Saturday, November 12, 2011

‘Order of the Khalsa’

In a recent article, I had referred to the Khalsa form being the ‘finished product’ of the Sikh movement and to the ‘Order of the Khalsa.’ This article was published in the online publication The Sikh Bulletin, edited by Hardev Singh from California. Sardar Jarnail Singh, one of his readers presumably from Australia, asked the editor to get me to explain the terms. I was not able to respond with the efficiency demanded by the ‘cannot wait Sardar’ and was reluctant to get into arguments with him or anybody else as a lot of time is wasted in the exercise which eventually gets nowhere. So on account of my personal prejudices, the editor had to face a measure of embarrassment. I have thought over the matter and would like to state my point of view with apologies to both Jarnail Singh ji and Hardev Singh ji. Before doing that, however, I want to make it clear that I am a leader of no group of people and I do not have the ambition to influence people’s thought processes. I study to lessen my own ignorance and write to educate myself. I publish sometimes to share my thought with others in the hope that someone will suggest a better point of view. I have never even dreamt of imposing my point of view on anybody. The above is my ‘complete’ rationale for not wanting to get into an argument. The only fact that I am hiding in the above explanation is that I am also lazy and would love a situation in which I can avoid working by simply ignoring the compulsion to work.
I do not subscribe to the view that the idea of Sikhi evolved from one Guru to another. I do not also believe that one Guru was different from the other except in mundane human form and the time span of their existence in the world. The Sikhi they preached is the product of Gurbani which is a word of Akalpurakh. It did not evolve but came as a whole, self contained and complete in everyway, right in the beginning – regardless of what the theory of evolution may have to say on the subject. The proof that it is ‘aad pooran, madh pooran, ant pooran’ like the Akalpurakh it emanates from, is present in the bani of Nanak which has come down to us to this day without a comma or a full-stop being changed in the last five centuries. Anyone who knows elementary Punjabi can read the entire programme of the Sikh movement in the revelation made by Guru Nanak. He will certainly notice that the successor Gurus merely elaborated, propounded and put into practise what had been written by him. That is my observation.
Nevertheless, Guru Nanak did not announce the conclusion of his preaching with the closing of his personal ministry. He called himself ‘guru’ that is a teacher, a person who destroys ignorance, and knew full well the obligations that go with the title. He had firstly to educate those who accepted his guidance so that they could understand the ideal he was preaching. Then he had to carefully monitor their initial steps in the journey towards the ideal. He had to hold their hands until they were brought nearest to the final goal. The last lap, of course is, individual effort. Then he had to be there all the time for the guidance of the people. He also had to leave behind a society firmly believing itself to be the custodian of the truth he was preaching. He knew that all that was not possible in one lifetime. Knowing that one lifetime was not sufficient for the purpose, and knowing that moulding the psyche and thought processes of an entirely new nation is a long drawn-out process, he provided most successfully in all human history, for the extension of his natural lifespan by decreeing not merely a successor but a whole line of successors. The most remarkable aspect of which was that his nominee and his nominees succeeded him not only simply as successors, but as Nanak’s very own self – ‘the limb of my limb, the flesh of my flesh and the spirit of my spirit’ as he called Lehna on appointing him as second Nanak.
From the very beginning, Guru’s ideal was the Khalsa. But just as a pupil passes through stages of learning and slowly crosses over from one class to another, from one stage of knowledge to a higher one, so his Sikhs were to graduate to the Khalsa status. The mission that Nanak (in his ten forms) had undertaken required him to slowly lead humans to perfection – a stupendous task by any reckoning.
We need to realise that the journey of transformation did not start with the finished product but with the raw human material. It was very crudely raw material at that. In a land and a mentality enslaved for a millennium nothing better could have been expected. His material consisted of a people who had accepted their fate of being no more than the despicable doormats for the conquerors. This is brought out in the by the symbolism of Kauda, of Kaaroon, of Malik Bhago, Sajjan the thug, the magicians of Kaamroop and so on. The reality was far more miserable. The Guru did not finish the job with a magic wand. He imparted to humans an idea of liberated person – a jiwan mukta and provided many steps to the ladder, as for instance in his rightly celebrated Japuji, so to ensure that humans could steadily ascend to proximate the ideal. The journey was understandably torturous as the change was phenomenal. To accomplish the change required a superhuman effort. To understand the process, the discipline (naam) truly required the faith that could move mountains and the proverbial patience of trees (rukhan di jeerand). The Guru himself likened it to transforming ‘ghosts and demons into gods’ (pasu prethu dev karai). The stages through which the ascent took place are known to us in history. They were – sahlang, satsangi, naamdharik sikh, giani (for instance Partapmal), gursikh, brahamgyiani and so on, until the Baisakhi day of 1699, when the same Nanak literally unveiled (drew out from a tented enclosure) the human of his dreams. A common surname, Singh, was prescribed for the first five and all those who came after them. It was the festival of harvesting the ripened conscience of humankind. It was the celestial celebration of the human spirit that had lifted itself to rival the loftiness of mountains. It was the tempering of the steel that was ever to protect the humblest of His creation, the most defenceless and the weakest of all beings.
It is in this context that I call the Khalsa the ‘finished product of the Sikh movement.’ Since the Khalsa was also to be the Guru (under the strict guidance of the Guru Granth), the most compassionate Nanak wove him into an institutional framework – the Order of the Khalsa. It was to constitute the panth by organising the right minded, the most enlightened men and women in seeking implementation of the Will of Akalpurakh for the betterment of His creation. It was an institution that was to function for ever and ever. It is to provide an alternate model to the concept of State and a new basis for social organisation.
I adopted the phrases because these succinctly sum up the concepts that arise in my mind on reading details of the processes adopted by the Guru and the end result sought by him. Terms ‘Order of the Khalsa’ and ‘the finished product’ have been used by the most knowledgeable Sirdar Kapur Singh, who was also a distinguished member of the Order. A reader wanting to familiarise himself with his perception of it may go to his erudite exposition in his Prasharprashna. Some western scholars, for instance, Noel Q. King, have also used either one or both of these terms. As far as I am concerned, I have tried to make myself as plain as is possible for me in the present stage of self-understanding.

Monday, October 31, 2011

ਜਨਰਲ ਭੁੱਲਰ ਦੀ ਚੌਮੁਖੀ ਸੇਵਾ

ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਨੂੰ ਮੈਂ 1978 ਤੋਂ ਜਾਣਦਾ ਹਾਂ। ਤਕਰੀਬਨ ਸੰਨ 2000 ਤੱਕ ਏਸ ਨਾਲ ਮੇਰੇ ਸਬੰਧੀ, ਛੋਟੀਆਂ-ਮੋਟੀਆਂ ਅੜਚਨਾਂ ਦੇ ਬਾਵਜੂਦ, ਲਗਾਤਾਰ ਦੋਸਤੀ ਵਾਲੇ ਰਹੇ। ਓਸ ਤੋਂ ਬਾਅਦ ਦੇ ਉਤਰਾਅ-ਚੜ੍ਹਾਅ ਏਸ ਕਥਾ ਲਈ ਤਰਕ-ਸੰਗਤ ਨਹੀਂ। ਸਾਡੇ ਆਪਸ ਵਿੱਚ ਪ੍ਰਵਾਰਕ ਸਬੰਧ ਸਨ ਅਤੇ ਇੱਕ ਦੂਜੇ ਦੇ ਘਰ ਆਉਣ-ਜਾਣ ਸੀ। ਪਿੰਡ ਤੋਂ ਚਾਚਾ ਮੰਗਾ ਸਿੰਘ ਦਾ ਲੜਕਾ ਬਾਈ ਜਲੌਰ ਸਿੰਘ ਗੁਰਦਰਸ਼ਨ ਸਿੰਘ ਦਾ ਚੰਗਾ ਵਾਕਫ਼, ਸ਼ਾਇਦ ਰਿਸ਼ਤੇਦਾਰ ਵੀ ਸੀ। ਏਂਵੇ ਨੇੜੇ ਦੇ ਇੱਕ ਹੋਰ ਰਿਸ਼ਤੇਦਾਰ ਦਲਜੀਤ ਸਿੰਘ ਏਸ ਦੇ ਚੰਗੇ ਵਾਕਫ਼ ਹਨ। ਇਹਨਾਂ ਕਾਰਣਾਂ ਸਦਕਾ ਇੱਕ ਗੂੜ੍ਹਾ ਜਿਹਾ ਸਬੰਧ ਬਣ ਗਿਆ ਸੀ।

ਸਤੰਬਰ 1982 ਦੇ ਇੱਕ ਦਿਨ ਗੁਰਦਰਸ਼ਨ ਸਿੰਘ ਆਇਆ ਤੇ ਆਖਣ ਲੱਗਾ ਕਿ ਓਸ ਦੇ ਇੱਕ ਬਹੁਤ ਅੱਛੇ ਦੋਸਤ ਜਨਰਲ ਦਰਸ਼ਨ ਸਿੰਘ ਦਾ ਕੁੜਮ ਜਨਰਲ ਜਸਵੰਤ ਸਿੰਘ ਭੁੱਲਰ ਹੁਣੇ-ਹੁਣੇ ਫ਼ੌਜ ਤੋਂ ਸੇਵਾ-ਮੁਕਤ ਹੋ ਕੇ ਆਇਆ ਹੈ। ਉਹ ਬਹੁਤ ਪ੍ਰਪੱਕ ਸਿੱਖੀ ਖਿਆਲਾਂ ਦਾ ਹੈ। ਓਸ ਦੇ ਪਿਤਾ ਜੀ ਵੀ ਮਸਤੂਆਣੇ (ਬਤੌਰ ਮਾਸਟਰ ਜਾਂ ਸੇਵਾਦਾਰ) ਸੇਵਾ ਕਰਦੇ ਰਹੇ ਹਨ। 'ਓਸ ਨੂੰ ਵੀ ਸੇਵਾ ਕਰਨ ਦਾ ਬੜਾ ਚਾਅ ਹੈ। ਤੁਸੀਂ ਕਿਸੇ ਦਿਨ ਅੰਮ੍ਰਿਤਸਰ ਜਾਂਦੇ ਓਸ ਨੂੰ ਨਾਲ ਲੈ ਜਾਉ ਅਤੇ ਦੋਨਾਂ ਸੰਤਾਂ ਨਾਲ ਭੁੱਲਰ ਦੀ ਵਾਕਫ਼ੀਅਤ ਕਰਵਾ ਦਿਉ।'

ਓਹਨੀਂ ਦਿਨੀਂ ਮੈਂ ਸੰਤ ਲੌਂਗੋਵਾਲ ਨੂੰ ਸੁਝਾਅ ਦਿੱਤਾ ਹੋਇਆ ਸੀ ਕਿ ਅਕਾਲੀ ਦਲ ਵੱਖ-ਵੱਖ ਵਰਗਾਂ ਦੇ ਚਾਰ ਵੱਡੇ ਇਕੱਠ ਕਰ ਕੇ ਹਰ ਵਰਗ ਦੇ ਲੋਕਾਂ ਨੂੰ ਆਪਣੇ ਨਾਲ ਜੋੜੇ। ਓਸ ਨੇ ਸੁਝਾਅ ਮੰਨ ਲਿਆ ਸੀ ਅਤੇ ਫ਼ੌਜੀ ਕੌਨਫ਼ਰੰਸ ਬੁਲਾਈ ਹੋਈ ਸੀ। ਮੈਂ ਚਾਹੁੰਦਾ ਸਾਂ ਕਿ ਵੱਡੇ-ਵੱਡੇ ਸੇਵਾ-ਮੁਕਤ ਫ਼ੌਜੀ ਅੰਮ੍ਰਿਤਸਰ ਪਹੁੰਚ ਕੇ ਮੋਰਚੇ ਨੂੰ ਸਮਰਥਨ ਦੇਣ ਤਾਂ ਕਿ ਸਰਕਾਰ ਉੱਤੇ ਹੱਲ ਲੱਭਣ ਲਈ ਜ਼ੋਰ ਪਾਇਆ ਜਾ ਸਕੇ। ਇਹ ਗੱਲ ਮੈਨੂੰ ਚੰਗੀ ਲੱਗੀ ਕਿ ਇੱਕ ਹੋਰ ਜਨਰਲ ਏਸ ਕਾਫ਼ਲੇ ਵਿੱਚ ਸ਼ਾਮਲ ਹੋਣ ਨੂੰ ਤਿਆਰ ਹੈ। ਮੈਂ ਅਗਲੀ ਫ਼ੇਰੀ ਉੱਤੇ ਦੋਨਾਂ ਸੰਤਾਂ ਨੂੰ ਭੁੱਲਰ ਬਾਰੇ ਪੁੱਛਣ ਦੀ ਸਲਾਹ ਬਣਾਈ।

ਅਗਲੇ ਗੇੜੇ ਮੈਂ ਵੇਖਿਆ ਕਿ ਮੇਰਾ ਕੰਮ ਬਹੁਤ ਆਸਾਨ ਹੋ ਚੁੱਕਾ ਸੀ। ਸੰਤ ਲੌਂਗੋਵਾਲ ਨੇ ਫ਼ੌਜੀ ਕਨਵੈਨਸ਼ਨ ਵਾਸਤੇ ਸੱਦਾ- ਪੱਤਰ ਭੇਜੇ ਹੋਏ ਸਨ। ਬਲਵੰਤ ਸਿੰਘ ਰਾਮੂਵਾਲੀਆ ਜਾ ਕੇ ਵੱਡੇ-ਵੱਡੇ ਅਫ਼ਸਰਾਂ ਨੂੰ ਸੱਦਾ-ਪੱਤਰ ਦੇ ਆਇਆ ਸੀ। ਜਦੋਂ ਮੈਂ ਸੰਤ ਲੌਂਗੋਵਾਲ ਨੂੰ ਮਿਲਿਆ ਓਦੋਂ ਰਾਮੂਵਾਲੀਆ ਓਸ ਦੇ ਕੋਲ ਹੀ ਬੈਠਾ ਸੀ। ਰਸਮੀ ਗੱਲਬਾਤ ਤੋਂ ਬਾਅਦ ਸੰਤ ਨੇ ਆਖਿਆ ਕਿ 'ਇੱਕ ਜਸਵੰਤ ਸਿੰਘ ਭੁੱਲਰ ਨਵਾਂ ਸੇਵਾ-ਮੁਕਤ ਹੋ ਕੇ ਆਇਆ ਹੈ। ਬੜਾ ਸ਼ਰਧਾ ਵਾਲਾ ਬੰਦਾ ਹੈ। ਅਗਲੀ ਵਾਰ ਓਸ ਨੂੰ ਨਾਲ ਲੈ ਆਉਣਾ, ਮੈਂ ਮਿਲਣਾ ਚਾਹੁੰਦਾ ਹਾਂ।' ਮੈਂ ਪੁੱਛਿਆ ਕਿ ਸੰਤ ਓਸ ਨੂੰ ਕਿਵੇਂ ਜਾਣਦਾ ਸੀ? ਜੁਆਬ ਰਾਮੂਵਾਲੀਏ ਨੇ ਦਿੱਤਾ: 'ਜਦੋਂ ਮੈਂ ਓਸ ਨੂੰ ਸੰਤਾਂ ਦੀ ਚਿੱਠੀ ਦੇਣ ਗਿਆ ਤਾਂ ਉਹ ਬਾਹਰ ਘਾਹ ਉੱਤੇ ਬੈਠਾ ਸੀ। ਮੈਨੂੰ ਬਿਠਾ ਕੇ ਉਹ ਕਾਹਲੀ-ਕਾਹਲੀ ਘਰ ਦੇ ਅੰਦਰ ਗਿਆ। ਪਟਕਾ ਸਿਰ ਉੱਤੇ ਬੰਨ੍ਹ ਕੇ ਝੱਟ ਆ ਗਿਆ। ਮੈਂ ਸੰਤਾਂ ਦੀ ਚਿੱਠੀ ਫੜਾਈ ਤਾਂ ਓਸ ਨੇ ਖੜ੍ਹੇ ਹੋ ਕੇ ਦੋਨਾਂ ਹੱਥਾਂ ਨਾਲ ਫੜ ਕੇ ਪਹਿਲਾਂ ''ਧੰਨ ਭਾਗ-ਧੰਨ ਭਾਗ'' ਆਖ ਕੇ ਮੱਥੇ ਨੂੰ ਲਾਈ, ਸਿਰ ਉੱਤੇ ਰੱਖੀ ਅਤੇ ਫੇਰ ਬੜੇ ਅਦਬ ਨਾਲ ਚੁੰਮ ਕੇ ਖੋਲ੍ਹੀ। ਓਸ ਨੇ ਅਖਿਆ ਮੈਂ ਬੰਬਈ ਆਪਣੀ ਬੇਟੀ ਕੋਲ ਜਾਣਾ ਹੈ। ਸ਼ਾਇਦ ਆ ਨਾ ਸਕਾਂ ਪਰ ਓਸ ਤੋਂ ਬਾਅਦ ਮੈਂ ਤੁਹਾਡੇ ਨਾਲ ਹੀ ਹਾਂ ਅਤੇ ਫ਼ੌਜੀਆਂ ਵਾਂਗੂੰ ਜੰਗ ਲੜਾਂਗਾ। ਏਨੀ ਸ਼ਰਧਾ ਨਾਲ ਕਿਸੇ ਹੋਰ ਫ਼ੌਜੀ ਨੇ ਚਿੱਠੀ ਪ੍ਰਾਪਤ ਨਹੀਂ ਕੀਤੀ। ਬੰਦਾ ਬੜੇ ਕੰਮ ਦਾ ਜਾਪਦਾ ਹੈ।'

ਜਦੋਂ ਮੈਂ ਸੰਤ ਭਿੰਡਰਾਂ ਵਾਲਿਆਂ ਨੂੰ ਮਿਲਿਆ ਤਾਂ ਉਹਨਾਂ ਵੀ ਮੇਰੇ ਗੱਲ ਕਰਨ ਤੋਂ ਪਹਿਲਾਂ ਹੀ ਪੁੱਛ ਲਿਆ ਕਿ ਜਨਰਲ ਜਸਵੰਤ ਸਿੰਘ ਭੁੱਲਰ ਕਿਸ ਤਰ੍ਹਾਂ ਦਾ ਆਦਮੀ ਹੈ। ਮੈਂ ਦੱਸਿਆ 'ਮੈਂ ਓਸ ਨੂੰ ਨਹੀਂ ਜਾਣਦਾ ਪਰ ਉਹ ਤੁਹਾਨੂੰ ਮਿਲਣ ਵਾਸਤੇ ਬੜਾ ਉਤਾਵਲਾ ਹੈ।' ਆਖਣ ਲੱਗੇ 'ਮੈਨੂੰ ਵੀ ਸੁਨੇਹਾ ਪਹੁੰਚਿਆ ਹੈ ਪਰ ਆਪਾਂ ਨੂੰ ਪੂਰਾ ਪਤਾ ਲਗਾ ਲੈਣਾ ਚਾਹੀਦਾ ਹੈ ਕਿ ਬੰਦਾ ਕਿਸ ਤਰ੍ਹਾਂ ਦਾ ਹੈ। ਅਗਲੀ ਵਾਰ ਤੁਸੀਂ ਪੂਰਾ ਪਤਾ ਕੱਢ ਕੇ ਲਿਆਉਣਾ।' ਜਾਪਦਾ ਹੈ ਕਿ ਜਸਵੰਤ ਸਿੰਘ ਭੁੱਲਰ ਦੋਨਾਂ ਸੰਤਾਂ ਨੂੰ ਮਿਲਣ ਲਈ ਕਾਹਲਾ ਸੀ ਪਰ ਕੁਝ ਸਮਾਂ ਪਾ ਕੇ। ਏਸ ਲਈ ਉਹ ਕਈ ਲੋਕਾਂ ਰਾਹੀਂ ਸੁਨੇਹੇ ਪਹੁੰਚਾ ਰਿਹਾ ਸੀ ਤਾਂ ਕਿ ਗੱਲ ਚੱਲਦੀ ਰਹੇ।

ਏਸ ਵਤੀਰੇ ਦਾ ਅੱਧ-ਪਚੱਧ ਰਾਜ਼ ਭੁੱਲਰ ਨੂੰ ਮਿਲ ਕੇ ਖੁੱਲ੍ਹਿਆ। ਓਸ ਨੇ ਦੱਸਿਆ ਕਿ ਨੌਕਰੀ ਦੌਰਾਨ ਓਸ ਨੇ ਕੇਸ ਨਹੀਂ ਸਨ ਰੱਖੇ ਹੋਏ। ਸੰਤਾਂ ਨੂੰ ਮਿਲਣ ਦੇ ਸਮੇਂ ਤੱਕ ਮੂੰਹ ਅਤੇ ਸਿਰ ਉੱਤੇ ਇੱਜ਼ਤ ਰੱਖਣ ਜੋਗੇ ਕੇਸ ਉੱਗ ਆਉਣ ਦੀ ਉਡੀਕ ਵਿੱਚ ਸੀ। ਓਸ ਤਰ੍ਹਾਂ ਓਸ ਨੇ ਬੰਬਈ (ਓਸ ਵੇਲੇ ਮੁੰਬਈ ਨਾਮਕਰਣ ਨਹੀਂ ਸੀ ਹੋਇਆ) ਆਪਣੀ ਬੇਟੀ ਨੂੰ ਮਿਲਣ ਲਈ ਜਾਣਾ ਸੀ।

ਫ਼ੌਜੀ ਅਫ਼ਸਰਾਂ ਵਿੱਚੋਂ ਮੈਂ ਕਰਨਲ ਭਗਤ ਸਿੰਘ, ਬ੍ਰਿਗੇਡੀਅਰ ਜੋਗਿੰਦਰ ਸਿੰਘ 'ਜੋਗੀ', ਜਨਰਲ ਗੁਰਬਖ਼ਸ਼ ਸਿੰਘ ਬੱਧਨੀ, ਜਨਰਲ ਨਰਿੰਦਰ ਸਿੰਘ ਨੂੰ ਜਾਣਦਾ ਸਾਂ। ਮੇਰੇ ਘਰ ਦੇ ਬਿਲਕੁਲ ਸਾਹਮਣੇ ਜਨਰਲ ਮਹਿੰਦਰ ਸਿੰਘ ਰਹਿੰਦੇ ਸਨ। ਇਹ ਬੜੇ ਨੇਕ ਸੁਭਾਅ ਦੇ ਗੁਰਮੁਖ ਸੱਜਣ ਸਨ। ਜਨਰਲ ਜੋਗਿੰਦਰ ਸਿੰਘ ਵੀ ਨੇੜੇ ਹੀ ਰਹਿੰਦੇ ਸਨ ਅਤੇ ਕੌਲਿਜ ਵਿੱਚ ਮੇਰੇ ਸਹਿਪਾਠੀ ਦੇ ਪਿਤਾ ਸਨ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਏਨੇਂ ਲੋਕਾਂ ਵਿੱਚੋਂ ਇੱਕ ਨੇ ਵੀ ਜਸਵੰਤ ਸਿੰਘ ਭੁੱਲਰ ਦੀ ਤਾਰੀਫ਼ ਨਾ ਕੀਤੀ। ਸਾਰਿਆਂ ਨੇ ਓਸ ਦੀ ਰਹਿਤ ਦੀ ਚੋਖੀ ਢਿੱਲ ਤੋਂ ਇਲਾਵਾ ਜਾਤੀ ਕਿਰਦਾਰ, ਪਹਿਲੀ ਪਤਨੀ, ਪਿਤਾ ਇਤਿਆਦਿ ਨਾਲ ਦੁਰ-ਵਿਵਹਾਰ ਦੀਆਂ ਕਈ ਕਹਾਣੀਆਂ ਸੁਣਾਈਆਂ। ਹਰ ਇੱਕ ਨੇ ਜਰਨੈਲ ਨੂੰ ਸੱਤਵਾਦੀ ਹੋਣ ਤੋਂ ਕੋਹਾਂ ਦੂਰ ਦੱਸਿਆ। ਜਨਰਲ ਗੁਰਬਖਸ਼ ਸਿੰਘ ਨੇ ਤਾਂ ਇਹ ਵੀ ਆਖ ਦਿੱਤਾ ਕਿ 'ਭੁੱਲਰ ਭੁੱਲ ਕੇ ਵੀ ਸੱਚ ਨਹੀਂ ਬੋਲਦਾ।' ਇਹਨਾਂ ਸਾਰੀਆਂ ਕਿੱਸਾ-ਕਹਾਣੀਆਂ ਦਾ ਨਿਚੋੜ ਮੈਂ ਸੰਤ ਜਰਨੈਲ ਸਿੰਘ ਨੂੰ ਥੋੜ੍ਹਾ ਘਟਾ ਕੇ ਜਾ ਦੱਸਿਆ ਕਿਉਂਕਿ ਮਨੁੱਖੀ ਰਿਸ਼ਤਿਆਂ ਵਿੱਚ ਥੋੜ੍ਹੀ ਥਾਂ ਗ਼ਲਤਫ਼ਹਿਮੀ, ਈਰਖਾ, ਨਾ-ਪਸੰਦਗੀ ਇਤਿਆਦਿ ਲਈ ਵੀ ਰੱਖਣੀ ਚਾਹੀਦੀ ਹੈ। ਸੰਤ ਨੇ ਪੂਰੇ ਧਿਆਨ ਨਾਲ ਸੁਣਿਆ ਪਰ ਆਖਿਆ ਕੁਝ ਵੀ ਨਾ। ਸੰਤ ਹਰਚੰਦ ਸਿੰਘ ਨੇ ਨਾ ਕਦੇ ਪੁੱਛਿਆ ਅਤੇ ਨਾ ਹੀ ਮੈਂ ਓਸ ਨਾਲ ਭੁੱਲਰ ਬਾਰੇ ਏਸ ਕਿਸਮ ਦੀ ਗੱਲ ਕੀਤੀ। ਆਪਣੇ-ਆਪ ਮੈਂ ਸਦਾ ਭੁੱਲਰ ਨਾਲ ਏਨੀਂ ਕੁ ਨੇੜਤਾ ਰੱਖੀ ਕਿ ਕੰਮ ਪ੍ਰਭਾਵਸ਼ਾਲੀ ਤਰੀਕੇ ਨਾਲ ਚੱਲਦਾ ਰਹੇ ਪਰ ਪੱਲਾ ਬਚਿਆ ਰਹੇ।

ਭੁੱਲਰ ਫ਼ੌਜੀ ਕਨਵੈਨਸ਼ਨ ਵਿੱਚ ਤਾਂ ਨਾ ਆ ਸਕਿਆ ਪਰ ਓਸ ਨੇ ਬੜੀ ਢੁਕਵੀਂ ਪੰਜਾਬੀ ਵਿੱਚ ਇੱਕ ਚਿੱਠੀ ਸੰਤ ਲੌਂਗੋਵਾਲ ਦੇ ਨਾਂਅ ਲਿਖ ਕੇ ਭੇਜੀ। ਓਸ ਵਿੱਚ ਓਸ ਨੇ ਆਖਿਆ ਕਿ ਏਸ਼ੀਆ ਖੇਡਾਂ ਦੌਰਾਨ ਓਸ ਦੀ ਦਿੱਲੀ ਜਾਂਦੇ ਦੀ ਹਰਿਆਣਾ ਦੀ ਪੁਲਿਸ ਨੇ ਸਿੱਖ ਜਾਣ ਕੇ ਬਹੁਤ ਬੇ-ਇੱਜ਼ਤੀ ਕੀਤੀ ਸੀ। ਏਸ ਘਟਨਾ ਨੇ ਓਸ ਨੂੰ ਆਪਣੇ ਲੋਕਾਂ ਨਾਲ ਖੜ੍ਹਨ ਲਈ ਪ੍ਰੇਰਨਾ ਦਿੱਤੀ। ਗੱਲਬਾਤ ਦੌਰਾਨ ਓਸ ਨੇ ਮੇਰੇ ਕੋਲ ਮੰਨਿਆ ਕਿ ਉਹਨਾਂ ਦਿਨਾਂ ਵਿੱਚ ਨਾ ਤਾਂ ਉਹ ਦਿੱਲੀ ਗਿਆ ਸੀ ਅਤੇ ਨਾ ਹੀ ਓਸ ਦੀ ਸਿੱਖ-ਪਛਾਣ ਓਦੋਂ ਤੱਕ ਬਣ ਸਕੀ ਸੀ। ਪਰ ਓਸ ਨੇ ਕਿਹਾ, ''ਸੱਚਾਈ ਤਾਂ ਇਹੋ ਹੈ ਨਾ ਕਿ ਜੇ ਮੈਂ ਓਦੋਂ ਦਿੱਲੀ ਜਾਂਦਾ ਅਤੇ ਬਤੌਰ ਸਿੱਖ ਪਛਾਣਿਆ ਜਾਂਦਾ ਤਾਂ ਹੋਣੀ ਤਾਂ ਮੇਰੇ ਨਾਲ ਏਂਵੇਂ ਹੀ ਸੀ''। ਓਸ ਦੇ ਫ਼ੌਜੀ ਤਰਕ ਨਾਲ ਤਾਂ ਕਾਸ ਦਾ ਝਗੜਾ ਸੀ ਪਰ ਮੈਨੂੰ ਜਾਪਿਆ ਕਿ ਜੇ ਇਹ ਹਰਿਆਣਾ ਵਾਲੀ ਗੱਲ ਨਾ ਲਿਖੀ ਜਾਂਦੀ ਤਾਂ ਵੀ ਖ਼ਤ ਓਨਾਂ ਹੀ ਪ੍ਰਭਾਵਸ਼ਾਲੀ ਹੋਣਾ ਸੀ।

ਜਨਰਲ ਭੁੱਲਰ ਬੰਬਈ ਤੋਂ ਵਾਪਸ ਆ ਗਿਆ ਅਤੇ ਅਸੀਂ ਇਕੱਠੇ ਅੰਮ੍ਰਿਤਸਰ ਗਏ ਤੇ ਸੰਤ ਭਿੰਡਰਾਂਵਾਲਿਆਂ ਨੂੰ ਮਿਲੇ। ਬੜੀ ਵਧੀਆ ਗੱਲਬਾਤ ਹੋਈ। ਏਸੇ ਤਰ੍ਹਾਂ ਹੀ ਸੰਤ ਲੌਂਗੋਵਾਲ ਨਾਲ ਵੀ। ਏਸ ਕਾਰਵਾਈ ਨੂੰ ਨਿਪਟਾ ਕੇ ਅਸੀਂ ਵਾਪਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਣ ਲਈ ਕਾਰ ਵੱਲ ਆ ਰਹੇ ਸਾਂ ਤਾਂ ਜਨਰਲ ਸੁਬੇਗ ਸਿੰਘ ਹੇਠਾਂ ਮਿਲ ਗਏ। ਉਹ ਵੀ ਆਮ ਵਾਰਤਾਲਾਪ ਕਰਦੇ ਰਹੇ। ਇੱਕ ਵਾਰੀ ਫ਼ੇਰ ਅਸੀਂ ਵਿਦਾਇਗੀ ਲਈ ਅਤੇ ਮੈਂ ਜਾ ਕੇ ਕਾਰ ਵਿੱਚ ਬੈਠ ਗਿਆ। ਜਨਰਲ ਭੁੱਲਰ ਨੇ ਆ ਕੇ ਤਾਕੀ ਖੋਲ੍ਹੀ। ਫ਼ੇਰ ਮੈਨੂੰ ਆਖਿਆ, 'ਇੱਕ ਮਿੰਟ ਰੁਕਣਾ ਮੈਂ ਸੁਬੇਗ ਸਿੰਘ ਨਾਲ ਇੱਕ ਹੋਰ ਗੱਲ ਕਰ ਆਵਾਂ।' ਦੋ ਕੁ ਮਿੰਟ ਵਿੱਚ ਹੀ ਭੁੱਲਰ ਵਾਪਸ ਆ ਗਿਆ।

ਰਾਹ ਵਿੱਚ ਬੜਾ ਹੈਰਾਨ ਹੋ ਕੇ, ਪੂਰੀ ਤਮਹੀਦ ਬੰਨ੍ਹ ਕੇ ਓਸ ਨੇ ਮੈਨੂੰ ਸੁਬੇਗ ਸਿੰਘ ਨਾਲ ਅਖ਼ੀਰ ਉੱਤੇ ਹੋਈ ਅਹਿਮ ਗੱਲ ਬਾਰੇ ਦੱਸਿਆ: 'ਬੰਗਲਾਦੇਸ਼ ਦੀ ਲੜਾਈ ਵਿੱਚ ਮੈਂ ਕਮਾਨ ਦਫ਼ਤਰ ਵਿੱਚ ਸਾਂ ਅਤੇ ਯੋਜਨਾ ਬਣਾਉਣ ਲਈ ਜ਼ਿੰਮੇਵਾਰ ਸਾਂ। ਸਾਰੀ ਬੰਗਲਾ ਦੇਸ਼ ਦੀ ਲੜਾਈ ਕਾਬਲ ਯੋਜਨਾ ਦੇ ਬਲਬੂਤੇ ਜਿੱਤੀ ਗਈ ਸੀ। ਓਦੋਂ ਸੁਬੇਗ ਸਿੰਘ ਮੁਕਤੀ-ਵਾਹਿਨੀ ਦਾ ਸੰਚਾਲਕ ਬਣਿਆ ਹੋਇਆ ਸੀ। ਏਸ ਨੇ ਵੀ ਰਣ ਵਿੱਚ ਬੜੀ ਬਹਾਦਰੀ ਵਿਖਾਈ। ਅਸਲ ਵਿੱਚ ਬੰਗਲਾ ਦੇਸ਼ ਦੀ ਜੰਗ ਅਸੀਂ ਦੋਨਾਂ ਨੇ ਹੀ ਜਿੱਤੀ ਸੀ। ਹੁਣ ਮੇਰੇ ਨਾਲ ਨਿਵੇਕਲੀ ਗੱਲਬਾਤ ਵਿੱਚ ਸੁਬੇਗ ਸਿੰਘ ਨੇ ਆਖਿਆ: ਭੁੱਲਰ, ਜੇ ਯੋਜਨਾਬੰਦੀ ਤੇਰੀ ਹੋਵੇ ਅਤੇ ਕਾਰਵਾਈ ਮੈਂ ਕਰਾਂ ਤਾਂ ਆਪਾਂ ਕੁਝ ਹੀ ਦਿਨਾਂ ਵਿੱਚ ਸਾਰੀ ਸਿੱਖ ਸਿਆਸਤ ਉੱਤੇ ਕਬਜ਼ਾ ਕਰ ਲਵਾਂਗੇ। ਅਕਾਲੀਆਂ ਨੂੰ ਤਾਂ ਅਕਲ ਉੱਕਾ ਹੀ ਨਹੀਂ; ਦੂਜੇ ਪਾਸੇ ਵੀ ਸੰਤਾਂ ਬਿਨਾ ਸਭ ਸਤਿਨਾਮ ਹੀ ਹੈ। ਤੂੰ ਹੁਣ ਦੇਰ ਨਾ ਕਰ ਅਤੇ ਝੱਟ ਆ ਕੇ ਨਾਲ ਰਲ ਜਾ' ਆਦਿ-ਆਦਿ। ਨਾਲੋ-ਨਾਲ ਭੁੱਲਰ ਸੁਬੇਗ ਸਿੰਘ ਨੂੰ ਕੋਸੀ ਜਾਵੇ। 'ਇਹਦੇ ਵਿੱਚ ਸ਼ਰਧਾ ਬਿਲਕੁਲ ਹੀ ਨਹੀਂ। ਬੰਗਲਾ ਦੇਸ਼ ਵੇਲੇ ਵੀ ਰਹਿਤ-ਬਹਿਤ ਨਹੀਂ ਸੀ ਰੱਖਦਾ। ਹੁਣ ਵੇਖੋ ਦੋਨਾਂ ਸੰਤਾਂ ਨਾਲ ਕਿੰਨਾ ਫ਼ਰੇਬ ਕਰ ਰਿਹਾ ਹੈ। ਉਹਨਾਂ ਦਾ ਖ਼ੈਰ-ਖ਼ਾਹ ਬਣਿਆ ਫਿਰਦਾ ਹੈ ਪਰ ਅੰਦਰੋਂ-ਅੰਦਰੀਂ ਕਿਹੋ ਜਿਹੇ ਇਰਾਦੇ ਮਨ ਵਿੱਚ ਧਾਰ ਕੇ ਬੈਠਾ ਹੈ। ਸੰਤਾਂ ਨਾਲ ਧੋਖਾ! ਏਦੂੰ ਮਾੜਾ ਬੰਦਾ ਹੋ ਨਹੀਂ ਸਕਦਾ'......

ਰਾਤੀਂ ਮੰਜੇ ਉੱਤੇ ਪੈ ਕੇ ਮੈਂ ਕਾਫ਼ੀ ਦੇਰ ਸੋਚਦਾ ਰਿਹਾ ਕਿ ਕੀ ਭੁੱਲਰ ਦੀ ਆਖੀ ਗੱਲ ਮੰਨਣ ਯੋਗ ਹੈ? ਆਖ਼ਰ ਮੈਂ ਆਪਣੇ-ਆਪ ਨੂੰ ਸਮਝਾਇਆ ਕਿ ਸੰਤ ਜਰਨੈਲ ਸਿੰਘ ਪਾਰਖੂ ਅੱਖ ਰੱਖਣ ਵਾਲਾ ਇਨਸਾਨ ਹੈ। ਉਹ ਧੋਖੇ-ਫ਼ਰੇਬ ਨੂੰ ਝੱਟ ਪਛਾਣ ਜਾਏਗਾ। ਗੁਰਬਾਣੀ ਦਾ ਫ਼ੁਰਮਾਨ ਹੈ ''ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ''। ਕੋਈ ਵੀ ਮਾੜੇ ਇਰਾਦੇ ਵਾਲਾ ਬੰਦਾ ''ਰਾਮ ਕਸਾਓਟੀ'' ਨਹੀਂ ਸਹਿ ਸਕਦਾ। ਇਹ ਵੀ ਹੋ ਸਕਦਾ ਹੈ ਕਿ ਸੁਬੇਗ ਸਿੰਘ ਨੇ ਭੁੱਲਰ ਦਾ ਅਸਲ ਇਰਾਦਾ ਜਾਣਨ ਲਈ ਅਜਿਹੀਆਂ ਗੱਲਾਂ ਏਸ ਨਾਲ ਕੀਤੀਆਂ ਹੋਣ! ਇਹ ਵੀ ਹੋ ਸਕਦਾ ਹੈ ਕਿ ਓਸ ਨੇ ਕੋਈ ਅਜਿਹੀ ਗੱਲ ਨਾ ਕੀਤੀ ਹੋਵੇ ਅਤੇ ਭੁੱਲਰ ਕੋਲੋਂ ਹੀ ਬਣਾ ਰਿਹਾ ਹੋਵੇ। ਏਸ ਤਰ੍ਹਾਂ ਦੇ ਖਿਆਲਾਂ ਵਿੱਚ ਡੁੱਬੇ ਨੂੰ ਮੈਨੂੰ ਆਖ਼ਰ ਨੀਂਦ ਆ ਗਈ।

ਅਗਲੇ ਦਿਨ ਸਵੇਰੇ ਭੁੱਲਰ ਜਾਗਿਆ ਤਾਂ ਮੈਂ ਇਸ਼ਨਾਨ ਕਰ ਕੇ ਗੁਟਕੇ ਤੋਂ ਪਾਠ ਕਰ ਰਿਹਾ ਸਾਂ। ਇਹ ਮੈਨੂੰ ਵੇਖ ਕੇ ਕਾਫ਼ੀ ਹੱਸਿਆ। ਬਾਅਦ ਵਿੱਚ ਆਖਿਆ, ''ਗੁਟਕੇ ਤੋਂ ਪਾਠ ਕਰ ਰਿਹਾ ਸੀ, ਅਜੇ ਤੱਕ ਬਾਣੀ ਯਾਦ ਨਹੀਂ ਹੋਈ'। ਮੈਂ ਗੱਲ ਨੂੰ ਆਈ-ਗਈ ਕਰਨਾ ਹੀ ਬਿਹਤਰ ਸਮਝਿਆ। ਭੁੱਲਰ ਨੇ ਇਸ਼ਨਾਨ ਕਰਦੇ ਵਕਤ ਹੀ ਜਪੁਜੀ ਸਾਹਿਬ ਦਾ ਪਾਠ ਗੁਨਗੁਨਾਉਣਾ ਸ਼ੁਰੂ ਕਰ ਦਿੱਤਾ ਅਤੇ ਬਾਹਰ ਆਉਣ ਤੱਕ ਮੁਕੰਮਲ ਕਰ ਲਿਆ। ਨਾਲ ਆਖਿਆ, 'ਮੈਨੂੰ ਤਾਂ ਸਭ ਨਿੱਤਨੇਮ ਦੀਆਂ ਬਾਣੀਆਂ ਕੰਠ ਹਨ। ਮੇਰੇ ਪਿਤਾ ਜੀ ਗੁਰਦ੍ਵਾਰਾ ਮਸਤੂਆਣਾ ਸੇਵਾ ਕਰਦੇ ਹੁੰਦੇ ਸਨ; ਮੈਂ ਤਾਂ ਓਦੋਂ ਹੀ ਯਾਦ ਕਰ ਲਈਆਂ ਸਨ। ਕਈ ਲੋਕ ਤਾਂ ਮੇਰੇ ਪਿਤਾ ਜੀ ਨੂੰ ਪਹੁੰਚਿਆ ਹੋਇਆ ਸੰਤ ਸਮਝਦੇ ਸਨ।'....

ਕਾਫ਼ੀ ਦੇਰ ਬਾਅਦ ਸੰਤ ਜਰਨੈਲ ਸਿੰਘ ਨੇ ਇੱਕ ਚੋਣਵੇਂ ਸਿੱਖਾਂ ਦੀ ਮਿਲਣੀ ਦਾ ਪ੍ਰਬੰਧ ਗੁਰੂ ਨਾਨਕ ਨਿਵਾਸ ਦੀ ਛੱਤ ਉੱਤੇ ਕੀਤਾ। ਦੋ ਦਿਨ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਆਖ਼ਰ ਸੰਤ ਬੋਲਿਆ। ਸਾਰਿਆਂ ਕੋਲੋਂ ਇੱਕ ਸਵਾਲ ਵੀ ਸੰਤ ਨੇ ਪੁੱਛਿਆ: 'ਜਿਨ੍ਹਾਂ-ਜਿਨ੍ਹਾਂ ਨੂੰ ਪੰਜੇ ਬਾਣੀਆਂ ਯਾਦ ਹਨ ਆਪਣੇ ਹੱਥ ਖੜ੍ਹੇ ਕਰੋ।' ਭੁੱਲਰ ਨੇ ਝੱਟ ਦੋਨੋਂ ਹੱਥ ਖੜ੍ਹੇ ਕਰ ਦਿੱਤੇ। ਮੈਨੂੰ ਤਾਂ ਕੁਈ ਹੈਰਾਨੀ ਨਾ ਹੋਈ ਕਿਉਂਕਿ ਮੇਰੇ ਕੋਲ ਤਾਂ ਪਹਿਲਾਂ ਹੀ ਭੁੱਲਰ ਏਸ ਸਬੰਧੀ ਦਾਅਵਾ ਕਰ ਚੁੱਕਾ ਸੀ। ਜਨਰਲ ਨਰਿੰਦਰ ਸਿੰਘ ਦੀ ਮੁਸਕਰਾਹਟ ਵਿੱਚ ਮੈ ਕਟਾਖ਼ਸ਼ ਦਾ ਰੰਗ ਵੇਖਿਆ। ਨਾ ਨਰਿੰਦਰ ਸਿੰਘ ਨੇ ਅਤੇ ਨਾ ਮੈਂ ਹੱਥ ਖੜ੍ਹੇ ਕੀਤੇ। ਦਰਬਾਰ ਸਾਹਿਬ ਦਾ ਪਵਿੱਤਰ ਮਾਹੌਲ ਸੀ, ਸਾਡੇ ਮੂੰਹ ਬਾਬਾ ਅਟੱਲ ਵੱਲ ਸਨ ਅਤੇ ਸੱਜੇ ਪਾਸੇ ਗੁਰੂ ਦਾ ਸੁਨਹਿਰੀ ਦਰਬਾਰ ਡਲ੍ਹਕਾਂ ਮਾਰ ਰਿਹਾ ਸੀ, ਸਾਹਮਣੇ ਖੜ੍ਹਾ ਇੱਕ ਗੁਰੂ ਕਾ ਪਿਆਰਾ ਸਵਾਲ ਪੁੱਛ ਰਿਹਾ ਸੀ। ਇਹਨਾਂ ਹਾਲਤਾਂ ਵਿੱਚ ਝੂਠ ਬੋਲ ਕੇ ਸੁਰਖਰੂ ਹੋ ਜਾਣਾ ਆਤਮਕ ਜੀਵਨ ਦੀ ਕੰਗਾਲੀ ਦਾ ਹੀ ਸੂਚਕ ਹੋ ਸਕਦਾ ਸੀ। ''ਥਰਹਰ ਕੰਪੈ ਬਾਲਾ ਜੀਉ॥ ਨਾ ਜਾਨਉ ਕਿਆ ਕਰਸੀ ਪੀਉ॥'' ਜਿੰਨੀਂ ਕੁ ਬਾਣੀ ਕੰਠ ਸੀ ਓਨੀਂ ਕੁ ਦੇ ਸ਼ਬਦ ਵੀ ਜ਼ੁਬਾਨੀ ਪਾਠ ਕਰਦਿਆਂ ਅੱਗੇ-ਪਿੱਛੇ ਹੋ ਜਾਂਦੇ ਸਨ। ਨਾ ਯਾਦ ਹੋਣਾ ਸੀ ਤਾਂ ਨਮੋਸ਼ੀ ਦਾ ਮੰਜ਼ਰ ਪਰ ਓਸ ਪਵਿੱਤਰ ਮਾਹੌਲ ਵਿੱਚ ਝੂਠਾ ਦਾਅਵਾ ਕਰਨਾ ਤਾਂ ਆਤਮਘਾਤੀ ਸੀ। ਕਈ ਲੋਕਾਂ ਨੇ ਨਮੋਸ਼ੀ ਸਹਿ ਲਈ ਅਤੇ ਹੱਥ ਖੜ੍ਹਾ ਨਾ ਕੀਤਾ।

ਵਾਪਸ ਆਉਂਦਿਆਂ ਅਸੀਂ ਚਾਰ ਜਣੇ ਇੱਕੋ ਕਾਰ ਵਿੱਚ ਸਾਂ। ਜਨਰਲ ਨਰਿੰਦਰ ਸਿੰਘ ਨੇ ਬਲਾਚੌਰ ਨੇੜੇ ਪਹੁੰਚ ਕੇ ਭੁੱਲਰ ਨੂੰ ਆਖਿਆ, 'ਭੁੱਲਰ ਤੂੰ ਬੜੇ ਤਪਾਕ ਨਾਲ ਦੋਵੇਂ ਹੱਥ ਖੜ੍ਹੇ ਕੀਤੇ ਸਨ। ਜਾਪ ਸਾਹਿਬ ਤਾਂ ਸੁਣਾ ਭਲਾ।' ਜਨਰਲ ਭੁੱਲਰ ਥੋੜ੍ਹਾ ਘਬਰਾ ਗਿਆ: 'ਨਹੀਂ-ਨਹੀਂ, ਤੁਹਾਨੂੰ ਗ਼ਲਤ-ਫ਼ਹਿਮੀ ਹੋਈ ਹੈ।' ਨਰਿੰਦਰ ਸਿੰਘ ਨੇ ਫ਼ੇਰ ਆਖਿਆ,'ਇਉਂ ਨਹੀਂ ਗੱਲ ਮੁੱਕਣੀ। ਤੂੰ ਦੋਨੋਂ ਹੱਥ ਖੜ੍ਹੇ ਕੀਤੇ ਸਨ। ਹੁਣ ਤਾਂ ਜਾਪ ਸਾਹਿਬ ਸੁਣਾ ਕੇ ਹੀ ਖਹਿੜਾ ਛੁੱਟੂ।' ਭੁੱਲਰ ਕਹਿੰਦਾ, 'ਨਹੀਂ, ਨਹੀਂ। ਜਾਪ ਸਾਹਿਬ ਨਹੀਂ...... ਦਰਅਸਲ ਮੈਨੂੰ ਪੰਜ ਸਵੱਈਏ ਯਾਦ ਹਨ।' ਜਨਰਲ ਨਰਿੰਦਰ ਸਿੰਘ ਬੋਲਿਆ, 'ਇਹ ਭਲਾ ਕਿਹੜੀ ਬਾਣੀ ਹੋਈ? ਦਸ ਸਵੱਈਏ ਤਾਂ ਹਨ, ਪਰ ਪੰਜ ਸਵੱਈਏ ਤਾਂ ਕਿਸੇ ਬਾਣੀ ਦਾ ਨਾਂਅ ਨਹੀਂ। ਮਤਲਬ ਇਹ ਕਿ ਤੈਨੂੰ ਇਹ ਵੀ ਪਤਾ ਨਹੀਂ ਕਿ ਪੰਜ ਬਾਣੀਆਂ ਕਿਹੜੀਆਂ ਹਨ।' ਮੈਂ ਅਜੇ ਮੌਕੇ ਦੀ ਨਜ਼ਾਕਤ ਤੋਂ ਟਾਲਾ ਵੱਟਣ ਦਾ ਢੰਗ ਲੱਭ ਹੀ ਰਿਹਾ ਸੀ ਕਿ ਕਰਨਲ ਭਗਤ ਸਿੰਘ ਨੇ ਗੱਲਬਾਤ ਦਾ ਰੁਖ਼ ਪਲਟਾ ਦਿੱਤਾ। ਕਰਨਲ ਭਗਤ ਸਿੰਘ ਜ਼ਰਾ ਉੱਚਾ ਸੁਣਦੇ ਸਨ; ਮਾਸਟਰ ਤਾਰਾ ਸਿੰਘ ਵਾਂਗ ਆਪਣੀ ਏਸ ਕਮਜ਼ੋਰੀ ਦਾ ਭਰਪੂਰ ਫ਼ਾਇਦਾ ਉਠਾਉਣਾ ਵੀ ਜਾਣਦੇ ਸਨ। ਬਾਅਦ ਵਿੱਚ ਜਦੋਂ ਮੈਂ ਪੁੱਛਿਆ ਕਿ ਕੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਕੀ ਗੱਲ ਚੱਲ ਰਹੀ ਹੈ, ਤਾਂ ਉਹਨਾਂ ਜੁਆਬ ਦਿੱਤਾ,'ਤਲਖ਼ੀ ਹੋਣ ਦਾ ਡਰ ਸੀ, ਮੈਂ ਏਸ ਲਈ ਗੱਲਬਾਤ ਦਾ ਰੁਖ ਹੋਰ ਪਾਸੇ ਕੀਤਾ ਸੀ।'

ਅਕਾਲੀ ਮੋਰਚੇ ਨੂੰ ਬਲ ਦੇਣ ਲਈ, ਮੰਗਾਂ ਇਤਿਆਦਿ ਦਾ ਵਿਸਥਾਰ ਕਰਨ ਲਈ ਓਹਨੀਂ ਦਿਨੀਂ ਮੈਂ ਇੱਕ ਮਿਲਣੀ ਦਾ ਇੰਤਜ਼ਾਮ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਚੰਡੀਗੜ੍ਹ ਕਰਦਾ ਹੁੰਦਾ ਸਾਂ। ਏਸ ਵਿੱਚ ਬੜੀਆਂ ਹਸਤੀਆਂ ਤਸ਼ਰੀਫ਼ ਲਿਆਉਂਦੀਆਂ ਸਨ। ਫ਼ੌਜੀ ਜਰਨੈਲਾਂ ਤੋਂ ਬਾਅਦ ਕਈ ਪ੍ਰੋਫ਼ੈਸਰ, ਕਈ ਸੇਵਾ ਮੁਕਤ ਅਫ਼ਸਰ (ਮਸਲਨ ਡੌਕਟਰ ਸੋਹਣ ਸਿੰਘ ਅਤੇ ਕਰਨੈਲ ਸਿੰਘ) ਅਤੇ ਕੁਝ ਕੁ ਵਕੀਲ ਵੀ ਆ ਜਾਂਦੇ ਸਨ। ਏਸ ਮਿਲਣੀ ਲਈ ਮੈਂ ਬੰਦਾ ਨਾਲ ਲੈ ਕੇ ਦੋ-ਤਿੰਨ ਘੰਟੇ ਪਹਿਲਾਂ ਦਫ਼ਤਰ ਜਾ ਕੇ ਕੁਰਸੀਆਂ ਥਾਂ ਸਿਰ ਕਰ ਕੇ, ਸਾਫ ਕਰਵਾ ਕੇ ਆਉਂਦਾ; ਸਾਰਿਆਂ ਨੂੰ ਟੈਲੀਫੋਨ ਕਰ ਕੇ ਸੱਦਾ ਦਿੰਦਾ, ਚਾਹ ਦਾ ਇੰਤਜ਼ਾਮ ਕਰਦਾ। ਪਹਿਲਾਂ ਮਿਲਣੀ ਦੇ ਮਕਸਦ ਬਾਰੇ ਗੱਲ ਕਰ ਕੇ, ਸਭ ਨੂੰ ਬੋਲਣ ਦਾ ਸੱਦਾ ਦਿੰਦਾ। ਜਦੋਂ ਸਾਡੇ ਬੁੱਧੀਜੀਵੀ ਆਪਣੇ ਵਿਚਾਰ ਪੇਸ਼ ਕਰ ਰਹੇ ਹੁੰਦੇ ਓਦੋਂ ਮੈਂ ਉੱਭਰ ਰਹੀ ਪ੍ਰਧਾਨ ਸੁਰ ਅਨੁਸਾਰ ਅਖ਼ਬਾਰਾਂ ਨੂੰ ਦੇਣ ਲਈ 'ਪ੍ਰੈੱਸ-ਨੋਟ' ਬਣਾਉਂਦਾ ਅਤੇ ਸਾਰਿਆਂ ਦੇ ਦਸਤਖ਼ਤ ਕਰਵਾ ਕੇ ਅਖ਼ਬਾਰਾਂ ਨੂੰ ਵੰਡਣ ਆਦਿ ਦੀ ਸੇਵਾ ਕਰਦਾ।

ਜਨਰਲ ਭੁੱਲਰ ਦੀ ਯੋਜਨਾ ਬੰਦੀ ਦੀ ਸੂਝ-ਬੂਝ ਤਾਂ ਕਮਾਲ ਦੀ ਹੈ ਈ ਸੀ। ਉਹ ਆ ਕੇ ਮੇਰੇ ਸੱਜੇ ਪਾਸੇ ਬੈਠ ਜਾਂਦਾ। ਮਾੜੀ-ਮੋਟੀ ਮਦਦ ਵੀ ਕਰ ਦਿੰਦਾ ਜਿਸ ਵੇਲੇ 'ਪ੍ਰੈੱਸ-ਨੋਟ' ਤਿਆਰ ਹੋ ਜਾਂਦਾ ਤਾਂ ਭੁੱਲਰ ਲੈ ਕੇ ਸਭ ਤੋਂ ਪਹਿਲਾਂ ਦਸਤਖ਼ਤ ਕਰ ਦਿੰਦਾ ਅਤੇ ਫ਼ੇਰ ਨਾਲ ਦੇ ਨੂੰ ਫੜਾ ਕੇ ਮੇਜ਼ ਦੇ ਉਦਾਲੇ ਘੁਮਾ ਦਿੰਦਾ। ਨਤੀਜਾ ਇਹ ਨਿਕਲਦਾ ਕਿ ਮੇਰੀ ਦਸਤਖ਼ਤ ਕਰਨ ਦੀ ਵਾਰੀ ਸਭ ਤੋਂ ਅਖ਼ੀਰ ਉੱਤੇ ਆਉਂਦੀ ਅਤੇ ਜਨਰਲ ਭੁੱਲਰ ਦੀ ਸਭ ਤੋਂ ਪਹਿਲਾਂ। ਥੋੜ੍ਹੀ ਦੇਰ ਬਾਅਦ ਇਹ ਵਿਸ਼ਾ ਚਰਚਾ ਵਿੱਚ ਆਉਣ ਲੱਗ ਪਿਆ। ਡੌਕਟਰ ਸੋਹਣ ਸਿੰਘ ਅਤੇ ਕਰਨੈਲ ਸਿੰਘ ਬਹੁਤ ਇਤਰਾਜ਼ ਕਰਨ ਲੱਗ ਪਏ ਕਿ ਸਾਰੇ ਬਿਆਨ ਇਉਂ ਜਾਪਦੇ ਹਨ ਜਿਵੇਂ ਭੁੱਲਰ ਦੇ ਹੀ ਹੋਣ। ਇੱਕ-ਦੋ ਵਾਰ ਮੈਂ ਦੱਬੀ ਜ਼ੁਬਾਨ ਵਿੱਚ ਇਤਰਾਜ਼ਾਂ ਦਾ ਜ਼ਿਕਰ ਪ੍ਰੋਫੈਸਰ ਗੁਰਦਰਸ਼ਨ ਸਿੰਘ ਨਾਲ ਅਤੇ ਕੁਝ ਹੋਰ ਦੋਸਤਾਂ ਨਾਲ ਕੀਤਾ। ਉਹ ਆਖਣ ਲੱਗੇ ਛੋਟੀ ਜਿਹੀ ਗੱਲ ਹੈ, ਡਾਕਟਰ ਸਾਹਿਬਾਨ ਨੂੰ ਸਮਝਾ ਦਿਉ।

ਚੰਦ ਦਿਨਾਂ ਵਿੱਚ ਹੀ ਇਤਰਾਜ਼ ਕਰਨ ਵਾਲੇ ਜ਼ਿਆਦਾ ਹੋ ਗਏ। ਪ੍ਰੋਫ਼ੈਸਰ ਆਖਣ ਇਹ ਇਹਨਾਂ ਦੀ ਹਉਮੈ ਬੋਲ ਰਹੀ ਹੈ। ਦੂਜਿਆਂ ਨੂੰ ਲੱਗੇ ਕਿ ਭੁੱਲਰ ਦੀ ਹਉਮੈ ਨਿੱਤ ਵਧਦੀ ਜਾ ਰਹੀ ਹੈ। ਏਸ ਤਰ੍ਹਾਂ ਦੇ ਇੱਕ-ਦੋ, ਕਾਰਜ ਸ਼ੈਲੀ ਦੇ, ਹੋਰ ਮਸਲੇ ਵੀ ਉੱਭਰੇ। ਮੈਂ ਉਹਨਾਂ ਲੋਕਾਂ ਨਾਲ ਸਾਂਝੇ ਕਰਦਾ ਰਿਹਾ ਜੋ ਮੈਨੂੰ ਹਮਦਰਦ ਅਤੇ ਗੱਲ ਨੂੰ ਅਗਾਂਹ ਤੋਰਨ ਵਾਲੇ ਜਾਪੇ। ਮੈਨੂੰ ਗੁੱਸੇ-ਗਿਲ਼ੇ ਵੀ ਸੁਣਨੇ ਪਏ। ਆਖ਼ਰ ਇੱਕ ਦਿਨ ਪ੍ਰੋਫ਼ੈਸਰ ਦਵਿੰਦਰ ਸਿੰਘ ਭਰੀ ਸਭਾ ਵਿੱਚ ਹੀ ਨਾਰਾਜ਼ ਹੋ ਗਏ: 'ਇਹ ਗੁਰਤੇਜ ਸਿੰਘ ਆਈ.ਏ.ਐਸ. ਦੇ ਤੌਰ-ਤਰੀਕੇ ਖ਼ਾਲਸਾ ਜੀ ਦੀਆਂ ਮਿਲਣੀਆਂ ਉੱਤੇ ਲਾਗੂ ਕਰਨਾ ਚਾਹੁੰਦਾ ਹੈ। ਇਹ ਕਦੇ ਬਰਦਾਸ਼ਤ ਨਹੀਂ ਹੋਵੇਗਾ।'.... ਪਤਾ ਲੱਗਾ ਕਿ ਜਨਰਲ ਭੁੱਲਰ ਦੀ ਸ਼ਹਿ ਉੱਤੇ ਓਸ ਨੇ ਇਹ ਕਦਮ ਚੁੱਕਿਆ ਸੀ।

ਮੇਰਾ ਵੀ ਸਬਰ ਦਾ ਪਿਆਲਾ ਭਰ ਚੁੱਕਿਆ ਸੀ। ਓਸ ਤੋਂ ਬਾਅਦ ਮੈਂ ਸੱਦੇ ਦੇਣੇ ਅਤੇ ਇੰਤਜ਼ਾਮ ਕਰਨਾ ਬੰਦ ਕਰ ਦਿੱਤਾ ਅਤੇ ਮਿਲਣੀਆਂ ਆਪਣੇ-ਆਪ ਬੀਤੇ ਦੀ ਗੱਲ ਬਣ ਗਈਆਂ। ਬ੍ਰਿਗੇਡੀਅਰ ਜੋਗਿੰਦਰ ਸਿੰਘ ਜੋਗੀ ਨੇ ਜ਼ਰੂਰ ਕੁਝ ਕੁ ਲੋਕਾਂ ਦੇ ਮਿਲਣ ਦਾ ਇੰਤਜ਼ਾਮ ਆਪਣੇ 17 ਸੈਕਟਰ ਵਾਲੇ ਦਫ਼ਤਰ ਵਿੱਚ ਕੀਤਾ ਪਰ ਛੇਤੀ ਹੀ ਉਹ ਵੀ ਥੱਕ ਗਿਆ। ਗਾਹੇ-ਬਗਾਹੇ ਉਹਨਾਂ ਵਿੱਚੋਂ ਕੁਝ ਲੋਕ ਮਿਲ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਰਹੇ ਪਰ ਇੱਕ ਮੁਹਿੰਮ, ਜੋ ਓਸ ਵੇਲੇ ਬਣ ਚੁੱਕੀ ਸੀ, ਦਾ ਜੋਸ਼ ਖ਼ਤਮ ਕਰ ਦਿੱਤਾ ਗਿਆ। ਏਸ ਲਈ ਮੈਂ ਜਨਰਲ ਭੁੱਲਰ ਨੂੰ ਮੁੱਖ ਤੌਰ ਉੱਤੇ ਦੋਸ਼ੀ ਜਾਣਿਆ। ਪਿੱਛੋਂ ਤਕਰੀਬਨ ਦਸੰਬਰ 1983-ਜਨਵਰੀ 1984 ਵਿੱਚ ਪਤਾ ਲੱਗਿਆ ਕਿ ਜਨਰਲ ਭੁੱਲਰ ਦੀ ਵਿਚਾਰਧਾਰਾ ਫ਼ਰਕ ਹੋ ਚੁੱਕੀ ਸੀ।

ਗਰਮੀਆਂ ਦੀ ਇੱਕ ਕੜਕਦੀ ਦੁਪਹਿਰ ਨੂੰ ਜਨਰਲ ਭੁੱਲਰ ਫ਼ੌਜੀ ਜੌਂਗੇ ਵਿੱਚ ਇੱਕ ਬ੍ਰਿਗੇਡੀਅਰ ਨਾਲ ਆਇਆ ਜਿਸ ਨੂੰ ਓਸ ਨੇ ਆਪਣਾ ਦੋਸਤ ਦੱਸਿਆ। ਉਸ ਦਾ ਕਹਿਣਾ ਸੀ, 'ਸਰਕਾਰ ਦਰਬਾਰ ਸਾਹਿਬ ਉੱਤੇ ਹਮਲਾ ਜ਼ਰੂਰ ਕਰੇਗੀ। ਸਿੱਖਾਂ ਦੀ ਇੱਜ਼ਤ ਰੱਖਣ ਲਈ, ਸਿੱਖ ਇਤਿਹਾਸ ਦਾ ਗੌਰਵ ਕਾਇਮ ਰੱਖਣ ਲਈ, ਹਮਲੇ ਦਾ ਡੱਟ ਕੇ ਮੁਕਾਬਲਾ ਕਰਨਾ ਨਿਹਾਇਤ ਜ਼ਰੂਰੀ ਹੈ। ਸੰਤਾਂ ਤੋਂ ਬਿਨਾਂ ਕਿਸੇ ਨੇ ਮੁਕਾਬਲਾ ਨਹੀਂ ਕਰਨਾ ਪਰ ਸੰਤਾਂ ਕੋਲ ਛੋਟੇ-ਮੋਟੇ ਹਥਿਆਰ ਹਨ ਜਿਨ੍ਹਾਂ ਦੀ ਮਾਰ ਸੌ, ਦੋ ਸੌ ਗਜ਼ ਤੋਂ ਵੱਧ ਨਹੀਂ। ਫੌਜ ਦੇ ਹਥਿਆਰਾਂ ਦੇ ਮੁਕਾਬਲੇ ਇਹ ਗੁਲੇਲਾਂ ਹੀ ਹਨ। ਅਜਿਹੇ ਹਥਿਆਰਾਂ ਨਾਲ ਪੁਲਿਸ ਜਾਂ ਫ਼ੌਜ ਦਾ ਮੁਕਾਬਲਾ ਨਹੀਂ ਹੋ ਸਕਦਾ। ਸਾਡੇ ਕੋਲ ਬੰਗਲਾ ਦੇਸ਼ ਤੋਂ ਕਬਜ਼ੇ ਵਿੱਚ ਲਏ ਬਹੁਤ ਹਥਿਆਰ ਪਏ ਹਨ। ਅਸੀਂ ਵੀ ਸਿੱਖ ਹਾਂ। ਸਾਡੀ ਇੱਜ਼ਤ ਵੀ ਤਾਂ ਰਹਿੰਦੀ ਹੈ ਜੇ ਮੁਕਾਬਲਾ ਡਟਵਾਂ ਹੋਵੇ। ਅਸੀਂ ਇੱਕ ਟਰੱਕ ਹਥਿਆਰਾਂ ਦਾ ਸੰਤਾਂ ਨੂੰ ਦੇਣਾ ਚਾਹੁੰਦੇ ਹਾਂ। ਤੁਸੀ ਲੈ ਕੇ ਕਿਵੇਂ ਨਾ ਕਿਵੇਂ ਸੰਤਾਂ ਨੂੰ ਪਹੁੰਚਾ ਦਿਉ।'

ਮੈਂ ਇਹ ਸੁਣ ਕੇ ਬਿਲਕੁਲ ਹੈਰਾਨ ਰਹਿ ਗਿਆ। ਫ਼ੌਜੀ ਵਾਹਨ ਵਿੱਚ ਡਰਾਈਵਰ ਨਾਲ ਲੈ ਕੇ ਦਿਨ-ਦਿਹਾੜੇ ਆਇਆ ਬ੍ਰਿਗੇਡੀਅਰ ਅਜਿਹੀ ਪੇਸ਼ਕਸ਼ ਕਿਸੇ ਤੀਸਰੇ ਆਦਮੀ ਦੇ ਸਾਹਮਣੇ ਨਹੀਂ ਕਰ ਸਕਦਾ। ਏਸ ਨਿਸਕਰਸ਼ ਉੱਤੇ ਪਹੁੰਚਣ ਲਈ ਮੈਨੂੰ ਦੇਰ ਨਾ ਲੱਗੀ। ਏਸ ਵਿੱਚੋਂ ਨਿਕਲਣ ਦੀ ਤਰਕੀਬ ਵੀ ਕੁਦਰਤੀ ਸੁੱਝ ਗਈ। ਉਹਨੀਂ ਦਿਨੀਂ ਸੰਤ ਲੌਂਗੋਵਾਲ ਨੂੰ ਸੁਝਾਅ ਦਿੱਤਾ ਗਿਆ ਸੀ ਕਿ ਉਹ ਪੰਜਾਬ ਦੇ ਦਰਿਆਵਾਂ ਦਾ ਲੁੱਟਿਆ ਪਾਣੀ ਜੇ ਰਾਜਿਸਥਾਨ ਜਾਣ ਤੋਂ ਰੋਕ ਲਵੇ ਤਾਂ ਕੇਂਦਰੀ ਸਰਕਾਰ ਮੋਰਚੇ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਨ ਲਈ ਮਜਬੂਰ ਹੋ ਜਾਵੇਗੀ। ਏਸ ਮਕਸਦ ਲਈ ਰਾਜਿਸਥਾਨ ਫ਼ੀਡਰ ਨਹਿਰ ਨੂੰ ਤੋੜਨ ਲਈ ਓਸ ਨੇ ਕੁਝ ਬਾਰੂਦੀ ਛੜੀਆਂ ਆਦਿ ਮੰਗਵਾ ਲਈਆਂ ਸਨ। ਮੁਸ਼ਕਲ ਇਹ ਸੀ ਗ਼ਲਤ ਥਾਂ ਉੱਤੋਂ ਨਹਿਰ ਤੋੜਨ ਨਾਲ ਪੰਜਾਬ ਦਾ ਨੁਕਸਾਨ ਵਧੇਰੇ ਸੀ। ਉਹ ਚਾਹੁੰਦਾ ਸੀ ਕਿ ਐਸੀ ਜਗ੍ਹਾ ਤੋਂ ਤੋੜੀ ਜਾਵੇ ਜਿੱਥੋਂ ਪਾਣੀ ਹਰਿਆਣਾ, ਰਾਜਿਸਥਾਨ ਦਾ ਨੁਕਸਾਨ ਜ਼ਿਆਦਾ ਕਰੇ। ਇਹ ਸਮੱਸਿਆ ਓਸ ਨੇ ਮੈਨੂੰ ਦੱਸੀ ਤਾਂ ਮੈਂ ਸਲਾਹ ਦਿੱਤੀ ਕਿ ਉਹ ਫ਼ੌਜ ਦੇ ਨਕਸ਼ੇ, ਜਿਨ੍ਹਾਂ ਨੂੰ 'ਇੱਕ ਇੰਚ' ਨਕਸ਼ੇ ਆਖਿਆ ਜਾਂਦਾ ਹੈ, ਮੰਗਵਾ ਲਵੇ। ਇਹਨਾਂ ਵਿੱਚ ਢਾਲ ਦਾ ਰੁਖ਼ ਵੀ ਦੱਸਿਆ ਹੁੰਦਾ ਹੈ। ਏਸ ਤੋਂ ਪੱਕਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਣੀ ਕਿੱਥੋਂ ਕਿੱਧਰ ਨੂੰ ਵਗੇਗਾ। ਮੁਸ਼ਕਲ ਇਹ ਸੀ ਕਿ ਇਹ ਨਕਸ਼ੇ ਫ਼ੌਜ ਵਿੱਚੋਂ ਹੀ ਮਿਲਦੇ ਸਨ। ਸੰਤ ਨੇ ਮੈਨੂੰ ਵੀ ਵਿੜਕ ਰੱਖਣ ਲਈ ਆਖਿਆ।

ਮੈਂ ਓਸ ਬ੍ਰਿਗੇਡੀਅਰ ਨੂੰ ਆਖਿਆ, 'ਮੈਨੂੰ ਤਾਂ ਹਥਿਆਰ ਦੀ ਉੱਕਾ ਵਾਕਫ਼ੀਅਤ ਨਹੀਂ। ਨਾ ਹੀ ਮੈਂ ਏਨੇਂ ਹਥਿਆਰ ਦਰਬਾਰ ਸਾਹਿਬ ਸਮੂਹ ਵਿੱਚ ਲੈ ਕੇ ਜਾ ਸਕਦਾ ਹਾਂ। ਇਹ ਕੰਮ ਤਾਂ ਜਨਰਲ ਭੁੱਲਰ ਬਿਹਤਰ ਕਰ ਸਕਣਗੇ। ਮੈਨੂੰ ਤਾਂ ਕਿਸੇ ਕੰਮ ਲਈ ਫ਼ੌਜ ਦੇ ਫ਼ਲਾਨੇ ਇਲਾਕੇ ਦੇ 'ਇੱਕ ਇੰਚ' ਨਕਸ਼ੇ ਚਾਹੀਦੇ ਹਨ। ਜੇ ਦੇ ਸਕੋ ਤਾਂ ਧੰਨਵਾਦੀ ਹੋਵਾਂਗਾ।' ਏਸ ਤੋਂ ਬਾਅਦ ਹਥਿਆਰਾਂ ਬਾਰੇ ਕੁਈ ਗੱਲ ਨਾ ਹੋਈ ਅਤੇ ਨਕਸ਼ੇ ਮੈਨੂੰ ਪਹੁੰਚ ਗਏ ਜੋ ਮੈਂ ਸੰਤ ਲੌਂਗੋਵਾਲ ਕੋਲ ਪੁਚਾ ਦਿੱਤੇ। ਕਿਸੇ ਕਾਰਣ ਸੰਤ ਨੇ ਉਹ ਵਰਤੇ ਨਾ। ਆਖ਼ਰ ਫੌਜੀ ਕਾਰਵਾਈ ਸਮੇਂ ਬਾਰੂਦ ਦੀਆਂ ਛੜੀਆਂ ਵੀ ਸੰਤ ਦੇ ਮੰਜੇ ਹੇਠੋਂ ਬ੍ਰਾਮਦ ਹੋ ਗਈਆਂ।

ਭੁੱਲਰ ਦੀ ਉਪਰੋਕਤ ਪੇਸ਼ਕਸ਼ ਤੋਂ 15-20 ਦਿਨ ਬਾਅਦ ਅਖ਼ਬਾਰ ਵਿੱਚ ਖ਼ਬਰ ਆਈ ਕਿ ਕਾਰ ਸੇਵਾ ਦੇ ਟਰੱਕ ਵਿੱਚ ਆਟੇ-ਖੰਡ ਦੀਆਂ ਬੋਰੀਆਂ ਹੇਠ ਹਥਿਆਰਾਂ ਦੀ ਵੱਡੀ ਖੇਪ ਦਰਬਾਰ ਸਾਹਿਬ ਜਾਂਦੀ ਰੋਕੀ ਗਈ ਪ੍ਰੰਤੂ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਖਿਆ ਕਿ ਕਾਰ-ਸੇਵਾ ਦੇ ਟਰੱਕਾਂ ਨੂੰ ਬਿਨਾਂ ਤਲਾਸ਼ੀ ਦੇ ਅੰਦਰ ਜਾਣ ਦਿੱਤਾ ਜਾਵੇ। ਏਸ ਤੋਂ ਬਾਅਦ ਇਹ ਟਰੱਕ ਅੰਦਰ ਚਲਾ ਗਿਆ। ਇਹ ਬੜੀ ਅਚੰਭੇ ਵਾਲੀ ਗੱਲ ਸੀ ਕਿ ਕੇਂਦਰੀ ਰਿਜ਼ਰਵ ਬਲ ਅਜਿਹੇ ਟਰੱਕ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮ ਉੱਤੇ ਅੰਦਰ ਜਾਣ ਦੇਣ। ਇਹ ਤਸੱਵਰ ਵਿੱਚ ਆਉਣ ਵਾਲਾ ਤੱਥ ਨਹੀਂ ਸੀ।

ਕੁਝ ਕੁ ਦਿਨਾਂ ਬਾਅਦ ਜਨਰਲ ਭੁੱਲਰ ਅਤੇ ਮੈਂ ਦਰਬਾਰ ਸਾਹਿਬ ਗਏ। ਅਸੀਂ ਅਜੇ ਪ੍ਰਕਰਮਾ ਵਿੱਚ ਹੀ ਸਾਂ ਕਿ ਬੀਬੀ ਅਮਰਜੀਤ ਕੌਰ ਨੇ ਉੱਪਰੋਂ ਸਾਨੂੰ ਵੇਖ ਲਿਆ। ਓਸ ਵੇਲੇ ਉਹ ਨਿਸ਼ਾਨ ਸਾਹਿਬ ਦੇ ਕੋਲ ਪ੍ਰਕਰਮਾਂ ਦੇ ਉੱਪਰਲੇ ਕਮਰੇ ਵਿੱਚ ਰਹਿੰਦੀ ਸੀ। ਓਸ ਨੇ ਇੰਦਰਜੀਤ ਸਿੰਘ ਬਾਗ਼ੀ ਨੂੰ ਭੇਜ ਕੇ ਸਾਨੂੰ ਬੁਲਾ ਲਿਆ। ਮੈਨੂੰ ਮੁਖ਼ਾਤਬ ਹੋ ਕੇ ਬੀਬੀ ਨੇ ਆਖਿਆ, 'ਭਾਜੀ, ਤੁਸੀਂ ਸੰਤਾਂ ਨੂੰ ਇੱਕ ਟਰੱਕ ਹਥਿਆਰਾਂ ਦਾ ਲਿਆ ਕੇ ਦਿੱਤਾ ਹੈ। ਤੁਹਾਨੂੰ ਤਾਂ ਪਤਾ ਹੀ ਹੈ ਕਿ ਸੰਤ ਤਾਂ ਕੁਝ ਵੀ ਨਹੀਂ ਕਰਦੇ। ਜਿੰਨੀਆਂ ਵਾਰਦਾਤਾਂ ਹੋ ਰਹੀਆਂ ਹਨ ਉਹ ਤਾਂ ਸਾਰੀਆਂ ਸਾਡੇ ਅਖੰਡ ਕੀਰਤਨੀ ਜਥੇ ਦੇ ਬੱਬਰ ਹੀ ਕਰ ਰਹੇ ਹਨ। ਸਾਡੇ ਕੋਲ ਹਥਿਆਰਾਂ ਦੀ ਬਹੁਤ ਘਾਟ ਹੈ। ਤੁਸੀਂ ਸਾਨੂੰ ਵੀ ਥੋੜ੍ਹੇ ਜਿਹੇ ਹਥਿਆਰ ਲਿਆ ਦੇਵੋ ਤਾਂ ਚੰਗਾ ਹੋਵੇ। ਫ਼ੇਰ ਤੁਸੀਂ ਵੇਖਿਓ ਅਸੀਂ ਕੀ ਕਰਨ ਜੋਗੇ ਹਾਂ।'

ਇਹ ਸੁਣ ਕੇ ਮੈਂ ਜਰਨੈਲ ਵੱਲ ਵੇਖਿਆ ਤਾਂ ਉਹ ਘੋਖਵੀਂ ਨਜ਼ਰ ਨਾਲ ਮੇਰੇ ਵੱਲ ਪਹਿਲਾਂ ਹੀ ਵੇਖ ਰਿਹਾ ਸੀ। ਬੀਬੀ ਅਮਰਜੀਤ ਕੌਰ ਭਾਈ ਫ਼ੌਜਾ ਸਿੰਘ ਦੀ ਪਤਨੀ ਹੈ ਜੋ ਕੌਮ ਦਾ ਵੱਡਾ ਆਪਾ-ਵਾਰੂ ਜਰਨੈਲ ਸੀ। ਆਪਣੀ ਰੂਪੋਸ਼ੀ ਦੇ ਦਿਨੀਂ ਉਹ ਇੱਕ-ਦੋ ਵਾਰ ਮੈਨੂੰ ਮਿਲਿਆ ਸੀ। ਓਸ ਦਾ ਹਸੂੰ-ਹਸੂੰ ਕਰਦਾ ਚਿਹਰਾ, ਓਸ ਦੇ ਨੇਕ ਪਵਿੱਤਰ ਵਿਚਾਰ, ਓਸ ਦੇ ਜਾਂਬਾਜ਼ ਕਾਰਨਾਮੇ ਹਰ ਇੱਕ ਦਾ ਸਤਿਕਾਰ ਜਿੱਤਣ ਲਈ ਕਾਫ਼ੀ ਸਨ। ਮੈਂ ਬੀਬੀ ਨੂੰ ਫ਼ੌਜਾ ਸਿੰਘ ਸਦਕਾ ਕੌਮ ਦੀ ਧਰੋਹਰ ਸਮਝਦਾ ਸਾਂ। ਇੱਕ ਵਾਰ ਤਾਂ ਮੈਂ 'ਕੋਸ਼ਿਸ਼ ਕਰਾਂਗਾ' ਵਰਗਾ ਫ਼ਿਕਰਾ ਬੋਲ ਕੇ ਓਸ ਦਾ ਦਿਲ ਰੱਖਣ ਦੀ ਸੋਚੀ। ਪਰ ਮੈਂ ਏਹੀ ਆਖਿਆ, 'ਭੈਣ ਜੀ, ਮੈਨੂੰ ਨਹੀਂ ਪਤਾ ਸੰਤਾਂ ਨੂੰ ਹਥਿਆਰ ਕਿਸ ਨੇ ਲਿਆ ਕੇ ਦਿੱਤੇ ਹਨ। ਮੇਰੇ ਕੋਲ ਤਾਂ ਗੁਲੇਲ ਵੀ ਨਹੀਂ ਹੈ। ਮੈਂ ਤੁਹਾਡੇ ਜਥੇ ਬਾਰੇ ਥੋੜ੍ਹੀ ਵਾਕਫ਼ੀਅਤ ਰੱਖਦਾ ਹਾਂ। ਜੇ ਮੇਰੇ ਕੋਲ ਕੁਝ ਹੁੰਦਾ ਤਾਂ ਯਕੀਨਨ ਮੈਂ ਤਹਾਨੂੰ ਹੀ ਲਿਆ ਕੇ ਦੇਣਾ ਸੀ'

ਏਨੀਂ ਗੱਲ ਸੁਣ ਕੇ ਜਨਰਲ ਭੁੱਲਰ ਝੱਟ ਬੋਲ ਪਿਆ, 'ਦਰ ਅਸਲ...... ਤੁਹਾਨੂੰ ਗਲ਼ਤ ਫ਼ਹਿਮੀ ਹੋਈ ਹੈ.... ਹਥਿਆਰਾਂ ਦਾ ਟਰੱਕ..... ਦਰ ਅਸਲ ਮੈਂ ਲਿਆ ਕੇ ਦਿੱਤਾ ਹੈ।' ਮੈਨੂੰ ਇਹ ਸੁਣ ਕੇ ਹੈਰਾਨੀ ਤਾਂ ਨਾ ਹੋਈ ਪਰ ਇਹ ਰੰਜ ਜ਼ਰੂਰ ਹੋਇਆ ਕਿ ਏਸ ਨੇ ਮੈਨੂੰ ਪਹਿਲਾਂ ਕਿਉਂ ਇਹ ਗੱਲ ਨਾ ਦੱਸੀ। ਚੰਡੀਗੜ੍ਹ ਵਾਪਸ ਆਉਂਦਿਆਂ ਮੈਂ ਭੁੱਲਰ ਨੂੰ ਪੁੱਛਿਆ ਕਿ ਉਸ ਨੇ ਟਰੱਕ ਨੂੰ ਕੇਂਦਰੀ ਬਲਾਂ ਦੇ ਫੜਨ ਤੋਂ ਬਾਅਦ ਕਿਵੇਂ ਛੁਡਾਇਆ ਸੀ? ਓਸ ਨੇ ਮੈਨੂੰ ਬੜੀ ਵਧੀਆ ਕਹਾਣੀ ਸੁਣਾਈ। ਕਹਿੰਦਾ, 'ਮੈਂ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਗੁਰਦੇਵ ਸਿੰਘ ਬਰਾੜ ਨੂੰ ਪੁਰਾਣਾ ਜਾਣਦਾ ਹਾਂ। ਜਦੋਂ ਮੈਂ ਫ਼ਾਜ਼ਿਲਕਾ ਸਰਹੱਦ ਉੱਤੇ ਡਿਊਟੀ ਉੱਤੇ ਸਾਂ ਓਦੋਂ ਸਾਡਾ ਸਿਵਲ ਵਾਲਿਆਂ ਨਾਲ ਕਾਫ਼ੀ ਆਉਣ-ਜਾਣ ਰਹਿੰਦਾ ਸੀ। ਇਹ ਮੇਰਾ ਦੋਸਤ ਬਣ ਗਿਆ। ਪਰ ਇੱਕ ਨਿਗੂਣੀ ਜਿਹੀ ਗੱਲ ਤੋਂ ਵਿਗੜ ਗਈ। ਇੱਕ ਰਾਤ ਅਸੀਂ ਇਹਨਾਂ ਕੋਲ ਖਾਣਾ ਖਾ ਰਹੇ ਸਾਂ ਤਾਂ ਮੇਰਾ ਬੱਚਾ ਸੌਂ ਗਿਆ। ਓਸ ਨੂੰ ਅਸੀਂ ਇਹਨਾਂ ਦੇ ਬਿਸਤਰੇ ਉੱਤੇ ਪਾ ਦਿੱਤਾ। ਬੱਚੇ ਨੇ ਨੀਂਦ ਵਿੱਚ ਕੱਪੜਿਆਂ ਉੱਤੇ ਪਿਸ਼ਾਬ ਕਰ ਦਿੱਤਾ ਜਿਸ ਉੱਤੇ ਗੁਰਦੇਵ ਸਿੰਘ ਤੇ ਓਸ ਦੀ ਘਰਵਾਲੀ ਲੋੜ ਨਾਲੋਂ ਵੱਧ ਨਾਰਾਜ਼ ਹੋ ਗਏ। ਮੈਂ ਫ਼ੇਰ ਏਸ ਨੂੰ ਨਾ ਮਿਲਿਆ। ਹੁਣ ਪੰਥਕ ਮਸਲਾ ਸੀ, ਏਸ ਲਈ ਮੈਂ ਏਸ ਨੂੰ ਟੈਲੀਫ਼ੋਨ ਕੀਤਾ ਤਾਂ ਏਸ ਨੇ ਦਖ਼ਲ ਦੇ ਕੇ ਝੱਟ ਟਰੱਕ ਛੁਡਵਾ ਦਿੱਤਾ'। ਕਹਾਣੀ ਤਾਂ ਪ੍ਰਭਾਵਸ਼ਾਲੀ ਸੀ ਪਰ ਏਸ ਦੇ ਸੱਚ ਉੱਤੇ ਯਕੀਨ ਕਰਨਾ ਆਪਣੇ-ਆਪ ਨੂੰ ਮੂਰਖ ਸਾਬਤ ਕਰਨ ਵਾਲੀ ਗੱਲ ਸੀ। ਜਿਹੜੀ ਘਟਨਾ ਦੀ ਖ਼ਬਰ ਛਪਣ ਤੱਕ ਨੌਬਤ ਆ ਚੁੱਕੀ ਹੋਵੇ ਓਸ ਨੂੰ ਏਨਾਂ ਸੌਖਿਆਂ ਆਇਆ-ਗਿਆ ਕਰ ਦੇਣਾ ਏਵੇਂ ਸੰਭਵ ਨਹੀਂ ਸੀ ਜਿਵੇਂ ਜਰਨੈਲ ਦੱਸ ਰਿਹਾ ਸੀ। ਕੇਂਦਰੀ ਬਲ ਜ਼ਿਲ੍ਹਾ ਮੈਜਿਸਟ੍ਰੇਟ ਦਾ ਹੁਕਮ ਮੰਨਣ ਲਈ ਬਿਲਕੁਲ ਵੀ ਮਜਬੂਰ ਨਹੀਂ ਸਨ।

ਕਈ ਸਾਲ ਬਾਅਦ (1989 ਦੇ ਕਰੀਬ) ਜਦੋਂ ਸਰਦਾਰ ਦਲਜੀਤ ਸਿੰਘ ਦੇ ਘਰ ਮੈਨੂੰ ਗੁਰਦੇਵ ਸਿੰਘ ਮਿਲਿਆ ਤਾਂ ਮੈਂ ਓਸ ਨੂੰ ਪੁੱਛਿਆ ਕਿ ਉਹ ਜਨਰਲ ਭੁੱਲਰ ਨੂੰ ਕਦੋਂ ਤੋਂ ਜਾਣਦਾ ਹੈ ਤਾਂ ਓਸ ਨੇ ਆਖਿਆ ਕਿ ਉਹ ਭੁੱਲਰ ਨੂੰ ਜਾਤੀ ਤੌਰ ਉੱਤੇ ਨਹੀਂ ਜਾਣਦਾ। ਬੱਚੇ ਦੇ ਓਸ ਦੇ ਬਿਸਤਰੇ ਵਿੱਚ ਪਿਸ਼ਾਬ ਕਰਨ ਵਾਲੀ ਘਟਨਾ ਦਾ ਮੈਂ ਜ਼ਿਕਰ ਕੀਤਾ ਤਾਂ ਵੀ ਓਸ ਓਹੀ ਜੁਆਬ ਦਿੱਤਾ।

ਓਦੋਂ ਤੱਕ ਉਨ੍ਹਾਂ ਹਥਿਆਰਾਂ ਦਾ ਰਾਜ਼, ਜੋ ਦਰਬਾਰ ਸਾਹਿਬ ਸਮੂਹ ਵਿੱਚ ਦਾਖਲ ਕੀਤੇ ਗਏ ਸਨ, ਖੁੱਲ੍ਹ ਚੁੱਕਿਆ ਸੀ। ਜੇਠਮਲਾਨੀ ਦੇ ਰਸਾਲੇ ਸੂਰੀਆ ਵਿੱਚ ਸਾਰਾ ਵੇਰਵਾ ਲਿੱਖਿਆ ਜਾ ਚੁੱਕਾ ਸੀ। ਇੰਦਰਾ ਸਰਕਾਰ ਨੇ 'ਥਰਡ ਏਜੰਸੀ' ਨਾਂਅ ਦਾ ਇੱਕ ਸੰਗਠਨ ਬਣਾਇਆ ਹੋਇਆ ਸੀ ਜਿਸ ਵਿੱਚ ਸਿਵਲ, ਮਿਲਟਰੀ, ਸਿਆਸੀ, ਪ੍ਰਸ਼ਾਸਨਿਕ ਅਧਿਕਾਰੀ ਸਭ ਪਾਸਿਆਂ ਤੋਂ ਲਏ ਗਏ ਸਨ। ਏਸ ਨੂੰ ਗੈਰ-ਕਾਨੂੰਨੀ ਕਾਰਵਾਈਆਂ ਕਰਨ ਲਈ ਖੜ੍ਹਾ ਕੀਤਾ ਗਿਆ ਸੀ। ਏਸ ਏਜੰਸੀ ਨੇ ਦਰਬਾਰ ਉੱਤੇ ਹਮਲੇ ਤੋਂ ਬਾਅਦ ਜੋ ਝੂਠਾ ਪ੍ਰਚਾਰ ਸਿੱਖਾਂ ਅਤੇ ਸੰਤ ਵਿਰੁੱਧ ਕਰਨਾ ਸੀ ਓਸ ਲਈ ਦਰਬਾਰ ਸਾਹਿਬ ਵਿੱਚੋਂ ਵੱਡੀ ਤਾਦਾਦ ਵਿੱਚ ਸ਼ਸਤ੍ਰਾਂ ਦਾ ਬਰਾਮਦ ਹੋਣਾ ਜ਼ਰੂਰੀ ਸੀ। ਓਸ ਨੂੰ ਪਤਾ ਸੀ ਕਿ ਓਥੇ ਹਥਿਆਰ ਨਹੀਂ ਹਨ। ਏਸ ਲਈ ਹਥਿਆਰ ਓਥੇ ਭੇਜਣੇ ਜ਼ਰੂਰੀ ਸਨ।

ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦੀ ਮਦਦ ਨਾਲ 'ਥਰਡ ਏਜੰਸੀ' ਨੇ ਹਥਿਆਰਾਂ ਦਾ ਇੱਕ ਕਰੇਟ ਖਾਈਬਰ ਸਰਹੱਦ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਮੰਗਵਾਇਆ। ਹਵਾਈ ਅੱਡੇ ਉੱਤੇ ਇਤਫ਼ਾਕ ਨਾਲ ਏਸ ਦਾ ਦਰਵਾਜਾ ਖੁੱਲ੍ਹ ਗਿਆ ਤਾਂ ਵਿਆਪਕ ਸਨਸਨੀ ਫ਼ੈਲ ਗਈ। ਕਿਵੇਂ ਨਾ ਕਿਵੇਂ ਹਾਲਤ ਉੱਤੇ ਕਾਬੂ ਪਾ ਲਿਆ ਗਿਆ। ਫੇਰ ਸ਼ੁਰੂ ਹੋਈ ਫ਼ੌਜੀ ਅਫ਼ਸਰਾਂ ਰਾਹੀਂ ਇਨ੍ਹਾਂ ਹਥਿਆਰਾਂ ਨੂੰ ਦਰਬਾਰ ਸਾਹਿਬ ਦਾਖ਼ਲ ਕਰਨ ਦੀ ਕਵਾਇਦ। ਏਨੀਂ ਕੁ ਕਹਾਣੀ ਲੜੀ ਜੋੜਨ ਲਈ ਕਾਫ਼ੀ ਹੈ। ਬਾਕੀ ਸਾਰਾ ਹਵਾਲ ਉੱਤੇ ਪੜ੍ਹਿਆ ਜਾ ਚੁੱਕਾ ਹੈ। ਇਹੋ ਰਾਜ਼ ਸੀ ਬ੍ਰਿਗੇਡੀਅਰ ਵਿੱਚ ਸਿੱਖਾਂ ਪ੍ਰਤੀ ਹੇਜ ਜਾਗਣ ਦਾ ਅਤੇ ਜਨਰਲ ਭੁੱਲਰ ਦੀ ਕਾਮਯਾਬੀ ਦਾ ਵੀ ਏਹੋ ਹੀ ਰਾਜ਼ ਸੀ। ਏਸ ਦੇ ਵਿੱਚ-ਵਿਚਾਲੇ ਗੁਰਦੇਵ ਸਿੰਘ ਦਾ ਬਿਸਤਰਾ ਗਿੱਲਾ ਹੋਣ ਦੀ ਕਹਾਣੀ ਨਗ ਵਾਂਗੂੰ ਜੜ ਦਿੱਤੀ ਗਈ ਸੀ।

ਕਥਾ-ਕਹਾਣੀਆਂ ਘੜਨ ਨੂੰ ਭੁੱਲਰ ਬੜਾ ਤਕੜਾ ਹੈ। ਜੇ ਕਿਤੇ ਫ਼ੌਜ ਵਿੱਚ ਜਾਣ ਦੀ ਬਜਾਏ ਇਹ ਗਲਪ-ਸਾਹਿਤ ਰਚਣ ਲੱਗ ਪੈਂਦਾ ਤਾਂ ਯਕੀਨਨ ਸਾਹਿਤਕ ਖ਼ੇਤਰ ਵਿੱਚ ਵੱਡਾ ਨਾਂਅ ਕਮਾ ਸਕਦਾ ਸੀ। ਓਸ ਨੇ ਇੱਕ ਕਹਾਣੀ ਆਪਣੀ ਮਾਂ ਦੇ ਕਿਸੇ ਨਿਹੰਗ ਦੇ ਬਰਛੇ ਨਾਲ ਮਾਰੇ ਜਾਣ ਦੀ ਵੀ ਘੜੀ ਸੀ। ਏਸ ਨੂੰ ਮੇਲੇ ਅਤੇ ਸੁਖਨਿਧਾਨ ਦੀ ਪਿੱਠ ਭੂਮੀ ਵਿੱਚ ਉਸਾਰਿਆ ਗਿਆ ਸੀ। ਓਸ ਅਨੁਸਾਰ ਸੁਖਨਿਧਾਨ ਦੇ ਲੋਰ ਵਿੱਚ, ਮਸਤੂਆਣੇ ਮੇਲੇ ਉੱਤੇ, ਕਿਸੇ ਨਿਹੰਗ ਨੇ ਆਪਣਾ ਨਵਾਂ ਬਰਛਾ ਪਰਖਣ ਲਈ ਇਹ ਕੁਕਰਮ ਕੀਤਾ ਸੀ। ਸੱਚ ਦੱਸਾਂ ਤਾਂ ਮੈਂ ਏਸ ਕਹਾਣੀ ਤੋਂ ਬੜਾ ਪ੍ਰਭਾਵਤ ਹੋਇਆ ਸਾਂ। ਅਜਿਹਾ ਆਦਮੀ, ਜਿਹੜਾ ਏਨਾਂ ਕੌਮ ਪ੍ਰਸਤ ਹੋਵੇ ਕਿ ਏਨਾਂ ਵੱਡਾ ਨੁਕਸਾਨ ਸਹਿ ਕੇ ਵੀ ਕੌਮ ਲਈ ਹਰ ਕੁਰਬਾਨੀ ਵਾਸਤੇ ਮੈਦਾਨ ਵਿੱਚ ਕੁੱਦੇ, ਮੇਰੇ ਲਈ ਦੇਵਤਾ ਸਰੂਪ ਸੀ। ਏਸ ਕਹਾਣੀ ਦੇ ਸੱਚ-ਝੂਠ ਤੋਂ ਮੈਂ ਅੱਜ ਵੀ ਵਾਕਫ਼ ਨਹੀਂ। ਜੇ ਇਹ ਸੱਚੀ ਹੋਵੇ ਤਾਂ ਦਰਮਿਆਨੇ ਆਕਾਰ ਦੇ ਸ਼ਾਨਦਾਰ ਉਪਨਿਆਸ ਦਾ ਵਿਸ਼ਾ ਇਹ ਸਹਿਜੇ ਹੀ ਬਣ ਸਕਦੀ ਹੈ।

ਏਸ ਤਰ੍ਹਾਂ ਹੀ ਭੁੱਲਰ ਨੇ ਮੈਨੂੰ ਸਾਡੇ ਸਾਂਝੇ ਸਫ਼ਰ ਦੌਰਾਨ ਇੱਕ ਹੋਰ ਬੇ-ਹੱਦ ਕਰੁਣਾਮਈ ਕਹਾਣੀ ਵੀ ਦੱਸੀ ਸੀ। ਉਹ ਹਿੰਦ-ਪਾਕ ਜੰਗ ਦੀ ਪਿੱਠ ਭੂਮੀ ਵਿੱਚ ਉਸਾਰੀ ਗਈ ਸੀ। ਇਹ ਇੱਕ ਵਿਧਵਾ ਦੇ ਇਕਲੌਤੇ ਫ਼ੌਜੀ ਪੁੱਤਰ ਬਾਰੇ ਸੀ। ਜੰਗ ਲੱਗਣ ਵਾਲੀ ਸੀ। ਇੱਕ ਮਾਈ 'ਫ਼ੌਜਾਂ ਦੇ ਰਾਜੇ' ਦਾ ਪਤਾ ਪੁੱਛਦੀ-ਪੁੱਛਦੀ ਮੈਦਾਨ-ਏ-ਜੰਗ ਵਿੱਚ ਭੁੱਲਰ ਕੋਲ ਪਹੁੰਚ ਗਈ। ਲੱਖ ਅਸੀਸਾਂ ਦੇ ਕੇ ਆਖਣ ਲੱਗੀ, 'ਮੇਰੇ ਪੁੱਤ ਦਾ ਹੁਣੇ-ਹੁਣੇ ਵਿਆਹ ਹੋਇਆ ਹੈ, ਓਸ ਦਾ ਖਿਆਲ ਰੱਖੀਂ। ਮੇਰਾ ਇੱਕੋ-ਇੱਕ ਸਹਾਰਾ ਹੈ।' ਭੁੱਲਰ ਨੇ ਦਇਆ ਕਰ ਕੇ ਓਸ ਨੂੰ ਆਪਣਾ ਅਰਦਲੀ ਰੱਖ ਲਿਆ ਤਾਂ ਕਿ ਜੇ ਮਰਨ ਤਾਂ ਦੋਨੋਂ ਇਕੱਠੇ ਮਰਨ ਅਤੇ ਮਾਂ ਨੂੰ ਜੁਆਬ ਦੇਣ ਲਈ ਓਸ ਨੂੰ ਕੋਈ ਨਾ ਆਖੇ। ਕਰਣਾ ਰੱਬ ਦਾ ਇਹ ਹੋਇਆ ਕਿ ਜੰਗ-ਬੰਦੀ ਹੋਣ ਤੋਂ ਬਾਅਦ ਲਾ-ਪਰਵਾਹੀ ਵਿੱਚ ਫ਼ੌਜਾਂ ਦੀ ਸੁੱਧ ਲੈਂਦੇ ਭੁੱਲਰ ਉੱਤੇ ਕਿਸੇ ਪਾਕਿਸਤਾਨੀ ਫ਼ੌਜੀ ਨੇ ਗੋਲ਼ੀ ਚਲਾ ਦਿੱਤੀ ਜਿਹੜੀ ਕਿ ਏਸ ਨੂੰ ਨਾ ਲੱਗ ਕੇ ਮਾਈ ਦੇ ਲਾਡਲੇ ਪੁੱਤ ਅਰਦਲੀ ਨੂੰ ਜਾ ਲੱਗੀ। ਏਨੀਂ ਗੱਲ ਦੱਸ ਕੇ ਭੁੱਲਰ ਬੜਾ ਫੁਸਕ ਕੇ ਰੋਇਆ ਸੀ। ਰੋਪੜ ਨਹਿਰਾਂ ਤੋਂ, ਜਿੱਥੇ ਬੱਸ ਅੱਡਾ ਹੈ, ਓਸ ਮੋੜ ਤੋਂ ਲੈ ਕੇ ਸਤਲੁਜ ਉੱਤੇ ਬੰਨ੍ਹ ਵਾਲੇ ਬਰਾਜ ਵਾਲਾ ਪੁਲ ਲੰਘਣ ਤੱਕ ਇਉਂ ਰੋਂਦਾ ਰਿਹਾ ਜਿਵੇਂ ਕਿ ਇਹ ਘਟਨਾ ਕੱਲ੍ਹ ਵਾਪਰੀ ਹੋਵੇ। ਓਸ ਦਾ ਹਾਲ ਵੇਖ ਕੇ ਕੁਈ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਸੀ ਕਿ ਓਸ ਵਿੱਚ ਇਨਸਾਨੀ ਹਮਦਰਦੀ ਕੁੱਟ-ਕੁੱਟ ਕੇ ਭਰੀ ਹੋਈ ਸੀ ਅਤੇ ਇੱਕ ਮਾਂ ਨੂੰ ਦਿੱਤਾ ਓਸ ਦੇ ਪੁੱਤ ਦੀ ਸੁਰੱਖਿਆ ਦਾ ਵਚਨ ਨਾ ਨਿਭਾ ਸਕਣ ਦਾ ਝੋਰਾ ਕਿਵੇਂ ਓਸ ਨੂੰ ਅੰਦਰੋ-ਅੰਦਰ ਖਾਈ ਜਾ ਰਿਹਾ ਸੀ। ਇਹ ਦ੍ਰਿਸ਼ ਏਨਾਂ ਮਾਰਮਿਕ ਮਾਹੌਲ ਸਿਰਜਣ ਦੇ ਕਾਬਲ ਸੀ ਕਿ ਜੇ ਮੰਚਨ ਕੀਤਾ ਜਾਂਦਾ ਤਾਂ ਕੁਈ ਵੇਖਣ ਵਾਲੀ ਅੱਖ ਸੁੱਕੀ ਨਾ ਰਹਿ ਸਕਦੀ।

ਕਦੇ-ਕਦੇ ਭੁੱਲਰ ਆਪਣੇ ਮਨ ਵਿੱਚ ਡੂੰਘੀਆਂ ਦੱਬੀਆਂ ਸੱਧਰਾਂ ਨੂੰ ਵੀ ਸਹਿਜੇ ਹੀ ਪ੍ਰਗਟ ਕਰ ਦਿੰਦਾ ਸੀ। ਇੱਕ ਦਿਨ ਘਰ ਚਾਹ ਪੀਂਦਿਆਂ ਮੇਰੀ ਘਰਵਾਲੀ (ਜੋ ਭੁੱਲਰ ਖ਼ਾਨਦਾਨ ਦੀ ਹੈ ਅਤੇ ਜਿਸ ਨੂੰ ਏਸ ਨਾਤੇ ਭੁੱਲਰ ਬੇਟੀ ਸਮਝਦਾ ਸੀ) ਨੂੰ ਭੁੱਲਰ ਨੇ ਆਪਣੇ ਪ੍ਰਤੀ ਕੀਤੀ ਇੱਕ 'ਮਸ਼ਹੂਰ ਜੋਤਸ਼ੀ' ਦੀ ਪੇਸ਼ੀਨਗੋਈ ਦੱਸੀ। ਜੋਤਸ਼ੀ ਨੇ ਦੱਸਿਆ ਸੀ ਕਿ ਭੁੱਲਰ ਵੱਡੇ ਅਹੁਦੇ ਉੱਤੇ ਬਿਰਾਜਮਾਨ ਰਹਿੰਦਿਆਂ ਹੀ ਏਸ ਜਹਾਨ ਤੋਂ ਕੂਚ ਕਰੇਗਾ। ਲੌਂਗੋਵਾਲ-ਰਾਜੀਵ ਸਮਝੌਤਾ ਅਜੇ ਦੋ ਸਾਲ ਬਾਅਦ ਹੋਣਾ ਸੀ। ਪੰਜਾਬ ਵਿੱਚ ਮੰਤਰੀ ਰਿਹਾ ਬਲਦੇਵ ਸਿੰਘ ਮਾਨ ਦੱਸਦਾ ਹੈ ਕਿ ਸੁਰਜੀਤ ਸਿੰਘ ਬਰਨਾਲਾ ਨੂੰ ਮੁੱਖ ਮੰਤਰੀ ਦਾ ਥਾਪੜਾ ਦਿੰਦਿਆਂ ਰਾਜੀਵ ਗਾਂਧੀ ਨੇ ਆਖਿਆ ਸੀ 'ਜਨਰਲ ਭੁੱਲਰ ਕਾ ਖਿਆਲ ਰੱਖਣਾ। ਉਸੇ ਅਪਨੇ ਮੰਤਰੀ ਮੰਡਲ ਮੇਂ ਲੇ ਲੇਨਾ।' ਜੋਤਸ਼ੀ ਜ਼ਿਕਰ ਵੇਲੇ ਤਾਂ ਭੁੱਲਰ ਦੀ ਏਨੀਂ ਪਹੁੰਚ ਦਾ ਅੰਦਾਜ਼ਾ ਹੋਰ ਕਿਸੇ ਨੂੰ ਵੀ ਨਹੀਂ ਸੀ। ਸੁਰਿੰਦਰ ਕੌਰ ਨੇ ਬੜੀ ਅਪਣੱਤ ਨਾਲ 'ਭੁੱਲਰ ਅੰਕਲ' ਨੂੰ ਆਖਿਆ ਸੀ, 'ਅੰਕਲ ਤੁਸੀਂ ਅਹੁਦਾ ਕਦੇ ਨਾ ਲੈਣਾ ਤਾਂ ਕਿ ਮਰਨ ਤੋਂ ਸਦਾ ਬਚੇ ਰਹੋ।' ਜਾਪਦਾ ਨਹੀਂ ਕਿ ਏਸੇ ਪ੍ਰੇਰਨਾ ਅਨੁਸਾਰ ਭੁੱਲਰ ਨੇ ਮੰਤਰੀ ਬਣਨ ਤੋਂ ਇਨਕਾਰ ਕੀਤਾ ਜਾਂ ਕਿਸੇ ਹੋਰ ਮੰਤਵ ਨੂੰ ਮੁੱਖ ਰੱਖ ਕੇ। ਖੈਰ! ਓਸ ਅਹੁਦਾ ਧਾਰਨ ਨਾ ਕੀਤਾ ਅਤੇ ਸ਼ਾਇਦ ਏਸੇ ਲਈ ਜਨਰਲ ਅੱਜ ਤੱਕ ਨੌ-ਬਰ-ਨੌ ਹੈ। ਬਰਨਾਲੇ ਦੀ ਸਰਕਾਰ ਨੂੰ ਤਾਂ ਫ਼ੌਤ ਹੋਈ ਨੂੰ ਵੀ ਸਦੀਆਂ ਬੀਤ ਚੁੱਕੀਆਂ ਹਨ।

ਹੁਣ ਇੱਕ ਹੋਰ ਵਾਰਤਾ ਦਾ ਸਮਾਂ, ਸਥਾਨ, ਸੰਦਰਭ ਆਪਣੇ-ਆਪ ਹੀ ਸਿਰਜਿਆ ਜਾ ਚੁੱਕਾ ਹੈ। ਉਹ ਵੀ ਏਥੇ ਦੱਸਣੀ ਲੋੜੀਂਦੀ ਹੈ। 1983 ਦੀਆਂ ਗਰਮੀਆਂ ਵਿੱਚ ਇੱਕ ਦਿਨ ਭੁੱਲਰ ਮਿਲਿਆ ਅਤੇ ਓਸ ਨੇ ਦੱਸਿਆ ਕਿ ਓਸ ਨੇ ਅਤੇ ਓਸ ਦੇ ਇੱਕ ਦੋਸਤ ਨੇ ਇੱਕ ਕਿਤਾਬ ਲਿਖੀ ਹੈ। ਉਹ ਕਿਤਾਬ ਬਾਹਰ ਦੇ ਲੋਕਾਂ, ਸਿੱਖਾਂ, ਗ਼ੈਰ-ਸਿੱਖਾਂ ਦੇ ਪੜ੍ਹਨ ਲਈ ਲਿਖੀ ਗਈ ਸੀ। ਉਹ ਚਾਹੁੰਦਾ ਸੀ ਕਿ ਮੈਂ ਓਸ ਨੂੰ ਵੇਖ ਲਵਾਂ ਅਤੇ ਏਸ ਸੰਦਰਭ ਨੂੰ ਮੁਖ ਰੱਖ ਕੇ ਸੁਝਾਅ ਦੇਵਾਂ ਤਾਂ ਕਿ ਹੋਰ ਪ੍ਰਭਾਵਸ਼ਾਲੀ ਬਣ ਸਕੇ। ਮੈਂ ਟਾਲਾ ਕਰਨ ਦੀ ਕੋਸ਼ਿਸ਼ ਕੀਤੀ, 'ਤੁਹਾਡੇ ਨਾਲੋਂ ਕੌਣ ਸਿਆਣਾ ਹੈ। ਜੋ ਲਿਖਿਆ ਹੈ ਵਧੀਆ ਹੀ ਹੋਵੇਗਾ' ਆਦਿ ਆਖਿਆ ਪਰ ਗੱਲ ਨਾ ਬਣ ਸਕੀ। ਉਹ ਖਰੜਾ ਮੇਰੇ ਕੋਲ ਛੱਡ ਕੇ ਚਲਾ ਗਿਆ। ਮੈਂ ਵੇਖਿਆ ਅਤੇ ਹਾਸ਼ੀਏ ਵਿੱਚ ਕੁਝ ਸੁਝਾਅ ਲਿੱਖ ਦਿੱਤੇ। ਇੱਕ ਸੁਝਾਅ ਇਹ ਸੀ ਕਿ ਪੰਜਵੇਂ ਸਫ਼ੇ ਉੱਤੇ 'ਸਿਮਰਨ', 'ਸ਼ਕਤੀ' ਦੀ ਥਾਂਵੇਂ ਅੰਗ੍ਰੇਜ਼ੀ ਦੇ ਫ਼ਲਾਨੇ ਢੁਕਵੇਂ ਲਫ਼ਜ਼ ਹੋਣੇ ਚਾਹੀਦੇ ਹਨ। ਇੱਕ ਜਗ੍ਹਾ ਪੰਨਾ ਦਸ ਉੱਤੇ ਲਫ਼ਜ਼ 'ਸਿੱਖ ਪੋਪ' ਵਰਤਿਆ ਗਿਆ ਸੀ ਜੋ ਸਿੱਖੀ ਸੰਦਰਭ ਵਿੱਚ ਗ਼ਲਤ ਸੀ। ਏਸ ਕਿਸਮ ਦੇ ਵੀਹ ਕੁ ਸੁਝਾਅ ਮੈਂ ਹਾਸ਼ੀਏ ਵਿੱਚ ਕੱਚੀ ਪੈਨਸਿਲ ਨਾਲ ਲਿਖ ਦਿੱਤੇ। ਇਹ ਟਿੱਪਣੀਆਂ 9, 10, 20, 21, 22, 24, 26, 28, 30, 34, 37, 41, 45, 50 ਪੰਨਿਆਂ ਉੱਤੇ ਮੈਂ ਲਿਖੀਆਂ। ਬਾਅਦ ਵਿੱਚ ਇਹ ਖਰੜਾ ਦੇਸ਼-ਧ੍ਰੋਹ ਦੇ ਮੁਕੱਦਮੇ ਦਾ ਆਧਾਰ ਬਣ ਗਿਆ ਅਤੇ ਅਜੇ ਤੱਕ ਮਿਸਲ ਦਾ ਹਿੱਸਾ ਹੈ। ਇਹਨਾਂ ਨੂੰ ਪੜ੍ਹਨ ਤੋਂ ਬਾਅਦ ਜਨਰਲ ਭੁੱਲਰ ਨੇ ਆਖਿਆ ਕਿ ਮੈਂ ਏਸ ਖਰੜੇ ਦੇ ਲੇਖਕਾਂ ਵਿੱਚ ਸ਼ਾਮਲ ਹੋ ਜਾਵਾਂ ਕਿਉਂਕਿ ਮੈਂ ਬੜੇ ਕੀਮਤੀ ਸੁਝਾਅ ਦਿੱਤੇ ਹਨ। ਮੇਰਾ ਮੱਤ ਸੀ ਕਿ ਸੁਝਾਅ ਦੇਣ ਵਾਲਾ ਲੇਖਕ ਨਹੀਂ ਹੁੰਦਾ। ਓਸ ਦਾ ਕਹਿਣਾ ਸੀ ਕਿ ਉਹ ਮੇਰਾ ਨਾਂਅ ਕਿਤਾਬ ਉੱਤੇ ਲਿਖਣਾ ਚਾਹੁੰਦਾ ਹੈ। ਮੇਰਾ ਜੁਆਬ ਸੀ ਕਿ ਉਹ ਮੇਰਾ ਨਾਂਅ ਬਤੌਰ ਲਿਖਣ ਵਿੱਚ ਸਹਾਇਤਾ ਕਰਨ ਵਾਲੇ ਦੇ ਲਿਖ ਸਕਦਾ ਹੈ। ਹਰ ਕਿਤਾਬ ਵਿੱਚ ਇਹ ਲਿਖਿਆ ਹੁੰਦਾ ਹੈ ਕਿ ਫ਼ਲਾਨੇ ਨੇ ਖਰੜਾ ਪੜ੍ਹਿਆ, ਕੀਮਤੀ ਸੁਝਾਅ ਦਿੱਤੇ, ਜਿਨ੍ਹਾਂ ਵਿੱਚੋਂ ਕਈ ਅਸੀਂ ਪ੍ਰਵਾਨ ਕਰ ਲਏ। ਕਿਤਾਬ ਦੀ ਲਿਖਣ ਪ੍ਰਕਿਰਿਆ ਵਿੱਚ ਸਹਾਇਤਾ ਦੇਣ ਦੇ ਅਸੀਂ ਆਭਾਰੀ ਹਾਂ। ਭੁੱਲਰ ਨੇ ਇਹ ਮੰਨ ਲਿਆ।

ਜਦੋਂ ਕਿਤਾਬ ਛਪੀ ਤਾਂ ਵੇਖਿਆ ਗਿਆ ਕਿ ਓਸ ਨੇ ਮੂਲ ਲੇਖਕਾਂ ਸਮੇਤ ਮੇਰਾ ਨਾਂਅ ਏਸ ਪ੍ਰਸੰਗ ਵਿੱਚ ਲਿਖਿਆ ਕਿ 'ਅਸੀਂ..... ਦੇ ਅਭਾਰੀ ਹਾਂ ਜਿਨ੍ਹਾਂ ਨੇ ਇਹ ਕਿਤਾਬ ਲਿਖਣ ਵਿੱਚ ਸਹਾਇਤਾ ਕੀਤੀ।' ਏਨਾਂ ਲਿਖਣ ਨਾਲ ਮੈਂ ਵੀ ਅਸਲ ਮੂਲ ਲੇਖਕਾਂ ਵਿੱਚ ਸ਼ੁਮਾਰ ਹੋ ਗਿਆ ਅਤੇ ਸਿੱਧੇ ਤੌਰ ਉੱਤੇ ਮੈਨੂੰ ਲੇਖਕ ਲਿਖਿਆ ਵੀ ਨਾ ਗਿਆ। ਕਈ ਸਮਝਾਂ ਵਿੱਚ ਕਿੰਨੇ ਰੱਖਣੇ ਅਤੇ ਕਿੰਨੀਆਂ ਚੋਰ-ਮੋਰੀਆਂ ਹੁੰਦੀਆਂ ਹਨ! ਬਾਅਦ ਦੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਇਹ ਚਲਾਕੀ ਮੇਰੇ ਲਈ ਬੇਹੱਦ ਖ਼ਤਰਨਾਕ ਸਿੱਧ ਹੋ ਸਕਦੀ ਸੀ। ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਸਾਰਿਆਂ ਉੱਤੇ ਦਰਜ ਹੋ ਗਿਆ। ਏਸ ਜੁਰਮ ਲਈ ਓਦੋਂ ਦੇ ਕਾਨੂੰਨ ਅਨੁਸਾਰ ਜ਼ਮਾਨਤ ਹੋ ਸਕਦੀ ਸੀ ਅਤੇ ਜਨਰਲ ਭੁੱਲਰ ਦੇ ਜਿਹੜੇ ਸਾਥੀਆਂ ਨੇ ਏਥੇ ਹਿੰਦ ਵਿੱਚ ਰਹਿਣਾ ਸੀ, ਝੱਟ ਜ਼ਮਾਨਤ ਕਰਵਾ ਲਈ। ਛਾਪਾਖਾਨਾ ਪ੍ਰੋਫ਼ੈਸਰ ਸਰੂਪ ਸਿੰਘ ਪਰਿਵਾਰ ਦਾ ਸੀ। ਉਹਨਾਂ ਵੀ ਜ਼ਮਾਨਤ ਕਰਵਾ ਲਈ। ਚੰਦ ਦਿਨਾਂ ਵਿੱਚ ਹੀ ਕਾਨੂੰਨ ਬਦਲ ਗਿਆ।

ਮੈਨੂੰ ਮੁਕੱਦਮਾ ਰਜਿਸਟਰ ਹੋਣ ਦਾ ਪਤਾ ਓਦੋਂ ਲੱਗਿਆ ਜਦੋਂ ਕਿ ਕਾਨੂੰਨ ਬਦਲ ਚੁੱਕਾ ਸੀ ਅਤੇ ਜੁਰਮ ਨੂੰ ਗ਼ੈਰ-ਜ਼ਮਾਨਤੀ ਬਣਾ ਦਿੱਤਾ ਗਿਆ ਸੀ। ਜਨਰਲ ਭੁੱਲਰ ਆਪਣੇ ਸਾਥੀਆਂ ਸਮੇਤ ਸੱਤ ਸਮੁੰਦਰੋਂ ਪਾਰ ਉਡਾਰੀ ਮਾਰ ਚੁੱਕਾ ਸੀ।

ਮੇਰੇ ਲਈ ਖ਼ਤਰਨਾਕ ਸੰਭਾਵਨਾਵਾਂ ਪੈਦਾ ਹੋ ਗਈਆਂ। ਓਸ ਵੇਲੇ ਗੁਰਬਰਿੰਦਰ ਸਿੰਘ ਔਜਲਾ ਚੰਡੀਗੜ੍ਹ ਦਾ ਪੁਲੀਸ ਮੁਖੀ ਸੀ। ਏਸ ਨਾਲ ਮੈਂ ਇੱਕ ਸਾਲ ਆਈ.ਪੀ.ਐਸ. ਦੀ ਨੌਕਰੀ ਕੀਤੀ ਸੀ। ਮੈਂ ਓਸ ਨੂੰ ਹੱਲ ਪੁੱਛਿਆ ਤਾਂ ਉਸ ਆਖਿਆ ਕਿ ਮੈਂ ਦਰਬਾਰ ਸਾਹਿਬ ਚਲਾ ਜਾਵਾਂ ਨਹੀ ਤਾਂ ਕਿਸੇ ਵੇਲੇ ਵੀ ਗ੍ਰਿਫ਼ਤਾਰੀ ਹੋ ਸਕਦੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਕੋਈ ਨਹੀਂ ਕਹਿ ਸਕਦਾ ਕਿ ਕੀ ਹਸ਼ਰ ਹੋਵੇ। ਮੈਂ ਇੱਕ ਵਿਆਹ ਦੇ ਸਿਲਸਿਲੇ ਵਿੱਚ ਚੰਡੀਗੜ੍ਹ ਛੱਡ ਕੇ ਪਿੰਡ ਚਲਾ ਗਿਆ। ਔਜਲੇ ਦੇ ਬੰਦਿਆਂ ਨੇ ਘਰ ਖਾਲੀ ਵੇਖ ਕੇ ਅੰਦਾਜ਼ਾ ਲਾਇਆ ਹੋਵੇਗਾ ਕਿ ਮੈਂ ਦਰਬਾਰ ਸਾਹਿਬ ਜਾ ਚੁੱਕਿਆ ਹਾਂ।

ਦੋ ਕੁ ਦਿਨ ਬਾਅਦ ਹੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਹੋ ਗਿਆ। ਕੁਝ ਦਿਨਾਂ ਬਾਅਦ ਅਖ਼ਬਾਰ ਵੇਖਣ ਨੂੰ ਮਿਲਿਆਂ ਤਾਂ ਇੰਡੀਅਨ ਐਕਸਪ੍ਰੈਸ ਵਿੱਚ ਮੇਰੀ ਮੌਤ ਦੀ ਖ਼ਬਰ ਛਪੀ ਹੋਈ ਮਿਲੀ। ਜਰਨਲ ਭੁੱਲਰ ਦੇ ਮੇਰੇ ਪ੍ਰਤੀ 'ਨੇਕ ਇਰਾਦਿਆਂ' ਦਾ ਓਸ ਖ਼ਬਰ ਨੂੰ ਪੜ੍ਹ ਕੇ ਮੈਨੂੰ ਪੂਰਾ ਗਿਆਨ ਹੋਇਆ। ਪਹਿਲਾਂ ਮੈਨੂੰ ਰੰਜ ਸੀ ਕਿ ਭੁੱਲਰ ਏਨਾਂ ਵੀ ਨਾ ਕਰ ਸਕਿਆ ਕਿ ਮੈਨੂੰ ਮੁਕੱਦਮੇ ਦੀ ਖ਼ਬਰ ਕਰ ਕੇ ਜ਼ਮਾਨਤ ਲੈਣ ਲਈ ਹੀ ਰਾਹ ਪੱਧਰਾ ਕਰ ਦਿੰਦਾ। ਮੌਤ ਦੀ ਖ਼ਬਰ 11 ਜੂਨ 1984 ਦੀ ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿੱਚ ਪੜ੍ਹ ਕੇ ਪਤਾ ਚੱਲਿਆ ਕਿ ਜਾਲ ਬੜੀ ਤਰਕੀਬ ਨਾਲ ਵਿਛਾਇਆ ਗਿਆ ਸੀ, ਮੈਂ ਦੇਵਨੇਤ ਨਾਲ ਹੀ ਹੇਠੋਂ ਨਿਕਲ ਗਿਆ। ਮੇਰੇ ਸਾਰੇ ਗਿਲ਼ੇ ਜਾਂਦੇ ਰਹੇ। ਦੋਸਤਾਂ ਦੀ ਮਿਹਰ ਦਾ ਮੀਂਹ ਤਾਂ 'ਆਫਤੇ-ਜਾਂ' ਬਣ ਕੇ ਬਰਸਿਆ ਸੀ (ਅਬਰੇ-ਰਹਿਮਤ ਯੂੰ ਬਰਸਾ ਕਿ ਆਫਤੇ-ਜਾਂ ਬਨ ਗਇਆ)। ਸੁਰਿੰਦਰ ਕੌਰ ਦੇ ਮਾਮੇ ਦੀ ਧੀ ਦੇ ਵਿਆਹ ਉੱਤੇ ਲੜਕੀ ਦੇ ਕਪੜੇ ਪਹੁੰਚਾਉਣ ਤੋਂ ਬਾਅਦ ਮੈਂ ਦਰਬਾਰ ਸਾਹਿਬ ਜਾਣ ਦਾ ਮਨ ਬਣਾਇਆ ਸੀ। ਜੇ ਇਹ ਮਜਬੂਰੀ ਨਾ ਹੁੰਦੀ ਤਾਂ ਮੈਂ ਪੰਜਾਬ ਵਿੱਚ ਕਰਫ਼ਿਊ ਲੱਗਣ ਤੋਂ ਪਹਿਲਾਂ ਹੀ ਦਰਬਾਰ ਸਾਹਿਬ ਪਹੁੰਚ ਜਾਣਾ ਸੀ। ਉਹਨਾਂ ਹਾਲਤਾਂ ਵਿੱਚ ਮੈਂ ਆਪਣੀ ਮੌਤ ਦੀ ਖ਼ਬਰ ਪੜ੍ਹਨ ਦਾ ਮੌਕਾ ਹੱਥੋਂ ਗਵਾ ਦੇਣਾ ਸੀ।

ਜਨਰਲ ਭੁੱਲਰ ਨੂੰ ਕਦੇ ਵੀ ਇਹ ਯਕੀਨ ਨਹੀਂ ਸੀ ਹੋਇਆ ਕਿ ਮੈਂ ਓਸ ਦੀਆਂ ਕਰਤੂਤਾਂ ਨੂੰ ਪੂਰੀ ਡੂੰਘਾਈ ਨਾਲ ਸਮਝ ਲਿਆ ਹੈ। ਉਹ ਸੱਚਾ ਸੀ। ਓਸ ਦਾ ਪ੍ਰਭਾਵ ਅਤੇ ਫ਼ੌਜੀ ਅਹੁਦੇ ਦੀ ਸਿੱਖ ਮਾਨਸਿਕਤਾ ਵਿੱਚ ਲੋੜੋਂ ਵੱਧ ਕਦਰ ਪੂਰਨ ਗਿਆਨ ਹੋਣ ਦੇ ਰਾਹ ਵਿੱਚ ਵੱਡੀ ਰੁਕਾਵਟ ਬਣੀ ਹੋਈ ਸੀ। ਕੁਝ ਤਾਂ ਸਮਝ ਦੀ ਕਮੀ ਸੀ। ਮਨ ਮੰਨਦਾ ਹੀ ਨਹੀਂ ਸੀ ਕਿ ਏਨੇਂ ਵੱਡੇ ਅਹੁਦੇ ਉੱਤੇ ਰਹਿ ਚੁੱਕਾ ਆਦਮੀ ਨਿਗੂਣੀਆਂ ਲਾਲਸਾਵਾਂ ਅਧੀਨ ਅਜੇ ਵੀ ਵਿਚਰ ਰਿਹਾ ਹੋਵੇਗਾ। ਕੁਝ ਸਲਾਹ ਦੇਣ ਵਾਲੇ ਦੋਸਤ-ਮਿੱਤਰ ਵੀ ਅਜਿਹੀ ਵਿਚਾਰਧਾਰਾ ਦੇ ਪੱਕੇ ਧਾਰਨੀ ਸਨ। ਉਪਰੋਕਤ ਪ੍ਰਸਥਿਤੀਆਂ ਨੇ ਸਹਿਜੇ-ਸਹਿਜੇ ਕਪਾਟ ਖੋਲ੍ਹ ਦਿੱਤੇ। ਮੈਂ ਹੌਲੇ-ਹੌਲੇ ਤੁਰਦਿਆਂ ਭੁੱਲਰ ਦਾ ਪੱਕਾ ਵਿਰੋਧੀ ਬਣ ਗਿਆ। ਭੁੱਲਰ ਦੇ ਅਤੇ ਮੇਰੇ ਮੱਤਭੇਦਾਂ ਨੂੰ ਭਾਂਪ ਕੇ ਸਾਰਿਆਂ ਸੁਲ੍ਹਾ-ਸਫਾਈ ਲਈ ਯਤਨ ਆਰੰਭ ਦਿੱਤੇ ਸਨ।

ਸਭ ਤੋਂ ਪਹਿਲਾਂ ਬ੍ਰਿਗੇਡੀਅਰ ਜੋਗੀ ਨੇ ਇੱਕ ਫ਼ੌਜੀ ਮਿਲਣੀ ਆਪਣੇ ਦਫ਼ਤਰ ਵਿੱਚ ਕਰਵਾਈ। ਓਥੇ ਧਾਰਨਾ ਇਹ ਸੀ ਕਿ ਇੱਕ ਫ਼ੌਜੀ ਅਫ਼ਸਰ ਦਾ ਅਤੇ ਇੱਕ ਸਿਵਲ ਦੇ ਅਫ਼ਸਰ ਦਾ ਗਠਜੋੜ ਕੌਮ ਲਈ ਲਾਹੇਵੰਦ ਹੈ; ਏਸ ਨੂੰ ਕਮਜ਼ੋਰ ਨਾ ਹੋਣ ਦਿੱਤਾ ਜਾਵੇ। ਸਾਰੇ ਬੜੇ ਸਿਆਣੇ ਅਫ਼ਸਰ ਸਨ, ਉਹਨਾਂ ਕਿਸੇ ਵੀ ਗੱਲ ਨੂੰ ਨਿਤਾਰ ਕੇ ਨਾ ਆਖਿਆ, ਨਾ ਪੁੱਛਿਆ। ਘੋਖ ਕਰ ਕੇ, ਮਸਲਾ ਨਿਤਾਰ ਕੇ, ਬੁਰੇ ਨੂੰ ਬੁਰਾ, ਚੰਗੇ ਨੂੰ ਭਲਾ ਆਖ ਕੇ, ਸ਼ੰਕੇ ਦੂਰ ਕਰ ਕੇ ਸੁਲ੍ਹਾ ਕਰਵਾਉਣ ਦੀ ਜ਼ਹਿਮਤ ਨਾ ਕੀਤੀ ਗਈ। ਪਰਨਾਲਾ ਓਥੇ ਦਾ ਓਥੇ ਹੀ ਰਿਹਾ। ਫੇਰ ਸੁਖਦੇਵ ਸਿੰਘ ਪੱਤਰਕਾਰ ਨੇ ਇੱਕ ਅਜੇਹੀ ਮਿਲਣੀ ਆਪਣੇ ਘਰ ਖਾਣੇ ਉੱਤੇ ਕਰਵਾਈ। ਏਸ ਮਿਲਣੀ ਲਈ ਮੈਂ ਅੱਠ, ਦਸ ਉਹ ਨੁਕਤੇ ਲਿਖ ਕੇ ਲੈ ਗਿਆ ਜਿਨ੍ਹਾਂ ਨੂੰ ਮੈਂ ਭੁੱਲਰ ਦੀਆਂ ਬੱਜਰ ਕੁਤਾਹੀਆਂ ਅਤੇ ਕੌਮ ਲਈ ਘਾਤਕ ਸਮਝਦਾ ਸਾਂ। ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਨਾ ਹੋਈ ਅਤੇ ਮਸਲਾ ਫ਼ੇਰ ਓਥੇ ਦਾ ਓਥੇ ਹੀ ਰਿਹਾ। ਸੁਖਦੇਵ ਸਿੰਘ ਦੇ ਸੁਹਿਰਦ ਯਤਨ ਤੋਂ ਬਾਅਦ ਇੱਕ ਹੋਰ ਵੱਡਾ ਹੰਭਲਾ ਪ੍ਰੋਫੈਸਰ ਗੁਰਦਰਸ਼ਨ ਸਿੰਘ ਨੇ ਵੀ ਮਾਰਿਆ। ਓਸ ਨੇ ਵੀ ਸਾਨੂੰ ਦੋਨਾਂ ਨੂੰ ਬਾਕੀ ਸਾਂਝੇ ਦੋਸਤਾਂ ਸਮੇਤ ਰਾਤ ਦੇ ਖਾਣੇ ਉੱਤੇ ਬੁਲਾਇਆ। ਮੈਂ ਓਥੇ ਵੀ ਸੁਖਦੇਵ ਸਿੰਘ ਦੇ ਘਰ ਵਾਲੀ, ਭੁੱਲਰ ਦੀਆਂ ਕੀਤੀਆਂ (ਮੇਰੀ ਸਮਝ ਅਨੁਸਾਰ) ਬੱਜਰ ਕੁਤਾਹੀਆਂ ਦੀ, ਲਿਸਟ ਲੈ ਕੇ ਚਲਾ ਗਿਆ। ਮੈਂ ਫ਼ੇਰ ਓਸ ਨੂੰ ਪੜ੍ਹ ਕੇ ਸੁਣਾਇਆ ਅਤੇ ਸਿਆਣਿਆਂ ਨੇ ਇੱਕ ਵਾਰ ਫੇਰ ਓਸ ਨੂੰ ਆਇਆ-ਗਿਆ ਕਰ ਦਿੱਤਾ। ਭੁੱਲਰ ਓਸ ਮੀਟਿੰਗ ਵਿੱਚ, ਆਪਣੇ ਸੁਭਾਅ ਦੇ ਵਿਰੁੱਧ, ਕਾਫ਼ੀ ਭੜਕ ਪਿਆ। ਓਸ ਨੇ ਅਜਿਹੇ ਲਫ਼ਜ਼ ਆਖੇ : 'ਇਹ ਆਪਣੇ-ਆਪ ਨੂੰ ਕੀ ਸਮਝਦਾ ਹੈ। ਜਿੱਥੇ ਜਾਈਦਾ ਹੈ ਓਥੇ ਇਹ ਕਾਗ਼ਜ਼ ਜਿਹਾ ਚੁੱਕ ਲਿਆਉਂਦਾ ਹੈ। ਜਾਉ ਛੱਡੋ, ਮੈਂ ਨਹੀਂ ਕਰਨੀ ਏਸ ਨਾਲ ਸੁਲ੍ਹਾ। ...... ......।' ਮੈਂ ਵੀ ਕੁਝ ਤਲਖ਼, ਢੁਕਵੇਂ ਜੁਆਬ ਦਿੱਤੇ। ਆਖ਼ਰ ਸਾਰੇ ਡੂੰਘੇ ਪਾੜ ਉੱਤੇ ਪੋਚਾ ਮਾਰ ਕੇ ਉੱਠ ਗਏ।

ਮੇਰਾ ਇੱਕ ਵੱਡਾ ਇਲਜ਼ਾਮ ਸੀ ਕਿ ਭੁੱਲਰ ਦਾ ਰਾਬਤਾ ਅਜਿਹੇ ਲੋਕਾਂ ਨਾਲ ਹੈ ਜਿਨ੍ਹਾਂ ਨੂੰ ਸਰਕਾਰ ਪੱਖੀਆਂ ਤੋਂ ਇਲਾਵਾ ਕੁਝ ਜਾਣਿਆ ਹੀ ਨਹੀਂ ਜਾ ਸਕਦਾ। ਏਸ ਮਿਲਣੀ ਤੋਂ ਕੁਝ ਦਿਨ ਬਾਅਦ ਹੀ ਏਸ ਤੱਥ ਦੀ ਪੁਸ਼ਟੀ ਕਰਦਾ ਵੱਡਾ ਸਬੂਤ ਖ਼ੁਦ ਪ੍ਰੋਫ਼ੈਸਰ ਢਿੱਲੋਂ ਨੂੰ ਮਿਲ ਗਿਆ। ਇਹ ਉਹ ਦਿਨ ਸਨ ਜਦੋਂ ਕਿ ਸੰਤ ਜਰਨੈਲ ਸਿੰਘ ਨਾਲੋਂ ਲੋਕਾਂ ਨੂੰ ਤੋੜਨ ਦੀ ਮੁਹਿੰਮ ਸਰਕਾਰੀ ਸ਼ਹਿ ਉੱਤੇ ਚਲਾਈ ਜਾ ਰਹੀ ਸੀ। ਏਸ ਦਾ ਆਗਾਜ਼ ਬਾਬਾ ਵਿਰਸਾ ਸਿੰਘ ਵੱਲੋਂ ਦਿੱਲੀ ਤੋਂ ਹੋਇਆ ਜਿਸ ਦੀ ਪ੍ਰਮੁੱਖ ਵਕਤਾ ਬਣੀ ਬੀਬੀ ਨਿਰਲੇਪ ਕੌਰ। ਹਰਭਜਨ ਸਿੰਘ ਯੋਗੀ ਨੇ ਵੀ ਆਪਣਾ ਯੋਗਦਾਨ ਵਿੰਗੇ-ਟੇਢੇ ਢੰਗ ਨਾਲ ਪਾਇਆ ਅਤੇ ਏਵੇਂ ਹੀ ਡਾਕਟਰ ਭਗਤ ਸਿੰਘ ਅਤੇ ਭਰਪੂਰ ਸਿੰਘ ਬਲਬੀਰ ਨੇ ਵੀ।

ਚੰਡੀਗੜ੍ਹ ਇਹ ਸੇਵਾ ਇੱਕ ਸਰਕਾਰ ਦੇ ਆਸਰੇ ਚੱਲ ਰਹੀ ਸੰਸਥਾ ਦੇ ਮੁਖੀ ਨੇ ਨਿਭਾਈ। ਏਸ ਦਾ ਮੁਖੀ ਓਸ ਵੇਲੇ ਰਛਪਾਲ ਮਲਹੋਤਰਾ ਸੀ। ਇੱਕ ਦਿਨ ਮੈਨੂੰ ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਨੇ ਆਖਿਆ ਕਿ ਮੈਂ ਜਨਰਲ ਭੁੱਲਰ ਨੂੰ ਨਾਲ ਲੈ ਕੇ ਰਛਪਾਲ ਮਲਹੋਤਰਾ ਨੂੰ ਮਿਲ ਲਵਾਂ। ਓਸ ਕੋਲ ਪੰਜਾਬ ਦੇ ਮਸਲੇ ਨੂੰ ਹੱਲ ਕਰਨ ਦੇ ਕਈ ਗੁਰ ਹਨ। ਰਛਪਾਲ ਮਲਹੋਤਰੇ ਨੂੰ ਮੈਂ ਓਦੋਂ ਤੋਂ ਜਾਣਦਾ ਸਾ ਜਦੋਂ ਮੈਂ ਯੂਨੀਵਰਸਿਟੀ ਵਿੱਚ ਪੜ੍ਹਦਾ ਹੁੰਦਾ ਸਾਂ। ਓਸ ਨਾਲ ਮੇਰੇ ਜਾਤੀ ਸਬੰਧ ਚੰਗੇ ਸਨ; ਦੋਸਤਾਨਾ ਸਨ ਪਰ ਡਾਕਟਰ ਤਿਵਾੜੀ ਵਾਂਗ ਹੀ ਮੈਂ ਓਸ ਦੀ ਸਿਆਸਤ ਨਾਲ ਹਮਦਰਦੀ ਨਹੀਂ ਸੀ ਰੱਖਦਾ। ਇਹ ਯੂਨੀਵਰਸਿਟੀ ਦਾ ਮੁਲਾਜ਼ਮ ਸੀ ਅਤੇ ਪੰਜ ਨੰਬਰ ਹੋਸਟਲ ਵਿੱਚ ਤਾਇਨਾਤ ਸੀ, ਜਿਸ ਵਿੱਚ ਮੈਂ ਵੀ ਦੋ-ਢਾਈ ਸਾਲ ਰਿਹਾ ਸਾਂ। ਇਸ ਦੀ ਹਮਦਰਦੀ ਓਸ ਵੇਲੇ ਰਾਸ਼ਟ੍ਰੀਆ ਸਵਯਮ ਸੇਵਕ ਸੰਘ ਨਾਲ ਸਮਝੀ ਜਾਂਦੀ ਸੀ। ਬਾਅਦ ਵਿੱਚ ਇਹ ਇੰਦਰਾ ਗਾਂਧੀ ਦੇ ਪੰਜਾਬ ਪ੍ਰਤੀ ਗਿਣੇ-ਚੁਣੇ ਸਲਾਹਕਾਰਾਂ ਵਿੱਚੋਂ ਸਮਝਿਆ ਜਾਣ ਲੱਗਾ ਸੀ। ਕਹਿੰਦੇ ਹਨ ਕਿ ਜਦੋਂ ਇੰਦਰਾ ਗਾਂਧੀ ਸ਼ਸ਼ੋਪੰਜ ਵਿੱਚ ਸੀ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਰੇ ਜਾਂ ਨਾ, ਤਾਂ ਏਸ ਦੀ ਸਲਾਹ ਹੀ ਓਸ ਦੇ ਕੰਮ ਆਈ ਸੀ। ਏਸ ਨੇ ਇਹ ਆਖ ਕੇ ਓਸ ਨੂੰ ਹਮਲੇ ਲਈ ਰਾਜ਼ੀ ਕਰ ਲਿਆ ਸੀ ਕਿ ਇਤਿਹਾਸ, ਆਸਥਾ, ਧਾਰਮਕ ਜਜ਼ਬਾਤ ਆਦਿ ਕੁਝ ਨਹੀਂ ਹੁੰਦੇ। 'ਵੈਸੇ ਵੀ ਦਰਬਾਰ ਸਾਹਿਬ ਹੈ ਕੀ? ਇਹ ਤਾਂ ਕੇਵਲ ਸੋਨੇ ਵਿੱਚ ਮੜ੍ਹੀ ਕਿਤਾਬ ਦੀ ਅਲਮਾਰੀ (gilded book case) ਹੈ।'

ਮੇਰੇ ਲਈ, ਏਨਾਂ ਕੁਝ ਜਾਣਦਿਆਂ ਹੋਇਆ ਰਛਪਾਲ ਦੀ ਸਿੱਖਾਂ ਪ੍ਰਤੀ ਹਮਦਰਦੀ ਉੱਤੇ ਯਕੀਨ ਕਰਨਾ ਸੰਭਵ ਨਹੀਂ ਸੀ। ਮੈਂ ਬਹੁਤਾ ਕੁਝ ਆਖੇ ਬਿਨਾ ਆਪਣੀ ਅਸਮਰਥਤਾ ਪ੍ਰਗਟ ਕਰ ਦਿੱਤੀ। ਜਨਰਲ ਜਸਵੰਤ ਸਿੰਘ ਭੁੱਲਰ ਤਾਂ ਨਿਹਕਲੰਕ ਸੀ। ਓਸ ਨੂੰ ਕਿਸੇ ਦਾ ਕੁਈ ਮਾੜਾ ਪੱਖ ਪੋਂਹਦਾ ਤੱਕ ਨਹੀਂ ਸੀ। ਸਗੋਂ ਹਰ ਅਜਿਹੀ ਗ਼ਲਤੀ ਕਰਨ ਨਾਲ ਓਸ ਦਾ ਕੱਦ ਦੋ ਉਂਗਲਾਂ ਹੋਰ ਉੱਚਾ ਹੋ ਜਾਂਦਾ ਸੀ। ਰਛਪਾਲ ਦੇ ਹਮਾਇਤੀਆਂ ਵਿੱਚ 18 ਸੈਕਟਰ ਰਹਿਣ ਵਾਲਾ ਨਵਜੀਤ ਸਿੰਘ ਵੀ ਸੀ। ਸਭ ਤੋਂ ਪਹਿਲਾਂ ਏਸ ਟੋਲੀ ਨੇ ਸਾਰੇ ਧਰਮਾਂ ਦੇ ਝੰਡੇ ਲੈ ਕੇ ਨਾਲ ਨਿਸ਼ਾਨ ਸਾਹਿਬ ਨੂੰ ਨੱਥੀ ਕਰ ਕੇ ਇੱਕ ਸਾਂਝਾ ਝੰਡਾ ਨਵਜੀਤ ਸਿੰਘ ਦੇ ਘਰ ਝੁਲਾਇਆ। ਓਸ ਨੂੰ ਫ਼ੌਜੀ ਤਰਜ਼ ਉੱਤੇ ਖ਼ੂਬ ਸਲਾਮੀਆਂ ਦਿੱਤੀਆਂ ਗਈਆਂ; ਧਾਰਮਕ ਮੱਤਭੇਦ ਭੁਲਾ ਕੇ ਸਾਰੇ ਧਰਮਾਂ ਦੇ ਇੱਕ ਹੋ ਜਾਣ ਬਾਰੇ ਧੂੰਆਂਧਾਰ ਤਕਰੀਰਾਂ ਹੋਈਆਂ। ਖ਼ਬਰਾਂ ਅਖ਼ਬਾਰਾਂ ਵਿੱਚ ਵੀ ਛਪੀਆਂ।

ਦੂਜੀ ਪ੍ਰਮੁੱਖ ਕਾਰਵਾਈ ਇਹਨਾਂ ਦੀ ਸੀ ਸੈਕਟਰ 19 ਦੀ ਮਾਰਕਿਟ ਵਿੱਚ ਲੋਕਾਂ ਦੇ ਤੁਰਨ ਲਈ ਬਣੇ ਵਰਾਂਡੇ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੀਤਾ ਦੇ ਸਾਂਝੇ ਅਖੰਡ ਪਾਠ ਕਰਵਾਉਣਾ। ਇਹ ਇੱਕ ਨਿਹਾਇਤ ਅਜਬ ਕਿਸਮ ਦੀ ਕਾਰਵਾਈ ਸੀ। ਦੋਨਾਂ ਧਰਮ-ਗ੍ਰੰਥਾਂ ਦੀ ਵਿਚਾਰਧਾਰਾ ਇੱਕ-ਦੂਜੇ ਦੇ ਵਿਰੋਧ ਵਿੱਚ ਹੈ। ਗੀਤਾ ਦੇ ਅਖੰਡ ਪਾਠ ਦੀ ਕੋਈ ਪ੍ਰੰਪਰਾ ਮੌਜੂਦ ਨਹੀਂ। ਏਸ ਕਾਰਵਾਈ ਦਾ ਆਖ਼ਰੀ ਅਰਥ ਕੇਵਲ ਗੀਤਾ ਨੂੰ ਗੁਰੂ ਗ੍ਰੰਥ ਦੇ ਬਰਾਬਰ ਸਥਾਪਤ ਕਰਨਾ ਸੀ। ਇਹ ਐਸੇ ਦੌਰ ਦੀ ਸ਼ੁਰੂਆਤ ਸੀ ਜਿਸ ਦੇ ਭਰਪੂਰ ਪ੍ਰਗਟਾਵੇ ਅੱਜ ਤੱਕ ਹੋ ਰਹੇ ਹਨ। ਕਦੇ ਮੰਦਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਕਿਤੇ ਕੋਈ ਸੁੱਚਾ ਸਿੰਘ ਲੰਗਾਹ ਗੀਤਾ ਦੇ ਅਖੰਡ ਪਾਠਾਂ ਦੀ ਇਕੋਤਰੀ ਕਰਵਾ ਰਿਹਾ ਹੈ। ਅਜਿਹੀਆਂ ਹੋਰ ਵੀ ਕੁਝ ਕਾਰਵਾਈਆਂ ਹੋਈਆਂ।

ਇਹਨਾਂ ਨੇ ਭੁੱਲਰ ਦੀ ਗਰਿਮਾ ਵਿੱਚ ਏਨਾਂ ਵਾਧਾ ਕਰ ਦਿੱਤਾ ਕਿ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਨੇ ਖ਼ਾਸ ਹਦਾਇਤਾਂ ਕੀਤੀਆਂ ਕਿ ਭੁੱਲਰ ਨੂੰ ਪੂਰਾ ਤਾਣ ਲਾ ਕੇ ਨਾਇਕ ਦੇ ਰੂਪ ਵਿੱਚ ਉਭਾਰਿਆ ਜਾਵੇ। ਭੁੱਲਰ ਦੇ ਘਰ ਨੇੜੇ ਓਸ ਦਲਜੀਤ ਸਿੰਘ ਪੰਨੂੰ ਦੀ ਕੋਠੀ ਸੀ ਜੋ ਬਾਅਦ ਵਿੱਚ ਬੁਰਕੀਨੋ ਫ਼ਾਸੋ ਦਾ ਰਾਜਦੂਤ ਬਣਿਆ। ਇੱਕ ਦਿਨ ਭੁੱਲਰ ਨੇ ਓਥੇ ਮਿਲਣੀ ਰੱਖ ਕੇ ਅਖ਼ਬਾਰੀ ਬਿਆਨ ਜਾਰੀ ਕਰਨ ਦਾ ਉਪਰਾਲਾ ਕੀਤਾ। ਇਉਂ ਕਰ ਕੇ ਇਹ ਪਹਿਲਾਂ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਹੋ ਰਹੀਆਂ ਮਿਲਣੀਆਂ ਦੀ ਪ੍ਰੰਪਰਾ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਸੀ। ਜੋ ਹੱਥਕੰਡੇ ਇਹ ਅਪਣਾ ਰਿਹਾ ਸੀ ਓਹ ਸਰਕਾਰ ਦੀ ਚਾਪਲੂਸੀ ਉੱਤੇ ਜਾ ਸੰਪੰਨ ਹੁੰਦੇ ਸਨ। ਕਰਨਲ ਭਗਤ ਸਿੰਘ ਅਤੇ ਮੈਂ ਵੀ ਏਸ ਮੀਟਿੰਗ ਵਿੱਚ ਸ਼ਾਮਲ ਹੋਏ। ਜਨਰਲ ਭੁੱਲਰ ਦੀ ਭੂਮਿਕਾ, ਜਿਸ ਵਿੱਚ ਓਸ ਨੇ ਅਜਿਹਾ ਪ੍ਰਸਤਾਵ ਰੱਖਿਆ ਸੀ ਜਿਸ ਦਾ ਨਤੀਜਾ ਸੰਤ ਜਰਨੈਲ ਸਿੰਘ ਨੂੰ ਭੰਡ ਕੇ ਸਿੱਖ ਦੁਸ਼ਮਣਾਂ ਦਾ ਪੱਖ ਪੂਰਨਾ ਸੀ, ਤੋਂ ਬਾਅਦ ਕਰਨਲ ਭਗਤ ਸਿੰਘ ਉੱਠੇ ਅਤੇ ਉਹਨਾਂ ਵਿਸਥਾਰ ਨਾਲ ਉਹਨਾਂ ਅਸੂਲਾਂ ਦਾ ਨਿਰੂਪਣ ਕੀਤਾ ਜਿਨ੍ਹਾਂ ਉੱਤੇ ਅਜਿਹੀਆਂ ਮਿਲਣੀਆਂ ਪਹਿਲਾਂ ਹੁੰਦੀਆਂ ਰਹੀਆਂ ਸਨ। ਭੁੱਲਰ ਨੇ ਸਖ਼ਤ ਇਤਰਾਜ਼ ਕੀਤਾ। ਮੈਂ ਕਰਨਲ ਭਗਤ ਸਿੰਘ ਦੀ ਤਾਈਦ ਕੀਤੀ। ਡਾਕਟਰ ਸੋਹਣ ਸਿੰਘ ਸਮੇਤ ਕਈ ਹੋਰਾਂ ਨੇ ਵੀ ਭੁੱਲਰ ਵਿਰੁੱਧ ਵਿਚਾਰ ਪ੍ਰਗਟ ਕੀਤੇ। ਗੱਲ ਆਈ ਗਈ ਹੋ ਗਈ।

ਅਜਿਹੀਆਂ ਕਾਰਵਾਈਆਂ ਕਰਦਿਆਂ ਭੁੱਲਰ ਦਾ ਬਾਹਰ ਜਾਣ ਦਾ ਸਮਾਂ ਨੇੜੇ ਆ ਗਿਆ। ਓਸ ਨੇ ਸੰਤ ਲੌਂਗੋਵਾਲ ਕੋਲੋਂ ਇੱਕ ਪੱਤਰ ਵਿਦੇਸ਼ਾਂ ਦੀ ਸੰਗਤ ਦੇ ਨਾਂਅ ਪ੍ਰਾਪਤ ਕੀਤਾ ਅਤੇ ਆਪਣੇ-ਆਪ ਉੱਤੇ ਜ਼ਿਕਰ ਕੀਤੇ ਕਿਤਾਬਚੇ (Betrayal of Sikhs) ਦੇ ਸਬੰਧ ਵਿੱਚ ਮੁਕੱਦਮਾ ਦਰਜ ਕਰਵਾ ਕੇ ਵਿਦੇਸ਼ਾਂ ਦਾ ਤਿਆਰਾ ਕੱਸ ਲਿਆ। ਸੰਤ ਭਿੰਡਰਾਂ ਵਾਲਿਆਂ ਨੂੰ ਪ੍ਰੇਰਨਾ ਕੀਤੀ ਗਈ ਕਿ ਉਹ ਲੌਂਗੋਵਾਲ ਦੀ ਤਰਜ਼ ਉੱਤੇ ਇਹਨਾਂ ਨੂੰ ਚਿੱਠੀ ਲਿਖ ਦੇਣ ਪਰ ਉਹਨਾਂ ਏਸ ਸੁਝਾਅ ਨੂੰ ਠੁਕਰਾ ਦਿੱਤਾ। ਸੰਤ ਲੌਂਗੋਵਾਲ ਨੇ ਇੰਦਰਾ ਗਾਂਧੀ ਦੇ ਸਕੱਤਰੇਤ ਨੂੰ ਖ਼ਤ ਲਿੱਖ ਕੇ ਦੱਸਿਆ ਕਿ ਜਨਰਲ ਭੁੱਲਰ, ਪ੍ਰੋਫ਼ੈਸਰ ਮਨਜੀਤ ਸਿੰਘ ਆਦਿ ਵਿਦੇਸ਼ ਜਾ ਕੇ (ਹਮਲੇ ਤੋਂ ਬਾਅਦ ਦੀ) ਸੰਤ ਭਿੰਡਰਾਂਵਾਲਿਆਂ ਦੇ ਹੱਕ ਵਿੱਚ ਉੱਭਰਨ ਵਾਲੀ ਲਹਿਰ ਨੂੰ 'ਸੁਖਾਵਾਂ' ਮੋੜ ਦੇਣ ਅਤੇ ਨਿਯੰਤਰਣ ਰੱਖਣ ਦੀ ਨੀਯਤ ਨਾਲ ਜਾ ਰਹੇ ਹਨ, ਇਹਨਾਂ ਦੀ ਮਦਦ ਕੀਤੀ ਜਾਵੇ। ਇਹ ਸਾਰੀਆਂ ਚਿੱਠੀਆਂ ਅਤੇ ਵਿਸ਼ਲੇਸ਼ਣ ਮੇਰੀ ਅੰਗ੍ਰੇਜੀ ਦੀ ਕਿਤਾਬ ਚੱਕ੍ਰਵਿਯੂਹ ਵਿੱਚ ਪੜ੍ਹੀਆਂ ਜਾ ਸਕਦੀਆਂ ਹਨ।

ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਸ਼ਾਇਦ ਥੋੜ੍ਹਾ ਹੋਰ ਪਹਿਲਾਂ ਵਿਦੇਸ਼ੀ ਦੌਰੇ ਉੱਤੇ ਨਿਕਲ ਚੁੱਕੇ ਸਨ। ਬਰਤਾਨੀਆ ਦੇ ਕਈ ਸਿੰਘਾਂ ਨੇ ਤਾਂ ਤਸਦੀਕ ਕੀਤਾ ਕਿ ਏਥੇ ਸਰਕਾਰ ਨੂੰ ਕੋਸ ਕੇ ਇਹਨਾਂ ਕਾਫੀ ਧਨ, ਗਹਿਣੇ ਆਦਿ ਇਕੱਠੇ ਕੀਤੇ ਅਤੇ ਅਮਰੀਕਾ ਪਹੁੰਚ ਗਏ। ਓਥੇ ਕਾਫ਼ੀ ਸਮਾਂ ਇਹਨਾਂ ਆਪਣੀ ਕਾਰਵਾਈ ਜਾਰੀ ਰੱਖੀ। ਇਹਨਾਂ ਦਾ ਸਭ ਤੋਂ ਪਹਿਲੇ ਵੱਡੇ ਸੰਮੇਲਨ ਵਿੱਚ ਜ਼ਿਕਰ ਆਉਂਦਾ ਹੈ। ਮੈਡੀਸਨ ਸਕੁਏਅਰ ਗਾਰਡਨ ਕਨਵੈਨਸ਼ਨ, ਜਿਸ ਦੀ ਹਾਜ਼ਰੀ ਬਹੁਤ ਵੱਡੀ ਸੀ, ਵਿੱਚ ਜਨਰਲ ਭੁੱਲਰ ਦਾ ਪ੍ਰਮੁੱਖ ਰੋਲ ਰਿਹਾ। ਭਾਰਤ ਸਮੇਤ ਕਈ ਮੁਲਕਾਂ ਦੇ ਸਿੱਖਾਂ ਨੇ ਏਸ ਵਿੱਚ ਸ਼ਿਰਕਤ ਕੀਤੀ। ਕੈਨੇਡਾ ਤੋਂ ਆਇਆ ਅਜੈਬ ਸਿੰਘ ਬਾਗੜੀ ਏਸ ਸਭਾ ਵਿੱਚ ਪ੍ਰਮੁੱਖ ਬੁਲਾਰਿਆਂ ਵਿੱਚੋਂ ਸੀ। ਓਸ ਸਭਾ ਵਿੱਚੋਂ ਪੂਰੇ ਧੜੱਲੇ ਨਾਲ ਪਰਗਟ ਹੋਇਆ ਤਲਵਿੰਦਰ ਸਿੰਘ ਪਰਮਾਰ। ਏਸ ਨੂੰ ਜਰਮਨੀ ਵਿੱਚ, ਹਿੰਦੋਸਤਾਨ ਅੰਦਰ ਕੀਤੀਆਂ ਮਾਰ-ਧਾੜ ਦੀਆਂ ਕਾਰਵਾਈਆਂ ਲਈ ਜ਼ਿੰਮੇਵਾਰ ਸਮਝ ਕੇ ਕੈਦ ਕਰ ਲਿਆ ਗਿਆ ਸੀ। ਜਰਮਨੀ ਨੇ ਅਚਾਨਕ ਏਸ ਨੂੰ ਰਿਹਾਅ ਕਰ ਦਿੱਤਾ ਸੀ।

ਤਲਵਿੰਦਰ ਸਿੰਘ ਦੀ ਮੁਕੰਮਲ ਕਹਾਣੀ ਏਥੇ ਦੱਸੀ ਜਾਣੀ ਜ਼ਰੂਰੀ ਹੈ। ਦਹੇੜੂ ਦੇ ਖ਼ਾੜਕੂ ਪੁਲਿਸ ਮੁਕਾਬਲੇ ਤੋਂ ਬਾਅਦ ਇੱਕ ਠਾਣੇਦਾਰ ਦਾ ਬਿਆਨ ਸੀ ਕਿ ਇਹ ਮੁਕਾਬਲੇ ਵਿੱਚ ਸ਼ਾਮਲ ਸੀ ਅਤੇ ਓਥੋਂ ਦੌੜ ਜਾਣ ਵਿੱਚ ਸਫ਼ਲ ਹੋ ਗਿਆ। ਓਸ ਦੇ ਪਾਸਪੋਰਟ ਉੱਤੇ ਲੱਗੀ ਮੁਹਰ ਦੱਸਦੀ ਸੀ ਕਿ ਉਹ ਮੁਕਾਬਲੇ ਵਾਲੇ ਦਿਨ ਨੇਪਾਲ ਵਿੱਚ ਸੀ। ਉਮੀਦ ਸੀ ਕਿ ਇਹ ਵਿਦੇਸ਼ੀ ਸਰਕਾਰਾਂ ਕੋਲੋਂ ਪਨਾਹ ਲੈਣ ਲਈ ਏਸ ਤੱਥ ਨੂੰ ਵਰਤ ਸਕੇਗਾ। ਜਰਮਨੀ ਨੇ ਫ਼ੇਰ ਵੀ ਗ੍ਰਿਫ਼ਤਾਰ ਕਰ ਲਿਆ। ਅਗਾਂਹ ਜਾ ਕੇ ਜੋ ਏਸ ਨੇ ਬਤੌਰ 'ਜ਼ਿੰਦਾ ਸ਼ਹੀਦ' ਦੇ ਆਪਣਾ ਕਿਰਦਾਰ ਨਿਭਾਉਣਾ ਸੀ ਓਸ ਨੂੰ ਡੱਕਾ ਲੱਗ ਗਿਆ। ਕੈਨੇਡਾ ਦੀਆਂ ਖੁਫ਼ੀਆਂ ਏਜੰਸੀਆਂ ਮੁਤਾਬਕ ਹਿੰਦੋਸਤਾਨ ਦੇ ਰਿਸਰਚ ਐਂਡ ਅਨੈਲੇਸਿਸ ਵਿੰਗ (ਰਾਅ) ਦੇ ਮੁਖੀ ਆਰ.ਐਨ.ਕਾਓ ਨੇ ਓਸ ਨੂੰ ਜਰਮਨੀ ਤੋਂ ਰਿਹਾਅ ਕਰਵਾਇਆ ਅਤੇ ਸ਼ਾਇਦ ਉਹ ਸਿੱਧਾ ਮੈਡੀਸਨ ਸਕੁਏਅਰ ਗਾਰਡਨ ਦੇ ਮੰਚ ਉੱਤੇ ਜਾ ਸਭਾ ਵਿੱਚ ਸ਼ਾਮਲ ਹੋਇਆ ਜਿਸ ਨੇ ਆਲਮੀ ਸਿੱਖ ਸੰਸਥਾ ਸਿਰਜ ਕੇ ਲੋਕਾਂ ਦੇ ਜਜ਼ਬਾਤਾਂ ਨੂੰ ਬੰਨ੍ਹ ਲਾਉਣਾ ਸੀ ਜਾਂ ਪ੍ਰਵਾਨਤ ਅਮਨ ਦੇ ਰੰਗ ਵਿੱਚ ਰੰਗਣਾ ਸੀ।

ਬਾਅਦ ਵਿੱਚ ਬਾਗੜੀ ਉੱਤੇ ਏਅਰ ਇੰਡੀਆ ਦੇ ਕਨਿਸ਼ਕਾ ਜਹਾਜ਼ ਨੂੰ ਡੇਗਣ ਦਾ ਮੁਕੱਦਮਾ ਬਣ ਗਿਆ। ਓਸ ਸਬੰਧੀ ਸਫ਼ਾਈ ਪੱਖ ਵੱਲੋਂ ਮੈਨੂੰ ਵੀ ਮਾੜੀ-ਮੋਟੀ ਖੋਜ ਕਰਨ ਵਿੱਚ ਸ਼ਾਮਲ ਕੀਤਾ ਗਿਆ। ਮੇਰਾ ਇੱਕ ਕੰਮ ਸੀ ਬਾਗੜੀ ਦੇ ਮੰਚ ਉੱਤੇ ਦਿੱਤੇ ਭਾਸ਼ਣ ਦਾ ਅੰਗ੍ਰੇਜ਼ੀ ਉਲੱਥਾ ਕਰਨਾ। ਓਸ ਸਬੰਧੀ ਮੈਨੂੰ ਮੀਟਿੰਗ ਦੀ ਕਾਰਵਾਈ ਦੀ ਫ਼ਿਲਮ ਦਿੱਤੀ ਗਈ। ਓਸ ਸਭਾ ਵਿੱਚ ਹਿੰਦੋਸਤਾਨ ਤੋਂ ਗਿਆ ਲੋਕ-ਧੁਨਾਂ ਦਾ ਗਵੱਈਆ ਵੀ ਸ਼ਾਮਲ ਸੀ। ਓਸ ਦਾ ਸੰਖੇਪ ਭਾਸ਼ਣ ਕੰਨ ਖੋਲ੍ਹਣ ਵਾਲਾ ਸੀ। 'ਤੁਸੀਂ ਮੰਚ ਉੱਤੋਂ ਸਰਕਾਰ ਨੂੰ ਸਬਕ ਸਿਖਾਉਣ ਦੀਆਂ ਵਧ-ਚੜ੍ਹ ਕੇ ਗੱਲਾਂ ਕਰ ਰਹੇ ਹੋ।' ਓਸ ਨੇ ਆਖਿਆ 'ਮੈਂ ਦੇਖ ਰਿਹਾ ਹਾਂ ਕਿ ਏਸ ਸਭਾ ਵਿੱਚ ਤਾਂ ਓਹਨਾਂ ਕੌਂਗਰਸੀ ਲੋਕਾਂ ਦੀ ਭਰਮਾਰ ਹੈ ਜਿਨ੍ਹਾਂ ਦੀ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਹੈ ਅਤੇ ਜਿਸ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਹੋ ਰਹੀਆਂ ਹਨ।'

ਓਸ ਨੇ ਸੱਚ ਕਿਹਾ ਸੀ। ਮੰਚ ਦੇ ਦੋਨੋ ਪਾਸੇ ਪ੍ਰਮੁੱਖ ਲੋਕ ਓਹੀ ਸਨ ਜਿਨ੍ਹਾਂ ਦਾ ਕਾਂਗਰਸ ਨਾਲ ਇੱਕ-ਮਿੱਕ ਹੋਣਾ ਝੁਠਲਾਇਆ ਨਹੀਂ ਸੀ ਜਾ ਸਕਦਾ। ਅਜਿਹਿਆਂ ਵਿੱਚ ਇੱਕ ਵੱਡੀ ਮੱਛੀ ਸੀ ਜਨਰਲ ਭੁੱਲਰ। ਓਥੇ ਇਹ ਨੰਗੀਆਂ ਤਲਵਾਰਾਂ ਦੀ ਛਾਂਵੇਂ ਆਇਆ। ਏਸ ਨੇ ਖ਼ੂਬ ਮਜਮਾ ਲਾਇਆ ਅਤੇ ਅਮਰੀਕਾ ਵਿੱਚੋਂ ਕਾਫ਼ੀ ਧਨ ਇਕੱਠਾ ਕੀਤਾ। ਇਹ ਆਮ ਇਲਜ਼ਾਮ ਲੱਗਿਆ ਕਿ ਭੁੱਲਰ ਨੇ ਦੂਸਰੇ ਸਹਿਯੋਗੀਆਂ ਨਾਲ ਮਿਲ ਕੇ ਇਹ ਧਨ ਹੜੱਪ ਲਿਆ ਅਤੇ ਕੌਮ ਦੇ ਕਿਸੇ ਕੰਮ ਨਾ ਆਉਣ ਦਿੱਤਾ। ਜਦੋਂ ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਵਾਪਸ ਭਾਰਤ ਆਇਆ ਤਾਂ ਓਸ ਨੇ ਵੀ ਏਸ ਕਿਸਮ ਦੀਆਂ ਗੱਲਾਂ ਕੀਤੀਆਂ। ਜਦੋਂ ਜਨਰਲ ਭੁੱਲਰ ਵਾਪਸ ਆਇਆ ਤਾਂ ਓਸ ਨੇ ਮੈਨੂੰ ਦੱਸਿਆ ਕਿ ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਉੱਥੇ ਵੱਡਾ ਗ਼ਬਨ ਕਰ ਕੇ ਆਇਆ ਹੈ। ਤਨਜ਼ੀਮ ਦੀ ਕੇਂਦਰੀ ਕਮੇਟੀ ਵੱਲੋਂ 'ਮੈਂ ਏਸ ਨੂੰ ਚਾਰਜਸ਼ੀਟ ਵੀ ਕੀਤਾ ਸੀ'। ਭੁੱਲਰ ਨੇ ਮੈਨੂੰ ਦੋਸ਼-ਪੱਤਰ ਦੀ ਨਕਲ ਵੀ ਦਿੱਤੀ, ਸ਼ਾਇਦ ਹੋਰ ਥਾਂਈਂ ਵੀ ਵੰਡੀ। ਅਮਰੀਕਾ ਵਿੱਚ ਹੋਈ ਕਾਰਵਾਈ ਬਾਰੇ ਮੈਨੂੰ ਏਨਾਂ ਕੁ ਪਤਾ ਲੱਗਿਆ ਕਿ ਪ੍ਰੋਫ਼ੈਸਰ ਨੇ ਕਿਸੇ ਨਾਲ ਮਿਲ ਕੇ ਇੱਕ ਸਾਂਝਾ ਖਾਤਾ ਖੋਲ੍ਹਿਆ ਸੀ ਅਤੇ ਓਸ ਆਦਮੀ ਨੇ ਏਸ ਨੂੰ ਦੱਸੇ ਬਿਨਾ ਪੈਸੇ ਕਢਾ ਕੇ ਵਰਤ ਲਏ ਸਨ। ਏਸ ਨੇ ਇੱਕ-ਦੋ ਵਕੀਲਾਂ ਨਾਲ ਮੁਕੱਦਮਾ ਕਰਨ ਬਾਰੇ ਸਲਾਹ-ਮਸ਼ਵਰਾ ਕੀਤਾ। ਕਿਉਂਕਿ ਗ਼ੈਰ-ਕਾਨੂੰਨੀ ਕੁਝ ਨਹੀਂ ਸੀ ਹੋਇਆ ਏਸ ਲਈ ਮੁਕੱਦਮਾ ਨਾ ਹੋ ਸਕਿਆ। ਇਹ ਗੱਲ ਮੈਨੂੰ ਇੱਕ ਵਕੀਲ ਨੇ ਦੱਸੀ ਜਿਸ ਨਾਲ ਪ੍ਰੋਫ਼ੈਸਰ ਗੁਰਦਰਸ਼ਨ ਸਿੰਘ ਨੇ ਮਸ਼ਵਰਾ ਕੀਤਾ ਸੀ। ਰਕਮ ਬਾਰੇ ਏਨਾਂ ਕੁ ਪਤਾ ਚੱਲਿਆ ਕਿ 'ਕਾਫ਼ੀ ਵੱਡੀ' ਸੀ। ਜਿਸ ਨੂੰ ਏਸ ਤੋਂ ਵੱਧ ਜਾਣਨ ਦੀ ਚਾਹ ਹੋਵੇ ਉਹ ਅਗਾਂਹ ਖੋਜਬੀਨ ਕਰ ਸਕਦਾ ਹੈ। ਮੈਨੂੰ ਦਿਲਚਸਪੀ ਨਹੀਂ ਸੀ। ਇਸ ਲਈ ਜਿੰਨਾ ਕੁ ਕੰਨੀਂ ਪਿਆ, ਓਨੇਂ ਕੁ ਨੂੰ ਇਤਿਹਾਸ ਦੀ ਲੋੜ ਲਈ ਸੰਭਾਲ ਲਿਆ।

ਜਨਰਲ ਭੁੱਲਰ ਦੀ ਮਾਲੀ ਹਾਲਤ ਬਾਰੇ ਮੈਂ ਏਨਾਂ ਹੀ ਜਾਣਦਾ ਹਾਂ ਕਿ ਵਿਦੇਸ਼ ਜਾਣ ਤੋਂ ਪਹਿਲਾਂ ਬਹੁਤ ਚੰਗੀ ਨਹੀਂ ਸੀ। ਇੱਕ ਵੇਰ ਅੰਮ੍ਰਿਤਸਰ ਤੋਂ ਵਾਪਸ ਆਉਂਦਿਆਂ ਭੁੱਲਰ ਨੇ ਖਾਣੇ ਦਾ ਬਿੱਲ ਦੇਣ ਦੀ ਕੋਸ਼ਿਸ਼ ਕੀਤੀ। ਏਸ ਨੇ ਹੱਥ ਕਮੀਜ਼ ਦੀ ਜੇਬ ਵੱਲ ਵਧਾਇਆ ਤਾਂ ਜਨਰਲ ਨਰਿੰਦਰ ਸਿੰਘ ਅਤੇ ਕਰਨਲ ਭਗਤ ਸਿੰਘ ਏਸ ਵੱਲ ਵੇਖ ਕੇ ਮਸ਼ਕਰੀ ਕਰਨ ਦੇ ਅੰਦਾਜ਼ ਨਾਲ ਮੁਸਕਰਾਉਣ ਲੱਗੇ। ਭੁੱਲਰ ਨੇ ਸੌ ਰੁਪੈ ਦਾ ਨੋਟ ਜੇਬ ਵਿੱਚੋਂ ਕੱਢਿਆ ਪਰ ਉਹ ਪਾਟਿਆ ਹੋਣ ਕਾਰਣ ਵਰਤਿਆ ਨਾ ਜਾ ਸਕਿਆ। ਬਾਅਦ ਵਿੱਚ ਮੈਂ ਦੋਨਾਂ ਫ਼ੌਜੀਆਂ ਕੋਲੋਂ ਮੁਸਕਰਾਹਟ ਦਾ ਰਾਜ਼ ਪੁੱਛਿਆ ਤਾਂ ਉਹਨਾਂ ਨੇ ਪਾਟੇ ਨੋਟ ਦੇ ਡੂੰਘੇ ਰਹੱਸ ਤੋਂ ਪਰਦਾ ਲਾਹਿਆ। ਭੁੱਲਰ ਇੱਕ ਪਾਟਿਆ ਨੋਟ ਰੱਖਣ ਅਤੇ ਏਸ ਮੰਤਵ ਲਈ ਵਰਤਣ ਲਈ ਦੋਸਤਾਂ-ਮਿੱਤਰਾਂ ਵਿੱਚ ਚਿਰੋਕਣਾ ਜਾਣਿਆ ਜਾਂਦਾ ਸੀ।

ਓਸ ਤਰ੍ਹਾਂ ਓਸ ਨੇ ਮੈਨੂੰ ਆਮ ਵਾਰਤਾਲਾਪ ਵਿੱਚ ਕਈ ਵਾਰ ਦੱਸਿਆ ਸੀ ਕਿ ਓਸ ਦੀ ਜੱਦੀ ਜਾਇਦਾਦ ਨਾ ਹੋਣ ਬਰਾਬਰ ਸੀ। ਇੱਕ ਵਾਰ ਅਸੀਂ ਦੋਨੋਂ ਓਧਰੋਂ ਲੰਘਦੇ, ਓਸ ਦੇ ਪਿੰਡ ਢਪੱਈ ਵੀ ਹੋ ਕੇ ਆਏ ਸੀ। ਰਾਹ ਵਿੱਚ ਏਸ ਨੇ ਮੈਨੂੰ ਸੜਕ ਤੋਂ ਦਿਸਦਾ ਇੱਕ ਵੱਧ ਤੋਂ ਵੱਧ 15 ਜ਼ਰਬ 20 ਕੁ ਫੁਟ ਦਾ ਚੁਬਾਰਾ ਮਸਤੂਆਣੇ ਗੁਰਦੁਆਰੇ ਦੇ ਸਕੂਲ ਦੀ ਛੱਤ ਉੱਤੇ ਵਖਾਇਆ ਸੀ। ਓਸ ਦਾ ਆਖਣਾ ਸੀ ਕਿ ਓਸ ਦਾ ਸਾਰਾ ਬਚਪਨ ਏਸ ਚੁਬਾਰੇ ਵਿੱਚ ਬੀਤਿਆ ਸੀ ਜਿਸ ਵਿੱਚ ਓਸ ਦੇ ਪਿਤਾ ਰਹਿੰਦੇ ਸਨ। ਉਹ ਮਾਇਆ ਵੱਲੋਂ ਏਨੇ ਉਪਰਾਮ ਸਨ ਕਿ 'ਕਈ ਲੋਕ ਉਨ੍ਹਾਂ ਨੂੰ ਸੰਤ ਤੇਜਾ ਸਿੰਘ ਆਖਦੇ ਸਨ।' ਵਿਦੇਸ਼ ਜਾਣ ਤੋਂ ਪਹਿਲਾਂ ਜਰਨੈਲ ਦਾ ਰਹਿਣ-ਸਹਿਣ ਵੀ ਆਮ ਮੱਧ-ਵਰਗੀ ਘਰ ਦੇ ਬੰਦੇ ਵਰਗਾ ਸੀ।

ਹੁਣ ਵਿਦੇਸ਼ੋਂ ਪਰਤਣ ਤੋਂ ਬਾਅਦ ਦੀ ਗੱਲ ਕਰੀਏ! ਕੁਝ ਦੋਸਤਾਂ ਦੀ ਸਲਾਹ ਨਾਲ ਮੈਂ ਸਿਰਮੌਰ ਕਵੀ ਹਰਿੰਦਰ ਸਿੰਘ ਮਹਿਬੂਬ ਨੂੰ ਇੱਕ ਲੱਖ ਰੁਪਏ ਉਸ ਦੀ ਮਹਾਂਕਾਵਿ ਦੀ ਪਹਿਲੀ ਜਿਲਦ ਦੇ ਪ੍ਰਕਾਸ਼ਨ ਉੱਤੇ ਭੇਟ ਕਰਨ ਲਈ ਸਮਾਗਮ 30 ਜਨਵਰੀ 2000 ਨੂੰ ਰਚਾਇਆ। ਦੋਸਤਾਂ ਵਿੱਚੋਂ, ਜਿਨ੍ਹਾਂ ਤੋਂ ਵੱਡੀਆਂ ਉਮੀਦਾਂ ਸਨ, ਬਹੁਤੇ ਵਾਅਦੇ ਭੁੱਲ ਗਏ ਅਤੇ ਅਖ਼ੀਰ ਜ਼ਿਆਦਾ ਬੋਝ ਇੱਕੋ ਆਦਮੀ ਉੱਤੇ ਪੈਣ ਲੱਗਾ। ਜਨਰਲ ਭੁੱਲਰ ਨੇ ਪੇਸ਼ਕਸ਼ ਭੇਜੀ ਕਿ ਓਸ ਕੋਲ ਬਹੁਤ ਪੈਸੇ ਹਨ ਅਤੇ ਉਹ ਵੀ ਮਹਿਬੂਬ ਵਾਲੇ ਸਮਾਗਮ ਵਿੱਚ ਸ਼ਮੂਲੀਅਤ ਕਰਨਾ ਚਾਹੁੰਦਾ ਹੈ। ਮੈਂ ਆਪਣੇ ਇੱਕ ਸਹਿਯੋਗੀ ਸਰਦਾਰ ਹਰਸ਼ਿੰਦਰ ਸਿੰਘ ਨੂੰ ਏਸ ਦੇ ਘਰ ਭੇਜਿਆ ਤਾਂ ਏਸ ਨੇ ਪੱਚੀ ਹਜ਼ਾਰ ਰੁਪਏ ਦੇ ਕੇ ਓਸ ਰਕਮ ਵਿੱਚ ਹਿੱਸਾ ਪਾਇਆ। ਭੁੱਲਰ ਨੇ ਹਰਸ਼ਿੰਦਰ ਸਿੰਘ ਨੂੰ ਦੱਸਿਆ ਕਿ ਓਸ ਨੇ 'ਸੰਗਤ ਦੇ ਪੈਸੇ ਨਾਲ' ਇੱਕ ਮਾਤਾ ਗੁਜਰੀ ਟ੍ਰਸਟ ਬਣਾਇਆ ਹੈ ਅਤੇ ਕਈ ਲੋਕਾਂ ਦੀ ਮਦਦ ਕਰ ਚੁੱਕਿਆ ਹੈ। 'ਮੈਂ ਹੁਣੇ-ਹੁਣੇ ਕਈ ਥਾਂਈ ਵੱਡੀਆਂ ਰਕਮਾਂ ਦਿੱਤੀਆਂ ਹਨ। ਤੁਹਾਡੇ ਪ੍ਰਯੋਜਨ ਦਾ ਪਹਿਲਾਂ ਪਤਾ ਲੱਗ ਜਾਂਦਾ ਤਾਂ ਮੈਂ ਏਨੇਂ ਕੁ ਪੈਸੇ ਹੋਰ ਦੇ ਦੇਣੇ ਸਨ? ਵਿਦੇਸ਼ੋਂ ਪਰਤੇ ਭੁੱਲਰ ਦੇ ਅਤੇ ਪਹਿਲਾਂ ਵਾਲੇ ਭੁੱਲਰ ਦੇ ਰਹਿਣ-ਸਹਿਣ ਵਿੱਚ ਵੀ ਬਹੁਤ ਫ਼ਰਕ, ਵੇਖਣ ਵਾਲਿਆਂ ਨੇ ਵੇਖਿਆ।

ਏਸ ਘਟਨਾ ਤੋਂ ਬਾਅਦ ਇੱਕ ਵਾਰ ਭੁੱਲਰ ਮੈਨੂੰ ਆ ਕੇ ਮਿਲਿਆ। ਓਸ ਨੇ ਇੱਕ ਆਪਣੀ ਜੀਵਨੀ ਦਾ ਖਰੜਾ ਅਤੇ ਇੱਕ ਤਸਵੀਰਾਂ ਦੀ ਐਲਬਮ ਮੈਨੂੰ ਦੇ ਕੇ ਆਖਿਆ ਕਿ ਮੈਂ ਏਸ ਨੂੰ ਜਿਵੇਂ ਚਾਹਵਾਂ ਛਾਪ ਲਵਾਂ। ਓਸ ਨੇ 'ਖਰਚਾ' ਆਦਿ ਦੇਣ ਦੀ ਪੇਸ਼ਕਸ਼ ਵੀ ਕੀਤੀ। ਮਾਤਾ ਗੁਜਰੀ ਟਰਸਟ, ਜਿਸ ਨੂੰ ਉਹ ਕੌਮੀ ਖਜ਼ਾਨਾ ਦੱਸਦਾ ਸੀ, ਦਾ ਵੀ ਜ਼ਿਕਰ ਕੀਤਾ। ਮੈਂ ਕਿਤਾਬ ਪੜ੍ਹ ਕੇ ਵੇਖੀ । ਓਸ ਵਿੱਚ ਲੋਕਾਂ ਦੀ ਦਿਲਚਸਪੀ ਲਈ ਕੁਝ ਵੀ ਨਹੀਂ ਸੀ। ਬਹੁਤੇ ਆਪਣੇ ਗੁਣਗਾਨ ਹੀ ਸਨ। ਜਾਂ ਕਈ ਲੋਕਾਂ ਨੂੰ ਜੀ ਭਰ ਕੇ ਕੋਸਿਆ ਗਿਆ ਸੀ। ਅਮਰੀਕਾ ਤੋਂ ਪਰਤਣ ਤੋਂ ਬਾਅਦ ਕੁਝ ਮੀਹਨੇ ਭੁੱਲਰ ਕਿਤੇ ਗੁੰਮਨਾਮ ਜ਼ਿੰਦਗੀ ਬਿਤਾ ਕੇ ਵਾਪਸ ਭਾਰਤ ਆਇਆ ਸੀ। ਓਸ ਗੁੰਮਨਾਮੀ ਦੇ ਜੀਵਨ ਉੱਤੇ ਵੀ ਕੋਈ ਚਾਨਣ ਕਿਤਾਬ ਵਿੱਚ ਨਹੀਂ ਸੀ ਪਾਇਆ ਗਿਆ। ਵਿਰੋਧੀਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਵੀ ਕੁਈ ਜ਼ਿਕਰ ਜਾਂ ਜੁਆਬ ਨਹੀਂ ਸੀ। ਨਾ ਕੌਮੀ ਮਸਾਇਲ ਦਾ ਵਿਸ਼ਲੇਸ਼ਣ, ਸੰਭਵ ਹੱਲ ਆਦਿ ਸੀ। ਓਸ ਦੇ ਛਪਣ ਨਾਲ ਕੋਈ ਸਪਸ਼ਟਤਾ ਆਉਣ ਦੀ ਸੰਭਾਵਨਾ ਨਹੀਂ ਸੀ। ਇਹ ਕਿਤਾਬ ਛਪ ਵੀ ਜਾਵੇ ਤਾਂ ਕਿਸੇ ਕੌਮੀ ਮਕਸਦ ਦੀ ਪੂਰਤੀ ਲਈ ਵਰਤੀ ਨਹੀਂ ਸੀ ਜਾ ਸਕਦੀ।

ਇੱਕ ਇਲਜ਼ਾਮ ਭੁੱਲਰ ਨੇ ਆਪਣੇ ਉੱਤੇ ਖ਼ੁਦ ਲਗਾਇਆ ਅਤੇ ਓਸ ਦਾ ਜ਼ੁਬਾਨੀ ਜੁਆਬ ਵੀ ਉਹ ਖ਼ੁਦ ਦੇ ਗਿਆ। 'ਕਈ ਬਾਹਲੇ ਗਰਮ-ਖਿਆਲੀ ਮੈਨੂੰ ਮਿਲਣ ਤੋਂ ਬਾਅਦ ਪੁਲਿਸ ਨੇ ਦਬੋਚ ਲਏ। ਮੈਂ ਬੜਾ ਹੈਰਾਨ! ਇੱਕ ਪੁਲਿਸ ਅਫ਼ਸਰ ਨੇ ਮੈਨੂੰ ਦੱਸਿਆ ਕਿ ਉਹਨਾਂ ਕੋਲ ਐਸੇ-ਐਸੇ ਯੰਤਰ ਹਨ ਜੋ ਕੰਨ ਵਿੱਚ ਕੀਤੀ ਗੱਲ ਨੂੰ ਵੀ ਮੀਲਾਂ ਤੋਂ ਸੁਣ ਲੈਂਦੇ ਹਨ।'

ਕੁਲ ਮਿਲਾ ਕੇ ਮੈਂ ਜਨਰਲ ਭੁੱਲਰ ਬਾਰੇ ਏਨਾਂ ਕੁ ਹੀ ਜਾਣਦਾ ਹਾਂ। ਏਸ ਜਾਣਕਾਰੀ ਦੀ ਬਿਨਾ ਉੱਤੇ ਮੈਂ ਓਸ ਨੂੰ ਨਾ ਸੱਚ, ਧਰਮ ਨਾਲ ਖੜ੍ਹਨ ਵਾਲਾ ਆਖ ਸਕਦਾ ਹਾਂ, ਨਾ ਖ਼ਾਲਸਾ ਉਦੇਸ਼ਾਂ ਨੂੰ ਸਮਝਣ ਵਾਲਾ ਜਾਂ ਉਹਨਾਂ ਦੇ ਪ੍ਰਚਾਰ ਵਿੱਚ ਦਿਲਚਸਪੀ ਰੱਖਣ ਵਾਲਾ। ਓਸ ਦੀ ਛਬੀ ਮੇਰੇ ਮਨ ਵਿੱਚ ਇੱਕ ਪੰਥ-ਵਿਰੋਧੀ ਦੀ ਬਣ ਕੇ ਉੱਭਰਦੀ ਹੈ ਜੋ ਪੰਜਾਬ ਦੇ ਮਸਲਿਆਂ ਨਾਲ ਕੋਈ ਸਰੋਕਾਰ ਨਹੀਂ ਸੀ ਰੱਖਦਾ ਅਤੇ ਏਸ ਦੀ ਜਵਾਨੀ ਨੂੰ ਫੋਕੀ ਹੱਲਾ-ਸ਼ੇਰੀ ਦੇ ਕੇ ਬਲਦੀ ਭੱਠੀ ਵਿੱਚ ਝੋਕ ਰਿਹਾ ਸੀ। ਜਾਪਦਾ ਇਹ ਵੀ ਹੈ ਕਿ ਉਹ ਆਪਣੀਆਂ ਸੇਵਾਵਾਂ ਬਦਲੇ ਕਿਸੇ ਪਾਸੋਂ ਮੁੱਲ ਵੱਟਣ ਦੀ ਇੱਛਾ ਵੀ ਰੱਖਦਾ ਸੀ। ਵਿਚਾਰਧਾਰਕ ਤੌਰ ਉੱਤੇ ਉਹ ਕਿਸੇ ਵੀ ਵਿਚਾਰਧਾਰਾ ਦਾ ਕਾਇਲ ਨਹੀਂ ਜਾਪਦਾ ਅਤੇ ਆਪਣੇ-ਆਪ ਨੂੰ ਹਰ ਉੱਚੀ ਇਖ਼ਲਾਕੀ ਕਦਰ-ਕੀਮਤ ਤੋਂ ਬਰਾਬਰ ਦੀ ਦੂਰੀ ਉੱਤੇ ਖੜ੍ਹਾ ਹੋਣ ਵਾਲਾ ਮੈਨੂੰ ਦਿੱਸਿਆ। ਪਾਠਕ ਸਾਰੀ ਕਹਾਣੀ ਪੜ੍ਹ ਕੇ ਆਪਣਾ ਮੁਲਾਂਕਣ ਆਪੇ ਕਰੇ ਤਾਂ ਬਿਹਤਰ ਰਹੇਗਾ।

ਇੱਕ ਸਵਾਲ ਮੈਨੂੰ ਜ਼ਰੂਰ ਖਲਦਾ ਹੈ। ਸਾਡੇ ਆਗੂ ਜੇ ਪਾਰਖੂ ਅੱਖ ਨਹੀਂ ਸੀ ਰੱਖਦੇ ਤਾਂ ਉਹਨਾਂ ਅਜਿਹੇ ਬੰਦਿਆਂ ਦੀ ਖੋਜਬੀਨ ਲਈ ਕੁਈ ਪੁਖਤਾ ਇੰਤਜ਼ਾਮ ਕਿਉਂ ਨਾ ਕੀਤਾ?

---------------------------------------------------

ਜੋ ਮੁਕੱਦਮਾ ਭੁੱਲਰ ਅਤੇ ਓਸ ਦੇ ਸਾਥੀ ਮੇਰੇ ਗਲ਼ ਮੜ੍ਹ ਗਏ ਸਨ ਓਸ ਦੀ ਕਹਾਣੀ ਵੀ ਕਹਿਣਯੋਗ ਹੈ ਪਰ ਕਦੇ ਫ਼ੇਰ। ਏਥੇ ਏਨਾਂ ਹੀ ਕਾਫ਼ੀ ਹੈ ਕਿ ਮੇਰੀ ਪੈਰਵੀ ਲਈ ਕੁਈ ਵਕੀਲ ਪੇਸ਼ ਹੋਣ ਲਈ ਹੀ ਤਿਆਰ ਨਹੀਂ ਸੀ ਹੁੰਦਾ। ਚਾਰ ਸਾਲ ਦੀ ਖੱਜਲ-ਖੁਆਰੀ ਤੋਂ ਬਾਅਦ ਨਰਿੰਦਰ ਸਿੰਘ ਭੁਲੇਰ ਦੀ ਸਿਫ਼ਾਰਸ਼ ਉੱਤੇ, ਅਕਾਲੀ ਪੱਖੀ ਜਾਣਿਆ ਜਾਂਦਾ, ਵਕੀਲ ਗੁਰਦਰਸ਼ਨ ਸਿੰਘ ਗਰੇਵਾਲ ਪੇਸ਼ ਹੋਇਆ। ਕੇਂਦਰੀ ਸਰਕਾਰ ਦਾ ਵਕੀਲ ਸੀ ਆਨੰਦ ਸਰੂਪ ਜਿਸ ਨੇ ਹਾਈ ਕੋਰਟ ਦੇ ਜੱਜ ਕੇ.ਐਸ. ਭੱਲਾ ਨੂੰ ਅਪ੍ਰਸੰਗਿਕ ਗੱਲਾਂ ਕਰ ਕਰ ਕੇ ਏਨਾਂ ਨਾਰਾਜ਼ ਕਰ ਲਿਆ ਕਿ ਉਹ 5 ਅਸਗਤ 1988 ਨੂੰ ਜ਼ਮਾਨਤ ਦੇਣ ਲਈ ਰਜ਼ਾਮੰਦ ਹੋ ਗਿਆ। 8 ਅਗਸਤ 1988 ਨੂੰ ਜ਼ਿਲ੍ਹਾ ਜੱਜ ਨੇ ਹਾਈ ਕੋਰਟ ਦੇ ਹੁਕਮ ਅਨੁਸਾਰ ਜ਼ਮਾਨਤ ਮਨਜ਼ੂਰ ਕਰ ਲਈ। ਕੁਝ ਸਮੇਂ ਬਾਅਦ ਜਨਰਲ ਭੁੱਲਰ ਨੇ ਵਾਪਸ ਹਿੰਦੋਸਤਾਨ ਆਉਣਾ ਸੀ। ਓਸ ਦੀ ਆਮਦ ਤੋਂ ਥੋੜ੍ਹਾ ਸਮਾਂ ਪਹਿਲਾਂ ਸਰਕਾਰ ਨੇ ਮੁਕੱਦਮਾ ਵਾਪਸ ਲੈ ਲਿਆ। ਮੁਕੱਦਮਾ ਓਸ ਲਈ ਤਾਂ ਬਣਾਇਆ ਹੀ ਨਹੀਂ ਗਿਆ ਸੀ।

Monday, October 10, 2011

ਮਨਜੀਤ ਸਿੰਘ ਬਨਾਮ ਅਮਾਂਡਾ ਨੌਕਸ

ਕਹਾਣੀ ਅਮਾਂਡਾ ਨੌਕਸ ਤੋਂ ਸ਼ੁਰੂ ਕਰੀਏ। ਅਮਾਂਡਾ ਅੱਜ 24 ਕੁ ਸਾਲ ਦੀ ਬੜੀ ਭਲ਼ੀ ਮੁਟਿਆਰ ਹੈ, ਜਿਸ ਨੂੰ ਇਟਲੀ ਦੀ ਸਰਕਾਰ ਨੇ ਕਤਲ ਦੇ ਮੁਕੱਦਮੇ ਵਿੱਚ ਫਸਾ ਕੇ, ਓਸ ਨੂੰ 28 ਸਾਲ ਲਈ ਕੈਦ ਕਰ ਦਿੱਤਾ ਸੀ। ਪ੍ਰੋਫ਼ੈਸਰ ਭੁੱਲਰ ਵਾਂਗ ਓਸ ਕੋਲੋਂ ਵੀ ਮਾਰ ਕੁੱਟ ਕਰ ਕੇ ਇਕਬਾਲੀਆ ਬਿਆਨ ਲੈ ਲਿਆ ਗਿਆ ਸੀ। ਪਰ ਅਸਲ ਦਾਰੋਮਦਾਰ ਡੀ.ਐਨ.ਏ. ਪੜਤਾਲ ਉੱਤੇ ਸੀ। ਉਹ ਸਲਾਖਾਂ ਦੇ ਪਿੱਛੋਂ ਵੀ ਕੂਕਦੀ ਰਹੀ ਕਿ ਉਹ ਨਿਰਦੋਸ਼ ਹੈ। ਓਸ ਦੀ ਕੂਕ ਪੁਕਾਰ ਪ੍ਰੋਫ਼ੈਸਰ ਭੁੱਲਰ ਅਤੇ ਲਾਲ ਸਿੰਘ (ਅਸਲ ਨਾਂ ਮਨਜੀਤ ਸਿੰਘ) ਵਾਂਗ ਲੋਕਾਂ ਦੇ ਬੋਲ਼ੇ ਕੰਨਾਂ ਉੱਤੇ ਪੈਣ ਦੀ ਬਜਾਏ ਓਸ ਨੂੰ ਆਪਣੇ ਸ਼ਹਿਰ ਸੀਐਟਲ ਅਤੇ ਯੂਰਪ ਦੇ ਹਰ ਸ਼ਹਿਰ ਵਿੱਚੋਂ ਭਰਵਾਂ ਹੁੰਗਾਰਾ ਮਿਲਿਆ। ਜਿਸ ਦੇ ਵੀ ਕੰਨੀਂ ਇੱਕ ਪੀੜਤ ਦੀ ਆਵਾਜ਼ ਪਈ ਓਸ ਨੇ ਆਪਣੇ ਵਿੱਤ ਅਨੁਸਾਰ ਓਸ ਦੀ ਅਤੇ ਓਸ ਦੇ ਪਰਿਵਾਰ ਦੀ ਸਾਰ ਲਈ। ਨਿਰਦੋਸ਼ ਦੀ ਪੁਕਾਰ ਸੀ, ਆਖ਼ਰ ਰੰਗ ਲਿਆਈ। ਮੁਕੱਦਮਾ ਦੁਬਾਰੇ ਪੜਤਾਲਿਆ ਗਿਆ ਤਾਂ ਪਤਾ ਲੱਗਾ ਕਿ ਡੀ.ਐਨ.ਏ. ਸਬੂਤ ਵਿੱਚ ਵੱਡੀਆਂ ਖਾਮੀਆਂ ਸਨ। ਓੜਕ ਓਸ ਨੂੰ ਰਿਹਾਅ ਕਰ ਦਿੱਤਾ ਗਿਆ।

ਹਵਾਈ ਜਹਾਜ਼ ਉੱਡਣ ਤੋਂ ਸਿਐਟਲ ਪਹੁੰਚਣ ਤੱਕ ਪਲ਼-ਪਲ਼ ਦੀ ਖ਼ਬਰ ਦੋਨੋਂ ਸੀ.ਐਨ.ਐਨ. ਅਤੇ ਬੀ.ਬੀ.ਸੀ. ਦਿੰਦੇ ਰਹੇ। ਪੰਜ ਮਿੰਟ ਓਸ ਦੇ ਹਵਾਈ ਜਹਾਜ਼ ਨੂੰ ਵਿਖਾਉਂਦੇ ਰਹੇ ਜਿਵੇਂ ਕਿ ਕਿਸੇ ਮੁਲਕ ਦੇ ਪ੍ਰਧਾਨੀ ਮੰਤਰੀ ਦਾ ਜਹਾਜ਼ ਹੋਵੇ। ਹਵਾਈ ਅੱਡੇ ਉੱਤੇ 70 ਦੇ ਕਰੀਬ, ਟੈਲੀਵਿਜ਼ਨ, ਅਖ਼ਬਾਰਾਂ ਆਦਿ ਦੇ ਨਾਮਾਨਿਗਾਰ ਪਹੁੰਚੇ। ਹਵਾਈ ਅੱਡੇ ਉੱਤੇ ਮੀਡੀਆ ਮਿਲਣੀ ਹੋਈ। ਸੰਖੇਪ ਜਿਹੇ ਬਿਆਨ ਵਿੱਚ ਅਮਾਂਡਾ ਨੇ ਮਦਦ ਲਈ ਸਭ ਦਾ ਧੰਨਵਾਦ ਕੀਤਾ ਅਤੇ ਰਿਹਾਅ ਹੋਣ ਉੱਤੇ ਖੁਸ਼ੀ ਜ਼ਾਹਰ ਕੀਤੀ। ਚਰਚਾ ਚੱਲੀ ਕਿ ਓਸ ਦੇ ਗਰੀਬ ਮਾਤਾ-ਪਿਤਾ ਨੇ ਆਪਣਾ ਘਰ ਗਹਿਣੇ ਰੱਖ ਕੇ ਮੁਕੱਦਮੇ ਦੇ ਖਰਚੇ ਝੱਲੇ ਹਨ। ਲੋਕਾਂ ਉਮੀਦ ਕੀਤੀ ਕਿ ਕੁਈ ਉਸ ਦੀ ਕਹਾਣੀ ਛਾਪਣ ਬਦਲੇ ਓਸ ਦੇ ਪ੍ਰਵਾਰ ਨੂੰ ਲੱਖਾਂ ਡੌਲਰ ਦੇਵੇਗਾ ਅਤੇ ਏਵੇਂ ਹੀ ਓਸ ਕਿਤਾਬ ਦੀ ਕਹਾਣੀ ਨੂੰ ਫਿਲਮਾਉਣ ਉੱਤੇ ਓਹਨਾਂ ਦੇ ਸਾਰੇ ਘਾਟੇ ਪੂਰੇ ਕੀਤੇ ਜਾਣਗੇ।

ਆਜ਼ਾਦ ਕੌਮਾਂ ਆਜ਼ਾਦੀ ਦੀ ਕੀਮਤ ਜਾਣਦੀਆਂ ਹਨ ਅਤੇ ਚਾਰ ਸਾਲ ਨਾਜਾਇਜ਼ ਜੇਲ੍ਹ ਦੇ ਤਸੀਹੇ ਝੇਲਣ ਬਾਅਦ ਘਰ ਵਾਪਸ ਆਈ ਕੁੜੀ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਘਰ-ਘਰ ਜਸ਼ਨ ਮਨਾ ਰਹੇ ਹਨ। ਨਿਆਂ ਪਸੰਦ ਕੌਮਾਂ ਓਸ ਨਾਲ ਨਿਆਂ ਹੋਇਆ ਵੇਖ ਕੇ ਖੀਵੀਆਂ ਹੁੰਦੀਆਂ ਜਾ ਰਹੀਆਂ ਹਨ। ਹਰ ਇੱਕ ਨੂੰ ਲੱਗਦਾ ਹੈ ਜਿਵੇਂ ਕਿ ਉਸ ਦੀ ਆਪਣੀ ਬੇਟੀ/ਭੈਣ ਨਰਕੀ ਜ਼ਿੰਦਗੀ ਤੋਂ ਛੁਟਕਾਰਾ ਪਾ ਕੇ ਵਾਪਸ ਪਰਤੀ ਹੋਵੇ। ਚੇਤੇ ਰਹੇ ਕਿ ਕਤਲ ਦੇ ਇਲਜ਼ਾਮ ਦਾ ਆਧਾਰ ਸਿਆਸਤ ਜਾਂ ਧਰਮ ਤੋਂ ਪ੍ਰੇਰਤ ਨਹੀਂ ਸੀ ਅਤੇ ਨਾ ਹੀ ਅਮਾਂਡਾ ਦਾ ਕੁਈ ਲੋਕ ਪੱਖੀ ਦਾਈਆ ਜਾਂ ਮਕਸਦ ਸੀ।

ਅਮਾਂਡਾ ਦੀ ਕਹਾਣੀ ਦੇ ਸਮੁੱਚੇ ਵਰਤਾਰੇ ਦੇ ਗੁਹਝ-ਗਿਆਨ ਦਾ ਤੱਤਸਾਰ ਖ਼ਾਲਸਾ ਜੀ ਦੇ ਬੋਲੇ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਫ਼ਲਸਫ਼ੇ ਨਾਲ ਸਿੱਧਾ ਮੇਲ ਖਾਂਦਾ ਹੈ। ਇੱਕ ਦੁਖਿਆਰੀ, ਨਿਰਦੋਸ਼ ਦੀ ਪੁਕਾਰ ਸੁਣ ਕੇ ਸਾਰਾ ਯੋਰਪ ਅਤੇ ਅਮਰੀਕਾ ‘ਬੋਲਿਆ’ ਅਤੇ ਗੁਰੂ ਦੇ ਕੀਤੇ ਕੌਲ ਅਨੁਸਾਰ ਨਿਹਾਲ ਹੋਇਆ। ਸੱਚੇ ਸਾਹਿਬ ਨੇ ਸੱਚਾ ਨਿਆਂ ਕੀਤਾ, ਮਾਨਵਤਾ ਦੀ ਫ਼ਤਹਿ ਹੋਈ। ਅਮਾਂਡਾ ਦੀ ਕਹਾਣੀ ਹਰ ਨਿਆਂ ਪਸੰਦ ਇਨਸਾਨ ਦੇ ਫਖ਼ਰ ਕਰਨ ਯੋਗ ਰੂਪ ਧਾਰਦੀ ਜਾ ਰਹੀ ਹੈ। ਕੱਲ੍ਹ ਨੂੰ ਲੱਖਾਂ ਲੋਕ ਏਸ ਦੇ ਚਰਚੇ ਕਿਤਾਬਾਂ ਵਿੱਚ ਪੜ੍ਹਨਗੇ ਅਤੇ ਲੱਖਾਂ ਹੀ ਸਿਨਮੇ ਦੇ ਪਰਦੇ ਉੱਤੇ ਵੇਖਣਗੇ। ਸੱਚ, ਨਿਆਂ, ਦ੍ਰਿੜ੍ਹਤਾ ਦੀ ਕਹਾਣੀ ਅੱਗੇ ਤੁਰੇਗੀ; ਹਜ਼ਾਰਾਂ ਨੂੰ ਸੱਤਮਾਰਗ ਦਾ, ਇਨਸਾਨੀ ਹਮਦਰਦੀ ਦਾ ਪਾਠ ਪੜ੍ਹਾਏਗੀ। ਇਉਂ ਇੱਕ ਛੋਟੀ ਉਮਰ ਦੀ ਵਿਦਿਆਰਥਣ ਦੀ ਕਥਾ ਪ੍ਰੇਰਨਾ-ਸ੍ਰੋਤ ਹੋ ਨਿੱਬੜੇਗੀ। ਜਿੱਥੇ ਜਾਗਦੀਆਂ ਕੌਮਾਂ ਵੱਸਦੀਆਂ ਨੇ, ਜਿੱਥੇ ਆਜ਼ਾਦ ਲੋਕ ਰਹਿੰਦੇ ਨੇ, ਜਿੱਥੇ ਇਨਸਾਨੀ ਹਮਦਰਦੀ ਦਿਲਾਂ ਨੂੰ ਧੂਅ ਪਾਉਂਦੀ ਹੈ ਉੱਥੇ ਨਿੱਕੇ-ਨਿੱਕੇ ਵਾਕਿਆ ਰੂਹਾਂ ਨੂੰ ਸਰਸ਼ਾਰ ਕਰਨ ਵਾਲੇ ਵੱਡੇ-ਵੱਡੇ ਕ੍ਰਿਸ਼ਮੇ ਹੋ ਨਿੱਬੜਦੇ ਹਨ।

ਅਮਾਂਡਾ ਬੀਬੀ ਦੀ ਤਾਂ ਏਨੀਂ ਕੁ ਕਹਾਣੀ ਸੀ। ਹੁਣ ਪਰਤੀਏ ਆਪਣੀ ਅਭਾਗੀ ਹਿੰਦ ਵੱਲ ਜਿੱਥੇ ਆ ਕੇ ਵੱਡੇ-ਵੱਡੇ ਮਨੁੱਖੀ ਦਿਲਾਂ ਨੂੰ ਅਥਾਹ ਦੀ ਅਮੀਰੀ ਪ੍ਰਦਾਨ ਕਰਨ ਯੋਗ ਇਲਾਹੀ ਕਾਰਨਾਮੇ ਕੇਵਲ ਇੱਕ ਹੋਰ ਘਟਨਾ ਬਣ ਕੇ ਗੁੰਮਨਾਮੀ ਦੀ ਚਾਦਰ ਹੇਠ ਗਵਾਚ ਜਾਂਦੇ ਹਨ। ਨੰਗੇ ਤਨ, ਬੇ-ਸਾਜ਼ੋ-ਸਾਮਾਨ ਖ਼ਾਲਸੇ ਦਾ ਏਸ਼ੀਆ ਦੇ ਓਸ ਵੇਲੇ ਦੇ ਵੱਡੇ ਜਰਨੈਲ, ਪਾਣੀਪਤ ਦੇ ਜੇਤੂ, ਅਹਿਮਦ ਸ਼ਾਹ ਅਬਦਾਲੀ ਦੇ ਫ਼ੌਲਾਦੀ ਕਿਲ੍ਹੇ ਵਿੱਚੋਂ 2200 ਅਬਲਾਵਾਂ ਨੂੰ ਬੰਧਨ-ਮੁਕਤ ਕਰ ਕੇ ਓਹਨਾਂ ਦੇ ਦੂਰ-ਦੁਰਾਡੇ ਮਹਾਂਰਾਸ਼ਟਰ ਦੇ ਘਰੀਂ ਪਹੁੰਚਾਉਣ ਦੇ ਮਹਾਨ ਕਾਰਨਾਮੇ ਨੂੰ ਹਿੰਦ ਦੀ ਭ੍ਰਿਸ਼ਟੀ ਆਤਮਾ ਪਚਾ ਨਾ ਸਕੀ; ਆਉਣ ਵਾਲੀਆਂ ਨਸਲਾਂ ਦਾ ਪ੍ਰੇਰਨਾ-ਸ੍ਰੋਤ ਨਾ ਬਣਾ ਸਕੀ।

ਜਦੋਂ 1985 ਵਿੱਚ ਕੈਨੇਡਾ ਤੋਂ ਉਡਾਨ ਭਰ ਕੇ ਹਿੰਦੋਸਤਾਨ ਦਾ ਹਵਾਈ ਜਹਾਜ਼ ਆਇਰਲੈਂਡ ਦੇ ਸਮੁੰਦਰ ਵਿੱਚ ਬੰਬ ਫ਼ਟਣ ਕਾਰਣ ਡਿੱਗ ਪਿਆ ਤਾਂ ਤੁਰੰਤ ਓਸ ਮਕਸਦ ਨੂੰ ਅੰਜਾਮ ਦੇਣ ਦੀ ਕਾਰਵਾਈ ਆਰੰਭ ਕੀਤੀ ਗਈ ਜਿਸ ਲਈ ਏਸ ਹਾਦਸੇ ਦਾ ਇੰਤਜ਼ਾਮ ਕੀਤਾ ਗਿਆ ਸੀ। ਤੁਰੰਤ ਕਿਸੇ ਗੁੰਮਨਾਮ ਸ਼ਖ਼ਸ ਨੇ ਟੈਲੀਫ਼ੋਨ ਕੀਤਾ ਕਿ ਇਹ ਕਾਰਾ ਸਿੱਖਾਂ ਨੇ ਦਰਬਾਰ ਸਾਹਿਬ ਉੱਤੇ ਹਮਲੇ ਦਾ ਬਦਲਾ ਲੈਣ ਲਈ ਕੀਤਾ ਹੈ; ਕੁਝ ਨਾਂਅ ਵੀ ਦੱਸੇ ਗਏ। ਉਹਨਾਂ ਵਿੱਚੋਂ ਇੱਕ ਸੀ ‘ਲਾਲ ਸਿੰਘ’ ਜਿਸ ਬਾਰੇ ਦੱਸਿਆ ਗਿਆ ਕਿ ਹਵਾਈ ਅੱਡੇ ਦੇ ਕੰਪਿਊਟਰ ਵਿੱਚ ਐਲ. ਸਿੰਘ (ਲ਼. ਸ਼ਨਿਗਹ) ਕਰ ਕੇ ਲਿਖਿਆ ਦਰਸਾਇਆ ਹੋਵੇਗਾ। ਹਵਾਈ ਅੱਡੇ ਦੇ ਅਧਿਕਾਰੀ ਹੈਰਾਨ ਰਹਿ ਗਏ ਕਿਉਂਕਿ ਉਹਨਾਂ ਅਜੇ ਤੱਕ ਕੰਪਿਊਟਰ ਦੀ ਪੜਤਾਲ ਹੀ ਨਹੀਂ ਸੀ ਕੀਤੀ। ਪੜਤਾਲ ਉੱਤੇ ਕਿਸੇ ਐਲ. ਸਿੰਘ ਦਾ ਨਾਂਅ ਯਾਤਰੀ-ਸੂਚੀ ਵਿੱਚੋਂ ਮਿਲ ਗਿਆ। ਥੋੜ੍ਹੇ ਸਮੇਂ ਬਾਅਦ ਪਤਾ ਲੱਗਾ ਕਿ ਇਹ ਗੁੰਮਨਾਮ ਟੈਲੀਫ਼ੋਨ ਹਿੰਦੋਸਤਾਨ ਦੇ ਦੂਤ-ਘਰ ਤੋਂ ਕੀਤਾ ਗਿਆ ਸੀ। ਏਸ ਲਈ ਹਿੰਦੋਸਤਾਨ ਵਿੱਚ ਏਸ ਦਾ ਅਮਲ ਹੋਣਾ ਜ਼ਰੂਰੀ ਸੀ।

ਕੈਨੇਡਾ ਸਥਿਤ ਭਾਰਤੀ ਦੂਤਘਰ ਨੇ ਕੈਨੇਡਾ ਨੂੰ ਪੇਸ਼ਕਸ਼ ਕੀਤੀ ਕਿ ਪੰਜ-ਸੱਤ ਚੰਗੇ ਸਿੱਖ ‘ਪਕੜ ਕੇ ਸਾਡੇ ਹਵਾਲੇ ਕਰੋ। ਅਸੀਂ ਇਹਨਾਂ ਨੂੰ ਹਿੰਦੋਸਤਾਨ ਲਿਜਾ ਕੇ ਸਾਰੇ ਮਸਲੇ ਬਾਰੇ ਹਰ ਵਿਸਥਾਰ ਇਹਨਾਂ ਕੋਲੋਂ ਉਗਲਵਾ ਲਵਾਂਗੇ।’ ਕੁਝ ਦੇਰ ਬਾਅਦ ਮਨਜੀਤ ਸਿੰਘ ਦਾ ਲਾਲ ਸਿੰਘ ਨਾਮਕਰਣ ਕਰ ਕੇ ਭਾਰਤੀ ਪੁਲਿਸ ਨੇ ਅਹਿਮਦਾਬਾਦ ਵਿੱਚ ਗ੍ਰਿਫ਼ਤਾਰ ਕਰ ਲਿਆ। ਓਸ ਉੱਪਰ ਮੁਕੱਦਮਾ ਚਲਾਇਆ ਗਿਆ। ਦੁਨੀਆਂ ਜਾਣਦੀ ਹੈ ਕਿ ਸ਼ਿਖੰਡੀ ਦਾ ਦਾਅ-ਪੇਚ ਕਦੇ ਖਾਲੀ ਨਹੀਂ ਜਾਂਦਾ। ਫੰਦਾ ਓਸ ਦੇ ਦੁਆਲੇ ਐਸਾ ਕੱਸਿਆ ਕਿ ਅਦਾਲਤ ਨੇ ਓਸ ਨੂੰ ਉਮਰ ਕੈਦ ਕਰ ਦਿੱਤੀ।

ਇਹਨੀਂ ਦਿਨੀਂ ਭਾਰਤੀ ਪੁਲਿਸ ਨੇ ‘ਜ਼ਿੰਦਾ ਸ਼ਹੀਦ’ ਤਲਵਿੰਦਰ ਸਿੰਘ ਪਰਮਾਰ ਬੱਬਰ, ਜਿਸ ਨੇ ਉਹਨਾਂ ਦੇ ਕਹਿਣ ਉੱਤੇ ਹਾਦਸਾ ਕੀਤਾ ਸੀ ਨੂੰ ਹਿੰਦੋਸਤਾਨ ਬੁਲਾ ਕੇ ਨਕਲੀ ਪੁਲਿਸ ਮੁਕਾਬਲੇ ਵਿੱਚ ‘ਮੁਰਦਾ ਸ਼ਹੀਦ’ ਵਿੱਚ ਵਟਾ ਦਿੱਤਾ। ਇਹ ਏਸ ਲਈ ਕੀਤਾ ਕਿਉਂਕਿ ਉਸ ਦੇ ਯੋਗਦਾਨ ਦੀ ਸੂਹ ਕੈਨੇਡਾ ਸਰਕਾਰ ਨੂੰ ਲੱਗ ਚੁੱਕੀ ਸੀ। ਇਉਂ ਭਾਂਡਾ ਚੁਰਾਹੇ ਭੱਜਣ ਵਾਲਾ ਸੀ। ਧਾਰਨਾ ਸੀ ਕਿ ‘ਨਾ ਰਹੇ ਬਾਂਸ ਨਾ ਬਜੇ ਬਾਂਸੁਰੀ’ ਤਲਵਿੰਦਰ ਸਿੰਘ ਖਾਧੇ ਸਰਕਾਰੀ ਅੰਨ ਦਾ ਕਰਜ਼² ਲਾਹ ਚੁੱਕਿਆ ਸੀ। ਹੁਣ ਓਸ ਦੀ ਏਸ ਸੰਸਾਰ ਉੱਤੇ ਲੋੜ ਨਹੀਂ ਸੀ ਰਹੀ।

ਕਨਿਸ਼ਕਾ ਹਾਦਸੇ ਪ੍ਰਤੀ ਕਈ ਸਾਲ ਪੜਤਾਲ ਹੁੰਦੀ ਰਹੀ। ਪੜਤਾਲੀ ਅਫ਼ਸਰਾਂ ਦਾ ਇੱਕ-ਇੱਕ ਹੱਥ ਪਿੱਠ ਪਿੱਛੇ ਬੰਨ੍ਹਿਆ ਹੋਇਆ ਸੀ। ਖ਼ਾਸ ਹਿਦਾਇਤਾਂ ਸਨ ਕਿ ਅਸਲ ਦੋਸ਼ੀਆਂ ਵੱਲ ਅੱਖ ਦਾ ਇਸ਼ਾਰਾ ਵੀ ਨਹੀਂ ਕਰਨਾ। ਇਉਂ ਕੀਤਿਆਂ ਭਾਰਤ-ਈਰਾਨ ਗੈਸ ਪਾਈਪ ਲਾਈਨ ਦਾ ਠੇਕਾ ਕੈਨੇਡਾ ਦੇ ਹੱਥੋਂ ਨਿਕਲ ਸਕਦਾ ਹੈ। ਸ਼ੱਕ ਦੀ ਸੂਈ ਨੂੰ ਸਿੱਖਾਂ ਉੱਤੇ ਹੀ ਸੇਧ ਕੇ ਰੱਖਣ ਦੀ ਮਜਬੂਰੀ ਝੂਠੇ ਸਬੂਤਾਂ ਦੀ ਮੰਗ ਕਰਦੀ ਸੀ। ਭਾਰਤ, ਕੈਨੇਡਾ ਅਤੇ ਅਮਰੀਕਾ ਨੇ ਰਲ਼ ਕੇ ‘ਸਬੂਤ’ ਜੁਟਾਉਣੇ ਆਰੰਭ ਕੀਤੇ। ਕੈਨੇਡਾ ਪੁਲਿਸ ਨੂੰ ਭਾਰਤ ਦੇ ਵਾਅਦੇ ਦੀ ਯਾਦ ਆਈ। ਭਾਰਤ ਨੇ ਵੀ ਯੋਗ ਸਮੇਂ ਕੰਮ ਆਉਣ ਯੋਗ ਤਿਆਰੀ ਕੀਤੀ ਹੋਈ ਸੀ।

ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਕੁਝ ਤਜਰਬੇਕਾਰ, ਢਿੱਲੀ ਜ਼ਮੀਰ ਦੇ ਅਫ਼ਸਰਾਂ ਨੇ ਭਾਰਤੀ ਪੁਲਿਸ ਦੀ ਮਦਦ ਲਈ। ਓਦੋਂ ਤੱਕ ਮਨਜੀਤ ਸਿੰਘ (ਲਾਲ ਸਿੰਘ) ਨੂੰ ਪੰਜਾਬ ਦੀ ਨਾਭਾ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਚੁੱਕਾ ਸੀ। ਕੈਨੇਡਾ ਵਾਲਿਆਂ ਨੇ ਕੁਝ ਦੇਸੀ ਅਫ਼ਸਰ ਨਾਲ ਲਏ ਅਤੇ ਜਾ ਕੇ ਨਾਭਾ ਜੇਲ੍ਹ ਵਿੱਚ ਮਨਜੀਤ ਸਿੰਘ ਨੂੰ ਮਿਲੇ। ਉਹਨਾਂ ਪੇਸ਼ਕਸ਼ ਕੀਤੀ ਕਿ ਤਲਵਿੰਦਰ ਸਿੰਘ ਵਾਂਗ ਓਸ ਨੂੰ ਇੱਕ ਸ਼ਾਨਦਾਰ ਬੰਗਲਾ, ਐਨੇਂ ਲੱਖ ਡੌਲਰ, ਗ੍ਰੀਨ ਕਾਰਡ ਆਦਿ ਆਦਿ ਯੂਰਪ, ਕੈਨੇਡਾ ਜਾਂ ਅਮਰੀਕਾ ਵਿੱਚ ਦਿੱਤਾ ਜਾਵੇਗਾ ਜੇ ਉਹ ਇੱਕ ਸਰਕਾਰੀ ਕੰਮ ਕਰ ਦੇਵੇ। ਕੰਮ ਇਹ ਸੀ ਕਿ ਉਹ ਗਵਾਹੀ ਦੇਵੇ ਕਿ ਸਿੱਖ ਹੀ ਕਨਿਸ਼ਕਾ ਜਹਾਜ਼ ਨੂੰ ਡੇਗਣ ਲਈ ਜ਼ਿੰਮੇਵਾਰ ਹਨ। ਓਸ ਨੂੰ ਇਹ ਵੀ ਦੱਸਿਆ ਗਿਆ ਕਿ ਜੇ ਉਹ ‘ਸਬੂਤ’ ਇਕੱਠੇ ਕਰਨ ਵਿੱਚ ਕੈਨੇਡਾ ਅਤੇ ਭਾਰਤ ਦੀ ਪੁਲਿਸ ਦੀ ਮਦਦ ਨਾ ਕਰ ਸਕਿਆ ਤਾਂ ਉਮਰ ਭਰ ਜੇਲ੍ਹ ਦੀ ਕਾਲ-ਕੋਠੜੀ ਵਿੱਚ ਸੜਨ ਲਈ ਤਿਆਰ ਹੋ ਜਾਵੇ। ਯੂਰਪ ਦੇ ਕਈ ‘ਨਕਲੀ’ ਖਾੜਕੂਆਂ ਨੇ ਅਜਿਹੀਆਂ ਪੇਸ਼ਕਸ਼ਾਂ ਭੱਜ ਕੇ ਗਲ਼ ਲਾਈਆਂ ਸਨ।

ਲਾਲ ਸਿੰਘ ਗਰਦਾਨੇ ਮਨਜੀਤ ਸਿੰਘ ਲਈ ਇਹ ਬੜੇ ਵੱਡੇ ਇਮਤਿਹਾਨ ਦੀ ਘੜੀ ਸੀ। ਓਸ ਨੇ ਪੁਰਾਤਨ ਸਿੰਘਾਂ ਦੀ ਤਰਜ਼ ਉੱਤੇ ਸ਼ਬਦ ਦਾ ਪਰਚਾ ਲਾਇਆ ਅਤੇ ਜੁਆਬ ਦਿੱਤਾ, ‘ਮੈਂ ਕਿਸੇ ਵੀ ਕੀਮਤ ਉੱਤੇ ਝੂਠੀ ਗਵਾਹੀ ਦੇਣ ਲਈ ਤਿਆਰ ਨਹੀਂ।’ ਯਕੀਨਨ ਮਨਜੀਤ ਸਿੰਘ ਉੱਤੇ ਗੁਰੂ ਦੀ ਖ਼ਾਸ ਮਿਹਰ ਸੀ, ਨਹੀਂ ਤਾਂ ਅਜਿਹੀ ਪੇਸ਼ਕਸ਼ ਨੂੰ ਠੁਕਰਾ ਕੇ ਸੱਚ ਦਾ ਪੱਲਾ ਘੁੱਟ ਕੇ ਫੜੀ ਰੱਖਣਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਸੀ। ਜਾਪਦਾ ਸੀ ਕਿ ਓਸ ਦੀ ਸਾਹਿਬ ਨਾਲ ਚਿਰੋਕੀ ਪੀਢੀ ਪ੍ਰੀਤ ਲੱਗੀ ਹੋਈ ਸੀ। ਇਹ ਚਾਕਰੀ ਜਿਸ ਨੂੰ ਮਿਲ ਜਾਵੇ ਉਸ ਦਾ ਮਨ ਦੁਬਿਧਾ ਵਿੱਚੋਂ ਨਿਕਲ ਕੇ ਨਿਰੋਲ ਸੱਚ ਨੂੰ ਪਛਾਣਨ ਦੇ ਕਾਬਲ ਹੋ ਜਾਂਦਾ ਹੈ, ਅਜਿਹਾ ਸਾਡੇ ਬਜ਼ੁਰਗ ਦੱਸਦੇ ਹਨ। ‘ਰੁੱਖਾਂ ਦੀ ਜੀਰਾਂਦ’ ਜੋ ਮਨੁੱਖ ਨੂੰ ਦਰਵੇਸ਼ੀ ਬਖ਼ਸ਼ਦੀ ਹੈ ਜਣੇ-ਖਣੇ ਨੂੰ ਥੋੜ੍ਹਾ ਪ੍ਰਾਪਤ ਹੁੰਦੀ ਹੈ!

ਉਹਨੀਂ ਦਿਨੀਂ, ਕਿਸੇ ਛੋਟੀ-ਮੋਟੀ ਪੱਧਰ ਉੱਤੇ, ਇਹ ਲੇਖਕ ਵੀ ਕਨਿਸ਼ਕਾ ਮਸਲੇ ਸਬੰਧੀ ਕਾਨੂੰਨੀ ਕਾਰਵਾਈ ਨਾਲ ਸਬੰਧਤ ਸੀ। ਜਦੋਂ ਉਸ ਨੇ ਮਨਜੀਤ ਸਿੰਘ ਦੀ ਕਹਾਣੀ ਇੱਕ ਪੰਜਾਬੀ ਅਖ਼ਬਾਰ ਵਿੱਚ ਛਪੀ ਪੜ੍ਹੀ ਤਾਂ ਓਸ ਨੇ ਸੱਚ-ਧਰਮ ਨਾਲ ਜੁੜੇ ਏਸ ਸੱਜਣ ਪੁਰਸ਼ ਦਾ ਮੁਆਮਲਾ ਕੈਨੇਡਾ ਦੀ ਅਦਾਲਤ ਰਾਹੀਂ ਸਾਰੇ ਜੱਗ ਨੂੰ ਦੱਸਣ ਦਾ ਮਨ ਬਣਾਇਆ। ਪੰਜਾਬੀ ਦੀ ਖ਼ਬਰ ਦਾ ਅੰਗ੍ਰੇਜ਼ੀ ਤਰਜਮਾ ਕਰ ਕੇ ਅਦਾਲਤ ਸਮੇਤ ਕਈ ਦਰਜਨ ਅਮਰੀਕਾ ਅਤੇ ਕੈਨੇਡਾ ਦੇ ਸਿੱਖ ਨੇਤਾਵਾਂ ਨੂੰ ਭੇਜੀ। ਬੜੀ ਹੈਰਾਨੀ ਹੋਈ ਜਦੋਂ ਕਿਸੇ ਨੇ ਏਸ ਦੀ ਪਹੁੰਚ ਵੀ ਨਾ ਭੇਜੀ। ਅਦਾਲਤ ਨੇ ਤਿੰਨ-ਚਾਰ ਹੋਰ ਅਜਿਹੇ ਮੁਆਮਲਿਆਂ ਦਾ ਜ਼ਿਕਰ ਆਪਣੇ ਫ਼ੈਸਲੇ ਵਿੱਚ ਕੀਤਾ ਜਿਨ੍ਹਾਂ ਦੀ ਕਹਾਣੀ ਮਨਜੀਤ ਸਿੰਘ ਨਾਲ ਇੱਕ ਹੱਦ ਤੱਕ ਮਿਲਦੀ ਸੀ। ਅਜਿਹੇ ਭਾੜੇ ਦੇ ਗਵਾਹਾਂ ਦਾ ਅਦਾਲਤ ਨੇ ਚੰਗਾ ਮੂੰਹ ਕਾਲਾ ਕੀਤਾ ਜੋ ਮਨਜੀਤ ਸਿੰਘ ਨੂੰ ਹੋਈਆਂ ਪੇਸ਼ਕਸ਼ਾਂ ਵਰਗੇ ਲਾਲਚਾਂ ਨੂੰ ਪ੍ਰਵਾਨ ਕਰ ਕੇ ਝੂਠੀ ਗਵਾਹੀ ਦੇਣਾ ਮੰਨ ਗਏ ਸਨ। ਸਾਡੇ ਨੇਤਾਵਾਂ ਨੇ ਮਨਜੀਤ ਸਿੰਘ ਦੀ ਮੁਸ਼ਕਲ ਅਤੇ ਓਸ ਦੇ ਫਖ਼ਰਯੋਗ ਕਿਰਦਾਰ ਨੂੰ ਬਿਲਕੁਲ ਅਣਗੌਲ਼ਿਆਂ ਕਰ ਦਿੱਤਾ। ਕਦੇ ਆਇਰਲੈਂਡ ਨੇ ਬਰੂਸ ਦੀ ਦ੍ਰਿਢਤਾ ਦੀਆਂ ਕਹਾਣੀਆਂ ਸੁਣਾ ਕੇ ਆਪਣੀ ਕੌਮ ਨੂੰ ਖੜ੍ਹਾ ਕਰ ਲਿਆ ਸੀ ਅਤੇ ਆਰਕਬਿਸ਼ਪ ਕਰੈਨਮਰ ਦੇ ਉਦਾਹਰਣ ਨੇ ਇੰਗਲੈਂਡ ਵਿੱਚ ਰੋਮਨ ਕੈਥਲਿਕ ਚਰਚ ਦੀ ਸ਼ਾਖ ਨੂੰ ਮੁਕੰਮਲ ਖੋਰਾ ਲੱਗਣ ਤੋਂ ਬਚਾ ਲਿਆ ਸੀ।

ਇਹਨਾਂ ਸਤਰਾਂ ਦੇ ਲੇਖਕ ਦੀ ਇਹ ਦਿਲ਼ੀ ਇੱਛਾ ਸੀ ਕਿ ਅਜਿਹੇ ਮਨੁੱਖ ਦੀ ਸੇਵਾ ਵਾਸਤੇ ਵੱਡਾ ਹੰਭਲਾ ਮਾਰਿਆ ਜਾਵੇ ਜਿਸ ਦੀ ਸ਼ਖ਼ਸੀਅਤ ਵਿੱਚੋਂ ਸਾਹਿਬਾਂ ਦੀ ਕਲਗੀ ਦਾ ਝਲਕਾਰਾ ਪੈਂਦਾ ਹੈ। ਅਕਾਲੀ ਦਲ਼ (ਪੰਚ ਪ੍ਰਧਾਨੀ) ਵਾਲੇ ਦਲਜੀਤ ਸਿੰਘ ਬਿੱਟੂ ਦੀ ਮਦਦ ਨਾਲ ਇੱਕ ਮੌਕਾ ਹੋਰ ਮਿਲਿਆ। ਅਦਾਲਤੀ ਕਾਗ਼ਜ਼ਾਤ ਇਤਿਆਦਿ ਲੈ ਕੇ ਇੱਕ ਮੁੱਖ ਮੰਤਰੀ ਨੂੰ ਪੇਸ਼ ਕਰਨਯੋਗ, ਕਿਸੇ ਹੱਦ ਤੱਕ ਪ੍ਰਭਾਵਸ਼ਾਲੀ, ਅਰਜ਼ੀ ਬਣਾਈ ਗਈ। ਕਈ ਕਿਸਮ ਦੀਆਂ ਬੇਨਤੀਆਂ ਆਦਿ ਕਰ ਕੇ ਇੱਕ ਨਿਰਦੋਸ਼ ਦੀ ਮਦਦ ਲਈ ਪ੍ਰੇਰਿਆ ਗਿਆ। ਪ੍ਰਕਾਸ਼ ਸਿੰਘ ਬਾਦਲ ਮੰਨ ਗਿਆ। ਮੁੱਖ ਸਕੱਤਰ ਨੂੰ ਮਜੀਦ ਬੇਨਤੀਆਂ ਕਰ ਕੇ ਗੁਜਰਾਤ ਸਰਕਾਰ ਨੂੰ ਇੱਕ ਪੱਤਰ ਲਿਖਵਾਇਆ ਗਿਆ। ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਉਹ ਗੁਜਰਾਤ ਦੇ ਮੁੱਖ ਮੰਤਰੀ ਨੂੰ ਨਿੱਜੀ ਪੱਤਰ ਲਿਖਣਗੇ। ਅਜਿਹੇ ਪੱਤਰ ਦਾ ਖਰੜਾ ਵੀ ਤਿਆਰ ਕਰ ਕੇ ਦਿੱਤਾ ਗਿਆ।

ਮਨਜੀਤ ਸਿੰਘ ਕੁਝ ਦੇਰ ਆਰਜ਼ੀ ਰਿਹਾਈ ਉੱਤੇ ਜੇਲ੍ਹ ਤੋਂ ਬਾਹਰ ਆਇਆ। ਉਮੀਦ ਸੀ ਕਿ ਛੇਤੀ ਹੀ ਓਸ ਦੀ ਰਿਹਾਈ ਦੇ ਕਾਗ਼ਜ਼ ਗੁਜਰਾਤ ਸਰਕਾਰ ਵੱਲੋਂ ਪ੍ਰਵਾਨ ਹੋ ਕੇ ਪਹੁੰਚ ਜਾਣਗੇ ਪ੍ਰੰਤੂ ਕੁਝ ਵੀ ਨਾ ਹੋ ਸਕਿਆ। ਮੋਦੀ ਸਰਕਾਰ ਵੱਲੋਂ ਇਹ ਲਿਖ ਕੇ ਆ ਗਿਆ ਕਿ ਇਹ ਬੇਕਸੂਰ, ਆਦਰਸ਼ਕ ਚਾਲ-ਚਲਣ ਵਾਲਾ ਮਨੁੱਖ ਖ਼ਤਰਨਾਕ ਅੱਤਵਾਦੀ ਹੈ ਅਤੇ ਜੇ ਏਸ ਨਾਲ ਨਰਮੀ ਵਿਖਾਈ ਗਈ ਤਾਂ ਇਹ ਆਪਣੀਆਂ ਸਰਕਾਰ-ਵਿਰੋਧੀ ਗਤੀਵਿਧੀਆਂ ਚਾਲੂ ਰੱਖੇਗਾ। ਹਾਈ ਕੋਰਟ ਵਿੱਚ ਮਨਜੀਤ ਸਿੰਘ ਦੇ ਵਕੀਲਾਂ ਵੱਲੋਂ ਮੁਕੱਦਮਾ ਵੀ ਕੁਈ ਰਾਹਤ ਨਾ ਦੇ ਸਕਿਆ। ਆਖ਼ਰ ਮਨਜੀਤ ਸਿੰਘ ਦੀ ਆਰਜ਼ੀ ਜ਼ਮਾਨਤ ਰੱਦ ਕਰ ਦਿੱਤੀ ਗਈ ਅਤੇ ਓਸ ਮਨੁੱਖ ਨੂੰ, ਜਿਸ ਉੱਤੇ ਹਰ ਇਨਸਾਨ ਨੂੰ ਗਰਵ ਹੋਣਾ ਚਾਹੀਦਾ ਸੀ, ਮੁੜ ਕੇ ਜੇਲ੍ਹ ਡੱਕ ਦਿੱਤਾ ਗਿਆ। ਓਸ ਕਾਨੂੰਨ ਨੂੰ ਕੀ ਆਖੀਏ ਜਿਸ ਨੂੰ ਗਧੇ-ਘੋੜੇ ਦੀ ਪਛਾਣ ਹੀ ਨਾ ਹੋਵੇ? ਇਵੇਂ ਹੀ ਤਾਂ ਅੰਨ੍ਹੇ ਕਾਨੂੰਨ ਦੇਸ਼ ਦੇ ਵਿਨਾਸ਼ਕਾਲ ਨੂੰ ਨੇੜੇ ਲਿਆਉਣ ਦਾ ਸਬੱਬ ਬਣਦੇ ਹਨ।

ਕਾਨੂੰਨ ਦੀਆਂ ਕਾਨੂੰਨ ਨਾਲ ...... ਆਪਣੇ ਲੋਕਾਂ ਨੂੰ, ਆਪਣੇ ਮੀਡੀਆ ਨੂੰ, ਆਪਣੇ ਆਗੂਆਂ ਨੂੰ ਕੀ ਆਖੀਏ ਜਿਨ੍ਹਾਂ ਨੂੰ ਇਹਨਾਂ ਪਹਾੜ ਜੇਡੀਆਂ ਸਮੱਸਿਆਵਾਂ ਦਾ ਝਉਲਾ ਤੱਕ ਵੀ ਨਹੀਂ ਪੈਂਦਾ? ਕਿਹੋ ਜਿਹਾ ਹੈ ਇਹ ਲੋਕ-ਤੰਤਰ ਜੋ ਲੋਕਾਂ ਨੂੰ ਗ੍ਰਹਿਣ ਵਾਂਗ ਲੱਗਿਆ ਹੋਇਆ ਹੈ ਅਤੇ ਪਲ਼-ਪਲ਼ ਉਹਨਾਂ ਦੇ ਕਿਰਦਾਰ ਨੂੰ ਬੇਨੂਰ ਕਰ ਰਿਹਾ ਹੈ? ਸਿਆਹ ਹੁੰਦੀਆਂ, ਪ੍ਰੇਤਾਂ ਦਾ ਭਿਆਨਕ ਰੂਪ ਧਾਰਦੀਆਂ ਜਾਂਦੀਆਂ ਇਹ ਰੂਹਾਂ ਕਿਸ ਕੋਲ ਜਾ ਕੁਰਲਾਉਣ?

ਅੱਜ (ਅਕਤੂਬਰ 5, 2011) ਦੇ ਹੀ ਅਖ਼ਬਾਰ ਵਿੱਚ ਉੱਚੀ ਅਦਾਲਤ ਵਿੱਚ ਦਾਇਰ ਇੱਕ ਜਾਚਿਕਾ ਦਾ ਜ਼ਿਕਰ ਹੈ। ਇੱਕ ਅਸੰਬਲੀ ਦਾ ਮੈਂਬਰ ਰਹਿ ਚੁੱਕੇ ਬਜ਼ੁਰਗ ਦਾ ਆਖਣਾ ਹੈ ਕਿ ਓਸ ਦੀ ਨੂੰਹ ਨੂੰ ਸਰਸੇ ਵਾਲੇ ਸਾਧ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਅਤੇ ਓਸ ਦਾ ਯੌਨ ਸ਼ੋਸ਼ਣ ਕਰ ਰਿਹਾ ਹੈ। ਇਹ ਖ਼ਬਰ ਵੀ ਕਿਸੇ ਨੂੰ ਪੋਂਹਦੀ ਨਹੀਂ ਜਾਪਦੀ। ਕੀ ਅਸੀਂ ਜਿਊਂਦੇ ਜੀਅ ਪ੍ਰੇਤ ਜੂਨ ਹੰਢਾ ਰਹੇ ਹਾਂ?

ਕੁਝ ਕੁ ਸਵਾਲ ਆਪਣੀ ਕੌਮ ਦੇ ਸਿਆਸੀ, ਇਖ਼ਲਾਕੀ, ਧਾਰਮਕ ਆਗੂਆਂ ਨੂੰ ਵੀ ਕਰਨ ਯੋਗ ਹਨ। ਕੀ ਉਹਨਾਂ ਨੂੰ ਉੱਕਾ ਅਹਿਸਾਸ ਨਹੀਂ ਕਿ ਜਿਸ ਇਖ਼ਲਾਕ ਨੂੰ ਪੁਖ਼ਤਾ ਫ਼ੌਲਾਦ ਵਿੱਚ ਗੁਰੂ ਨੇ ਢਾਲਿਆ ਸੀ ਉਹ ਰੇਤ ਵਾਂਗ ਕਿਰਨ ਦੇ ਸੰਕੇਤ ਦੇ ਰਿਹਾ ਹੈ? ਕਦੇ ਸਾਡੇ ਮਹਿਤਾਬ ਸਿੰਘ ਦਾ ਭਾਈ ਤਾਰੂ ਸਿੰਘ ਨਾਲ ਅਹਿਦ ਸੀ ਕਿ ਇਕੱਠੇ ਕਤਲਗਾਹ ਵਿੱਚ ਪੂਰੀ ਧੱਜ ਨਾਲ ਜਾਵਾਂਗੇ ਅਤੇ ਇਕੱਠੇ ਸ਼ਹੀਦੀਆਂ ਪ੍ਰਾਪਤ ਕਰਾਂਗੇ। ਕਦੇ ਤਾਰਾ ਸਿੰਘ ਵਾਂ ਦਾ ਆਖ਼ਰੀ ਮੋਰਚਾ ਜਾਣ ਕੇ ਓਸ ਦੇ ਦੋਸਤ ਕੋਹਾਂ ਦਾ ਸਫ਼ਰ ਤੈਅ ਕਰ ਕੇ ਸਵੇਰ ਨੂੰ ਉਸ ਨਾਲ ਸ਼ਹੀਦ ਹੋਣ ਲਈ ਆ ਖੜ੍ਹੇ ਸਨ। ਇੱਕੋ ਬਾਟੇ ਵਿੱਚੋਂ ਪ੍ਰਸ਼ਾਦ ਛਕਣ ਵਾਲੇ ਸੁੱਖਾ ਸਿੰਘ ਦੇ ਸੁਨਹਿਰੀਏ ਭਾਈ ਕਦੇ ਅਹਿਮਦਸ਼ਾਹ ਅਬਦਾਲੀ ਉੱਤੇ ਆਤਮਘਾਤੀ ਹਮਲੇ ਸਮੇਂ, ਵਾਹੋ-ਦਾਹੀ ਤਲਵਾਰਾਂ ਵਾਹੁੰਦੇ ਓਸ ਦੇ ਹਮ-ਰਕਾਬ ਆ ਬਣੇ ਸਨ। ਅੱਜ ਕਈ ਕੌਮੀ ਹੀਰੇ, ਲਾਲ, ਸਿੰਘ ਇਕੱਲੇ ਰੁਲ ਰਹੇ ਹਨ, ਬੇਵਸੀ ਹੰਢਾ ਰਹੇ ਹਨ ਪਰ ਕੌਮ ਨੂੰ ਕੁਈ ਅਹਿਸਾਸ ਨਹੀਂ। ਸੱਚ, ਨਿਆਂ, ਧਰਮ ਚੁਰਾਹੇ ਖੜ੍ਹੇ ਯਾਤਨਾਵਾਂ ਸਹਿ ਰਹੇ ਹਨ ਪਰ ਸਭ ਅੱਖਾਂ ਬੰਦ ਕਰ ਕੇ ਕੋਲ ਦੀ ਲੰਘ ਰਹੇ ਹਨ। ‘ਜੋ ਬੋਲੇ ਸੋ ਨਿਹਾਲ’ ਦੇ ਆਵਾਜ਼ੇ ਸਪਸ਼ਟ ਅਤੇ ਬੁਲੰਦ ਆਵਾਜ਼ ਆ ਰਹੇ ਹਨ ਪਰ ‘ਅਸੀਂ ਆਏ’ ਆਖ ਕੇ ‘ਸਤਿ ਸ੍ਰੀ ਅਕਾਲ’ ਬੋਲਣ ਵਾਲਾ ਕੁਈ ਨਜ਼ਰ ਨਹੀਂ ਆ ਰਿਹਾ। ਆਖ਼ਰ ‘ਭੁੱਖ ਨਾਲ ਸੁੱਕੇ ਕੁੱਕੜ ਦੀ ਛਾਂਅ ਦੇ ਸ਼ੋਰਬੇ’ ਉੱਤੇ ਕੌਮੀ ਜੀਵਨ ਨੂੰ ਕਿਵੇਂ ਸੁਰਜੀਤ ਕੀਤਾ ਜਾ ਸਕੇਗਾ? ਜੁਆਬ ਸਭ ਨੂੰ ਦੇਣਾ ਬਣਦਾ ਹੈ।

Monday, September 5, 2011

‘ਸਹਿਜਧਾਰੀ’ ਮਸਲਾ ਅਤੇ ਗੁਰਦੁਆਰਾ ਚੋਣਾਂ

ਵੱਡੇ ਸਿੱਖ ਮਸਲੇ ਨੂੰ ਨਿਤਾਰਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ (ਪੰਜਾਬ ਵਿਚਾਰੇ ਨੂੰ ਤਾਂ ਆਪਣਾ ਨਿਵੇਕਲਾ ਹਾਈ ਕੋਰਟ ਵੀ ਨਸੀਬ ਨਹੀਂ) ਵਿੱਚ ਅਕਤੂਬਰ 8, 2003 ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਮੱਤਦਾਨ ਕਰਨ ਸਬੰਧੀ ਹੋਈ ਅਧਿਸੂਚਨਾ ਨੂੰ ਲੈ ਕੇ ਵਾਦ-ਵਿਵਾਦ ਨੂੰ ਨਿਪਟਾਉਣ ਲਈ ਇੱਕ ਮਸਲਾ ਚੱਲ ਰਿਹਾ ਸੀ। ਇਹ ਮਸਲਾ ਐਮ.ਐਮ. ਕੁਮਾਰ, ਅਲੋਕ ਸਿੰਘ ਅਤੇ ਗੁਰਦੇਵ ਸਿੰਘ ਆਧਾਰਤ ਸੰਪੂਰਣ ਅਦਾਲਤ (ਫੁੱਲ ਬੈਂਚ) ਕੋਲ ਸੀ। ਵਿਵਾਦ ਬੜਾ ਪੁਰਾਣਾ ਹੈ। ਇਹ ਕਥਿਤ ਸਹਿਜਧਾਰੀ ਫ਼ੈਡਰੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਪਿਛਲੀਆਂ ਚੋਣਾਂ (2004) ਤੋਂ ਪਹਿਲਾਂ ਉਠਾਇਆ ਗਿਆ ਸੀ ਅਤੇ ਏਸ ਵਿੱਚ ਪਹਿਲੇ ਜਾਰੀ ਕੀਤੇ ਹੁਕਮਾਂ ਵਿੱਚ ਅਦਾਲਤ ਨੇ ਆਖਿਆ ਸੀ ਕਿ ਏਸ ਦਾ ਨਿਪਟਾਰਾ ਚੋਣਾਂ ਉੱਤੇ ਅਸਰ ਅੰਦਾਜ਼ ਹੋਵੇਗਾ। ਪਿਛਲੀਆਂ ਚੋਣਾਂ ਹੋ ਗਈਆਂ, ਪੰਜ ਸੱਤ ਸਾਲ ਹੋਰ ਬੀਤ ਗਏ ਪਰ ਇਹ ਮਸਲਾ ਨਾ ਨਿੱਬੜਿਆ। ਵਿੱਚ-ਵਿਚਾਲੇ ਸਿੱਖਾਂ ਨੂੰ ਕਈ ਮੌਕੇ ਮਿਲੇ ਪਰ ਆਗੂਆਂ ਦੀ ਘੁੰਡ ਕੱਢ ਕੇ ਨੱਚਣ ਦੀ ਨੀਤੀ ਨੇ ਨਿਬੇੜਨ ਦਾ ਰਾਹ ਨਾ ਫੜਨ ਦਿੱਤਾ। ਇਹਨਾਂ ਮੌਕਿਆਂ ਦਾ ਜ਼ਿਕਰ ਬਾਅਦ ਵਿੱਚ ਕਰਾਂਗੇ। ਆਖ਼ਰ 1 ਸਤੰਬਰ 2011 ਨੂੰ ਜਾਪਿਆ ਜਿਵੇਂ ਕਿ ਸਭ ਸਿਆਸੀ ਧਿਰਾਂ ਆਦਿ ਦੀ ਜ਼ਾਹਰਾ ਦਿੱਸਦੀ ਸਹਿਮਤੀ ਨਾਲ ਮਸਲੇ ਦਾ ਪਹਾੜ ਪਲ਼-ਛਿਨ ਵਿੱਚ ਛਾਈਂ-ਮਾਈਂ ਹੋ ਗਿਆ, ਬਿਲਕੁਲ ਏਵੇਂ ਜਿਵੇਂ ਗਧੇ ਦੇ ਸਿਰ ਉੱਤੋਂ ਸਿੰਗ!

ਮੌਜੂਦਾ ਚੋਣਾਂ ਵਿੱਚ ਵੀ ਮੱਤਦਾਤਾ ਦੀ ਹੈਸੀਅਤ ਨੂੰ ਲੈ ਕੇ ਕਈ ਮਸਲੇ ਉੱਠੇ ਸਨ। ਉਹਨਾਂ ਵਿੱਚੋਂ ਇੱਕ ਇਹ ਸੀ ਕਿ ਉਪਰੋਕਤ ਅਧਿਸੂਚਨਾ ਅਨੁਸਾਰ ਕੇਵਲ ਕੇਸਾਧਾਰੀ ਸਿੱਖ ਹੀ ਵੋਟ ਪਾਉਣ ਦਾ ਅਧਿਕਾਰੀ ਸੀ ਪਰ ਰਾਜ ਕਰਦੇ ਅਕਾਲੀ ਦਲ ਨੇ ਸਰਕਾਰੀ ਅਫ਼ਸਰਾਂ ਰਾਹੀਂ ਲੱਖਾਂ ਐਸੇ ਵੋਟਰ ਬਣਾਏ ਹਨ ਜੋ ਕਿ ਗ਼ੈਰ-ਸਿੱਖ ਹਨ। ਕਈ ਤਾਂ ਮੁਸਲਮਾਨ ਅਤੇ ਇਸਾਈ ਵੀ ਵੋਟ ਖਾਤਰ ਸਿੰਘ ਲਕਬ ਨਾਲ ਸ਼ਿੰਗਾਰ ਕੇ ਵੋਟਰ ਥਾਪ ਦਿੱਤੇ ਗਏ ਹਨ। ਲੋਕ ਸਭਾ ਵੋਟਰ ਸੂਚੀ ਤੋਂ, ਜਿਸ ਉੱਤੇ ਤਸਵੀਰਾਂ ਵੀ ਹਨ, ਇਹ ਗੱਲ ਸਪਸ਼ਟ ਹੋ ਜਾਂਦੀ ਹੈ। ਏਸ ਧਾਂਦਲੀ ਨੂੰ ਲੈ ਕੇ ਇੱਕ ਹੋਰ ਮੁਕੱਦਮਾ ਚੋਣ ਲੜ ਰਹੇ ਪੰਥਕ ਮੋਰਚੇ ਵੱਲੋਂ ਦਾਇਰ ਕੀਤਾ ਹੋਇਆ ਹੈ। ਏਸ ਨੂੰ ਵੀ ਅਧਿਸੂਚਨਾ ਵਾਲੇ ਮੁਕੱਦਮੇ ਨਾਲ ਨੱਥੀ ਕੀਤਾ ਹੋਇਆ ਸੀ। ਦੋਨਾਂ ਮਸਲਿਆਂ ਦੇ ਵਕੀਲ ਹਰ ਪੇਸ਼ੀ ਉੱਤੇ ਅਦਾਲਤ ਵਿੱਚ ਹਾਜ਼ਰ ਹੁੰਦੇ ਸਨ। ਸਤੰਬਰ 1, 2011 ਨੂੰ ਵੀ ਦੋਹਾਂ ਮੁਕੱਦਮਿਆਂ ਦੇ ਵਕੀਲ ਹਾਜ਼ਰ ਸਨ ਅਤੇ ਆਪਣੀ ਕੀਮਤੀ ਰਾਇ ਅਦਾਲਤ ਦੀ ਮੇਜ਼ ਉੱਤੇ ਕੇਰ ਰਹੇ ਸਨ। ਤੱਤ ਗੁਰਮਤ ਟਕਸਾਲ ਵੱਲੋਂ ਵੀ ਜਗਤ ਤਮਾਸ਼ਾ ਨੇੜਿਓਂ ਵੇਖਣ ਲਈ ਹਾਜ਼ਰੀ ਭਰੀ ਜਾਂਦੀ ਸੀ।

ਪਿਛਲੀ ਪੇਸ਼ੀ ਉੱਤੇ ਮਸਲਾ ਨਿੱਬੜਦਾ-ਨਿੱਬੜਦਾ ਰਹਿ ਗਿਆ ਸੀ ਕਿਉਂਕਿ ਸਹਿਜਧਾਰੀਆਂ ਵੱਲੋਂ ਪੇਸ਼ ਵਕੀਲ ਨੇ ਬਾਅਦ ਦੁਪਹਿਰ ਆਪਣਾ ਪੱਖ ਪੇਸ਼ ਕਰਨ ਤੋਂ ਕੰਨੀ ਕਤਰਾ ਲਈ ਸੀ। ਵਜ੍ਹਾ ਦੀ ਕਨਸੋਅ ਇਹ ਆਈ ਸੀ ਕਿ ਅਜੇ ਓਸ ਦੀ ਫ਼ੀਸ ਨਹੀਂ ਸੀ ਆਈ।

1 ਸਤੰਬਰ ਨੂੰ ਕਾਰਵਾਈ ਆਮ ਵਾਂਗ ਚੱਲ ਰਹੀ ਸੀ ਜਦੋਂ ਕਿ ਕੇਂਦਰੀ ਸਰਕਾਰ ਦਾ ਵਕੀਲ ਉੱਠਿਆ ਅਤੇ ਓਸ ਨੇ ਆਖਿਆ, ‘ਜਨਾਬ ਏਸ ਅਧਿਸੂਚਨਾ ਦਾ ਆਕਾਰ ਕਾਨੂੰਨ ਦੇ ਚਾਰ ਕੋਨਿਆਂ ਵਿੱਚ ਮੇਚ ਨਹੀਂ ਆਉਂਦਾ।ਇਹ ਵਿਚਾਰ ਮੱਕੇ ਤੋਂ ਕੁਫ਼ਰ ਉੱਠਣ ਬਰਾਬਰ ਸੀ। ਕੇਂਦਰੀ ਸਰਕਾਰ ਆਪਣੀ ਜਾਰੀ ਕੀਤੀ ਅਧਿਸੂਚਨਾ ਨੂੰ ਵਕੀਲਾਂ ਰਾਹੀਂ ਪੂਰੇ ਤਾਣ ਨਾਲ ਕਾਨੂੰਨੀ ਹਮਲਿਆਂ ਤੋਂ ਬਚਾ ਰਹੀ ਸੀ। ਏਸੇ ਭਾਵਨਾ ਅਧੀਨ ਹੀ ਜੁਆਬ ਦਾਅਵਾ ਕੇਂਦਰ ਨੇ ਦਾਖ਼ਲ ਕੀਤਾ ਸੀ। ਹਰਭਗਵਾਨ ਸਿੰਘ ਨੇ ਅਧਿਸੂਚਨਾ ਪ੍ਰਤੀ ਜੋ ਵਤੀਰਾ ਧਾਰਿਆ ਓਸ ਤੋਂ ਦਿਲਾਵਰ ਸਿੰਘ ਸਿਪਾਹੀ ਦੇ ਨਵੇਂ ਅਵਤਾਰ ਦੀ ਯਾਦ ਤਾਜ਼ਾ ਹੋ ਗਈ, ਜਿਸ ਨੇ ਬਾਰੂਦੀ ਜਾਮਾ ਪਾ ਕੇ 30 ਅਗਸਤ ਨੂੰ ਬੇਅੰਤ ਸਿੰਘ ਨੂੰ ਮਾਸ ਦੀਆਂ ਹਜ਼ਾਰਾਂ ਬੋਟੀਆਂ ਵਿੱਚ ਪਲਟਾ ਦਿੱਤਾ ਸੀ। ਹਰਭਗਵਾਨ ਨੇ ਅਧਿਸੂਚਨਾ ਦੀ ਜੜ੍ਹ ਵਿੱਚ ਤੇਲ ਦਿੰਦਿਆਂ ਹੋਇਆਂ ਆਖਿਆ, ‘ਜਨਾਬ ਸਰਕਾਰ ਨੇ ਏਸ ਨੂੰ ਵਿਚਾਰਨ ਦੀ ਜ਼ਹਿਮਤ ਹੀ ਨਹੀਂ ਉਠਾਈ। ਸਰਕਾਰ ਕੋਲ ਸ਼੍ਰੋਮਣੀ ਕਮੇਟੀ ਦਾ 30 ਮਾਰਚ 2002 ਦਾ ਮਤਾ ਪਹੁੰਚਿਆ ਤਾਂ ਝੱਟ ਸਰਕਾਰ ਨੇ ਅਧਿਸੂਚਨਾ ਜਾਰੀ ਕਰ ਦਿੱਤੀਆਦਿ-ਆਦਿ। ਓਸ ਬੱਚੇ ਦਾ ਕੀ ਬਣਨਾ ਸੀ ਜਿਸ ਦੀ ਮਾਂ ਹੀ ਉਸ ਨੂੰ ਜ਼ਹਿਰ ਦੇਣ ਉੱਤੇ ਤੁਲ ਗਈ ਹੋਵੇ? ਸੋ ਪਲ਼ੋ-ਪਲ਼ੀ ਏਸ ਅਧਿਸੂਚਨਾ ਦੇ ਹਜ਼ਾਰਾਂ ਟੁਕੜੇ ਹੋ ਗਏ ਅਤੇ ਵਜੂਦ ਸਿਆਸਤ ਦੇ ਬੱਦਲਾਂ ਉਹਲੇ ਵਿਲੀਨ ਹੋ ਗਿਆ। ਸਮੇਂ ਦੀ ਨਬਜ਼ ਪਛਾਣਨ ਵਾਲੇ ਪੰਥਕ ਮੋਰਚੇ ਦੇ ਇੱਕ ਵਕੀਲ ਨੇ ਵੀ ਅਦਾਲਤ ਵਿੱਚ ਸਹਿਜਧਾਰੀਆਂ ਦੇ ਖ਼ੂਬ ਸੋਹਲੇ ਗਾਏ। ਇਉਂ ਇਹ ਮਸਲਾ ਝਟ-ਪਟ ਨਿੱਬੜ ਗਿਆ। ਇੱਕ ਖਿਨ ਵਿੱਚ ਸਿੱਖ ਗੁਰਦਵਾਰਿਆਂ ਉੱਤੇ ਗ਼ੈਰ-ਸਿੱਖਾਂ ਦਾ ਕਬਜ਼ਾ ਕਰਵਾ ਕੇ ਸਿੱਖੀ ਦਾ ਅੰਤ ਚਾਹੁੰਣ ਵਾਲਿਆਂ ਦੇ (ਜਿਨ੍ਹਾਂ ਵਿੱਚ ਆਪਣੇ, ਪਰਾਏ ਸਭ ਹਨ) ਸੁਪਨੇ ਸਾਕਾਰ ਹੋਣ ਦੇ ਇੱਕ ਕਦਮ ਹੋਰ ਨੇੜੇ ਆ ਗਏ ਜਾਪੇ।

ਅਦਾਲਤੀ ਕਾਰਵਾਈ ਤਾਂ ਕੁਝ ਕੁ ਮਿੰਟਾਂ ਦੀ ਹੀ ਸੀ ਪਰ ਏਸ ਦੇ ਪਿੱਛੇ ਜੋ ਸੋਚ ਕੰਮ ਕਰ ਰਹੀ ਸੀ ਉਹ ਸਦੀਆਂ ਪੁਰਾਣੀ ਸੀ। ਇਹ ਓਹੀ ਸੋਚ ਸੀ ਜਿਸ ਨੂੰ ਕੇਂਦਰ ਦੀ ਖ਼ੁਫ਼ੀਆ ਪੁਲਸ ਦੇ ਡਿਪਟੀ ਡਾਇਰੈਕਟਰ ਡੀ. ਪੈਟਰੀ ਨੇ 1911 ਵਿੱਚ ਨੰਗਾ ਕੀਤਾ ਸੀ। ਏਸੇ ਸਾਲ ਰਾਬਿੰਦਰ ਨਾਥ ਟੈਗੋਰ ਨੇ ਸਿੱਖਾਂ ਅਤੇ ਸਿੱਖੀ ਦਾ ਫਸਤਾ ਵੱਢਣਵਾਸਤੇ ਵਿਆਪਕ ਯੋਜਨਾ ਘੜੀ ਸੀ। ਏਸ ਨੂੰ ਲੈ ਕੇ ਮ. ਕ. ਗਾਂਧੀ ਹਿੰਦੂਤਵ ਦੇ ਸਿਪਾਹੀ ਵਾਂਗੂ ਜ਼ਿੰਦਗੀ ਦੇ ਆਖ਼ਰੀ ਦਿਨ ਤੱਕ ਜੂਝਦਾ ਰਿਹਾ। ਮੌਜੂਦਾ ਸਮਿਆਂ ਵਿੱਚ ਏਸ ਪ੍ਰਤੀ ਅੱਕੇ-ਥੱਕੇ ਨੀਮ-ਸਿੱਖਾਂ ਵੱਲੋਂ ਏਸ ਯੋਜਨਾ ਨੂੰ ਸਿੱਖ ਸਿਆਸਤ ਵਿੱਚ ਫ਼ਤਹਿ ਸਿੰਘ ਦੀ ਆਮਦ ਤੋਂ ਬਾਅਦ ਮੱਠਾ-ਮੱਠਾ ਹੁੰਗਾਰਾ ਮਿਲਣ ਲੱਗਾ। ਆਪਣੇ ਸਮਿਆਂ ਵਿੱਚ ਆ ਕੇ ਕਈ ਬਹਿਰੂਪੀਏ ਸਿੱਖ, ਚੰਦ ਸਿੱਕਿਆਂ ਅਤੇ ਛਿਨ-ਭੰਗਰੀ ਸਿਆਸੀ ਸ਼ਕਤੀ ਹਾਸਲ ਕਰਨ ਦੇ ਲੋਭ ਕਾਰਣ ਭਰਵਾਂ ਹੁੰਗਾਰਾ ਦੇਣ ਲੱਗੇ। ਨਵੇਂ ਦੌਰ ਦੀ ਸਿਆਸਤ ਦੀ ਸ਼ੁਰੂਆਤ ਗਿਣੀਏ ਤਾਂ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਸਾਂਝ ਪਾਉਣ ਦੇ ਸਮੇਂ ਤੋਂ ਏਸ ਦਾ ਚਿਹਰਾ ਨਿੱਖਰਨ ਲੱਗਦਾ ਹੈ। 1996 ਦੀ ਮੋਗਾ ਕੌਨਫ਼ਰੰਸ ਵਿੱਚੋਂ ਕਈ ਨਕਸ਼ ਉੱਘੜਦੇ ਹਨ ਜਿੱਥੇ ਅਕਾਲੀ ਪਿਛੋਕੜ ਨੂੰ ਮੁਕੰਮਲ ਤਿਲਾਂਜਲੀ ਦੇ ਕੇ ਸਿੱਖਾਂ ਦੀ ਸਿਆਸੀ ਮਰਜ਼ੀ ਦੇ ਪ੍ਰਗਟਾਵੇ ਲਈ ਬਣਾਏ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਦਰਿੰਦਿਆਂ ਨੇ ਚੰਦ ਚਾਪਲੂਸਾਂ ਦੀ ਮਦਦ ਨਾਲ ਦਲ ਦੀ ਕਾਇਆ-ਕਲਪ ਕਰ ਕੇ ਏਸ ਨੂੰ ਮਹਿਜ਼ ਪੰਜਾਬੀ ਪਾਰਟੀ ਦੇ ਮੂਰੇ ਵਿੱਚ ਤਬਦੀਲ ਕਰ ਦਿੱਤਾ ਸੀ। ਪ੍ਰਕਾਸ਼ ਕੀਤੇ ਦਾਹੜਿਆਂ, ਤਿੰਨ ਫੁੱਟੀਆਂ ਕ੍ਰਿਪਾਨਾਂ ਦੇ ਧਾਰਨੀ ਇਹ ਸੀਤਾ-ਹਰਨ, ਇਹ ਦਰੋਪਤੀ-ਚੀਰ-ਹਰਨ ਆਪਣੀਆਂ ਅੱਖਾਂ ਨਾਲ ਵੇਖਦੇ ਰਹੇ ਪਰ ਹਾਅ ਦਾ ਨਾਅਰਾ ਵੀ ਮਾਰ ਨ ਸਕੇ। ਚਾਂਦੀ ਦੀ ਛਣਕਾਰ ਅਤੇ ਸਿਆਸਤ ਦੇ ਨਸ਼ੇ ਨੇ ਵੱਡਿਆਂ-ਵੱਡਿਆਂ ਦੀ ਖਾਨਿਓਂ ਕੱਢ ਦਿੱਤੀ।

ਪਿੱਛੇ ਜਿਹੇ ਹਾਈ ਕੋਰਟ ਦੇ ਇੱਕ ਹੋਰ ਸਮੁੱਚੇ ਬੈਂਚ ਕੋਲ ਅਜਿਹਾ ਮਸਲਾ ਪੇਸ਼ ਹੋਇਆ ਜੋ ਸਿੱਖ ਦੇ ਸਾਬਤ-ਸੂਰਤ ਹੋਣ ਨੂੰ ਸਿੱਖੀ ਦਾ ਪਛਾਣ-ਚਿੰਨ੍ਹ ਜਾਣਿਆ ਜਾਵੇ ਜਾਂ ਨਾ ਦੇ ਪ੍ਰਸਤਾਵ ਉੱਤੇ ਨਿਰਭਰ ਸੀ। ਮੌਜੂਦਾ ਸਹਿਜਧਾਰੀ ਫ਼ੈਡਰੇਸ਼ਨ ਨੇ ਕਬੀਰ ਜੀ ਦੀ ਬਾਣੀ ਨੂੰ ਸੰਦਰਭ ਵਿੱਚੋਂ ਕੱਢ ਕੇ ‘‘ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ’’ ਦੇ ਲਫ਼ਜ਼ੀ ਅਰਥਾਂ ਨਾਲ ਵਿਗਾੜਨ ਦੀ ਰਾਮਰਾਈਆ ਚਾਲ ਚੱਲੀ ਸੀ। ਏਸੇ ਮੁਕੱਦਮੇ ਵਿੱਚ ਸ਼੍ਰੋਮਣੀ ਕਮੇਟੀ ਨੇ ਜਿਹੜਾ ਵਕੀਲ ਖੜ੍ਹਾ ਕੀਤਾ ਉਹ ਆਪ ਘੋਨ-ਮੋਨ ਸੀ। ਉਹ ਓਪਰੇ ਜਿਹੇ ਜੋਸ਼ ਨਾਲ ਗੱਲ ਕਰਨ ਲੱਗਾ ਤਾਂ ਸੁਣਿਆ ਹੈ ਕਿ ਇੱਕ ਜੱਜ ਨੇ, ਜੋ ਆਪਣੇ-ਆਪ ਰਹਿਤਵਾਨ ਨਹੀਂ ਸੀ, ਆਖਿਆ, ‘ਤੂੰ ਆਪਣੇ ਵੱਲ ਵੇਖ, ਮੇਰੇ ਵੱਲ ਦੇਖ, ਫੇਰ ਕੁਝ ਅਗਾਂਹ ਆਖ। ਜੱਜ ਸਾਹਿਬਾਨ ਦੇ ਖ਼ਾਸ ਹੁਕਮ ਅਨੁਸਾਰ ਜਦੋਂ ਸ਼੍ਰੋਮਣੀ ਕਮੇਟੀ ਦਾ ਪੱਖ ਪੇਸ਼ ਹੋਇਆ ਤਾਂ ਉਹ ਵੀ ਸਾਰੇ ਸੰਸਾਰ ਦੇ ਸਿੱਖਾਂ ਨੂੰ ਸਹਿਜਧਾਰੀ ਫ਼ੈਡਰੇਸ਼ਨ ਦੀ ਭਾਵਨਾ ਨਾਲ ਮੇਲ ਖਾਂਦਾ ਦਿੱਸਿਆ। ਚਹੁੰ ਪਾਸੀਂ ਰੌਲਾ ਪੈ ਗਿਆ। ਸ਼੍ਰੋਮਣੀ ਕਮੇਟੀ ਦੇ ਮਾਲਕਾਂ ਨੂੰ ਕੁਝ ਕਰਨ ਦੀ ਲੋੜ ਜਾਪੀ। ਇਹਨਾਂ ਨੇ ਕਮੇਟੀ ਵੱਲੋਂ ਪੱਤਰ ਜਾਰੀ ਕਰਨ ਵਾਲੀ ਸਬ-ਕਮੇਟੀ ਦੇ ਪ੍ਰਧਾਨ ਉੱਤੇ ਜ਼ਿੰਮੇਵਾਰੀ ਪਾ ਕੇ ਓਸ ਨੂੰ ਨੌਕਰੀਓਂ ਬਰਖ਼ਾਸਤ ਕਰ ਦਿੱਤਾ। ਉਹ ਅੰਤ ਤੱਕ ਕੂਕਦਾ ਰਿਹਾ ਕਿ ਮੈਂ ਤਾਂ ਓਹੋ ਲਿਖਿਆ ਹੈ ਜੋ ਇਹਨਾਂ ਕਮੇਟੀ ਨੂੰ ਲਿਖਣ ਲਈ ਆਖਿਆ ਸੀ। ਸ਼੍ਰੋਮਣੀ ਕਮੇਟੀ ਨੂੰ ਦੁਬਾਰਾ ਸੋਧ ਕੇ ਸਿੱਖ ਭਾਵਨਾਵਾਂ ਅਨੁਸਾਰ ਹਲਫ਼ੀਆ ਬਿਆਨ ਪੇਸ਼ ਕਰਨਾ ਪਿਆ। ਸਿਆਸੀ ਗਤੀ ਦੀ ਪੈੜ-ਚਾਲ ਨੂੰ ਸਮਝਣ ਵਾਲੇ ਝੱਟ ਸਮਝ ਗਏ ਕਿ ਅਕਾਲੀ ਦਲ਼ ਨੇ ਸਮੇਂ ਦੀ ਰੌਂਅ ਵੇਖ ਕੇ ਆਪਣਾ ਰਵੱਈਆ ਬਦਲ ਲਿਆ -- ਏਸ ਤਾਕ ਵਿੱਚ ਕਿ ਕਦੇ ਫੇਰ ਜਾਨ-ਲੇਵਾ ਹਮਲਾ ਕਰਨ ਦਾ ਮੌਕਾ ਜ਼ਰੂਰ ਮਿਲੇਗਾ, ਓਦੋਂ ਤੱਕ ਆਪਣੀ ਛਵੀ ਨੂੰ ਬਚਾ ਕੇ ਰੱਖਣਾ ਹੀ ਨੀਤੀ ਹੈ।

ਹੁਣ ਪਿੱਛੇ ਜਿਹੇ, ਬਾਕੀ ਲੋਕਾਂ ਦੇ ਵਿਰੋਧ ਦੇ ਬਾਵਜੂਦ ਕੇਂਦਰ ਦੀ ਕੌਂਗਰਸ ਸਰਕਾਰ ਨੇ ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਇਹ ਓਹੀ ਚੋਣਾਂ ਹਨ ਜੋ ਕਿ ਕਦੇ 17 ਸਾਲ ਨਹੀਂ ਸਨ ਕਰਵਾਈਆਂ ਗਈਆਂ। ਮੋਜੂਦਾ ਚੋਣਾਂ ਵੀ ਘੱਟੋ ਘੱਟ 2 ਸਾਲ ਪਹਿਲਾਂ ਹੋ ਸਕਦੀਆਂ ਸਨ ਜਦੋਂ ਕਿ ਮੌਜੂਦਾ ਕਮੇਟੀ ਦਾ ਜੀਵਨ-ਕਾਲ ਖ਼ਤਮ ਹੋਇਆ ਸੀ। ਪਰ ਓਦੋਂ ਬਾਦਲ ਦਲ ਜਿੱਤਦਾ ਨਹੀਂ ਸੀ ਲੱਗ ਰਿਹਾ। ਓਸ ਨੇ ਅਜੇ ਉਹ ਹੱਥਕੰਡੇ ਆਪਣੀ ਬਗਲੀ ਵਿੱਚੋਂ ਕੱਢਣੇ ਸਨ ਜਿਹੜੇ ਅਸੰਬਲੀ ਚੋਣਾਂ ਤੋਂ ਇੱਕ ਸਾਲ ਪਹਿਲਾਂ ਵਰਤਣ ਲਈ ਸੰਭਾਲ ਕੇ ਰੱਖੇ ਸਨ। ਏਸ ਲਈ ਸ਼੍ਰੋਮਣੀ ਕਮੇਟੀ ਚੋਣਾਂ ਹੁਣ ਚੰਗਾ ਮਹੂਰਤ ਵਾਚ ਕੇ ਗਾਂਧੀ ਟੋਪੀ ਵਿੱਚੋਂ, ਜਾਦੂਗਰ ਦੇ ਟੋਪ ਵਿੱਚੋਂ ਖਰਗੋਸ਼ ਕੱਢਣ ਵਾਂਗ, ਕੱਢੀਆਂ ਗਈਆਂ ਹਨ। ਇਹਨਾਂ ਦਾ ਇਹ ਫ਼ਾਇਦਾ ਵੀ ਹੈ ਕਿ ਸੱਤਾਧਰੀ ਅਕਾਲੀਆਂ ਨੂੰ ਅਸੰਬਲੀ ਪ੍ਰਚਾਰ ਲਈ ਤਕਰੀਬਨ ਅੱਠ ਮਹੀਨਿਆਂ ਦਾ ਸਮਾਂ ਮਿਲ ਜਾਂਦਾ ਹੈ। ਪਹਿਲਾਂ ਇਹ ਕਮੇਟੀ ਦਾ ਚੋਣ ਪ੍ਰਚਾਰ ਕਰਨਗੇ ਫੇਰ ਇਹਨਾਂ ਦੇ ਹਾਰੇ-ਜਿੱਤੇ ਨੁਮਾਇੰਦੇ ਧੰਨਵਾਦ ਦੇ ਦੌਰੇ ਉੱਤੇ ਚੜ੍ਹਨਗੇ; ਵਾਹਵਾ ਰੌਣਕ ਰਹੇਗੀ। ਪਰ ਛੋਟਾ ਬਾਦਲ ਕਹਿੰਦਾ ਹੈ ਕਿ ਕੌਂਗਰਸ ਉਹਨਾਂ ਦੇ ਵਿਰੋਧੀਆਂ ਦਾ ਪੱਖ ਪੂਰ ਰਹੀ ਹੈ। ਜੇ ਇਹ ਸੱਚ ਹੈ ਕਿ ਇਹ ਹਰ ਥਾਵੇਂ ਜਿੱਤ ਰਹੇ ਸਨ ਤਾਂ ਇਹਨਾਂ ਦਾ ਨੁਕਸਾਨ ਚੋਣ ਅੱਗੇ ਪਾ ਕੇ ਜਾਂ ਰੱਦ ਕਰ ਕੇ ਹੀ ਹੋ ਸਕਦਾ ਸੀ। ਚੋਣਾਂ ਤਾਂ ਬਾਕਾਇਦਾ ਜਾਰੀ ਹਨ ਅਤੇ ਇਹਨਾਂ ਨੂੰ ਸੁਖੈਨ ਜਾਪਦੀ ਸਮਾਂ-ਸਾਰਣੀ ਅਨੁਸਾਰ ਕੀਤੀਆਂ ਜਾ ਰਹੀਆਂ ਹਨ।

ਅਕਾਲੀ ਦਲ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਦਲ਼ ਦੀ ਚੋਣਾਂ ਵਿੱਚ ਚੜ੍ਹਤ ਵੇਖ ਕੇ ਕੌਂਗਰਸ ਦੀ ਕੇਂਦਰੀ ਸਰਕਾਰ ਨੇ ਇਹ ਚਾਲ ਚੱਲੀ ਹੈ ਅਤੇ ਇਹ ਵੀ ਕਿ ਇਹ ਚਾਲ ਖ਼ਾਲਸਾ-ਪੰਥ-ਵਿਰੋਧੀ ਹੈ। ਪਰਖਣ ਲੱਗੀਏ ਤਾਂ ਇਹ ਦਾਅਵੇ ਖਰੇ ਨਹੀਂ ਉੱਤਰਦੇ। ਜੇ ਇਹਨਾਂ ਦੀ ਗੱਲ ਠੀਕ ਹੈ ਕਿ ਇਹ ਦਿਗਵਿਜੇ ਦੇ ਰਾਹ ਉੱਤੇ ਤੁਰੇ ਹੋਏ ਹਨ ਤਾਂ ਇਹਨਾਂ ਦੇ ਘੋੜੇ ਦੀ ਵਾਗ ਫੜਨ ਦਾ ਇਹ ਤਰੀਕਾ ਸੀ ਕਿ ਚੋਣਾਂ ਰੱਦ ਕੀਤੀਆਂ ਜਾਂਦੀਆਂ ਜਾਂ ਪਿੱਛੇ ਪਾਈਆਂ ਜਾਂਦੀਆਂ। ਦੋਹਾਂ ਵਿੱਚੋਂ ਕੁਝ ਨਹੀਂ ਹੋਇਆ। ਬਾਦਲ ਦਲ਼ ਬਾਰ-ਬਾਰ ਭੁੱਲ ਜਾਂਦਾ ਹੈ ਕਿ ਉਹ ਪੰਥ ਦੀ ਨੁਮਾਇੰਦਗੀ ਦੇ 75 ਸਾਲ ਪੁਰਾਣੇ ਦਾਅਵੇ ਨੂੰ ਬੇਹੱਦ ਕਰੂਰਤਾ ਨਾਲ ਰੱਦ ਕਰ ਕੇ 1996 ਵਿੱਚ ਆਪਣੇ ਦਲ਼ ਨੂੰ ਪੰਜਾਬੀ ਪਾਰਟੀ ਬਣਾ ਚੁੱਕਿਆ ਹੈ ਅਤੇ ਕੱਟੜ ਹਿੰਦੂਤਵੀ ਭਾਜਪਾ ਨਾਲ ਪੱਕਾ-ਪੀਢਾ ਗੱਠਜੋੜ ਕਰ ਕੇ ਆਪਣੇ ਧਰਮ-ਨਿਰਪੱਖ ਹੋਣ ਉੱਤੇ ਮੁਹਰ ਲਗਾ ਚੁੱਕਿਆ ਹੈ। ਹੁਣ ਪੰਥ-ਪੰਥ ਕੂਕਣ ਦੀ ਪ੍ਰਕਿਰਿਆ ਨਿਰਾਰਥਕਤਾ ਤੋਂ ਅੱਗੇ ਵਧ ਕੇ ਨੌਸਰਬਾਜ਼ੀ ਦੀ ਹੱਦ ਨੂੰ ਜਾ ਛੂੰਹਦੀ ਹੈ।

ਇਹ ਯਾਦ ਰੱਖਣਾ ਯੋਗ ਹੈ ਕਿ ਹਾਈ ਕੋਰਟ ਕਾਂਡ ਤੋਂ ਚੰਦ ਦਿਨ ਪਹਿਲਾਂ ਹੀ ਗੁਰਦਵਾਰਾ ਚੋਣ ਕਮਿਸ਼ਨਰ ਨੇ ਐਲਾਨ ਕੀਤਾ ਸੀ ਕਿ ਉਹ ਸਾਰੇ ਗ਼ੈਰ-ਸਿੱਖ ਵੋਟਰਾਂ ਨੂੰ ਮੱਤਦਾਨ ਕਤਾਰ ਵਿੱਚੋਂ ਕੱਢ ਕੇ ਪੁਲਿਸ ਦੇ ਹਵਾਲੇ ਕਰ ਦੇਣਗੇ। ਕੀ ਅਧਿਸੂਚਨਾ ਰੱਦ ਕਰਵਾਉਣ ਦੀ ਕਾਰਵਾਈ ਗ਼ੈਰ-ਸਿੱਖ, ਗ਼ੈਰ-ਕੇਸਾਧਾਰੀਆਂ ਨੂੰ ਏਸ ਕਾਰਵਾਈ ਤੋਂ ਸੁਰੱਖਿਆ ਦੇਣ ਲਈ ਤਾਂ ਨਹੀਂ ਕੀਤੀ ਗਈ?

ਆਮ ਤੌਰ ਉੱਤੇ ਇਹ ਹੁੰਦਾ ਹੈ ਕਿ ਮੱਤਦਾਤਾ ਬਣਨ ਦੀ ਤਾਰੀਖ਼ ਮਿਥ ਦਿੱਤੀ ਜਾਂਦੀ ਹੈ ਅਤੇ ਓਸ ਤੋਂ ਬਾਅਦ ਕੁਝ ਦਿਨ ਉਹਨਾਂ ਲਈ ਮਨੋਨੀਤ ਕੀਤੇ ਜਾਂਦੇ ਹਨ ਜੋ ਬਣੇ ਮੱਤਦਾਤਾਵਾਂ ਵਿਰੁੱਧ ਕੁਈ ਇਤਰਾਜ਼ ਪੇਸ਼ ਕਰਨਾ ਚਾਹੁੰਦੇ ਹੋਣ। ਪਰ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਏਸ ਵਿਵਸਥਾ ਨੂੰ ਨਾਕਸ ਕਰ ਦਿੱਤਾ ਗਿਆ। ਨਾਮਜ਼ਦਗੀਆਂ ਤੋਂ ਮਗਰੋਂ ਵੀ ਲੰਮੇ ਸਮੇਂ ਤੱਕ ਲੋਕ ਮੱਤਦਾਤਾ ਮਹਿਜ਼ ਪੰਜ ਰੁਪੈ ਲੇਟ ਫੀਸ ਦੇ ਕੇ ਬਣ ਸਕਦੇ ਹਨ। ਇਹ ਕੁਈ ਇੱਕਾ-ਦੁਕਾ ਲੋਕ ਨਹੀਂ ਜਿਵੇਂ ਕਿ ਹੋਣੇ ਚਾਹੀਦੇ ਸਨ ਬਲਕਿ ਘੱਟੋ-ਘੱਟ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੱਤਦਾਤਾ ਮਗਰਲੇ ਦਿਨਾਂ ਵਿੱਚ ਬਣੇ ਹਨ। ਪਿੱਛੇ ਜਿਹੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੰਦਰਾਂ ਸੌ ਲੋਕਾਂ ਦੇ ਇੱਕੋ ਸੂਚੀ ਰਾਹੀਂ ਵੋਟਰ ਬਣਨ ਦੀ ਖ਼ਬਰ ਅਖ਼ਬਾਰਾਂ ਨੇ ਛਾਪੀ ਸੀ। ਅਜਿਹੀ ਹਾਲਤ ਵਿੱਚ ਕੌਣ ਕਿਸ ਉੱਤੇ ਇਤਰਾਜ਼ ਕਰੇਗਾ ਅਤੇ ਉਹਨਾਂ ਉੱਤੇ ਗ਼ੌਰ ਕਰਨ ਲਈ ਕਿਹੜੇ ਅਫ਼ਸਰ ਨੂੰ ਸਮਾਂ ਮਿਲੇਗਾ? ਜਾਇਜ਼-ਨਾਜਾਇਜ਼ ਹਰ ਕਿਸਮ ਦੇ ਮੱਤਦਾਤਾ ਬੇਖ਼ੌਫ਼ ਆਪਣੇ ਮੱਤ ਦਾ ਪ੍ਰਗਟਾਵਾ ਵੋਟ ਪਾ ਕੇ ਕਰਨਗੇ। ਵਿਵਸਥਾ ਕਰਨ ਵਾਲੇ ਸਈਆਂ ਦੀ ਏਹੋ ਮਰਜ਼ੀ ਹੈ। ਸਈਆਂ ਭਏ ਕੋਤਵਾਲ ਅਬ ਡਰ ਕਾਹੇ ਕਾ’?

ਕਈ ਚੇਤੰਨ ਲੋਕਾਂ ਨੇ ਸ਼੍ਰੋਮਣੀ ਕਮੇਟੀ ਲਈ ਨਵੇਂ ਬਣੇ ਮੱਤਦਾਤਾਵਾਂ ਦੀ ਸੂਚੀ ਲੈ ਕੇ ਜਦੋਂ ਲੋਕ ਸਭਾ ਲਈ ਬਣੀ ਸੂਚੀ ਨਾਲ ਮੇਲ ਕੇ ਵੇਖੀ ਤਾਂ ਹੈਰਾਨ ਰਹਿ ਗਏ। ਦੂਜੀ ਸੂਚੀ ਵਿੱਚ ਜੋਂ ਸਿਰੋਂ ਮੋਨਾ ਘਸੀਟ ਰਾਮ ਮਸੀਹ ਸੀ ਓਹੋ ਸ਼੍ਰੋਮਣੀ ਕਮੇਟੀ ਦੀ ਸੂਚੀ ਵਿੱਚ ਘਸੀਟਾ ਰਾਮ ਸਿੰਘ ਖ਼ਾਲਸਾ ਨਾਂ ਲਿਖਾਈ ਬੈਠਾ ਸੀ। ਇਹ ਚੋਣ ਹੱਥਕੰਡਾ ਕੇਵਲ ਸੱਤਾਧਾਰੀ ਹੀ ਵਰਤ ਸਕਦਾ ਸੀ ਅਤੇ ਓਸੇ ਨੇ ਵਰਤਿਆ। ਨਤੀਜਾ ਇਹ ਕਿ ਸੱਤਾਧਾਰੀਆਂ ਦਾ ਪੱਖ ਪੂਰਨ ਲਈ ਲੱਖਾਂ ਊਸ਼ਾ ਰਾਣੀਆਂ ਊਸ਼ਾ ਰਾਣੀ ਕੌਰਾਂ ਬਣ ਗਈਆਂ, ਕਈ ਕਿਸ਼ਨ ਚੰਦ ਕਿਸ਼ਨ ਚੰਦ ਸਿੰਘ। ਅਜਿਹੀ ਧੋਖਾਧੜੀ ਸਬੰਧੀ ਇਤਰਾਜ਼ ਹੋਣੇ ਹੀ ਸਨ ਅਤੇ ਹੋਏ। ਕਈ ਮੁਕੱਦਮੇ ਕਚਹਿਰੀ ਵੀ ਪਹੁੰਚੇ। ਇੱਕ ਐਸੇ ਮੁਆਮਲੇ ਨੂੰ ਹਾਈ ਕੋਰਟ ਨੇ ਸਹਿਜਧਾਰੀ ਫ਼ੈਡਰੇਸ਼ਨ ਦੇ ਮੁਕੱਦਮੇ ਨਾਲ ਅੜੁੰਗ ਦਿੱਤਾ। ਜਾਇਜ਼ ਕਾਰਵਾਈ ਵੀ ਏਹੋ ਸੀ। ਅਧਿਸੂਚਨਾ ਦੇ ਜਾਇਜ਼ ਜਾਂ ਨਾਜਾਇਜ਼ ਹੋਣ ਬਾਅਦ ਹੀ ਏਸ ਦੀ ਸੁਣਵਾਈ ਹੋ ਸਕਦੀ ਸੀ।

ਕੁਝ ਅਜਿਹੇ ਮਸਲੇ ਗੁਰਦਵਾਰਾ ਚੋਣ ਕਮਿਸ਼ਨਰ ਕੋਲ ਵੀ ਉਠਾਏ ਗਏ। ਸਰਕਾਰ ਦੇ ਅਸਲ ਰਵੱਈਏ ਤੋਂ ਬੇਖ਼ਬਰ ਚੋਣ ਕਮਿਸ਼ਨਰ ਨੇ ਬਿਆਨ ਦੇ ਦਿੱਤਾ ਕਿ ਗ਼ੈਰ-ਸਿੱਖ ਜੇ ਆਪਣੇ ਮੱਤ ਦਾ ਇਜ਼ਹਾਰ ਕਰਨਗੇ ਤਾਂ ਉਹਨਾਂ ਨੂੰ ਪੁਲਿਸ ਗ੍ਰਿਫ਼ਤਾਰ ਕਰ ਲਵੇਗੀ। ਪਤਾ ਨਹੀਂ ਏਸ ਬਿਆਨ ਦਾ ਕੀ ਨਤੀਜਾ ਨਿਕਲਣਾ ਸੀ ਪਰ ਨਕਲੀ ਮੱਤਦਾਤਾਵਾਂ ਉੱਤੇ ਨਿਰਭਰ ਸੱਤਾਧਾਰੀ ਜਮਾਤ ਦੇ ਭਾਅ ਦੀ ਬਣ ਗਈ। ਹੋਣੀ ਨੂੰ ਟਾਲਣ ਲਈ ਇੰਤਜ਼ਾਮ ਕਰਨਾ ਲਾਜ਼ਮੀ ਹੋ ਗਿਆ।

ਪਤਾ ਨਹੀਂ ਕਿੱਥੇ-ਕਿੱਥੇ ਅਦ੍ਰਿਸ਼ ਹੱਥ ਨੇ ਤਣੀਆਂ ਕੱਸੀਆਂ ਕਿ ਵੇਖਦਿਆਂ-ਵੇਖਦਿਆਂ ਮਸਲਾ 1 ਸਤੰਬਰ ਉੱਤੇ ਪਹੁੰਚ ਗਿਆ। ਜੋ ਓਸ ਦਿਨ ਹੋਇਆ ਜੱਗ ਜ਼ਾਹਰ ਹੈ। ਹੁਣ ਹਰ ਪੱਖੋਂ ਨਾਜਾਇਜ਼ ਬਣਿਆ ਵੋਟਰ ਸਹਿਜਧਾਰੀ ਬੁਰਕੇ ਹੇਠ ਸਜ ਕੇ ਮੱਤ ਦੇਣ ਦਾ ਅਧਿਕਾਰੀ ਬਣ ਗਿਆ। ਵਿਰੋਧੀਆਂ, ਇਤਰਾਜ਼ ਕਰਨ ਵਾਲਿਆਂ ਦੀ ਅਰਜ਼ੀ ਆਪਣੇ-ਆਪ ਖ਼ਤਮ ਹੋ ਗਈ।

ਜਦੋਂ ਹਰਸ਼ਿੰਦਰ ਸਿੰਘ ਹਰਭਗਵਾਨ ਦੇ ਬਿਆਨ ਦਾ ਵੇਰਵਾ ਦੱਸ ਰਹੇ ਸਨ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਆਪਣੇ ਤੌਰ ਉੱਤੇ ਹੀ ਇਹ ਬਿਆਨ ਦਿੰਦਾ ਜਾਪਦਾ ਸੀ? ਉਹਨਾਂ ਦਾ ਜੁਆਬ ਸੀ ਹਾਂ। ਪਰ ਕੀ 85 ਕੁ ਨੂੰ ਢੁੱਕੇ ਪ੍ਰੌਢ ਵਕੀਲ ਦਾ ਇਹ ਕਿਰਦਾਰ ਹੋ ਸਕਦਾ ਹੈ ਕਿ ਉਹ ਆਪਣੇ ਹੀ ਜੁਆਬ-ਦਾਅਵੇ ਵਿਰੁੱਧ ਬਿਆਨ ਦੇ ਦੇਵੇ? ਖਾਸ ਤੌਰ ਉੱਤੇ ਓਦੋਂ ਜਦੋਂ ਕਿ ਉਹ ਕੇਂਦਰੀ ਸਰਕਾਰ ਵਲੋਂ ਦਿੱਤੇ ਜੁਆਬੀ-ਦਾਅਵੇ ਦੀ ਪੈਰਵੀ ਕਰ ਰਿਹਾ ਹੋਵੇ? ਅਜੇਹਾ ਕੁਕਰਮ ਓਸ ਨੂੰ ਬਾਰ ਕਾਉਂਸਲ ਦੀ ਮੈਂਬਰੀ ਤੋਂ ਤੁਰੰਤ ਬੇਇੱਜ਼ਤ ਕਰਵਾ ਕੇ ਬਰਖ਼ਾਸਤ ਕਰਨ ਲਈ ਕਾਫ਼ੀ ਹੈ। ਏਸ ਮੁਲਕ ਸਮੇਤ ਕਈ ਮੁਲਕਾਂ ਵਿੱਚ ਇਹ ਘਟੀਆ ਦਰਜੇ ਦੀ ਨੌਸਬਰਾਜ਼ੀ ਓਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਣ ਲਈ ਵੀ ਕਾਫੀ ਸੀ। ਸਾਰੀ ਉਮਰ ਸੱਚ, ਨਿਆਂ ਲਈ ਲੜਨ ਵਾਲਾ ਕੁਈ ਵਕੀਲ ਆਖ਼ਰੀ ਉਮਰੇ ਐਨਾ ਵੱਡਾ ਕਲੰਕ ਮੱਥੇ ਉੱਤੇ ਲਗਵਾ ਸਕਦਾ ਹੈ? ਟਕਸਾਲ ਦੇ ਕੁਝ ਕਾਰਕੁੰਨਾਂ ਦਾ ਮੱਤ ਸੀ ਕਿ ਸ਼ਾਇਦ ਆਪਣੇ ਵਕੀਲ ਪੁੱਤਰ ਦੇ ਮੁਫ਼ਾਦ ਨੂੰ ਸਾਹਮਣੇ ਰੱਖ ਕੇ ਹਰਭਗਵਾਨ ਸਿੰਘ ਨੇ ਅਜਿਹਾ ਅੱਕ ਚੱਬਿਆ ਹੋਵੇ। ਪਰ ਆਖ਼ਰੀ ਮੱਤ ਸੀ ਕਿ ਕੇਂਦਰ ਸਰਕਾਰ ਦੇ ਸਪਸ਼ਟ ਇਸ਼ਾਰੇ ਤੋਂ ਬਿਨਾ ਵਕੀਲ ਲਈ ਅਜਿਹਾ ਬਿਆਨ ਦੇਣਾ ਸੰਭਵ ਨਹੀਂ ਸੀ। ਕੇਂਦਰ ਸਰਕਾਰ ਨੇ ਪਹਿਲਾਂ ਬਿਆਨ ਦਿੱਤਾ ਕਿ ਹਰਭਗਵਾਨ ਉਹਨਾਂ ਦਾ ਵਕੀਲ ਨਹੀਂ ਸੀ ਪ੍ਰੰਤੂ 24 ਘੰਟਿਆਂ ਦੇ ਅੰਦਰ ਹੀ ਤਬਦੀਲ ਕਰ ਕੇ ਮੰਨ ਲਿਆ ਕਿ ਉਹ ਕੇਂਦਰ ਦਾ ਵਕੀਲ ਸੀ। ਅਜੇ ਵੀ ਬੜਾ ਕੁਝ ਹੋਰ ਮੰਨਣ ਵਾਲਾ ਪਿਆ ਹੈ। ਰੱਬ ਸਰਕਾਰ ਨੂੰ ਕੌੜਾ ਸੱਚ ਕਬੂਲਣ ਦੀ ਸਮਰੱਥਾ ਦੇਵੇ।

ਹੁਣ ਜਾਪਦਾ ਹੈ ਕਿ ਹਰਭਗਵਾਨ ਨੂੰ ਸਰਕਾਰ ਨੇ ਅਦਾਲਤ ਵਿੱਚ ਕੇਂਦਰ ਦਾ ਪੱਖ ਦੱਸਣ ਵਾਸਤੇ ਓਸੇ ਦਿਨ (1 ਸਤੰਬਰ ਨੂੰ) ਮਨੋਨੀਤ ਕੀਤਾ ਸੀ। ਰੱਫ਼ੜ ਓਦੋਂ ਪਿਆ ਜਦੋਂ ਪ੍ਰੌਢ ਵਕੀਲ ਨੇ ਕੇਵਲ ਅੱਧਾ ਸੁਨੇਹਾ ਦਿੱਤਾ। ਜੇ ਉਹ ਚੋਣਾਂ ਅੱਗੇ ਪਾਉਣ ਦੀ ਗੱਲ ਵੀ ਆਖ ਦਿੰਦਾ ਤਾਂ ਸ਼ਾਇਦ ਏਨਾਂ ਝੱਖੜ ਓਸ ਉੱਤੇ ਨਾ ਝੁੱਲਦਾ। ਓਸ ਨੇ ਇੱਕ ਟੈਲੀਵਿਜ਼ਨ ਨੂੰ ਦਿੱਤੇ ਬਿਆਨ ਵਿੱਚ ਅੱਧਾ ਬਿਆਨ ਦੇਣ ਦੀ ਸੱਚਾਈ ਨੂੰ ਉਜਾਗਰ ਕੀਤਾ ਹੈ।

ਸ਼ੱਕ ਕੇਂਦਰੀ ਕਾਨੂੰਨ ਮੰਤਰੀ ਉੱਤੇ ਵੀ ਗਿਆ ਜਿਸ ਨੇ ਕਿ ਦੋ ਕੁ ਦਿਨ ਪਹਿਲਾਂ ਹੀ ਸਿੱਖ ਵਿਆਹ ਕਾਨੂੰਨ ਨੂੰ ਰੱਦ ਕਰਦਾ ਬਿਆਨ ਦੇ ਕੇ ਪੰਜਾਬ ਦੀ ਸੱਤਾਧਾਰੀ ਧਿਰ ਦੇ ਭੱਥੇ ਵਿੱਚ ਕਈ ਮਾਰੂ ਹਥਿਆਰ ਇੱਕੋ ਹੱਲੇ ਮੁਹੱਈਆ ਕੀਤੇ ਸਨ। ਸਿੱਖ ਵਿਆਹ ਕਾਨੂੰਨ ਨੂੰ ਰੱਦ ਕਰਨ ਦੀ ਕੁਈ ਕਾਹਲ ਨਹੀਂ ਸੀ। ਇਹ ਮਸਲਾ ਕਈ ਦਹਾਕਿਆਂ ਤੋਂ ਲਟਕਦਾ ਆ ਰਿਹਾ ਹੈ। ਏਸ ਬਾਰੇ ਆਮ ਲੋਕ-ਮੱਤ ਸੀ ਕਿ ਪੰਥਕ ਮੋਰਚੇ ਦਾ ਸਰਗਰਮ ਸਾਥੀ ਪਰਮਜੀਤ ਸਿੰਘ ਸਰਨਾ ਏਸ ਸਬੰਧੀ ਕੇਂਦਰ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਮਨਵਾ ਚੁੱਕਿਆ ਹੈ ਕਿ ਅਨੰਦ-ਕਾਰਜ ਕਾਨੂੰਨ ਪਾਸ ਕੀਤਾ ਜਾਵੇਗਾ। ਬੇ-ਮੌਸਮਾ, ਬੇਲੋੜਾ ਅਤੇ ਅਢੁਕਵਾਂ ਬਿਆਨ ਦੇ ਕੇ ਕੇਂਦਰੀ ਕਾਨੂੰਨ ਮੰਤਰੀ ਨੇ ਲੋਕਾਂ ਦੇ ਅਜਿਹੇ ਵਿਸ਼ਵਾਸ ਨੂੰ ਰੱਦ ਕੀਤਾ ਹੈ। ਇਹ ਕਾਰਵਾਈ ਪੰਥਕ ਮੋਰਚੇ ਵਿਰੁੱਧ ਹੈ ਅਤੇ ਬਾਦਲ ਦਲ਼ ਦੇ ਹੱਥ ਭਖਵਾਂ ਮੁੱਦਾ ਫੜਾਉਣ ਹਿਤ ਕੀਤੀ ਗਈ ਜਾਪਦੀ ਹੈ। ਇਉਂ ਅਧਿਸੂਚਨਾ ਰੱਦ ਕਰਨ ਸਮੇਤ ਕੇਂਦਰ ਬਾਦਲ ਦਲ਼ ਨੂੰ ਦੋ ਬ੍ਰਹਮ ਅਸਤਰ ਗੁਰਦਵਾਰਾ ਅਤੇ ਆਉਣ ਵਾਲੀਆਂ ਅਸੰਬਲੀ ਚੋਣਾਂ ਲਈ ਥਾਲ਼ੀ ਵਿੱਚ ਪਰੋਸ ਕੇ ਬਖ਼ਸ਼ ਚੁੱਕਿਆ ਹੈ। ਕੀ ਏਸ ਦੇ ਬਾਵਜੂਦ ਮੰਨਿਆ ਜਾ ਸਕਦਾ ਹੈ ਕਿ ਕੇਂਦਰ ਬਾਦਲ ਦਲ਼ ਦੇ ਵਿਰੋਧ ਵਿੱਚ ਇਹ ਕਾਰਵਾਈਆਂ ਕਰ ਰਿਹਾ ਹੈ? ਪਰ ਲੱਖ ਮੱਥਾ-ਪੱਚੀ ਕਰਨ ਤੋਂ ਬਾਅਦ ਵੀ ਇਹ ਰਹੱਸ ਖੁੱਲ੍ਹਦਾ ਨਜ਼ਰ ਨਹੀਂ ਸੀ ਆ ਰਿਹਾ। ਜਾਪਦਾ ਸੀ ਕਿ ਸØਥਿਤੀ ਰਾਜਸਥਾਨੀਆਂ ਦੇ ਓਸ ਗੀਤ ਵਿੱਚ ਬਿਆਨੇ ਮਰਮ ਵੱਲ ਇਸ਼ਾਰਾ ਕਰਦੀ ਸੀ ਜਿਸ ਦੇ ਬੋਲ ਹਨ, ‘ਹੋ ਰੇ ਰਾਮ ਜੀ ਥਾਰੀ ਕੁਦਰਤ ਗੋ ਬੇਰੋ ਕੋਨੀ ਪਾਟਿਓ ਰੇ। ਭੂਨੋ ਤੀਤਰ ਉੜ ਗਇਓ ਧਨ ਕਾ ਹੋ ਗਿਉ ਕੋਇਲਾ ਰੇ।

ਹਰਭਗਵਾਨ ਸਿੰਘ ਬੱਚਾ ਨਹੀਂ। ਉਹ ਅਦਾਲਤ ਨੂੰ ਗੁੰਮਰਾਹ ਕਰਨ ਦੀ ਕਾਰਵਾਈ ਹਰਗਿਜ਼ ਨਹੀਂ ਕਰ ਸਕਦਾ। ਹੁਣ ਓਸ ਨੂੰ ਬਲੀ ਦਾ ਬੱਕਰਾ ਬਣਾਇਆ ਜਾਵੇ ਤਾਂ ਗੱਲ ਵੱਖਰੀ ਹੈ। ਜਿਹੋ ਜਿਹੀ ਸਿਆਸਤ ਹਿੰਦ ਦੇ ਸਿਆਸਤਦਾਨ ਕਰ ਰਹੇ ਹਨ ਓਸ ਵਿੱਚ ਨੀਵੀਂ ਪੱਧਰ ਦੇ ਹਥਕੰਡੇ, ਘਟੀਆ ਵਰਤਾਰੇ ਰਾਜਨੀਤੀ ਅਖਵਾਉਂਦੇ ਹਨ।

ਏਸੇ ਨਾ ਸਮਝ ਆਉਣ ਵਾਲੀ ਪੱਧਤੀ ਦੇ ਦੋਹਾਂ ਬਾਦਲਾਂ ਦੇ ਬਿਆਨ ਸਨ। ਹਾਲਾਂਕਿ ਅਧਿਸੂਚਨਾ ਦਾ ਰੱਦ ਹੋਣਾ ਉਹਨਾਂ ਦੇ ਆਪਣੇ ਸਿਰਜੇ ਚੱਕ੍ਰਵਿਯੂਹ ਦੇ ਹੱਕ ਵਿੱਚ ਭੁਗਤਦਾ ਸੀ ਕਿਉਂਕਿ ਉਹਨਾਂ ਦੇ ਸਰਕਾਰੀ ਅਮਲੇ-ਫ਼ੈਲੇ ਰਾਹੀਂ ਅਣਮੱਤੀਏ ਵੋਟਰ ਇੱਕੋ ਹੱਲੇ ਸਹਿਜਧਾਰੀ ਹੋ ਨਿੱਬੜਦੇ ਸਨ। ਉਹ ਫ਼ੇਰ ਵੀ ਬਿਆਨ ਦੇ ਰਹੇ ਸਨ ਕਿ ਇਹ ਕਾਰਵਾਈ ਕੇਂਦਰੀ ਸਰਕਾਰ ਦੀਆਂ ਸਿੱਖ ਮਾਰੂ ਅਤੇ ਵਿਤਕਰੇ-ਭਰਪੂਰ ਨੀਤੀਆਂ ਦਾ ਨਤੀਜਾ ਹਨ। ਉਹਨਾਂ ਵੱਲੋਂ ਬਿਆਨ ਦਿੱਤੇ ਜਾ ਰਹੇ ਸਨ ਕਿ ਇਹ ਕੁਕਰਮ ਪੰਥਕ ਦਲ ਦੀਆਂ ਸਾਜ਼ਿਸ਼ਾਂ ਦਾ ਨਤੀਜਾ ਹੈ। ਪੰਥਕ ਦਲ਼ ਵਾਲੇ ਤਾਂ ਕਚਹਿਰੀ ਵਿੱਚ ਹਾਜ਼ਰ ਹੋ ਕੇ ਆਖ ਰਹੇ ਸਨ ਕਿ ਬਾਦਲ ਦਲ਼ ਨੇ ਸਰਕਾਰੀ ਪ੍ਰਭਾਵ ਅਧੀਨ ਅਣਮੱਤੀਆਂ ਨੂੰ ਸਿੱਖ ਲਿਖ ਕੇ ਨਕਲੀ ਵੋਟਾਂ ਬਣਵਾਈਆਂ ਹਨ। ਕੇਂਦਰ ਦੀ 1 ਸਤੰਬਰ ਦੀ ਕਾਰਵਾਈ ਨੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਮਿੱਟੀ ਖਿੱਚ ਲਈ ਸੀ। ਬਾਦਲ ਏਸ ਉਮੀਦ ਨਾਲ ਬਿਆਨ ਦਾਗਣ ਲੱਗੇ ਹੋਏ ਹਨ ਕਿ ਸੱਚ-ਝੂਠ ਨੂੰ ਪਰਖਣ ਦੀ ਮਨੋਬਿਰਤੀ ਦੀ ਆਮ ਲੋਕਾਂ ਵਿੱਚ ਘਾਟ ਹੁੰਦੀ ਹੈ ਅਤੇ ਉਹ ਉੱਚੀ-ਉੱਚੀ ਕੂਕਣ ਵਾਲੇ ਨੂੰ ਹੀ ਸੱਚਾ ਸਮਝ ਲੈਂਦੇ ਹਨ। ਇਹਨਾਂ ਸਾਰੇ ਬਿਆਨਾਂ ਦੇ ਨਾਲ ਨਾਲ ਬਿਆਨ ਚੱਲ ਰਿਹਾ ਸੀ ਕਿ ਚੋਣਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਅਸੀਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਖਾਂਗੇ ਕਿ ਚੋਣਾਂ ਰੱਦ ਨਾ ਹੋਣ।ਸੱਚ, ਧਰਮ ਦਾ ਤਕਾਜ਼ਾ ਇਹ ਹੈ ਕਿ ਚੋਣਾਂ ਵਿੱਚ 16 ਦਿਨ ਰਹਿੰਦੇ ਹੋਏ ਇਹ ਅਹਿਮ ਤਬਦੀਲੀ, ਜਦੋਂ ਕਿ ਵੋਟਾਂ ਬਣਨੀਆਂ ਜਾਰੀ ਸਨ, ਕੇਵਲ ਅਤੇ ਕੇਵਲ ਬਾਦਲ ਦਲ ਦੇ ਹੱਕ ਵਿੱਚ ਹੀ ਭੁਗਤਦੀ ਹੈ।

ਅਗਲੇ ਦਿਨ ਸਿੱਖ-ਵਿਰੋਧੀ ਜਾਣੇ ਜਾਂਦੇ ਗ੍ਰਹਿ ਮੰਤਰੀ ਚਿਦਾਂਬਰਮ ਦਾ ਬਿਆਨ ਆ ਗਿਆ ਜਿਸ ਦੇ ਸਵੈ-ਵਿਰੋਧ ਨੂੰ ਵੇਖ ਕੇ ਕਿਸੇ ਵੀ ਨਿਆਂ-ਪਸੰਦ ਇਨਸਾਨ ਦੀ ਅਕਲ ਦੰਗ ਰਹਿ ਜਾਂਦੀ। ਓਸ ਆਖਿਆ, ‘ਹਰਭਗਵਾਨ ਨੇ ਸਾਡੀ ਮਰਜ਼ੀ ਦੇ ਵਿਰੁੱਧ ਬਿਆਨ ਕਚਹਿਰੀ ਵਿੱਚ ਦਰਜ ਕਰਵਾਇਆ ਹੈ ਪਰ ਉਹ ਬਹੁਤ ਸਿਆਣਾ ਵਕੀਲ ਹੈ, ਓਸ ਦੇ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਵੇਗੀ। ਓਸ ਤੋਂ ਪੁੱਛ-ਗਿੱਛ ਕਰ ਕੇ ਹੀ ਕਾਰਵਾਈ ਬਾਰੇ ਸੋਚਾਂਗੇ ਪਰ ਚੋਣਾਂ ਅਠਾਰਾਂ ਸਤੰਬਰ ਨੂੰ ਹੀ ਹੋਣਗੀਆਂ।ਇਹਨਾਂ ਹਾਲਤਾਂ ਵਿੱਚ ਓਸ ਨੂੰ ਆਖਣਾ ਚਾਹੀਦਾ ਸੀ ਕਿ ਚੋਣਾਂ ਪਿੱਛੇ ਪਾ ਕੇ ਪਹਿਲਾਂ ਅਧਿਸੂਚਨਾ ਦਾ ਤਰਕਸੰਗਤ ਅਤੇ ਨਿਆਂ ਪ੍ਰਣਾਲੀ ਅਨੁਸਾਰ ਹੱਲ ਲੱਭਿਆ ਜਾਵੇਗਾ। ਇਹ ਕਿਸੇ ਨਾ ਆਖਿਆ ਕਿ ਅਧਿਸੂਚਨਾ ਨਾਲ ਹੀ ਅਧਿਸੂਚਨਾ ਰੱਦ ਹੋ ਸਕਦੀ ਹੈ, ਜ਼ਬਾਨੀ-ਕਲਾਮੀ ਨਹੀਂ। ਓਸ ਦੇ ਬਿਆਨ ਦੀ ਤਾਂ ਕੁਈ ਵੀ ਮੱਦ ਏਸ ਪਹੁੰਚ ਦੇ ਨੇੜੇ-ਤੇੜੇ ਨਹੀਂ ਢੁਕਦੀ। ਸਉਣ ਦੇ ਅੰਨ੍ਹਿਆਂ ਨੂੰ ਛੱਡ ਕੇ ਸਭ ਨੂੰ ਪਤਾ ਲੱਗ ਗਿਆ ਕਿ ਬਾਦਲਾਂ ਨੂੰ ਚੋਣਾਂ ਜਿਤਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਦੀਆਂ ਵੋਟਾਂ ਉਹਨਾਂ ਦੇ ਹੱਕ ਵਿੱਚ ਭੁਗਤਾਉਣ ਲਈ ਹੀ ਇਹ ਸਾਰਾ ਆਡੰਬਰ ਰਚਿਆ ਗਿਆ ਹੈ। ਕਿਸੇ ਰੁਲਦਾ ਸਿੰਘ ਨੂੰ ਅਕਾਲ ਤਖ਼ਤ ਉੱਤੇ ਸਥਾਪਤ ਕਰਨ ਲਈ ਹੀ ਇਹ ਸਾਰਾ ਮੇਲਾ ਇਕੱਠਾ ਹੋਇਆ ਹੈ। ਪ੍ਰਕਿਰਿਆ ਵੀ ਏਸ ਕੁਸ਼ਲਤਾ ਨਾਲ ਨੇਪਰੇ ਚਾੜ੍ਹੀ ਹੈ ਕਿ ਲੋਕਾਂ ਨੂੰ ਸਮਝ ਆਉਣ ਤੋਂ ਪਹਿਲਾਂ ਹੀ ਚੋਣਾਂ ਲੰਘ ਜਾਣ। ਮਾਂਗਵੀਆਂ ਧਾੜਾਂ ਨਾਲ ਗੁਰਦਵਾਰਿਆਂ ਉੱਤੇ ਕਾਬਜ਼ ਹੋਣ ਉਪਰੰਤ ਬਾਦਲ ਕੇ ਆਉਂਦੀਆਂ ਅਸੰਬਲੀ ਚੋਣਾਂ ਲਈ ਪੱਟਾਂ ਉੱਤੇ ਹੱਥ ਮਾਰਦੇ ਚੋਣ ਆਖਾੜੇ ਵਿੱਚ ਉੱਤਰਨ। ਵਾਹ! ਵਾਹ! ਕਿੰਨੀ ਸੂਝ-ਬੂਝ ਨਾਲ ਤਾਣਾ-ਪੇਟਾ ਉਲਝਾਇਆ ਗਿਆ ਹੈ।

ਏਸ ਉਲਝੀ ਤਾਣੀ ਦਾ ਇੱਕ ਹੋਰ ਪਹਿਲੂ ਅਜੇ ਵੀ ਅਦ੍ਰਿਸ਼ਟ ਹੈ ਅਤੇ 18 ਤਰੀਕ ਨੂੰ ਹੀ ਪਰਗਟ ਹੋਵੇਗਾ। ਉਹ ਇਹ ਹੈ ਕਿ ਗਿਣਤੀ ਸਥਾਨਕ ਮਤਦਾਨ ਕੇਂਦਰਾਂ ਵਿੱਚ ਹੀ ਹੋਵੇਗੀ। ਕਰੇਗਾ ਵੀ ਓਹੀ ਅਮਲਾ-ਫ਼ੈਲਾ ਜੋ ਸ਼ਕਤੀਸ਼ਾਲੀ ਧਿਰ ਨੂੰ ਸਥਾਪਤ ਕਰਨ ਲਈ ਹੁਣੇ ਹੀ ਪੱਬਾਂ ਭਾਰ ਹੋਇਆ ਫਿਰਦਾ ਹੈ। ਸ਼ਰਾਰਤੀ ਅਨਸਰਾਂਨੂੰ ਗਿਣਤੀ ਤੋਂ ਬਾਹਰ ਰੱਖਣ ਲਈ ਪੁਲਸ ਹੋਵੇਗੀ। ਸਿੰਘ ਜੀ, ਇੱਕ ਵਾਰੀ ਫੇਰ ਗੱਜ ਕੇ ਆਖੋ: ਸਈਆਂ ਭਏ ਕੋਤਵਾਲ ਅਬ ਡਰ ਕਾਹੇ ਕਾ।

ਇਹ ਹਾਸੋ-ਹੀਣੀ ਗੱਲ ਨਹੀਂ ਹੋਵੇਗੀ ਕਿ ਕੁਈ ਪੁੱਛੇ ਚੋਣਾਂ ਕਉਣ ਜਿੱਤੇਗਾ? ਇੱਕ ਬੰਦਾ ਦੂਜੇ ਨੂੰ ਆਖਣ ਲੱਗਾ, ‘ਜੇ ਬੁੱਝ ਲਵਂੇ ਏਸ ਝੋਲੇ ਵਿੱਚ ਕੀ ਹੈ ਤਾਂ ਸਾਰੇ ਆਂਡੇ ਤੇਰੇ। ਜੇ ਬੁੱਝ ਲਵੇਂ ਕਿੰਨੇ ਹਨ ਤਾਂ ਵੀਹ ਦੇ ਵੀਹ ਤੇਰੇ। ਕੀ ਹਾਲਤ ਏਸ ਪ੍ਰਕਾਰ ਦੀ ਤਾਂ ਨਹੀਂ ਬਣੀ ਹੋਈ? ਹੈ ਕੁਈ ਬੁੱਝਣ ਵਾਲੇ ਨੂੰ ਇਨਾਮ ਦੇਣ ਦੀ ਲੋੜ?

ਕਿਆ ਖੇਡੇ ਹਨ ਅਕਾਲੀ ਬਾਵਿਆਂ ਦੇ! ਵਾਰੇ-ਵਾਰੇ ਜਾਈਏ ਇਹਨਾਂ ਦੀ ਹਰ ਅਦਾ ਤੋਂ। ਇਹਨਾਂ ਨੇ ਤਿਆਗੀ ਹੋਣ ਦਾ ਢੌਂਗ ਰਚ ਕੇ 1992 ਵਿੱਚ ਚੋਣ ਬਾਈਕਾਟ ਕੀਤਾ ਅਤੇ ਖ਼ਾੜਕੂ ਧਿਰ ਨੂੰ ਏਸ ਬਹਾਨੇ ਚੋਣ-ਪ੍ਰਕਿਰਿਆ ਤੋਂ ਬਾਹਰ ਰੱਖਿਆ ਕਿਉਂਕਿ ਓਦੋਂ ਕੇਵਲ ਉਹ ਹੀ ਚੁਣੇ ਜਾ ਸਕਦੇ ਸਨ। ਏਸੇ ਦਾਅ ਹੇਠ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਵਾਇਆ ਅਤੇ ਓਸ ਕੋਲੋਂ ਸਾਰੇ ਖ਼ਾੜਕੂਆਂ ਦਾ ਕਤਲੇਆਮ ਕਰਵਾਇਆ। ਆਪ ਖਾੜਕੂਆਂ ਦੇ ਭੋਗਾਂ ਤੇ ਜਾਂਦੇ ਰਹੇ ਅਤੇ ਲੋਕਾਂ ਨਾਲ ਬਣੇ ਰਹੇ। ਸਿਧਾਰਥ ਸ਼ੰਕਰ ਰੇਅ ਆਖਦਾ ਹੁੰਦਾ ਸੀ, ‘ਜਿਹੜੇ ਇਹਨਾਂ ਨੂੰ ਭੋਲ਼ੇ ਅਤੇ ਸਿੱਧ-ਪੱਧਰੇ ਜਾਣਦੇ ਹਨ ਉਹਨਾਂ ਨਾਲੋਂ ਮੂਰਖ ਵੀ ਕੁਈ ਨਹੀਂ। ਇਹਨਾਂ ਦਾ ਇੱਕ ਚਲਿਤ੍ਰ ਵੇਖੋ। ਸੰਤ ਜਰਨੈਲ ਸਿੰਘ ਅਤੇ ਇੰਦਰਾ ਗਾਂਧੀ ਨੂੰ ਇਹ ਦੁਸ਼ਮਣ ਗਿਣਦੇ ਸਨ। ਇੰਦਰਾ ਕੋਲੋਂ ਇਹਨਾਂ ਨੇ ਸੰਤ ਨੂੰ ਮਰਵਾ ਦਿੱਤਾ ਅਤੇ ਸੰਤ ਦੇ ਸਾਥੀਆਂ ਕੋਲੋਂ ਇੰਦਰਾ ਨੂੰ। ਆਪ ਫ਼ੇਰ ਸੱਤਾ ਸੰਭਾਲਣ ਨੂੰ ਤਿਆਰ-ਬਰ-ਤਿਆਰ ਖੜ੍ਹੇ ਹਨ।

ਬਠਿੰਡੇ ਵਾਲਾ ਤੇਜਾ ਸਿੰਘ ਕਈ ਵਾਰੀ ਸੱਚ ਵੀ ਬੋਲ ਜਾਂਦਾ ਸੀ। ਪੰਜਾਬ ਵਿੱਚ ਉੱਭਰੀ ਨਾਰਾਜ਼ ਲੋਕਾਂ ਦੀ ਲਹਿਰ ਨੂੰ ਵੇਖ ਕੇ ਓਸ ਦੀ ਕੁੱਤੇ ਪਾਲਣ ਦੀ ਮਨੋਬ੍ਰਿਤੀ ਉਜਾਗਰ ਹੋ ਜਾਂਦੀ ਅਤੇ ਓਹ ਓਸ ਨਾਲ ਸਬੰਧਤ ਸ਼ਬਦਾਵਲੀ ਵਰਤਣ ਲੱਗ ਜਾਂਦਾ। ਇੱਕ ਦਿਨ ਆਖਣ ਲੱਗਾ, ‘ਇਹ ਸਾਰੇ ਤਾਂ ਝਾੜਾਂ ਵਿੱਚੋਂ ਸ਼ਿਕਾਰ ਕੱਢਣ ਵਾਲੇ ਖੰਦੇ ਹਨ। ਆਹ ਸਾਰੇ ਢੋਲਾਂ ਡਾਂਗਾਂ (ਰਾਗੀ ਢਾਡੀ ਸਮਰਥਕ) ਵਾਲੇ ਵੀ ਇਹਨਾ ਦੇ ਸਹਾਇਕਾਂ ਤੋਂ ਵੱਧ ਨਹੀਂ। ਆਖ਼ਰ ਸ਼ਿਕਾਰ ਤਾਂ ਜਹਾਜ਼ੀ ਕਾਬੂ ਕਰਦੇ ਹੁੰਦੇ ਹਨ - ਉਹ ਜਹਾਜ਼ੀ ਅਸੀਂ ਹਾਂ।

ਏਹੋ ਵਰਤਾਰਾ ਅੱਜ ਸ਼ਰ੍ਹੇਆਮ ਵਾਪਰ ਰਿਹਾ ਹੈ; ਚਾਰੋਂ ਪਾਸੇ ਰੌਲਾ ਰੱਪਾ ਪੈ ਰਿਹਾ ਹੈ। ਏਸ ਨੇ ਦੜ ਵੱਟ ਕੇ ਝਾੜੀਆਂ ਵਿੱਚ ਬੈਠੇ ਸ਼ਿਕਾਰ ਨੂੰ ਬਾਹਰ ਕੱਢਣਾ ਹੈ ਅਤੇ ਅੰਤ ਓਸ ਨੇ ਕਿਸੇ ਦੀ ਦੇਗ਼ ਵਿੱਚ ਪੱਕਣਾ ਹੈ। ਏਸ ਬਾਰੇ ਜੇ ਏਹੀ ਅਕਾਲੀ ਦਲ਼ ਪੱਖੀ ਹਾਲਾਤ ਬਣਾਈ ਰੱਖੇ ਗਏ ਤਾਂ ਬਹੁਤ ਕੁੱਝ ਬੁੱਝਣ ਲਈ ਬਚਦਾ ਨਹੀਂ। ਸਿੱਖੀ ਦੇ ਵੱਡੇ ਠੇਕੇਦਾਰ ਹੀ ਅੱਜ ਓਸ ਨੂੰ ਗਰਕ ਕਰਨ ਦੇ ਰਾਹ ਤੁਰੇ ਹੋਏ ਹਨ ਅਤੇ ਖੱਬੇ-ਸੱਜੇ ਤੁਹਮਤਾਂ ਲਾ ਕੇ ਅਸਲ ਵਾਰਸਾਂ ਨੂੰ ਭੱਛਕ ਦਰਸਾ ਕੇ ਬਦਨਾਮ ਕਰ ਰਹੇ ਹਨ। ਜਿਸ ਦਿਨ ਸਿੱਖੀ ਇਹਨਾਂ ਦੀ ਜਾੜ੍ਹ ਹੇਠ ਆ ਗਈ ਓਸ ਦਿਨ ਇਹਨਾਂ ਦੇ ਸਹੀ ਤੇਵਰ ਉੱਘੜਨਗੇ ਪਰ ਓਦੋਂ ਤੱਕ ਬਹੁਤ ਪਾਣੀ ਪੁਲ਼ਾਂ ਹੇਠੋਂ ਲੰਘ ਚੁੱਕਿਆ ਹੋਵੇਗਾ। ਸ਼ਾਇਦ ਨਾ ਹਾੜ੍ਹ ਸੁੱਕੇ ਨ ਸੌਣ ਹਰੇ ਸਿਮਰਨਜੀਤ ਸਿੰਘ ਵਰਗੇ ਗਤਕੇਬਾਜ਼, ਜਿਸ ਦੀ ਡਿਊਟੀ ਸਿੱਖ ਕੌਮ ਨੂੰ ਵੱਡੇ ਭੰਬਲਭੂਸੇ ਵਿੱਚ ਭੁਚਲਾਈ ਰੱਖਣ ਦੀ ਹੀ ਲੱਗੀ ਹੋਈ ਹੈ ਅਤੇ ਜਿਸ ਨੇ ਕਦੇ ਵੀ ਏਸ ਨੂੰ ਤਣ-ਪੱਤਣ ਨਹੀਂ ਲੱਗਣ ਦੇਣਾ, ਹੀ ਕੁਈ ਇੱਕ-ਅੱਧ ਪੈਸੇ ਦਾ ਲਾਭ ਏਸ ਹਾਲਤ ਵਿੱਚੋਂ ਖੱਟ ਸਕਣ। ਬਾਕੀ ਤਾਂ ਸਭ ਫ਼ਤਹਿ ਹੀ ਫ਼ਤਹਿ ਹੈ।

ਸਹਿਜਧਾਰੀ ਸਿੱਖ ਪਾਰਟੀ ਵਾਲੇ ਪਰਮਜੀਤ ਸਿੰਘ ਰਾਣੂੰ ਭਲ਼ੇ ਆਦਮੀ ਹਨ ਅਤੇ ਆਪਣੀ ਜਾਚੇ ਸਹਿਜਧਾਰੀ ਹੱਕਾਂ ਲਈ ਲੜ ਰਹੇ ਹਨ। ਪਰ ਉਹਨਾਂ ਕਦੇ ਨਹੀਂ ਦੱਸਿਆ ਕਿ ਸਹਿਜਧਾਰੀਆਂ ਦੇ ਕਿਹੜੇ-ਕਿਹੜੇ ਮੁਫ਼ਾਦ ਹਨ ਜਿਹੜੇ ਕਿ ਅੰਮ੍ਰਿਤਧਾਰੀਆਂ ਦੇ ਵਿਰੁੱਧ ਹਨ? ਏਵੇਂ ਹੀ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸਹਿਜਧਾਰੀ ਮੱਤਦੇ ਕਿਹੜੇ ਅਸੂਲ ਹਨ ਜਿਨ੍ਹਾਂ ਦਾ ਘਾਣ ਅੰਮ੍ਰਿਤਧਾਰੀ ਸੱਤਾ ਹਾਸਲ ਕਰ ਕੇ ਕਰ ਸਕਦੇ ਹਨ। ਜੇਕਰ ਸਹਿਜਧਾਰੀ ਅੰਮ੍ਰਿਤਧਾਰੀ ਹੋਣ ਵੱਲ ਵਧ ਰਹੇ ਸਿੱਖਾਂ ਦਾ ਇੱਕ ਪੜਾਅ ਹੀ ਹੈ ਤਾਂ ਵਿਰੋਧ ਦੀ, ਹੱਕਾਂ ਲਈ ਲੜਨ ਲਈ ਅਦਾਲਤੀ ਕਾਰਵਾਈਆਂ ਕਰਨ ਦੀ ਲੋੜ ਕਿਉਂ ਪੈ ਰਹੀ ਹੈ? ਜ਼ਾਹਰ ਹੈ ਕਿ ਅਸਲ ਝਗੜੇ ਹੋਰ ਹਨ। ਮਸਲਨ ਕੁਝ ਲੋਕ ਸਹਿਜਧਾਰੀ ਰੂਪ ਧਾਰ ਕੇ, ਸਿੱਖ ਧਰਮ ਦੇ ਸੋਮੇ, ਗੁਰਦਵਾਰਿਆਂ ਉੱਤੇ ਕਬਜ਼ਾ ਕਰ ਕੇ ਇਹਨਾਂ ਨੂੰ ਦੂਸ਼ਿਤ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਅਜੇਹੇ ਲੋਕਾਂ ਦੀ ਚਾਲ ਨੂੰ ਸਹਿਜਧਾਰੀ ਸਿੱਖ ਪਾਰਟੀ ਨੂੰ ਸਮਝਣ ਦੀ ਲੋੜ ਹੈ।

ਐਨੀ ਮੇਰੀ ਬਾਤ ਅਤੇ ਉੱਤੋਂ ਪੈ ਗਈ ਰਾਤ।