Wednesday, January 16, 2013

ਭਾਰਤੀ ਸੱਭਿਅਤਾ ਦੀ ਬਲਾਤਕਾਰੀ ਰੁਚੀ ਪ੍ਰਤੀ ਖ਼ਾਲਸਾਈ ਪਹੁੰਚ


ਦਿੱਲੀ ਵਿੱਚ ਇੱਕ ਬੇਸਹਾਰਾ ਲੜਕੀ ਦਾ ਜ਼ਾਲਮਾਨਾ ਬਲਾਤਕਾਰ, ਜੋ ਆਖ਼ਰ ਜਾਨਲੇਵਾ ਸਾਬਤ ਹੋਇਆ, ਨੇ ਏਸ ਵਿਆਪਕ ਮਹਾਂਮਾਰੀ ਵੱਲ ਮੀਡੀਆ ਦਾ ਅਤੇ ਲੋਕਾਂ ਦਾ ਧਿਆਨ ਖਿੱਚਿਆ ਹੈ |  ਇਹ ਅਹਿਸਾਸ ਹੁਣ ਆਮ ਹੋ ਗਿਆ ਹੈ ਕਿ ਹਿੰਦੀ ਸਭਿਆਤਾ ਜਿਸ ਦੀ ਪੁਰਾਤਨਤਾ ਉੱਤੇ ਹਰ ਹਿੰਦੀ ਨੂੰ ਨਾਜ਼ ਹੈ, ਦੀ ਜੜ ਵਿੱਚ ਇੱਕ ਸ਼ਰਮਨਾਕ ਪਹਿਲੂ ਵੀ ਆਪਣਾ ਕਾਲਾ ਮੂੰਹ ਲੁਕਾਈ ਬੈਠਾ ਹੈ |  ਉਸ ਦਾ ਸਾਰਾ ਦਾਰੋਮਦਾਰ ਕੇਵਲ ਗੁੰਮਨਾਮੀ ਦੇ ਪਰਦੇ ਅਤੇ ਬੇ-ਸ਼ਰਮੀ ਦੀ ਢਾਲ ਉੱਤੇ ਹੈ |  ਜਾਪਦਾ ਹੈ ਕਿ ਇਸ ਵਰਤਾਰੇ ਦੀ ਪੁਰਾਤਨਤਾ ਭਾਰਤੀ ਸੰਸਕ੍ਰਿਤੀ ਦੇ ਹਾਣ ਦੀ ਹੈ |  ਭਾਰਤ ਦੇ ਪੁਰਾਤਨ ਸਾਹਿਤ, ਜਿਸ ਨੂੰ ਲੱਖਾਂ ਸਾਲ ਪੁਰਾਨਾ ਦੱਸੀਦਾ ਹੈ, ਵਿੱਚ ਰਿਸ਼ੀਆਂ-ਮੁਨੀਆਂ ਅਤੇ ਅਵਤਾਰਾਂ ਆਦਿ ਦੇ ਅੱਤ ਦੇ ਕਾਮੁਕ ਕਾਰਨਾਮੇ ਦਰਜ ਹਨ |  ਚੰਦ੍ਰਮਾ ਦਾ ਅਹਿੱਲਿਆ ਨਾਲ ਕੁਕਰਮ, ਬ੍ਰਹਮਾ ਦੀ ਆਪਣੀ ਪੁੱਤਰੀ ਪ੍ਰਤੀ ਖਿੱਚ ਅਤੇ ਸ਼ਿਵ ਦਾ ਕਾਨਨ ਬਨ ਦਾ ਵਿਵਹਾਰ ਕੇਵਲ ਦੇਗ਼ ਦੇ ਦਾਣੇ ਹੀ ਹਨ ਅਤੇ ਸਮਾਜ ਵਿੱਚ ਇਸ ਨਖਿੱਧ ਵਰਤਾਰੇ ਦੇ ਹਰ ਪੱਧਰ ਉੱਤੇ ਪ੍ਰਚੱਲਤ ਹੋਣ ਵੱਲ ਇਸ਼ਾਰਾ ਕਰਦੇ ਹਨ |  ਜੇ ਅਜਿਹਾ ਨਾ ਹੁੰਦਾ ਤਾਂ ਅਜਿਹੀਆਂ ਅਸ਼ਲੀਲ ਕਹਾਣੀਆਂ ਘੜ ਕੇ ਦੇਵੀ-ਦੇਵਤਿਆਂ ਦੇ ਨਾਂਅ ਮੜ੍ਹਨਾ ਸਮਾਜ ਕਦੇ ਵੀ ਬਰਦਾਸ਼ਤ ਨਾ ਕਰਦਾ | 
            ਜੇ ਹੋਰ ਪੁਰਾਤਨ ਧਰਮਾਂ ਦੇ ਧਰਮ-ਗ੍ਰੰਥਾਂ ਵੱਲ ਨਜ਼ਰ ਮਾਰੀਏ ਤਾਂ ਬਲਾਤਕਾਰ ਦੀ ਪ੍ਰਵਿਰਤੀ ਦੀ ਭਰਮਾਰ ਪਾਈ ਜਾਂਦੀ ਹੈ |  ਯਹੂਦੀ ਮੱਤ ਅਤੇ ਇਸਾਈ ਮੱਤ ਦੇ ਧਰਮ-ਗ੍ਰੰਥਾਂ ਵਿੱਚ ਤਾਂ ਕਈ ਵਾਰ ਪ੍ਰਮਾਤਮਾ ਨੂੰ ਬਲਾਤਕਾਰੀਆਂ ਨੂੰ ਹੱਲਾ ਸ਼ੇਰੀ ਦਿੰਦਾ ਅਤੇ ਆਪਣੀ ਉੱਮਤ ਨੂੰ ਅਜਿਹੇ ਕੁਕਰਮ ਲਈ ਸਪਸ਼ਟ ਹੁਕਮ ਦਿੰਦਾ ਵਖਾਇਆ ਗਿਆ ਹੈ |  ਇਹ ਧਰਮ-ਗ੍ਰੰਥ ਉਹਨਾਂ ਸਮਿਆਂ ਵਿੱਚ ਲਿਖੇ ਗਏ ਸਨ ਜਦੋਂ ਕਿ ਆਪਣੇ ਕਬੀਲੇ, ਆਪਣੀ ਉੱਮਤ ਦਾ ਹਰ ਹੀਲੇ ਵਾਧਾ ਕਰਨਾ ਆਪਣੀ ਹੋਂਦ ਨੂੰ ਯਕੀਨੀ ਬਣਾਉਣਾ ਸੀ |  ਅਜਿਹਾ ਨਾ ਕਰਨਾ ਆਪਣੀ, ਕਬੀਲੇ ਦੀ, ਆਪਣੇ ਇਸ਼ਟ ਦੀ ਹੋਂਦ ਨੂੰ ਖ਼ਤਰੇ ਵਿੱਚ ਪਾਉਣਾ ਸੀ |  ਅਜਿਹੇ ਬਹਾਨੇ ਘੜ ਕੇ ਬਲਾਤਕਾਰ ਦੇ ਘਿਨਾਉਣੇ ਕਰਮ ਨੂੰ ਅਹਿਮ ਮਨੁੱਖੀ ਲੋੜ ਪ੍ਰਗਟ ਕਰਨਾ ਸੀ | 
            ਬਲਾਤਕਾਰ ਦੀ ਮਾਨਸਿਕਤਾ ਪਿੱਛੇ ਮੁੱਢਲਾ ਪ੍ਰਬਲ ਅਹਿਸਾਸ ਬੇਗ਼ਾਨਗੀ ਦੀ ਭਾਵਨਾ ਸੀ |  ਕੁਝ ਲੋਕ ਆਪਣੇ ਸਨ; ਬਾਕੀ ਪਰਾਏ |  ਪਰਾਇਆਂ ਨੂੰ ਪ੍ਰਾਜਤ ਕਰਨਾ, ਉਹਨਾਂ ਦੀ ਗਿਣਤੀ ਘਟਾਉਣਾ, ਉਹਨਾਂ ਨੂੰ ਆਰਥਿਕ ਤੌਰ ਉੱਤੇ ਤਬਾਹ ਕਰ ਕੇ ਸਦਾ ਲਈ ਗ਼ੁਲਾਮ ਬਣਾ ਲੈਣਾ, ਉਹਨਾਂ ਦੀਆਂ ਔਰਤਾਂ ਨੂੰ ਆਪਣੇ ਘਰੀਂ ਪਾ ਕੇ ਸਦਾ ਲਈ ਉਹਨਾਂ ਦਾ ਮੂਲ ਵਾਧੇ ਦਾ ਸੋਮਾ ਖ਼ਤਮ ਕਰ ਦੇਣਾ ਅਤੇ ਉਹਨਾਂ ਨੂੰ ਅਣਖ-ਰਹਿਤ ਹੀਣ ਭਾਵਨਾ ਦੀ ਡੂੰਘੀ ਖਾਈ ਵਿੱਚ ਸੁੱਟ ਦੇਣਾ ਹੀ ਪਰਮੋਧਰਮ ਸੀ |  ਯੂਰਪ ਵਿੱਚ ਇਹ ਵਿਚਾਰ ਘਟੋ-ਘੱਟ 1945 ਤੱਕ ਪੂਰਾ ਜੋਬਨ ਹੰਢਾਉਂਦਾ ਰਿਹਾ |  ਜਰਮਨੀ ਉੱਤੇ ਕਬਜ਼ਾ ਕਰਨ ਵੇਲੇ ਕੇਵਲ ਬਰਲਨ ਵਿੱਚ ਸੋਵੀਅਤ ਫ਼ੌਜਾਂ ਨੇ ਦੱਸ ਲੱਖ ਬਲਾਤਕਾਰ ਕੀਤੇ ਜਿਨ੍ਹਾਂ ਵਿੱਚੋਂ ਘਟੋ-ਘੱਟ ਇੱਕ ਲੱਖ ਅਭਾਗੀਆਂ ਔਰਤਾਂ ਨੇ ਖੁਦਕੁਸ਼ੀ ਕਰ ਕੇ ਆਪਣੇ ਗ੍ਰਹਿਣੇ ਇਸਤ੍ਰੀ ਜਾਮੇ ਤੋਂ ਮੁਕਤੀ ਪ੍ਰਾਪਤ ਕੀਤੀ |  ਅਜੋਕੇ ਸਮਿਆਂ ਵਿੱਚ ਕੁਝ ਤਬਦੀਲੀ ਆਈ ਹੈ ਪਰ ਇਰਾਕ ਹਮਲੇ ਦੌਰਾਨ ਅਮਰੀਕੀ ਅਤੇ ਯੂਰਪੀ ਫ਼ੌਜਾਂ ਦੀ ਦਰਿੰਦਗੀ ਦੀਆਂ ਕਈ ਮਿਸਾਲਾਂ ਸਾਹਮਣੇ ਆਈਆਂ ਸਨ | 
            ਜਨਵਰੀ 2013 ਵਿੱਚ ਸਾਉਦੀ ਅਰਬ ਦੇ ਇੱਕ ਮੌਲਾਣੇ ਦੇ ਨਾਂਅ ਉੱਤੇ ਫ਼ਤਵਾ ਨਸ਼ਰ ਹੋਇਆ ਕਿ ਸੀਰੀਆ ਦੀਆਂ ਔਰਤਾਂ ਨਾਲ ਅਜਿਹਾ ਵਤੀਰਾ ਅਖ਼ਤਿਆਰ ਕਰਨਾ ਜਾਇਜ਼ ਹੈ |  ਏਸ ਖ਼ਬਰ ਨੇ ਧਰਮ ਨੂੰ ਮੰਨਣ ਵਾਲ ਸਾਰੇ ਲੋਕਾਂ ਨੂੰ ਸੁੰਨ ਕਰ ਦਿੱਤਾ |  ਭਲਾ ਹੋਇਆ ਕਿ ਤੀਜੇ ਕੁ ਦਿਨ ਇਹ ਆਖ ਦਿੱਤਾ ਗਿਆ ਕਿ ਇਹ ਫ਼ਤਵਾ ਜਾਅਲੀ ਸੀ | 
ਕਈ ਹੋਰ ਸੱਭਿਆਤਾਵਾਂ ਨੇ ਵੀ ਵੱਖ-ਵੱਖ ਸਮਿਆਂ ਉੱਤੇ ਬਲਾਤਕਾਰ ਸਬੰਧੀ ਭਾਰਤੀ ਸੱਭਿਅਤਾ ਵਾਲੀ ਹੀ ਨੀਤੀ ਅਖ਼ਤਿਆਰ ਕੀਤੀ  |  ਸਪਸ਼ਟ ਹੈ ਕਿ ਇਹ ਮਸਲਾ ਧਰਮ ਜਾਂ ਸੰਸਕ੍ਰਿਤੀ ਨਾਲ ਸਬੰਧਤ ਨਹੀਂ ਬਲਕਿ ਇਸ ਦੀ ਉਪਜ ਮਨੁੱਖ ਦੀ ਸੱਤਾ ਦੀ ਉਹ ਅਸੀਮ ਲਾਲਸਾ ਹੈ ਜੋ ਆਪਣੀ ਹੋਂਦ ਦਾ ਸਬੂਤ ਲੱਭਣ ਲਈ ਦੂਜਿਆਂ ਨੂੰ ਗ਼ੁਲਾਮ ਬਣਾ ਕੇ ਰੱਖਣਾ ਚਾਹੁੰਦੀ ਹੈ |  ਆਪਣੀ ਉੱਤਮਤਾਈ ਦਾ ਏਹੋ ਸਬੂਤ ਕਈ ਸੱਭਿਆਤਾਵਾਂ ਨੂੰ ਕਾਫ਼ੀ ਜਾਪਦਾ ਹੈ |  ਗੁਰੂ ਗ੍ਰੰਥ ਦਾ ਹਲੇਮੀ ਰਾਜ ਦਾ ਸੰਕਲਪ ਇਸ ਵਿਚਾਰਧਾਰਾ ਦੇ ਵੱਡੇ ਪੁਜਾਰੀ ਨੀਟਸ਼ੇ ਦੇ ਐਨ ਵਿਰੋਧ ਵਿੱਚ ਆ ਖੜ੍ਹਾ ਹੁੰਦਾ ਹੈ |  ਗੁਰੂ ਗ੍ਰੰਥ ਅਨੁਸਾਰ ਤੱਦੀ ਨਹੀਂ, ਦਿਲ਼ੀ ਪਿਆਰ ਹੀ ਉੱਤਮਤਾਈ ਦਾ ਸਬੂਤ ਹੈ |  ਝਗੜੇ ਦੇ ਮੂਲ ਕਾਮ ਨੂੰ ਪਰਾਜਿਤ ਕਰਕੇ ਹੀ ਆਤਮਕ ਉੱਨਤੀ ਸੰਭਵ ਹੈ |  ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰੁ ਪਾਈਐ |  |  (ਫੁਨਹੇ ਮ: 5) ਪੰਜਵੇਂ ਪਾਤਸ਼ਾਹ ਫੁਰਮਾਉਂਦੇ ਹਨ ‘ਇਕ ਪਲ ਦੇ ਪ੍ਰੇਮ ਲਈ’ ਮੈਂ ‘‘ਵਾਰ-ਵਾਰ ਦਿਉਂ ਸਰਬ’ |  ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ |  |  ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ |  |  ਚਉਬੋਲੇ ਮ: 5 |  |  ਇਹੋ ਤਰੀਕਾ ਪ੍ਰਮਾਤਮਾ ਨੂੰ ਰਿਝਾਉਣ ਦਾ ਹੈ, ‘‘ਗੋਬਿੰਦ ਭਾਉ ਭਗਤ ਕਾ ਭੂਖਾ | ’’ 
 ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ |  | 
                        
                       ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ |  |  ਚਉਬੋਲੇ ਮ: 5 |  | 

            ਸਿੱਖ ਸੱਭਿਅਤਾ ਦੀ ਇਸ ਕੁਕਰਮ ਪ੍ਰਤੀ ਪਹੁੰਚ ਬਿਲਕੁਲ ਵਿਲੱਖਣ ਹੈ |  ਜਗਤ-ਜਨਨੀ ਦੀ ਪਤ ਢੱਕਣ ਦਾ ਪਹਿਲਾ ਯਤਨ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖਤਾ ਉੱਤੇ ਅਸੀਮ ਰਹਿਮਤ ਕਰਦਿਆਂ ਬਾਬਰਬਾਣੀ ਰਾਹੀਂ ਕੀਤਾ |  ਬਾਬਰ ਦੀਆਂ ਫ਼ੌਜਾਂ ਵੱਲੋਂ ਕੀਤੀ ਔਰਤਾਂ ਦੀ ਦੁਰਗਤ ਨੂੰ ਵੇਖ ਕੇ ਸਾਹਿਬਾਂ ਦਾ ਕੋਮਲ ਦਿਲ ਛਾਨਣੀ-ਛਾਨਣੀ ਹੋ ਗਿਆ |  ਪਾਲਕੀਆਂ ਤੋਂ ਪੈਰ ਥੱਲੇ ਨਾ ਲਾਹੁਣ ਵਾਲੀਆਂ, ਗਰੀ-ਛੁਹਾਰੇ ਖਾਣ ਵਾਲੀਆਂ, ਮੋਤੀਆਂ ਦੀ ਮਾਲਾ ਪਹਿਨਣ ਵਾਲੀਆਂ, ਵੱਡੇ ਸੂਰਬੀਰਾਂ ਨਾਲ ਵਿਆਹੀਆਂ ਹੋਈਆਂ ਦਾ ਵੀ ਬੁਰਾ ਹਾਲ ਹੁੰਦਾ ਹਜ਼ੂਰ ਨੇ ਵੇਖਿਆ |  ਬਾਕੀ ਜਨਤਾ, ਜਿਸ ਉਦਾਲੇ ਕੋਈ ਸੁਰੱਖਿਆ ਘੇਰਾ ਨਾ ਸੀ, ਦਾ ਤਾਂ ਬਣਨਾ ਹੀ ਕੀ ਸੀ |  ਸਾਹਿਬਾਂ ਦੀ ਸੱਚੇ ਦੇ ਦਰ ਉੱਤੇ ਓਸ ਵੇਲੇ ਕੀਤੀ ‘ਤੈਂ ਕੀ ਦਰਦ ਨ ਆਇਆ’ ਦੀ ਪੁਕਾਰ ਨੇ ਮਾਨਵਤਾ ਦੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ |  ‘ਮਤ ਪੱਤ ਦਾ ਰਾਖਾ ਆਪ ਵਾਹਿਗੁਰੂ’ ਖਾਲਸੇ ਦੀ ਖੜਗ ਲੈ ਕੇ ਸੰਸਾਰ ਦੇ ਇਤਿਹਾਸ ਵਿੱਚ ਉੱਤਰਿਆ; ਗੁਰੂ ਪ੍ਰਮੇਸਰ ਸਦਾ ਲਈ ‘ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ’ ਦਾ ਜਾਮਾ ਧਾਰ ਪ੍ਰਗਟ ਹੋਇਆ |  ਓਸ ਪੈਗੰਬਰ ਨੇ ਮਾਂ ਦੇ ਦੁੱਧ ਦਾ ਬਦਲਾ ਚੁਕਾਇਆ ਜੋ ਜਨਮ ਸਾਖੀ ਅਨੁਸਾਰ, ‘ਪੁਤਰ ਮੈਂ ਉਹਨਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਰਾਹਾਂ ਤੋਂ ਚਲ ਕੇ ਤੂੰ ਆਇਆ ਹੈ----’ ਆਖਦੀ ਮਾਤਾ ਤ੍ਰਿਪਤਾ ਦੇ ਚਰਨਾ ਉੱਤੇ ਸਿਰ ਰੱਖ ਕੇ ‘ਬਹੁਤ ਰੋਇਆ, ਬਹੁਤ ਰੋਇਆ, ਬਹੁਤ ਰੋਇਆ’ ਸੀ |  ਇਉਂ ਸੰਸਾਰ ਦੇ ਭਾਗ ਜਾਗੇ; ਇਉਂ ਜਮਾਨੇ ਨੇ ਕਰਵਟ ਲਈ; ਇਉਂ ਸੁੱਤੀਆਂ ਸਦੀਆਂ ਦੇ ਮੂੰਹਾਂ ਦੀ ਕਾਲਖ ਨੂੰ ਪੰਜਾਬ ਦੇ ਪਾਣੀ ਨੇ ਧੋਇਆ |  ਇਉਂ ਅਸੀਂ ਨਾਨਕ ਨੂੰ ਗੁਰੂ ਮੰਨਣ ਵਾਲੇ, ਕਬਰਾਂ ਵਿੱਚੋਂ ਨਿਕਲ ਕੇ, ਜਿਉਂਦਿਆਂ, ਸੰਵੇਦਨਸ਼ੀਲ, ਮਨੁੱਖਤਾ ਨੂੰ ਪ੍ਰਣਾਏ ਬੰਦਿਆਂ ਵਿੱਚ ਸ਼ਾਮਲ ਹੋਏ | 
            ਇਸ ਕ੍ਰਿਸ਼ਮੇ ਦੀ ਉਪਜ ਉਹਨਾਂ ਨਿੱਗਰ ਸਿਧਾਂਤਾਂ ਵਿੱਚੋਂ ਹੋਈ ਸੀ ਜੋ ਕਿ ਗੁਰੂ ਨਾਨਕ ਦੇ ਪ੍ਰਚਾਰ ਦਾ ਧੁਰਾ ਸਨ, ਸਿੱਖੀ ਦਾ ਦਾਰੋਮਦਾਰ ਹਨ |  ਅਕਾਲ ਪੁਰਖ ਨੇ ਆਪਣੇ-ਆਪ ਨੂੰ ਪ੍ਰਗਟ ਕਰਨ ਲਈ ਬ੍ਰਹਮੰਡ ਦੀ ਰਚਨਾ ਕੀਤੀ ਅਤੇ ਕਣ-ਕਣ ਦੇ ਵਿੱਚ ਸਮਾ ਕੇ ਆਕਾਰ ਬਣਾਏ |  ਇਸ ਅਨੁਸਾਰ ‘ਸਭਨਾ ਦਾ ਮਾਂ ਪਿਓ ਏਕ’ ਹੋ ਗਿਆ ਅਤੇ ‘ਨਾ ਕੋ ਬੈਰੀ ਰਹਿਆ ਨਾ ਬੇਗਾਨਾ’; ਸਭ ਭਰਾ ਹੋ ਗਏ |  ਹੁਣ ਕਿਸੇ ਨੇ ਕਿਸੇ ਉੱਤੇ ਕੀ ਜਿੱਤ ਹਾਸਲ ਕਰਨੀ ਸੀ, ਕਿਸੇ ਨੇ ਕਿਸੇ ਨੂੰ ਗੁਲਾਮ ਬਣਾਉਣ ਵਾਸਤੇ ਕੀ ਯਤਨ ਕਰਨਾ ਸੀ, ਹੁਣ ਤਾਂ ਯੁੱਧ ਕੇਵਲ ਬਦੀ ਵਿਰੁੱਧ ਰਹਿ ਗਿਆ ਸੀ ਜਿਹੜਾ ਕਿ ਪਰਮ ਪਾਕੀਜ਼ਗੀ ਦੀ ਸੰਜੋਅ ਪਾ ਕੇ ਹੀ, ਨੇਕੀ ਦੀ ਕ੍ਰਿਪਾਨ ਲੈ ਕੇ ਹੀ ਲੜਿਆ ਜਾਣਾ ਸੀ |  ਗੁਰੂ ਦੀ ਅਸੀਮ ਰਹਿਮਤ ਦਾ ਬੱਦਲ ਬਰਸਿਆ, ਯੋਧਿਆਂ ਦੇ ਕਿਰਦਾਰ ਬਦਲ ਗਏ, ਯੁੱਧਾਂ ਦੇ ਮਿਆਰ ਬਦਲ ਗਏ, ਮਾਨਵਤਾ ਦੇ ਆਧਾਰ ਬਦਲ ਗਏ |  ਜ਼ਮਾਨੇ ਦੀ ਰੌਂਅ, ਆਉਣ ਵਾਲੇ ਸਮਿਆਂ ਦਾ ਸਿੰਘਨਾਦ ਬਣ ਗਿਆ ਕਿਸੇ ਫ਼ਕੀਰ ਦਾ ਬਚਨ, ‘ਵੇਖ ਪਰਾਈਆਂ ਚੰਗੀਆਂ ਮਾਵਾਂ, ਧੀਆਂ, ਭੈਣਾਂ ਜਾਣੇ | ’
            ਸਰਹੰਦ ਦੀ ਫ਼ਤਹਿ ਤੋਂ ਬਾਅਦ ਓਥੇ ਰਾਜ ਕਰਦੇ ਕਬੀਲੇ ਦੀਆਂ ਬੇਗ਼ਮਾ ਨੂੰ ਪੁੱਛਿਆ ਗਿਆ ਕਿ ਉਹ ਕਿੱਥੇ ਜਾਣਾ ਚਾਹੁੰਦੀਆਂ ਹਨ |  ਖ਼ਾਲਸੇ ਦੀ ਸੁਰੱਖਿਆ-ਛਤਰੀ ਅਧੀਨ ਉਹਨਾਂ ਨੂੰ ਕਸ਼ਮੀਰ ਵਿੱਚ ਰਾਜ ਕਰਦੇ ਉਹਨਾਂ ਦੇ ਰਿਸ਼ਤੇਦਾਰਾਂ ਕੋਲ ਭੇਜ ਦਿੱਤਾ ਗਿਆ |  ਅਹਿਮਦ ਸ਼ਾਹ ਅਬਦਾਲੀ ਕੋਲੋਂ ਖੋਹੀਆਂ ਮਰਾਠਾ ਔਰਤਾਂ ਨੂੰ ਗੁਰੂ ਦੇ ਬਚਨ ਪਾਲਣ ਲਈ ਮਹਾਂਰਾਸ਼ਟਰ ਵਿੱਚ ਘਰ-ਘਰ ਪੁਚਾਇਆ ਗਿਆ |  ਇਹ ਏਨਾਂ ਵੱਡਾ ਕਾਰਨਾਮਾ ਸੀ ਕਿ ਨਾ ਪਹਿਲਾਂ ਨਾ ਪਿੱਛੋਂ, ਸੰਸਾਰ ਦੇ ਤਖ਼ਤੇ ਉੱਤੇ ਕਦੇ ਵੀ ਨਾ ਵਾਪਰਿਆ |  ਮਹਾਂਰਾਸ਼ਟਰ ਦੇ ਘਰਾਂ ਦੇ ਸਾਹਮਣੇ ਖੜ੍ਹੇ ਆਪਣੀਆਂ ਨਵੀਆਂ ਬਣਾਈਆਂ ਭੈਣਾਂ-ਧੀਆਂ ਨੂੰ ਵਿਦਾ ਕਰਨ ਲਈ ਖੀਸੇ ਫਰੋਲਦੇ ਸਿੰਘ ਮਾਨਵਤਾ ਦੀ ਸਾਕਾਰ ਮੂਰਤ ਹੋ ਨਿੱਬੜੇ | 
            ਇਸ ਪਾਵੇ ਨੂੰ ਪਹੁੰਚਾਣ ਲਈ ਗੁਰੂ-ਸਰੂਪਾਂ ਨੇ, ਗੁਰੂ ਸਰੂਪ ਖ਼ਾਲਸਾ ਪੰਥ ਨੇ ਅਨੇਕਾਂ ਘਾਲਣਾਵਾਂ ਘਾਲੀਆਂ, ਅਨੇਕਾਂ ਦ੍ਰਿਸ਼ਟਾਂਤਾਂ ਰਾਹੀਂ, ਪ੍ਰਵਚਨਾਂ ਰਾਹੀਂ, ਕਰਨੀਆਂ ਰਾਹੀਂ ਇਸ ਸੱਚ ਨੂੰ ਦ੍ਰਿਢ ਕਰਵਾਇਆ ਗਿਆ ਕਿ ਜਗਤ-ਜਨਨੀ ਦਾ ਅਪਮਾਨ ਹਰ ਹਾਲਤ ਵਿੱਚ ਅਸਹਿ ਹੈ |  ਜਦੋਂ ਬਜਰੂੜ ਦੇ ਰੰਘੜਾਂ ਨੇ ਆਨੰਦਪੁਰ ਸਾਹਿਬ ਨੂੰ ਆ ਰਹੀ ਸੰਗਤ ਨੂੰ ਲੁੱਟਿਆ ਅਤੇ ਬੀਬੀਆਂ ਦੀ ਬੇਪਤੀ ਕੀਤੀ ਤਾਂ ਗੁਰੂ-ਨਿਆਂ ਤੁਰੰਤ ਹਰਕਤ ਵਿੱਚ ਆਇਆ |  ਓਸੇ ਰਾਤ ਕਲਗੀਧਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਵਿੱਚ ਤੀਹ ਜਾਂਬਾਜ਼ਾਂ ਦਾ ਜਥਾ ਬਣਾਇਆ |  ਅਗਲੀ ਸਵੇਰ ਪਹੁ ਫੁੱਟਣ ਤੋਂ ਪਹਿਲਾਂ ਇਹ ਜਥਾ ਬਜਰੂੜ ਦੀ ਜੂਹ ਵਿੱਚ ਸੀ |  ਰੰਘੜਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਅਤੇ ਸੂਰਜ ਢਲਣ ਤੱਕ ਬਜਰੂੜ ਸਦੀਆਂ ਲਈ ਥੇਹ ਬਣ ਚੁੱਕਾ ਸੀ | 
            ਆਸਾ ਰਾਮ ਅਤੇ ਸੰਘ ਪਰਿਵਾਰ ਵਾਲੇ ਸੁਆਲਾਂ, ਘੁਣਤਰਾਂ ਦੇ ਘੇਰੇ ਵਿੱਚ ਵੱਸਦੇ ਲੋਕ ਉਸ ਵੇਲੇ ਅੱਜ ਨਾਲੋਂ ਵੀ ਵੱਧ ਸਨ |  ਕਈ ਸ਼ੰਕਾਂਵਾ ਗੁਰੂ ਸਾਹਿਬਾਨ ਨੇ ਨਿਵਿਰਤ ਕੀਤੀਆਂ |  ਬਾਣੀ ਵਿੱਚ ਬਾਰ-ਬਾਰ ਜ਼ਿਕਰ ਆਉਂਦਾ ਹੈ, ‘‘ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ | ’ ਗੁਰੂ ਨਾਨਕ ਦੇ ਸਮੇਂ ਤੋਂ ਹੀ ਨਾਰੀ-ਸਤਿਕਾਰ ਸਿੱਖ-ਰਹਿਤ ਦਾ ਹਿੱਸਾ ਬਣ ਗਿਆ |  ਦਸਵੇਂ ਜਾਮੇ ਵਿੱਚ ਜਦੋਂ ਨਾਨਕ ਨੇ ਖ਼ਾਲਸਾ ਪੰਥ ਸਾਜਿਆ ਤਾਂ ਔਰਤ-ਅਪਮਾਨ ਨੂੰ ਬੱਜਰ ਕੁਰਹਿਤ ਦੱਸਿਆ ਗਿਆ ਜੋ ਇਕੱਲਾ ਹੀ ਸਾਬਤ ਸੂਰਤ, ਸਾਬਤ ਸੀਰਤ ਸਿੱਖ ਨੂੰ ਗੁਰੂ ਤੋਂ ਬੇ-ਮੁਖ ਕਰਨ ਲਈ ਕਾਫ਼ੀ ਹੈ |  ਇਸ ਪੱਖੋਂ ਆਖ਼ਰੀ ਸ਼ੰਕੇ ਨੂੰ ਸਾਹਿਬਾਂ ਨੇ ਖ਼ਾਲਸਾ ਦੇ ਦਰਬਾਰ ਵਿੱਚ ਅਤੇ ਖ਼ਾਲਸੇ ਦੀ ਮਾਨਸਿਕਤਾ ਵਿੱਚ ਸਦਾ ਲਈ ਦਫ਼ਨ ਕੀਤਾ |  ਭਾਈ ਸੰਤੋਖ ਸਿੰਘ ਲਿਖਦੇ ਹਨ:
                      
                       ਸਬ ਸਿਖਨ ਮਿਲ ਪੁਛਣ ਗੁਣਖਾਨੀ
                        ਸਗਲ ਤੁਰਕ ਭੁਗਵੈਂ ਹਿੰਦਵਾਨੀ,
                        ਸਿੱਖ ਬਦਲਾ ਲੈ ਭਲਾ ਜਨਾਵੈਂ
                        ਗੁਰ-ਸ਼ਾਸ਼ਤ੍ਰ ਕਿਉਂ ਵਰਜ ਹਟਾਵੈਂ?
           
ਆਪਣੇ ਅਕਾਲ ਰੂਪ ਵਿੱਚ ਟਿਕਾਣਾ ਕਰਕੇ ਮਾਨਵਤਾ ਦੀ ਅਗਵਾਈ ਕਰਦਿਆਂ ਹਜ਼ੂਰ ਨੇ ਫੁਰਮਾਇਆ:
                        
                        ਹਮ ਲੇ ਜਾਣੋਂ ਪੰਥ ਉਚੇਰੇ
                        ਅਧੋਗਤੀ ਕੋ ਨਹੀਂ ਪਹੁੰਚਾਵਹਿਂ | 

            ਔਰਤ ਦਾ ਅਪਮਾਨ ਅਧਿਆਤਮਕ ਅਧੋਗਤੀ ਨੂੰ ਪਹੁੰਚੇ ਪਿਸ਼ਾਚਾਂ ਦਾ ਕਰਮ ਹੈ |  ਖ਼ਾਲਸੇ ਨੇ ਮਨੁੱਖੀ ਆਤਮਕ ਗੌਰਵ ਦੀਆਂ ਅਨੇਕਾਂ ਟੀਸੀਆਂ ਸਰ ਕਰਨੀਆਂ ਹਨ |  ਅਜਿਹੇ ਨੀਚ ਕਰਮਾਂ ਵਿੱਚ ਰੁਚੀ ਮਨੁੱਖ ਨੂੰ ਹੈਵਾਨਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੰਦੀ ਹੈ |  ਗੁਰੂ ਨੂੰ ਇਹ ਸਿੱਖੀ ਦਾ ਨਿਰੋਧ ਦਿੱਸ ਆਇਆ| 
            ਇਸ ਵਾਰਤਾਲਾਪ ਤੋਂ ਬਾਅਦ ਨਾ ਕਦੇ ਖ਼ਾਲਸੇ ਨੇ ਮੁੜ ਕੇ ਵੇਖਿਆ ਨਾ ਗੁਰੂ ਨੂੰ ਦੁਬਾਰਾ ਕੁਝ ਆਖਣ ਦੀ ਲੋੜ ਰਹੀ |  ਬਾਕੀ ਸਦੀਆਂ ਦਾ ਇਤਿਹਾਸ ਸਾਹਿਬਾਂ ਦੇ ਬਚਨਾਂ ਉੱਤੇ ਅਮਲ ਦੀ ਕਹਾਣੀ ਕਹਿੰਦਾ ਹੈ |  ਇੱਕ  ਅਬਲਾ ਦੀ ਪੱਤ ਬਚਾਉਣ ਲਈ ਪੰਜ ਮਿਸਲਾਂ ਤਖ਼ਤ ਉੱਤੋਂ ਹੁਕਮ ਲੈ ਕੇ ਕਸੂਰ ਦੀਆਂ ਉਹਨਾਂ ਬਾਈ ਗੜ੍ਹੀਆਂ ਉੱਤੇ ਹਮਲਾ ਕਰ ਰਹੀਆਂ ਹਨ ਜਿਨ੍ਹਾਂ ਕੋਲੋਂ ਅਹਿਮਦਸ਼ਾਹ ਅਬਦਾਲੀ ਵੀ ਨਜ਼ਰ ਬਚਾ ਕੇ ਨਿਕਲ ਜਾਂਦਾ ਹੁੰਦਾ ਸੀ |  ਰਾਜਧਾਨੀ ਦਿੱਲੀ ਦੀ ਜੜ੍ਹ ਵਿੱਚ ਵੱਸਦੀ ਲੁਹਾਰੀ ਦੇ ਹਾਕਮ ਨੂੰ ਕੁਕਰਮ ਦੀ ਸਜ਼ਾ ਦੇਣ ਲਈ ਤਿੰਨ ਮਿਸਲਾਂ ਚੜ੍ਹਦੀਆਂ ਹਨ |  ਚਾਰ ਦਰਿਆ ਪਾਰ ਕਰੇ ਲੁਹਾਰੀ ਪਹੁੰਚਦੀਆਂ ਹਨ |  ਜ਼ਾਲਮ ਨੂੰ ਮੰਜੇ ਨਾਲ ਬੰਨ੍ਹ ਕੇ ਜਿਉਂਦਾ ਸਾੜਿਆ ਜਾਂਦਾ ਹੈ |  ਪਰ ਦੁਖਾਂਤ ਦਾ ਅੰਤ ਅਜੇ ਨਹੀਂ ਹੁੰਦਾ ਕਿਉਂਕਿ ਅਬਲਾ ਦਾ ਘਰਵਾਲਾ ਉਸ ਨੂੰ ਘਰ ਰੱਖਣ ਲਈ ਤਿਆਰ ਨਹੀਂ, ਉਹ ਮੁਸਲਮਾਨਾਂ ਦੇ ਰਹਿ ਆਈ ਹੈ |  ਜਿਵੇਂ ਖ਼ਾਲਸੇ ਦਾ ਕਹਿਰ ਲੁਹਾਰੀ ਦੇ ਨਵਾਬ ਉੱਤੇ ਟੁੱਟਿਆ ਸੀ ਓਵੇਂ ਖ਼ਾਲਸੇ ਦੀ ਮਿਹਰ ਹੁਣ ਫ਼ਰਾਖ਼ਦਿਲੀ ਵਿੱਚ ਵੱਟ ਕੇ ਪੀੜਤ ਲੜਕੀ ਉੱਤੇ ਰੁਮਕੇ-ਰੁਮਕੇ ਬਰਸਦੀ ਹੈ |  ਲੜਕੀ ਨੂੰ ਖ਼ਾਲਸੇ ਦੀ ਬੇਟੀ ਦਾ ਖ਼ਿਤਾਬ ਬਖ਼ਸ਼ਿਆ ਜਾਂਦਾ ਹੈ ਅਤੇ ਪਰ੍ਹੇ ਵਿੱਚ ਚਾਦਰ ਵਿਛਾ ਕੇ ਬੇਟੀ ਨੂੰ ਵਿਦਾ ਕਰਨ ਦਾ ਸਗਨ ਪਾਇਆ ਜਾਂਦਾ ਹੈ |  ਜਿਉਂ-ਜਿਉਂ ਇਹ ਸੋਨੇ, ਚਾਂਦੀ ਦਾ ਬੋਹਲ ਉੱਚਾ ਹੁੰਦਾ ਜਾਂਦਾ ਹੈ ਓਵੇਂ-ਓਵੇਂ ਪਰਿਵਾਰ ਦਾ ਵਿਰੋਧ ਘਟਦਾ ਜਾਂਦਾ ਹੈ |  ਆਖ਼ਰ ਖ਼ਾਲਸੇ ਦੇ ਪਿਆਰ ਦੀ ਚਾਦਰ ਵਿੱਚ ਲਪੇਟੀ ਅਬਲਾ ਲਕਸ਼ਮੀ ਦਾ ਸਰੂਪ ਬਣ ਜਾਂਦੀ ਹੈ ਜਿਸ ਨੂੰ ਘਰ ਰੱਖਣ ਤੋਂ ਕੋਈ ਇਨਕਾਰ ਨਹੀਂ ਸੀ ਕਰ ਸਕਦਾ |  ਉਹ ਦਿਨ ਵੀ ਕਿਹਾ ਦਿਨ ਸੀ! ਉਸ ਦਿਨ ਚੰਦ, ਸੂਰਜ ਅਤੇ ਤਾਰੇ, ਸਾਰੇ ਦੇ ਸਾਰੇ, ਦਿਲ ਵਿੱਚ ਖ਼ਾਲਸੇ ਦੀ ਦਸਤਾਰ ਵਿੱਚ ਜੜੇ ਜਾਣ ਦੇ ਕੁਆਰੇ ਅਰਮਾਨ ਲੈ ਕੇ, ਅਲ੍ਹੜ ਮੁਟਿਆਰਾਂ ਦੇ ਜਜ਼ਰਿਆਂ ਵਾਂਗ ਮਚਲ ਰਹੇ ਸਨ | 
            ਅਨੇਕਾਂ ਐਸੀਆਂ ਮਿਸਾਲਾਂ ਹਨ ਜੋ ਸਿੱਖ ਇਤਿਹਾਸ ਦੇ ਹਰ ਮੋੜ ਉੱਤੇ ਚਾਨਣ ਮੁਨਾਰਿਆਂ ਵਾਂਗ ਰੌਸ਼ਨੀ ਵੰਡ ਰਹੀਆਂ ਹਨ |  ਮਨੁੱਖਤਾ ਨੂੰ ਪਿਆਰ ਕਰਨ ਵਾਲਾ, ਸੱਭਿਅਤਾ ਨੂੰ ਚਰਮ-ਸੀਮਾ ਉੱਤੇ ਵੇਖਣ ਦਾ ਹਰ ਚਾਹਵਾਨ, ਮਨੁੱਖੀ ਕਿਰਦਾਰ ਨੂੰ ਸੱਚ ਦੇ ਐਨ ਨੇੜੇ ਵਿਚਰਦਾ ਵੇਖਣ ਵਾਲਾ ਹਰ ਮਨੁੱਖ ਖ਼ਾਲਸੇ ਦੇ ਅਜਿਹੇ ਕਾਰਨਾਮਿਆਂ ਉੱਤੇ ਮਾਣ ਕਰ ਸਕਦਾ ਹੈ |  ਗੁਰੂ ਦੇ ਆਤਮਕ ਜਲਾਲ ਦੇ ਵਿਰਾਟ ਦਰਸ਼ਨ ਕਰਵਾਉਣ ਦੀ ਚਾਹ ਰੱਖਣ ਵਾਲੇ ਸਿੱਖ ਦਾ ਅੱਜ ਵੀ ਇਹੋ ਕਰਮ ਹੋਣਾ ਚਾਹੀਦਾ ਹੈ |  ਖ਼ਾਲਸਾ ਐਸੀ ਛਬੀ ਬਣਾ ਕੇ ਰੱਖੇ ਕਿ ਸੰਕਟ ਗ੍ਰਸਤ ਹਰ ਤੀਵੀਂ, ਮਨੁੱਖ ਉਸ ਕੋਲੋਂ ਰਾਹਤ ਦੀ ਉਮੀਦ ਰੱਖ ਸਕੇ |  ਉਹ ਗੁਰੂ ਬਚਨਾਂ ਉੱਤੇ ਯਥਾਸ਼ਕਤ ਪਹਿਰਾ ਦੇਵੇ ਅਤੇ ਆਪਣਾ ਬਲ ਨਾ ਹਾਰਨ ਦੀ ਹੱਦ ਤੱਕ ਗੁਰੂ-ਮਾਰਗ ਉੱਤੇ ਚਲਦਾ ਰਹੇ | 
            ਸਰਕਾਰ ਦੀ ਮਦਦ ਨਾਲ 1984 ਤੋਂ 1994 ਤੱਕ ਹੋਏ ਜ਼ੁਲਮ ਸਾਨੂੰ ਯਾਦ ਹਨ ਅਤੇ ਸਦਾ ਰਹਿਣੇ ਚਾਹੀਦੇ ਹਨ |  ਦਿੱਲੀ ਦੀ ਦਰਿੰਦਗੀ, ਗੁਰੂ-ਦਰਬਾਰ ਵਿੱਚ ਕੀਤੀਆਂ ਨੀਚ ਹਰਕਤਾਂ, ਪਟੌਦੀ ਦੇ ਚੁਰਸਤਿਆਂ ਦੀ ਗਾਥਾ ਸਭ ਯਾਦ ਹਨ |  ਇਹ ਯਾਦ ਕਰਨ ਮਾਤਰ ਨਾਲ ਹੀ ਕਾਲਜੇ ਨੂੰ ਵਿੰਨ੍ਹ ਜਾਂਦੀਆਂ ਹਨ |  ਇਹ ਰਿਸਦੇ ਜ਼ਖ਼ਮਾਂ ਦੀ ਕਸਕ ਹੈ ਜਿਸ ਨੂੰ ਅਕ੍ਰਿਤਘਣਤਾ ਨੇ ਹੋਰ ਦੁੱਖਦਾਈ ਬਣਾ ਦਿੱਤਾ ਹੈ |  ਕਦੇ ਸਾਊਪਣੇ ਦੀ ਚਰਮ-ਸੀਮਾ ਨੂੰ ਛੂਹ ਕੇ ਅਸੀਂ ਵੀ ਇਸ ਦਾ ਬਦਲਾ ਲਵਾਂਗੇ | 
            ਪਰ ਓਦੋਂ ਤੱਕ ਅਸੀਂ ਹਰ ਹਾਲ ਗੁਰੂ ਗ੍ਰੰਥ ਦਾ, ਗੁਰੂ ਖ਼ਾਲਸੇ ਦਾ ਬਿਰਦ ਪਾਲਣਾ ਹੈ |  ਸਾਡੀ ਦਸਤਾਰ ਸੰਸਾਰ ਦੀਆਂ ਅਬਲਾਵਾਂ ਦੀ ਸੁਰੱਖਿਆ-ਛਤਰੀ ਹੈ |  ਸਾਡੇ ਲਈ ਕੋਈ ਬੇਗਾਨਾ ਨਹੀਂ |  ਹਰ ਮਾਂ, ਭੈਣ, ਧੀ ਖ਼ਾਲਸੇ ਦੀ ਮਾਂ, ਭੈਣ, ਧੀ ਹੈ |  ਜਗਤ-ਜਨਨੀ ਦਾ ਸਨਮਾਨ ਹਰ ਹੀਲੇ, ਹਰ ਹਾਲ ਕਾਇਮ ਰਹਿਣਾ ਚਾਹੀਦਾ ਹੈ |  ਬਲਾਤਕਾਰੀ ਮਨਸੂਬੇ ਰੱਖਦੀ ਬਹੁਗਿਣਤੀ ਦੇ ਆਸਾ ਰਾਮਾਂ ਦੀਆਂ ਆਸ਼ਾਵਾਂ ਉੱਤੇ ਪਾਣੀ ਫਿਰਨਾ ਜ਼ਰੂਰੀ ਹੈ |  ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਜਿ |  |  (ਫੁਨਹੇ ਮ: 5) ਔਰਤ ਦਾ ਮਾਨ-ਸਨਮਾਨ ਬਹਾਲ ਕਰਨ ਦੇ ਮਹਾਂ-ਮੰਥਨ ਵਿੱਚ ਖਾਲਸੇ ਦਾ ਅਹਿਮ ਰੋਲ ਹੋਣਾ ਚਾਹੀਦਾ ਹੈ |  ਅਸੀਂ ਹਰ ਹਾਲ ਮੂੰਹ ਗੁਰੂ ਵੱਲ, ਗੁਰ ਇਤਿਹਾਸ ਵੱਲ ਰੱਖਣਾ ਹੈ |  ਸਾਢੇ ਪੰਜ ਸਦੀਆਂ ਦੀਆਂ ਘਾਲਣਾਵਾਂ ਸਾਡਾ ਮਾਰਗ ਦਰਸ਼ਨ ਕਰਨ, ਗੁਰ-ਆਸ਼ੇ ਅਨੁਸਾਰ ਸਾਡੀ ਇਹੋ ਅਰਦਾਸ ਹੈ | 
                        ਵਾਹਣ ਸਿੰਗਾਰੇ ਰਹੈਂ ਬਾਜਤ ਨਗਾਰੇ ਰਹੈਂ,
3.........................
ਲਾਗਤ ਦੀਵਾਨ ਰਹੈਂ, ਗਾਵਤੇ ਸੁਜਾਨ ਰਹੈਂ,
ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ | 

ਭਾਰਤੀ ਸੰਸਕ੍ਰਿਤੀ ਦੇ ਵੱਡੇ ਠੇਕੇਦਾਰ ਅੱਜ ਵਿੰਗੇ-ਟੇਢੇ ਤਰੀਕੇ ਨਾਲ ਔਰਤ-ਅਪਮਾਨ ਦੀਆਂ ਰੁਚੀਆਂ ਨੂੰ ਜਾਇਜ਼ ਦੱਸ ਰਹੇ ਹਨ |  ਭਾਰਤ ਦੀ ਮੂਲ ਸੱਭਿਅਤਾ ਨੂੰ ਖ਼ਤਮ ਕਰਨ ਲਈ ਅਤੇ ਏਥੋਂ ਦੇ ਮੂਲ ਵਾਸੀਆਂ ਨੂੰ ਸਦਾ ਗ਼ੁਲਾਮ ਰੱਖਣ ਲਈ, ਜ਼ਬਰ ਦਾ ਦੌਰ ਸਦੀਆਂ ਚੱਲਦਾ ਰਿਹਾ |  ਦਲਿਤ ਲੋਕਾਂ ਦੀ ਅਣਖ ਖ਼ਤਮ ਕਰਨ ਲਈ ਬਲਾਤਕਾਰ ਦਾ ਪ੍ਰਯੋਗ ਹੋਇਆ ਜੋ ਕਿ ਅੱਜ ਤੱਕ ਜਾਰੀ ਹੈ |  ਨਾਗਾਲੈਂਡ, ਅਸਾਮ, ਮਨੀਪੁਰ, ਪੰਜਾਬ ਸਭ ਇਸ ਬਿਰਤੀ ਦਾ ਸੰਤਾਪ ਹੰਢਾ ਚੁੱਕੇ ਹਨ; ਕਸ਼ਮੀਰ ਅਤੇ ਝਾਰਖੰਡ ਅੱਜ ਵੀ ਹੰਢਾ ਰਹੇ ਹਨ |  ਇੱਕ ਦਿਨ ਫਲਕ ਨੇ ਉਹ ਵੀ ਵੇਖਿਆ ਜਦੋਂ ਫ਼ੌਜੀ ਛਾਉਣੀ ਦੇ ਸਾਹਮਣੇ ਨਿਰਵਸਤ੍ਰ ਹੋਕੇ ਮਨੀਪੁਰ ਦੀਆਂ ਮਾਵਾਂ ਨੇ ਧੀਆਂ ਦੇ ਬਲਾਤਕਾਰ ਵਿਰੁੱਧ ਨਾਅਰੇ ਲਾਏ ਸਨ, ‘ਭਾਰਤੀ ਫ਼ੌਜੀਓ ਸਾਡੇ ਨਾਲ ਬਲਾਤਕਾਰ ਕਰੋ’ |  2004 ਦਾ ਇਹ ਦਿਨ ਕਾਇਆਨਾਤ ਦਾ ਸਭ ਤੋਂ ਕਾਲਾ ਦਿਨ ਸੀ |  ਕਾਲਸ ਅੰਬਰ ਤੱਕ ਫੈਲ ਗਈ ਸੀ |  ਪਸਾਰਿਆ ਹੱਥ ਨਜ਼ਰ ਨਹੀਂ ਸੀ ਆ ਰਿਹਾ |  ਮਨੁੱਖਤਾ ਸ਼ਰਮਸਾਰ ਹੋਈ ਸੀ |  ਸਾਊਪੁਣੇ ਦੀ ਕਮਰ ਟੁੱਟਣ ਦੀ ਹੱਦ ਤੱਕ ਝੁਕ ਗਈ ਸੀ |  ਹੁਣ ਇਸ ਕੁਕਰਮ ਦੇ ਸਿਰਫ਼ ਸਮੀਕਰਣ ਬਦਲੇ ਹਨ |  ਅੱਜ ਧਨਾਢ ਸ਼੍ਰੇਣੀ, ਜੋ ਬਹੁਗਿਣਤੀ ਨੂੰ ਆਪਣੇ ਹਾਲ ਉੱਤੇ ਛੱਡ ਕੇ, ਆਪਣੇ ਨਵੇਂ ਆਏ ਧਨ ਨੂੰ ਮਾਣਨਾ ਚਾਹੁੰਦੀ ਹੈ, ਉਸੇ ਪੁਰਾਣੇ ਵਰਤਾਰੇ ਰਾਹੀਂ ਆਪਣੀ ਪ੍ਰਭੂਸੱਤਾ ਕਾਇਮ ਕਰਨ ਦੇ ਰਾਹ ਤੁਰ ਪਈ ਜਾਪਦੀ ਹੈ |  ਖ਼ਾਲਸਾ ਸਿਧਾਂਤ ਅਨੁਸਾਰ ਰਾਜਸੀ ਸੱਤਾ ਸੱਚ ਦੇ ਅਧੀਨ ਸਰਬੱਤ ਦੇ ਭਲੇ ਲਈ ਵਰਤਣੀ ਜਾਇਜ਼ ਹੈ |  ਏਸ ਦੀ ਦੁਰਵਰਤੋਂ ਕਰ ਕੇ ਖਾਸ ਵਰਗ ਦਾ ਦਬਦਬਾ ਕਾਇਮ ਕਰਨ ਦੀ ਪ੍ਰਵਿਰਤੀ ਨੂੰ ਠੱਲ੍ਹ ਪਾਉਣ ਲਈ ਖ਼ਾਲਸੇ ਦਾ ਬਾਕੀ ਪੀੜਤ ਲੋਕਾਂ ਨੂੰ ਨਾਲ ਲੈ ਕੇ ਜੱਦੋ-ਜਹਿਦ ਕਰਨਾ ਅੱਜ ਦੇ ਯੁੱਗ ਦਾ ਧਰਮ ਹੈ | 

-ਗੁਰਤੇਜ ਸਿੰਘ
ਮੋਬਾਇਲ ਨੰ: 9417871742

1 comment:

  1. ਬਹੁਤ ਬਹੁਤ ਧਨਵਾਦ ਹੈ ਆਪ ਜੀ ਦਾ ਜੋਕਿ ਆਪ ਜੀ ਨੇ ਇਹ ਉਪਰਾਲਾ ਕੀਤਾ ਅਰਦਾਸ ਕਰਦੇ ਹਾਂ ਕੇ ਆਪ ਜੀ ਦੀ ਕੀਤੀ ਹੋਈ ਘਾਲਣਾ ਆਉਣ ਵਾਲੇ ਸਮੇ ਸਾਡੇ ਵਰਗੇ ਅਨਜਾਨ ਸਿਖਾਂ ਦੇ ਜੀਵਨ ਮਾਰਗ ਦਾ ਚਾਨਣ ਮੁਨਾਰਾ ਹੋ ਨਿਬੜੇ......

    ReplyDelete