Saturday, September 18, 2010

'ਚੱਕੀਰਾਹਾ' ਦਰਬਾਰਾ ਸਿੰਘ

ਸਵੇਰੇ-ਸਵੇਰੇ ਬਾਹਰ ਬੈਠ ਕੇ ਚਾਹ ਪੀਣ ਦਾ ਸਮਾਂ ਚੰਡੀਗੜ੍ਹ ਵਿੱਚ ਆ ਗਿਆ ਹੈ। ਮੀਂਹ ਬੰਦ ਹੋ ਗਏ ਹਨ, ਠੰਢ ਉੱਤਰ ਰਹੀ ਹੈ ਅਤੇ ਵੰਨ-ਸੁਵੰਨੇ ਪਰਿੰਦੀਆਂ ਦੇ ਚਹਿਕਣ, ਫੁਦਕਣ, ਵਿਹੜਿਆਂ ਦੇ ਸ਼ਿੰਗਾਰ ਬਣਨ ਦਾ ਵੀ ਏਹੋ ਸਮਾਂ ਹੈ। ਦਿਨ ਦੀ ਭੱਜ-ਦੌੜ ਸ਼ੁਰੂ ਕਰਨ ਤੋਂ ਪਹਿਲਾਂ ਦੇ ਜੋ ਪਲ਼ ਹਨ ਇਹਨਾਂ ਨੂੰ ਮਾਣਨ ਨਾਲ ਹੀ ਦਿਨ ਦੀਆਂ ਠੋਹਕਰਾਂ-ਹਚਕੋਲਿਆਂ ਨਾਲ ਜੂਝਣ ਦੀ ਸਮਰੱਥਾ ਵੱਧ ਜਾਂਦੀ ਹੈ। ਸਾਡੇ ਛੋਟੇ ਜਿਹੇ ਮਕਾਨ ਨਾਲ ਦੇ ਘਾਹ ਵਾਲੇ ਕਿਆਰੇ ਵਿੱਚ ਕਈ ਰੰਗ-ਬਰੰਗੇ ਪੰਛੀ ਆਉਂਦੇ ਹਨ। ਇਹ ਉਹੀ ਹਨ ਜਿਨ੍ਹਾਂ ਬਾਰੇ ਕਦੇ ਗੁਰਬਾਣੀ ਕਹਿੰਦੀ ਹੈ: ''ਚਿੜੀ ਚੁਹਕੀ, ਪਹੁ ਫੁਟੀ, ਵਗਨਿ ਬਹੁਤ ਤਰੰਗ॥ ਅਚਰਜ ਰੂਪ ਸੰਤਨ ਰਚੇ, ਨਾਨਕ ਨਾਮਹਿ ਰੰਗ॥੧॥ (ਸਲੋਕ ਮ: 5; ਪੰਨਾ 319)'' ਅਤੇ ਕਦੇ '' ਫਰੀਦਾ ਹਉ ਬਲਿਹਾਰੀ ਤਿਨ ਪੰਖੀਆ, ਜੰਗਲਿ ਜਿੰਨਾ ਵਾਸੁ ॥ ਕਂਕਰੁ ਚੁਗਨਿ, ਥਲਿ ਵਸਨਿ, ਰਬ ਨ ਛੋਡਨਿ ਪਾਸੁ ॥੧੦੧॥ (ਸਲੋਕ ਸੇਖ ਫਰੀਦ ਕੇ; ਪੰਨਾ 1383)''। ਛੋਟੇ-ਛੋਟੇ, ਪਿਆਰੇ-ਪਿਆਰੇ, ਮਨ ਨੂੰ ਪਹਿਲੀ ਨਜ਼ਰੇ ਮੋਹ ਲੈਣ ਵਾਲੇ ਜਾਨਵਰ ਸਾਨੂੰ ਆਪਣੇ ਬੱਚਿਆਂ ਵਾਂਗ ਲੱਗਦੇ ਹਨ ਜੋ ਕਦੇ ਸਾਡੇ ਵਿਹੜੇ ਦੀ ਇਹਨਾਂ ਵਾਂਗ ਹੀ ਰੌਣਕ ਸਨ ਅਤੇ ਅੱਜ ਜਿਨ੍ਹਾਂ ਕੋਲ ਬੈਠਣ, ਨਿਹਾਰਨ ਦਾ ਸਮਾਂ ਹੀ ਨਹੀਂ। ਸਾਡੇ ਦਰਖਤਾਂ ਉੱਤੇ ਵੱਸਦੇ ਕਾਂਵਾਂ ਅਤੇ ਕਬੂਤਰਾਂ ਦੇ ਬੋਟ ਵੀ ਏਵੇਂ ਕਰਦੇ ਹਨ - ਜਿਸ ਦਿਨ ਉੱਡਣਾ ਸਿੱਖੇ ਓਸੇ ਦਿਨ ਅੱਖਾਂ ਤੋਂ ਓਝਲ।

ਇਹਨਾਂ ਜਾਨਵਰਾਂ ਵਿੱਚ ਇੱਕ ਚੱਕੀਰਾਹਾ ਵੀ ਕਦੇ-ਕਦੇ ਆਉਂਦਾ ਹੈ। ਉਹ ਇੱਕਲਾ ਹੀ ਹੁੰਦਾ ਹੈ ਅਤੇ ਘਾਹ ਵਿੱਚੋਂ ਕੀੜੇ-ਮਕੌੜੇ ਖਾ ਕੇ ਤੁਰੰਤ ਉੱਡ ਜਾਂਦਾ ਹੈ, ਬਾਕੀ ਪਰਿੰਦਿਆਂ ਵਾਂਗ ਅਠਖੇਲੀਆਂ ਨਹੀਂ ਕਰਦਾ। ਓਸ ਦਾ ਨਾਂਅ ਮੈਂ ਦਰਬਾਰਾ ਸਿੰਘ ਰੱਖਿਆ ਹੋਇਆ ਹੈ। ਪੰਜਾਬ ਦਾ ਇੱਕ ਮੁਖ ਮੰਤਰੀ ਦਰਬਾਰਾ ਸਿੰਘ ਹੋਇਆ ਹੈ ਜਿਸ ਨੇ ਏਸ ਪੰਛੀ ਨੂੰ ਪੰਜਾਬ ਦਾ ਕੌਮੀ ਜਾਨਵਰ ਐਲਾਨਿਆ ਸੀ। ਦਰਬਾਰਾ ਸਿੰਘ ਨੇ ਪੰਜਾਬੀਆਂ ਦੇ ਮਨਪਸੰਦ ਅਤੇ ਇਹਨਾਂ ਦੇ ਜੁਝਾਰੂ ਕਿਰਦਾਰ ਦੇ ਪ੍ਰਤੀਕ, ਬਦੀ ਨਾਲ ਜੂਝਣ ਲਈ ਸਦਾ ਤਤਪਰ ਬਾਜ਼ ਨੂੰ ਛੱਡ ਕੇ ਚੱਕੀਰਾਹੇ ਨੂੰ ਇਹ ਮਾਣ ਦਿੱਤਾ ਸੀ। ਸ਼ਾਇਦ ਏਸ ਦਾ ਇਹ ਸੰਕੇਤ ਸਿੱਖ-ਵਿਰੋਧੀਆਂ ਨੂੰ ਇਹ ਸੁਨੇਹਾ ਦੇਣ ਲਈ ਸੀ ਕਿ ਦਰਬਾਰਾ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਸਿੱਖ-ਵਿਰੋਧੀ ਖੇਮੇ ਵਿੱਚ ਖੜ੍ਹਾ ਨਜ਼ਰ ਆਉਣਾ ਚਾਹੀਦਾ ਹੈ। ਦਰਬਾਰਾ ਸਿੰਘ ਜਿੱਥੋਂ ਤੱਕ ਵੀ ਪਹੁੰਚਿਆ ਏਸੇ ਫ਼ਲਸਫ਼ੇ ਦੀ ਪਉੜੀ ਚੜ੍ਹ ਕੇ ਪਹੁੰਚਿਆ ਸੀ ਜਿਵੇਂ ਕਿ ਗਿਆਨੀ ਜ਼ੈਲ ਸਿੰਘ ਸਿੱਖ-ਪੱਖੀ ਹੋਣ ਦੀ ਦਿੱਖ ਬਣਾ ਕੇ।

ਦਰਬਾਰਾ ਸਿੰਘ ਬਾਕੀ ਸਿੱਖ ਕੌਂਗਰਸੀ ਨੇਤਾਵਾਂ ਵਾਂਗ, ਕਦੇ ਅਕਾਲੀ ਦਲ ਵਿੱਚ ਨਹੀਂ ਸੀ ਰਿਹਾ ਅਤੇ ਏਸ ਨਾਤੇ ਆਪਣੇ-ਆਪ ਨੂੰ ਕੱਟੜ ਸਿੱਖ-ਵਿਰੋਧੀ ਸਮਝਦਾ ਸੀ। ਏਸੇ ਨਾਤੇ ਉਹ ਸਿੱਖਾਂ ਨੂੰ ਤ੍ਰਿਸਕਾਰਨ ਅਤੇ ਸਿੱਖ ਨੇਤਾਵਾਂ ਨੂੰ ਭੰਡਣ ਦਾ ਵੀ ਹੱਕਦਾਰ ਆਪਣੇ-ਆਪ ਨੂੰ ਜਾਣਦਾ ਸੀ। ਉਹ ਆਪਣੇ-ਆਪ ਨੂੰ ਅੰਮ੍ਰਿਤਧਾਰੀ, ਕ੍ਰਿਪਾਨਧਾਰੀ ਸਿੱਖ ਪ੍ਰਗਟ ਕਰਦਾ ਸੀ। ਇੱਕ ਵਾਰੀ ਮੇਰੇ ਨਾਲ ਇੱਕ ਵਾਰਤਾਲਾਪ ਵਿੱਚ ਓਸ ਨੇ ਦਰਬਾਰ ਸਾਹਿਬ ਦੇ ਸਰੋਵਰ ਦੀ ਹੰਸਲੀ ਨੂੰ ਨਵੇਂ ਸਿਰੇ ਤੋਂ ਜ਼ਮੀਨਦੋਜ਼ ਬਣਾ ਕੇ ਸਾਫ਼ ਪਾਣੀ ਸਰੋਵਰ ਤੱਕ ਪਹੁੰਚਾਣ ਦੀ ਗੱਲ ਵੀ ਕੀਤੀ ਸੀ। ਏਹ ਓਸ ਦੀ ਅਕਾਲੀ ਵਿਰੋਧ ਨੂੰ ਖੁੰਢਾ ਕਰਨ ਦੀ ਚਾਲ ਹੀ ਸੀ ਤਾਂਹੀਏਂ ਤਾਂ ਉਹ ਏਸ ਕਉਲ ਨੂੰ ਸਿਰੇ ਨ ਚਾੜ੍ਹ ਸਕਿਆ।

ਪਹਿਲੋ-ਪਹਿਲ ਮੈਂ ਦਰਬਾਰਾ ਸਿੰਘ ਨੂੰ ਏਸ ਦੇ ਮਾਸਟਰ ਤਾਰਾ ਸਿੰਘ ਵਿਰੋਧੀ ਛਪਦੇ ਬਿਆਨਾਂ ਤੋਂ ਜਾਣਨਾ ਸ਼ੁਰੂ ਕੀਤਾ। ਮਾਸਟਰ ਦੇ ਹੋਰ ਵੀ ਬਥੇਰੇ ਵਿਰੋਧੀ ਸਨ ਪਰ ਏਸ ਦੇ ਬਿਆਨ ਖ਼ਾਸ ਜ਼ਹਿਰੀਲੇ ਹੁੰਦੇ ਸਨ। ਏਸੇ ਨੇ ਹੀ ਸਭ ਤੋਂ ਪਹਿਲਾਂ ਮਾਸਟਰ ਨੂੰ ਪਾਕਿਸਤਾਨ ਦਾ ਏਜੰਟ ਦੱਸਣਾ ਸ਼ੁਰੂ ਕੀਤਾ ਅਤੇ ਓਸ ਦੀ ਨਨਕਾਣਾ ਸਾਹਿਬ ਫੇਰੀ ਨੂੰ ਵੀ ਹਿੰਦੋਸਤਾਨ ਵਿਰੁੱਧ ਛੜਯੰਤਰ ਘੜਨ ਦਾ ਬਹਾਨਾ ਦੱਸਿਆ। ਤਾਰਾ ਸਿੰਘ ਹੋਰ ਕੁਝ ਵੀ ਰਿਹਾ ਹੋਵੇ, ਉਹ ਨਾ ਹਿੰਦੂ-ਵਿਰੋਧੀ ਸੀ ਨਾ ਹਿੰਦੋਸਤਾਨ ਦਾ ਕੁਈ ਨੁਕਸਾਨ ਕਰਨਾ ਚਾਹੁੰਦਾ ਸੀ। ਦਰਬਾਰਾ ਸਿੰਘ ਤਾਂ ਸਿਰਫ਼ ਆਪਣੀ ਸਿੱਖ-ਵਿਰੋਧੀ ਛਬੀ ਨੂੰ ਪਾਣ ਦੇ ਰਿਹਾ ਸੀ ਤਾਂ ਕਿ ਓਸ ਦੇ ਆਕਾ ਪ੍ਰਸੰਨ ਰਹਿਣ।

ਪੜ੍ਹਾਈ ਖ਼ਤਮ ਕਰ ਕੇ ਮੈਂ ਇਤਿਹਾਸ ਪੜ੍ਹਾਉਣ ਲੱਗਿਆ ਤਾਂ ਖ਼ਾਲਸਾ ਕੌਲਿਜ ਜਲੰਧਰ ਇੱਕ ਸਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ। ਜਲੰਧਰ ਨੇ ਕਈ ਫ਼ਖਰ ਕਰਨਯੋਗ ਦੋਸਤੀਆਂ ਮੇਰੀ ਝੋਲੀ ਪਾਈਆਂ। ਉਹਨਾਂ ਵਿੱਚੋਂ ਇੱਕ ਦੋਸਤ ਸੀ ਪ੍ਰੋਫ਼ੈਸਰ ਅਮਰੀਕ ਸਿੰਘ ਜਿਸ ਨੂੰ ਮੈਂ ਸਭ ਤੋਂ ਵੱਧ ਸਾਫ਼ ਦਿਲ ਅਤੇ ਕੌਮ ਦਾ ਨਿਰਸਵਾਰਥ ਸੇਵਕ ਜਾਣਿਆ। ਓਸ ਵਿੱਚ ਔਗੁਣ ਇੱਕ ਹੀ ਸੀ ਪਰ ਉਹ ਬਾਕੀ ਸਾਰੇ ਦਾ ਸਾਰਾ ਗੁਣਾਂ ਦਾ ਪਟਾਰਾ ਸੀ। ਉਹ ਦਰਬਾਰਾ ਸਿੰਘ ਦੇ ਪਿੰਡ ਨੇੜੇ ਦਾ ਸੀ ਅਤੇ ਓਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਓਸ ਨੇ ਇੱਕ ਦਿਨ ਮੈਨੂੰ ਆਖਿਆ ਕਿ ਦਰਬਾਰਾ ਸਿੰਘ ਕੋਲ ਉਹ ਕਈ ਵਾਰ ਮੇਰਾ ਜ਼ਿਕਰ ਕਰ ਚੁੱਕਾ ਹੈ ਅਤੇ ਨੇਤਾ ਜੀ ਮੈਨੂੰ ਮਿਲਣ ਦੇ ਚਾਹਵਾਨ ਹਨ।

ਇਹ ਉਹ ਦਿਨ ਸਨ ਜਦੋਂ ਕਿ ਮੈਂ ਆਈ.ਪੀ.ਐਸ. ਲਈ ਚੁਣਿਆ ਗਿਆ ਸੀ। ਮੇਰੇ ਕੋਲ ਜੀਪ ਹੁੰਦੀ ਸੀ। ਅਸੀਂ ਦਿੱਲੀ ਜਾ ਕੇ ਦਰਬਾਰਾ ਸਿੰਘ ਨੂੰ ਮਿਲੇ। ਓਸ ਵੇਲੇ ਮੈਨੂੰ ਤਾ ਪਤਾ ਨਹੀਂ ਸੀ ਪਰ ਦਰਬਾਰਾ ਸਿੰਘ ਨੂੰ ਪਤਾ ਸੀ ਕਿ ਮੇਰੇ ਚੰਗੇ ਨੰਬਰ ਆਏ ਹਨ। ਓਸ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਮੇਰਾ ਪੰਜਾਬ ਕਾਡਰ ਵਿੱਚ ਆਉਣ ਦਾ ਰਾਹ ਪੱਧਰਾ ਕਰੇਗਾ। ਦਰਬਾਰਾ ਸਿੰਘ ਓਸ ਵੇਲੇ ਕੌਂਗਰਸ ਦੀ ਵਰਕਿੰਗ ਕਮੇਟੀ ਦਾ ਮੈਂਬਰ ਸੀ ਅਤੇ ਲੋਕ ਸਮਝਦੇ ਸਨ ਕਿ ਇਹ ਸਿਆਸੀ ਪੱਖੋਂ ਬੜਾ ਤਾਕਤਵਰ ਅਹੁਦਾ ਹੈ। ਦਸ ਕੁ ਦਿਨਾਂ ਬਾਅਦ ਮੈਨੂੰ ਦਰਬਾਰਾ ਸਿੰਘ ਦੀ ਤਾਰ ਵੀ ਆ ਗਈ ਕਿ ਓਸ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਓਸ ਨੇ ਮੈਨੂੰ ਪੰਜਾਬ ਆਉਣ ਦੀ ਵਧਾਈ ਵੀ ਦਿੱਤੀ। ਬਾਅਦ ਵਿੱਚ ਪਤਾ ਚੱਲਿਆ ਕਿ ਸ਼ਾਇਦ ਏਸ ਦੀ ਇਹ ਕਿਆਸ ਅਰਾਈ ਉੱਤੇ ਆਧਾਰਤ ਮਹਿਜ਼ ਪੇਸ਼ੀਨਗੋਈ ਹੀ ਸੀ। ਏਥੇ ਆਉਣ ਦਾ ਅਧਿਕਾਰੀ ਹੋਣ ਦੇ ਬਾਵਜੂਦ ਨਾ ਆ ਸਕਣ ਕਰ ਕੇ ਮੈਂ ਪੁਲਿਸ ਦੀ ਨੌਕਰੀ ਛੱਡ ਕੇ ਆਈ.ਏ.ਐਸ. ਦੀ ਨੌਕਰੀ ਲੈ ਲਈ ਸੀ।

ਜਦੋਂ ਦਰਬਾਰਾ ਸਿੰਘ ਨਾਲ ਦੁਬਾਰਾ ਵਾਹ ਪਿਆ ਤਾਂ ਇਹ ਪੰਜਾਬ ਦਾ ਮੁੱਖ ਮੰਤਰੀ ਬਣ ਚੁੱਕਿਆ ਸੀ। ਮੈਂ ਓਸ ਵੇਲੇ ਪੰਜਾਬ ਵਿੱਚ ਹੀ ਕੰਮ ਕਰ ਰਿਹਾ ਸਾਂ। ਦਰਬਾਰਾ ਸਿੰਘ ਅਜੇ ਮੁੱਖ ਮੰਤਰੀ ਬਣਿਆ ਹੀ ਸੀ। ਏਸ ਦੇ ਵਿਰੁੱਧ ਕੁਲਦੀਪ ਸਿੰਘ ਵਡਾਲਾ ਨੇ ਚੋਣ ਅਵੈਧ ਕਰਾਰ ਦੇਣ ਦਾ ਮੁਕੱਦਮਾ ਕੀਤਾ ਹੋਇਆ ਸੀ। ਕਿਸੇ ਨੇ ਏਸ ਸਿਲਸਿਲੇ ਵਿੱਚ ਉਸ ਨੂੰ ਮਿਲਣਾ ਸੀ ਅਤੇ ਮੈਨੂੰ ਦੂਰੋਂ-ਨੇੜਿਓਂ ਓਸ ਦਾ ਰਿਸ਼ਤੇਦਾਰ ਸਮਝ ਕੇ ਉਹ ਮੈਨੂੰ ਆਪਣੇ ਨਾਲ ਲੈ ਗਿਆ। ਅਸੀਂ ਦਰਬਾਰਾ ਸਿੰਘ ਦੇ ਨਿੱਜੀ ਮਕਾਨ ਉੱਤੇ ਹੀ ਮਿਲੇ। ਦਰਬਾਰਾ ਸਿੰਘ ਨੇ ਆਪਣੇ ਖ਼ਾਨਦਾਨ ਦੀ ਅਮੀਰੀ ਸਥਾਪਤ ਕਰਨ ਲਈ ਕਈ ਗੱਲਾਂ ਕੀਤੀਆਂ; ਖ਼ਾਸ ਤੌਰ ਉੱਤੇ ਦੱਸਿਆ ਕਿ ਕਿਵੇਂ ਓਸ ਦੇ ਪਿਉ ਨੇ ਵੱਡਾ ਖ਼ਜ਼ਾਨਾ ਇਕੱਤਰ ਕੀਤਾ ਸੀ। ਅਮਰੀਕ ਸਿੰਘ ਵਰਗੇ ਜਾਣਕਾਰ ਲੋਕਾਂ ਦਾ ਆਖਣਾ ਸੀ ਕਿ ਇਹ ਓਸ ਦੀ ਗ਼ਲਤ-ਬਿਆਨੀ ਸੀ।

ਅਸੀਂ ਤਿੰਨੇ ਪਿਛਲੇ ਵਰਾਂਡੇ ਵਿੱਚ ਬੈਂਤ ਦੀਆਂ ਸਾਬਤ ਕੁਰਸੀਆਂ ਉੱਤੇ ਬੈਠੇ ਸਾਂ। ਇੱਕ ਲੱਤ-ਟੁੱਟੀ ਹੋਈ ਇੱਕ ਹੋਰ ਕੁਰਸੀ ਕੋਲ ਹੀ ਪਈ ਸੀ। ਗੱਪ-ਸ਼ੱਪ ਦੌਰਾਨ ਇੱਕ ਮਧਰਾ ਜਿਹਾ ਕੌਂਗਰਸੀ ਖੱਦਰ ਦੇ ਕੁੜਤੇ-ਪਜਾਮੇ ਵਿੱਚ ਬੜੀ ਮੋਟੀ ਜਿਹੀ ਫ਼ਾਈਲ ਚੁੱਕੀ ਦਰਵਾਜ਼ਾ ਖੋਲ੍ਹ ਕੇ ਆਉਣ ਦੀ ਇਜਾਜ਼ਤ ਕਈ ਵਾਰ ਮੰਗ ਚੁੱਕਿਆ ਸੀ। ਦਰਬਾਰਾ ਸਿੰਘ ਝਿੜਕਣ ਦੇ ਲਹਿਜੇ ਵਿੱਚ ਓਸ ਨੂੰ ਆਖ ਚੁੱਕਿਆ ਸੀ ਕਿ 'ਬੜੀ ਜ਼ਰੂਰੀ ਗੱਲਬਾਤ ਹੋ ਰਹੀ ਹੈ, ਅਜੇ ਨਹੀਂ।' ਆਖ਼ਰ ਉਹ ਜ਼ਬਰਦਸਤੀ ਆ ਹੀ ਗਿਆ ਅਤੇ ਹਲੀਮੀ ਨਾਲ ਆ ਕੇ ਦਰਬਾਰਾ ਸਿੰਘ ਦੀ ਕੁਰਸੀ ਕੋਲ ਖੜ੍ਹਾ ਹੋ ਗਿਆ। ਮੋਟੀ ਮਿਸਲ ਦੇ ਭਾਰ ਨਾਲ ਹੀ ਉਹ ਦੱਬਿਆ ਜਾ ਰਿਹਾ ਸੀ। ਦਰਬਾਰਾ ਸਿੰਘ ਨੇ ਓਸ ਦੀ ਝੋਲੀ ਦੀ ਕੰਨੀ ਫੜ ਲਈ ਅਤੇ ਦੋ ਕੁ ਝਟਕੇ ਦੇ ਕੇ ਓਸ ਨੂੰ ਆਖਣ ਲੱਗਾ:, ''ਕੀ ਇਹ ਲੰਡਾ ਜਿਹਾ ਝੱਗਾ ਪਾਈ ਫ਼ਿਰਦਾ ਹੈਂ! ਐਸ ਉਮਰ ਵਿੱਚ ਆਪਾਂ ਨੰਗ ਵਖਾਉਂਦੇ ਚੰਗੇ ਲੱਗਦੇ ਹਾਂ! ਕੁਈ ਚੱਜ ਦਾ ਕੁੜਤਾ ਹੀ ਸਵਾ ਲੈ।''

ਮੇਰੇ ਨਾਲ ਵਾਲੇ ਨੇ ਹੌਲੀ ਜਿਹੇ ਦੱਸਿਆ ਕਿ ਇਹ ਵਜ਼ੀਰ ਹੈ। ਮੈਂ ਸਰਕਾਰੀ ਨੌਕਰ ਸਾਂ, ਏਸ ਲਈ ਝੱਟ ਉੱਠ ਕੇ ਓਸ ਨੂੰ ਕੁਰਸੀ ਉੱਤੇ ਬੈਠਣ ਲਈ ਬੇਨਤੀ ਕੀਤੀ। ਦਰਬਾਰਾ ਸਿੰਘ ਨੇ ਖਫ਼ਾ ਜਿਹਾ ਹੋ ਕੇ ਓਸ ਨੂੰ ਟੁੱਟੀ ਲੱਤ ਵਾਲੀ ਕੁਰਸੀ ਉੱਤੇ ਬੈਠਣ ਦਾ ਇਸ਼ਾਰਾ ਕੀਤਾ। ਉਹ ਬੈਠ ਕੇ ਆਖਣ ਲੱਗਾ, 'ਜੀ, ਇਹ ਫ਼ਾਈਲ ਬੜੀ ਅਹਿਮ ਹੈ, ਤੁਰੰਤ ਕੱਢਣੀ ਹੈ। ਏਸ ਲਈ ਆਪ ਨੂੰ ਜ਼ਹਿਮਤ ਦਿੱਤੀ ਹੈ।' ਦਰਬਾਰਾ ਸਿੰਘ ਦਾ ਜੁਆਬ ਸੀ, 'ਤੈਨੂੰ ਕੀ ਪਤਾ ਮਿਸਲਾਂ ਕੀ ਹੁੰਦੀਆਂ ਹਨ ਅਤੇ ਅਹਿਮ ਮਸਲੇ ਕੀ। ਤੂੰ ਫ਼ਾਈਲ ਏਥੇ ਰੱਖ ਦੇ। ਤੇਰੇ ਸਮਝ ਆਉਣ ਵਾਲੀ ਗੱਲ ਨਹੀਂ। ਮੈਂ ਆਪੇ ਵੇਖ ਲਵਾਂਗਾ।' ਮੈਨੂੰ ਬੜੀ ਹੈਰਾਨੀ ਹੋਈ ਕਿ ਮੰਤਰੀ ਵਿਚਾਰਿਆਂ ਦਾ ਇਹ ਰੁਤਬਾ ਹੁੰਦਾ ਹੈ।

ਦੂਜੀ, ਤੀਜੀ ਅਤੇ ਚਉਥੀ ਮੁਲਾਕਾਤ ਮੇਰੀ ਦਰਬਾਰਾ ਸਿੰਘ ਨਾਲ ੳਸ ਦੇ ਮੁੱਖ ਮੰਤਰੀ ਨਿਵਾਸ ਉੱਤੇ ਹੋਈ। ਇਹ ਮੁਲਾਕਾਤਾਂ ਰਾਤ ਨੂੰ ਦਸ-ਗਿਆਰਾਂ ਵਜੇ ਸ਼ੁਰੂ ਹੁੰਦੀਆਂ ਸਨ ਅਤੇ ਰਾਤ ਦੇ ਇੱਕ-ਡੇਢ ਵਜੇ ਤੱਕ ਚੱਲਦੀਆਂ ਸਨ। ਦਰਬਾਰਾ ਸਿੰਘ ਗ੍ਰਹਿ ਮੰਤਰਾਲੇ ਦੀਆਂ ਉਹਨਾਂ ਮਿਸਲਾਂ ਨਾਲ ਲੈਸ ਹੁੰਦਾ ਸੀ ਜਿਨ੍ਹਾਂ ਉੱਤੇ ਮੈਂ ਆਪਣੇ ਸਮੇਂ ਦੌਰਾਨ ਕਈ ਅਹਕਾਮ ਦਰਜ ਕੀਤੇ ਸਨ। ਉਹ ਮੇਰੇ ਕੋਲੋਂ ਵੇਰਵਾ ਮੰਗਦਾ ਅਤੇ ਮੈਂ ਓਸ ਨੂੰ ਦੱਸੀ ਜਾਂਦਾ। ਓਸ ਨੂੰ ਢਾਈ ਰਾਤਾਂ ਉਹ ਕੁਝ ਨ ਲੱਭਾ ਜਿਸ ਦੀ ਓਸ ਨੂੰ ਤਲਾਸ਼ ਸੀ। ਆਖਰ ਮੈਂ ਆਖਿਆ, ''ਮੁੱਖ ਮੰਤਰੀ ਜੀ। ਕਿਸੇ ਮਿਸਲ ਵਿੱਚ ਕੁਈ ਫ਼ੈਸਲਾ ਗ਼ਲਤ ਨਹੀਂ। ਕਿਸੇ ਵੀ ਮਿਸਲ ਨੇ ਮੇਰੀ ਮੇਜ਼ ਉੱਤੇ ਕੁਝ ਘੰਟਿਆਂ ਤੋਂ ਵੱਧ ਆਰਾਮ ਨਹੀਂ ਕੀਤਾ; ਇਮਾਨਦਾਰੀ ਪੱਖੋਂ ਮੇਰਾ ਦਾਅਵਾ ਹੈ ਕਿ ਜੇ ਮੇਰੇ ਵਿਰੁੱਧ ਸਰਕਾਰੀ ਦਵਾਤ ਵਿੱਚੋਂ ਨਿੱਜੀ ਪੈੱਨ ਭਰਨ ਦਾ ਵੀ ਇਲਜ਼ਾਮ ਲੱਗ ਸਕੇ ਤਾਂ ਮੈਂ ਸ਼ਰਮਸਾਰ ਹੋ ਕੇ ਆਪੇ ਅਸਤੀਫ਼ਾ ਦੇ ਜਾਵਾਂਗਾ। ਤੁਸੀਂ ਇਹਨਾਂ ਮਿਸਲਾਂ ਵਿੱਚੋਂ ਕੀ ਲੱਭਦੇ ਹੋ?'' ਦਰਬਾਰਾ ਸਿੰਘ ਨੇ ਐਨਕਾਂ ਵਿੱਚੋਂ ਅੱਖਾਂ ਉਤਾਂਹ ਚੁੱਕ ਮੇਰੇ ਵੱਲ ਵੇਖਿਆ ਅਤੇ ਫ਼ੇਰ ਚੱਕੀ ਰਾਹੇ ਦੇ ਘਾਹ ਵਿੱਚੋਂ ਕੀੜੇ ਤਲਾਸ਼ਣ ਵਾਂਗ ਮਿਸਲਾਂ ਫਰੋਲਣ ਵਿੱਚ ਰੁੱਝ ਗਿਆ।

ਇਹਨਾਂ ਤਿੰਨ ਰਾਤਾਂ ਵਿੱਚ ਮੈਂ ਕਈ ਹੋਰ ਵੀ ਦ੍ਰਿਸ਼ਟਾਂਤ ਵੇਖੇ। ਇਹਨਾਂ ਵਿੱਚੋਂ ਦੋ ਜ਼ਿਕਰਯੋਗ ਹਨ। ਇੱਕ ਤਾਂ ਸਾਧਾਰਨ ਹੀ ਸੀ। ਇੱਕ ਨੀਮ ਸਿਆਸਤਦਾਨ ਦੀ ਨਿਹਾਇਤ ਖ਼ੂਬਸੂਰਤ ਪਤਨੀ ਰਾਤੀਂ ਸਾਢੇ ਬਾਰਾਂ ਦੇ ਕਰੀਬ ਦਰਬਾਰਾ ਸਿੰਘ ਨੂੰ ਮਿਲਣ ਵਾਸਤੇ ਆ ਗਈ। ਅੰਦਰ ਸੁਨੇਹਾ ਆਇਆ। ਦਰਬਾਰਾ ਸਿੰਘ ਮੱਠੇ ਜਿਹੇ ਤੈਸ਼ ਵਿੱਚ ਆ ਗਿਆ। 'ਕੀ ਜ਼ਰੂਰੀ ਕੰਮ ਹੈ ਏਸ ਨੂੰ। ਦਿਨੇ ਕਿਉਂ ਨਹੀਂ ਆਈ। ਏਸ ਦੇ ਕੰਮ ਅੱਧੀ ਰਾਤ ਹੀ ਹੁੰਦੇ ਹਨ। ਜਾਹ ਆਖ ਦੇ, ਦਿਨ ਚੜ੍ਹੇ ਆ ਜਾਵੇ। ਮੈਂ ਜ਼ਰੂਰੀ ਕੰਮ ਕਰ ਰਿਹਾ ਹਾਂ।' ਏਨਾਂ ਕੁਝ ਆਖ ਕੇ ਮੇਰੇ ਵੱਲ ਮੂੰਹ ਕੀਤਾ, 'ਆ ਜਾਂਦੀਆਂ ਹਨ ਅੱਧੀ ਰਾਤ ਵੱਡੇ ਕੰਮ ਵਾਲੀਆਂ!' ਮੇਰਾ ਚੁੱਪ ਰਹਿਣਾ ਹੀ ਬਣਦਾ ਸੀ, ਸੋ ਚੁੱਪ-ਚਾਪ ਜਗਤ ਤਮਾਸ਼ਾ ਵੇਖਦਾ ਰਿਹਾ ਅਤੇ ਮਨ ਵਿੱਚ ਤੋਲਦਾ ਰਿਹਾ ਕਿ ਏਸ ਦਾ ਤੈਸ਼ (ਅਲਬੱਤਾ ਬਹੁਤ ਹੀ ਮੱਠੇ) ਵਿੱਚ ਆਉਣਾ ਕਿੰਨਾ ਕੁ ਸਹੀ ਸੀ, ਕਿੰਨਾ ਕੁ ਦਰਸ਼ਕ- ਗੈਲਰੀ ਵਿੱਚ ਬੈਠੇ ਨੂੰ ਮੈਨੂੰ ਗੁੰਮਰਾਹ ਕਰਨ ਲਈ।

ਇੱਕ ਹੋਰ ਰਾਤ ਦੀ ਗੱਲ ਹੈ ਕਿ ਇੱਕ ਚਾਪਲੂਸ ਕਿਸਮ ਦਾ ਐਸ.ਐਸ.ਪੀ. ਵਰਦੀ ਪਾ ਕੇ ਅੱਧੀ ਰਾਤੀਂ ਆਇਆ ਅਤੇ ਆਉਂਦੇ ਸਾਰ ਬੜੇ ਖਲੂਸ ਨਾਲ ਓਸ ਨੇ ਸਲੂਟ ਮਾਰਿਆ। ਓਸ ਨੇ ਕਿਸੇ ਮਿਸਲ ਉੱਤੇ ਦਰਬਾਰਾ ਸਿੰਘ ਦੇ ਹੁਕਮ ਲੈਣੇ ਸਨ। ਉਹ ਮਿਸਲ ਵਿਖਾਉਣ ਲਈ ਮੁੱਖ ਮੰਤਰੀ ਦੇ ਸੋਫ਼ੇ ਕੋਲ ਗੋਡਿਆਂ ਪਰਨੇ ਹੋ ਕੇ ਜ਼ਮੀਨ ਉੱਤੇ ਬੈਠ ਗਿਆ ਅਤੇ ਆਪਣੇ ਦੋਨਾਂ ਹੱਥਾਂ ਨੂੰ ਸਟੂਲ ਬਣਾ ਕੇ ਓਸ ਨੇ ਕਾਗ਼ਜ਼ ਮੁੱਖ ਮੰਤਰੀ ਨੂੰ ਪੇਸ਼ ਕੀਤੇ। ਪਤਾ ਨਹੀਂ ਉਹ ਕੀ ਮਿਸਲ ਸੀ ਅਤੇ ਕਿਵੇਂ ਇੱਕ ਐਸ.ਐਸ.ਪੀ. ਨੂੰ ਇਹ ਅਧਿਕਾਰ ਸੀ ਕਿ ਉਹ ਮੁੱਖ ਮੰਤਰੀ ਕੋਲੋਂ ਏਸ ਤਰ੍ਹਾਂ ਦਸਤਖ਼ਤ ਕਰਵਾ ਲਵੇ ਪਰ ਮੇਰਾ ਕੰਮ ਤਾਂ ਕੇਵਲ ਜਗਤ ਤਮਾਸ਼ਾ ਵੇਖਣ ਦਾ ਸੀ। ਰੋਂਦੇ ਦਿਲ ਅਤੇ ਹੈਰਾਨ ਅੱਖਾਂ ਨਾਲ ਮੈਂ ਦੇਖਦਾ ਰਿਹਾ। ਮੈਨੂੰ ਥੋੜ੍ਹਾ ਜਿਹਾ ਆਤਮ-ਚਿੰਤਨ ਦਾ ਮੌਕਾ ਵੀ ਮਿਲਿਆ। ਅਫ਼ਸਰ ਤਾਂ ਮੁੱਖ ਮੰਤਰੀਆਂ ਨਾਲ ਏਸ ਤਰ੍ਹਾਂ ਪੇਸ਼ ਆਉਂਦੇ ਹਨ ਅਤੇ ਮੈਂ ਬਰਾਬਰ ਸੋਫ਼ੇ ਉੱਤੇ ਚੜ੍ਹ ਕੇ ਬੈਠਾ ਹੋਇਆ ਹਾਂ। ਮੈਂ ਆਪਣੇ-ਆਪ ਨੂੰ ਆਖਿਆ,''ਕਰ ਲੈ ਕਮਰਕੱਸੇ ਵੱਡਿਆ ਅਣਖੀਆ! ਤੇਰੇ ਨਾਲ ਭਲੀ ਨਹੀਂ ਗੁਜ਼ਰਨ ਲੱਗੀ! ਏਥੇ ਤਾਂ ਵੱਡੇ-ਵੱਡੇ ਅਫ਼ਸਰਾਂ ਦੀ ਹੈਸੀਅਤ ਮੂੜ੍ਹਿਆਂ ਤੋਂ ਵੱਧ ਨਹੀਂ।''

ਤੀਸਰੀ ਰਾਤ ਨੂੰ ਮੈਂ ਸਭ ਕੁਝ ਕਹਿਣ ਦਾ ਮਨ ਬਣਾ ਕੇ ਹੀ ਆਇਆ। ਜੇ ਆਖ਼ਰ ਹਸ਼ਰ ਮਾੜਾ ਹੀ ਹੋਣਾ ਹੈ ਤਾਂ ਘੁੱਟ-ਘੁੱਟ ਕੇ ਕਿਉਂ ਜੀਵਿਆ ਜਾਵੇ? ਕਿਉਂ ਨਾ ਮੰਜਕੀ ਦੇ ਏਸ ਵੱਡੇ ਜਰਨੈਲ ਨੂੰ ਮਨ ਆਈਆਂ ਆਖ ਹੀ ਦਿੱਤੀਆਂ ਜਾਣ। ਓਸ ਰਾਤ ਦਰਬਾਰਾ ਸਿੰਘ ਗੱਲਬਾਤ ਨੂੰ ਕਿਸੇ ਸਿਰੇ ਤੱਕ ਲੈ ਜਾਣ ਲਈ ਪੂਰਾ ਲੈਸ ਹੋ ਕੇ ਆਇਆ ਸੀ। ਮੂਕ ਰਣਭੇਰੀਆਂ ਵੱਜੀਆਂ; ਦੋਨੋਂ ਤਰਫ਼ੋਂ ਸੂਰਮੇ ਲੱਥੇ। ਗਹਿਗੱਚ ਮੁਕਾਬਲਾ ਸੀ। ਮੇਰੀ ਸਥਿਤੀ ਨਾਜ਼ੁਕ ਸੀ। ਮੈਂ ਓਸ ਦੇ ਅਹੁਦੇ ਦਾ ਸਨਮਾਨ ਵੀ ਕਾਇਮ ਰੱਖਣਾ ਸੀ ਅਤੇ ਪਹਿਲ ਵੀ ਨਹੀਂ ਸੀ ਕਰ ਸਕਦਾ। ਉਹ ਓਸ ਚਿੜੀ-ਨੁਮਾ ਵਜ਼ੀਰ ਅਤੇ ਸ਼ੇਰ ਦੇ ਅੱਗੇ ਵਾਲੇ ਐਸ.ਐਸ.ਪੀ. ਨਾਲ ਕੀ ਕਰ ਚੁੱਕਿਆ ਸੀ, ਮੈਂ ਆਪਣੀਆਂ ਅੱਖਾਂ ਨਾਲ ਵੇਖ ਲਿਆ ਸੀ।

ਪਰ ਪਹੁੰਚਣ ਸਾਰ ਸਾਰੀ ਸ਼ਸ਼ੋਪੰਜ ਖ਼ਤਮ ਹੋ ਗਈ। ਦਰਬਾਰਾ ਸਿੰਘ ਕਿਸੇ ਮਹਾਂਭਾਰਤ ਦੇ ਜਰਨੈਲ ਵਾਂਗ ਤਿੰਨ ਮਿਸਲਾਂ ਨੂੰ ਬ੍ਰਹਮਅਸਤਰ ਜਾਣ ਕੇ ਹੱਥ ਫੜੀ ਬੈਠਾ ਸੀ। ਇਹ ਭਾਈ ਅਮਰੀਕ ਸਿੰਘ, ਸੰਤ ਜਰਨੈਲ ਸਿੰਘ ਖਾਲਸਾ ਦੇ ਇੱਕ ਭਰਾ ਅਤੇ ਉਹਨਾਂ ਦੇ ਇੱਕ ਸੇਵਕ ਦੇ ਅਸਲਾ ਲਸੰਸਾਂ ਦੇ ਨਵੀਨੀਕਰਣ ਸਬੰਧੀ ਸਨ। ਜਾਂਦਿਆਂ ਹੀ ਬੋਲਿਆ, 'ਐਸ.ਐਸ.ਪੀ., ਡੀ.ਸੀ. ਦੀ ਸਿਫ਼ਾਰਸ਼ ਬਿਨਾ ਅਤੇ ਆਪਣੇ ਦਫ਼ਤਰ ਦੀ ਰਾਇ ਵਿਰੁੱਧ, ਭਾਈ ਅਮਰੀਕ ਸਿੰਘ ਦਾ ਲਸੰਸ ਕਿਉਂ ਨਵਿਆਇਆ?' ਭਾਈ ਅਮਰੀਕ ਸਿੰਘ ਓਸ ਵੇਲੇ ਅਕਾਲੀ ਵਜ਼ੀਰ ਉਮਰਾਨੰਗਲ ਵਿਰੁੱਧ ਚੋਣ ਲੜ ਰਿਹਾ ਸੀ, ਜ਼ਿਲ੍ਹਾ ਅਫ਼ਸਰ ਉਸ ਦੀ ਸਿਫ਼ਾਰਸ਼ ਨਹੀਂ ਸਨ ਕਰ ਸਕਦੇ। 'ਮੇਰਾ ਦਫ਼ਤਰ ਮੇਰੀ ਮਦਦ ਲਈ ਸੀ ਨਾ ਕਿ ਰੋਕ ਬਣਨ ਲਈ। ਭਾਈ ਅਮਰੀਕ ਸਿੰਘ ਸੰਤ ਕਰਤਾਰ ਸਿੰਘ ਦੇ ਸਾਹਿਬਜ਼ਾਦੇ ਹਨ ਜਿਨ੍ਹਾਂ ਨੂੰ ਸਾਰਾ ਪੰਜਾਬ ਜਾਣਦਾ ਹੈ। ਨਵਿਆਉਣ ਦਾ ਅਧਿਕਾਰ ਕਾਨੂੰਨ ਨੇ ਮੈਨੂੰ ਦਿੱਤਾ ਸੀ। ਮੈਂ ਏਸ ਅਧਿਕਾਰ ਦੀ ਯੋਗ ਵਰਤੋਂ ਕੀਤੀ। ਸੰਤ ਜਰਨੈਲ ਸਿੰਘ ਦੇ ਭਰਾ ਨੂੰ ਵੀ ਸਭ ਜਾਣਦੇ ਸਨ ਅਤੇ ਤੀਸਰਾ ਇਹਨਾਂ ਦਾ ਸਹਿਯੋਗੀ ਸੀ। ਤਿੰਨੇ ਲਸੰਸਾਂ ਨੂੰ ਨਵਿਆਉਣਾ ਮੇਰਾ ਫ਼ਰਜ਼ ਸੀ।' ਮੈਂ ਜ਼ਰਾ ਵਿਸਥਾਰ ਨਾਲ ਦਰਬਾਰਾ ਸਿੰਘ ਨੂੰ ਇਹ ਦੱਸਿਆ ਤਾਂ ਉਹ ਥੋੜ੍ਹਾ ਜਿਹਾ ਝਿਜਕਿਆ।

ਮੈਂ ਵੀ ਆਪਣਾ ਬ੍ਰਹਮਅਸਤਰ ਸੰਭਾਲ ਲਿਆ। ਉਹਨਾਂ ਸਮਿਆਂ ਵਿੱਚ ਏਸ ਸਬੰਧੀ ਛਪੀਆਂ ਖ਼ਬਰਾਂ ਦੇ ਸੰਦਰਭ ਵਿੱਚ ਅਤੇ ਦਰਬਾਰਾ ਸਿੰਘ ਦੇ ਸਿੱਖ-ਵਿਰੋਧੀ ਰਵੱਈਏ ਉੱਤੇ ਟੇਕ ਰੱਖ ਕੇ ਮੈਂ ਆਪਣਾ ਬ੍ਰਹਮਅਸਤਰ ਦਾਗ਼ ਦਿੱਤਾ,'ਮੁੱਖ ਮੰਤਰੀ ਜੀ ਤੁਹਾਡੇ ਰਾਜ ਵਿੱਚ ਰਾਧਾ ਸਵਾਮੀ ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ ਲੱਗ ਸਕਦੇ ਹਨ, ਨਿਰੰਕਾਰੀ ਡੀ.ਸੀ. ਲੱਗ ਸਕਦੇ ਹਨ ਪਰ ਪ੍ਰਸ਼ਾਸਨ ਇੱਕ ਸਿੱਖ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਾ ਕਰਨ ਲਈ ਕਿਉਂ ਬਜ਼ਿੱਦ ਹੈ?' ਮੁੱਖ ਮੰਤਰੀ ਨੇ ਐਨਕਾਂ ਵਿੱਚੋਂ ਅੱਖਾਂ ਚੁੱਕ ਕੇ ਦੋ ਕੁ ਵਾਰ ਮੇਰੇ ਵੱਲ ਵੇਖਿਆ ਪਰ ਏਸ ਵਿਸ਼ੇ ਉੱਤੇ ਗੱਲ ਕਰਨੀ ਵਾਜਬ ਨਾ ਸਮਝੀ। ਫ਼ੇਰ ਤਕਰੀਬਨ ਹੇਠ ਲਿਖੇ ਅਨੁਸਾਰ ਵਾਰਤਾ ਹੋਈ:

ਦ. ਸ. : 'ਮੇਰੇ ਨਾਲ ਤੁਹਾਡੀ ਰਿਸ਼ਤੇਦਾਰੀ ਪੈਂਦੀ ਹੈ ਪਰ ਪਿਛਲੀਆਂ ਚੋਣਾਂ ਸਮੇਂ ਤੁਹਾਡੇ ਪਿੰਡ ਵਿੱਚ ਕੌਗਰਸ ਦੀ ਤੁਸੀਂ ਦਰੀ ਨਹੀਂ ਵਿਛਣ ਦਿੱਤੀ।
ਮੈ : ਤੁਹਾਡੇ ਕੰਨ ਕਿਸ ਨੇ ਭਰੇ ਹਨ?

ਦ. ਸ. : ਮੈਨੂੰ ਅਵਤਾਰ ਸਿੰਘ ਲਾਲ ਪੱਗ ਵਾਲੇ ਨੇ ਦੱਸਿਆ ਹੈ।
ਮੈ : ਤੁਸੀਂ ਜਾਣਦੇ ਹੋ ਕਿ ਉਹ ਵੱਡਾ ਸੱਤਵਾਦੀ ਨਹੀਂ। ਏਹੋ ਜਿਹੇ ਮਸ਼ਹੂਰ ਵਿਚੋਲਿਆਂ ਨੂੰ ਕਈ ਸੱਚ, ਝੂਠ ਆਖਣ ਦੀ ਆਦਤ ਪੈ ਜਾਂਦੀ ਹੈ।

ਦ. ਸ. : ਉਹ ਮੈਨੂੰ ਨਾਲ ਪਿੰਡ ਲੈ ਕੇ ਗਿਆ ਸੀ। ਮੈ ਖ਼ੁਦ ਵੇਖ ਕੇ ਆਇਆ ਹਾਂ।
ਮੈ : (ਪੈਂਤਰਾ ਬਦਲ ਕੇ) ਤੁਸੀ ਰਿਸ਼ਤੇਦਾਰੀ ਦੀ ਵੀ ਗੱਲ ਕਰਦੇ ਹੋ। ਜੇ ਪਿੰਡ ਤੱਕ ਪਹੁੰਚ ਗਏ ਸੀ ਤਾਂ ਕੀ ਘਰ ਨਹੀਂ ਸੀ ਆਉਣਾ ਚਾਹੀਦਾ? ਕੌਂਗਰਸ ਦੀਆਂ ਦਸ ਦਰੀਆਂ ਵਿਛਵਾ ਦਿੰਦੇ।

ਏਸ ਪੈਂਤਰੇ ਉੱਤੇ ਓਸ ਨੇ ਵੀ ਕੁਝ ਰਾਹਤ ਮਹਿਸੂਸ ਕੀਤੀ ਅਤੇ ਮੈਂ ਵੀ। ਏਧਰ-ਓਧਰ ਦੀਆਂ ਕੁਝ ਗੱਲਾਂ ਕਰ ਕੇ ਗੱਲ ਆਈ ਗਈ ਹੋ ਗਈ।

ਅਗਲਾ ਮੋਰਚਾ ਮੈਂ ਨਹੀਂ ਖੋਲ੍ਹਿਆ, ਦੇਵਨੇਤ ਨਾਲ ਆਪੇ ਖੁੱਲ੍ਹ ਗਿਆ। ਮੇਰਾ ਸਾਥੀ ਸੁੱਚਾ ਰਾਮ ਬੰਗੜ, ਦੂਜਾ ਸੰਯੁਕਤ ਸਕੱਤਰ ਛੁੱਟੀ ਉੱਤੇ ਸੀ। ਇੰਦਰਾ ਗਾਂਧੀ ਨੇ ਫ਼ਿਲੌਰ ਕੋਲ ਨਵੇਂ ਸ਼ਹਿਰ ਦਾ ਨੀਂਹ ਪੱਥਰ ਰੱਖਣ ਆਉਣਾ ਸੀ। ਨੀਂਹ ਪੱਥਰ ਦੀ ਇਬਾਰਤ ਤਜਵੀਜ਼ ਕਰਨੀ ਸੀ। ਮਜਬੂਰਨ ਮਿਸਲ ਮੇਰੇ ਕੋਲ ਭੇਜਣੀ ਪਈ। ਪਹਿਲਾ ਤਜਵੀਜ਼ ਹੋਇਆ ਨਾਂਅ ਸੀ 'ਮਹਾਰਾਜਾ ਰਣਜੀਤ ਸਿੰਘ ਨਗਰ'। ਇਹੋ ਜਿਹੇ ਤਾਂ ਗਲ਼ੀਆਂ ਮੁਹੱਲਿਆਂ ਦੇ ਨਾਂਅ ਹੁੰਦੇ ਹਨ। ਲੰਬਾ ਨਾਂਅ ਹੋਣ ਕਾਰਣ ਲੋਕ ਆਪੇ ਸੰਖੇਪ ਕਰ ਲੈਂਦੇ ਹਨ ਜਿਵੇਂ ਭਾਈ ਰਣਧੀਰ ਸਿੰਘ ਨਗਰ ਨੂੰ ਬੀ.ਆਰ.ਐਸ.ਨਗਰ ਅਤੇ 'ਸਾਹਿਬਜ਼ਾਦਾ ਅਜੀਤ ਸਿੰਘ ਨਗਰ' ਦਾ ਮੁਹਾਲੀ ਲੋਕਾਂ ਆਪੇ ਹੀ ਪਕਾ ਲਿਆ ਹੈ। ਅੰਗ੍ਰੇਜ਼ਾਂ ਨਾਲ ਕਈ ਸੰਧੀਆਂ, ਰਣਜੀਤ ਸਿੰਘ ਦੇ ਡਿਉਢੀਦਾਰ ਖੁਸ਼ਹਾਲ ਸਿੰਘ ਦੀਆਂ ਪੂਨਾ ਦੇ ਪੇਸ਼ਵਾ ਨੂੰ ਲਿਖੀਆਂ ਖੁਫ਼ੀਆਂ ਚਿੱਠੀਆਂ, ਰਣਜੀਤ ਸਿੰਘ ਦੀਆਂ ਮੁਹਰਾਂ ਆਦਿ ਤੋਂ ਪਤਾ ਚੱਲਦਾ ਹੈ ਕਿ ਓਸ ਨੂੰ ਕਿਤੇ ਵੀ ਮਹਾਰਾਜਾ ਪ੍ਰਗਟ ਨਹੀਂ ਕੀਤਾ ਗਿਆ। ਰਾਜ ਸਿੰਘਾਸਣ ਆਦਿ ਦੀ ਅਣਹੋਂਦ, ਸਿੱਕਿਆਂ ਦਾ ਗੁਰੂ ਦੇ ਨਾਂਅ ਉੱਤੇ ਹੋਣਾ ਅਤੇ ਅਨੇਕਾਂ ਐਸੇ ਤੱਥ ਹਨ ਜੋ ਰਣਜੀਤ ਸਿੰਘ ਦੇ 'ਮਹਾਰਾਜਾ' ਅਖਵਾਉਣ ਦੀ ਪੁਸ਼ਟੀ ਨਹੀਂ ਕਰਦੇ। ਖ਼ਾਲਸੇ ਦਾ ਰਾਜਸੀ ਨਿਜ਼ਾਮ ਅਜਿਹੇ ਰੁਤਬਿਆਂ ਨੂੰ ਪ੍ਰਵਾਨਗੀ ਨਹੀਂ ਸੀ ਦਿੰਦਾ ਜਿਹਾ ਕਿ ਨਿਹੰਗ ਸਿੰਘਾਂ ਦੇ ਰਣਜੀਤ ਸਿੰਘ ਪ੍ਰਤੀ ਖਰ੍ਹਵੇ ਰਵੱਈਏ ਤੋਂ ਜਾਣਿਆ ਜਾ ਸਕਦਾ ਹੈ। ਉਹ ਵੀ ਆਪਣੇ-ਆਪ ਨੂੰ 'ਭਾਈ ਰਣਜੀਤ ਸਿੰਘ' ਅਖਵਾ ਕੇ ਖੁਸ਼ ਸੀ।

ਇਹ ਸਾਰਾ ਕੁਝ ਵਿਸਥਾਰ ਨਾਲ ਲਿਖ ਕੇ ਮੈਂ ਆਪਣੀ ਰਾਇ ਦਿੱਤੀ ਕਿ ਓਸ ਨੂੰ ਮਹਾਰਾਜੇ ਦੇ ਲਕਬ ਨਾਲ ਯਾਦ ਨਹੀਂ ਕੀਤਾ ਜਾ ਸਕਦਾ। ਇੱਕ ਵਾਰ ਓਸ ਨੇ ਕਿਸੇ ਪਹਾੜੀ ਕਿਲ੍ਹੇ ਦਾ ਨਾਂਅ ਆਪਣੇ ਨਾਂ ਉੱਤੇ ਰੱਖਣ ਦੀ ਇਜਾਜ਼ਤ ਦਿੱਤੀ ਸੀ। ਕਿਲ੍ਹਿਆਂ ਦਾ ਓਸ ਨੂੰ ਬਹੁਤ ਸ਼ੌਕ ਸੀ। ਤਜਵੀਜ਼ ਕੀਤੇ ਨਵੇਂ ਸ਼ਹਿਰ ਦੇ ਨੇੜੇ ਓਸ ਦਾ ਆਪਣਾ ਕਿਲ੍ਹਾ ਫ਼ਿਲੌਰ ਵਿੱਚ ਮੌਜੂਦ ਹੈ। ਸੋ ਮੈਂ ਤਜਵੀਜ਼ ਕੀਤਾ ਕਿ ਏਸ ਸ਼ਹਿਰ ਦਾ ਨਾਂਅ 'ਰਣਜੀਤਗੜ੍ਹ' ਰੱਖਿਆ ਜਾਵੇ। ਇਹ ਮਸਲਾ ਕਬੀਨਾ ਵਿੱਚ ਪੇਸ਼ ਹੋਣਾ ਸੀ ਜਿੱਥੇ ਕਈ ਵਜ਼ੀਰਾਂ ਅਤੇ ਸਕੱਤਰਾਂ ਨੇ ਵੀ ਹਾਜ਼ਰ ਹੋਣਾ ਸੀ।

ਫ਼ੈਸਲਾ ਹੋਣ ਤੋਂ ਬਾਅਦ ਮੈਨੂੰ ਸਾਡੇ ਇਲਾਕੇ ਦੇ ਵਜ਼ੀਰ ਚੌਧਰੀ ਕਾਂਸ਼ੀ ਰਾਮ ਨੇ ਦੱਸਿਆ ਕਿ 'ਪੰਥ, ਖ਼ਾਲਸਾ, ਭਾਈ, ਸਿੱਖ ਸਿਆਸੀ ਨਿਜ਼ਾਮ' ਆਦਿ ਦੀਆਂ ਗੱਲਾਂ ਸੁਣ ਕੇ ਪਹਿਲਾਂ ਤਾਂ ਦਰਬਾਰਾ ਸਿੰਘ ਦਾ ਪਾਰਾ ਸੱਤਵੇਂ ਅਸਮਾਨ ਜਾ ਚੜ੍ਹਿਆ। ਉਹ ਬਾਰ-ਬਾਰ ਪੁੱਛ ਰਿਹਾ ਸੀ, 'ਇਹ ਬੰਦਾ ਗੱਲਾਂ ਕਿੱਦਾਂ ਦੀਆਂ ਕਰਦਾ ਹੈ? ਪੰਜ-ਦਸ ਮਿੰਟ ਉਸ ਨੇ ਖ਼ੂਬ ਭੜਾਸ ਕੱਢੀ ਅਤੇ ਕਾਫ਼ੀ ਜ਼ਹਿਰ ਉਗਲਿਆ। ਮੇਰੀ ਚੰਗੀ ਕਿਸਮਤ ਨੂੰ ਓਸ ਵੇਲੇ ਦਾ ਮੁਖ ਸਕੱਤਰ ਵੀ ਇਤਿਹਾਸ ਦਾ ਵਿਦਿਆਰਥੀ ਰਿਹਾ ਸੀ। ਉਸ ਨੇ ਤਾਪਮਾਨ ਸਮਾਨੰਤਰ ਹੋਣ ਉੱਤੇ ਆਖਿਆ: 'ਨਾਂਅ ਜੋ ਮਰਜ਼ੀ ਰੱਖ ਲਉ ਪਰ ਜੋ ਕੁਝ ਸੰਯੁਕਤ ਸਕੱਤਰ ਨੇ ਲਿਖਿਆ ਹੈ ਇਤਿਹਾਸਕ ਨਜ਼ਰੀਏ ਤੋਂ ਤਾਂ ਠੀਕ ਹੀ ਜਾਪਦਾ ਹੈ'। ਸੰਕੇਤ ਹਨ ਕਿ ਮਨੋਹਰ ਸਿੰਘ ਗਿੱਲ ਵੀ ਸ਼ਾਇਦ ਮੀਟਿੰਗ ਵਿੱਚ ਸੀ। ਓਸ ਨੇ ਮੈਨੂੰ ਬਾਅਦ ਵਿੱਚ ਦੱਸਿਆ ਕਿ ਉਹ ਮੇਰੀ ਤਜਵੀਜ਼ ਨਾਲ ਸਹਿਮਤ ਸੀ ਅਤੇ ਚਾਹੁੰਦਾ ਸੀ ਕਿ 'ਸਾਹਿਬਜ਼ਾਦਾ ਅਜੀਤ ਸਿੰਘ ਨਗਰ' ਦਾ ਨਾਂਅ ਵੀ ਅਜੀਤਗੜ੍ਹ ਕਰ ਦਿੱਤਾ ਜਾਵੇ। ਦੂਜੇ ਮੰਤਰੀ ਵੀ 'ਹਾਂ, ਹੂੰ' ਕਰ ਕੇ ਚੁੱਪ ਕਰ ਰਹੇ। ਅਖ਼ੀਰ ਦਰਬਾਰਾ ਸਿੰਘ ਉਚਰਿਆ, 'ਚੰਗਾ ਦਫ਼ਾ ਕਰੋ ਮਸਲੇ ਨੂੰ। ਰਣਜੀਤ ਗੜ੍ਹ ਹੀ ਨਾਂਅ ਰਹਿਣ ਦਿਓ।''

ਏਸ ਮਿਸਲ ਵਾਲੇ ਨੋਟ ਨੂੰ ਮੈਂ ਬਾਅਦ ਵਿੱਚ ਸੰਪੂਰਣ ਲੇਖ ਬਣਾ ਕੇ ਆਪਣੀ ਕਿਤਾਬ ਵਿੱਚ ਛਾਪ ਦਿੱਤਾ। ਏਸ ਤੋਂ ਪਹਿਲਾਂ ਕਈ ਰਸਾਲਿਆਂ, ਅਖ਼ਬਾਰਾਂ ਆਦਿ ਨੇ ਛਾਪ ਲਿਆ। ਮੈਨੂੰ ਵੱਡੀ ਹੈਰਾਨੀ ਹੋਈ ਜਦੋਂ ਪੰਦਰਾਂ ਕੁ ਸਾਲ ਬਾਅਦ ਏਸੇ ਲੇਖ ਦੀ ਨਕਲ ਕਰ ਕੇ ਸਿੱਕਿਆਂ ਵਾਲੇ ਸੁਰਿੰਦਰ ਸਿੰਘ ਨੇ ਆਪਣੇ ਨਾਂਅ ਦਾ ਝੂਰਲੂ ਫੇਰ ਕੇ ਆਪਣਾ ਬਣਾ ਲਿਆ। ਇੱਕ ਵਾਰ ਓਸ ਨੇ ਮੈਨੂੰ ਟੈਲੀਫ਼ੋਨ ਕਰ ਕੇ ਮੇਰੇ ਕੋਲੋਂ 'ਪੰਥ ਪ੍ਰਕਾਸ਼' ਦੇ ਅੰਗ੍ਰੇਜ਼ੀ ਅਨੁਵਾਦ ਦੇ ਕੁਝ ਅਣਛਪੇ ਅੰਸ਼ ਮੰਗੇ ਤਾਂ ਮੈਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਅੱਗੇ ਇੱਕ ਲੇਖ ਦੀ ਚੋਰੀ ਕਰ ਚੁੱਕਾ ਸੀ। ਹੈਰਾਨ ਹੋ ਕੇ ਓਸ ਨੇ ਪੁੱਛਿਆ, 'ਕੀ ਤੁਸੀਂ ਏਸ ਨੂੰ ਕਿਤੇ ਹੋਰ ਵੀ ਛਾਪਿਆ ਸੀ?' ਓਸ ਨੇ ਸ਼ਾਇਦ ਕਿਸੇ ਵੱਲੋਂ ਛਾਪੇ ਤਾਰੀਖ਼ ਰਹਿਤ ਕਿਤਾਬਚੇ ਵਿੱਚੋਂ ਲੈ ਕੇ ਆਪਣੇ ਨਾਂਅ ਛਾਪ ਲਿਆ ਸੀ। ਪਰ ਓਸ ਨੇ ਮੁਆਫ਼ੀ ਮੰਗਣ ਦੀ ਵੀ ਜ਼ਹਿਮਤ ਨਹੀਂ ਕੀਤੀ। ਕਈ ਸਾਲਾਂ ਤੋਂ ਮੈਂ ਸੋਚ ਰਿਹਾ ਹਾਂ ਕਿ ਵਿਹਲਾ ਹੋਣ ਉੱਤੇ ਕਿਸੇ ਵਕੀਲ ਕੋਲ ਜਾ ਕੇ ਕਾਨੂੰਨੀ ਕਾਰਵਾਈ ਕਰਾਂਗਾ।

ਦਰਬਾਰਾ ਸਿੰਘ ਨਾਲ ਅਗਲਾ ਝੰਡਾ ਹਾਸੇ ਮਖੌਲ ਵਿੱਚ ਹੀ ਚੁੱਕਿਆ ਗਿਆ। ਅਕਾਲੀ ਧਰਮਯੁੱਧ ਮੋਰਚੇ ਦਾ ਬਿਗਲ ਵੱਜਣ ਵਾਲਾ ਸੀ। ਦਰਬਾਰਾ ਸਿੰਘ 'ਸਿੱਖ' ਨਾਂਅ ਹੀ ਸੁਣਨ ਲਈ ਤਿਆਰ ਨਹੀਂ ਸੀ। ਇਹਨੀਂ ਦਿਨੀਂ ਇਰਾਨ ਵਿੱਚ ਕ੍ਰਾਂਤੀ ਆਈ ਅਤੇ ਇੱਕ ਮੁੱਲਾਂ ਨੇ ਸਦੀਆਂ ਦੀ ਸਥਾਪਤ ਸ਼ਹਿਨਸ਼ਾਹੀ ਦਾ ਤਾਜ ਘੱਟੇ ਵਿੱਚ ਰੋਲ ਦਿੱਤਾ ਪਰ ਓਸ ਦੇ ਪਿਛੋਕੜ ਬਾਰੇ ਕਿਸੇ ਨੂੰ ਕੁਝ ਪੱਕਾ ਪਤਾ ਨਹੀਂ ਸੀ ਅਤੇ ਕਿਆਸ ਅਰਾਈਆਂ ਕਈ ਸਨ। ਓਹਨੀਂ ਦਿਨੀਂ ਕਵੈਂਟਰੀ ਵਾਲਾ ਚੰਨਣ ਸਿੰਘ ਚੰਨ ਆਇਆ ਅਤੇ ਓਸ ਨੇ ਦੱਸਿਆ ਕਿ ਖੁਮਾਇਨੀ ਦਾ ਬਲੱਡ ਗਰੁੱਪ ਹਿੰਦੋਸਤਾਨੀਆਂ ਨਾਲ ਮਿਲਦਾ ਹੈ ਜਿਸ ਤੋਂ ਲੋਕ ਸਮਝ ਰਹੇ ਹਨ ਕਿ ਸ਼ਾਇਦ ਓਸ ਦਾ ਪਿਛੋਕੜ ਲਖਨਊ ਦਾ ਹੈ। ਦੇਵਨੇਤ ਨਾਲ ਓਥੇ ਜਸਵੰਤ ਸਿੰਘ ਮਾਨ ਵੀ ਆ ਗਿਆ। ਓਸ ਨੇ ਆਖਿਆ ਕਿ ਬੰਗੇ ਲਾਗੇ ਇੱਕ ਸੇਵਾ ਮੁਕਤ ਠਾਣੇਦਾਰ ਰਹਿੰਦਾ ਹੈ, ਓਸ ਦਾ ਦਾਅਵਾ ਹੈ ਕਿ ਖੁਮਾਇਨੀ ਗਿੱਲ ਗੋਤ ਦਾ ਜੱਟ ਹੈ ਅਤੇ ਉਸ ਦਾ ਭਰਾ ਹੈ ਜੋ ਬਚਪਨ ਵਿੱਚ ਪਿੰਡ ਛੱਡ ਕੇ ਚਲਾ ਗਿਆ ਸੀ। ਓਸ ਦੇ ਮੱਥੇ ਉੱਤੇ ਸੱਟ ਵੱਜੀ ਹੋਈ ਸੀ ਅਤੇ ਉਹੀ ਸੱਟ ਦਾ ਨਿਸ਼ਾਨ ਖੁਮਾਇਨੀ ਦੇ ਮੱਥੇ ਉੱਤੇ ਹੈ ਜਿਸ ਨੂੰ ਉਹ ਪੱਗ ਨਾਲ ਢੱਕ ਕੇ ਰੱਖਦਾ ਹੈ। ਇਰਾਨ ਦੇ ਕੌਮੀ ਨਿਸ਼ਾਨ ਦੇ ਖ਼ਾਲਸੇ ਦੇ ਖੰਡੇ ਦਾ ਭੁਲੇਖਾ ਪਾਉਣ ਨੂੰ ਲੈ ਕੇ ਅਤੇ ਇੱਕ-ਦੋ ਹੋਰ ਤੱਥਾਂ ਨੂੰ ਰਲਗੱਡ ਕਰ ਕੇ ਮੈਂ ਵੀ ਇੱਕ ਥਿਊਰੀ ਘੜ ਲਈ। ਅਸੀਂ ਤਿੰਨਾਂ ਫ਼ੈਸਲਾ ਕਰ ਕੇ ਪੰਜ-ਸੱਤ ਪ੍ਰੈੱਸ ਰਿਪੋਰਟਰ ਘਰ ਹੀ ਬੁਲਵਾ ਲਏ ਅਤੇ ਭਾਨੂਮਤੀ ਦਾ ਜੋੜਿਆ ਕੁਨਬਾ ਉਹਨਾਂ ਦੇ ਸਾਹਮਣੇ ਰੱਖ ਦਿੱਤਾ। ਸੱਚ, ਝੂਠ ਨੂੰ ਪਾਸੇ ਰੱਖ ਕੇ ਏਸ ਖ਼ਬਰ ਦੀ ਓਵੇਂ ਵੀ ਬੜੀ ਅਹਿਮੀਅਤ ਸੀ। ਪ੍ਰੈਸ ਵਾਲਿਆਂ ਨੇ ਸਾਡੇ ਘਰ ਹੀ ਭਾੜੇ ਦੀਆਂ ਕਾਰਾਂ ਮੰਗਵਾ ਲਈਆਂ ਅਤੇ ਸਿੱਧੇ ਠਾਣੇਦਾਰ ਕੋਲ ਜਾ ਪੁੱਜੇ। ਓਸ ਨੇ ਬੜੀ ਦ੍ਰਿੜ੍ਹਤਾ ਨਾਲ ਏਸ ਦਾਅਵੇ ਦੀ ਪੁਸ਼ਟੀ ਕੀਤੀ। ਅਗਲੇ ਦਿਨ ਵਾਣ ਦੀ ਮੰਜੀ ਉੱਤੇ ਆਰਾਮ ਫ਼ੁਰਮਾ ਰਹੇ ਠਾਣੇਦਾਰ ਦੀ ਵੱਡੀ ਫ਼ੋਟੋ ਸਮੇਤ ਕਈ ਅਖ਼ਬਾਰਾਂ ਨੇ ਇਹ ਖ਼ਬਰ ਛਾਪ ਦਿੱਤੀ।

ਓਸ ਦਿਨ ਪੰਜਾਬ ਅਸੰਬਲੀ ਦਾ ਸੈਸ਼ਨ ਚੱਲ ਰਿਹਾ ਸੀ। ਦਰਬਾਰਾ ਸਿੰਘ ਬੜਾ ਤਿਲਮਿਲਾਇਆ। ਓਸ ਨੇ 'ਮੈਨੂੰ ਪਤਾ ਹੈ ਕਿ ਕੀ ਹੋ ਰਿਹਾ ਹੈ; ਹੋਰ ਹਨੇਰੀਆਂ ਵਾਂਗ ਇਹ ਹਨੇਰੀ ਵੀ ਲਵੇਰੀ ਵਾਲੇ ਟਿੱਬੇ ਤੋਂ ਹੀ ਉੱਠੀ ਹੈ, ਸ਼ਰਾਰਤੀ ਅਨਸਰਾਂ ਨੂੰ ਨੱਥ ਪਾਵਾਂਗੇ' ਆਦਿ ਕਈ ਮਨੋਹਰ ਵਚਨ ਕੀਤੇ। ਥੋੜ੍ਹੇ ਦਿਨਾਂ ਦੇ ਵਕਫ਼ੇ ਤੋਂ ਆਪਣੇ-ਆਪ ਨੂੰ ਦਿੱਲੀ ਇਰਾਨੀ ਅੰਬੈਸੀ ਦਾ ਇੱਕ ਦੂਤ ਦੱਸਦਾ ਹੋਇਆ ਇੱਕ ਆਦਮੀ ਆ ਗਿਆ। ਓਸ ਨੇ ਦੱਸਿਆ ਕਿ ਉਸ ਦਿਨ ਇਰਾਨੀ ਰਾਜਦੂਤ ਸਵੇਰ ਦੀ ਚਾਹ ਪੀਣ ਹੀ ਲੱਗਿਆ ਸੀ ਕਿ ਓਸ ਦੀ ਨਜ਼ਰ ਖ਼ਬਰ ਉੱਤੇ ਪੈ ਗਈ। ਓਸ ਦੇ ਹੱਥੋਂ ਚਾਹ ਦਾ ਪਿਆਲਾ ਛੁੱਟ ਗਿਆ ਅਤੇ ਜਦੋਂ ਹੜਬੜਾ ਕੇ ਉਹ ਉੱਠਿਆ ਤਾਂ ਕੋਲ ਪਈ ਮੇਜ਼ ਉਲਟ ਗਈ ਅਤੇ ਕੇਤਲੀ ਥੱਲੇ ਡਿੱਗ ਕੇ ਕੀਮਤੀ ਇਰਾਨੀ ਕਾਲੀਨ ਉੱਤੇ ਟੁੱਟ ਗਈ। ਕੁਝ ਕੁ ਮਹੀਨਿਆਂ ਬਾਅਦ ਇਰਾਨੀ ਉਪ-ਰਾਜਦੂਤ ਚੰਡੀਗੜ੍ਹ ਆਇਆ ਅਤੇ ਓਸ ਨੇ ਕੁਝ ਸਮਾਂ ਘਰ ਆ ਕੇ ਚਾਹ ਪੀਣ ਲਈ ਵੀ ਕੱਢਿਆ। ਜਾਣ ਲੱਗਿਆ ਉਹ ਇੱਕ ਖ਼ੂਬਸੂਰਤ ਖੁਣਿਆ ਹੋਇਆ ਤਸਵੀਰ ਲਗਾਉਣ ਵਾਲਾ ਲੱਕੜ ਦਾ ਫ਼ਰੇਮ ਵੀ ਮੈਨੂੰ ਤੋਹਫ਼ੇ ਦੇ ਤੌਰ ਉੱਤੇ ਦੇ ਗਿਆ। ਜਦੋਂ ਸਿਰਦਾਰ ਕਪੂਰ ਸਿੰਘ ਨੇ ਇਹ ਖ਼ਬਰ ਪੜ੍ਹੀ ਤਾਂ ਉਹ ਤੁਰੰਤ ਉੱਠ ਖੜ੍ਹੇ ਹੋਏ ਅਤੇ 'ਵਾਹਿਗੁਰੂ, ਵਾਹਿਗੁਰੂ' ਦਾ ਜਾਪ ਕਰਦੇ ਪੈਦਲ ਚੱਲ ਕੇ ਘਰ ਆ ਪਹੁੰਚੇ। ਆਖਣ ਲੱਗੇ, 'ਗੁਰੂ ਨੇ ਸਿੱਖਾਂ ਨੂੰ ਕਿੰਨੀ ਸਮਰੱਥਾ ਬਖ਼ਸ਼ੀ ਹੈ ਪਰ ਇਹ ਓਸ ਦੇ ਹਾਣ ਦਾ ਨਿਜ਼ਾਮ ਨਹੀਂ ਘੜ ਸਕੇ ਜਿਸ ਵਿੱਚ ਇਹ ਪ੍ਰਗਟ ਹੋ ਸਕੇ' ਆਦਿ, ਆਦਿ।

ਦਰਬਾਰਾ ਸਿੰਘ ਨੇ ਇੱਕ ਵਾਰ ਮੈਨੂੰ ਆਪਣੇ ਮੁੱਖ ਮੰਤਰੀ ਬਣਨ ਦੀ ਅਸਲ ਕਥਾ ਵੀ ਦੱਸੀ। ਕਹਿਣ ਲੱਗਾ 'ਮੈਨੂੰ ਪਤਾ ਹੀ ਨਹੀਂ ਸੀ ਕਿ ਨਹਿਰੂ ਪਰਿਵਾਰ ਵਿੱਚ ਪੈਸੇ ਦੇ ਏਨੀਂ ਕਮਜ਼ੋਰੀ ਹੈ। ਜੇ ਪਤਾ ਹੁੰਦਾ ਤਾਂ ਮੈਂ ਕਦੇ ਦਾ ਮੁੱਖ ਮੰਤਰੀ ਬਣ ਜਾਣਾ ਸੀ। ਕਿਸੇ ਦੇ ਆਖਣ ਉੱਤੇ ਮੈਂ ਇੱਕ ਕਰੋੜ ਰੁਪਇਆਂ ਦਾ ਸੂਟਕੇਸ ਲੈ ਕੇ ਇੰਦਰਾ ਗਾਂਧੀ ਦੇ ਨਿਵਾਸ ਅਸਥਾਨ ਉੱਤੇ ਪਹੁੰਚ ਗਿਆ। ਮੈਂ ਸੋਚਿਆ ਸੀ ਕਿ ਖ਼ੂਬ ਪੁੱਛ-ਗਿੱਛ ਹੋਵੇਗੀ। ਪਰ ਮੇਰੀ ਕਾਰ ਦੂਰ ਹੀ ਖੜ੍ਹੀ ਕਰਵਾ ਲਈ ਗਈ ਅਤੇ ਮੈਂ ਤੁਰ ਕੇ ਕੋਠੀ ਵਾਲੇ ਦਫ਼ਤਰ ਵਿੱਚ ਪਹੁੰਚਿਆ। ਓਥੇ ਜਾਂਦਿਆਂ ਮੈ ਆਖਿਆ ਮੈਂ ਐਨੇ ਪੈਸੇ ਲੈ ਕੇ ਆਇਆ ਹਾਂ। ਓਸ ਕਿਹਾ ਫ਼ੇਰ ਏਥੇ ਕੀ ਲੈਣ ਆਇਆ ਹੈਂ, ਫਲਾਨੀ ਜਗ੍ਹਾ ਜਾ। ਓਥੇ ਜਾ ਕੇ ਮੈਂ ਓਥੋਂ ਦੇ ਇੰਚਾਰਜ ਨੂੰ ਸੂਚਨਾ ਦਿੱਤੀ। ਓਸ ਨੇ ਆਖਿਆ ਚੁੱਕ ਕੇ ਲੈ ਆ। ਮੇਰਾ ਨਾਂਅ ਆਦਿ ਰਜਿਸਟਰ ਵਿੱਚ ਦਰਜ ਕਰ ਕੇ ਰਕਮ ਆਦਿ ਲਿਖ ਕੇ ਓਸ ਨੇ ਇੱਕ ਦਰਵਾਜ਼ਾ ਖੋਲ੍ਹ ਦਿੱਤਾ। ਆਖਣ ਲੱਗਾ ਅੰਦਰ ਰੱਖ ਆ। ਬਹੁਤ ਵੱਡਾ ਕਮਰਾ ਸੀ। ਓਸ ਵਿੱਚ ਛੱਤ ਤੱਕ ਖੁੱਲ੍ਹੀਆਂ ਅਲਮਾਰੀਆਂ (rack) ਸਨ। ਸਾਰੇ ਸੂਟਕੇਸਾਂ ਨਾਲ ਭਰੇ ਹੋਏ ਸਨ। ਮੈਂ ਖਾਲੀ ਜਗ੍ਹਾ ਲੱਭ ਕੇ ਰੱਖ ਆਇਆ।'

ਮੈਨੂੰ ਦਰਬਾਰਾ ਸਿੰਘ ਦੀ ਸਿਆਸਤ ਨਾਲ ਕੁਈ ਦਿਲਚਸਪੀ ਨਹੀਂ ਸੀ ਬਲਕਿ ਮੈਂ ਓਸ ਨੂੰ ਇੱਕ ਅੱਖੜ ਸੁਭਾ ਦਾ ਜਨੂੰਨੀ, ਬਾਂਝ ਸਿਆਸਤਦਾਨ ਸਮਝਦਾ ਸਾਂ। ਓਸ ਦੇ ਸਿੱਖ-ਵਿਰੋਧੀ ਰਵੱਈਏ ਨੂੰ ਕਿਵੇਂ ਵੀ ਤਰਕਸੰਗਤ ਨਹੀਂ ਸੀ ਸਮਝਿਆ ਜਾ ਸਕਦਾ। ਉਹ ਸਿੱਖਾਂ ਦੇ ਵਿਰੋਧ ਵਿੱਚ ਏਨਾਂ ਪ੍ਰਪੱਕ ਸੀ ਕਿ ਸਿੱਖਾਂ ਨੂੰ ਨੀਵਾਂ ਵਿਖਾਉਣ ਲਈ ਕਈ ਛੜਯੰਤਰ ਵੀ ਰਚ ਸਕਦਾ ਸੀ। ਇੱਕ ਵਿਧਾਇਕਾਂ ਦੀ ਮੀਟਿੰਗ, ਜਿਸ ਵਿੱਚ ਦਰਬਾਰਾ ਸਿੰਘ ਵੀ ਮੌਜੂਦ ਸੀ, ਇਹ ਇੰਕਸ਼ਾਫ਼ ਹੋਇਆ ਕਿ ਮੁੱਖ ਮੰਤਰੀ ਹੁੰਦਿਆਂ ਏਸ ਨੇ ਓਸ ਵੇਲੇ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਖੀ (ਭਰਪੂਰ ਸਿੰਘ) ਰਾਹੀਂ ਹੱਡਾ ਰੋੜੀ ਵਿੱਚੋਂ ਪ੍ਰਾਪਤ ਕਰ ਕੇ ਮਰੀਆਂ ਗਊਆਂ ਦੇ ਕੰਨ, ਸਿੰਗ ਇਤਿਆਦਿ ਗੁਰਦਾਸਪੁਰ ਦੇ ਜਸਵੰਤ ਸਿੰਘ ਠੇਕੇਦਾਰ ਰਾਹੀਂ ਮੰਦਰਾਂ ਵਿੱਚ ਸੁਟਵਾਏ ਤਾਂ ਕਿ ਪੰਜਾਬ ਵਿੱਚ ਹਿੰਦੂ-ਸਿੱਖ ਦੰਗੇ ਭੜਕ ਸਕਣ ਪਰ ਏਸ ਕੁਕਰਮ ਸਬੰਧੀ ਪੁਲਸ ਕੇਸ ਹਰਗੁਰਨਾਦ ਸਿੰਘ ਬੰਗੇ ਵਾਲੇ 'ਤੇ ਦਰਜ ਕੀਤਾ ਗਿਆ। ਇਹ ਵੀ ਸ਼ੱਕ ਕੀਤਾ ਜਾਂਦਾ ਸੀ ਕਿ ਕੁਝ ਗੁਰਦਵਾਰਿਆਂ ਵਿੱਚ, ਪ੍ਰਤਾਪ ਸਿੰਘ ਕੈਰੋਂ ਦੀ ਤਰਜ਼ ਉੱਤੇ, ਇਹਨੇ ਸਿਗਰਟਾਂ ਆਦਿ ਵੀ ਸੁਟਵਾਈਆਂ। ਜਾਪਦਾ ਹੈ ਕਿ ਇਹ ਬੰਦਾ ਬਹੁਤ ਘਟੀਆ ਕਿਸਮ ਦਾ ਨਾਸਤਕ ਸੀ ਜੋ ਕਿ ਨਾ ਤਾਂ ਆਪਣੇ ਅਹੁਦੇ ਦੀ ਗਰਿਮਾ ਤੋਂ ਵਾਕਫ਼ ਸੀ ਅਤੇ ਨਾ ਹੀ ਆਪਣੇ ਮਨੁੱਖ ਹੋਣ ਦੇ ਗੌਰਵ ਤੋਂ।

ਉਹ ਤਾਂ ਮਨੁੱਖੀ ਜਾਮੇ ਵਿੱਚ ਪ੍ਰੇਤ ਜੂਨ ਭੁਗਤ ਰਿਹਾ ਸੀ। ਉੱਤਮ ਮਨੁੱਖੀ ਗੁਣਾਂ ਤੋਂ ਮੁੱਢੋਂ ਕੋਰਾ ਉਹ ਟਿੱਬਿਆਂ ਵਾਂਗ ਚਾਰੋਂ ਪਾਸੇ ਬਰਸਦੀ ਰਹਿਮਤ ਤੋਂ ਮਹਿਰੂਮ ਹੀ ਰਿਹਾ। ਏਸ ਵਿੱਚ ਸ਼ੱਕ ਦੀ ਕੁਈ ਗੁੰਜਾਇਸ਼ ਨ ਰਹੀ ਜਦੋਂ ਓਸ ਨੇ ਪੰਜਾਬ ਨੂੰ ਸਦਾ ਲਈ ਬੰਜਰ ਕਰ ਕੇ ਇੱਕ ਪੂਰੀ ਦੀ ਪੂਰੀ ਗੌਰਵਮਈ ਸੱਭਿਅਤਾ ਨੂੰ ਖ਼ਤਮ ਕਰ ਕੇ ਮਹਾਨ ਗੁਰੂਆਂ ਦੇ ਉੱਤਮ ਕਰਮ ਨੂੰ ਮਲੀਆਮੇਟ ਕਰਨ ਦੇ ਮਨਸੂਬਿਆਂ ਦਾ ਸਾਥ ਦਿੱਤਾ। ਓਸ ਨੇ ਕੁਝ ਦੇਰ ਤਾਂ ਇੰਦਰਾ ਗਾਂਧੀ ਦੇ ਕਹਿਣ ਉੱਤੇ ਪੰਜਾਬ ਦਾ ਪਾਣੀ ਲੁਟਾਉਂਦੇ ਸਮਝੌਤੇ ਉੱਤੇ ਦਸਤਖ਼ਤ ਨਾ ਕੀਤੇ ਪਰ ਜ਼ਿਆਦਾ ਦੇਰ ਘੁਰਕੀਆਂ ਨ ਸਹਿ ਸਕਿਆ। ਇਹਨੇ ਉਦੋਂ ਹਥਿਆਰ ਸੁੱਟ ਦਿੱਤੇ ਜਦੋਂ ਇੰਦਰਾ ਗਾਂਧੀ ਨੇ ਏਸ ਨੂੰ ਪੰਜਾਬ ਪ੍ਰਦੇਸ਼ ਕੌਂਗਰਸ ਦੀ ਪ੍ਰਧਾਨਗੀ ਉੱਤੋਂ ਲਾਹ ਦਿੱਤਾ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੁਣ ਦੀ ਧਮਕੀ ਦਿੱਤੀ। ਇਹ ਕੇਵਲ ਏਸ ਖ਼ੈਰਾਤ ਵਿੱਚ ਮਿਲੇ ਅਹੁਦੇ ਨੂੰ ਕਾਇਮ ਰੱਖਣ ਲਈ ਪੰਜਾਬ ਦੀਆਂ ਆਉਣ ਵਾਲੀਆਂ ਹਜ਼ਾਰਾਂ ਪੁਸ਼ਤਾਂ ਅਤੇ ਨਿਹਾਇਤ ਮਾਨਵ-ਕਲਿਆਣਕਾਰੀ ਸਿੱਖ ਸੱਭਿਅਤਾ ਨੂੰ ਖ਼ਤਮ ਕਰਨ ਲਈ ਕੁਹਾੜੀ ਦਾ ਬਾਹਾ ਬਣ ਗਿਆ। ਏਸੇ ਨੇ ਕਿਸੇ ਦੀ ਮੰਤਵ ਸਿੱਧੀ ਲਈ ਸਿੱਖਾਂ ਦੇ ਨਾਂਅ ਉੱਤੇ ਕਤਲ ਕਰਵਾਏ। ਇਹ ਹਰ ਵਾਰ ਕਾਤਲਾਂ ਨੂੰ ਫੜਨ ਵਿੱਚ ਨਾ-ਕਾਮਯਾਬ ਰਿਹਾ। ਬਲਕਿ ਇਹ ਕਹਿਣਾ ਬਣਦਾ ਹੈ ਕਿ ਆਪਣੇ-ਆਪ ਇਹਨਾਂ ਗੁੰਮਨਾਮ ਕਤਲਾਂ ਨੂੰ ਅੰਜਾਮ ਦੇ ਕਿ ਸਿੱਖਾਂ ਦੇ ਨਾਂਅ ਮੜ੍ਹਦਾ ਰਿਹਾ। ਗ਼ੈਰਾਂ ਦੇ ਇਸ਼ਾਰਿਆਂ ਉੱਤੇ ਓਸ ਨੇ ਆਪਣਿਆਂ ਦੇ ਚੰਗੇ ਆਹੂ ਲਾਹੇ ਅਤੇ ਅਗਾਂਹ ਆਉਣ ਵਾਲੇ ਸੰਤਾਪ ਨੂੰ ਆਪ ਰੱਥ-ਗੱਡੀਆਂ ਜੋੜ ਕੇ ਲਿਆਇਆ। ਮਰਨੋਪ੍ਰੰਤ ਲੋਕਾਂ ਨੇ ਤਾਂ ਕੀ ਯਾਦ ਰੱਖਣਾ ਸੀ, ਜਿਨ੍ਹਾਂ ਦੇ ਪੱਛ ਲਾ-ਲਾ ਕੇ ਏਸ ਨੇ ਖ਼ੂਨ ਪੀਤਾ ਸੀ, ਏਸ ਦੀ ਪਿੱਠ ਠੋਕਣ ਵਾਲਿਆਂ ਨੂੰ ਵੀ ਉਹ ਮਿਲ ਗਏ ਜੋ ਏਸ ਤੋਂ ਵੀ ਵੱਡੇ ਬੇਕਿਰਕ ਜ਼ਾਲਮ ਸਨ। ਮੇਲੇ ਵਿੱਚ ਚੱਕੀ ਰਾਹਿਆਂ ਦੀ ਕਉਣ ਸੁਣਦਾ ਹੈ?

ਲੇਖ ਦੇ ਅੰਤ ਉੱਤੇ ਆ ਕੇ ਮੈਂ ਦੁਬਾਰਾ ਘਾਹ ਵੱਲ ਨਜ਼ਰ ਮਾਰੀ ਤਾਂ ਚੱਕੀ ਰਾਹਾ ਕਿਤੇ ਵੀ ਨਹੀਂ ਸੀ। ਛੋਟੇ-ਛੋਟੇ ਧਾਰੀਦਾਰ ਪਰਾਂ ਨੂੰ ਤਾਣ ਕੇ ਚੱਕੀ ਰਾਹੁਣ ਦੇ ਸੰਦ ਵਰਗੀ ਛੋਟੀ ਜਿਹੀ ਚੁੰਝ ਨੂੰ ਸੰਭਾਲ ਕੇ ਸ਼ਾਇਦ ਅਛੋਪਲੇ ਜਿਹੇ ਉੱਡ ਗਿਆ ਸੀ, ਘਾਹ ਉੱਤੇ ਓਸ ਦੇ ਆਉਣ ਜਾਂ ਜਾਣ ਦਾ ਕੁਈ ਨਾਮੋ-ਨਿਸ਼ਾਨ ਬਾਕੀ ਨਹੀਂ ਸੀ। ਹਰਿਆਵਲ ਹੀ ਹਰਿਆਵਲ ਚਾਰੇ ਪਾਸੇ ਪਸਰ ਰਹੀ ਸੀ।

[ਤਾਰਿਆਂ ਭਰੀ ਚੰਗੇਰ ਵਿੱਚੋਂ : ਸਤਬੰਰ 15, 2010]

3 comments:

  1. ਸਤਿਕਾਰਯੋਗ ਸ੍ਰ:ਗੁਰਤੇਜ ਸਿੰਘ ਜੀ,
    ਸ਼ਾਇਦ ਸਿੱਖ ਇਤਿਹਾਸ ਨਾਲ ਸਬੰਧਤ ਇਹ ਅਜਿਹਾ ਪਹਿਲਾ ਲੇਖ ਮੈਂ ਪੜਿਆ,ਜਿਸ ਵਿੱਚ ਹਾਸਾ ਵੀ ਬੜਾ ਆਇਆ ‘ਤੇ ਰੋਣਾ ਵੀ|ਹਾਸਾ ਤਾਂ ਆਪ ਦੀ ਲਿਖਣ ਸ਼ੈਲੀ ਦੁਆਰਾ ਦਰਬਾਰਾ ਸਿੰਘ ਦੇ ਉਸਾਰੇ ਗਏ ਪਾਤਰ ‘ਤੇ,ਅਤੇ ਰੋਣਾ ਪੰਜਾਬ ਦੇ ਮੁਕੱਦਰ ਤੇ ਜਿਸਨੂੰ ਚੁਣ ਚੁਣ ਕੇ ਨਗੀਨੇ ਮਿਲੇ ਆਪਣੀ ਕਿਸਮਤ ਸ਼ਿੰਗਾਰਨ ਲਈ|

    ReplyDelete
  2. ਧਨਵਾਦ ਸ ਗੁਰਤੇਜ ਸਿੰਘ ਜੀ ਆਪ ਜੀ ਦਾ. ਮੈ ਬਹੁਤ ਵਾਰ ਸੋਚਿਆ ਮਹਾਰਾਜ ਰਣਜੀਤ ਸਿੰਘ ਵੇਲੇ ਮਾਲਵੇ ਦੇ ਰਾਜੇ ਤੇ ਓਹ ਜੇ ਇਕਠਾ ਹੋ ਜਾਂਦਾ ਤਾ ਸਿਖ ਵੀ ਕੈਲੀਫ਼ੋਰਨਿਆ ਬਣਾ ਲੈਂਦੇ ਜੋ as ਹਿੰਦੁਆ ਤੇ ਮੁਸਲਮਾਨਾ ਦੀਆਂ ਮਿਨਤਾ ਕੜੀ ਜਾਂਦੇ ਹਨ ਆਵਦੇ ਗੁਰਦਵਾਰਿਆ ਦੇ ਦਰਸ਼ਨਾ ਵਾਸਤੇ ਹੀ ਹੋਰ ਤਾ ਬਹੁਤ ਦੂਰ ਰਹਿ ਗਿਆ

    ReplyDelete
  3. I can't expect that he was duchess a cheap man in the looks of a sikh.
    He was a blot on Sikhism.
    What a bullshit nonsense person he was.

    ReplyDelete