Sunday, October 17, 2010

ਭਾਈ ਦਰਸ਼ਨ ਸਿੰਘ ਸਬੰਧੀ ਵਿਵਾਦ ਦਾ ਮੂਲ ਕਾਰਣ

ਅੰਮ੍ਰਿਤੁ ਪੀਆ ਸਤਿਗੁਰਿ ਦੀਆ॥ ਅਵਰੁ ਨ ਜਾਣਾ ਦੂਆ ਤੀਆ॥
ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ॥
(ਮਹਲਾ ੧, ਸ: ਗ: ਗ: ਸ:, ਪੰਨਾ 1033-1034)

ਪਿਛਲੇ ਕੁਝ ਸਮੇਂ ਤੋਂ ਭਾਈ ਦਰਸ਼ਨ ਸਿੰਘ ਸ਼ਾਕਤ ਮੱਤ ਦੇ ਗ੍ਰੰਥ 'ਦਸਮ ਗ੍ਰੰਥ' ਨੂੰ ਗੁਰੂ ਗ੍ਰੰਥ ਦੇ ਮੁਕਾਬਲੇ ਵਿੱਚ ਗੁਰੂ ਥਾਪਣ ਦੀ ਅਨਮਤੀਆਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਠੱਲ੍ਹ ਪਾਉਣ ਲਈ ਯਤਨਸ਼ੀਲ ਸਨ। ਇਹਨਾਂ ਨੇ ਵਿਦੇਸ਼ਾਂ ਵਿੱਚ ਥਾਂ-ਥਾਂ ਇਹ ਸੁਨੇਹਾ ਦੇਣ ਦੇ ਸਾਰਥਕ ਯਤਨ ਕੀਤੇ। ਦੇਸ਼ ਵਿੱਚ ਵੀ ਇਹਨਾਂ ਇਹ ਕਰਮ ਜਾਰੀ ਰੱਖਿਆ। ਵਿਦੇਸ਼ਾਂ ਵਿੱਚ ਇਹਨਾਂ ਦੀ ਬਹੁਤ ਪ੍ਰਸੰਸਾ ਹੋਈ ਕਿਉਂਕਿ ਓਥੋਂ ਦੇ ਆਜ਼ਾਦ ਮਾਹੌਲ ਵਿੱਚ ਪਲੇ, ਪੜ੍ਹੇ ਲੋਕ ਉਹਨਾਂ ਦੇ ਉੱਦਮ ਦਾ ਸਹੀ ਮੁੱਲ ਪਾਉਣਾ ਜਾਣਦੇ ਹਨ। ਉਹ ਤਰਕ ਦਾ ਸਹੀ ਮੁਲਾਂਕਣ ਕਰਨ ਦੇ ਵੀ ਯੋਗ ਹਨ।

ਦੇਸ਼ ਪਰਤ ਕੇ ਉਹਨਾਂ ਦੀਆਂ ਵਿਦੇਸ਼ਾਂ ਵਿੱਚ ਕਹੀਆਂ ਹੋਈਆਂ ਗੱਲਾਂ ਸੱਤਾ ਉੱਤੇ ਕਾਬਜ਼ ਲੋਕਾਂ ਲਈ ਨਾ-ਕਾਬਲੇ ਬਰਦਾਸ਼ਤ ਹੋ ਗਈਆਂ ਕਿਉਂਕਿ ਏਸ ਅਨਸਰ ਨੂੰ ਸੱਤਾ ਏਸ ਸ਼ਰਤ ਉੱਤੇ ਪ੍ਰਾਪਤ ਹੋਈ ਹੈ ਕਿ ਉਹ ਖ਼ਾਲਸਾ ਪੰਥ ਨੂੰ ਮੁਕੰਮਲ ਤੌਰ ਉੱਤੇ ਕਾਲਿਕਾ ਪੰਥ ਨਾਲ ਅਭੇਦ ਕਰਕੇ ਹੀ ਸਾਹ ਲੈਣਗੇ। ਏਸ ਕੰਮ ਨੂੰ ਸਿਰੇ ਚਾੜ੍ਹਨ ਲਈ ਉਹਨਾਂ ਦੇ ਹੱਥ 'ਦਸਮ ਗ੍ਰੰਥ' ਦਾ ਬ੍ਰਹਮਅਸਤਰ ਦਿੱਤਾ ਗਿਆ ਹੈ; ਸਿੱਖ ਪੰਥ ਦੇ ਕੇਂਦਰਾਂ ਦਾ ਮੁਕੰਮਲ ਕੰਟਰੋਲ ਵੀ ਉਹਨਾਂ ਦੇ ਹੱਥ ਦਿੱਤਾ ਗਿਆ ਹੈ। ਖ਼ਾਸ ਤੌਰ ਉੱਤੇ ਸਿੱਖ ਮਾਨਸਿਕਤਾ ਵਿੱਚ ਨਵੇਂ ਸਥਾਪਤ ਕੀਤੇ ਪੰਜ ਤਖ਼ਤ ਕਾਲਿਕਾ ਪੰਥ ਦੇ ਮੁਕੰਮਲ ਕਬਜ਼ੇ ਵਿੱਚ ਦੇ ਦਿੱਤੇ ਗਏ ਹਨ। ਇਨ੍ਹਾਂ ਤਖ਼ਤਾਂ ਦੇ 'ਜਥੇਦਾਰ' ਉਹਨਾਂ ਲੋਕਾਂ ਨੂੰ ਲਗਾਇਆ ਗਿਆ ਹੈ ਜੋ ਆਪ ਸ਼ਾਕਤ ਮੱਤ ਦੇ ਇਸ਼ਟ ਦੇ ਗੁੱਝੇ ਉਪਾਸ਼ਕ ਹਨ ਅਤੇ ਸਿੱਖੀ ਦੇ ਕਾਲਿਕਾ-ਕਰਣ (Kalika-isation) ਦੇ ਹਾਮੀ ਹਨ। ਉਹਨਾਂ ਦੀ ਮਦਦ ਵਾਸਤੇ ਹਿੰਦੋਸਤਾਨ ਦੇ ਮੀਡੀਆ ਨੂੰ ਹਿਦਾਇਤਾਂ ਕੀਤੀਆਂ ਗਈਆਂ ਹਨ ਜੋ ਕਿ ਇਹਨਾਂ ਨੂੰ 'ਉੱਤਮ ਪੁਜਾਰੀ' (High priests) ਅਤੇ ਤਖ਼ਤਾਂ ਦੇ ਜਥੇਦਾਰ ਸਥਾਪਤ ਕਰਨ ਲਈ ਲੰਮੇ ਸਮੇਂ ਤੋਂ ਪੱਬਾਂ ਭਾਰ ਹੈ - ਇਹ ਜਾਣਦਿਆਂ ਹੋਇਆਂ ਕਿ ਗੁਰੂ ਸਾਹਿਬਾਨ ਨੇ ਅਪਾਰ ਕਿਰਪਾ ਕਰਕੇ ਸਿੱਖ ਧਰਮ ਵਿੱਚੋਂ ਪੁਜਾਰੀ ਜਮਾਤ ਨੂੰ ਮਨਫ਼ੀ ਕੀਤਾ ਹੈ ਅਤੇ ਸਿੱਖ, ਗੁਰੂ ਦੇ ਰਿਸ਼ਤੇ ਵਿੱਚ ਕਿਸੇ ਵਿਚੋਲੇ ਨੂੰ ਸਵੀਕਾਰ ਨਹੀਂ ਕੀਤਾ।

ਕਾਲਿਕਾ-ਪੰਥ-ਪ੍ਰਚਾਰਕਾਂ ਦੀ ਸਾਰੀ ਰਣਨੀਤੀ ਅਧਿਆਤਮਕ ਆਜ਼ਾਦੀ ਹਾਸਲ ਕਰ ਚੁੱਕੇ ਸਿੱਖਾਂ ਨੂੰ ਪਹਿਲਾਂ ਬਹੁਰੂਪੀਏ ਜਥੇਦਾਰਾਂ, 'ਸਿੰਘ ਸਾਹਿਬਾਨਾਂ', 'ਉੱਤਮ ਪੁਜਾਰੀਆਂ' ਦੇ ਗ਼ਲਬੇ ਹੇਠ ਲਿਆਉਣ ਉੱਤੇ ਆਧਾਰਤ ਹੈ। ਇਹਨਾਂ ਨੂੰ ਮੀਡੀਆ ਸਿੱਖ ਪੰਥ ਉੱਤੇ ''ਸੁਪਰੀਮ'' ਅਤੇ ਸਦਾ ਲਈ ਸਥਾਪਤ ਪੰਜ ਪਿਆਰੇ ਪ੍ਰਚਾਰ ਰਿਹਾ ਹੈ। ਏਸ ਕਿਸਮ ਦੀ 'ਜਥੇਦਾਰਾਂ' ਦੀ ਪੋਲਿਟ ਬਿਊਰੋ ਨੂੰ ਖ਼ਾਲਸਾ ਪੰਥ ਦਾ ਕੁਈ ਇੱਕ ਵੀ ਸਿਧਾਂਤ ਪ੍ਰਵਾਨ ਨਹੀਂ ਕਰਦਾ। ਸਿੱਖਾਂ ਵਿੱਚ ਅੰਮ੍ਰਿਤ ਛਕਾਉਣ ਦੀ ਰਸਮ ਨੂੰ ਅੰਜਾਮ ਦੇਣ ਲਈ ਪੰਜ ਪਿਆਰੇ ਚੁਣਨ ਦੀ ਆਦਿ ਕਾਲ ਦੀ ਪਰੰਪਰਾ ਤਾਂ ਹੈ ਪਰ ਇਹ ਪੰਜ ਪਿਆਰੇ ਵਕਤੀ ਤੌਰ ਉੱਤੇ ਇੱਕ ਕਾਰਜ ਸੰਪੰਨ ਕਰਨ ਲਈ ਚੁਣੇ ਜਾਂਦੇ ਹਨ ਅਤੇ ਅੰਮ੍ਰਿਤ ਛਕਾਉਣ ਉਪਰੰਤ ਸੰਗਤ ਵਿੱਚ ਵਿਲੀਨ ਹੋ ਜਾਂਦੇ ਹਨ। ਪੰਜ ਪਿਆਰੇ ਚੁਣਨ ਦਾ ਦੂਜਾ ਸਵੱਬ ਓਦੋਂ ਢੁਕਦਾ ਹੈ ਜਦੋਂ ਕੁਈ ਸਿੱਖ ਮਹਿਸੂਸ ਕਰੇ ਕਿ ਓਸਨੇ ਜਾਣੇ/ਅਣਜਾਣੇ ਅੰਮ੍ਰਿਤ ਦੀ ਰਹਿਤ ਰੱਖਣ ਵਿੱਚ ਕੁਤਾਹੀ ਵਰਤੀ ਹੈ ਅਤੇ ਅੱਗੇ ਤੋਂ ਆਪਣੇ-ਆਪ ਨੂੰ ਰਹਿਤਵਾਨ ਸਿੱਖ ਸਮਝਣ ਲਈ ਓਸ ਲਈ ਆਤਮਸ਼ੁੱਧੀ ਕਰਨੀ ਜ਼ਰੂਰੀ ਹੈ। ਏਸ ਮਕਸਦ ਲਈ ਉਹ ਸੰਗਤ ਵਿੱਚ ਹਾਜ਼ਰ ਹੋ ਕੇ ਬੇਨਤੀ ਕਰਦਾ ਹੈ ਕਿ ਓਸ ਨੂੰ ਗੁਰੂ ਦਾ ਉਪਦੇਸ਼ ਦ੍ਰਿੜ੍ਹ ਕਰਵਾਉਣ ਲਈ ਪੰਜ ਪਿਆਰੇ ਥਾਪੇ ਜਾਣ। ਇਹ ਪੰਜ ਪਿਆਰੇ ਓਸਨੂੰ ਅੱਗੋਂ ਸੁਚੇਤ ਰਹਿਣ ਦੀ ਹਦਾਇਤ ਕਰਕੇ ਅਰਦਾਸ ਕਰ ਦਿੰਦੇ ਹਨ ਕਿ ਉਹ ਸਦਾ ਖ਼ਾਲਸਾ ਪੰਥ ਦਾ ਅਟੁੱਟ ਅੰਗ ਬਣਿਆ ਰਹੇ। ਲੋੜ ਪੈਣ ਉੱਤੇ ਖ਼ੁਨਾਮੀ ਕਰਨ ਵਾਲੇ ਨੂੰ ਸੰਕੇਤਕ ਸਜ਼ਾ ਵੀ ਦਿੱਤੀ ਜਾਂਦੀ ਹੈ ਜਿਵੇਂ ਕਿ ਲੰਗਰ, ਜੋੜਿਆਂ ਆਦਿ ਦੀ ਸੇਵਾ ਜਾਂ ਮਾਮੂਲੀ ਤਨਖਾਹ।

ਉਪਰੋਕਤ ਸਵੱਬਾਂ ਤੋਂ ਬਿਨਾ ਕਈ ਜਟਿਲ ਸਾਂਝੇ ਮੁਆਮਲਿਆਂ ਵਿੱਚ ਸਲਾਹ ਲੈਣ ਲਈ ਜਾਂ ਝਗੜੇ-ਝੇੜੇ ਨਿਬੇੜਨ ਲਈ ਵੀ ਪੰਜ ਪਿਆਰੇ ਥਾਪਣ ਦਾ ਰਿਵਾਜ ਖ਼ਾਲਸਾ ਪੰਥ ਵਿੱਚ ਪ੍ਰਚੱਲਤ ਹੈ ਅਤੇ ਜਾਇਜ਼ ਹੈ।

ਅਨਮਤੀਆਂ ਦੇ ਕੰਟਰੋਲ ਹੇਠ, ਤਨਖਾਹਦਾਰ 'ਜਥੇਦਾਰਾਂ' ਨੂੰ 'ਹਾਈ ਪ੍ਰੀਸਟ' ਵਜੋਂ ਵਡਿਆ, ਤਿੜਾ ਕੇ ਸਦਾ ਲਈ ਸਥਾਪਤ ਪੰਜ ਪਿਆਰੇ ਥਾਪਣ ਦਾ ਨਤੀਜਾ ਕੇਵਲ ਅਤੇ ਕੇਵਲ ਸਿੱਖ ਕੌਮ ਨੂੰ ਦੁਬੇਲ ਅਤੇ ਗ਼ੁਲਾਮ ਬਣਾਉਣ ਵਿੱਚ ਨਿਕਲ ਸਕਦਾ ਹੈ। ਇਹਨਾਂ ਦੇ ਮੁਕੰਮਲ ਸ਼ਿਕੰਜੇ (ਮੱਕੜਜਾਲ) ਵਿੱਚ ਫ਼ਸੀ ਸਿੱਖ ਕੌਮ ਉੱਤੇ ਇਹਨਾਂ ਦਾ ਕੁਈ ਵੀ ਸਿੱਖ-ਵਿਰੋਧੀ ਹੁਕਮ ਅਕਾਲ ਤਖ਼ਤ ਦਾ ਹੁਕਮ ਆਖ ਕੇ ਲਾਗੂ ਕਰਵਾਇਆ ਜਾ ਸਕਦਾ ਹੈ। ਜਦੋਂ ਇਹ ਸਥਾਈ ਪੰਜ ਪਿਆਰੇ ਪੱਕੇ ਪੈਰੀਂ ਸਥਾਪਤ ਹੋ ਗਏ ਤਾਂ ਸ਼ਾਕਤ ਮੱਤ ਦੇ ਗ੍ਰੰਥ ਦਾ 'ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ' ਆਖ ਕੇ ਗੁਰੂ ਗ੍ਰੰਥ ਦੇ ਬਰਾਬਰ ਪ੍ਰਕਾਸ਼ ਕੀਤਾ ਜਾ ਸਕਦਾ ਹੈ, ਜਿਸ ਦਾ ਅੰਤ ਗੁਰੂ ਗ੍ਰੰਥ ਨੂੰ ਸਿੱਖੀ ਜੀਵਨ ਵਿੱਚੋਂ ਮੁਕੰਮਲ ਤੌਰ ਉੱਤੇ ਮਨਫ਼ੀ ਕਰਨ ਉੱਤੇ ਹੀ ਹੋਣਾ ਹੈ।

ਕਾਲਿਕਾ ਪੰਥ ਦਾ ਇਹ ਮਨਸੂਬਾ ਤਾਹੀਏਂ ਹੀ ਸਿਰੇ ਚੜ੍ਹ ਸਕਦਾ ਹੈ ਜੇ ਸਮੁੱਚਾ ਸਿੱਖ ਜਗਤ ਬਿਨਾ ਕਿਸੇ ਹੀਲ ਹੁੱਜਤ ਦੇ 'ਦਸਮ ਗ੍ਰੰਥ' ਨੂੰ ਆਪਣਾ ਗੁਰੂ ਮੰਨ ਲਵੇ। ਅੱਧੇ ਤੋਂ ਵੱਧ ਇਹ ਪੁਸਤਕ ਭਾਈ ਕਾਹਨ ਸਿੰਘ ਨਾਭਾ ਦੇ ਕਹਿਣ ਅਨੁਸਾਰ ''ਅਸ਼ਲੀਲ, ਸਖ਼ਤ ਅਸ਼ਲੀਲ ਅਤੇ ਨਗਨ'' ਰਚਨਾਵਾਂ ਦਾ ਸੰਗ੍ਰਹਿ ਹੈ। ਬਾਕੀ ਸਾਰਾ ਮਹਾਂਕਾਲ ਅਤੇ ਕਾਲਿਕਾ ਦੀ ਉਪਾਸ਼ਨਾ ਅਤੇ ਇਹਨਾਂ ਦੀ ਸਰਵਉੱਚਤਾ ਸਥਾਪਤ ਕਰਨ ਖ਼ਾਤਰ ਲਿਖਿਆ ਗਿਆ ਹੈ। ਜਦੋਂ ਇਹ ਪੁਸਤਕ ਗੁਰੂ ਗ੍ਰੰਥ ਦਾ ਬਦਲ ਬਣ ਜਾਂਦੀ ਹੈ ਤਾਂ ਸਹਿਜੇ ਹੀ ਖ਼ਾਲਸਾ ਪੰਥ ਕਾਲਿਕਾ ਪੰਥ ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਸੁਪਨਾ ਸਾਕਾਰ ਕਰਨ ਲਈ ਜੂਝ ਰਹੇ ਹਨ ਪੰਜ ਤਖਤਾਂ ਦੇ ਜਥੇਦਾਰ ਅਤੇ ਉਹਨਾਂ ਦੀ ਪਿੱਠ ਉੱਤੇ ਖੜ੍ਹੇ ਹਨ ਸ਼ਕਤੀਸ਼ਾਲੀ ਲੋਕ।

ਸਿਰੀਰਾਗੁ ਮਹਲਾ ੩॥
ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ॥
ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ॥
ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ॥
- ਗੁਰੂ ਗ੍ਰੰਥ ਸਾਹਿਬ, ਪੰਨਾ ੩੧

ਅਜੇਹਾ ਸੁਪਨਾ ਚੂਰ-ਚੂਰ ਹੋ ਜਾਂਦਾ ਹੈ ਜੇ ਖ਼ਾਲਸਾ ਪੰਥ ਦੇ ਨੁਮਾਇੰਦੇ ਸਿੱਖ ਸੰਗਤ ਨੂੰ 'ਜਥੇਦਾਰਾਂ' ਦੇ ਅਸਲੀ ਆਸ਼ੇ ਬਾਰੇ ਅਤੇ 'ਦਸਮ ਗ੍ਰੰਥ' ਦੇ ਅਸਲ ਉਪਦੇਸ਼ਾਂ ਬਾਰੇ ਭਰਪੂਰ ਜਾਣਕਾਰੀ ਦੇ ਦੇਣ। ਪਿਛਲੇ ਸਮਿਆਂ ਵਿੱਚ ਅਕਾਲ ਤਖ਼ਤ ਦੀ ਦੁਰਵਰਤੋਂ ਕਰਕੇ ਜਾਰੀ ਹੋਏ ਹੁਕਮਨਾਮੇ ਜੇ ਗਹੁ ਨਾਲ ਘੋਖੇ ਜਾਣ ਤਾਂ ਪਤਾ ਚੱਲੇਗਾ ਕਿ ਇਹ 'ਦਸਮ ਗ੍ਰੰਥ' ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਨਾਜਾਇਜ਼ ਅਧਿਆਤਮਕ ਦਬਾਅ ਰਾਹੀਂ ਜਾਣਕਾਰੀ ਦੇਣ ਤੋਂ ਵਰਜਣ ਲਈ ਹੀ ਜਾਰੀ ਕੀਤੇ ਗਏ ਹਨ। ਹਰ ਇੱਕ ਦਾ ਕੇਂਦਰੀ ਭਾਵ ਹੈ 'ਦਸਮ ਗ੍ਰੰਥ ਬਾਰੇ ਚਰਚਾ ਨਹੀਂ।' ਜਦੋਂ ਕਿਸੇ ਨੇ ਏਸ ਪੁਸਤਕ ਨੂੰ ਗੁਰੂ ਮੰਨਣ ਜਾਂ ਸਥਾਪਤ ਕਰਨ ਲਈ ਕਾਰਵਾਈ ਕੀਤੀ ਤਾਂ 'ਜਥੇਦਾਰਾਂ' ਦੀ ਕੁਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਮਸਲਨ ਵਿਰਸਾ ਸਿੰਘ ਦੇ ਸਰਕਾਰੀ ਪੈਸੇ (16 ਕਰੋੜ) ਨਾਲ 'ਦਸਮ ਗ੍ਰੰਥ' ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਵੰਡਣ ਵਿਰੁੱਧ ਕੁਈ ਹੁਕਮਨਾਮਾ ਨਹੀਂ; ਟ੍ਰਿਬਿਊਨ (ਅੰਗ੍ਰੇਜ਼ੀ) ਵਿਰੁੱਧ 'ਦਸਮ ਗ੍ਰੰਥ' ਦੇ ਹੱਕ ਵਿੱਚ ਪ੍ਰਚਾਰ ਕਰਨ ਵਿਰੁੱਧ ਕੁਈ ਹੁਕਮਨਾਮਾ ਨਹੀਂ। ਏਸਦੇ ਉਲਟ ਮੇਰੇ ਵਰਗੇ ਨਾਚੀਜ਼ ਨੂੰ ਏਸ ਪ੍ਰਚਾਰ ਨੂੰ ਠੱਲ੍ਹ ਪਾਉਣ ਦੇ ਨਿਮਾਣੇ ਯਤਨ ਕਰਨ ਵਿਰੁੱਧ ਘੱਟੋ-ਘੱਟ ਤਿੰਨ ਹੁਕਮਨਾਮੇ ਇਹ ਕਾਲਿਕਾ ਪੰਥੀ ਜਥੇਦਾਰ ਜਾਰੀ ਕਰ ਚੁੱਕੇ ਹਨ। ਖਮਿਆਜ਼ਾ ਭੁਗਤਣ ਲਈ ਤਿਆਰ ਰਹਿਣ ਅਤੇ ਛੇਕੇ ਜਾਣ ਦੇ ਡਰਾਵੇ ਦੇਣ ਲਈ ਦਿੱਤੀਆਂ ਅੱਧੀ ਕੁ ਦਰਜਨ ਸਿੱਧੀਆਂ/ਅਸਿੱਧੀਆਂ ਧਮਕੀਆਂ ਏਸ ਤੋਂ ਇਲਾਵਾ ਹਨ।

ਭਾਈ ਦਰਸ਼ਨ ਸਿੰਘ ਨੂੰ ਤਾਂ ਗੁਰੂ ਮਹਾਰਾਜ ਨੇ ਕੋਕਿਲਾਕੰਠ, ਤਰਕ-ਆਧਾਰਤ ਬੁੱਧੀ, ਕਲਮ ਅਤੇ ਵਾਕ ਦੀ ਰਵਾਨੀ ਸਮੇਤ ਕਈ ਅਪਾਰ ਬਖਸ਼ਿਸ਼ਾਂ ਬਖਸ਼ੀਆਂ ਹਨ। ਜਦੋਂ ਇਹਨਾਂ ਨੇ 'ਦਸਮਗ੍ਰੰਥ' ਦੀ ਕਾਲਿਕੀ ਸਾਜ਼ਿਸ਼ ਵਿਰੱਧ ਗੁਰੂ ਦੀਆਂ ਦਿੱਤੀਆਂ ਅਥਾਹ ਸ਼ਕਤੀਆਂ ਨੂੰ ਵਰਤਣਾ ਸ਼ੁਰੂ ਕੀਤਾ ਤਾਂ ਕਾਲਿਕਾਪੰਥੀਆਂ ਨੂੰ ਆਪਣੇ ਬਣਾਏ ਮਨਸੂਬੇ ਧੂੰਏਂ ਦਾ ਬੱਦਲ ਬਣ ਉੱਡਦੇ ਨਜ਼ਰ ਆਏ। ਇਹਨਾਂ ਦੇ ਮਾਲਕ ਇਹ ਵੀ ਜਾਣਦੇ ਹਨ ਕਿ ਏਸ ਜਥੇਦਾਰੀ ਨਿਜ਼ਾਮ ਵਿੱਚ ਤਬਦੀਲੀ ਲਿਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਇਹਨਾਂ ਲਈ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਬਣੀ ਹੋਈ ਹੈ, ਵਿੱਚ ਤਬਦੀਲੀ ਲਿਆਉਣ ਦਾ ਯਤਨ ਕਰਨਾ ਵੀ ਕਾਲਿਕਾ ਪੰਥ ਨੂੰ ਮਾਤ ਦੇਣ ਦਾ ਸਭ ਤੋਂ ਸਾਰਥਕ ਯਤਨ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇੜੇ ਆਉਣ ਕਾਰਣ ਇਹਨਾਂ ਦੇ ਦਿਮਾਗਾਂ ਵਿੱਚ ਖ਼ਤਰੇ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਅਤੇ ਇਹਨਾਂ ਦੇ ਮਾਲਕਾਂ ਨੇ ਭਾਈ ਦਰਸ਼ਨ ਸਿੰਘ ਵਿਰੁੱਧ ਅਤਿ ਘਿਨਾਉਣੀ ਸਾਜ਼ਿਸ਼ ਘੜੀ।

ਰੌਚੈਸਟਰ (ਅਮਰੀਕਾ) ਦੇ ਗੁਰਦਵਾਰੇ ਵਿੱਚ 'ਦਸਮਗ੍ਰੰਥ' ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਦੱਸਿਆ ਕਿ ਅਜਿਹੀਆਂ ਸ਼ਰਮਨਾਕ ਅਤੇ ਅਸ਼ਲੀਲ ਘਟਨਾਵਾਂ ਸਾਹਿਬ ਦਸਮ ਪਾਤਸ਼ਾਹ ਨਾਲ ਇਹ ਪੁਸਤਕ ਜੋੜਦੀ ਹੈ ਜਿਨ੍ਹਾਂ ਨੂੰ ਪੜ੍ਹਨਾ-ਸੁਣਨਾ ਹੀ ਕੁਫ਼ਰ ਹੈ। ਉਹਨਾਂ ਦੋ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਜਿਸ ਵਿੱਚ ਰੂਪ/ਅਨੂਪ ਕੌਰ ਦਾ ਕਿੱਸਾ ਅਤੇ ਲੋਕਾਂ ਦੀਆਂ ਪੱਗਾਂ ਲਾਹ ਕੇ ਬਜ਼ਾਰ ਵਿੱਚ ਵੇਚਣ ਦੇ ਮੁਆਮਲੇ ਸ਼ਾਮਲ ਹਨ। ਜ਼ਾਹਰ ਹੈ ਕਿ ਸੰਗਤ ਵਿੱਚ ਜ਼ਿਕਰ ਨਾ ਕਰਨਯੋਗ ਬਾਕੀ ਫ਼ਰਜ਼ੀ ਕਹਾਣੀਆਂ ਜੋ ਸਾਹਿਬਾਂ ਦੇ ਨਾਂਅ ਨਾਲ ਜੋੜੀਆਂ ਗਈਆਂ ਹਨ, ਉਹਨਾਂ ਨੂੰ ਜਾਣਨ ਦਾ ਕੌਤੂਹਲ ਸਿੰਘਾਂ ਵਿੱਚ ਜਾਗੇਗਾ ਅਤੇ ਉਹ 'ਦਸਮ ਗ੍ਰੰਥ' ਨੂੰ ਘੋਖਣ ਵੱਲ ਮੁਹਾਰਾਂ ਮੋੜਨਗੇ। ਲੋਕਾਂ ਨੂੰ ਕੁਰਾਹੇ ਪਾ ਕੇ ਆਪਣੇ ਮਕਸਦ ਸਾਧਣ ਵਾਲਾ ਹਰ ਮੱਕਾਰ ਕਦੇ ਵੀ ਨਹੀਂ ਚਾਹੁੰਦਾ ਕਿ ਰੌਸ਼ਨੀ ਵਧੇ ਅਤੇ ਓਸ ਦੇ ਕਾਲੇ ਕਾਰਨਾਮੇ ਪ੍ਰਗਟ ਹੋਣ। ਔਰੰਗਜ਼ੇਬ, ਹਿਟਲਰ ਤੋਂ ਲੈ ਕੇ ਸਟੈਲਿਨ, ਰਾਜੀਵ ਗਾਂਧੀ ਤੱਕ ਸਭ ਦਾ ਵਰਤਾਰਾ ਏਹੋ ਰਿਹਾ ਹੈ ਕਿ 'ਦੀਵੇ ਬੁਝਾਉ, ਕਾਲੀ ਬੋਲੀ ਰਾਤ ਦਾ ਹਨੇਰਾ ਪਸਰਨ ਦਿਉ'। ਇਹ ਕਾਫ਼ਰ ਮੋਮਨਾਂ ਤੋਂ ਵੱਧ ਜਾਣਦੇ ਹਨ ਕਿ ''ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ'' ਦਾ ਇਨ੍ਹਾਂ ਦੇ ਦੁਸ਼ਕਰਮਾਂ ਉੱਤੇ ਕੀ ਪ੍ਰਭਾਵ ਹੋਣਾ ਹੈ। ਇਹ ਸਦਾ ਅਜਿਹੀ ਰੌਸ਼ਨੀ ਨੂੰ ਫ਼ੈਲਣ ਤੋਂ ਰੋਕਣ ਲਈ ਤਤਪਰ ਰਹਿੰਦੇ ਹਨ। ਏਸ ਲਈ ਇਹਨਾਂ ਤਰੱਦਦ ਕਰਕੇ ਭਾਈ ਦਰਸ਼ਨ ਸਿੰਘ ਦੇ ਰੌਚੈਸਟਰ ਗੁਰਦਵਾਰੇ ਵਿਚਲੇ ਪ੍ਰਵਚਨ ਦੀ ਸੀ.ਡੀ. ਮੰਗਵਾਈ। ਓਸਨੂੰ ਬਿਨਾ ਕਿਸੇ ਕਾਰਣ ਗੁਰੂ-ਨਿੰਦਾ ਦਾ ਪ੍ਰਮਾਣ ਬਣਾਕੇ ਭਾਈ ਦਰਸ਼ਨ ਸਿੰਘ ਵਿਰੁੱਧ ਜ਼ਬਰਦਸਤ ਹੱਲਾ-ਗੁੱਲਾ ਸ਼ੁਰੂ ਕਰ ਦਿੱਤਾ। ਇਹ ਜਾਣਦੇ ਸਨ ਕਿ ਕਾਲਿਕਾ ਪੰਥ ਦਾ ਮੀਡੀਆ ਮੁਕੰਮਲ ਤੌਰ ਉੱਤੇ ਇਹਨਾਂ ਦੇ ਨਾਲ ਹੈ ਅਤੇ ਕਿਸੇ ਨੇ ਨਹੀਂ ਘੋਖਣਾ ਕਿ ਭਾਈ ਦਰਸ਼ਨ ਸਿੰਘ ਦੇ ਅਸਲ ਲਫ਼ਜ਼ ਕੀ ਹਨ ਅਤੇ ਉਹਨਾਂ ਦਾ ਅਸਲ ਸੰਦੇਸ਼ ਕੀ ਹੈ। ਬਾਅਦ ਵਿੱਚ ਇਵੇਂ ਹੀ ਹੋਇਆ। ਸੋ ਇਹਨਾਂ ਗੁਰੂ-ਨਿੰਦਾ ਦੇ ਝੂਠੇ ਦੋਸ਼ ਹੇਠ, ਮਾਂ ਨਾਲੋਂ ਹੇਜਣੀ ਦਾਈ ਬਣ ਕੇ, ਭਾਈ ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਉੱਤੇ ਤਲਬ ਕਰ ਲਿਆ ਅਤੇ ਆ ਕੇ ਸਪਸ਼ਟੀਕਰਨ ਦੇਣ ਦਾ ਹੁਕਮ ਕੀਤਾ। ਇਹਨਾਂ ਇੱਕ ਪਲ ਵੀ ਨ ਵਿਚਾਰਿਆ ਕਿ ਅਨਿੰਨ ਸ਼ਰਧਾ ਰੱਖਣ ਵਾਲਾ ਗੁਰਸਿੱਖ, ਜਿਸ ਨੇ ਬਖ਼ਸ਼ਿਸ਼ ਹੋਈ ਹਰ ਦਾਤ ਨੂੰ, ਹਰ ਹੀਲੇ ਨੂੰ ਵਰਤ ਕੇ ਗੁਰੂ-ਜਸ ਸਾਰੀ ਉਮਰ ਗਾਇਆ ਹੈ, ਉਹ ਗੁਰੂ-ਨਿੰਦਕ ਕਿਵੇਂ ਹੋ ਸਕਦਾ ਹੈ? ਪਰ ਇਨ੍ਹਾਂ ਦੇ ਹੱਥ ਮੀਡੀਏ ਦੀ ਛੜੀ ਸੀ ਜਿਸ ਰਾਹੀਂ ਸਫ਼ੈਦ ਨੂੰ ਸਿਆਹ ਕਰਨਾ ਇਹਨਾਂ ਦੇ ਖੱਬੇ ਹੱਥ ਦਾ ਖੇਲ੍ਹ ਹੈ।

ਮੀਡੀਏ ਨੇ ਵੀ ਦੂਰ-ਰਸੀ ਨਤੀਜੇ ਵਾਚ ਕੇ ਇਹਨਾਂ ਨੂੰ ਨਿਰਾਸ਼ ਨਹੀਂ ਕੀਤਾ ਬਲਕਿ ਪਰੂਾ ਤਾਣ ਲਾ ਕੇ ਏਸ ਤੱਥ ਉੱਤੇ ਮੋਟਾ, ਕਾਲਾ ਪਰਦਾ ਪਾਈ ਰੱਖਿਆ ਕਿ ਰੌਚੈਸਟਰ ਦੇ ਗੁਰਦਵਾਰੇ ਵਿੱਚ ਭਾਈ ਦਰਸ਼ਨ ਸਿੰਘ ਨੇ ਗੁਰੂ-ਨਿੰਦਾ ਨਹੀਂ ਬਲਕਿ ਗੁਰੂ-ਉਸਤਤਂ ਕੀਤੀ ਹੈ। ਉਹਨਾਂ ਦੇ ਵਿਚਾਰ ਪ੍ਰੈੱਸ ਵਿੱਚ ਪ੍ਰਗਟ ਹੀ ਨਹੀਂ ਹੋਣ ਦਿੱਤੇ।

ਚੰਗੀ ਕਿਸਮਤ ਨੂੰ ਮੀਡੀਆ ਦੇ ਇੱਕ-ਦੋ ਅੰਗ ਐਸੇ ਸਨ ਜੋ ਸੱਚ ਨੂੰ ਨਜ਼ਰਅੰਦਾਜ਼ ਕਰਨਾ ਪਰਮੋ-ਧਰਮ ਨਹੀਂ ਸਨ ਮੰਨਦੇ। ਇਹਨਾਂ ਵਿੱਚ ਹਨ ਕੁਝ ਕੁ ਪੰਥਕ ਰਸਾਲੇ ਜਿਨ੍ਹਾਂ ਨੇ ਰੌਚੈਸਟਰ ਗੁਰਦਵਾਰੇ ਵਾਲਾ ਸਾਰਾ ਪ੍ਰਵਚਨ ਲਫ਼ਜ਼-ਬ-ਲਫ਼ਜ਼ ਛਾਪ ਦਿੱਤਾ ਅਤੇ ਇੱਕ ਐਸਾ ਚੈਨਲ ਵੀ ਨਿੱਤਰਿਆ ਜਿਸ ਨੇ ਤਿੰਨ ਦਿਨ ਲਗਾਤਾਰ ਓਸ ਪ੍ਰਵਚਨ ਦੀ ਸੀ.ਡੀ. ਦਾ ਪ੍ਰਸਾਰਣ ਕੀਤਾ। ਸਿੱਖ ਸੰਗਤ ਨੂੰ ਤਾਂ ਗਿਆਨ ਹੋ ਗਿਆ ਕਿ ਭਾਈ ਦਰਸ਼ਨ ਸਿੰਘ ਨੇ ਨਾਮ-ਮਾਤਰ ਵੀ ਕੋਤਾਹੀ ਨਹੀਂ ਕੀਤੀ; ਸਾਹਿਬ ਦੀ ਸ਼ਾਨ ਵਿੱਚ ਗੁਸਤਾਖੀ ਤਾਂ ਕੀ ਕਰਨੀ ਸੀ। ਸਿਰਫ਼ ਮਰਜ਼ੀ ਦੇ ਅੰਨ੍ਹੇ 'ਜਥੇਦਾਰਾਂ' ਨੂੰ ਨਾ ਇਹ ਸਚਾਈ ਦਿੱਸੀ, ਨਾ ਉਹਨਾਂ ਸੁਣੀ; ਇਨ੍ਹਾਂ ਦੇ ਮਾਇਆਧਾਰੀ ਮਾਲਕ ਤਾਂ ਆਦਿ ਕਾਲ ਦੇ ਅੰਨ੍ਹੇ-ਬੋਲੇ ਸਨ ਹੀ। ਸੋ ਇਨ੍ਹਾਂ ਆਪਣੇ ਕਾਲਿਕਾ ਅਸਿਧੁਜ ਅਧੀਨ ਹਮਲਾ ਜਾਰੀ ਰੱਖਿਆ।

ਭਾਈ ਦਰਸ਼ਨ ਸਿੰਘ ਮਿਥੀ ਤਾਰੀਖ ਨੂੰ, ਬੁਲਾਵੇ ਅਨੁਸਾਰ, ਅਕਾਲ ਤਖ਼ਤ ਉੱਤੇ ਲਿਖ਼ਤੀ ਰੂਪ ਵਿੱਚ ਆਪਣਾ ਸਪਸ਼ਟੀਕਰਣ ਲੈ ਕੇ ਹਾਜ਼ਰ ਹੋਏ। ਪਰ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਸੱਦਣ ਵਾਲੇ, ਅਥਾਹ ਹੈਂਕੜ ਅਧੀਨ, ਆਪਣੇ-ਆਪ ਨੂੰ ਹੀ ਅਕਾਲ ਤਖ਼ਤ ਸਮਝਦੇ ਹਨ।

ਅਕਾਲ ਤਖ਼ਤ ਸਾਹਿਬ ਨੂੰ ਹੀ ਅਕਾਲ ਤਖ਼ਤ ਜਾਣ ਕੇ ਉਹ ਜ਼ੁਬਾਨੀ ਅਤੇ ਲਿਖ਼ਤੀ ਸਪਸ਼ਟੀਕਰਣ ਦੇਣ ਦੇ ਸਮੇਂ ਨੂੰ ਉਡੀਕਣ ਲੱਗੇ। ਜਦੋਂ ਉਹਨਾਂ ਨੂੰ ਸਪਸ਼ਟ ਹੋ ਗਿਆ ਕਿ ਸਪਸ਼ਟੀਕਰਣ ਬਹਾਨੇ ਉਹਨਾਂ ਨੂੰ ਜ਼ਲੀਲ ਕਰਨ ਦੇ ਮਨਸੂਬੇ ਹਨ ਤਾਂ ਉਹ ਆਪਣੇ ਪ੍ਰਵਚਨ ਦੀ ਸੀ.ਡੀ. ਅਤੇ ਲਿਖ਼ਤ ਗੁਰੂ-ਅਰਪਣ ਕਰਕੇ ਵਾਪਸ ਆ ਗਏ ਅਤੇ ਨਿਸਚਿੰਤ ਹੋ ਕੇ ਬੈਠ ਗਏ ਕਿ ''ਆਪਿ ਪਤਿ ਰਖਸੀ ਮੇਰਾ ਪਿਆਰਾ ਸਰਣਾਗਤਿ ਪਏ ਗੁਰ ਦੁਆਰੇ॥ ਨਾਨਕ ਗੁਰਮੁਖੁ ਸੋ ਸੁਹੇਲੇ ਭਏ ਮੁਖ ਊਜਲ ਦਰਬਾਰੇ॥'' 'ਜਥੇਦਾਰਾਂ' ਦੀ ਹਉਮੈ ਭੜਕ ਉੱਠੀ। ਅਕਲੋਂ ਅੰਨ੍ਹੇ 'ਜਥੇਦਾਰਾਂ' ਦਾ ਤਰਕ ਸੀ ਕਿ ਭਾਈ ਦਰਸ਼ਨ ਸਿੰਘ ਅਕਾਲ ਤਖ਼ਤ ਉੱਤੇ ਪੇਸ਼ ਹੀ ਨਹੀਂ ਹੋਏ ਅਤੇ ਨਾ ਹੀ ਉਹਨਾਂ ਕੁਈ ਸਪਸ਼ਟੀਕਰਣ ਦਿੱਤਾ ਹੈ। ਇਹਨਾਂ ਨੇ ਓਸਨੂੰ ਅਣਗੌਲਿਆਂ ਕਰਕੇ ਹਉਮੈ, ਹੈਂਕੜ ਦਾ ਇਲਜ਼ਾਮ ਲਾਉਂਦੇ ਹੋਏ ਭਾਈ ਦਰਸ਼ਨ ਸਿੰਘ ਨੂੰ ਬਿਨਾ ਸਪਸ਼ਟੀਕਰਣ ਪੜ੍ਹਨ ਦੇ, ਤਨਖਾਹ ਲਗਵਾਉਣ ਦਾ 'ਹੁਕਮਨਾਮਾ' ਜਾਰੀ ਕਰ ਦਿੱਤਾ। ਇਹਨਾਂ ਇੱਕ ਪਲ ਵੀ ਨਾ ਵਿਚਾਰਿਆ ਕਿ ਇਹ ਕਰਮ ਕਿਸੇ ਵੀ ਨਿਆਂ ਪ੍ਰਣਾਲੀ ਜਾਂ ਨਿਆਂਇਕ ਪ੍ਰਕਿਰਿਆ ਦੇ ਹਾਣ ਦਾ ਨਹੀਂ।

ਗੁਰੂ ਦਾ ਭੈ ਰੱਖਣ ਵਾਲੇ ਭਾਈ ਕੇਵਲ ਸਿੰਘ ਨੇ ਚਾਰ ਧਾਰਮਕ ਵਿਅਕਤੀ ਨਾਲ ਲੈ ਕੇ ਅਗਲੀ ਤਾਰੀਖ਼ ਤੋਂ ਪਹਿਲਾਂ ਓਹੋ ਸਪਸ਼ਟੀਕਰਣ ਇਹਨਾਂ ਦੇ 'ਅਕਾਲ ਤਖ਼ਤ' ਅਰਥਾਤ ਬੈਠਣ ਦੇ ਸਥਾਨ ਉੱਤੇ ਪਹੁੰਚਾ ਦਿੱਤਾ ਪਰ ਇਹਨਾਂ 'ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਓਥੇ ਦਾ ਓਥੇ' ਰੱਖਦਿਆਂ ਓਸ ਦਾ ਜ਼ਿਕਰ ਮਾਤਰ ਵੀ ਕਿਤੇ ਨਹੀਂ ਆਉਣ ਦਿੱਤਾ, ਓਸ ਨੂੰ ਘੋਖ ਕੇ ਸੱਚ-ਝੂਠ ਦਾ ਨਿਤਾਰਾ ਤਾਂ ਕੀ ਕਰਨਾ ਸੀ! ਇਹਨਾਂ ਦੇ ਅਗਲੇ ਬਿਆਨ ਅਤੇ ਇਹਨਾਂ ਦੇ ਮਾਲਕਾਂ ਦੇ ਏਸ ਤੋਂ ਬਾਅਦ ਦੇ ਬਿਆਨਾਂ, ਇਸ਼ਤਿਹਾਰਾਂ ਨੂੰ ਵਾਚਣ ਵਾਲੇ ਜਾਣਦੇ ਹਨ ਕਿ ਇਹ ਕੱਪੜਿਆਂ ਤੋਂ ਬਾਹਰ ਹੋਏ, ਕ੍ਰੋਧ ਨਾਲ ਲਟ-ਲਟ ਬਲਦੇ ਬੌਣੇ ਮਨੁੱਖਾਂ ਦੇ ਭਾਵਾਂ ਦਾ ਪ੍ਰਗਟਾਵਾ ਹਨ।

ਜੇ ਵਿਚਾਰਿਆ ਜਾਵੇ ਤਾਂ ਸੱਚ, ਧਰਮ, ਨਿਆਂ, ਆਦਿ ਦੀਆਂ ਬਰੀਕੀਆਂ ਵਿੱਚ ਪੈਣ ਦੀ ਇਹਨਾਂ ਨੂੰ ਲੋੜ ਨਹੀ ਸੀ। ਮੀਡੀਆ ਇਹਨਾਂ ਹੱਥ, ਸਿਆਸੀ ਤਾਕਤ ਇਹਨਾਂ ਦੀ ਪਿੱਠ ਉੱਤੇ - ਸਈਆਂ ਭਏ ਕੋਤਵਾਲ ਅਬ ਡਰ ਕਾਹੇ ਕਾ। ਸੱਚ ਦੇ ਤਖ਼ਤ, ਸਿੱਖੀ ਦੀ ਨਿਰਮਾਣਤਾ, ਗੁਰਸਿੱਖਾਂ ਨੂੰ ਗੁਰਭਾਈ ਸਮਝਣ, ਗੁਰੂ ਗ੍ਰੰਥ ਦੀ ਸਰਵਉੱਚ ਹਸਤੀ ਇਤਿਆਦਿ ਸੰਕਲਪਾਂ ਲਈ ਹੁਣ ਕਾਲਿਕਾ ਪੰਥ ਵਿੱਚ ਕੁਈ ਥਾਂ ਨਹੀਂ ਰਹੀ। ਮਾਲਕਾਂ ਨੂੰ ਵੋਟਾਂ ਮਿਲਦੀਆਂ ਹਨ ਪੈਸੇ, ਸ਼ਰਾਬ, ਭੁੱਕੀ ਦੇ ਜ਼ੋਰ। ਗੁਰੂ ਗੋਬਿੰਦ ਸਿੰਘ ਸਰਬੰਸ ਦਾਨੀ ਵੀ ਹੋਵੇ ਤਾਂ ਵੀ ਉਸਦੀ ਅਜ਼ਮਤ ਨੂੰ ਦਾਅ ਉੱਤੇ ਲਗਾਇਆ ਜਾ ਸਕਦਾ ਹੈ ਕਿਉਂਕਿ ਇਹਨਾਂ ਦੀ ਕਰਮ-ਭੂਮੀ ਪੰਜਾਬ ਵਿੱਚ ਗੁਰੂਆਂ ਦੇ ਨਾਂਅ ਉੱਤੇ ਕੁਈ ਵੋਟ ਦਰਜ ਨਹੀਂ।

ਨੇੜੇ ਹੋ ਕੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਾਣਾਂਗੇ ਕਿ ਭਾਈ ਦਰਸ਼ਨ ਸਿੰਘ ਦਾ ਗਲ਼ਾ ਘੁੱਟਣ ਦਾ ਫ਼ੈਸਲਾ ਤਾਂ ਓਹਨਾਂ ਦੇ ਰੌਚੈਸਟਰ ਵਿੱਚ ਬੋਲਣ ਤੋਂ ਪਹਿਲਾਂ ਹੀ ਹੋ ਚੁੱਕਿਆ ਸੀ। ਏਸੇ ਪ੍ਰਯੋਜਨ ਅਧੀਨ ਉਹਨਾਂ ਦੇ ਪ੍ਰਵਚਨ ਦੀ ਸੀ.ਡੀ. ਮੰਗਵਾਈ ਗਈ ਸੀ। ਸਪਸ਼ਟੀਕਰਣ ਪੁੱਜਣ ਤੋਂ ਪਹਿਲਾਂ ਹੀ ਛੇਕ ਦੇਣ ਦੀਆਂ, ਸਖ਼ਤੀ ਵਰਤਣ ਦੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਸਪਸ਼ਟੀਕਰਣ ਦੇਣ ਤੋਂ ਪਹਿਲਾਂ ਉਹਨਾਂ ਦਾ ਕੀਰਤਨ ਨਾ ਸੁਣਨ ਵਾਸਤੇ ਸੰਗਤ ਨੂੰ ਪਾਬੰਦ ਕੀਤਾ ਜਾ ਚੁੱਕਾ ਸੀ। ਇਹ ਇਤਿਹਾਸ ਵਿੱਚ ਪਹਿਲਾ ਵਾਕਿਆ ਹੈ ਜਦੋਂ ਸਿੱਖ ਅਖਵਾਉਂਦੇ ਲੋਕਾਂ ਵੱਲੋਂ ਗੁਰਬਾਣੀ ਕੀਰਤਨ ਉੱਤੇ ਪਾਬੰਦੀ ਲਾਈ ਗਈ ਸੀ। ਸਪਸ਼ਟੀਕਰਣ ਮਿਲਣ ਉੱਤੇ ਓਸਨੂੰ ਵਿਚਾਰੇ ਬਿਨਾ ਤਨਖਾਹ ਲਗਵਾਉਣ ਦਾ ਹੁਕਮ ਦਿੱਤਾ ਜਾ ਚੁੱਕਾ ਸੀ ਅਤੇ ਭਾਈ ਦਰਸ਼ਨ ਸਿੰਘ ਵਿਰੁੱਧ ਸੰਗਤ ਦਾ ਪੈਸਾ ਖਰਚ ਕਰ ਕੇ ਨਿਖੇਧੀ ਕਰਨ ਵਾਲੇ ਮਹਿੰਗੇ ਅਤੇ ਝੂਠ ਨਾਲ ਲਬਰੇਜ਼ ਇਸ਼ਤਿਹਾਰ ਦੇ ਕੇ ਅਖ਼ਬਾਰਾਂ ਨੂੰ ਭੰਡੀ-ਪ੍ਰਚਾਰ ਹਿਤ ਖਰੀਦਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਸੀ। ਇਹ ਸਭ 'ਜਥੇਦਾਰਾਂ' ਅਤੇ ਉਹਨਾਂ ਦੇ ਮਾਲਕਾਂ ਦੀ ਡੂੰਘੀ ਢਾਊ, ਮਾਣਸਖਾਣੀ, ਸਿੱਖੀ-ਵਿਰੋਧੀ ਮਾਨਸਿਕਤਾ ਨੂੰ ਪ੍ਰਗਟ ਕਰਨ ਦੇ ਅਮਿੱਟ ਸੰਕੇਤ ਹਨ। ਏਸ ਦਾ ਨਤੀਜਾ ਕੇਵਲ ਸਾਰੀ ਉਮਰ ਬੜੇ ਉਤਸ਼ਾਹ ਅਤੇ ਅਥਾਹ ਚਾਅ ਨਾਲ ਸਿੱਖੀ ਦੇ ਸਮਰਪਿਤ ਕੀਰਤਨੀਏ ਨੂੰ ਛੇਕਣ ਅਤੇ ਓਸਨੂੰ ਸਿੱਖ ਪੰਥ ਤੋਂ ਨਿਖੇੜਨ ਲਈ ਜਾਰੀ ਕੀਤੇ ਅਹਿਕਾਮਾਂ ਵਿੱਚ ਹੀ ਨਿਕਲ ਸਕਦਾ ਸੀ। ਏਵੇਂ ਹੋਇਆ।

ਹੁਣ ਆਈਏ ਮੁਆਮਲੇ ਦੀ ਹਕੀਕੀ ਤਹਿ ਤੱਕ! ਭਾਈ ਸਾਹਿਬ ਦਾ ਪ੍ਰਵਚਨ ਸੁਣਨ ਨਾਲ ਅਤੇ ਓਸਦਾ ਲਿਖਤੀ ਵੇਰਵਾ ਪੜ੍ਹਨ ਉਪਰੰਤ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹਨਾਂ 'ਦਸਮ ਗ੍ਰੰਥ' ਦੀਆਂ ਸਾਹਿਬਾਂ ਉੱਤੇ ਲਾਈਆਂ ਊਂਜਾਂ ਨੂੰ ਨਿਰਮੂਲ ਦੱਸਦਿਆਂ ਸਿੱਖ ਸੰਗਤ ਨੂੰ ਸੁਚੇਤ ਕੀਤਾ ਹੈ ਕਿ ਏਸ ਪੁਸਤਕ ਦਾ ਮੁਤਾਲਿਆ ਕਰਕੇ, ਸੱਚਾਈ ਨੂੰ ਜਾਣ ਕੇ ਏਸਦੇ ਸਿੱਖੀ ਵਿਰੋਧੀ ਹੋਣ ਦੇ ਖਾਸੇ ਨੂੰ ਸਮਝਿਆ ਜਾਵੇ। ਇਹ ਪੁੰਨ ਕਰਮ ਹੈ, ਇਹੀ ਸੱਚ ਹੈ। 'ਜਥੇਦਾਰਾਂ' ਨੇ ਇੱਕ ਸੁਧਾ, ਨੰਗਾ-ਚਿੱਟਾ, ਅਤਿ ਘਿਨਾਉਣਾ ਝੂਠ ਬੋਲ ਕੇ ਲੋਕ-ਪ੍ਰਲੋਕ ਵਿੱਚ ਆਪਣੇ ਕੁਰੂਪ ਚਿਹਰੇ ਕਾਲੇ ਕਰਵਾਏ ਹਨ। ਖ਼ਾਸ ਤੌਰ ਉੱਤੇ ਏਸ ਲਈ ਕਿ ਇਹ ਝੂਠ ਉਹਨਾਂ ਮੀਰੀ ਪੀਰੀ ਦੇ ਮਾਲਕ ਦੇ ਤਖ਼ਤ ਦੇ ਦਰਵਾਜ਼ੇ ਉੱਤੇ ਖੜ੍ਹ ਕੇ ਬੋਲਿਆ ਹੈ। ਕਿਉਂਕਿ ਸੀ.ਡੀ. ਮੌਜੂਦ ਹੈ, ਸਪਸ਼ਟੀਕਰਨ ਸਾਹਮਣੇ ਹੈ ਏਸ ਲਈ ਏਸ ਤੱਥ ਨੂੰ ਝੁਠਲਾੲਆ ਨਹੀਂ ਜਾ ਸਕਦਾ। ਇਹਨਾਂ ਦੇ ਮਾਲਕ ਸਰਦਾਰ ਅਵਤਾਰ ਸਿੰਘ ਮੱਕੜ ਵੱਲੋਂ ਏਸ ਝੂਠ ਦੀ ਕੀਮਤੀ ਇਸ਼ਤਿਹਾਰ ਛਾਪ ਕੇ ਤਾਈਦ ਕਰਨੀ ਅਤੇ ਕੋਲੋਂ ਪੰਜ/ਦਸ ਹੋਰ ਝੂਠ ਏਸ ਨੂੰ ਸੱਚ ਸਥਾਪਤ ਕਰਨ ਹਿਤ ਘੜਨੇ ਦੱਸਦਾ ਹੈ ਕਿ ਉਹਨਾਂ ਨੇ ਵੀ ਇਹਨਾਂ 'ਜਥੇਦਾਰਾਂ' ਵਾਂਗ ਸੁੱਚੇ ਪ੍ਰਕਾਸ਼ ਕੀਤੇ ਦਾਹੜੇ ਵਿੱਚੋਂ ਅਤੇ ਰੱਬੀ ਬਖ਼ਸ਼ਿਸ਼ ਬੱਤੀ ਦੰਦਾਂ ਵਿੱਚੋਂ ਝੂਠ ਦੀ ਬੌਛਾੜ ਕੀਤੀ ਹੈ। ਇਹ ਸਭ ਕਾਰਾ ਕਿਸੇ ਅਦ੍ਰਿਸ਼ਟ ਅਸਲ ਮਾਲਕ ਦੇ ਸਾਹਮਣੇ ਪੂਛ ਹਿਲਾ ਕੇ ਉਸਦੀ ਖੁਸ਼ਨੂਦੀ ਹਾਸਲ ਕਰਨ ਦੀ ਕੀਤੀ ਗਈ ਚੇਸ਼ਟਾ ਮਾਤਰ ਹੀ ਹੈ।

ਏਸ ਤਰ੍ਹਾਂ ਨਾਲ ਵੇਖਿਆਂ ਇਹ ਸਾਰਾ ਵਰਤਾਰਾ ਪ੍ਰੇਤ-ਕਰਮ ਜਾਪਦਾ ਹੈ ਅਤੇ ਏਸ ਪ੍ਰਕਿਰਿਆ ਵਿੱਚੋਂ ਪ੍ਰਗਟ ਕੀਤਾ 'ਹੁਕਮਨਾਮਾ' ਇੱਕ ਝੂਠ ਦਾ ਪੁਲੰਦਾ ਨਜ਼ਰ ਹੋ ਆਉਂਦਾ ਹੈ। ਕਿਉਂਕਿ ਹਰ ਸਿੱਖ ਜਾਣਦਾ ਹੈ ਕਿ ਸਿੱਖੀ ਦੀ ਪ੍ਰਥਮ ਰਹਿਤ ਸੱਚ ਹੈ ਅਤੇ ਗੁਰੂ ''ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ'' ਦਾ ਉਪਦੇਸ਼ ਦ੍ਰਿੜ੍ਹਾਉਂਦਾ ਹੈ, ਏਸ ਲਈ ਇਹ ਸਾਰੀ ਸਾਜ਼ਿਸ਼ੀ ਕਿਰਿਆ ਕਿਸੇ ਸਿੱਖ ਦੀ ਕੀਤੀ ਨਹੀਂ ਹੋ ਸਕਦੀ। ਨਿਸਚੇ ਹੀ ਸਿੱਖੀ ਨੂੰ, ਖ਼ਾਲਸਾ ਪੰਥ ਨੂੰ ਢਾਅ ਲਾਉਣ ਦੀ ਇਹ ਕਾਰਵਾਈ ਕਾਲਿਕਾ ਪੰਥ ਦੇ ਨੁਮਾਇੰਦਿਆਂ ਵੱਲੋਂ ਸਿੱਖੀ ਭੇਸ ਅੰਦਰ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਦੀ ਕਾਰਵਾਈ ਹੈ। ਏਸ ਵਿੱਚ ਰਤਾ ਭਰ ਵੀ ਸ਼ੰਕਾ ਨਹੀਂ ਹੋਣਾ ਚਾਹੀਦਾ ਅਤੇ ਏਸਦਾ ਯੋਗ ਉੱਤਰ ਸਿੱਖੀ ਦੇ ਧਾਰਨੀਆਂ ਵੱਲੋਂ ਆਉਣਾ ਚਾਹੀਦਾ ਹੈ। ਇਨਸਾਫ਼-ਪਸੰਦ, ਸੱਚ ਦੇ ਕਦਰਦਾਨ ਗ਼ੈਰ-ਸਿੱਖਾਂ ਦਾ ਵੀ ਇਹੋ ਪ੍ਰਤੀਕਰਮ ਆਉਣਾ ਵਾਜਬ ਹੈ।

ਜਿਹੜਾ ਗੁਰ-ਆਸ਼ੇ ਅਤੇ ਸਿੱਖੀ ਦੇ ਪਰ-ਉਪਕਾਰੀ ਮਨੋਰਥ ਦਾ ਧਾਰਨੀ ਇਨਸਾਨ ਏਸ ਨੂੰ ਉਪਰੋਕਤ ਅਨੁਸਾਰ ਸਮਝੇਗਾ ਉਹ ਸੱਚ ਦੇ ਬਹੁਤ ਨੇੜੇ ਵਿਚਰ ਰਿਹਾ ਹੋਵੇਗਾ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਅਧਿਕਾਰੀ ਬਣੇਗਾ। ਐਸਾ ਗੁਰਸਿੱਖਾਂ ਦਾ ਵਿਚਾਰ ਹੈ।

5 comments:

  1. Another attempt to divide Sikhs, now by Gurtez singh who has some respect as a good writer but he also seems a follower of new sect of Darshan lal.
    If you or your Darshu Maharaj wants an open debate on Dasam granth, we are ready anywhere you people wish. He wants the evidances from Sri guru granth Sahib ji, we will.If he can not visit in person, we are ready for a video conferencing.
    Does your so-called fake prof (Who never got any degree) dare to accept the challenge?

    ReplyDelete
  2. This comment has been removed by the author.

    ReplyDelete
  3. Ajmer Singh Randhawa Jee, you must be blind if you think Dasam Granth was written by the Tenth Master Guru Gobind Singh Jee. It can be smelled from miles away that it was prepared by the Hindutava to weaken Sikhs in every aspect of life.

    ReplyDelete
  4. Dear Mr Randhawa,
    Sorry to say but you are one of the blind followers of anything like one of religion.Same is as you first blindly followed Gurtej Singh's writings which were according to your convictions and now you think that he is wrong, instead of going deep into this discussion,your so called blindly followed beliefs of anything make hurdles into the development of your thought.It is not that he is right or wrong but it is about what is right and what is wrong?As far as his writings are concerned he looks no less devout and humble follower of This Righteous Path of Sikhism than anybody else.But he looks strench follower of the basic ambodiments of this Humanitarian religion.He always write his conscience churning thoroughly the History and embedding Guru's Bani deep into his soul before penning down anything on "The History of The Sikh's Future".If you have any doubt about his writings go through his different books first before pointing your fingure upon him.This is my humble request to you,please dont emotionalise your self and your mind on any issue without studying deeply about it.Dont disrespect anybody harshly especially being a Sikh to another Sikh.The real issue is the Respect for the 10th Master Guru Gobind Singh Sahib.Both the followers of Bachitar Natak and non followers are taking their stand for The Great Masters Respect.So if the Cause is same why not it be fulfilled amicably sitting together and listening each others views as Guru Nanak says,"Jab lag duniya Rahiye nanak Kich suniye kich kahiye "

    ReplyDelete
  5. S.Ajmer Singh Randhawa ji,
    Do you know the meaning of professor? If not please see any dictionary. Moreover it is not a degree. Our most respected Prof. Darshan Singh is one of the few who have professed Sikhi in the most effective way. Where were the people who question his title now when he was preaching during the most turbulent times of present history and was confronting the enemies of the Sikhi?
    Any how we must let the people know that he is M.A. in music and also run a music academy in Ludhiana after completing it.

    ReplyDelete