Monday, March 27, 2017

ਨਿਰੋਲ ਸ਼ਾਕਤ ਮੱਤ ਦੀ ਕਿਤਾਬ ਹੈ ਬਚਿੱਤ੍ਰ ਨਾਟਕ ਗ੍ਰੰਥ

(21 ਮਾਰਚ 2017 ਨੂੰ ਫ਼ੇਸਬੁੱਕ 'ਤੇ ਛਾਯਾ ਕੀਤਾ ਗਿਆ)
ਬਚਿਤ੍ਰ ਨਾਟਕ ਗ੍ਰੰਥ ਵਿੱਚ ਸ਼ਰਾਬ, ਭੰਗ, ਅਫ਼ੀਮ ਦਾ ਗੁਣਗਾਨ; ਨਰ-ਨਾਰੀ ਸਬੰਧਾਂ ਦੀ ਨੰਗੀ ਬੋਲੀ ਵਿੱਚ ਖੁੱਲ੍ਹੀ ਚਰਚਾ; ਮਹਾਂਕਾਲ, ਮਹਾਂਕਾਲੀ, ਭਗਵਤੀ ਦੀ ਪੂਜਾ ਦਾ ਵਰਣਨ; ਸ਼ਿਵ ਸ਼ਕਤੀ ਦੀ ਪ੍ਰਤੀਕ ਸ਼ਸਤਰ ਪੂਜਾ ਸਿੱਧ ਕਰਦੇ ਹਨ ਕਿ ਇਹ ਗ੍ਰੰਥ ਸ਼ਾਕਤ ਮੱਤ ਦਾ ਗ੍ਰੰਥ ਹੈ। ਇਹ ਗ੍ਰੰਥ ਦਸ ਗੁਰੂ ਸਾਹਿਬਾਨ ਨੂੰ ਮਹਾਂਕਾਲ-ਮਹਾਂਕਾਲੀ ਦੀ ਪੂਜਾ ਕਰਨ ਵਾਲੇ ਪ੍ਰਗਟ ਕਰਦਾ ਹੈ। ਭਾਈ ਨੰਦ ਲਾਲ ਦੇ ਸਮਝੇ ਜਾਂਦੇ ਰਹਿਤਨਾਮੇ, ਜਿਸ ਦੀ ਸਬੰਧਤ ਸ਼ਬਦਾਵਲੀ ਇਸ ਗ੍ਰੰਥ ਦੇ ਚਰਿਤ੍ਰੋਪਖਿਆਨ ਸਰਗ ਤੋਂ ਲਈ ਗਈ ਹੈ, ਨੂੰ ਉਲਥਾਉਂਦੇ ਹੋਏ ਅਤਰ ਸਿੰਘ ਭਦੌੜ ਲਿਖਦੇ ਹਨ:
The goddess Bhagwati was first worshipped by (Guru) Nanak; then by Gurus Angad, Amardas, Ramdas and then she was propitious. Then followed Guru Arjan, Hargobind, Har rai, Harkrishan and Tegbahadur and they also rose to the highest honours. Guru Gobind Singh was also assisted by her.【Nand Lal's Rahitnama, translated by Attar Singh Rais Bhadaur (1876) p. 5 and Trumpp's Adi Granth p. C XIII, quoted by Shamsher Singh Ashok, pp. 38-39】

ਜੇ ਇਹ ਗ੍ਰੰਥ ਏਸ ਤਰ੍ਹਾਂ ਸਿੱਖ ਮੱਤ ਵਿੱਚ ਖਲਲ ਪਾਉਣ ਦੀ ਚੇਸ਼ਟਾ ਨਾ ਕਰਦਾ ਤਾਂ ਸਿੱਖਾਂ ਨੂੰ ਏਸ ਵਿਰੁੱਧ ਕੋਈ ਸ਼ਿਕਾਇਤ ਨਹੀਂ ਸੀ ਹੋਣੀ। ਇਸ ਕੁਚੇਸ਼ਟਾ ਦੀ ਵਜ੍ਹਾ ਨਾਲ ਸਿੱਖਾਂ ਨੂੰ ਤਾਂਤਰਿਕ/ਸ਼ਾਕਤ ਮੱਤ ਬਾਰੇ ਸੋਝੀ ਪ੍ਰਾਪਤ ਕਰਨੀ ਲਾਜ਼ਮੀ ਹੋ ਗਈ ਹੈ।

ਸ਼ਾਕਤ ਮੱਤ ਦਾ ਦਾਰੋਮਦਾਰ ਸ਼ਕਤੀ ਪੂਜਾ ਉੱਤੇ ਹੈ। ਏਸ ਕਰਮ ਰਾਹੀਂ ਤਾਂਤਰਿਕ ਅਜਿਹੀਆਂ ਰਿੱਧੀਆਂ-ਸਿੱਧੀਆਂ ਪ੍ਰਾਪਤ ਕਰਨ ਦਾ ਦਾਅਵਾ ਕਰਦੇ ਹਨ ਜੋ ਇਹਨਾਂ ਨੂੰ ਅਥਾਹ ਸਮਰੱਥਾ ਅਤੇ ਸ਼ਕਤੀ ਬਖ਼ਸ਼ਦੀਆਂ ਹਨ। ਸ਼ਾਕਤ ਮੱਤ ਵਿੱਚ ਓਹੀ ਪੌਰਾਣਕ ਦੇਵੀ-ਦੇਵਤੇ ਪੂਜੇ ਜਾਂਦੇ ਹਨ ਜੋ ਹਿੰਦੂ ਕਲਪਨਾ ਨੇ ਕਈ ਦਹਿਸਦੀਆਂ ਪਹਿਲਾਂ ਸਿਰਜੇ ਸਨ। ਸ਼ਾਕਤਾਂ ਨੇ ਇਹਨਾਂ ਨੂੰ ਆਪਣੇ ਮੱਤ ਅਨੁਸਾਰ ਢਾਲ ਲਿਆ ਹੈ ਅਤੇ ਇਹਨਾਂ ਦੀ ਪੂਜਾ-ਵਿਧੀ ਵੀ ਆਪਣੀ ਵਿਚਾਰਧਾਰਾ ਅਨੁਸਾਰ ਬਣਾ ਲਈ ਹੈ। ਇਉਂ ਤਾਂਤਰਿਕ ਮੱਤ ਹਿੰਦੂ ਮੂਲ ਦਾ ਹੁੰਦਿਆਂ ਹੋਇਆਂ ਵੀ ਬਹੁਤ ਵੱਖ ਹੈ।

ਦੇਵਤਿਆਂ ਦੀਆਂ ਨਾਰੀਆਂ ਨੂੰ ਸ਼ਕਤੀ ਸਰੂਪ ਜਾਣ ਕੇ ਪੂਜਣਾ ਅਤੇ ਆਮ ਨਾਰੀਆਂ ਨੂੰ ਪੂਜਾ ਸਮੱਗਰੀ, ਸਾਧਨ ਸਮਝ ਕੇ ਵਰਤਣਾ ਇਸ ਮੱਤ ਦੀ ਖ਼ਾਸੀਅਤ ਹੈ। ਕੁਆਰੀ ਕੰਨਿਆ ਨੂੰ ਦੇਵੀ ਜਾਣ ਕੇ ਪੂਜਣ ਦਾ ਕਰਮ ਪੌਰਾਣਾਂ ਤੋਂ ਹੀ ਸ਼ੁਰੂ ਹੁੰਦਾ ਹੈ। ਏਸ ਦੇ ਅਗਲੇ ਪੜਾਅ ਵਿੱਚ ਇਹ ਪੌਰਾਣਿਕ ਸਿਧਾਂਤ ਹੋਂਦ ਵਿੱਚ ਆਇਆ ਕਿ ਦੇਵਤਾ ਅਤੇ ਓਸ ਦੀ ਵਹੁਟੀ ਬਰਾਬਰ ਪੂਜਣਯੋਗ ਇਕਾਈ ਹਨ। ਦਸ ਪ੍ਰਮੁੱਖ ਦੇਵਤਿਆਂ, ਅਵਤਾਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਜਿਨ੍ਹਾਂ ਨੂੰ ਸਹਜ ਅਤੇ ਕਰਤਾ ਗੁਣਾਂ ਦੇ ਸੋਮੇ ਦੱਸਿਆ ਗਿਆ। ਏਸ ਸੰਦਰਭ ਵਿੱਚ ਦੇਵੀ-ਦੇਵਤਾ ਜੋੜੀ ਨੂੰ ਇਕਾਈ ਤਸੱਵਰ ਕਰ ਕੇ ਪੂਜਾ ਕਰਨ ਦਾ ਵਿਧਾਨ ਬਣ ਗਿਆ। ਆਪਣੇ ਮਨਭਾਉਂਦੇ ਇਸ਼ਟ-ਜੋੜੇ ਨੂੰ ਸਰਵ-ਉੱਤਮ ਪ੍ਰਵਾਨ ਕਰਨ ਦੀ ਪ੍ਰੰਪਰਾ ਏਸੇ ਵਿਧਾਨ ਦਾ ਹਿੱਸਾ ਹੈ।

ਸ਼ਾਕਤ ਮੱਤ ਜਾਦੂ-ਟੂਣੇ, ਮੰਤਰ ਸਾਰਥਕਤਾ ਉੱਤੇ ਆਧਾਰਤ ਮੱਤ ਹੈ। ਧਰਮ ਦਾ ਨਿਸ਼ਾਨਾ ਅਥਾਹ ਸ਼ਕਤੀ, ਸਮਰੱਥਾ ਹਾਸਲ ਕਰ ਕੇ, ਮੁਕਤੀ ਦੇ ਬਹਾਨੇ ਸਮਾਜ ਵਿੱਚ ਸਨਮਾਨ ਹਾਸਲ ਕਰਨ ਦੀ ਲਾਲਸਾ ਪ੍ਰਤੱਖ ਦਿੱਸ ਆਉਂਦਾ ਹੈ। ਦੇਵੀ-ਦੇਵਤਾ ਜੋੜੇ ਦੇ ਸਾਂਝੇ ਗੁਣਾਂ ਨੂੰ ਨਿਖੇੜ ਕੇ, ਕਰਤਾਰੀ (ਸਿਰਜਣਾਤਮਕ) ਗੁਣ ਨੂੰ ਨਾਰੀ ਗੁਣ ਗਰਦਾਨ ਕੇ ਸ਼ਕਤੀ ਦਾ ਸੋਮਾ ਪ੍ਰਵਾਨ ਕਰਨ ਨਾਲ ਸ਼ਾਕਤ ਮੱਤ ਦਾ ਉਦਯ ਹੁੰਦਾ ਹੈ। ਪੂਜਾ ਦੀ ਵਿਧੀ ਮਨਭਾਉਂਦੇ ਇਸ਼ਟ-ਜੋੜੇ ਦੀ ਮੁਕੰਮਲ ਸ਼ਕਤੀ ਨੂੰ ਨਾਰੀ ਰੂਪ ਜਾਣ ਕੇ ਓਸ ਨੂੰ ਪ੍ਰਸੰਨ ਕਰਨ ਉਦਾਲੇ ਘੁੰਮਦੀ ਨਜ਼ਰ ਆਉਂਦੀ ਹੈ। ਨਾਰੀ ਦੇ ਪ੍ਰਜਣਨ ਅੰਗਾਂ ਦਾ ਏਸ ਪੂਜਾ-ਵਿਧੀ ਵਿੱਚ ਕੇਂਦਰ ਬਣ ਜਾਣਾ ਸੁਭਾਵਕ ਦਿੱਸ ਆਉਂਦਾ ਹੈ। ਏਸ ਪ੍ਰਯੋਜਨ ਅਧੀਨ ਸ਼ਿਵ ਨੂੰ ਕਾਨਨ ਵਣ ਵਿੱਚ ਰਿਸ਼ੀਆਂ ਦੀਆਂ ਇਸਤਰੀਆਂ ਨਾਲ ਅਤੇ ਖ਼ੁਦ ਪਾਰਬਤੀ ਨਾਲ ਪਾਸ਼ਵੀ ਬਿਉਹਾਰ ਕਰਦਾ ਦੱਸਿਆ ਗਿਆ। ਇਹ ਕੁਕਰਮ ਮਨੁੱਖੀ ਸਮਾਜ ਵਿੱਚ ਅਸ਼ਲੀਲਤਾ, ਨਗਨਤਾ ਨੂੰ ਪੂਜਾ ਦਾ ਰੂਪ ਦੇਣ ਲਈ ਕੀਤਾ ਗਿਆ ਜਾਪਦਾ ਹੈ। ਆਖ਼ਰ ਨਰ-ਨਾਰੀ ਸਬੰਧਾਂ ਨੂੰ ਪੂਜਾ ਦਾ ਨਾਂਅ ਦਿੱਤਾ ਗਿਆ ਅਤੇ ਕਾਮ-ਉਕਸਾਊ, ਕਾਮ-ਕ੍ਰੀੜਾ ਵਿੱਚ ਸਹਾਇਕ ਸਮਝੇ ਜਾਂਦੇ ਖਾਣ-ਪਦਾਰਥਾਂ ਦੇ ਸੇਵਨ ਨੂੰ ਧਰਮ ਦਾ ਅੰਗ ਬਣਾਇਆ ਗਿਆ।

ਨਾਰੀ ਗੁਣਾਂ ਦੀ ਪੂਜਾ ਨਾਲ ਨਾਰੀ-ਸਰੀਰ ਜੁੜਨ ਕਾਰਣ ਨਿਰੂਪਣ ਕੀਤੀ ਪੂਜਾ-ਵਿਧੀ ਨੂੰ ਸ਼ਾਕਤਾਂ ਦੇ 'ਪੰਜ ਮਕਾਰ' ਸ਼ਬਦਾਂ ਵਿੱਚ ਸਮੇਟਿਆ ਜਾਂਦਾ ਹੈ। ਇਹ ਪੰਜ ਮਕਾਰ ਹਨ: ਮਦਿਰਾ ਆਦਿ ਨਸ਼ੀਲੇ ਪਦਾਰਥਾਂ ਦਾ ਸੇਵਨ, ਮਾਸ-ਮੱਛੀ ਖਾਣਾ, ਮੁਦਰਾ (ਚਿੜਵਾ) ਵਰਤਣਾ ਅਤੇ ਮੈਥੁਨ (ਸੰਭੋਗ) ਕਰਨਾ। ਇਹ ਕਰਮ ਕਰ ਕੇ ਤਾਂਤਰਿਕ (ਸ਼ਾਕਤ) ਸਮਝਦੇ ਹਨ ਕਿ ਉਹ ਰਿੱਧੀਆਂ-ਸਿੱਧੀਆਂ ਪ੍ਰਾਪਤ ਕਰ ਸਕਦੇ ਹਨ ਤੇ ਇਸ ਪ੍ਰਾਪਤੀ ਰਾਹੀਂ ਉਹ ਵਿਰੋਧੀਆਂ ਉੱਤੇ ਭਾਰੂ ਪੈ ਸਕਦੇ ਹਨ, ਪ੍ਰਮੁੱਖ ਆਦਮੀਆਂ ਦੀ ਗਿਣਤੀ ਵਿੱਚ ਆ ਜਾਂਦੇ ਹਨ ਅਤੇ ਆਪਣੇ ਲਈ ਮੁਕਤੀ ਦੇ ਦਰਵਾਜੇ ਖੋਲ੍ਹ ਸਕਦੇ ਹਨ।

ਗਹੁ ਨਾਲ ਪਰਖੀਏ ਤਾਂ ਚਰਿਤ੍ਰੋਪਖਿਆਨ, ਜੋ ਬਚਿੱਤ੍ਰ ਨਾਟਕ ਗ੍ਰੰਥ ਦਾ ਵੱਡਾ ਹਿੱਸਾ ਹੈ, ਸ਼ਾਕਤ-ਪੂਜਾ ਨਾਲ ਹੀ ਸਬੰਧਤ ਹੈ। ਚੰਡੀ ਦੇਵੀ ਨੂੰ ਏਸ ਗ੍ਰੰਥ ਦੇ ਚਾਰ ਭਾਗਾਂ ਵਿੱਚ ਵਡਿਆਇਆ ਜਾਣਾ ਵੀ ਸ਼ਾਕਤ-ਪੂਜਾ ਦਾ ਹਿੱਸਾ ਹੀ ਹੈ। ਬਚਿੱਤ੍ਰ ਨਾਟਕ ਗ੍ਰੰਥ ਕੇਵਲ ਮਹਾਂਕਾਲ-ਮਹਾਂਕਾਲੀ ਨੂੰ ਸ਼ਾਕਤ ਮਾਨਤਾਵਾਂ ਅਨੁਸਾਰ ਸ੍ਰਿਸ਼ਟੀ ਦੇ ਰਚਣ, ਸੰਘਾਰਨ ਲਈ ਜ਼ਿੰਮੇਵਾਰ ਦੱਸ ਕੇ ਸਾਰੇ ਦੇਵੀ-ਦੇਵਤਿਆਂ ਤੋਂ ਸ੍ਰੇਸ਼ਟ ਜਾਣਦਾ ਹੈ। ਮਹਾਂਕਾਲ ਦਾ ਉਪਾਸ਼ਕ ਮਹਾਂਕਾਲ ਦੇ ਸਾਹਮਣੇ ਬ੍ਰਹਮਾ, ਵਿਸ਼ਣੂ ਆਦਿ ਦੀ ਹਸਤੀ ਨੂੰ ਤੁੱਛ ਜਾਣਦਾ ਹੈ। ਏਸੇ ਸੰਦਰਭ ਵਿੱਚ ਪ੍ਰਾਰਥਨਾ ਹੈ, "ਮੈ ਨ ਗਣੇਸਹਿ ਪ੍ਰਿਥਮ ਮਨਾਊਂ, ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ........" ਅਰਥਾਤ 'ਹੇ ਮਹਾਂਕਾਲ ਮੈਂ ਤੇਰੀ ਕਿਰਪਾ ਸਦਕਾ ਤੇਰਾ ਹੀ ਜਾਪ ਕਰਦਾ ਹਾਂ'। ਏਸ ਕਾਰਣ ਹੀ ਸਪਤਸ੍ਰਿੰਗ (ਜੋ ਕਿ ਉਜੈਨ ਦੀਆਂ ਪਹਾੜੀਆਂ ਵਿੱਚ ਹੈ) ਉੱਤੇ ਬਚਿੱਤ੍ਰ ਨਾਟਕ ਗ੍ਰੰਥ ਦਾ ਪਾਤਰ 'ਮਹਾਂਕਾਲ ਕਾਲਕਾ' ਨੂੰ ਆਰਾਧ ਰਿਹਾ ਹੈ।

ਏਸ ਵਿਵਾਦਤ ਗ੍ਰੰਥ ਵਿੱਚ ਚੇਟਕ ਨਾਥ ਵਰਗੇ ਅਘੋਰੀ ਫ਼ਿਰਕੇ ਦੇ ਸਾਧੂ ਹਨ ਜਿਸ ਦੀ ਖੁਰਾਕ ਇੱਕ ਮਨੁੱਖੀ ਸਰੀਰ ਰੋਜ਼ ਦੀ ਦੱਸੀ ਜਾਂਦੀ ਹੈ। ਚਰਿਤ੍ਰੋਪਖਿਆਨ ਦੀਆਂ ਕਈ ਨਾਰਾਂ ਆਪਣੇ ਘਰ ਵਾਲੇ ਆਦਿ ਦਾ ਮਾਸ ਰਿੰਨ੍ਹ ਕੇ ਸਤਿਸੰਗੀਆਂ, ਮਿੱਤਰਾਂ ਨੂੰ ਖਵਾ ਦਿੰਦਿਆਂ ਹਨ। ਬੇਦੀਆਂ, ਸੋਢੀਆਂ ਦੀ ਉਤਪਤੀ ਅਤੇ ਏਸ ਨਾਲ ਸਬੰਧਤ ਮਿਥਿਹਾਸ ਕੇਵਲ ਬਚਿੱਤ੍ਰ ਨਾਟਕ ਗ੍ਰੰਥ ਦੀ ਨਿਵੇਕਲੀ ਉਪਜ ਹੈ ਜਿਸ ਦੀ ਕਿਸੇ ਵੀ ਸ਼ਾਸਤ੍ਰ, ਪੌਰਾਣ ਵਿੱਚੋਂ ਪੁਸ਼ਟੀ ਨਹੀਂ ਹੁੰਦੀ। ਇਹਨਾਂ ਫ਼ਰਜ਼ੀ ਘਰਾਣਿਆਂ ਦਾ ਗੁਰ-ਇਤਿਹਾਸ ਨਾਲ ਕੋਈ ਦੂਰ ਦਾ ਵੀ ਸਬੰਧ ਨਹੀਂ ਅਤੇ 'ਕੁੱਲ ਨਾਸ਼, ਧਰਮ ਨਾਸ਼, ਕਰਮ ਨਾਸ਼, ਭਰਮ ਨਾਸ਼' ਖ਼ਾਲਸੇ ਜਾਂ ਖ਼ਾਲਸੇ ਦੇ ਜਨਮਦਾਤੇ ਨਾਲ ਤਾਂ ਉੱਕਾ ਹੀ ਕੋਈ ਰਿਸ਼ਤਾ ਨਹੀਂ।

ਸਨਾਤਨ ਹਿੰਦੂ ਮੱਤ ਵਿੱਚ ਸ਼ਾਕਤ/ਤਾਂਤਰਿਕ ਮੱਤ ਅਤੇ ਏਸ ਦੇ ਅਘੋਰੀ ਆਦਿ ਫ਼ਿਰਕਿਆਂ ਦਾ ਸਨਮਾਨ ਨਜ਼ਰ ਨਹੀਂ ਆਉਂਦਾ। ਗੁਰੂ ਗ੍ਰੰਥ ਵਿੱਚ ਸਾਕਤਾਂ ਸਬੰਧੀ ਸੈਂਕੜੇ ਮਹਾਂਵਾਕਾਂ ਵਿੱਚ ਸਾਕਤਾਂ ਨੂੰ ਅਤਿ ਨਿੰਦਣਯੋਗ ਮੰਨਿਆ ਗਿਆ ਹੈ। ਕੇਂਦਰੀ ਭਾਵ "ਬਿਰਥੀ ਸਾਕਤ ਕੀ ਆਰਜਾ॥ ਸਾਚ ਬਿਨਾ ਕਹ ਹੋਵਤ ਸੂਚਾ॥" ਉਦਾਲੇ ਘੁੰਮਦਾ ਨਜ਼ਰ ਆਉਂਦਾ ਹੈ।

No comments:

Post a Comment