[ਜਥੇਦਾਰ ਗੁਰਬਖ਼ਸ਼ ਸਿੰਘ 'ਰਾਹੀ' ਅਪ੍ਰੈਲ 2011 ਵਿੱਚ ਸੌ ਸਾਲਾਂ ਦੇ ਹੋਣ ਵਾਲੇ ਹਨ।ਇਹਨਾਂ ਦਾ ਖਾਨਦਾਨ ਦਸਵੇਂ ਗੁਰੂ ਦੇ ਸਮੇਂ ਤੋਂ ਪੰਥ ਨਾਲ ਜੁੜਿਆ ਹੈ ਅਤੇ ਪੰਥ ਲਈ ਕੁਰਬਾਨੀਆਂ ਕਰਦਾ ਚਲਾ ਆ ਰਿਹਾ ਹੈ।ਇਹਨਾਂ ਨੇ ਅਚਾਨਕ ਚੰਡੀਗੜ੍ਹ ਆ ਕੇ ਪ੍ਰੈੱਸ-ਕਲੱਬ ਵਿੱਚ ਇੱਕ ਪੱਤਰਕਾਰ-ਮਿਲਣੀ ਕੀਤੀ ਅਤੇ ਸੰਸਾਰ ਤਿਆਗਣ ਦੀ ਆਪਣੀ ਮਨਸ਼ਾ ਨੂੰ ਜ਼ਾਹਰ ਕੀਤਾ।ਹੇਠਾਂ ਉਹ ਪ੍ਰੈੱਸ-ਨੋਟ ਦਿੱਤਾ ਜਾ ਰਿਹਾ ਹੈ ਜੋ ਇਹਨਾਂ ਓਸ ਦਿਨ ਜਾਰੀ ਕੀਤਾ। ਨਾਲ ਹੀ ਇਹਨਾਂ ਦੀ ਸੰਖੇਪ ਜੀਵਨੀ ਪਾਠਕਾਂ ਦੀ ਜਾਣਕਾਰੀ ਲਈ ਦਿੱਤੀ ਜਾ ਰਹੀ ਹੈ।
ਰਾਹੀ ਜੀ ਦੀ ਪੇਸ਼ਕਸ਼/ਐਲਾਣ ਨਾਲ ਪੰਥ ਵਿੱਚ ਵੱਡੀ ਪੱਧਰ ਉੱਤੇ ਚਰਚਾ ਹੋਣੀ ਬਣਦੀ ਸੀ।
ਕੁਝ ਕੁ ਜਥੇਬੰਦੀਆਂ ਨੇ ਮਿਲ ਕੇ ਚਮਕੌਰ ਸਾਹਿਬ ਵਿਖੇ ਇੱਕ ਵਿਚਾਰ-ਗੋਸ਼ਟੀ ਰੱਖੀ।ਏਸ ਵਿੱਚ ਸ਼ਾਮਲ ਲੋਕਾਂ ਨੇ ਕਈ ਉੱਤਮ ਵਿਚਾਰ ਰੱਖੇ।ਗੁਰਤੇਜ ਸਿੰਘ ਨੇ ਵੀ ਆਪਣੀ ਗੱਲ ਆਖੀ ਜਿਸ ਨੂੰ ਲਿਖਤ ਦਾ ਰੂਪ ਦੇ ਕੇ ਏਸ ਖੰਡ ਦੇ ਆਰੰਭ ਵਿੱਚ ਛਾਪਿਆ ਜਾ ਰਿਹਾ ਹੈ।ਉਮੀਦ ਹੈ ਕਿ ਪਾਠਕਾਂ ਨੂੰ ਰਾਹੀ ਦੇ ਰਾਹੇ-ਰਾਸਤ ਸਬੰਧੀ ਅਤੇ ਓਸ ਦੇ ਸਿੱਖ-ਧਰਮ-ਸੰਦਰਭ ਬਾਰੇ ਜਾਣਕਾਰੀ ਮਿਲੇਗੀ।]
ਚਮਕੌਰ ਸਾਹਿਬ ਵਿਚਾਰ ਗੋਸ਼ਟੀ ਕਰਵਾਉਣ ਦਾ ਫ਼ੈਸਲਾ ਸਹਿਵਨ ਹੀ ਕਰ ਲਿਆ ਗਿਆ ਸੀ।ਇੱਕ-ਦੋ ਹੋਰ ਥਾਵਾਂ ਵੀ ਸਨ ਪਰ ਬਿਨਾਂ ਡੂੰਘੀ ਵਿਚਾਰ ਦੇ ਚਮਕੌਰ ਸਾਹਿਬ ਉੱਤੇ ਹੀ ਗੁਣਾ ਪੈ ਗਿਆ।ਬਾਅਦ ਵਿੱਚ ਸੋਚਿਆ ਤਾਂ ਲੱਗਿਆ ਜਿਵੇਂ ਸੰਸਕਾਰਾਂ ਅਤੇ ਇਤਿਹਾਸ ਦੇ ਗੰਭੀਰ ਇਸ਼ਾਰਿਆਂ ਨੇ ਸਭਨਾਂ ਦੇ ਮਨ ਨੂੰ ਪ੍ਰੇਰਨਾ ਦੇ ਕੇ ਇਹ ਫ਼ੈਸਲਾ ਕਰਵਾਇਆ ਸੀ।
ਧਰਤੀ ਉੱਤੇ ਰੀਂਘ ਕੇ ਦਿਨ ਕੱਟਣ ਵਾਲੇ ਲੋਕਾਂ ਨੂੰ ਆਪਣੇ ਪੈਰਾਂ ਉੱਤੇ ਖੜ੍ਹੇ ਕਰ ਕੇ ਆਪਣੀ ਕਿਸਮਤ ਦੇ ਆਪ ਮਾਲਕ ਬਣਾਉਣਾ ਅਤੇ ਏਸ ਮੁਕਾਮ ਉੱਤੇ ਸਦਾ ਕਾਇਮ ਰੱਖਣਾ ਸਦ-ਰਹਿਣੇ ਸਿੱਖ ਇਨਕਲਾਬ ਦਾ ਪ੍ਰਮੁੱਖ ਨਿਸ਼ਾਨਾ ਹੈ।ਜਾਤਾਂ-ਪਾਤਾਂ ਵਿੱਚ ਵੰਡੇ, ਵਹਿਮਾਂ-ਭਰਮਾਂ ਦੇ ਸੱਲੇ, ਊਚ-ਨੀਚ, ਛੂਆਛੂਤ, ਸੁੱਚ-ਭਿੱਟ ਤੋਂ ਪੀੜਤ ਲੋਕਾਂ ਨੂੰ ਏਸ ਮਨੋਵਿਗਿਆਨਕ ਦਲਦਲ ਵਿੱਚੋਂ ਕੱਢਣ ਦੇ ਕੰਮ ਨੂੰ ਸਿੱਖੀ ਨੇ ਸਭ ਤੋਂ ਪਹਿਲਾਂ ਆਪਣੇ ਹੱਥ ਵਿੱਚ ਲਿਆ।ਜਾਨਵਰਾਂ, ਦਰਖ਼ਤਾਂ, ਪੌਦਿਆਂ, ਸੱਪਾਂ, ਪੱਥਰ ਦੀਆਂ ਮੂਰਤੀਆਂ ਨੂੰ ਪੂਜਦੇ ਲੋਕ ਕੇਵਲ ਗ਼ੁਲਾਮ ਬਣਨ ਦੇ ਕਾਬਲ ਸਨ; ਸਦੀਵੀ ਗ਼ੁਲਾਮੀ ਨੂੰ ਅੱਡੀਆਂ ਚੁੱਕ ਕੇ ਸੱਦਾ ਦੇ ਰਹੇ ਸਨ।ਚਾਰੇ ਪਾਸੇ ਗ਼ੁਲਾਮ ਹੀ ਗ਼ੁਲਾਮ ਸਨ।ਹਰ ਜਰਵਾਣੇ ਦੀ, ਹਰ ਪੁਜਾਰੀ ਦੀ ਚੜ੍ਹ ਮੱਚੀ ਹੋਈ ਸੀ।ਸੋਚਵਾਨ ਚਿੰਤਤ ਸਨ: "ਹਉ ਭਾਲਿ ਵਿਕੁੰਨੀ ਹੋਈઽ ਆਧੇਰੈ ਰਾਹੁ ਨ ਕੋਈઽ"
ਅਜਿਹੇ ਸਮੇਂ ਸੱਚ ਦਾ ਸੂਰਜ ਰਾਏ ਭੋਇ ਦੀ ਤਲਵੰਡੀ ਤੋਂ ਚੜ੍ਹਿਆ।ਓਸ ਨੇ ਸਿੱਖ ਲਹਿਰ ਚਲਾਈ ਜਿਸ ਨੇ ਇਹ ਪ੍ਰਪੱਕ ਕੀਤਾ ਕਿ ਇੱਕ (ੴ ) ਪਰਮ-ਪਿਤਾ ਪ੍ਰਮੇਸ਼ਰ ਹੀ ਸ੍ਰਿਸ਼ਟੀ ਦਾ ਮੂਲ ਹੈ।ਓਸ ਤੋਂ ਬਾਹਰ ਕੁਈ ਇਕਾਈ ਨਹੀਂ।ਓਹੀ ਸਭ ਦਾ ਮਾਤਾ-ਪਿਤਾ, ਸਖਾ, ਸਬੰਧੀ ਹੈ ਅਤੇ ਸਭ ਨੂੰ ਓਸ ਦੇ ਬਾਲਕ ਦੱਸਿਆ: "ਤੁਮ ਮਾਤ ਪਿਤਾ ਹਮ ਬਾਰਿਕ ਤੇਰੇ" ਗੁਰੂ ਨਾਨਕ ਦੇ ਪ੍ਰਗਟ ਕੀਤੇ ਸਿਧਾਂਤਾਂ ਨੇ ਲੋਕਾਂ ਦੀ ਯਕਜ਼ਹਤੀ ਵਿੱਚ ਏਨੀਂ ਵਿੱਥ ਵੀ ਨਾ ਛੱਡੀ ਕਿ ਓਸ ਵਿੱਚੋਂ ਨਫ਼ਰਤਾਂ, ਵੰਡੀਆਂ, ਵਿਤਕਰਿਆਂ ਦੀ ਹਵਾ ਵੀ ਨਿਕਲ ਸਕੇ।ਵੱਡੇ ਗ਼ੁਨਾਹਗਾਰ ਰਾਜੇ ਅਤੇ ਪੁਜਾਰੀ, ਜੋ ਰਲ਼ ਕੇ ਲੋਕਾਂ ਦਾ ਸ਼ੋਸ਼ਣ ਕਰਦੇ ਸਨ, ਨੂੰ ਰੱਦ ਕਰ ਦਿੱਤਾ।ਇਹਨਾਂ ਦੀਆਂ ਸ਼ਕਤੀਆਂ ਨੂੰ ਲੋਕਾਂ ਵਿੱਚ ਵੰਡ ਦਿੱਤਾ। ਦਸਵੇਂ ਜਾਮੇ ਵਿੱਚ ਗੁਰੂ ਨਾਨਕ ਨੇ ਫ਼ਰਮਾਇਆ:
ਜਿਨ ਕੀ ਜਾਤ ਵਰਣ ਕੁਲ ਮਾਹੀਂ, ਸਰਦਾਰੀ ਨ ਭਈ ਕਦਾਹੀਂ,
ਤਿਨ ਤੇ ਗਹਿ ਸਰਦਾਰ ਬਣਾਊਂ, ਰਾਜ ਕਰਨ ਕੋ ਵੱਲ ਸਮਝਾਊਂ। ਅਤੇ
ਜਿਨ ਕੀ ਕੁਲ ਮੂਢਨ ਕੀ ਮਹਾਂ, ਅੱਖਰ ਭੇਵ ਨ ਜਾਨਤ ਕਹਾਂ,
ਤਿਨ ਤੇ ਗਹਿ ਪੰਡਤ ਉਪਜਾਊਂ, ਵੇਦ ਪੜ੍ਹਨ ਕੋ ਵੱਲ ਸਮਝਾਊਂ।
ਇਹਨਾਂ ਲੀਹਾਂ ਉੱਤੇ ਸਾਹਿਬਾਂ ਨੇ 1699 ਦੀ ਵਿਸਾਖੀ ਨੂੰ ਸਿੱਖੀ ਦੇ ਕਾਰਜ ਨੂੰ ਸੰਪੂਰਨਤਾ ਬਖ਼ਸ਼ੀ।ਓਸ ਵਡਭਾਗੇ ਦਿਨ ਪਰਮ ਕ੍ਰਿਪਾਲੂ ਸੱਚੇ ਸਾਹਿਬ ਨੇ ਕੇਸਾਧਾਰੀ, ਖੜਗਧਾਰੀ ਖ਼ਾਲਸਾ ਸਾਜਿਆ; ਰਹਿਤ ਦੇ ਸੰਜਮ ਵਿੱਚ ਰਹਿ ਕੇ ਓਸ ਨੇ ਖ਼ਾਲਸੇ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਮੁਕੰਮਲ ਸ਼ਕਤੀ ਬਖ਼ਸ਼ੀ, ਅਣਖ ਦਾ ਸੋਮਾ ਅਤੇ ਸਮਾਜਕ ਸ਼ਕਤੀ ਦਾ ਧੁਰਾ ਸਥਾਪਤ ਕੀਤਾ।ਮਾਤਾ ਨੇ ਮਾਂ ਵਾਲਾ ਫ਼ਰਜ਼ ਨਿਭਾਉਂਦਿਆਂ ਪਾਹੁਲ ਦੇ ਬਾਟੇ ਵਿੱਚ ਪਤਾਸੇ ਪਾ ਕੇ ਨਿਮਰਤਾ, ਗਰੀਬੀ, ਲੋਕ-ਸੇਵਾ ਦਾ ਪਾਠ ਦ੍ਰਿੜ੍ਹ ਕਰਵਾਇਆ।ਇਉਂ ਮਹਾਂ-ਪਰੋਪਕਾਰੀਆਂ ਨੇ ਸਿੱਖੀ ਨੂੰ ਮਨੁੱਖੀ ਵਿਕਾਸ ਦੀ ਚਰਮ-ਸੀਮਾ ਉੱਤੇ ਪਹੁੰਚਾਇਆ; ਸੰਪੂਰਣ ਮਨੁੱਖ ਖ਼ਾਲਸਾ ਸਾਜਿਆ ਅਤੇ ਓਸ ਨੂੰ ਓਹੀ ਦੇਹੀ ਦਿੱਤੀ ਜਿਸ "ਦੇਹੀ ਕਉ ਸਿਮਰਹਿ ਦੇਵ" ਇਹ ਨਵਾਂ ਮਨੁੱਖ ਨਿਰਭੈ ਜੋ ਗਿਆ: "ਕਹੁ ਨਾਨਕ ਹਉ ਨਿਰਭਉ ਹੋਈ ਸੋ ਪ੍ਰਭੁ ਮੇਰਾ ਓਲਾ " (ਮਹਲਾ 5)
ਚਮਕੌਰ ਸਾਹਿਬ ਦੀ ਪਰਮ-ਪਾਕ ਧਰਤੀ ਉੱਤੇ ਪਹਿਲੀ ਵਾਰ ਸਿੱਖੀ ਦੀ ਵਿਆਪਕ ਪਰਖ ਹੋਈ। ਓਸ ਦਿਨ ਜੋ ਪਰਚਾ ਪਾਇਆ ਓਸ ਦੇ ਪ੍ਰਮੁੱਖ ਸਵਾਲ ਸਨ:
ਕੀ ਅਸੀਂ ਪ੍ਰੇਮ ਖੇਲ੍ਹਣ ਦੇ ਵੱਡੇ ਚਾਅ ਲੈ ਕੇ, ਸਿਰ ਤਲੀ ਧਰ ਕੇ ਓਸ ਮਨਾਂ ਨੂੰ ਮੋਹ ਲੈਣ ਵਾਲੇ ਅਕਾਲ ਪੁਰਖ ਦੀ ਗਲ਼ੀ ਵਿੱਚ ਆ ਗਏ ਹਾਂ?
ਕੀ ਅਸੀਂ ਨਿਰਭੈ ਹੋ ਗਏ ਹਾਂ?
ਕੀ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਫ਼ੈਸਲੇ ਆਪ ਕਰਨ ਦੇ ਯੋਗ ਹੋ ਗਏ ਹਾਂ?
ਕੀ ਅਸੀਂ ਆਪਣੇ ਗੁਰੂ ਨੂੰ, ਜਿਹੜਾ ਕਿ ਭਵਿੱਖ ਦੇ ਸਮਾਜ ਦਾ ਸਾਕਾਰ ਰੂਪ ਹੈ ਸੀ, ਨੂੰ ਬਚਾਉਣ ਦੇ ਕਾਬਲ ਹੋ ਗਏ ਹਾਂ?
ਕੀ ਅਸੀਂ ਜਾਤ-ਪਾਤ ਦੀਆਂ ਵੰਡੀਆਂ, ਵਿਤਕਰਿਆਂ ਨੂੰ ਖ਼ਤਮ ਕਰ ਚੁੱਕੇ ਹਾਂ?
ਕੀ ਅਸੀਂ ਸਮਾਜੀ, ਸਿਆਸੀ ਸ਼ਕਤੀ ਦੇ ਭੇਤ ਸਮਝ ਕੇ ਏਸ ਨੂੰ ਲੋਕਾਂ ਦੇ ਹਵਾਲੇ ਕਰਨ ਦੇ ਗੁਰ ਸਮਝ ਚੁੱਕੇ ਹਾਂ?
ਇਹਨਾਂ ਸਵਾਲਾਂ ਨੂੰ ਹੱਲ ਕਰਨ ਲਈ ਅਸੀਂ ਆਪਣੀ, ਗੁਰੂ ਦੀ ਬਖ਼ਸ਼ੀ, ਹਰ ਸ਼ਕਤੀ ਵਰਤੀ। ਅਸੀਂ ਕੇਵਲ ਚਾਲੀ ਸਾਂ ਪਰ ਅਸੀਂ ਲੱਖਾਂ ਲਸ਼ਕਰਾਂ ਵਿਰੁੱਧ ਸੰਸਾਰ ਦੀ ਸਭ ਤੋਂ ਵੱਧ ਅਸਾਵੀਂ ਜੰਗ ਲੜੀ।ਅਸੀਂ ਬੇ-ਸਾਜ਼ੋ-ਸਾਮਾਨ ਸਾਂ ਪਰ ਅਸੀਂ ਵੱਡੇ-ਵੱਡੇ ਫ਼ਤਹਿਜੰਗ ਜਰਨੈਲਾਂ ਤੋਂ ਨ ਝਵੇਂ।ਪਤਾ ਨਹੀਂ ਸਰਬ-ਸਮਰੱਥ ਗੁਰੂ ਨੇ ਕੀ ਸਮਝ ਕੇ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਨੂੰ ਸੌਂਪੀ (ਫ਼ੇਂਕ ਦੀ ਕਿਸ਼ਤੀ ਹਮ ਨੇ ਤੂਫ਼ਾਨੋਂ ਮੇਂ ਖ਼ੁਦਾ ਕੋ ਨਾਖ਼ੁਦਾ ਜਾਨਾ।ਛੋੜ ਦੀ ਕਸ਼ਤੀ ਖ਼ੁਦਾ ਨੇ ਹਮ ਪੇ ਨ ਜਾਨੇ ਹਮ ਕੋ ਕਿਆ ਜਾਨਾ)।ਅਸੀਂ ਬਖ਼ੂਬੀ ਆਪਣਾ ਧਰਮ ਨਿਭਾਇਆ; ਅਸੀਂ ਆਪਣੇ ਅਤੇ ਨਵੀਂ ਮਨੁੱਖੀ ਸੱਭਿਅਤਾ ਦੇ ਸੋਮੇ ਪੀਰੇ-ਹਿੰਦ ਨੂੰ ਤੱਤੀ ਵਾਅ ਨਾ ਲੱਗਣ ਦਿੱਤੀ।ਗੁਰੂ-ਰੱਖਿਆ ਹਿਤ ਰਾਹੀ ਸਾਹਿਬ ਦੇ ਬਜ਼ੁਰਗ ਕਿਹਰ ਸਿੰਘ, ਭਾਈ ਸੰਗਤ ਸਿੰਘ, (ਪੰਡਤ) ਕਿਰਪਾ ਸਿੰਘ ਤੋਂ ਲੈ ਕੇ ਗੁਰੂ-ਬੰਸ ਦੇ ਸਾਹਿਬਜ਼ਾਦਿਆਂ ਸਮੇਤ ਅਸੀਂ ਸਭ ਨੇ ਆਪਣਾ ਖ਼ੂਨ ਏਸ ਸਾਂਝੀ ਰਣਭੂਮੀ ਵਿੱਚ ਵਹਾਇਆ।ਇਉਂ ਅਸੀਂ ਸਾਬਤ ਕੀਤਾ ਕਿ ਅਸੀਂ, ਹਰ ਪ੍ਰਕਾਰ ਦੇ ਵਿਤਕਰਿਆਂ ਦਾ ਨਾਸ਼ ਕਰ, ਭਰਮਨਾਸ਼, ਕੁਲਨਾਸ਼ ਖ਼ਾਲਸਾ ਹੋ ਗਏ ਹਾਂ।ਓਸ ਰਾਤ ਅਸੀਂ ਏਨੇਂ ਜ਼ਿੰਮੇਵਾਰ ਹਾਕਮ ਬਣ ਗਏ ਕਿ ਅਸੀਂ ਇਮਤਿਹਾਨ ਲੈ ਰਹੇ ਗੁਰੂ-ਪਾਤਸ਼ਾਹ ਉੱਤੇ ਵੀ ਆਪਣਾ ਹੁਕਮ ਚਲਾਇਆ।ਸਦੀਆਂ ਤੋਂ ਸ਼ੋਸ਼ਣ ਕਰਦੇ ਆ ਰਹੇ ਜਰਵਾਣਿਆਂ ਨੂੰ ਜਦੋਂ ਅਸੀਂ ਟਿੱਚ ਜਾਣਿਆ ਤਾਂ ਨੌਂ ਪੈਗੰਬਰਾਂ ਦੇ ਜਾਨਸ਼ੀਨ, ਸੰਸਾਰ ਉੱਤੇ ਖ਼ਾਸ ਪ੍ਰਮਾਤਮਾ-ਰੂਪ ਹੋ ਵਿਚਰਦੇ ਸੱਚੇ ਸਾਹਿਬ ਗਦ-ਗਦ ਹੋ ਗਏ।ਉਹਨਾਂ ਸਾਨੂੰ ਤੁਰੰਤ ਇਨਾਮ ਵੰਡੇ, ਸਾਡੇ ਸਦਾ ਲਈ ਵਜ਼ੀਫ਼ੇ ਲਾਏ।ਹਜ਼ੂਰ:
ਜਿਗ੍ਹਾ ਤੋੜੇ ਕਲਗ਼ੀਆਂ ਆਪਣੇ ਸਿਰੋਂ ਉਤਾਰ,
ਸੰਗਤ ਸਿੰਘ ਦੇ ਸੀਸ ਧਰ ਬੋਲੇ ਇਉਂ ਦਾਤਾਰ,
ਖ਼ਾਲਸਾ ਮੇਰੋ ਰੂਪ ਹੈ ਖ਼ਾਸ ਖ਼ਾਲਸੇ ਮੇਂ ਹਉਂ ਕਰੋਂ ਨਿਵਾਸ,
--------------------------
ਮੀਰੀ ਪੀਰੀ ਪੰਥ ਕੋ ਦੇਤਾ ਹੂੰ ਮੈਂ ਆਜ,
ਕਰੇ ਤੁਮਾਰੀ ਰੱਖਿਆ ਗੁਰੂ ਨਾਨਕ ਮਹਾਂਰਾਜ।
ਏਸ ਕੱਚੀ ਗੜ੍ਹੀ ਦੇ ਅੰਦਰ ਓਸ ਰਾਤ ਨੂੰ ਇਹ ਕਾਰਵਾਈ ਹੋਈ ਜਿਸ ਬਾਰੇ ਕਵੀ ਕਹਿੰਦਾ ਹੈ:
ਕਾਲ਼ੀ ਬੋਲ਼ੀ ਰਾਤੋਂ ਡਰ ਕੇ ਚੰਨ ਨੇ ਆਪਣਾ ਮੂੰਹ ਲੁਕਾਇਆ,
ਰੁੱਖ ਤੇ ਪਰਬਤ ਸਹਿਮੇ ਜਾਪਣ ਅੰਬਰ ਬਿਜਲੀ ਕੜਕ ਡਰਾਇਆ।
ਹੁਣ ਓਸੇ ਕਵੀ ਦੀ ਜ਼ੁਬਾਨੋਂ ਸੁਣੋ ਏਸ ਗੜ੍ਹੀ ਤੋਂ ਬਾਹਰ ਦੀ ਨਿਰਾਲੀ ਕਥਾ, ਸਾਹਿਬਾਂ ਦਾ ਏਸ ਧਰਤੀ ਉੱਤੇ ਆਖ਼ਰੀ ਕੌਤਕ। ਏਸ ਉਪਰੰਤ ਉਹ ਮਹਾਂਬਲ਼ੀ, ਸਾਰੇ ਜਗਤ ਦਾ ਧਰਵਾਸ, ਸੱਚਾ ਪਾਤਸ਼ਾਹ, ਪਰਮਸ਼ੂਰ ਸਾਡੇ ਹੁਕਮਾਂ ਦਾ ਬੱਧਾ ਏਸ ਗੜ੍ਹੀ ਨੂੰ ਪਿੱਛੇ ਛੱਡ ਕੇ ਏਸ ਜਿੰਨੇ ਹੀ ਗੌਰਵਮਈ ਇਤਿਹਾਸ ਦਾ ਅਗਲਾ ਦੌਰ ਘੜਨ ਜਾ ਰਿਹਾ ਸੀ:
ਰਣ 'ਚੋਂ ਰਾਤੀਂ ਉਹ ਸੂਰਾ ਜਾਂਦਾ ਸੀ ਹੁਕਮਾਂ ਦਾ ਬੱਧਾ,
ਐਪਰ ਜਾਂਦੇ ਜਾਂਦੇ ਓਸ ਦੇ ਪੈਰ ਨੂੰ ਐਸਾ ਠੇਡਾ ਲੱਗਾ,
-----------------------------
ਸਿੰਘਾਂ ਨੇ ਤਦ ਅਰਜ਼ ਗੁਜ਼ਾਰੀ ਦੁੱਖ ਭਰੇ ਅਰਮਾਨਾਂ ਅੰਦਰ,
ਠੇਡਾ ਕਿਹੜੀ ਸ਼ੈ ਨੂੰ ਲੱਗਾ ਐਸੇ ਸਾਫ਼ ਮੈਦਾਨਾਂ ਅੰਦਰ?
ਏਨੇਂ ਚਿਰ ਨੂੰ ਲਿਸ਼ਕੀ ਬਿਜਲੀ ਤੇ ਓਸ ਮਾਹੀ ਦੀਆਂ ਖੁੱਲ੍ਹੀਆਂ ਬੁੱਲ੍ਹੀਆਂ,
ਜਿਸ ਸਾਕੀ ਦੀ ਮਹਿਫ਼ਲ ਅੰਦਰ ਆਪਾ ਹਨ ਕਈ ਰੂਹਾਂ ਭੁੱਲੀਆਂ।
ਮਰ ਕੇ ਵੀ ਮੋਹ ਲਾਲ ਨਾ ਛੱਡਿਆ ਭੁੱਲਾ ਜੰਗ ਦੀ ਰੀਤ ਵੀ ਸਿੰਘੋ,
ਜਿਸ ਨੂੰ ਮੇਰਾ ਠੇਡਾ ਲੱਗਾ ਉਹ ਹੈ ਲੋਥ ਅਜੀਤ ਦੀ ਸਿੰਘੋ।
ਨਾਮ ਅਜੀਤ ਦਾ ਸੁਣਦਿਆਂ ਸਾਰੇ ਚਿਮਟ ਗਏ ਝਟ ਲੋਥ ਨੂੰ ਆ ਕੇ,
ਕਹਿਣ ਲੱਗੇ ਨਹੀਂ ਜਰਿਆ ਜਾਂਦਾ ਲੋਥ ਵੀਰ ਦੀ ਰੁਲਦੀ ਹੋਵੇ,
ਤੋੜਨ ਖ਼ਾਤਰ ਮਾਸ ਏਸ ਦਾ ਗਿਰਝ ਗਿਰਝ ਨਾਲ ਘੁਲਦੀ ਹੋਵੇ।
ਓਸ ਕਿਹਾ ਪਰ ਸੋਚੋ ਸਿੰਘੋ ਇਹ ਤਾਂ ਹੈ ਇੱਕ ਠੀਕਰ ਭੱਜਾ,
ਉਹ ਤਾਂ ਬਾਬੇ ਦੀ ਗੋਦੀ ਵਿੱਚ ਜਾ ਕੇ ਬੈਠਾ ਹੈ ਜੇ ਕਦ ਦਾ।
ਜਦ ਤੀਕਰ ਗਿਰਝਾਂ ਆ ਕੇ ਮਾਸ ਏਸ ਦਾ ਖਾਣਗੀਆਂ ਨਾ,
ਏਸ ਦੀ ਇੱਕ ਇੱਕ ਬੋਟੀ ਅੰਬਰ ਵਿੱਚ ਉਡਾਣਗੀਆਂ ਨਾ।
ਓਦੋਂ ਤੀਕ ਨਾ ਇਸ ਨੇ ਸ਼ਹਾਦਤ ਦੀ ਪੂਰੀ ਪਦਵੀ ਪਾਉਣੀ,
-------------------------------
ਸ਼ੁਕਰ ਕਰੋ ਦਿੱਤੀ ਗਈ ਮੈਥੋਂ ਓਸ ਦੀ ਅੱਜ ਅਮਾਨਤ ਸਿੰਘੋ,
ਮਿੱਟੀ ਦੀ ਇੱਕ ਮੁੱਠ ਦੇ ਬਦਲੇ ਕਰੋ ਨਾ ਵਿੱਚ ਖਿਆਨਤ ਸਿੰਘੋ।
ਇਸ ਦੀ ਇੱਕ ਇੱਕ ਬੋਟੀ ਤਾਈਂ ਵੀਰਾਂ ਦੇ ਸੰਗ ਰਹਿਣ ਦਿਉ ਹੁਣ,
ਏਸ ਰੋੜਾਂ ਦੇ ਬਿਸਤਰ ਉੱਤੇ ਏਸ ਨੂੰ ਨੀਂਦਾਂ ਲੈਣ ਦਿਉ ਹੁਣ।
(ਗੁਰਦੇਵ ਸਿੰਘ ਮਾਨ ਦੀ ਕਵਿਤਾ, ਜਿਵੇਂ ਜ਼ੁਬਾਨੀ ਯਾਦ ਹੈ)
ਇਤਿਹਾਸ ਦੇ ਓਸ ਦੌਰ ਦੇ ਸਨਮੁੱਖ ਹੋ ਕੇ ਏਸ ਪਰਮ-ਪਾਕ ਧਰਤੀ ਉੱਤੇ ਖੜ੍ਹ ਕੇ ਹੁਣ ਅਸੀਂ ਹੀ ਫ਼ੈਸਲਾ ਕਰਨਾ ਹੈ ਕਿ ਕੀ ਅਸੀਂ ਅੰਮ੍ਰਿਤਧਾਰੀ ਰਹਿਤਵਾਨ ਆਜ਼ਾਦ ਮਨੁੱਖ ਹੋ ਕੇ ਇਤਿਹਾਸ ਦੇ ਅੱਥਰੇ ਘੋੜੇ ਦੀ ਸਵਾਰੀ ਕਰਨੀ ਹੈ ਜਾਂ ਨਾਈ, ਛੀਂਬੇ, ਘੁਮਿਆਰ, ਜੱਟ, ਚੰਡਾਲ ਬਣ ਕੇ ਇਤਿਹਾਸ ਦੇ ਹਨੇਰੇ ਖੂੰਜਿਆਂ ਵਿੱਚ ਕਾਲ ਦਾ ਖਾਜਾ ਬਣ ਜਾਣਾ ਹੈ।
ਹੁਣ ਅਸੀਂ ਆਈਏ ਅੱਜ ਦੇ ਅਸਲ ਮਸਲੇ ਵੱਲ ਜਿਸ ਦੀ ਭੂਮਿਕਾ ਵਜੋਂ ਸਰਬ-ਕਲਿਆਣਕਾਰੀ ਪੰਥ ਬਾਰੇ ਅਤੇ ਖ਼ਾਲਸੇ ਦੀ ਕਰਨੀ ਬਾਰੇ ਉਪਰੋਕਤ ਤੱਥਾਂ ਉੱਤੇ ਵਿਚਾਰ ਜ਼ਰੂਰੀ ਸੀ।ਸਰਬੰਸ-ਦਾਨੀ ਸਤਿਗੁਰੂ ਦੀ ਤਾਂ ਹਰ ਬਹਾਨੇ ਉਸਤਤ ਕਰਨੀ ਬਣਦੀ ਹੈ ਕਿਉਂ ਕਿ ਗੁਰੂ ਜਿਹਾ ਨਾ ਕਦੇ ਕੁਈ ਹੋਇਆ ਹੈ ਨਾ ਹੋਣਾ ਹੈ।ਅੱਜ 100 ਸਾਲਾਂ ਨੂੰ ਪੁੱਜੇ ਜਥੇਦਾਰ ਰਾਹੀ ਕੋਲੋਂ ਉਹ ਮਸਲੇ ਸਮਝਣ ਦੀ ਕੋਸ਼ਿਸ਼ ਕਰੀਏ ਜਿਨ੍ਹਾਂ ਨੇ ਇਹਨਾਂ ਨੂੰ ਆਪਣੇ ਬਜ਼ੁਰਗ ਕਿਹਰ ਸਿੰਘ ਵਾਂਗ ਬੰਦ-ਬੰਦ ਕਟਵਾ ਕੇ ਜਾਣ ਦੇ ਰਾਹ ਤੋਰਿਆ ਹੈ।
ਰਾਹੀ ਜੀ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹਰ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਗੁਰੂ ਗ੍ਰੰਥ ਦੇ ਕਿਤਾਬੀ ਰੂਪ ਵਿੱਚ ਅਤੇ ਮਨੁੱਖੀ ਰੂਪ ਵਿੱਚ ਸ਼ਰੀਕ ਉਸਾਰੇ ਜਾ ਰਹੇ ਹਨ।ਡੇਰੇਦਾਰ ਪੈਦਾ ਕੀਤੇ ਜਾ ਰਹੇ ਹਨ ਅਤੇ ਬਿਰਧ ਆਖ ਕੇ ਬੇਸ਼-ਕੀਮਤੀ ਬੀੜਾਂ ਦਾ ਸਸਕਾਰ ਕੀਤਾ ਜਾ ਰਿਹਾ ਹੈ।ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਉਹਨਾਂ ਅਦਿੱਖ ਸ਼ਕਤੀਆਂ ਦੇ ਕਾਰੇ ਹਨ ਜੋ ਕਦੇ ਸਥਾਈ ਸੱਭਿਆਚਾਰਕ ਬਹੁਗਿਣਤੀ ਦੀ ਚਾਦਰ ਹੇਠ ਕੁਕਰਮ ਕਰਦੀਆਂ ਹਨ ਅਤੇ ਕਦੇ ਹਿੰਦੂਤਵ ਦਾ ਬੁਰਕਾ ਪਾਈ ਨਜ਼ਰ ਆਉਂਦੀਆਂ ਹਨ।ਇਹਨਾਂ ਦੀ ਰੋਕਥਾਮ ਲਈ ਕੁਈ ਵੱਡਾ ਹੰਭਲਾ ਮਾਰ ਕੇ ਚਾਰੋ ਤਰਫ਼ ਆਤਮਾਵਾਂ ਨੂੰ ਝੰਜੋੜਨ ਦਾ ਸਮਾਂ ਆ ਗਿਆ ਲੱਗਦਾ ਹੈ।ਰਾਹੀ ਜੀ ਨੂੰ ਅਸੀਮ ਪ੍ਰਚਾਰ-ਸਾਧਨ ਵਰਤ ਕੇ, ਆਧੁਨਿਕ ਸਟੇਟ ਦੀ ਅਥਾਹ ਫ਼ੌਜੀ ਸ਼ਕਤੀ ਵਰਤ ਕੇ, ਬੰਦੂਕਾਂ, ਤੋਪਾਂ, ਟੈਂਕਾਂ ਅਤੇ ਅੰਨ੍ਹੇ-ਕਾਨੂੰਨ ਨੂੰ ਵਰਤ ਕੇ ਸਿੱਖਾਂ ਨੂੰ ਅੰਮ੍ਰਿਤ ਦੀ ਰਹਿਤ ਤੋਂ ਵਿਚਲਿਤ ਕਰਨ ਦਾ ਰੁਝਾਨ ਵੀ ਬਹੁਤ ਬੁਰਾ ਲੱਗਦਾ ਹੈ।ਜਿਨ੍ਹਾਂ ਹੱਥਾਂ ਵਿੱਚ ਅੱਜ ਰਾਜਸੀ ਸ਼ਕਤੀ ਹੈ ਇਹਨਾਂ ਇਸ ਸ਼ਕਤੀ ਨੂੰ ਏਥੋਂ ਦੇ ਸਾਰੇ ਬਾਸ਼ਿੰਦਿਆਂ ਦੇ ਨੁਮਾਇੰਦਿਆਂ ਦੇ ਤੌਰ ਉੱਤੇ ਹਾਸਲ ਕੀਤਾ ਹੈ।ਏਸ ਤਰ੍ਹਾਂ ਪ੍ਰਾਪਤ ਹੋਈ ਤਾਕਤ ਨੂੰ ਆਪਣੇ ਲੋਕਾਂ ਦਾ ਸ਼ੋਸ਼ਣ ਅਤੇ ਦਮਨ ਕਰਨ ਲਈ ਵਰਤਣਾ ਨਿਹਾਇਤ ਅਕ੍ਰਿਤਘਣ ਅਤੇ ਨਖਿੱਧ ਲੋਕਾਂ ਦਾ ਕਰਮ ਹੁੰਦਾ ਹੈ।ਪੁਲਸ, ਸ-ਸ਼ਸਤਰ ਬਲ਼ਾਂ ਦੀ ਵਰਤੋਂ ਰਾਹੀਂ ਡਰਾ-ਧਮਕਾ ਕੇ ਧਰਮ ਦੀ ਹਾਨੀ ਕਰਨਾ ਅਣਮਨੁੱਖੀ ਕਰਮ ਹੈ।ਅਸੀਂ ਰਾਹੀ ਜੀ ਨੂੰ ਯਕੀਨ ਦਿਵਾਉਂਦੇ ਹਾਂ ਕਿ ਏਸ ਮਰਹਲੇ ਉੱਤੇ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ, ਹਾਲਾਂਕਿ ਸਾਡੀ ਦਿਲ਼ੀ ਕਾਮਨਾ ਹੈ ਕਿ ਉਹ ਜੁਗ-ਜੁਗ ਜਿਊਣ।ਕਾਸ਼!ਇਹ ਹੋ ਸਕੇ ਕਿ ਇਹਨਾਂ ਮਸਲਿਆਂ ਵੱਲ ਧਿਆਨ ਖਿੱਚਣ ਲਈ ਏਨੀਂ ਵੱਡੀ ਕੁਰਬਾਨੀ ਨਾ ਦੇਣੀ ਪਵੇ।
ਰਾਹੀ ਜੀ ਵਾਂਗ ਅਸੀਂ ਸਾਰੇ ਹੀ ਮਹਿਸੂਸ ਕਰਦੇ ਹਾਂ ਕਿ ਹਰ ਯੋਗ ਹੀਲਾ ਵਰਤ ਕੇ ਅਸੀਂ ਤੀਸਰ-ਪੰਥ ਦੇ ਖ਼ਾਸ ਰੁਤਬੇ ਨੂੰ ਕਾਇਮ ਰੱਖਣਾ ਹੈ।ਪੰਜਾਬ ਦਾ ਪਾਣੀ ਖੋਹ ਕੇ ਬੰਜਰ ਕਰਨ ਦੇ ਹਰ ਹਰਬੇ ਦਾ ਵਿਰੋਧ ਕਰਨਾ ਹੈ।ਪੰਥ ਨੇ ਪੰਜਾਬ ਦੀ ਪਾਕ ਧਰਤੀ ਨੂੰ ਆਪਣੀ ਕਰਮ-ਭੂਮੀ ਬਣਾ ਕੇ ਸਾਢੇ ਪੰਜ ਸਦੀਆਂ ਏਥੇ ਮਹਾਂ-ਪਰੋਪਕਾਰ ਕਮਾਏ ਹਨ।ਇਹ ਸਭ ਗੁਰੂ ਦੀ ਵਡਿਆਈ ਅਤੇ ਪੰਥ ਦੇ ਗੌਰਵ ਨੂੰ ਪਰਗਟ ਕਰਨ ਲਈ ਜਾਂਬਾਜ਼ ਸਿੰਘਾਂ ਨੇ ਕੀਤਾ ਹੈ।ਜੇ ਪੰਥ ਤੋਂ ਏਸ ਧਰਤੀ ਨੂੰ ਨਿਖੇੜ ਦਿੱਤਾ ਗਿਆ, ਏਥੋਂ ਦੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਪਲਾਇਨ ਕਰਨ ਲਈ ਮਜਬੂਰ ਕੀਤਾ ਗਿਆ ਜਿਵੇਂ ਕਿ ਹੋ ਰਿਹਾ ਹੈ ਤਾਂ ਇਹ ਹਿੰਦੋਸਤਾਨ ਦੀ ਸਥਾਈ ਬਹੁਗਿਣਤੀ ਲਈ ਸੁਧਾ ਆਤਮਘਾਤੀ ਕਦਮ ਹੋਵੇਗਾ।ਮਨੁੱਖਤਾ ਦੇ ਭਲ਼ੇ ਹਿਤ ਏਸ ਕੁਕਰਮ ਨੂੰ ਰੋਕਣ ਲਈ ਅਸੀਂ ਸਾਰੇ ਵਚਨਬੱਧ ਹਾਂ।ਝੰਡੇ-ਬੁੰਗੇ ਸਦਾ ਕਾਇਮ ਰਹਿਣੇ ਚਾਹੀਦੇ ਹਨ ਅਤੇ ਗੁਰੂ ਕੀਆਂ ਨਿਸ਼ਾਨੀਆਂ ਨੂੰ ਕਦੇ ਵੀ ਆਂਚ ਨਹੀਂ ਆਉਣੀ ਚਾਹੀਦੀ।
ਸਾਰੀ ਹਿੰਦ ਵਿੱਚ ਕੇਵਲ ਖ਼ਾਲਸਾ ਪੰਥ ਹੀ ਹੈ ਜਿਸ ਨੇ ਕਿ ਸਿਆਸੀ ਸ਼ਕਤੀ ਆਪਣੀ ਅਦੁੱਤੀ, ਲਹੂ-ਡੋਲ੍ਹਵੀਂ ਘਾਲਣਾ ਨਾਲ ਹਾਸਲ ਕੀਤੀ ਹੈ ਅਤੇ ਏਸ ਨੂੰ ਮੁਕੰਮਲ ਤੌਰ ਉੱਤੇ ਲੋਕਾਂ ਦੇ ਭਲ਼ੇ ਹਿਤ ਵਰਤਿਆ ਹੈ।ਏਸ ਪੰਥ ਨੂੰ ਸਿਆਸੀ ਸ਼ਕਤੀ ਤੋਂ ਮਹਿਰੂਮ ਕਰਨਾ ਦੇਸ਼ ਅਤੇ ਮਨੁੱਖਤਾ ਨਾਲ ਵੱਡਾ ਧ੍ਰੋਹ ਹੈ।ਜਿਹੜੇ ਅੱਜ ਏਸ ਕੁਕਰਮ ਵਿੱਚ ਬੜੇ ਯਤਨ ਨਾਲ ਲੱਗੇ ਹੋਏ ਹਨ ਉਹ ਪਹਿਲੀ ਮੁਸੀਬਤ ਪੈਂਦਿਆਂ ਹੀ ਆਪਣੀ ਕਰਨੀ ਉੱਤੇ ਦੁਹੱਥੜ ਪਿੱਟਣਗੇ।ਪਿਛਲੀ ਦਹਿ-ਸਦੀ ਦਾ ਇਤਿਹਾਸ ਦੱਸਦਾ ਹੈ ਕਿ ਗੁਰੂ ਅਤੇ ਖ਼ਾਲਸਾ ਪੰਥ ਤੋਂ ਬਿਨਾਂ ਹਿੰਦ ਦਾ, ਮਾਨਵਤਾ ਦਾ ਕੁਈ ਦੂਜਾ ਰਾਖਾ ਨਹੀਂ ਹੋਇਆ।ਜੇ ਕੁਕਰਮੀ ਮੁਤੱਸਬ ਦੇ ਚਸ਼ਮੇ ਉਤਾਰ ਕੇ ਵੇਖਣਗੇ ਤਾਂ ਏਸ ਬਿਆਨ ਨੂੰ ਇੰਨ-ਬਿੰਨ ਸੱਚ ਜਾਣਨਗੇ।ਪਰ ਅੰਤਮ ਰੂਪ ਵਿੱਚ ਇਹ ਮਸਲਾ ਸਾਡੇ ਸਿਆਸੀ ਆਗੂਆਂ ਨੇ ਵਿਚਾਰਨਾ ਹੈ।ਅਸੀਂ ਉਹਨਾਂ ਨੂੰ ਸੰਜੀਦਾ ਹੋ ਕੇ ਹੰਭਲਾ ਮਾਰਨ ਦੀ ਬੇਨਤੀ ਕਰਦੇ ਹਾਂ।
ਇਹਨਾਂ ਸਾਰੇ ਮਾਰੂ ਰੁਝਾਨਾਂ ਦਾ ਮੁਕਾਬਲਾ ਕਰਨ ਲਈ ਅਸੀਂ, ਰਾਹੀ ਜੀ ਦੇ ਨਾਲ ਖੜ੍ਹ ਕੇ, ਆਪਣੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਖੰਡੇ-ਬਾਟੇ ਦੀ ਪਾਹੁਲ ਛਕਣ, ਗੁਰੂ ਕੀ ਰਹਿਤ ਰੱਖਣ ਅਤੇ ਦਰ-ਦਰ ਦੀ ਭਟਕਣ ਨੂੰ ਮਨਾਂ ਵਿੱਚੋਂ ਮਿਟਾ ਦੇਣ।ਸਰਬੰਸਦਾਨੀ ਦਸਮੇਸ਼ ਦਾ ਪਰਮ-ਪਾਕ ਸੀਸ ਕੇਵਲ ਅਤੇ ਕੇਵਲ 'ੴ ਤੋਂ ਲੈ ਕੇ ੩੩ ਤਨੁ ਮਨੁ ਥੀਵੈ ਹਰਿਆ' ਤੱਕ ਵਿਚਲੀ ਬਾਣੀ ਨੂੰ ਝੁਕਿਆ ਸੀ।ਦਸਮੇਸ਼ ਦਾ ਅੰਮ੍ਰਿਤ ਛਕਣ ਵਾਲੇ ਲਾਡਲਿਆਂ ਦਾ ਵੀ ਏਹੋ ਕਰਮ ਹੋਣਾ ਲੋੜੀਂਦਾ ਹੈ।ਅੱਜ ਇਹ ਬਾਣੀ ਸਾਡਾ ਜੁਗੋ ਜੁਗ ਅਟੱਲ ਗੁਰੂ ਹੈ; ਏਸ ਦੀ ਸੁਰੱਖਿਆ ਹਿਤ ਲੋਹੇ ਦੀ ਕੰਧ ਬਣ ਕੇ ਖੜ੍ਹੇ ਹੋ ਜਾਣਾ ਮਨੁੱਖਤਾ ਦੀ ਭਲਾਈ ਲਈ ਜੂਝਣਾ ਹੈ।ਸੰਸਾਰ ਦੇ ਭਲ਼ੇ ਲਈ ਜੋ ਵੀ ਆਏਗਾ ਏਥੋਂ ਹੀ ਪੈਦਾ ਹੋਏਗਾ।"ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋઽ"
ਸਾਰੇ ਸਿੰਘ, ਬੀਬੀਆਂ ਅੰਮ੍ਰਿਤ ਛਕਣ; ਆਪਣੇ ਗੌਰਵਮਈ ਵਿਰਸੇ ਨੂੰ ਸੰਭਾਲਣ।ਇਹ ਆਪਣੇ ਅਮੋਲਕ ਵਿਰਸੇ ਦੀਆਂ ਯਾਦਾਂ ਥਾਂ-ਥਾਂ ਬੀਜਣ ਤਾਂ ਕਿ ਅਣਖ ਦੀ ਭਰਪੂਰ ਫ਼ਸਲ ਪੈਦਾ ਹੋਵੇ ਅਤੇ ਮਨੁੱਖਤਾ ਦੀ ਆਤਮਾ ਨੂੰ ਸਰਸ਼ਾਰ ਕਰੇ, ਗੌਰਵ ਦੇ ਮਜੀਠ ਰੰਗ ਵਿੱਚ ਸਦਾ ਲਈ ਰੰਗ ਦੇਵੇ।ਕਿਸੇ ਹੋਰ ਪੰਥ ਨੇ ਨਾ ਪੰਜ ਤੀਰਾਂ ਨਾਲ 900 ਸਾਲ ਦੀ ਸ਼ਹਿਨਸ਼ਾਹੀ ਪਲਟਾਉਣੀ ਹੈ, ਨਾ ਅਫ਼ਗਾਨਿਸਤਾਨ ਦਾ ਹਿੱਸਾ ਬਣ ਚੁੱਕੇ ਪੰਜਾਬ ਅਤੇ ਕਸ਼ਮੀਰ ਨੂੰ ਮੋੜ ਕੇ ਹਿੰਦ ਵਿੱਚ ਸ਼ਾਮਲ ਕਰਨਾ ਹੈ, ਨਾ ਸਿਰ-ਧੜ ਦੀ ਬਾਜ਼ੀ ਲਾ ਕੇ ਏਸ਼ੀਆ ਦੇ ਸਭ ਤੋਂ ਵੱਧ ਮਾਰ-ਧਾੜ ਕਰਨ ਵਾਲੇ ਜਰਨੈਲ ਦੇ ਪੰਜੇ ਵਿੱਚੋਂ ਛੁਡਵਾਉਣਾ ਹੈ।ਸਰਹੰਦ ਦੀ ਦੀਵਾਰ, ਚਮਕੌਰ ਦੀ ਗੜ੍ਹੀ ਦੇ ਕ੍ਰਿਸ਼ਮੇ ਕੇਵਲ ਸਾਹਿਬ ਦਸਵੇਂ ਪਾਤਸ਼ਾਹ ਦੀ ਉੱਮਤ ਹੀ ਕਰ ਸਕਦੀ ਹੈ।ਦੂਜੇ ਤਾਂ 'ਮੁਖ ਮੇਂ ਰਾਮ ਰਾਮ ਬਗ਼ਲ ਮੇਂ ਛੁਰੀ' ਵਾਲੇ ਹੀ ਹਨ।ਇਹ ਕੇਵਲ ਪੰਜ ਪਿੰਡਾਂ ਤੋਂ ਮੁਨਕਰ ਹੋ ਕੇ ਦੇਸ਼ ਨੂੰ ਮਹਾਂਭਾਰਤ ਵੱਲ ਧੱਕ ਸਕਦੇ ਹਨ; ਕੇਵਲ ਏਕਤਾ-ਅਖੰਡਤਾ ਦਾ ਜਾਪ ਕਰਦੇ ਕਰਦੇ ਮੁਲਕ ਦੇ ਅਨੇਕਾਂ ਟੁਕੜੇ ਹੀ ਕਰ ਸਕਦੇ ਹਨ।ਮੁਰਦਾ ਬੋਲੇਗਾ ਤਾਂ ਖੱਫਣ ਹੀ ਪਾੜੇਗਾ।ਵਾਸਕੋ ਡਾਗਾਮਾ ਇੱਕ ਸਮੁੰਦਰੀ ਜਹਾਜ਼ ਲੈ ਕੇ ਆਇਆ, ਇਹਨਾਂ ਮੁਲਕ ਦਾ ਵੱਡਾ ਟੁਕੜਾ ਓਸ ਦੇ ਹਵਾਲੇ ਕਰ ਦਿੱਤਾ।ਮੁਹੰਮਦ-ਬਿਨ-ਕਾਸਿਮ ਦੋ ਜਹਾਜ਼ ਲੈ ਕੇ ਆਇਆ ਤਾਂ ਇਹਨਾਂ ਸਾਰੀ ਸਿੰਧ ਓਸ ਦੇ ਹਵਾਲੇ ਕਰ ਦਿੱਤੀ।ਸੱਤ ਸਮੁੰਦਰ ਪਾਰੋਂ ਆਏ ਵਪਾਰੀਆਂ ਨੂੰ ਤਾਂ ਇਹਨਾਂ ਸਾਰਾ ਮੁਲਕ ਹੀ ਸੌਂਪ ਦਿੱਤਾ ਜਿਵੇਂ ਕਿ ਪਹਿਲਾਂ ਭੇਡਾਂ ਚਾਰਦੇ ਲੋਕਾਂ ਨੂੰ ਤਖ਼ਤਾਂ ਉੱਤੇ ਬਿਠਾ ਕੇ ਪੂਜਿਆ ਸੀ।1947 ਵਿੱਚ ਮੁਲਕ ਦੇ ਤਿੰਨ ਟੁਕੜੇ ਇਹਨਾਂ ਦੇ ਪੈਰੋਂ ਹੋਏ ਅਤੇ ਡਰ ਕੇ ਭੱਜੇ ਜਾਂਦੇ ਕਬਾਇਲੀਆਂ ਦੇ ਪਿੱਛੇ ਇਹਨਾਂ ਅੱਧੀ ਕਸ਼ਮੀਰ ਵਗਾਹ ਕੇ ਮਾਰੀ ਤਾਂ ਕਿ ਖਾਲੀ ਹੱਥ ਨਾ ਜਾਣ।ਚੀਨ ਨੂੰ ਬਾਰਾਂ ਹਜ਼ਾਰ ਵਰਗ ਮੀਲ ਦਾ ਇਲਾਕਾ ਇਹਨਾਂ ਕੇਵਲ ਦਰਸ਼ਨ-ਭੇਟ ਹੀ ਦੇ ਛੱਡਿਆ ਹੈ।ਏਸ ਇਲਾਕੇ ਵਿੱਚ ਉਹ ਵੀ ਸ਼ਾਮਲ ਹੈ ਜੋ ਸਰਕਾਰ ਖ਼ਾਲਸਾ ਨੇ ਚੀਨ ਦੇ ਸ਼ਹਿਨਸ਼ਾਹ ਅਤੇ ਤਿੱਬਤ ਦੇ ਦਲਾਈਲਾਮਾ ਨਾਲ ਸੰਧੀ ਕਰ ਕੇ ਪ੍ਰਾਪਤ ਕੀਤਾ ਸੀ।ਸੱਚ ਜਾਣੋ, ਜਰਵਾਣੇ ਅਤੇ ਹਿੰਦ ਦੀ ਪਤ ਦੇ ਵਿਚਾਲੇ ਅੰਮ੍ਰਿਤਧਾਰੀ ਖ਼ਾਲਸੇ ਤੋਂ ਬਿਨਾਂ ਕਿਸੇ ਹੋਰ ਨੇ ਨਹੀਂ ਖੜ੍ਹਨਾ।ਨਿੱਕਰਾਂ ਪਾ ਕੇ ਡਾਂਗਾਂ ਨਾਲ ਰਕਸੇ-ਲੂਲੀਆਂ ਕਰਨ ਵਾਲੇ ਮਰੇ ਕੋ ਮਾਰਨ ਜੋਗੇ ਸ਼ਾਹ ਮੱਦਾਰ ਹੀ ਹਨ।
ਇਹ ਸਾਰਾ ਕੁਝ ਜਾਣਦੇ, ਸਮਝਦੇ ਅਸੀਂ ਪੰਥਕ ਇਕੱਠ ਵੱਲੋਂ ਰਾਹੀ ਜੀ ਨੂੰ ਦੱਸਦੇ ਹਾਂ ਕਿ ਅਸੀਂ ਉਹਨਾਂ ਦੇ ਦਰਦ ਨੂੰ ਸਮਝਦੇ ਹਾਂ।ਉਹਨਾਂ ਵਰਗੇ ਵੱਡੇ ਖ਼ਾਨਦਾਨੀ, ਆਪ ਗੁਰੂ ਦੇ ਸਵਾਰੇ ਲੋਕ ਨਿਤ-ਨਿਤ ਪੈਦਾ ਨਹੀਂ ਹੁੰਦੇ।ਏਸ ਲਈ ਸਾਡੀ ਦਿਲ਼ੀ ਕਾਮਨਾ ਹੈ ਕਿ ਉਹ ਗੁਰੂ ਪ੍ਰਮੇਸ਼ਰ ਵੱਲੋਂ ਬਖ਼ਸ਼ੀ ਸੰਪੂਰਨ ਉਮਰ ਭੋਗ ਕੇ ਹੀ ਸੰਸਾਰ ਉੱਤੋਂ ਜਾਣ ਬਾਰੇ ਸੋਚਣ।
ਉਪਰੋਕਤ ਵਿੱਚ ਉਹਨਾਂ ਕਰਮਾਂ ਦਾ ਨਿਰੂਪਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਬਲ਼ਸ਼ਾਲੀ, ਮਹਾਂਰਥੀ ਕਰ ਸਕਦੇ ਹਨ; ਜਿਨ੍ਹਾਂ ਨੂੰ ਗੁਰੂ ਨੇ ਅਸਮਾਨ ਕਿਆੜੇ ਛਿੱਕਣ ਦੀ, ਪਰਬਤ ਪਾਰ ਕਰਨ ਦੀ, ਧਰਤ ਧਕੇਲਣ ਦੀ ਸ਼ਕਤੀ ਬਖ਼ਸ਼ੀ ਹੈ।ਪਰ ਏਸ ਦਾ ਇਹ ਮਤਲਬ ਨਹੀਂ ਕਿ ਰਾਹੀ ਜੀ ਵਰਗੇ ਵਿਚਲਿਤ ਹੋਏ ਕੌਮੀ ਹੀਰਿਆਂ ਨੂੰ ਧਰਵਾਸ ਦੇਣ ਲਈ ਅਸੀਂ ਆਮ ਆਦਮੀ ਕੁਝ ਵੀ ਨਹੀਂ ਕਰ ਸਕਦੇ।ਅਬਦੁਰ ਰਹਮਾਨ ਖਾਨਖਾਨਾ ਕਹਿੰਦਾ ਸੀ, "ਜਹਾਂ ਕਾਮ ਆਵੈ ਸੂਈ ਕਹਾ ਕਰੇ ਤਰਵਾਰ।" ਕਈ ਵਾਰੀ ਛੋਟੇ-ਛੋਟੇ ਬੰਦੇ ਵੀ ਵੱਡੇ ਕਾਰਨਾਮੇ ਕਰ ਸਕਦੇ ਹਨ, ਜੇ ਸਾਰੇ ਇੱਕਮਤ ਹੋ ਕੇ ਕਰਨ।ਜੋ ਏਥੇ ਕੀਤੇ ਵਿਚਾਰਾਂ ਨਾਲ ਸਹਿਮਤ ਹਨ, ਸਾਰੀ ਦੁਨੀਆ ਨੂੰ ਭੁੱਲ ਕੇ, ਕੇਵਲ ਆਪਣੇ ਨਿੱਜੀ ਜੀਵਨ ਵਿੱਚ ਇਨਕਲਾਬ ਲਿਆਉਣ।ਏਸ ਆਏ ਇਨਕਲਾਬ ਨੂੰ ਪ੍ਰਗਟ ਕਰਨ ਲਈ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਨੂੰ ਮੱਥਾ ਟੇਕਣ।ਕਿਉਂਕਿ ਸਾਰਾ ਵਿਗਾੜ ਗੁਰਦਵਾਰਿਆਂ ਵਿੱਚ ਲੋੜ ਨਾਲੋਂ ਵੱਧ ਇਕੱਠੇ ਹੋਏ ਧਨ ਨੇ ਪਾਇਆ ਹੈ, ਲੋਕ ਕੇਵਲ ਸਵਾ ਰੁਪਿਆ ਜਾਂ ਢਾਈ ਰੁਪੈ ਹੀ ਮੱਥਾ ਟੇਕਣ।ਪਰ ਹਰ ਘਰ ਗੁਰੂ ਕੀ ਗੋਲਕ ਹੋਵੇ ਜਿਸ ਵਿੱਚੋਂ ਸਭ ਤੋਂ ਨੇੜੇ ਰਹਿੰਦੇ ਗਰੀਬ ਗੁਰਸਿੱਖ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ।ਸਾਡੇ ਸਮਾਜ ਵਿੱਚ ਦੂਜਾ ਵੱਡਾ ਵਿਗਾੜ ਪਾਇਆ ਹੈ ਸਾਡੀ ਵੋਟਾਂ ਵੇਚਣ ਦੀ ਰੁਚੀ ਨੇ।ਲੋਕ-ਰਾਜ ਦੀ ਨੈਤਿਕਤਾ ਕਾਇਮ ਰੱਖੀ ਜਾਵੇ ਅਤੇ ਵੋਟ ਕਿਸੇ ਕੀਮਤ ਉੱਤੇ ਵੀ ਵੇਚੀ ਨਾ ਜਾਵੇ।ਜੇ ਲੋੜ ਹੋਵੇ ਤਾਂ ਜ਼ਮੀਰ ਖਰੀਦਣ ਆਇਆਂ ਦੇ ਪੈਸੇ ਲੈ ਲਏ ਜਾਣ ਪਰ ਵੋਟ ਕੇਵਲ ਅਤੇ ਕੇਵਲ ਚੰਗੇ, ਗੁਰਸਿੱਖੀ ਨਾਲ ਨੇੜਤਾ ਰੱਖਦੇ ਉਮੀਦਵਾਰ ਨੂੰ ਹੀ ਪਾਈ ਜਾਵੇ।ਇਉਂ ਸਾਡੇ ਅੱਧੇ ਦੁੱਖਾਂ ਦਾ ਨਾਸ ਹੋ ਸਕਦਾ ਹੈ।
ਗੁਰਦਵਾਰੇ ਰੁਮਾਲੇ ਲੋੜ ਅਨੁਸਾਰ ਹੀ ਚੜ੍ਹਾਏ ਜਾਣ।ਓਸੇ ਪੈਸੇ ਨਾਲ ਕਿਸੇ ਗਰੀਬ ਸਿੱਖ ਨੂੰ ਕੱਪੜੇ ਸੁਆ ਕੇ ਦਿੱਤੇ ਜਾਣ।ਯਕੀਨ ਹੋਣਾ ਚਾਹੀਦਾ ਹੈ ਕਿ ਜੋ ਅਜਿਹਾ ਕਰੇਗਾ ਗੁਰੁ ਓਸ ਦੇ ਪਰਦੇ ਢਕਣਗੇ।ਨੌਜਵਾਨ ਬੱਚੇ-ਬੱਚੀਆਂ, ਸਿੱਖੀ ਸਰੂਪ ਵਿੱਚ ਆ ਕੇ ਢਾਣੀਆਂ ਬੰਨ੍ਹ ਕੇ ਰਾਹੀ ਜੀ ਨੂੰ ਮਿਲਣ ਅਤੇ ਆਖਣ ਕਿ ਜਿਸ ਉੱਤੇ ਗੁਰੂ ਨੂੰ ਵੱਡਾ ਮਾਣ ਸੀ ਸਿੱਖੀ, ਪੰਜਾਬ ਅਤੇ ਹਿੰਦ ਦਾ ਵਾਰਸ ਉਹ ਭੁਝੰਗੀ ਖ਼ਾਲਸਾ, ਜਾਗ ਪਿਆ ਹੈ।ਇਹ ਉਹੀ ਖ਼ਾਲਸਾ ਹੈ ਜੋ ਓਸ ਕਾਲ਼ੀ ਬੋਲ਼ੀ ਰਾਤ ਗੁਰੂ-ਪ੍ਰਮੇਸ਼ਰ ਦੀ ਰੱਖਿਆ ਹਿਤ ਚਮਕੌਰ ਦੀ ਗੜ੍ਹੀ ਵਿੱਚ ਰਾਹੀ ਜੀ ਦੇ ਬਜ਼ੁਰਗ ਭਾਈ ਕਿਹਰ ਸਿੰਘ ਨਾਲ ਪਿੱਠ ਜੋੜ ਕੇ ਲੜਿਆ ਸੀ।ਫ਼ੇਰ ਅਸੀਂ ਰਾਹੀ ਜੀ ਨੂੰ ਬੇਨਤੀ ਕਰਨ ਜੋਗੇ ਹੋਵਾਂਗੇ ਕਿ ਨਵੇਂ ਜਾਗੇ ਖ਼ਾਲਸੇ ਦੇ ਜੌਹਰ ਵੀ ਅੱਖੀਂ ਵੇਖ ਕੇ, ਪੂਰੀ ਉਮਰ ਭੋਗ ਕੇ ਏਥੋਂ ਜਾਣ।ਜੇ ਅਸੀਂ ਇਹ ਕੁਝ ਨਾ ਕੀਤਾ ਤਾਂ ਭਾਈ ਕਿਹਰ ਸਿੰਘ ਦਾ ਉਲਾਂਭਾ ਸਾਡੇ ਸਿਰ ਰਹਿੰਦੀ ਦੁਨੀਆ ਤੱਕ ਰਹੇਗਾ।
(ਗੁਰਬਖ਼ਸ਼ ਸਿੰਘ ਰਾਹੀ ਦਾ ਸਤੰਬਰ 28, 2010 ਨੂੰ ਚੰਡੀਗੜ੍ਹ ਪ੍ਰੈੱਸ-ਕਲੱਬ ਤੋਂ ਜਾਰੀ ਕੀਤਾ ਬਿਆਨ)
ਮੈਂ ਗੁਰਬਖ਼ਸ਼ ਸਿੰਘ ਰਾਹੀ ਅੱਜ 99 ਸਾਲਾਂ ਤੋਂ ਉੱਤੇ ਉਮਰ ਭੋਗ ਚੁੱਕਾ ਹਾਂ। ਇਹਨਾਂ 99 ਸਾਲਾਂ ਵਿੱਚੋਂ ਘੱਟੋ ਘੱਟ 80 ਸਾਲ ਸਿੱਖੀ ਦਾ ਪ੍ਰਚਾਰ ਕਰਨ ਵਿੱਚ ਸਫ਼ਲ ਕੀਤੇ ਹਨ। ਮੇਰੇ ਉੱਤੇ ਗੁਰੂ ਦੀ ਅਪਾਰ ਕਿਰਪਾ ਹੈ ਜੋ ਮੈਂ ਏਨਾਂ ਲੰਮਾ ਸਮਾਂ ਪੂਰੀ ਤੰਦਰੁਸਤੀ ਹੰਢਾਉਂਦਾ ਹੋਇਆ ਗੁਰੂ ਚਰਨਾਂ ਵਿੱਚ ਹਾਜ਼ਰ ਰਹਿ ਸਕਿਆ ਹਾਂ। ਅੱਜ ਮੈਂ ਵੇਖ ਰਿਹਾ ਹਾਂ ਕਿ ਸਿੱਖੀ ਨੂੰ ਖਤਮ ਕਰਨ ਦੀਆਂ ਕੁਚਾਲਾਂ ਵੱਡੇ-ਵੱਡੇ ਜ਼ਿੰਮੇਵਾਰ ਲੋਕਾਂ, ਜਿਨ੍ਹਾਂ ਨੇ ਧਰਮ ਦੀ ਰੱਖਿਆ ਕਰਨੀ ਸੀ, ਵੱਲੋਂ ਚੱਲੀਆਂ ਜਾ ਰਹੀਆਂ ਹਨ। ਲੋਕਾਂ ਨੂੰ ਡਰਾ-ਧਮਕਾ ਕੇ ਸਿੱਖ ਧਰਮ ਅਪਨਾਉਣ ਤੋਂ ਵਰਜਿਆ ਜਾ ਰਿਹਾ ਹੈ ਅਤੇ ਗੁਰੂ ਗ੍ਰੰਥ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਏਸ ਮਕਸਦ ਲਈ ਪੰਜਾਬ ਨੂੰ ਬੰਜਰ ਕੀਤਾ ਜਾ ਰਿਹਾ ਹੈ ਅਤੇ ਮੁਗ਼ਲਾਂ ਦੇ ਸਮਿਆਂ ਵਾਂਗ ਗ਼ਸ਼ਤੀ ਫਉਜਾਂ ਸਿੱਖ ਨੌਜਵਾਨਾਂ ਦਾ ਘਾਣ ਕਰਨ ਦੇ ਮੌਕੇ ਲੱਭਦੀਆਂ ਰਹਿੰਦੀਆਂ ਹਨ।
ਮੈਂ ਬਤੌਰ ਗੁਰੂ ਦੇ ਪ੍ਰਚਾਰਕ ਦੇ ਦਿਲ ਉੱਤੇ ਪੱਥਰ ਰੱਖ ਕੇ ਇਹ ਸਭ ਕੁਝ ਹੋਰ ਨਹੀਂ ਵੇਖਣਾ ਚਾਹੁੰਦਾ। ਮੇਰਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਅਤੇ ਮੈਂ ਕਿਸੇ ਸਿਆਸੀ ਜਮਾਤ ਨਾਲ ਸਬੰਧਤ ਨਹੀਂ ਹਾਂ। 1984 ਤੱਕ ਮੇਰਾ ਤਾਲਮੇਲ ਭਾਰਤੀ ਕੌਮੀ ਕੌਂਗਰਸ ਨਾਲ ਸੀ ਪਰ ਉਸ ਦੇ ਗੁਰੂ ਦੇ ਦਰਬਾਰ ਉੱਤੇ ਹਮਲੇ ਤੋਂ ਬਾਅਦ ਮੈਂ ਏਸ ਸਿਆਸੀ ਜਮਾਤ ਨਾਲੋਂ ਤੋੜ-ਵਿਛੋੜਾ ਕਰ ਲਿਆ ਸੀ। ਮੈਨੂੰ ਯਕੀਨ ਹੈ ਕਿ ਉਸ ਹਮਲੇ ਵਿੱਚ ਅਕਾਲੀਆਂ ਦੀ ਵੀ ਮਿਲੀ ਭੁਗਤ ਸੀ ਅਤੇ ਉਸ ਤੋਂ ਬਾਅਦ, ਖਾਸ ਤੌਰ ਉੱਤੇ ਬੇਅੰਤ ਸਿੰਘ ਦੇ ਸਮੇਂ ਦੌਰਾਨ ਕਤਲੇਆਮ ਲਈ ਅਕਾਲੀ ਵੀ ਓਨੇਂ ਹੀ ਜ਼ਿੰਮੇਵਾਰ ਹਨ। ਮੇਰੀ ਇਹ ਆਖਰੀ ਜੱਦੋ-ਜਹਿਦ ਕਿਸੇ ਸਿਆਸੀ ਜਮਾਤ ਦੇ ਵਿਰੁੱਧ ਨਹੀਂ ਹੈ। ਮੇਰੀ ਜੱਦੋ-ਜਹਿਦ ਸਿਆਸੀ ਸ਼ਕਤੀ ਦੀ ਦੁਰਵਰਤੋਂ ਕਰ ਕੇ ਧਰਮ ਨੂੰ ਖ਼ਤਮ ਕਰਨ ਵਿਰੁੱਧ ਹੈ।
ਮੈਂ ਸਿੱਖੀ ਨੂੰ ਜਗਤ ਕਲਿਆਣਕਾਰੀ ਅਤੇ ਗੁਰੂ ਗ੍ਰੰਥ ਨੂੰ ਸੰਪੂਰਣ ਤੌਰ ਉੱਤੇ ਨਿਰਦੋਸ਼, ਨਿਰਮਲ ਧਰਮੋਪਦੇਸ਼ ਮੰਨਦਾ ਹਾਂ। ਮੈਂ ੴ ਤੋਂ ਲੈ ਕੇ ਪਰਮ ਪਾਕ ਮੁੰਦਾਵਣੀ ਤੱਕ ਗੁਰੂ ਗ੍ਰੰਥ ਨੂੰ ਗੁਰਬਾਣੀ ਜਾਣਦਾ ਹਾਂ।
ਮੈਂ ਆਪਣੇ ਸਾਰੀ ਜ਼ਿੰਦਗੀ ਦੇ ਤਜ਼ਰਬੇ, ਧਰਮ ਦੀ ਸੋਝੀ ਅਤੇ ਇਤਿਹਾਸ ਦੀ ਵਾਕਫ਼ੀਅਤ ਉੱਤੇ ਆਧਾਰਤ ਕਰ ਕੇ ਅਖ਼ੀਰ ਵਿੱਚ ਹੇਠ ਲਿਖੀਆਂ ਬੇਨਤੀਆਂ ਕਰਨਾ ਚਾਹੁੰਦਾ ਹਾਂ:
(1) ਸ੍ਰੀ ਗੁਰੂ ਗ੍ਰੰਥ ਜੀ, ਦਸਾਂ ਪਾਤਸ਼ਾਹੀਆਂ ਦਾ ਸਰੂਪ, ਗੁਰ ਗੱਦੀ ਉੱਤੇ ਬਿਰਾਜਮਾਨ ਪ੍ਰਤੱਖ ਗੁਰੂ ਹਨ। ਇਹਨਾਂ ਦੇ ਸ਼ਰੀਕ ਉਸਾਰਨ ਦੀਆਂ ਚਾਲਾਂ ਛੱਡ ਦਿੱਤੀਆਂ ਜਾਣ ਅਤੇ ਕਿਸੇ ਵੀ ਹੋਰ ਪੁਸਤਕ ਆਦਿ ਦਾ ਪ੍ਰਕਾਸ਼ ਇਹਨਾਂ ਦੇ ਬਰਾਬਰ ਨਾ ਕੀਤਾ ਜਾਵੇ। ਇਹ ਕਿਸੇ ਮੰਦਰ ਦੇ ਪੱਥਰ ਦੇ ਦੇਵਤਾ ਨਹੀਂ ਅਤੇ ਨਾਂ ਕੁਈ ਪ੍ਰਤਿਮਾ ਆਦਿ ਇਹਨਾਂ ਦੇ ਬਰਾਬਰ ਰੱਖੀ ਜਾ ਸਕਦੀ ਹੈ। ਬ੍ਰਿਧ ਬੀੜਾਂ ਦੇ ਸਸਕਾਰ ਦੇ ਬਹਾਨੇ ਸਿੱਖ ਵਿਰਸੇ ਨੂੰ ਖ਼ਤਮ ਕਰਨ ਦੇ ਮਨਸੂਬੇ ਵੀ ਤਿਆਗ ਦਿੱਤੇ ਜਾਣ।
(2) ਗੁਰੂ ਨੇ ਸਭ ਸਾਮੀ, ਹਿੰਦੀ ਧਰਮਾਂ ਤੋਂ ਵੱਖ ਤੀਸਰ ਪੰਥ ਚਲਾਇਆ ਹੈ। ਕੇਵਲ ਇਹ ਧਰਮ ਹੀ ਹੈ ਜੋ ਸੰਸਾਰ ਦੇ ਸਭ ਲੋਕਾਂ ਅਤੇ ਸਮੁੱਚੀ ਕਾਇਨਾਤ ਦਾ ਭਲ਼ਾ ਚਾਹੁੰਦਾ ਹੈ। ਜੋ ਵੀ ਏਸ ਧਰਮੋਪਦੇਸ਼ ਨੂੰ ਗਲ਼ ਲਾਉਂਦਾ ਹੈ ਇਹ ਓਸ ਨੂੰ ਬਿਨਾ ਕਿਸੇ ਵਿਤਕਰੇ, ਝਿਜਕ ਦੇ ਆਪਣੀ ਗਲਵੱਕੜੀ ਵਿੱਚ ਲੈ ਲੈਂਦਾ ਹੈ। ਇਹ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ ਹੈ। ਏਹਨਾਂ ਗੁਣਾਂ ਸਦਕਾ ਏਸ ਧਰਮ ਨੂੰ ਨਿਵੇਕਲਾ ਤੀਸਰ ਪੰਥ ਦੇ ਰੂਪ ਵਿੱਚ ਕਾਇਮ ਰਹਿਣ ਦਾ ਮੁਕੰਮਲ ਅਧਿਆਤਮਕ ਅਧਿਕਾਰ ਹੈ। ਮੇਰੀ ਅਪੀਲ ਹੈ ਕੇ ਏਸਦੇ ਤੀਸਰ ਪੰਥ ਦੇ ਰੁਤਬੇ ਅਤੇ ਖਾਸੇ ਨੂੰ ਖੋਰਨ ਦੀਆਂ ਕੁਚੇਸ਼ਟਾਵਾਂ ਤੁਰੰਤ ਬੰਦ ਕੀਤੀਆਂ ਜਾਣ।
ਮੈਂ ਸੱਚੇ ਸਾਹਿਬ ਦੇ ਇਹਨਾਂ ਬਚਨਾਂ ਦਾ ਕਾਇਲ ਹਾਂ ਕਿ ਸਿੱਖੀ ਅਧਿਆਤਮਵਾਦ ਦੀ ਸਿਖਰ ਹੈ। ਏਸ ਤੋਂ ਬਿਨਾ ਸੰਸਾਰ ਅਧਿਆਤਮਕ ਅਤੇ ਸਹੀ ਸਮਾਜਕ ਤਰੱਕੀ ਨਹੀਂ ਕਰ ਸਕਦਾ। ਏਸ ਨੂੰ ਹਰ ਚੜ੍ਹਦੇ ਸੂਰਜ ਸੁਦ੍ਰਿੜ੍ਹ ਕਰਨਾ ਹਰ ਅਕਾਲ ਵਿੱਚ ਯਕੀਨ ਰੱਖਣ ਵਾਲੇ ਮਾਈ ਭਾਈ ਲਈ ਲਾਜ਼ਮੀ ਹੈ। ਏਸ ਸੰਦਰਭ ਵਿੱਚ ਮੈਂ ਸਿੱਖੀ ਦੇ ਪ੍ਰਚਾਰਕਾਂ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਪਾਵਨ ਤਖ਼ਤਾਂ ਉੱਤੇ ਕਾਬਜ਼ 'ਜਥੇਦਾਰਾਂ', ਸਿੰਘ ਸਭਾਵਾਂ, ਗੁਰੂਦਵਾਰਿਆਂ ਦੇ ਜ਼ਿੰਮੇਵਾਰ ਸੱਜਣਾਂ, ਬਾਕੀ ਸਭ ਜ਼ਿੰਮੇਵਾਰ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਦ੍ਰਿੜ੍ਹਤਾ ਨਾਲ ਆਪਣੇ-ਆਪਣੇ ਖੇਤਰ ਵਿੱਚ ਲੋਕਾਂ ਨੂੰ ਸਿੱਖੀ ਦਾ ਭਰਪੂਰ ਗਿਆਨ ਦੇਣ ਦਾ ਉੱਦਮ ਕਰਨ। ਏਸ ਤੋਂ ਵੱਡਾ ਹੋਰ ਕੋਈ ਪਰੋਪਕਾਰ ਨਹੀਂ।
(3) ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਮਨਮੋਹਣ ਸਿੰਘ ਅਤੇ ਸੋਨੀਆ ਗਾਂਧੀ ਸਮੇਤ ਮੈਂ ਦੇਸ਼ ਦੇ ਸਾਰੇ ਹਾਕਮਾਂ, ਜਿਨ੍ਹਾਂ ਵਿੱਚ ਘਾਤਕ ਹਿੰਦੂਤਵੀ ਫਲਸਫੇ ਦੇ ਨੇਤਾ ਵੀ ਸ਼ਾਮਲ ਹਨ, ਨੂੰ ਅਪੀਲ ਕਰਦਾ ਹਾਂ ਕਿ ਉਹ ਸਿੱਖੀ ਪ੍ਰਤੀ ਨਿਰਦਈ ਅਤੇ ਜ਼ਾਲਮਾਨਾ ਵਤੀਰਾ ਤਿਆਗ ਕੇ ਸਿੱਖੀ ਦੇ ਵਧਣ ਫੁੱਲਣ ਉੱਤੇ ਆਪਣੇ ਇਤਰਾਜ਼ ਵਾਪਸ ਲੈਣ। ਸਿੱਖਾਂ ਨੂੰ ਮੁਲਕ ਤੋਂ ਪਲਾਇਣ ਕਰਨ ਲਈ ਮਜਬੂਰ ਨਾ ਕਰਨ ਬਲਕਿ ਇੱਥੇ ਹੀ ਇਹਨਾਂ ਦੀ ਸਮਰੱਥਾ ਦੇ ਅਨੁਸਾਰ ਤਰੱਕੀ ਦੇ ਸਾਧਨ ਮੁਹੱਈਆ ਕਰਨ। ਕਿਉਂਕਿ ਪਿਛਲੇ ਸਾਢੇ ਪੰਜ ਸੌ ਸਾਲਾਂ ਵਿੱਚ ਸਿੱਖੀ ਅਤੇ ਸਿੱਖਾਂ ਤੋਂ ਬਿਨਾ ਹਿੰਦੋਸਤਾਨ ਦੇ ਲੋਕਾਂ ਦਾ ਦਰਦ ਵੰਡਾਉਣ ਲਈ ਕੋਈ ਨਹੀਂ ਨਿੱਤਰਿਆ ਅਤੇ ਅਗਾਂਹ ਨੂੰ ਵੀ ਅਜਿਹਾ ਕੋਈ ਨਜ਼ਰ ਨਹੀਂ ਆਉਂਦਾ, ਏਸ ਲਈ ਜੇ ਹੋ ਸਕੇ ਤਾਂ ਉਪਰੋਕਤ ਸੱਜਣ ਸਿੱਖੀ ਦੇ ਵਾਧੇ ਵਿੱਚ ਸਹਾਇਤਾ ਕਰਨ ਜਾਂ ਘੱਟੋ-ਘੱਟ ਨਿਰਪੱਖ ਰਵੱਈਆ ਅਖ਼ਤਿਆਰ ਕਰਨ। ਜੇ ਉਹਨਾਂ ਕੋਲੋਂ ਇਹਨਾਂ ਲੀਹਾਂ ਉੱਤੇ ਕੁਝ ਵੀ ਨਹੀਂ ਸਰ ਸਕਦਾ ਤਾਂ ਸਿੱਖ ਹੋਮਲੈਂਡ ਦੀ ਚਿਰੋਕਣੀ ਅਧਵਾਟੇ ਲਟਕੀ ਮੰਗ ਨੂੰ ਪ੍ਰਵਾਨ ਕਰਨ। ਇਉਂ ਕਰ ਕੇ ਉਹ ਘੋਰ ਜ਼ੁਲਮ ਅਤੇ ਅਕ੍ਰਿਤਘਣਤਾ ਦੇ ਇਲਜ਼ਾਮ ਤੋਂ ਬਹੁਗਿਣਤੀ ਦੇ ਧਰਮ ਨੂੰ ਬਚਾਉਣ ਵਿੱਚ ਸਿੱਖਾਂ ਦਾ ਸਾਥ ਦੇਣ।
(4) ਸਿੱਖੀ ਦੇ ਆਪਣੇ ਵਿਹੜੇ ਵਿੱਚ ਖੇਡ ਰਹੇ ਨੌਜਵਾਨ ਬੱਚੇ ਬੱਚੀਆਂ ਨੂੰ ਮੇਰੀ ਅਪੀਲ ਹੈ ਕਿ ਉਹ ਰਹਿਤ ਬਹਿਤ ਵਿੱਚ ਪ੍ਰਪੱਕ ਹੋਣ, ਸਰਬ ਸੁੱਖਦਾਇਨੀ ਗੁਰਬਾਣੀ ਨਾਲ ਆਪਣਾ ਨਾਤਾ ਜੋੜਨ ਅਤੇ ਸਰਬੱਤ ਦੇ ਭਲੇ ਲਈ ਆਪਣੇ ਤਨਾਂ ਮਨਾਂ ਨੂੰ ਬਲਵਾਨ ਕਰਕੇ ਸਿੱਖਾਂ ਦੀ ਆਜ਼ਾਦ ਹਸਤੀ ਦੇ ਜਾਮਨ ਢੁਕਵੇਂ ਨਿਜ਼ਾਮ ਨੂੰ ਸਿਰਜਣ ਲਈ ਹੰਭਲਾ ਮਾਰਨ। ਸਭ ਨੂੰ ਬੇਨਤੀ ਹੈ ਕਿ 'ਗੁਰ ਗੋਬਿੰਦ ਕੀ ਰੀਤ ਸੰਭਾਰੋ। ਲੋਕ ਦੋਹਨ ਮੇਂ ਜੋ ਰਖਵਾਰੋ।' ਦੁਨਿਆਵੀ ਖੱਜਲ ਖੁਆਰੀ ਤੋਂ ਬਚਣ ਦੇ ਏਹੋ ਦੋ ਰਾਹ ਹਨ।
ਸਰਬੱਤ ਮਾਈ ਭਾਈ ਨੂੰ ਬੇਨਤੀ ਹੈ ਕਿ ਮੈਨੂੰ ਐਸੀਆਂ ਅਸੀਸਾਂ ਦਿਉ ਜਿਨ੍ਹਾਂ ਸਦਕਾ ਮੇਰਾ ਸੱਚੇ ਸਾਹਿਬ ਨਾਲ ਮੇਲ ਹੋ ਜਾਵੇ ਅਤੇ ਮੇਰਾ ਆਉਣਾ ਸਫ਼ਲ ਹੋ ਜਾਵੇ।
ਸਾਹਿਬ ਸੱਚੇ ਦੇ ਦਰ ਉੱਤੇ ਅਰਦਾਸ ਬੇਨਤੀ ਹੈ ਕਿ ਆਪਣੇ ਏਸ ਗਰੀਬ ਪ੍ਰਚਾਰਕ ਦੇ ਅਨੇਕਾਂ ਔਗੁਣਾਂ ਨੂੰ ਵਿਸਾਰ ਕੇ ਪ੍ਰਚਾਰ ਹਿੱਤ ਕੀਤਾ ਇਹ ਆਖਰੀ ਹੰਭਲਾ ਪ੍ਰਵਾਨ ਕਰਨ ਅਤੇ ਮੇਰੀ ਸ਼ਰਧਾ ਨੂੰ ਭਾਵਨਾ ਅਨੁਸਾਰ ਫਲ਼ ਲਾਉਣ ਦੀ ਕ੍ਰਿਪਾਲਤਾ ਕਰਨ। ਮੈਂ ਸਾਹਿਬ ਦਸਵੇਂ ਪਾਤਸ਼ਾਹ ਦੇ ਆਉਣ ਵਾਲੇ ਜਨਮ ਦਿਨ ਤੋਂ ਵਰਤ ਰੱਖ ਕੇ ਸੰਸਾਰ ਤਿਆਗਣ ਦੀ ਇੱਛਾ ਰੱਖਦਾ ਹਾਂ। 'ਮੈਂ ਮਰਾਂ! ਪੰਥ ਮੇਰਾ ਜੀਵੇ!'
ਗੁਰੂ ਦਾ ਸੇਵਕ,
ਸਹੀ/-
(ਗੁਰਬਖਸ਼ ਸਿੰਘ 'ਰਾਹੀ')
ਗੁਰਬਖ਼ਸ਼ ਸਿੰਘ ਜੀ ਰਾਹੀ ਦੇ ਜੀਵਨ 'ਤੇ ਇੱਕ ਪੰਛੀ-ਝਾਤ
(ਡਾ. ਸੰਪੂਰਨ ਸਿੰਘ ਟੱਲੇਵਾਲੀਆ, ਪ੍ਰਧਾਨ, ਮਾਲਵਾ ਸਿਰਜਣਾ ਕੇਂਦਰ, ਬਰਨਾਲਾ ਦੇ ਲੇਖ 'ਤੇ ਆਧਾਰਤ)
ਕਈ ਰੁੱਖ ਜੰਗਲਾਂ, ਉਜਾੜਾਂ ਵਿੱਚ ਆਪ ਹੀ ਉੱਗ ਪੈਂਦੇ ਹਨ ਜਿਨ੍ਹਾਂ ਦੀ ਸਾਂਭ-ਸੰਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ। ਉਹ ਆਪ ਹੀ ਆਪਣੀਆਂ ਜੜ੍ਹਾਂ ਡੂੰਘੀਆਂ ਕਰ ਕੇ ਫੈਲਣਾ ਸ਼ੁਰੂ ਕਰ ਦਿੰਦੇ ਹਨ। ਸਮਾਜ ਅਜਿਹੇ ਰੁੱਖਾਂ ਦੀਆਂ ਠੰਢੀਆਂ ਛਾਵਾਂ ਨੂੰ ਮਾਣਦਾ ਹੈ। ਅਜਿਹੇ ਰੁੱਖਾਂ ਵਰਗਾ ਹੀ ਜੀਵਨ ਹੈ ਗਿਆਨੀ ਗੁਰਬਖ਼ਸ਼ ਸਿੰਘ ਰਾਹੀ ਜੀ ਦਾ।
ਦੇਸ਼ ਭਗਤੀ ਅਤੇ ਸਿੱਖੀ ਸਿਧਾਂਤਾਂ ਦੀ ਗੁੜ੍ਹਤੀ ਗਿਆਨੀ ਜੀ ਨੂੰ ਵਿਰਸੇ ਵਿੱਚ ਹੀ ਮਿਲੀ, ਸਿੱਖੀ ਦੀ ਨਿੱਘੀ ਅਤੇ ਸੁਖਾਵੀਂ ਗੋਦ ਵਿੱਚ ਇਨ੍ਹਾਂ ਨੇ ਅੱਖਾਂ ਖੋਲ੍ਹੀਆਂ। ਰਾਹੀ ਜੀ ਦੇ ਪਿਤਾ ਸ੍ਰ. ਪਾਲਾ ਸਿੰਘ ਉਰਫ ਹੀਰਾ ਸਿੰਘ ਜਿਨ੍ਹਾਂ ਦੇ ਬਾਬੇ ਦੇ ਬਾਬੇ ਦਾ ਬਾਬਾ ਸ੍ਰ. ਕਿਹਰ ਸਿੰਘ ਜੀ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਅਤੇ ਫਿਰ ਗੁਰੂ ਜੀ ਪਾਸ ਹੀ ਰਹਿਣ ਲੱਗ ਪਏ। ਜਦੋਂ ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਨੂੰ ਛੱਡਿਆ ਉਸ ਵੇਲੇ ਬਾਬਾ ਸੰਗਤ ਸਿੰਘ ਸਮੇਤ ਅੱਠ ਸਿੰਘਾਂ ਵਿੱਚ ਸ੍ਰ. ਕਿਹਰ ਸਿੰਘ ਵੀ ਸ਼ਾਮਲ ਸਨ ਜੋ ਬਾਅਦ ਵਿੱਚ ਮੁਗ਼ਲਾਂ ਦੀਆਂ ਫੌਜਾਂ ਨਾਲ ਲੜਦਿਆਂ-ਲੜਦਿਆਂ ਸ਼ਹੀਦ ਹੋ ਗਏ। ਭਾਈ ਕਿਹਰ ਸਿੰਘ ਦੇ ਤਿੰਨ ਪੁੱਤਰ ਸਨ: ਭਾਈ ਨੱਥਾ, ਭਾਈ ਕੱਥਾ ਤੇ ਭਾਈ ਪਿਰਾਣਾ। ਭਾਈ ਨੱਥਾ ਤੇ ਭਾਈ ਕੱਥਾ ਖ਼ਾਲਸਾ ਫ਼ੌਜਾਂ ਵਿੱਚ ਸ਼ਾਮਲ ਹੋ ਗਏ ਸਨ ਤੇ ਭਾਈ ਪਿਰਾਣਾ ਗ੍ਰਹਿਸਥ ਵਿੱਚ ਰਹਿੰਦਿਆਂ ਮਹਿਲ ਕਲਾਂ ਤੋਂ ਅਗਲੇ ਪਿੰਡ ਸਹਿਜੜੇ ਕੋਲ ਚੜ੍ਹਦੇ ਪਾਸੇ ਚਮਿਆਰਵਾਲਾ ਵਿੱਚ ਖੇਤੀ ਕਰਨ ਲੱਗ ਗਏ। ਇਹ ਉਹਨਾਂ ਦਾ ਜੱਦੀ ਪਿੰਡ ਹੈ ਜੋ ਹੁਣ ਬਰਨਾਲਾ ਜ਼ਿਲ੍ਹੇ ਵਿੱਚ ਹੈ। ਵੱਡੇ ਘੱਲੂਘਾਰੇ ਵੇਲੇ ਭਾਈ ਜੱਸਾ ਸਿੰਘ ਆਹਲੂਵਾਲੀਆ ਜੰਗ ਲੜਦੇ-ਲੜਦੇ ਭਾਈ ਪਿਰਾਣਾ ਜੀ ਕੋਲ ਰੁਕੇ ਸਨ ਜਿੱਥੇ ਅਬਦਾਲੀ ਦੀਆਂ ਫ਼ੌਜਾਂ ਨੇ ਆਣ ਘੇਰਾ ਪਾਇਆ। ਇੱਥੇ ਭਾਈ ਕਿਹਰ ਸਿੰਘ ਦੇ ਤਿੰਨੇ ਪੁੱਤਰ ਗਹਿਗੱਚ ਲੜਾਈ ਵਿੱਚ ਸ਼ਹੀਦ ਹੋ ਗਏ। ਰਾਹੀ ਜੀ ਭਾਈ ਪਿਰਾਣਾ ਜੀ ਦੀ ਵੰਸ਼ ਵਿੱਚੋਂ ਹਨ। ਇਹਨਾਂ ਦੇ ਸਿੰਘ ਸਭਾ ਸਮਰਥਕ ਪਿਤਾ ਭਾਈ ਪਾਲਾ ਸਿੰਘ ਉਰਫ਼ ਭਾਈ ਹੀਰਾ ਸਿੰਘ ਨਾਭੇ ਜਾਂ ਜੈਤੋ ਦੇ ਮੋਰਚੇ ਦੇ ਛੇਵੇਂ ਜਥੇ ਵਿੱਚ ਗਏ ਸਨ ਜਿਸ ਕਾਰਣ ਹਕੂਮਤ ਨੇ ਇਹਨਾਂ ਦਾ ਘਰ ਉਜਾੜ ਦਿੱਤਾ ਅਤੇ ਬਾਰਾਂ ਸਾਲ ਇਹ ਬੇਘਰੇ ਵਿਚਰਦੇ ਰਹੇ। 12 ਅਕਤੂਬਰ 1922 ਨੂੰ ਜਦੋਂ ਖ਼ਾਲਸਾ ਬਰਾਦਰੀ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਦੂਦ 'ਚ ਮਹੰਤ ਰੂਪੀ ਪੁਜਾਰੀਵਾਦ ਵੱਲੋਂ ਦਲਿਤਾਂ ਹੱਥੋਂ ਕੜਾਹ ਪ੍ਰਸ਼ਾਦਿ ਲਾ ਲੈਣ ਵਿਰੁੱਧ ਜ਼ਬਰਦਸਤ ਸੰਘਰਸ਼ ਕੀਤਾ ਸੀ ਅਤੇ ਉਹਨਾਂ ਤੋਂ ਪ੍ਰਬੰਧ ਖੋਹਿਆ ਸੀ ਉਦੋਂ ਜਿਸ ਸ਼ਖ਼ਸ ਦੇ ਸਿਰ ਉੱਤੇ ਕੜਾਹ ਪ੍ਰਸ਼ਾਦਿ ਲੈ ਕੇ ਗਏ ਸਨ ਉਹ ਭਾਈ ਪਾਲਾ ਸਿੰਘ ਜੀ ਹੀ ਸਨ।
ਰਾਹੀ ਜੀ ਦਾ ਜਨਮ ਹੀ ਖੰਡੇ ਦੀ ਧਾਰ ਵਿੱਚੋਂ ਹੋਇਆ ਹੈ। ਆਪ ਮਸਾਂ ਹੀ ਗਿਆਰਾਂ ਕੁ ਸਾਲ ਦੇ ਸਨ ਜਦੋਂ ਇਨ੍ਹਾਂ ਦੀ ਮਾਤਾ ਭਾਗੀ ਜੀ ਅਕਾਲ ਚਲਾਣਾ ਕਰ ਗਏ। ਪਿਤਾ ਜੀ ਜੈਤੋ ਦੇ ਛੇਵੇਂ ਮੋਰਚੇ ਵਿੱਚ ਚਲੇ ਗਏ। ਆਪ ਪਿੰਡ ਸਹਿਜੜੇ ਦੇ ਬਸਾਵਾ ਸਿੰਘ ਵਰਗਿਆਂ ਦਾ ਪਾਲੀ ਬਣ ਕੇ ਰੁੱਖੇ ਟੁਕੜੇ ਖਾ-ਖਾ ਕੇ ਰੁਲ-ਖੁਲ ਕੇ ਪਲ਼ੇ। ਮਿਹਨਤ ਮਜ਼ਦੂਰੀ ਕਰ ਕੇ ਜੀਵਨ ਸ਼ੁਰੂ ਕੀਤਾ।
ਸ੍ਰ. ਸੇਵਾ ਸਿੰਘ ਜੀ ਠੀਕਰੀਵਾਲ ਨੇ ਗੁਰਦਵਾਰਾ ਸਿੰਘ ਸਿੰਘ ਸਭਾ ਦੇ ਨਾਮ ਹੇਠ ਆਪਣੇ ਪਿੰਡ ਠੀਕਰੀਵਾਲ ਵਿਖੇ ਇੱਕ ਪ੍ਰਾਇਮਰੀ ਸਕੂਲ ਚਲਾਇਆ ਸੀ। ਰਾਹੀ ਜੀ ਨੇ ਪੰਜਵੀਂ ਤੱਕ ਦੀ ਪੜ੍ਹਾਈ ਇਸੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਅਕਾਲ ਕਾਲਜ, ਮਸਤੂਆਣਾ ਤੋਂ ਵਿਦਵਾਨੀ, ਬੁੱਧੀਮਾਨੀ, ਗ੍ਰੰਥੀ ਅਤੇ ਓਰੀਐਂਟਲ ਕਾਲਜ, ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ।
ਸ੍ਰ. ਧਰਮ ਸਿੰਘ ਠੇਕੇਦਾਰ ਦਿੱਲੀ ਵਾਲਿਆਂ ਵੱਲੋਂ ਸੌ ਪ੍ਰਾਇਮਰੀ ਸਕੂਲ ਗੁਰੂ ਨਾਨਕ ਵਿੱਦਿਆ ਭੰਡਾਰ ਦੇ ਨਾਮ ਹੇਠਾਂ ਚਲਾਏ ਜਾਂਦੇ ਸਨ ਜੋ ਕਿ ਪੰਜਾਬ ਸਰਕਾਰ ਵੱਲੋਂ ਮਾਨਤਾ ਪલ੍ਰਾਪલਤ ਸਨ ਅਤੇ ਸਰਕਾਰ ਵੱਲੋਂ ਇਨ੍ਹਾਂ ਸਕੂਲਾਂ ਨੂੰ ਗਰਾਂਟ ਵੀ ਦਿੱਤੀ ਜਾਂਦੀ ਸੀ। ਗਿਆਨੀ ਜੀ ਉੱਪਰ ਅੰਗਰੇਜ਼ ਸਰਕਾਰ ਇਹ ਇਲਜ਼ਾਮ ਲਾਉਂਦੀ ਸੀ ਕਿ ਗੁਰਬਖ਼ਸ਼ ਸਿੰਘ ਇੱਕ ਬਾਗ਼ੀ ਦਾ ਪੁੱਤਰ ਬਾਗ਼ੀ ਹੈ। ਜਦੋਂ ਰਾਹੀ ਜੀ ਮਸਤੂਆਣਾ ਸਾਹਿਬ ਪੜ੍ਹਦੇ ਸਨ ਤਾਂ ਇਨਕਲਾਬੀ ਸਾਹਿਤ ਵੰਡਣ ਦੇ ਦੋਸ਼ ਅਧੀਨ ਪੁਲਿਸ ਦੇ ਛਾਪੇ ਵੀ ਪੈਂਦੇ ਸਨ। ਠੀਕ ਉਸੇ ਵਕਤ ਰਾਹੀ ਜੀ ਦੇ ਹਮਜਮਾਤੀ ਗਿਆਨੀ ਹੇਮ ਸਿੰਘ ਜੀ ਨੇ ਰਾਹੀ ਜੀ ਨੂੰ ਰਾਇ ਦਿੱਤੀ ਕਿ ਉਹ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਉਨ੍ਹਾਂ ਕੋਲ ਟਾਂਡਾ ਰਾਮ ਸਹਾਏ ਨੇੜੇ ਮੁਕੇਰੀਆਂ ਆ ਜਾਣ। ਰਾਹੀ ਜੀ ਉਨ੍ਹਾਂ ਦੀ ਰਾਇ ਮੰਨ ਕੇ ਉੱਥੇ ਪਹੁੰਚ ਕੇ, ਉੱਥੋਂ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਲੱਗ ਗਏ।
ਗਿਆਨੀ ਗੁਰਬਖ਼ਸ਼ ਸਿੰਘ ਰਾਹੀ ਜੀ ਇੱਕ ਦਲਿਤ ਪਰਿਵਾਰ ਵਿੱਚ ਪੈਦਾ ਹੋਏ। ਇਨ੍ਹਾਂ ਨੇ ਦਲਿਤ ਸਮਾਜ ਦੇ ਸਾਰੇ ਦੁਖੜਿਆਂ ਨੂੰ ਆਪਣੇ ਨਾਲ ਹੰਢਾਇਆ ਹੈ ਅਤੇ ਮਾਨਸਿਕ ਪੀੜਾ ਨੂੰ ਜਾਣਿਆ ਅਤੇ ਮਹਿਸੂਸ ਕੀਤਾ ਹੈ। ਇਸੇ ਕਾਰਣ ਹੀ ਆਪ ਜੀ ਨੇ ਮਜ਼੍ਹਬੀ ਸਿੱਖਾਂ ਅਤੇ ਰਮਦਾਸੀਏ ਸਿੱਖਾਂ ਦੇ ਗਲ਼ੋਂ ਗ਼ੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਨ ਅਤੇ ਵਗਾਰ ਜਿਹੀ ਲਾਹਣਤ ਨੂੰ ਗਲ਼ੋਂ ਲਾਹੁਣ ਲਈ ਸਾਰਾ ਹੀ ਜੀਵਨ ਲੇਖੇ ਲਾ ਦਿੱਤਾ। ਗਿਆਨੀ ਜੀ ਦੀ ਉਮਰ ਮਸਾਂ ਹੀ ਗਿਆਰਾਂ-ਬਾਰਾਂ ਸਾਲ ਦੀ ਹੋਵੇਗੀ ਜਦੋਂ 1924 ਵਿੱਚ ਸਰਕਾਰ ਵੱਲੋਂ ਘਰ ਬਾਰ ਅਤੇ ਸਾਜ਼ੋ-ਸਾਮਾਨ ਜਬਤ ਕਰ ਲਿਆ ਗਿਆ। ਆਪ ਆਪਣੇ ਪਿਤਾ ਜੀ ਨਾਲ 12 ਸਾਲ ਬੇਘਰ, ਬੇਦਰ ਹੀ ਫ਼ਿਰਦੇ ਰਹੇ।
ਏਸੇ ਸਮੇਂ ਦੌਰਾਨ ਹੀ ਇਨ੍ਹਾਂ ਦਾ ਰਾਜਨੀਤਕ ਸਫ਼ਰ ਸ਼ੁਰੂ ਹੁੰਦਾ ਹੈ। 1930 ਤੋਂ 1934 ਤੱਕ ਆਪ ਇਨਕਲਾਬੀ ਸਾਹਿਤ ਵੰਡਣ ਦੇ ਦੋਸ਼ ਵਿੱਚ ਅੰਡਰ ਗਰਾਊਂਡ ਰਹੇ; 1942 ਵਿੱਚ ਅੰਮ੍ਰਿਤਸਰ ਕੋਤਵਾਲੀ ਵਿਖੇ 6 ਮਹੀਨੇ ਲਈ ਨਜ਼ਰ ਬੰਦ ਕੀਤੇ ਗਏ; 1945 ਤੋਂ 1954 ਤੱਕ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜ ਸਾਧਕ ਕਮੇਟੀ ਦੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਕ ਸਲਾਹਕਾਰ ਕਮੇਟੀ ਦੇ ਮੈਂਬਰ ਬਣੇ; 1950 ਵਿੱਚ ਆਪ ਕਾਂਗਰਸ ਕਮੇਟੀ ਬਰਨਾਲਾ ਦੇ ਜਨਰਲ ਸਕੱਤਰ ਬਣੇ। ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਮੁੱਖ ਰੱਖਦਿਆਂ 1975 ਵਿੱਚ ਆਪ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਰਾਹੀ ਜੀ ਨੇ ਅਪਣਾ ਸਾਰਾ ਹੀ ਜੀਵਨ ਦੇਸ਼ ਅਤੇ ਕਿਰਤੀ ਲੋਕਾਂ ਲੇਖੇ ਲਾਇਆ ਹੈ। ਆਪ ਇੱਕ ਸੱਚੇ-ਸੁੱਚੇ ਆਜ਼ਾਦੀ ਦੇ ਪਰਵਾਨੇ ਹਨ। ਦੇਸ਼ ਭਗਤੀ ਦੀ ਭਾਵਨਾ ਨੂੰ ਮੁੱਖ ਰੱਖਦਿਆਂ 1982 ਵਿੱਚ ਆਪ ਜੀ ਨੂੰ ਪੰਜਾਬ ਸਟੇਟ ਫ਼ਰੀਡਮ ਫਾਈਟਰਜ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ।
ਰਾਹੀ ਜੀ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਹਨ। ਉਹਨ੍ਹਾਂ ਨੇ ਆਪਣਾ ਜੀਵਨ ਸਫ਼ਰ ਇੱਕ ਪਾਲੀ ਤੋਂ ਸ਼ੁਰੂ ਕੀਤਾ। 1933 ਵਿੱਚ ਓਰੀਐਂਟਲ ਕਾਲਜ, ਜੋ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਨਾਲ ਸਬੰਧਤ ਸੀ, ਤੋਂ ਗਿਆਨੀ ਤੱਕ ਦੀ ਵਿੱਦਿਆ ਪ੍ਰਾਪਤ ਕੀਤੀ। ਆਪ ਇੱਕ ਸਫ਼ਲ ਅਧਿਆਪਕ, ਸੁੰਤਤਰਤਾ ਸੰਗਰਾਮੀਏ, ਬੇਦਾਗ਼ ਨੇਤਾ, ਸਾਰੀ ਉਮਰ ਹੀ ਕਿਰਤੀ ਲੋਕਾਂ ਦੇ ਭਲੇ ਵਾਸਤੇ ਸਿਦਕ ਨਾਲ ਲੜਦੇ ਰਹੇ। ਜਿੱਥੇ ਰਾਹੀ ਜੀ ਉਪਰੋਕਤ ਅਨੇਕਾਂ ਗੁਣਾਂ ਦੇ ਮਾਲਕ ਹਨ ਉੱਥੇ ਸਫ਼ਲ ਕਲਮ ਵਾਹਕ ਵੀ ਹਨ। ਸੰਖੇਪਤਾ, ਸਪਸ਼ਟਤਾ ਅਤੇ ਸਰਲਤਾ ਆਪ ਦੀ ਲਿਖਤ ਦੇ ਮਹਾਨ ਗੁਣ ਹਨ। ਰਾਹੀ ਜੀ ਸਾਹਿਤ ਦਾ ਇੱਕ ਨਿਰੰਤਰ ਵਗਦਾ ਦਰਿਆ ਹਨ। ਆਪ 1986-1989 ਤੱਕ ਪલਜਾਬੀ ਸਾਹਿਤ ਸਭਾ ਬਰਨਾਲਾ ਦੇ ਮੀਤ ਪ੍ਰਧਾਨ ਰਹੇ। ਆਪ ਜੀ ਨੇ 22 ਸਾਲ ਦੀ ਉਮਰ ਵਿੱਚ ਲਿਖਣਾ ਸ਼ੁਰੂ ਕੀਤਾ ਜੋ ਅੱਜ ਤੱਕ ਲਗਾਤਾਰ ਜਾਰੀ ਹੈ। ਮੱਖਣ ਸ਼ਾਹ ਲੁਬਾਣਾ, ਸਰਬਕਲਾ ਸਮਰੱਥ ਗੁਰੂ ਗੋਬਿੰਦ ਸਿੰਘ ਜੀ, ਖ਼ੁਦਾ ਦਾ ਪੁੱਤਰ, ਆਦਮ ਜਿੱਤ ਗਿਆ, ਰਾਮਕਲੀ ਸਦ ਸਟੀਕ, ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਹੈ, ਈਸ਼ਰ ਸਿੰਘ ਮਝੈਲ, ਬਾਬਾ ਸੰਗਤ ਸਿੰਘ, ਪੰਜਾਬ ਰਿਆਸਤੀ ਪਰਜਾ ਮੰਡਲ, 'ਅਨਮੋਲ ਹੀਰੇ ਕਿਸ਼ਨ ਸਿੰਘ, ਪ੍ਰਤਾਪ ਸਿੰਘ ਕਰਤਾਰ ਸਿੰਘ ਧਨੌਲਾ', ਪਵਿੱਤਰ ਪੈੜਾਂ, ਜੀਵਨ ਸੰਤ ਅਤਰ ਸਿੰਘ ਮਸਤੂਆਣਾ ਅਤੇ ਦੁੱਖ ਭੰਜਨੀ ਤੇਰਾ ਨਾਮ, ਜਪੁਜੀ ਸਾਹਿਬ ਸਟੀਕ ਆਦਿ ਅਨੇਕਾਂ ਪੁਸਤਕਾਂ ਲਿਖੀਆਂ।
ਰਾਹੀ ਜੀ ਨੂੰ ਵਿਆਕਰਨ, ਅਲੰਕਾਰ ਅਤੇ ਪਿੰਗਲ ਦਾ ਪੂਰਾ ਗਿਆਨ ਹੈ। 1995 ਵਿੱਚ ਕਾਵਿ ਸੰਗ੍ਰਿਹ ''ਰਾਹੀ ਵਾਟਾਂ'' ਲਿਖ ਕੇ ਇੱਕ ਵਧੀਆਂ ਕਵੀ ਹੋਣ ਦਾ ਵੀ ਸਬੂਤ ਦਿੱਤਾ। ਆਪਣੀ ਆਤਮ ਕਥਾ ''ਜਿਨ੍ਹੀਂ ਰਾਹੀਂ ਮੈਂ ਤੁਰਿਆ'' ਲਿਖ ਕੇ ਸਾਨੂੰ ਪੁਰਾਣੇ ਭਾਰਤ ਦੇ ਦਰਸ਼ਨ ਕਰਾਉਂਦੇ ਹਨ। ਇਸ ਤੋਂ ਬਿਨ੍ਹਾਂ ਰਾਹੀ ਜੀ ਦੀ ਜ਼ਿੰਦਗੀ ਸਬੰਧੀ ਡਾ. ਅਮਰ ਕੋਮਲ ਵੱਲੋਂ ਸੰਪਾਦਤ ''ਗਿਆਨੀ ਗੁਰਬਖ਼ਸ ਸਿੰਘ ਰਾਹੀ ਅਭਿਨੰਦਨ ਗ੍ਰੰਥ'' ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਦਿੱਲੀ ਵਿਖੇ ਰਿਲੀਜ਼ ਕਰ ਕੇ ਰਾਹੀ ਜੀ ਦੇ ਸਨਮਾਨ ਵਿੱਚ ਹੋਰ ਵਾਧਾ ਕੀਤਾ।
ਰਾਹੀ ਜੀ ਜਿੱਥੇ ਇੱਕ ਵਧੀਆ ਲੇਖਕ ਹਨ ਉੱਥੇ ਇੱਕ ਚੰਗੇ ਸੰਪਾਦਕ ਵੀ ਰਹੇ ਹਨ। ਮੈਗਜ਼ੀਨ ''ਅੰਮ੍ਰਿਤ'', ''ਹਫ਼ਤੇਵਾਰ ਅੰਮ੍ਰਿਤ'' ਅਤੇ ''ਹਿੰਦੀ ਰਾਹ'' ਨਾਮੀ ਪਰਚੇ ਕੱਢ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੇ ਹਨ। ਸੰਨ 2008 ਵਿੱਚ ਜਦੋਂ ਰਾਹੀ ਜੀ 96 ਸਾਲ ਦੇ ਹੋ ਚੁੱਕੇ ਸਨ ਤੇ ਸਤਾਨ੍ਹਵੇਂ ਵਰ੍ਹੇ ਵਿੱਚ ਪੈਰ ਧਰ ਲਿਆ ਸੀ ਤਾਂ ਇਸ ਵਡੇਰੀ ਉਮਰ ਵਿੱਚ ਵੀ ਆਪ ਜੀ ਨੇ ''ਸ਼ਹੀਦ ਭਾਈ ਜੈ ਸਿੰਘ ਖੱਲਕੱਟ'' ਨਾਮ ਦੀ ਕਿਤਾਬ ਲਿਖ ਕੇ ਇੱਕ ਸ਼ਲਾਘਾ ਯੋਗ ਕਾਰਜ ਕੀਤਾ ਹੈ। ਭਾਈ ਜੈ ਸਿੰਘ ਖਲਕੱਟ ਕਿਰਤੀਆਂ ਦੇ ਵਿਹੜੇ ਦਾ ਇੱਕ ਮਘਦਾ ਸੂਰਜ ਹੈ ਜਿਸ ਨੂੰ ਕਾਲੇ ਬੋਲ਼ੇ ਬੱਦਲਾਂ ਨੇ ਢੱਕੀ ਰੱਖਿਆ ਸੀ। ਮਾਸਟਰ ਕੁੰਦਨ ਸਿੰਘ ਪ੍ਰੇਮ ਅਤੇ ਸ੍ਰ. ਗੁਰਨਾਮ ਸਿੰਘ ਬਿਜਲੀ ਮੋਰਿੰਡਾ ਦੀ ਖੋਜ ਸਦਕਾ ਗਿਆਨੀ ਗੁਰਬਖ਼ਸ਼ ਸਿੰਘ ਰਾਹੀ ਨੇ ਸਿੱਖ ਇਤਿਹਾਸ ਦੇ ਕੋਹੇਨੂਰ ਇਤਿਹਾਸ ਦੇ ਸੁਨਿਹਰੀ ਪੰਨਿਆਂ ਵਿੱਚ ਸਾਂਭਣ ਦਾ ਯਤਨ ਕੀਤਾ ਹੈ। ਸ਼ਹੀਦ ਭਾਈ ਜੈ ਸਿੰਘ ਖੱਲਕੱਟ ਨੂੰ ਉਸ ਦੀ ਖੱਲ ਲਾਹ ਕੇ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਧਰਮ ਪਤਨੀ, ਬੇਟੇ ਅਤੇ ਇੱਕ ਨੂੰਹ ਨੂੰ ਭਾਈ ਸਾਹਿਬ ਦੀਆਂ ਅੱਖਾਂ ਸਾਹਮਣੇ ਇੱਕ-ਇੱਕ ਕਰ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਰੰਗੀਲੇ ਸਿੱਖ ਦੀ ਮਹਾਨ ਕੁਰਬਾਨੀ ਅਤੇ ਪਰਿਵਾਰ ਦੀ ਕੁਰਬਾਨੀ ਬਾਰੇ ਆਮ ਲੋਕਾਂ ਨੂੰ ਭੋਰਾ ਵੀ ਪਤਾ ਨਹੀਂ ਸੀ।
ਇਸ ਦਿਲ-ਕੰਬਾਊ ਕਹਾਣੀ ਨੂੰ ਰਾਹੀ ਜੀ ਨੇ ਦ੍ਰਿਸ਼ਟਾਂਤ ਸ਼ੈਲੀ ਦਾ ਪ੍ਰਯੋਗ ਕਰਦਿਆਂ ਸੰਜਮ ਅਤੇ ਸਰਲਤਾ ਨਾਲ ਕਲਮਬੰਦ ਕੀਤਾ ਹੈ। ਇਨ੍ਹਾਂ ਸ਼ਹੀਦਾਂ ਦੀਆਂ ਮਿਸਾਲਾਂ ਹੀ ਆਉਂਦੀਆਂ ਨਸਲਾਂ ਵਿੱਚ ਮਨੁੱਖਤਾ ਪ੍ਰਤੀ ਪਿਆਰ ਅਤੇ ਲੋਕ-ਸੇਵਾ ਦਾ ਜਜ਼ਬਾ ਭਰਨ ਵਿੱਚ ਸਹਾਈ ਹੋ ਸਕਦੀਆਂ ਹਨ। ਰਾਹੀ ਜੀ ਨੇ ਅਣਗੌਲੇ ਇਤਿਹਾਸ ਨੂੰ ਉਜਾਗਰ ਕਰ ਕੇ ਪੰਜਾਬੀ ਸਾਹਿਤ ਲਈ ਅਤੇ ਖ਼ਾਲਸਾ ਪੰਥ ਲਈ ਗੌਰਵ ਵਾਲੀ ਕੀਤੀ ਹੈ।