ਪੰਜਾਬ ਦੀ (ਅ) ਕਾਲੀ
ਸਰਕਾਰ ਹੁਣ ਤੱਕ ਕਈ ਮੋਜਜ਼ੇ ਕਰ ਚੁੱਕੀ ਹੈ। ਹੁਣ ਕੁਝ ਦਿਨਾਂ ਤੋਂ ਇਹ ਵਿਕਾਸ ਕਰਦੀ ਹੋਈ ਇੱਕ ਐਸੇ
ਪੜਾ 'ਤੇ ਪਹੁੰਚ ਚੁੱਕੀ ਹੈ ਜਿੱਥੇ ਕੁਝ
ਵੀ ਸੰਭਵ ਹੈ। ਸੁਣਿਐ ਕਿ ਸਦੀਆਂ ਦੇ ਦੱਬੇ ਮੁਰਦਿਆਂ ਨੂੰ, ਸੰਜੀਵਨੀ ਛਿੜਕ ਕੇ, ਸੁਰਜੀਤ ਕਰਨ ਜਾ ਰਹੀ ਹੈ। ਕੁਝ ਕੁ ਦਾ ਆਖਣਾ ਹੈ ਕਿ ਹੱਡੀਆਂ ਨੂੰ ਅੰਮ੍ਰਿਤ ਛਕਾ ਕੇ
ਪਿੰਜਰਾਂ ਨੂੰ ਸ਼ਹੀਦਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਨ ਲੱਗੀ ਹੈ। ਸਾਂਇੰਸ ਦਾ ਯੁੱਗ ਚੱਲ ਰਿਹਾ
ਹੈ ਅਤੇ ਅੱਜ-ਕੱਲ੍ਹ ਸਰਕਾਰਾਂ ਦੀਆਂ ਸ਼ਕਤੀਆਂ ਵੀ ਅਸੀਮਤ ਹੋ ਗਈਆਂ ਹਨ। ਕਾਤਲਾਂ ਦਾ ਹਮਦਰਦ ਅਤੇ
ਹਮਦਰਦਾਂ ਦਾ ਅੱਤਵਾਦੀ ਬਣਾਇਆ ਜਾਣਾ ਤਾਂ ਆਪਾਂ ਅੱਖਾਂ ਨਾਲ ਵੇਖ ਚੁੱਕੇ ਹਾਂ।
ਪਿੱਛੇ ਕਾਲਿਆਂ ਵਾਲੇ
ਖ਼ੂਹ ਵਿੱਚ 1 ਅਗਸਤ 1857 ਦੇ ਦਫ਼ਨ ਕੀਤੇ 237 ਮਨੁੱਖੀ ਪਿੰਜਰ ਲੱਭੇ ਹਨ। ਜਿੱਥੇ ਇਹ ਪਿੰਜਰ ਸਨ ਉੱਥੇ ਪਹਿਲੇ
ਦਿਨ ਤੋਂ ਹੀ ਇੱਕ ਸੂਚਨਾਪਟ ਲੱਗਿਆ ਹੋਇਆ ਸੀ ਜਿਸ ਉੱਤੇ ਦਫ਼ਨ ਕੀਤਿਆਂ ਦਾ ਮੁਕੰਮਲ ਵੇਰਵਾ ਪੰਜਾਬੀ,
ਅੰਗ੍ਰੇਜ਼ੀ ਅਤੇ ਫ਼ਾਰਸੀ ਵਿੱਚ ਲਿਖਿਆ ਹੋਇਆ ਸੀ।
ਇਸ ਨੂੰ ਅੱਖੋਂ ਪਰੋਖੇ ਕਰ ਕੇ 'ਅਣਪਛਾਤੇ'
ਪਿੰਜਰ ਖ਼ੂਹ ਵਿੱਚੋਂ ਇਉਂ ਕੱਢੇ ਗਏ ਜਿਵੇਂ ਜੋਗੀ
ਵਰਮੀ ਵਿੱਚੋਂ ਸੱਪ ਕੱਢਦਾ ਹੈ। ਪੂਰੇ ਦੋ ਸਾਲ ਬੀਨ ਵਜਾਈ ਜਾਂਦੀ ਰਹੀ। ਅਜੇ 45 ਹੋਰ ਪਿੰਜਰਾਂ ਨੇ ਨੇੜੇ ਦੇ ਇੱਕ ਟੋਏ ਵਿੱਚੋਂ ਵੀ
ਮਿਲਣਾ ਹੈ। ਇਹ ਸਾਰੀ ਵਾਕਫ਼ੀਅਤ ਸਭ ਨੂੰ ਹੈ ਪਰ ਇਹਨਾਂ 45 ਪਿੰਜਰਾਂ ਨੂੰ ਵੀ ਵਿਧੀਵਤ ਬੀਨ ਵਜਾ ਕੇ ਕੱਢਿਆ ਜਾਵੇਗਾ। ਬਗਲੇ
ਦੇ ਸਿਰ ਉੱਤੇ ਮੋਮ ਰੱਖੀ ਜਾਵੇਗੀ ਅਤੇ ਜਦੋਂ ਢਲ਼ ਕੇ ਅੱਖਾਂ ਵਿੱਚ ਪੈ ਗਈ ਤਾਂ ਉਸ ਨੂੰ ਫੜ ਲਿਆ
ਜਾਵੇਗਾ- ਸਰਕਾਰੀ ਨੇਮਾਂ ਅਨੁਸਾਰ ਵਿਧੀ (ਪ੍ਰੋਸੀਜਰ) ਏਹੋ ਹੈ।
ਸਰਕਾਰ ਦੀਆਂ ਤਮਾਮ
ਕੋਸ਼ਿਸ਼ਾਂ ਦੇ ਬਾਵਜੂਦ ਸਿਆਣੇ ਅਜੇ ਵੀ ਵਿਧੀ ਨਾਲ ਸਹਿਮਤ ਨਹੀਂ। ਉਹ ਆਖਦੇ ਹਨ ਨਿੱਕੇ ਚਮਚੇ ਤੇ
ਨਿੱਕੀਆਂ ਕਰੰਡੀਆਂ ਵਾਲਾ ਪੁਰਾਤਤਵ ਵਿਭਾਗ ਆਵੇ ਅਤੇ ਆਪਣੇ ਕਾਨੂੰਨ ਮੁਤਾਬਕ ਪੰਜ ਸਾਲਾਂ ਵਿੱਚ
ਇੱਕ ਇੰਚ ਮਿੱਟੀ ਦੀ ਪਰਤ ਲਾਹੇ। ਸਭ ਜਾਣਦੇ ਹਨ ਕਿ ਵਾਕਿਆ 1857 ਦਾ ਹੈ ਪਰ ਹਰ ਸਾਲ ਚੜ੍ਹੀ ਮਿੱਟੀ ਦੀ ਪਰਤ ਨੂੰ ਗਿਣ ਕੇ
ਪੁਰਾਤਤਵ ਨਿਯਮਾਂ ਅਨੁਸਾਰ ਤਾਰੀਖ਼ ਤੈਅ ਕਰਨਾ
ਵਿਗਿਆਨਕ ਕਰਮ ਹੈ।
ਪਿੱਛੇ (5 ਮਾਰਚ ਨੂੰ) ਪੰਜਾਬੀ ਟ੍ਰਿਬਿਊਨ ਅਤੇ ਹੋਰ ਅਖ਼ਬਾਰਾਂ
ਵਿੱਚ ਛਪਿਆ ਕਿ 'ਕਾਲਿਆਂ ਵਾਲੇ ਖ਼ੂਹ ਦੇ
ਸ਼ਹੀਦਾਂ' ਬਾਰੇ ਵਾਕਫ਼ੀਅਤ ਲੈਣ ਲਈ
ਪੰਜਾਬ ਸਰਕਾਰ ਬ੍ਰਤਾਨੀਆ ਨਾਲ ਸੰਪਰਕ ਕਰੇਗੀ। ਏਹੋ ਖ਼ਬਰ 4 ਮਾਰਚ ਨੂੰ ਇੰਡੀਅਨ ਐਕਸਪ੍ਰੈੱਸ (ਸਫ਼ਾ 6) ਉੱਤੇ ਵੀ ਛਪੀ ਸੀ।
ਵਾਰੇ-ਵਾਰੇ ਜਾਈਏ
ਸਰਕਾਰਾਂ ਦੇ। ਜਿਸ ਵਕਤ ਦਾ ਇਹ ਵਾਕਿਆ ਹੈ, ਉਸ ਵੇਲੇ ਬ੍ਰਤਾਨੀਆ ਈਸਟ ਇੰਡੀਆ ਕੰਪਨੀ ਰਾਹੀਂ ਏਥੇ ਰਾਜ ਕਰਦਾ ਸੀ। ਜੋ ਉਸ ਵੇਲੇ ਦੇ
ਸਰਕਾਰੀ ਦਸਤਾਵੇਜ਼ ਸਨ, ਉਹ ਬ੍ਰਤਾਨੀਆਂ
ਨਾਲ ਨਹੀਂ ਲੈ ਕੇ ਗਿਆ। 26ਵੀਂ ਪੈਦਲ ਰਜਮਣ ਨਾਲ ਬੀਤੇ ਦੀ ਮੁਕੰਮਲ ਰਪਟ ਮੌਕੇ ਦੇ
ਜ਼ਿਲ੍ਹਾ ਮੈਜਿਸਟ੍ਰੇਟ ਫ਼ਰੈਡਰਿਕ ਕੂਪਰ ਨੇ ਕਮਿਸ਼ਨਰ ਨੂੰ ਲਿਖ ਕੇ ਭੇਜੀ ਸੀ ਜਿਸ ਵਿੱਚ ਹਰ ਤਫ਼ਸੀਲ
ਦਰਜ ਹੈ। ਇਹ ਰਪਟ 1858 ਵਿੱਚ ਵੀ ਛਪੀ
ਸੀ ਅਤੇ ਬਾਅਦ ਵਿੱਚ ਵੀ। ਏਸ ਰਪਟ ਵਿੱਚ ਦਰਜ ਹੈ ਕਿ ਗੋਲ਼ੀ ਮਾਰਨ ਤੋਂ ਪਹਿਲਾਂ ਹਰ ਸਿਪਾਹੀ ਦਾ
ਨਾਂਅ ਲਿਖ ਕੇ ਮੁਕੰਮਲ ਸੂਚੀ ਤਿਆਰ ਕੀਤੀ ਗਈ ਸੀ ਉਹ ਵੀ ਜ਼ਿਲ੍ਹਾ ਮੈਜਿਸਟ੍ਰੇਟ ਦੇ ਕਾਗਜ਼ਾਂ ਵਿੱਚ
ਲਾਜ਼ਮੀ ਮਿਲ ਜਾਵੇਗੀ। ਜੇ ਨਾ ਵੀ ਮਿਲੇ ਤਾਂ ਰਜਮਣ ਭਰਤੀ ਕਰਨ ਵੇਲੇ ਵੀ ਨਾਂਅ-ਪਤੇ ਲਾਜ਼ਮੀ ਲਿਖੇ
ਹੋਣਗੇ। ਇਹਨਾਂ ਦੀਆਂ ਵੀ ਕਿਤਾਬਾਂ ਛਪੀਆਂ ਹਨ ਅਤੇ ਵੇਰਵੇ ਪੁਰਾਤਤਵ ਵਿਭਾਗ ਦੇ ਕਾਗਜ਼ਾਂ ਵਿੱਚ ਵੀ
ਲੱਭ ਜਾਣਗੇ। ਜੇ ਬ੍ਰਤਾਨੀਆ ਸਰਕਾਰ ਉਪਰੋਕਤ ਪੁੱਛ ਦਾ ਮੋੜਵਾਂ ਜੁਆਬ ਦੇਵੇ ਤਾਂ ਉਹ ਲਾਜ਼ਮੀ ਇਹੋ
ਤੱਥ ਭਾਰਤ ਸਰਕਾਰ ਦੇ ਧਿਆਨ ਵਿੱਚ ਲਿਆਵੇਗੀ।
ਕੀ ਬ੍ਰਤਾਨੀਆ ਨੂੰ ਕੇਵਲ
ਭੰਬਲਭੂਸਾ ਜਾਰੀ ਰੱਖਣ ਦੇ ਹਿਤ ਵਿੱਚ ਹੀ ਇਹ ਲਿਖਿਆ ਜਾ ਰਿਹਾ ਹੈ? ਅਸੀਂ ਆਪਣੇ ਆਪ ਨੂੰ ਨਾ-ਵਾਕਫ਼ ਅਤੇ ਅਣਜਾਣ ਦੱਸਣ ਲਈ ਹਰ ਵਕਤ
ਏਨੇਂ ਉਤਾਵਲੇ ਕਿਉਂ ਰਹਿੰਦੇ ਹਾਂ?
ਕੁਈ ਪੁੱਛੇਗਾ ਕਿ ਆਖ਼ਰ
ਇਹ ਤਰੱਦਦ ਕਿਉਂ ਹੋ ਰਿਹਾ ਹੈ? ਇਹ
ਸਵਾਲ ਨਾ ਸਮਝੀ ਦਾ ਨਤੀਜਾ ਹੈ। ਪੰਜਾਬ ਸਰਕਾਰ ਆਕਾ ਦਾ ਹੁਕਮ ਬਜਾਉਣ ਲਈ ਮਜਬੂਰ ਹੈ। ਆਕਾ ਦੀ ਲੋੜ
ਉਸ ਔੜ ਉੱਤੇ ਆਧਾਰਤ ਹੈ ਜਿਸ ਅਨੁਸਾਰ 1200 ਸਾਲ ਦੀ ਗ਼ੁਲਾਮੀ ਵਿੱਚ ਹੱਥ ਦੀਆਂ ਉਂਗਲਾਂ ਉੱਤੇ ਗਿਣੇ ਜਾ ਸਕਣ ਜਿੰਨੇ 'ਸ਼ਹੀਦ' ਵੀ ਨਜ਼ਰ ਨਹੀਂ ਆ ਰਹੇ। ਆਉਣ ਵਾਲੀਆਂ ਨਸਲਾਂ ਦਾ ਮਾਣ-ਸਨਮਾਨ ਮਨੁੱਖੀ ਸਮਾਜ ਵਿੱਚ ਰੱਖਣ
ਲਈ ਪ੍ਰਕਿਰਿਆ ਜ਼ਰੂਰੀ ਹੈ। ਕਦੇ ਹੋ ਸਕਦਾ ਹੈ ਕਿ ਦਹਸਦੀਆਂ ਦੀ ਗ਼ੁਲਾਮੀ ਹੰਢਾਉਦਿਆਂ ਸਾਡੇ
ਬਜ਼ੁਰਗਾਂ ਨੇ ਕਦੇ ਵੀ ਮਰਨ-ਮਾਰਨ ਨਾ ਮੰਡਿਆਂ ਹੋਵੇ? ਕਦੇ ਵੀ ਨਾ ਆਖਿਆ ਹੋਵੇ 'ਅਜਿਹੇ ਜਿਉਂਣ ਤੋਂ ਮੌਤ ਚੰਗੀ!'। ਸ਼ਹੀਦਾਂ ਦੀ ਇਹ ਔੜ ਕਾਫ਼ੀ ਦੇਰ ਤੋਂ ਬਹੁਗਿਣਤੀ ਸਮਾਜ ਨੂੰ ਘੁਣ
ਵਾਂਗ ਖਾਈ ਜਾ ਰਹੀ ਹੈ। ਸੋਕੇ ਨੂੰ ਦੂਰ ਕਰਨ ਲਈ ਕਈ ਯਤਨ ਕੀਤੇ ਪਰ ਸਫ਼ਲਤਾ ਹੋਰ ਦੂਰ ਹੁੰਦੀ ਗਈ।
ਪਹਿਲੋ-ਪਹਿਲ ਚੋਰੀ,
ਹੇਰਾਫ਼ੇਰੀ ਦਾ ਰਾਹ ਅਪਣਾਇਆ ਗਿਆ। ਭਾਈ ਮਤੀਦਾਸ,
ਸਤੀਦਾਸ ਦਾ ਬ੍ਰਾਹਮਣੀਕਰਨ ਕਰ ਕੇ, ਅੰਮ੍ਰਿਤਧਾਰੀ ਸ਼ਾਦੀ-ਸ਼ੁਦਾ ਬੰਦਾ ਸਿੰਘ ਬਹਾਦਰ ਨੂੰ
ਵੈਰਾਗੀ ਬਣਾ ਕੇ, ਕਰਨਲ ਜ਼ੋਰਾਵਰ ਸਿੰਘ
ਨੂੰ ਡੋਗਰਾ ਥਾਪ ਕੇ ਕਈ ਪਾਪੜ ਵੇਲੇ ਗਏ ਪਰ ਕੁਝ ਰਾਸ ਨਾ ਆਇਆ। ਸਚਾਈ ਸੌ ਪਰਦੇ ਪਾੜ ਕੇ ਸਾਹਮਣੇ
ਆਉਂਦੀ ਰਹੀ। ਸ਼ਹੀਦੀ ਪ੍ਰੰਪਰਾ ਦੀ ਅਣਹੋਂਦ ਨੇ ਆਪਣਾ ਵੱਖਰਾ ਫਨ ਖੜ੍ਹਾ ਰੱਖਿਆ। ਪੰਚਾਇਤਾਂ ਦੇ
ਮੈਂਬਰ ਨੂੰ ਜਨਰਲ ਆਖਣ ਵਿੱਚ, ਝਾੜੂ
ਨੂੰ ਕੜਛੀ ਆਖਣ ਵਿੱਚ ਅਤੇ ਬਟੇਰੇ ਨੂੰ ਗਊ ਸਾਬਤ ਕਰਨ ਵਿੱਚ ਜੋ ਮੁਸ਼ਕਲਾਂ ਆਉਂਦੀਆਂ ਹਨ ਸਭ ਆਈਆਂ।
ਗੁਰੂ ਗੋਬਿੰਦ ਸਿੰਘ ਦੇ ਪੈਗੰਬਰੀ ਸਰੂਪ ਨੂੰ ਚਕਨਾਚੂਰ ਸਿਆਸਤਦਾਨਾਂ ਦੇ ਚੌਖਟੇ ਵਿੱਚ ਫਿੱਟ ਕਰਨ
ਦੀ ਕਵਾਇਦ ਵੀ ਸਿਰੇ ਨਹੀਂ ਸੀ ਚੜ੍ਹ ਸਕਦੀ। ਕੱਦ ਬੁੱਤ ਦਾ ਮਸਲਾ ਹੈ। ਅਕਾਲ ਰੂਪ ਦਸਮੇਸ਼ ਕਿਸੇ
ਚੌਖਟੇ ਨੂੰ ਤੋੜ ਕੇ, ਕਿਸੇ ਨੀਰਸ
ਤਸਵੀਰ ਵਿੱਚੋਂ ਸਤਰੰਗੀ ਅਸਮਾਨੀ ਪੀਂਘ ਸਮਾਨ ਉਭਰ ਕੇ ਧਰਤ ਨੂੰ ਕਲਾਵੇ ਵਿੱਚ ਲੈ ਲੈਂਦਾ ਹੈ। ਹਰ
ਕੁਈ ਪੁੱਛਦਾ ਹੈ ਕਿਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ!
ਤਮਾਮ ਮੁਸ਼ਕਲਾਂ ਦਾ ਹੱਲ
ਕਾਲਿਆਂ ਵਾਲੇ ਖ਼ੂਹ ਵਿੱਚੋਂ ਲੱਭਣ ਦਾ ਮਨਸੂਬਾ ਬਣਿਆ। ਕਿਵੇਂ ਨਾ ਕਿਵੇਂ ਜੇ ਇਹਨਾਂ ਫ਼ੌਜੀ
ਭਗੌੜਿਆਂ ਨੂੰ ਝੁਰਲੂ ਫੇਰ ਕੇ ਮਹਾਂ ਪ੍ਰਾਕਰਮੀ ਯੋਧੇ ਬਣਾ ਕੇ ਪੇਸ਼ ਕਰ ਦਿੱਤਾ ਜਾਵੇ ਤਾਂ ਸਾਰੇ
ਮਸਲੇ ਹੱਲ ਹੋ ਸਕਦੇ ਹਨ। ਧਿਆਨ ਕੇਂਦ੍ਰਿਤ ਕਰਨ ਲਈ ਤਾਂ ਇਹ ਝੂਠ ਵੀ ਚਲਾ ਲਿਆ ਗਿਆ ਕਿ ਇਹ ਸਿੱਖ
ਫ਼ੌਜੀ ਸਨ। ਦੋ ਸਾਲ ਵਾਹਵਾ ਪੈਂਠ ਬਣੀ। ਪਰ ਇਹ ਦੌੜ ਤਾਂ ਕੇਵਲ ਏਥੋਂ ਤੱਕ ਹੀ ਮਹਿਦੂਦ ਸੀ। ਨਾ ਇਹ
ਸਿੱਖ ਸਨ ਨਾ ਸਿੱਖ ਨਿਕਲਣੇ ਸਨ ਪਰ ਆਮ ਜਨਤਾ ਦੀ ਦਿਲਚਸਪੀ ਬਣਾਈ ਰੱਖਣ ਲਈ, ਏਸ ਪੜਾ ਤੱਕ ਮਸਲੇ ਨੂੰ ਲੈ ਜਾਣ ਲਈ, ਇਹ ਮੁੱਦਾ ਕਾਰਗਰ ਰਿਹਾ। ਹੁਣ ਸਭ ਸਾਹਮਣੇ ਆ ਹੀ ਗਿਆ
ਤਾਂ ਪੈਂਤੜਾ ਬਦਲਣ ਦੀ ਲੋੜ ਭਾਸ ਰਹੀ ਹੈ।
ਇੱਕ ਯੂਨੀਵਰਸਿਟੀ ਦੇ
ਉਪ-ਕੁਲਪਤੀ ਅਤੇ ਚਾਰ ਹੋਰਾਂ ਦਾ ਇੱਕ ਕਾਊਂਸਲ ਬਣਾਇਆ ਗਿਆ- ਅੰਮ੍ਰਿਤ ਛਕਾਉਣ ਵਾਲੇ ਪੰਜ ਪਿਆਰਿਆਂ
ਦੀ ਤਰਜ਼ ਉੱਤੇ। ਹੁਣ ਇਹਨਾਂ ਨੇ ਸੰਜੀਵਨੀ ਛਿੜਕ ਕੇ ਜਾਂ ਅੰਮ੍ਰਿਤ ਦੇ ਛੱਟੇ ਮਾਰ ਕੇ ਇੱਕ ਸਿਪਾਹੀ
ਸਾਹਮਣੇ 66 ਆਤਮ ਸਮਰਪਣ ਕਰਨ ਵਾਲਿਆਂ
ਨੂੰ, 45 ਡੁੱਬ ਕੇ ਮਰਨ ਵਾਲਿਆਂ ਸਮੇਤ
ਘਰੋ-ਘਰੀ ਪਹੁੰਚ ਕੇ ਸੁੱਖ ਦਾ ਸਾਹ ਲੈਣ ਦੀ ਤਾਂਘ ਰੱਖਣ ਵਾਲਿਆਂ ਨੂੰ ਮਹਾਂ ਸੁਤੰਤਰਤਾ ਸੰਗ੍ਰਾਮੀ
ਘੋਸ਼ਿਤ ਕਰ ਕੇ ਸ਼ਹੀਦਾਂ ਦੀ ਕਤਾਰ ਵਿੱਚ ਜਾ ਖੜ੍ਹਾ ਕਰਨਾ ਹੈ। ਇਹ ਪੰਜੇ ਹੁਣ ਬੈਠਣਗੇ, ਮੰਤਰ ਪੜ੍ਹਨਗੇ, ਝੂਰਲੂ ਫੇਰਨਗੇ, ਪਾਣੀ ਵਿੱਚ ਮਧਾਣੀ ਪਾ ਕੇ ਰਿੜਕਣਗੇ। ਬਹੁਤ ਸਿਆਣੇ ਲੋਕ ਹਨ; ਕਈ ਅਣਦਿੱਸਦੇ ਵਸੀਲੇ ਇਹਨਾਂ ਦੀਆਂ ਆਸਤੀਨਾਂ ਵਿੱਚ ਹਰ ਵਕਤ
ਮੌਜੂਦ ਰਹਿੰਦੇ ਹਨ। ਉਹਨਾਂ ਗੁਪਤ ਸੰਭਾਵਨਾਵਾਂ ਨੂੰ ਉਜਾਗਰ ਕਰ ਕੇ ਇਹ 26 ਨੰਬਰ ਰਸਾਲੇ ਦੇ ਜਾਨਵਰ ਉੱਡਣ ਉੱਤੇ ਤ੍ਰਭਕਦੇ
ਸਿਪਾਹੀਆਂ ਨੂੰ, ਜਾਂਬਾਜ਼ ਸੂਰਮੇ ਸ਼ਹੀਦ
ਬਣਾ ਕੇ ਪੇਸ਼ ਕਰਨਗੇ।
ਇਹਨਾਂ ਦੀ ਪੇਸ਼ਕਾਰੀ ਵੇਖ
ਕੇ ਜ਼ਮਾਨੇ ਨੇ ਦੰਗ ਰਹਿ ਜਾਣਾ ਹੈ। ਸਿੱਖ ਤਾਂ ਭੁੱਲ ਹੀ ਜਾਣਗੇ ਕਿ ਇਹ ਉਹੀ ਪੂਰਬੀਏ ਹਨ ਜਿਨ੍ਹਾਂ
ਨੇ ਹਿੰਦੋਸਤਾਨ ਦੇ ਆਖ਼ਰੀ ਸੁਤੰਤਰ ਰਾਜ ਨੂੰ ਗ਼ੁਲਾਮ ਕਰਨ ਲਈ ਅੰਗ੍ਰੇਜ਼ਾਂ ਦਾ ਹੁਕਮ ਵਜਾਇਆ ਸੀ ਅਤੇ
ਇਵਜ ਵਿੱਚ ਕਈ ਤਮਗੇ ਹਾਸਲ ਕੀਤੇ ਸਨ। ਭੁੱਲ ਜਾਣਗੇ ਕਿ ਇਹਨਾਂ ਨੇ ਪੰਜਾਬ ਦੇ ਹਰ ਪਿੰਡ ਵਿੱਚ
ਅਨੇਕਾਂ ਅਬਲਾਵਾਂ ਨੂੰ ਬੇਪੱਤ ਕੀਤਾ ਸੀ ਅਤੇ ਸਰਬਸਾਂਝੇ, ਸਰਵ ਕਲਿਆਣਕਾਰੀ ਲੋਕ-ਰਾਜ ਨੂੰ ਫਿਰੰਗੀ ਦੇ ਅਧੀਨ ਕਰ ਦਿੱਤਾ ਸੀ।
ਸਾਰਾ ਸੰਸਾਰ ਇਹਨਾਂ ਨੂੰ ਸੁਤੰਤਰਤਾ ਸੰਗਰਾਮ ਦੇ ਸ਼ਹੀਦ ਜਾਣੇਗਾ। ਇਹਨਾਂ ਦੀ ਯਾਦ ਵਿੱਚ
ਗੁਰਦ੍ਵਾਰਾ ਉਸਾਰਨ ਦੀ ਗੱਲ ਚੱਲੀ ਸੀ, ਫ਼ੇਰ
ਕਿਸੇ ਮੰਦਰ ਉਸਾਰਨ ਦੀ ਸਲਾਹ ਵੀ ਦਿੱਤੀ। ਪਰ ਜਾਪਦਾ ਹੈ ਇਹਨਾਂ ਵਿੱਚ ਕਈ ਮੁਸਲਮਾਨ ਵੀ ਸਨ। ਸੋ
ਮਸਜਦ ਉਸਾਰਨਾ ਵੀ ਕੁਥਾਵੇਂ ਨਹੀਂ ਜਾਣਿਆ ਜਾਵੇਗਾ। ਸ਼ਾਇਦ ਨਾਲੋ-ਨਾਲ ਗਿਰਜਾ ਵੀ ਉਸਾਰ ਦਿੱਤਾ
ਜਾਵੇ ਕਿਉਂਕਿ ਗੋਲੀ ਮਾਰਨ ਦਾ ਹੁਕਮ ਦੇਣ ਵਾਲਾ ਮੈਜਿਸਟ੍ਰੇਟ ਇਸਾਈ ਸੀ ਅਤੇ ਉਹ ਵੀ ਮਰ ਚੁੱਕਿਆ
ਹੈ।
ਸਹੇ ਵੱਲ ਨਾ ਵੇਖੋ,
ਪਹੇ ਵੱਲ ਵੇਖੋ। ਜੇ ਇਹ ਜੰਗੀ ਪੈਂਤੜਾ ਸਿਰੇ
ਚੜ੍ਹ ਜਾਂਦਾ ਹੈ ਤਾਂ ਤਕਸ਼ਸ਼ਿਲਾ ਵਿੱਚ ਖਿਲਜੀ ਵੱਲੋਂ ਮਾਰਿਆਂ, ਬਨਾਰਸ ਵਿੱਚ ਔਰੰਗਜ਼ੇਬ ਦੇ ਕਤਲ ਕੀਤਿਆਂ, ਨਾਦਰ-ਅਬਦਾਲੀ ਦੇ ਕਤਲੇਆਮ ਦੇ ਪੀੜਤਾਂ, ਪਾਣੀਪੱਤ ਦੇ ਦੋ ਯੁੱਧਾਂ ਵਿੱਚ ਕਤਲ ਕੀਤਿਆਂ ਦੇ ਸ਼ਹੀਦ
ਕਰਾਰ ਦੇਣ ਦਾ ਰਾਹ ਖੁੱਲ੍ਹ ਜਾਵੇਗਾ। ਸਨੇ-ਸਨੇ ਸਾਬਤ ਕਦਮ ਦ੍ਰਿਢ ਇਰਾਦੇ ਨਾਲ ਚੱਲਦਿਆਂ ਅਸੀਂ
ਹਿੰਦੂਕੁਸ਼ ਪਰਬਤ ਉੱਤੇ ਕਤਲ ਕੀਤੇ ਲੱਖਾਂ ਨੂੰ ਵੀ ਸ਼ਹੀਦ ਆਖ ਕੇ ਸਨਮਾਨ ਦੇ ਸਕਾਂਗੇ। ਫੇਰ ਤਾਂ ਸ਼ਹੀਦਾਂ
ਦਾ ਹੜ੍ਹ ਹੀ ਆ ਜਾਵੇਗਾ। ਅਕਾਸ਼ਵੇਲ ਨੂੰ ਫੁੱਲ-ਫਲ਼ ਲੱਗਣਗੇ, ਖੰਭਾਂ ਦੀਆਂ ਡਾਰਾਂ ਬਣਨਗੀਆਂ ਅਤੇ 'ਅੱਬਰੇ ਰਹਿਮਤ ਯੋਂ' ਬਰਸੇਗਾ ਕਿ (ਘੱਟ ਗਿਣਤੀਆਂ ਵਾਸਤੇ) 'ਆਫ਼ਤੇ ਜਾਂ ਬਣ' ਜਾਵੇਗਾ। ਪਰੰਪਰਾ ਦੀ ਖਲਜਗਣ ਨੂੰ ਕੀਹਨੇ ਪਰਖਣਾ ਹੈ! ਅਮਲਾਂ 'ਤੇ ਹੋਣਗੇ ਨਬੇੜੇ। ਭੋਲੇ ਨਾਥ ਭੰਡਾਰ ਭਰੇਂਗੇ। ਹਰ ਮਕਸਦ ਹੱਲ,
ਬਾਦਲਾਂ ਦੀ ਪੌਂ-ਬਾਰਾਂ ਅਤੇ ਏਸ ਨੂੰ ਸੰਭਵ ਕਰ
ਵਖਾਉਣ ਵਾਲੇ 'ਸਿਆਣਿਆਂ' ਦੀ ਤ੍ਰੈ-ਕਾਲ ਜੈ ਜੈ ਕਾਰ। ਗੱਜ ਕੇ ਬੋਲੋ ਭਾਈ ਜੀ
ਵਾਹਿਗੁਰੂ!
No comments:
Post a Comment