ਭਾਈ ਸੁਖਦੇਵ ਸਿੰਘ ਬੱਬਰ ਅਤੇ ਓਸਦੇ ਸਾਥੀ ਜੋ 1984 ਤੋਂ ਬਾਅਦ ਦੀ ਲੜਾਈ ਵਿੱਚ ਮੂਹਰਲੀਆਂ ਸਫਾਂ ਵਿੱਚ ਰਿਹਾ ਦੀ ਯੁਧਨੀਤੀ ਅਤੇ ਰਾਜਨੀਤੀ ਬਾਰੇ ਕਈ ਸਵਾਲ ਸਹਿਜੇ ਹੀ ਉੱਠਦੇ ਹਨ ਜਿਨ੍ਹਾਂ ਦਾ ਜੁਆਬ ਖਾੜਕੂ ਲਹਿਰ ਦੇ ਮੁਲਾਂਕਣ ਲਈ ਨਿਹਾਇਤ ਜ਼ਰੂਰੀ ਹੈ। ਬੱਬਰਾਂ ਦੀ ਨਿਡਰਤਾ, ਜਾਨ ਦਾਅ ਉੱਤੇ ਲਾਉਣ ਦੀ ਤੱਤਪਰਤਾ, ਜੁਝਾਰੂਪਨ ਅਤੇ ਆਪਾ ਵਾਰੂ ਨੀਯਤ ਉੱਤੇ ਸ਼ੱਕ ਕਰਨਾ ਤਾਂ ਮੂਰਖਤਾ ਹੀ ਹੋ ਨਿਬੜਦੀ ਹੈ ਪਰ ਏਸ ਪੱਖੋਂ ਮੁਲਾਂਕਣ ਕਰਨਾ ਕਿ ਕੀ ਬੱਬਰਾਂ ਦੀ ਘਾਲਣਾ, ਮਕਸਦ ਅਤੇ ਉੱਚੇ ਇਰਾਦਿਆਂ ਦੇ ਹਾਣ ਦੀ ਉਹਨਾਂ ਦੀ ਯੋਜਨਾਬੰਦੀ ਸੀ, ਇੱਕ ਲੋਕ ਪੱਖੀ ਕਰਮ ਹੈ ਅਤੇ ਅੱਗੋਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। 'ਯੁੱਧ ਮੁਲਾਂਕਣ' (battle review) ਜੁਝਾਰੂ ਲੋਕਾਂ ਦੀ ਪੁਰਾਤਨ ਰੀਤ ਵੀ ਹੈ ਜਿਸ ਨੂੰ ਯੁੱਧ ਦਾ ਅਨਿਖੜਵਾਂ ਅੰਗ ਮੰਨਿਆ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਮੁਗ਼ਲਾਂ ਅਤੇ ਪਠਾਣਾਂ ਦੀ ਲੜਾਈ ਦਾ ਘੋਖਵਾਂ ਮੁਲਾਂਕਣ ਕੀਤਾ ਸੀ ਜੋ 'ਬਾਬਰਬਾਣੀ' ਵਿੱਚ ਦਰਜ਼ ਹੈ। ਕੀ ਉਹਨਾਂ ਕੋਲ ਟੀਚੇ ਤੱਕ ਪਹੁੰਚਣ ਦਾ ਨਕਸ਼ਾ ਉਲੀਕਿਆ ਹੋਇਆ ਸੀ? ਕੀ ਉਹ ਆਪਣੇ ਨਿਸ਼ਾਨੇ ''ਖਾਲਿਸਤਾਨ'' ਦਾ ਖਾਕਾ ਬਣਾ ਚੁੱਕੇ ਸਨ? ਨਾਅਰਿਆਂ ਦੀ ਸਤਹ ਤੋਂ ਉੱਚਾ ਉਠ ਕੇ ਕੀ ਉਹ ਖਾਲਿਸਤਾਨ ਦਾ ਤਰਕ, ਆਮ ਲੋਕਾਂ ਨੂੰ ਸਮਝਾਉਣ ਦੀ ਮੁਹਾਰਤ ਰੱਖਦੇ ਸਨ? ਸਭ ਤੋਂ ਅਹਿਮ ਸੁਆਲ ਹੈ ਕਿ ਕੀ ਇਹ ਨਿਸ਼ਾਨਾ ਉਹਨਾਂ ਨੇ ਆਪ ਮਿਥਿਆ ਸੀ ਜਾਂ ਕਿ ਪਾਕਿਸਤਾਨ ਦੇ ਸੰਕਲਪ ਵਾਂਗ ਇਹ ਇਹਨਾਂ ਦੇ ਦੁਸ਼ਮਣਾਂ ਦੀ ਕਾਢ ਸੀ ਜੋ ਏਸਨੂੰ ਬ੍ਰਹਮਅਸਤਰ ਬਣਾ ਕੇ ਸਿੱਖੀ ਨੂੰ ਖ਼ਤਮ ਕਰਨ ਦੇ ਜ਼ਹਿਰੀ ਮਨਸੂਬੇ ਘੜੀ ਬੈਠੇ ਸਨ? ਏਸ ਸੰਦਰਭ ਵਿੱਚ ਇਕ ਪ੍ਰਮੁੱਖ ਬੱਬਰ ਸੁਖਦੇਵ ਸਿੰਘ ਬਾਰੇ ਸਮੁੱਚੀ ਖਾੜਕੂ ਲਹਿਰ ਦੇ ਸੰਦਰਭ ਵਿੱਚ ਚਰਚਾ ਕਰਨੀ ਲਾਹੇਵੰਦ ਰਹੇਗੀ।
ਸੁਖਦੇਵ ਸਿੰਘ ਨੂੰ ਪਹਿਲੋ ਪਹਿਲ ਮੈਂ ਓਦੋਂ ਦੇਖਿਆ ਜਦੋਂ ਉਹ ਤੇਜਾ ਸਿੰਘ ਸਮੁੰਦਰੀ ਹੌਲ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਮਰੇ ਦੇ ਸਾਹਮਣੇ ਪੰਜ ਸਾਥੀਆਂ ਸਮੇਤ ਓਸਦਾ ਅੰਗ-ਰਖਿਅਕ ਬਣਕੇ ਬੈਠਾ ਸੀ। ਸਾਰੇ ਨੌਜਵਾਨਾਂ ਕੋਲ ਨਵੀਆਂ ਰਫ਼ਲਾਂ ਸਨ। ਮੈਂ ਆਪਣੀ ਫ਼ੌਜੀ ਬੁੱਧੀ ਜੋ ਐਨ.ਸੀ.ਸੀ., ਪੁਲਿਸ ਅਤੇ ਫ਼ੌਜ ਸੇਵਾਕਾਲ ਦੌਰਾਨ ਹਾਸਲ ਕੀਤੀ ਸੀ, ਦੀ ਵਰਤੋਂ ਕਰਨ ਦੀ ਠਾਣ ਲਈ। ਬੜੇ ਧਿਆਨ ਨਾਲ ਰਫ਼ਲਾਂ ਦੇ ਹੱਥਿਆਂ ਉੱਤੇ ਕੀਤੇ ਰੋਗਨ ਵੱਲ ਨਜ਼ਰ ਮਾਰੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਇਆ। ਇਹ ਸਾਰੀਆਂ ਰਫ਼ਲਾਂ ਨਵੀਆਂ ਸਨ, ਸਾਰੀਆਂ ਇੱਕੋ ਥਾਂ ਉੱਤੇ ਬਣੀਆਂ ਸਨ ਅਤੇ ਸਾਰੀਆਂ ਇੱਕੋ ਰੰਗ ਨਾਲ ਰੋਗਨ ਹੋਈਆਂ-ਹੋਈਆਂ ਸਨ। ਲੋਹੇ ਉੱਤੇ ਰੰਗ ਤੋਂ ਤਾਂ ਬਹੁਤਾ ਕੁਝ ਪਤਾ ਨਹੀਂ ਲਗਦਾ ਲੇਕਿਨ ਹੱਥਿਆਂ ਦਾ ਰੋਗਨ ਇਹਨਾਂ ਬਾਰੇ ਬਹੁਤ ਕਹਾਣੀਆਂ ਇੱਕੋ ਸਾਹ ਹੀ ਕਹਿ ਜਾਂਦਾ ਹੈ।
ਮੈਂ ਲੌਂਗੋਵਾਲ ਨੂੰ ਪੁੱਛਿਆ ਕਿ ਇਹ ਨੌਜਵਾਨ ਕੌਣ ਹਨ। ਜੁਆਬ ਮਿਲਿਆ 'ਆਪਣੇ ਹੀ ਹਨ, ਭਾਈ।' ਦੂਸਰਾ ਸਵਾਲ ਸੀ 'ਇਹ ਰਫ਼ਲਾਂ ਇਹਨਾਂ ਨੂੰ ਆਪਾਂ ਲੈ ਕੇ ਦਿੱਤੀਆਂ ਹਨ ਜਾਂ ਇਹ ਖੁਦ ਲੈ ਕੇ ਆਏ ਹਨ।' ਥੋੜਾ ਝਿਝਕ ਕੇ, ਮੋਰਚਾ ਡਿਕਟੇਟਰ ਬੋਲਿਆ 'ਆਪਣੇ ਆਪ ਲੈ ਕੇ ਆਏ ਹਨ।' ਮੈਨੂੰ ਇਹ ਗੱਲ ਸੁਣ ਕੇ ਬੜਾ ਫਿਕਰ ਲੱਗਿਆ ਅਤੇ ਮੈਂ ਬੀਬੀ ਅਮਰਜੀਤ ਅਤੇ ਲੌਂਗੋਵਾਲ ਸਾਹਮਣੇ ਖੁਲਾਸਾ ਵੀ ਕਰ ਦਿੱਤਾ। 'ਇਹ ਸਾਰੀਆਂ ਰਫ਼ਲਾਂ ਇਹਨਾਂ ਨੂੰ ਸਿੱਧੀਆਂ ਕਾਰਖ਼ਾਨੇ ਤੋਂ ਪ੍ਰਾਪਤ ਹੋਈਆਂ ਜਾਪਦੀਆਂ ਹਨ ਕਿਉਂਕਿ ਇਕੋ ਕਿਸਮ ਦੀਆਂ ਏਨੀਆਂ ਰਫ਼ਲਾਂ ਰੱਖਣ ਦੀ ਸਮਰੱਥਾ ਕਿਸੇ ਅਸਲਾ ਵਪਾਰੀ ਕੋਲ ਨਹੀਂ। ਗ੍ਰਹਿ ਵਿਭਾਗ ਵਿੱਚ ਨੌਕਰੀ ਕਰਨ ਕਰਕੇ ਮੈਂ ਜਾਣਦਾ ਹਾਂ ਕਿ ਇੱਕ ਕਿਸਮ ਦੀਆਂ ਇੱਕ ਦੋ ਰਫ਼ਲਾਂ ਹੀ ਵਪਾਰੀ ਰੱਖ ਸਕਦਾ ਹੈ।' ਬੱਟ ਰੋਗਨ ਦੀ ਗੱਲ ਵੀ ਕੀਤੀ। ਲੌਂਗੋਵਾਲ ਦੇ ਕੰਨ ਉੱਤੇ ਜੂੰ ਵੀ ਨਾ ਸਰਕੀ। ਏਸ ਤੋਂ ਅੰਦਾਜ਼ਾ ਲੱਗਦਾ ਸੀ ਕਿ ਰਫ਼ਲਾਂ ਦੀ ਅਸਲੀਅਤ ਤੋਂ ਉਹ ਵਾਕਫ਼ ਸੀ ਅਤੇ ਸ਼ਾਇਦ ਓਸੇ ਨੇ ਇਹਨਾਂ ਨੌਜਵਾਨਾਂ ਨੂੰ ਰਫ਼ਲਾਂ ਲੈ ਕੇ ਦਿੱਤੀਆਂ ਸਨ। ਜੇ ਇਹ ਗੱਲ ਨਾ ਹੁੰਦੀ ਤਾਂ ਓਸਨੇ ਤੁਰੰਤ ਏਸ ਟੋਲੇ ਦੀ ਗਹਿਰੀ ਪੜਤਾਲ ਕਰਨੀ ਸੀ। ਬਹੁਤ ਬਾਅਦ ਵਿੱਚ ਅਖ਼ਬਾਰੀ ਖ਼ਬਰ ਆਈ ਕਿ ਧੀਰੇਂਦਰ ਬ੍ਰਹਮਚਾਰੀ, ਜਿਸਦੇ ਇੰਦਰਾ ਗਾਂਧੀ ਨਾਲ ਨੇੜੇ ਦੇ ਸਬੰਧ ਸਨ, ਨੇ ਜੰਮੂ ਵਿੱਚ ਇੱਕ ਰਫ਼ਲਾਂ ਬਣਾਉਣ ਦੀ ਫੈਕਟਰੀ ਲਾਈ ਹੈ ਅਤੇ ਕਈ ਖਾੜਕੂ ਓਸਦੇ ਹਥਿਆਰ ਖਰੀਦ ਚੁੱਕੇ ਹਨ।
ਗੱਲਾਂ ਕਰਦੇ ਲੌਂਗੋਵਾਲ ਨੇ ਮੁਸਕੜੀਆਂ ਹੱਸਦਿਆਂ ਇਹ ਵੀ ਆਖਿਆ,'ਤੁਸੀਂ ਸੰਤਾਂ (ਇਸ਼ਾਰਾ ਭਿੰਡਰਾਵਾਲੇ ਵੱਲ ਸੀ) ਨੂੰ ਆਖ ਦੇਣਾ ਕਿ ਉਹ ਆਪਣੇ ਬੰਦਿਆਂ ਦੇ ਹਥਿਆਰ ਸਾਫ਼ ਕਰਵਾ ਕੇ ਤੇਲ ਵਗੈਰਾ ਦੇ ਲੈਣ।' ਓਸਦੇ ਏਸ ਪ੍ਰਵਚਨ ਉੱਤੇ ਬੀਬੀ ਅਮਰਜੀਤ ਕੌਰ ਨੇ ਵੀ ਅਰਥ ਭਰਪੂਰ ਮੁਸਕਾਣ ਚਿਹਰੇ ਉੱਤੇ ਲੈ ਆਂਦੀ ਸੀ। ਮੈਨੂੰ ਭੰਬਲਭੂਸੇ ਵਿੱਚ ਪਿਆ ਵੇਖ ਕੇ ਓਸਨੇ ਆਪ ਹੀ ਆਪਣੇ ਬਿਆਨ ਦੀ ਵਿਆਖਿਆ ਕੀਤੀ,'ਦੁਨੀਆ ਸਮਝ ਰਹੀ ਹੈ ਕਿ ਖਾੜਕੂ ਕਾਰਵਾਈਆਂ ਸੰਤ ਕਰਵਾ ਰਹੇ ਹਨ। ਅਸਲੀਅਤ ਇਹ ਹੈ ਕਿ ਉਹਨਾਂ ਦੇ ਬੰਦਿਆਂ ਨੇ ਤਾਂ ਕਦੇ ਚਿੜੀ ਵੀ ਨਹੀਂ ਮਾਰੀ। ਸਾਰੀਆਂ ਵਾਰਦਾਤਾਂ ਆਪਣੇ ਆਦਮੀ ਕਰ ਰਹੇ ਹਨ। ਉਹਨਾਂ ਦੇ ਬੰਦਿਆਂ ਦੇ ਹਥਿਆਰਾਂ ਨੂੰ ਸ਼ਾਇਦ ਜ਼ਰ ਹੀ ਲੱਗਿਆ ਹੋਣਾ ਹੈ। ਉਹਨਾਂ ਲੋੜ ਪੈਣ ਉੱਤੇ ਚੱਲਣਾ ਹੀ ਨਹੀਂ। ਅੱਜ-ਕਲ੍ਹ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਪਤਾ ਨਹੀਂ ਕਿਸ ਵੇਲੇ ਹਥਿਆਰਾਂ ਦੀ ਲੋੜ ਪੈ ਜਾਵੇ। ਏਸ ਲਈ ਸੁਨੇਹਾਂ ਜ਼ਰੂਰ ਦੇ ਦੇਣਾਂ।' ਬੀਬੀ ਅਮਰਜੀਤ ਕੌਰ ਨੇ ਵੀ ਸਹਿਮਤੀ ਜ਼ਾਹਰ ਕੀਤੀ। ਹੋਰ ਦਸ ਵੀਹ ਮਿੰਟ ਬੈਠ ਕੇ, ਸੁਨੇਹਾ ਦੇਣ ਦਾ ਵਾਅਦਾ ਕਰਕੇ ਮੈਂ ਉੱਠ ਆਇਆ।
ਤਕਰੀਬਨ ਮਹੀਨਾ ਕੁ ਬਾਅਦ (ਦਸੰਬਰ 1983 ਦੇ ਤਕਰੀਬਨ ਆਖਰੀ ਹਫ਼ਤੇ) ਬੀਬੀ ਅਮਰਜੀਤ ਕੌਰ ਵੱਲੋਂ ਇੱਕ ਅਖ਼ਬਾਰੀ ਬਿਆਨ ਵੀ ਛੱਪਿਆ ਜਿਸ ਵਿੱਚ ਬੱਬਰਾਂ ਵਲੋਂ ਉਹਨਾਂ ਨੇ 35 ਨਿਰੰਕਾਰੀ ਮਾਰਨ ਦੀ ਜ਼ਿੰਮੇਵਾਰੀ ਲਈ ਅਤੇ ਸ਼ਰ੍ਹੇਆਮ ਦੱਸਿਆ ਸੀ ਕਿ ਪੰਜਾਬ ਵਿੱਚ ਸਭ ਹਿੰਸਕ ਕਾਰਵਾਈਆਂ ਬੱਬਰਾਂ ਵੱਲੋਂ, ਜੋ ਆਖੰਡ ਕੀਰਤਨੀਏ ਸਨ, ਕੀਤੀਆਂ ਜਾ ਰਹੀਆਂ ਹਨ। ਸੰਤ ਭਿੰਡਰਾਂਵਾਲੇ ਅਤੇ ਟਕਸਾਲੀਏ ਐਂਵੇ ਹੀ ਇਹਨਾਂ ਨੂੰ ਅੰਜ਼ਾਮ ਦੇਣ ਦਾ ਦਾਈਆ ਕਰ ਰਹੇ ਹਨ। ਇਹਨਾਂ ਲੀਹਾਂ ਉੱਤੇ ਬੀਬੀ ਦਾ ਇੱਕ ਬਿਆਨ ਜਨਵਰੀ 1984 ਦੇ ਸੰਤ ਸਿਪਾਹੀ ਵਿੱਚ ਵੀ ਛਪਿਆ। ਲੋਂਗੋਵਾਲ ਤੇ ਬੀਬੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਜਦੋਂ ਮੈਂ ਬਾਹਰ ਆ ਕੇ ਨੌਜਵਾਨਾਂ ਦੇ ਚਿਹਰੇ ਮੁਹਰਿਆਂ ਵੱਲ ਘੋਖਵੀਂ ਨਜ਼ਰ ਮਾਰੀ ਤਾਂ ਵੀ ਮੈਨੂੰ ਉਹ ਅਜੇਹੀਆਂ ਕਾਰਵਾਈਆਂ ਵਿੱਚ ਗਲਤਾਨ ਹੋਇਆਂ ਦੇ ਚਿਹਰੇ ਨਾ ਜਾਪੇ। ਦ੍ਰਿਢਤਾ ਦੀ ਥਾਵੇਂ ਉਹਨਾਂ ਉੱਤੇ ਸਾਉਪੁਣਾ, ਅਲ੍ਹੜਪੁਣਾ ਝਲਕਦਾ ਸੀ। ਬਾਅਦ ਵਿੱਚ ਇਹਨਾਂ ਬੱਬਰਾਂ ਨੇ ਸੰਤ ਜਰਨੈਲ ਸਿੰਘ ਦੀ ਵਿਰਾਸਤ ਸੰਭਾਲਣ ਦਾ ਦਾਅਵਾ ਵੀ ਕੀਤਾ ਅਤੇ ਕੌਮ ਨੂੰ ਸਿਆਸੀ ਅਗਵਾਈ ਦੇਣ ਦਾ ਬੀੜਾ ਵੀ ਚੁੱਕਿਆ। ਵੱਡੇ ਧੂਮ-ਧੜੱਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਜ਼ਾਲਮ ਬਿੰਅਤ ਸਿੰਘ ਨੂੰ ਵੀ ਇਹਨਾਂ ਦੰਡ ਦਿੱਤਾ। ਪਰ ਓਸ ਵੇਲੇ ਮੈਨੂੰ ਇਹ ਨਾ ਸਿਆਸੀ ਪਿੜ ਵਿੱਚ ਗਿਆਨਵਾਨ ਜਾਪੇ ਨਾ ਹੀ ਕੌਮੀ ਅਤੇ ਅੰਤਰ-ਰਾਸ਼ਟਰੀ ਸਿਆਸੀ ਸਥਿਤੀ ਦੇ ਜਾਣਕਾਰ। ਓਸ ਯੁੱਗ ਦੇ ਪੰਥਕ ਮਹਾਂ-ਨਾਇਕ ਸੰਤ ਜਰਨੈਲ ਸਿੰਘ ਨੂੰ ਛੱਡ ਕੇ ਇਹਨਾਂ ਦਾ ਇੱਕ ਬੇਈਮਾਨ ਤਨਜ਼ੀਮ ਦੇ ਨਾ-ਅਹਿਲ ਪ੍ਰਧਾਨ ਪਿਛੇ ਖੜ੍ਹੇ ਹੋ ਜਾਣਾ ਆਪਣੀ ਕਹਾਣੀ ਆਪ ਕਹਿੰਦਾ ਹੈ।
ਇਹ ਸੱਜਣ ਲੌਂਗੋਵਾਲ ਦੀ ਹਿਫਾਜ਼ਤ ਵਿੱਚ ਡਟੇ ਰਹੇ, ਜਾਂ ਇਉਂ ਆਖੀਏ ਕਿ ਇਹ ਲੌਂਗੋਵਾਲ ਨੂੰ ਸੰਤ ਜਰਨੈਲ ਸਿੰਘ ਦੇ ਮੁਕਾਬਲੇ ਦਾ ਖਾੜਕੂ ਸਿੱਧ ਕਰਕੇ ਓਸਦਾ ਮਨੋਬਲ ਉੱਚਾ ਕਰਦੇ ਰਹੇ ਤਾਂ ਕਿ ਉਹ ਹੌਂਸਲੇ ਨਾਲ ਕੌਮੀ ਸਰੋਕਾਰਾਂ ਨੂੰ ਅੱਖੋਂ ਪਰੋਖੇ ਕਰ ਸਕੇ। ਬੀਬੀ ਨਿਰਲੇਪ ਕੌਰ ਨੇ ਇੱਕ ਵਾਰੀ ਲੌਂਗੋਵਾਲ ਉੱਤੇ ਟਿਪਣੀ ਕੀਤੀ ਸੀ: 'ਇਹ ਸਾਧ ਤਾਂ ਆਲੂਆਂ ਦੀ ਬੋਰੀ ਹੈ ਅਤੇ ਓਨੀਂ ਦੇਰ ਹੀ ਖੜ੍ਹਾ ਰਹਿ ਸਕਦਾ ਹੈ ਜਿੰਨੀ ਦੇਰ ਏਸ ਨੂੰ ਸਹਾਰਾ ਦੇ ਕੇ ਕੁਈ ਖੜ੍ਹਾ ਰੱਖ ਸਕੇ'। ਸੰਤ ਜਰਨੈਲ ਸਿੰਘ ਉਹਨਾਂ ਹਾਲਤਾਂ ਵਿੱਚ ਪੰਥਕ ਸਰੋਕਾਰਾਂ ਦਾ ਥੰਮ੍ਹ ਸੀ। ਏਸ ਪੜਾ ਤੱਕ ਓਸਦਾ ਆਪਣਾ ਕੁਈ ਸਿਆਸੀ ਨਿਸ਼ਾਨਾ ਨਹੀਂ ਸੀ। ਉਹ ਕੇਵਲ ਇਹ ਚਾਹੁੰਦਾ ਸੀ ਕਿ ਕੁਈ ਢਿੱਲਾ-ਮੱਠਾ ਸਮਝੋਤਾ ਕਰ ਕੇ ਅਕਾਲੀ ਦਲ ਕੌਮ ਦੀ ਹੇਠੀ ਨਾ ਕਰਵਾਵੇ। ਏਸ ਸੰਦਰਭ ਵਿੱਚ ਲੌਂਗੋਵਾਲ ਚਾਹੁੰਦਾ ਸੀ ਕਿ ਸੰਤ ਨੂੰ ਸਿਆਸਤ ਤੋਂ ਕੋਰਾ, ਡਰੂ ਬਿਰਤੀ ਦਾ ਧਾਰਨੀ, ਲੜਾਈ ਦੇ ਮੈਦਾਨ ਵਿੱਚ ਨਾ ਨਿੱਤਰ ਸਕਣ ਵਾਲਾ ਅਤੇ ਸਿਧਾਂਤ ਤੋਂ ਅਣਭਿੱਜ ਸਾਬਤ ਕਰਕੇ ਲੋਕ ਮਨਾਂ ਨਾਲੋਂ ਨਿਖੇੜ ਦਿੱਤਾ ਜਾਵੇ। ਓਸੇ ਵੇਲੇ ਸਾਡੇ ਬੱਬਰ ਭਲਵਾਨ ਲੌਂਗੋਵਾਲ ਦੇ ਨਪਾਕ ਮਨਸੂਬਿਆਂ ਨੂੰ ਸਿਰੇ ਲਾਉਣ ਲਈ ਤਰਲੋ-ਮੱਛੀ ਹੋ ਰਹੇ ਸਨ। ਇਹਨਾਂ ਦੀ ਸਿਆਸਤ ਦੇ ਓਸ ਅਹਿਮ ਮੋੜ ਉੱਤੇ ਏਹੋ ਚਰਮ ਸੀਮਾ ਸੀ। ਖਾੜਕੂ ਲਹਿਰ ਦਾ ਅਸਲ ਮੋਢੀ ਭਾਈ ਫੌਜਾ ਸਿੰਘ ਤਾਂ ਆਪਣੀ ਸ਼ਹੀਦੀ ਤੱਕ ਸੰਤਾਂ ਨਾਲ ਕਦਮ ਮਿਲਾਕੇ ਚਲਦਾ ਰਿਹਾ ਸੀ।
ਸ਼ਇਦ ਇਹ ਵੀ ਕਦੇ ਪਤਾ ਲੱਗ ਸਕੇ ਕਿ ਇਹਨਾਂ ਸਾਦਾ ਦਿਲ ਗੱਭਰੂਆਂ ਨੂੰ ਲੌਂਗੋਵਾਲ ਦੀ ਫ਼ਰਮਾਬਰਦਾਰੀ ਦੇ ਰਾਹ ਉੱਤੇ ਤੋਰਨ ਲਈ ਕਉਣ ਜ਼ਿੰਮੇਵਾਰ ਸੀ। ਓਸ ਬਿਖੜੇ ਸਮੇਂ ਇਹਨਾ ਦਾ ਸੰਤ ਜਰਨੈਲ ਸਿੰਘ ਨਾਲ ਨਾ-ਜਾਇਜ਼ ਖਹਿਬੜਨਾ ਬਹੁਤ ਗੰਭੀਰ ਰੂਪ ਧਾਰ ਗਿਆ ਸੀ। ਸੰਤ, ਆਪਣੇ ਜਥੇ ਸਮੇਤ ਗੁਰੂ ਨਾਨਕ ਨਿਵਾਸ ਵਿੱਚ ਰਹਿੰਦੇ ਸਨ, ਬੱਬਰ ਖਾਲਸਾ ਅਕਾਲ ਰੈਸਟ ਹਾਉਸ ਵਿੱਚ, ਜਿੱਥੇ ਇਹਨਾ ਕੋਲ 20 ਕਮਰੇ ਸਨ ਅਤੇ ਸੰਤਾਂ ਦੇ ਜਥੇ ਦੇ ਸੁਜਾਨ ਸਿੰਘ ਅਤੇ ਉੱਜਲ ਸਿੰਘ ਕੋਲ ਵੀ ਦੋ ਕਮਰੇ ਸਨ। ਅਕਾਲੀ ਦਲ ਦੇ ਪੁਆੜੇ ਹੱਥੇ ਸਕੱਤਰ ਗੁਰਚਰਨ ਸਿੰਘ ਦੀ ਚੁੱਕ ਉੱਤੇ ਕਿਸੇ ਡੂੰਘੀ ਰਾਜਨੀਤੀ ਦੇ ਮੁਹਰੇ ਬਣਕੇ, ਬੱਬਰਾਂ ਨੇ ਸੰਤ ਨੂੰ ਗੁਰੂ ਨਾਨਕ ਨਿਵਾਸ ਵਿੱਚੋਂ ਕੱਢਣ ਦੀ ਠਾਣ ਲਈ। ਇਹਨਾਂ ਦਾ ਖਿਆਲ ਸੀ ਕਿ ਕਿਸੇ ਘੱਟ ਆਵਾਜਾਈ ਵਾਲੀ ਥਾਂ ਉੱਤੇ ਸੰਤ ਨੂੰ ਧੱਕ ਕੇ ਓਸਦੀ ਅਹਿਮੀਅਤ ਨੂੰ ਘਟਾਇਆ ਜਾ ਸਕਦਾ ਹੈ। ਏਸ ਨੀਅਤ ਨਾਲ ਇਹਨਾਂ ਸੰਤ ਅਤੇ ਟਕਸਾਲ ਦੇ ਵਿਰੁੱਧ ਭੰਡੀ ਪ੍ਰਚਾਰ ਸ਼ੁਰੂ ਕਰ ਦਿੱਤਾ ਜਿਸਦਾ ਮਨੋਰਥ ਸੰਤ ਨੂੰ ਬਦਨਾਮ ਕਰਨਾ ਅਤੇ ਸੰਗਤ ਦੀਆਂ ਨਿਗਾਹਾਂ ਵਿੱਚੋਂ ਡੇਗਣਾ ਸੀ। ਇਹਨਾਂ ਦਾ ਇਹ ਪ੍ਰਚਾਰ ਲੌਂਗੋਵਾਲ ਦੇ ਨਾਪਾਕ ਮਨਸੂਬਿਆਂ ਦੀ ਪ੍ਰੋਢਤਾ ਕਰਦਾ ਸੀ।
ਬੱਬਰਾਂ ਨੇ ਇਕ-ਵਰਕੀ ਜਿਹੀ ਨਿਹਾਇਤ ਹਲਕੇ ਕਾਗਜ਼ ਉੱਤੇ ਛਾਪ ਕੇ ਵੰਡੀ। ਏਸ ਵਿੱਚ ਸੰਤ ਨੂੰ ਕਈ ਅੱਟਪਏ ਸਵਾਲ ਪੁੱਛੇ ਗਏ ਸਨ। ਅੱਠ ਸਵਾਲਾਂ ਰਾਹੀ ਸੰਤ ਉੱਤੇ ਦੋਸ਼ ਲਾਇਆ ਗਿਆ ਕਿ ਓਸਨੇ 1978 ਵਿੱਚ ਅਰਦਾਸ ਕਰਕੇ ਵੀ ਫੌਜਾ ਸਿੰਘ ਦਾ (13 ਅਪ੍ਰੈਲ ਨੂੰ) ਸਾਥ ਨਹੀਂ ਸੀ ਦਿੱਤਾ ਅਤੇ ਉਹ ਚੰਦੋ ਕਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਤੇ ਧਾਰਮਿਕ ਕਿਤਾਬਾਂ ਨੂੰ ਛੱਡ ਕੇ ਭਜ ਆਇਆ ਸੀ। ਸੰਤ ਨੇ ਹਰਮਿੰਦਰ ਸਿੰਘ ਸੰਧੂ ਅਤੇ ਰਛਪਾਲ ਸਿੰਘ (ਨਿਜੀ ਸਹਾਇਕ) ਦੇ ਵਿਆਹ ਅਕਾਲ ਤਖ਼ਤ ਉੱਤੇ (ਅਸਲ ਵਿੱਚ ਗੁਰੂ ਰਾਮਦਾਸ ਲੰਗਰ ਹਾਲ ਦੀ ਉਪਰਲੀ ਛੱਤ 'ਤੇ ਅਨੰਦ ਕਾਰਜ ਹੋਏ ਸਨ) ਸਪੰਨ ਕਰਵਾਏ ਸਨ ਇਹ ਵੀ ਇੱਕ ਦੋਸ਼ ਗਿਣਿਆ ਗਿਆ ਸੀ। ਆਖਿਆ ਗਿਆ ਕਿ ਰਾਜਿੰਦਰ ਸਿੰਘ ਮਹਿਤਾ ਨੂੰ ਓਸਨੇ ਗਊਆਂ ਦੇ ਸਿੰਗ ਸੁੱਟਣ ਦੇ ਮਸਲੇ ਵਿੱਚੋਂ ਸਰਕਾਰ ਨਾਲ ਮਿਲਕੇ ਸੰਤਾਂ ਨੇ ਬਰੀ ਕਰਵਾਇਆ ਸੀ । ਓਸ ਨਾਲ ਸਬੰਧਤ ਸਿੱਖ ਸਟੂਡੰਟ ਫੈਡਰੇਸ਼ਨ ਉੱਤੇ ਦੋਸ਼ ਲੱਗੇ ਕਿ ਉਹ ਸਰਾਂ ਦੇ ਕਮਰਿਆਂ ਵਿੱਚ ਸ਼ਰਾਬ ਪੀਂਦੇ ਹਨ ਅਤੇ ਤਸਕਰੀ ਕਰਦੇ ਹਨ। (ਉਹਨੀਂ ਦਿਨੀਂ ਹਰਮਿੰਦਰ ਸਿੰਘ ਸੰਧੂ ਨੇ ਮੈਨੂੰ ਦੱਸਿਆ ਸੀ ਕਿ ਓਸਨੇ ਤਸਕਰਾਂ ਨੂੰ ਹਥਿਆਰ ਖਰੀਦਣ ਦੀ ਨੀਯਤ ਨਾਲ ਨਾਨਕ ਵਿਵਾਸ ਬੁਲਾਇਆ ਸੀ ਅਤੇ ਓਹਨਾਂ ਨੂੰ ਓਥੇ ਮੀਟ ਨਾਲ ਰੋਟੀ ਖਵਾਈ ਸੀ। ਓਸਨੇ ਸੰਤਾ ਦਾ ਗੁੱਸਾ ਠੰਡਾ ਕਰਨ ਲਈ ਇਹ ਕਹਿੰਦਿਆਂ ਮੇਰੀ ਮਦਦ ਮੰਗੀ ਸੀ, 'ਇਹ ਤਸਕਰ ਬ੍ਰਹਮ-ਗਿਆਨੀ ਤਾਂ ਹੁੰਦੇ ਨਹੀਂ। ਇਹਨਾਂ ਨਾਲ ਵਰਤਣ ਲਈ ਕੁਝ ਹਰਬੇ, ਫਰੇਬ ਵੀ ਕਰਨੇ ਪੈਂਦੇ ਹਨ।)
ਕਿਉਂਕਿ ਬੱਬਰਾਂ ਨੇ ਇਹ ਰੁੱਖ ਓਦੋਂ ਅਪਣਾਇਆ ਸੀ ਜਦੋਂ ਲੌਂਗੋਵਾਲ ਸੰਤ ਭਿੰਡਰਾਂਵਾਲੇ ਨਾਲ ਆਪਣੇ ਮਤ-ਭੇਦਾਂ ਦੀ ਗੱਲ ਸ਼ਰ੍ਹੇਆਮ ਨਸ਼ਰ ਕਰ ਚੁੱਕਿਆ ਸੀ, ਏਸ ਲਈ ਉਹਨਾਂ ਨੂੰ ਲੌਂਗੋਵਾਲ ਦੇ ਹੱਥ-ਠੋਕੇ ਅਤੇ ਸੰਤ ਦੇ ਵਿਰੋਧੀ ਜਾਣਿਆ ਗਿਆ ਸੀ। ਸੰਤ ਵਿਰੁੱਧ ਇਹਨਾਂ ਦਾ ਵੱਡਾ ਕਾਰਨਾਮਾ 1983 ਨਵੰਬਰ ਅੱਧ ਵਿੱਚ ਵਾਪਰਿਆ ਜਦੋਂ ਕਿ ਇਹਨਾਂ ਅਕਾਲ ਰੈਸਟ ਹਾਊਸ ਛੱਡ ਕੇ ਗੁਰੂ ਨਾਨਕ ਨਿਵਾਸ, ਸੰਤਾਂ ਦੇ ਜਥੇ ਕੋਲੋਂ ਦੋ ਕਮਰੇ ਜਬਰੀ ਖਾਲੀ ਕਰਵਾ ਕੇ ਆ ਡੇਰੇ ਲਾਏ ਸਨ। ਇਹ ਕਾਰਵਾਈ ਵੀ ਲੌਂਗੋਵਾਲ ਦੀ ਸ਼ਹਿ ਉੱਤੇ ਹੋਈ ਸੀ ਅਤੇ ਸੁਲ੍ਹਾ ਸਫਾਈ ਲਈ ਗਏ ਬਾਬਾ ਠਾਰ੍ਹਾ ਸਿੰਘ ਨੂੰ ਲੌਂਗੋਵਾਲ ਨੇ ਝੂਠਾ ਆਖ ਦਿੱਤਾ ਸੀ ਕਿ ਬੱਬਰਾ ਉੱਤੇ ਓਸਦਾ ਕੁਈ ਕੁੰਡਾ ਨਹੀਂ ਏਸ ਲਈ ਉਹ ਸੁਲਹ ਕਰਵਾਉਣ ਤੋਂ ਅਸਮਰੱਥ ਹੈ। ਨਤੀਜੇ ਵਜੋਂ ਸੰਤ ਅਤੇ ਟਕਸਾਲੀ ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖ਼ਤ ਸਾਹਿਬ ਦੇ ਨੇੜੇ ਬਣੇ ਕਮਰਿਆਂ ਵਿੱਚ ਜਾ ਕੇ ਰਹਿਣ ਲੱਗ ਪਏ ਸਨ। ਏਸ ਸਿਆਣਪ ਰਾਹੀਂ ਸੰਤ ਨੇ ਬੱਬਰਾਂ ਅਤੇ ਟਕਸਾਲ ਵਿੱਚ ਹੋਣ ਦੇ ਕਿਨਾਰੇ ਖੜ੍ਹੀ ਖਾਨਾਜੋਗੀ ਨੂੰ ਵਾਪਰਨ ਤੋਂ ਬਚਾ ਲਿਆ ਸੀ। ਓਸ ਨਾਜ਼ੁਕ ਸਮੇ ਮਾਮੂਲੀ ਮਤਭੇਦਾਂ ਨੂੰ ਆਪਸੀ ਮਾਰਕਾਟ ਦਾ ਕਾਰਣ ਬਣਨ ਦੇਣ ਤੱਕ ਪਹੁੰਚਾ ਦੇਣਾਂ ਵੀ ਬੱਬਰਾਂ ਦੀ ਸਿਆਸੀ ਕੰਗਾਲੀ ਵੱਲ ਇਸ਼ਾਰਾ ਕਰਦਾ ਹੈ।
ਏਸ ਸਮੇਂ ਤੋਂ ਲੈ ਕੇ ਅੰਤ (ਜੂਨ 1984) ਤੱਕ ਬੱਬਰਾਂ ਨੇ ਸੰਤ ਨਾਲ ਪੂਰੀ ਦੂਰੀ ਬਣਾਈ ਰੱਖੀ। ਓਹਨਾਂ ਨੇ ਸੰਤ ਅਤੇ ਓਸਦੇ ਸਾਥੀਆਂ ਨੂੰ ਨੀਵਾਂ ਵਖਾਉਣ ਦੀ ਯੁਧਨੀਤੀ ਅਪਣਾਈ ਰੱਖੀ। ਆਖਰ ਓਹ ਦਿਨ ਆ ਪਹੁੰਚਿਆਂ ਜਦੋਂ ਕਿ ਦਾਗੇ ਹੋਏ, ਲਾਲ ਰੰਗ ਨਾਲ ਰੰਗੇ ਹੋਇਆਂ ਨੇ ਰਣ ਵਿੱਚ ਜੂਝਣਾ ਸੀ। ਅਫ਼ਸੋਸ ਨਾਲ ਆਖਣਾ ਪੈਂਦਾ ਹੈ ਕਿ ਓਸ ਦਿਨ ਨੇ ਬੱਬਰਾਂ ਨੂੰ ਕੰਧ ਵਿੱਚ ਪਾੜ ਲਾ ਕੇ ਹਰਨ ਹੁੰਦਿਆਂ ਵੇਖਿਆ। ਇਹ ਕਹਿਣਾ ਬਿਲਕੁਲ ਗਲ਼ਤ ਹੋਵੇਗਾ ਕਿ ਬੱਬਰਾਂ ਨੂੰ ਵੀ ਓਥੇ ਲੜ ਕੇ ਸ਼ਹੀਦ ਹੋ ਜਾਣਾ ਚਾਹੀਦਾ ਸੀ। ਇਹ ਦੁਸ਼ਮਣ ਦੀ ਚਾਲ ਵਿੱਚ ਫਸ ਜਾਣ ਤੁਲ ਸੀ। ਪਰ ਇਹ ਵੀ ਕੁਥਾਂ ਨਹੀਂ ਕਿ ਉਹ ਅਜੇਹੇ ਸਾਰਥਕ ਤਰਕ ਦੀ ਓਟ ਲੈਣ ਦਾ ਅਧਿਕਾਰ ਗਵਾ ਚੁੱਕੇ ਸਨ। ਸੰਤ ਨੂੰ ਚੰਦੋਂ ਕਲਾਂ ਵਿੱਚੋਂ ਵਾਪਸ ਆ ਜਾਣ ਦਾ ਅਤੇ ਭਾਈ ਫੌਜਾ ਸਿੰਘ ਨਾਲ ਨਾ ਤੁਰਨ ਦਾ ਮਿਹਣਾ ਦੇ ਕੇ ਉਹ ਦਰਬਾਰ ਨੂੰ ਦੁਸ਼ਮਣ ਦੇ ਰਹਿਮੋ-ਕਰਮ ਉੱਤੇ ਛੱਡ ਕੇ ਜਾਣ ਦੇ ਕਾਬਲ ਨਹੀਂ ਸੀ ਰਹੇ। ਓਦੋਂ ਤਾਂ ''ਪਾਛੈ ਪਾਉ ਨ ਦੀਜੀਐ ਆਗੈ ਹੋਇ ਸੁ ਹੋਇ'' ਵਾਲੀ ਹਾਲਤ ਬਣ ਚੁੱਕੀ ਸੀ। ਦਰਬਾਰੋਂ ਓਸ ਸਮੇਂ ਜਾਣ ਨੂੰ ਉਹਨਾਂ ਦੀ ਕਾਇਰਤਾ ਦਾ ਸਬੂਤ ਮੰਨਣਾ ਤਾਂ ਵੱਡੀ ਹਮਾਕਤ ਹੈ ਕਿਉਂਕਿ ਉਹਨਾਂ ਬਾਕੀ ਸਮੇਂ ਚੰਗਾ ਜੁਝਾਰੂ ਰੁੱਖ ਅਖਤਿਆਰ ਕੀਤਾ ਸੀ। ਪਰ ਏਸ ਨੂੰ ਉਹਨਾਂ ਦੀ ਇਖਲਾਕੀ ਕਚਿਆਈ ਅਤੇ ਸਿਆਸੀ ਅਲ੍ਹੜਪੁਣਾ ਤਸੱਵਰ ਕਰਨਾ ਜਾਇਜ਼ ਹੀ ਜਾਪਦਾ ਹੈ।
ਇਹਨਾਂ ਦੇ ਬਾਅਦ ਦੇ ਵਰਤਾਰੇ ਵਿੱਚ ਇਹ ਦੋਵੇਂ ਅਲਾਮਤਾਂ ਕੌਮੀ ਸੰਘਰਸ਼ ਦੇ ਘਾਣ ਦਾ ਵੱਡਾ ਕਾਰਣ ਬਣੀਆਂ। ਇਹਨਾਂ ਕਮਜ਼ੋਰੀਆਂ ਤੋਂ ਪੈਦਾ ਹੋਏ ਬੱਬਰਾਂ ਦੇ ਵਰਤਾਰੇ ਦੀਆਂ ਪ੍ਰਮੁੱਖ ਤੰਦਾਂ ਜੱਗ ਜ਼ਾਹਰ ਹਨ। ਲੜਾਈ ਦੇ ਮੈਦਾਨ ਵਿੱਚ ਉਤਰਨ ਸਮੇ ਸੂਰਬੀਰ ਵੱਡੇ ਵਜਦ ਵਿੱਚ ਹੁੰਦਾ ਹੈ। ਓਸਨੂੰ ਤੇਗ਼ਾਂ ਦੇ ਨਾਦ, ਗੋਲੀਆਂ ਦੇ ਤਾਲ ਤੋਂ ਬਿਨਾਂ ਕੁਈ ਨਿੱਕੀ-ਮੋਟੀ ਗੱਲ ਪੋਂਹਦੀ ਨਹੀਂ। ਇਹ ਸਿੱਖ ਕੌਮ ਦਾ ਸਦੀਆਂ ਦਾ ਇਤਿਹਾਸ ਦੱਸਦਾ ਹੈ, ਜਿਸਦੇ ਲੱਖਾਂ ਸੂਰਮੇ ਗਵਾਹ ਹਨ। ਸਿਆਸੀ ਅਲ੍ਹੜਪੁਣੇ ਕਾਰਣ ਹੀ ਬੱਬਰ ਅਤੇ ਹੋਰ ਖਾੜਕੂ ਰਣਭੇਰੀਆਂ, ਦਮਾਮਿਆਂ ਦੇ ਵੱਜਦਿਆਂ ਵੀ ਸਮਾਜ ਸੁਧਾਰ ਦੀਆਂ ਤੂਤੀਆਂ ਵੱਲ ਕੰਨ ਦਿੰਦੇ ਰਹੇ।
ਉਹਨੀਂ ਦਿਨੀਂ ਮੈਨੂੰ ਸਿੱਖ ਨੈਸ਼ਨਲ ਕੌਲਿਜ, ਬੰਗੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਓਸ ਦਾ ਭਰਪੂਰ ਫਾਇਦਾ ਉਠਾਉਂਦਿਆਂ ਏਸ ਸ੍ਵੈ-ਵਿਰੋਧੀ ਵਰਤਾਰੇ ਵੱਲ ਸਭ ਦਾ ਧਿਆਨ ਦਵਾਇਆ। ਔਰਤਾਂ ਮਨੁੱਖ ਦੇ ਜਨਮ ਤੋਂ ਹੀ ਹਾਰ ਸ਼ਿੰਗਾਰ ਦੀਆਂ ਸ਼ੌਕੀਨ ਰਹੀਆਂ ਹਨ। ਜਦੋਂ ਕੁਝ ਨਹੀਂ ਸੀ ਓਦੋਂ ਉਹ ਚਮਕੀਲੇ ਪੱਥਰਾਂ ਅਤੇ ਜਾਨਵਰਾਂ ਦੀਆਂ ਹੱਡੀਆਂ ਨੂੰ ਪ੍ਰੋ ਕੇ ਆਪਣੇ ਸੁਹਪਣ ਵਿੱਚ ਵਾਧਾ ਕਰਦੀਆਂ ਸਨ। ਪੈਂਤੀ ਸੌ ਸਾਲ ਪਹਿਲਾਂ ਦੇ ਮਿਸਰ ਦੀਆਂ ਕਬਰਾਂ (ਪਿਰਾਮਿੱਡ) ਵਿੱਚ ਉਕਰੀਆਂ ਤਸਵੀਰਾਂ ਤੋਂ ਅਸੀਂ ਜਾਣਦੇ ਹਾਂ ਕਿ ਭਾਂਤ-ਭਾਂਤ ਦੇ ਗਹਿਣੇ ਪਹਿਨਣਾ ਔਰਤਾਂ ਦਾ ਮਨਭਾਉਣਾ ਸ਼ੌਕ ਰਿਹਾ ਹੈ। ਔਰਤਾਂ ਨੂੰ ਹਾਰ ਸ਼ਿੰਗਾਰ ਤੋ ਵਰਜਣਾਂ ਉਹਨਾਂ ਨੂੰ ਕਿਸੇ ਖਾਸ ਕਿਸਮ ਦੇ ਕਪੜੇ ਪਹਿਨਣ ਲਈ ਮਜਬੂਰ ਕਰਨ ਆਦਿ ਨੂੰ ਯੁੱਧ-ਨੀਤੀ ਦਾ ਹਿੱਸਾ ਬਣਾਉਣਾਂ ਨਿਹਾਇਤ ਘੋਰ ਅਗਿਆਨ ਦਾ ਪ੍ਰਗਟਾਵਾ ਸੀ। ਮਨੋਵਿਗਿਆਨਕ ਪੱਖੋਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਜਦੋਂ ਮਾਂ ਦੇ ਚਰਨ ਸਪਰਸ਼ ਕਰਕੇ 'ਹੰਝੂਆਂ ਵਾਲੀ' ਤੋਂ ਵਾਗਾਂ ਛੁਡਾ ਕੇ ਸੂਰਮਾ ਜੰਗ ਵਿੱਚ ਉਤਰਦਾ ਹੈ ਤਾਂ ਉਹ ਇੱਕ ਪਲ ਲਈ ਵੀ ਜੁਲਫਾਂ ਦੇ ਜਾਲ ਵਿੱਚ ਨਹੀਂ ਉੱਲਝਦਾ।
ਗੁਰਬਾਣੀ ਦੇ ਡੂੰਘੇ ਰਹੱਸ ਤੋਂ ਅਣਭਿਜ ਹੀ ਕੁਈ ਵਿਆਹ ਸ਼ਾਦੀਆਂ ਵਿੱਚ ਮਾਸ ਦੀ ਵਰਤੋਂ ਵਿਰੁੱਧ ਫਤਵੇ ਦੇ ਸਕਦਾ ਹੈ। ''ਜੇਤੇ ਦਾਣੇ ਅੰਨ ਕੇ, ਜੀਆ ਬਾਝ ਨ ਕੋਇ'' ਗੁਰੂ ਹਜ਼ੂਰ ਦੇ ਮਹਾਂਵਾਕ ਹਨ ਅਤੇ ਉਹਨਾਂ ਨੂੰ ਵੀ ਸਮਝ ਆਉਣੇ ਚਾਹੀਦੇ ਹਨ ਜਿਨ੍ਹਾਂ ਨੂੰ ''ਮਾਸ ਮਾਸ ਕਰ ਮੂਰਖ ਝਗੜੇ'' ਅਤੇ ''ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ'' ਦੀ ਸੋਝੀ ਨਹੀਂ ਪੈਂਦੀ। ਏਸ ਨਿਗੂਣੇ ਆਧਾਰ ਉੱਤੇ ਲੋਕ ਸਮਰਥਨ ਨੂੰ ਵਗਾਹ ਕੇ ਮਾਰਨਾ ਉੱਕਾ ਸਿਆਣਪ ਨਹੀਂ ਸੀ। ਸ਼ਾਇਦ ਬਰਾਤ ਦੀ ਨਫਰੀ ਨਿਰਧਾਰਿਤ ਕਰਨ ਦਾ ਕੰਮ ਵੀ ਪੰਥਕ ਕਮੇਟੀ ਜਾਂ ਸਹਯੋਗੀ ਬੱਬਰਾਂ ਦਾ ਨਹੀਂ ਸੀ ਬਲਕਿ ਲੋਕਾਂ ਨੂੰ ਅਜੇਹੇ ਫੈਸਲੇ ਆਪੇ ਕਰਨ ਲਈ ਉਤਸ਼ਾਹ ਦੇਣਾ ਹੀ ਵੱਡੀ ਸੇਵਾ ਸੀ।
ਖਾੜਕੂ ਦੌਰ ਵਿੱਚ ਉਹ ਸਮਾਂ ਵੀ ਆਇਆ ਜਦੋਂ ਸ਼ੱਕ ਦੀ ਨੀਂਹ ਉੱਤੇ ਉਸਾਰੇ ਤੌਖ਼ਲਿਆ ਨੂੰ ਆਹੂਤੀ ਦੇਣ ਲਈ ਆਪਣੇ ਤੋਂ ਵੱਖ ਦਿਸਦੇ ਆਪਣੇ ਭਰਾਵਾਂ ਨੂੰ ਹੀ ਕਤਲ ਕਰ ਦਿੱਤਾ ਗਿਆ। ਭੁਪਿੰਦਰ ਸਿੰਘ ਲੌਂਗੀਆਂ ਇੱਕ ਅਜੇਹਾ ਸਾਊ ਮਨੁੱਖ ਸੀ ਜਿਸਨੂੰ ਆਪਣਿਆਂ ਹੀ ਬੇ-ਕਿਰਕ ਹੋ ਕੇ ਕੁਹ ਸੁੱਟਿਆ ਸੀ। ਮੈਂ ਓਸਨੂੰ ਜਾਣਦਾ ਸਾਂ ਅਤੇ ਮੇਰੀ ਸਮਝ ਅਨੁਸਾਰ ਉਹ ਇੱਕ ਨਿਸ਼ਕਾਮ ਸੇਵਕ ਸੀ। ਅਜੇਹੇ ਗੱਭਰੂ ਦਾ ਕਤਲ ਇੱਕ ਵੱਡਾ ਹਾਦਸਾ ਸੀ ਜਿਵੇਂ ਹਰਮਿੰਦਰਸਿੰਘ ਸੰਧੂ ਅਤੇ ਬਲਦੇਵ ਸਿੰਘ ਲੰਗ ਵਰਗੇ ਦਰਵੇਸ਼ ਦਾ ਕਤਲ ਸੀ। ਲੌਂਗੀਆ ਦੇ ਜ਼ਾਲਮਾਨਾ ਕਤਲ ਤੋਂ ਬਾਅਦ ਫਤਵਾ ਜਾਰੀ ਕੀਤਾ ਗਿਆ ਸੀ ਕਿ ਓਸਦੇ ਭੋਗ ਉੱਤੇ ਕੁਈ ਨ ਜਾਵੇ 'ਨਹੀਂ ਤਾਂ.........'। ਏਸਨੂੰ ਕਤਲ ਤੋਂ ਵੀ ਵੱਡਾ ਧੱਕਾ ਮੰਨਣਾ ਯੋਗ ਹੈ। ਅਜੇਹੇ ਕਤਲਾਂ ਨੇ ਜੋ ਸਵਾਲ ਖੜ੍ਹੇ ਕੀਤੇ ਸਨ ਉਹਨਾਂ ਦੇ ਜੁਆਬ ਦਿੱਤੇ ਬਿਨਾਂ ਕਿਸੇ ਕੌਮ ਦਾ ਕੁਈ ਸੰਘਰਸ਼ ਅਗਾਂਹ ਨਹੀਂ ਵਧਇਆ ਜਾ ਸਕਦਾ।
ਮੈਂ ਲੌਂਗੀਏ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਇਆ ਸੀ। ਮੈਂ ਪਹਿਲਾ ਸਵਾਲ ਉਠਾਇਆ ਕਿ ਓਸਨੂੰ ਕਿਸ ਜ਼ੁਰਮ ਅਧੀਨ ਕਤਲ ਕੀਤਾ ਗਿਆ? ਕਿਸ ਨਿਆਂਇਕ ਪ੍ਰਕਿਰਿਆ ਵਿੱਚੋਂ ਲੰਘ ਕੇ ਓਸਨੂੰ ਸਜਾਏ-ਮੌਤ ਦਿੱਤੀ ਗਈ? ਪੁਰਾਤਨ ਸਿੰਘ-ਰੀਤ ਸੀ ਕਿ ਦੁਪਹਿਰ ਦੇ ਦੀਵਾਨ ਵਿੱਚ, ਸ਼ਰਦਈ ਛਕਣ ਵੇਲੇ, ਪ੍ਰਸ਼ਾਸਕੀ ਅਤੇ ਨਿਆਂਇਕ ਮਸਲਿਆਂ ਉੱਤੇ ਵਿਚਾਰ ਕੀਤਾ ਜਾਂਦਾ ਸੀ। ਓਸ ਵੇਲੇ ਗਵਾਹੀਆਂ ਲੈ ਕੇ ਮੁਕੰਮਲ ਘੋਖ ਕੀਤੀ ਜਾਂਦੀ ਸੀ। ਜੇ ਕਿਸੇ ਨੂੰ ਮੌਤ ਦੀ ਸਜ਼ਾ ਦਾ ਹੱਕਦਾਰ ਪਾਇਆ ਜਾਂਦਾ ਸੀ ਤਾਂ ਨਿਆਂ ਪ੍ਰਣਾਲੀ ਨਾਲ ਸਬੰਧਤ ਸਰਦਾਰ (ਜੱਜ) ਓਸ ਵੱਲ ਸ਼ਰਦਈ ਦੇ ਫੋਗ ਦੇ ਗੋਲੇ ਬਣਾ ਕੇ ਸੁੱਟਦੇ ਸਨ ਅਤੇ ਸੰਗਤ ਦਾ ਰੁਝਾਨ ਵੇਖ ਕੇ ਅੰਤਮ ਗੋਲਾ ਸਭਾ ਦਾ ਪ੍ਰਮੁੱਖ (ਸਿਆਸੀ ਆਗੂ) ਸਰਦਾਰ ਸੁੱਟਦਾ ਸੀ। ਓਸਤੋਂ ਬਾਅਦ ਦੋਖੀ ਨੂੰ ਖ਼ਤਮ ਕਰਨ ਵਾਸਤੇ ਜਥੇ ਬਣਾਏ ਜਾਂਦੇ ਸਨ, ਜ਼ਿੰਮੇਵਾਰੀਆਂ ਲਗਦੀਆਂ ਸਨ। ਇਉਂ ਇਹ ਗਹਿਰ ਗੰਭੀਰ ਜ਼ਿੰਮੇਵਾਰੀ ਨਿਭਾਈ ਜਾਂਦੀ ਸੀ। ਪਰ ਖਾੜਕੂ ਚੜ੍ਹਤ ਦੌਰਾਨ ਬੰਦੂਕ ਦੇ ਘੋੜੇ ਉੱਤੇ ਜਿਸਦਾ ਹੱਥ ਸੀ, ਉਹ, ਪੁਲਿਸ ਦੀ ਤਰਜ਼ ਉੱਤੇ, ਆਪੇ ਹੀ ਜੱਜ, ਆਪੇ ਵਕੀਲ ਅਤੇ ਆਪੇ ਜਲਾਦ ਬਣ ਬੈਠਾ ਸੀ। ਏਸ ਵਿੱਚ ਸ਼ੱਕ ਨਹੀਂ ਕਿ ਜਿਨ੍ਹਾਂ ਮੁਆਮਲਿਆਂ ਵਿੱਚ ਵਿਆਪਕ ਕੌਮੀ ਸਹਿਮਤੀ ਹੋ ਜਾਂਦੀ ਸੀ, ਮਸਲਨ ਨਿਰੰਕਾਰੀ ਮੁੱਖੀ ਵਿਰੁੱਧ, ਉਹਨਾਂ ਵਿੱਚ ਅਜੇਹੀ ਰਸਮ ਦੀ ਲੋੜ ਨਹੀਂ ਸੀ। (ਇਕ ਤਰ੍ਹਾਂ ਨਾਲ ਫੋਗ ਦੇ ਗੋਲੇ ਸੁੱਟਣ ਦੀ ਰਸਮ, ਸ਼੍ਰੋਮਣੀ ਕਮੇਟੀ ਦੇ ਸਫੈਦ ਪੱਤਰ ਅਤੇ ਏਸਦੀ ਸਲਾਹ ਨਾਲ ਜਾਰੀ ਹੁਕਮਨਾਮੇ ਰਾਹੀਂ ਪੂਰੀ ਵੀ ਕੀਤੀ ਜਾ ਚੁੱਕੀ ਸੀ।)
ਫੇਰ ਮਸਲਾ ਸੀ ਕਿ ਨਵੀਂ ਬਣੀ ਸਰਕਾਰ ਦੇ ਕਾਨੂੰਨ ਅਨੁਸਾਰ ਕਿਹੜੇ-ਕਿਹੜੇ ਜ਼ੁਰਮ ਸਨ ਜਿਨ੍ਹਾਂ ਲਈ ਸਜਾਏ ਮੌਤ ਦਿੱਤੀ ਜਾ ਸਕਦੀ ਸੀ? ਏਸ ਦਾ ਖੁਲਾਸਾ ਕਿਸੇ ਨੇ ਨਾ ਕੀਤਾ, ਆਮ ਤੌਰ ਉੱਤੇ ਅਜੇਹੇ ਸਮਿਆਂ ਵਿੱਚ ਸਿਰਫ ਗੱਦਾਰ ਅਤੇ ਕਾਤਲ ਨੂੰ ਇਹ ਸਜ਼ਾ ਕਿਸੇ ਵਿੱਧੀ ਵਿਧਾਨ ਅਨੁਸਾਰ ਦਿੱਤੀ ਜਾ ਸਕਦੀ ਹੈ। ਲੌਂਗੀਆ (ਜਾਂ ਹਰਮਿੰਦਰਸਿੰਘ ਸੰਧੂ) ਨਾ ਗਦਾਰ ਸੀ ਨਾ ਕਾਤਲ। ਅੰਤਮ ਰਸਮਾ ਦਾ ਮਸਲਾ ਵੀ ਓਨਾ ਹੀ ਗੰਭੀਰ ਸੀ। ਸਾਹਿਬ ਦਸਵੇਂ ਪਾਤਸ਼ਾਹ ਨੇ ਉਨ੍ਹਾਂ ਨੂੰ ਮਾਰਨ ਆਏ ਮੁਗਲ ਸੈਨਕਾਂ ਦੀਆਂ ਅੰਤਮ ਰਸਮਾ ਉਹਨਾਂ ਦੇ ਧਾਰਮਿਕ ਅਕੀਦਿਆਂ ਅਨੁਸਾਰ ਕਰਵਾਈਆਂ ਸਨ ਅਤੇ ਉਹਨਾਂ ਨੂੰ ਕਿਆਮਤ ਵਾਲੇ ਦਿਨ ਆਪਣੇ ਪੈਗੰਬਰ ਦੇ ਦਰਸ਼ਨ ਕਰਨ ਲਈ ਪਾਕ ਕਰਕੇ ਸਪੁਰਦੇ ਖਾਕ ਕੀਤਾ ਸੀ। ਭੂਪਿੰਦਰ ਸਿੰਘ ਲੌਂਗੀਏ ਨੂੰ ਸ਼ਹੀਦ ਸਾਹਿਬਜ਼ਾਦਿਆਂ ਦੀ ਅਗੰਮੀ ਸਭਾ ਵਿੱਚੋਂ, ਮਾਤਾ ਗੁਜਰੀ ਦੀ ਸੁਖਾਵੀਂ ਗੋਦ ਵਿੱਚੋਂ ਧੋਖੇ ਨਾਲ ਉਠਾ ਕੇ ਕਤਲ ਕਰਕੇ ਓਸਦੀ ਲਾਸ਼ ਨੂੰ ਗੰਨੇ ਦੇ ਖੇਤ ਵਿੱਚ ਸੁੱਟ ਦਿੱਤਾ ਗਿਆ ਸੀ। ਇਹ ਜ਼ੁਲਮ ਤਾਂ ਵਜ਼ੀਰੇ ਨੂੰ ਮਾਤ ਦੇਣ ਦੇ ਰਾਹ ਤੁਰਦਾ ਜਾਪਦਾ ਹੈ। ਜੇ ਇਹ ਏਨੇ ਸੰਵੇਦਨਾਸ਼ੀਲ ਨਹੀਂ ਸਨ ਤਾਂ ਇਹਨਾਂ ਨੂੰ ਕੌਮੀ ਫੈਸਲੇ ਲੈਣ ਦਾ ਕੀ ਅਧਿਕਾਰ ਸੀ?
ਇਹਨਾਂ ਕੋਲ ਕਤਲ ਦੇ ਅਧਿਕਾਰ ਸਨ ਪਰ ਸਿਰਫ ਉਹਨਾਂ ਹਾਲਤਾਂ ਵਿੱਚ ਸਨ ਜਿਨ੍ਹਾਂ ਵਿੱਚ ਨਿਆਂ ਪ੍ਰਣਾਲੀ ਨਿਆਂ ਨਹੀਂ ਕਰਦੀ ਜਾਂ ਕਿਰਿਆਸ਼ੀਲ ਹੀ ਨਹੀਂ ਹੁੰਦੀ। ਏਸ ਗਾਡੀ ਰਾਹ ਕਈ ਖਾੜਕੂ ਮਨੋਬ੍ਰਿਤੀ ਦੇ ਧਾਰਨੀ ਚੱਲੇ ਜਿਨ੍ਹਾਂ ਵਿੱਚੋਂ ਅਸੀਂ ਬੇਅੰਤ ਸਿੰਘ, ਸਤਵੰਤ ਸਿੰਘ, ਸੁਖੇ, ਜਿੰਦੇ ਨੂੰ ਸਿਰਕੱਢ ਜਾਣ ਸਕਦੇ ਹਾਂ। ਬਹੁਤ ਸਾਰਿਆਂ ਨੇ ਸੌਖੀਆਂ ਡੰਡੀਆਂ ਉੱਤੇ ਚਲਕੇ ਸਿਰਫ ਸਸਤੀ, ਛਿਨਭੰਗਰੀ ਝੂਠੀ ਸ਼ੁਹਰਤ ਦਾ ਮੁਕਾਮ ਹੀ ਹਾਸਲ ਕੀਤਾ। ਇਹਨਾਂ ਨੂੰ ਕੌਮੀ ਸ਼ਾਹਰਾਹ ਤੋਂ ਭਟਕੇ ਗਿਣਕੇ ਅੱਗੋਂ ਲਈ ਸਬਕ ਸਿੱਖਣਾ ਜਾਇਜ਼ ਹੈ।
ਵਿਸਲੇਸ਼ਣ ਕਰਨ ਵਾਲਾ ਕੁਈ ਵੀ ਏਸ ਪੱਖੋਂ ਉਦਾਸ ਹੋਏ ਬਿਨਾਂ ਨਹੀਂ ਰਹਿ ਸਕਦਾ ਕਿ ਬੱਬਰਾਂ ਕੋਲ ਖਾਸ ਕਰਕੇ ਅਤੇ ਬਾਕੀ ਖਾੜਕੂਆਂ ਕੋਲ ਪ੍ਰਬੁੱਧ ਸਿਧਾਂਤਕਾਰਾਂ ਦੀ ਘਾਟ ਜਾਂ ਉੱਕਾ ਅਣਹੋਂਦ ਸੀ। ਤਾਹੀਂਏ ਇਹ ਖਾਲਿਸਤਾਨ ਦੇ ਸੰਕਲਪ ਨੂੰ ਲਫਜ਼ਾਂ ਦੀਆਂ ਝਾੜੀਆਂ ਵਿੱਚੋਂ ਬਾਹਰ ਨਾ ਕੱਢ ਸਕੇ। ਆਖਰ ਇਹਨਾਂ ਕੋਲ ਕੀ ਨਹੀ ਸੀ! ਸਾਹਿਬਾਂ ਦਾ ਬਖਸ਼ਸ਼ ਕੀਤਾ ਮਨੁੱਖੀ ਬ੍ਰਾਬਰੀ, ਔਰਤ-ਮਰਦ ਬਰਾਬਰੀ ਦਾ ਸਿਧਾਂਤ ਸੀ, 'ਪੰਥ' ਦਾ ਅਦੁੱਤੀ ਸੰਕਲਪ ਸੀ ਜੋ ਸੰਸਾਰ ਪੱਧਰ ਉੱਤੇ 'ਨੇਸ਼ਨ' ਦੇ ਸਮਾਂ ਵਿਹਾ ਚੁੱਕੇ ਸੰਕਲਪ ਨੂੰ ਰੱਦ ਕਰ ਕੇ ਨਵੇਂ ਨਵੇਲੇ ਰਾਜਪ੍ਰਬੰਧ ਦਾ ਸੁਨੇਹਾ ਦੇਣ ਦੇ ਕਾਬਲ ਸੀ। ਇਹਨਾਂ ਕੋਲ, ਸੀਸ ਭੇਟ, ਸਰਬੱਤ ਦਾ ਭਲਾ, ਦੇਗ਼-ਤੇਗ਼, ਮੀਰੀ-ਪੀਰੀ, ਦੀਨ ਦਾ ਹਿੱਤ, ਅਕਾਲ ਫ਼ਤਹਿ ਸਭ ਸੰਕਲਪ ਸਨ ਜਿਹਨਾਂ ਨੂੰ ਨੀਂਹ ਦੇ ਪੱਥਰ ਬਣਾ ਕੇ ਬੰਦਾ ਸਿੰਘ ਨੇ ਸਿੱਖ ਸਿਆਸਤ ਦਾ, ਆਉਣ ਵਾਲੇ ਸਰਬ-ਸਾਂਝੇ ਸਮਾਜ ਦਾ, ਅਦੁੱਤੀ ਮਹਿਲ ਉਸਾਰਿਆ ਸੀ। ਮਨੁੱਖਤਾ ਦੇ ਉੱਚਤਮ ਆਦਰਸ਼ਾ ਨੂੰ ਪ੍ਰਚਾਰਨ ਲਈ ਨਿਯਮ-ਬੱਧ ਸਿਆਸੀ ਤਨਜ਼ੀਮਾਂ ਉਸਾਰਨ ਦੀ ਸਮਰੱਥਾ ਵੀ ਗੁਰੂ ਸਿਧਾਂਤ ਨੇ ਇਹਨਾਂ ਨੂੰ ਸਾਰੇ ਸੰਸਾਰ ਤੋਂ ਪਹਿਲਾਂ ਪ੍ਰਦਾਨ ਕਰ ਦਿੱਤੀ ਸੀ। ਸਭ ਤੋਂ ਉੱਤੇ ਇਹਨਾਂ ਕੋਲ ਸਰਬ ਫਲ ਦੇਣ ਵਾਲੀ ਕਾਮਧੇਨੂ ਗੁਰਬਾਣੀ ਸੀ ਜਿਸਦੇ ਅਨੇਕਾਂ ਪਹਿਲੂ ਮਨੁੱਖੀ ਜੀਵਨ ਨੂੰ ਸਰਸ਼ਾਰ ਕਰਨ ਦੇ ਸਿਧਾਂਤਾਂ ਨਾਲ ਸ਼ਹਿਦ ਦੇ ਛੱਤਿਆਂ ਵਾਂਗ ਭਰੇ ਹੋਏ ਸਨ। ਕਿਉਂ ਇਹ ਅਤੇ ਇਹਨਾ ਦੇ ਸਿਧਾਂਤਕਾਰ ਸਰਬ ਕਲਿਆਣਕਾਰੀ ਨਵੇਂ ਆਕਰਸ਼ਕ ਸਿਧਾਂਤ ਅਤੇ ਪ੍ਰਣਾਲੀਆਂ ਸਿਰਜ ਕੇ ਮਨੁੱਖਤਾ ਨੂੰ ਨਾ ਲੁਭਾ ਸਕੇ? ਇਹ ਤਾਂ ਕੇਵਲ ਦੋਸ਼ੀਆਂ ਨੂੰ ਸਜ਼ਾ ਦੇ ਕੇ ''ਨਾ ਕੋ ਬੈਰੀ ਨਹੀ ਬਿਗਾਨਾ'' ਦੇ ਪਰਮ-ਪਾਵਨ ਗੁਰਵਾਕ ਉੱਤੇ ਵੀ ਡੱਟ ਕੇ ਪਹਿਰਾ ਨਾ ਦੇ ਸਕੇ। ਆਖਰ ਏਸ ਸਿਧਾਂਤ ਉੱਤੇ ਚੱਲਣ ਲਈ ਕਿੰਨੇ ਕੁ ਬ੍ਰਹਮ ਗਿਆਨ ਦੀ ਲੋੜ ਸੀ?
ਏਸੇ ਤਰ੍ਹਾਂ ਇਹ ਜਾਣਨ ਵਾਸਤੇ ਤਾਂ ਉੱਕਾ ਹੀ ਵਿਸ਼ੇਸ਼ ਬੰਦੋਬਸਤ ਦੀ ਲੋੜ ਨਹੀਂ ਸੀ ਕਿ ਚੋਣ ਪ੍ਰਣਾਲੀ, ਜੋ ਕਿ ਸਾਰੇ ਸੰਸਾਰ ਵਿੱਚ ਰਾਜ ਕਰਨ ਵਾਲੀ ਜਮਾਤ ਦੀ ਨਿਸ਼ਾਨਦੇਹੀ ਕਰ ਰਹੀ ਹੈ, ਓਸ ਤੋਂ ਬਾਹਰ ਰਹਿਣਾ ਤਾਂ ਆਪ ਗ਼ੁਲਾਮੀ ਦੀ ਪੰਜਾਲੀ ਗੱਲ ਪਾ ਲੈਣ ਬਰਾਬਰ ਹੈ। ਬੱਬਰਾਂ ਉੱਤੇ ਅਤੇ ਸਮੁੱਚੇ ਖਾੜਕੂਤੰਤਰ ਉੱਤੇ ਅਤੇ ਉਹਨਾਂ ਦੇ ਸਲਾਹਕਾਰਾਂ ਉੱਤੇ ਵੱਡਾ ਗੰਭੀਰ ਦੋਸ਼ ਲੱਗਦਾ ਹੈ ਕਿ ਆਪਣੀ ਚੜ੍ਹਤ ਦੇ ਦਿਨੀਂ, ਚੋਣ ਵਿਵਸਥਾ ਵਿੱਚੋਂ ਬਾਹਰ ਰਹਿ ਕੇ ਉਹਨਾਂ ਦੁਸ਼ਮਣ ਜਮਾਤ ਦਾ ਪੱਖ ਪੂਰਿਆ। ਇਹ ਛੋਟਾ-ਮੋਟਾ ਇਲਜ਼ਾਮ ਨਹੀਂ ਅਤੇ ਏਸ ਸ਼ੰਕੇ ਦਾ ਨਿਵਾਰਣ ਅਤਿ ਜ਼ਰੂਰੀ ਹੈ। ਏਸ ਕਸਵੱਟੀ ਉੱਤੇ ਲਾਏ ਬਿਨਾਂ ਅਸੀਂ ਆਪਣੇ ਨਾਇਕ, ਮਹਾਂਨਾਇਕ ਨਹੀਂ ਪ੍ਰਵਾਨ ਕਰ ਸਕਦੇ ਨਾ ਆਉਣ ਵਾਲੇ ਸਮੇਂ ਦੀਆਂ ਆਸਾਂ ਦੇ ਕੇਂਦ੍ਰ ਸਥਾਪਤ ਕਰ ਸਕਦੇ ਹਾਂ। ਇੱਕ ਵਾਰ, ਚੋਣ ਬਾਈਕੌਟ ਦੀ ਮੁਹਿੰਮ ਚਲਾ ਰਹੇ ਗੁਰਚਰਨ ਸਿੰਘ ਟੌਹੜਾ ਨੂੰ ਮੈਂ ਓਸਦੀ ਪ੍ਰੈਸ ਕੌਨਫਰੰਸ ਦੌਰਾਨ ਹੀ ਪੁਛਿਆ ਸੀ, ''ਅੱਜ ਦੁਸ਼ਮਣ ਸਮਝੇ ਜਾਣ ਵਾਲੇ ਵੀ ਏਹੋ ਚਾਹੁੰਦੇ ਹਨ ਕਿ ਤੁਸੀਂ ਸੱਤਾ ਤੋਂ ਬਾਹਰ ਰਹੋ, ਅਤੇ ਤੁਸੀ ਵੀ। ਇਹ ਇਕਸਾਰਤਾ ਦਾ ਕੀ ਅਰਥ ਹੈ?' ਟੌਹੜੇ ਨੇ ਆਪਣੇ ਅੰਦਾਜ਼ ਵਿੱਚ ਜੁਆਬ ਦਿੱਤਾ ਸੀ, 'ਉਹ ਕਿਸੇ ਹੋਰ ਦ੍ਰਿਸਟੀਕੋਣ ਤੋਂ ਚਾਹੁੰਦੇ ਹਨ ਅਸੀਂ ਹੋਰ ਦ੍ਰਿਸ਼ਟੀਕੋਣ ਤੋਂ।' ਇਹ ਸਰਾਸਰ ਗੰਭੀਰ ਦ੍ਰਿਸ਼ਟੀਦੋਸ਼ ਸੀ, 'ਦ੍ਰਿਸ਼ਟੀਕੋਣ' ਨਹੀਂ ਸਨ। ਮੈਂ ਬੇਨਤੀ ਕੀਤੀ, 'ਖਰਬੂਜੇ ਨੂੰ ਕੀ ਫ਼ਰਕ ਪੈਂਦਾ ਹੈ ਕਿ ਉਹ ਛੁਰੀ ਉੱਤੇ ਡਿਗੇ ਜਾਂ ਛੁਰੀ ਓਸ ਉੱਤੇ।' ਇਹ ਸਵਾਲ ਜ਼ੁਆਬ ਅਗਲੇ ਦਿਨ ਪੰਜਾਬੀ ਸਮਕਾਲੀ ਵਿੱਚ ਤਕਰੀਬਨ ਏਵੇਂ ਜਿਵੇਂ ਛਪ ਗਿਆ ਪਰ ਸ਼ਾਇਦ ਕਿਸੇ ਇੱਕ ਜੁਝਾਰੂ ਉੱਤੇ ਵੀ ਅਸਰ-ਅੰਦਾਜ਼ ਨਾ ਹੋ ਸਕਿਆ। ਅੱਜ ਤੱਕ ਵੀ ਇਹ ਸਮਝ ਤੋਂ ਬਾਹਰ ਹੈ ਕਿ ਆਪਣੇ ਆਪ ਨੂੰ ਚੋਣਾਂ ਵਿੱਚੋਂ ਮਨਫੀ ਕਰਕੇ ਨਿਹੱਥੇ, ਨਿਮਾਣੇ, ਪਿੰਗਲੇ ਬਣਾ ਲੈਣਾ ਕਿਥੋਂ ਦੀ ਰਣਨੀਤੀ ਸੀ।
ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ ਕਥਨ ਦੀ ਪਾਲਣਾ ਓਦੋਂ ਹੋਈ ਜਦੋਂ ਚੁਣੇ ਜਾਣ ਦੇ ਬਾਵਜੂਦ ਸਿਮਰਨਜੀਤ ਸਿੰਘ ਮਾਨ ਨੇ ਤਿੰਨ ਫੁੱਟੀ ਕ੍ਰਿਪਾਨ ਦਾ ਬਹਾਨਾ ਬਣਾ ਕੇ ਪਾਰਲਾਮੈਂਟ ਵਿੱਚ ਜਾਣ ਤੋਂ ਇੰਨਕਾਰ ਕਰ ਦਿੱਤਾ। ਚੇਤੇ ਰਹੇ ਕਿ ਮਾਨ ਗਰਮ ਧਿਰਾਂ ਵੱਲੋਂ ਚੁਣਿਆ ਨੇਤਾ ਸੀ ਅਤੇ ਓਸਨੂੰ ਲੋਕਾਂ ਨੂੰ ਨੁਮਾਇੰਦਗੀ ਤੋਂ ਮਹਰੂਮ ਕਰਨ ਦੇ ਏਸ ਵੱਡੇ ਕੁਕਰਮ ਵਿੱਚ ਗਰਮ-ਖਿਆਲੀ ਖਾੜਕੂਆਂ ਦੀ ਹਮਾਇਤ ਹਾਸਲ ਸੀ। ਕ੍ਰਿਪਾਨ ਦੇ ਅੜਿਕੇ ਨੂੰ ਮਹਿਜ ਬਹਾਨੇ ਤੋਂ ਵੱਧ ਕੁਝ ਨਹੀਂ ਜਾਣਿਆ ਜਾ ਸਕਦਾ ਕਿਉਂਕਿ ਅਗਲੀ ਵਾਰੀਂ, ਭੱਤਾ ਭਨਾ ਕੇ (ਤੱਥ ਸਾਰ ਗੁਆ ਕੇ) ਮਾਨ ਬਿਨਾ ਕ੍ਰਿਪਾਨ ਤੋਂ ਓਸੇ ਪਾਰਲਾਮੈਂਟ ਵਿੱਚ ਗਿਆ। ਅਜੇਹੇ ਕੁਕਰਮਾਂ ਦੀ ਹਮਾਇਤ ਕਰਨ ਵਾਲੇ ਬੱਬਰ ਅਤੇ ਖਾੜਕੂ ਕਿੰਨੇ ਕੁ ਕੌਮ ਨੂੰ ਸਮਰਪਤ ਸਨ?
ਅਖਾਰੀ ਸਵਾਲ ਪੈਦਾ ਹੁੰਦਾ ਹੈ ਬੱਬਰਾਂ ਦੇ ਦੇਸ ਵਿਦੇਸ਼ ਵਿੱਚ ਸੰਤ ਜਰਨੈਲ ਸਿੰਘ ਦੇ ਵਾਰਸ ਬਣ ਕੇ ਉਭਰਨ ਤੋਂ। ਪਹਿਲੇ ਕੁਝ ਸਮੇ ਨੂੰ ਛੱਡ ਕੇ, ਜਦੋਂ ਬੱਬਰਾਂ ਦੀ ਅਗਵਾਈ ਭਾਈ ਫੌਜਾ ਸਿੰਘ ਕਰ ਰਹੇ ਸਨ (ਸ਼ਾਇਦ ਉਹ ਓਦੋਂ ਬੱਬਰ ਨਹੀਂ ਸੀ ਅਖਵਾਉਂਦੇ) ਕਦੇ ਵੀ ਸੰਤ ਦਾ ਸਾਥ ਨ ਦੇਣ ਵਾਲੇ, ਓਸਦੀ ਵਿਚਾਰਧਾਰਾ ਨੂੰ ਕਦੇ ਵੀ ਨਾ ਅਪਨਾਉਣ ਵਾਲੇ ਬੱਬਰ ਕਿਸ ਮੰਤਵ ਦੀ ਪੂਰਤੀ ਲਈ ਓਸਦੇ ਵਾਰਸ ਬਣ ਕੇ ਉਭਰੇ? ਸੰਤ ਜਰਨੈਲ ਸਿੰਘ ਨੇ ਲਾਸਾਨੀ ਆਖਰੀ ਮੁਕਾਬਲਾ ਕਰਕੇ ਇੱਕ ਅਜਬ ਜਿੱਤ ਹਾਸਲ ਕੀਤੀ ਸੀ। ਆਪਣੇ ਲੋਕ ਪੱਖੀ ਜੀਵਨ ਜਿਉਣ ਦੌਰਾਨ ਅਤੇ ਆਪਣੀ ਅਦੁੱਤੀ ਸ਼ਹਾਦਤ ਦ੍ਵਾਰਾ ਓਸਨੇ ਸਾਰੀ ਦੁਨੀਆਂ ਨੂੰ ਸਾਫ ਜ਼ਾਹਰ ਕਰ ਦਿੱਤਾ ਸੀ ਕਿ ਸਿੱਖਾਂ ਦੀ ਨਸਲਕੁਸ਼ੀ ਤੇ ਉਤਰਿਆ ਭਾਰਤ ਦਾ ਲੋਕਤੰਤਰ ਮੁਕੰਮਲ ਤੌਰ ਉੱਤੇ ਭ੍ਰਿਸ਼ਟਿਆ ਹੋਇਆ ਅਤੇ ਖੋਖਲਾ ਹੈ। ਓਸਨੇ ਦੱਸ ਦਿੱਤਾ ਸੀ ਕਿ ਕੁਰਬਾਨੀ ਵਾਲਿਆਂ ਨੂੰ ਦੁਰਕਾਰ ਕੇ, ਭੁੱਖੀ ਜਨਤਾ ਦਾ ਢਿਡ ਭਰਨ ਵਾਲਿਆਂ ਨੂੰ ਲਤਾੜ ਕੇ, ਜੰਗਾਂ ਵਿੱਚ ਜੂਝਣ ਵਾਲਿਆਂ ਨੂੰ ਫੌਜੀ ਧੋਂਸ ਨਾਲ ਕੁਚਲ ਕੇ, ਹਿੰਦੀ ਰਾਜ-ਬਣਤਰ ਨੇ ਸਮਾਰਾਜ ਹੋਣ ਦਾ ਸਪੱਸ਼ਟ ਸਬੂਤ ਸੰਸਾਰ ਨੂੰ ਮੁਹੱਈਆ ਕੀਤਾ ਹੈ, ਬੜੀ ਕੂ੍ਰਰਤਾ ਨਾਲ ਏਸਨੇ ਧਰਮ ਦੇ ਸਦੀਵੀ ਸੋਮਿਆਂ ਨੂੰ ਗੰਧਲਾ ਕਰਨ ਲਈ ਤਖ਼ਤ ਢਾਹੇ ਹਨ ਅਤੇ ਹਰਮਿੰਦਰਵਿਨ੍ਹੇ ਹਨ। ਵਿਰਾਸਤ ਹਥਿਆਉਣ ਵਾਲਿਆਂ ਨੇ ਕਿਉਂ ਏਸ ਤੰਦ ਨੂੰ ਏਥੋਂ ਫੜ੍ਹ ਕੇ ਕਹਾਣੀ ਨੂੰ ਅੰਜ਼ਾਮ ਵੱਲ ਨਾ ਤੋਰਿਆ? ਇਹ ਤਾਂ ਉਲਟਾ ਸੰਤ ਦੀ ਵੱਡੀ ਜਿੱਤ ਨੂੰ ਹਾਰ ਬਣਾ ਕੇ ਹੀ ਪੇਸ਼ ਕਰਦੇ ਰਹੇ।
ਹਥਲੇ ਮੁਲਾਂਕਣ ਨੂੰ ਮੁਕੰਮਲ ਕਰਨ ਲਈ ਏਸਦੇ ਇੱਕ ਗੋਰਵਸ਼ਾਲੀ ਪਹਿਲੂ ਉੱਤੇ ਨਜ਼ਰ ਮਾਰਨੀ ਜ਼ਰੂਰੀ ਹੈ। ਇਹ ਐਸਾ ਪੱਖ ਹੈ ਜੋ ਪੰਜਾਬ ਅਤੇ ਸਿੱਖੀ ਦੀ ਸਦੀਆਂ ਲਈ ਨੁਹਾਰ ਬਦਲਣ ਦੇ ਕਾਬਲ ਸੀ। ਪੰਜਾਬ ਦੀ ਤ੍ਰਿਹਾਈ ਧਰਤੀ ਆਪਣੇ ਆਪਾਵਾਰੂ ਪੁਤਰਾਂ ਵੱਲ ਪਾਣੀ ਦਾ ਖਾਲੀ ਛੱਨਾ ਲੈ ਕੇ ਪੁਰਉਮੀਦ ਅੱਖਾਂ ਨਾਲ ਨਿਹਾਰ ਰਹੀ ਸੀ। ਇਹ ਕੰਮ ਵੀ ਬੜਾ ਸੌਖਾ ਸੀ ਅਤੇ ਏਸ ਨੂੰ ਸਿਰੇ ਲਾਉਣ ਲਈ ਘੱਟੋ-ਘੱਟ ਨੱਬੇ ਫੀ ਸਦੀ ਘੱਟ ਖ਼ੂਨ ਡੁਹਲਣ ਦੀ ਲੋੜ ਪੈਣੀ ਸੀ (ਜੇ ਪੈਂਦੀ ਤਾਂ)। ਇਹ ਕਾਰਨਾਮਾ ਏਨਾ ਵੱਡਾ ਸੀ ਕਿ ਏਸ ਨੂੰ ਕਰਨ ਵਾਲਿਆਂ ਦੇ ਨਾਂਅ ਸਹਿਬਨ ਹੀ ਓਸ ਸੁਨੈਹਰੀ ਪੰਨੇ ਉੱਤੇ ਲਿੱਖੇ ਜਾਣੇ ਸਨ ਜਿਸ ਉੱਤੇ ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ, ਸ਼ਾਮ ਸਿੰਘ ਅਟਾਰੀਵਾਲਾ ਅਤੇ ਸੰਤ ਬਾਬਾ ਜਰਨੈਲ ਸਿੰਘ ਮਹਾਂ ਨਾਇਕਾਂ ਦੇ ਲਿੱਖੇ ਹੋਏ ਹਨ। ਏਸ ਕੰਮ ਨੂੰ ਕਰਨ ਵਾਲਿਆਂ ਨੂੰ ਨਾ ਨਿਆਂ, ਨਾ ਕਾਨੂੰਨ, ਨਾ ਇਖਲਾਕ, ਨਾ ਭਵਿਖ ਮਾੜਾ ਆਖ ਸਕਦਾ ਸੀ। ਸਦੀਆਂ ਤੱਕ ਇਹਨਾਂ ਦੇ ਮਹਾਂ ਪਰੋਪਕਾਰੀ ਗਿਣੇ ਜਾਣ ਦਾ ਰਾਹ ਖੁਲ੍ਹਦਾ ਸੀ। ਕਾਰਨਾਮਾ ਅਰਸ਼ਾਂ ਤੇ ਲਿਖਿਆ ਜਾਣਾ ਸੀ: ''ਫਜ਼ਰ ਅਜ਼ਾਨ ਵਿੱਚ ਲਹੂ ਦੀ ਲਾਟ ਹੋ, ਬਿਜਲੀਆਂ ਕੁਫ਼ਰ ਵਿੱਚ ਪਾਉਣੀ ਧਮਾਲ ਵੇ'' ?ਮਹਿਬੂਬ।
ਏਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਇਹਨਾਂ ਕੋਲ ਉਹ ਸਭ ਸਜ਼ੋ-ਸਮਾਨ ਸਨ ਜਿਹਨਾਂ ਦੀ ਜ਼ਰੂਰਤ ਪੈਣੀ ਸੀ। ਜਾਪਦਾ ਇਹ ਹੈ ਕਿ ਇਹਨਾਂ ਨੂੰ ਧੁੰਦਲੀ ਜਿਹੀ ਸੋਝੀ ਵੀ ਏਸ ਕੰਮ ਦੀ ਮਹਾਨਤਾ ਦੀ ਸੀ। ਪਾਠਕਾਂ ਨੇ ਬੁਝ ਲਿਆ ਹੋਵੇਗਾ ਕਿ ਜ਼ਿਕਰ ਪੰਜਾਬ ਦੇ ਦਰਿਆਈ ਪਾਣੀਆਂ ਨੂੰ ਪੰਜਾਬ ਲਈ ਮਹਿਫੂਜ਼ ਕਰਨ ਦਾ ਹੋ ਰਿਹਾ ਹੈ। ਸਤਿਲੁਜ-ਯਮਨਾ ਲਿੰਕ ਨਹਿਰ ਨੂੰ ਰੋਕਣ ਤੋਂ ਜਾਪਦਾ ਹੈ ਕਿ ਬੱਬਰਾਂ ਨੂੰ ਏਸ ਕੰਮ ਦੀ ਅਹਿਮੀਅਤ ਦਾ ਪਤਾ ਸੀ। ਜੇ ਥੋੜ੍ਹੀ ਜਿਹੀ ਹਿੰਮਤ ਹੋਰ ਕਰਦੇ ਤਾਂ ਪੰਜਾਬ ਦੀ ਧਰਤੀ ਨੂੰ ਸਦਾ ਲਈ ਬੰਜਰ ਹੋਣ ਤੋਂ ਅਤੇ ਲੱਖਾਂ ਲੋਕਾਂ ਦੀਆਂ ਕਈ ਪੁਸ਼ਤਾਂ ਨੂੰ ਬਰਬਾਦ ਹੋਣ ਤੋਂ ਇਹ ਬਚਾ ਸਕਦੇ ਸਨ। ਖੁਲ੍ਹ-ਖੁਲ੍ਹ ਕੇ ਨੱਚਣ ਦਾ ਸਮਾਂ ਸੀ ਘੁੰਡ ਕੱਢਕੇ ਨਹੀਂ। ਪਤਾ ਨਹੀਂ ਇਹਨਾਂ ਦੇ ਕਿਹੜੇ ਕੁਲੈਹਣੇ ਸਲਾਹਕਾਰ ਦੀ ਬੁੱਧੀ ਨੂੰ ਗ੍ਰਹਿਣ ਲੱਗ ਗਿਆ ਕਿ ਉਹ ਸਹੀ ਸਲਾਹ ਨਾ ਦੇ ਸਕਿਆ। ਏਦੋਂ ਵੱਧ ਲਿਖਿਆ ਨਹੀਂ ਜਾ ਸਕ ਰਿਹਾ। ਏਸ ਪੜਾ ਉੱਤੇ ਕਲਮ ਸਮੇਤ ਦਰਦ ਵੀ ਕੀਰਨੇ ਪਾਉਣ ਲੱਗ ਪਿਆ ਹੈ।............
''ਪਵਣੁ ਗੁਰੂ ਪਾਣੀ ਪਿਤਾ'' ਵਾਲੇ ਸਲੋਕ ਨੂੰ ਜਾਂ ''ਜਲ ਬਿਨ ਸਾਖ ਕੁਮਲਾਵਤੀ'' ਦੇ ਮਹਾਂਵਾਕ ਉੱਤੇ ਇਹਨਾਂ ਭੋਰਾ ਭਰ ਵੀ ਅਮਲ ਕੀਤਾ ਹੁੰਦਾ ਤਾਂ ਇਹ ਪੰਜਾਬ ਦਾ ਲਹੂ ਜੋ ਪਾਣੀ ਦੀ ਸ਼ਕਲ ਵਿੱਚ ਨਚੋੜ ਕੇ ਗੈਰ-ਰਿਪੇਰੀਅਨ ਸੂਬਿਆਂ ਨੂੰ ਸੰਸਾਰ ਭਰ ਵਿੱਚ ਪ੍ਰਵਾਣਿਤ ਨਿੱਗਰ ਕਾਨੂੰਨ ਦੀ ਹਰ ਮਨਸ਼ਾ ਵਿਰੁੱਧ ਕੇਵਲ ਹਿੱਕ ਦੇ ਧੱਕੇ ਨਾਲ ਖੋਹ ਕੇ ਲੈ ਜਾਇਆ ਜਾ ਰਿਹਾ ਹੈ, ਨੂੰ ਰੋਕਣ ਦੀ ਕੋਸ਼ਿਸ਼ ਕਰਦੇ। ਇਹਨਾਂ ਦੀ ਇਹ ਕੋਸ਼ਿਸ਼ ਯਕੀਨਨ ਸਫ਼ਲ ਹੋਣੀ ਸੀ ਕਿਉਂ ਜੋ ਪਾਣੀ ਹਵਾਈ ਜ਼ਹਾਜਾਂ ਰਾਹੀ ਨਹੀਂ ਬਲਕਿ ਪੰਜਾਬ ਦੀ ਧਰਤ ਨੂੰ ਬੇ-ਰਹਿਮੀ ਨਾਲ ਚੀਰਦੀ ਨਹਿਰ ਰਾਹੀਂ ਲੈ ਜਾਇਆ ਜਾ ਰਿਹਾ ਹੈ। ਪਰ ਸ਼ਾਇਦ ਸੱਚੇ ਸਾਹਿਬ ਨੇ ਇਹਨਾਂ ਨੂੰ ਇਹ ਫ਼ਤਹਿ ਨਹੀਂ ਸੀ ਬਖਸ਼ਣੀ ਤਾਹੀਏ ਤਾਂ:
ਦੇਖੀਏ ਖੂਬੀਏ ਕਿਸਮਤ ਕਿ ਟੂਟੀ ਕਹਾਂ ਕਮੰਦ,
ਜਬਕਿ ਦੋ ਹਾਥ ਲਬੇ ਬਾਮ ਰਹਿ ਗਇਆ। (ਤਾਰਿਆਂ ਭਰੀ ਚੰਗੇਰ, ਵਿੱਚੋਂ)