ਬਸਤੀਵਾਦ ਦੇ ਖ਼ਾਤਮੇ ਤੋਂ ਬਾਅਦ ਦੀ ਸਿੱਖ ਤ੍ਰਾਸਦੀ ਨੂੰ ਬਿਆਨ ਕਰਨ ਦੇ ਮੋਟੇ-ਮੋਟੇ ਤਿੰਨ ਆਧਾਰ ਹੋ ਸਕਦੇ ਹਨ:
- ਸਿੱਖ ਅਨੁਭਵ
- ਸਥਾਈ ਸੱਭਿਆਚਾਰਕ ਬਹੁਗਿਣਤੀ ਦਾ ਪੱਖ
- 1947 ਤੋਂ ਬਾਅਦ ਦਾ ਸੱਚ, ਤੱਥਾਂ ਦੀ ਜ਼ੁਬਾਨੀ
ਓਸ ਦੀਆਂ ਲਿਖਤਾਂ ਦਾ ਨਿਰਪੱਖ ਵਿਸ਼ਲੇਸ਼ਣ ਕਰ ਕੇ ਜਾਣਿਆ ਜਾ ਸਕਦਾ ਹੈ ਕਿ ਓਸ ਦੀ ਕਲਮ ਕੇਵਲ ਹਜ਼ਾਰਾਂ ਬੇ-ਗੁਨਾਹਾਂ ਨੂੰ ਕਤਲ ਕਰਨ ਵਾਲੀ ਸਥਾਪਤੀ ਅਤੇ ਸਥਾਈ ਸੱਭਿਆਚਾਰਕ ਬਹੁਗਿਣਤੀ ਦਾ ਪੱਖ ਪੂਰਦੀ ਹੈ; ਕੱਟੜ ਹਿੰਦੂਤਵੀ ਸਰੋਕਾਰਾਂ ਦੀ ਪੁਸ਼ਤਪਨਾਹੀ ਕਰਦੀ ਹੈ; ਸਰਕਾਰੀ ਸਫ਼ੈਦ ਪਰਚੇ ਦੇ ਬਹੁਤ-ਬਹੁਤ ਨੇੜੇ ਹੈ ਜੋ ਮਹਿਜ਼ ਝੂਠ ਦਾ ਪੁਲੰਦਾ ਹੈ। ਏਸ ਲਈ ਲੇਖਕ ਨੂੰ ਸਿੱਖ ਕੂੜ ਦਾ ਪ੍ਰਚਾਰਕ ਅਤੇ ਪੱਖਧਰ ਸਮਝਦੇ ਹਨ।
ਦਰਬਾਰ ਸਾਹਿਬ ਉੱਤੇ ਹਮਲਾ ਕਰਨ-ਕਰਵਾਉਣ ਵਾਲੇ ਸਭ ਸਿਆਸਤਦਾਨ, ਜਰਨੈਲ ਆਪਣੇ-ਆਪਣੇ ਢੰਗ ਤਰੀਕੇ ਨਾਲ ਏਸ ਨੂੰ ਗ਼ਲਤੀ ਮੰਨ ਚੁੱਕੇ ਹਨ। ਬਾਅਦ ਦੀਆਂ ਘਟਨਾਵਾਂ ਦਾ ਸੱਚ ਵੀ ਏਹੋ ਕਹਾਣੀ ਕਹਿੰਦਾ ਹੈ। ਮਸਲਨ ਜਿਸ ਫ਼ਰਜ਼ੀ ਅੱਤਵਾਦ ਨੂੰ ਫੈਲਣ ਤੋਂ ਰੋਕਣ ਲਈ ਇਹ ਹਮਲਾ ਹੋਇਆ ਸੀ, ਉਹੀ 'ਅੱਤਵਾਦ' ਹਮਲੇ ਤੋਂ ਬਾਅਦ ਘੱਟੋ-ਘੱਟ ਹਜ਼ਾਰ ਗੁਣਾਂ ਵਧਿਆ। ਕੁਝ ਇਮਾਨਦਾਰ ਲੋਕ ਹਮਲੇ ਨੂੰ ਵਧੀਕੀ ਅਤੇ ਜ਼ੁਲਮ ਦੱਸ ਚੁੱਕੇ ਹਨ। 1984 ਨਵੰਬਰ ਦੇ ਕਤਲੇਆਮ ਨਾਲ ਤਾਂ ਕੋਈ ਵੀ ਨਹੀਂ ਖੜ੍ਹਦਾ।
ਪਰ ਕੁਲਦੀਪ ਨਈਅਰ ਦੀ ਦਿਲ਼ੀ ਹਮਦਰਦੀ ਮਜ਼ਲੂਮ ਸਿੱਖਾਂ ਨਾਲ ਨਹੀਂ। ਬਲਕਿ ਦਰਬਾਰ ਅੰਦਰ ਕਤਲੇਆਮ ਕਰ ਕੇ, ਔਰਤਾਂ, ਮਸੂਮਾਂ, ਸੇਵਾਦਾਰਾਂ, ਗ੍ਰੰਥੀਆਂ, ਰਾਗੀਆਂ (ਭਾਈ ਅਮਰੀਕ ਸਿੰਘ) ਦੇ ਕਤਲ ਕਰਨ ਵਾਲਿਆਂ, ਲੁੱਟ-ਮਾਰ ਕਰਨ ਵਾਲੇ ਫ਼ੌਜੀਆਂ ਨਾਲ ਕਦਮ ਮਿਲਾ ਕੇ ਚੱਲਦੀ ਵਿਖਾਈ ਦਿੰਦੀ ਹੈ। ਫ਼ੌਜੀ ਟੈਂਕਾਂ ਉੱਤੇ ਚੜ੍ਹ ਕੇ ਭੰਗੜੇ ਪਾਉਣ ਵਾਲਿਆਂ, ਲੱਡੂ ਵੰਡਣ ਵਾਲਿਆਂ, ਫ਼ੌਜੀਆਂ ਨੂੰ ਰੱਖੜੀ ਬੰਨ੍ਹਣ ਵਾਲੀਆਂ ਮੱਕਾਰ ਤੀਵੀਆਂ, ਮਰਦਾਂ ਦਾ ਪੱਖ ਕੁਲਦੀਪ ਨਈਅਰ ਦੀ ਲੇਖਣੀ ਪੂਰਦੀ ਹੈ।
ਲੇਖਕ ਏਸ ਤੱਥ ਦੀ ਅਹਿਮੀਅਤ ਸਮਝਣ ਤੋਂ ਇਨਕਾਰੀ ਹੈ ਕਿ ਹਰ ਮੌਕੇ ਹਿੰਦੂਆਂ ਦੇ ਬੇਕਾਬੂ ਹਜੂਮ ਨੇ ਰੁਦ੍ਰ ਰੂਪ ਧਾਰ ਕੇ ਤਾਂਡਵ ਨੱਚਿਆ ਅਤੇ ਅਨੇਕਾਂ ਸਿੱਖਾਂ ਉੱਤੇ ਜਾਨ ਲੇਵਾ ਹਮਲੇ ਕੀਤੇ, ਪ੍ਰੰਤੂ ਸਿੱਖਾਂ ਨੇ ਇੱਕ ਵਾਰੀ ਵੀ ਇਕੱਠੇ ਹੋ ਕੇ ਕਿਸੇ ਇੱਕ ਹਿੰਦੂ ਉੱਤੇ ਹਮਲਾ ਨਹੀਂ ਕੀਤਾ।
ਉਹ ਬੱਚਿਆਂ, ਔਰਤਾਂ, ਵਕੀਲਾਂ, ਮਨੁੱਖੀ ਅਧਿਕਾਰ ਦੇ ਰਾਖਿਆਂ ਦਾ ਕਤਲੇਆਮ ਕਰਨ ਵਾਲੇ ਬੇਅੰਤ ਸਿੰਘ ਨੂੰ ਪੰਜਾਬ ਦਾ ਚੁੱਣਿਆ ਮੁੱਖ ਮੰਤਰੀ ਆਖ ਕੇ ਵਡਿਆਉਂਦਾ ਹੈ ਹਾਲਾਂਕਿ ਓਸ ਨੂੰ ਕੇਵਲ 6% ਵੋਟਾਂ ਪਈਆਂ ਸਨ। ਬੇਅੰਤ ਸਿੰਘ ਨੇ ਵੱਡਾ ਫ਼ਰੇਬ ਕਰਕੇ ਲੋਕਾਂ ਦੀ ਨੁਮਾਇੰਦਗੀ ਉੱਤੇ ਧਾੜਾ ਮਾਰਿਆ ਸੀ।
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਪੰਥ ਦੀ ਓਸ ਵੇਲੇ ਦੀ ਸਿਰਮੌਰ ਪ੍ਰਚਾਰਕ ਟਕਸਾਲ ਦੇ ਉੱਚ ਕੋਟੀ ਦੇ ਮੁਖੀ ਸਨ। ਉਹ ਸਾਰੀ ਉਮਰ ਧਰਮ ਪ੍ਰਚਾਰ ਵਿੱਚ ਰੁੱਝੇ ਰਹੇ। ਉਹਨਾਂ ਨਾ ਕੋਈ ਸਿਆਸੀ ਜਮਾਤ ਬਣਾਈ, ਨਾ ਸਿਆਸੀ ਨਿਸ਼ਾਨਾ ਅਪਣਾਇਆ, ਨਾ ਪ੍ਰਚਾਰਿਆ। ਉਹਨਾਂ ਅਕਾਲੀ ਦਲ ਦੇ ਆਨੰਦਪੁਰ ਸਾਹਿਬ ਦੇ ਮਤੇ ਦੀ ਹੀ ਪ੍ਰੋੜ੍ਹਤਾ ਕੀਤੀ। 27 ਮਈ 1984 ਤੋਂ ਬਾਅਦ ਉਹਨਾਂ ਨੂੰ ਦੋ ਨਿਰਪੱਖ ਆਦਮੀਂ ਦਿੱਲੀ ਦੇ ਰਵੀ ਸਿੰਘ, ਇੰਡੀਅਨ ਐਕਸਪ੍ਰੈੱਸ ਦੇ ਜਗਤਾਰ ਸਿੰਘਂ ਮਿਲੇ ਅਤੇ ਪੁੱਛਿਆ ਕਿ ਸਰਕਾਰ ਨਾਲ ਸਮਝੌਤਾ ਕਿਵੇਂ ਹੋ ਸਕਦਾ ਹੈ। ਉਹਨਾਂ ਆਖਿਆ 'ਸਰਕਾਰ ਅਕਾਲੀਆਂ ਨਾਲ ਸਨਮਾਨਜਨਕ ਸਮਝੌਤਾ ਕਰ ਲਵੇ, ਕੈਦੀ ਰਿਹਾਅ ਕਰੇ, ਮੈਂ ਵਾਪਸ ਚੌਂਕ ਮਹਿਤੇ ਜਾ ਕੇ ਸਿੱਖੀ-ਪ੍ਰਚਾਰ ਵਿੱਚ ਜੁਟ ਜਾਂਦਾ ਹਾਂ। ''ਕੁਲਦੀਪ ਨਈਅਰ ਵੀ ਲਿਖਦਾ ਹੈ ਕਿ ਇਹਨੀਂ ਦਿਨੀਂ ਸੰਤ ਨੇ ਏਹੋ ਬਿਆਨ ਓਸ ਨੂੰ ਕਲਮ ਬੰਦ ਕਰਵਾਇਆ ਸੀ।''
ਇਹ ਤੱਥ ਜਾਣਨ ਵਾਲਾ ਹਰ ਮਾਮੂਲੀ ਸੂਝ-ਬੂਝ ਰੱਖਣ ਵਾਲਾ ਮਨੁੱਖ ਸਮਝ ਸਕਦਾ ਹੈ ਕਿ ਸੰਤਾਂ ਦਾ ਕੋਈ ਸਿਆਸੀ ਟੀਚਾ ਨਹੀਂ ਸੀ। ਸਿਆਸੀ ਨਿਸ਼ਾਨਾ ਉਹਨਾਂ ਦੇ ਗਲ਼ ਮੜ੍ਹਨਾ ਅਕਾਲੀਆਂ ਦੀ ਅਤੇ ਕਾਂਗਰਸ ਦੀ ਮਿਲੀਭੁਗਤ ਰਾਹੀਂ ਸਿਰਜਿਆ ਚੱਕਰਵਿਯੂਹ ਸੀ ਜਿਸ ਨੂੰ ਕੇਵਲ ਸਿੱਖ ਧਰਮ ਦੇ ਪ੍ਰਚਾਰਕ ਨੂੰ ਘੇਰ ਕੇ ਮਾਰਨ ਦੀ ਮਨਸ਼ਾ ਅਤੇ ਨਿਰੰਕਾਰੀਆਂ ਨੂੰ ਖੁੱਲ੍ਹ ਖੇਡਣ ਦੇ ਨਾਪਾਕ ਇਰਾਦੇ ਨੂੰ ਅੰਜ਼ਾਮ ਦੇਣ ਲਈ ਈਜਾਦ ਕੀਤਾ ਗਿਆ ਸੀ।
ਅੱਜ ਸੰਸਾਰ ਦੇ ਨਿਰਪੱਖ ਸਿੱਖ ਅਤੇ ਹੋਰ ਸੂਝਵਾਨ, ਸੰਤ ਬਾਬਾ ਜਰਨੈਲ ਸਿੰਘ ਨੂੰ ਸਿੱਖੀ ਦਾ ਵੱਡਾ ਸ਼ਹੀਦ ਅਤੇ ਮਨੁੱਖਤਾ ਦਾ ਹਮਦਰਦ ਜਾਣਦੇ ਹਨ। ਕੁਲਦੀਪ ਨਈਅਰ ਇੱਕ ਕੌਮੀ ਆਗੂ ਦਾ ਭੱਦੀ ਸ਼ਬਦਾਵਲੀ ਅਤੇ ਘਟੀਆਂ ਤੁਹਮਤਾਂ ਵਰਤ ਕੇ ਅਪਮਾਨ ਕਰਨ ਲਈ ਬਜ਼ਿਦ ਹੈ। ਕਿਉਂ?
ਕੁਲਦੀਪ ਨਈਅਰ ਨੇ ਏਸ ਭਾਵ ਦੇ ਵਿਚਾਰ ਕਈ ਥਾਂਈਂ ਲਿਖੇ ਹਨ ਕਿ ਸਿੱਖਾਂ ਦੇ ਆਪਣੇ-ਆਪ ਨੂੰ ਕੌਮ ਆਖਣ ਉੱਤੇ ਹਿੰਦੂਆਂ ਦੇ ਹਿਰਦੇ ਬਹੁਤ ਦੁਖੀ ਹੋਏ। ਸਿੱਖਾਂ ਨੂੰ ਹਿੰਦੂਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕੀ ਇਹ ਅੰਮ੍ਰਿਤ ਸਰੋਵਰ ਵਿੱਚ ਸਿਗਰਟਾਂ ਦੇ ਡੱਬੇ ਸੁੱਟਣ ਵਾਲੇ, ਦਰਬਾਰ ਸਾਹਿਬ ਦਾ ਮਾਡਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਤੋੜਨ ਵਾਲੇ, ਕਰਨਾਲ-ਪਾਣੀਪੱਤ ਦੇ ਗੁਰਦਵਾਰੇ ਸਾੜਨ ਵਾਲੇ, ਦਿੱਲੀ ਜਾਂਦੇ ਹਜ਼ਾਰਾਂ ਸਿੱਖ ਇਸਤਰੀ-ਆਦਮੀਆਂ ਦੀ ਬੇ-ਇੱਜ਼ਤੀ ਅਤੇ ਮਾਰ ਕੁੱਟ ਕਰਨ ਵਾਲੇ, ਸੀਸਗੰਜ ਉੱਤੇ ਪੱਥਰ ਮਾਰਨ ਵਾਲੇ, ਪੰਜਾਬੀ ਬੋਲੀ ਤੋਂ ਮੂੰਹ ਫੇਰਨ ਵਾਲੇ, ਪੰਜਾਬ ਦੀਆਂ ਬਿਜਲੀ-ਪਾਣੀ ਦੀਆਂ ਹੱਕੀ ਮੰਗਾਂ ਨੂੰ ਵਿਸਾਰਨ ਵਾਲੇ, ਕਿਸਾਨਾਂ ਦੀ ਲੁੱਟ ਕਰ ਕੇ ਆਤਮਘਾਤ ਵਾਸਤੇ ਮਜਬੂਰ ਕਰਨ ਵਾਲੇ, ਪੁਲਿਸ ਨਾਲ ਰਲ਼ ਕੇ ਸਿੱਖ ਬੱਚਿਆਂ ਦੇ ਕਤਲ ਕਰਵਾਉਣ ਵਾਲੇ ਆਦਿ ਆਦਿ ਹਿੰਦੂ ਤਾਂ ਨਹੀਂ ਹਨ? ਕੀ ਇਹਨਾਂ ਦੇ ਅਜਿਹੇ ਕਰਮਾਂ ਨਾਲ ਸਿੱਖਾਂ ਦੇ ਦਿਲ ਦੁਖਣ ਦੀ ਗੱਲ ਕਦੇ ਕੁਲਦੀਪ ਨਈਅਰ ਜਾਂ ਹੋਰ ਕਿਸੇ ਹਿੰਦੂ ਨੇਤਾ ਨੇ ਕੀਤੀ ਹੈ।
ਘੱਟੋ-ਘੱਟ ਇਹ ਤਾਂ ਉਹ ਦੱਸ ਹੀ ਸਕਦੇ ਹਨ ਕਿ ਕਿਹੜੇ ਹਿੰਦੂਆਂ ਦੀ ਉਹ ਗੱਲ ਕਰ ਰਹੇ ਹਨ। ਪੰਜਾਬ ਦਾ ਹਰ ਸਿੱਖ ਜਾਣਦਾ ਹੈ ਕਿ ਪੰਜਾਬ ਦਾ ਹਿੰਦੂ ਬੇਹੱਦ ਬੇ-ਰਹਿਮ ਹੈ। ਬਹੁਤੇ ਸਿੱਖ ਸਮਝਦੇ ਹਨ ਕਿ ਉਹਨਾਂ ਦੇ ਸੀਨਿਆਂ ਵਿੱਚ ਦਿਲ ਹੈ ਹੀ ਨਹੀਂ, ਜਿਵੇਂ ਕੁਲਦੀਪ ਨਈਅਰ ਦੇ ਨਹੀਂ। ਏਸ ਦਿਲ ਦੁਖਣ ਦੀ ਪ੍ਰਕਿਰਿਆ ਬਾਰੇ ਕੁਲਦੀਪ ਨਈਅਰ ਨੂੰ ਜ਼ਰਾ ਹੋਰ ਖੁੱਲ੍ਹ ਕੇ ਗੱਲ ਕਰਨ ਦੀ ਲੋੜ ਹੈ ।
ਦਰਬਾਰ ਸਾਹਿਬ ਉੱਤੇ 1984 ਦੇ ਫ਼ੌਜੀ ਹਮਲੇ ਬਾਰੇ ਇਹਨਾਂ ਸਾਲਾਂ ਵਿੱਚ ਕਾਫ਼ੀ ਜਾਣਕਾਰੀ ਆ ਚੁੱਕੀ ਹੈ। ਹਰ ਧਾਰਨਾ, ਜੋ ਇੰਦਰਾ ਸਰਕਾਰ ਨੇ ਘੜੀ ਸੀ, ਝੂਠੀ, ਬੇ-ਬੁਨਿਆਦ ਅਤੇ ਦਲੀਲ-ਰਹਿਤ ਸਾਬਤ ਹੋ ਚੁੱਕੀ ਹੈ। ਹੁਣ ਦੁਨੀਆ ਜਾਣਦੀ ਹੈ ਕਿ ਸਿੱਖਾਂ ਪ੍ਰਤੀ ਪੂਰੇ ਭਾਰਤ ਵਿੱਚ ਅਥਾਹ ਨਫ਼ਰਤ ਫੈਲ਼ਾ ਕੇ 2% ਲੋਕਾਂ ਨੂੰ ਆਧੁਨਿਕ ਸਟੇਟ ਦੀ ਅਥਾਹ ਫ਼ੌਜੀ ਤਾਕਤ ਨਾਲ ਕੁਚਲ ਕੇ ਦੁਰਗਾ ਬਣ ਉਭਰਨ ਲਈ ਇੰਦਰਾ ਉਤਾਵਲੀ ਸੀ। ਉਹ ਏਸ ਕਾਰਵਾਈ ਦੇ ਆਸਰੇ 1985 ਦੀਆਂ ਚੋਣਾਂ ਵਿੱਚ ਜਿੱਤਣ ਦੀ ਅਤੇ ਆਪਣੇ ਵੰਸ਼ ਨੂੰ ਰਾਜ-ਗੱਦੀ ਉੱਤੇ ਕਾਇਮ ਰੱਖਣ ਦੀ ਉਮੀਦ ਲਾ ਕੇ ਬੈਠੀ ਸੀ। ਬਾਅਦ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਉਹ ਹਿੰਦੀ-ਮਨ ਨੂੰ ਠੀਕ ਸਮਝੀ ਸੀ। ਏਸ ਮੋੜ ਉੱਤੇ ਹਿੰਦੀ-ਮਨ ਨੂੰ ਲਿਆਉਣ ਲਈ ਓਸ ਨੇ ਅਨੇਕਾਂ ਘਟੀਆ ਹੱਥਕੰਡੇ ਵਰਤੇ। ਅਕਾਲੀਆਂ ਨਾਲ ਸਮਝੌਤੇ ਕਰ-ਕਰ ਕੇ ਤੋੜੇ ਗਏ। ਆਖ਼ਰ ਕੁਲਦੀਪ ਨਈਅਰ ਵਰਗੇ ਵਿਚੋਲਿਆਂ ਅਤੇ ਹੋਰ ਅਨੇਕਾਂ ਦੱਲਿਆਂ-ਦਲਾਲਾਂ ਰਾਹੀਂ ਨਾਪਾਕ ਗੰਢ-ਸੰਢ ਕਰ ਕੇ ਸਥਾਪਤ ਅਕਾਲੀ ਆਗੂ ਖ਼ਰੀਦੇ ਗਏ। ਹਰ ਜ਼ਿਲ੍ਹੇ ਦੇ ਪੁਲਿਸ ਮੁਖੀ ਨੂੰ ਕਾਤਲਾਂ ਦੇ ਗਸ਼ਤੀ ਦਸਤੇ ਬਣਾ ਕੇ ਖ਼ਰੀਦੋ-ਫਰੋਖਤ ਦੇ ਵਿਰੋਧੀ ਸਿੱਖਾਂ ਦੇ ਕਤਲੇਆਮ ਦੀ ਖੁੱਲ੍ਹ ਦੇਣਾ, ਬਾਰ-ਬਾਰ ਐਲਾਨ ਕਰਨਾ ਕਿ ਫ਼ੌਜ, ਪੁਲਿਸ ਦਰਬਾਰ ਸਾਹਿਬ ਨਹੀਂ ਜਾਵੇਗੀ, ਗੁਰੂ ਅਰਜਨ ਦੇ ਸ਼ਹੀਦੀ ਦਿਹਾੜੇ ਹਮਲਾ ਕਰਨਾ, ਤਿੰਨ ਜੂਨ ਨੂੰ ਦੋ ਘੰਟੇ ਕਰਫ਼ਿਊ ਹਟਾ ਕੇ ਪੁਰਬ ਮਨਾਉਣ ਆਈ ਸੰਗਤ ਦਰਬਾਰ ਪ੍ਰਸਰ ਵਿੱਚ ਪਹੁੰਚਣ ਤੋਂ ਬਾਅਦ ਫ਼ੌਜੀ ਹਮਲਾ ਕਰਨਾ, ਫ਼ੌਜੀਆਂ ਨੂੰ ਸ਼ਰਾਬ ਨਾਲ ਧੁੱਤ ਕਰਕੇ ਅੰਦਰ ਭੇਜਣਾ, ਹਜ਼ਾਰਾਂ ਲੋਕਾਂ ਨੂੰ ਪਾਣੀ ਖੁਣੋਂ ਤੜਫ਼ਾ-ਤੜਫ਼ਾ ਕੇ ਮਾਰਨਾ, ਸੰਤਾਂ ਸਮੇਤ ਹਰ ਇੱਕ ਦਾ ਜ਼ਾਲਮਾਨਾ ਕਤਲ ਕਰਨ ਦਾ ਸਪਸ਼ਟ ਹੁਕਮ ਚਾੜ੍ਹਨਾ ਆਦਿ ਸਭ ਦੱਸਦੇ ਹਨ ਕਿ ਬੇਦੋਸ਼ੇ ਮਨੁੱਖਾਂ ਦਾ ਕਤਲੇਆਮ ਕਰਨ ਦੀ ਰਾਖਸ਼ਸੀ ਵਿਆਪਕ ਯੋਜਨਾ ਬਣੀ ਹੋਈ ਸੀ। ਜੇ ਜਨਰਲ ਸਿਨਹਾ ਨੂੰ ਸੱਚਾ ਸਮਝੀਏ ਤਾਂ ਇਹ ਯੋਜਨਾ ਜੂਨ 84 ਤੋਂ 30 ਮਹੀਨੇ ਪਹਿਲਾਂ ਘੜੀ ਜਾ ਚੁੱਕੀ ਸੀ।
ਕੁਲਦੀਪ ਨਈਅਰ ਨੂੰ ਨਿਰਪੱਖ ਪੱਤਰਕਾਰ/ਇਤਿਹਾਸਕਾਰ ਅਖਵਾਉਣ ਦਾ ਸ਼ੌਕ ਤਾਂ ਹੈ ਪਰ ਇਹਨਾਂ ਸ਼ੜਯੰਤਰਾਂ ਦੀਆਂ ਨੰਗੀਆਂ ਤਾਰਾਂ ਓਸ ਨੂੰ ਕਿਉਂ ਨਜ਼ਰ ਨਹੀਂ ਆਉਂਦੀਆਂ? ਕਿਉਂ ਉਹ ਇੰਦਰਾਜਾਲ ਅਤੇ ਚੱਕਰਵਿਯੂਹ ਤੋਂ ਉੱਕਾ ਬੇ-ਖ਼ਬਰ ਹੈ?
ਤਾਂ ਕਿ ਭਾਰਤ ਦੀ ਆਤਮਾ ਉੱਤੇ ਹਿੰਦ ਦੇ ਸਭ ਤੋਂ ਵੱਧ ਸਮਾਜ-ਸੇਵੀ ਸਮੂਹ ਦੇ ਕਈ ਵਾਰ ਕੀਤੇ ਕਤਲੇਆਮ ਦਾ ਮਣਾਮੂਹੀ ਬੋਝ ਨਾ ਪਵੇ, ਏਸ ਲਈ ਏਸ ਦੇ ਕੁਲਦੀਪ ਨਈਅਰ ਵਰਗੇ 'ਸਪੂਤ' ਅਜਿਹੇ ਬਹਾਨੇ ਘੜਦੇ ਰਹਿੰਦੇ ਹਨ ਜਿਨ੍ਹਾਂ ਦੇ ਸਹਾਰੇ ਕੁਕਰਮਾਂ ਦਾ ਬੋਝ ਹੋਰਾਂ ਉੱਤੇ ਧੱਕਿਆ ਜਾ ਸਕੇ। ਬਹਾਨਾ ਹੈ ਕਿ ਦਲ ਖ਼ਾਲਸਾ (ਜਿਸਦੀ ਕੁੱਲ ਨਫ਼ਰੀ ਓਸ ਵੇਲੇ ਚੰਦ ਦਰਜਨ ਤੋਂ ਵੱਧ ਨਹੀਂ ਸੀ) ਪੰਜਾਬ ਦੇ ਦੁਖਾਂਤ ਲਈ ਜ਼ਿੰਮੇਵਾਰ ਹੈ। ਏਸ ਵਿੱਚ ਦਰਬਾਰਾ ਸਿੰਘ ਬਨਾਮ ਜ਼ੈਲ ਸਿੰਘ ਦੇ ਅਖਾਉਤੀ ਝਗੜੇ ਨੂੰ ਘੁਸੇੜਿਆ ਜਾਂਦਾ ਹੈ ਜਿਸ ਦੀ ਭਿਣਕ ਦਿੱਲੀ ਬੈਠੇ ਕਾਂਗਰਸ ਦੇ ਅੰਨ੍ਹੇ-ਬੋਲੇ ਹਾਕਮਾਂ ਨੂੰ ਨਾ ਪੈ ਸਕੀ। ਜਿਸ ਦਿਨ (ਅਗਸਤ 13, 1978) ਦਲ ਖ਼ਾਲਸਾ ਦੀ ਸਥਾਪਨਾ ਜ਼ਾਹਰ ਕਰਨ ਲਈ ਪ੍ਰੈਸ ਕਾਨਫ਼ਰੰਸ ਹੋਈ ਓਸੇ ਦਿਨ ਜੈਲ ਸਿੰਘ ਵੱਲੋਂ ਓਸੇ ਹੋਟਲ ਵਿੱਚ ਕੀਤੀ ਪ੍ਰੈਸ ਕਾਨਫਰੰਸ ਦਾ ਲਾਹਾ ਲੈ ਕੇ ਦਲ ਖ਼ਾਲਸਾ ਨੂੰ ਜ਼ੈਲ ਸਿੰਘ ਦੀ ਪੈਦਾ ਕੀਤੀ ਜਮਾਤ ਦੱਸਿਆ ਜਾਂਦਾ ਹੈ। ਹਾਲਾਂਕਿ ਦਲ ਖ਼ਾਲਸਾ ਮੁਕੰਮਲ ਰੂਪ ਵਿੱਚ 6 ਅਗਸਤ 1978 ਨੂੰ ਸਥਾਪਤ ਹੋ ਚੁੱਕਿਆ ਸੀ।
ਇਹ ਲੇਖਕ ਦਲ ਖ਼ਾਲਸਾ ਦੇ ਬਾਨੀ ਨੌ-ਜਵਾਨਾਂ ਸਬੰਧੀ ਮੁੱਢ ਤੋਂ ਜਾਣਕਾਰੀ ਰੱਖਦਾ ਹੈ। ਪ੍ਰੈਸ ਕਾਨਫ਼ਰੰਸ ਤੋਂ ਤਕਰੀਬਨ ਦੋ ਸਾਲ ਪਹਿਲਾਂ ਦਲ ਖ਼ਾਲਸਾ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ। ਪੁੰਡਰੀ ਵਿੱਚ ਹੋਏ ਨਿਹੰਗਾਂ ਦੇ ਕਤਲ ਵਾਲੇ ਦਿਨ ਜਥੇਬੰਦੀ ਬਣਾਉਣ ਦਾ ਫ਼ੈਸਲਾ ਹੋ ਚੁੱਕਾ ਸੀ। ਜਥੇਬੰਦੀ ਦਾ ਨਾਂਅ ਸਿਰਦਾਰ ਕਪੂਰ ਸਿੰਘ ਦਾ ਸੁਝਾਇਆ ਹੋਇਆ ਹੈ। ਪ੍ਰੈਸ ਕਾਨਫ਼ਰੰਸ ਤੋਂ ਢੇਰ ਪਹਿਲਾਂ 'ਸਰਕਾਰ ਖ਼ਾਲਸਾ ਜੀਓ' ਦੇ ਨੀਤੀ-ਪੱਤਰ ਜਾਰੀ ਹੋ ਚੁੱਕੇ ਸਨ ਜਿਨ੍ਹਾਂ ਦੇ ਜਾਰੀ ਹੋਣ ਬਾਰੇ ਮੈਂ ਵਿਸ਼ੇਸ਼ ਜਾਣਕਾਰੀ ਰੱਖਦਾ ਹਾਂ। ਇੱਕ ਰਸਾਲਾ ਵੀ ਜਾਰੀ ਹੋ ਚੁੱਕਿਆ ਸੀ। ਬੀਬੀ ਨਿਰਲੇਪ ਕੌਰ ਦੀ ਕੋਠੀ ਵਿੱਚ ਏਸ ਦਾ ਦਫ਼ਤਰ ਵੀ ਬਣ ਚੁੱਕਾ ਸੀ।
ਜ਼ੈਲ ਸਿੰਘ ਨੇ ਕਈ ਵਾਰ, ਵਿਸ਼ਵਾਨਾਥ ਤਿਵਾੜੀ ਨੇ ਅਨੇਕਾਂ ਵਾਰ ਸਫ਼ਾਈ ਦਿੱਤੀ ਕਿ ਉਹਨਾਂ ਦਾ ਏਸ ਸੰਸਥਾ ਨਾਲ ਕੋਈ ਸਬੰਧ ਨਹੀਂ ਸੀ। ਜ਼ੈਲ ਸਿੰਘ ਦਾ ਨਿੱਜੀ ਸਹਾਇਕ ਤ੍ਰਲੋਚਨ ਸਿੰਘ ਵੀ ਇਹਨਾਂ ਲੀਹਾਂ ਉੱਤੇ ਅਨੇਕਾਂ ਬਿਆਨ ਦੇ ਚੁੱਕਿਆ ਹੈ। ਫੇਰ ਵੀ ਕੁਲਦੀਪ ਨਈਅਰ ਵਰਗੇ ਸੱਚ ਤੋਂ ਕੋਰੇ, ਵਿਵੇਕਹੀਣ, ਤਰਕਹੀਣ ਲਕੀਰ ਦੇ ਫਕੀਰ ਓਹੀ ਪੁਰਾਣਾ ਬੇ-ਮੌਸਮੀ ਰਾਗ ਅਲਾਪੀ ਜਾ ਰਹੇ ਹਨ, ਅਲਾਪੀ ਜਾ ਰਹੇ ਹਨ। ਇਤਿਹਾਸ ਦੀ ਪ੍ਰਕਿਰਿਆ ਦੀ ਇਹਨਾਂ ਨੂੰ ਏਨੀਂ ਕੁ ਹੀ ਸੋਝੀ ਹੈ? ਕੀ ਜਾਤ ਦੀ ਕੋਹੜ ਕਿਰਲੀ ਨੂੰ ਸ਼ਤੀਰਾਂ ਨਾਲ ਜੱਫੇ ਪਾਉਣੇ ਚਾਹੀਦੇ ਹਨ?
ਸਿੱਖਾਂ ਦਾ ਕਤਲੇਆਮ ਕਰਨਾ ਓਸ ਸਮੇਂ ਦੀ ਹਕੂਮਤ ਦਾ ਨਿਸ਼ਾਨਾ ਸੀ। ਬਹਾਨੇ ਲੱਭੇ ਜਾ ਰਹੇ ਸਨ। ਪੰਜਾਬ ਦੇ ਮੁੱਖ ਸਕੱਤਰ ਨੂੰ ਜਦੋਂ ਬਿਹਾਰ ਦੇ ਮੁੱਖ ਸਕੱਤਰ ਨੇ ਪੁੱਛਿਆ ਕਿ ਏਨੇ ਸਿੱਖਾਂ ਨੂੰ ਮਾਰਨਾ ਕਿਉਂ ਜ਼ਰੂਰੀ ਸੀ? ਓਸਦਾ ਜੁਆਬ ਸੀ 'ਤਾਂ ਕਿ ਹਰ ਸਿੱਖ ਸਦਾ ਆਪਣੇ ਪਰਛਾਵੇਂ ਤੋਂ ਡਰਦਾ ਰਹੇ।' ਕੀ ਇਹ ਸਰਕਾਰੀ ਅੱਤਵਾਦ ਨਹੀਂ ਸੀ ਜੋ ਹਰ ਇਮਾਨਦਾਰ ਪੱਤਰਕਾਰ ਦੀ ਸੱਚ ਸਮਝਣ ਵਿੱਚ ਸਹਾਇਤਾ ਕਰੇ? ਕੁਲਦੀਪ ਨਈਅਰ ਲਈ ਕਿਉਂ ਇਹ ਤੱਥ ਨਿਰਣਾਇਕ ਹੋ ਨਾ ਉਭਰਿਆ?
ਕੁਲਦੀਪ ਨਈਅਰ ਦੀ ਹਾਲ ਵਿੱਚ ਛਪੀ ਕਿਤਾਬ (Beyond The Lines, Roli Books, Delhi 2012) ਅਤੇ ਓਸ ਦੇ ਅੰਗ੍ਰੇਜ਼ੀ ਟ੍ਰਿਬਿਊਨ ਅਤੇ ਸਟੇਟਸਮੈਨ ਵਿੱਚ ਛਪੇ ਦੋ ਲੇਖਾਂ ਨੇ ਕਾਫ਼ੀ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਸਿੱਖ ਪੰਥ ਨੇ ਏਸ ਦੀਆਂ ਲਿਖਤਾਂ/ਬਿਆਨਾਂ ਆਦਿ ਨੂੰ ਸਦਾ ਹੀ ਉੱਚੇ ਖੜ੍ਹ ਕੇ ਦੂਜਿਆਂ ਨੂੰ ਨੀਵਾਂ ਦਰਸਾਉਣ ਦੀ ਮਨਸ਼ਾ ਨਾਲ ਕੀਤੀਆਂ ਕੁਰੱਖਤ ਟਿੱਪਣੀਆਂ ਦੇ ਰੂਪ ਵਿੱਚ ਵੇਖਿਆ ਹੈ। ਆਮ ਸਿੱਖਾਂ ਵਿੱਚ ਉਪਰੋਕਤ ਸਮਗਰੀ ਨੂੰ ਪੜ੍ਹ ਕੇ ਰੋਸ ਜਾਗਣਾ ਲਾਜ਼ਮੀ ਸੀ। ਓਸ ਨੇ ਰੋਸ ਨੂੰ ਮੱਠਾ ਕਰਨ ਲਈ ਅਖ਼ਬਾਰ ਰਾਹੀਂ ਵਾਅਦਾ ਵੀ ਕੀਤਾ ਕਿ ਉਹ ਅਗਲੀ ਛਾਪ ਵਿੱਚ ਅਤਿਅੰਤ ਦਿਲ਼-ਦੁਖਾਊ ਟਿੱਪਣੀਆਂ ਨੂੰ ਕਿਤਾਬ ਵਿੱਚੋਂ ਖਾਰਜ ਕਰ ਦੇਵੇਗਾ। ਅੰਮ੍ਰਿਤਸਰ (ਜੁਲਾਈ 20, 2012) ਹੋਏ ਵਿਸ਼ੇਸ਼ ਸਮਾਗਮ ਨੇ ਏਸ ਦੇ ਵਾਅਦੇ ਉੱਤੇ ਬੇ-ਇਤਬਾਰੀ ਜਤਾਈ। ਸਮਾਗਮ ਦਾ ਖ਼ਦਸ਼ਾ ਸਹੀ ਨਿਕਲਿਆ ਅਤੇ ਦੂਜੀ ਛਾਪ ਇੰਨ-ਬਿੰਨ ਪਹਿਲੀ ਦੀ ਨਕਲ ਹੀ ਹੈ। ਅਜਿਹਾ ਹੋਣਾ ਹੀ ਸੀ ਕਿਉਂਕਿ ਨਈਅਰ ਨੇ ਆਪਣੇ ਸਨਮਾਨ ਵਿੱਚ ਹੋਏ ਸਮਾਗਮ ਵਿੱਚ ਹੋਏ 'ਅਪਮਾਨ' ਦੇ ਬਾਵਜੂਦ ਆਪਣੇ-ਆਪ ਨੂੰ ਪਿਛਲੇ 6 ਸਾਲਾਂ ਵਿੱਚ ਵੀ ਨਹੀਂ ਸੀ ਬਦਲਿਆ।
ਹਥਲਾ ਲੇਖ ਲਿਖਣ ਦਾ ਵੱਡਾ ਕਾਰਣ ਇਹ ਵੀ ਹੈ ਕਿ ਪੰਥ ਦੀਆਂ ਕੁਝ ਸਨਮਾਨਯੋਗ ਹਸਤੀਆਂ ਜਿਨ੍ਹਾਂ ਵਿੱਚ ਹਰਵਿੰਦਰ ਸਿੰਘ ਫੂਲਕਾ, ਜਸਟਿਸ ਅਜੀਤ ਸਿੰਘ ਬੈਂਸ ਅਤੇ ਇੰਦਰਜੀਤ ਸਿੰਘ ਜੇਜੀ ਸ਼ਾਮਲ ਹਨ, ਨੇ ਲੇਖ/ਬਿਆਨ ਛਪਵਾਏ ਹਨ ਜਿਨ੍ਹਾਂ ਦਾ ਭਾਵ ਇਹ ਹੈ ਕਿ ਕੁਲਦੀਪ ਨਈਅਰ ਨੂੰ ਗਲਤ ਆਖ ਕੇ ਸਿੱਖ ਕੌਮ ਅਕ੍ਰਿਤਘਣ ਹੋਣ ਦਾ ਸਬੂਤ ਦੇ ਰਹੀ ਹੈ। ਏਸ ਪੱਖੋਂ ਸਿੱਖ ਕੌਮ ਦਾ ਕਿਰਦਾਰ ਬਹੁਤ ਉੱਚਾ-ਸੁੱਚਾ ਹੈ। 1947 ਦੇ ਸਭਨਾਂ ਸਿਰ ਚੜ੍ਹੇ ਜਨੂੰਨ ਦੇ ਬਾਵਜੂਦ ਮੁਸਲਮਾਨਾਂ ਦਾ ਮਲੇਰਕੋਟਲੇ ਦੀ ਹੱਦ ਵਿੱਚ ਸੁਰੱਖਿਅਤ ਹੋਣਾ ਏਸ ਦਾ ਵੱਡਾ ਸਬੂਤ ਹੈ। ਉਲਟਾ ਸਿੱਖਾਂ ਦਾ ਮੰਨਣਾ ਹੈ ਕਿ ਕੁਲਦੀਪ ਨਈਅਰ ਦੀਆਂ ਪ੍ਰਚਾਰੀਆਂ ਗਲਤ ਧਾਰਨਾਵਾਂ, ਪਰਗਟ ਕੀਤੇ ਝੂਠੇ ਬਿਆਨਾਂ ਅਤੇ ਦੁਸ਼ਮਣ ਦੇ ਖੇਮੇ ਵਿੱਚੋਂ ਖੜ੍ਹ ਕੇ ਦਾਗੇ ਤੀਰਾਂ ਨੇ ਸੱਚ, ਨਿਆਂ, ਧਰਮ ਦੇ ਹਾਮੀ ਹਰ ਮਨੁੱਖ ਦੀ ਪੱਤਰਕਾਰੀ ਵਿੱਚ ਆਸਥਾ ਨੂੰ ਡੂੰਘੇ ਜ਼ਖ਼ਮ ਲਗਾਏ ਹਨ।
ਏਸ ਤੋਂ ਪਹਿਲਾਂ ਇਹ ਲੇਖਕ (Tragedy of Punjab-1984) ਪੰਜਾਬ ਦਾ ਦੁਖਾਂਤ ਵਿੱਚ ਲਿਖੇ ਤਿੰਨ ਲੰਮੇ ਲੇਖਾਂ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਲੇਖ ਲਿਖ ਚੁੱਕਿਆ ਹੈ ਜਿਨ੍ਹਾਂ ਨੂੰ ਹਜ਼ਮ ਕਰਨਾ ਕਿਸੇ ਸੱਚ ਦੇ ਖੋਜੀ ਲਈ ਸੰਭਵ ਨਹੀਂ। ਪੱਤਰਕਾਰਾਂ ਨੂੰ ਸਮਾਜ ਇਤਿਹਾਸਕਾਰਾਂ ਦੇ ਰੂਪ ਵਿੱਚ ਦੇਖਦਾ ਹੈ ਜਿਨ੍ਹਾਂ ਨੇ ਆਉਂਦੀਆਂ ਨਸਲਾਂ ਨੂੰ ਸੇਧ ਦੇਣ ਲਈ ਸਮਕਾਲੀ ਇਤਿਹਾਸ ਕਲਮਬੰਦ ਕਰਨਾ ਹੁੰਦਾ ਹੈ। ਜੇ ਸਿੱਖ ਕੌਮ ਨਾਲ ਉੱਪਰੋਂ ਹਮਦਰਦੀ ਜਤਾਉਣ ਵਾਲਾ ਮਨੁੱਖ ਵੀ ਇਤਿਹਾਸ ਨੂੰ ਬੁਰੀ ਤਰ੍ਹਾਂ ਵਿਗਾੜ ਕੇ ਸਿੱਖ ਕੌਮ ਉੱਤੇ ਝੂਠੀਆਂ ਉਜਾਂ ਲਾਵੇ, ਏਸ ਦੇ ਸਥਾਪਤ ਮਹਾਮਾਨਵਾਂ ਦੇ ਅਕਸ ਵਿਗਾੜੇ ਅਤੇ ਬੇ-ਬੁਨਿਆਦ ਝੂਠੇ ਇਲਜ਼ਾਮ ਲਾਵੇ ਤਾਂ ਆਖਣਾ ਪੈਂਦਾ ਹੈ, ਭੱਠ ਪਵੇ ਸੋਨਾ ਜਿਹੜਾ ਕੰਨ ਨੂੰ ਖਾਵੇ।
ਇਹ ਵੀ ਵਿਚਾਰਨਾ ਪੈਂਦਾ ਹੈ ਕਿ 'ਅੱਧੀ ਤੇਰੀਂ ਹਾਂ ਮੁਲ੍ਹਾਜ਼ੇਦਾਰਾ 'ਤੇ ਅੱਧੀ ਹਾਂ ਮੈਂ ਹੌਲਦਾਰ ਦੀ' ਵਾਲਾ ਰਵੱਈਆ ਲੇਖਕ ਵੱਲੋਂ ਅਖ਼ਤਿਆਰ ਕੀਤੇ ਜਾਣ ਦਾ ਕੀ ਸੰਭਵ ਕਾਰਣ ਹੋ ਸਕਦਾ ਹੈ। ਜਾਪਦਾ ਇਹ ਹੈ ਕਿ ਜਿਵੇਂ ਮੁਕੰਮਲ ਤੌਰ ਉੱਤੇ ਕਾਲੇ ਲੋਕਾਂ ਤੋਂ ਨਫ਼ਰਤ ਕਰਨ ਦੇ ਬਾਵਜੂਦ ਮੋਹਨਦਾਸ ਕਰਮਚੰਦ ਗਾਂਧੀ ਨੇ ਜ਼ੁਲੂ ਜੰਗ ਵਿੱਚ ਰੈਡ ਕਰੌਸ ਦੀ ਭਾਵੁਕਤਾ ਤੋਂ ਕੋਰੀ, ਨੀਰਸ ਭੂਮਿਕਾ ਨਿਭਾਈ ਸੀ, ਓਸੇ ਤਰਜ਼ ਉੱਤੇ ਕੁਲਦੀਪ ਨਈਅਰ ਨੇ ਆਪਣਾ ਬਦਰੰਗ ਕਿਰਦਾਰ ਨਿਭਾਇਆ ਹੈ। ਏਸ ਤੋਂ ਵੱਧ ਓਸ ਦੇ ਕੀਤੇ ਨੂੰ ਜਾਣਨਾ ਨਾਦਾਨੀ ਦਾ ਸਿਖ਼ਰ ਛੁਹਣ ਵਾਲੀ ਗੱਲ ਜਾਪਦੀ ਹੈ।
ਪਹਿਲਾਂ ਇਹ ਵੇਖੀਏ ਕਿ ਲੇਖਕ ਨੇ ਕਿਵੇਂ ਸਾਰੀ ਕੌਮ ਨੂੰ ਭੰਡਣ ਵਾਸਤੇ ਅਤੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਉੱਤੇ ਭੱਦੀਆਂ ਟਿੱਪਣੀਆਂ ਕੀਤੀਆਂ ਹਨ। ਅੱਜ ਰਾਜੀਵ ਗਾਂਧੀ, ਸੋਨੀਆਂ ਗਾਂਧੀ, ਰਾਹੁਲ ਗਾਂਧੀ ਅਤੇ ਕਾਂਗਰਸ ਦਾ ਪ੍ਰਧਾਨ ਮੰਤਰੀ ਤੱਕ ਨੇ 1984 ਅਤੇ ਬਾਅਦ ਦੇ ਸਿੱਖ ਕਤਲੇਆਮ ਸਬੰਧੀ ਖੇਦ ਪ੍ਰਗਟ ਕੀਤਾ ਹੈ ਅਤੇ ਸਿੱਖਾਂ ਨਾਲ ਹੋਈਆਂ ਵਧੀਕੀਆਂ ਨੂੰ ਸਿੱਧੇ, ਵਿੰਗੇ-ਟੇਢੇ ਢੰਗ ਨਾਲ ਸਵੀਕਾਰ ਕੀਤਾ ਹੈ, ਕੁਲਦੀਪ ਨਈਅਰ ਅਜੇ ਵੀ ਸਿੱਖ ਕੌਮ ਨੂੰ ਗਲਤ ਸਾਬਤ ਕਰਨ ਲਈ ਬਜ਼ਿਦ ਜਾਪਦਾ ਹੈ।
ਓਸ ਦੀਆਂ ਲਿਖਤਾਂ ਵਿੱਚੋਂ ਕੇਵਲ ਹਿੰਦੂਤਵੀਆਂ ਦੀਆਂ ਧਾਰਨਾਵਾਂ ਨੂੰ ਪ੍ਰਪੱਕ ਕਰਨ ਦਾ ਮਸੌਦਾ ਹੀ ਪੱਲੇ ਪੈਂਦਾ ਹੈ।
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਾਰਾ ਸਿੱਖ ਸੰਸਾਰ ਕੌਮੀ ਸ਼ਹੀਦ ਅਤੇ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਮਨੁੱਖ ਥਾਪ ਚੁੱਕਿਆ ਹੈ। ਉਹ ਵੀ ਇੱਕ ਖ਼ਾਸ ਪ੍ਰਕਿਰਿਆ ਵਿੱਚੋਂ ਨਿਕਲ ਕੇ। ਹਿੰਦੁਸਤਾਨ ਦੀ ਪੁਲਿਸ ਅਤੇ ਸਿਆਸਤਦਾਨ ਸੰਤ ਜੀ ਉੱਤੇ ਕੋਈ ਵੀ ਪੁਖਤਾ ਇਲਜ਼ਾਮ ਨਾ ਲਗਾ ਸਕੇ, ਨਾ ਹੀ ਓਸ ਉੱਤੇ ਕਾਨੂੰਨ ਦੀ ਉਲੰਘਣਾ ਦਾ ਕੋਈ ਠੋਸ ਮੁਆਮਲਾ ਬਣਾ ਸਕੇ ਹਨ। ਅਪ੍ਰੈਲ 1984 ਤੱਕ ਉਹ ਦੁਸ਼ਮਣ ਜਮਾਤ ਕਾਂਗਰਸ ਦੀਆਂ ਨਜ਼ਰਾਂ ਵਿੱਚ ਵੀ ਸੰਤ ਸੀ (ਰਾਜੀਵ ਗਾਂਧੀ ਦਾ ਬਿਆਨ)। ਉਹ ਸਿੱਖਾਂ ਵਿੱਚ ਓਸ ਵੇਲੇ ਤੱਕ ਬੇ-ਹੱਦ ਸਤਿਕਾਰੀ ਜਾਂਦੀ ਦਮਦਮੀ ਟਕਸਾਲ ਦਾ ਨਿਧੜਕ ਮੁਖੀ ਸੀ। ਉਹ ਆਪਣੇ ਸਵੈ-ਰੱਖਿਆ ਦੇ ਅਧਿਕਾਰ ਅਤੇ ਆਪਣੇ ਗੁਰੂ ਦੀ ਰਾਖੀ ਕਰਨ ਦੇ ਦੈਵੀ ਹੱਕ ਲਈ ਮਰਦਾਂ ਵਾਂਗ ਜੂਝ ਕੇ ਸ਼ਹੀਦ ਹੋਇਆ। ਓਸ ਦੀ ਅੰਤਮ ਜੰਗ ਚਮਕੌਰ ਗੜ੍ਹੀ ਦੇ ਜੰਗ ਦੇ ਨਾਲ-ਨਾਲ ਸਦਾ ਇਤਿਹਾਸ ਦਾ ਰੌਸ਼ਨ ਦਿਸਹੱਦਾ ਅਤੇ ਖ਼ੁਦਦਾਰ ਮਨੁੱਖਤਾ ਦਾ ਮਾਣ ਬਣੀ ਰਹੇਗੀ। ਅਜਿਹੇ ਮਹਾਂਪੁਰਖ ਨੂੰ 'ਸੰਤ' ਆਖਣ ਲੱਗਿਆਂ ਕੁਲਦੀਪ ਨਈਅਰ ਦੀ ਝੂਠੀ ਜ਼ੁਬਾਨ ਕਿਉਂ ਥਥਲਾਉਂਦੀ ਹੈ? ਖ਼ਾਸ ਤੌਰ ਉੱਤੇ ਏਸ ਸੰਦਰਭ ਵਿੱਚ ਜਦੋਂ ਕਿ ਹਿੰਦੂ ਸੰਸਕ੍ਰਿਤੀ ਅਨਮਤੀਆਂ ਦਾ ਕਤਲੇਆਮ ਕਰਨ ਵਾਲੇ ਨੂੰ, ਬਲਾਤਕਾਰੀ ਨੂੰ ਸ਼ੰਕਰਾਚਾਰੀਆ ਬਲੈਕੀਆਂ, ਕਾਤਲਾਂ ਨੂੰ ਬਾਪੂ ਅਤੇ ਆਪਣੀਆਂ ਪੋਤਰੀਆਂ ਦੀ ਉਮਰ ਦੀਆਂ ਕੁੜੀਆਂ ਨਾਲ ਨੰਗਾ ਸੌਣ ਵਾਲਿਆਂ ਨੂੰ ਮਹਾਤਮਾ ਨਸਲਕੁਸ਼ੀ ਕਰਨ ਵਾਲੇ ਨੂੰ ਅਵਤਾਰ ਆਖਣ ਦੀ ਇਜਾਜ਼ਤ ਦਿੰਦੀ ਹੈ? ਨਈਅਰ ਕਿਉਂ ਇੱਕ ਆਪਾ-ਵਾਰੂ, ਸਾਧੂ, ਨਿਸ਼ਪਾਪ, ਨਿਰਦੋਸ਼, ਪਰਉਪਕਾਰੀ, ਮਹਾਤਮਾ ਨੂੰ ਸੰਤ ਮੰਨਣ ਤੋਂ ਇਨਕਾਰੀ ਹੈ?
ਸੰਤ ਭਿੰਡਰਾਂਵਾਲਿਆਂ ਨੂੰ ਕੌਮ-ਵੇਚੂ ਫ਼ਤਹਿ ਸਿੰਘ ਵਾਂਗ ਕਾਂਗਰਸ ਦੀ ਪੈਦਾਇਸ਼ ਦੱਸ ਕੇ ਇਹ ਇਤਿਹਾਸਕ ਸੂਝ-ਬੂਝ ਤੋਂ ਆਪਣੇ-ਆਪ ਨੂੰ ਕੋਰਾ ਹੀ ਨਹੀਂ ਦਰਸਾ ਰਿਹਾ ਬਲਕਿ ਆਪਣਾ ਬੌਧਿਕ ਨੰਗਪੁਣਾ ਵੀ ਵਿਖਾ ਰਿਹਾ ਹੈ। ਫ਼ਤਹਿ ਸਿੰਘ ਨੂੰ ਮੋਹਣ ਲਾਲ ਸੁਖਾਡੀਆ, ਪ੍ਰਤਾਪ ਸਿੰਘ ਕੈਰੋਂ ਅਤੇ ਜਵਾਹਰ ਲਾਲ ਨਹਿਰੂ ਨੇ ਸਿੱਖ ਕੌਮ ਦੇ ਗਲ਼ ਮੜ੍ਹਿਆ ਸੀ। ਜੱਟ-ਭਾਪਾ ਵਿਵਾਦ ਪ੍ਰੈਸ ਰਾਹੀਂ ਖੜ੍ਹਾ ਕਰ ਕੇ ਫ਼ਤਹਿ ਸਿੰਘ ਨੂੰ ਮਾਸਟਰ ਤਾਰਾ ਸਿੰਘ ਦੇ ਵਿਰੁੱਧ ਉਭਾਰਿਆ ਗਿਆ। ਓਸ ਨੂੰ ਪੈਸੇ ਦਿੱਤੇ ਗਏ, ਸ਼੍ਰੋਮਣੀ ਕਮੇਟੀ ਉੱਤੇ ਓਸ ਦਾ ਕਬਜ਼ਾ ਕਰਵਾਉਣ ਲਈ ਸਰਕਾਰਾਂ ਪੱਬਾਂ-ਭਾਰ ਹੋਈਆਂ ਰਹੀਆਂ; ਜਵਾਹਰ ਲਾਲ ਨਹਿਰੂ ਓਸ ਨੂੰ ਬੁਲਾ-ਬੁਲਾ ਕੇ ਸੇਬ ਆਪਣੇ ਹੱਥ ਨਾਲ ਖਵਾਉਂਦਾ ਰਿਹਾ; ਲੰਗੜਾ-ਲੂਲ੍ਹਾ ਪੰਜਾਬੀ ਸੂਬੇ ਦਾ ਸਾਰਾ ਸ਼੍ਰੇਅ ਓਸ ਨੂੰ ਦਿੱਤਾ ਗਿਆ ਅਤੇ ਸਰਕਾਰੀ ਇਸ਼ਾਰੇ ਉੱਤੇ ਜਲੰਧਰ ਦੀਆਂ ਅਖ਼ਬਾਰਾਂ ਓਸ ਨੂੰ ਸ਼ਿਵ ਜੀ ਦਾ ਅਵਤਾਰ ਦੱਸਦੀਆਂ ਰਹੀਆਂ। ਸੰਤ ਜਰਨੈਲ ਸਿੰਘ ਨੂੰ ਹਰ ਹਿੰਦੂਤਵੀ ਪੱਤਰਕਾਰ ਨੇ ਅਤੇ ਹਿੰਦੂ ਅਖ਼ਬਾਰਾਂ ਨੇ ਭੰਡਿਆ, ਓਸ ਦੇ ਦੋਸਤਾਂ-ਮਿੱਤਰਾਂ ਨੂੰ ਜਾਨੋਂ ਮਾਰਨ ਲਈ ਪੁਲਿਸ ਦੇ ਹਰ ਜ਼ਿਲ੍ਹਾ ਮੁਖੀ ਨੇ ਖ਼ਾਸ ਧਰਤੀਦੋਜ਼ ਗਸ਼ਤੀ ਦਸਤੇ ਬਣਾਏ, ਹਰ ਕਾਂਗਰਸੀ ਆਗੂ ਪਾਣੀ ਪੀ-ਪੀ ਕੇ ਓਸ ਨੂੰ ਕੋਸਦਾ ਰਿਹਾ। ਉਹ ਨਿਰੰਕਾਰੀਆਂ ਦੇ ਸਿੱਖੀ-ਵਿਰੋਧੀ ਪ੍ਰਚਾਰ ਦਾ ਧੁਰਾ ਸੀ ਅਤੇ ਏਸੇ ਲਈ ਹਰ ਹਿੰਦੂਤਵੀ ਨੂੰ ਨਹੀਂ ਸੀ ਸੁਖਾਉਂਦਾ। ਸਾਰੀਆਂ ਸਰਕਾਰਾਂ ਨੇ ਇੱਕਮੁੱਠ ਹੋ ਕੇ ਓਸ ਦੇ ਚਾਰ ਟੋਟਰੂਆਂ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਨ ਦੇ ਯਤਨ ਵਿਰੁੱਧ ਜਹਾਦ ਕੀਤਾ, ਕਦੇ ਓਸ ਨੂੰ ਸਰਕਾਰੀ-ਅਕਾਲੀ ਗੱਲਬਾਤ ਵਿੱਚ ਸ਼ਾਮਲ ਨਾ ਕੀਤਾ ਗਿਆ, ਹਿੰਦ ਦੀ ਪਾਰਲੀਮੈਂਟ ਤੱਕ ਤੋਂ ਓਸ ਨੂੰ ਧਮਕੀਆਂ ਨਸ਼ਰ ਕੀਤੀਆਂ ਜਾਂਦੀਆਂ ਰਹੀਆਂ, ਅੰਤ ਓਸ ਨੂੰ ਮਾਰਨ ਵਾਸਤੇ (ਜਿਸ ਦੀ ਉੱਕਾ ਲੋੜ ਨਹੀਂ ਸੀ) ਆਧੁਨਿਕ ਹਥਿਆਰਾਂ, ਟੈਂਕਾਂ, ਜ਼ਹਿਰੀਲੀਆਂ ਗੈਸਾਂ, ਤੋਪਾਂ, ਹਵਾਈ ਜਹਾਜ਼ਾਂ, ਬੰਬਾਂ ਨਾਲ ਹਮਲਾ ਕੀਤਾ ਗਿਆ। ਸੰਤਾਂ ਸਬੰਧੀ ਇੰਦਰਾ ਗਾਂਧੀ ਦਾ ਆਖ਼ਰੀ ਫੁਰਮਾਨ ਸੀ: 'ਬੇਸ਼ਕ ਤਖ਼ਤ ਸਮੇਤ ਅੱਧਾ ਅੰਮ੍ਰਿਤਸਰ ਢਹਿ ਜਾਵੇ ਮੈਨੂੰ ਭਿੰਡਰਾਂਵਾਲਾ ਮਰਿਆ ਚਾਹੀਦਾ ਹੈ'। ਅਜੇ ਵੀ ਕੁਲਦੀਪ ਨਈਅਰ ਓਸ ਨੂੰ ਫਤਹਿ ਸਿੰਘ ਦੀ ਤਰਜ਼ ਉੱਤੇ ਕਾਂਗਰਸ ਦੀ ਪੈਦਾਇਸ਼ ਆਖਣ ਵਾਸਤੇ ਅੜੀ ਕਰ ਰਿਹਾ ਹੈ।
ਸੰਤ ਭਿੰਡਰਾਂਵਾਲੇ ਸੰਤ ਕਰਤਾਰ ਸਿੰਘ ਦੇ ਬੇਵਕਤੀ ਅਕਾਲ-ਚਲਾਣੇ ਬਾਅਦ ਟਕਸਾਲ ਦੇ ਮੁਖੀ ਬਣੇ। ਇਹ ਕਿਸੇ ਦਾ ਕੀਤਾ ਨਹੀਂ ਹੋਇਆ, ਇਹ ਮਹਿਜ਼ ਇੱਕ ਇਤਫ਼ਾਕ ਸੀ। ਭਿੰਡਰਾਂਵਾਲੀ ਟਕਸਾਲ ਦੇ ਸਾਧੇ ਗ੍ਰੰਥੀ ਅਤੇ ਪ੍ਰਚਾਰਕ ਹਰ ਸ਼ਹਿਰ, ਕਸਬੇ ਵਿੱਚ ਸਨ, ਇਹਨਾਂ ਸੰਤਾਂ ਦਾ ਮੱਤ ਪ੍ਰਚਾਰਨ ਵਿੱਚ ਮਦਦ ਕੀਤੀ। ਸਰਕਾਰ ਦੀ ਉਹਨਾਂ ਨੂੰ ਅੱਗੇ ਲਿਆਉਣ ਵਿੱਚ ਕੋਈ ਭੂਮਿਕਾ ਨਹੀਂ ਸੀ। ਏਸ ਵਿਰੋਧਾਭਾਸ ਦਾ ਵੀ ਇਹ ਤੋੜ ਨਹੀਂ ਲੱਭ ਸਕਿਆ ਕਿ ਆਪਸ ਵਿੱਚ ਵਿਰੋਧੀ ਦਰਬਾਰਾ ਸਿੰਘ ਅਤੇ ਜ਼ੈਲ ਸਿੰਘ ਕਿਵੇਂ ਦੋਨੋਂ ਸੰਤਾਂ ਦੇ ਸਮਰਥਕ ਸਨ। ਜੇ ਕੇਂਦਰ ਓਸ ਨੂੰ ਅੱਗੇ ਲਿਆਉਣਾ ਚਾਹੁੰਦਾ ਸੀ ਤਾਂ ਇਹ ਦੋਵੇਂ ਕਿਵੇਂ ਸਮੇਂ-ਸਮੇਂ 'ਤੇ ਸੰਤ ਦਾ ਵਿਰੋਧ ਕਰਦੇ ਰਹੇ ਸਨ?
ਇੱਕ ਹੋਰ ਅਗਿਆਨਤਾ-ਪੂਰਣ ਟਿੱਪਣੀ ਸੰਤਾਂ ਬਾਰੇ ਕਰਦਾ ਹੋਇਆ ਨਈਅਰ ਲਿਖਦਾ ਹੈ ਕਿ ਉਹ ਹਥਿਆਰਬੰਦ ਆਦਮੀ ਆਪਣੇ ਆਲੇ-ਦੁਆਲੇ ਰੱਖਦਾ ਸੀ। ਕੁਲੀਨ ਵਰਗਾਂ ਦੀ ਇਹ ਦਿਲ਼ੀ ਚਾਹ ਹੈ ਕਿ ਏਕਲੱਵਯ ਵਾਂਗ ਸਾਰੀ ਪ੍ਰਜਾ ਸ਼ਸਤ੍ਰਹੀਣ ਹੋਵੇ ਪ੍ਰੰਤੂ ਅੱਜ ਦੇ ਲੋਕਤੰਤਰ ਦੀ ਇਹ ਪ੍ਰਪੱਕ ਧਾਰਨਾ ਹੈ ਕਿ ਹਰ ਮਨੁੱਖ ਨੂੰ ਸ੍ਵੇ-ਰੱਖਿਆ ਦਾ ਅਧਿਕਾਰ ਹੈ। ਘੱਟੋ-ਘੱਟ ਹੁਣ ਤਾਂ ਜੱਗ ਜ਼ਾਹਰ ਹੈ ਕਿ ਸੰਤਾਂ ਨੂੰ ਸਵੈ-ਰੱਖਿਆ ਦੀ ਬੇਹੱਦ ਲੋੜ ਸੀ। ਏਸ ਅਧਿਕਾਰ ਨੂੰ ਜਨਰਲ ਸਿਨਹਾ ਸਮੇਤ ਭਾਰਤ ਦੇ ਦੋ ਕਾਨੂੰਨ ਮੰਤਰੀਆਂ ਨੇ ਵੀ ਪ੍ਰਵਾਨ ਕੀਤਾ ਹੈ। ਸੰਤਾਂ ਨੇ ਵਿਧੀਵਤ ਪ੍ਰਾਪਤ ਕੀਤੇ ਲਾਇਸੰਸੀ ਹਥਿਆਰ ਰੱਖ ਕੇ ਕੋਈ ਅਜਿਹਾ ਕੁਕਰਮ ਨਹੀਂ ਕੀਤਾ ਜਿਸ ਉੱਤੇ ਇਤਰਾਜ਼ ਹੋ ਸਕੇ। ਨਈਅਰ ਕੇਵਲ ਅਕਸ ਵਿਗਾੜਨ ਲਈ ਅਜਿਹੇ ਅਟਪਟੇ ਸਰੋਕਾਰ ਸਿਰਜਦਾ ਹੈ।
ਆਨੰਦਪੁਰ ਸਾਹਿਬ ਦੇ ਮਤੇ ਦੇ ਸਬੰਧ ਵਿੱਚ ਓਹ ਆਪਣੇ-ਆਪ ਨੂੰ ਅਤਿ ਅਗਿਆਨੀ ਅਤੇ ਝੂਠਾ ਸਾਬਤ ਕਰਦਾ ਹੋਇਆ ਲਿਖਦਾ ਹੈ ਕੇ ਅੰਗ੍ਰੇਜ਼ੀ ਤੋਂ ਕੋਰੇ ਫ਼ਤਹਿ ਸਿੰਘ ਨੂੰ ਕਪੂਰ ਸਿੰਘ ਨੇ ਅੰਗ੍ਰੇਜ਼ੀ ਵਿੱਚ ਮਤਾ ਲਿਖ ਕੇ, ਓਸ ਦੀ ਗਲਤ ਵਿਆਖਿਆ ਕਰ ਕੇ ਗੁੰਮਰਾਹ ਕੀਤਾ ਸੀ। ਆਨੰਦਪੁਰ ਸਾਹਿਬ ਦੇ ਮਤੇ ਦੇ ਇਤਿਹਾਸ ਦੀ ਸਰਸਰੀ ਜਾਣਕਾਰੀ ਰੱਖਣ ਵਾਲਾ ਵੀ ਜਾਣਦਾ ਹੈ ਕਿ ਇਹ ਫ਼ਤਹਿ ਸਿੰਘ ਦੇ ਫ਼ੌਤ ਹੋਣ ਤੋਂ ਢੇਰ ਪਿੱਛੋਂ ਲਿਖਿਆ ਗਿਆ। ਨਈਅਰ ਸਿੱਖ ਕੌਮ ਨੂੰ ਉਜੱਡ ਸਾਬਤ ਕਰਨ ਦੀ ਮਨਸ਼ਾ ਨਾਲ ਗਲਤ ਧਾਰਨਾਵਾਂ ਪ੍ਰਚਾਰਦਾ ਨਜ਼ਰ ਆਉਂਦਾ ਹੈ।
ਦਰਅਸਲ ਆਨੰਦਪੁਰ ਸਾਹਿਬ ਦਾ ਮਤਾ 17ਵੀਂ ਕੁਲ ਹਿੰਦ ਅਕਾਲੀ ਕਾਨਫ਼ਰੰਸ ਲੁਧਿਆਣਾ ਦੇ 1966 ਦੇ ਮਤੇ ਅਤੇ ਅਕਾਲੀ ਕਾਨਫਰੰਸ ਬਟਾਲਾ (1968) ਦੇ ਮਤੇ ਉੱਤੇ ਅਧਾਰਤ ਹੈ। ਆਨੰਦਪੁਰ ਸਾਹਿਬ ਦਾ ਮਤਾ 11 ਦਸੰਬਰ 1972 ਨੂੰ ਲਿਖਿਆ ਗਿਆ ਸੀ ਅਤੇ ਅਕਾਲੀ ਦਲ ਦੀ ਕਾਰਜ ਕਾਰਣੀ ਨੇ 16/17 ਅਕਤੂਬਰ 1973 ਨੂੰ ਪ੍ਰਵਾਨ ਕੀਤਾ ਸੀ। 17 ਦਸੰਬਰ 1973 ਨੂੰ ਏਸ ਮਤੇ ਦੀ ਟੇਕ ਲੈ ਕੇ ਨੀਤੀ ਘੜਨ ਲਈ ਇੱਕ ਕਮੇਟੀ ਬਣਾਈ ਸੀ। ਏਸ ਕਮੇਟੀ ਦੇ ਮੈਂਬਰਾਂ ਵਿੱਚ ਘੱਟੋ-ਘੱਟ 6 ਵਕੀਲ, 6 ਸਾਬਕਾ ਮਨਿਸਟਰ, ਇੱਕ ਜਰਨੈਲ, ਇੱਕ ਸਾਬਕਾ ਮੁਖ ਮੰਤਰੀ (ਗਿਆਨ ਸਿੰਘ ਰਾੜੇਵਾਲਾ), ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਤੇ ਇੱਕ ਸਾਬਕਾ ਐਮ.ਐਲ.ਏ. ਸ਼ਾਮਲ ਸਨ। ਮੂਲ ਰੂਪ ਵਿੱਚ ਇਹ ਮਤਾ ਇੱਕ ਆਈ.ਸੀ.ਐਸ. ਅਫ਼ਸਰ ਨੇ ਲਿਖਿਆ ਸੀ ਜਿਸ ਦੀ ਵਿਦਵਤਾ ਜੱਗ ਜ਼ਾਹਰ ਹੈ। ਮਤੇ ਉੱਤੇ ਅਧਾਰਤ ਨੀਤੀ ਨੂੰ 1978 ਦੀ ਲੁਧਿਆਣਾ ਅਕਾਲੀ ਕਾਨਫਰੰਸ ਨੇ ਖੁੱਲ੍ਹੇ ਇਜਲਾਸ ਵਿੱਚ ਪ੍ਰਵਾਨ ਕੀਤਾ ਸੀ।
ਸੁਧਾ ਝੂਠ ਦੀ ਹੱਦ ਤੱਕ ਜਾਂਦੀ ਹੈ ਕੁਲਦੀਪ ਨਈਅਰ ਦੀ ਇਹ ਲਿਖਤ ਕਿ ਕੇਵਲ ਅਨਪੜ੍ਹ ਪ੍ਰਧਾਨ ਨੂੰ ਗੁੰਮਰਾਹ ਕਰ ਕੇ ਇਹ ਮਤਾ ਅਕਾਲੀ ਦਲ ਦੇ ਗਲ਼ ਮੜ੍ਹ ਦਿੱਤਾ ਗਿਆ ਸੀ।
ਜਦੋਂ ਸਿੱਖਾਂ ਪ੍ਰਤੀ ਨਫ਼ਰਤ ਫੈਲਾਉਣ ਦੀ ਹੋਰ ਲੋੜ ਨਾ ਰਹੀ ਤਾਂ ਏਹੀ ਆਨੰਦਪੁਰ ਸਾਹਿਬ ਦਾ ਮਤਾ ਸਾਰੇ ਮੁਲਕ ਨੇ ਪ੍ਰਵਾਨ ਕਰ ਕੇ, ਸੂਬਿਆਂ ਅਤੇ ਕੇਂਦ੍ਰ ਦੇ ਅਧਿਕਾਰਾਂ ਉੱਤੇ ਨਜ਼ਰਸਾਨੀ ਕਰਨ ਦਾ ਧੁਰਾ ਬਣਾ ਕੇ ਸਰਕਾਰੀਆ ਕਮਿਸ਼ਨ ਨੂੰ ਸੌਂਪਿਆ। ਕੁਲਦੀਪ ਨਈਅਰ ਫੇਰ ਵੀ ਆਪਣੇ ਆਵਦੇ ਗੁਮਰਾਹਕੁੰਨ ਝੂਠੇ ਪ੍ਰਚਾਰ ਦਾ ਸ਼ਿਕਾਰ ਹੋਇਆ ਜਾਪਦਾ ਹੈ।
ਸਿਰਦਾਰ ਕਪੂਰ ਸਿੰਘ ਤਾਂ ਅੱਜ ਵੀ ਲੱਖਾਂ ਦਾ ਪ੍ਰੇਰਨਾ ਸ੍ਰੋਤ ਹੈ ਅਤੇ ਸਦਾ ਰਹੇਗਾ। ਨਈਅਰ ਨੇ ਓਸ ਉੱਤੇ ਅਤਿ ਨੀਵੇਂ ਦਰਜੇ ਦੀ ਟਿੱਪਣੀ ਕਰ ਕੇ ਆਪਣੀ ਹਿੰਦੂਤਵੀ ਹੈਂਕੜ ਨੂੰ ਹੀ ਜ਼ਾਹਰ ਕੀਤਾ ਹੈ। ਏਸੇ ਤਰ੍ਹਾਂ ਹੀ ਹੈ ਓਸ ਦੀ ਮੀਰੀ-ਪੀਰੀ ਦੇ ਸੰਕਲਪ ਸਬੰਧੀ ਅਤਿ ਅਗਿਆਨਤਾ ਭਰਪੂਰ ਟਿੱਪਣੀ। ਆਮ ਆਦਮੀ ਲਈ, ਮੌਜੂਦਾ ਸੰਦਰਭ ਵਿੱਚ ਮੀਰੀ-ਪੀਰੀ ਦਾ ਸੰਕਲਪ ਹਰ ਧਾਰਮਿਕ ਆਦਮੀ-ਔਰਤ ਨੂੰ ਪ੍ਰੇਰਨਾ ਦਿੰਦਾ ਹੈ ਕਿ ਧਰਮ ਦੀ ਚਰਮ-ਸੀਮਾ ਤੱਕ ਪਹੁੰਚਣ ਲਈ ਸੰਸਾਰ ਦੇ ਹਰ ਮਨੁੱਖ ਵਿੱਚ ਵਸੇ ਪ੍ਰਮਾਤਮਾ ਦੀ ਦਿਲ-ਜਾਨ ਨਾਲ ਸਿਆਸੀ, ਆਰਥਿਕ, ਅਧਿਆਤਮਕ ਸੇਵਾ ਮੁਕਤੀ ਦੇ ਰਾਹ ਦੀ ਮੰਜ਼ਿਲ ਜਾਣ ਕੇ ਕੀਤੀ ਜਾਵੇ।
ਸਿੱਖੀ ਯੋਗ, ਸਾਂਖਿਆ, ਜੈਨ ਜਾਂ ਵੇਦਾਂਤੀ ਸ਼ੰਕਰ ਦੀ ਤਰਜ਼ ਉੱਤੇ ਸੰਸਾਰ ਨੂੰ ਮਿਥਿਆ ਨਹੀਂ ਮੰਨਦੀ ਬਲਕਿ 'ਸੱਚੇ ਦੀ ਕੋਠੜੀ' ਤਸਲੀਮ ਕਰਦੀ ਹੈ। ਸੰਸਾਰ ਨੂੰ ਮਿਥਿਆ, ਮਾਇਆ ਜਾਣਨ ਵਾਲੇ ਲਈ ਸੰਸਾਰ ਦੇ ਦੁਖੀ ਲੋਕਾਂ ਤੋਂ ਮੂੰਹ ਮੋੜ ਕੇ ਆਪਣੀ ਅਧਿਆਤਮਕ ਤਰੱਕੀ ਵਿੱਚ ਜੁੱਟ ਜਾਣਾ ਜਾਇਜ਼ ਹੈ ਜਿਵੇਂ ਕਿ ਗ਼ੁਲਾਮੀ ਦੀਆਂ ਦੱਸ ਸਦੀਆਂ ਹਿੰਦੂਸਤਾਨ ਕਰਦਾ ਰਿਹਾ ਹੈ ਪ੍ਰੰਤੂ ਸਿੱਖ ਲਈ ਲਾਜ਼ਮੀ ਹੈ ਕਿ ਉਹ ਓਸ ਪ੍ਰਮਾਤਮਾ, ਜਿਸ ਵਿੱਚ ਵਿਸ਼ਵ ਦਾ ਕਣ-ਕਣ ਸਮਾਇਆ ਹੋਇਆ ਹੈ, ਜੋ ਕਰਤਾਪੁਰਖ ਹੈ, ਵਾਂਗ ਸੰਸਾਰ ਦੀ ਬਿਹਤਰੀ ਲਈ, ਲੋਕਾਂ ਨੂੰ ਸੁੱਖੀ ਵੇਖਣ ਲਈ ਕਿਰਿਆਸ਼ੀਲ ਹੋਵੇ ਅਤੇ ਹਰ ਧੱਕੇ, ਸ਼ੋਸ਼ਣ, ਅਨਿਆਂ ਵਿਰੁੱਧ ਜੂਝਦਾ ਹੋਇਆ ਅਕਾਲ ਪੁਰਖ ਨੂੰ ਰਿਝਾਉਣ ਦੀ ਕੋਸ਼ਿਸ਼ ਵਿੱਚ ਜੀਵਨ ਤੱਕ ਵਾਰ ਦੇਵੇ। ਸਾਡੇ ਵੱਡੇ-ਵਡੇਰੇ ਸਾਢੇ ਪੰਜ ਸਦੀਆਂ ਏਸੇ ਉੱਤਮ ਸਾਧਨਾ ਨੂੰ ਜੀਵਨ ਦਾ ਮੂਲ ਆਧਾਰ ਅਤੇ ਸੰਪੂਰਣਤਾ (ਮੁਕਤੀ) ਦਾ ਇੱਕੋ-ਇੱਕ ਮਾਰਗ ਸਮਝਦੇ ਆਏ ਹਨ। ਏਸ ਰਾਹ ਉੱਤੇ ਸਾਡੇ ਸਰਬੋਤਮ ਜਨ ਤੁਰੇ ਹਨ। ਇਹ ਸਾਡੀ ਮੀਰੀ-ਪੀਰੀ ਦਾ ਨਿਚੋੜ ਹੈ। ਕਿਸੇ ਨਾਸਮਝ, ਬੇਈਮਾਨ, ਸਿੱਖ-ਦੋਖੀ ਪੱਤਰਕਾਰ ਦੇ ਕਹਿਣ ਉੱਤੇ ਅਸੀਂ ਕਿਵੇਂ ਯਕੀਨ ਕਰ ਲਈਏ ਕਿ ਅਕਾਲਪੁਰਖ ਦੇ ਹੁਕਮ ਅਨੁਸਾਰ ਸਾਡੇ ਗੁਰੂ ਦਾ ਜਾਰੀ ਕੀਤਾ ਫ਼ਰਮਾਨ ਹੁਣ ਮੰਨਣਯੋਗ ਨਹੀਂ ਰਿਹਾ। ਇਹ ਉਹਨਾਂ ਮੈਦਾਨਾਂ ਦੀਆਂ ਦਾਸਤਾਨਾਂ ਹਨ ਜਿੱਥੇ ਗੁਰੂ, ਪੈਗੰਬਰ, ਅਵਤਾਰ, ਸ਼ਹੀਦ ਅਤੇ ਸੁੱਚੇ ਸਾਧਕ ਰਹਸਮਈ ਅਗੰਮੀ ਖੇਡਾਂ ਖੇਡਦੇ ਹਨ। ਝੂਠੇ ਪੱਤਰਕਾਰ ਤਾਂ ਉਹਨਾਂ ਅਧਿਆਤਮਕ ਟੀਸੀਆਂ ਨੂੰ ਕੇਵਲ ਸੁਪਨਿਆਂ ਵਿੱਚ ਹੀ ਧੁੰਧਲਾ ਜਿਹਾ ਦੇਖ ਸਕਦੇ ਹਨ। ਜਿਸ ਦੇਸ ਤੱਕ ਰਸਾਈ ਨਹੀਂ ਓਸ ਦੇ ਨਕਸ਼ ਉਲੀਕਣਾ ਕੋਈ ਸੁੱਚਾ ਦਾਨਸ਼ਵਰ ਕਬੂਲ ਨਹੀਂ ਕਰੇਗਾ। ਅਜਿਹੇ ਮਸਲਿਆਂ ਵਿੱਚ ਝੂਠਾ ਸਾਬਤ ਹੋਣਾ ਤਾਂ ਸਦਾ ਲਈ ਡੁੱਬ ਮਰਨ ਵਾਲੀ ਗੱਲ ਹੈ, ਆਪਣਾ ਮੂੰਹ ਕਾਲਾ ਕਰਵਾਉਣ ਦਾ ਕਰਮ ਹੈ।
ਹਥਿਆਰਾਂ ਦੇ ਦਰਬਾਰ ਸਾਹਿਬ ਦਾਖ਼ਲ ਹੋਣ ਵਿੱਚ ਆਈ.ਐਸ.ਆਈ. ਅਤੇ ਭਾਰਤ ਦੇ ਇੰਟੈਲੀਜੈਂਸ ਬਿਉਰੋ ਦੀ ਮਿਲੀਭੁਗਤ ਸੀ। ਏਸ ਲਈ ਸੰਤ ਜਰਨੈਲ ਸਿੰਘ ਨੂੰ ਜ਼ਿੰਮੇਵਾਰ ਦੱਸ ਕੇ ਓਹ ਭਾਰਤੀ ਫ਼ੌਜ ਦੇ ਹਮਲੇ ਨੂੰ ਜਾਇਜ਼ ਦੱਸਦਾ ਲਿਖਦਾ ਹੈ ਕਿ ਫ਼ੌਜ ਸ਼ਸਤਰਧਾਰੀਆਂ ਨੂੰ ਬਾਹਰ ਕੱਢ ਕੇ ਦਰਬਾਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਨ ਗਈ ਸੀ। ਕੀ ਇਹ ਹਥਿਆਰਾਂ ਤੋਂ ਬਿਨਾਂ ਗਈ ਸੀ? ਲਹੂ ਨਾਲ ਲਹੂ ਧੋਣ ਦੀ ਪ੍ਰਕਿਰਿਆ ਦਾ ਕੀ ਅਰਥ ਸੀ? ਗੋਲਕ, ਸੇਵਾਦਾਰਾਂ ਦੇ ਕੁਆਟਰਾਂ ਨੂੰ ਲੁੱਟ ਕੇ, ਗ੍ਰੰਥੀਆਂ, ਰਾਗੀਆਂ, ਸੇਵਾਦਾਰਾਂ, ਯਾਤਰੂਆਂ, ਨੌਜਵਾਨਾਂ, ਬੱਚਿਆਂ, ਬਿਰਧਾਂ, ਔਰਤਾਂ ਨੂੰ ਗੋਲੀਆਂ ਮਾਰ ਕੇ, ਅੰਮ੍ਰਿਤ ਸਰੋਵਰ ਨੂੰ ਮਨੁੱਖੀ ਲਹੂ ਦਾ ਸਰੋਵਰ ਬਣਾ ਕੇ ਕਿਆ ਖੂਬ ਪਵਿੱਤਰਤਾ ਬਹਾਲ ਕੀਤੀ ਗਈ ਸੀ! ਕਦੇ ਲੁਟੇਰੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਏਸੇ ਤਰਜ਼ ਉੱਤੇ ਬਾਬਾ ਗੁਰਬਖਸ਼ ਸਿੰਘ ਅਤੇ ਓਸ ਦੇ ਤੀਹ ਸਾਥੀਆਂ ਨੂੰ ਮਾਰ ਕੇ ਗਊਆਂ ਦੇ ਖ਼ੂਨ ਨਾਲ ਸਰੋਵਰ ਨੂੰ ਭਰਿਆ ਸੀ। ਕੀ ਨਈਅਰ ਓਸ ਘਟੀਆ ਕੁਕਰਮ ਨੂੰ ਵੀ ਪਵਿੱਤਰਤਾ ਬਹਾਲ ਕਰਨਾ ਹੀ ਜਾਣਦਾ ਹੈ?
ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਭੂਗੋਲ ਦੀ ਵਾਕਫ਼ੀਅਤ ਨਾ ਰੱਖਦਾ ਹੋਇਆ ਨਈਅਰ ਲਿਖਦਾ ਹੈ ਕਿ ਅਕਾਲ ਤਖ਼ਤ ਉੱਤੇ ਸਾਧਿਆ ਬੰਬ ਸਿੱਖ ਰੈਫਰੈਂਸ ਲਾਇਬ੍ਰੇਰੀ ਉੱਤੇ ਡਿਗ ਪਿਆ। ਏਸ ਅਦੁੱਤੀ ਕੁਤਬਖਾਨੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸੈਂਕੜੇ ਇਤਿਹਾਸਿਕ ਸਰੂਪ (ਭਾਈ ਹਰਦਾਸ ਵਾਲੀ ਬੀੜ ਸਮੇਤ) ਸਨ, ਸਾਹਿਬਾਂ ਦੀ ਕਲਮ ਨਾਲ ਨਿਵਾਜੇ ਕਈ ਹੁਕਮਨਾਮੇ ਅਤੇ ਚਾਰ ਸਦੀਆਂ ਦੀ ਪੈਦਾ ਕੀਤੀ ਅਧਿਆਤਮਕ ਵਿਚਾਰਧਾਰਾ ਦੇ ਨਾਯਾਬ ਗ੍ਰੰਥ ਸਨ। ਏਸ ਨੂੰ ਦਰਬਾਰ ਸਾਹਿਬ ਉੱਤੇ 6 ਜੂਨ ਨੂੰ ਮੁਕੰਮਲ ਕਬਜ਼ਾ ਕਰ ਕੇ ਫ਼ੌਜ ਨੇ 7 ਜੂਨ 1984 ਨੂੰ ਅੱਗ ਲਗਾਈ ਜਿਵੇਂ ਕਿ ਤੇਜਾ ਸਿੰਘ ਸਮੁੰਦਰੀ ਹੌਲ ਨੂੰ ਖਾਲੀ ਕਰ ਕੇ, ਲੌਂਗਵਾਲ ਅਤੇ ਓਸ ਦੇ ਪੈਰੋਕਾਰਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਅੱਗ ਲਾਈ ਗਈ ਸੀ। ਫ਼ੌਜ ਦੀ ਸਾੜ-ਫੂਕ ਦੀ ਵਹਿਸ਼ੀ ਕਰਤੂਤ ਦਾ ਜੋੜ ਲੱਭਣ ਲਈ ਸਾਨੂੰ ਘੱਟੋ-ਘੱਟ 1453 ਤੱਕ ਇਤਿਹਾਸ ਵਿੱਚ ਵਾਪਸ ਜਾਣਾ ਪਵੇਗਾ ਜਦੋਂ ਕਿ ਕੰਨਸਤਨਤੁਨੀਆ ਦਾ ਸੰਸਾਰ ਪ੍ਰਸਿੱਧ ਕੁਤਬਖਾਨਾ ਸਾੜਿਆ ਗਿਆ ਸੀ। ਤੀਜਾ ਏਨਾਂ ਘਟੀਆ ਕਾਰਨਾਮਾ ਹੋਰ ਵੀ ਕਈ ਸਦੀਆਂ ਪਹਿਲਾਂ ਹੋਇਆ ਸੀ। ਨਸਲਕੁਸ਼ੀ ਦੀ, ਧਰਮ ਨੂੰ ਤਹਿਸ-ਨਹਿਸ ਕਰਨ ਦੀ ਮਨਸ਼ਾ ਨਾਲ ਅਜਿਹਾ ਕੁਕਰਮ ਸੱਭਿਅਕ ਸੰਸਾਰ ਵਿੱਚ ਘੱਟੋ-ਘੱਟ ਸਾਢੇ ਪੰਜ ਸਦੀਆਂ ਨਹੀਂ ਹੋਇਆ ਸੀ। ਕੁਲਦੀਪ ਨਈਅਰ ਕੋਲ ਦਰਿੰਦਿਆਂ ਦੇ ਏਸ ਅਮਾਨਵੀ, ਵਹਿਸ਼ੀ ਕਰਮ ਨੂੰ ਭੰਡਣ ਲਈ ਕੋਈ ਸ਼ਬਦ ਨਹੀਂ। ਉਹ ਤਾਂ ਸਗੋਂ ਏਸ ਨੂੰ ਇੱਕ ਹਾਦਸਾ ਦਰਸਾਉਣ ਲਈ ਉਤਾਵਲਾ ਹੈ। ਇਹ ਜ਼ਮੀਰ ਰਹਿਤ ਭੰਡ ਦੀ ਮਾਨਸਿਕਤਾ ਤਾਂ ਹੋ ਸਕਦੀ ਹੈ, ਕਿਸੇ ਨਿਰਪੱਖ ਪੱਤਰਕਾਰ ਦੀ ਨਹੀਂ।
ਖ਼ੂਨੀ ਵਿਸਾਖੀ, ਦਲ਼ ਖਾਲਸਾ ਗਠਨ, ਹਿੰਦੂਆਂ ਦੀ ਸਿੱਖਾਂ ਲਈ ਨਫ਼ਰਤ ਦਾ ਪ੍ਰਗਟਾਵਾ, ਦਰਿਆਈ ਪਾਣੀ ਨੂੰ ਸੰਵਿਧਾਨ ਦਾ ਘੋਰ ਅਪਮਾਨ ਨਾ ਸਮਝਣਾ ਬਲਕਿ ਕੇਵਲ ਅਕਾਲੀ ਜੱਟਾਂ ਦਾ ਮਸਲਾ ਜਾਣਨਾ, ਸੰਤ ਦੇ ਨਿਆਂ ਪ੍ਰਾਪਤ ਕਰਨ ਲਈ ਲੜਨ ਨੂੰ ਨਾਜਾਇਜ਼ ਦੱਸਣਾ ਆਦਿ ਅਨੇਕਾਂ ਹੋਰ ਗੰਭੀਰ ਮਸਲੇ ਹਨ ਜਿਨ੍ਹਾਂ ਬਾਰੇ ਕੁਲਦੀਪ ਨਈਅਰ ਦੀਆਂ ਘਟੀਆ ਟਿੱਪਣੀਆਂ ਦੇ ਸੰਦਰਭ ਵਿੱਚ ਉਪਰੋਕਤ ਵਾਂਗ ਲਿਖਿਆ ਜਾ ਸਕਦਾ ਹੈ। ਇਹ ਲੇਖਕ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਸਥਾਪਤੀ ਦਾ ਹਿੱਸਾ ਅਤੇ ਹਿੰਦੂਤਵ ਦਾ ਧਾਰਨੀ ਅਤੇ ਸੇਵਾਦਾਰ ਰਿਹਾ ਹੈ। ਏਸ ਨੇ ਜੋ ਵੀ ਕੀਤਾ ਹੈ ਉਹ ਸਥਾਪਤੀ ਅਤੇ ਹਿੰਦੂਤਵ ਦੇ ਮੁੱਖ ਮੰਤਵਾਂ ਨੂੰ ਅਗਾਂਹ ਤੋਰਨ ਲਈ ਹੀ ਕੀਤਾ ਹੈਂ ਨਹੀਂ ਤਾਂ ਸਿੱਖਾਂ ਪ੍ਰਤੀ ਹਮਦਰਦੀ ਏਸ ਦੀ ਕਲਮ ਵਿੱਚੋਂ ਕਿਤੇ ਤਾਂ ਦੋ ਅੱਖਰ ਪੈਦਾ ਕਰਦੀ। ਫੂਲਕਾ ਜੀ, ਜੱਜ ਸਾਹਿਬ, ਜੇਜੀ ਜੀ ਇਹ ਸਭ ਵਿਚਾਰੇ ਬਿਨਾਂ, ਨਿਰਪੱਖ ਵਿਸ਼ਲੇਸ਼ਣ ਕੀਤੇ ਬਿਨਾਂ ਹੀ ਨਈਅਰ ਦੇ ਹੱਕ ਵਿੱਚ ਨਾਅਰੇ ਮਾਰਦੇ ਉੱਤਰ ਆਏ ਹਨ। ਏਸ ਨੂੰ ਇਹਨਾਂ ਦੀ ਸਾਦਾ-ਦਿਲ਼ੀ, ਫਰਾਖ਼ ਦਿਲ਼ੀ, ਬੇ-ਪਰਵਾਹੀ ਤਾਂ ਗਿਣਿਆ ਜਾ ਸਕਦਾ ਹੈ ਪਰ ਸਿੱਖ-ਹਿਤੈਸ਼ੀ ਕਰਮ ਕਦੇ ਵੀ ਨਹੀਂ। ਸਿੱਖਾਂ ਨੂੰ ਅਕ੍ਰਿਤਘਣ ਸਾਬਤ ਕਰਨ ਵਾਲੇ ਮਹਾਂਪਰੋਪਕਾਰੀ ਸਿੱਖਾਂ ਦੇ ਗੁਰਦਵਾਰੇ ਸਾੜਨ ਵਾਲਿਆਂ, ਗੁਰੂ ਗ੍ਰੰਥ ਦੀਆਂ ਬੇਅਦਬੀਆਂ ਕਰਨ, ਸੀਸ ਗੰਜ ਸਾਹਿਬ ਉੱਤੇ ਵੱਟੇ ਮਾਰਨ, ਗੁਰੂ ਨਾਨਕ ਦੇ ਨਾਂਅ ਉੱਤੇ ਯੂਨੀਵਰਸਿਟੀ ਨੂੰ ਬਰਦਾਸ਼ਤ ਨਾ ਕਰਨ, ਪੰਜਾਬੀ ਮਾ-ਬੋਲੀ ਨੂੰ ਪਿੱਠ ਦਿਖਾਉਣ, ਦਰਬਾਰ ਦੀ ਮੂਰਤ ਨੂੰ ਪੈਰਾਂ ਹੇਠ ਰੋਲਣ ਵਾਲਿਆਂ, ਫ਼ੌਜੀਆਂ ਨੂੰ ਰਾਖੀਆਂ ਬੰਨ੍ਹਦੀਆਂ ਤੀਵੀਆਂ, ਟੈਂਕਾਂ ਉੱਤੇ ਚੜ੍ਹ ਕੇ ਨੱਚਦੇ ਛੋਕਰਿਆਂ, 'ਸਿਗਰਟ ਬੀੜੀ ਪੀਏਂਗੇ ਸ਼ਾਨ ਸੇ ਜੀਏਂਗੇ' ਅਤੇ 'ਕੰਘਾ, ਕਛ ਕੜਾ ਕ੍ਰਿਪਾਨ ਭੇਜ ਦਿਆਂਗੇ ਪਾਕਿਸਤਾਨ' ਦੇ ਨਾਅਰੇ ਮਾਰਨ ਵਾਲਿਆਂ ਬਾਰੇ ਵੀ ਕਦੇ ਅਜਿਹਾ ਪ੍ਰਭਾਵ ਦੇਣਗੇ? ਸਿੱਖ ਕੌਮ ਇਹਨਾਂ ਸੱਜਣਾ ਦਾ ਮਾਣ-ਸਤਿਕਾਰ ਕਾਇਮ ਰੱਖਦਿਆਂ ਵੀ ਇਹਨਾਂ ਕੋਲੋਂ ਏਸ ਸਵਾਲ ਦਾ ਜੁਆਬ ਜਾਣਨ ਦੀ ਹੱਕਦਾਰ ਹੈ।