Saturday, October 2, 2010

ਮੌਜੂਦਾ ਸਿੱਖ ਸੰਘਰਸ਼ ਦੀਆਂ ਪੈੜਾਂ

ਸਮਕਾਲੀ ਸਿੱਖ ਸੰਘਰਸ਼ ਬਾਰੇ ਜਾਣਕਾਰੀ ਓਨੀ ਆਮ ਨਹੀਂ ਜਿੰਨੀ ਕਿ ਹੋਣੀ ਚਾਹੀਦੀ ਹੈ। ਏਸ ਨੂੰ ਸਮਝਣ ਲਈ ਅਤੇ ਏਸ ਦੇ ਹੱਦ-ਬੰਨੇ ਤੈਅ ਕਰਨ ਲਈ ਘੱਟੋ-ਘੱਟ ਸਾਨੂੰ 1947 ਤੋਂ ਬਾਅਦ ਦੇ ਸਿੱਖ ਇਤਿਹਾਸ ਉੱਤੇ ਇੱਕ ਪੰਛੀ-ਝਾਤ ਪਾਉਣੀ ਪਵੇਗੀ; ਖ਼ਾਲਸਾ ਸਰੋਕਾਰਾਂ ਦੇ ਰਹੱਸ ਸਮਝਣੇ ਪੈਣਗੇ; ਸਮਕਾਲੀ ਆਗੂਆਂ ਦੇ ਕਿਰਦਾਰ, ਖਾਲਸਾ ਸਿਧਾਂਤ ਪ੍ਰਤੀ ਪ੍ਰਪੱਕਤਾ ਅਤੇ ਉਹਨਾਂ ਦੇ ਬੌਧਿਕ ਤਸੱਵਰ (ਜਾਂ ਬੌਣੇਪਣ) ਦਾ ਜਾਇਜ਼ਾ ਲੈਣਾ ਪਵੇਗਾ। ਦੁਸ਼ਮਣ ਦੀਆਂ ਨੀਤੀਆਂ ਦਾ ਤਾਂ ਕੇਵਲ ਸਰਸਰੀ ਸਮਰਣ ਹੀ ਕਾਫ਼ੀ ਹੈ ਕਿਉਂਕਿ ਕਿਸੇ ਨੂੰ ਦੁਸ਼ਮਣ ਗਰਦਾਨ ਕੇ ਫ਼ੇਰ ਓਸ ਦੀਆਂ ਨੀਤੀਆਂ ਨੂੰ ਆਪਣੀ ਨਾ-ਕਾਮਯਾਬੀ ਲਈ ਜ਼ਿੰਮੇਵਾਰ ਦੱਸਣਾ ਅਹਿਮਕਾਨਾ ਵਰਤਾਰਾ ਹੈ। ਇਕਬਾਲ ਤਾਂ ਕਹਿੰਦਾ ਸੀ ਕਿ 'ਬਾਦੇ ਮੁਖ਼ਤਲਿਫ਼ ਤੋਂ ਘਬਰਾਉਣਾ ਉਕਾਬ (ਬਾਜ਼) ਲਈ ਠੀਕ ਨਹੀਂ ਕਿਉਂਕਿ ਇਹ ਤਾਂ ਚੱਲਦੀ ਹੀ ਓਸ ਨੂੰ ਉੱਚਾ ਚੁੱਕਣ ਵਾਸਤੇ ਹੈ।' ਜਿਸ ਆਗੂ ਨੇ ਕੁਦਰਤ ਦੇ ਏਸ ਰਾਜ਼ ਨੂੰ ਨਹੀਂ ਸਮਝਿਆ, ਓਸ ਨੇ ਕੀ ਖਾਕ ਕਉਮ ਦੀ ਅਗਵਾਈ ਕਰਨੀ ਹੈ!

ਬਹੁਤ ਦੂਰ ਨਾ ਜਾ ਕੇ ਘੱਟੋ-ਘੱਟ ਫ਼ਤਹਿ ਸਿੰਘ ਦੇ ਸਿੱਖ ਸਿਆਸਤ ਉੱਤੇ ਕਾਬਜ਼ ਹੋਣ ਦੇ ਸਮੇਂ ਦੀ ਸਥਿਤੀ ਨੂੰ ਸਮਝਣਾ ਉਸ ਤੋਂ ਬਾਅਦ ਦੇ ਸਮੇਂ ਦਾ ਖਾਕਾ ਉਲੀਕਣ ਲਈ ਲਾਜ਼ਮੀ ਜਾਪਦਾ ਹੈ। ਮਾਸਟਰ ਤਾਰਾ ਸਿੰਘ ਨੂੰ 1947 ਵੇਲੇ ਕੀਤੀ ਗ਼ਲਤੀ ਦਾ ਅਹਿਸਾਸ ਤਕਰੀਬਨ 1954 ਵਿੱਚ ਜਾ ਕੇ ਹੋਇਆ ਸੀ। ਇਹ ਵੀ ਇਤਫ਼ਾਕੀਆ ਹੀ। ਓਸ ਨੇ ਵਿਆਪਕ ਦਬਾਅ ਹੇਠ ਆ ਕੇ ਕੌਂਗਰਸ ਨਾਲ ਸਾਂਝ ਪਾ ਲਈ ਸੀ। ਜਦੋਂ ਸਾਂਝੇ ਉਮੀਦਵਾਰ ਚੋਣਾਂ ਵਿੱਚ ਉਤਾਰਨ ਦਾ ਸਮਾਂ ਆਇਆ ਤਾਂ ਓਸ ਨੇ ਵੇਖਿਆ ਕਿ ਕੌਂਗਰਸ ਨੇ ਸਿੱਖ ਨੁਮਾਇੰਦਿਆਂ ਦੇ ਤੌਰ ਉੱਤੇ ਉਹ ਬੰਦੇ ਅੱਗੇ ਲਿਆਂਦੇ ਜੋ ਘੱਟੋ-ਘੱਟ ਕੱਟੜ ਸਿੱਖ-ਵਿਰੋਧੀ ਸਨ। ਇਹਨਾਂ ਵਿੱਚੋਂ ਇੱਕ ਦੇ ਮਸਲੇ ਨਾਲ ਜੁੜੇ ਸੁਆਲਾਂ ਨੂੰ ਉਛਾਲ ਕੇ ਮਾਸਟਰ ਨੇ ਭਾਰਤੀ ਕੌਂਗਰਸ ਨਾਲੋਂ ਆਪਣਾ ਨਾਤਾ ਤੋੜ ਲਿਆ। ਉਹ ਆਖ਼ਰ ਸਮਝ ਗਿਆ ਕਿ ਸਿੱਖ-ਭੇਸ ਵਿੱਚ ਗ਼ੈਰ ਸਿੱਖਾਂ ਨੂੰ ਸਿੱਖ ਨੇਤਾ ਸਥਾਪਤ ਕਰ ਕੇ ਸਥਾਈ ਸੱਭਿਆਚਾਰਕ ਬਹੁਗਿਣਤੀ (ਸਸਬਹੁ) ਸਿੱਖ ਕਉਮ ਨੂੰ ਸਿਆਸੀ ਗ਼ੁਲਾਮੀ ਵਿੱਚ ਜਕੜਨ ਦੇ ਰਾਹ ਚੱਲ ਰਹੀ ਹੈ। ਓਸ ਵੇਲੇ ਮਾਸਟਰ ਦਾ ਸਸਬਹੁ ਦੇ ਏਸ ਰੁਝਾਨ ਨੂੰ ਸਮਝ ਲੈਣਾ ਵੀ ਵੱਡੀ ਗੱਲ ਸੀ।

ਜਾਪਦਾ ਹੈ ਕਿ ਮਾਸਟਰ ਨੇ ਹਾਲਤ ਨਾਲ ਨਿਪਟਣ ਲਈ ਦੋ ਇੰਤਜ਼ਾਮ ਕਰਨ ਦੀ ਠਾਣ ਲਈ। ਪਹਿਲਾ ਤਾਂ ਇਹ ਕਿ ਓਸ ਨੇ ਸਿੱਖ ਆਬਾਦੀ ਲਈ ਪੰਜਾਬੀ ਬੋਲੀ ਉੱਤੇ ਆਧਾਰਤ ਵੱਖਰੇ ਰਾਜ ਨੂੰ ਗਠਨ ਕਰਨ ਦੀ ਨੀਤੀ ਨੂੰ ਪੂਰੀ ਸੰਜੀਦਗੀ ਨਾਲ ਅਪਣਾ ਲਿਆ ਅਤੇ ਆਖ਼ਰੀ ਦਾਅ ਦੇ ਤੌਰ ਉੱਤੇ ਸਿੱਖ ਹੋਮਲੈਂਡ ਦੀ ਨੀਤੀ ਦਾ ਪ੍ਰਚਾਰ ਕੀਤਾ। ਦੂਸਰਾ ਓਸ ਨੇ ਖ਼ਾਲਸਾ ਸਰੋਕਾਰਾਂ ਨੂੰ ਉਭਾਰਨਾ ਸ਼ੁਰੂ ਕੀਤਾ ਤਾਂ ਕਿ ਸਿੱਖ ਆਗੂ ਸਿੱਖੀ ਦੇ ਦਾਇਰੇ ਵਿੱਚ ਹੀ ਵਿਚਰਨ ਲਈ ਮਜਬੂਰ ਹੋ ਜਾਣ। ਸਿਰਦਾਰ ਕਪੂਰ ਸਿੰਘ ਨੂੰ ਸਿਆਸੀ ਮੈਦਾਨ ਵਿੱਚ ਉਤਾਰਨਾ ਏਸੇ ਰਣਨੀਤੀ ਦਾ ਅੰਗ ਸੀ! ਇਹ ਰਣਨੀਤੀ ਤਾਂ ਹਾਲਤ ਦੇ ਸੰਦਰਭ ਵਿੱਚ ਢੁਕਵੀਂ ਸੀ ਪਰ ਮਾਸਟਰ ਏਸ ਨੂੰ ਲਾਗੂ ਕਰ ਸਕਣ ਦਾ ਤਾਣ ਗੁਆ ਚੁੱਕਾ ਸੀ। ਕੁਝ ਤਾਂ ਓਸ ਦੀ ਢਲਦੀ ਉਮਰੇ ਆਈ ਕਮਜ਼ੋਰੀ ਏਸ ਲਈ ਜ਼ਿੰਮੇਵਾਰ ਸੀ, ਕੁਝ ਸਸਬਹੁ ਦਾ ਆਪਣੇ ਸੰਪ੍ਰਦਾਇਕ ਹਿਤਾਂ ਪ੍ਰਤੀ ਬੇਹੱਦ ਸਜੱਗ ਹੋ ਜਾਣਾ ਅਤੇ ਓਸ ਦੀ ਮਾਨਸਿਕਤਾ ਵਿੱਚ ਅਜਿਹੀਆਂ ਸੰਸਥਾਵਾਂ ਆਦਿ ਦਾ ਇੱਕ ਹੜ੍ਹ ਆ ਜਾਣਾ ਜਿਨ੍ਹਾਂ ਦਾ ਇਰਾਦਾ ਹਿੰਦੋਸਤਾਨ ਨੂੰ ਜ਼ਾਹਰਾ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੀ ਪ੍ਰਬਲ ਤਮੰਨਾ ਨੂੰ ਹਕੀਕਤ ਵਿੱਚ ਬਦਲਣ ਦਾ ਸੀ। ਮਾਸਟਰ ਦੇ ਕਮਜ਼ੋਰ ਹੋਣ ਦਾ ਇੱਕ ਕਾਰਣ ਇਹ ਵੀ ਸੀ ਕਿ ਓਸ ਨੇ ਵਿਰੋਧੀ ਜਾਣ ਕੇ ਸਿੱਖ ਸਰੋਕਾਰਾਂ ਪ੍ਰਤੀ ਸੁਹਿਰਦ ਸਿੱਖ-ਆਗੂ-ਸਮੂਹ ਦਾ ਗਲ਼ਾ ਆਪਣੇ ਹੱਥੀਂ ਘੁੱਟਿਆ ਸੀ ਅਤੇ ਓਸ ਨੂੰ ਅਕਾਲੀ ਦਲ ਤੋਂ ਪਰ੍ਹਾਂ ਧੱਕ ਦਿੱਤਾ ਸੀ।

ਜਵਾਹਰ ਲਾਲ ਨਹਿਰੂ ਅਤੇ ਮੋਹਣ ਲਾਲ ਸੁਖਾਡੀਆ ਨੇ ਇਹਨਾਂ ਕਮਜ਼ੋਰੀਆਂ ਦਾ ਫ਼ਾਇਦਾ ਉਠਾ ਕੇ ਇੱਕ ਸਾਧਾਂ ਦੇ ਜੋੜੇ ਨੂੰ ਸਿੱਖ ਰਾਜਨੀਤੀ ਦੇ ਅਖਾੜੇ ਵਿੱਚ ਉਤਾਰਿਆ। ਇਹ ਦੋਵੇਂ ਰਾਜਨੀਤੀ ਤੋਂ ਉੱਕਾ ਕੋਰੇ ਸਨ ਪਰ ਆਪਣੇ ਮਾਲਕਾਂ ਦੇ ਸਿਆਸੀ ਨਿਸ਼ਾਨਿਆਂ ਪ੍ਰਤੀ ਪੂਰੇ ਵਫ਼ਾਦਾਰ। ਇਹਨਾਂ ਜੋ ਅਹਿਮ ਐਲਾਨ ਕੀਤੇ ਉਹਨਾਂ ਵਿੱਚ ਸ਼ਾਮਲ ਸਨ: ''ਸਾਨੂੰ ਫ਼ੀਸਦੀਆਂ ਦੀ ਪਕੜ ਨਹੀਂ'' ਅਤੇ ''ਹਿੰਦੂ ਸਿੱਖ ਸਾਡੀਆਂ ਦੋ ਅੱਖਾਂ ਹਨ।'' ਅਜੇਹੇ ਬਿਆਨਾਂ ਦਾ ਸਪਸ਼ਟ ਸੰਦੇਸ਼ ਸੀ ਕਿ ਉਹ ਸਿੱਖ ਹੱਕਾਂ ਪ੍ਰਤੀ ਸੁਚੇਤ ਹੋਏ ਮਾਸਟਰ ਨੂੰ ਪਛਾੜ ਕੇ ਲੰਗੜਾ-ਲੂਲਾ, ਬੇ-ਸਿਰ-ਪੈਰ ਪੰਜਾਬੀ ਸੂਬਾ ਪ੍ਰਵਾਨ ਕਰਨ ਨੂੰ ਤਿਆਰ ਹਨ। ਇਹਨਾਂ ਦਾ ਸੌਦਾ ਸਸਤਾ ਜਾਣ ਕੇ ਕੇਂਦਰ ਨੇ ਖ਼ਰੀਦ ਲਿਆ ਅਤੇ ਇਉਂ ਉਹ ਸਿੱਖ ਸਮੱਸਿਆ ਦਾ ਸਥਾਈ ਸਮਾਧਾਨ ਲੱਭਣ ਤੋਂ ਵਾਂਞਾ ਰਹਿ ਗਿਆ। ਉਹਨਾਂ ਦਾ ਮਾਝੇ ਦੀ ਬਨਿਸਬਤ ਮਾਲਵੇ ਨੂੰ ਮਹੱਤਵ ਦੇਣ ਦਾ ਦੂਸਰਾ ਨਾਅਰਾ ਮਾਝੇ-ਮਾਲਵੇ ਦੇ ਅਤੇ ਜੱਟ-ਗੈਰ ਜੱਟ ਵਰਗੇ ਮੁੱਦਿਆਂ ਸਬੰਧੀ ਉਹਨਾਂ ਦੀ ਬੇਅਸੂਲੀ ਪਹੁੰਚ ਦੀ ਉਪਜ ਸੀ। ਏਸ ਮਨੋਵੇਗ ਅਧੀਨ ਮਾਲਵੇ ਦੇ ਆਗੂ ਦਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋਇਆ ਅਤੇ ਦਮਦਮਾ ਸਾਹਿਬ ਦੇ 'ਪੰਜਵਾਂ ਤਖ਼ਤ' ਬਣਨ ਦਾ।

ਸਾਧਾਂ ਦੀ ਘਾਲ ਕਮਾਈ ਦਾ ਦੂਰ ਰਸੀ ਨਤੀਜਾ ਇਹ ਨਿਕਲਿਆ ਕਿ ਸਿੱਖ ਸਿਆਸਤ ਉੱਤੇ ਉਹ ਆਗੂ ਕਾਬਜ਼ ਹੋ ਗਏ ਜਿਨ੍ਹਾਂ ਦਾ ਸਿੱਖੀ ਨਾਲ ਕੁਈ ਵਾਹ-ਵਾਸਤਾ ਨਹੀਂ ਸੀ। ਦੋਨਾਂ ਸਾਧਾਂ ਨੇ ਕੱਟੜ ਸਿੱਖ-ਵਿਰੋਧੀ ਜਮਾਤ ਜਨ ਸੰਘ ਨਾਲ ਸਮਝੌਤਾ ਕਰ ਲਿਆ ਜਾਂ ਇਉਂ ਕਹੀਏ ਕਿ ਉਹਨਾਂ ਨੇ ਨਿਗੂਣੀ ਸ਼ੁਹਰਤ ਬਦਲੇ ਸਿੱਖ ਸਰੋਕਾਰਾਂ ਦੀ ਬਲੀ ਦੇ ਦਿੱਤੀ।

ਮੌਜੂਦਾ ਸਮਿਆਂ ਦੇ ਸੰਘਰਸ਼ ਦੇ ਪਹਿਲੇ ਦੌਰ (1978-1995) ਨੂੰ ਸਮਝਣ ਲਈ ਨਵੰਬਰ 1, 1966 ਤੋਂ ਲੈ ਕੇ ਅਕਤੂਬਰ 31, 1972 ਤੱਕ ਦਾ ਇਤਿਹਾਸ ਸੰਜੀਦਗੀ ਨਾਲ ਵਾਚਣਾ ਪਵੇਗਾ।

ਨਵੰਬਰ 1, 1966 ਨੂੰ ਪੰਜਾਬੀ ਸੂਬਾ ਹੋਂਦ ਵਿੱਚ ਆ ਗਿਆ। ਏਸ ਸਬੰਧ ਵਿੱਚ ਤਿੰਨ ਘਟਨਾ-ਚੱਕਰਾਂ ਨੂੰ ਯਾਦ ਕਰਨ ਦੀ ਲੋੜ ਹੈ। ਪਹਿਲਾ ਤਾਂ ਇਹ ਕਿ ਪੰਜਾਬ ਦਾ ਪੁਨਰ ਗਠਨ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਗਿਆ ਕਿ ਏਸ ਨੂੰ ਬਣਵਾਉਣ ਦਾ ਸਿਹਰਾ ਓਸ ਸਿੱਖ ਆਗੂ-ਸਮੂਹ ਨੂੰ ਨਾ ਮਿਲੇ ਜਿਸ ਨੇ ਪਿਛਲੇ 17 ਸਾਲ ਏਸ ਲਈ ਜੱਦੋ ਜਹਿਦ ਕੀਤੀ ਸੀ। ਏਸ ਮੰਤਵ ਲਈ ਫ਼ਤਹਿ ਸਿੰਘ-ਚੰਨਣ ਸਿੰਘ ਦੀ ਜੋੜੀ ਨੂੰ, ਰਾਜਸਥਾਨ ਦੇ ਮੁਖ ਮੰਤਰੀ ਸੁਖਾਡੀਆ ਦੀ ਮਦਦ ਨਾਲ ਪੰਥਕ ਨੇਤਾਵਾਂ ਦੇ ਤੌਰ ਉੱਤੇ ਉਭਾਰਿਆ ਗਿਆ। ਇਹਨਾਂ ਦਾ ਅਸਲ ਜੱਦੋ-ਜਹਿਦ ਨਾਲ ਕੁਈ ਸਬੰਧ ਨਹੀਂ ਸੀ ਅਤੇ ਨਾ ਹੀ ਉਹ ਏਸ ਸਬੰਧੀ ਚੱਲ ਰਹੇ ਸਿਆਸੀ ਦਾਅ-ਪੇਚਾਂ ਤੋਂ ਵਾਕਫ਼ ਸਨ। ਇਹ ਹਰ ਕਿਸਮ ਦੇ ਲੰਗੜੇ-ਲੂਲੇ, ਸਾਂਝੀਆਂ ਬੇੜੀਆਂ ਵਿੱਚ ਜਕੜੇ ਅਤੇ ਕਈ ਪੱਖੋਂ ਸਾਹ-ਸਤ-ਹੀਣ ਕੀਤੇ ਪੰਜਾਬ ਨੂੰ ਆਪਣਾ ''ਬੱਚਾ'' ਆਖ ਕੇ ਝੋਲੀ ਪਵਾਉਣ ਲਈ ਰਜ਼ਾਮੰਦ ਸਨ। ਅੰਤ ਏਹੀ ਹੋਇਆ। ਦੋਨਾਂ ਸਾਧਾਂ ਨੇ ਰਾਜਧਾਨੀ ਤੋਂ ਬਿਨਾ, ਪੰਜਾਬ ਦੇ ਦਰਿਆਈ ਪਾਣੀਆਂ ਤੋਂ ਸੱਖਣਾ ਅਤੇ ਅਹਿਮ ਪੰਜਾਬੀ ਬੋਲਦੇ ਇਲਾਕਿਆਂ ਨੂੰ ਬਾਹਰ ਰੱਖ ਕੇ ਬਣਾਇਆ ਸੂਬਾ ਬੜੀ ਖੁਸ਼ੀ ਨਾਲ ਇਹ ਕਹਿ ਕੇ ਕਬੂਲ ਲਿਆ ਕਿ ''ਸਾਡੇ ਘਰ ਕਾਕਾ ਹੋਇਆ ਹੈ।'' ਉਪਰੋਕਤ ਮੁੱਦਿਆਂ ਉੱਤੇ ਵਿਆਪਕ ਰੌਲ਼ਾ-ਗੌਲ਼ਾ ਪੈਣ ਤੋਂ ਬਾਅਦ ਹੀ ਇਹਨਾਂ ਨੂੰ ਮਸਲੇ ਦੀ ਸੋਝੀ ਹੋਈ। ਆਖ਼ਰ ਇਹਨਾਂ ਨੂੰ ਆਪਣੀ ਡਿੱਗਦੀ ਸਿਆਸੀ ਸਾਖ ਨੂੰ ਬਚਾਉਣ ਲਈ ''ਪੰਜਾਬੀ ਸੂਬੇ ਨੂੰ ਮੁਕੰਮਲ ਕਰਵਾਉਣ'' ਦਾ ਬੇਹੱਦ ਨਕਲੀ ਜਿਹਾ ਤਹੱਈਆ ਕਰਨਾ ਪਿਆ ਜਿਸ ਦਾ ਹਸ਼ਰ ਵੇਲੇ ਦੀ ਨਮਾਜ਼ ਅਤੇ ਕੁਵੇਲੇ ਦੀਆਂ ਟੱਕਰਾਂ ਵਾਲਾ ਹੀ ਹੋਇਆ। ਮਰਕਜ਼ੀ ਸਰਕਾਰ ਨੇ ਏਨਾਂ ਤਰੱਦਦ ਕਰ ਕੇ ਪੰਜਾਬ ਦੇ ਵਿਹੜੇ ਵਿੱਚ ਸਿਹ ਦਾ ਤੱਕਲਾ ਗੱਡਿਆ ਸੀ ਜਿਸ ਦੇ ਉਦਾਲੇ ਓਸ ਨੇ ਅਨੇਕਾਂ ਨਰ-ਬਲੀਆਂ ਲੈਣੀਆਂ ਸਨ। ਇਹ ਉਲੇਖ ਕਰਨਾ ਬਣਦਾ ਹੈ ਕਿ ਟੀ.ਐਨ. ਚਤੁਰਵੇਦੀ ਨੇ ਭਾਰਤੀ ਪ੍ਰਸ਼ਾਸਨ ਅਕੈਡਮੀ ਵਿੱਚ ਇੱਕ ਲੈਕਚਰ ਆਈ.ਏ.ਐਸ ਅਤੇ ਆਈ.ਪੀ.ਐਸ ਅਧਿਕਾਰੀਆਂ ਨੂੰ ਦਿੱਤਾ ਜਿਸ ਵਿੱਚ ਓਸ ਨੇ ਖ਼ੂਬ ਚਸਕੇ ਲੈ-ਲੈ ਕੇ ਦੱਸਿਆ ਕਿ ਕਿਵੇਂ ਮਰਕਜ਼ ਨੇ ਫ਼ਤਹਿ ਸਿੰਘ ਨੂੰ ਬੁੱਧੂ ਬਣਾਇਆ ਸੀ। ਯਾਦ ਰੱਖਿਆ ਜਾਵੇ ਕਿ ਚਤੁਰਵੇਦੀ ਓਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤ੍ਰੀ ਦੇ ਸਕੱਤਰ ਸਨ। ਏਸ ਦੇ ਨਾਲ ਹੀ ਪੰਜਾਬ ਦੇ ਪੁਨਰ ਗਠਨ ਸਬੰਧੀ ਹੁਕਮ ਸਿੰਘ ਦੀ ਸਦਾਰਤ ਹੇਠ ਬਣੀ ਕਮੇਟੀ ਦੇ ਇੰਕਸ਼ਾਫ਼ ਅਤੇ ਇੰਦਰਾ ਗਾਂਧੀ ਦੀ ਚਲਾਕੀਆਂ-ਚੁਸਤੀਆਂ ਦੀ ਦਾਸਤਾਨ ਨੂੰ ਵੀ ਜੇ ਚਤੁਰਵੇਦੀ ਦੇ ਬਿਆਨ ਨਾਲ ਰਲਾ ਕੇ ਪੜ੍ਹੀਏ ਤਾਂ ਜਾਣਾਂਗੇ ਕਿ ਟਿੱਡਾ ਜਿਹਾ ਪ੍ਰਧਾਨ ਮੰਤਰੀ ਜਿੰਨਾਂ ਧਰਤੀ ਤੋਂ ਉੱਤੇ ਸੀ ਓਸ ਤੋਂ ਵੱਧ ਧਰਤੀ ਤੋਂ ਹੇਠ ਸੀ। ਪੰਜਾਬੀ ਸੂਬਾ ਵਾਕਿਆ ਹੀ ਮੀਂਗਣਾਂ ਪਾ ਕੇ ਦਿੱਤਾ ਦੁੱਧ ਸੀ।

ਇਹ ਪਹਿਲੂ ਵੀ ਵਿਚਾਰਨ ਯੋਗ ਹੈ ਕਿ ਪੰਜਾਬੀ ਸੂਬਾ ਓਦੋਂ ਪ੍ਰਵਾਨ ਚੜ੍ਹਿਆ ਜਦੋਂ ਕਿ ਸਿਰਦਾਰ ਕਪੂਰ ਸਿੰਘ ਅਤੇ ਖੁਸ਼ਵੰਤ ਸਿੰਘ ਦੀ ਮਦਦ ਨਾਲ ਮਾਸਟਰ ਤਾਰਾ ਸਿੰਘ ਨੇ ਗੁਰਦਵਾਰਾ ਸੀਸ ਗੰਜ ਸਾਹਿਬ ਤੋਂ ਸਿੱਖ ਹੋਮਲੈਂਡ ਦੀ ਮੰਗ ਨੂੰ ਬੁਲੰਦ ਕੀਤਾ। ਅਰਥਾਤ ਪੰਥ ਪ੍ਰਤੀ ਸੁਹਿਰਦ ਸਿੱਖਾਂ ਨੂੰ ਪੱਕੇ-ਪੀਢੇ ਤੌਰ ਉੱਤੇ ਹਾਸ਼ੀਏ ਵਿੱਚ ਧੱਕ ਕੇ ਪੰਜਾਬੀ ਬੋਲੀ ਦਾ ਸੂਬਾ ਬਣਾਇਆ ਗਿਆ। ਇਹ ਵੀ ਏਸ ਮਨਸ਼ਾ ਨਾਲ ਕੀਤਾ ਗਿਆ ਕਿ ਆਪੇ ਉਭਾਰੇ 'ਅਤਿਵਾਦ' ਦੇ ਸਹਾਰੇ ਅਗਾਂਹ ਨੂੰ ਸਿੱਖਾਂ ਦੇ ਘਾਣ ਦਾ ਸਥਾਈ ਇੰਤਜ਼ਾਮ ਕੀਤਾ ਜਾ ਸਕੇ।

ਪੁਨਰ ਗਠਨ ਸਬੰਧੀ ਤੀਜਾ ਅਹਿਮ ਨੁਕਤਾ ਇਹ ਹੈ ਕਿ ਕੇਵਲ ਅਗਲੇ ਛੇ ਸਾਲਾਂ ਵਿੱਚ ਹੀ ਸਿੱਖਾਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਗਿਆ ਕਿ ਸੂਬੇ ਦੀ ਅਸਲ ਵਾਗਡੋਰ ਮਰਕਜ਼ ਕਦੇ ਵੀ ਸਿੱਖ ਹੱਥਾਂ ਵਿੱਚ ਬਰਦਾਸ਼ਤ ਨਹੀਂ ਕਰੇਗਾ। ਇਹਨਾਂ ਛੇ ਸਾਲਾਂ ਵਿੱਚ ਪੰਜਾਬ ਵਿੱਚ ਬਦਲ-ਬਦਲ ਕੇ ਸੱਤਾ ਪੰਜ ਸਰਕਾਰਾਂ ਨੂੰ ਦਿੱਤੀ ਗਈ। ਇਹਨਾਂ ਨੇ ਅੱਠ-ਅੱਠ, ਨੌਂ-ਨੌਂ ਮਹੀਨੇ ਹੀ ਆਪਣੀ ਡੁਗਡੁਗੀ ਵਜਾਈ। ਇਹਨਾਂ ਚੰਦ ਮਹੀਨਿਆਂ ਵਿੱਚ ਵੀ ਹਿੰਦੂਤਵ ਦੀਆਂ ਸ਼ਕਤੀਆਂ ਦੀ ਮਨਭਾਉਂਦੀ 'ਕੋ ਨ ਮਾਨੂੰ' ਦੀ ਰੱਟ ਹਰ ਚੌਥੇ ਦਿਨ ਸੁਣਦੀ ਰਹੀ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਗੁਰੂ ਨਾਨਕ ਥਰਮਲ ਬਿਜਲੀ ਘਰ, ਪੇਂਡੂ ਸੜਕਾਂ ਅਤੇ ਪੰਜਾਬੀ ਲਾਗੂ ਕਰਨ ਦੀਆਂ ਨੀਤੀਆਂ ਵਿਰੁੱਧ 'ਕੋ ਨ ਮਾਨੂੰ' ਹੀ ਤਾਂਡਵ ਦੀ ਤਾਣ ਬਣੀ ਰਹੀ। ਸਿੱਖਾਂ ਨੂੰ ਮਹਿਸੂਸ ਕਰਵਾਇਆ ਗਿਆ ਕਿ ਉਹ ਸਥਾਈ ਸੱਭਿਆਚਾਰਕ ਬਹੁਗਿਣਤੀ ਦੇ ਰਹਿਮੋ ਕਰਮ ਉੱਤੇ ਹਨ ਅਤੇ ਓਸ ਦੀ ਮਰਜ਼ੀ ਬਿਨਾਂ ਕੱਖ ਤੋੜ ਕੇ ਵੀ ਦੂਹਰਾ ਨਹੀਂ ਕਰ ਸਕਦੇ। ਆਮ ਲੋਕਾਂ ਵਿਚ ਗੱਲ ਚੱਲ ਪਈ:

ਮਿੱਟੀ ਦਿਆ ਦੀਵਿਆ ਵੇ
ਨਿਮ੍ਹੀ ਤੇਰੀ ਲੋਅ,
ਇਕ ਪਲ ਵੰਡੇਂ ਚਾਨਣੀ
ਝੱਟ ਜਾਣਾ ਗੁੱਲ ਹੋ।

ਸਸਬਹੁ ਦੇ ਗਲਬੇ ਨੂੰ ਕਾਇਮ ਰੱਖਣ ਦੀ ਪ੍ਰਕਿਰਿਆ ਪੰਜਾਬੀ ਸੂਬੇ ਦੇ ਐਲਾਨ ਨਾਲ ਹੀ ਸ਼ੁਰੂ ਹੋ ਗਈ ਸੀ। ਐਲਾਨ ਹੁੰਦਿਆਂ ਹੀ ਹਿੰਦੂ ਬਹੁਗਿਣਤੀ ਦੇ ਇਲਾਕਿਆਂ ਵਿੱਚ ਹਿੰਸਕ ਹੜਤਾਲਾਂ ਹੋਈਆਂ, ਗੁਰਦੁਵਾਰਿਆਂ ਦੀ ਬੇਹੁਰਮਤੀ ਕੀਤੀ ਗਈ, ਸਿੱਖਾਂ ਦੀਆਂ ਜਾਇਦਾਦਾਂ ਸਾੜੀਆਂ ਗਈਆਂ ਅਤੇ ਰਾਹ ਜਾਂਦੇ ਇੱਕਲੇ-ਦੁਕੱਲੇ ਸਿੱਖਾਂ ਨੂੰ ਜ਼ਲੀਲ ਕੀਤਾ ਗਿਆ। ਮੋਗੇ ਦੇ ਇੱਕ ਸਕੂਲ ਵਿੱਚ ਭੰਨ ਤੋੜ ਕੀਤੀ ਗਈ ਅਤੇ ਕੰਧਾਂ ਉੱਤੇ ਨਾਅਰੇ ਲਿਖੇ ਗਏ। ਇੱਕ ਨਾਅਰਾ ਸੀ: 'ਇੰਦਰਾ ਕੁੱਤੀ ਸਿੱਖੋਂ ਕੀ ਦਾੜ੍ਹੀ ਪਰ ਮਰ ਮਿਟੀ ਹੈ।' ਪੰਜਾਬ ਯੂਨੀਵਰਸਿਟੀ ਵਿੱਚ ਵੀ ਅਫ਼ਵਾਹ ਫ਼ੈਲਾਈ ਗਈ ਕਿ ਸਿੱਖ ਵਿਦਿਆਰਥੀਆਂ ਦੀ 'ਚੰਗੀ ਖ਼ਬਰ ਲਈ ਜਾਵੇਗੀ'। ਸਿੱਖ ਵਿਦਿਆਰਥੀਆਂ ਨੇ ਸਥਾਨਕ ਗੁਰਦਵਾਰਿਆਂ ਦੀ ਮਦਦ ਨਾਲ ਡਾਂਗਾਂ, ਕ੍ਰਿਪਾਨਾਂ ਦਾ ਇੰਤਜ਼ਾਮ ਕਰ ਲਿਆ। ਉਹ ਤਾਂ ਮਰੇ ਨੂੰ ਮਾਰਨ ਵਾਲੇ ਸ਼ਾਹ ਮਦਾਰ ਸਨ (ਮਰੇ ਕੋ ਮਾਰੇ ਸ਼ਾਹ ਮਦਾਰ - ਇੱਕ ਹੈਦਰਾਬਾਦੀ ਅਖਾਣ), ਵੱਡੀ ਭੀੜ ਵਿੱਚ ਰਲ ਕੇ ਹੀ ਕੱਲੇ-ਦੁਕੱਲੇ ਸਿੱਖ ਨੂੰ ਕੋਹ ਸੁੱਟਣ ਦਾ ਹੀਆ ਕਰ ਸਕਦੇ ਸਨ। ਬਰਾਬਰ ਦਿਆਂ ਦੇ ਸਾਹਮਣੇ ਤਾਂ ਇਹ ਨੌਂ ਸੌ (900) ਸਾਲ ਨਹੀਂ ਸਨ ਕੁਸਕੇ। ਸਾਹਮਣੇ ਦੀ ਵਿਆਪਕ ਤਿਆਰੀ ਨੇ ਬੇਹੀ ਕੜ੍ਹੀ ਵਿੱਚ ਆਇਆ ਉਬਾਲ ਖ਼ਤਮ ਕਰ ਦਿੱਤਾ।

ਇਹਨਾਂ ਸਮਿਆਂ ਦੀ ਸਿਆਸੀ ਰੌਂਅ ਸਿਰਦਾਰ ਕਪੂਰ ਸਿੰਘ ਵਰਗੇ ਧੁਰੰਦਰ ਵਿਦਵਾਨ ਅਤੇ ਸਿੱਖ ਸਿਆਸਤ ਦੇ ਗਿਆਤਾ ਦੇ ਹਸ਼ਰ ਤੋਂ ਹੀ ਜਾਣੀ ਜਾ ਸਕਦੀ ਹੈ। ਉਹ ਮਾਸਟਰ ਅਤੇ ਫ਼ਤਹਿ ਸਿੰਘ ਦਲ ਦੇ ਰਲੇਵੇਂ ਤੋਂ ਬਾਅਦ ਸਾਂਝੇ ਅਕਾਲੀ ਦਲ ਦੇ ਸੀਨੀਅਰ ਮੀਤ-ਪ੍ਰਧਾਨ ਬਣੇ। ਉਹ ਐਮ. ਐਲ. ਏ. ਵੀ ਸਨ। ਲੋਕਰਾਜੀ ਕਦਰਾਂ ਕੀਮਤਾਂ ਅਨੁਸਾਰ ਉਹਨਾਂ ਨੂੰ ਮੁੱਖ ਮੰਤਰੀ ਬਣਨਾ ਚਾਹੀਦਾ ਸੀ। ਪ੍ਰੰਤੂ ਉਹ ਪੰਥ ਦਾ ਭਲਾ ਚਾਹੁਣ ਵਾਲੇ, ਗੁਰੂ ਦੇ ਭੈਅ ਵਿੱਚ ਰਹਿਣ ਵਾਲੇ ਸਿੰਘ ਸਨ। ਏਸ ਲਈ ਉਨ੍ਹਾਂ ਨੂੰ ਸੱਤਾ ਦੇ ਨੇੜੇ ਫਟਕਣ ਦੇਣਾ ਸਿੱਖੀ ਦੇ ਵਾਧੇ ਨੂੰ ਦਾਅਵਤ ਦੇਣਾ ਸੀ। ਇਹ ਹਿੰਦੂਤਵ ਦੀਆਂ ਸ਼ਕਤੀਆਂ ਅਤੇ ਉਨ੍ਹਾਂ ਦੇ ਟੁਕੜਿਆਂ 'ਤੇ ਪਲ਼ੇ ਸਾਧਾਂ ਨੂੰ ਕਤਈ ਮਨਜ਼ੂਰ ਨਹੀਂ ਸੀ। ਅੰਗ੍ਰੇਜ਼ਾਂ ਦੇ ਬਦਨਾਮ ਮੁਖ਼ਬਰ ਸਰਦਾਰ ਬਹਾਦਰ ਗੱਜਣ ਸਿੰਘ ਦੇ ਭਤੀਜੇ, ਜਿਸ ਨੂੰ ਗੱਜਣ ਸਿੰਘ ਦੀਆਂ ਸੇਵਾਵਾਂ ਬਦਲੇ ਜੱਜ ਬਣਾਇਆ ਗਿਆ ਸੀ, ਰਹਿਤ ਪ੍ਰਤਿ ਢਿੱਲੇ ਗੁਰਨਾਮ ਸਿੰਘ ਨੂੰ ਸਾਧਾਂ ਨੇ ਪੰਥ ਦੇ ਨਾਂਅ ਉੱਤੇ ਮੁਖ ਮੰਤਰੀ ਬਣਾ ਕੇ ਇਸ਼ਾਰਾ ਕੀਤਾ ਕਿ ਉਹ ਪੰਜਾਬ ਨੂੰ ਅਤੇ ਸਿੱਖਾਂ ਨੂੰ ਸਿੱਖੀ ਤੋਂ ਦੂਰ ਲੈ ਜਾਣ ਦੇ ਚਾਹਵਾਨ ਹਨ। ਗ਼ੈਰਾਂ ਦੀ ਕਿਰਪਾ ਨਾਲ ਬਣੇ ਆਗੂਆਂ ਨੇ ਮਿਹਰਬਾਨੀ ਦੀ ਕੀਮਤ ਵੀ ਤਾਂ ਤਾਰਨੀ ਸੀ।

ਸਿਰਦਾਰ ਸਿੱਖੀ ਉੱਤੇ ਪਹਿਰਾ ਦੇਣ ਲਈ ਬਜ਼ਿੱਦ ਸੀ। ਉਸ ਨੂੰ ਹਰ ਪੱਖ ਤੋਂ ਸਾਧਾਂ ਦੀ ਕਰੋਪੀ ਸਹੇੜਨੀ ਪਈ। ਕਾਰਜਕਾਰਣੀ ਦੀਆਂ ਮਿਲਣੀਆਂ ਵਿੱਚ ਓਸ ਨੂੰ ਸਿੱਖ ਨੁਕਤੇ ਨਜ਼ਰੀਆ ਤੋਂ ਗੱਲ ਕਰਨੋਂ ਅਕਸਰ ਰੋਕ ਦਿੱਤਾ ਜਾਂਦਾ। ਅਜੇਹੇ ਵਕਤ ਸਾਧਾਂ ਦਾ ਪ੍ਰਵਚਨ ਹੁੰਦਾ ਸੀ: ''ਭਾਈ ਕਪੂਰ ਸਿੰਘ ਤੂੰ ਸਾਡੇ ਕੋਲੇ ਸਿੱਖੀ ਸੁੱਖੀ ਦੀ ਗੱਲ ਨਾ ਕਰਿਆ ਕਰ।'' ਉਹਨੀ ਦਿਨੀਂ ਸਾਧਾਂ ਨੇ ਦੋ-ਤਿੰਨ ਬੰਦੇ ਸਿਰਦਾਰ ਦੇ ਵਿਰੁੱਧ ਬਿਆਨ ਦੇਣ ਨੂੰ ਰੱਖੇ। ਇਹ ਓਸ ਕਿਸਮ ਦੇ ਸਨ ਜਿਨ੍ਹਾਂ ਨੂੰ ਸਮੇਂ ਦੀ ਸਿਆਸਤ ਭੌਂਕੇ ਦੱਸਦੀ ਸੀ। ਇਹਨਾਂ ਵਿੱਚੋਂ ਇੱਕ ਮਾਸਟਰ ਜਗੀਰ ਸਿੰਘ ਤਰਨ ਤਾਰਨ ਦਾ ਸੀ ਜਿਸ ਦਾ ਇੱਕੋ ਇੱਕ ਕੰਮ ਸਿਰਦਾਰ ਦੇ ਵਿਰੁੱਧ ਊਲ-ਜਲੂਲ ਬਿਆਨ ਦੇਣਾ ਅਤੇ ਇਕੱਤਰਤਾਵਾਂ ਵਿੱਚ ਉਨ੍ਹਾਂ ਦੇ ਬਰਖ਼ਿਲਾਫ਼ ਬੋਲਣਾ ਮਾਤਰ ਹੀ ਸੀ। ਸਿੱਖ ਪੰਥ ਲਈ ਸਹੀ ਦਿਸ਼ਾ-ਨਿਰਦੇਸ਼ ਕਰਦੇ ਧੁਰੰਦਰ ਵਿਦਵਾਨ ਦੇ ਬਿਆਨਾਂ ਤੋਂ ਧਿਆਨ ਹਟਾਉਣ ਅਤੇ ਭੰਬਲਭੂਸਾ ਫ਼ੈਲਾ ਕੇ ਸਹੀ ਸਿੱਖ ਸੋਚ ਨੂੰ ਰੋਲਣ ਦਾ ਕੰਮ ਸਾਧਾਂ ਨੇ ਏਸ ਬੰਦੇ ਕੋਲੋਂ ਲਿਆ। ਅਸਲੀਅਤ ਵਿੱਚ ਇਹ ਬੰਦਾ ਕਿਸੇ ਪੇਂਡੂ ਰਾਹ ਉੱਤੇ ਚੱਲਦੀ ਮਿੰਨੀ ਬੱਸ ਦਾ ਚਾਲਕ ਅਤੇ ਮਾਲਕ ਸੀ। ਸਿਰਦਾਰ ਵਿਰੁੱਧ ਸਭ ਤੋਂ ਵੱਧ ਊਲ ਜਲੂਲ ਏਹੋ ਬੋਲਦਾ ਹੁੰਦਾ ਸੀ ਅਤੇ ਇਉਂ ਆਪਣਾ ਕੱਦ ਵਧਾ ਕੇ ਕੌਂਗਰਸ ਵਿੱਚ ਜਾ ਸ਼ਾਮਲ ਹੋਇਆ ਅਤੇ ਕੁਝ ਸਮਾਂ ਪਹਿਲਾਂ ਹੀ ਸੰਸਾਰ ਤੋਂ ਕੂਚ ਕਰ ਕੇ ਗਿਆ ਹੈ।

ਸਾਧਾਂ ਨੇ ਸਭ ਤੋਂ ਵੱਡਾ ਖੋਰਾ ਸਿੱਖੀ ਨੂੰ ਓਦੋਂ ਲਾਇਆ ਜਦੋਂ ਉਹ ਮਰਨ ਵਰਤ ਅਤੇ ਸੜਨ ਵਰਤ ਦੀਆਂ ਫੋਕੀਆਂ ਧਮਕੀਆਂ ਦੇ ਕੇ ਬਾਰ-ਬਾਰ ਗੁਰੂ ਅੱਗੇ ਕੀਤੇ ਬਚਨਾਂ ਤੋਂ ਖਿਸਕੇ। ਇਹਨਾਂ ਦੀ ਕਰਤੂਤ ਬਾਰੇ ਕੌਮੀ ਰਾਇ ਇਹ ਬਣੀ ਕਿ ਇਹਨਾਂ ਨੇ ਕੌਮ ਵੱਲੋਂ ਗੁਰੂ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਹੈ। ਸੜ ਕੇ ਮਰਨ ਸਬੰਧੀ ਵੀ ਸਾਧਾਂ ਨੂੰ ਮਿਹਣੇ ਮਿਲਣ ਲੱਗੇ। ਸਿਰਦਾਰ ਨੇ ਐਲਾਨ ਸੁਣਦਿਆਂ ਹੀ ਆਖਿਆ ''ਇਹ ਸਾਧ ਸੜ ਕੇ ਨਹੀਂ ਮਰਨਗੇ ਬਲਕਿ ਮਰ ਕੇ ਸੜਨਗੇ।'' ਗ਼ੈਰਾਂ ਵੱਲੋਂ ਵੀ ਕਈ ਮਸ਼ਕਰੀਆਂ ਕੀਤੀਆਂ ਗਈਆਂ। ਆਖ਼ਰ ਇਹਨਾਂ ਦੀਆਂ ਕਰਤੂਤਾਂ ਦਾ ਧੋਣਾ ਧੋਣ ਲਈ ਭਾਈ ਨੰਦ ਸਿੰਘ ਦੱਖਣੀ ਨੂੰ ਜ਼ਿੰਦਾ ਸੜ ਕੇ ਮਰਨਾ ਪਿਆ। ਓਹ ਸਿਰਫ਼ ਇਹ ਦੱਸਣ ਲਈ ਸ਼ਹੀਦ ਹੋ ਗਿਆ ਕਿ ਸਿੱਖ ਗੁਰੂ ਸਾਹਮਣੇ ਕੀਤੇ ਬਚਨ ਤੋਂ ਕਦੇ ਨਹੀਂ ਫ਼ਿਰਦਾ। ਇਹ ਬਹੁਤ ਵੱਡੀ ਗੱਲ ਸੀ। ਏਸੇ ਦੇ ਹਾਣ ਦੀ ਕੀਤੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ। ਏਸ ਨੇ ਅਗਸਤ 15, 1969 ਨੂੰ ਮਰਨ ਵਰਤ ਰੱਖਿਆ ਅਤੇ ਤਿਲ-ਤਿਲ ਕੱਟ ਕੇ 63-64 ਦਿਨ ਬਾਅਦ ਏਸ ਫ਼ਾਨੀ ਸੰਸਾਰ ਤੋਂ ਕੂਚ ਕਰ ਦਿੱਤਾ। ਦੋਨਾਂ ਮਹਾਂਪੁਰਖਾਂ ਦੀ ਸ਼ਹਾਦਤ ਤੋਂ ਜੱਗ ਜ਼ਾਹਰ ਹੋ ਗਿਆ ਕਿ ਸਾਧ ਸਿੱਖਾਂ ਦੇ ਨੁਮਾਇੰਦੇ ਨਹੀਂ ਬਲਕਿ ਸਿੱਖੀ ਦਾ ਵੱਡਾ ਨੁਕਸਾਨ ਕਰਨ ਲਈ ਪੰਥ ਵਿੱਚ ਭੇਜੇ ਘੁਸਪੈਠੀਏ ਹਨ ਅਤੇ ਐਸੀਆਂ ਪ੍ਰੰਪਰਾਵਾਂ ਈਜ਼ਾਦ ਕਰਨ ਵਿੱਚ ਰੁੱਝੇ ਹੋਏ ਸਨ ਜੋ ਕਿ ਸਿੱਖੀ ਜੀਵਨ ਲਈ ਘਾਤਕ ਸਿੱਧ ਹੋ ਸਕਣ।

ਆਖ਼ਰ ਮਰ ਕੇ ਸੜਨ ਦਾ ਵਕਤ ਆ ਗਿਆ ਅਤੇ ਦੋਨੋਂ ਸਾਧ 1972 ਦੇ ਅੰਤ ਵਿੱਚ ਇੱਕ ਮਹੀਨੇ ਦੇ ਵਕਫ਼ੇ ਨਾਲ ਚਲਾਣਾ ਕਰ ਗਏ। ''ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ॥ ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ।'' ਲੁੱਟ ਮਾਰ ਦੇ ਪੈਸੇ (ਜਿਨ੍ਹਾਂ ਵਿੱਚ ਮੇਰੇ ਦੋਸਤ ਪ੍ਰੀਤਮ ਸਿੰਘ ਦਾ ਦਸ ਹਜ਼ਾਰ ਵੀ ਸੀ ਜੋ ਚੰਨਣ ਸਿੰਘ ਸਾਧ ਨੇ ਸ੍ਰੀ ਅਕਾਲ ਤਖ਼ਤ ਉੱਤੇ ਬੈਠਿਆਂ ਮੇਰੇ ਸਾਹਮਣੇ ਗਿਣ ਕੇ ਬਸ ਰੂਟ ਪਰਮਟ ਦੇ ਬਦਲੇ ਫੜਿਆ ਸੀ) ਸਾਧਾਂ ਦੇ ਬਿਸਤਰਿਆਂ, ਸਰ੍ਹਾਣਿਆਂ ਹੇਠੋਂ ਕੱਢ ਕੇ ਸੇਵਾਦਾਰਾਂ ਆਦਿ ਨੇ ਲੁੱਟ ਲਏ। ਚੋਰਾਂ ਨੂੰ ਮੋਰ ਇਉਂ ਲੋਕਾਂ ਦੇ ਵੇਖਦਿਆਂ-ਵੇਖਦਿਆਂ ਹੀ ਪੈ ਗਏ। ਮਲੇਛਾਂ (ਮੈਲੀ ਇੱਛਾ ਵਾਲਿਆਂ) ਦੀ ਸਭਾ ਤਾਂ ਉੱਠ ਗਈ ਪਰ ਸਦਾ ਲਈ ਸਿੱਖ ਆਗੂ ਵਰਗ ਨੂੰ ਗ੍ਰਹਿਣ ਲਗਾ ਗਈ।

ਏਸ ਪ੍ਰਸੰਗ ਦੀ ਵਿਆਖਿਆ ਇਉਂ ਪ੍ਰਵਾਨ ਹੈ: ਪੁਰਾਣੇ ਸਮਿਆਂ ਵਿੱਚ ਅਰਬ ਦੇ ਮਾਰੂਥਲਾਂ ਵਿੱਚੋਂ ਉੱਠ ਕੇ ਟਿੱਡੀ ਦਲ ਆਉਂਦੇ ਸਨ। ਇਹ ਇਰਾਕ, ਇਰਾਨ, ਅਫ਼ਗਾਨਿਸਤਾਨ, ਪਾਕਿਸਤਾਨ ਦੇ ਰਸਤੇ ਘੱਟੋ-ਘੱਟ ਪੰਜਾਬ ਤੱਕ ਪਹੁੰਚਦੇ ਸਨ। ਜਿੰਨੀ ਹਰੇਵਾਈ ਇਹਨਾਂ ਨੂੰ ਨਜ਼ਰ ਆਉਂਦੀ ਇਹ ਓਸ ਨੂੰ ਝਟਪਟ ਚੱਟ ਕਰ ਜਾਂਦੇ ਸਨ। ਫ਼ਸਲਾਂ ਤਾਂ ਕੀ ਬਚਣੀਆਂ ਸਨ! ਦਰਖ਼ਤਾਂ ਦੇ ਪੱਤੇ, ਕਰੂੰਬਲਾਂ ਤੱਕ ਬਚ ਨਹੀਂ ਸਨ ਸਕਦੀਆਂ। ਜਿੱਥੇ ਇਹ ਰਾਤ ਕੱਟਦੇ ਓਥੇ ਕਾਲ ਪੈ ਜਾਂਦਾ। ਓਥੇ ਇਹ ਬੱਚੇ ਵੀ ਦੇ ਜਾਂਦੇ ਜਿਸ ਨੂੰ ਕਿਸਾਨ ਲੋਕ ''ਬੱਚ'' ਕਿਹਾ ਕਰਦੇ ਸਨ। ਏਸ ਖੰਡ ਵਿੱਚ ਤਾਂ ਆਹਣ (ਟਿੱਡੀ ਦਲ) ਦੀ ਹੀ ਗੱਲ ਕੀਤੀ ਗਈ ਹੈ, ਏਸ ਦੇ 'ਬੱਚ' ਦੀ ਕਥਾ ਅੱਗੇ ਆਵੇਗੀ।

ਮੌਜੂਦਾ ਸਿੱਖ ਸੰਘਰਸ਼ ਦੀਆਂ ਜੜ੍ਹਾਂ ਇਹਨਾਂ ਸਾਧਾਂ ਦੇ ਵਰਤਾਰੇ ਅਤੇ ਇਹਨਾਂ ਦੇ ਪਿੱਛੇ ਬੈਠ ਕੇ ਤਾਰਾਂ ਹਿਲਾਉਣ ਵਾਲਿਆਂ ਦੀ ਮਾਨਸਿਕਤਾ ਵਿੱਚ ਹੀ ਲੱਭਣਾ ਯੋਗ ਹੈ। ਸਿੱਖਾਂ ਨੂੰ ਯਕੀਨ ਹੋ ਗਿਆ ਕਿ ਉਹ ਚਾਹੇ ਦੇਸ਼ ਲਈ ਕਿੰਨੀਆਂ ਵੀ ਕੁਰਬਾਨੀਆਂ ਕਰਨ (ਜਿਨ੍ਹਾਂ ਵਿੱਚ ਪਾਕਿਸਤਾਨ ਨਾਲ ਲਹੂ ਡੋਲ ਕੇ ਜਿੱਤ ਹਾਸਲ ਕਰਨਾ ਵੀ ਸ਼ਾਮਲ ਸੀ) ਸਥਾਈ ਸੱਭਿਆਚਾਰਕ ਬਹੁਗਿਣਤੀ ਉਹਨਾਂ ਨੂੰ ਸਦਾ ਦੁਸ਼ਮਣ ਸਮਝਦੀ ਆਈ ਹੈ ਅਤੇ ਅੱਗੋਂ ਲਈ ਸਦਾ ਦੁਸ਼ਮਣ ਸਮਝਣ ਲਈ ਬਜ਼ਿੱਦ ਹੈ। ਉਹ ਨਿਗੂਣੀ ਤੋਂ ਨਿਗੂਣੀ ਸਿਆਸੀ ਸ਼ਕਤੀ ਵੀ ਸਿੱਖ ਅਖਵਾਉਣ ਵਾਲਿਆਂ ਨੂੰ ਸੌਂਪਣ ਨੂੰ ਗਊ ਖਾਣ ਬਰਾਬਰ ਸਮਝਦੀ ਹੈ; ਸੰਵਿਧਾਨ, ਕਾਇਦਾ-ਕਾਨੂੰਨ ਜੋ ਮਰਜ਼ੀ ਆਖੇ। ਉਹਨਾਂ ਭਾਣੇ ਲੋਕ-ਰਾਜੀ ਕਦਰਾਂ-ਕੀਮਤਾਂ ਅਤੇ ਧਰਮ ਨਿਆਂ ਪੈਣ ਢੱਠੇ ਖੂਹ ਵਿੱਚ। ਇੱਕ ਪਾਸੇ ਉਹ ਚੰਦ ਲੋਕ ਹੋ ਗਏ ਜੋ ਅਜੋਕੀ ਸਿਆਸਤ ਦੇ ਡੂੰਘੇ ਰਹੱਸ ਨੂੰ ਸਮਝ ਗਏ ਅਤੇ ਦੂਜੇ ਪਾਸੇ ਦੋਨਾਂ ਸਾਧਾਂ ਵੱਲੋਂ ਛੱਡਿਆ ਬੱਚ ਹੋ ਗਿਆ ਜਿਸ ਦੇ ਮਨ ਅੰਦਰ ਹਰ ਹਰਬੇ ਸਿਆਸੀ ਸ਼ਕਤੀ ਹਾਸਲ ਕਰ ਕੇ ਏਸ ਦੇ ਆਸਰੇ ਨਾਦਰਸ਼ਾਹੀ ਲੁੱਟ ਮਚਾਉਣ ਦੇ ਚਾਅ ਠਾਠਾਂ ਮਾਰਨ ਲੱਗ ਪਏ। ਏਸ ਪੱਖੋਂ ਸਾਧਾਂ ਦੇ ਬੱਚ ਦੀ ਤਰੱਕੀ ਦਾ ਪ੍ਰਤੀਕ ਬਣਿਆ ਬਲਵੰਤ ਸਿੰਘ ਜਿਸ ਨੇ ਦੋ-ਤਿੰਨ ਸੌ ਦੀ ਬੀ.ਡੀ.ਓ. ਦੀ ਨੌਕਰੀ ਤੋਂ ਉੱਠ ਕੇ ਵੱਡੀਆਂ ਮੱਲਾਂ ਮਾਰੀਆਂ। ਕਾਫ਼ੀ ਸਮਾਂ ਇਹ ਪੰਜਾਬ ਦਾ ਵਿੱਤ ਮੰਤਰੀ ਰਿਹਾ ਅਤੇ ਨਾਲੋ ਨਾਲ ਆਪਣਾ ਕਾਰੋਬਾਰ ਵਧਾਉਂਦਾ ਰਿਹਾ। ਕਹਿੰਦੇ ਹਨ ਕਿ ਕਤਲ ਹੋਣ ਸਮੇਂ ਓਸ ਦੇ ਨਿੱਜੀ ਵਪਾਰਕ ਅਦਾਰਿਆਂ ਦਾ ਬੱਜਟ ਤਕਰੀਬਨ ਸਮੁੱਚੇ ਪੰਜਾਬ ਦੇ ਬੱਜਟ ਜਿੰਨਾਂ ਹੀ ਸੀ।

ਡੂੰਘੀ ਨਜ਼ਰੇ ਵੇਖਿਆਂ ਸਿੱਖ ਸੰਘਰਸ਼ ਹੋਰ ਕੁਝ ਨਹੀਂ ਸੀ, ਨਿਰਸੰਤਾਨ ਸਾਧਾਂ ਦੇ ਬੱਚ ਤੋਂ ਪੰਥ ਅਤੇ ਪੰਜਾਬ ਨੂੰ ਮਹਿਫ਼ੂਜ਼ ਕਰਨ ਦਾ ਵੱਡਾ ਹੰਭਲਾ ਮਾਤਰ ਹੀ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਦਾ ਸਮੁੱਚਾ ਵਰਤਾਰਾ ਏਸ ਵਿਸ਼ਲੇਸ਼ਣ ਦੇ ਸੱਚ ਉੱਤੇ ਆਧਾਰਤ ਹੋਣ ਦੀ ਗਵਾਹੀ ਦਿੰਦਾ ਹੈ। ਕਿ ਸਾਰੀ ਸਿੱਖ ਕਉਮ ਨੇ ਏਸ ਨੂੰ ਏਵੇਂ ਸਮਝਿਆ, ਏਸ ਤੱਥ ਦੀ ਪੁਸ਼ਟੀ 1989 ਦੀਆਂ ਸੰਸਦੀ ਚੋਣਾਂ ਦੇ ਨਤੀਜੇ ਵੀ ਕਰਦੇ ਹਨ।

[ਤਾਰਿਆਂ ਭਰੀ ਚੰਗੇਰ ਵਿੱਚੋਂ : ਸਤਬੰਰ 27, 2010]

2 comments:

  1. We respect your sicere efforts to bring the truth about Sikhs to the world.However, your information and writings on General Jaswant Singh Bhullar were simply white lies based on hearsay and devoid of Truth. It will haunt your good efforts as well. The other toady who wrote lies about General HJaswant Singh Bhullar is dr.Sangat Singh of delhi who was a plant of Rajiv gandhi as per his own admission in Ottawa in front of myself,Japinder Singh,and his father S. Karnail Singh Ji member of the Intitute of Sikh studies. Ajit Singh Sahota.

    ReplyDelete
  2. Sahota ji,
    I could not find any mention of Gen. Bhullar in the above article. Therefore, I fail to understand your intention.

    ReplyDelete