Thursday, December 1, 2011

ਭਾਈ ਤਲਵਿੰਦਰ ਸਿੰਘ ਬੱਬਰ

ਪੱਤਰਕਾਰੀ, ਇਤਿਹਾਸ ਲਿਖਣ ਅਤੇ ਸਾਹਿਤ ਸਿਰਜਣ ਦੇ ਕੰਮ ਏਨੇਂ ਜ਼ਿੰਮੇਵਾਰੀ ਦੇ ਹਨ ਕਿ ਜ਼ਰਾ ਜਿੰਨੀ ਅਣਗਹਿਲੀ ਸਦੀਆਂ ਦਾ ਮੁਹਾਂਦਰਾ ਵਿਗਾੜਨ ਦਾ ਕਾਰਣ ਬਣ ਸਕਦੀ ਹੈ। ਇਤਿਹਾਸ ਲਿਖਣ ਦੀ ਪ੍ਰਕਿਰਿਆ ਏਨੀਂ ਇਮਾਨਦਾਰੀ ਅਤੇ ਨਿਰਪੱਖਤਾ ਦੀ ਮੰਗ ਕਰਦੀ ਹੈ ਜਿੰਨੀ ਕੁ ਕਦੇ-ਕਦੇ ਵੱਡੇ ਸਤਵਾਦੀ ਰਿਸ਼ੀਆਂ-ਮੁਨੀਆਂ ਵਿੱਚ ਵੀ ਨਹੀਂ ਲੱਭਦੀ। ਏਸ ਤੱਥ ਨੂੰ ਜਾਣ ਕੇ, ਜੋ ਪੂਰੀ ਸਾਧਨਾ ਨਾਲ ਆਪਣੇ-ਆਪ ਉੱਤੇ ਅੰਕੁਸ਼ ਲਗਾ ਕੇ, ਸੱਚ ਦੇ ਨੇੜੇ-ਤੇੜੇ ਪਹੁੰਚਣ ਦੀ ਤੀਬਰ ਚਾਹ ਲੈ ਕੇ ਇਤਿਹਾਸ ਲਿਖਦਾ ਹੈ, ਉਹੀ ''ਮਨੁ ਸਚ ਕਸਵਟੀ ਲਾਈਐ, ਤੁਲੀਐ ਪੂਰੈ ਤੋਲਿ'' ਗੁਰਵਾਕ ਦੀ ਪੈਰਵੀ ਕਰਦਾ ਪ੍ਰਤੀਤ ਹੋ ਸਕਦਾ ਹੈ। ਇਉਂ ਵੇਖਿਆਂ ਇਤਿਹਾਸ-ਲਿਖਣ-ਕਲਾ ਅਧਿਆਤਮਵਾਦ ਦਾ ਹੀ ਇੱਕ ਅੰਗ ਬਣ ਜਾਂਦੀ ਹੈ ਅਤੇ ਦੁਨਿਆਵੀ ਜ਼ਿੰਮੇਵਾਰੀ ਦੀਆਂ ਜ਼ੱਦਾਂ ਨੂੰ ਪਿੱਛੇ ਛੱਡਦੀ ਆਤਮਕ ਮੰਡਲ ਵਿੱਚ ਸਹਾਈ ਹੋਣ ਦਾ ਜ਼ਰੀਆ ਵੀ ਹੋ ਨਿੱਬੜਦੀ ਹੈ। ਹਰ ਕਿਸਮ ਦੀ ਸਾਧਨਾ ਦੀ ਰੌਸ਼ਨੀ ਵਿੱਚ ਵਿਚਰਦੀ ਬੁੱਧੀ ਨੂੰ ਕ੍ਰੋਧੀ, ਕਪਟੀ, ਚੋਰ-ਮਨ ਫੇਰ ਵੀ ਟਪਲਾ ਲਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ। ਏਸੇ ਕਾਰਣ 'ਬਿਬੇਕ ਬੁੱਧੀ' ਬਖ਼ਸ਼ਣ ਲਈ ਪ੍ਰਮਾਤਮਾ ਨੂੰ ਅਰਦਾਸਾਂ ਕਰਨੀਆਂ ਪੈਂਦੀਆਂ ਹਨ (ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ।) ਉਲਾਰ ਮਨ ਨਾਲ ਲਿਖਿਆ ਇਤਿਹਾਸ ਅਤੇ ਏਸ ਸਬੰਧੀ ਕੀਤੀਆਂ ਟਿੱਪਣੀਆਂ ਕਈ ਵਾਰੀ ਮਨੁੱਖ ਨੂੰ ਆਪਣੀ ਨਜ਼ਰ ਵਿੱਚ ਹੀ ਡੇਗਣ ਦਾ ਕਾਰਣ ਬਣ ਜਾਂਦੀਆਂ ਹਨ।

ਪਿੱਛੇ ਜਿਹੇ ਇਕ ਲੇਖ ਵਿੱਚ ਮੈਂ ਤਲਵਿੰਦਰ ਸਿੰਘ ਬੱਬਰ ਅਤੇ ਜਨਰਲ ਭੁੱਲਰ ਦਾ ਜ਼ਿਕਰ ਕੀਤਾ ਸੀ। ਇਹ ਸਤਹੀ ਪਹੁੰਚ ਨਹੀਂ ਸੀ ਬਲਕਿ ਏਸ ਦੀ ਪਿੱਠ ਉੱਤੇ ਕਾਫ਼ੀ ਸਮੇਂ ਦਾ ਅਧਿਐਨ ਸੀ। ਪਰ ਕੁਝ ਲੋਕ ਏਸ ਦੀ ਹਲਕੀ-ਫੁਲਕੀ ਖਿੱਲੀ ਉਡਾਉਣ ਦੇ ਮਕਸਦ ਨਾਲ ਲੇਖਕ ਉੱਤੇ ਚਿੱਕੜ ਉਛਾਲਦੀਆਂ ਨਾਜਾਇਜ਼ ਟਿੱਪਣੀਆਂ ਕਰਨ ਉੱਤੇ ਉੱਤਰ ਆਏ। ਜਨਰਲ ਭੁੱਲਰ ਦੇ ਸਮਰਥਕ ਦੀ ਸ਼ੰਕਾ ਦੂਰ ਕਰਨ ਲਈ ਇੱਕ ਵੱਡੇ ਲੇਖ ਦੀ ਲੋੜ ਪਈ। ਏਸ ਲੇਖ ਦਾ ਸਮਰਥਨ ਵਰਲਡ ਸਿੱਖ ਔਰਗਨਾਈਜ਼ੇਸ਼ਨ ਵਿੱਚ ਭੁੱਲਰ ਦੇ ਸਹਿਯੋਗੀ ਰਹਿ ਚੁੱਕੇ ਸਮਾਘ ਅਤੇ ਗੁਰਚਰਨ ਸਿੰਘ ਦੀਆਂ ਸਹਿਜ ਵਿੱਚ ਹੀ ਕੀਤੀਆਂ ਟਿੱਪਣੀਆਂ ਨੇ ਕਰ ਦਿੱਤਾ ਜਿਨ੍ਹਾਂ ਭੁੱਲਰ ਅਤੇ ਓਸ ਦੇ ਸਮਰਥਕ ਦਾ ਹਰ ਪਾਜ ਉਘਾੜ ਦਿੱਤਾ। ਸੱਚ ਸੌ ਪਰਦੇ ਪਾੜ ਕੇ ਸਾਹਮਣੇ ਆ ਜਾਂਦਾ ਹੈ। ਸਮਰਥਕ (ਸਹੋਤਾ) ਜੇ ਥੋੜ੍ਹਾ ਵੀ ਦਿਆਨਤਦਾਰ ਹੈ ਤਾਂ ਹੁਣ ਪਛਤਾ ਰਿਹਾ ਹੋਵੇਗਾ ਕਿ ਸਹਿਵਨ ਟਿੱਪਣੀ ਨੂੰ ਜੇ ਉਹ ਅਣਡਿੱਠ ਕਰ ਦਿੰਦਾ ਤਾਂ ਓਸ ਨੂੰ ਅਣਸੁਖਾਵੀਂ ਸੱਚਾਈ ਦਾ ਪ੍ਰਗਟਾਵਾ ਅਜੇ ਨਾ ਸੁਣਨਾਂ ਪੈਂਦਾ।

ਏਸੇ ਲੇਖ ਵਿੱਚ ਇੱਕ ਟਿੱਪਣੀ ਤਲਵਿੰਦਰ ਸਿੰਘ ਬੱਬਰ ਬਾਰੇ ਵੀ ਹੋ ਗਈ। ਏਸ ਲਈ ਕਈ ਮਾਨ-ਸਨਮਾਨ ਪ੍ਰਾਪਤ, 'ਵੱਡੇ ਇਤਿਹਾਸਕਾਰ-ਬ-ਸਾਹਿਤਕਾਰ-ਬ-ਕਾਨੂੰਨ ਦਾਨ' ਨਾਜਾਇਜ਼ ਗੁੱਸੇ ਵਿੱਚ ਆ ਗਏ। ਮੋੜਵੀਂ ਟਿੱਪਣੀ ਕਰਦਿਆਂ ਉਹਨਾਂ ਇੱਕ ਪੱਤਰ ਇੰਟਰਨੈਟ ਉੱਤੇ ਜਾਰੀ ਕਰ ਦਿੱਤਾ ਜਿਸ ਵਿੱਚ ਲੇਖਕ ਨੂੰ ਜਿੰਨਾਂ ਵੱਧ ਤੋਂ ਵੱਧ ਭੰਡਿਆ ਜਾ ਸਕਦਾ ਸੀ ਭੰਡਿਆ। ਨਾਲੋ-ਨਾਲ ਅਪਣੱਤ ਅਤੇ ਸੁਹਿਰਦਤਾ ਦਾ ਮੋਟ ਮਖੌਟਾ ਵੀ ਧਾਰਣ ਕਰੀ ਰੱਖਿਆ। ਹਰਜਿੰਦਰ ਸਿੰਘ ਦਿਲਗੀਰ ਨੇ ਆਖਿਆ ਕਿ ਉਹ ਹਰ ਮਸਲੇ ਉੱਤੇ ਮੇਰੇ ਨਾਲ ਸੌ ਫ਼ੀਸਦੀ ਸਹਿਮਤ ਹੈ। ਇਹ ਫ਼ੀਸਦੀ ਦੱਸਦਾ ਸਹਿਮਤੀ-ਪਰਖ-ਯੰਤਰ ਪਤਾ ਨਹੀਂ ਕਿੱਥੋਂ ਉਸ ਦੇ ਹੱਥ ਲੱਗਾ ਹੈ ਜੋ ਅਜਿਹੇ ਬਿਆਨ ਲਈ ਓਸ ਨੂੰ ਪ੍ਰੇਰ ਸਕਿਆ। ਪਰ ਜੇ ਏਸ ਪ੍ਰਤੀ ਦਿਲਗੀਰ ਸੰਜੀਦਾ ਹੈ ਤਾਂ ਮੈਂ ਕਦੇ ਵੀ ਤੱਥ ਰਹਿਤ ਸਭ-ਵਲ੍ਹੇਟੂ ਬਿਆਨ ਦੇਣ ਨਾਲ ਸਹਿਮਤ ਨਹੀ ਹੁੰਦਾ; ਏਸ ਪਹਿਲੂ ਉੱਤੇ ਉਹ ਮੇਰੇ ਨਾਲ ਸਹਿਮਤੀ ਕਿਉਂ ਨਾ ਕਰ ਸਕਿਆ?

ਓਸ ਨੂੰ ਇਤਰਾਜ਼ ਸੀ ਕਿ ਮੈਂ ਤਲਵਿੰਦਰ ਸਿੰਘ ਨੂੰ ਕੌਮੀ ਹਿਤਾਂ ਦੇ ਵਿਰੋਧ ਵਿੱਚ ਖੜ੍ਹਾ ਵੇਖਿਆ ਹੈ। ਏਸ ਦਾ ਤਰਕ-ਸੰਗਤ ਜੁਆਬ ਦੇਣ ਦੀ ਜਗ੍ਹਾ ਇਹ ਆਖਿਆ ਗਿਆ ਕਿ ਦਿਲਗੀਰ ਇੱਕ ਸਮੇਂ ਬੱਬਰ ਦੀ ਵਕਾਲਤ ਕਰਨ ਲਈ ਤਤਪਰ ਸੀ। ਪਰ ਏਸ ਬਚਨ ਨਾਲ ਕਿਸੇ ਸੱਚ ਦੀ ਤਸਦੀਕ ਨਹੀਂ ਹੁੰਦੀ। ਹਰ ਚੋਰ-ਉਚੱਕੇ, ਕਾਤਲ ਆਦਿ ਦੀ ਵਕਾਲਤ ਕੁਈ ਨ ਕੁਈ ਵਕੀਲ ਜ਼ਰੂਰ ਕਰਦਾ ਹੈ ਕਿਉਂਕਿ ਇਨਸਾਫ਼ ਦੇ ਤਕਾਜ਼ੇ ਅਤੇ ਵਕਾਲਤ-ਧਰਮ ਦੀ ਏਹੋ ਮੰਗ ਹੈ। ਕਿਸੇ ਦੀ ਵਕਾਲਤ ਕਰਨ ਦੀ ਇੱਛਾ ਮੁਵੱਕਲ ਦੀ ਸਦਾਕਤ ਦਾ ਅਕੱਟ ਸਬੂਤ ਨਹੀਂ ਬਣ ਸਕਦੀ।

ਦਿਲਗੀਰ ਨੇ ਮੇਰੇ ਕੋਲੋਂ ਬਿਨਾ ਪੁੱਛ-ਪੜਤਾਲ ਕੀਤੇ ਇਹ ਫ਼ਤਵਾ ਜਾਰੀ ਕਰ ਦਿੱਤਾ ਕਿ ਮੈਂ ਕਨੇਡਾ ਦੀਆਂ ਖ਼ੁਫ਼ੀਆ ਅਜੰਸੀਆਂ ਦੀ ਘੋਖ ਤੋਂ ਉੱਕਾ ਨਾਵਾਕਫ਼ ਹਾਂ ਅਤੇ ਏਸ ਲਈ ਅਜਿਹਾ ਦਾਅਵਾ ਕਰਦੀ ਮੇਰੀ ਟਿੱਪਣੀ ਸਹੀ ਨਹੀਂ। ਹਰ ਕਿਸਮ ਦੀ ਸ਼ਰਮ-ਸੰਗ ਨੂੰ ਤਿਆਗਦਿਆਂ ਉਹਨਾਂ ਇਹ ਕਰੂਰ ਬਚਨ ਵੀ ਆਖੇ ਕਿ ਮੇਰਾ ਦਾਅਵਾ ''ਕੋਰਾ ਝੂਠ'' ਹੈ। ਇਹ ਲਫ਼ਜ਼ ਆਪਣੇ ਬਿਆਨ ਵਿੱਚ ਦੁਹਰਾਇਆ ਵੀ। ਏਸ ਕਾਰਣ ਮੈਨੂੰ ਤਲਵਿੰਦਰ ਸਿੰਘ ਬੱਬਰ ਬਾਰੇ ਉਹ ਸਭ ਕੁਝ ਲਿਖਣਾ ਪੈ ਰਿਹਾ ਹੈ ਜੋ ਮੈਂ ਦੋ ਦਹਾਕਿਆਂ ਤੋਂ ਜਾਣਦਾ ਹਾਂ ਪਰ ਲਿਖਣ ਤੋਂ ਕੰਨੀ ਕਤਰਾ ਰਿਹਾ ਸਾਂ ਕਿਉਂਕਿ ਮਹਾਂਬਲੀ ਮਸੇਂ ਨੂੰ ਆਪਣੀ ਬੁੱਕਲ ਖੋਲ੍ਹਣ ਦਾ ਮੌਕਾ ਦੇਣਾ ਵੀ ਨਿਰਪੱਖ ਇਤਿਹਾਸਕਾਰੀ ਦਾ ਸਾਰਥਕ ਪਹਿਲੂ ਹੈ। ਡੂੰਘੇ ਰਹੱਸਾਂ ਦੇ ਮੁਖੜੇ ਸਤ ਪਰਦਿਆਂ ਵਿੱਚ ਵਲ੍ਹੇਟੇ ਹੁੰਦੇ ਹਨ ਜਿਨ੍ਹਾਂ ਦੇ ਲੱਥਣ ਦਾ ਇੰਤਜ਼ਾਰ ਜ਼ਰੂਰੀ ਹੁੰਦਾ ਹੈ।

ਕਿਉਂਕਿ ਜਾਣਕਾਰੀ ਦੇ ਆਧਾਰ ਉੱਤੇ ਜ਼ੋਰ ਦਿੱਤਾ ਗਿਆ ਹੈ, ਪਹਿਲੋਂ ਏਹੋ ਮਸਲਾ ਨਜਿੱਠਣਾ ਜ਼ਰੂਰੀ ਹੈ। ਕੈਨੇਡਾ ਦੇ ਦੋ ਪੱਤਰਕਾਰਾਂ ਨੇ ਏਅਰ ਇੰਡੀਆ ਦੇ ਕਨਿਸ਼ਕਾ ਜਹਾਜ਼ ਦੀ ਤਬਾਹੀ ਬਾਰੇ ਇੱਕ ਪੁਸਤਕ 'ਸੌਫ਼ਟ ਟਾਰਗਟ' 1986 ਵਿੱਚ ਲਿਖੀ ਸੀ। ਪੁਸਤਕ ਦਾ ਆਧਾਰ ਖੁਫ਼ੀਆਂ ਅਜੰਸੀਆਂ ਕੋਲੋਂ ਪ੍ਰਾਪਤ ਕੀਤੀ ਜਾਣਕਾਰੀ ਹੈ। ਜਾਪਦਾ ਇਉਂ ਹੈ ਕਿ ਕੈਨੇਡਾ ਦੀਆਂ ਸੂਹੀਆ ਅਜੰਸੀਆਂ ਜਿਸ ਸੱਚ ਨੂੰ ਮੁਲਕਾਂ ਦੇ ਸਬੰਧ ਵਿਗੜਨ ਡਰੋਂ ਆਪ ਪ੍ਰਗਟ ਨਹੀਂ ਸੀ ਕਰ ਸਕਦੀਆਂ ਉਹ ਤੱਥ ਇਹਨਾਂ ਨੇ 'ਸੌਫ਼ਟ ਟਾਰਗਟ' ਦੇ ਲੇਖਕਾਂ ਨੂੰ ਦੱਸ ਕੇ ਲੋਕਾਂ ਤੱਕ ਪੁੱਜਦਾ ਕੀਤੇ ਹਨ। ਏਸ ਕਿਤਾਬ ਦੀ ਸੱਚਾਈ ਨੂੰ ਗੰਭੀਰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਹਾਲਾਂਕਿ ਇੱਕਾ-ਦੁੱਕਾ ਚੇਸ਼ਟਾਵਾਂ ਹੋਈਆਂ ਹਨ। 'ਸੌਫ਼ਟ ਟਾਰਗਟ' ਉੱਤੇ ਸੱਚ ਜਾਣਨ ਲਈ ਟੇਕ ਰੱਖਣਾ ਸ਼ੱਕ ਦੀ ਜ਼ੱਦ ਤੋਂ ਬਾਹਰ ਹੈ - ਖ਼ਾਸ ਤੌਰ ਉੱਤੇ ਏਸ ਲਈ ਕਿ ਦੋਨੋਂ ਲੇਖਕ ਗਲੋਬ ਐਂਡ ਮੇਲ ਦੇ ਹੰਢੇ-ਵਰਤੇ ਪੱਤਰਕਾਰ ਹਨ ਅਤੇ ਸੱਚ-ਝੂਠ ਦਾ ਨਿਖੇੜਾ ਕਰਨ ਦੀ ਪ੍ਰਕਿਰਿਆ ਵਿੱਚੋਂ ਹਰ ਪਲ ਨਿਕਲਦੇ ਰਹਿੰਦੇ ਹਨ। ਸੂਹੀਏ ਖਫ਼ਾ ਸਨ ਕਿ ਉਹਨਾਂ ਨੂੰ ਖੋਜਬੀਨ ਕਰਨ ਦਾ ਪੂਰਣ ਅਧਿਕਾਰ ਸਰਕਾਰ ਨਹੀਂ ਸੀ ਦੇ ਰਹੀ ਬਲਕਿ ਜ਼ੋਰ ਦੇ ਰਹੀ ਸੀ ਕਿ ਕਨਿਸ਼ਕਾ ਦੇ ਡੇਗਣ ਨੂੰ ਅੱਤਵਾਦੀ ਕਾਰਾ ਹੀ ਸਾਬਤ ਕਰਨ। ਹਵਾਲੇ ਦੀਆਂ ਸ਼ਰਤਾਂ (Terms of Reference) ਵਿੱਚ ਇਹ ਹਿਦਾਇਤ ਕੀਤੀ ਗਈ ਸੀ (ਵੇਖੋ ਰਪਟ ਦਾ Annexure-J) ਉਹਨਾਂ ਕੋਲ ਸੱਚ ਨੂੰ ਪ੍ਰਗਟ ਕਰਨ ਦਾ ਦੂਸਰਾ ਰਾਹ ਨਹੀਂ ਸੀ। ਏਸ ਲਈ 'ਸੌਫ਼ਟ ਟਾਰਗਟ' ਨੂੰ ਅਸਲੀਅਤ ਦਾ ਦਸਤਾਵੇਜ਼ ਨਾ ਮੰਨਣਾ ਸੋਚ ਨੂੰ ਗਲਤ ਲੀਹਾਂ ਉੱਤੇ ਤੋਰਨ ਬਰਾਬਰ ਹੈ।

ਸਮਾਂ ਪਾ ਕੇ ਇੱਕ ਰਾਸ਼ਟਰਪਤੀ ਜ਼ੈਲ ਸਿੰਘ ਦੀ ਬੇਟੀ ਗੁਰਦੀਪ ਕੌਰ ਦੀ ਜੀਵਨ ਸਿੰਘ ਨੂੰ ਲਿਖੀ ਚਿੱਠੀ ਮੇਰੇ ਹੱਥ ਲੱਗੀ। ਏਸ ਵਿੱਚ ਬੀਬੀ ਓਸ ਨੂੰ ਤਾਕੀਦ ਕਰ ਰਹੀ ਹੈ ਕਿ ਸਿੱਖ ਨੇਤਾਵਾਂ ਨੂੰ ਭਰਮਾਉਣ ਲਈ, ਉਹਨਾਂ ਦੀ ਰੁਚੀ ਦਾ ਲਾਭ ਲੈਣ ਲਈ ਸੁੰਦਰ ਕੰਨਿਆਵਾਂ ਭੇਜੀਆਂ ਜਾਣ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਕਿ ਹਿੰਦ ਸਰਕਾਰ ਸਿੱਖ ਉਭਾਰ ਨੂੰ ਠੱਪਣ ਲਈ ਉਚੇਚੇ ਯਤਨ ਕਰ ਰਹੀ ਸੀ। ਏਸ ਜੀਵਨ ਸਿੰਘ ਦੇ ਤਲਵਿੰਦਰ ਸਿੰਘ ਪਰਮਾਰ ਨਾਲ ਗੂੜ੍ਹੇ ਸਬੰਧਾਂ ਨੂੰ ਕੈਨੇਡਾ ਦੇ ਕਈ ਸੂਹੀਆਂ ਨੇ ਤਸਦੀਕ ਕੀਤਾ ਹੈ ਅਤੇ ਅਨੇਕਾਂ ਸਰਕਾਰੀ ਦਸਤਾਵੇਜ਼ਾਂ ਵਿੱਚ ਇਹ ਤੱਥ ਲਿਖੇ ਮਿਲਦੇ ਹਨ ਜਿਨ੍ਹਾਂ ਦਾ ਸੰਪੂਰਨ ਹਵਾਲਾ ਮੈਂ ਦੇ ਸਕਦਾ ਹਾਂ। ਜੀਵਨ ਸਿੰਘ, ਜਿਹੜਾ ਕਿ ਆਪਣੇ-ਆਪ ਨੂੰ ਧਾਰਮਕ ਆਦਮੀ ਦਰਸਾਉਂਦਾ ਸੀ ਅਤੇ ਜਿਸ ਦੇ ਜ਼ੈਲ ਸਿੰਘ ਨਾਲ ਘਨਿਸ਼ਟ ਸਬੰਧ ਸਨ ਤੇ ਜਿਹੜਾ ਭਾਰਤ ਸਰਕਾਰ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਕੈਨੇਡਾ-ਅਮਰੀਕਾ ਵਿੱਚ ਤਾਇਨਾਤ ਸੀ, ਦੇ ਨਜ਼ਦੀਕੀ ਸਬੰਧ ਤਲਵਿੰਦਰ ਸਿੰਘ ਨਾਲ ਹੋਣੇ ਆਪਣੇ-ਆਪ ਵਿੱਚ ਵੱਡਾ ਸਬੂਤ ਹੈ ਕਿ ਇਹ ਬੱਬਰ ਸੱਜਣ ਸਰਕਾਰੀ ਮਸ਼ੀਨਰੀ ਦਾ ਇੱਕ ਅਹਿਮ ਪੁਰਜ਼ਾ ਬਣ ਕੇ ਵਿਚਰ ਰਿਹਾ ਸੀ; ਪੰਥ ਅਤੇ ਸਰਕਾਰ ਦੋਨਾਂ ਨਾਲ ਬਰਾਬਰ ਦੀ ਹਮਦਰਦੀ ਰੱਖਣ ਦਾ ਭਰਮ ਮਨ ਵਿੱਚ ਪਾਲ ਰਿਹਾ ਸੀ।

ਤਲਵਿੰਦਰ ਸਿੰਘ ਵੱਡੇ ਖ਼ਾੜਕੂ ਨੇਤਾ ਦੇ ਰੂਪ ਵਿੱਚ ਓਦੋਂ ਉੱਭਰਿਆ ਸੀ ਜਦੋਂ ਏਸ ਦਾ ਨਾਂਅ ਦਹੇੜੂ ਪੁਲਿਸ ਮੁਕਾਬਲੇ ਵਿੱਚੋਂ ਬਚ ਨਿਕਲਣ ਵਿੱਚ ਬੋਲਣ ਲੱਗਾ ਸੀ। ਇਹ ਵੀ ਇੱਕ ਵੱਡਾ ਗੋਰਖਧੰਦਾ ਹੋ ਨਿੱਬੜਦਾ ਹੈ। ਇੱਕ ਪੁਲਿਸ ਕਰਮਚਾਰੀ ਨੇ ਇਹ ਬਿਆਨ ਦਿੱਤਾ ਸੀ ਕਿ ਓਸ ਨੇ 19 ਨਵੰਬਰ 1981 ਦੇ ਦਹੇੜੂ ਪੁਲਿਸ ਮੁਕਾਬਲੇ ਵਿੱਚੋਂ ਤਲਵਿੰਦਰ ਸਿੰਘ ਨੂੰ ਹਰਨ ਹੁੰਦਿਆਂ ਵੇਖਿਆ ਸੀ। ਇਹ ਮੁਕਾਬਲਾ ਪਹਿਲਾ ਅਤੇ ਅਸਲ ਪੁਲਿਸ ਮੁਕਾਬਲਾ ਸੀ। ਇਹ ਬਹੁਤ ਮਸ਼ਾਹੂਰ ਹੋਇਆ। ਏਸ ਦਾ ਲਾਭ ਸਰਕਾਰ ਤਲਵਿੰਦਰ ਸਿੰਘ ਨੂੰ ਦੇਣ ਲਈ ਬਹੁਤ ਉਤਾਵਲੀ ਜਾਪਦੀ ਹੈ। ਅਸਲੀਅਤ ਇਹ ਸੀ ਕਿ ਤਲਵਿੰਦਰ ਸਿੰਘ 15 ਨਵੰਬਰ 1981 ਨੂੰ ਨੇਪਾਲ ਹੁੰਦਾ ਹੋਇਆ ਯੂਰਪ ਜਾ ਚੁੱਕਾ ਸੀ। ਓਸ ਦੇ ਪਾਸਪੋਰਟ ਉੱਤੇ ਸਾਰੇ ਸਬੂਤ ਮੌਜੂਦ ਸਨ। ਬਾਅਦ ਵਿੱਚ ਉਹ ਕੈਨੇਡਾ ਸਮੇਤ ਹੋਰ ਮੁਲਕਾਂ ਵਿੱਚ ਵੀ ਗਿਆ।

ਓਥੇ ਜਾ ਕੇ ਪਰਮਾਰ ਨੀਦਰਲੈਂਡ ਹੁੰਦਾ ਹੋਇਆ ਜਦੋਂ ਜਰਮਨੀ ਪੁੱਜਿਆ ਤਾਂ ਹਿੰਦ ਸਰਕਾਰ ਵੱਲੋਂ ਇੰਟਰਪੋਲ ਰਾਹੀਂ ਜਾਰੀ ਕੀਤੇ ਲਾਲ ਨੋਟਿਸ ਕਾਰਣ ਗ੍ਰਿਫ਼ਤਾਰ ਕਰ ਲਿਆ ਗਿਆ। ਜਰਮਨੀ ਤੋਂ ਏਸ ਨੂੰ ਜੂਨ 1984 ਵਿੱਚ ਰਿਹਾਅ ਕੀਤਾ ਗਿਆ। ਕੈਨੇਡਾ ਦੀਆਂ ਖੁਫ਼ੀਆਂ ਅਜੰਸੀਆਂ ਨੂੰ ਪਤਾ ਲੱਗਾ ਕਿ ਓਸ ਦੀ ਰਿਹਾਈ ਇੰਦਰਾ ਗਾਂਧੀ ਦੇ ਸਲਾਹਕਾਰ (ਤੀਜੀ ਅਜੰਸੀ ਦੇ ਹੈੱਡ) ਆਰ.ਐਨ. ਕਾਉ ਨੇ ਜਾ ਕੇ ਕਰਵਾਈ ਸੀ। ਇੱਕ ਤੋਂ ਵੱਧ ਹਵਾਲੇ ਏਸ ਵਿਸ਼ੇ ਉੱਤੇ ਮਿਲਦੇ ਹਨ। ਕੈਨੇਡਾ ਨੇ ਜਦੋਂ ਬੁਰੇ ਦੇ ਘਰ ਤੱਕ ਪਹੁੰਚ ਕਰਦਿਆਂ ਜਰਮਨ ਸਰਕਾਰ ਨੂੰ ਸਿੱਧਾ ਇਹ ਸਵਾਲ ਪੁੱਛਿਆ ਤਾਂ ਸਰਕਾਰ ਨੇ ਪੂਰੀ ਢੀਠਤਾਈ ਨਾਲ ਏਸ ਦੇ ਜੁਆਬ ਵਿੱਚ ਮੁਕੰਮਲ ਚੁੱਪ ਸਾਧ ਲਈ। ਏਸ ਚੁੱਪੀ ਦਾ ਇੱਕੋ-ਇੱਕ ਅਰਥ ਸੀ ਕਿ ਇਲਜ਼ਾਮ ਸੱਚਾ ਹੈ। ਕੁਈ ਦੱਸੇ ਕਿ ਭਿੰਡਰਾਂਵਾਲੇ ਦੇ ਹੱਕ ਵਿੱਚ ਹੋਏ ਉਭਾਰ ਦੀ ਵਾਗਡੋਰ ਏਸ ਦੇ, ਜਨਰਲ ਭੁੱਲਰ ਦੇ ਅਤੇ ਰਿਪੂਦਮਨ ਸਿੰਘ ਮਲਿਕ ਆਦਿ ਦੇ ਹੱਥ ਦੇਣ ਲਈ ਹਿੰਦ ਸਰਕਾਰ ਕਿਉਂ ਏਨਾਂ ਤਰੱਦਦ ਕਰ ਰਹੀ ਸੀ। ਜਰਮਨੀ ਤੋਂ ਛੁੱਟ ਕੇ ਪਰਮਾਰ ਸਿੱਧਾ ਮੈਡੀਸਨ ਸੁਕੇਅਰ ਗਾਰਡਨ ਦੇ ਮੰਚ ਉੱਤੇ ਪਹੁੰਚਿਆ ਸੀ ਜਿੱਥੇ ਇਹ ਵੱਡੇ ਧੜੱਲੇ ਨਾਲ ਮੰਚਾਰੂਢ ਹੋਇਆ ਸੀ। ਰਿਪੂਦਮਨ ਸਿੰਘ ਮਲਿਕ 1981 ਤੋਂ ਬੱਬਰ ਖ਼ਾਲਸਾ ਦਾ ਮੈਂਬਰ ਚੱਲਿਆ ਆ ਰਿਹਾ ਸੀ ਅਤੇ ਏਸ ਨੂੰ ਮਾਰਚ 1984 ਵਿੱਚ ਸਟੇਟ ਬੈਂਕ ਔਵ ਇੰਡੀਆ ਨੇ ਵੀਹ ਲੱਖ ਡੌਲਰ ਕਰਜ਼ਾ ਦਿੱਤਾ ਸੀ। ਖੁਫ਼ੀਆ ਰਪਟਾਂ ਅਨੁਸਾਰ ਕੈਨੇਡਾ ਦੀ ਸਰਕਾਰ ਨੇ ਏਸ ਘਟਨਾ ਨੂੰ 'ਅਸਮੰਜਸ ਭਰਿਆ' (bizarre) ਅਤੇ 'ਚਿੰਤਾਜਨਕ' (worrisome) ਕਰ ਕੇ ਜਾਣਿਆ ਸੀ। ਜਨਰਲ ਭੁੱਲਰ ਨੂੰ ਵੀ ਸ਼ਿੰਗਾਰ ਕੇ ਏਸ ਮਕਸਦ ਲਈ ਭੇਜਿਆ ਗਿਆ ਸੀ ਕਿ ਉਹ ਸਿੱਖ ਪੱਖੀ ਉਭਾਰ ਨੂੰ ਆਪਣੇ ਹੱਥ ਲੈ ਕੇ ਜ਼ਾਇਆ ਕਰ ਦੇਵੇ (ਵੇਰਵੇ ਲਈ ਵੇਖੋ ਏਸੇ ਲੇਖਕ ਦੀ ਅੰਗ੍ਰੇਜ਼ੀ ਕਿਤਾਬ ''ਚੱਕਰਵਿਯੂਹ'')

ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਹਿੰਦ ਸਰਕਾਰ ਦੀ ਹਮਲੇ ਦੇ ਅਸਰ ਨੂੰ ਖ਼ਤਮ ਕਰਨ ਦੀ ਨੀਤੀ ਦੇ ਤਿੰਨ ਪ੍ਰਮੁੱਖ ਪਹਿਲੂ ਸਨ ਜੋ ਕਿ ਵਿਦੇਸ਼ ਨਾਲ ਸਬੰਧ ਰੱਖਦੇ ਸਨ। ਪਹਿਲਾ ਤਾਂ ਇਹੋ ਸੀ ਕਿ ਸਿੱਖਾਂ ਦੇ ਰੋਸ ਅਤੇ ਰੋਹ ਨੂੰ ਪ੍ਰਗਟ ਕਰਨ ਵਾਲੇ ਆਗੂਆਂ ਨੂੰ ਖ਼ੁਦ ਉਭਾਰਿਆ ਜਾਵੇ ਤਾਂ ਕਿ ਉਹ ਸਰਕਾਰੀ ਪੱਖੋਂ ਸੁਖਾਵੇਂ ਫ਼ੈਸਲੇ ਕਰਨ। ਏਹੋ ਅਮਲ ਹਿੰਦ ਅੰਦਰਲੇ ਅਕਾਲੀ ਆਗੂਆਂ ਨੂੰ ਬੁੱਕਲ ਵਿੱਚ ਲੈ ਕੇ ਯਕੀਨੀ ਬਣਾਇਆ ਗਿਆ ਸੀ। ਦੂਜਾ ਪਹਿਲੂ ਸੀ ਕਿ ਸਿੱਖਾਂ ਨੂੰ ਵਿਦੇਸ਼ੀ ਲੋਕਾਂ ਵਿੱਚ ਨਿਰੰਤਰ ਖ਼ਰੂਦ ਪਾਉਣ ਵਾਲੇ ਹਿੰਸਕ ਪ੍ਰਵਿਰਤੀਆਂ ਦੇ ਧਾਰਨੀ ਦਰਸਾਇਆ ਜਾਵੇ ਤਾਂ ਕਿ ਸਥਾਨਕ ਲੋਕਾਂ ਦੀ ਹਮਦਰਦੀ ਇਹਨਾਂ ਦੇ ਨਾਲ ਨਾ ਰਹੇ। ਤੀਸਰਾ ਪਹਿਲੂ ਸੀ ਵਿਦੇਸ਼ੀ ਹਿੰਦੂ ਵਸੋਂ ਨੂੰ ਸਿੱਖਾਂ ਵਿਰੁੱਧ ਭੜਕਾ ਕੇ ਗਹਿਰੀ ਨਫ਼ਰਤ ਫ਼ੈਲਾਈ ਜਾਵੇ। ਕੈਨੇਡਾ ਖੁਫ਼ੀਆ ਤੰਤਰ ਨੂੰ ਹਿੰਦ ਦੀ ਏਸ ਨੀਤੀ ਦਾ ਪਹਿਲੇ ਦਿਨੋਂ ਹੀ ਪਤਾ ਲੱਗ ਚੁੱਕਿਆ ਸੀ। ਉਹ ਜਾਣਦੇ ਸਨ ਕਿ ਸਿੱਖ ਅਤੇ ਹਿੰਦੂ ਗਰਮ-ਖਿਆਲੀ ਲੋਕਾਂ ਨੂੰ ਹਿੰਦੀ ਸਫ਼ਾਰਤਖ਼ਾਨੇ ਪੈਸੇ ਦੀ ਇਮਦਾਦ ਵੀ ਕਰ ਰਹੇ ਸਨ। ਏਸ ਸੰਦਰਭ ਵਿੱਚ 1983 ਤੋਂ ਹੀ ਖੁਫ਼ੀਆ ਰਪਟਾਂ ਵਿੱਚ ਪਰਮਾਰ ਦਾ ਨਾਂਅ ਬੋਲਦਾ ਸੀ। 1984 ਤੋਂ ਲੈ ਕੇ 1988 ਤੱਕ ਖੁਫ਼ੀਆ ਤੰਤਰ ਏਸ ਤੱਥ ਦੀ ਪ੍ਰੋਢਤਾ ਕਰਨ ਵਾਲੀ ਜਾਣਕਾਰੀ ਇਕੱਤਰ ਕਰਦਾ ਰਿਹਾ। ਉਹਨਾਂ ਵੇਖਿਆ ਕਿ 1987 ਵਿੱਚ ਭਾਰਤੀ ਸਫ਼ੀਰ ਆਹਲੂਵਾਲੀਆ ਦੋ ਵਾਰ ਪਰਮਾਰ ਨੂੰ ਮਿਲਿਆ। ਪੰਜਾਬ ਦੇ ਰਹਿ ਚੁੱਕੇ ਮੁੱਖ-ਮੰਤਰੀ ਨੇ ਪਰਮਾਰ ਦੀ ਭੈਣ ਦੀ ਵਪਾਰਕ ਪੰਜਾਬ ਫ਼ੇਰੀ ਨੂੰ ਸੁਖਾਵਾਂ ਬਣਾਉਣ ਲਈ ਚਿੱਠੀ ਲਿਖੀ ਅਤੇ ਅਜਿਹੀ ਇੱਕ ਚਿੱਠੀ ਪਰਮਾਰ ਦੇ ਹੱਕ ਵਿੱਚ ਵੀ ਲਿਖੀ। ਇਹ ਵੀ ਵੇਖਿਆ ਗਿਆ ਕਿ ਪਰਮਾਰ ਦਾ ਸੰਪਰਕ ਨਿਹਾਲ ਸਿੰਘ ਅਤੇ ਜੀਵਨ ਸਿੰਘ ਨਾਲ ਸੀ ਜਿਨ੍ਹਾਂ ਨੂੰ ਹਿੰਦ ਸਰਕਾਰ ਦੇ ਏਜੰਟ ਜਾਣਿਆ ਜਾਂਦਾ ਸੀ। ਇੱਕ ਵਾਰ ਪਰਮਾਰ ਨੇ ਓਵਰਸੀਜ਼ ਕਾਂਗਰਸ ਪਾਰਟੀ ਦੇ ਪ੍ਰਧਾਨ ਕੋਲੋਂ ਵੀ ਪੈਸੇ ਦੀ ਮੰਗ ਕੀਤੀ ਜਿਸ ਬਾਰੇ ਵਾਕਫ਼ੀਅਤ ਸੀ ਕਿ ਉਹ (ਪ੍ਰਧਾਨ) RAW ਦੇ ਬ੍ਰਿਜਮੋਹਨ ਲਾਲ ਦੇ ਸਿੱਧੇ ਸੰਪਰਕ ਵਿੱਚ ਸੀ। ਪਰਮਾਰ ਦੇ ਤਿੰਨ ਹੋਰ ਐਸੇ ਸਹਿਯੋਗੀਆਂ ਦਾ ਪਤਾ ਲੱਗਿਆ ਜਿਨ੍ਹਾਂ ਦੇ ਭਾਰਤ ਸਰਕਾਰ ਅਤੇ RAW ਨਾਲ ਗੂੜ੍ਹੇ ਸਬੰਧ ਸਨ। ਏਸ ਦੌਰਾਨ ਕੈਨੇਡਾ ਦੇ ਖੁਫ਼ੀਆ ਤੰਤਰ ਨੂੰ RAW ਦੇ ਅਫ਼ਸਰ ਨੇ ਇਹ ਵੀ ਦੱਸਿਆ ਕਿ ਪਰਮਾਰ ਦੇ ਸੰਤ ਭਿੰਡਰਾਂਵਾਲਿਆਂ ਨਾਲ ਸਬੰਧਾਂ ਦੀ ਕਹਾਣੀ ਝੂਠੀ ਹੈ।

ਉਪਰੋਕਤ ਸਾਰੀ ਸਮਗਰੀ ਕੈਨੇਡਾ ਸਰਕਾਰ ਦੀ 'ਸਕਿਓਰਟੀ ਇੰਟੈਲੀਜੰਸ ਰੀਵਿਊ ਕਮੇਟੀ' (ਸਇਰਕ) ਦੀ ਰਪਟ ਵਿੱਚੋਂ ਲਈ ਗਈ ਹੈ। ਸਇਰਕ ਦੀ ਰਪਟ ਗੰਭੀਰ ਖੋਜੀਆਂ ਨੇ ਅਕਤੂਬਰ 1991 ਤੋਂ ਲੈ ਕੇ ਸਤੰਬਰ 1992 ਤੱਕ ਸਮੁੱਚੇ ਖੁਫ਼ੀਆ ਤੰਤਰ ਦੇ ਸਾਰੇ ਦਸਤਾਵੇਜ਼ਾਂ ਦੀ ਖੋਜ-ਪੜਤਾਲ ਕਰ ਕੇ ਤਿਆਰ ਕੀਤੀ ਸੀ। ਏਸ ਰਪਟ ਦਾ ਆਧਾਰ ਹਜ਼ਾਰਾਂ ਅਸਲ ਦਸਤਾਵੇਜ਼ ਹਨ ਅਤੇ ਏਸ ਨੂੰ ਕੈਨੇਡਾ ਸਰਕਾਰ ਨੇ ''ਚੋਟੀ ਦੀ ਖੁਫ਼ੀਆ'' (Top Secret) ਕਰਾਰ ਦਿੱਤਾ ਹੋਇਆ ਹੈ। ਮੇਰਾ ਦਾਅਵਾ ਹੈ ਕਿ ਮੈਂ ਇਹ ਰਪਟ ਅੱਖਰ-ਅੱਖਰ ਪੜ੍ਹੀ ਹੈ। ਕੀ ਦਿਲਗੀਰ ਦੱਸੇਗਾ ਕਿ ਏਸ ਦਾਅਵੇ ਨੂੰ ਝੂਠਾ ਸਾਬਤ ਕਰਨ ਲਈ ਓਸ ਕੋਲ ਕਿਹੜੇ ਤੱਥ ਹਨ? ਮਸਲਨ RAW ਦਾ ਕੈਨੇਡਾ ਸਰਕਾਰ ਉੱਤੇ ਲਾਇਆ ਇਲਜ਼ਾਮ ਕਿ ਉਹ ਸਿੱਖਾਂ ਨਾਲ ਨਰਮੀ ਨਾਲ ਵਰਤ ਰਹੀ ਹੈ। RAW ਨੇ ਪੇਸ਼ਕਸ਼ ਵੀ ਕੀਤੀ ਕਿ ਇਹਨਾਂ ਨੂੰ ਕੈਨੇਡਾ ਜਾਂ ਭਾਰਤ ਵਿੱਚ ਭਾਰਤੀ ਪੁਲਿਸ ਦੇ ਹਵਾਲੇ ਕੀਤਾ ਜਾਵੇ। ਉਹ ਮਾਰ ਕੁੱਟ ਕੇ ਉਹਨਾਂ ਕੋਲੋਂ ਸਭ ਕੁਝ ਉਗਲਵਾ ਲਵੇਗੀ।

ਜ਼ੁਹੇਰ ਕਸ਼ਮੀਰੀ ਅਤੇ ਬਰਾਇਨ ਮੈਕਐਡਰਿਉਜ਼ ਦੀ ਕਿਤਾਬ ''ਸੌਫ਼ਟ ਟਾਰਗਟ'' ਵੀ ਮੂਲ ਰੂਪ ਵਿੱਚ ਖੁਫ਼ੀਆ ਤੰਤਰ ਦੇ ਦਸਤਾਵੇਜ਼ਾਂ ਉੱਤੇ ਆਧਾਰਤ ਹੈ। ਸਇਰਕ ਦੀ ਰਪਟ ਵਿੱਚ ਏਸ ਤੱਥ ਨੂੰ ਤਸਲੀਮ ਕੀਤਾ ਗਿਆ ਹੈ। 'ਸੌਫ਼ਟ ਟਾਰਗਟ' ਖੁਫ਼ੀਆ ਤੰਤਰ ਦੀ ਲਾਗ-ਲਪੇਟ ਵਾਲੀ ਪਹੁੰਚ ਅਤੇ ਲਫ਼ਜ਼ਾਂ ਦੇ ਕੂਟਨੀਤਕ ਹੇਰ-ਫੇਰ ਤੋਂ ਮੁਕਤ ਹੈ ਅਤੇ ਉਪਰੋਕਤ ਸਮੇਤ ਅਜਿਹੇ ਹੋਰ ਕਈ ਤੱਥਾਂ ਦੀ ਪ੍ਰੋਢਤਾ ਕਰਦੀ ਹੈ।

ਕਹਾਣੀ ਅੱਗੇ ਤੋਰੀਏ ਤਾਂ ਜਾਣਾਂਗੇ ਕਿ ਕੁਝ ਸਮੇਂ ਲਈ ਕੈਨੇਡਾ ਸਰਕਾਰ ਨੇ ਪਰਮਾਰ ਨੂੰ 1986 ਵਿੱਚ ਗ੍ਰਿਫ਼ਤਾਰ ਕਰ ਲਿਆ। ਏਸ ਸਮੇਂ ਹੈਮਿਲਟਨ ਜੇਲ੍ਹ ਵਿੱਚ ਰਿਪੂਦਮਨ ਸਿੰਘ ਮਲਕ ਓਸ ਨੂੰ ਅਮੂਮਨ ਮਿਲਣ ਜਾਂਦਾ ਰਿਹਾ।

ਥੋੜ੍ਹੇ ਸਮੇਂ ਬਾਅਦ ਤਲਵਿੰਦਰ ਸਿੰਘ ਹਿੰਦੋਸਤਾਨ ਪਰਤ ਆਇਆ। ਓਸ ਨੂੰ ਗ੍ਰਿਫ਼ਤਾਰ ਕਰ ਕੇ ਕਈ ਦਿਨ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਅੰਤ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕਰ ਦਿੱਤਾ ਗਿਆ। ਓਸ ਵੇਲੇ ਇਹ ਜਾਣਕਾਰੀ ਆਮ ਸੀ ਕਿ ਪਰਮਾਰ ਦੀ ਕਨਿਸ਼ਕਾ ਡੇਗਣ ਵਿੱਚ ਸ਼ਮੂਲੀਅਤ ਸਮਝੀ ਜਾਂਦੀ ਹੈ। ਕੈਨੇਡਾ ਸਰਕਾਰ ਵੱਲੋਂ ਓਸ ਨੂੰ ਆਪਣੇ ਦੇਸ਼ ਲਿਜਾਣ ਦੀ ਸਾਰਥਕ ਪਹੁੰਚ ਅਪਨਾਉਣ ਤੋਂ ਪਹਿਲਾਂ ਹੀ ਕਤਲ ਦਾ ਕਾਰਾ ਕਰ ਦਿੱਤਾ ਗਿਆ। ਇਹ ਇਕੱਲਾ ਵਜ਼ਨਦਾਰ ਤੱਥ ਦੱਸਦਾ ਹੈ ਕਿ ਹਿੰਦ ਨੂੰ ਓਸ ਦਾ ਜਿਊਂਦਾ ਰਹਿਣਾ ਬੜਾ ਮਹਿੰਗਾ ਪੈ ਸਕਦਾ ਸੀ। ਹਵਾਈ ਜਹਾਜ਼ ਡੇਗਣ ਦਾ ਪ੍ਰਮੁੱਖ ਆਰੋਪੀ ਭਾਰਤੀ ਖੁਫ਼ੀਆ ਤੰਤਰ ਦੀ ਮਿਲੀਭੁਗਤ ਨੂੰ ਨੰਗਾ ਕਰ ਸਕਦਾ ਸੀ। ਏਸ ਗੰਭੀਰ ਖ਼ਤਰੇ ਤੋਂ ਬਚਣ ਲਈ ਓਸ ਨੂੰ ਤੁਰੰਤ ਖ਼ਤਮ ਕਰਨਾ ਲਾਜ਼ਮੀ ਹੋ ਗਿਆ ਜੋ ਬੇ-ਕਿਰਕ ਕਰ ਦਿੱਤਾ ਗਿਆ।

ਪਰ ਕੀ ਏਸ ਆਧਾਰ ਉੱਤੇ ਆਖਿਆ ਜਾ ਸਕਦਾ ਹੈ ਕਿ ਮਲਕ, ਬਾਗੜੀ, ਪਰਮਾਰ ਕਨਿਸ਼ਕ ਜਹਾਜ਼ ਨੂੰ ਡੇਗਣ ਲਈ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਸਨ? ਯਕੀਨ ਨਾਲ ਨਹੀਂ ਕਿਹਾ ਜਾ ਸਕਦਾ। 1986 ਵਿੱਚ ਅਮਰੀਕਾ ਵਿੱਚ ਰਹਿੰਦੇ ਇੱਕ ਹਿੰਦੂ ਪਿਆਰੇ ਲਾਲ ਨੇ ਗਲੋਬ ਟੈਲੀਵਿਜ਼ਨ ਉੱਤੇ ਦਾਅਵਾ ਕੀਤਾ ਸੀ ਕਿ ਮਾਰੂ ਬੰਬ ਓਸ ਨੇ ਜਹਾਜ਼ ਵਿੱਚ ਰੱਖਿਆ ਸੀ। ਇਹ ਤੱਥ ਵੀ ਕੈਨੇਡਾ ਦੇ ਖੁਫ਼ੀਆ ਤੰਤਰ ਦੀ ਰਪਟ ਵਿੱਚ ਦਰਜ ਹੈ। ਕਸ਼ਮੀਰੀ ਦੀ ਕਿਤਾਬ ਤੋਂ ਅਸੀਂ ਜਾਣਦੇ ਹਾਂ ਕਿ ਸਮਾਨ ਰਖਵਾਉਣ ਵਾਲੀ ਲੜਕੀ ਨੇ ਸ਼ੱਕੀ ਸਮਾਨ (ਬੰਬ) ਰੱਖਣ ਵਾਲੇ ਬੰਦੇ ਦੀ ਸ਼ਨਾਖ਼ਤ ਇੱਕ ਪੂਰਬੀ ਭਾਰਤ ਦੇ, ਦਾੜ੍ਹੀ-ਕੇਸ ਰਹਿਤ ਬੰਦੇ, ਦੇ ਰੂਪ ਵਿੱਚ ਕੀਤੀ ਸੀ। ਜਾਪਦਾ ਇਹ ਹੈ ਕਿ ਮਲਕ, ਬਾਗੜੀ, ਪਰਮਾਰ, ਰਿਆਤ ਆਦਿ ਨੂੰ ਤਾਂ ਬਲੀ ਦੇ ਬੱਕਰਿਆਂ ਵਾਂਗ ਸਿਰਫ਼ ਜ਼ਿੰਮੇਵਾਰੀ ਲੈਣ ਲਈ ਪਾਲ ਕੇ ਮੋਟੇ ਕੀਤਾ ਗਿਆ ਸੀ ਤਾਂ ਕਿ ਏਸ ਘਿਨਾਉਣੀ ਕਾਰਵਾਈ ਦੀ ਜ਼ਿੰਮੇਵਾਰੀ ਸਿੱਖਾਂ ਉੱਤੇ ਆਵੇ ਅਤੇ ਉਹਨਾਂ ਨੂੰ ਬਦਨਾਮ ਕਰਨ ਲਈ ਲੋੜ ਅਨੁਸਾਰ ਗਵਾਹੀਆਂ ਇਕੱਠੀਆਂ ਕੀਤੀਆਂ ਜਾ ਸਕਣ। ਬੰਬ ਰੱਖਣ ਵਾਲਾ ਦੂਸਰਾ ਗਰੁੱਪ ਗੁੰਮਨਾਮੀ ਦੇ ਪਰਦੇ ਹੇਠੋਂ ਕੰਮ ਕਰਦਾ ਰਿਹਾ। ਇੱਕ ਵੇਰਵਾ ਇਹ ਵੀ ਉੱਭਰਿਆ ਕਿ ਬੰਬ ਸ਼ਾਇਦ ਕੂਟਨੀਤਕ ਬਕਸੇ ਵਿੱਚ ਹੀ ਰੱਖ ਕੇ ਜਹਾਜ਼ ਵਿੱਚ ਚਾੜ੍ਹਿਆ ਗਿਆ ਸੀ। ਏਸ ਤੱਥ ਉੱਤੇ ਮੁਕੱਦਮੇ ਵਿੱਚ ਵੀ ਵਿਚਾਰ ਹੋਈ ਸੀ। ਅੰਤ ਆਖਿਆ ਗਿਆ ਕਿ ਬੰਬ ਕੂਟਨੀਤਿਕ ਮੇਲ ਤੋਂ ਤਿੰਨ-ਚਾਰ ਫੁੱਟ ਦੀ ਦੂਰੀ ਉੱਤੇ ਫਟਿਆ ਸੀ। ਇਹ ਸਚਾਈ ਤੋਂ ਦੂਰ ਦੀ ਗੱਲ ਹੈ ਕਿਉਂਕਿ ਕਨਿਸ਼ਕਾ ਜਹਾਜ਼ ਦੇ ਕੇਵਲ ਇੱਕ ਪ੍ਰਤਿਸ਼ਟ ਟੁਕੜੇ ਹੀ ਸਮੁੰਦਰ ਵਿੱਚੋਂ ਮੋੜ ਕੇ ਕੱਢੇ ਜਾ ਸਕੇ ਸਨ।

ਆਖ਼ਰ, ਆਰ ਬਨਾਮ ਮਲਿਕ ਅਤੇ ਬਾਗੜੀ (R vs Malik and Bagri) ਜਹਾਜ਼ ਡੇਗਣ ਦੇ ਜੁਰਮ ਵਿੱਚ ਮੁਕੱਦਮਾ ਚਲਿਆ ਅਤੇ ਮਾਰਚ 16, 2005 ਨੂੰ ਏਸ ਦਾ ਫ਼ੈਸਲਾ ਸੁਣਾਇਆ ਗਿਆ। ਏਸ ਫ਼ੈਸਲੇ ਦੇ ਕੁਝ ਅੰਸ਼ ਗੁਪਤ ਰੱਖੇ ਗਏ। ਨਸ਼ਰ ਕੀਤਾ ਹਿੱਸਾ ਫ਼ੇਰ ਵੀ ਬੜਾ ਰੌਚਕ ਹੈ। ਇਹ ਹਿੱਸਾ ਜਹਾਜ਼ ਡੇਗਣ ਦੀ ਜ਼ਿੰਮੇਵਾਰੀ ਪਰਮਾਰ ਉੱਤੇ ਹੀ ਮੜ੍ਹਦਾ ਜਾਪਦਾ ਹੈ। ਏਸ ਨਾਲ ਓਸ ਨੂੰ ਹਿਰਾਸਤ ਵਿੱਚ ਲੈ ਕੇ ਖ਼ਤਮ ਕਰਨ ਵਾਲੀ ਸਰਕਾਰ ਉੱਤੇ ਜਹਾਜ਼ ਡੇਗਣ ਦੀ ਜ਼ਿੰਮੇਵਾਰੀ ਸੁੱਤੇ-ਸਿੱਧ ਹੀ ਆ ਜਾਂਦੀ ਹੈ। ਏਸ ਨੂੰ ਟਾਲਣ ਲਈ ਭਾਰਤ ਅਮਰੀਕਾ ਅਤੇ ਕੈਨੇਡਾ ਨੇ ਅਨੇਕਾਂ ਪਾਪੜ ਵੇਲੇ। ਭਾਰਤੀ ਅਦਾਲਤਾਂ ਦੀ ਤਰਜ਼ ਉੱਤੇ ਝੂਠੇ ਗਵਾਹ ਵੀ ਪੇਸ਼ ਕੀਤੇ ਜਿਨ੍ਹਾਂ ਦਾ ਜ਼ਿਕਰ ਫ਼ੈਸਲੇ ਦੇ 741 ਤੋਂ ਲੈ ਕੇ 744 ਅਤੇ 1141 ਪੈਰ੍ਹਿਆਂ ਵਿੱਚ ਖਾਸ ਤੌਰ ਉੱਤੇ ਆਇਆ ਹੈ। ਹੋਰ ਵੀ ਕਈ ਸਬੂਤ ਹਨ। ਇਹ ਸਾਰਾ ਕੁਝ ਮਜ਼ਮੂਨ ਦੇ ਮੂਲ ਨਾਲ ਸਬੰਧਤ ਨਾ ਹੋਣ ਕਰ ਕੇ ਨਹੀਂ ਲਿਖਿਆ ਜਾ ਰਿਹਾ।

ਨਿਰਪੱਖ ਹੋ ਕੇ ਤਲਵਿੰਦਰ ਸਿੰਘ ਬੱਬਰ ਦੀ ਭੂਮਿਕਾ ਦਾ ਮੁਲਾਂਕਣ ਕਰਨ ਦੀ ਬੜੀ ਸਖ਼ਤ ਲੋੜ ਭਾਸਦੀ ਹੈ। ਇਹ ਤਾਂ ਯਕੀਨੀ ਹੈ ਕਿ ਓਸ ਦੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਲ ਕੋਈ ਸਾਂਝ ਨਹੀਂ ਸੀ। ਓਹਨਾਂ ਦੇ ਧਾਰਮਕ ਵਿਚਾਰਾਂ ਨਾਲ ਵੀ ਸ਼ਾਇਦ ਉਹ ਸਹਿਮਤ ਨਹੀਂ ਸੀ। ਬੱਬਰ ਖ਼ਾਲਸਾ ਦੀ ਅਗਵਾਈ ਕਰਦੀ ਇਹ ਮਲਿਕ-ਪਰਮਾਰ ਜੋੜੀ ਹਿੰਦ ਸਰਕਾਰ ਦੀ ਕਿਰਪਾ-ਪਾਤਰ ਕਿਵੇਂ ਬਣ ਗਈ? ਜੀਵਨ ਸਿੰਘ ਰਾਹੀਂ ਗਿਆਨੀ ਜ਼ੈਲ ਸਿੰਘ ਨਾਲ ਇਹਨਾਂ ਦੇ ਸਬੰਧ ਕੀ ਸੰਕੇਤ ਦਿੰਦੇ ਹਨ? ਇਹਨਾਂ ਦੇ ਆਖ਼ਰੀ ਟੀਚੇ ਬਾਰੇ ਇਹਨਾਂ ਦੀਆਂ ਕਾਰਵਾਈਆਂ ਤੋਂ ਉੱਕਾ ਭਿਣਕ ਨਹੀਂ ਪੈਂਦੀ - ਨਾ ਹੀ ਪਰਮਾਰ ਆਖ਼ਰੀ ਨਿਸ਼ਾਨੇ (ਖ਼ਾਲਿਸਤਾਨ) ਲਈ ਕੋਈ ਖ਼ਾਸ ਯੋਜਨਾਬੱਧ ਤਰੱਦਦ ਕਰਦਾ ਜਾਪਦਾ ਹੈ। ਜੇ ਹਿੰਦ ਸਰਕਾਰ ਇਹਨਾਂ ਦੇ ਨਾਂਅ ਉੱਤੇ ਕਨਿਸ਼ਕ ਡੇਗਣ ਦਾ ਦੋਸ਼ ਮੜ੍ਹਨ ਵਿੱਚ ਕਾਮਯਾਬ ਵੀ ਹੋ ਜਾਂਦੀ ਤਾਂ ਏਸ ਵਿੱਚੋਂ ਕੌਮ ਲਈ ਬਦਨਾਮੀ ਦੀ ਕਾਲਖ ਤੋਂ ਇਲਾਵਾ ਕੁਝ ਨਹੀਂ ਸੀ ਲੱਭਣਾ। ਕੀ ਇਹ ਖ਼ਾਲਿਸਤਾਨ ਨੂੰ ਨੇੜੇ ਲਿਆਉਣ ਲਈ ਯਤਨ ਕਰ ਰਿਹਾ ਸੀ ਕਿ ਜਾਂ ਏਸ ਦਾ ਮਹਾਂ-ਅਭਿਯਾਨ ਖ਼ਾਲਿਸਤਾਨ ਦੀ ਸੰਭਾਵਨਾ ਨੂੰ ਦੂਰ ਧੱਕਣ ਲਈ ਸੀ? ਏਸ ਦੀ ਸੰਭਾਵਨਾ ਵੀ ਬਣੀ ਹੋਈ ਹੈ ਕਿ ਭਾਰਤ ਦੇ ਸਫ਼ਾਰਤਖਾਨੇ ਦੇ ਅਫ਼ਸਰ ਆਹਲੂਵਾਲੀਏ ਨੇ ਸਿੱਖ ਬੁਰਕਾ ਪਾ ਕੇ 'ਬਦਲਾ ਲੈਣ' ਲਈ ਉਕਸਾਇਆ ਹੋਵੇ। ਅਜਿਹੀਆਂ ਅਫ਼ਵਾਹਾਂ ਓਦੋਂ ਸੁਣਨ ਵਿੱਚ ਆਈਆਂ ਸਨ। ਗੱਲ ਏਥੇ ਪਹੁੰਚੀ ਸੀ ਕਿ ਕੈਨੇਡਾ ਪੁਲਿਸ ਨੇ ਆਹਲੂਵਾਲੀਆਂ ਦੇ ਗ੍ਰਿਫ਼ਤਾਰੀ ਵਰੰਟ ਵੀ ਹਾਸਲ ਕਰ ਲਏ ਸਨ। ਕੀ ਸਿੱਖਾਂ ਨੂੰ ਹਿੰਦ ਸਰਕਾਰ ਕੋਲ ਇਹ ਸਵਾਲ ਨਹੀਂ ਉਠਾਉਣਾ ਚਾਹੀਦਾ ਕਿ ਉਹ ਦੇਸ਼-ਵਿਦੇਸ਼ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਅਜਿਹੀਆਂ ਕੁਟਲ ਚਾਲਾਂ ਕਿਉਂ ਚੱਲ ਰਹੀ ਹੈ? ਕੈਨੇਡਾ ਖੁਫ਼ੀਆ ਏਜੰਸੀ ਦੀ ਇਕ ਰਪਟ ਇਹ ਵੀ ਹੈ ਕੇ ਭਾਰਤ ਸਰਕਾਰ ਆਪ ਖਾੜਕੂਆਂ ਵੱਲੋਂ ਲਿਖ ਕੇ ਵਿਦੇਸ਼ੀ ਮੀਡੀਆ ਨੂੰ ਛਾਪਣ ਲਈ ਵੰਡ ਰਹੀ ਹੈ (ਵੇਖੋ ਸਇਰਕ Annexure-I) ਤਾਂ ਕਿ ਸਿੱਖਾਂ ਨੂੰ ਅੱਤਵਾਦ ਵੱਲ ਝੁਕਾਅ ਰਖਦੇ ਦਰਸਾਇਆ ਜਾ ਸਕੇ। ਏਸੇ ਤਰ੍ਹਾਂ Annexure-G ਵਿੱਚ ਔਸਟ੍ਰੇਲੀਆ ਦੀ ਸਰਕਾਰ ਆਖਦੀ ਹੈ ਕਿ ਭਾਰਤ ਸਰਕਾਰ ਵਿਦੇਸ਼ੀ ਸਿੱਖਾਂ ਨੂੰ ਹਿੰਸਕ ਸਾਬਤ ਕਰਨ ਬਾਰੇ ਵਧਾ-ਚੜ੍ਹਾ ਕੇ ਰਪਟਾਂ ਜਾਰੀ ਕਰ ਰਹੀ ਹੈ। ਪੁੱਛਣਾ ਬਣਦਾ ਹੈ ਕਿ ਵਾੜ ਖੇਤ ਨੂੰ ਕਿਉਂ ਖਾ ਰਹੀ ਹੈ?

1 comments:

  1. See http://www.academicroom.com/humanities/religion/sikhi - your speech on Sant Jarnail Singh's event is available under Sikh Personalities --> Postcolonial -> Jarnail Singh. Please help add content to Sirdar Kapur Singh's page.

    ReplyDelete