Wednesday, November 20, 2013

ਕਾਚ ਬਾਦਰੈ ਲਾਲੁ ਖੋਈ ਹੈ -ਗੁਰਤੇਜ ਸਿੰਘ

(ਪੰਜਾਬ ਦੇ ਅਜੋਕੇ ਸੰਕਟ ਦੀ ਥਹੁ ਪਾਉਣ ਦਾ ਆਰੰਭ ਅਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੰਥ ਤੋਂ ਮੂੰਹ ਮੋੜ ਕੇ ਪੰਥ ਨੂੰ ਢਾਹ ਲਗਾਉਣ ਵਾਲੀਆਂ ਸ਼ਕਤੀਆਂ ਦਾ ਐਲਾਨੀਆਂ ‘ਜ਼ਰ ਖ਼ਰੀਦ’ ਬਣ ਜਾਣ ਦੀ ਕਿਰਿਆ ਤੋਂ ਕਰਨਾ ਜ਼ਰੂਰੀ ਹੈ। ਪਹਿਲਾਂ ਵਾਜਪਾਈ ਦੇ ਨਾਂਅ ਉੱਤੇ ਵੋਟਾਂ ਮੰਗਣਾ; ‘ਜੈ ਸ੍ਰੀ ਰਾਮ, ਸਤਿ ਸ੍ਰੀ ਅਕਾਲ ’ ਦੇ ਨਾਅਰੇ ਲਗਾਉਣਾ, ਬਿਨਾਂ ਸ਼ਰਤ ਇੱਕ ਫ਼ਾਸ਼ੀ ਜਮਾਤ ਦਾ ਸਾਥ ਦੇਣਾ_ ਜਿਸ ਦਾ ਸਿੱਖ ਰਹਿਤ ਮਰਿਯਾਦਾ ਨਾਲ ਮੁੱਢੋਂ-ਸੁਢੋਂ ਵੈਰ ਹੈ, ਲੱਚਰ ਗਵੱਈਆਂ, ਨਕਲੀ ਸਾਧਾਂ, ਡੇਰੇਦਾਰ ਟ੍ਰੇਡ ਯੂਨੀਅਨ ਦੀ ਤਾਬਿਆਦਾਰੀ; ਪਤਿਤ, ਦਿਸ਼ਾਹੀਣ, ਸਿਰ ਗੁੰਮ ਕਾਤਲਾਂ ਨੂੰ ਸ਼੍ਰੋਮਣੀ ਸ਼ਹੀਦ ਪ੍ਰਚਾਰਨਾ; ਅਨੇਕਾਂ ਹੋਰ ਅਲਾਮਤਾਂ ਜਿਨਾਂ ਦਾ ਨਿਰੂਪਣ ਸਹਿਜੇ ਹੀ ਕੀਤਾ ਜਾ ਸਕਦਾ ਹੈ, ਏਸੇ ਵੱਡੇ ਕੁਕਰਮ ਵੱਲ ਇਸ਼ਾਰਾ ਕਰ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦਾ ਰਾਸ਼ਟ੍ਰੀਆ ਸਵਯੰ ਸੇਵਕ ਸੰਘ ਦੀ ਹਿਦਾਇਤ ਉੱਤੇ ‘ਸਿੱਖ ਇਤਿਹਾਸ’ ਵਰਗੀਆਂ ਕਿਤਾਬਾਂ ਛਾਪਣਾ, ‘ਜਥੇਦਾਰ’ ਕੋਲੋਂ ਸਿੱਖਾਂ ਦੇ ਲਵ-ਕੁਸ਼ ਦੀ ਔਲਾਦ ਹੋਣ ਦੇ ਐਲਾਨ ਕਰਵਾਉਣਾ, ਬਸੰਤੀ ਦੀ ਥਾਂਵੇਂ ਭਗਵੇਂ ਸਿਰੋਪੇ, ਨਿਸ਼ਾਨ ਸਾਹਿਬ ਦੇ ਚੋਲੇ ਪ੍ਰਚੱਲਤ ਕਰਨਾ, ਭਾਰਤੀ ਜਨਤਾ ਪਾਰਟੀ ਵੱਲੋਂ 16 ਕਰੋੜ ਰੁਪਿਆ ‘ਦਸਮ ਗ੍ਰੰਥ’ ਦੇ ਪ੍ਰਚਾਰ ਲਈ ਸਰਕਾਰੀ ਖਜ਼ਾਨੇ ਵਿੱਚੋਂ ਖ਼ਰਚ ਕਰਨਾ ਆਦਿ ਦਰਜਨਾਂ ਕਰਤੂਤਾਂ ਐਸੀਆਂ ਹਨ ਜੋ ਦੱਸ ਦੀਆਂ ਹਨ ਕਿ ਦਸਵੇਂ ਪਾਤਸ਼ਾਹ ਦੀ ਖ਼ਾਲਸਾ ਰਹਿਤ ਨੂੰ ਮਲੀਆਮੇਟ ਕਰ ਕੇ, ਗੁਰੂ ਗੰ੍ਰਥ ਦੇ ਸ਼ਰੀਕ ਉਸਾਰ ਕੇ ਸਿੱਖ ਧਰਮ ਵਿੱਚ ਮੁੱਢਲੀਆਂ ਤਰਮੀਮਾਂ ਕਰ ਕੇ ਇਸ ਨੂੰ ਹਿੰਦੂਤਵੀ ਨੁਖ਼ਸੇ ਅਨੁਸਾਰ ਢਾਲਣ ਲਈ ਖ਼ਾਸ ਯਤਨ ਕੀਤੇ ਜਾ ਰਹੇ ਹਨ। ਪ੍ਰੇਸ਼ਾਨੀ ਦਾ ਕਾਰਣ ਇਹ ਹੈ ਕਿ ਆਖ਼ਰੀ ਨਿਸ਼ਾਨੇ ਨੂੰ ਮੁਕੰਮਲ ਤੌਰ ਉੱਤੇ ਗੁੱਝਾ ਰੱਖਿਆ ਜਾ ਰਿਹਾ ਹੈ। ਸਾਰੀਆਂ ਕਾਰਵਾਈਆਂ ਦਾ ਅਸਲ ਨਿਸ਼ਾਨਾ ਹੈ ਦਸਮੇਸ਼ ਦੇ ਅੰਮ੍ਰਿਤ, ਸਿੱਖੀ ਦੀ ਰਹਿਤ, ਗੁਰੂ ਗ੍ਰੰਥ-ਪੰਥ ਦੀ ਗੁਰਿਆਈ, ਸਿੱਖ ਇਤਿਹਾਸ ਦੇ ਜੁਝਾਰੂ ਖਾਸੇ ਨੂੰ ਖ਼ਤਮ ਕਰ ਕੇ ਸਥਾਈ ਬਹੁ-ਗਿਣਤੀ ਸੱਭਿਆਚਾਰ ਵਿੱਚ ਇਸ ਤਰਾਂ ਰੰਗ ਦੇਣਾ ਕਿ ਵੱਖਰੀ ਪਛਾਣ ਮਿਟ ਜਾਵੇ।
    ਜ਼ਾਹਰ ਹੈ ਕਿ ਸਿੱਖ ਕੌਮ ਇਸ ਨਾਲ ਸਹਿਮਤ ਨਹੀਂ। ਤਾਹੀਏਂ ਤਾਂ ਨਕਾਬ, ਬੁਰਕੇ ਪਾ ਕੇ ਪਰਦਿਆਂ ਪਿੱਛੇ ਕਾਰਵਾਈਆਂ ਹੋ ਰਹੀਆਂ ਹਨ। ਗੁਰੂ ਫ਼ਰਮਾਨ ਹੈ ‘‘ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ।’’ ਅਵੇਸਲੇਪਨ ਦੇ ਵੱਡੇ ਖ਼ਤਰਿਆਂ ਨੂੰ ਉਜਾਗਰ ਕਰ ਕੇ ਭਰਪੂਰ ਬਹਿਸ ਲੋੜੀਂਦੀ ਹੈ। ਪਰ ਇਸ ਨੂੰ ਕਰਵਾਉਣ ਲਈ ਕਿਸੇ ਅਖ਼ਬਾਰ ਤੋਂ ਉਮੀਦ ਨਹੀਂ ਸੀ।
    ਅਚਾਨਕ ਇੱਕ ਸਵੇਰ ਪੰਥ ਦਾ ਦਰਦ ਰੱਖਣ ਵਾਲੇ ਪਰਮਜੀਤ ਸਿੰਘ ਸਰਨਾ ਨੇ ਟੈਲੀਫ਼ੋਨ ਉੱਤੇ ਸੁਨੇਹਾ ਦਿੱਤਾ ਕਿ ਉਸ ਦੀ ਗੱਲ ਬ੍ਰਜਿੰਦਰ ਸਿੰਘ ਹਮਦਰਦ ਨਾਲ ਹੋਈ ਹੈ ਅਤੇ ਉਹ ਅਜਿਹੇ ਮਸਲਿਆਂ ਸਬੰਧੀ ਲੇਖ ਆਪਣੇ ਅਖ਼ਬਾਰ ‘ਅਜੀਤ’ ਵਿੱਚ ਛਾਪਣ ਲਈ ਤਿਆਰ ਹੈ ਜਿਸ ਨਾਲ ਲੋਕਾਂ ਵਿੱਚ ਭਰਪੂਰ ਬਹਿਸ ਹੋ ਸਕੇ। ਹਮਦਰਦ ਦੇ ਪਿਛੋਕੜ ਵਿੱਚ ਕੁਝ ਐਸਾ ਨਹੀਂ ਸੀ ਜਿਸ ਤੋਂ ਉਸ ਦੇ ਲੋਕ-ਪੱਖੀ ਹੋਣ ਦਾ, ਸਿੱਖੀ ਪ੍ਰਤੀ ਸੁਹਿਰਦ ਹੋਣ ਦਾ ਸਬੂਤ ਮਿਲ ਸਕੇ। ਸਰਨਾ ਨੇ ਭਰੋਸਾ ਦਵਾਇਆ ਕਿ ਹਮਦਰਦ ਹੁਣ ਇਸ ਮਸਲੇ ਉੱਤੇ ਬਹੁਤ ਸੰਵੇਦਨਸ਼ੀਲ ਹੈ। ਨਾ ਛਪਣ ਦੀ ਪੱਕੀ ਵਾਕਫ਼ੀਅਤ ਹੁੰਦਿਆਂ ਵੀ ਲੇਖ ਲਿਖਿਆ ਗਿਆ।
    31 ਅਕਤੂਬਰ 2013 ਨੂੰ ਲੇਖ ਈ-ਮੇਲ ਰਾਹੀਂ ਭੇਜ ਦਿੱਤਾ ਗਿਆ। ਦੋ ਦਿਨ ਨਾ ਮਿਲਣ ਦਾ ਬਹਾਨਾ ਚੱਲਿਆ। ਫ਼ੇਰ ਤਿੰਨ ਕੁ ਦਿਨ ਬਾਹਰ ਰਹਿਣ ਦਾ। ਉਸ ਤੋਂ ਬਾਅਤ ਹਫ਼ਤਾ ਕੁ ਮਸ਼ਰੂਫੀਅਤ ਕਾਰਣ ਨਾ ਵੇਖ ਸਕਣ ਆਦਿ ਦਾ। ਆਖ਼ਰ ਕੋਰੀ ਨਾਂਹ ਹੋਣ ਤੋਂ ਬਾਅਦ ਸਰਨੇ ਨੇ ਨਿੰਮੋਝੂਣਾ ਜਿਹਾ ਹੋ ਕੇ ਲੇਖ ਛਪਣ ਦੇ ਭਰੂਣ ਦੇ ਕਤਲ ਦੀ ਗੱਲ ਝਕਦਿਆਂ-ਝਕਦਿਆਂ ਦੱਸੀ। ਜੇ ਸਾਡੇ ਆਪਣੇ ਪੱਤਰਕਾਰੀ ਪੇਸ਼ੇ ਵਿੱਚ ਭੋਰਾ ਭਰ ਵੀ ਇਮਾਨਦਾਰੀ ਅਤੇ ਲੋਕ-ਸੇਵਾ ਦੀ ਭਾਵਨਾ ਹੋਵੇ ਤਾਂ ਕੌਮ ਦੇ ਅੱਧੇ ਦੁੱਖ ਪੈਦਾ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਣ। ਖ਼ੈਰ! ਸਭ ਨੇ ਗੁਰੂ ਨੂੰ ਜਾਨ ਦੇਣੀ ਹੈ। ਅਤਿ ਪ੍ਰਚੰਡ ਨੂਰ ਦੇ ਪ੍ਰਕਾਸ਼ ਵਿੱਚ ਲੇਖੇ ਹੋਣਗੇ। ਉਹਨਾਂ ਦੀਆਂ ਉਹ ਜਾਣਨ। ਮੇਰੇ ਵਰਗੇ ‘ਬੇ-ਸਾਜ਼ੋ ਸਮਾਨ’ ਕੋਲੋਂ ਤਾਂ ਗਰੀਬੀ ਦਾਅਵੇ ਵਿੱਚ ਇਹੋ ਸੇਵਾ ਹੋ ਸਕਦੀ ਹੈ ਕਿ ਦੋਸਤਾਂ, ਮਿੱਤਰਾਂ, ਮਿਹਰਬਾਨਾਂ, ਅਸਲੀ ਹਮਦਰਦਾਂ ਤੱਕ ਲੇਖ ਦੇ ਮੁੱਦੇ ਨੂੰ ਈ-ਮੇਲ ਆਦਿ ਰਾਹੀਂ ਪੁੱਜਦਾ ਕੀਤਾ ਜਾਵੇ। ਸੋ ਹੇਠਾਂ ਉਹ ਲੇਖ ਦਰਜ ਹੈ ਜੋ ਪਰਮਜੀਤ ਸਿੰਘ ਸਰਨਾ ਰਾਹੀਂ ਮਿਲੇ ਬ੍ਰਜਿੰਦਰ ਸਿੰਘ ਹਮਦਰਦ ਦੇ ਸੁਨੇਹੇ ਉੱਤੇ ‘ਅਜੀਤ’ ਵਿੱਚ ਛਾਪਣ ਲਈ ਲਿਖਿਆ ਗਿਆ ਸੀ। ਜੇ ਕਿਸੇ ਇੱਕ ਮਨ ਵਿੱਚ ਵੀ ਇਹ ਸੱਚ ਜਾਣਨ ਦੀ ਉਤਸੁਕਤਾ ਨੂੰ ਜਗਾ ਸਕੇ ਤਾਂ ਲੇਖਕ ਦਾ ਲਿਖਣਾ ਸਫ਼ਲ ਹੋਇਆ ਸਮਝਿਆ ਜਾਵੇਗਾ। ਇਸੇ ਲੜੀ ਦਾ ਦੂਜਾ ਲੇਖ ਪਿਛਲੇ ਹਫ਼ਤੇ ਏਸੇ ਬਲੌਗ ਉੱਤੇ ਪਾਇਆ ਜਾ ਚੁੱਕਾ ਹੈ। ਤੀਸਰੇ ਦੀ ਵਰਤੋਂ ਹੋਰ ਥਾਵੇਂ ਕਰ ਲਈ ਗਈ ਹੈ। ਦੋ ਹੋਰ ਲਿਖਣੇ ਸਨ ਜਿਨਾਂ ਨੂੰ ਲਿਖਣ ਦਾ ਵਿਚਾਰ ਤਜ ਦੇਣਾ ਹੀ ਸਭ ਦੇ ਭਲੇ ਹਿਤ ਜਾਪਦਾ ਹੈ -ਗੁਰਤੇਜ ਸਿੰਘ)



ਸਿੱਖ ਧਰਮ ਦੇ ਅੰਦਰ ਜੋ ਵਰਤਾਰਾ ਵਰਤ ਰਿਹਾ ਹੈ ਉਸ ਦਾ ਸਹਿਜੇ ਨਿਰੂਪਣ ਕਰਨਾ ਹੋਵੇ ਤਾਂ ਦੋ ਮਾਮੂਲੀ ਘਟਨਾਵਾਂ ਤੋਂ ਦੂਰ-ਰਸੀ ਸਿੱਟੇ ਕੱਢੇ ਜਾ ਸਕਦੇ ਹਨ। ਕਿਸੇ ਨੇ ਅਕਾਲ ਤਖ਼ਤ ਦੇ ਨਾਮ ਹੇਠ ਗੁਰਬਾਣੀ ਦਾ ਇਹ ਸੁਨੇਹਾ ਦੇਣ ਲਈ ਕਿ ਕਰੂਆਚੌਥ ਵਰਤ ਆਦਿ ਫ਼ੋਕਟ ਕਰਮ ਹਨ, ਭਗਤ ਕਬੀਰ ਦਾ ਇੱਕ ਦੋਹਾ ਇੰਟਰਨੈਟ ਉੱਤੇ ਪਾ ਦਿੱਤਾ। ਇਸ ਉੱਤੇ ਫ਼ਿਰਕੂ ਜ਼ਹਿਨੀਅਤ ਨੇ ਇਤਰਾਜ਼ ਕੀਤਾ। ਤੁਰੰਤ ‘ਜਥੇਦਾਰ’ ਦਾ ਐਲਾਨ ਆਇਆ ਕਿ ਪੂਰੀ ਛਾਣਬੀਨ ਕਰ ਕੇ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇਗਾ। ਸੁਨੇਹਾ ਦੇਣ ਵਾਲੇ ਗੁਰਸਿੱਖ ਨੇ ਕਿਸੇ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕੀਤੀ। ‘ਜਥੇਦਾਰ’ ਦਾ ਬਿਆਨ ਮਹਿਜ਼ ਇੱਕ ‘ਥਰਹਰ’ ਕੰਬਦੇ ਮੁਲਾਜ਼ਮ ਦਾ ਬਿਆਨ ਹੈ ਜਿਸ ਨੂੰ ਫ਼ਿਕਰ ਹੈ ਕਿ ਉਸ ਦਾ ਆਕਾ ਕਿੱਤੇ ਗੁਰੂ-ਸਿਧਾਂਤ ਦੇ ਪ੍ਰਚਾਰ ਦੀ ਗੁਸਤਾਖੀ ਲਈ ਉਸ ਨੂੰ ਘਰ ਹੀ ਨਾ ਬਿਠਾ ਦੇਵੇ ‘‘ਨਾ ਜਾਨਉ ਕਿਆ ਕਰਸੀ ਪੀਉ’’। ਏਨਾਂ ਆਖਣਾ ਵੀ ਠੀਕ ਨਹੀਂ ਸਮਝਿਆ ਗਿਆ ਕਿ ਸੁਨੇਹਾ ਗੁਰ-ਸਿਧਾਂਤ ਅਨੁਸਾਰ ਅਤੇ ਮੌਕੇ ਮੁਤਾਬਕ ਢੁਕਵਾਂ ਸੀ। ਜੇ ਇਹ ਸੁਨੇਹਾ ਸੱਚ-ਮੁੱਚ ਅਕਾਲ ਤਖ਼ਤ ਵੱਲੋਂ ਸੀ ਤਾਂ ਇਸ ਤੋਂ ਮੁਨਕਰ ਹੋਣ ਨੂੰ ਵੱਡੀ ਕਾਇਰਤਾ ਹੀ ਆਖਿਆ ਜਾਵੇਗਾ।
    ਇੱਕ ਹੋਰ ਸੰਦੇਸ਼ ਇਉਂ ਸੀ, ‘ਕਈ ਲੋਕਾਂ ਨੇ ਘਰਾਂ ਵਿੱਚ ਸ਼ਰਾਬ ਰੱਖੀ ਹੋਈ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ। ਅਜਿਹੇ ਲੋਕ ਪ੍ਰਕਾਸ਼ ਕਰਨਾ ਬੰਦ ਕਰ ਕੇ ਬੀੜ ਨੂੰ ਨੇੜੇ ਦੇ ਗੁਰਦ੍ਵਾਰੇ ਪੁਚਾ ਦੇਣ’। ਹਾਲਾਂਕਿ ਸੁਨੇਹਾ ਇਹ ਹੋਣਾ ਚਾਹੀਦਾ ਸੀ ਕਿ ‘ਗੁਰਸਿੱਖ ਪ੍ਰਕਾਸ਼ ਮਰਿਯਾਦਾ ਦਾ ਮੁਕੰਮਲ ਪਾਲਣ ਕਰਨ ਅਤੇ ਜੇ ਘਰ ਵਿੱਚ ਸ਼ਰਾਬ ਦੀ ਹੋਂਦ ਵਿਘਨਕਾਰੀ ਸਾਬਤ ਹੋ ਰਹੀ ਹੈ ਤਾਂ ਸ਼ਰਾਬ ਘਰੋਂ ਕੱਢ ਦੇਣ’। ਗੁਰੂ ਅਤੇ ਸਿੱਖ ਦੇ  ਆਪਸੀ ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਬਰਕਰਾਰ ਰੱਖਣਾ ਤਾਂ ਸਿੱਖ ਹਿਤ ਦੀ ਗੱਲ ਹੈ ਪਰ ਇਹ ਰਿਸ਼ਤਾ ਤੋੜਨ ਅਤੇ ਨਸ਼ਿਆਂ ਦੇ ਸੇਵਨ ਤੋਂ ਬਚਣ ਦੀ ਪ੍ਰੇਰਨਾ ਨਾ ਕਰਨਾ ਕਿਸੇ ਤਰਾਂ ਵੀ ਸਿੱਖ-ਹਿਤੈਸ਼ੀ ਕਰਮ ਨਹੀਂ।
    ਅਜਿਹੀਆਂ ਅੱਟਪਟੀਆਂ ਕਰਤੂਤਾਂ ਦਾ ਕੱਚਾ ਚਿੱਠਾ ਬਣਾਇਆ ਜਾਵੇ ਤਾਂ ਪਤਾ ਲੱਗੇਗਾ ਕਿ ਚੰਦ ਲਿਫ਼ਾਫ਼ਿਆਂ ਵਿੱਚੋਂ ਨਿਕਲੇ ਅਹੁਦੇਦਾਰ, ਸਿਆਸਤਦਾਨਾਂ ਦੇ ਚਰਨਾਂ ਦੀ ਸ਼ਰਨ ਬੈਠ ਕੇ ਤਸਵੀਰਾਂ ਖਿਚਵਾਉਣ ਵਾਲੇ ਕੁਝ ਧਾਰਮਿਕ ਮਖੌਟਿਆਂ ਅਤੇ ਗ਼ੁਲਾਮ ਜ਼ਹਿਨੀਅਤ ਵਾਲੇ ਆਪਣੇ-ਆਪ ਨੂੰ ‘ਮਹਾਂ-ਗ੍ਰੰਥੀ, ਸਥਾਈ ਪੰਜ ਪਿਆਰੇ, ਮਹਾਂ-ਪੁਜਾਰੀ’ ਅਖਵਾਉਣ ਦੇ ਲਾਲਚ ਵਿੱਚ ਸਿੱਖੀ ਦੀਆਂ ਆਦਿ ਕਾਲ ਤੋਂ ਚੱਲੀਆਂ ਆ ਰਹੀਆਂ ਪ੍ਰੰਪਰਾਵਾਂ ਨੂੰ ਪਿਸ਼ਾਚ ਵਿਹਾਰ ਕਰ ਕੇ ਬੇਦਰਦੀ ਨਾਲ ਤਿਆਗ ਰਹੇ ਹਨ। ਇਹ ਏਨਂੇ ਚੇਤੰਨ ਤਾਂ ਹਨ ਕਿ ਇਹਨਾਂ ਨੂੰ ਪਤਾ ਹੈ ਕਿ ਇਹ ਜਾਣਦੇ ਹੋਏ ਅਵੱਗਿਆ ਕਰ ਰਹੇ ਹਨ। ਇਹਨਾਂ ਦੇ ਕੁਕਰਮਾਂ ਨੂੰ ਸਮਝਣ ਦਾ ਉਪਰਾਲਾ ਇਹਨਾਂ ਉੱਤੇ ਹੀ ਖ਼ਤਮ ਨਹੀਂ ਹੁੰਦਾ। ਤੰਦਾਂ ਇਹਨਾਂ ਦੇ ਆਕਾਵਾਂ ਅਤੇ ਉਹਨਾਂ ਦੇ ਮਾਲਕਾਂ ਤੱਕ ਪਹੁੰਚਦੀਆਂ ਸਾਫ਼ ਨਜ਼ਰ ਆ ਰਹੀਆਂ ਹਨ। ਆਖ਼ਰ ਸਿਲਸਿਲਾ ਸਿੱਖੀ ਨੂੰ ਮਨ-ਭਾਉਂਦਾ ਮੋੜ ਦੇ ਕੇ ਇਸ ਨੂੰ ਗੁਰੂ ਦੁਆਰਾ ਪ੍ਰਮਾਣਿਤ ਸੱਚ ਤੋਂ ਕੋਹਾਂ ਦੂਰ ਲੈ ਜਾਣ ਉੱਤੇ ਮੁੱਕਦਾ ਜਾਪਦਾ ਹੈ। ਇਸ ਸਫ਼ਰ ਦੀਆਂ ਪੈੜਾਂ ਖੋਜਣੀਆਂ ਜ਼ਰੂਰੀ ਹਨ।
    ਜੇ ਸੰਸਾਰ ਦੇ ਪ੍ਰਮੁੱਖ ਧਰਮਾਂ ਦੇ ਇਤਿਹਾਸ ਵੱਲ ਨਿਗਾਹ ਮਾਰੀਏ ਤਾਂ ਸਮੇਂ ਦੀਆਂ ਸਿਆਸੀ ਸ਼ਕਤੀਆਂ ਧਰਮ ਨੂੰ ਆਪਣੇ ਅਨੁਸਾਰੀ ਮੋੜ ਦੇਣ ਵਿੱਚ ਸਦਾ ਤਤਪਰ ਰਹੀਆਂ ਹਨ_ ਕਈ ਵਾਰ ਸਫ਼ਲ ਵੀ ਹੋ ਚੁੱਕੀਆਂ ਹਨ। ਸੰਤ ਪੀਟਰ ਨੇ ਰੋਮ ਦੇ ਪ੍ਰਭਾਵ ਹੇਠ ਇਸਾਈ ਮੱਤ ਦਾ ਹੁਲੀਆ ਅਤੇ ਆਪਣੇ ਧਰਮ ਗੁਰੂ ਜੀਜਸ ਦਾ ਐਸਾ ਅਕਸ ਵਿਗਾੜਿਆ ਕਿ ਅੱਜ ਤੱਕ ਜੀਜਸ ਦੇ ਸਮਾਜਿਕ ਚਿੰਤਨ ਨੂੰ ਧਰਮ ਦਾ ਅੰਗ ਨਹੀਂ ਬਣਾਇਆ ਜਾ ਸਕਿਆ। ਇਸ ਪਾੜੇ ਕਾਰਨ ਧਰਮ-ਨਿਰਪੱਖ ਰਾਜ ਸਿਰਜਣ ਦਾ ਰੁਝਾਨ ਚੱਲਿਆ ਜੋ ਘਟੋ-ਘੱਟ ਦੋ ਸੰਸਾਰੀ ਯੁੱਧ ਅਤੇ ਐਟਮ ਬੰਬ ਦਾ ਕਹਿਰ ਤਾਂ ਵਰਤਾ ਹੀ ਚੁੱਕਿਆ ਹੈ। ਮਨੂ ਮਹਾਰਾਜ ਨੇ ਹਿੰਦ ਦੇ ਧਰਮ ਵਿੱਚ ਛੂਤ-ਛਾਤ, ਸੁੱਚ-ਭਿੱਟ, ਊਚ-ਨੀਚ, ਵਰਣ-ਵਿਵਸਥਾ ਦਾ ਉਹ ਬੀਜ ਬੀਜਿਆ ਜਿਸ ਦੀ ਭੇਟਾ ਕਰੋੜਾਂ ਲੋਕ ਚੜ ਚੁੱਕੇ ਹਨ ਅਤੇ ਅਜੇ ਹੋਰ ਕਰੋੜਾਂ ਨੇ ਸੰਤਾਪ ਹੰਢਾਉਣਾ ਹੈ। ‘‘ਮਿਹਰ ਮਸੀਤ’’ ਵਾਲੇ ਸ਼ਬਦ ਰਾਹੀਂ ਗੁਰੂ ਇਸ਼ਾਰਾ ਕਰਦੇ ਹਨ ਕਿ ਸਿਆਸਤ ਨੇ ਇਸਲਾਮ ਦੇ ਚਿਹਰੇ-ਮੋਹਰੇ ਨੂੰ ਖ਼ੂਬ ਵਿਗਾੜਿਆ ਹੈ। ਇਹੋ ਗਵਾਹੀ ਪੰਜਵੇਂ ਜਾਮੇ ਵਿੱਚ ‘‘ਮੁਸਲਮਾਨ ਮੋਮ ਦਿਲ ਹੋਵੇ’’ ਵਾਲੇ ਸ਼ਬਦ ਵਿੱਚ ਸਤਿਗੁਰੂ ਦੇ ਰਹੇ ਹਨ। ਅੰਗ੍ਰੇਜ਼ਾਂ ਨੇ ਆਪਣੇ ਵਿਆਪਕ ਸਾਮਰਾਜ ਵਿੱਚ ਧਰਮਾਂ ਨੂੰ ਪ੍ਰਭਾਵਤ ਕਰਨ ਲਈ ਅਨੇਕ ਫ਼ਿਰਕੇ ਚਲਾਏ ਜਿਨਾਂ ਦਾ ਮਾਰੂ ਅਸਰ ਅਜੇ ਤੱਕ ਜਾਰੀ ਹੈ। ਇਹਨਾਂ ਵਿੱਚੋਂ ਅਹਿਮਦੀਆਂ, ਬਹਾਈ, ਨਿਰੰਕਾਰੀ, ਰਾਧਾਸੁਆਮੀ ਕੁਝ ਕੁ ਹਨ। ਇਸ ਤਰਜ਼ ਉੱਤੇ ਹਿੰਦ ਦੇ ਸੂਬੇ ਪੰਜਾਬ ਵਿੱਚ ਇੱਕ ਨਵਾਂ-ਨਕੋਰ ਤਜ਼ਰਬਾ ਜਾਰੀ ਹੈ ਅਤੇ ਸਿੱਖ ਧਰਮ ਨੂੰ ਹਾਕਮਾਂ ਦੇ ਸਿਆਸੀ ਅਮਲ ਅਨੁਸਾਰ ਢਾਲਣ ਵਿੱਚ ਕਾਫ਼ੀ ਤਰੱਕੀ ਕਰ ਚੁੱਕਿਆ ਹੈ।
    ਇਸ ਦੀਆਂ ਕਨਸੋਆਂ ਤਾਂ 1947 ਤੋਂ ਫ਼ਿਜ਼ਾ ਨੂੰ ਗੰਧਲਾ ਕਰ ਰਹੀਆਂ ਸਨ ਪਰ ਇਸ ਦੀ ਸ਼ੁਰੂਆਤ ਅਕਾਲੀ ਦਲ ਦੇ ਧਰਮਯੁੱਧ ਮੋਰਚੇ ਤੋਂ ਹੁੰਦੀ ਦਿੱਸ ਆਉਂਦੀ ਹੈ। ਇਸ ਦੀਆਂ ਜੜਾਂ ਦਿਖਾਵੇ ਲਈ ਘੜੇ ਸੰਵਿਧਾਨ ਨੂੰ ਵਿਸਾਰ ਕੇ ਮਨੂਸਿਮ੍ਰਤੀ ਅਨੁਸਾਰ ਸਮਾਜ ਸਿਰਜਣ ਦੇ ਨਾਪਾਕ ਇਰਾਦੇ ਵਿੱਚ ਵੱਧਦੀਆਂ-ਫੁਲਦੀਆਂ ਨਜ਼ਰ ਆਉਂਦੀਆਂ ਹਨ। ਮਨੂਸਿਮ੍ਰਤੀ ਦਾ ਮੰਤਵ ਨਾ-ਬਰਾਬਰੀ ਦਾ ਸਮਾਜ ਸਿਰਜਣਾ ਸੀ ਤਾਂ ਕਿ ਚੰਦ ਰਾਜ ਕਰਦੇ ਲੋਕ/ਵਰਗ ਪੁਸ਼ਤ ਦਰ ਪੁਸ਼ਤ ਬਿਨਾਂ ਵਿਰੋਧ ਦੇ ਰਾਜਸੀ ਸੱਤਾ ਬਿਨਾ ਵਿਰੋਧ ਦੇ ਹੰਢਾ ਸਕਣ। ਇਹ ਵੱਡੀ ਸਮਾਜ-ਘਾਤਕ ਕਮਜ਼ੋਰੀ ਸੀ ਜਿਸ ਨੇ ਪਹਿਲਾਂ ਵੀ ਕੁਝ ਸਦੀਆਂ ਵਿੱਚ ਹੀ ਹਿੰਦ ਦੇ ਲੋਕਾਂ ਨੂੰ ਇੰਨਾ ਨਿਹੱਥਲ ਕਰ ਦਿੱਤਾ ਸੀ ਕਿ ਉਹ ਦਹਸਦੀਆਂ ਲਈ ਗ਼ੁਲਾਮ ਬਣ ਕੇ ਰਹਿ ਗਏ। ਗ਼ੁਲਾਮੀ ਵਿੱਚ ਵੀ ਉਹਨਾਂ ‘ਉੱਚ’ ਵਰਗਾਂ’ ਦੀ ਸਰਦਾਰੀ ਸ਼ਾਸਕਾਂ ਨੇ ਆਪਣੀ ਸਹੂਲਤ ਲਈ ਅਮਲ ਵਿੱਚ ਕਾਇਮ ਰੱਖੀ ਤਾਂ ਕਿ ਜ਼ਰ ਖ਼ਰੀਦਾਂ ਰਾਹੀਂ ਰਾਜਸੀ ਸੱਤਾ ਨੂੰ ਬੇ-ਰੋਕ ਟੋਕ ਮਾਣਿਆ ਜਾ ਸਕੇ। ਮਨੂ ਮਹਾਰਾਜ ਦੀ ਕਿਰਪਾ ਗ਼ੁਲਾਮੀ ਦੀ ਹਾਲਤ ਵਿੱਚ ਵੀ ਆਪਣਾ ਕੰਮ ਕਰਦੀ ਰਹੀ। ਅਜੋਕੀ ਅੰਤਰਰਾਸ਼ਟ੍ਰੀ ਸਥਿਤੀ ਵਿੱਚ ਇਹ ਵਰਗ ਸਮਝਦੇ ਹਨ ਕਿ ਕਿਸੇ ਮੁਲਕ ਉੱਤੇ ਸਾਮਰਾਜ ਕਾਇਮ ਕਰ ਸਕਣਾ ਸੰਭਵ ਨਹੀਂ ਅਤੇ ਜੇ ਹੋ ਵੀ ਜਾਵੇ ਤਾਂ ਵੀ ਇਹਨਾਂ ਦੀ ਟੁੱਕੜ-ਬੋਚ ਵਿਚੋਲਿਆਂ ਦੇ ਤੌਰ ਉੱਤੇ ਲੋੜ ਸਦਾ ਵਾਂਗ ਕਾਇਮ ਰਹੇਗੀ। ਇਹ ਸਮਝਦੇ ਹਨ ਕਿ ਸੰਵਿਧਾਨ ਨੂੰ ਝਕਾਨੀ ਦੇ ਕੇ, ਜਿਸ ਕਰਮ ਦੇ ਇਹ 65 ਸਾਲਾਂ ਵਿੱਚ ਮਾਹਰ ਬਣ ਚੁੱਕੇ ਹਨ, ਨਵੇਂ ਰਾਜ ਘਰਾਣੇ ਸਿਰਜ ਕੇ ਉੱਚ ਵਰਗਾਂ ਦੀ ਸੱਤਾ ਕਾਇਮ ਰੱਖੀ ਜਾ ਸਕਦੀ ਹੈ_ ਚਾਹੇ ਆਰਜ਼ੀ ਤੌਰ ਉੱਤੇ ਰਾਜ ਘਰਾਣਿਆਂ ਵਿੱਚ ਕੁਝ ਕੁ ਨੀਮ-ਸ਼ੂਦਰਾਂ ਨੂੰ ਵੀ ਥਾਂ ਦੇਣੀ ਪਵੇ।
    ਸੱਤਾ ਨੂੰ ਚੰਦ ਵਰਗਾਂ ਤੱਕ ਸੀਮਤ ਕਰਨ ਦਾ ਅਮਲ ਹਿੰਦ ਕਈ ਦਹਸਦੀਆਂ ਹੰਢਾ ਚੁੱਕੀ ਹੈ ਅਤੇ ਇਸ ਦੇ ਨਾਕਾਰਾਤਮਕ ਸਿੱਟਿਆਂ ਦਾ ਸੰਤਾਪ ਅਜੇ ਭੋਗ ਰਹੀ ਹੈ। ਇਸ ਦੇ ਕਈ ਅਤਿ ਦੁੱਖਦਾਈ ਪਹਿਲੂ ਹਨ ਜਿਨਾਂ ਬਾਰੇ ਜਾਣਕਾਰੀ ਕਿਸੇ ਹੱਦ ਤੱਕ ਧੁੰਦਲੀ ਪੈ ਚੁੱਕੀ ਹੈ। ਸੰਵਿਧਾਨ, ਵੋਟ-ਅਧਿਕਾਰ, ਮਨੁੱਖੀ ਅਧਿਕਾਰ ਸੰਸਥਾਵਾਂ, ਸੁਤੰਤਰ ਨਿਆਂਪਾਲਿਕਾ, ਆਜ਼ਾਦ ਮੀਡੀਆ ਆਦਿ ਦੇ ਝਾਂਸਿਆਂ ਨਾਲ ਇਸ ਪਹਿਲੂ ਉੱਤੇ ਅੱਜ ਕਈ ਪਰਦੇ ਪੈ ਸਕਦੇ ਹਨ ਅਤੇ ਪਾਏ ਜਾ ਚੁੱਕੇ ਹਨ। ਵੋਟਾਂ ਦਾ ਝੰਜਟ ਜਿੰਨੀ ਦੇਰ ਤੱਕ ਨਿਯੰਤ੍ਰਣ ਵਿੱਚ ਨਹੀਂ ਲਿਆਂਦਾ ਜਾ ਸਕਦਾ ਓਨੀ ਦੇਰ ਤੱਕ ਨਸ਼ੇ, ਸ਼ਰਾਬ, ਅੰਨ, ਸਾਈਕਲ, ਬਾਲਟੀਆਂ, ਸਿਲਾਈ ਮਸ਼ੀਨਾਂ ਅਤੇ ਪੈਸੇ ਵੰਡ ਕੇ ਕੰਮ ਚਲਾਉਣ ਦਾ ਆਰਜ਼ੀ ਤਜ਼ਰਬਾ ਅਜੇ ਸਭ ਪਾਸੇ ਅਜ਼ਮਾਇਆ ਜਾ ਰਿਹਾ ਹੈ। ਜਦੋਂ ਇਹ ਮਹਾਂਮਾਰੀ ਬਣ ਗਿਆ ਤਾਂ ਕੁਲੀਨ ਵਰਗ ਅਧੀਨ ਮੀਡੀਆ ਡੌਂਡੀ ਪਿੱਟੇਗਾ ਕਿ ਇਹ ਵੋਟਰ ਇੰਨੇ ਸਸਤੇ ਵਿਕਣ ਲੱਗ ਪਏ ਹਨ ਕਿ ਹੁਣ ਮਤਾਧਿਕਾਰ ਹੀ ਬੇ-ਮਾਅਨਾ ਹੋ ਗਿਆ ਹੈ। ਤਦ ਸਹਿਜੇ ਹੀ ਪ੍ਰਣਾਲੀਆਂ ਬਦਲ ਲਈਆਂ ਜਾਣਗੀਆਂ। ਜਨਤਾ ਨੂੰ ਕਾਬੂ ਕਰਨ ਦੇ ਅਤੇ ‘ਸ਼ਾਤਮਈ’ ਰੱਖਣ ਦੇ ਨਵੇਂ ਤਰੀਕੇ ਈਜਾਦ ਕਰ ਲਏ ਜਾਣਗੇ। ਜਿਨਾਂ ਵਰਗਾਂ ਨੂੰ ਵੋਟ ਹੱਕ ਤੋਂ ਵਾਂਝਾ ਕਰ ਦਿੱਤਾ ਜਾਵੇਗਾ, ਉਨਾਂ ਨੂੰ ਰਾਜ ਵਿੱਚ ਭਾਗੀਦਾਰ ਬਣਾਉਣ ਦੀ ਲੋੜ ਖ਼ਤਮ ਹੋ ਜਾਵੇਗੀ। ਮਨੂ ਮਹਾਰਾਜ ਫ਼ੇਰ ਸਿੰਘਾਸਣ ਉੱਤੇ ਬਿਰਾਜਮਾਨ ਹੋ ਕੇ ਚੰਮ ਦੀਆਂ ਚਲਾਉਣਗੇ। ਇਹ ਮੰਜ਼ਰ ਇੰਨਾਂ ਖੌਫ਼ਨਾਕ ਹੈ ਕਿ ਇਸ ਦਾ ਤਸੱਵਰ ਵੀ ਪਿੰਡੇ ਨੂੰ ਸੁੰਨ ਕਰ ਜਾਂਦਾ ਹੈ। ਕਿਤੇ ਇਸ ਨਾਟਕ ਦਾ ਮੰਚਨ ਸ਼ੁਰੂ ਤਾਂ ਨਹੀਂ ਹੋ ਚੁੱਕਿਆ? ਕਿਤੇ ਇਹ ਅੱਧਵਾਟੇ ਤਾਂ ਨਹੀਂ ਪਹੁੰਚ ਚੁੱਕਿਆ?
    ਘੱਟੋ-ਘੱਟ ਪੰਜਾਬ ਦੇ ਸੰਦਰਭ ਵਿੱਚ ਤਾਂ ਇਸ ਦੀ ‘ਆਦਮ-ਬੋ, ਆਦਮ-ਬੋ’ ਹਰ ਗਲੀ-ਮੁਹੱਲੇ ਵਿੱਚ ਸੁਣੀ ਜਾ ਰਹੀ ਹੈ। ਸੰਵਿਧਾਨ ਦੇ ਪਿੰਜਰ ਵੀ ਦਰਿਆਵਾਂ ਦੇ ਪਾਣੀ ਵਾਂਗ ਸੁੱਕ ਚੁੱਕੇ ਹਨ। ਅਣਖੀ ਗੱਭਰੂਆਂ ਨੂੰ ਬਿੱਲੇ ਲਾਉਣ ਦੇ ਅਤੇ ਬਾਕੀਆਂ ਨੂੰ ਮੁੰਦਰਾਂ ਪਵਾ ਕੇ ਬਾਂਦਰ-ਟਪੂਸੀਆਂ ਮਰਵਾਉਣ ਦੇ ਪੱਕੇ ਇੰਤਜ਼ਾਮ ਹੋ ਚੁੱਕੇ ਹਨ। ਜਬਰੀ ਠੇਕਿਆਂ ਦਾ ਅਮਲ ਹੁਣ ਘੋੜਿਆਂ, ਊਠਾਂ , ਬਲਦਾਂ ਨੂੰ ਨਾਲਾਂ ਦੇਣ ਵਾਂਗ ਹੱਥ-ਪੈਰ ਬੰਨ ਕੇ ਬੋਤਲਾਂ ਗਲਾਂ ਵਿੱਚ ਉਧੇਲਣ ਨਾਲ ਆਪਣੇ ਅੰਜਾਮ ਤੱਕ ਲੈ ਜਾਇਆ ਜਾਵੇਗਾ ਜਿਸ ਦੇ ਆਸਾਰ ਹੁਣ ਨਜ਼ਰ ਆਉਣ ਲੱਗ ਪਏ ਹਨ। ਅਜੇ ਕੱਲ ਦੀ ਗੱਲ ਹੈ ਕਿ ਫ਼ੌਜਾਂ ਇਹਨਾਂ ਨਾਲ ਲੋਹਾ ਲੈਣ ਤੋਂ ਕੰਨੀ ਕਤਰਾਉਂਦੀਆਂ ਸਨ। ਮਹਿਜ਼ ਤੀਹ ਸਾਲਾਂ ਵਿੱਚ ਸਿੰਘ ਬਿੱਲੀ ਕਿਵੇਂ ਬਣੇ_ ਇਹ ਮੌਜਜ਼ੇ ਦੇ ਮੂਰਤੀਮਾਨ ਹੋਣ ਦੀ ਕਥਾ ਵੀ ਓਨੀਂ ਹੀ ਦਿਲਚਸਪ ਹੈ ਜਿੰਨੀ ਦੁੱਖਦਾਈ ਹੈ।
    ਪਿਛਲੇ ਦੌਰ ਦੀ ਗੱਲ ਅਜੇ ਵਿਸਰੀ ਨਹੀਂ। ਉਹਨਾਂ ਸਮਿਆਂ ਵਿੱਚ ਇੱਕ ਦਿਨ ਆਇਆ ਸੀ। ਐਨ ਜਦੋਂ ਮਨੂ ਦੀ ਮਰਜ਼ੀ ਨੂੰ ਫਲ਼ ਲੱਗਣ ਹੀ ਵਾਲੇ ਸਨ, ਐਮਰਜੰਸੀ ਨੇ ਸਭ ਦੀਆਂ ਆਕੜਾਂ ਭੰਨ ਦਿੱਤੀਆਂ ਸਨ। ਸਮਾਜ ਗ਼ੁਲਾਮ ਵੰਸ਼ ਦੇ ਰਾਜ ਨੂੰ ਸੁਰਜੀਤ ਕਰਨ ਵੱਲ ਵੱਡੀਆਂ ਪੁਲਾਂਘਾਂ ਪੁੱਟ ਕੇ ਵੱਧ ਰਿਹਾ ਸੀ। ਫੇਰ ‘‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ,’’ ਦਾ ਬੋਲਾ ਸੰਭਾਲਣ ਵਾਲੇ ਗੁਰੂ ਕੇ ਸਿੱਖ ਉੱਠੇ। ਐਮਰਜੰਸੀ ਦੇ ਲਾਗੂ ਰਹਿਣ ਦੇ ਹਰ ਦਿਨ ਇਸ ਦਾ ਵਿਰੋਧ ਕਰ ਕੇ ਉਹਨਾਂ ਆਪਣੀ ਰੀਤ ਮੁਤਾਬਕ ਲੋਕਾਂ ਦੇ ਹੱਕ ਵਿੱਚ ਪਾਸਾ ਪਲਟ ਦਿੱਤਾ। ਫ਼ੇਰ ਤਖ਼ਤਾਂ-ਤਾਜਾਂ ਦੇ ਚਾਹਵਾਨਾਂ ਨੇ ਪੈਂਤੜਾ ਬਦਲਿਆ। ਪਹਿਲਾਂ ਸਿੱਖ ਕੌਮ ਨੂੰ ਹੀ ਮਲੀਆਮੇਟ ਕਰਨ ਦਾ ਮਨਸੂਬਾ ਬਣਿਆ।
    ਨਵੇਂ ਪੈਤੜੇ ਅਨੁਸਾਰ, ਸਿੱਖ ਕੌਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਓਹ ਸਨ ਜੋ ਅਦਲੀ ਪ੍ਰਭੂ ਨੂੰ ਸੱਚੇ ਤਖ਼ਤ ਉੱਤੇ ਬੈਠਾ ਵੇਖਦੇ ਸਨ ਅਤੇ ਉਸ ਦੀ ਸੁੱਚੀ ਬਾਦਸ਼ਾਹੀ ਦੇ ਹਰ ਇਸਤਰੀ, ਮਰਦ ਨੂੰ ‘ਹੰਨੇ ਹੰਨੇ ਮੀਰ’ ਜਾਣਦੇ ਸਨ। ਇਹ ਸਮਾਜਿਕ, ਧਾਰਮਿਕ, ਸਿਆਸੀ ਗ਼ੁਲਾਮੀ ਦੇ ਵਿਰੋਧ ਵਿੱਚ ਤਣ ਕੇ ਖੜੇ ਸਨ। ਸਾਹਿਬਾਂ ਦੇ ਬਚਨਾਂ ਨੂੰ ਜਗਤ-ਕਲਿਆਣਕਾਰੀ ਜਾਣ ਕੇ ਆਪਣੇ ਸਿਰ ਨਾਲ ਪੁਗਾਉਣ ਦੀਆਂ ਵਿਉਂਤਾਂ ਬਣਾਈ ਬੈਠੇ ਸਨ। ਇਹਨਾਂ ਨੂੰ ਉਹ ‘ਮਿਹਰਵਾਣ’ ਦਾ ਰਾਜ ਭਾਉਂਦਾ ਸੀ ਜਿਸ ਵਿੱਚ ਕੋਈ ਕਿਸੇ ਉੱਤੇ ਜ਼ੁਲਮ ਨਾ ਕਰ ਸਕੇ ਅਤੇ ਸਭ ਗੁਰੂ-ਪ੍ਰੇਮਸ਼ਰ ਦੀ ਗੋਦ ਵਿੱਚ ਨਿਰਭੈ-ਨਿਸ਼ੰਗ ਹੋ ਕੇ ਖੇਡਣ, ਮੌਲਣ ਅਤੇ ਸਮਰੱਥਾ ਅਨੁਸਾਰ ਚੜਦੇ ਚੰਨ ਵਾਂਗ ਤਰੱਕੀਆਂ ਕਰਨ। ਇਹਨਾਂ ਉਪਰ ਸੌ-ਸੌ ਬਹਾਨੇ ਬਣਾ ਕੇ, ਗੁੰਝਲਦਾਰ ਮੱਕੜ-ਜਾਲ ਤਣ ਕੇ, ਅਕ੍ਰਿਤਘਣਤਾ ਦੇ ਸਭ ਹੰਦਾਂ-ਬੰਨੇ ਤੋੜ ਕੇ ਫ਼ੌਜਾਂ ਚਾੜੀਆਂ ਗਈਆਂ ਅਤੇ  ਲਾ ਮਿਸਾਲ ਕਹਰ ਵਰਤਾ ਕੇ ਇਹਨਾਂ ਨੂੰ ਖ਼ਤਮ ਕਰ ਦਿੱਤਾ ਗਿਆ।
    ਕੁਝ ਉਹ ਸਨ ਜੋ ‘ਬਾਬਰ ਬ-ਐਸ਼ ਕੋਸ਼ ਕਿ ਆਲਮ ਦੁਬਾਰਾ ਨੇਸਤ’ ਦੇ ਧਾਰਨੀ ਸਨ। ਇਹਨਾਂ ਲਈ ਸੱਚ ਦੀ ਸਹਿਨਸ਼ਾਹੀ, ਨਿਆਂ ਦਾ ਬੋਲਬਾਲਾ, ਮਨੁੱਖੀ ਬਰਾਬਰੀ, ਨਿਮਾਣਿਆਂ ਦੇ ਮਾਣ ਬਣ ਉੱਭਰਨਾ, ‘‘ਨੀਚਾਂ ਅੰਦਰ ਨੀਚ’’ ਅਖਵਾਉਣਾ ਆਦਿ ਸਭ ਪਵਿੱਤ੍ਰ ਸੰਕਲਪ ਮਹਿਜ਼ ਸ਼ਬਦ ਸਨ। ਇਹ ਤਖ਼ਤਾਂ ਹੇਠ ਪੀਹੜੀਆਂ ਡਾਹ ਕੇ ਸੱਤਾ ਦੇ ਪਰਛਾਵੇਂ ਹੰਢਾਉਣ ਦੇ ਹਾਮੀ ਸਨ। ਸੱਜਣ ਦੇਸ਼ ਦੇ ਸੁਨੇਹੜੇ ਇਹਨਾਂ ਕਦੀ ਨਾ ਸੁਣੇ ਸਨ, ਨਾ ਇਹਨਾਂ ਦੇ ਤਸੱਵਰ ਵਿੱਚ ਸਨ। ਧਰਤੀ ਦੇ ਤਖ਼ਤੇ ਉੱਤੇ ਸੱਚਾਈ ਇਹ ਸੀ ਕਿ ਸਿੱਖ ਕੇਵਲ ਭਾਰਤ ਦੀ ਆਬਾਦੀ ਦਾ ਦੋ ਪ੍ਰਤਿਸ਼ਤ ਹਨ, ਇਹਨਾਂ ਵਿੱਚੋਂ ਮਸਾਂ ਅੱਧੇ ਕੁ ‘ਹੰਨੇ ਹੰਨੇ ਮੀਰ’ ਦਾ ਸੁਪਨਾ ਵੇਖਣ ਦੇ ਕਾਬਲ ਸਨ; ਵਿਰੋਧ ਵਿੱਚ ਕੰਨਿਆਕੁਮਾਰੀ ਤੱਕ ਅਣਗਿਣਤ ਲੋਕ ਖੜੇ ਨਜ਼ਰ ਆਏ।
    ਇਹ ਸੀ ਸ਼ੁਰੂਆਤ ਖ਼ਾਲਸੇ ਦੀ ਰਹਿਤ ਨੂੰ, ਦਸਮੇਸ਼ ਦੇ ਅੰਮ੍ਰਿਤ ਨੂੰ ਅਤੇ ਗੁਰੂ ਗ੍ਰੰਥ ਦੇ ਸਰਬ-ਕਲਿਆਣਕਾਰੀ ਉਪਦੇਸ਼ ਨੂੰ ਧਰਤੀ ਉੱਤੋਂ ਮਨਫ਼ੀ ਕਰਨ ਦੀ ਯੋਜਨਾ ਨੂੰ ਜੀ ਆਇਆਂ ਆਖ਼ਣ ਦੀ। ਤੀਲਿਆਂ ਵਾਲੇ ਕਾਨਿਆਂ ਵਾਲਿਆਂ ਨੂੰ ਗਲ਼ੇ ਲੱਗ ਕੇ ਮਿਲੇ ਜੈਸੇ ਭਾਈ ਨੂੰ ਭਾਈ। ਏਜੰਡਾ ਬਹੁਤ ਵਸੀਹ ਸੀ। ਹੁਣ ਤਾਂ ਅਮਲ ਦੇ ਨਤੀਜੇ ਵੀ ਨਿਕਲਣੇ ਸ਼ੁਰੂ ਹੋ ਗਏ ਹਨ। ਪੁਲਿਸੀਏ ਵਿਚਾਰੇ ਤਾਂ ਫ਼ੀਤੀਆਂ ਪਿੱਛੇ ਕਈ-ਕਈ ਕਤਲ ਕਰ ਚੁੱਕੇ ਸਨ; ਇਹਨਾਂ ਕੋਲੋਂ ਹਰ ਮੌਕੇ ਨੌਜਵਾਨਾਂ ਦੀਆਂ ਪੱਗਾਂ ਲੁਹਾਉਣੀਆਂ ਕਿੰਨਾ ਕੁ ਮੁਸ਼ਕਲ ਸੀ? ਰਹਿੰਦੀ ਕਸਰ ਘੋਨ-ਮੋਨ ਨਕਲੀ ਸ਼ਹੀਦਾਂ ਨੂੰ ਮਹਾਨ ਸ਼ਹੀਦ ਪ੍ਰਚਾਰ ਕੇ ਪੂਰੀ ਕਰ ਲਈ ਗਈ। ਪੰਜ ਕਮਜ਼ੋਰ ਸਿੱਖਾਂ ਨੂੰ ਸਥਾਈ ਪੰਜ ਪਿਆਰੇ ਥਾਪ ਕੇ ਗੁਰੂ ਗ੍ਰੰਥ ਤੋਂ ਲੋਕਾਂ ਨੂੰ ਦੂਰ ਲੈ ਜਾਣ ਦੀ, ਪੰਥ-ਦਰਦੀ ਪ੍ਰਚਾਰਕਾਂ ਨੂੰ ਪੰਥ ਵਿੱਚੋਂ ਛੇਕਣ ਦੀ ਚੰਦਰੀ ਰੀਤ ਚਲਾਈ ਗਈ। ਦਲੀਪ ਸਿੰਘ ਨੂੰ ਅਭਿਮੱਨਯੂ ਵਾਂਗੂੰ ਗ਼ੈਰਾਂ ਦੇ ਚੱਕ੍ਰਵਿਯੂਹ ਵਿੱਚ ਘੇਰ ਕੇ ਕੇਸ ਕਤਲ ਕਰਵਾਉਣ ਦੀ ਹੱਲਾਸ਼ੇਰੀ ਦਿੱਤੀ ਗਈ। ਵੱਡੇ ਅਪ੍ਰੇਸ਼ਨ ਤੋਂ ਪਹਿਲਾਂ ਬੇਹੋਸ਼ੀ ਦੀ ਦਵਾਈ ਦੇ ਤੌਰ ਉੱਤੇ ਮਣਾਂਮੂਹੀ ਭੁੱਕੀ, ਅਫ਼ੀਮ, ਹੈਰੋਈਨ ਆਦਿ ਪੰਜਾਬ ਵਿੱਚ ਝੋਕੇ ਗਏ। ਸ਼ਰਾਬ ਦੇ ਠੇਕਿਆਂ ਦੀਆਂ ਬਹਾਰਾਂ ਹਰ ਗਲ਼ੀ ਦੇ ਮੋੜ ਉੱਤੇ ਸਜਾਈਆਂ ਗਈਆਂ । ਨੌਜਵਾਨਾਂ ਦੀ ਜ਼ਮੀਰ ਕਤਲ ਕਰਨ ਲਈ ਬੇਰੁਜ਼ਗਾਰੀ ਦੀ ਮਹਾਂਮਾਰੀ ਨੂੰ ਖੁੱਲੀ ਛੁੱਟੀ ਦਿੱਤੀ ਗਈ। ਬਲਦੀ ਤੇ ਤੇਲ ਪਾਇਆ ਮੁੰਦਰਾਂ ਵਾਲੇ ਜੋਗੀਆਂ-ਸੂਫ਼ੀਆਂ ਨੇ। ਇਹਨਾਂ ਨੇ ਲੱਚਰਤਾ ਪ੍ਰਸਾਰਨ ਲਈ ਦੋ-ਮੂੰਹੇ ਸ਼ਬਦਾਂ ਵਿੱਚ ਗੀਤ ਰਚ ਕੇ ਭੈਣਾਂ, ਨਾਬਾਲਗ ਬੱਚੀਆਂ, ਬੀਬੀਆਂ ਦੀਆਂ ਕੁੜਤੀਆਂ, ਚੋਲੀਆਂ ਹੇਠ ਤੱਕ ਬੁਰੀਆਂ ਨਜ਼ਰਾਂ ਨੂੰ ਪੁਚਾਇਆ। ਗਿੱਧਾ ਪਾਉਂਦੇ ਬਾਬੇ ਤਾਂ ਪੰਜਾਬ ਨੇ ਵੇਖੇ ਸਨ, ਹੁਣ ਨੂੰਹਾਂ-ਧੀਆਂ ਸਮੇਤ ਨੰਗੇ ਨਾਚ ਨਿਹਾਰਦੇ ਵੇਖ ਕੇ ਸੱਭਿਅਤਾ ਵੀ ਸ਼ਰਮਸਾਰ ਹੋਈ। ਚਰਿਤ੍ਰੋਪਖਿਆਨ ਦੇ ਪ੍ਰਚਾਰ ਲਈ ਇਹਨਾਂ ਦੇ ਸਹਿਯੋਗੀਆਂ ਨੇ ਕਰੋੜਾਂ ਰੁਪੈ ਖਰਚੇ।
    ਜੇ ਅਜਿਹਾ ਕਰਨ ਵਾਲਿਆਂ ਨੂੰ ਮੌਕਾ ਸ਼ਨਾਸ, ਸਿਆਸੀ ਤਾਕਤ ਦੇ ਭੁੱਖੇ ਆਦਿ ਆਖ ਕੇ ਕੰਮ ਨਾ ਸਾਰਿਆ ਜਾਵੇ ਤਾਂ ਇਹਨਾਂ ਨੂੰ ਸਮਝਣ ਲਈ ਗੰਭੀਰ ਮੁਤਾਲਿਆ ਦੀ ਲੋੜ ਪੈਂਦੀ ਹੈ। ਸ਼ਾਇਦ ਇਹ ਇਮਾਨਦਾਰੀ ਨਾਲ ਇਸ ਧਾਰਨਾ ਤੋਂ ਕਾਇਲ ਹਨ ਕਿ ਗੁਰੂ ਗ੍ਰੰਥ ਦਾ ਉਪਦੇਸ਼, ਅੰਮ੍ਰਿਤ ਦੀ ਦਾਤ, ਖ਼ਾਲਸੇ ਦੀ ਰਹਿਤ ਅਤੇ ਇਹਨਾਂ ਵਿੱਚ ਸਮਾਏ ਸਿੱਖੀ ਦੇ ਸਿਆਸੀ ਸਰੋਕਾਰ (ਜਿਨਾਂ ਨੂੰ ਨਿਰੂਪਣ ਕਰਨ ਦੀ ਅਸੀਂ ਕਦੇ ਜ਼ਹਮਤ ਨਹੀਂ ਉਠਾਈ) ਅੱਜ ਦੇ ਜ਼ਮਾਨੇ ਦੀ ਹਿੰਦ ਦੀ ਸਿਆਸੀ ਗਤੀ ਵਿੱਚ ਪ੍ਰਭਾਵ ਪਾਉਣ ਦੇ ਕਾਬਲ ਨਹੀਂ ਰਹੇ। ਸ਼ਾਇਦ ਅਸਾਡੇ ਇਹ ਨੇਤਾ ਸਮਝਦੇ ਹਨ ਕਿ ਅਜਿਹੇ ‘ਅਣਸੁਖਾਵੇਂ’ ਸੰਕਲਪਾਂ ਨੂੰ ਤਿਲਾਂਜਲੀ ਦੇਣ ਨਾਲ ਪੰਜਾਬ ਦੇ ਜਾਏ ਕੁਝ ਕੁ ਪੀੜੀਆਂ ਸੰਘਰਸ਼ ਰਹਿਤ, ਦੁੱਖ ਰਹਿਤ ਜੀਵਨ ਜਿਉਂ ਸਕਣ। ਇੱਜ਼ਤਾਂ, ਅਣਖਾਂ, ਅਧਿਆਤਮ ਦੀ ਖਿੱਚ, ਅਣਖ ਦੀ ਧੂਅ ਨੂੰ ਵਿਸਾਰ ਕੇ ਹਿੰਦੀ ਗ਼ੁਲਾਮੀ ਵਿੱਚ ਹਜ਼ਾਰਾਂ ਸਾਲ ਚੈਨ ਦੀ ਜ਼ਿੰਦਗੀ ਬਤੀਤ ਕਰ ਚੁੱਕੇ ਹਨ। ਇਹਨਾਂ ਦੇ ਤਸੱਵਰ ਅਨੁਸਾਰ ਸ਼ਾਇਦ ਇਹੋ ਰਾਹ ਹੈ ਸੰਸਾਰ ਉੱਤੇ ਜਿਉਣ ਦਾ। ਜੇ ਇਹਨਾਂ ਦੀਆਂ ਧਾਰਨਵਾਂ ਠੀਕ ਹਨ ਤਾਂ ਬਿਨਾਂ ਹੋਰ ਖ਼ੂਨ-ਖ਼ਰਾਬੇ ਦੇ ਇਸੇ ਰਾਹ ਪੈ ਜਾਣ ਵਿੱਚ ਸਭ ਦਾ ਭਲ਼ਾ ਹੈ। ਹੁਣ ਗੁੱਝੀ ਰਿੰਨਣ ਦਾ ਸਮਾਂ ਨਹੀਂ; ਇਹ ਆਪਣਾ ਪੱਖ ਜੱਗ-ਜ਼ਾਹਰ ਕਰਨ ਅਤੇ ਸ਼ਿਖੰਡੀ ਦੀ ਓਟ ਲੈ ਕੇ ਬਾਣ ਦਾਗਣੇ ਬੰਦ ਕਰਨ। ਇਹ ਜ਼ਹਿਰ-ਸਿੰਜੇ ਬਾਣ ਇਹਨਾਂ ਦੇ ਨਹੀਂ, ਕਿੰਨਾਂ ਹੋਰ ਭੱਥਿਆਂ ਦੇ ਹਨ।
ਦੂਜਾ ਪੱਖ ਜਿਸ ਨੂੰ ਕਲਗ਼ੀ ਦਾ ਝਲਕਾਰਾ, ਪ੍ਰੇਮ ਖੇਲਣ ਦਾ ਚਾਉ, ਨਿਰੰਕਾਰ ਦੇ ਦੇਸ਼ ਦੀਆਂ ਠੰਡੀਆਂ ਹਵਾਵਾਂ, ਗੁਰੂ ਗ੍ਰੰਥ ਦੇ ਉਪਦੇਸ਼, ਪ੍ਰੋਪਕਾਰੀ ਜੀਵਨ, ਰਣਜੀਤ ਨਗਾਰੇ, ਡੱਗੇ, ਤੰਦਾਂ ਬਣ ਆਪਣੇ ਵੱਲ ਖਿੱਚ ਰਹੇ ਹਨ; ਉਹ ਵੀ ਗੂੰਗੇ ਦੀ ਮਠਿਆਈ ਦਾ ਰਸ ਮਾਨਣਾ ਛੱਡਣ। ਆਪਣੇ ਸੁਹਣੇ ਅਕੀਦੇ ਮਖ਼ਮਲ਼ੀ ਰੁਮਾਲਿਆਂ ਵਿੱਚ ਵਲੇਟ ਕੇ ਲੋਕਾਂ ਦੇ ਸਾਹਮਣੇ ਰੱਖਣ ਤਾਂ ਕਿ ਸੰਸਾਰ ਨਵੇਂ ਜੰਮੇ ਬੱਚਿਆਂ ਦੀਆਂ ਮੁਸਕਾਨਾਂ ਵਾਂਗ ਇਹਨਾਂ ਨੂੰ ਪਿਆਰੇ, ਦੁਲਾਰੇ ਅਤੇ ਇਹਨਾਂ ਉੱਤੋਂ ਵਾਰੇ-ਵਾਰੇ ਜਾਵੇ। ਕੌਡੀਆਂ ਬਦਲੇ ਲਾਲ ਵਗਾਹ ਕੇ ਮਾਰਨ ਦੇ ਕੁਲਹਿਣੇ ਵਰਤਾਰੇ ਨੂੰ ਸਮੇਟਣ ਵਿੱਚ ਮਦਦ ਮਿਲੇ ਅਤੇ ਅਸੀਂ ਨਿਸੰਗ ਗਾ ਸਕੀਏ:
ਮਾਈ ਚਰਨ ਗੁਰ ਮੀਠੇ ॥ ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥    (ਟੋਡੀ ਮਹਲਾ 5)
 

1 comment:

  1. I’m glad to locate so much of informative data in your blog.
    Shailendra

    ReplyDelete