
6 ਜੂਨ 1984 ਦਾ ਦਿਨ ਸਿੱਖ ਇਤਿਹਾਸ ਵਿੱਚ ਇੱਕ ਹੋਰ ਗੌਰਵਸ਼ਾਲੀ ਘਟਨਾ ਨੂੰ ਜੋੜ ਗਿਆ ਜਿਸ ਉੱਤੇ ਸੁੱਖਾ ਸਿੰਘ-ਮਹਿਤਾਬ ਸਿੰਘ, ਬਾਬਾ ਗੁਰਬਖਸ਼ ਸਿੰਘ ਅਤੇ ਬਾਬਾ ਦੀਪ ਸਿੰਘ ਦੇ ਕਾਰਨਾਮਿਆਂ ਵਾਂਗ ਮਨੁੱਖਤਾ ਸਦੀਆਂ ਤੱਕ ਮਾਣ ਕਰਦੀ ਰਹੇਗੀ।
ਇਹ ਦਿਨ ਚਮਕੌਰ ਦੀ ਜੰਗ ਵਾਂਗ ਸਿੱਖੀ ਦੀ ਸਦੀਵੀ ਜਿੱਤ, ਅਕਾਲ ਫ਼ਤਹਿ ਦਾ ਪ੍ਰਤੀਕ ਬਣ ਗਿਆ। ਕਿਉਂਕਿ ਇਸ ਦਿਨ ਮੁੱਠੀ ਭਰ ਆਮ ਸਿੱਖਾਂ ਨੇ ਇੱਕ ਦੇਸ਼ ਦੀ ਆਧੁਨਿਕ ਹਥਿਆਰਾਂ, ਟੈਂਕਾਂ, ਤੋਪਾਂ, ਜ਼ਹਿਰੀਲੀਆਂ ਰਸਾਇਣਾਂ ਨਾਲ ਲੈਸ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਹਮਲਾਵਰ ਕਮਾਂਡਰ ਸੁੰਦਰਜੀ ਦੇ ਕਹਿਣ ਅਨੁਸਾਰ ਫ਼ੌਜ ਦੇ ਪੰਜਵੇਂ ਹਿੱਸੇ ਨੂੰ ਰਣਖੇਤ ਵਿੱਚ ਰੱਖਿਆ।
ਦਰਬਾਰ ਸਾਹਿਬ ਵਿੱਚ ਇਕੱਠੇ ਹੋਏ ਸਿੰਘ ਆਪਣੇ ਧਰਮ ਅਸਥਾਨ ਉੱਤੇ, ਹਮਲੇ ਦੀਆਂ ਧਮਕੀਆਂ ਦੇ ਸੰਦਰਭ ਵਿੱਚ, ਆਪਣੇ ਗੁਰੂ ਦੀ ਸੁਰੱਖਿਆ ਲਈ ਬੈਠੇ ਸਨ। ਇਹਨਾਂ ਸੂਰਮਿਆਂ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੀ ਤਰਜ਼ ਉੱਤੇ ਹਮਲਾਵਰਾਂ ਦੇ ਦੰਦ ਖੱਟੇ ਕੀਤੇ, ਗੁਰੂ ਦੀ ਰੱਖਿਆ ਤੋਂ ਮੂੰਹ ਨਹੀਂ ਮੋੜਿਆ ਇਸ ਲਈ ਇਹ ਸਾਰੇ ਸਾਹਿਬਜ਼ਾਦਿਆਂ ਵਾਂਗ ਹੀ ਧੰਨਤਾ ਯੋਗ ਹਨ।

ਅਫ਼ਸੋਸ ਸਿਰਫ਼ ਇਸ ਗੱਲ ਦਾ ਹੈ ਕਿ ਉਹਨਾਂ ਦੇ ਵਾਰਸਾਂ ਨੇ ਜਿਨ੍ਹਾਂ ਵਿੱਚ ਤੁਸੀਂ ਤੇ ਮੈਂ ਆਉਂਦੇ ਹਾਂ, ਉਹਨਾਂ ਦੀ ਸ਼ਹੀਦੀ ਦਾ ਅਸਲ ਸੰਦਰਭ ਨਹੀਂ ਸਿਰਜਿਆ ਅਤੇ ਨਾ ਹੀ ਸ਼ਹੀਦੀਆਂ ਦਾ ਲੇਖਾ-ਜੋਖਾ ਜਾਂ ਗਿਣਤੀ ਕੀਤੀ ਹੈ।
ਇਸ ਘਟਨਾ ਤੋਂ ਪ੍ਰੇਰਨਾ ਲੈ ਕੇ ਲੱਖ ਤੋਂ ਵੱਧ ਸਿੱਖਾਂ ਨੇ ਸ਼ਹੀਦੀਆਂ ਦੇ ਕੇ ਧਰਮ ਦੇ ਸੱਚ ਦੀ ਪ੍ਰੋੜ੍ਹਤਾ ਕੀਤੀ। ਇਹ ਆਪਣੇ ਆਪ ਵਿੱਚ ਸੰਸਾਰ ਦੇ ਤਖ਼ਤੇ ਉੱਤੇ ਵਾਪਰੀ ਇੱਕ ਲਾਸਾਨੀ ਘਟਨਾ ਹੈ ਕਿਉਂਕਿ ਜਦੋਂ ਦਾ ਮਨੁੱਖ ਦੋ ਪੈਰਾਂ ਉੱਤੇ ਤੁਰਨ ਲੱਗਿਆ ਹੈ, ਨਿਰਸ੍ਵਾਰਥ, ਪਰਉਪਕਾਰੀ ਲੋਕਾਂ ਨੇ ਕਦੇ ਏਨੀ ਵੱਡੀ ਤਾਦਾਦ ਵਿੱਚ ਸਿਰਫ ਧਰਮ ਦੇ ਸੱਚ ਨੂੰ ਉਜਾਗਰ ਕਰਨ ਲਈ ਸ਼ਹੀਦੀਆਂ ਨਹੀਂ ਦਿੱਤੀਆਂ।

ਸਿੱਖੀ ਦੇ ਅਜ਼ੀਮ ਸੱਚ ਦੀ ਅਕਾਲ ਫ਼ਤਹਿ ਦਾ ਇਹ ਮੋਜ਼ਜਾ ਹੋਇਆ ਕਿ ਹਮਲੇ ਦਾ ਹੁਕਮ ਦੇਣ ਵਾਲੇ ਅਤੇ ਹਮਲੇ ਦੀ ਅਗਵਾਈ ਕਰਨ ਵਾਲੇ ਇਸ ਹਮਲੇ ਤੋਂ ਬਾਅਦ ਥਰ-ਥਰ ਕੰਬਦੇ, ਓਸ ਘੜੀ ਨੂੰ ਲਾਹਨਤਾਂ ਪਾਉਂਦੇ ਰਹੇ ਜਦੋਂ ਉਹਨਾਂ ਹਮਲੇ ਦੀ ਯੋਜਨਾ ਘੜੀ ਸੀ। ਇਹਨਾਂ ਦਾ ਆਖ਼ਰ ਓਹੀ ਹਸ਼ਰ ਹੋਇਆ ਜੋ ਓਸ ਵਕਤ ਸੰਪੂਰਣ ਸੱਤਾਧਾਰੀ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਅਤੇ ਅਕਾਲੀ ਫ਼ੌਜਾਂ ਦੇ ਸਿਪਾਹਸਲਾਰ ਜਨਰਲ ਸ਼ੁਬੇਗ ਸਿੰਘ ਦੇ ਕਾਤਲਾਂ ਦਾ ਹੋਣਾ ਚਾਹੀਦਾ ਸੀ। ਇਹਨਾਂ ਦਾ ਦਾਨਵ ਸਭਿਆਚਾਰ ਓਦੋਂ ਦਾ ਆਪਣੀ ਬੇਸ਼ਰਮੀ ਉੱਤੇ ਕਾਲੀਆਂ, ਗੁਮਨਾਮੀ ਦੀਆਂ ਚਾਦਰਾਂ ਹੀ ਤਾਣਦਾ ਰਿਹਾ ਹੈ ਅਤੇ ਰਹਿੰਦੀ ਦੁਨੀਆਂ ਤੱਕ ਤਾਣਤਾ ਰਹੇਗਾ।
ਸਿੱਖੀ ਦੇ ਵਾਰਸਾਂ, ਖਾਲਸਾ ਪੰਥ ਦੇ ਨੁੰਮਇੰਦਿਆਂ ਦਾ ਫਰਜ਼ ਹੈ ਕਿ ਲੱਖ ਤੋਂ ਉੱਤੇ ਮਰਜੀਵੜਿਆਂ ਦੀ ਸਹੀ ਨਿਸ਼ਾਨਦੇਹੀ, ਵੇਰਵੇ ਆਦਿ ਇਕੱਤਰ ਕਰਕੇ ਸੱਤਾ ਦੇ ਨਸ਼ੇ ਵਿੱਚ ਚੂਰ ਹੋਏ ਜਰਵਾਣਿਆਂ ਉੱਤੇ ਲਾਹਨਤਾਂ ਦੇ ਮੁਨਾਰੇ ਉਸਾਰਨ ਲਈ ਯਤਨਸ਼ੀਲ ਹੋਵੇ। ਇਹ ਏਸ ਲਈ ਵੀ ਜ਼ਰੂਰੀ ਹੈ ਕਿ ਅਗਾਂਹ ਨੂੰ ਖ਼ੂਨ ਦੇ ਪਿਆਸੇ ਹਰ ਜ਼ਾਲਮ ਨੂੰ ਇਹ ਪਤਾ ਹੋਵੇ ਕਿ ਓਸ ਦੀਆਂ ਕਰਤੂਤਾਂ ਨੂੰ ਸਾਰਾ ਜੱਗ ਜਾਣੇਗਾ ਅਤੇ ਲਾਹਨਤਾਂ ਪਾਵੇਗਾ।
ਸਥਾਈ ਸਭਿਆਚਾਰਕ ਬਹੁਗਿਣਤੀ ਅੱਜ ਵਾਪਰ ਰਹੇ ਕੁਕਰਮਾ, ਗੁਰੂ ਗ੍ਰੰਥ ਸਾਹਿਬ ਦੀ ਨਿੱਤ ਹੋ ਰਹੀ ਬੇ-ਅਦਬੀ, ਸਿੱਖਾਂ ਨੂੰ ਪੁਲਿਸ ਰਾਹੀਂ ਕਤਲ ਕਰਨ ਦਾ ਰੁਝਾਨ, (ਭਾਈ ਜਸਪਾਲ ਸਿੰਘ ਗੁਰਦਾਸਪੁਰ), ਜੇਲ੍ਹਾਂ ਵਿੱਚ ਨਾ-ਜਾਇਜ਼ ਡੱਕ ਕੇ ਮਾਰਨ ਦਾ ਅਮਲ (ਭਾਈ ਕੁਲਵੰਤ ਸਿੰਘ), ਝੂਠੇ ਮੁਕੱਦਮੇ ਬਣਾਉਣ (ਪਾਲ ਸਿੰਘ ਫਰਾਂਸ) ਵਰਗੀਆਂ ਅਨੇਕਾਂ ਕਾਰਵਾਈਆਂ ਕਰ ਕੇ ਸੰਕੇਤ ਦੇ ਰਹੀ ਹੈ ਕਿ ਓਸਦੀ ਸਿੱਖ ਦੁਸ਼ਮਣੀ ਨਾ ਮੱਠੀ ਹੋਈ ਹੈ ਨਾ ਓਸ ਦਾ ਵਿਨਾਸ਼ਕਾਰੀ ਪ੍ਰਕੋਪ ਘਟਿਆ ਹੈ। ਉਹ ਸਿੱਖੀ ਨੂੰ ਖ਼ਤਮ ਕਰਨ ਉੱਤੇ ਤੁਲੇ ਹੋਏ ਹਨ। ਉਹਨਾਂ ਨੂੰ ਢੁਕਵਾਂ ਜੁਆਬ ਦੇਣਾ ਬਣਦਾ ਹੈ।
ਸਾਹਿਬ ਦਸਵੇਂ ਪਾਤਿਸ਼ਾਹ ਸਰਬੰਸ ਦਾਨੀ ਦੀ ਸਿੱਖ ਪੰਥ ਦੇ ਵਾਰਸਾਂ ਨੂੰ ਤਾਕੀਦ ਹੈ ਕਿ ਉਹ ਗੁਰੂ ਗ੍ਰੰਥ ਦੇ ਉਪਦੇਸ਼, ਅਮ੍ਰਿਤ ਦੀ ਦਾਤ ਅਤੇ ਰਹਿਤ ਨੂੰ ਮਨੁੱਖ ਮਾਤਰ ਦੇ ਭਲੇ ਲਈ ਕੀਮਤੀ ਧਰੋਹਰ (ਅਮਾਨਤ) ਸਮਝ ਕੇ ਸਦਾ ਮਹਿਫ਼ੂਜ਼ ਰੱਖਣ। ਖਾਲਸਾ ਪੰਥ ਦੇ ਅਨੇਕਾਂ ਸ਼ਹੀਦਾਂ-ਮੁਰੀਦਾਂ ਦੀ ਵੀ ਇਹੋ ਸੱਧਰ ਹੈ। ਇਸ ਜ਼ਿੰਮੇਵਾਰੀ ਨੂੰ ਵਿਸਾਰ ਕੇ ਆਦਰਯੋਗ ਮਨੁੱਖ ਅਖਵਾਉਣਾ ਸੰਭਵ ਨਹੀਂ। ਅੱਜ ਦੇ ਦਿਨ ਆਉ ਆਪਣੇ ਗੌਰਵਮਈ ਵਿਰਸੇ, ਮਾਣ-ਮੱਤੇ ਇਤਿਹਾਸ ਨਾਲ ਕੀਤੇ ਕਉਲ ਪਾਲ਼ੀਏ। ਦੁਨੀਆ ਦੇ ਮੋਹ, ਲਾਲਚ ਅਤੇ ਭੈ ਤਿਆਗ ਕੇ ਸੱਚੇ ਸਾਹਿਬ ਦੀ ਸ਼ਰਣ ਇਹ ਕਹਿੰਦਿਆਂ ਆ ਪਈਏ, ‘‘ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ’’। ਕਰਮਨਾਸ਼, ਕੁਲਨਾਸ਼, ਧਰਮਨਾਸ਼, ਭਰਮਨਾਸ਼, ਕਿਰਤਨਾਸ਼ ਖਾਲਸਾ ਰਹਿਤ ਦੇ ਧਾਰਨੀ ਹੋਈਏ ਅਤੇ ਮਨੁੱਖ ਮਾਤਰ ਦੀ ਮੁਕਤੀ ਦੇ ਦਰਵਾਜੇ ਸਦੀਵੀ ਤੌਰ ਉੱਤੇ ਖੁਲ੍ਹੇ ਰੱਖਣ ਵਿੱਚ ਗੁਰੂ ਰਾਹ ਉੱਤੇ ਤੁਰੇ ਆਪਣੇ ਬਜ਼ੁਰਗਾਂ ਦੀ ਪੈੜੋਂ-ਪੈੜ ਵੱਡੇ ਹੌਸਲੇ ਨਾਲ ਤੁਰਦੇ ਜਾਈਏ।
ਸਾਰੇ ਇੱਕਸੁਰ ਹੋ ਗਾਉਂਦੇ ਜਾਈਏ, ‘‘ਇੱਕ ਰੁਸੇ ਨਾ ਮੇਰਾ ਕੰਲ਼ਗੀਂਆਂ ਵਾਲਾ, ’ਤੇ ਜੱਗ ਭਾਂਵੇ ਸਾਰਾ ਰੁਸ ਜੇ।’’
(ਇਹ ਲੇਖ 31 ਮਈ, 2012 ਨੂੰ ਪੰਜਾਬੀ ਰੇਡੀਓ, ਕੈਲਗਰੀ ਦਵਾਰਾ ਪ੍ਰਸ਼ਾਰਿਤ ਕਰਨ ਹਿਤ ਲਿੱਖਿਆ ਗਿਆ)
No comments:
Post a Comment