Friday, March 21, 2014

ਪੰਜਾਬ ਦੇ ਇਤਿਹਾਸ ਵਿੱਚ ਜੁੜੀ ਨਵੀਂ ਸਾਖੀ

ਪੰਜਾਬ ਦੀ (ਅ) ਕਾਲੀ ਸਰਕਾਰ ਹੁਣ ਤੱਕ ਕਈ ਮੋਜਜ਼ੇ ਕਰ ਚੁੱਕੀ ਹੈ। ਹੁਣ ਕੁਝ ਦਿਨਾਂ ਤੋਂ ਇਹ ਵਿਕਾਸ ਕਰਦੀ ਹੋਈ ਇੱਕ ਐਸੇ ਪੜਾ 'ਤੇ ਪਹੁੰਚ ਚੁੱਕੀ ਹੈ ਜਿੱਥੇ ਕੁਝ ਵੀ ਸੰਭਵ ਹੈ। ਸੁਣਿਐ ਕਿ ਸਦੀਆਂ ਦੇ ਦੱਬੇ ਮੁਰਦਿਆਂ ਨੂੰ, ਸੰਜੀਵਨੀ ਛਿੜਕ ਕੇ, ਸੁਰਜੀਤ ਕਰਨ ਜਾ ਰਹੀ ਹੈ। ਕੁਝ ਕੁ  ਦਾ ਆਖਣਾ ਹੈ ਕਿ ਹੱਡੀਆਂ ਨੂੰ ਅੰਮ੍ਰਿਤ ਛਕਾ ਕੇ ਪਿੰਜਰਾਂ ਨੂੰ ਸ਼ਹੀਦਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਨ ਲੱਗੀ ਹੈ। ਸਾਂਇੰਸ ਦਾ ਯੁੱਗ ਚੱਲ ਰਿਹਾ ਹੈ ਅਤੇ ਅੱਜ-ਕੱਲ੍ਹ ਸਰਕਾਰਾਂ ਦੀਆਂ ਸ਼ਕਤੀਆਂ ਵੀ ਅਸੀਮਤ ਹੋ ਗਈਆਂ ਹਨ। ਕਾਤਲਾਂ ਦਾ ਹਮਦਰਦ ਅਤੇ ਹਮਦਰਦਾਂ ਦਾ ਅੱਤਵਾਦੀ ਬਣਾਇਆ ਜਾਣਾ ਤਾਂ ਆਪਾਂ ਅੱਖਾਂ ਨਾਲ ਵੇਖ ਚੁੱਕੇ ਹਾਂ।

ਪਿੱਛੇ ਕਾਲਿਆਂ ਵਾਲੇ ਖ਼ੂਹ ਵਿੱਚ 1 ਅਗਸਤ 1857 ਦੇ ਦਫ਼ਨ ਕੀਤੇ 237 ਮਨੁੱਖੀ ਪਿੰਜਰ ਲੱਭੇ ਹਨ। ਜਿੱਥੇ ਇਹ ਪਿੰਜਰ ਸਨ ਉੱਥੇ ਪਹਿਲੇ ਦਿਨ ਤੋਂ ਹੀ ਇੱਕ ਸੂਚਨਾਪਟ ਲੱਗਿਆ ਹੋਇਆ ਸੀ ਜਿਸ ਉੱਤੇ ਦਫ਼ਨ ਕੀਤਿਆਂ ਦਾ ਮੁਕੰਮਲ ਵੇਰਵਾ ਪੰਜਾਬੀ, ਅੰਗ੍ਰੇਜ਼ੀ ਅਤੇ ਫ਼ਾਰਸੀ ਵਿੱਚ ਲਿਖਿਆ ਹੋਇਆ ਸੀ। ਇਸ ਨੂੰ ਅੱਖੋਂ ਪਰੋਖੇ ਕਰ ਕੇ 'ਅਣਪਛਾਤੇ' ਪਿੰਜਰ ਖ਼ੂਹ ਵਿੱਚੋਂ ਇਉਂ ਕੱਢੇ ਗਏ ਜਿਵੇਂ ਜੋਗੀ ਵਰਮੀ ਵਿੱਚੋਂ ਸੱਪ ਕੱਢਦਾ ਹੈ। ਪੂਰੇ ਦੋ ਸਾਲ ਬੀਨ ਵਜਾਈ ਜਾਂਦੀ ਰਹੀ। ਅਜੇ 45 ਹੋਰ ਪਿੰਜਰਾਂ ਨੇ ਨੇੜੇ ਦੇ ਇੱਕ ਟੋਏ ਵਿੱਚੋਂ ਵੀ ਮਿਲਣਾ ਹੈ। ਇਹ ਸਾਰੀ ਵਾਕਫ਼ੀਅਤ ਸਭ ਨੂੰ ਹੈ ਪਰ ਇਹਨਾਂ 45 ਪਿੰਜਰਾਂ ਨੂੰ ਵੀ ਵਿਧੀਵਤ ਬੀਨ ਵਜਾ ਕੇ ਕੱਢਿਆ ਜਾਵੇਗਾ। ਬਗਲੇ ਦੇ ਸਿਰ ਉੱਤੇ ਮੋਮ ਰੱਖੀ ਜਾਵੇਗੀ ਅਤੇ ਜਦੋਂ ਢਲ਼ ਕੇ ਅੱਖਾਂ ਵਿੱਚ ਪੈ ਗਈ ਤਾਂ ਉਸ ਨੂੰ ਫੜ ਲਿਆ ਜਾਵੇਗਾ- ਸਰਕਾਰੀ ਨੇਮਾਂ ਅਨੁਸਾਰ ਵਿਧੀ (ਪ੍ਰੋਸੀਜਰ) ਏਹੋ ਹੈ।

ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸਿਆਣੇ ਅਜੇ ਵੀ ਵਿਧੀ ਨਾਲ ਸਹਿਮਤ ਨਹੀਂ। ਉਹ ਆਖਦੇ ਹਨ ਨਿੱਕੇ ਚਮਚੇ ਤੇ ਨਿੱਕੀਆਂ ਕਰੰਡੀਆਂ ਵਾਲਾ ਪੁਰਾਤਤਵ ਵਿਭਾਗ ਆਵੇ ਅਤੇ ਆਪਣੇ ਕਾਨੂੰਨ ਮੁਤਾਬਕ ਪੰਜ ਸਾਲਾਂ ਵਿੱਚ ਇੱਕ ਇੰਚ ਮਿੱਟੀ ਦੀ ਪਰਤ ਲਾਹੇ। ਸਭ ਜਾਣਦੇ ਹਨ ਕਿ ਵਾਕਿਆ 1857 ਦਾ ਹੈ ਪਰ ਹਰ ਸਾਲ ਚੜ੍ਹੀ ਮਿੱਟੀ ਦੀ ਪਰਤ ਨੂੰ ਗਿਣ ਕੇ ਪੁਰਾਤਤਵ ਨਿਯਮਾਂ ਅਨੁਸਾਰ ਤਾਰੀਖ਼ ਤੈਅ  ਕਰਨਾ ਵਿਗਿਆਨਕ ਕਰਮ ਹੈ।

ਪਿੱਛੇ (5 ਮਾਰਚ ਨੂੰ) ਪੰਜਾਬੀ ਟ੍ਰਿਬਿਊਨ ਅਤੇ ਹੋਰ ਅਖ਼ਬਾਰਾਂ ਵਿੱਚ ਛਪਿਆ ਕਿ 'ਕਾਲਿਆਂ ਵਾਲੇ ਖ਼ੂਹ ਦੇ ਸ਼ਹੀਦਾਂ' ਬਾਰੇ ਵਾਕਫ਼ੀਅਤ ਲੈਣ ਲਈ ਪੰਜਾਬ ਸਰਕਾਰ ਬ੍ਰਤਾਨੀਆ ਨਾਲ ਸੰਪਰਕ ਕਰੇਗੀ। ਏਹੋ ਖ਼ਬਰ 4 ਮਾਰਚ ਨੂੰ ਇੰਡੀਅਨ ਐਕਸਪ੍ਰੈੱਸ (ਸਫ਼ਾ 6) ਉੱਤੇ ਵੀ ਛਪੀ ਸੀ।

ਵਾਰੇ-ਵਾਰੇ ਜਾਈਏ ਸਰਕਾਰਾਂ ਦੇ। ਜਿਸ ਵਕਤ ਦਾ ਇਹ ਵਾਕਿਆ ਹੈ, ਉਸ ਵੇਲੇ ਬ੍ਰਤਾਨੀਆ ਈਸਟ ਇੰਡੀਆ ਕੰਪਨੀ ਰਾਹੀਂ ਏਥੇ ਰਾਜ ਕਰਦਾ ਸੀ। ਜੋ ਉਸ ਵੇਲੇ ਦੇ ਸਰਕਾਰੀ ਦਸਤਾਵੇਜ਼ ਸਨ, ਉਹ ਬ੍ਰਤਾਨੀਆਂ ਨਾਲ ਨਹੀਂ ਲੈ ਕੇ ਗਿਆ।  26ਵੀਂ ਪੈਦਲ ਰਜਮਣ ਨਾਲ ਬੀਤੇ ਦੀ ਮੁਕੰਮਲ ਰਪਟ ਮੌਕੇ ਦੇ ਜ਼ਿਲ੍ਹਾ ਮੈਜਿਸਟ੍ਰੇਟ ਫ਼ਰੈਡਰਿਕ ਕੂਪਰ ਨੇ ਕਮਿਸ਼ਨਰ ਨੂੰ ਲਿਖ ਕੇ ਭੇਜੀ ਸੀ ਜਿਸ ਵਿੱਚ ਹਰ ਤਫ਼ਸੀਲ ਦਰਜ ਹੈ। ਇਹ ਰਪਟ 1858 ਵਿੱਚ ਵੀ ਛਪੀ ਸੀ ਅਤੇ ਬਾਅਦ ਵਿੱਚ ਵੀ। ਏਸ ਰਪਟ ਵਿੱਚ ਦਰਜ ਹੈ ਕਿ ਗੋਲ਼ੀ ਮਾਰਨ ਤੋਂ ਪਹਿਲਾਂ ਹਰ ਸਿਪਾਹੀ ਦਾ ਨਾਂਅ ਲਿਖ ਕੇ ਮੁਕੰਮਲ ਸੂਚੀ ਤਿਆਰ ਕੀਤੀ ਗਈ ਸੀ ਉਹ ਵੀ ਜ਼ਿਲ੍ਹਾ ਮੈਜਿਸਟ੍ਰੇਟ ਦੇ ਕਾਗਜ਼ਾਂ ਵਿੱਚ ਲਾਜ਼ਮੀ ਮਿਲ ਜਾਵੇਗੀ। ਜੇ ਨਾ ਵੀ ਮਿਲੇ ਤਾਂ ਰਜਮਣ ਭਰਤੀ ਕਰਨ ਵੇਲੇ ਵੀ ਨਾਂਅ-ਪਤੇ ਲਾਜ਼ਮੀ ਲਿਖੇ ਹੋਣਗੇ। ਇਹਨਾਂ ਦੀਆਂ ਵੀ ਕਿਤਾਬਾਂ ਛਪੀਆਂ ਹਨ ਅਤੇ ਵੇਰਵੇ ਪੁਰਾਤਤਵ ਵਿਭਾਗ ਦੇ ਕਾਗਜ਼ਾਂ ਵਿੱਚ ਵੀ ਲੱਭ ਜਾਣਗੇ। ਜੇ ਬ੍ਰਤਾਨੀਆ ਸਰਕਾਰ ਉਪਰੋਕਤ ਪੁੱਛ ਦਾ ਮੋੜਵਾਂ ਜੁਆਬ ਦੇਵੇ ਤਾਂ ਉਹ ਲਾਜ਼ਮੀ ਇਹੋ ਤੱਥ ਭਾਰਤ ਸਰਕਾਰ ਦੇ ਧਿਆਨ ਵਿੱਚ ਲਿਆਵੇਗੀ।

ਕੀ ਬ੍ਰਤਾਨੀਆ ਨੂੰ ਕੇਵਲ ਭੰਬਲਭੂਸਾ ਜਾਰੀ ਰੱਖਣ ਦੇ ਹਿਤ ਵਿੱਚ ਹੀ ਇਹ ਲਿਖਿਆ ਜਾ ਰਿਹਾ ਹੈ? ਅਸੀਂ ਆਪਣੇ ਆਪ ਨੂੰ ਨਾ-ਵਾਕਫ਼ ਅਤੇ ਅਣਜਾਣ ਦੱਸਣ ਲਈ ਹਰ ਵਕਤ ਏਨੇਂ ਉਤਾਵਲੇ ਕਿਉਂ ਰਹਿੰਦੇ ਹਾਂ?

ਕੁਈ ਪੁੱਛੇਗਾ ਕਿ ਆਖ਼ਰ ਇਹ ਤਰੱਦਦ ਕਿਉਂ ਹੋ ਰਿਹਾ ਹੈ? ਇਹ ਸਵਾਲ ਨਾ ਸਮਝੀ ਦਾ ਨਤੀਜਾ ਹੈ। ਪੰਜਾਬ ਸਰਕਾਰ ਆਕਾ ਦਾ ਹੁਕਮ ਬਜਾਉਣ ਲਈ ਮਜਬੂਰ ਹੈ। ਆਕਾ ਦੀ ਲੋੜ ਉਸ ਔੜ ਉੱਤੇ ਆਧਾਰਤ ਹੈ ਜਿਸ ਅਨੁਸਾਰ 1200 ਸਾਲ ਦੀ ਗ਼ੁਲਾਮੀ ਵਿੱਚ ਹੱਥ ਦੀਆਂ ਉਂਗਲਾਂ ਉੱਤੇ ਗਿਣੇ ਜਾ ਸਕਣ ਜਿੰਨੇ 'ਸ਼ਹੀਦ' ਵੀ ਨਜ਼ਰ ਨਹੀਂ ਆ ਰਹੇ। ਆਉਣ ਵਾਲੀਆਂ ਨਸਲਾਂ ਦਾ ਮਾਣ-ਸਨਮਾਨ ਮਨੁੱਖੀ ਸਮਾਜ ਵਿੱਚ ਰੱਖਣ ਲਈ ਪ੍ਰਕਿਰਿਆ ਜ਼ਰੂਰੀ ਹੈ। ਕਦੇ ਹੋ ਸਕਦਾ ਹੈ ਕਿ ਦਹਸਦੀਆਂ ਦੀ ਗ਼ੁਲਾਮੀ ਹੰਢਾਉਦਿਆਂ ਸਾਡੇ ਬਜ਼ੁਰਗਾਂ ਨੇ ਕਦੇ ਵੀ ਮਰਨ-ਮਾਰਨ ਨਾ ਮੰਡਿਆਂ ਹੋਵੇ? ਕਦੇ ਵੀ ਨਾ ਆਖਿਆ ਹੋਵੇ 'ਅਜਿਹੇ ਜਿਉਂਣ ਤੋਂ ਮੌਤ ਚੰਗੀ!'। ਸ਼ਹੀਦਾਂ ਦੀ ਇਹ ਔੜ ਕਾਫ਼ੀ ਦੇਰ ਤੋਂ ਬਹੁਗਿਣਤੀ ਸਮਾਜ ਨੂੰ ਘੁਣ ਵਾਂਗ ਖਾਈ ਜਾ ਰਹੀ ਹੈ। ਸੋਕੇ ਨੂੰ ਦੂਰ ਕਰਨ ਲਈ ਕਈ ਯਤਨ ਕੀਤੇ ਪਰ ਸਫ਼ਲਤਾ ਹੋਰ ਦੂਰ ਹੁੰਦੀ ਗਈ।

ਪਹਿਲੋ-ਪਹਿਲ ਚੋਰੀ, ਹੇਰਾਫ਼ੇਰੀ ਦਾ ਰਾਹ ਅਪਣਾਇਆ ਗਿਆ। ਭਾਈ ਮਤੀਦਾਸ, ਸਤੀਦਾਸ ਦਾ ਬ੍ਰਾਹਮਣੀਕਰਨ ਕਰ ਕੇ, ਅੰਮ੍ਰਿਤਧਾਰੀ ਸ਼ਾਦੀ-ਸ਼ੁਦਾ ਬੰਦਾ ਸਿੰਘ ਬਹਾਦਰ ਨੂੰ ਵੈਰਾਗੀ ਬਣਾ ਕੇ, ਕਰਨਲ ਜ਼ੋਰਾਵਰ ਸਿੰਘ ਨੂੰ ਡੋਗਰਾ ਥਾਪ ਕੇ ਕਈ ਪਾਪੜ ਵੇਲੇ ਗਏ ਪਰ ਕੁਝ ਰਾਸ ਨਾ ਆਇਆ। ਸਚਾਈ ਸੌ ਪਰਦੇ ਪਾੜ ਕੇ ਸਾਹਮਣੇ ਆਉਂਦੀ ਰਹੀ। ਸ਼ਹੀਦੀ ਪ੍ਰੰਪਰਾ ਦੀ ਅਣਹੋਂਦ ਨੇ ਆਪਣਾ ਵੱਖਰਾ ਫਨ ਖੜ੍ਹਾ ਰੱਖਿਆ। ਪੰਚਾਇਤਾਂ ਦੇ ਮੈਂਬਰ ਨੂੰ ਜਨਰਲ ਆਖਣ ਵਿੱਚ, ਝਾੜੂ ਨੂੰ ਕੜਛੀ ਆਖਣ ਵਿੱਚ ਅਤੇ ਬਟੇਰੇ ਨੂੰ ਗਊ ਸਾਬਤ ਕਰਨ ਵਿੱਚ ਜੋ ਮੁਸ਼ਕਲਾਂ ਆਉਂਦੀਆਂ ਹਨ ਸਭ ਆਈਆਂ। ਗੁਰੂ ਗੋਬਿੰਦ ਸਿੰਘ ਦੇ ਪੈਗੰਬਰੀ ਸਰੂਪ ਨੂੰ ਚਕਨਾਚੂਰ ਸਿਆਸਤਦਾਨਾਂ ਦੇ ਚੌਖਟੇ ਵਿੱਚ ਫਿੱਟ ਕਰਨ ਦੀ ਕਵਾਇਦ ਵੀ ਸਿਰੇ ਨਹੀਂ ਸੀ ਚੜ੍ਹ ਸਕਦੀ। ਕੱਦ ਬੁੱਤ ਦਾ ਮਸਲਾ ਹੈ। ਅਕਾਲ ਰੂਪ ਦਸਮੇਸ਼ ਕਿਸੇ ਚੌਖਟੇ ਨੂੰ ਤੋੜ ਕੇ, ਕਿਸੇ ਨੀਰਸ ਤਸਵੀਰ ਵਿੱਚੋਂ ਸਤਰੰਗੀ ਅਸਮਾਨੀ ਪੀਂਘ ਸਮਾਨ ਉਭਰ ਕੇ ਧਰਤ ਨੂੰ ਕਲਾਵੇ ਵਿੱਚ ਲੈ ਲੈਂਦਾ ਹੈ। ਹਰ ਕੁਈ ਪੁੱਛਦਾ ਹੈ ਕਿਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ!

ਤਮਾਮ ਮੁਸ਼ਕਲਾਂ ਦਾ ਹੱਲ ਕਾਲਿਆਂ ਵਾਲੇ ਖ਼ੂਹ ਵਿੱਚੋਂ ਲੱਭਣ ਦਾ ਮਨਸੂਬਾ ਬਣਿਆ। ਕਿਵੇਂ ਨਾ ਕਿਵੇਂ ਜੇ ਇਹਨਾਂ ਫ਼ੌਜੀ ਭਗੌੜਿਆਂ ਨੂੰ ਝੁਰਲੂ ਫੇਰ ਕੇ ਮਹਾਂ ਪ੍ਰਾਕਰਮੀ ਯੋਧੇ ਬਣਾ ਕੇ ਪੇਸ਼ ਕਰ ਦਿੱਤਾ ਜਾਵੇ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ। ਧਿਆਨ ਕੇਂਦ੍ਰਿਤ ਕਰਨ ਲਈ ਤਾਂ ਇਹ ਝੂਠ ਵੀ ਚਲਾ ਲਿਆ ਗਿਆ ਕਿ ਇਹ ਸਿੱਖ ਫ਼ੌਜੀ ਸਨ। ਦੋ ਸਾਲ ਵਾਹਵਾ ਪੈਂਠ ਬਣੀ। ਪਰ ਇਹ ਦੌੜ ਤਾਂ ਕੇਵਲ ਏਥੋਂ ਤੱਕ ਹੀ ਮਹਿਦੂਦ ਸੀ। ਨਾ ਇਹ ਸਿੱਖ ਸਨ ਨਾ ਸਿੱਖ ਨਿਕਲਣੇ ਸਨ ਪਰ ਆਮ ਜਨਤਾ ਦੀ ਦਿਲਚਸਪੀ ਬਣਾਈ ਰੱਖਣ ਲਈ, ਏਸ ਪੜਾ ਤੱਕ ਮਸਲੇ ਨੂੰ ਲੈ ਜਾਣ ਲਈ, ਇਹ ਮੁੱਦਾ ਕਾਰਗਰ ਰਿਹਾ। ਹੁਣ ਸਭ ਸਾਹਮਣੇ ਆ ਹੀ ਗਿਆ ਤਾਂ ਪੈਂਤੜਾ ਬਦਲਣ ਦੀ ਲੋੜ ਭਾਸ ਰਹੀ ਹੈ।

ਇੱਕ ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਚਾਰ ਹੋਰਾਂ ਦਾ ਇੱਕ ਕਾਊਂਸਲ ਬਣਾਇਆ ਗਿਆ- ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ ਦੀ ਤਰਜ਼ ਉੱਤੇ। ਹੁਣ ਇਹਨਾਂ ਨੇ ਸੰਜੀਵਨੀ ਛਿੜਕ ਕੇ ਜਾਂ ਅੰਮ੍ਰਿਤ ਦੇ ਛੱਟੇ ਮਾਰ ਕੇ ਇੱਕ ਸਿਪਾਹੀ ਸਾਹਮਣੇ 66 ਆਤਮ ਸਮਰਪਣ ਕਰਨ ਵਾਲਿਆਂ ਨੂੰ, 45 ਡੁੱਬ ਕੇ ਮਰਨ ਵਾਲਿਆਂ ਸਮੇਤ ਘਰੋ-ਘਰੀ ਪਹੁੰਚ ਕੇ ਸੁੱਖ ਦਾ ਸਾਹ ਲੈਣ ਦੀ ਤਾਂਘ ਰੱਖਣ ਵਾਲਿਆਂ ਨੂੰ ਮਹਾਂ ਸੁਤੰਤਰਤਾ ਸੰਗ੍ਰਾਮੀ ਘੋਸ਼ਿਤ ਕਰ ਕੇ ਸ਼ਹੀਦਾਂ ਦੀ ਕਤਾਰ ਵਿੱਚ ਜਾ ਖੜ੍ਹਾ ਕਰਨਾ ਹੈ। ਇਹ ਪੰਜੇ ਹੁਣ ਬੈਠਣਗੇ, ਮੰਤਰ ਪੜ੍ਹਨਗੇ, ਝੂਰਲੂ ਫੇਰਨਗੇ, ਪਾਣੀ ਵਿੱਚ ਮਧਾਣੀ ਪਾ ਕੇ ਰਿੜਕਣਗੇ। ਬਹੁਤ ਸਿਆਣੇ ਲੋਕ ਹਨ; ਕਈ ਅਣਦਿੱਸਦੇ ਵਸੀਲੇ ਇਹਨਾਂ ਦੀਆਂ ਆਸਤੀਨਾਂ ਵਿੱਚ ਹਰ ਵਕਤ ਮੌਜੂਦ ਰਹਿੰਦੇ ਹਨ। ਉਹਨਾਂ ਗੁਪਤ ਸੰਭਾਵਨਾਵਾਂ ਨੂੰ ਉਜਾਗਰ ਕਰ ਕੇ ਇਹ 26 ਨੰਬਰ ਰਸਾਲੇ ਦੇ ਜਾਨਵਰ ਉੱਡਣ ਉੱਤੇ ਤ੍ਰਭਕਦੇ ਸਿਪਾਹੀਆਂ ਨੂੰ, ਜਾਂਬਾਜ਼ ਸੂਰਮੇ ਸ਼ਹੀਦ ਬਣਾ ਕੇ ਪੇਸ਼ ਕਰਨਗੇ।

ਇਹਨਾਂ ਦੀ ਪੇਸ਼ਕਾਰੀ ਵੇਖ ਕੇ ਜ਼ਮਾਨੇ ਨੇ ਦੰਗ ਰਹਿ ਜਾਣਾ ਹੈ। ਸਿੱਖ ਤਾਂ ਭੁੱਲ ਹੀ ਜਾਣਗੇ ਕਿ ਇਹ ਉਹੀ ਪੂਰਬੀਏ ਹਨ ਜਿਨ੍ਹਾਂ ਨੇ ਹਿੰਦੋਸਤਾਨ ਦੇ ਆਖ਼ਰੀ ਸੁਤੰਤਰ ਰਾਜ ਨੂੰ ਗ਼ੁਲਾਮ ਕਰਨ ਲਈ ਅੰਗ੍ਰੇਜ਼ਾਂ ਦਾ ਹੁਕਮ ਵਜਾਇਆ ਸੀ ਅਤੇ ਇਵਜ ਵਿੱਚ ਕਈ ਤਮਗੇ ਹਾਸਲ ਕੀਤੇ ਸਨ। ਭੁੱਲ ਜਾਣਗੇ ਕਿ ਇਹਨਾਂ ਨੇ ਪੰਜਾਬ ਦੇ ਹਰ ਪਿੰਡ ਵਿੱਚ ਅਨੇਕਾਂ ਅਬਲਾਵਾਂ ਨੂੰ ਬੇਪੱਤ ਕੀਤਾ ਸੀ ਅਤੇ ਸਰਬਸਾਂਝੇ, ਸਰਵ ਕਲਿਆਣਕਾਰੀ ਲੋਕ-ਰਾਜ ਨੂੰ ਫਿਰੰਗੀ ਦੇ ਅਧੀਨ ਕਰ ਦਿੱਤਾ ਸੀ। ਸਾਰਾ ਸੰਸਾਰ ਇਹਨਾਂ ਨੂੰ ਸੁਤੰਤਰਤਾ ਸੰਗਰਾਮ ਦੇ ਸ਼ਹੀਦ ਜਾਣੇਗਾ। ਇਹਨਾਂ ਦੀ ਯਾਦ ਵਿੱਚ ਗੁਰਦ੍ਵਾਰਾ ਉਸਾਰਨ ਦੀ ਗੱਲ ਚੱਲੀ ਸੀ, ਫ਼ੇਰ ਕਿਸੇ ਮੰਦਰ ਉਸਾਰਨ ਦੀ ਸਲਾਹ ਵੀ ਦਿੱਤੀ। ਪਰ ਜਾਪਦਾ ਹੈ ਇਹਨਾਂ ਵਿੱਚ ਕਈ ਮੁਸਲਮਾਨ ਵੀ ਸਨ। ਸੋ ਮਸਜਦ ਉਸਾਰਨਾ ਵੀ ਕੁਥਾਵੇਂ ਨਹੀਂ ਜਾਣਿਆ ਜਾਵੇਗਾ। ਸ਼ਾਇਦ ਨਾਲੋ-ਨਾਲ ਗਿਰਜਾ ਵੀ ਉਸਾਰ ਦਿੱਤਾ ਜਾਵੇ ਕਿਉਂਕਿ ਗੋਲੀ ਮਾਰਨ ਦਾ ਹੁਕਮ ਦੇਣ ਵਾਲਾ ਮੈਜਿਸਟ੍ਰੇਟ ਇਸਾਈ ਸੀ ਅਤੇ ਉਹ ਵੀ ਮਰ ਚੁੱਕਿਆ ਹੈ।

ਸਹੇ ਵੱਲ ਨਾ ਵੇਖੋ, ਪਹੇ ਵੱਲ ਵੇਖੋ। ਜੇ ਇਹ ਜੰਗੀ ਪੈਂਤੜਾ ਸਿਰੇ ਚੜ੍ਹ ਜਾਂਦਾ ਹੈ ਤਾਂ ਤਕਸ਼ਸ਼ਿਲਾ ਵਿੱਚ ਖਿਲਜੀ ਵੱਲੋਂ ਮਾਰਿਆਂ, ਬਨਾਰਸ ਵਿੱਚ ਔਰੰਗਜ਼ੇਬ ਦੇ ਕਤਲ ਕੀਤਿਆਂ, ਨਾਦਰ-ਅਬਦਾਲੀ ਦੇ ਕਤਲੇਆਮ ਦੇ ਪੀੜਤਾਂ, ਪਾਣੀਪੱਤ ਦੇ ਦੋ ਯੁੱਧਾਂ ਵਿੱਚ ਕਤਲ ਕੀਤਿਆਂ ਦੇ ਸ਼ਹੀਦ ਕਰਾਰ ਦੇਣ ਦਾ ਰਾਹ ਖੁੱਲ੍ਹ ਜਾਵੇਗਾ। ਸਨੇ-ਸਨੇ ਸਾਬਤ ਕਦਮ ਦ੍ਰਿਢ ਇਰਾਦੇ ਨਾਲ ਚੱਲਦਿਆਂ ਅਸੀਂ ਹਿੰਦੂਕੁਸ਼ ਪਰਬਤ ਉੱਤੇ ਕਤਲ ਕੀਤੇ ਲੱਖਾਂ ਨੂੰ ਵੀ ਸ਼ਹੀਦ ਆਖ ਕੇ ਸਨਮਾਨ ਦੇ ਸਕਾਂਗੇ। ਫੇਰ ਤਾਂ ਸ਼ਹੀਦਾਂ ਦਾ ਹੜ੍ਹ ਹੀ ਆ ਜਾਵੇਗਾ। ਅਕਾਸ਼ਵੇਲ ਨੂੰ ਫੁੱਲ-ਫਲ਼ ਲੱਗਣਗੇ, ਖੰਭਾਂ ਦੀਆਂ ਡਾਰਾਂ ਬਣਨਗੀਆਂ ਅਤੇ 'ਅੱਬਰੇ ਰਹਿਮਤ ਯੋਂ' ਬਰਸੇਗਾ ਕਿ (ਘੱਟ ਗਿਣਤੀਆਂ ਵਾਸਤੇ) 'ਆਫ਼ਤੇ ਜਾਂ ਬਣ' ਜਾਵੇਗਾ। ਪਰੰਪਰਾ ਦੀ ਖਲਜਗਣ ਨੂੰ ਕੀਹਨੇ ਪਰਖਣਾ ਹੈ! ਅਮਲਾਂ 'ਤੇ ਹੋਣਗੇ ਨਬੇੜੇ। ਭੋਲੇ ਨਾਥ ਭੰਡਾਰ ਭਰੇਂਗੇ। ਹਰ ਮਕਸਦ ਹੱਲ, ਬਾਦਲਾਂ ਦੀ ਪੌਂ-ਬਾਰਾਂ ਅਤੇ ਏਸ ਨੂੰ ਸੰਭਵ ਕਰ ਵਖਾਉਣ ਵਾਲੇ 'ਸਿਆਣਿਆਂ' ਦੀ ਤ੍ਰੈ-ਕਾਲ ਜੈ ਜੈ ਕਾਰ। ਗੱਜ ਕੇ ਬੋਲੋ ਭਾਈ ਜੀ ਵਾਹਿਗੁਰੂ!

Friday, March 7, 2014

ਕਾਲਿਆਂ ਵਾਲੇ ਖੂਹ ਦੀ ਦਾਸਤਾਨ


 [ਹਿੰਦੋਸਤਾਨ ਦੀ ਬਹੁਗਿਣਤੀ ਨੂੰ ਪੰਜਾਬ ਵਿੱਚ ਆਪਣੀ ਕੌਮ ਦਾ ਕੋਈ ਹੀਰੋ ਨਹੀ ਲੱਭ ਰਿਹਾ ਇਸ ਵਾਸਤੇ ਅੱਕੀਂ ਪਲਾਹੀਂ ਹੱਥ ਮਾਰਦੇ ਕਦੇ ਲਾਲਾ ਲਾਜਪਤ ਰਾਏ ਨੂੰ ਅਤੇ ਹੁਣ ਪੁਰਬ ਦੇ ਪੰਜਾਬ ਅਤੇ ਸਿੱਖਾਂ ਉੱਪਰ ਜ਼ੁਲਮ ਕਰਨ ਵਾਲੇ ਫ਼ੌਜੀਆਂ ਨੂੰ ਹੀਰੋ ਬਨਾਉਣ ਦਾ ਯਤਨ ਕਰ ਰਹੇ ਹਨ। 1857 ਦੇ ਸਮੇਂ ਬਾਰੇ ਸ਼ਾਹ ਮੁਹੰਮਦ ਲਿਖਦੇ ਹਨ ਕਿ ''ਜੰਗ ਹਿੰਦ ਪੰਜਾਬ ਦਾ ਹੋਣ ਲੱਗਾ............ ਕਟਕ ਚੜੇ ਹਿੰਦੋਸਤਾਨੀ ਪੂਰਬੀ, ਦੱਖਣੀ ਜੀ'', ਇਸ ਤੋਂ ਸਪਸ਼ਟ ਹੁੰਦਾ ਹੈ ਕਿ ਜੋ ਉਸ ਸਮੇਂ ਬੰਗਾਲ ਦੀਆਂ 10 ਕੁ ਰਜਮਣਾਂ ਸਨ ਉਹਨਾਂ ਵਿਚਲੀਂ 26 ਰੈਜਮੈਂਟ ਜੋ ਮੀਆਂਮੀਰ ਵਿੱਚ ਸੀ ਇਹ ਉਸ ਦੇ ਸਿਪਾਹੀ ਸਨ। ਇਹ ਰਜਮਣ ਅੰਗ੍ਰੇਜ਼ ਦੀ ਕੈਦ ਵਿੱਚ ਸੀ ਤੇ ਹਿਰਾਸਤ ਵਿੱਚੋਂ ਫਰਾਰ ਹੋ ਕੇ ਹਫੜਾ-ਦਫੜੀ ਵਿੱਚ ਆਪਣੇ ਘਰਾਂ ਵੱਲ ਨੂੰ ਸਿਪਾਹੀ ਭੱਜ ਰਹੇ ਸਨ। ਪਹਾੜ ਦੇ ਰਸਤੇ ਬਚ ਨਿਕਲਣ ਦੇ ਰਉਂ ਵਿੱਚ ਸਨ। ਇਹਨਾਂ ਨੇ ਹੀ ਦਰਿਆਂ ਦੀ ਬਰੇਤੀ ਵਿੱਚ ਟਿਕਾਣਾ ਕੀਤਾ ਹੋਇਆ ਸੀ। ਇਹਨਾਂ ਵਿੱਚ 40 ਤਾਂ ਉਥੇ ਹੀ ਡੁੱਬ ਕਰ ਕੇ ਮਰ ਗਏ ਸਨ ਤੇ 240 ਦੇ ਕਰੀਬ ਨੂੰ ਅੰਗਰੇਜ਼ ਫ਼ੌਜੀਆਂ ਨੇ ਗੋਲੀਆਂ ਮਾਰ ਕੇ ਮਾਰਿਆ ਸੀ। ਇਹ ਸਾਰੇ ਭਾੜੇ ਦੇ ਫ਼ੌਜੀ ਸਨ। ਜਿਹੜੇ ਪੈਸੇ ਦੀ ਖਾਤਿਰ ਲੜਦੇ ਦੇ ਸਨ। ਇਤਿਹਾਸ ਗਵਾਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਅਤੇ ਭਾਈ ਤਾਰਾ ਸਿੰਘ ਵਾਂਅ ਤੇ ਹਮਲੇ ਸਮੇਂ ਵੀ ਮੁਗ਼ਲ ਹਕੂਮਤ ਨੇ ਇੱਕ ਮਨਸਾ ਰਾਮ ਪੂਰਬੀਏ ਨੂੰ ਭਾੜੇ ਤੇ ਲਿਆ ਕੇ ਹਮਲਾ ਕਰਵਾਇਆ ਸੀ। ਜਦੋਂ ਪੰਜਾਬ ਉੱਤੇ ਹਮਲਾ ਕੀਤਾ ਸੀ ਤਾਂ ਲੱਖਾਂ ਔਰਤਾਂ ਨਾਲ ਬਲਾਤਕਾਰ ਕੀਤੇ ਸਨ। ਇਹੀ ਕਾਰਨ ਸੀ ਕਿ ਜਦੋਂ ਅੰਗਰੇਜ਼ ਨੇ ਇਹਨਾਂ ਨੂੰ ਫੜਿਆ ਜਾ ਮਾਰਿਆਂ ਤਾਂ ਕਿਸੇ ਪੰਜਾਬੀ ਨੇ ਵਿਰੋਧ ਨਹੀਂ ਕੀਤਾ ਸੀ। ਕਿਸੇ ਦੀ ਹਮਦਰ ਦੀ ਇਹਨਾਂ ਨਾਲ ਨਹੀਂ ਸੀ। ਪੰਜਾਬੀ ਤਾਂ ਖੁੱਦ ਇਹਨਾਂ ਸਿਪਾਹੀਆਂ ਨੂੰ ਮਾਰਨ ਵਾਸਤੇ ਉਤਾਵਲੇ ਸਨ। ਇਹਨਾਂ ਵਿੱਚੋਂ ਕੋਈ ਵੀ ਲੜਕੇ ਸ਼ਹੀਦ ਨਹੀਂ ਹੋਇਆ ਅਤੇ ਨਾ ਹੀ ਫੜੇ ਜਾਣ ਤੇ ਕੋਈ ਵਿਰੋਧ ਕਰ ਸਕਿਆ। ਅੱਜ ਕੁਝ ਗੁੰਮਰਾਹ ਸੱਜਣ ਪੰਜਾਬ ਵਿੱਚ ਬਲਾਤਕਾਰ ਕਰਨ, ਪੰਜਾਬ ਵਿਰੁੱਧ ਲੜਨ ਵਾਲਿਆਂ ਅਤੇ ਤੰਬਾਕੂ ਪੀਣਿਆਂ ਦਾ ਗੁਰਦ੍ਵਾਰਾ ਬਨਾਉਣਾ ਚਾਹੁੰਦੇ ਹਨ ਤੇ ਕਾਰ ਸੇਵਾ ਰਾਹੀਂ ਉਹਨਾਂ ਦੀਆਂ ਹੱਡੀਆਂ ਕੱਢ ਰਹੇ ਹਨ। ਇਹਨਾਂ ਨੇ ਕੋਈ ਆਜ਼ਾਦੀ ਵਾਸਤੇ ਲੜਾਈ ਨਹੀਂ ਲੜੀ ਇਹਨਾਂ ਨੂੰ ਧੱਕੇ ਦੇ ਸ਼ਹੀਦ ਬਣਾਇਆ ਜਾ ਰਿਹਾ ਹੈ। ਦਰ ਅਸਲ  ਇਹ ਕਾਬਜ਼ ਦੁਸ਼ਮਣ ਫ਼ੌਜੀ ਸਨ। ਅੰਗ੍ਰੇਜ਼ੀ ਵਿੱਚ ਇਹਨਾਂ ਨੂੰ occupying force ਹੀ ਆਖਾਂਗੇ। ]

                ਕਾਲਿਆਂ ਵਾਲੇ ਖੂਹ, ਅਜਨਾਲੇ ਵਿੱਚੋਂ ਮਿਲੇ ਕੁੱਝ ਮਨੁੱਖੀ ਪਿੰਜਰਾਂ ਬਾਰੇ ਅੱਜ-ਕਲ੍ਹ ਪੰਜਾਬ ਦੀ ਫਿਜ਼ਾ ਵਿੱਚ ਕਾਫੀ ਗਰਮਾ-ਗਰਮੀ ਹੈ। ਇਹ ਅਸਥੀਆਂ ਉਹਨਾਂ ਸਿਪਾਹੀਆਂ ਦੀਆਂ ਸਮਝੀਆਂ ਜਾਂਦੀਆਂ ਹਨ ਜਿਨ੍ਹਾਂ ਨੇ 1857 ਦੇ ਗ਼ਦਰ ਵਿੱਚ ਹਿੱਸਾ ਲਿਆ ਸੀ। 'ਕਾਰ ਸੇਵਾ' ਹੋ ਰਹੀ ਹੈ ਅਤੇ ਯਾਦਗਰੀ ਗੁਰਦ੍ਵਾਰਾ ਬਨਾਉਣ ਦੀਆਂ ਗੱਲਾਂ ਵੀ। ਅਕਾਸ਼ ਵੇਲ ਨੂੰ ਫੁਲ ਲੱਗ ਚੁੱਕੇ ਹਨ ਅਤੇ ਫਲ ਲੱਗਣ ਤੱਕ ਗੱਲ ਆ ਪਹੁੰਚੀ ਹੈ। ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਮਾਰੇ ਗਏ ਫ਼ੌਜੀ ਕੌਣ ਸਨ ਅਤੇ ਇਹਨਾਂ ਕਿਸ ਦਾਅਵੇ ਉੱਤੇ ਦ੍ਰਿਢ ਰਹਿੰਦਿਆਂ ਆਪਣੀਆਂ ਜਾਨਾਂ ਗਵਾਈਆਂ ਸਨ?

                ਹਿੰਦੋਸਤਾਨ ਦੇ ਆਖਰੀ ਖੁਦਮੁਖਤਿਆਰ ਰਾਜ ਪੰਜਾਬ ਨੂੰ ਖ਼ਤਮ ਕਰਨ ਵਾਸਤੇ ਜੋ ਫ਼ੌਜਾਂ ਹਮਲਾਵਰ ਹੋਈਆਂ ਸਨ ਉਹਨਾਂ ਵਿੱਚ ਪੂਰਬੀਆਂ ਦੀਆਂ ਦਸ ਪਲਟਣਾਂ ਸਨ। ਸ਼ਾਹ ਮੁਹੱਮਦ ਐਂਵੇ ਨਹੀਂ ਆਖਦਾ, ''ਜੰਗ ਹਿੰਦ ਪੰਜਾਬ ਦਾ ਹੋਣ ਲੱਗਾ...... ਕਟਕ ਚੜ੍ਹੇ ਹਿੰਦੋਸਤਾਨੀ ਪੂਰਬੀ ਦੱਖਣੀ ਜੀ।'' ਇਹਨਾਂ ਵਿੱਚੋਂ ਇੱਕ ਸੀ 26 ਵੀ ਨੇਟਿਵ ਇਨਫੈਂਟਰੀ ਰੈਜੀਮੈਂਟ। ਇਹ ਰੈਜੀਮੈਂਟ ਮੁਦਕੀ ਦੀ ਲੜਾਈ ਵਿੱਚ ਸ਼ਾਮਲ ਸੀ ਅਤੇ ਸਭਰਾਵਾਂ ਅਤੇ ਫਿਰੋਜਸ਼ਾਹ ਦੀਆਂ ਲੜਾਈਆਂ ਵਿੱਚ ਵੀ। ਇਹਨਾਂ ਤਿੰਨਾਂ ਹੀ ਜੰਗਾਂ ਵਿੱਚ ਅੰਗ੍ਰੇਜ਼ ਹਾਰੇ ਸਨ ਅਤੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਸੀ। ਅੱਜ ਇਹ ਇਤਿਹਾਸਕ ਤੱਥ ਹਨ ਜਿਨ੍ਹਾਂ ਦੀ ਪੁਸ਼ਟੀ ਦਸਤਾਵੇਜਾਂ ਤੋਂ ਹੁੰਦੀ ਹੈ।

                26 ਵੀਂ ਨੇਟਿਵ ਇਨਫੈਂਟਰੀ ਦੂਜੀ ਸਿੱਖ ਜੰਗ ਵਿੱਚ ਸਅਲ ਨਹੀਂ ਸੀ। ਜਿਸ ਤੋਂ ਜ਼ਾਹਰ ਹੈ ਕਿ ਓਦੋਂ ਤੱਕ ਇਹ ਰਸਾਲਾ ਵਜੂਦ ਗਵਾ ਚੁੱਕਿਆ ਸੀ। ਜੁਲਾਈ 1857 ਇਹ ਵਿੱਚ ਇਹ ਮੀਆਂਮੀਰ ਛਾਉਣੀ ਲਾਹੋਰ ਵਿੱਚ ਸੀ। ਕਿਸੇ ਖ਼ਤਰੇ ਨੂੰ ਭਾਂਪਦਿਆਂ ਏਸ ਕੋਲੋਂ 13 ਮਈ ਨੂੰ ਹਥਿਆਰ ਵਾਪਸ ਲੈ ਲਏ ਗਏ ਸਨ ਅਤੇ ਸਾਰੀ ਰਜਮਣ ਬੰਦੀ ਬਣਾਈ ਜਾ ਚੁੱਕੀ ਸੀ। 30 ਜੁਲਾਈ 1857 ਦੀ ਦੁਪਹਿਰ ਨੂੰ ਏਥੇ ਕੁਝ ਨਾਅਰੇ ਵਗੈਰਾ ਲੱਗੇ ਅਤੇ ਤੁਰੰਤ ਬਿਨਾ ਕਿਸੇ ਹਥਿਆਰ ਦੇ ਮੇਜਰ ਸਪੈਂਰਸਰ ਫੌਜ਼ੀਆਂ ਨੂੰ ਸ਼ਾਂਤ ਕਰਨ ਲਈ ਪਹੁੰਚ ਗਿਆ। ਇਹ ਸਿਪਾਹੀਆਂ ਨਾਲ ਗੱਲ ਕਰ ਹੀ ਰਿਹਾ ਸੀ ਕਿ ਪ੍ਰਕਾਸ਼ ਪਾਂਡੇ ਨਾਂਅ ਦੇ ਸਿਪਾਹੀ ਨੇ ਪਿੱਛੋਂ ਆ ਕੇ ਕ੍ਰਿਪਾਨ (ਜਾਂ ਦਾਹ) ਮਾਰ ਕੇ ਏਸ ਨੂੰ ਮਾਰ ਦਿੱਤਾ। ਜਿਸ ਸਾਰਜੰਟ ਮੇਜਰ ਨੇ ਸਪੈਂਰਸਰ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਉਸ ਨੂੰ ਵੀ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਏਸ ਰੈਜੀਮੈਂਟ ਦੇ 400 ਕੁ ਸੌ ਸਿਪਾਹੀ ਅੰਗ੍ਰੇਜ਼ ਅਫ਼ਸਰਾਂ ਨੂੰ ਮਾਰਨ ਲਈ ਉਹਨਾਂ ਦੇ ਘਰਾਂ ਉੱਤੇ ਹਮਲਾਵਰ ਹੋਏ ਪਰ ਉਹ ਉਸ ਵੇਲੇ ਓਥੇ ਨਹੀਂ ਸਨ। ਜਿੱਥੇ ਉਹ ਸਨ, ਓਥੇ ਬਾਗ਼ੀ ਨਾ ਗਏ। ਇਸਾਈ ਪਾਦਰੀ ਫਾਰਰ ਵੀ ਬੱਘੀ ਉੱਤੇ ਬੈਠ ਕੇ ਪਿਛਲੇ ਦਰਵਾਜਿਓਂ ਬਚ ਕੇ ਨਿਕਲ ਗਿਆ। ਇਸ ਤੋਂ ਬਾਅਦ ਇਹ ਬਾਗੀ ਏਥੋਂ ਭੱਜ ਗਏ। ਮੀਲ ਕੁ ਦੀ ਦੂਰੀ ਤੋਂ ਲਿਆਂਦਾ ਗਿਆ ਤੋਪਖ਼ਾਨਾ ਜਦੋਂ ਪਹੁੰਚਿਆ ਤਾਂ ਇਹ ਕਾਫੀ ਦੂਰ ਜਾ ਚੁੱਕੇ ਸਨ। ਉਸੇ ਦੁਪਹਿਰ ਨੂੰ ਬਹੁਤ ਜ਼ਬਰ ਦਸ਼ਤ ਕਾਲੀ ਬੋਲੀ ਹਨੇਰੀ ਚੱਲੀ ਅਤੇ ਕੁਝ ਪਤਾ ਨਾ ਲੱਗ ਸਕਿਆ ਕਿ ਇਹ ਕਿਸ ਤਰਫ ਗਏ ਹਨ।

                ਹਰੀ ਕੇ ਪੱਤਣ (ਸਭਰਾਵਾਂ ਨੇੜੇ) ਨਾਕਾਬੰਦੀ ਕਰ ਲਈ ਗਈ ਪਰ ਬਾਗੀਆਂ ਦੀ ਦੂਜੇ ਦਿਨ (31 ਜੁਲਾਈ) ਨੂੰ ਅਜਨਾਲਾ ਨੇੜੇ, ਰਾਵੀ ਦੇ ਕਿਨਾਰੇ ਸੂਹ ਪਈ। ਇਹਨਾਂ ਨੇ ਉਥੇ ਘਾਟ ਉੱਤੇ ਦਰਿਆ ਪਰ ਜਾਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਇੱਕ ਤਹਿਸੀਲਦਾਰ ਅਤੇ ਚੰਦ ਸਿਪਾਹੀਆਂ ਦੇ ਡਰ ਨੇ ਨਾਕਾਮ ਕਰ ਦਿੱਤੀ। ਖ਼ਬਰ ਮਿਲਦਿਆਂ ਹੀ ਫਰੈਡਰਕ ਕੂਪਰ ਡਿਪਟੀ ਕਮਿਸ਼ਨਰ ਅਮ੍ਰਿਤਸਰ ਘੁੜਸਵਾਰ ਪੁਲਿਸ ਦੀ ਨੱਬੇ ਕੁ ਦੀ ਨਫਰੀ ਨਾਲ 25 ਕੁ ਮੀਲ ਦਾ ਫਾਸਲਾ ਤਹਿ ਕਰ ਕੇ ਸਾਮ ਤੱਕ ਉੱਥੇ ਪਹੁੰਚ ਗਿਆ। ਜਾ ਕੇ ਵੇਖਿਆ ਤਾਂ ਬਾਗ਼ੀ ਪੂਰਬੀਏ ਦਰਿਆ ਦੇ ਵਿਚਾਲੇ ਬ੍ਰੇਤੀ ਵਿੱਚ ਬੈਠੇ ਦੱਸੇ ਗਏ। ਇਹ ਐਸੀ ਥਾਂ ਸੀ ਜਿੱਥੋਂ ਨਾ ਤਾਂ ਇਹ ਮੁਕਾਬਲਾ ਕਰ ਸਕਦੇ ਸਨ ਅਤੇ ਨਾ ਹੀ ਨਿਕਲ ਕੇ ਭੱਜ ਸਕਦੇ ਸਨ। ਏਨੀਂ ਕੁ ਤਾਂ ਇਹਨਾਂ ਨੂੰ ਜੰਗੀ ਪੈਂਤਰੇ ਦੀ (strategy) ਦੀ ਸਮਝ ਸੀ। ਠੱਸਾ ਬੰਦੂਕਾਂ ਵਾਲੇ ਚਾਲੀ ਕੁ ਸਿਪਾਹੀ ਟੁਟੀ ਜਹੀ ਕਿਸ਼ਤੀ ਉੱਤੇ ਬੈਠ ਕੇ ਇਹਨਾਂ ਕੋਲ ਜਾ ਪਹੁੰਚੇ। ਇਹਨਾਂ ਨੂੰ ਨੇੜੇ ਆਉਂਦਿਆਂ ਵੇਖ ਕੇ 40 ਕੁ ਬਾਗ਼ੀ ਤਾਂ ਡਰ ਕੇ ਦਰਿਆ ਵਿੱਚ ਛਾਲ ਮਾਰ ਗਏ ਅਤੇ ਅੰਤ ਡੁੱਬ ਕੇ ਮਰ ਗਏ। ਇਹਨਾਂ ਨੂੰ ਮਾਰਨ ਲਈ ਸਿਪਾਹੀਆਂ ਨੇ ਬੰਦੂਕਾਂ ਚੁੱਕੀਆਂ ਤਾਂ ਮੌਕੇ ਦੇ ਅਫ਼ਸਰ ਨੇ ਮਨ੍ਹਾਂ ਕਰ ਦਿੱਤਾ। ਜਾਨ ਬਚਣ ਦੀ ਸੰਭਾਵਨਾਂ ਨੂੰ ਵੇਖਦਿਆਂ 66 ਹੋਰਾਂ ਨੇ ਕੇਵਲ ਇੱਕ ਪੁਲਿਸ ਦੇ ਸਿਪਾਹੀ ਕੋਲ ਆਤਮ ਸਮਰਪਣ ਕਰ ਦਿੱਤਾ। ਉਸ ਨੇ ਇਹਨਾਂ ਦੀਆਂ ਮੁਸ਼ਕਾਂ ਕਸ ਕੇ ਇੱਕ ਕਿਸ਼ਤੀ ਵਿੰਚ ਬੋਰੀਆਂ ਵਾਂਗ ਲੱਦ ਦਿੱਤਾ। ਇਹ ਬੇ-ਇਜ਼ਤ ਕਰ ਕੇ ਅਜਨਾਲਾ ਪੁਲਿਸ ਥਾਣੇ ਭੇਜ ਦਿੱਤੇ ਗਏ। ਸੌ ਕੁ ਤਾਂ ਇਹ 'ਸ਼ਹੀਦ' ਸਨ ਜਿਨ੍ਹਾਂ ਦੀਆਂ ਅਸਤੀਆਂ 'ਕਾਰ ਸੇਵਾ' ਰਾਹੀਂ ਕੱਢੀਆਂ ਜਾ ਰਹੀਆਂ ਹਨ। ਏਹੋ ਹਸ਼ਰ ਬਾਕੀ ਸਭ ਦਾ ਹੋਇਆ। ਇਹਨਾਂ ਸਾਰਿਆਂ ਨੇ ਕੇਵਲ ਆਜਜ਼ੀ ਨਾਲ ਏਹੋ ਬੇਨਤੀ ਕੀਤੀ ਕਿ ਉਨ੍ਹਾਂ ਦੇ ਬੱਚੇ ਤੇ ਔਰਤਾਂ ਦੀ ਜਾਨ ਬਖਸ਼ ਦਿੱਤੀ ਜਾਵੇ। ਅਧੀ ਰਾਤ ਤੱਕ ਸਾਰੇ ਠਾਣੇ ਪਹੁੰਚ ਚੁੱਕੇ ਸਲ। ਕਿਸੇ ਇੱਕ ਨੇ ਵੀ ਬਚ ਕੇ ਨਿਕਲਣ ਦੀ ਕੋਸ਼ਿਸ਼ ਨਾ ਕੀਤੀ। ਦਿਨ ਚੜ੍ਹਨ ਤੋਂ ਪਹਿਲਾਂ 66 ਹੋਰ ਉੱਥੇ ਪੁਚਾ ਦਿੱਤੇ ਗਏ ਜਿਨ੍ਹਾਂ ਨੂੰ ਠਾਣੇ ਵਿੱਚ ਜਗ੍ਹਾ ਨਾ ਹੋਣ ਕਰਣ ਬੁਰਜ ਵਿੱਚ ਡੱਕਿਆ ਗਿਆ।

                ਬਾਰਸ਼ ਕਾਰਣ ਇਹਨਾਂ ਨੂੰ ਗੋਲੀ ਮਾਰਨ ਦਾ ਕੰਮ ਅਗਲੇ ਦਿਨ ਉੱਤੇ ਛੱਡ ਦਿੱਤਾ ਗਿਆ। 1 ਅਗਸਤ ਨੂੰ ਬਕਰੀਦ ਸੀ।  ਅੰਗ੍ਰੇਜ਼ ਅਫ਼ਸਰਾਂ ਨੇ ਬੜੇ ਚਾਅ ਨਾਲ ਬਕਰੀਦ ਇਹਨਾਂ ਨੂੰ ਹਲਾਲ ਕਰ ਕੇ ਮਨਾਈ। ਫਾਂਸੀ ਦੇਣ ਲਈ ਰੱਸੀਆਂ ਘੱਟ ਹੋਣ ਕਾਰਨ ਗੋਲੀ ਮਾਰਨ ਦਾ ਤਰੀਕਾ ਅਖਤਿਆਰ ਕੀਤਾ ਗਿਆ। ਇਹਨਾਂ ਦੇ ਨਾਂਅ ਲਿਖੇ ਗਏ ਅਤੇ ਥੋੜੀ-ਥੋੜੀ  ਗਿਣਤੀ ਵਿੱਚ ਬੰਨ੍ਹ ਕੇ ਇਹਨਾਂ ਨੂੰ ਕਤਲਗਾਹ ਵਿੱਚ ਲਿਆਂਦਾ ਗਿਆ। ਮਕਤੂਲਾਂ ਦੀ ਕਤਲਗਾਹ ਨੂੰ ਜਾਂਦੀ ਇੱਕ ਟੋਲੀ ਨੇ ਮੌਕੇ ਦੇ ਮੈਜਿਸਟ੍ਰੇਟ ਨੂੰ ਸਰਾਪ ਦਿੱਤਾ ਕਿ ਉਸ ਨਾਲ ਵੀ ਅਜਿਹਾ ਹੀ ਹੋਵੇਗਾ। ਏਸੇ ਟੋਲੀ ਨੇ ਨੌਜਵਾਨ ਸਿੱਖ ਸਿਪਾਹੀਆਂ ਨੂੰ ਵੇਖ ਕੇ ਸਿੱਖ ਧਰਮ ਦੀ ਬੇ-ਅਦਬੀ ਕਰਨ ਦੀਆਂ ਸੈਨਤਾਂ ਕੀਤੀਆਂ। ਕਈਆਂ ਨੇ ਅੰਗਰੇਜ਼ੀ ਹਾਕਮ  'ਸਾਹਿਬ' ਨੂੰ ਆਖਰੀ ਸਲਾਮ ਕਰਨ ਦੀ ਇਜ਼ਾਜ਼ਤ ਮੰਗੀ। ਅਜੇ 150 ਨੂੰ ਗੋਲ਼ੀਆਂ ਮਾਰੀਆਂ ਗਈਆਂ ਸਨ ਜਦੋਂ ਕਿ ਇੱਕ 'ਜਲਾਦ' ਬੇ-ਹੋਸ਼ ਹੋ ਗਿਆ ਅਤੇ ਕਤਲੇਆਮ ਕੁਝ ਦੇਰ ਲਈ ਰੋਕਣਾ ਪਿਆ। 237 ਨੂੰ ਮਾਰਨ ਤੋਂ ਬਾਅਦ ਡੀ. ਸੀ. ਕੂਪਰ ਨੂੰ ਦੱਸਿਆ ਗਿਆ ਕਿ ਸਵੇਰੇ ਲਿਆਂਦੇ ਕੈਦੀ ਬੁਰਜ ਵਿੱਚੋਂ ਨਿਕਲਣ ਤੋਂ ਇਨਕਾਰੀ ਹਨ। ਮੁਕਾਬਲਾ ਕਰਨ ਦੀ ਪੂਰੀ ਤਿਆਰੀ ਕਰ ਕੇ ਜਦੋਂ ਦਰਵਾਜਾ ਖੋਲਿਆਂ ਗਿਆ ਤਾਂ 'ਡਰ, ਭੁੱਖ ਅਤੇ ਥਕਾਵਟ' ਨਾਲ 45 ਪੂਰਬੀਆਂ ਨੂੰ ਮਰੇ ਪਏ ਪਇਆ ਗਿਆ। ਪਿੰਡ ਦੇ ਸਫ਼ਾਈ ਕਰਮਚਾਰੀਆਂ ਕੋਲੋਂ ਇਹ 45 ਲਾਸ਼ਾਂ ਟੋਏ ਵਿੱਚ ਸੁਟਾ ਦਿੱਤੀਆਂ ਗਈਆਂ। ਇੱਕ ਜਖ਼ਮੀ ਸਮੇਤ ਬਾਅਦ ਵਿੱਚ ਗ੍ਰਿਫ਼ਤਾਰ ਕੀਤੇ 41 ਹੋਰਾਂ ਨੂੰ ਮੀਆਂਮੀਰ ਵਾਪਸ ਲਿਆ ਕੇ ਤੋਪਾਂ ਨਾਲ ਉਡਾ ਦਿੱਤਾ ਗਿਆ। ਦਿਨ ਚੜ੍ਹਦਿਆਂ ਅਰੰਭ ਹੋਇਆ ਇਹ ਕਤਲੇਆਮ ਥੋੜੇ ਘੰਟਿਆਂ ਵਿੱਚ ਮੁਕੰਮਲ ਕਰ ਲਿਆ ਗਿਆ। ਇੱਕ ਜ਼ਖਮੀ ਨੂੰ ਬਚਾ ਕੇ ਲਾਹੌਰ ਇਸ ਲਈ ਲਿਆਂਦਾ ਗਿਆ ਕਿ ਉਹ 26 ਨੰਬਰ ਰਸਾਲੇ ਦੇ ਕਤਲੇਆਮ ਦੀ ਘਟਨਾਂ ਦੀ ਗਵਾਹੀ ਬਾਕੀ ਰਸਾਲਿਆਂ ਨੂੰ ਖੌਫਜਦਾ ਕਰਨ ਲਈ ਦੇ ਸਕੇ।

                ਅਜਨਾਲੇ ਕਤਲ ਕੀਤੇ ਬਾਗ਼ੀਆਂ ਦੀਆਂ ਲਾਸ਼ਾਂ ਨੂੰ ਨੇੜੇ (ਠਾਣੇ ਤੋਂ 100 ਕੁ ਗਜ਼ ਉੱਤੇ) ਬੰਜਰ ਖੂਹ ਵਿੱਚ ਸੁੱਟ ਦਿੱਤਾ ਗਿਆ। ਆਸ-ਪਾਸ ਦੇ ਪਿੰਡਾਂ ਨੂੰ ਆਖ ਕੇ ਖੂਹ ਉੱਤੇ ਮਿੱਟੀ ਸੁੱਟ ਕੇ ਇੱਕ ਥੇਹ ਦੀ ਸਕਲ ਦਾ ਟਿੱਬਾ ਉਸਰਿਆ ਗਿਆ। ਏਥੇ ਸਾਰੀ ਵਾਰਦਾਤ ਦੀ ਕਹਾਣੀ ਡੀ.ਸੀ. ਦੇ ਹੁਕਮ ਉੱਤੇ ਪੰਜਾਬੀ, ਫਾਰਸੀ ਅਤੇ ਅੰਗ੍ਰੇਜ਼ੀ ਵਿੱਚ ਲਿੱਖ ਕੇ ਲਗਾਈ ਗਈ।
                ਚਾਲੀ ਪੰਜਾਹ ਬਾਕੀ ਬਚਿਆਂ ਹੋਇਆ ਨਿਹੱਥਿਆਂ ਉੱਤੇ 'ਬਹਾਦਰ' ਮੇਜਰ ਜੈਕਸਨ ਨੇ ਆਪਣੀ ਟੋਲੀ ਤੋਂ ਅੱਗੇ ਘੋੜਾ ਭਜਾ ਕੇ ਕਈਆਂ ਨੂੰ ਕਤਲ ਕਰ ਦਿੱਤਾ। ਬਾਕੀ ਜਿਵੇਂ-ਜਿਵੇਂ ਹੱਥ ਆਉਂਦੇ ਗਏ ਕਤਲ ਕਰ ਦਿੱਤੇ ਗਏ।

                ਉਪਰੋਕਤ ਸਾਰੀ ਅਜਨਾਲੇ ਦੇ ਖੂਹ ਦੀ ਕਹਾਣੀ ਦਾ ਸਾਰ ਹੈ। ਤਕਰੀਬਨ ਸਾਰਾ ਹੀ ਵਾਕਿਆ ਫ੍ਰੈਡਰਿਕ ਕੂਪਰ ਦੀ ਜ਼ੁਬਾਨੀ ਬਿਆਨ ਕੀਤਾ ਗਿਆ ਹੈ। ਜੱਗ ਜ਼ਾਹਰ ਹੈ ਕਿ ਏਸ ਵਿੱਚ ਕੁਝ ਵੀ ਗੌਰਵਸ਼ਾਲੀ ਨਹੀਂ। ਫੇਰ ਵੀ ਮਜ਼ਬੂਰ, ਬੇ-ਸਹਾਰੇ  ਮਕਤੂਲਾਂ ਨਾਲ ਹਰ ਇਨਸਾਨ ਦੀ ਹਮਦਰਦੀ ਹੋਣੀ ਕੁਦਰਤੀ ਹੈ। ਹੁਣ ਸਵਾਲ ਹੈ ਕਿ ਅਸਥੀਆਂ ਦਾ ਕੀ ਕੀਤਾ ਜਾਵੇ? ਮਕਤੂਲਾਂ ਦੀ ਸੂਚੀ ਬਣੀ ਸੀ। ਕੁਈ ਖੋਜੀ ਲੱਭ ਸਕਦਾ ਹੈ ਕਿ ਕਿੱਥੇ ਹੈ। ਸ਼ਾਇਦ ਉਸ ਵਿੱਚ ਅਤੇ ਪਤੇ ਵੀ ਹੋਣ। ਨਹੀਂ ਤਾਂ ਭਰਤੀ ਦੇ ਕਾਗਜ਼ਾਂ ਵਿੱਚ ਪਤੇ ਜ਼ਰੂਰ ਹੋਣਗੇ। ਅਸਥੀਆਂ ਦਾ ਡੀ.ਐਨ.ਏ. ਟੈਸਟ ਕਰਵਾ ਕੇ ਇਹਨਾਂ ਦੇ ਵਾਰਸਾਂ ਨੂੰ ਮੋੜ ਦੇਣੀਆਂ ਚਾਹੀਦੀਆਂ ਹਨ। ਇਹ ਕੰਮ ਕਾਰ ਸੇਵਾ ਰਾਹੀਂ ਹੋ ਜਾਵੇ ਤਾਂ ਵੀ ਚੰਗਾ ਹੈ ਪਰ ਸਰਕਾਰ ਬਿਹਤਰ ਕਰ ਸਕਦੀ ਹੈ।

                ਇਹਨਾਂ ਅਸਥੀਆਂ ਦਾ ਸਸਕਾਰ ਬਿਲਕੁਲ ਨਹੀਂ ਕਰਨਾ ਚਾਹੀਦਾ। ਡੇਢ ਸਦੀ ਬਾਅਦ ਵੀ ਮਨੁੱਖੀ ਭਾਵਨਾਵਾਂ ਮਧਮ ਨਹੀਂ ਪੈਦੀਆਂ। ਆਪਣੇ ਮਜ਼ਬੁਰ ਬਜ਼ੁਰਗਾਂ ਦੀ ਛੁਹ ਨੂੰ ਕਈ ਸੰਵੇਦਨਾਸ਼ੀਲ ਵਾਰਸ ਤਰਸਦੇ ਹੋਣਗੇ। ਠੀਕ ਏਵੇਂ ਜਿਵੇਂ ਪੰਜਾਬ ਦੇ ਹਾਲ ਵਿੱਚ ਹੋਏ ਨਿਰਦੋਸ਼ਾਂ ਦੇ ਕਤਲੇਆਮ ਦੀ ਉੱਘ-ਸੁੱਘ ਉਡੀਕਦੇ ਕਈ ਵਾਰਸ ਹੁੱਬ ਕੇ ਅਰਦਾਸਾਂ ਕਰ ਰਹੇ ਹਨ। ਉਹਨਾਂ ਮਾੜੀ ਕਿਸਮਤ ਵਾਲਿਆਂ ਨੂੰ ਜਿਨ੍ਹਾਂ ਦਾ ਵਿਰਸਾ ਕੇਵਲ  ਬਜ਼ੁਰਗਾਂ ਦੀਆਂ 150 ਸਾਲ ਤੋਂ ਦਫਨ ਅਸਥੀਆਂ ਹੀ ਹਨ, ਉਹਨਾਂ ਨੂੰ ਅਸਥੀਆਂ ਤੋਂ ਇੱਕ ਵੀ ਪਲ ਹੋਰ ਮਹਿਰੂਮ ਨਹੀਂ ਰੱਖਣਾ ਚਾਹੀ੦ਦਾ। ਅਜਨਾਲੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਮੋਢਾ ਦੇ ਕੇ ਇਹਨਾਂ ਨੂੰ ਮ੍ਰਿਤਕਾਂ ਪ੍ਰਤੀ ਬਣਦੇ ਸਤਿਕਾਰ ਨਾਲ  ਓਵੇਂ ਤੋਰ ਦੇਣ ਜਿਵੇਂ ਅਸੀਂ ਆਪਣਿਆਂ ਨੂੰ ਸਦੀਆਂ ਤੋਂ ਵਿਦਾ ਕਰਦੇ ਆਏ ਹਾਂ। ਮੰਨਿਆਂ ਇਹ ਦੁਸ਼ਮਣ ਬਣ ਕੇ ਆਏ ਸਨ, ਅਤੇ ਆਪਣੇ ਦੋਸਤਾਂ ਦੇ ਵੀ ਦੁਸ਼ਮਣ ਬਣ ਬੈਠੇ ਸਨ, ਪੰਜਾਬ ਨਾਲ ਇਹਨਾਂ ਬਹੁਤ ਬੁਰਾ ਕੀਤਾ ਸੀ, ਪਰ ਉਹ ਸਭ ਹੁਣ ਇਤਿਹਾਸ ਦੇ ਅੱਖਰ ਹਨ। ਉਹ ਪੰਜਾਬ ਦੇ ਆਪਣੇ ਨਾਂ ਸਹੀ, ਕਿਸੇ ਦੇ ਤਾਂ ਆਪਣੇ ਸਨ, ਓਹਨਾਂ ਹਮਵਤਨਾਂ ਦੇ ਸੀਨੇ ਠਾਰਨ ਲਈ ਇਹਨਾਂ ਮਕਤੂਲਾਂ ਦੀਆਂ ਅਸਥੀਆਂ ਜਾਣ। ਸਿੱਖੀ ਦੀ ਦਰਿਆ ਦਿਲੀ ਦਾ ਸੁਨੇਹਾਂ ਲੈ ਕੇ।
                                                                                                                                                               

[ਸਹਾਇਕ ਪੁਸਤਕਾਂ: The Crisis in The Punjab, by A Punjabi Employee. ਛਪੀ 1858; The Punjab And Delhi in 1857 (vol. ii) by J. Cave-Browne, 1861, British Power in The Punjab 1839-1858, by N.M. Khilnani, 1972; Cornecting the Dots in Sikh History, by Harbans Singh Noor, 2004]