(ਇਹ ਲੇਖ 30 ਅਗਸਤ 2014 ਨੂੰ ਫੇਸਬੁੱਕ 'ਤੇ ਛਾਯਾ ਕੀਤਾ ਗਿਆ)
ਹੱਲ ਕੋਈ ਇਕੱਲਾ-ਇਕਹਿਰਾ ਨਹੀਂ ਸੁਝਾ ਸਕਦਾ ਨਾ ਹੀ ਕਰ ਸਕਦਾ ਹੈ। ਹੱਲ ਤਲਾਸ਼ਣ ਲਈ ਲੋਕ-ਕਚਹਿਰੀ ਵਿੱਚ ਫਰਿਆਦ ਕੀਤੀ ਜਾਣੀ ਚਾਹੀਦੀ ਹੈ। ਸ਼ਾਇਦ ਮਸਲਾ ਸੁਲਝਾਉਣ ਲਈ ਇਹ ਕਦਮ ਚੁੱਕਣੇ ਜ਼ਰੂਰੀ ਹਨ। (1) ਸਰਗਰਮ ਸਿਆਸੀ ਮੰਚ 30-40 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਲਈ ਮੁਕੰਮਲ ਤੌਰ ਉੱਤੇ ਖ਼ਾਲੀ ਕਰ ਦਿੱਤਾ ਜਾਵੇ। (ਤਰੁਣ ਦਲ)। (2) ਨਿਰੋਲ ਪੰਥਕ ਸੋਚ ਰੱਖਣ ਵਾਲੇ 55 ਸਾਲ ਤੋਂ ਵੱਡੀ ਉਮਰ ਦੇ 101 (91, 71, 51) ਸੱਜਣ, ਸਾਰੇ ਪੰਜਾਬ ਤੋਂ ਚੁਣ ਕੇ ਸਾਂਝਾ ਪੰਥਕ ਮੰਚ ਬਣਾ ਲੈਣ। (ਬੁੱਢਾ ਦਲ)।
ਪੰਥ ਦਾ ਇੱਕ ਨੁਮਾਇੰਦਾ ਇਕੱਠ ਬੁਲਾਇਆ ਜਾਵੇ ਜੋ ਹੇਠਲੇ ਸੁਝਾਅ
ਦੀ ਤਰਜ਼ ਉੱਤੇ ਮਤਾ ਕਰੇ:
ਅੱਜ ਏਸ ਨੁਮਾਇੰਦਾ ਇਕੱਠ ਵਿੱਚ ਮਤਾ ਪਕਾਇਆ ਗਿਆ ਕਿ ਪੰਥ ਵਿੱਚ ਨਵ-ਸੁਰਜੀਤੀ ਦਾ ਰਾਹ ਪੱਕਾ ਕਰਨ ਲਈ 100 ਕੁ ਪੰਥ ਦਰਦੀਆਂ ਦਾ ਇੱਕ ਕਾਫ਼ਲਾ ਬਣਾਇਆ ਜਾਵੇਗਾ। ਇਸ ਵਿੱਚ ਉਹ ਸਿੱਖ ਸ਼ਾਮਲ ਕੀਤੇ ਜਾਣਗੇ ਜਿਹੜੇ ਘੱਟੋ-ਘੱਟ ਮੁੱਢਲੇ ਸਿੱਖੀ ਦੇ ਪ੍ਰਪੱਕ ਅਸੂਲਾਂ ਨੂੰ ਪਰਨਾਏ ਹੋਣਗੇ। ਮਸਲਨ: ਸ਼ਬਦ ਗੁਰੂ ਗ੍ਰੰਥ ਰੂਪ ਵਿੱਚ ਅਤੇ ਗੁਰੂ ਖ਼ਾਲਸਾ ਪੰਥ ਗੁਰਗੱਦੀ ਉੱਤੇ ਸਦਾ ਲਈ ਬਿਰਾਜਮਾਨ ਹੈ; ਗੁਰੂ ਖ਼ਾਲਸਾ ਤੀਸਰ ਸੁਤੰਤਰ ਪੰਥ ਦੇ ਸਿਧਾਂਤ ਦਾ ਰਾਖਾ ਅਤੇ ਧਾਰਨੀ ਹੈ; ਹਰ ਸਿੱਖ ਦਾ ਆਦਰਸ਼ ਸਾਬਤ ਸੂਰਤ ਅੰਮ੍ਰਿਤਧਾਰੀ ਗੁਰਸਿੱਖ ਹੈ; ਗੁਰਦ੍ਵਾਰੇ ਗੁਰੂ ਗ੍ਰੰਥ ਦੀ ਮਾਲਕੀ ਹਨ ਅਤੇ ਹਰ ਸਥਾਨਕ ਸੰਗਤ ਨੂੰ ਗੁਰਦ੍ਵਾਰੇ ਦਾ ਪ੍ਰਬੰਧ ਸੰਭਾਲਣ ਦਾ ਮੁਕੰਮਲ ਅਧਿਕਾਰ ਹੈ; ਗਰੀਬ ਦਾ ਮੂੰਹ ਗੁਰੂ ਦੀ ਗੋਲ੍ਹਕ ਹੈ; ਗੁਰੂ ਫ਼ੁਰਮਾਨ 'ਬਾਲ ਬਿਰਧ ਸਭ ਸੋਧ ਪਠਾਵਾ ਕੋਊ ਅਨਪਢ ਰਹਿਣ ਨ ਪਾਵਾ' ਹਰ ਕਾਲ ਮੰਨਣ ਯੋਗ ਹੈ; ਜਿਸ ਧਾਰਮਿਕ ਸਥਾਨ ਦੀ ਮਾਲਕੀ ਗੁਰੂ ਗ੍ਰੰਥ ਦੀ ਨਹੀਂ ਉਸ ਨੂੰ ਗੁਰਦ੍ਵਾਰਾ ਨਹੀਂ ਮੰਨਿਆ ਜਾ ਸਕਦਾ; ਸਿੱਖੀ ਦੀ ਗੁਰੂ ਪ੍ਰੰਪਰਾ ਦਾ ਅੰਤ ਸ਼ਬਦ ਗੁਰੂ ਅਵਤਾਰ ਉੱਤੇ ਮੰਨਣ ਯੋਗ ਹੈ; ਗੁਰਦ੍ਵਾਰਿਆਂ ਦੀ ਸ਼ਾਨ ਗੁਰਸਿੱਖੀ ਦੀ ਖ਼ੁਸ਼ਬੂ ਅਤੇ ਗੁਰਸਿੱਖਾਂ ਦਾ ਕਿਰਦਾਰ ਹੈ, ਸੋਨਾ ਸੰਗਮਰਮਰ ਨਹੀਂ; ਕੌਮੀ ਇਤਿਹਾਸ ਸ਼ੁਧ ਰੂਪ ਵਿੱਚ ਸਾਂਭਣ ਯੋਗ ਹੈ; ਕੌਮੀ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣਾ ਮਨੁੱਖੀ ਸਮਾਜ ਦੀ ਸੇਵਾ ਹੈ; ਬੇ-ਲੋੜੀ ਕੱਟੜਤਾ ਸਿੱਖੀ ਦੇ ਜੀਵਨ ਆਦਰਸ਼ ਦ ਨਿਰੋਧ ਹੈ; ਹਰ ਧਰਮ ਦੀਆਂ ਧਾਰਮਿਕ, ਸਿਆਸੀ, ਸਮਾਜਿਕ ਸੰਸਥਾਵਾਂ ਦੀ ਸੁਤੰਤਰਤਾ ਲੋਕਰਾਜੀ ਕਦਰਾਂ ਕੀਮਤਾਂ ਅਨੁਸਾਰ ਹੈ ਅਤੇ ਸਿੱਖੀ ਦਾ ਮੁਢਲਾ ਅਸੂਲ ਹੈ; ਔਰਤ ਮਰਦ ਬ੍ਰਾਬਰੀ ਸਿੱਖੀ ਦੇ ਮੂਲ ਸਰੋਕਾਰਾਂ ਵਿੱਚ ਸ਼ਾਮਲ ਹੈ; ਸਭ ਸਿੱਖਾਂ ਦੀ ਜਾਤ, ਗੋਤ ਕੇਵਲ ਗੁਰਸਿੱਖੀ ਹੈ; 'ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ' ਦੀ ਰੀਤ ਪ੍ਰਸਪਰ ਨਿੱਘੇ ਸੰਬੰਧਾਂ ਦੀ ਗੁਰਸਿੱਖੀ ਜੁਗਤ ਸਮਝ ਕੇ ਪਾਲਣਯੋਗ ਹੈ; ਗੁਰੂ ਪ੍ਰਮੇਸ਼ਰ ਦੇ ਗੁਣਾਂ ਨੂੰ ਧਾਰਣ ਕਰਦੇ ਹੋਏ ਅਕਾਲ ਪੁਰਖ ਤੋਂ ਅਭੇਦ ਹੋ ਕੇ ਸਰਬੱਤ ਦੇ ਭਲੇ ਲਈ ਸੰਸਾਰ ਦੇ ਵਿਵਹਾਰ ਦੀ ਜ਼ਿੰਮੇਵਾਰੀ ਲੈਣਾ ਸਿੱਖੀ ਜੀਵਨ ਦਾ ਅੰਤਮ ਨਿਸ਼ਾਨਾ ਹੈ, ਜੀਵਨ-ਮੁਕਤੀ ਹੈ!
ਪੰਥ ਦਰਦੀਆਂ ਦਾ ਇਹ ਕਾਫ਼ਲਾ ਪੰਥ ਦੀ ਧਾਰਮਿਕ, ਜਥੇਬੰਦਕ, ਆਰਥਿਕ, ਸਮਾਜਿਕ, ਸਿਆਸੀ ਉੱਨਤੀ ਦਾ ਹਰ ਰਾਹ ਪੱਧਰਾ ਕਰਨ ਲਈ ਸਦਾ ਯਤਨਸ਼ੀਲ ਰਹੇਗਾ!
ਅਗਲਾ ਇੱਕ ਸਾਲ ਦਸੰਬਰ 2015 ਤੱਕ ਸਿਆਸੀ ਮੰਚ ਸਿਰਫ਼ ਦੋ ਕੰਮ ਕਰੇ (ੳ) ਹਰ ਢੁਕਵੀਂ ਸਮਾਜਿਕ ਇਕਾਈ ਵਿੱਚ 11 ਨੌਜਵਾਨਾਂ ਦਾ ਸਿਆਸੀ ਮੰਚ ਜਥੇਬੰਦ ਕਰੇ। ਇਹ ਮੰਚ ਸਮਾਂ ਆਉਣ ਉੱਤੇ ਸਿਆਸੀ ਜਮਾਤ ਵਿੱਚ ਤਬਦੀਲ ਕਰਨ ਦੀ ਨੀਅਤ ਨਾਲ ਉਸਾਰਿਆ ਜਾਵੇ। ਦਸੰਬਰ 2016 ਤੱਕ ਇਹ ਕੰਮ ਮੁਕਾ ਲਿਆ ਜਾਵੇ। ਏਸ ਦੇ ਕਾਇਦੇ ਕਾਨੂੰਨ (ਸੰਵਿਧਾਨ) ਨਵੇਂ ਨਾ ਬਣਾਏ ਜਾਣ ਬਲਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਹੀ ਰੱਖੇ ਜਾਣ। (ਅ) ਦੂਸਰਾ ਕੰਮ ਸਿਆਸੀ ਮੰਚ ਇਹ ਕਰੇ ਕਿ ਪੰਥਕ ਮੁੱਦਿਆਂ ਨੂੰ ਸੋਸ਼ਲ ਮੀਡੀਆ ਸਮੇਤ ਪ੍ਰੈੱਸ ਟੀ.ਵੀ. ਜਾਂ ਹੋਰ ਪ੍ਰਸਾਰ ਸਾਧਨਾ ਦੇ ਸਹਾਰੇ ਮੁੜ ਕੇ ਲੋਕਾਂ ਵਿੱਚ ਪ੍ਰਚਲਤ ਕਰੇ। ਇਸ ਮਕਸਦ ਲਈ 101 ਸੱਜਣ (ਜੇ ਸੱਜਣ ਹੋਏ ਤਾਂ) ਸਹਿਜੇ ਹੀ 15-15, 20-20 ਦੇ ਜਥੇ ਬਣਾ ਲੈਣਗੇ ਜੋ ਮੁੱਦੇ ਨਿਤਾਰਨ, ਜੁਆਬ ਘੜਨ, ਪ੍ਰਸਾਰ ਕਰਨ ਲਈ, ਯੋਗ ਲੋਕਾਂ ਲਈ ਕਮੇਟੀਆਂ, ਜਥੇਬੰਦੀਆਂ ਬਣਾ ਲੈਣਗੇ। ਜ਼ਿਆਦਾ ਵਿਸਤਾਰ ਲਿਖਣ ਦੀ ਲੋੜ ਨਹੀਂ- ਨੇਕ ਨੀਅਤ ਵਾਲੇ ਨੂੰ ਏਸ ਰਾਹ ਚੱਲਦਿਆਂ ਕੋਈ ਔਕੜ ਨਹੀਂ ਆਵੇਗੀ। ਸਭ ਮੁਸ਼ਕਲਾਂ ਹੱਲ ਕਰਨ ਦੇ ਰਾਹ ਮਿਲ ਜਾਣਗੇ। ਜਨਵਰੀ 2016 ਵਿੱਚ ਇਹ ਜੱਥੇਬੰਦੀ ਆਪਣਾ ਵਧੀਆ ਜਿਹਾ ਨਾਂਅ ਰੱਖ ਕੇ ਪੰਜਾਬ ਅਤੇ ਪੰਥ ਦਾ ਹਰ ਮਸਲਾ ਸਿਆਸੀ, ਸਮਾਜਿਕ, ਧਾਰਮਿਕ ਆਰਥਿਕ ਹੱਲ ਕਰਨ ਲਈ ਸਮਰੱਥਾਵਾਨ ਹੋ ਜਾਵੇਗੀ।
ਇਸ ਸਮੁੱਚੀ ਕਾਰਵਾਈ ਵਿੱਚ ਯੋਗਦਾਨ ਪਾਉਣ ਵਾਲੇ ਹਰ ਇੱਕ ਨੂੰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਜਿਸ ਤੋਂ ਵੱਧ ਸੰਸਾਰ ਵਿੱਚ ਕੁਝ ਹੈ ਨਹੀਂ।
No comments:
Post a Comment