਕਰਨੀ ਚਾਹੀਦੀ ਹੈ ਤਾਂ ਜੋ ਉਹ ਬ੍ਰਿਟਿਸ਼ ਸਾਮਰਾਜਵਾਦੀਆਂ ਅਤੇ ਸੱਤਾਂ ਦੇ ਲਾਲਚੀ ਮੌਕਾਪ੍ਰਸਤ ਲੋਕਾਂ ਵੱਲੋਂ ਉਨ੍ਹਾਂ ਦੇ ਮੂਲ ਧਾਰਮਿਕ ਸੁਭਾਅ ਦੇ ਝੂਠੇ ਵਰਦਾਨ ਤੋਂ ਮੁਕਤੀ ਪਾ ਸਕਣ। ਦੋ ਮਿਲਦੀ-ਜੁਲਦੀ ਕਿਸਮਤ, ਸੁਭਾਅ ਅਤੇ ਰਿਵਾਜਾਂ ਵਾਲੀਆਂ ਬਿਰਾਦਰੀਆਂ ਵਿਚਕਾਰ ਅਵਿਸ਼ਵਾਸ ਅਤੇ ਦੂਰੀ ਦੀ ਖਾਈ ਤੇ ਪੁੱਲ ਬਣਾਉਣ ਲਈ ਅਜਿਹੇ ਵਰਣਨਾਂ ਦਾ ਹਟਾਇਆ ਜਾਣਾ ਜ਼ਰੂਰੀ ਹੈ। ਅੰਤ ਵਿੱਚ ਗੱਲ ਤੋਂ ਇੰਨਕਾਰ ਨਹੀਂ ਹੈ ਕਿ ਭਾਰਤੀ ਸਿਆਸਤ ਦੇ ਦ੍ਰਿਸ਼ ਤੋਂ ਇੰਦਰਾ ਗਾਂਧੀ ਦੀ ਅਚਾਨਕ ਗ਼ੈਰ-ਮੌਜੂਦਗੀ ਨਾਲ ਆਮ ਭਾਰਤੀ ਜ਼ਿੰਦਗੀ ਵਿੱਚ ਵਿੱਥ ਖਤਰਨਾਕ ਸੁੰਨਾਪਣ ਆ ਗਿਆ ਹੈ। ਪਰ ਭਾਰਤ ਨੇ ਅਜਿਹੀ ਮੁਸੀਬਤ ਅਤੇ ਅਨਿਸ਼ਚਿਤਤਾ ਦੀਆਂ ਘੜੀਆਂ ਵਿੱਚ ਹਮੇਸ਼ਾ ਅੰਦਰੂਨੀ ਤਾਕਤ ਦਾ ਮੁਜ਼ਾਹਰਾ ਕੀਤਾ ਹੈ। ਸਾਡੇ ਰਿਵਾਜਾਂ ਮੁਤਾਬਿਕ, ਤਾਕਤ ਦੀ ਜ਼ਿੰਮੇਵਾਰੀ ਹੁਣ ਇੱਥੇ ਗ਼ੈਰ-ਤਜਰਬੇਕਾਰ ਜਵਾਨ ਵਿਅਕਤੀ ਦੇ ਮੋਢਿਆਂ ਤੇ ਸ਼ਾਂਤੀਪੂਰਨ ਤਰੀਕੇ ਨਾਲ ਰੱਖੀ ਗਈ ਹੈ...... ਇੱਕ ਗ਼ੈਰ-ਸਿਆਸੀ ਉਸਾਰੂ ਕਾਰਕੁੰਨ ਦੀ ਹੈਸੀਅਤ ਨਾਲ, ਮੈਂ ਆਸ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਭਗਵਾਨ ਉਸ (ਰਾਜੀਵ ਗਾਂਧੀ) ਨੂੰ ਹੋਰ ਵਧੇਰੇ ਪ੍ਰੋਢ, ਸੰਤੁਲਿਤ, ਅੰਦੂਰਨੀ ਤਾਕਤ ਅਤੇ ਨਿਰਪੱਖ ਸਰਕਾਰ ਚਲਾਉਣ ਦੀ ਤਾਕਤ ਬਖਸ਼ੇਗਾ, ਤਾਂ ਜੋ ਉਹ ਦੇਸ਼ ਨੂੰ ਅਸਲ ਖੁਸ਼ੀਆਂ ਭਰਪੂਰ ਏਕਤਾ ਅਤੇ ਵਡਿਆਈ ਵੱਲ ਲੈ ਜਾ ਸਕੇ।       

ਨਾਨਾ ਦੇਸ਼ਮੁੱਖ ]

Friday, May 31, 2013

ਦਮਨਤੰਤਰ-ਜੋਕਤੰਤਰ-ਲੋਕਤੰਤਰ

ਪਿਛਲੇ ਦਿਨੀਂ (ਮਈ 25, 2013 ਨੂੰ) ਜਗਦਲਪੁਰ ਵੱਲ ਕੌਮੀ ਸ਼ਾਹਰਾਹ ਨੰਬਰ 202 ਉੱਤੇ ਵੱਧ ਰਹੀ ਕਾਂਗਰਸ ਦੀ ਵਿਕਾਸ ਯਾਤਰਾ ਉੱਤੇ ਮਾਓਵਾਦੀਆਂ ਨੇ ਗੋਲ਼ੀਆਂ ਚਲਾ ਕੇ ਵੱਡਿਆਂ ਸਮੇਤ 28 ਕਾਂਗਰਸ ਆਗੂ ਮਾਰ ਦਿੱਤੇ। ਮਾਓਵਾਦੀ ਚੀਨ ਦੇ ਨੇਤਾ ਮਾਉ-ਜ਼ੇ-ਤੁੰਗ ਤੋਂ ਪ੍ਰੇਰਨਾ ਲੈਂਦੇ ਹਨ ਅਤੇ ਚੀਨ ਤੋਂ ਪ੍ਰਾਪਤ ਕੀਤੇ ਹਥਿਆਰਾਂ ਨਾਲ ਲੜ ਰਹੇ ਹਨ ਜਿਨ੍ਹਾਂ ਬਾਰੇ ਚਰਚਾ ਹੈ ਕਿ ਉਹ ਨਿਪਾਲ ਦੇ ਰਸਤੇ ਚੀਨ ਤੋਂ ਆਉਂਦੇ ਹਨ। ਮਾਓਵਾਦੀ ਆਪਣੇ ਬਣ-ਵਾਸੀਆਂ ਦੀਆਂ ਜ਼ਮੀਨਾਂ ਅਤੇ ਵਣਾਂ ਉੱਤੇ ਉਦਯੋਗਕਾਰਾਂ ਦਾ ਕਬਜ਼ਾ ਕਰਵਾਉਣ ਦੀ ਨੀਤੀ ਖ਼ਿਲਾਫ ਲੜ ਰਹੇ ਹਨ। ਉਹਨਾਂ ਦਾ ਕਹਿਣਾ ਹੈ ਗਰੀਬ ਬਣ-ਵਾਸੀਆਂ ਤੋਂ ਕੌਡੀਆਂ ਦੇ ਭਾਅ ਜ਼ਮੀਨ ਖ਼ਰੀਦ ਕੇ, ਖਣਿਜ ਪਦਾਰਥ ਵੇਚ ਕੇ ਮਣਾਮੂਹੀਂ ਨਫਾ ਕਮਾਇਆ ਜਾਂਦਾ ਹੈ, ਜੋ ਸਿੱਧਾ ਉਦਯੋਗਪਤੀਆਂ ਦੀ ਜੇਬ ਵਿੱਚ ਜਾਂਦਾ ਹੈ। ਪੈਰ-ਪੈਰ ਉੱਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਇਸ ਭ੍ਰਿਸ਼ਟਤੰਤਰ ਨੂੰ ਖ਼ਤਮ ਕਰਨ ਲਈ ਮਾਓਵਾਦੀ ਸਿਰ ਤਲੀ ਉੱਤੇ ਰੱਖ ਕੇ ਉੱਤਰੇ ਹਨ।

ਛਤੀਸਗੜ੍ਹ ਵਿੱਚ ਭਾਜਪਾ ਸਰਕਾਰ ਹੋਣ ਕਰਕੇ ਹੁਣ ਕਾਂਗਰਸ ਅਤੇ ਭਾਜਪਾ ਵੱਲੋਂ ਇੱਕ ਦੂਜੇ ਉੱਤੇ ਇਲਜ਼ਾਮਾਂ ਦੀ ਝੜੀ ਲੱਗਣੀ ਸ਼ੁਰੂ ਹੋ ਗਈ ਹੈ। ਪਰ ਦੋਨਾਂ ਪਾਸਿਆਂ ਤੋਂ ਮੁੱਖ ਨਾਅਰਾ ਇਹ ਲੱਗ ਰਿਹਾ ਹੈ ਕਿ ਮਾਓਵਾਦੀ ਕਾਰਵਾਈ ਲੋਕਤੰਤਰ ਉੱਤੇ ਹਮਲਾ ਹੈ। ਸਭ ਧਿਰਾਂ ਨੂੰ ਇਹਨਾਂ ਦਾ ਮੁਕਾਬਲਾ ਕਰਨ ਲਈ ਉਕਸਾਇਆ ਜਾ ਰਿਹਾ ਹੈ। ਇਹ ਦੁੱਖਦਾਈ ਘਟਨਾ ਪੰਜਾਬ ਤੋਂ ਬਹੁਤ ਦੂਰ ਵਾਪਰੀ ਹੈ। ਇਸ ਵਿੱਚ ਮਸ਼ੀਨਗੰਨਾਂ, ਬੰਬ ਅਤੇ ਹੱਥਗੋਲੇ ਵਰਤੇ ਗਏ ਹਨ। ਸਿੱਖਾਂ ਦੀ ਸ਼ਮੂਲੀਅਤ ਨਾ ਹੋਣ ਕਾਰਣ ਇਹ ਦੇਸ਼ ਦੀ ਏਕਤਾ ਅਖੰਡਤਾ ਲਈ ਖ਼ਤਰਾ ਨਹੀਂ ਬਣ ਸਕੀ, ਨਾ ਹੀ ਚੀਨੀ ਹਥਿਆਰ ਵਰਤੇ ਜਾਣ ਦੇ ਬਾਵਜੂਦ ਕੋਈ ‘ਵਿਦੇਸ਼ੀ ਹੱਥ’ ਹੋਣ ਦੀ ਗ਼ੱਲ ਕਰ ਰਿਹਾ ਹੈ। ਚੀਨ ਦੇ ਪ੍ਰਧਾਨ ਮੰਤਰੀ ਨਾਲ ਤਾਂ ਕੱਲ੍ਹ ਹੀ ਸਾਡਾ ਪ੍ਰਧਾਨ ਮੰਤਰੀ ਇੱਕ ਮੇਜ ਉੱਤੇ ਬੈਠਾ ਸੀ ਅਤੇ ‘ਹਿੰਦੀ-ਚੀਨੀ ਭਾਈ-ਭਾਈ’ ਦਾ ਨਾਅਰਾ ਦੁਬਾਰੇ ਬੁਦ ਕਰਨ ਦੀ ਗੱਲ ਤੁਰਨ ਦੇ ਆਸਾਰ ਬਣ ਰਹੇ ਸਨ। ਮਾਓਵਾਦੀਆਂ ਨੂੰ ਕੋਈ ਵੱਖਵਾਦੀ ਵੀ ਨਹੀਂ ਆਖ ਸਕਦਾ ਕਿਉਂਕਿ ਸ਼ਿਬੂ ਸੋਰੇਨ ਸਮੇਤ ਕਈ ਪ੍ਰਭਾਵਸ਼ਾਲੀ ਸਿਆਸਤਦਾਨ ਉਹਨਾਂ ਨੂੰ ‘ਭਾਈ ਬੰਧੂ’ ਸਵੀਕਾਰ ਚੁੱਕੇ ਹਨ। ਕੋਈ ਕੇ.ਪੀ.ਐਸ. ਗਿੱਲ ਟੀ.ਵੀ. ਦੇ ਕੰਨ੍ਹੀਂ ਚੜ੍ਹ ਕੇ ‘ਕੁਚਲ ਦਿਉ, ਸਿਰ ਕਲਮ ਕਰ ਦਿਉ’ ਦਾ ਚੀਕ ਚਿਹਾੜਾ ਨਹੀਂ ਪਾ ਰਿਹਾ ਕਿਉਂਕਿ ‘ਆਪਣੇ ਭਾਈ ਬੰਧੂ ਹਨ’। ਇਸ ਨੂੰ ਛਤੀਸਗੜ੍ਹ ਸਰਕਾਰ ਨੇ ਸਲਾਹਕਾਰ ਬਣਾਇਆ ਸੀ ਅਤੇ ਇਸ ਨੇ ਪੰਜਾਬ ਵਾਂਗ ਹੀ ਗ਼ੈਰ-ਸੰਵਿਧਾਨਕ ਕਤਲੋਗਾਰਤ ਦੀ ਸਲਾਹ ਦਿੱਤੀ ਸੀ। ਉਸ ਅਨੁਸਾਰ ਮੁੱਖ ਮੰਤਰੀ ਦਾ ਜੁਆਬ ਸੀ, ‘‘ਗਿੱਲ ਤੂੰ ਆਪਣੀ ਤਨਖ਼ਾਹ ਲੈ, ਐਸ਼ ਕਰ। ਅਸੀਂ ਆਪੇ ਸਿੱਝ ਲਵਾਂਗੇ’’। ਆਪਣਿਆਂ ਦਾ ਬੁਰਾ ਸੋਚਣਾ ਸ਼ਾਇਦ ਗਿੱਲ ਦੇ ਹੀ ਹਿੱਸੇ ਆਇਆ ਹੈ। ਕੁਚਲ ਦੇਣ ਦੇ ਨਾਅਰੇ ਅਤੇ ਕਰਮ ਤਾਂ ਕੇਵਲ ਸਿੱਖਾਂ ਨੂੰ ‘ਸਬਕ ਸਿਖਾਉਣ’ ਲਈ ਭਾਰਤੀ ਲੋਕਤੰਤਰ ਨੇ ਰਾਖਵੇਂ ਰੱਖੇ ਹਨ- ਹੋਰ ਸੰਦਰਭ ਵਿੱਚ ਵਰਤਣਾ ਮਨ੍ਹਾ ਹੈ। ਪਿੱਛੇ ਜਿਹੇ (ਅਪ੍ਰੈਲ 6, 2010 ਨੂੰ) ਇਹਨਾਂ ਮਾਓਵਾਦੀਆਂ ਨੇ ਹੀ 76 ਪੁਲਿਸ ਵਾਲੇ ਮਾਰ ਦਿੱਤੇ ਸਨ। ਕੇ.ਪੀ.ਐਸ. ਗਿੱਲ ਅਜੀਤ ਸਿੰਘ ਸੰਧੂ ਦੇ ਆਤਮ ਘਾਤ ਬਾਰੇ ਮਹੀਨਾ ਭਰ ਬਰੜਾਇਆ ਸੀ, ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਸੀ ਕਿ ਪੁਲਿਸ-ਕਰਮੀਆਂ ਨੂੰ ਇਉਂ ਨਹੀਂ ਮਰਨ ਦੇਣਾ ਚਾਹੀਦਾ। ਪਰ ਹੁਣ ਉਸ ਨੇ ਮੂੰਹ ਵਿੱਚ ਘੁੰਗਣੀਆਂ ਪਾ ਰੱਖੀਆਂ ਹਨ। ਆਖ਼ਰ ਉਸ ਨੂੰ ਵੀ ਪਤਾ ਹੈ ਕਿ ਸਿੱਖ ਦਿੱਖ ਵਾਲੇ ਦਾ ਸਿੱਖਾਂ ਵਿਰੁੱਧ ਪ੍ਰਚਾਰ ਕਰਨਾ ਗੰਗਾ ਨਹਾਉਣ ਸਮਾਨ ਹੈ, ਪਰ ‘ਭਾਈ ਬੰਧੂਆਂ’ ਬਾਰੇ ਮੂੰਹ ਖੋਲ੍ਹਣਾ ਕਾਫ਼ੀ ਮਹਿੰਗਾ ਪੈ ਸਕਦਾ ਹੈ। ਸਾਰੀਆਂ ਸਰਕਾਰੀ ਸਹੂਲਤਾਂ ਖੁੱਸ ਸਕਦੀਆਂ ਹਨ। ਪਿੱਛੇ ਜਿਹੇ ਮਾਓਵਾਦੀਆਂ ਨੇ ਸਰਕਾਰੀ ਕੋਤ ਵਿੱਚੋਂ ਸੈਂਕੜੇ ਮਾਰੂ ਹਥਿਆਰ ੱਟ ਲਏ ਸਨ, ਓਦੋਂ ਵੀ ਪਾਲਤੂ ਮੀਡੀਆ ਵਿੱਚ ਮਾਮੂਲੀ ਚਰਚਾ ਹੀ ਹੋਈ ਸੀ। ਆਖ਼ਰ ਰਿਸ਼ਤੇਦਾਰੀ ਦਾ ਮਸਲਾ ਹੈ। ਭਾਈ ਬੰਧੂਆਂ ਨੂੰ ਕਿੰਨੀ ਕੁ ਗੱਲ ਆਖੀ ਜਾ ਸਕਦੀ ਹੈ? ਮੀਡੀਆ ਵੀ ਇਸ ਪੱਖੋਂ ਬੇਹੱਦ ਸੰਵੇਦਨਸ਼ੀਲ ਹੈ। ਮੀਡੀਆ ਦੇ ਰੁਦ੍ਰ ਤੇਵਰ ਵੇਖਣ ਲਈ ਸਾਨੂੰ ਕਾਫ਼ੀ ਪਿੱਛੇ ਜਾਣਾ ਪਵੇਗਾ ਜਦੋਂ ਫਗਵਾੜੇ ਵਿੱਚ ਇਕਲੌਤਾ ਰੌਕਟ ਚੱਲਿਆ ਸੀ। ਸਿੱਖਾਂ ਉੱਤੇ ਇਲਜ਼ਾਮ ਥੱਪਣਾ ਸੀ ਇਸ ਲਈ ਮੀਡੀਆ ਦੀਆਂ ਮੁੰਨੀਆਂ ਭੇਡਾਂ ਨੇ ਭੰਡੀ-ਪ੍ਰਚਾਰ ਨੂੰ ਤੋੜ ਹੱਦ ਤੱਕ ਪੁਚਾ ਦਿੱਤਾ ਸੀ ਹਾਂਲਾਂਕਿ ਕਿਸੇ ਦੇ ਝਰੀਟ ਤੱਕ ਵੀ ਨਹੀਂ ਸੀ ਆਈ।

ਹੁਣ ਸਾਰੀ ਟੇਕ ਲੋਕਤੰਤਰ ਵਿਰੁੱਧ ਹਥਿਆਰ ਬੰਦ ਲੜਾਈ ਲੜਨ ਉੱਤੇ ਹੀ ਰੱਖ ਕੇ ਮਿੱਠੇ-ਮਿੱਠੇ ਉਲਾਂਭੇ ਦਿੱਤੇ ਜਾਂਦੇ ਰਹਿਣਗੇ। ਵੱਧ ਤੋਂ ਵੱਧ ਕੇ.ਪੀ.ਐਸ. ਗਿੱਲ ਵਰਗੇ ਨਾਨਕਾ ਮੇਲ ਵਾਲੇ ਸਿਠਣੀਆਂ ਉੱਤੇ ਹੀ ਉੱਤਰਨ ਦਾ ਹੀਆ ਕਰਨਗੇ। ਇਹਨਾਂ ਸਾਊ ਸੀਮਾਵਾਂ ਵਿੱਚ ਰਹਿੰਦੇ ਹੋਏ ਚਪਲ ਬੁੱਧੀ ਸਿਆਸਤਦਾਨ ਅਤੇ ਚੋਪੜੀਆਂ-ਚੰਚਲ ਨਾਰਾਂ ਟੀ.ਵੀ. ਉੱਤੇ ਜਾਬ੍ਹਾਂ ਦਾ ਭੇੜ ਹੀ ਕਰਦੇ ਰਹਿਣਗੇ। ਇਹਨਾਂ ਨੂੰ ਏਥੇ ਰੁੱਝੇ ਛੱਡ ਕੇ ਅਸੀਂ ਕੱਲ੍ਹ ਦੀ ਦੁਰਘਟਨਾ ਦੀਆਂ ਜੜ੍ਹਾਂ ਤੱਕ ਪਹੁੰਚਣ ਦਾ ਉੱਦਮ ਕਰੀਏ।

ਇਤਿਹਾਸ ਕਹਿੰਦਾ ਹੈ ਕਿ ਜਗਦਲਪੁਰ ਇੱਕ ਪੁਰਾਤਨ ਕਾਕਤੀਆ ਖ਼ਾਨਦਾਨ ਦੇ ਰਾਜੇ ਦੀ ਰਾਜਧਾਨੀ ਹੈ ਜੋ ਸਾਰੇ ਬਸਤਰ ਅਤੇ ਆਸ-ਪਾਸ ਦੇ ਇਲਾਕਿਆਂ ਉੱਤੇ ਸਦੀਆਂ ਤੋਂ ਰਾਜ ਕਰਦਾ ਆਇਆ ਹੈ। ਇਸ ਘਰਾਣੇ ਦਾ ਇੱਕ ਨੌ-ਜਵਾਨ ਵਾਰਸ (ਕਮਲਚੰਦਰ ਭੰਜਦੇਉ) ਅੱਜਕੱਲ੍ਹ ਸਿਆਸਤ ਵਿੱਚ ਵਾਪਸ ਆ ਰਿਹਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸ਼ਾਇਦ ਉਸਦੇ ਹੀ ਨਾਮਜ਼ਦ ਕੀਤੇ ਲੋਕ ਇਸ ਇਲਾਕੇ ਵਿੱਚ ਜਿੱਤ ਸਕਣ। ਇਹ ਲੋਕਾਂ ਦਾ ਅਸਲ ਨੁਮਾਇੰਦਾ ਜਾਪਦਾ ਹੈ। ਜਿਵੇਂ ਕਿ 1966 ਤੱਕ ਇਸ ਦਾ ਦਾਦਾ ਪ੍ਰਵੀਨ ਚੰਦਰ ਭੰਜਦੇਉ ਸੀ।

ਪ੍ਰਵੀਨ ਚੰਦਰ ਭੁੰਜਦੇਉ (ਜਨਮ 1929) 1947 ਤੱਕ ਰਾਜ ਕਰ ਚੁੱਕਿਆ ਸੀ। ਉਹ 1947 ਤੋਂ ਬਾਅਦ ‘ਬਾਹਰਲਿਆਂ’ ਦੀ ਬਸਤਰ ਵਿੱਚ ਮਚਾਈ ੱਟ ਅਤੇ ਲਾਗੂ ਕੀਤੇ ਮਾਰੂ ਜ਼ਮੀਨੀ ਸੁਧਾਰਾਂ ਬਾਰੇ ਪ੍ਰੇਸ਼ਾਨ ਸੀ ਕਿਉਂਕਿ ਉਸ ਦੀ ਅਨਪੜ੍ਹ ਜਨਤਾ ਨੂੰ ਬਹੁਤ ਕਸ਼ਟ ਪਹੁੰਚ ਰਿਹਾ ਸੀ। ਉਸ ਨੇ ਲੱਖ ਫਰਿਆਦਾਂ ਕੀਤੀਆਂ ਪਰ ਕਿਸੇ ਨੇ ਸੁਣਵਾਈ ਨਾ ਕੀਤੀ। ਜਦੋਂ ਉਹ ਜ਼ਿਆਦਾ ਰੌਲਾ ਪਾਉਣ ਲੱਗਿਆ ਤਾਂ ਡਾਢਿਆਂ ਦੇ ਨਾਜ਼ੁਕ ਕੰਨ ਸੁਣ ਨਾ ਸਕੇ। ਜ਼ੈਬੁੱਲਨਿਸਾ ਨੇ ਆਖਿਆ ਸੀ, ‘‘ਹੌਲੀ ਬੋਲ ਮਿਠਬੋਲੀ ਕੋਇਲ, ਔਰੰਗਜ਼ੇਬ ਦਾ ਨਾਜ਼ੁਕ ਮਿਜਾਜ਼ ਤਿੱਖੀ ਆਵਾਜ਼ ਦੀ ਹੂਕ ਨੂੰ ਬਰਦਾਸ਼ਤ ਨਹੀਂ ਕਰ ਸਕਦਾ’’।

ਆਖ਼ਰ 25 ਮਾਰਚ 1966 ਨੂੰ ਉਸ ਦੇ ਮਹਿਲ ਨੂੰ ਹਥਿਆਰਬੰਦ ਪੁਲਿਸ ਨੇ ਆ ਘੇਰਿਆ। ਰਾਜੇ ਕੋਲ ਤੀਰ ਕਮਾਨ ਅਤੇ ਢਾਲਾਂ ਪਿਾਨਾਂ ਹੀ ਹਥਿਆਰ ਸਨ। ਉਹ ਅਤੇ ਉਸਦੇ ਅਣਖ਼ੀ ਦਰਬਾਰੀ ਤੀਰ ਕਮਾਨਾਂ ਲੈ ਕੇ ਮੁਕਾਬਲੇ ਵਿੱਚ ਉੱਤਰੇ। ਪੁਲਿਸ ਨੇ ਰਫ਼ਲਾਂ ਨਾਲ 61 ਗੋਲ਼ੀਆਂ ਦਾਗੀਆਂ ਅਤੇ ਰਾਜੇ ਸਮੇਤ ਓਸ ਦੇ 11 ਦਰਬਾਰੀਆਂ ਨੂੰ ਢੇਰੀ ਕਰ ਦਿੱਤਾ। ਪੁਲਿਸ ਅਨੁਸਾਰ 21 ਆਦਮੀ ਜ਼ਖਮੀ ਹੋਏ। ਮਹਿਲ ਦੀਆਂ ਪੌੜੀਆਂ ਉੱਤੇ ਇਹ ਕਹਿਰ ਵਾਪਰਿਆ। ਆਲੀ ਮਿਜਾਜ਼ੇ ਸ਼ਾਹਾਂ ਨੇ ਤਾਬੇ ਸੁਖਨ ਨਾ ਸਹਾਰਿਆ - ਜ਼ੈਬੁੱਲਨਿਸਾ ਠੀਕ ਕਹਿੰਦੀ ਸੀ।

ਰਾਣੀ ਨੂੰ ਅੱਗਾ ਢਕਣ ਲਈ ਕੌਣ ਆਖੇ-? ਕੀ ਅਜਿਹੇ, ਲੋਕ ਦਰਦ ਰੱਖਣ ਵਾਲੇ, ਸਾਦਾ-ਦਿਲ ਲੋਕ-ਨਾਇਕ ਨੂੰ ਮਾਰਨਾ ਜ਼ਰੂਰੀ ਸੀ? ਕੀ ਉਹ ਧਾਂਦਲੀਆਂ ਵਿਰੁੱਧ ਅਵਾਜ਼ ਉੱਠਾ ਕੇ ਜਨ-ਹਿਤ, ਲੋਕਤੰਤਰੀ ਕੰਮ ਨਹੀਂ ਸੀ ਕਰ ਰਿਹਾ? ਕੀ ਲੋਕਾਂ ਦੇ ਮਸਲਿਆਂ ਦਾ ਸਮਾਧਾਨ ਲੱਭਣਾ ਲੋਕਰਾਜ ਦੀ ਹੋਂਦ-ਹਸਤੀ ਦਾ ਆਧਾਰ ਨਹੀਂ? ਕੀ ਹਿੰਦ ਦੇ ਲੋਕ-ਰਾਜ ਵਿੱਚ ਅਜਿਹੇ ਧਰਮਾਤਮਾ ਆਗੂਆਂ ਦਾ ਇਹੋ ਹਸ਼ਰ ਹੋਣਾ ਚਾਹੀਦਾ ਹੈ? ਜਿਨ੍ਹਾਂ ਨੇ ਹਨ੍ਹੇਰੀਆਂ ਬੀਜੀਆਂ ਸਨ ਉਹ ਵਾਅ-ਵਰੋਲਿਆਂ ਦੀ ਫ਼ਸਲ ਵੱਢਣ ਦੀ ਉਮੀਦ ਹੀ ਰੱਖ ਸਕਦੇ ਹਨ। ਉਹਨਾਂ ਆਰਾਮ ਦੀ ਨੀਂਦ ਸੌਦਿਆਂ ਨੂੰ ਸੁਗੰਧੀ ਭਰੀਆਂ ਰੁਮਕੇ-ਰੁਮਕੇ ਚਲਦੀਆਂ ਪੌਣਾਂ ਲੋਰੀਆਂ ਦੇਣ ਲਈ ਕਿੱਥੋਂ ਆਉਣੀਆਂ ਸਨ?

ਹੁਣ ਆਈਏ ਅੱਜ ਦੇ ਲੋਕਤੰਤਰ ਵੱਲ! ਅੱਜ ਦਾ ਲੋਕਤੰਤਰ ਜਗਦਲਪੁਰ ਨੂੰ ਜਾਂਦੀ ਸੜਕ ਉੱਤੇ ‘ਵਿਜੈ’ ਯਾਤਰਾ ਬਨਾਮ ‘ਵਿਕਾਸ’ ਯਾਤਰਾ ਕੱਢ ਰਿਹਾ ਸੀ। ਯਾਤਰੀ ਧਰਤੀ ਪੁੱਤਰਾਂ ਨੂੰ ਦੱਸ ਰਹੇ ਸਨ ਕਿ ਲੋਕਤੰਤਰ ਦਾ ਬੁਰਕਾ ਪਾ ਕੇ ਅੱਜ ਉਹਨਾਂ ਦੀ ਧਰਤੀ ਪਰਾਇਆਂ ਦੀ ਰਖੈਲ ਬਣਾਈ ਜਾ ਚੁੱਕੀ ਹੈ। ਉਹ ਦਰਭਾ ਘਾਟੀ ਨੂੰ ਦੱਸਣਾ ਚਾਹੁੰਦੇ ਸਨ ਕਿ ਉਨ੍ਹਾਂ ਕੋਲ ਸਲਵਾ ਜੁਡਮ ਵਰਗੇ ਕਾਰਗਰ ਹਥਿਆਰ ਹਨ। ਉਹ ਸਿੱਧੇ-ਸਾਦੇ ਲੋਕਾਂ ਦੀਆਂ ਜ਼ਮੀਨਾਂ ਉੱਤੇ, ਲੋਕ-ਵਿਰੋਧ ਦੇ ਹੁੰਦਿਆਂ, ਕਬਜ਼ੇ ਕਰਕੇ ਰੱਖਣਾ ਜਾਣਦੇ ਹਨ। ਉਹ ਹਥਿਆਰਬੰਦ ਸਿਪਾਹੀਆਂ ਦੀ ਮਦਦ ਨਾਲ ਆਪਣਾ ਦਬਕਾ ਕਾਇਮ ਰੱਖਣ ਦੇ ਕਾਬਲ ਹਨ। ਦੋਨਾਂ ਧਿਰਾਂ ਦੇ ਡੂੰਘੇ ਮਨੋਭਾਵਾਂ ਵੱਲ ਝਾਤ ਮਾਰੀਏ ਤਾਂ ਮਾਓਵਾਦੀ ਲੋਕਤੰਤਰ ਦੇ ਅਸਲ ਰਾਖੇ ਹੋ ਉੱਭਰਦੇ ਹਨ। ਉਹ ਧਰਤੀ ਨਾਲ ਜੁੜੇ ਹਨ ਅਤੇ ਮਣਾਂਮੂਹੀ ਕੁਰਬਾਨੀਆਂ ਦੇ ਕੇ ਲੋਕ-ਹੱਕਾਂ ਨੂੰ ਮਹਿਫੂਜ਼ ਰੱਖਣ ਲਈ ਲੜ ਰਹੇ ਹਨ। ਮੰਨਿਆ ਕਿ ਹਥਿਆਰਬੰਦ ਦਖ਼ਲ ਚੰਗਾ ਨਹੀਂ ਹੁੰਦਾ ਪਰ ਲੋਕਰਾਜੀ ਢੰਗ ਨਾਲ ਲੜਨ ਲਈ ਉਹਨਾਂ ਦਾ ਰਾਹ ਪੱਧਰਾ ਕਰਨਾ ਵੀ ਤਾਂ ਸੱਤਾ ਉੱਤੇ ਕਾਬਜ਼ ਲੋਕਾਂ ਦਾ ਲੋਕਧਰਮ ਨਾਲ ਮੇਲ ਖਾਂਦਾ ਕਰਮ ਹੈ। ਇਸ ਰੀਤ ਨੂੰ ਨਿਭਾਏ ਬਿਨਾਂ ਇਹ ਆਪਣੇ-ਆਪ ਨੂੰ ਲੋਕਤੰਤਰ ਦੇ ਹਾਮੀ ਨਹੀਂ ਅਖਵਾ ਸਕਦੇ। ਦਮਨਕਾਰੀ ਸਲਵਾ ਜੁਡਮ ਦੇ ਪਿਤਾਮਾ ਮਹਿੰਦਰ ਕਰਮਾ ਤਾਂ ਬਿਲਕੁਲ ਇਹ ਦਾਅਵਾ ਨਹੀਂ ਸੀ ਕਰ ਸਕਦੇ ਜਿਵੇਂ ਕਿ ਬਦਨਾਮ ਪੂਹਲਾ ਨਿਹੰਗ ਲੋਕ ਹਿਤੈਸ਼ੀ ਨਹੀਂ ਸੀ ਅਖਵਾ ਸਕਦਾ।

ਵੱਡਪੁਣੇ ਦਾ ਰੁੱਖ ਸਿੰਮਲ ਵਰਗਾ ਨਹੀਂ ਹੋਣਾਂ ਚਾਹੀਦਾ। ‘‘ਫੁੱਲ ਫਿੱਕੇ ਫ਼ਲ ਬਕਬਕੇ ਕੰਮ ਨ ਆਵਹਿ ਪਤ’’ ਵਾਲੀ ਸਥਿਤੀ ਲੋਕ ਰਾਜੀ ਬਣਤਰ ਵਿੱਚ ਸਹਾਈ ਨਹੀਂ ਹੋ ਸਕਦੀ। ਮਾਇਆਧਾਰੀਆਂ ਦੀ ਬੁੱਕਲ ਵਿੱਚ ਖੇਡ ਰਿਹਾ ਵਡੱਪਣ ਤਾਂ ਜਲ ਜਾਣ ਦੇ ਹੀ ਕਾਬਲ ਹੈ। ਬੰਦਾ ਬਹਾਦਰ ਨੇ ਵਡਿਆਈ ਪ੍ਰਾਪਤ ਕਰਕੇ ਦੱਬੇ-ਕੁਚਲੇ ਲੋਕਾਂ ਨੂੰ ਸੱਤਾ ਦੇ ਸਿੰਘਾਸਣ ਉੱਤੇ ਬਿਠਾਇਆ ਸੀ- ਏਹੋ ਸਿੱਖੀ ਵਿਚਾਰਧਾਰਾ ਦਾ ਨਿਚੋੜ ਸੀ। ਸਿੱਖੀ ਹੀ ਨਵੇਂ ਜ਼ਮਾਨੇ ਦੀ ਸਿਆਸੀ ਰੂਹ ਦੀ ਅਸਲ ਦਾਈ ਹੈ। ਇਹ ਰਸਮੀ ਲੋਕਤੰਤਰ ਤੋਂ ਅਗਾਂਹ ਦੀ ਗੱਲ ਕਰਦੀ ਹੈ। ਇਹੋ ਨਵੇਂ ਜ਼ਮਾਨੇ ਦੀ ਰੌਂਅ ਹੈ।

1947 ਵਿੱਚ ਨਵੀਆਂ ਨੀਤੀਆਂ ਇਸ ਮੁਲਕ ਨੇ ਅਖ਼ਤਿਆਰ ਕੀਤੀਆਂ। ਬਹੁਤੇ ਅਸਹਿਮਤ ਲੋਕਾਂ, ਜਿਨ੍ਹਾਂ ਉੱਤੇ ਦਬਾਅ ਨਹੀਂ ਸੀ ਪਾਇਆ ਜਾ ਸਕਦਾ, ਨੂੰ ਧੱਕ ਕੇ ਪਾਕਿਸਤਾਨ ਕੱਢ ਦਿੱਤਾ। ਪੂਰਬ ਦੇ ਆਜ਼ਾਦ ਕਈ ਮੁਲਕਾਂ ਨੂੰ ਜ਼ਬਰਦਸਤੀ (ਇੱਕ ਨੂੰ ਪਸਤੌਲ ਦੀ ਨੋਕ ਉੱਤੇ) ਪੁਰਾਤਨ ਪ੍ਰੰਪਰਾਵਾਂ ਨੂੰ ਛੱਡ ਕੇ ਨਵੇਂ ਆਗੂਆਂ ਅਧੀਨ ਕਰ ਦਿੱਤਾ ਗਿਆ ਸੀ। ਪੰਜਾਬ ਨੂੰ ਦਾਗ਼ੀ, ਬੇਈਮਾਨ ਲੋਕਤੰਤਰੀ ਦਾਅ-ਪੇਚ ਵਰਤਕੇ ਖੁਆਰ ਕੀਤਾ ਗਿਆ ਸੀ। ਬਸਤਰ, ਕਸ਼ਮੀਰ ਨਾਲ ਵੀ ਏਹੋ ਕੁਝ ਵਾਪਰਿਆ ਸੀ। ਦਲਿਤਾਂ ਕੋਲੋਂ ਤਾਂ ਪੂਨਾ ਪੈਕਟ ਰਾਹੀਂ ਦਲਿਤਾਂ ਦੇ ਨੇਤਾ ਉਭਾਰਨ ਦਾ ਪੱਕਾ-ਪੀਢਾ ਮੁਖਤਿਆਰਨਾਮਾ ਹੀ ਹਾਸਲ ਕਰ ਲਿਆ ਗਿਆ ਸੀ। ਹਰਬੇ ਵਰਤ ਕੇ ਹਾਸਲ ਕੀਤੀਆਂ ਸਰਦਾਰੀਆਂ ਅਤੇ ਲੋਕਾਂ ਦਾ ਅੰਨ੍ਹੇਵਾਹ ਸ਼ੋਸ਼ਣ ਕਰਕੇ ਕਮਾਈ ਦੌਲਤ ਕਦੇ ਲੋਕਤੰਤਰ ਦੀਆਂ ਨੀਹਾਂ ਮਜ਼ਬੂਤ ਨਹੀਂ ਕਰ ਸਕਦੀ।

ਬਸਤਰ ਨੂੰ ਹਰ ਪੱਖੋਂ ਦਾਗ਼ੀ ਲੋਕਤੰਤਰ ਦੇ ਦਾਵਾਨਲ ਵਿੱਚ ਨਾ ਝੋਕੋ! ਉਸ ਨੂੰ ਲੋਕਤੰਤਰ ਦੀ ਕੁੱਛੜ ਬਿਠਾ ਕੇ ਆਪਣੇ-ਆਪ ਉੱਤੇ ਰਾਜ ਕਰਨ ਦਾ ਵੱਲ ਸਮਝਾਉ। ਇਹੋ ਨੈਤਿਕਤਾ ਅਤੇ ਸਾਊਪੁਣੇ ਦਾ ਤਕਾਜ਼ਾ ਹੈ। ਦੇਸ ਏਵੇਂ ਮਜ਼ਬੂਤ ਹੰਦੇ ਹਨ ਨਾ ਕਿ ਬਹੁ ਗਿਣਤੀ ਦੀ, ਫ਼ੌਜ ਦੀ, ਸੁਰੱਖਿਆ ਬਲਾਂ ਦੀ ਧੌਂਸ ਜਮਾਇਆਂ। ਕੌਣ ਜਾਣੇ ਕਿਸ ਦਿਨ ਸਾਹਿਬ ਸੱਚੇ ਦੀ ਬੇ-ਪ੍ਰਵਾਹੀ ਦਾ ਨੱਕੋ ਨੱਕ ਭਰਿਆ ਪਿਆਲਾ ਛਲਕ ਜਾਵੇ ਅਤੇ ਫੇਰ: ‘‘ਕੀੜਾ ਥਾਪ ਦੇਵੇ ਪਾਤਸ਼ਾਹੀ’’, ਜੋ ‘‘ਲਸ਼ਕਰ ਕਰੇ ਸਵਾਹ’’। ਯਾਦ ਕਰੋ ਉਸ ਰਾਵਣ ਨੂੰ ਜਿਸ ਬਾਰੇ ਭਗਤ ਫਰਮਾਉਂਦੇ ਹਨ: ‘‘ਇਕੁ ਲਖੁ ਪੂਤ ਸਵਾ ਲਖੁ ਨਾਤੀ॥ ਤਿਹ ਰਾਵਨ ਘਰ ਦੀਆ ਨ ਬਾਤੀ’’। ਇਤਿਹਾਸ ਸੱਤਾ ਦੇ ਖੰਡਰਾਂ ਨਾਲ ਸਦੀਆਂ ਤੋਂ ਘੂਕ ਸੁੱਤੇ ਜਾਬਰ ਹੁਕਮਰਾਨਾਂ ਦੀਆਂ ਬੇਜਾਨ, ਮੂਕ ਕਬਰਾਂ ਨਾਲ ਭਰਿਆ ਪਿਆ ਹੈ। ਹਥਿਆਰਾਂ ਨਾਲ ਸੱਤਾ ਹੰਢਾਉਂਦੇ-ਹੰਢਾਉਂਦੇ ਉਹ ਬੇਜਾਨ, ਬਦਨਾਮ ਮਿੱਟੀ ਦਾ ਜਾਮਾ ਧਾਰ ਚੁੱਕੇ ਹਨ। ਅੱਜ ਦੇ ਸੱਤਾਧਾਰੀਆਂ ਨੂੰ ਗਫਲਤ ਤਿਆਗਣ ਦੀ ਪ੍ਰੇਰਨਾ ਦੇਣ ਲਈ ਆਖਿਆ ਜਾ ਸਕਦਾ ਹੈ, ਆਖ਼ਰ, ‘‘ਤੇਰਾ ਗੋਸ਼ਤ ਕੀੜਿਆਂ ਖਾਣਾ ਏਂ....... ਉੱਠ ਜਾਗ ਘੁਰਾੜੇ ਮਾਰ ਨਹੀਂ..... ਇਹ ਸੌਣ ਤੇਰੇ ਦਰਕਾਰ ਨਹੀਂ’’।

ਪਤਾ ਲੱਗਿਆ ਹੈ ਕਿ ਮਾਓਵਾਦੀ ਲੜਾਕੂਆਂ ਨੇ ਕਈ ਨਿਹੱਥੇ ਪੁਲਿਸ ਵਾਲਿਆਂ ਅਤੇ ਹੋਰ ਲੋਕਾਂ ਨੂੰ ਮਾਰਿਆ ਨਹੀਂ ਬਲਕਿ ਹੱਥ ਆਇਆਂ ਨੂੰ ਆਜ਼ਾਦ ਕਰ ਦਿੱਤਾ ਹੈ। ਇਹ ਵਰਤਾਰਾ ਸੂਰਮਿਆਂ ਦੀ ਆਦਿ ਕਾਲ ਤੋਂ ਚੱਲੀ ਆਉਂਦੀ ਯੁੱਧ ਰੀਤ ਅਨੁਸਾਰ ਹੈ। ਲੜਾਈ ਦੇ ਮੈਦਾਨ ਤੋਂ ਪਰ੍ਹੇ ਖ਼ਾਲਸੇ ਦਾ ਵੀ ਕੋਈ ਵੈਰੀ ਨਹੀਂ ਸੀ ਹੁੰਦਾ। ਅਹਿਮਦਸ਼ਾਹ ਨਾਲ ਜੰਗ ਤੋਂ ਬਾਅਦ ਬੰਦੀ ਬਣਾਏ ਜੰਗੀ ਕੈਦੀਆਂ ਨੂੰ ਵੀ ਇਹਨਾਂ ਦਰਬਾਰ ਸਾਹਿਬ ਸਰੋਵਰ ਦੀ ਕਾਰਸੇਵਾ ਕਰਵਾ ਕੇ ਆਪਣੇ ਦੇਸ ਅਫ਼ਗਾਨਿਸਤਾਨ ਪਰਤਣ ਦਿੱਤਾ ਸੀ। ਸਭ ਸਮਕਾਲੀ ਲਿਖਤਾਂ ਕਹਿੰਦੀਆਂ ਹਨ ਕਿ ਕਿਸੇ ਇੱਕ ਨੂੰ ਵੀ ਕਤਲ ਨਹੀਂ ਸੀ ਕੀਤਾ ਗਿਆ। ਸਾਂਝੇ ਪਿਤਾ/ਮਾਤਾ ਅਕਾਲਪੁਰਖ ਦੀ ਵੀ ਏਹੋ ਮਰਜ਼ੀ ਹੈ ਜਿਸ ਨੂੰ ਅਸੀਂ ਧੁਰ ਕੀ ਬਾਣੀ ਰਾਹੀਂ ਜਾਣ ਸਕਦੇ ਹਾਂ। ਮਾਓਵਾਦੀਆਂ ਦੇ ਇਸ ਕਿਰਦਾਰ ਦੇ ਖਿਲਾਫ਼ ਕੀ ਲੋਕਤੰਤਰ ਦੇ ਵਰਦੀਧਾਰੀ ਸਿਪਾਹੀਆਂ ਦਾ ਕਿਰਦਾਰ ਕਿਤੇ ਇਹ ਤਾਂ ਨਹੀਂ ਕਿ ਉਹ ਨਿਹੱਥੇ ਬੇ-ਸਹਾਰਾ ਲੋਕਾਂ ਉੱਤੇ ਪੁਲਿਸ ਥਾਣਿਆਂ ਵਿੱਚ ਅਕਹਿ ਜ਼ੁਲਮ ਕਰਦੇ ਹਨ, ਜਿਵੇਂ ਕਿਸੇ ਵੇਲੇ ਵਰਦੀਧਾਰੀ ਗੁੰਡਿਆਂ, ਅਹੁਦਿਆਂ, ਇਨਾਮਾਂ ਦੇ ਭੁੱਖਿਆਂ ਹੈਵਾਨਾਂ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਉੱਤੇ ਕੀਤਾ ਸੀ।

ਸੰਸਾਰ ਦੀ ਆਦਿ ਕਾਲ ਤੋਂ ਚੱਲੀ ਆਉਂਦੀ ਰੀਤ ਦੱਸਦੀ ਹੈ ਕਿ ਜਿਨ੍ਹਾਂ ਹਵਾਵਾਂ ਬੀਜੀਆਂ ਉਨ੍ਹਾਂ ਹਨ੍ਹੇਰੀਆਂ ਵੱਢੀਆਂ। ਜਿਹੜੇ ਵਾ-ਵਰੋਲੇ ਬੀਜਣਗੇ ਉਹ ਬਾਵੰਡਰ ਵੱਢਣਗੇ। ਸੱਤਾ ਦੇ ਨਸ਼ੇ ਵਿੱਚ ਚੂਰ ਲੋਕਾਂ ਨੂੰ ਖਿਆਲ ਨਹੀਂ ਆ ਰਿਹਾ ਕਿ ਜਿਨ੍ਹਾਂ ਦੀਆਂ ਕੁੱਲਾਂ ਵਿੱਚ ‘‘ਸਰਦਾਰੀ ਨਾ ਭਈ ਕਦਾਹੀਂ’’ ਸੀ। ਉਹਨਾਂ ਉੱਤੇ ਅੰਮ੍ਰਿਤ ਦ੍ਰਿਸ਼ਟ ਕਰ ਕੇ ਸਾਹਿਬ ਨੇ ਉਹਨਾਂ ਨੂੰ ‘ਰਾਜ ਕਰਨ ਦਾ ਵੱਲ ਸਮਝਾਇਆ’ ਸੀ। ਇਉਂ ਹੰਨੇ-ਹੰਨੇ ਮੀਰ ਸੁਰਜੀਤ ਹੋ ਗਏ ਸਨ। ਲੋਕਤੰਤਰ ਦਾ ਏਹੋ ਤਕਾਜ਼ਾ ਹੈ- ਏਹੋ ਲੋਕਤੰਤਰ ਦੀ ਮੰਜ਼ਲ ਹੈ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਣਾ ਹੀ ਕਾਫ਼ੀ ਨਹੀਂ। ਸਮਾਂ ਆ ਗਿਆ ਹੈ ਕਿ ਤੋਪਾਂ-ਟੈਂਕਾਂ ਦੀ ਹੈਂਕੜ ਛੱਡੀ ਜਾਵੇ, ਨਿਮਰਤਾ ਦਾ ਬੀਜ ਬੀਜਿਆ ਜਾਵੇ ਤਾਂ ਕਿ ਸਦਭਾਵਨਾ ਦੀ ਲਹਿ-ਲਹਾਉਂਦੀ ਫ਼ਸਲ ਵੱਢਣ ਦਾ ਮੌਕਾ ਮਿਲੇ। ਇਸ ਤੋਂ ਇਲਾਵਾ ਲੋਕਤੰਤਰ ਨੂੰ ਸਦਾ ਲਈ ਮਹਿਫੂਜ਼ ਰੱਖਣ ਦਾ ਕੋਈ ਹੋਰ ਤਰੀਕਾ ਨਹੀਂ। ਜਿਨ੍ਹਾਂ ਨੇ ਤੁਹਾਨੂੰ ਸੱਤਾ ਦੀ ਕੁਰਸੀ ਬਖ਼ਸ਼ੀ ਹੈ ਉਹਨਾਂ ਬੇ-ਸਹਾਰੇ ਲੋਕਾਂ ਦਾ ਨਰਸੰਘਾਰ ਕਰ ਕੇ ਕਦੇ ਵੀ ਇਹ ਸਰਦਾਰੀਆਂ ਕਾਇਮ ਨਹੀਂ ਰੱਖੀਆਂ ਜਾ ਸਕਦੀਆਂ, ਨਾ ਹੀ ਲੋਕਤੰਤਰ। ਕੁੱਟ-ਮਾਰ ਕਰਨ ਵਾਲਿਆਂ ਨਾਲ ਦੋਸਤੀਆਂ ਸਿਰੇ ਨਹੀਂ ਚੜ੍ਹਦੀਆਂ, ਸੱਚੇ ਜਗਤ ਕਲਿਆਣਕਾਰੀ ਸੱਚੇ ਸਾਹਿਬ ਦਾ ਮਹਾਂ ਵਾਕ ਹੈ:

ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥

ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ॥ (ਗੁਰੂ ਗ੍ਰੰਥ, ਪੰਨਾ 1412)

-ਮੋਬਾਇਲ ਨੰ: 9417871742

Sunday, March 17, 2013

ਸਮਲਿੰਗੀ ਵਰਤਾਰੇ ਪ੍ਰਤੀ ਪਹੁੰਚ

ਪੰਜਾਬ ਦੀ ਰਾਜਧਾਨੀ ਚੰਡੀਗੜ ਵਿੱਚ ਵੀ ਦੋ ਕੁ ਸੌ ਸਮਲਿੰਗੀ ਨਰ-ਨਾਰੀਆਂ ਅਤੇ ਹੋਰਾਂ ਨੇ ਯੂਨੀਵਰਸਿਟੀ ਤੋਂ ਲੈ ਕੇ ਸੈਕਟਰ 17 ਤੱਕ ਜਲੂਸ ਕੱਢ ਕੇ ਇਹ ਸੁਨੇਹਾ ਦਿੱਤਾ ਕਿ ਉਹ ਇਸ ਖਿੱਤੇ ਵਿੱਚ ਵੀ ਹੋਂਦ ਰੱਖਦੇ ਹਨ। ਹੋਂਦ ਤਾਂ ਪਹਿਲਾਂ ਵੀ ਸੀ ਪਰ ਇਸ ਵਰਤਾਰੇ ਨਾਲ ਜੁੜੇ ਹੋਣ ਦੀ ਨਮੋਸ਼ੀ ਨੂੰ ਉਹ ਪਰਦਿਆਂ ਪਿੱਛੇ ਲੁਕਾਉਣ ਦੀ ਥਾਵੇਂ ਹੁਣ ਸੜਕਾਂ ਉੱਤੇ ਉੱਤਰ ਕੇ ਨਮੋਸ਼ੀ ਨੂੰ ਮਨੁੱਖੀ ਅਧਿਕਾਰਾਂ ਦਾ ਰੰਗ ਚਾੜਨਾ ਚਾਹੁੰਦੇ ਹਨ। ਉਹਨਾਂ ਨੂੰ ਫਿਟਕਾਰਾਂ ਪਾਉਣ ਵਾਲਾ ਸੰਸਾਰ ਵੀ ਹੁਣ ਦੂਜਿਆਂ ਪ੍ਰਤੀ ਏਨਾ ਨਿਰਮੋਹ ਹੋ ਚੁੱਕਿਆ ਹੈ ਅਤੇ ਰੋਟੀ ਦੇ ਮਸਲੇ ਵਿੱਚ ਏਨਾਂ ਉਲਝ ਚੁੱਕਿਆ ਹੈ ਕਿ ਉਸ ਕੋਲ ਇੱਕ ਘੜੀ ਖੜ ਕੇ ਚਿੰਤਨ ਕਰਨ ਦਾ ਸਮਾਂ ਵੀ ਨਹੀਂ। ਸ਼ਰਾਬ ਦੇ ਅੱਧੀਏ ਪਿੱਛੇ ਜ਼ਮੀਰਾਂ ਵੇਚ ਕੇ ਵੋਟ ਪਾਉਣ ਵਾਲਿਆਂ ਕੋਲ ਭਲਾ ਕਿੰਨੀ ਕੁ  ਸੁਹਿਰਦਤਾ ਹੋ ਸਕਦੀ ਹੈ ਕਿ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣ?
    ਸੰਸਾਰ ਦੇ ਇੱਕ ਪਿੰਡ ਬਣ ਜਾਣ ਦੀਆਂ ਵੀ ਆਪਣੀਆਂ ਦੁਸ਼ਵਾਰੀਆਂ ਹਨ। ਅਣਗੌਲੇ ਮਾਰੂਥਲ ਤੋਂ ਆਇਆ ਸੱਦ ਪੰਜਾਬ ਦੇ ਰਾਹਾਂ ਵਿੱਚ ਪਲ਼ੋ-ਪਲ਼ੀ ਫ਼ੈਲਦਾ ਹੈ ਅਤੇ ਇਰਾਕ, ਲਿਬੀਆ ਵਿੱਚ ਹਨੇਰੀ ਬਣ ਸਦੀਆਂ ਦੀਆਂ ਸਥਾਪਤ ਸਰਕਾਰਾਂ ਦੀ ਇੱਟ ਨਾਲ ਇੱਟ ਵਜਾ ਦਿੰਦਾ ਹੈ। ਸੰਸਾਰ ਦੇ ਸਭ ਤੋਂ ਬਲਸ਼ਾਲੀ ਸਮਝੇ ਜਾਂਦੇ ਸਿਆਸਤਦਾਨ ਓਬਾਮਾ ਨੇ ਘੇਸਲ ਵੱਟ ਕੇ ਸਮਾਂ ਕੱਢਣ ਦੀ ਕੋਸ਼ਿਸ਼ ਕੀਤੀ। ਆਖ਼ਰ ਉਸ ਨੂੰ ਵੀ ਉੱਠ ਰਹੇ ਸ਼ੋਰੋਗੁੱਲ ਨੂੰ ਤਸਲੀਮ ਕਰਨਾ ਪਿਆ। ਅਫ਼ਵਾਹ ਤਾਂ ਇਹ ਵੀ ਹੈ ਕਿ ਯੂਰਪ ਨੂੰ ਫ਼ਤਹਿ ਕਰਨ ਉਪਰੰਤ ਸਮਲਿੰਗੀ ਵਰਤਾਰਾ ਯੂ.ਕੇ. ਦੀ ਰਾਣੀ ਨੂੰ ਵੀ ਸਮਲਿੰਗੀ ਅਧਿਕਾਰਾਂ ਦਾ ਪੱਤਰ ਜਾਰੀ ਕਰਨ ਲਈ ਪ੍ਰੇਰ ਰਿਹਾ ਹੈ। ਜਿਸ ਰੁਚੀ ਦਾ ਪ੍ਰਗਟਾਵਾ ਅੱਜ ਸਾਰੇ ਸੰਸਾਰ ਉੱਤੇ ਦਾਵਾਨਲ ਵਾਂਗੂੰ ਫ਼ੈਲ ਰਿਹਾ ਹੈ ਇਹ ਸੰਸਾਰ ਦੇ ਤਖ਼ਤੇ ਤੋਂ ਕਦੇ ਵੀ ਮੁਕੰਮਲ ਤੌਰ ਉੱਤੇ ਮਨਫ਼ੀ ਨਹੀਂ ਰਹੀ ਸੀ।
    ਪੁਰਾਤਨ ਸਮਿਆਂ ਵਿੱਚ ਗ੍ਰੀਕ (ਯਵਨ) ਲੋਕਾਂ ਵਿੱਚ ਇਸ ਰੁਚੀ ਦਾ ਖੁੱਲਾ ਪ੍ਰਗਟਾਵਾ ਹੁੰਦਾ ਸੀ। ਕਲੌਡੀਅਸ ਨੂੰ ਛੱਡ ਕੇ ਕੋਈ ਗ੍ਰੀਕ ਸਮਰਾਟ ਨਹੀਂ ਸੀ ਜਿਸ ਨੇ ਅੱਲੜ ਨੌਜਵਾਨ ਆਪਣੀ ਗ਼ੈਰ-ਕੁਦਰਤੀ ਭੁੱਖ ਨੂੰ ਪੂਰਾ ਕਰਨ ਲਈ ਨਾ ਰੱਖੇ ਹੋਣ। ਮਾਰਕ ਐਂਥਨੀ ਉੱਤੇ ਵੀ ਪਿਛਾਂਹ ਨਾ ਰਹਿਣ ਦੀਆਂ ਖ਼ਬਰਾਂ ਹਨ। ਪੁਰਾਤਨ ਸੰਸਾਰ ਦੇ ਸਭ ਤੋਂ ਸਿਆਣੇ ਜਾਣੇ ਜਾਂਦੇ ਸੁਕਰਾਤ ਉੱਤੇ ਲੱਗੇ ਅਜਿਹੇ ਇਲਜ਼ਾਮ ਨੂੰ ਇੱਕ ਬੁੱਧੀਜੀਵੀ ਦੀ ਗਵਾਹੀ ਨੇ ਰੱਦ ਕੀਤਾ ਜਿਸ ਨੇ ਇਹ ਆਖਿਆ, ਅਗਲੀ ਸਵੇਰ ਮੈਂ ਸੁਕਰਾਤ ਦੇ ਬਿਸਤਰੇ ਉੱਤੋਂ ਏਵੇਂ ਉੱਠਿਆ ਜਿਵੇਂ ਕਿ ਬੇਟਾ ਆਪਣੇ ਬਾਪ ਦੇ ਮੰਜੇ ਉੱਤੋਂ ਉੱਠਦਾ ਹੈ।’ ਅਫ਼ਲਾਤੂਨ ਪਹਿਲਾਂ, ਰਿਪੱਬਲਿਕ ਲਿਖਣ ਤੱਕ, ਤਾਂ ਸਮਲਿੰਗੀ ਵਰਤਾਰੇ ਨੂੰ ਮਰਦਾਨਗੀ ਅਤੇ ਆਜ਼ਾਦ ਭਾਵਨਾ ਦਾ ਪ੍ਰਤੀਕ ਜਾਣਦਾ ਸੀ ਪ੍ਰੰਤੂ ਬਾਅਦ ਵਿੱਚ ਉਸ ਨੇ ਇਸ ਨੂੰ ਮੁੱਢੋਂ ਰੱਦ ਕੀਤਾ। ਅਰਸਤੂ ਦਾ ਖਿਆਲ ਸੀ ਕਿ ਕ੍ਰੀਟ ਦੇ ਵਾਸੀ ਇਸ ਨੂੰ ਆਬਾਦੀ ਨੂੰ ਘਟਾਉਣ ਲਈ ਵਰਤਦੇ ਹਨ। ਜੇ ਇਹ ਇਸ ਪੱਖੋਂ ਕਾਰਗਰ ਸਾਬਤ ਹੋ ਸਕੇ ਤਾਂ ਸ਼ਾਇਦ ਹਿੰਦੋਸਤਾਨ ਦੀ ਹਨੂੰਮਾਨ ਦੀ ਪੂਛ ਵਾਂਗ ਵਧਦੀ ਆਬਾਦੀ ਦਾ ਕੋਈ ਹੱਲ ਨਿਕਲਣ ਦੀ ਉਮੀਦ ਬੱਝੇ।
    ਜੰਗਜੂ ਕੌਮਾਂ ਵਿੱਚ ਸਮਲਿੰਗੀ ਰੁਝਾਨ ਬਹੁਤ ਪ੍ਰਚੱਲਤ ਸੀ ਕਿਉਂਕਿ ਆਦਮੀਆਂ ਨੂੰ ਜੰਗੀ ਖੇਮਿਆਂ ਵਿੱਚ ਲੰਮੇ ਸਮੇਂ ਲਈ ਰਹਿਣਾ ਪੈਂਦਾ ਸੀ। ਅਰਬ ਤੋਂ ਲੈ ਕੇ ਪਖਤੂਨਿਸਤਾਨ ਦੇ ਲੋਕ ਇਸ ਤੋਂ ਬਹੁਤ ਪ੍ਰਭਾਵਤ ਸਨ। ਇਸੇ ਤਰਾਂ ਇਕੱਲੀਆਂ ਰਹਿਣ ਵਾਲੀਆਂ ਔਰਤਾਂ, ਮਸਲਨ ਸਾਧਵੀਆਂ ਆਦਿ ਇਸ ਦੀਆਂ ਸ਼ਿਕਾਰ ਸਨ। ਪੁਰਾਤਨ ਸਮੇਂ ਸਾਊਦੀ ਅਰਬ, ਫ਼ਾਰਸ ਸਮੇਤ ਕਈ ਮੁਲਕਾਂ ਵਿੱਚ ‘ਆਮਰਦ ਖ਼ਾਨੇ’ ਹੁੰਦੇ ਸਨ ਜਿਵੇਂ ਅੱਜ-ਕੱਲ ਕਈ ਮੁਲਕਾਂ ਵਿੱਚ ਚਕਲਾਘਰ ਹਨ। ਨਵ-ਸੁਰਜੀਤੀ () ਦੇ ਸਮੇਂ ਵੀ ਇਹ ਨਵ-ਸੁਰਜੀਤੀ ਦੇ ਗੜ ਫਲੋਰੰਸ ਅਤੇ ਵੈਨਿਸ ਵਿੱਚ ਪ੍ਰਚੱਲਤ ਸੀ। ਕਈ ਵੱਡੇ ਲੇਖਕਾਂ ਜਿਵੇਂ ਬਾਇਰਨ ਉੱਤੇ ਉਂਗਲਾਂ ਉੱਠੀਆਂ ਅਤੇ ਕਈ  ਕਲਾਕਾਰਾਂ ਉੱਤੇ ਵੀ।
    ਜੇ ਧਰਮ-ਗ੍ਰੰਥਾਂ ਵੱਲ ਜਾਈਏ ਤਾਂ ਗਿਲਗਮੇਸ਼, ਅੰਜੀਲ, ਮਨੂ-ਸਿਮ੍ਰਤੀ, ਪੁਰਾਣਾਂ ਆਦਿ ਵਿੱਚ ਸਮਲਿੰਗੀਆਂ ਦੀ ਹੋਂਦ ਨੂੰ ਮੰਨਿਆ ਗਿਆ ਹੈ। ਮਹਾਂਭਾਰਤ ਦਾ ਸ਼ਿਖੰਡੀ ਭੀਸ਼ਮ ਪਿਤਾਮਾ ਦਾ ਜਾਨੀ ਦੁਸ਼ਮਣ ਸ਼ਾਇਦ ਅਜਿਹੇ ਕਾਰਣਾਂ ਸਦਕਾ ਹੀ ਬਣਿਆ ਸੀ ਜਿਸ ਨੂੰ ਪੂਰਬਲੇ ਜਨਮ ਦੇ ਮਿੱਥ ਨਾਲ ਢੱਕਣ ਦੀ ਕੋਸ਼ਿਸ਼ ਹੋਈ ਜਾਪਦੀ ਹੈ। ਬਚਿਤ੍ਰ ਨਾਟਕ ਗ੍ਰੰਥ ਨੂੰ ਧਰਮ-ਗ੍ਰੰਥ ਜਾਨਣ ਵਾਲਿਆਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਖ਼ਾਸਤੌਰ ਉੱਤੇ ਉਸ ਦੇ ਚਰਿਤ੍ਰੋਪਾਖਿਆਨ ਅਤੇ ਹਿਕਾਇਤਾਂ ਵਾਲੇ ਹਿੱਸੇ ਵਿੱਚ ਸਮਲਿੰਗੀ ਵਰਤਾਰੇ ਦੀ ਭਰਮਾਰ ਸਰਸਰੀ ਨਜ਼ਰੇ ਵੀ ਵੇਖੀ ਜਾ ਸਕਦੀ ਹੈ। ਕਾਮਸੂਤਰ ਪੁਸਤਕਾਂ, ਕਈ ਮੰਦਰਾਂ ਉੱਤੇ ਉਕਰੀਆਂ ਮੂਰਤੀਆਂ, ਕਲਾਕ੍ਰਿਤੀਆਂ ਇਸ ਪੱਖ ਦੀ ਸਪਸ਼ਟ ਗਵਾਹੀ ਦਿੰਦੀਆਂ ਹਨ। ਪਿਛੇ ਜਿਹੇ (2011 ਵਿੱਚ) ਜੋਜ਼ਫ਼ ਲੇਲੇਵਲਡ ਦੀ ਇੱਕ ਪੁਸਤਕ ਆਉਣ ਨਾਲ ਮੋਹਨਦਾਸ ਕਰਮਚੰਦ ਗਾਂਧੀ ਦੇ ਇਸ ਤੋਂ ਵਾਕਫ਼ ਹੋਣ ਦੀ ਕਨਸੋਅ ਵੀ ਸੰਸਾਰ ਨੂੰ ਹੈਰਾਨ ਕਰਦੀ ਰਹੀ।
    ਅੱਜ ਦੇ ਸਮਲਿੰਗੀ ਆਪਣੇ-ਆਪ ਨੂੰ ਅਤਿ-ਆਧੁਨਿਕ (ਨਵੇਂ ਜ਼ਮਾਨੇ ਦੇ) ਦੱਸਣ ਲਈ ਆਪਣੇ ਵਰਤਾਰੇ ਅਤੇ ਇਸ ਦੇ ਪ੍ਰਗਟਾਵੇ ਦੇ ਨਵੇਂ ਕਾਰਣ ਘੜਦੇ ਹਨ। ਉਹ ਕਹਿੰਦੇ ਹਨ ਕਿ ਸਰੀਰ ਸਾਡਾ ਆਪਣਾ ਹੈ ਅਸੀਂ ਇਸ ਦਾ ਜਿਵੇਂ ਮਰਜ਼ੀ ਪ੍ਰਯੋਗ ਕਰੀਏ। ਉਹ ਮਨੁੱਖੀ ਆਜ਼ਾਦੀ ਦੇ ਸਰੋਕਾਰਾਂ ਨਾਲ ਵੀ ਇਸ ਨੂੰ ਜੋੜਦੇ ਹਨ। ਇਸ ਸਬੰਧੀ ਦੁਬਾਰੇ ਸੋਚਣ ਦੀ ਲੋੜ ਹੈ ਕਿਉਂਕਿ ਇਹ ਕੇਵਲ ਬਹਾਨੇ ਘੜੇ ਜਾ ਰਹੇ ਹਨ ਵਰਨਾ ਸਾਰੇ ਪੁਰਾਤਨ ਦੌਰਾਂ ਵਿੱਚ ਪ੍ਰਚੱਲਤ ਰਿਹਾ ਇਹ ਵਰਤਾਰਾ ਆਧੁਨਿਕ ਕਿਸੇ ਪੱਖੋਂ ਵੀ ਨਹੀਂ ਕਿਹਾ ਜਾ ਸਕਦਾ। ਨਾ ਹੀ ਸਰੀਰ ਨੂੰ ਮਰਜ਼ੀ ਅਨੁਸਾਰ ਵਰਤਣ ਲਈ ਰੁਚੀ ਦੀ ਨੁਮਾਇਸ਼ ਲਗਾਉਣੀ ਜ਼ਰੂਰੀ ਹੈ।
    ਹੁਣ ਆਈਏ ਇਸ ਦੇ ਸਿੱਖ ਸੰਦਰਭ ਵੱਲ। ਜਿੱਥੋਂ ਤੱਕ ਤਾਂ ਸਿੱਖਾਂ ਦਾ ਸਮਲਿੰਗੀਆਂ ਨੂੰ ਨਫ਼ਰਤ ਕਰਨ ਦਾ ਸਵਾਲ ਹੈ ਇਹ ਤਾਂ ਬਿਲਕੁਲ ਵਾਜਬ ਨਹੀਂ। ਕਿਉਂਕਿ ਨਫ਼ਰਤ ਕਿਸੇ ਵੀ ਇਨਸਾਨ ਪ੍ਰਤੀ ਭਲ਼ੀ ਨਹੀਂ ਗਿਣੀ ਜਾ ਸਕਦੀ ਸ਼ਾਇਦ ਉਹਨਾਂ ਪ੍ਰਤੀ ਵੀ ਨਹੀਂ ਜੋ ਸਿੱਖ ਜਾਮੇ ਵਿੱਚ ਵੀ ਇਸ ਵਰਤਾਰੇ ਦੇ ਸ਼ਿਕਾਰ ਹਨ।
    ਪਰ ਇਸ ਵਿੱਚ ਸ਼ੱਕ ਨਹੀਂ ਕਿ ਸਮਲਿੰਗੀ ਵਰਤਾਰਾ ਮੁੱਢੋਂ ਗ਼ੈਰ-ਕੁਦਰਤੀ ਹੈ। ਕੁਦਰਤ ਨੇ ਸੰਸਾਰ ਨੂੰ ਨਰ-ਮਾਦਾ ਦੇ ਆਧਾਰ ਉੱਤੇ ਉਸਾਰਿਆ ਹੈ। ਜਾਨਵਰਾਂ, ਪੰਖੀਆਂ, ਕੀੜਿਆਂ ਆਦਿ ਵਿੱਚ ਸਮਲਿੰਗੀ ਰੁਝਾਨ ਪ੍ਰਚੱਲਤ ਨਹੀਂ। ਫੇਰ ਮਨੁੱਖਾਂ ਵਿੱਚ ਹੀ ਕਿਉਂ? ਸਿੱਖ ਲਈ ਸਹਿਜ ਦੀ ਜ਼ਿੰਦਗੀ, ਕੁਦਰਤੀ ਅਸੂਲਾਂ ਨੂੰ ਧਾਰਨ ਕਰ ਕੇ ਹੀ ਜਿੳੂਣ ਦੀ ਜੀਵਨ-ਜਾਚ ਅਪਨਾਉਣ ਦੀ ਪ੍ਰੇਰਨਾ ਧਰਮ ਕਰਦਾ ਹੈ। ਸਿੱਖੀ ਜੀਵਨ-ਜਾਚ ਵਿੱਚ ਇਹ ਵੀ ਸ਼ਾਮਲ ਹੈ ਕਿ ਧਰਮ ਦੇ ਰਾਹ ਉੱਤੇ ਚੱਲਣ ਵਾਲੇ ਨੇ ਅਧਿਆਤਮਕ ਤਰੱਕੀ ਨੂੰ ਨਿਰੰਤਰ ਅਡੋਲ ਰੱਖਣ ਲਈ ਰਾਹ ਵਿੱਚ ਪੈਂਦੀਆਂ ਕਾਮ, ਕ੍ਰੋਧ ਆਦਿ ਪੰਜ ‘ਮਹਾਂਬਲੀ’ ਰੁਕਾਵਟਾਂ ਨੂੰ ਕਰੜੇ ਨਿਯੰਤ੍ਰਣ ਵਿੱਚ ਰੱਖਣਾ ਹੈ।
    ਨਿਚੋੜ ਇਹ ਕਿ ਥੀਓਡੋਰੀਅਸ ਅਤੇ ਜਸਟਿਨ ਵਰਗੀ ਨਫ਼ਰਤ, ਜਿਸ ਅਧੀਨ ਉਨਾਂ ਨੇ ਸਮਲਿੰਗੀਆਂ ਨੂੰ ਜਿੳੂਂਦੇ ਸਾੜ ਕੇ ਮਾਰਨ ਦੇ ਹੁਕਮ ਦਿੱਤੇ ਸਨ, ਇਸ ਰੁਝਾਨ ਨੂੰ ਖ਼ਤਮ ਨਹੀਂ ਕਰ ਸਕੀ ਅਤੇ ਨਾ ਹੀ ਇਸਲਾਮ ਦਾ ਇਸ ਵਿਰੁੱਧ ਕੱਟੜ ਰਵੱਈਆ ਇਸ ਉੱਤੇ ਕਾਬੂ ਪਾ ਸਕਿਆ ਹੈ। ਇਸਾਈ ਮਤ ਦਾ ਇਸ ਨੂੰ ਖ਼ਤਮ ਕਰਨ ਲਈ ਲਾਇਆ ਜ਼ੋਰ ਵੀ ਰੰਗ ਨਹੀਂ ਲਿਆ ਸਕਿਆ ਸਗੋਂ ਚਰਚ ਦੇ ਪਾਦਰੀਆਂ ਉੱਤੇ ਇਸ ਵਰਤਾਰੇ ਵਿੱਚ ਗਲਤਾਨ ਹੋਣ ਦੇ ਕਿੱਸੇ ਦੁਨੀਆਂ ਦੇ ਕਈ ਮੁਲਕਾਂ ਵਿੱਚੋਂ ਸੁਣਨ ਨੂੰ ਆਏ ਹਨ। ਲਾਟ ਪਾਦਰੀਆਂ ਉੱਤੇ ਵੀ ਪਾਦਰੀਆਂ ਦੇ ਗੁਨਾਹਾਂ ਉੱਤੇ ਪਰਦੇ ਪਾਉਣ ਦੀ ਨੀਤੀ ਤਾਂ ਧੁਰ ਉੱਪਰ ਤੱਕ ਪਹੁੰਚਦੀ ਦੱਸੀਦੀ ਹੈ।
    ਅੱਜ ਦੇ ਯੁਗ ਦੇ ਸਮਲਿੰਗੀ ਵਰਤਾਰੇ ਵਿੱਚ ਕੁਝ ਵੀ ਨਵਾਂ ਨਹੀਂ। ਨਵਾਂ ਹੈ ਕੇਵਲ ਇਸ ਦਾ ਪ੍ਰਗਟਾਵਾ ਅਤੇ ਇਸ ਲਈ ਪ੍ਰਵਾਨਗੀ ਹਾਸਲ ਕਰਨ ਦੀ ਕੋਸ਼ਿਸ਼। ਪ੍ਰਵਾਨਗੀ ਇਸ ਨੂੰ ਮਿਲ ਹੀ ਜਾਵੇਗੀ ਕਿਉਂਕਿ ਸਰਕਾਰਾਂ ਵੋਟ ਬੈਂਕ ਉੱਤੇ ਟੇਕ ਰੱਖਦੀਆਂ ਹਨ ਅਤੇ ਵੋਟ ਦਾ ਟੁੱਕੜ ਇਹ ਸਿਆਸਤਦਾਨਾਂ ਨੂੰ ਸੁੱਟ ਹੀ ਸਕਦੇ ਹਨ। ਵੈਸੇ ਵੀ ਲੋਕਾਂ ਦਾ ਅਜਿਹੇ ਕੰਮਾਂ ਵਿੱਚ ਗਲਤਾਨ ਹੋ ਕੇ ਸਰਕਾਰਾਂ ਦੀਆਂ ਆਪਹੁਦਰੀਆਂ ਪ੍ਰਤੀ ਬੇਰੁਖ ਹੋਣਾ ਹਰ ਸਿਆਸਤਦਾਨ ਨੂੰ ਭਾੳਂੁਦਾ ਹੈ।
    ਸਮਲਿੰਗੀ ਰੁਝਾਨ ਨੂੰ ਕੁਦਰਤ ਦੀ ਪ੍ਰਕਿਰਿਆ ਲਈ ਵਿਘਨਕਾਰੀ ਜਾਣ ਕੇ ਇਸ ਦਾ ਵਿਰੋਧ ਕਰਨਾ ਸਿੱਖੀ ਅਸੂਲਾਂ ਅਨੁਸਾਰ ਹੈ ਪਰ ਸਮਲਿੰਗੀਆਂ ਨੂੰ ਵੱਖਰੇ ਸੁਭਾਅ ਦੇ ਹੋਣ ਕਰਕੇ ਨਫ਼ਰਤ ਕਰਨਾ ਵਾਜਬ ਨਹੀਂ ਚਾਹੇ ਇਸ ਵਰਤਾਰੇ ਨੂੰ ਧਾਰਨ ਵਾਲੇ ਗੁੰਮਰਾਹ ਹੋਏ ਸਿੱਖ ਹੀ ਕਿਉਂ ਨਾ ਹੋਣ। ਇਹ ਇੱਕ ਹਨੇਰੀ ਹੈ ਜਿਸ ਨੂੰ ਸੰਸਾਰ ਦੀਆਂ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੇ ਸੰਦਰਭ ਵਿੱਚ ਠੱਲ ਪਾਉਣ ਤੋਂ ਕਈ ਪ੍ਰਭਾਵਸ਼ਾਲੀ ਸੰਸਥਾਵਾਂ ਵੀ ਆਕੀ ਹਨ (ਮਸਲਨ ਇਸਾਈ ਚਰਚ)। ਇਸ ਦੇ ਵਿਰੋਧ ਵਿੱਚ ਮਰਨ ਮੰਡਣ ਦੀ ਹੱਦ ਤੱਕ ਨਹੀਂ ਜਾਣਾ ਚਾਹੀਦਾ। ਕਈ ਵਾਰ ਤਾਂ ਜਾਪਦਾ ਹੈ ਕਿ ਪ੍ਰਗਟਾਵੇ ਦਾ ਰੁਝਾਨ ਮਹਿਜ਼ ਇੱਕ ਰਿਵਾਜ ਹੈ। ਜਿਸ ਦੇ ਅਸਰ ਅਧੀਨ ਗ਼ੈਰ-ਸਮਲਿੰਗੀ ਵੀ ਆਪਣੇ ਸਮਲਿੰਗੀ ਹੋਣ ਦਾ ਪ੍ਰਚਾਰ ਕਰ ਰਹੇ ਹਨ। ਸ਼ਾਇਦ ਬਾਕੀ ਦੇ ਫ਼ੈਸ਼ਨਾਂ ਵਾਂਗ ਇਹ ਵੀ ਚੰਦ ਦਿਨਾਂ ਵਿੱਚ ਮੱਠਾ ਪੈ ਜਾਵੇਗਾ।

ਸੂਤਰਧਾਰ ਨਟੀ ਨੂੰ ਆਖਦਾ ਹੈ:

    ਆਇਆ ਬੁੱਲਾ ਪੌਣ ਦਾ ਕੱਖ ਚੜਿਆ ਜਾ ਆਕਾਸ
ਡਿੱਗਦਾ ਡਿੱਗਦਾ ਡਿੱਗ ਪਿਆ ਕੱਖ ਕੱਖਾਂ ਦੇ ਪਾਸ।

Sainthood and the Sikh faith


Recently Sardar Mahinder Singh Khaira, a learned person and writer from UK asked me to clarify the Sikh position on the issue of saint-hood. Reproduced below is what I wrote to him in reply. Would you say I gave him the right advice?
      The theory of creation propounded by Guru Nanak envisages that the Eternally Existent (Satnam) fashioned the universe out of Himself/Herself and took abode in every atom of the created. (eh jag sache ki hai kothri sache ka vich vaas)
      One part of the self-revelation was the revelation of attributes of the Ever True. This makes Him the original Guru (guide, teacher). This discovery is the bedrock upon which the structure of the faith, its theology and the spiritual pursuits prescribed for the seeker are raised. Knowing this is to enter the ‘region of knowledge’ with its myriad nuances and elevating, inspiring effects. The spiritual goal of the seeker, prescribed by Guru Nanak, ordained by the Creator, is the imbibing of the divine attributes until one completely merges into the Ultimate Reality like ‘water into water.’ This requires incessant striving to consciously shed the dross of material existence and the loving intense urge to seek the merger. This important step in the elevation of the self to spirituality is complete transformation of human nature (from selfishness to altruism). The process is described as happening in the ‘region of discipline’ (shramkhand).
      This status beckons the seeker to act in the mundane world; briefly it involves performing the role of Ultimate Reality in ones sphere and level of existence. This assuming unlimited responsibility for the welfare of the entire creation is termed as existence in the ‘region of karmkhand.’ It is the pen-ultimate stage of spiritual striving and renders one eligible for receiving His approval (grace), which of course cannot be earned.
      The basic condition of the path to be trodden thereafter is characterised by extreme humility. In particular the seeker must assume oneself to be a sinner while imploring Him to bestow grace (nadar). The dedication to serve the Lord of Creation must now become absolute, regardless of the human cost and worldly consequences. It may lead to resisting evil physically and even to martyrdom. This is liberation, release, summum bonum, jiwan-mukti or salvation. Those who receive his grace, of course, come to reside eternally in the ‘region of truth’ (sachkhand).
      At no stage (step) of spiritual development aimed at realising the full spiritual development does one become spiritually superior to any other seeker or being. One increasingly bows with humility as the fruit laden tree bends with each passing day. There is no space for superior spirituality. The constant guidance that is necessary throughout the journey is provided by the scripture, the eternal Guru Granth and the company of seekers, the Guru Khalsa panth. Both the entities have been duly anointed and consecrated in that position by the Guru himself, with divine sanction.
      The ordained priesthood as well as the consecrated saints that are available in other traditions as intermediaries between man and God are totally irrelevant in Sikhi (the Sikh faith). The Guru holds both to be responsible for many ills of the world and constitute impediments on the path to spirituality.
      Guru Granth and (to a lesser degree) the Guru Khalsa panth are the only guides available to a seeker in the arduous, but immensely rewarding spiritual journey. Apart from that all Sikhs are ‘brothers in faith in the Guru’ (gurbhai). In the structure of the Sikh faith, on the spiritual path prescribed by it and its theology there is no space for the consecration of saints. Those who presume to consecrate and those who deem human sanction as proof of elevated spiritual status are unequivocally disapproved of and are called ‘shameless hypocrites.’ (kulhan dende bawle lainde vadde nilaj, chuha khad na maavai tikkal banhe chhaj).