Saturday, May 28, 2011

ਓਸਾਮਾ ਬਿਨ ਲਾਦਿਨ ਬਧ ਦੇ ਤਰਕ ਨੂੰ ਸਮਝਦਿਆਂ

ਦਿੱਲੀ ਵਿੱਚ ਚਾਰ-ਪੰਜ ਨੌਜਵਾਨਾਂ ਦਾ ਇੱਕ ਜਥਾ ਹੈ। ਇਹ ਸਾਰੇ ਆਪਣੇ-ਆਪਣੇ ਕੰਮ-ਕਾਜਾਂ ਵਿੱਚ ਰੁੱਝੇ ਹੋਏ ਹਨ; ਉਤਰਾਂਚਲ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰਹਿੰਦੇ ਹਨ।ਇਹਨਾਂ ਵਿੱਚ ਸਿੱਖੀ ਨੂੰ ਸਮਝਣ ਅਤੇ ਹੰਢਾਉਣ ਦੀ ਤੀਬਰ ਚਾਹ ਹੈ। ਇਹ ਆਪਣੇ ਵਿਚਾਰ ਸੋਧਣ ਦਾ ਭਰਪੂਰ ਯਤਨ ਕਰਦੇ ਹਨ; ਹਰ ਜਗ੍ਹਾ, ਜਿੱਥੇ ਵਿਚਾਰ-ਚਰਚਾ ਹੋਵੇ, ਪਹੁੰਚਦੇ ਹਨ। ਇਹ ਕਾਰੋਬਾਰੀ ਲੋਕ ਹਨ ਅਤੇ ਸਿਆਸਤ ਵਿੱਚ ਲੋੜੋਂ ਵੱਧ ਦਿਲਚਸਪੀ ਨਹੀਂ ਰੱਖਦੇ।

ਕਦੇ-ਕਦੇ ਇਹ ਮੈਨੂੰ ਵੀ ਮਿਲਦੇ ਹਨ। ਕਈ ਵਾਰੀ ਛੋਟੇ-ਮੋਟੇ ਸਵਾਲਾਂ ਦਾ ਹੱਲ ਲੱਭਦੇ ਹੋਏ ਆਉਂਦੇ ਹਨ। ਮੈਂ ਆਪਣੀ ਮਾੜੀ-ਮੋਟੀ ਸਮਰੱਥਾ ਅਨੁਸਾਰ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹਾਂ।

ਪਿਛਲੀ ਵਾਰ ਉਹ ਪੁੱਛਣ ਲੱਗੇ ਕਿ ਓਸਾਮਾ ਬਿਨ ਲਾਦਿਨ ਮਾਰਨ ਬਾਰੇ ਸਿੱਖੀ ਦਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ?

ਕਿਸੇ ਵੀ ਮਨੁੱਖ ਦਾ ਇਸ ਤਰ੍ਹਾਂ ਮਾਰਿਆ ਜਾਣਾ ਦੁੱਖਦਾਈ ਹੈ ਅਤੇ ਆਖ਼ਰੀ ਲੇਖੇ-ਜੋਖੇ ਵਿੱਚ ਮਨੁੱਖ ਦੀ ਮਨੁੱਖਤਾ ਉੱਤੇ ਧੱਬਾ ਹੀ ਹੋ ਨਿੱਬੜਦਾ ਹੈ। ਪਰਮਾਤਮਾ ਜ਼ਿੰਦਗੀ ਦੇਣ ਵਾਲਾ ਹੈ ਅਤੇ ਉਸੇ ਨੂੰ ਜਾਨ ਲੈਣ ਦਾ ਹੱਕ ਹੈ। ਮਨੁੱਖ ਹੈਂਕੜ ਦੇ ਅਧੀਨ ਭਰਮਾਂ ਦਾ ਗ੍ਰਸਿਆ ਹੋਇਆ ਆਪਣੀ ਧੌਂਸ ਜਮਾਉਣ ਦੀ ਭਾਵਨਾ ਨਾਲ ਮਨੱਖਾਂ ਦੀ ਜਾਨ ਲੈਂਦਾ ਹੈ। ਇਉਂ ਕਰ ਕੇ ਮਿੱਟੀ ਦੇ ਏਸ ਪੁਤਲੇ ਨੂੰ ਆਪਣੇ ਦਿਗਵਿਜਈ ਹੋਣ ਦਾ ਅਹਿਸਾਸ ਹੁੰਦਾ ਹੈ। ਕਦੇ ਕਿਸੇ ਮਹਾਤਮਾ ਦੇ ਅਜਿਹੇ ਬਚਨਾਂ ਨੇ ਕਿਸੇ ਡੁੱਲ੍ਹੇ ਖ਼ੂਨ ਦੇ ਸਮੁੰਦਰ ਵਿੱਚ ਖੜ੍ਹੇ ਸਮਰਾਟ ਦੇ ਮਨ ਨੂੰ ਟੁੰਬਿਆ ਸੀ। ਉਹ ਆਪਣੀ ਢਾਲ, ਤਲਵਾਰ, ਕਵਚ ਓਥੇ ਹੀ ਛੱਡ ਕੇ ਦੁੱਧ-ਨ੍ਹਾਤਾ ਸ਼ਾਂਤੀ ਦਾ ਦੂਤ ਹੋ ਕੇ ਰਣ-ਭੂਮੀ ਵਿੱਚੋਂ ਪਰਤਿਆ ਸੀ। ਇਹ ਉਸ ਵੇਲੇ ਸੰਭਵ ਸੀ ਜਦੋਂ ਕਿ ਦੁਸ਼ਮਣੀਆਂ ਏਨੀਆਂ ਪੱਕੀਆਂ-ਪੀਢੀਆਂ ਅਤੇ ਗੁੰਝਲਦਾਰ ਨਹੀਂ ਸਨ ਹੋਈਆਂ; ਜਦੋਂ ਕਿ ਬੇਗਾਨਗੀ ਦੀ ਭਾਵਨਾ ਪ੍ਰਬਲ ਨਹੀਂ ਸੀ ਅਤੇ ਜਦੋਂ ਹਾਰਿਆਂ ਨੂੰ ਮਾਨਸਿਕ ਗ਼ੁਲਾਮੀ ਸਹੇੜਨ ਦੇ ਏਨੇਂ ਖ਼ਤਰੇ ਨਹੀਂ ਸਨ ਜਿੰਨੇ ਕਿ ਅੱਜ ਹਨ। ਆਖ਼ਰ ਏਸ ਸਮਰਾਟ ਦੇ ਪੋਤਰੇ ਨੂੰ ਓਸ ਦੇ ਧਾਰਮਕ ਵਿਰੋਧੀਆਂ ਨੇ ਕਤਲ ਕਰ ਕੇ ਰਾਜ-ਪਲਟਾ ਲਿਆਂਦਾ ਅਤੇ ਉਸ ਦੇ ਵੰਸ਼ ਸਮੇਤ ਓਸ ਦੇ ਧਰਮ ਨੂੰ ਮੰਨਣ ਵਾਲਿਆਂ ਦਾ ਮੁਕੰਮਲ ਸਫ਼ਾਇਆ ਕਰ ਦਿੱਤਾ। ਦੁਨੀਆ ਦੇ ਤਖ਼ਤੇ ਉੱਤੇ ਵਿਚਰਨ ਵਾਲੇ ਅਸੀਂ ਖਾਕੀ ਜੀਵ ਪਰਮਾਤਮਾ ਦੇ ਬਣਾਏ ਨੇਮਾਂ ਅਨੁਸਾਰ ਜੀਵਨ ਜਿਊਂ ਕੇ ਹੀ ਸਦ-ਰਹਿਣਾ ਸੁੱਖ ਪ੍ਰਾਪਤ ਕਰ ਸਕਦੇ ਹਾਂ। ਅੱਜ ਦੇ ਸੰਦਰਭ ਵਿੱਚ ਇਸ ਨੇਮ ਦਾ ਤਾਅਲੁਕ ਹੈ ਆਪਣੇ-ਆਪ ਨੂੰ ਸੰਪੂਰਨ ਰੂਪ ਵਿੱਚ ਸ਼ਕਤੀਸ਼ਾਲੀ ਉਸਾਰ ਕੇ ਮੁਕੰਮਲ ਤੌਰ ਉੱਤੇ ਧਰਮ ਦੇ ਕੁੰਡੇ ਹੇਠ ਪਰਮ-ਪਿਤਾ ਦੀ ਸੇਵਾ ਨਿਭਾਉਣ ਖ਼ਾਤਰ ਵਿਚਰਨਾ। “ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥”

ਆਪਣੇ-ਆਪ ਨੂੰ ਸੰਪੂਰਨ ਸ਼ਕਤੀਸ਼ਾਲੀ ਬਣਾ ਕੇ ਫ਼ਿਰ ਵੀ ਸੇਵਕ ਹੋ ਵਿਚਰਨ ਵਾਲਾ ਵੱਡੇ ਅਧਿਆਤਮਕ ਦਰਜੇ ਦਾ ਧਾਰਨੀ ਹੁੰਦਾ ਹੈ। ਸੁਖਮਨੀ ਵਿੱਚ ਸੱਚੇ ਪਾਤਸ਼ਾਹ ਫ਼ਰਮਾਉਂਦੇ ਹਨ: “ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥ ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ ॥” ਏਸ ਸੰਕਲਪ ਦੀ ਕਲਗ਼ੀਧਰ ਨੇ ਖ਼ਾਲਸੇ ਦਾ ਵਜੂਦ ਘੜਨ ਵਿੱਚ ਭਰਪੂਰ ਵਰਤੋਂ ਕੀਤੀ ਸੀ।

ਆਪਣੇ-ਆਪ ਨੂੰ ਵੱਡਾ ਸ਼ਕਤੀਸ਼ਾਲੀ ਬਣਾ ਲੈਣਾ ਵੱਡੀ ਗੱਲ ਨਹੀਂ। ਸੰਸਾਰ ਦੇ ਖਿੱਤੇ ਉੱਤੇ ਹਜ਼ਾਰਾਂ ਅਜਿਹੇ ਸਾਮਰਾਜ ਉਸਰੇ ਹਨ। (“ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ॥”) ਪਰ ਓਸ ਸ਼ਕਤੀ ਨੂੰ ਆਪਣੇ ਧੀਰਜ ਵਿੱਚ ਸਮੋਅ ਲੈਣ ਦੀ ਸਮਰੱਥਾ ਰੱਬ ਨੇ ਖ਼ਾਲਸੇ ਦੇ ਪਰਗਟ ਹੋਣ ਤੱਕ ਕਿਸੇ ਮਨੁੱਖੀ ਸਮੂਹ ਨੂੰ ਨਾ ਬਖ਼ਸ਼ੀ।

ਕਿਸੇ ਨਾ ਕਿਸੇ ਬਹਾਨੇ ਦੂਜਿਆਂ ਉੱਤੇ ਗ਼ਲਬਾ ਪਾਉਣ ਦੀ, ਧੌਂਸ ਜਮਾਉਣ ਦੀ ਪ੍ਰਵਿਰਤੀ ਸ਼ਕਤੀ ਦਾ ਹਿੱਸਾ ਬਣ ਕੇ ਹੀ ਅਵਤਾਰ ਲੈਂਦੀ ਰਹੀ। ਬਹਾਨਾ ਘੜਿਆ ਗਿਆ ਕਿ ਫ਼ਲਾਨੇ ਪੈਗੰਬਰ ਦੀ ਉੱਮਤ ਸਿੱਧੀ ਸਵਰਗ ਨੂੰ ਜਾਵੇਗੀ ਅਤੇ ਜਿਹੜੇ ਉਸ ਨਾਲ ਸਹਿਮਤ ਨਹੀਂ ਹਨ ਉਹਨਾਂ ਦੀ ਆਤਮਾ ਉੱਤੇ ਬਦੀ (ਸ਼ੈਤਾਨ) ਨੇ ਕਬਜ਼ਾ ਕਰ ਲਿਆ ਹੈ ਅਤੇ ਉਹਨਾਂ ਦੀ ਆਤਮਾ ਨੂੰ ਹਰ ਹੀਲੇ ਬਚਾਉਣਾ ਹੀ ਪਰਮੋ-ਧਰਮ ਹੈ। ਏਥੋਂ ਤੱਕ ਕਿ ਜੇ ਉਹਨਾਂ ਦੇ ਸਰੀਰ ਦਾ ਨਾਸ ਕਰ ਕੇ ਵੀ ਉਹਨਾਂ ਦੀ ਆਤਮਾ ਬਚਾਈ ਜਾ ਸਕੇ ਤਾਂ ਵੱਡਾ ਪੁੰਨ ਦਾ ਕਰਮ ਹੈ। ਏਸ ਪੱਜ ਯੂਰਪ ਨੇ ਜੋਨ-ਔਵ-ਆਰਕ ਸਮੇਤ ਲੱਖਾਂ ਬੇਟੀਆਂ, ਭੈਣਾਂ ਜਿਊਂਦੀਆਂ ਸਾੜੀਆਂ। ਆਰਕਬਿਸ਼ਪ ਕਰੈਨਮਰ ਵਰਗੇ ਸੱਚੇ ਸਾਧਕ ਅਤੇ ਹੋਰ ਕਿਤੇ ਸਰਮੱਦ ਵਰਗੇ ਸੱਚ ਦੀ ਪੂਜਾ ਕਰਨ ਵਾਲੇ ਮਨੁੱਖਤਾ ਦੇ ਹਮਦਰਦ ਵੀ ਏਸ ਅਸਾਧਾਰਣ ਹਵਸ ਦੀ ਭੇਟ ਚੜ੍ਹ ਗਏ।ਅਇਰਲੈਂਡ ਵਿੱਚ ‘ਪ੍ਰੀਸਟ ਹੋਲ’ (ਧਰਮ-ਗੁਰੂਆਂ ਨੂੰ ਲੁਕੋਣ ਵਾਸਤੇ ਘਰਾਂ ਵਿੱਚ ਪੁੱਟੇ ਟੋਏ) ਹਰ ਗਲ਼ੀ-ਮੁਹੱਲੇ ਬਣੇ।

ਯੂਰਪ ਦੇ ਸਾਹਮਣੇ ਦੇ ਭੂ-ਖੰਡ ਵਿੱਚ ਏਹੋ ਅਮਲ ਹੋਰ ਬਹਾਨੇ ਉਸਾਰਿਆ ਗਿਆ। ਅਰਬੀ ਪੈਗੰਬਰ ਦੇ ਰਾਹ ਨਾ ਤੁਰਨ ਵਾਲਿਆਂ ਨੂੰ ਸ਼ਰ੍ਹਾ ਮਨਵਾਉਣ ਲਈ ਤੇਗ਼ ਦਾ ਆਸਰਾ ਲਿਆ ਗਿਆ। ਖ਼ੂਨ ਦੀਆਂ ਨਦੀਆਂ ਵਗੀਆਂ, ਲਾਸ਼ਾਂ ਦੇ ਢੇਰ ਲੱਗੇ ਅਤੇ ਸਿਰਾਂ ਦੇ ਮੁਨਾਰੇ ਉਸਰੇ, ਔਰਤਾਂ ਦੀ ਬੇਪਤੀ ਹੋਈ, ਨਿਰਜਿੰਦ ਕਦਰਾਂ-ਕੀਮਤਾਂ ਨੇ ਖ਼ੂਬ ਆਹੂ ਲਾਹੇ।

ਆਖ਼ਰ ਇਹ ਦੋਨੋਂ ਸਾਮੀ ਸੱਭਿਅਤਾਵਾਂ ਆਪਸੀ ਭੇੜ ਦੇ ਰਾਹ ਤੁਰੀਆਂ। ਜਗਤ ਦੇ ਇਤਿਹਾਸ ਵਿੱਚ ਕਰੂਸੇਡ (crusades) ਵੱਡੀ ਘਟਨਾ ਸੀ ਜਿਸ ਨੇ ਦੋ ਸਦੀਆਂ ਮਨੁੱਖਤਾ ਦੇ ਘਾਣ ਦਾ ਰਾਹ ਈਜਾਦ ਕੀਤਾ। ਇਹ ਦੋ ਸਦੀਆਂ ਧਰਮ ਦੇ ਨਾਂਅ ਹੇਠ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਵਾਪਰੀਆਂ। ਇੱਕ-ਦੂਸਰੀ ਧਿਰ ਦੇ ਬੱਚਿਆਂ ਨੂੰ ਜਿਊਂਦਿਆਂ ਭੁੰਨ ਕੇ ਮਾਸ ਖਾਧਾ ਗਿਆ।

ਸਾਰੀ ਕਾਰਵਾਈ ਦਾ ਮਕਸਦ ਸੰਸਾਰ ਉੱਤੇ ਇੱਕ ਜਾਂ ਦੂਜੇ ਧਰਮ ਦਾ ਮੁਕੰਮਲ ਸਾਮਰਾਜ ਕਾਇਮ ਕਰਨਾ ਸੀ। ਹੰਕਾਰ ਦੀਆਂ ਉੱਚੀਆਂ ਲਾਟਾਂ ਨਿਕਲੀਆਂ ਅਤੇ ਅਨੇਕਾਂ ਨਿਰਦੋਸ਼ਾਂ ਦੀਆਂ ਅਹੂਤੀਆਂ ਵਿੱਚ ਪਈਆਂ। ਪਰ ਕਿਉਂਕਿ “ਹਰਿ ਜੀਉ ਅਹੰਕਾਰੁ ਨ ਭਾਵਈ” ਬਚਨ ਤ੍ਰੈ-ਕਾਲ ਸੱਤ ਹਨ, ਏਸ ਬਰਬਰਤਾ ਦਾ ਕੁਈ ਨਤੀਜਾ ਨਾ ਨਿਕਲਿਆ। ਅੰਤ ਸਾਰੇ ਥੱਕ-ਹਾਰ ਕੇ ਚੁੱਪ ਕਰ ਰਹੇ।

ਅੱਜ ਦੇ ਸੰਸਾਰ ਵਿੱਚ ਇਹ ਅਮਲ ਦੁਬਾਰਾ ਸ਼ੁਰੂ ਹੋਇਆ ਹੈ। ਕਿਸੇ ਬਿਮਾਰ ਦਿਮਾਗ਼ ਨੇ ਸੱਭਿਅਤਾਵਾਂ ਦੇ ਭੇੜ ਦਾ ਸੰਦਰਭ ਸਿਰਜਦੀ ਧਾਰਨਾ ਨੂੰ ਜਨਮ ਦਿੱਤਾ ਅਤੇ ਕਈ ਹੈਂਕੜ ਭਰੇ ਹੁਕਮਰਾਨਾਂ ਨੇ ਏਸ ਨੂੰ ਗਲ਼ ਨਾਲ ਲਾ ਲਿਆ। ਪਤਾ ਨਹੀਂ ਇਹ ਅਮਲ ਕਦੋਂ ਤੱਕ ਜਾਰੀ ਰਹੇਗਾ! ਜਾਪਦਾ ਇਹ ਹੈ ਕਿ ਕਦੇ ਕੋਈ ਓਸਾਮਾ ਲਹੂ ਦੀ ਅਥਾਹ ਪਿਆਸ ਲੈ ਕੇ ਰਣ ਵਿੱਚ ਉੱਤਰੇਗਾ ਅਤੇ ਕਦੇ ਕੋਈ ਓਬਾਮਾ ਉਸ ਦਾ ਸਿਰ ਲਾਹੁਣ ਲਈ। ਇਉਂ ਆਪਸ ਵਿੱਚ ਵਖਰੇਵੇਂ ਵੱਧਦੇ ਜਾਣਗੇ ਅਤੇ ਬਿਖੇੜੇ ਆ-ਆ ਕੇ ਮਨੁੱਖਤਾ ਨੂੰ ਘੇਰਦੇ ਰਹਿਣਗੇ; ਲਾਸ਼ਾਂ ਵਿਛਦੀਆਂ ਰਹਿਣਗੀਆਂ, ਲਹੂ ਡੁੱਲ੍ਹਦਾ ਰਹੇਗਾ; ਮਨੁੱਖਤਾ ਦੇ ਵਿਹੜੇ ਵਿੱਚ ਸੇਹ ਦੇ ਤੱਕਲੇ ਗੱਡੇ ਜਾਂਦੇ ਰਹਿਣਗੇ।

ਸੰਸਾਰ ਵਿੱਚ ਕੁਝ ਸੱਭਿਅਤਾਵਾਂ ਐਸੀਆਂ ਵੀ ਹਨ ਜਿਹੜੀਆਂ ਦੋਨਾਂ ਧਿਰਾਂ ਦਾ ਇਹ ਮਾਰੂ ਰੁਝਾਨ ਬੰਦ ਕਰਨ ਲਈ ਹੰਭਲਾ ਮਾਰਨਾ ਪੁੰਨ ਦਾ ਕੰਮ ਸਮਝਦੀਆਂ ਹਨ। ਅਸੀਂ, ਗੁਰੂ ਦੇ ਸਿੱਖ, ਉਹਨਾਂ ਧਿਰਾਂ ਦਾ ਪ੍ਰਮੁੱਖ ਹਿੱਸਾ ਹਾਂ। ਸਾਡੀ ਹਮਦਰਦੀ ਸਭ ਨਾਲ ਹੈ ਅਤੇ ਵੈਰ ਕਿਸੇ ਨਾਲ ਵੀ ਨਹੀਂ: “ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥” ਸਾਡੀ ਹਮਦਰਦੀ ਤਾਂ ਉਹਨਾਂ ਅਸੂਲਾਂ ਨਾਲ ਹੈ ਜੋ ਸਾਡੇ ਧਾਰਮਕ ਅਕੀਦਿਆਂ ਨਾਲ ਮਿਲਦੇ-ਜੁਲਦੇ ਹਨ। ਮਨੁੱਖਤਾ ਦਾ ਖ਼ੁਦਮੁਖ਼ਤਿਆਰ ਹੋਣਾ ਵੀ ਸਾਨੂੰ, ਹੰਨੇ-ਹੰਨੇ ਮੀਰ ਦੇ ਸੰਕਲਪ ਦੇ ਧਾਰਨੀਆਂ ਦੇ ਮਨ ਨੂੰ, ਭਾਉਂਦਾ ਹੈ।

ਜਦੋਂ ਇਹ ਸਿਲਸਿਲਾ ਆਰੰਭ ਹੋਇਆ ਸੀ ਤਾਂ ਮੈਂ ਸਿੱਖ ਨਜ਼ਰੀਏ ਨੂੰ ਉਜਾਗਰ ਕਰਨ ਲਈ ਇੱਕ ਛੋਟਾ ਜਿਹਾ ਮਜਮੂਨ ਲਿਖਿਆ ਸੀ। ਓਸ ਦਾ ਮਕਸਦ ਬਾਕੀ ਮਾਨਵਤਾ ਨੂੰ ਸੰਸਾਰ ਦੇ ਭਲੇ ਹਿਤ ਲਾਮਬੰਦ ਕਰਨ ਲਈ ਸਿੱਖਾਂ ਨੂੰ ਪ੍ਰੇਰਨਾ ਸੀ। ਇਹ ਅਖ਼ਬਾਰਾਂ ਵਿੱਚ ਛਪਣ ਲਈ ਭੇਜਿਆ ਗਿਆ ਪਰ ਕੇਵਲ ਇੱਕ ਅਖ਼ਬਾਰ (ਅੱਜ ਦੀ ਆਵਾਜ਼, 26 ਸਤੰਬਰ 2001) ਵਿੱਚ ਹੀ ਛਪ ਸਕਿਆ ਅਤੇ ਸਿੱਖ ਕੌਮ ਨੇ ਕਿਤੋਂ ਉਧਾਰ ਲਏ ਸੁਭਾਅ ਅਧੀਨ ਮੁੱਢੋਂ ਅਣਗੌਲਿਆਂ ਕਰ ਦਿੱਤਾ। ਰੂਸ ਨੇ ਤਕਰੀਬਨ ਸਾਲ-ਡੇਢ ਸਾਲ ਬਾਅਦ ਇਹਨਾਂ ਲੀਹਾਂ ਉੱਤੇ ਇੱਕ ਵੱਡਾ ਸੰਮੇਲਨ ਕੀਤਾ। ਸਿੱਖ, ਜਿਹੜੇ ਏਸ ਵਿਚਾਰਧਾਰਾ ਦੇ ਸਦੀਆਂ ਤੋਂ ਮੋਢੀ ਧਾਰਕ ਅਤੇ ਪ੍ਰਚਾਰਕ ਹਨ, ਏਸ ਵਿੱਚ ਸ਼ਮੂਲੀਅਤ ਨਾ ਕਰ ਸਕੇ। ਇਉਂ ਸਿੱਖ ਧਰਮ ਦੀ ਗੌਰਵਤਾ ਨੂੰ ਪਰਗਟ ਕਰਨ ਦਾ ਵੱਡਾ ਮੌਕਾ ਸਾਡੇ ਹੱਥੋਂ ਖੁੱਸ ਗਿਆ।

ਇਹਨਾਂ ਲੀਹਾਂ ਉੱਤੇ ਵਿਚਾਰ ਬਣਾਉਣ ਲਈ ਮੈਂ ਉਹਨਾਂ ਨੌਜਵਾਨਾਂ ਨੂੰ ਸਲਾਹ ਦਿੱਤੀ। ਜਿਹੜੇ ਸੱਜਣ ਸਿੱਖ-ਧਰਮੋਪਦੇਸ਼ ਦੇ ਮਰਮ ਨੂੰ ਏਸ ਤੋਂ ਬਿਹਤਰ ਜਾਣਦੇ ਹੋਣ, ਉਹ ਆਪਣੇ ਵਿਚਾਰ ਖੁੱਲ੍ਹ ਕੇ ਪਰਗਟ ਕਰਨ ਤਾਂ ਕਿ ਸਹੀ ਦਿਸ਼ਾ-ਨਿਰਦੇਸ਼ ਦਾ ਖਾਕਾ ਤਿਆਰ ਹੋ ਸਕੇ। ਉੱਪਰ ਜ਼ਿਕਰ ਵਿੱਚ ਆਇਆ ਬਿਆਨ ਅੰਗ੍ਰੇਜ਼ੀ ਅਤੇ ਪੰਜਾਬੀ ਵਿੱਚ ਦਿੱਤਾ ਜਾ ਰਿਹਾ ਹੈ ਜਿਵੇਂ ਕਿ ਕਿਸੇ ਵੇਲੇ ਅਖ਼ਬਾਰਾਂ ਵਿੱਚ ਛਪਣ ਲਈ ਭੇਜਿਆ ਗਿਆ ਸੀ। ਪੰਜਾਬੀ ਅਨੁਵਾਦ ਦੀ ਖੇਚਲ ਪ੍ਰੋ. ਕੁਲਬੀਰ ਸਿੰਘ ਨੇ ਕੀਤੀ ਹੈ।


ਪ੍ਰੈੱਸ-ਨੋਟ
24 ਸਤੰਬਰ 2001


ਇਹ ਬੇਹੱਦ ਅਫ਼ਸੋਸ ਨਾਲ ਕਹਿਣਾ ਪਵੇਗਾ ਕਿ ਅਜੇ ਤਾਈਂ ਵਰਤਮਾਨ ਵਿਸ਼ਵ-ਸੰਕਟ ਸਬੰਧੀ ਸਿੱਖ ਦ੍ਰਿਸ਼ਟੀਕੋਣ ਨੁੰ ਸਪਸ਼ਟ ਨਹੀਂ ਕੀਤਾ ਗਿਆ। ਮੈਂ ਸਾਰੇ ਧਰਮ-ਸ਼ਾਸਤਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਿਰ ਜੋੜ ਕੇ ਬੈਠਣ ਅਤੇ ਸਿੱਖਾਂ ਨੂੰ ਦਿਸ਼ਾ ਪ੍ਰਦਾਨ ਕਰਨ ਅਤੇ ਉਸ ਸੰਕਟ ਨੂੰ ਸਮਝਣ ਵਿੱਚ ਉਹਨਾਂ ਦੀ ਸਹਾਇਤਾ ਕਰਨ ਜਿਸ ਵਿੱਚ ਲਾਜ਼ਮੀ ਤੌਰ ‘ਤੇ ਪੂਰਾ ਸੰਸਾਰ ਝੋਕਿਆ ਜਾਣ ਵਾਲਾ ਹੈ। ਇਹ ਸੰਕਟ ਮਨੁੱਖਤਾ ਲਈ ਜਿਸ ਹੱਦ ਤੱਕ ਦੁਰਦਸ਼ਾ ਪੈਦਾ ਕਰਨ ਜਾ ਰਿਹਾ ਹੈ ਅਤੇ ਪਹਿਲਾਂ ਹੀ ਕਰ ਚੁੱਕਾ ਹੈ, ਉਸ ਤੋਂ ਸਬਕ ਲੈਂਦਿਆਂ ਸਾਨੂੰ ਅਵੱਸ਼ ਹੀ ਸਿਰ ’ਤੇ ਮੰਡਰਾ ਰਹੇ ਸਰਵਨਾਸ਼ ਦੇ ਮੂਲ ਕਾਰਣਾਂ ਨੂੰ ਮੁਖ਼ਾਤਿਬ ਹੋਣਾ ਚਾਹੀਦਾ ਹੈ।

ਯਹੂਦੀ ਮੱਤ, ਈਸਾਈ ਮੱਤ ਅਤੇ ਇਸਲਾਮ ਸਬੰਧੀ ਮੇਰੀ ਸੋਝੀ ਅਨੁਸਾਰ ਇਨ੍ਹਾਂ ਮੱਤਾਂ ਵਿੱਚੋਂ ਹਰੇਕ ਦੀ ਆਪਣੇ ਆਪ ਵਿੱਚ ਵਿਲੱਖਣ ਪ੍ਰਕਿਰਤੀ ਦਾ ਮਾਲਕ ਹੋਣ ਦੀ ਅਤੇ ਇੱਕੋ-ਇੱਕ ਵੈਧ ਧਰਮ ਹੋਣ ਦੇ ਸਿਧਾਂਤ ਨਾਲ ਲੈਸ ਵਧੀਕੀ ਪੂਰਣ ਜਕੜ ਹੀ ਅਮਰੀਕਾ, ਇਜ਼ਰਾਇਲ, ਅਰਬ-ਦੁਨੀਆਂ ਅਤੇ ਅਫ਼ਗਾਨਿਸਤਾਨ ’ਤੇ ਗ਼ਾਲਬ ਬਿਪਤਾ ਦੀ ਜੜ੍ਹ ਹੈ। ‘ਰੱਬੀ ਇਕਰਾਰਨਾਮੇ’ ਦੀ ਧਾਰਨਾ ਤਹਿਤ ਪ੍ਰਾਪਤ ਕੀਤੀ ਧਰਤੀ ‘ਤੇ ਯਹੂਦੀਆਂ ਦਾ ਹੋਰ ਪੱਖੋਂ ਵੀ ਵੈਧ ਹੱਕ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਵੀ ਜੀਊਣ ਦਾ ਬਰਾਬਰ ਅਧਿਕਾਰ ਹੈ ਪਰ ਉਨ੍ਹਾਂ ਨੂੰ ਰੱਬੀ ਇਕਰਾਰ ਦੀ ਆੜ ਹੇਠ ਧਰਤੀ ਦੇ ਕਿਸੇ ਟੁਕੜੇ ’ਤੇ ਵਿਸ਼ੇਸ਼ ਮਲਕੀਅਤ ਦਾ ਦਾਅਵਾ ਨਹੀਂ ਜਿਤਾਉਣਾ ਚਾਹੀਦਾ ਸਗੋਂ ਰੱਬ ਵਲੋਂ ਸਾਜੇ ਗਏ ਬਰਾਬਰ ਮਨੁੱਖਾਂ ਵਜੋਂ ਜ਼ਰੂਰ ਉਹਨਾਂ ਨੂੰ ਉਸਦੇ ਹੱਕਦਾਰ ਤਸਲੀਮ ਕੀਤਾ ਜਾਣਾ ਚਾਹੀਦਾ ਹੈ।ਮੁਲਿਮ ਆਪਣੇ ਮੱਤ ਦੇ ਕਿਸੇ ਵੀ ਸਿਧਾਂਤ ਦਾ ਸਖ਼ਤੀ ਨਾਲ ਪਾਲਣ ਕਰ ਸਕਦੇ ਹਨ ਪਰ ਘੱਟੋ-ਘੱਟ ਗ਼ੈਰ-ਮੁਸਲਿਮਾਂ ਉਪਰ ‘ਅਖਿਰ-ਉਲ-ਅੰਬੀਆ’ ਦੇ ਸਿਧਾਂਤ ਨੂੰ ਕੱਟੜਤਾ ਪੂਰਵਕ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ। ਉਹਨਾਂ ਨੂੰ ਹਰ ਹੀਲੇ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਆਖ਼ਰਕਾਰ ‘ਜੈਕਬ’ ਉਨ੍ਹਾਂ ਦਾ ਵੀ ਪੈਗ਼ੰਬਰ ਹੈ ਅਤੇ ਯਹੂਦੀ ਵੀ ਉਨੇ ਹੀ ‘ਅਹਿਲੇ ਕਿਤਾਬ’ ਹਨ। ਦੀਨ ਦੇ ਅਨੁਯਾਈਆਂ ਵੱਲੋਂ ਅਜੋਕੇ ਯੁੱਗ ਦੀਆਂ ਲੋੜਾਂ ਦੇ ਮੱਦੇਨਜ਼ਰ ਧਰਮ-ਸਿਧਾਂਤਾਂ ਦੀ ਖੁਲ੍ਹ ਦਿਲੀ ਨਾਲ ਤਸ਼ਰੀਹ ਕੀਤਿਆਂ ਇਸਲਾਮ ਨੂੰ ਕੋਈ ਆਂਚ ਨਹੀਂ ਆਉਣ ਲੱਗੀ। ਹੋ ਸਕਦਾ ਹੈ ਕਿ ਇਸ ਨਾਲ ਈਸਾਈਆਂ, ਜਿਨ੍ਹਾਂ ਨੇ ਸਦੀਆਂ ਤੋਂ ਦੁਨਿਆਵੀ ਜ਼ਿੰਮੇਵਾਰੀਆਂ ਨੂੰ ਧਰਮ ਤੋਂ ਨਿਖੇੜ ਕੇ ਰੱਖਣ ਦੀ ਰਿਵਾਇਤ ਨੂੰ ਪ੍ਰਚਲਿਤ ਕੀਤਾ ਹੋਇਆ ਹੈ, ਨੁੰ ਵੀ ਉਨਾਂ ਲੋਕਾਂ ਦੇ ਨਜ਼ਰੀਾਏ ਨੂੰ ਥਾਂ ਦੇਣੀ ਕੁਝ ਸੁਖਾਲੀ ਹੋ ਜਾਵੇ ਜੋ ਉਨ੍ਹਾਂ ਦੇ ‘ਗਿਰਜੇ ਤੋਂ ਬਾਹਰ ਕੋਈ ਮੁਕਤੀ ਨਹੀਂ ’ ਦੇ ਸਿਧਾਂਤ ਨਾਲ ਅਸਹਿਮਤ ਹਨ। ਜੇ ਇਹ ਤਿੰਨੇ ਵਿਸ਼ਾਲ ਮੱਤ ਆਪੋ-ਆਪਣੇ ਸਿਧਾਂਤਾਂ ਦੇ ਸਰਵਉਚ ਅਤੇ ਅੰਤਮ ਹੋਣ ਦੀ ਅੜੀ ਤਿਆਗ ਕੇ ਇੱਕ-ਦੂਜੇ ਨਾਲ ਸਬੰਧ ਨਿਭਾਉਣ ਦਾ ਯਤਨ ਕਰਨ ਤਾਂ ਸੰਸਾਰ ਦੀਆਂ ਸਮੱਸਿਆਵਾਂ ਦੀ ਵੱਡੀ ਗਿਣਤੀ ਦਾ ਹੱਲ ਲੱਭਿਆ ਜਾ ਸਕਦਾ ਹੈ।

ਕੁਝ ਸਮਾਂ ਪਹਿਲਾਂ ਹੀ ਈਸਾਈ ਮੱਤ, ਵਿਸ਼ੇਸ਼ ਰੂਪ ‘ਚ ਵਧੇਰੇ ਕੱਟੜ ਰੋਮਨ ਕੈਥੋਲਿਕ, ਨੇ ਕਾਫ਼ੀ ਸਿਧਾਂਤਕ ਲਚਕ ਦਿਖਾਈ ਹੈ। ਉਸਨੇ ਔਰਤਾਂ ਦੇ ਪਾਦਰੀ ਵਜੋਂ ਰੁਤਬੇ ਸਬੰਧੀ, ਈਸਾ ਮਸੀਹ ਨੂੰ ਸੂਲੀ ਚੜ੍ਹਾਏ ਜਾਣ ਲਈ ਯਹੂਦੀਆਂ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਸੰਬੰਧੀ ਕੁਝ ਬਹੁਤ ਉਸਾਰੂ ਅਤੇ ਸਮੇਂ ਅਨੁਕੂਲ ਸਿਧਾਂਤਕ ਸੋਧਾਂ ਕੀਤੀਆਂ ਹਨ ਅਤੇ ਬੁਰਾਈ (ਸ਼ੈਤਾਨ) ਦੇ ਸਿਧਾਂਤ ਵਿੱਚ ਬੜੀ ਦਲੇਰਾਨਾ ਤਬਦੀਲੀ ਕੀਤੀ ਹੈ। ਇਹਨਾਂ ਸਭ ਵਿੱਚ ਉੱਤਰ-ਈਸਾਈ ਰਹੱਸਵਾਦ, ਵਿਸ਼ੇਸ਼ਕਰ ਸਿੱਖ ਰੱਹਸਵਾਦ, ਪ੍ਰਤੀ ਬੜੀ ਸੰਵੇਦਨਸ਼ੀਲਤਾ ਪ੍ਰਗਟਾਈ ਗਈ ਹੈ। ਈਸਾਈ ਮੱਤ ਸੰਸਾਰ ਦੀ ਰਾਜਸੀ ਅਗਵਾਈ ਕਰ ਰਹੇ ਬਹੁ-ਗਿਣਤੀ ਲੋਕਾਂ ਦਾ ਧਰਮ ਹੋਣ ਦੇ ਨਾਤੇ, ਰੱਬ ਵਿੱਚ ਯਕੀਨ ਰੱਖਣ ਵਾਲੇ ਲੋਕ ਈਸਾਈ ਮੱਤ, ਵਿਸ਼ੇਸ਼ ਤੌਰ ’ਤੇ ‘ਪੋਪ’ ਵਲੌਂ, ਸਮੇਂ ਸਿਰ ਦਖ਼ਲ ਅੰਦਾਜ਼ੀ ਕੀਤੇ ਜਾਣ ਦੇ ਆਸਵੰਦ ਹਨ।

ਸਿੱਖਾਂ ਨੂੰ ਹਰ ਹਾਲਤ, ਦ੍ਰਿੜ੍ਹਤਾ ਪੂਰਵਕ ‘ਸਭਿਆਤਾਵਾਂ ਦੇ ਭੈੜ’ ਦੇ ਚੰਦਰੇ ਸਿਧਾਂਤ ਨੂੰ ਰੱਦ ਕਰਨਾ ਚਾਹੀਦਾ ਹੈ। ਉਹਨਾਂ ਨੂੰ ਭਲੀ ਭਾਂਤ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹਨਾਂ ਦਾ ਗੁਰੂ ਸਮੁੱਚੀ ਮਨੁੱਖਤਾ ਦਰਮਿਆਨ ਮਿੱਤਰਤਾ ਦਾ ਲੋਚਕ ਹੈ – “ਸਤਿਗੁਰੁ ਐਸਾ ਜਾਣੀਆਂ ਸੋ ਸਭਸੈ ਦੇਇ ਮਿਲਾਇ ਜੀਓ॥ ਅਤੇ ਨਿਰਸੰਦੇਹ ਕੇਵਲ ਇਹੀ ਗੁਰੂ ਹੈ ਜੋ ਨਿਰਵੈਰ ਹੈ, ਸਭ ਨੂੰ ਮਿੱਤਰ ਬਣਾਉਣ ਵਾਲਾ ਹੈ ਅਤੇ ਖ਼ੁਦ ਸਭਨਾਂ ਦਾ ਮਿੱਤਰ ਹੈ – “ਸਭ ਕੋ ਮੀਤ ਹਮ ਅਪਣਾ ਕੀਨਾ ਹਮ ਸਭਨਾ ਕੇ ਸਾਜਨ॥” ਇਹ ਸਿੱਖ ਮੱਤ ਦਾ ਨਿੱਗਰ ਸਿਧਾਂਤ ਹੈ। ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰਾਂ ਨੂੰ ਅਵੱਸ਼ ਹੀ ਬੋਧੀ ਅਤੇ ਜੈਨੀ ਧਾਰਮਿਕ ਸ਼ਖ਼ਸੀਅਤਾਂ ਅਤੇ ਸਭ ਧਰਮਾਂ ਦੇ ਸਬੰਧਤ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਸੱਦਣੀ ਚਾਹੀਦੀ ਹੈ ਅਤੇ ਉਪਰੋਕਤ ਨਜ਼ਰੀਏ ਤੋਂ ਸੰਸਾਰ ਨੂੰ ਮੁਖ਼ਾਤਿਬ ਹੋਣਾ ਚਾਹੀਦਾ ਹੈ, ਜੋ ਇਹਨਾਂ ਸਭ ਧਰਮਾਂ ਦਾ ਸਿੱਖਾਂ ਨਾਲ ਘੱਟੋ-ਘੱਟ ਸਿਧਾਂਤ ਦੇ ਪੱਧਰ ’ਤੇ ਸਾਂਝਾ ਹੈ।

ਇਸ ਸਥੂਲ ਸੰਸਾਰ ਵਿੱਚ ਸਾਨੂੰ ਕਿਸੇ ਭਰੋਸੇਮੰਦ ਅਤੇ ਕਾਰਗਰ ‘ਟਕਰਾਓ-ਸੁਲਝਾਊ-ਪ੍ਰਣਾਲੀ ਦੀ ਲੋੜ ਹੈ ਜਿਸਨੂੰ ਸਮੁੱਚੇ ਝਗੜਿਆਂ ਵਾਲੇ ਮੁੱਦੇ ਕਿਸੇ ਨਿਆਂਪੂਰਨ ਹੱਲ ਹਿੱਤ ਸੌਂਪੇ ਜਾ ਸਕਣ। ਸੰਸਾਰ ਦੀਆਂ ਔਕੜਾਂ ਅਤੇ ਮਜਬੂਰੀਆਂ ਦਾ ਕਿਸੇ ਸੂਰਤ ਵਿੱਚ ਵੀ ਓਸਾਮਾ-ਬਿਨ-ਲਾਦੇਨ ਜਾਂ ਜਾਰਜ ਡਬਲਿਊ. ਬੁਸ਼ ਵੱਲੋਂ ਰੱਬ ਦੇ ਪੈਦਾ ਕੀਤੇ ਹੋਰਨਾਂ ਮੱਨੁਖਾਂ ਉਪੱਰ ਆਪਣੇ ਇਰਾਦੇ ਠੋਸਣ ਲਈ ਫ਼ਾਇਦਾ ਨਹੀਂ ਉਠਾਇਆ ਜਾਣਾ ਚਾਹੀਦਾ। ਇਹਨਾਂ ਦੋਹਾਂ ਜਾਂ ਸਾਮੀ ਧਰਮਾਂ ਦੇ ਸਿਧਾਂਤਾ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਵੀ ਆਪਣੀ ਹੋਂਦ ਬਰਕਰਾਰ ਰੱਖਣ ਦਾ ਹੱਕ ਹੈ। ਇਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਦੂਸਰੇ ਲੋਕ ਵੀ ਉਹਨਾਂ ਦੇ ਬਰਾਬਰ ਦੀ ਚੋਖੀ ਗਿਣਤੀ ਵਿੱਚ ਹਨ। ਹਿੰਦੁਸਤਾਨੀ ਬੁਲਾਰਿਆਂ ਨੂੰ ਵੀ ਇਹ ਅਹਿਸਾਸ ਕਰਾਇਆ ਜਾਣਾ ਚਾਹੀਦਾ ਹੈ ਕਿ ਇਸ ਮੌਕੇ ਨੂੰ ਮੁਸਲਮਾਨਾਂ ਵਿਰੁੱਧ ਨਫ਼ਰਤ ਫ਼ੈਲਾਉਣ ਦੀ ਮੁਹਿੰਮ ਨੂੰ ਉਛਾਲਣ ਹਿਤ ਵਰਤਣ ਦੇ ਨੁਕਸਾਨਦੇਹ ਸਿੱਟੇ ਨਿਕਲ ਸਕਦੇ ਹਨ। ਇਕ ਪੱਧਰ ‘ਤੇ ਨਫ਼ਰਤ ਅਤੇ ਅਨਿਆਂ ਅਤੇ ਸਰਕਾਰੀ ਦਹਿਸ਼ਤਵਾਦ ਹੀ ਬਹੁਤੇ ਜ਼ੋਰ-ਸ਼ੋਰ ਨਾਲ ਨਿੰਦੇ ਜਾਂਦੇ ਦਹਿਸ਼ਤਵਾਦ ਨੂੰ ਜਨਮ ਦਿੰਦੇ ਹਨ ਅਤੇ ਦੂਸਰੀ ਪੱਧਰ ‘ਤੇ ਇਸ ਦੇ ਬਦਲੇ ਵਜੋਂ ਕੀਤੀ ਜਾਣ ਵਾਲੀ ਕਾਰਵਾਈ ਇਸਨੂੰ ਹੋਰ ਵਿਆਪਕ ਪੱਧਰ ‘ਤੇ ਹੋਂਦ ਵਿੱਚ ਲਿਆਉਂਦੀ ਹੈ। ਬਦਸਲੂਕੀ ਦੀ ਸ਼ਿਕਾਰ ਦੁਨੀਆ ਨੁੰ ਕਦਾਚਿਤ ਇਹ ਪ੍ਰਭਾਵ ਨਹੀਂ ਦਿੱਤਾ ਜਾਣਾ ਚਾਹੀਦਾ ਕਿ ਦਹਿਸ਼ਤਵਾਦ ਹੀ ਉਹਨਾਂ ਦੀ ਅਸੰਤੁਸ਼ਟੀ ਦੇ ਪ੍ਰਗਟਾਵੇ ਦਾ ਇੱਕੋ-ਇੱਕ ਰਸਤਾ ਹੈ ਜਿਸ ਰਾਹੀਂ ਉਹ ਅਧੁਨਿਕ ਸਮਾਜ ਦਾ ਧਿਆਨ ਆਪਣੀ ਤ੍ਰਾਸਦੀ ਵੱਲ ਖਿੱਚ ਸਕਦੇ ਹਨ – ਜਿਵੇਂ ਕਿ ਹੁਣ ਤਾਂਈ ਹੋ ਰਿਹਾ ਹੈ। ਇਹ ਅਤੇ ਇਸ ਨਾਲ ਜੁੜੇ ਮੁੱਦਿਆਂ ਨੂੰ ਸਿੱਖਾਂ ਅਤੇ ਹੋਰ ਆਜ਼ਾਦ ਸੋਚਣੀ ਵਾਲੇ ਲੋਕਾਂ ਵੱਲੋਂ ਸ਼ਪਸ਼ਟ ਰੂਪ ‘ਚ ਸੰਬੋਧਨ ਹੋਣਾ ਚਾਹੀਦਾ ਹੈ।

Press Release
September 24, 2001


It is to be regretted that the Sikh point of view in the context of the present world crisis has not been articulated so far. I request all theologians to get together and guide the Sikh people and help them in understanding the crisis in which the world is about to be unnecessarily plunged. The extent of human misery it is about to bring about and it has already brought about must goad us on to address the basic cause of the impending doom.

My understanding of Judaism, Christianity and Islam tells me that excessive preoccupation ‘with the doctrine of exclusive nature and sole validity’ of these faiths is responsible for the misery that has been inflicted on America, Israel, the Arab World and on Afghanistan. The land promised under the covenant with God can also as validly belong to the Jews because they too have a right to exist. They need not lay claim to it as the chosen people must be recognised as entitled to it being a people equally a creation of God. The Muslims may stick to every other doctrine of their faith but must not try to rigidly enforce the doctrine of ‘akhir-ul-ambia’ at least on non-Muslims. They must realise that after all Jacob is their prophet too and Jews are equally the ‘people of the book’. No harm will come to Islam if the doctrine is interpreted liberally by the followers in view of the present day requirements. Perhaps, it will be little easier for Christians, who have learnt to separate secular functions from the religious over the ages, to accommodate the view of those who do not agree with them over the doctrine of ‘no salvation outside the Church’. Should all these three great faiths try to conduct relations with one another while not insisting on the exclusiveness and finality of doctrine, solution to most of the world’s problem will be easier to arrive at.

In recent times the Christian Church, particularly the more rigid Roman Catholic one has shown much doctrinal flexibility. It has made some very wholesome and timely doctrinal adjustments, with regard to position of women as priests, over the responsibility of Jews for the Crucifixion and has brought about a very bold change in the doctrine of nature of evil. In all these it has shown great sensitivity to post-Christian mysticism (particularly Sikh). Since Christianity is the faith of those who are leading in the world politically and technologically, believers in God are entitled to except the Christian Church, particularly the Pope for timely intervention.

The Sikhs must firmly reject the rogue thesis of ‘conflict of civilisations’. They must realise that their Guru ‘is the one who desires amity among all the peoples’ and of course is the one ‘for whom there is no enemy who befriends all and is a friend of all’. This is the firm doctrine of the Sikh faith. The Akal Takhat functionaries must call a joint meeting of the Buddhist Jain holy men and concerned people from all faiths to articulate the above point of view, which they share with the Sikhs – at least doctrinally.

In the mundane world, we need to have a credible and effective conflict resolving mechanism to which all contentious issues could be referred for a just solution. The world’s woes must not be utilized either by Bin Laden or George W. Bush to impose their wills on those others also created by God. The people who do not agree with both or with doctrines of Semitic religions also have right to exist. They must also know that these others are in equally significant numbers. The Indian spokesperson must be made to realise that it may be counter-productive to use the occasion to kick up a hate-Muslim campaign. At one level hatred and injustice and state terrorism begets more condemned form of terrorism at retribution calls more of the same into existence. The world of the ill treated must not be given the impression that terrorism is the only expression of their dissatisfaction which the modern society affords. These and allied matters must be articulated by the Sikhs and other freethinking people.

Tuesday, May 17, 2011

ਅੰਧਾ ਆਗੂ ਜੇ ਥੀਐ .. .. ..

1947 ਤੋਂ ਬਾਅਦ ਦੀ ਸਿੱਖ ਤ੍ਰਾਸਦੀ ਨੂੰ ਸਮਝਣ ਲਈ ਅਜੇ ਤੱਕ ਵੀ ਕੁਈ ਵੱਡਾ ਉਪਰਾਲਾ ਨਾ ਸਿੱਖਾਂ ਵੱਲੋਂ ਹੋਇਆ ਹੈ ਨਾ ਦੂਜਿਆਂ ਵੱਲੋਂ। ‘ਰੋਗ’ ਤੇ ‘ਦਾਰੂ’ ਦੀ ਨਿਸ਼ਾਨਦੇਹੀ ਕਰਨ ਤੋਂ ਬਿਨਾਂ ਹੀ ਭਰਪੂਰ ਇਲਾਜ ਕਰਨ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਨਤੀਜੇ ਵਜੋਂ ਨਾ ਤਾਂ ਮਰੀਜ਼ ਦੀ ਹਾਲਤ ਸੁਧਰ ਰਹੀ ਹੈ ਨਾ ਹੀ ਓਹੜ-ਪੋਹੜ ਬੰਦ ਹੋ ਰਹੇ ਹਨ। ਮਰਜ਼ ਨੂੰ ਬੁੱਝਣਾ ਵੱਡਾ ਕੰਮ ਨਹੀਂ; ਓਸ ਦਾ ਕਾਰਗਰ ਇਲਾਜ ਵੀ ਪਹੁੰਚ ਅੰਦਰ ਹੈ। ਪਰ ਕੌਮ ਦੇਸੀ ਸਿਆਣਿਆਂ (ਜਿਨ੍ਹਾਂ ਨੂੰ ਰਾਜਸਥਾਨ ਵਿੱਚ ਬੂਝ-ਬੁਝਾਕਲ ਆਖਦੇ ਹਨ) ਦੇ ਵੱਸ ਪਈ ਹੋਈ ਹੈ ਜਿਹੜੇ ਕਿ ਝਾੜੂ ਲੈ ਕੇ, ਲਕੀਰਾਂ ਵਲ਼ ਕੇ, ਪਰਛਾਵਿਆਂ ਨੂੰ ਕੁੱਟ ਕੇ, ਹਲਦੀ ਧੂੜ ਕੇ ਤਸੱਲੀ ਨਾਲ ਆਖਦੇ ਹਨ ਕਿ ਪ੍ਰੇਤ ਕੱਢ ਦਿੱਤਾ ਹੈ।

ਸਥਿਤੀ ਇਉਂ ਹੈ। ਇੱਕ ਪਿੰਡ ਵਿੱਚ ਰਾਤ ਨੂੰ ਹਾਥੀ ਆ ਕੇ ਚਰ੍ਹੀ ਦਾ ਖੇਤ ਉਜਾੜ ਗਿਆ। ਅਗਲੇ ਦਿਨ ਲੋਕ ਹੈਰਾਨ ਕਿ ਏਨੀਆਂ ਵੱਡੀਆਂ ਪੈੜਾਂ ਛੱਡਣ ਵਾਲੀ ਕੀ ਬਲ਼ਾ ਸੀ ਜੋ ਇੱਕੋ ਰਾਤ ਵਿੱਚ ਏਨਾਂ ਨੁਕਸਾਨ ਕਰ ਗਈ। ਸਭ ਤੋਂ ਸਿਆਣੇ ਬੂਝ-ਬੁਝਾਕਲ ਨੂੰ ਬੁਲਾਇਆ ਗਿਆ। ਓਸ ਨੇ ਹਾਲਤ ਦਾ ਜਾਇਜ਼ਾ ਲੈ ਕੇ ਫ਼ੈਸਲਾ ਦਿੱਤਾ, ‘‘ਬੂਝ-ਬੁਝਾਕਲ ਬੂਝ ਗਇਆ ਥੇ ਕੇ ਜਾਣੋ ਅਨਜਾਣ। ਚੱਕੀ ਕੇ ਪੁੜ ਬਾਂਧ ਕੇ ਚਰ ਗਇਓ ਮ੍ਰਿਗਾਨ।’’ ਭਾਵ ‘ਸਿਆਣੇ ਨੇ ਬੁਝ ਲਿਆ ਹੈ ਜੋ ਤੁਹਾਨੂੰ ਅਨਜਾਣਾਂ ਨੂੰ ਸਮਝ ਨਹੀਂ ਆਇਆ। ਇਹ ਤਾਂ ਚੱਕੀ ਦੇ ਪੁੜ ਪੈਰਾਂ ਨਾਲ ਬੰਨ੍ਹ ਕੇ ਮ੍ਰਿਗ ਚਰ ਗਇਆ ਹੈ।’ ਜਿਨ੍ਹਾਂ ਨੇ ਕਦੇ ਹਾਥੀ ਵੇਖਿਆ ਨਹੀਂ ਸੀ ਵਾਹ! ਵਾਹ! ਕਰ ਉੱਠੇ ਅਤੇ ਬਾਕੀਆਂ ਵੀ ਝਕਦਿਆਂ-ਝਕਦਿਆਂ ਪ੍ਰਵਾਨ ਕਰ ਲਿਆ -- ਸਿਆਣੇ ਦੀ ਗੱਲ ਨੂੰ ਕੌਣ ਉਲਟਾਵੇ?

7 ਮਈ 2011 ਨੂੰ ‘ਕੇਸ ਸੰਭਾਲ ਪ੍ਰਚਾਰ ਸੰਸਥਾ’ ਵੱਲੋਂ ਦਿੱਲੀ ਭਾਈ ਵੀਰ ਸਿੰਘ ਸਦਨ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ਕਿ ‘‘ਸਿੱਖਾਂ ਵਿੱਚ ਏਕਤਾ ਤੇ ਇੱਕਸਾਰਤਾ ਕਿਵੇਂ ਲਿਆਂਦੀ ਜਾਵੇ?’’ ਇੱਕਸਾਰਤਾ ਤੋਂ ਮਤਲਬ ਰਹਿਤ-ਮਰਿਯਾਦਾ ਬਾਰੇ ਇੱਕਮੱਤ ਹੋਣ ਤੋਂ ਸੀ ਨਾ ਕਿ ਫ਼ੌਜੀ ਕਿਸਮ ਦੀ ਕਦਮ ਮਿਲਾ ਕੇ ਚੱਲਣ ਦੀ ਪ੍ਰਕਿਰਿਆ ਤੋਂ। ਵਿਚਾਰਾਂ ਦੀ ਅਨੇਕਤਾ ਤਾਂ ਕੁਦਰਤ ਦੀ ਦਾਤ ਹੈ ਅਤੇ ਤਰੱਕੀ ਦਾ ਸੋਮਾ ਹੈ। ਭਾਈ ਸੰਤੋਖ ਸਿੰਘ ਵੀ ਸਾਹਿਬ ਦਸਵੇਂ ਪਾਤਸ਼ਾਹ ਦੀ ਵੱਡੀ ਦੇਣ ਦਾ ਜ਼ਿਕਰ ਕਰਦੇ ਹੋਏ ਇੱਕਸਾਰਤਾ ਦੇ ਸੰਦਰਭ ਵਿੱਚ ਆਖਦੇ ਹਨ: ‘‘ਛਾਇ ਜਾਤੀ ਏਕਤਾ ਅਨੇਕਤਾ ਬਿਲਾਇ ਜਾਤੀ .. .. .. ਮੂਰਤ ਨਾ ਹੋਤੀ ਜਉ ਪੈ ਕਰੁਣਾ ਨਿਧਾਨ ਕੀ।’’

ਵੱਡੇ ਕੱਦ ਵਾਲੇ ਬੁਲਾਰਿਆਂ ਵਿੱਚੋਂ ਇੱਕ ਸਨ ਭਗਵੰਤ ਸਿੰਘ ਦਿਲਾਵਰੀ। ਉਹਨਾਂ ਕੋਲ ‘ਹਰ ਮਸਾਲੇ ਪਿਪਲਾਮੂਲ’ ਵਾਂਗ ਹਰ ਸਮੱਸਿਆ ਦਾ ਇੱਕੋ ਹੀ ਇਲਾਜ ਹੈ ਅਤੇ ਓਸ ਨੂੰ ਹਰ ਮੰਚ ਤੋਂ ਉਹ ਬੜੇ ਜ਼ੋਰ-ਸ਼ੋਰ ਨਾਲ, ਬੜੀ ਧੜੱਲੇਦਾਰ ਰੰਗੀਨ ਸ਼ਬਦਾਵਲੀ ਵਿੱਚ ਪ੍ਰਚਾਰਦੇ ਹਨ। ਆਉਂਦਿਆਂ ਸਾਰ ਉਹ ਫ਼ਤਹਿ ਬੁਲਾਉਂਦੇ ਹਨ (ਅਦਬ-ਸਤਿਕਾਰ ਨਾਲ ਨਹੀਂ ਬਲਕਿ) ਨਿਹੰਗ ਲਹਿਜ਼ੇ ਵਿੱਚ। ਓਨੀਂ ਦੇਰ ਬਾਰ-ਬਾਰ ਬੁਲਾਉਂਦੇ ਰਹਿੰਦੇ ਹਨ ਜਿੰਨੀ ਦੇਰ ਉਹਨਾਂ ਨੂੰ ਓਸੇ ਕੱਬੇ ਲਹਿਜ਼ੇ ਵਿੱਚ ਸਾਰੀ ਸੰਗਤ ਤੋਂ ਜੁਆਬ ਨਾ ਮਿਲੇ। ਇੱਕ ਸਤਿਕਾਰ ਦੇ ਸਾਧਨ ਤੋਂ ਹਟ ਕੇ ਉਹਨਾਂ ਦੀ ਫ਼ਤਹਿ ਗਲ਼ਾ ਪਾੜ ਕੇ ਚਿੱਲਾਉਣ ਦਾ ਮੈਚ ਹੋ ਨਿੱਬੜਦੀ ਹੈ। ਜੇ ਤਿੰਨ-ਚਾਰ ਵਾਰੀ ਫ਼ਤਹਿ ਤੋਂ ਬਾਅਦ ਉਹਨਾਂ ਦੀ ਮਰਜ਼ੀ ਅਨੁਸਾਰ ਜੁਆਬ ਨਾ ਮਿਲੇ ਤਾਂ ਉਹ ਸੰਗਤ ਨੂੰ ਏਨਾਂ ਸ਼ਰਮਸਾਰ ਕਰਦੇ ਹਨ ਕਿ ਹਰ ਭਲ਼ਾਮਾਣਸ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਸ਼ਾਇਦ ਉਹ ਨਿੰਦਕਾਂ ਦੀ ਸਭਾ ਵਿੱਚ ਆ ਗਿਆ ਹੈ। ਇੱਕ ਵਾਰੀ ਚੰਡੀਗੜ੍ਹ ਦੀ ਸਭਾ ਵਿੱਚ ਉਹਨਾਂ ਦੀ ਕੰਨ-ਪਾੜ ਫ਼ਤਹਿ ਅਤੇ ਤਸੱਲੀ ਨਾ ਹੋਣ ਉਪਰੰਤ ਮਹਾਂ-ਕੌੜੇ ਪ੍ਰਵਚਨਾਂ ਵਿਰੁੱਧ ਮੈਂ ਹਲਕਾ ਜਿਹਾ ਇਤਰਾਜ਼ ਵੀ ਕੀਤਾ ਸੀ ਜਿਸ ਨੂੰ ਜਾਪਦਾ ਹੈ ਕਿ ਉਹ ਅਜੇ ਤੱਕ ਭੁੱਲੇ ਨਹੀਂ।

ਉਹਨਾਂ ਦੇ ‘ਕੀਮਤੀ’ ਪ੍ਰਵਚਨਾਂ ਦਾ ਨਿਚੋੜ ਇਹ ਸੀ ਕਿ ਸਾਰੀਆਂ ਮੁਸ਼ਕਲਾਂ ਦੀ ਜੜ੍ਹ ‘ਅੰਮ੍ਰਿਤ ਵੇਲਾ’ ਨਾ ਸੰਭਾਲਣ ਦੀ ਕੁਰੀਤ ਹੈ। ਉਹ ਬਰਦਾਸ਼ਤ ਨਹੀਂ ਕਰਦੇ ਕਿ ਛੇ-ਛੇ ਵਜੇ ਤੱਕ ਲੋਕ ਸੁੱਤੇ ਹੀ ਰਹਿਣ। ਜ਼ਾਹਰ ਹੈ ਕਿ ਅੰਮ੍ਰਿਤ ਵੇਲਾ ਉਹ ਸਵੇਰ ਦੇ ਸਾਢੇ ਤਿੰਨ-ਚਾਰ ਵਜੇ ਦੇ ਸਮੇਂ ਨੂੰ ਜਾਣਦੇ ਹਨ ਨਾ ਕਿ ਓਸ ਘੜੀ ਨੂੰ ਜਿਸ ਘੜੀ ਕਿਸੇ ਨੂੰ ਪ੍ਰਮਾਤਮਾ ਦੀ, ਗੁਰੂ-ਪ੍ਰਮੇਸ਼ਰ ਦੀ ਯਾਦ ਆਵੇ। ਉਹ ਬਾਣੀਆਂ ਦੇ ਤੋਤਾ-ਰਟਨ, ਜਿਸ ਸਬੰਧੀ ਸਿੱਖ-ਧਰਮ-ਉਪਦੇਸ਼ ਸਪਸ਼ਟ ਹਨ, ਦਾ ਨਿੱਤਨੇਮ ਕਰਨ ਨੂੰ ਹੀ ਅੰਮ੍ਰਿਤ ਵੇਲਾ ‘ਸੰਭਾਲਣ’ ਦੀ ਪ੍ਰਕਿਰਿਆ ਜਾਣਦੇ ਹਨ। ਇਹ ਕਦੇ ਨਹੀਂ ਵੇਖਦੇ ਕਿ ਕਿਸ ਸਭਾ ਵਿੱਚ ਕਿਸ ਕਿਸਮ ਦੀ ਵਿਚਾਰ ਚੱਲ ਰਹੀ ਹੈ। ਲੋਧੀਆਂ ਕੋਲ ਵੀ ਬੂਝ-ਬੁਝਾਕਲਾਂ ਨੇ ਦਾਅਵਾ ਕੀਤਾ ਸੀ ਕਿ ਉਹ ਬਾਬਰ ਦੀ ਫ਼ੌਜ ਨੂੰ ਮੰਤਰਾਂ ਨਾਲ ਅੰਨ੍ਹਾ ਕਰ ਦੇਣਗੇ। ਬਾਬਰ-ਬਾਣੀ ਵਿੱਚ ਗੁਰੂ ਨਾਨਕ ਦੇ ਬਚਨ ਹਨ: ‘‘ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ।।’’ ਨਾ ਹੀ ਇਹ ਗੁਰ ਸੋਮਨਾਥ ਉੱਤੇ ਚੜ੍ਹਾਈ ਵੇਲੇ ਕੰਮ ਆਇਆ ਸੀ। ਪਰ ਦਿਲਾਵਰੀ ਜੀ ਦਾ ਯਕੀਨ ਹੈ ਕਿ ਸਿੱਖਾਂ ਕੋਲ ਏਹੀ ਵੱਡਾ ਐਟਮ ਬੰਬ ਹੈ।

ਉਹਨਾਂ ਦੇ ਭਾਸ਼ਣ ਦੇ ਅੱਧ ਵਿੱਚ ਸਪਸ਼ਟ ਹੋਇਆ ਕਿ ਉਹ ਸਿੱਖਾਂ ਲਈ ਬਹੁਤ ਕੁਢੱਬੇ ਸ਼ਬਦ ਬਾਰ-ਬਾਰ ਵਰਤ ਰਹੇ ਹਨ ਜਿਨ੍ਹਾਂ ਨੂੰ ਝਿੜਕਾਂ ਤੋਂ ਉੱਤੇ ਉੱਠ ਕੇ ਗਾਲ਼ੀ-ਗਲੋਚ ਦੀ ਹੱਦ ਛੂਹੰਦਿਆਂ ਸਾਫ਼ ਵੇਖ ਸਕਦੇ ਹਾਂ। ਉਹਨਾਂ ਦੇ ਭਾਸ਼ਣ ਦੇ ਅੱਧ ਤੋਂ ਬਾਅਦ ਜੋ ਅਪਸ਼ਬਦ ਵਰਤੇ ਗਏ ਉਹਨਾਂ ਵਿੱਚ ਹਨ: ‘ਖੋਤਾ, ਬੇਸ਼ਰਮ, ਮਹਾਨ ਝੂਠੇ, ਬੇਈਮਾਨ, ਮਹਾਂ ਬੇਈਮਾਨ, ਮਰੇ ਹੋਏ, ਬੇਵਕੂਫ਼ ਆਦਿ।’ ਪੁਸ਼ਟੀ ਲਈ ਉਹਨਾਂ ਗੁਰਬਾਣੀ ਦੀ ਵਰਤੋਂ ਵੀ ਖ਼ੂਬ ਕੀਤੀ: ‘‘ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ।।”

ਮੰਚ ਉੱਤੇ ਬੈਠੇ ਸੱਜਣਾਂ ਵੱਲ ਜਦ ਮੈਂ ਨਿਗਾਹ ਮਾਰੀ ਤਾਂ ਉਹਨਾਂ ਵਿੱਚੋਂ ਤਿੰਨ ਚੰਡੀਗੜ੍ਹ ਤੋਂ ਆਏ ਸਨ, ਦੋ ਅੰਮ੍ਰਿਤਸਰ ਤੋਂ, ਇੱਕ ਲੁਧਿਆਣੇ ਤੋਂ। ਇਹ ਸਾਰੇ ਗੁਰੂ-ਪਿਆਰ ਦੀ ਡੋਰ ਨਾਲ ਹੀ ਖਿੱਚੇ ਆਏ ਸਨ। ਦੂਜੇ ਪਾਸੇ ਪੰਜ ਕੁ ਨੌਜਵਾਨ ਸਨ ਜਿਹੜੇ ਕੰਮ-ਕਾਰ ਛੱਡ ਏਸੇ ਕਾਰਣ ਪਹੁੰਚੇ ਸਨ। ਇਹਨਾਂ ਵਿੱਚੋਂ ਦੋ ਉਤਰਾਂਚਲ ਦੇ ਸਨ। ਬਹੁਤਿਆਂ ਨੂੰ ਮੈਂ ਜਾਣਦਾ ਨਹੀਂ ਸਾਂ। ਪਤਾ ਨਹੀਂ ਕਿਸ ਅਣਜਾਣ ਨੇ ਦਿਲਾਵਰੀ ਜੀ ਦੇ ਕੰਨਾਂ ਵਿੱਚ ਫੂਕ ਮਾਰੀ ਕਿ ਇਹ ਪ੍ਰਮਾਤਮਾ-ਪਿਆਰ ਤੋਂ ਬਿਨਾਂ ਹੀ ਏਥੇ ਚਲੇ ਆਏ ਸਨ। ਕੁਈ ਆਖਣ ਲੱਗਾ ਸ਼ਾਇਦ ‘ਭਗਵੰਤ’ ਤੋਂ ਦਿਲਾਵਰੀ ਜੀ ਭਗਵੰਤ ਸਿੰਘ ਦਿਲਾਵਰੀ ਸਮਝਦੇ ਹਨ। ਉਹਨਾਂ ਦੇ ਲਹਿਜ਼ੇ ਤੋਂ ਵੀ ਏਹੀ ਸੰਕੇਤ ਮਿਲਦਾ ਸੀ। ਜੇ ਇਹ ਦਰੁਸਤ ਹੈ ਤਾਂ ਉਹ ਸੱਚੇ ਸਨ। ਏਨੀਆਂ ਗਾਲ੍ਹਾਂ ਖਾ ਕੇ ਭਗਵੰਤ (ਸਿੰਘ) ਨਾਲ ਪ੍ਰੀਤ ਕੌਣ ਕਰੇ। ਅਸਲ ਭਗਵੰਤ ਦੀ ਨਿਸ਼ਾਨਦੇਹੀ ਕਰਦੇ ਹੋਏ ਸਾਹਿਬ ਆਖਦੇ ਹਨ, ‘‘ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ।।’’

ਸ਼ਾਇਦ ਦਿਲਾਵਰੀ ਜੀ ਨੂੰ ਖਿਆਲ ਨਹੀਂ ਕਿ ਸਦੀ ਪਹਿਲਾਂ ਸੂਫ਼ੀ ਹਾਸ਼ਮ ਕੀ ਆਖ ਗਏ ਸਨ:

ਰੱਬ ਦਾ ਆਸ਼ਕ ਹੋਣ ਸੁਖਾਲਾ ਏਹ ਸੌਖੀ ਏ ਬਾਜੀ।

ਗੋਸ਼ਾ ਪਕੜ ਰਹੇ ਹੋ ਸਾਬਰ ਫੜ ਤਸਬੀ ਬਣੇ ਨਮਾਜ਼ੀ।

ਸੁਖ ਆਰਾਮ ਜਗਤ ਵਿੱਚ ਸੋਭਾ ਵੇਖ ਹੋਵੇ ਜਗ ਰਾਜ਼ੀ।

ਹਾਸ਼ਮ ਗਲੀਏ ਖਾਕ ਰੁਲਾਵੇ ਇਹ ਕਾਫ਼ਰ ਇਸ਼ਕ ਮਜਾਜ਼ੀ।


ਸਭ ਬਲਾਵਾਂ ਰੱਬ ਦੀ ਖ਼ਲਕਤ ਨਾਲ ਇਸ਼ਕ ਕਰਨ ਵਾਲੇ ਨੂੰ ਹੀ ਪੈਂਦੀਆਂ ਹਨ। ਜੇ ਯਕੀਨ ਨਾ ਹੋਵੇ ਤਾਂ ਤੱਤੀ ਤਵੀ ਉੱਤੇ ਬੈਠੇ ‘‘ਪਰਤਖ ਹਰਿ’’ ਗੁਰੂ ਅਰਜਨ ਨੂੰ ਪੁੱਛ ਵੇਖੋ।

ਉਹਨਾਂ ਦਾ ਇਹ ਵਿਚਾਰ ਵੀ ਕੀਮਤੀ ਸੀ ਕਿ ਕੁਈ ਕਿਸੇ ਦੀ ਆਲੋਚਨਾ ਨਾ ਕਰੇ। ਪਰ ਇਹ ‘ਕੁਕਰਮ’ ਤਾਂ ਓਥੇ ਹੋਇਆ ਹੀ ਨਹੀਂ ਸੀ। ਦਿਲਾਵਰੀ ਆਖ਼ਰੀ ਬੁਲਾਰੇ ਸਨ ਅਤੇ ਉਹਨਾਂ ਤੋਂ ਬਾਅਦ ਇਹ ਕਿਸੇ ਕਰਨਾ ਵੀ ਨਹੀਂ ਸੀ। ਪਰ ਕਿਉਂਕਿ ਕੰਨਾਂ ਨੂੰ ਸੁਣਨ ਲਈ ਸ਼ਬਦ ਪ੍ਰਭਾਵਸ਼ਾਲੀ ਜਾਪਦਾ ਹੈ, ਦਿਲਾਵਰੀ ਨੇ ਵਰਤ ਲਿਆ। ਉਂਞ ਉਹਨਾਂ ਘੱਟੋ-ਘੱਟ ਦੋ ਵਾਰ ਨਕਾਰਨ ਦੇ ਕਿਨਾਰੇ ਖੜ੍ਹ ਕੇ ਮੇਰਾ ਨਾਂ ਜ਼ਰੂਰ ਲਿਆ ਅਤੇ ਅਤਿਅੰਤ ਕਉੜੀ ਅੱਖ ਨਾਲ ਮੇਰੇ ਵੱਲ ਵੇਖਿਆ - ਪਤਾ ਨਹੀਂ ਕਿਉਂ? ਸ਼ਾਇਦ ਕੁਈ ਪੁਰਾਣੀ ਕਿੜ ਕਾਰਣ। ਸ਼ਾਇਦ ਏਸ ਕਿਸਮ ਦੀ ਵਿੰਗੀ-ਟੇਢੀ ਨਿੰਦਿਆ ਦੀ ਉਹਨਾਂ ਦੇ ਭਾਣੇ ਗੁਰਬਾਣੀ ਇਜਾਜ਼ਤ ਦਿੰਦੀ ਹੈ।

ਦਿਲਾਵਰੀ ਦੀ ਤਾਰੀਫ਼ ਕਰਨੀ ਬਣਦੀ ਹੈ ਕਿ ਦਸ-ਬਾਰਾਂ ਸਾਲ ਬਾਅਦ ਉਹਨਾਂ ਦੇ ਵਿਰਾਟ ਦਰਸ਼ਨ ਕੀਤੇ ਲੇਕਿਨ ਏਨੇਂ ਅਰਸੇ ਦੌਰਾਨ ਨਾ ਉਹਨਾਂ ਦੀ ਬਾਣੀ ਬਦਲੀ, ਨਾ ਲਹਿਜ਼ਾ, ਨਾ ਤੱਕਣੀ ਅਤੇ ਨਾ ਭਾਸ਼ਣ ਦਾ ਸਾਰ। ਸਾਰੀ ਕੌਮ ਨੂੰ ਕੋਸਣ ਦੀ, ਸਭ ਨਾਲ ਨਫ਼ਰਤ ਦੀ ਪ੍ਰਚਾਰ-ਵਿਧੀ ਨੂੰ ਉਹ ਅੱਜ ਵੀ ਠੀਕ ਸਮਝ ਕੇ ਵਰਤ ਰਹੇ ਹਨ - ਆਪਣੇ-ਆਪ ਨੂੰ ਨਫ਼ਰਤ ਕਰਨ ਵਾਲੇ ਅਨੇਕਾਂ ਸਿੱਖ ਹੋਣਗੇ ਜਿਨ੍ਹਾਂ ਦੇ ਪਰਾਂ ਉੱਤੇ ਦਿਲਾਵਰੀ ਦੀ ਪਰਵਾਜ਼ ਕਾਇਮ ਹੈ।

ਅਕਲ ਦਾਨ ਕਰਨ ਲਈ ਓਥੇ ਤਰਲੋਚਨ ਸਿੰਘ, ਐਮ.ਪੀ. (?) ਵੀ ਪਹੁੰਚੇ ਹੋਏ ਸਨ। ਉਹਨਾਂ ਨੂੰ ਮੇਰੀ ਧਾਰਨਾ ਕਿ ਹਿੰਦੁਸਤਾਨ ਦੀ ਸਥਾਈ ਸੱਭਿਆਚਾਰਕ ਬਹੁਗਿਣਤੀ (ਸਸਬਹੁ) ਨੂੰ ਸਿੱਖੀ ਫੁੱਟੀ ਅੱਖ ਨਹੀਂ ਭਾਉਂਦੀ, ਉੱਤੇ ਸਖ਼ਤ ਇਤਰਾਜ਼ ਹੈ ਪਰ ਏਸ ਨੂੰ ਨਕਾਰਨ ਲਈ ਤੱਥ ਉਹਨਾਂ ਕੋਲ ਕੋਈ ਨਹੀਂ। ਮੈਂ ਆਪਣੀ ਧਾਰਨਾ ਦਾ ਆਧਾਰ ਘੱਟੋ-ਘੱਟ 25 ਸਬੂਤਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਕੁਈ ਨਿਰਪੱਖ ਆਦਮੀ ਰੱਦ ਨਹੀਂ ਕਰ ਸਕਦਾ ਲੇਕਿਨ ਕਿਉਂਕਿ ਤਰਲੋਚਨ ਸਿੰਘ ਵੱਡੇ ਲੀਡਰ ਹਨ ਏਸ ਲਈ ਕੁਈ ਵੀ ਤੱਥ ਉਹਨਾਂ ਦੀ ਭਾਵਨਾ ਦੀ ਕਾਟ ਨਹੀਂ ਕਰ ਸਕਦਾ ਕਿਉਂਕਿ ਉਹ ਕੁਰਾਹੇ ਪਏ ਹਿੰਦੁਸਤਾਨੀਆਂ ਦੇ ਨਾਲ ਕਦਮ ਮਿਲਾ ਕੇ ਵਿਨਾਸ਼ ਵੱਲ ਤੁਰਨ ਨੂੰ ਦੇਸ਼-ਭਗਤੀ ਜਾਣਦੇ ਹਨ। ਏਸ ਦੇ ਉਲਟ ਗ਼ਲਤ ਧਾਰਨਾ ਨੂੰ ਗ਼ਲਤ ਆਖ ਕੇ ਬਦਲਾਵ ਦੀ ਉਮੀਦ ਰੱਖਣ ਅਤੇ ਭਲ਼ੇ ਦਿਨਾਂ ਦੀ ਆਸ ਵਿੱਚ ਜਿਊਣ ਵਾਲਿਆਂ ਨੂੰ ਉਹ ਕੁਰਾਹੇ ਪਏ ਕੀੜੇ-ਮਕੌੜੇ ਸਮਝਦੇ ਹਨ। ਤਰਕ, ਤੱਥਾਂ ਦੇ ਉਹ ਕਾਇਲ ਨਹੀਂ ਕਿਉਂਕਿ ਇਹ ਮਨੋਕਾਮਨਾਵਾਂ ਦੀ ਪੂਰਤੀ ਦੇ ਰਾਹ ਵਿੱਚ ਵੱਡਾ ਅੜਿੱਕਾ ਹੋ ਨਿੱਬੜਦੇ ਹਨ।
ਡੀ. ਪੈਟਰੀ, ਕੇਂਦਰੀ ਸੀ.ਆਈ.ਡੀ. ਦੇ ਤਤਕਾਲੀ ਡਿਪਟੀ ਡਾਇਰੈਕਟਰ ਦੀ ਰਪਟ ਆਖਦੀ ਹੈ ਕਿ ਸਸਬਹੁ ਦਾ ਰੁਝਾਨ ਪ੍ਰਤੱਖ ਹੈ ਕਿ ਉਹ ਸਿੱਖਾਂ ਨੂੰ ਆਪਣੇ ਧਰਮ ਤੋਂ ਵਿਚਲਿਤ ਕਰ ਕੇ ਬਹੁਗਿਣਤੀ ਵਿੱਚ ਜਜ਼ਬ ਕਰਨ ਦੀ ਤੀਬਰ, ਕਮੀਨੀ, ਅਕ੍ਰਿਤਘਣ ਚਾਹ ਰੱਖਦੀ ਹੈ। ਏਸ ਕਾਰਣ ਉਹ ਸਿੱਖਾਂ ਨੂੰ ਸਿੱਖੀ ਨੂੰ ਤਿਲਾਂਜਲੀ ਦੇਣ ਲਈ ਉਕਸਾਉਂਦੀ ਰਹਿੰਦੀ ਹੈ। ਤਰਲੋਚਨ ਸਿੰਘ ਨੂੰ ਸਿਰਫ਼ ਪਤਿਤਪੁਣੇ ਦਾ ਸਟੇਜੀ ਗ਼ਮ ਹੈ, ਏਸ ਦੇ ਕਾਰਣਾਂ ਨਾਲ ਉਹਨਾਂ ਦਾ ਦੂਰ ਦਾ ਵੀ ਵਾਸਤਾ ਨਹੀਂ। ਕਾਰਣ ਬੁੱਝਣ ਦੀ ਖੁਆਰੀ ਹੰਢਾਉਣ ਵਾਲੇ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਦਾ ਹਸ਼ਰ ਉਹਨਾਂ ਦੇ ਸਾਹਮਣੇ ਹੈ।

ਉਹ ਪਾਰਲਾਮੈਂਟ ਦਾ ਮੈਂਬਰ ਰਿਹਾ ਹੈ ਜੋ ਕੁੱਲ ਹਿੰਦ ਦੀ ਸਵਾ ਅਰਬ ਆਬਾਦੀ ਦੀ ਨੁਮਾਇੰਦਾ ਸੰਸਥਾ ਹੈ ਪਰ ਸਰਬੱਤ ਖ਼ਾਲਸਾ ਦਾ ਸੰਕਲਪ ਓਸ ਨੂੰ ਸਮਝ ਨਹੀਂ ਆਉਂਦਾ ਕਿਉਂਕਿ ‘‘ਦੋ ਕਰੋੜ ਸਿੱਖ ਕਿਵੇਂ ਇੱਕ ਥਾਂ ਇਕੱਠੇ ਹੋ ਸਕਦੇ ਹਨ?” ਸਿੱਖਾਂ ਦੇ ਆਦਰਸ਼ ਨੂੰ ਕੋਈ ਵੀ ਮਖੌਲ ਕਰ ਸਕਦਾ ਹੈ, ਕੋਈ ਵੀ ਇਹਨਾਂ ਦੇ ਮੌਲਿਕ ਧਰਮ-ਸਿਧਾਂਤਾਂ ਉੱਤੇ ਚਿੱਕੜ ਸੁੱਟ ਸਕਦਾ ਹੈ ਕਿਉਂਕਿ ਇਹ ਤਾਂ ਵਿਨਾਸ਼ ਵੱਲ ਧੱਕੇ ਜਾ ਰਹੇ ਕਾਫ਼ਲਿਆਂ ਵਿੱਚ ਸ਼ਾਮਲ ਹਨ। ਇਹਨਾਂ ਨਾਲ ਕਾਹਦੀ ਹਮਦਰਦੀ!!!

ਆਪਣੀ ਧਾਰਨਾ ਕਿ ਸਿੱਖਾਂ ਵਿੱਚ ਆਪਸੀ ਪਾਟੋਧਾੜ ਸਸਬਹੁ ਵੱਲੋਂ ਪੁਆਈ ਗਈ ਹੈ ਤਾਂ ਕਿ ਇਹਨਾਂ ਨੂੰ ਖੇਰੂੰ-ਖੇਰੂੰ ਕਰ ਕੇ, ਬਦਨਾਮ ਕਰ ਕੇ ਖ਼ਤਮ ਕੀਤਾ ਜਾ ਸਕੇ, ਨੂੰ ਬਲ਼ ਦੇਣ ਲਈ ਮੈਂ ਕਨਿਸ਼ਕ ਕਾਂਡ ਦਾ ਜ਼ਿਕਰ ਕੀਤਾ ਸੀ। ਤਰਲੋਚਨ ਸਿੰਘ ਨੇ ਬੜੇ ਫ਼ਖ਼ਰ ਨਾਲ ਐਲਾਨ ਕੀਤਾ ਕਿ ਉਹਨਾਂ ਨੇ ਰਾਜ ਸਭਾ ਵਿੱਚ ਆਖਿਆ ਸੀ ਕਿ ਕੈਨੇਡਾ ਦੀ ਅਦਾਲਤ ਨੇ ਸਿੱਖਾਂ ਨੂੰ ਏਸ ਨੂੰ ਡੇਗਣ ਦੇ ਇਲਜ਼ਾਮ ਤੋਂ ਬਰੀ ਕਰ ਕੇ ਸਿੱਖਾਂ ਨਾਲ ਨਿਆਂ ਕੀਤਾ ਹੈ; ਫ਼ਲਾਨੇ ਨੇ ‘‘ਮੈਨੂੰ ਟੋਕਿਆ ਵੀ ਪਰ ਮੈਂ ਆਪਣੇ ਵਿਚਾਰ ਉੱਤੇ ਦ੍ਰਿਢ ਰਿਹਾ।” ਏਨੀਂ ਗੱਲ ਆਖ ਕੇ ਮੇਰੇ ਵੱਲ ਵੇਖਿਆ ਅਤੇ ਫ਼ੁਰਮਾਇਆ,‘‘ਹੋਰ ਦੱਸੋ ਕੀ ਹੋਵੇ? ਕੀ ਦੁਬਾਰਾ ਇੰਨਕੁਆਇਰੀ ਦੀ ਮੰਗ ਕਰੀਏ?” ਉਹ ਭੁੱਲ ਗਏ ਕਿ ਦੁਬਾਰਾ ਵੀ ਪੜਤਾਲ ਹੋ ਚੁੱਕੀ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬੇਨਤੀ ਉੱਤੇ ਹੋਈ ਹੈ। ਮੈਂ ਤਾਂ ਇਹ ਆਖਦਾ ਹਾਂ ਕਿ ਜਹਾਜ਼ ਡੇਗ ਕੇ ਸਿੱਖਾਂ ਸਿਰ ਮੜ੍ਹਨ ਦੀ ਹਰਕਤ ਇਹਨਾਂ ਨੂੰ ਬਦਨਾਮ ਕਰ ਕੇ ਖ਼ਤਮ ਕਰਨ ਦਾ ਸੰਕੇਤ ਹੈ। ਏਸ ਬਾਰੇ ਤਰਲੋਚਨ ਸਿੰਘ ਜੀ ਨੇ ਇੱਕ ਲਫ਼ਜ਼ ਵੀ ਨਾ ਆਖਿਆ ਬਲਕਿ ਮੇਰਾ ਮੌਜੂ ਉਡਾਉਣ ਦੀ ਚੇਸ਼ਟਾ ਨੂੰ ਹੀ ਪ੍ਰਧਾਨ ਕਰਮ ਜਾਣਿਆ। ਸਿੱਖ ਲੀਡਰਾਂ ਦੀ ਇਹ ਪਹੁੰਚ ਜਿੱਥੇ ਕੌਮ ਨੂੰ ਸੇਧ ਨਹੀਂ ਦੇ ਸਕਦੀ ਓਥੇ ਵਿਚਾਰਵਾਨਾਂ ਨੂੰ ਓਸੇ ਤਰਜ਼ ਉੱਤੇ ਬਦਨਾਮ ਕਰਨ ਲਈ ਕਾਫ਼ੀ ਹੈ ਜਿਸ ਤਰਜ਼ ਉੱਤੇ ਸਸਬਹੁ ਸਰਕਾਰਾਂ ਸਿੱਖਾਂ ਨੂੰ ਬਦਨਾਮ ਕਰਦੀਆਂ ਆਈਆਂ ਹਨ। ਅਜਿਹੇ ਭੰਬਲਭੂਸੇ ਪੈਦਾ ਕਰਨੇ ਆਖ਼ਰ ਦੁਸ਼ਮਣ ਦੇ ਹੱਕ ਵਿੱਚ ਹੀ ਭੁਗਤਦੇ ਹਨ। ਕਿਤੇ ਅਜਿਹਾ ਤਾਂ ਨਹੀਂ ਕਿ ‘ਅੱਧੀ ਤੇਰੀ ਆਂ ਮੁਲਾਹਜ਼ੇਦਾਰਾ ਤੇ ਅੱਧੀ ਆਂ ਮੈਂ ਹੌਲਦਾਰ ਦੀ।’

ਕਨਿਸ਼ਕ ਹਵਾਈ ਜਹਾਜ਼ ਨੂੰ ਡੇਗਣ ਦਾ ਇਲਜ਼ਾਮ ਸਿੱਖਾਂ ਦੇ ਗਲ਼ੋਂ ਲੱਥਣ ਦੇ ਫ਼ੈਸਲੇ ਦੀ ਉਹ ਰਾਜ ਸਭਾ ਵਿੱਚ ਸ਼ਲਾਘਾ ਕਰ ਚੁੱਕੇ ਹਨ ਪਰ ਉਹ ਫ਼ੈਸਲੇ ਦੇ ਓਸ ਹਿੱਸੇ ਨਾਲ ਸਹਿਮਤ ਨਹੀਂ ਜਿਸ ਵਿੱਚ ਸਪਸ਼ਟ ਸੰਕੇਤ ਹਨ ਕਿ ਇਹ ਹਿੰਦ ਸਰਕਾਰ ਦੀ ਖ਼ੁਫ਼ੀਆ ਏਜੰਸੀ ਦਾ ਕਾਰਾ ਸੀ; ਨਾ ਹੀ ਉਹ ਕੈਨੇਡਾ ਦੀਆਂ ਸਾਰੀਆਂ ਖ਼ੁਫ਼ੀਆ ਏਜੰਸੀਆਂ ਦੀ ਸਾਂਝੀ ਰਪਟ ਨੂੰ ਮਾਨਤਾ ਦੇਣ ਲਈ ਤਿਆਰ ਹੈ ਜਿਸ ਵਿੱਚ ਉਹ ਸਾਫ਼ ਲਫ਼ਜ਼ਾਂ ਵਿੱਚ ਆਖਦੀਆਂ ਹਨ ਕਿ ਕਨਿਸ਼ਕ ਨੂੰ ਡੇਗ ਕੇ ਦੋਸ਼ ਸਿੱਖਾਂ ਦੇ ਗਲ਼ ਮੜ੍ਹਨ ਵਿੱਚ ਹਿੰਦ ਦੇ ਕੈਨੇਡਾ ਵਿਚਲੇ ਸਫ਼ਾਰਤਖਾਨੇ ਦੀ ਖ਼ਾਸ ਭੂਮਿਕਾ ਸੀ। ਇਹ ਕਉੜੇ ਤੱਥ ਹਨ। ਅਜੇ ਸੁੱਖ ਨਾਲ ਤਰਲੋਚਨ ਸਿੰਘ ਦੀ ਬਹੁਤ ਉਮਰ ਬਾਕੀ ਹੈ। ਕੌਣ ਜਾਣੇ ਕਿਸ ਮੋੜ ਉੱਤੇ ਕਿਸ ਸਰਕਾਰ ਦੀ ਲੋੜ ਪੈ ਜਾਵੇ! ਸਿੱਖਾਂ ਨਾਲ ਵਫ਼ਾਦਾਰੀ ਨਿਭਾਉਣ ਦੇ ਵੈਸੇ ਵੀ ਹੱਦ-ਬੰਨੇ ਹੁੰਦੇ ਹਨ! ਸਭ ‘ਸਮਝਦਾਰ’ ਸਿਆਸਤਦਾਨ ਏਸ ਤੱਥ ਤੋਂ ਭਲੀ ਭਾਂਤ ਵਾਕਫ਼ ਹਨ।

‘ਦਸਮ ਗ੍ਰੰਥ’ ਸਬੰਧੀ ਮੇਰੇ ਵੱਲ ਖ਼ਾਸ ਇਸ਼ਾਰਾ ਕਰ ਕੇ ਆਪ ਨੇ ਫ਼ੁਰਮਾਇਆ ਕਿ ਸਿੱਖਾਂ ਦਾ ਭਲ਼ਾ ਤਾਂ ਹੋ ਸਕਦਾ ਹੈ ਜੇ ਅਗਲੇ ਪੱਚੀ ਸਾਲ ਤੱਕ ਕੁਈ ਨਵਾਂ ਵਿਵਾਦ ਨਾ ਛੇੜਿਆ ਜਾਵੇ। ਸ਼ਾਇਦ ਦਰਬਾਰਾ ਸਿੰਘ ਵਾਂਗ ਉਹਨਾਂ ਦੀ ਸਮਝ ਵੀ ਏਹੋ ਆਖਦੀ ਹੈ ਕਿ ਸਭ ਕਾਲੀਆਂ-ਬੋਲ਼ੀਆਂ ਹਨੇਰੀਆਂ ਲਵੇਰੀ ਵਾਲੇ ਟਿੱਬੇ ਤੋਂ ਹੀ ਉੱਠਦੀਆਂ ਹਨ। 1999 ਵਿੱਚ ਓਸ ਵੇਲੇ ਦੇ ਗ੍ਰਹਿ ਮੰਤਰੀ ਦਾ ਪਾਰਲਾਮੈਂਟ ਵਿੱਚ ਬਿਆਨ ਸੀ ਕਿ ਸਰਕਾਰ ਨੇ 25-30 ਕਰੋੜ ਰੁਪਿਆ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਤਾਂ (‘ਦਸਮ ਗ੍ਰੰਥ’) ਨੂੰ ਪ੍ਰਚਾਰਨ ਉੱਤੇ ਖਰਚ ਕੀਤਾ ਹੈ। ਕੀ ਤਰਲੋਚਨ ਸਿੰਘ ਨੂੰ ਏਸ ਗੱਲ ਤੋਂ ਕੋਈ ਭਿਣਕ ਪੈਂਦੀ ਹੈ ਕਿ ਵੱਡੇ ਵਿਵਾਦ ਅਤੇ ਬਖੇੜੇ ਸਸਬਹੁ ਦੇ ਇਸ਼ਾਰੇ ਉੱਤੇ ਕੌਣ ਪੈਦਾ ਕਰ ਰਿਹਾ ਹੈ। ਸੁੱਤਿਆਂ ਨੂੰ ਤਾਂ ਕੁਈ ਜਗਾਏ, ਅੱਖਾਂ ਬੰਦ ਕਰ ਕੇ ਆਰਾਮ ਫ਼ਰਮਾ ਰਹੇ ਮਚਲਿਆਂ ਨੂੰ ਕੁਈ ਕੀ ਆਖੇ?

ਤਰਲੋਚਨ ਸਿੰਘ ਦਾ ਖਿਆਲ ਸੀ ਕਿ 19ਵੀ ਸਦੀ ਵਿੱਚ ਵੀ ਕਈ ਵੱਡੇ ਵਿਦਵਾਨ ਹੋਏ ਹਨ ਪਰ ਵਾਦ-ਵਿਵਾਦ ਕੋਈ ਨਹੀਂ ਪੈਦਾ ਹੋਇਆ। ਵੱਡੇ ਵਿਦਵਾਨਾਂ ਵਿੱਚ ਉਹਨਾਂ ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰੋ. ਤੇਜਾ ਸਿੰਘ ਆਦਿ ਨੂੰ ਵੀ ਗਿਣਿਆ। ਏਸ ਅੰਤਰ-ਦ੍ਰਿਸ਼ਟੀ ਵਿੱਚ ਏਨੇਂ ਦੋਸ਼ ਹਨ ਜਿੰਨੇ ਕਿ ਛਾਣਨੀ ਵਿੱਚ ਛੇਕ ਹੁੰਦੇ ਹਨ; ਕਾਲ-ਦੋਸ਼ ਵੀ ਹੈ। ਇਹ ਸਾਰੇ ਵਿਦਵਾਨ 20ਵੀ ਸਦੀ ਦੇ ਹਨ। ਮੱਤਭੇਦਾਂ ਦਾ ਵੇਰਵਾ ਇਹ ਹੈ:

ਵਿਆਹ ਹਵਨ-ਕੁੰਡ ਦੇ ਦੁਆਲੇ ਹੋਣ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ

ਸਿੱਖ ਹਿੰਦੂ ਹਨ ਕਿ ਨਹੀਂ

ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹੋਣਾ ਚਾਹੀਦਾ ਹੈ ਕਿ ਨਹੀਂ

ਦਰਬਾਰ ਸਾਹਿਬ ਵਿੱਚ ਬਿਜਲੀ ਲੱਗਣੀ ਚਾਹੀਦੀ ਹੈ ਜਾਂ ਨਹੀਂ

ਅੰਗ੍ਰੇਜ਼ਾਂ ਨੂੰ ਪੰਥ-ਹਿਤੈਸ਼ੀ ਜਾਣਨਾ ਹੈ ਕਿ ਨਹੀਂ

ਖ਼ਾਲਸਾ ਕੌਲਜ ਵਿੱਚ ਪ੍ਰਿੰਸ ਔਵ ਵੇਲਜ਼ ਆਵੇ ਜਾਂ ਨਾ ਆਵੇ

ਆਦਿ-ਆਦਿ ਅਨੇਕਾਂ ਵਿਵਾਦ ਸਨ।

ਇਹ ਠੀਕ ਹੈ ਕਿ ਇਹ ਵਿਵਾਦ ਬਹੁਤੇ ਉੱਭਰੇ ਨਹੀਂ। ਇਹ ਇਸ ਲਈ ਸੀ ਕਿਉਂਕਿ ਹਾਕਮ ਹੋਰ ਸਨ ਅਤੇ ਮੀਡੀਆ ਬਹੁਤ ਹੱਦ ਤੱਕ ਨਿਰਪੱਖ ਸੀ। ਵਿਰੋਧੀ ਮੀਡੀਆ ਸਹਿਮਤ ਮੀਡੀਆ ਨਾਲੋਂ ਬਹੁਤ ਜ਼ਿਆਦਾ ਤਾਕਤਵਰ ਨਹੀਂ ਸੀ ਅਤੇ ਸਿੱਖ ਵੀ ਬਹੁਤੇ ਜਾਗਰੂਕ ਨਹੀਂ ਸਨ। ਇਹ ਵੀ ਵਿਚਾਰਨਾ ਪਵੇਗਾ ਕਿ ਵਾਦ-ਵਿਵਾਦ ਸਦਾ ਮਾਰੂ ਹੀ ਹੁੰਦੇ ਹਨ ਜਾਂ ਕਦੇ ਉਸਾਰੂ ਵੀ? ਇਹ ਚੇਤੇ ਰੱਖਣਾ ਵੀ ਜ਼ਰੂਰੀ ਹੈ ਕਿ ਸਿੱਖੀ ਦਾ ਜਨਮ ਜਨੇਊ ਪਾਉਣ ਜਾਂ ਨਾ ਪਾਉਣ ਦੇ ਵਿਵਾਦ ਤੋਂ ਹੋਇਆ ਸੀ।

ਕੈਨੇਡਾ ਸਰਕਾਰ ਦੀ ‘‘ਅਤਿਅੰਤ ਖ਼ੁਫ਼ੀਆ” ਰਪਟ ਅਤੇ ਸਪਸ਼ਟ ਅਦਾਲਤੀ ਫ਼ੈਸਲੇ ਦੇ ਹੁੰਦਿਆਂ ਵੀ ਡੌਕਟਰ ਮਹੀਪ ਸਿੰਘ ਦਾ ਇਹ ਮੰਨਣ ਨੂੰ ਦਿਲ ਨਹੀਂ ਸੀ ਕਰਦਾ ਕਿ ਇਹ ਕਾਰਾ ਹਿੰਦ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਕਰਵਾਇਆ ਸੀ। ਕੋਲ ਬੁਲਾ ਕੇ ਮੈਨੂੰ ਆਖਣ ਲੱਗੇ ਕਿ ਇਹ ਮੰਨਣਯੋਗ ਨਹੀਂ। ਮੈਂ ‘‘ਅਤਿਅੰਤ ਖ਼ੁਫ਼ੀਆ” ਰਪਟ ਦਾ ਦੁਬਾਰਾ ਜ਼ਿਕਰ ਕੀਤਾ ਤਾਂ ਉਹਨਾਂ ਫ਼ੁਰਮਾਇਆ, ‘ਮੇਰਾ ਲੜਕਾ ਕੈਨੇਡਾ ਵਿੱਚ ਹੈ। ਮੈਂ ਏਸ ਗੱਲ ਦੀ ਤਸਦੀਕ ਕਰ ਲੈਂਦਾ ਹਾਂ।’ ਮੈਨੂੰ ਜਾਣਕਾਰੀ ਨਹੀਂ ਕਿ ਕੈਨੇਡਾ ਰਹਿਣ ਵਾਲਾ ਹਰ ਆਦਮੀ ਸਰਕਾਰ ਦੀਆਂ ਖ਼ੁਫ਼ੀਆ ਰਪਟਾਂ ਵੇਖ ਸਕਦਾ ਹੈ। ਹੋਰ ਕਿਸੇ ਮੁਲਕ ਵਿੱਚ ਅਜਿਹਾ ਕੁਈ ਦਸਤੂਰ ਜਾਂ ਅਮਲ ਨਹੀਂ। ਏਨੀਂ ਵੱਡੀ ਸਮਰੱਥਾ ਵਾਲੇ ਅਤੇ ਹਿੰਦ ਉੱਤੇ ਰਾਜ ਕਰਦੇ ਠੱਗਾਂ ਪ੍ਰਤੀ ਕੁਈ ਅਣਸੁਖਾਵੀਂ ਭਾਵਨਾ ਮਨ ਵਿੱਚ ਨਾ ਵਸਾਉਣ ਵਾਲੇ ਇਹ ਸੱਜਣ ਵੀ ਕਾਫ਼ੀ ਸਮੇਂ ਤੋਂ ਸਿੱਖ ਪੰਥ ਨੂੰ ਸੇਧ (ਸੋਧ) ਦੇਣ ਵਿੱਚ ਮਸ਼ਰੂਫ਼ ਹਨ।

ਮੈਂ ਤਾਂ ਦਿੱਲੀ ਕੁਈ ਸੇਧ ਪ੍ਰਾਪਤ ਕਰਨ ਲਈ ਗਿਆ ਸਾਂ। ਘੱਟੋ ਘੱਟ ਮੈਨੂੰ ਉਮੀਦ ਸੀ ਕਿ ਮੇਰੀ ਤੱਥਾਂ ਦੇ ਆਧਾਰ ਉੱਤੇ ਬਣਾਈ ਧਾਰਨਾ ਦੀ ਉਸਾਰੂ ਆਲੋਚਨਾ ਹੋਵੇਗੀ ਅਤੇ ਮੈਨੂੰ ਆਪਣੇ ਸੰਕਲਪ ਸੋਧਣ ਦਾ ਮੌਕਾ ਮਿਲੇਗਾ। ਪਰ ਜਦੋਂ ਮੈਂ ਵਾਪਸ ਆਉਣ ਲਈ ਗੱਡੀ ਵਿੱਚ ਬੈਠਾ ਤਾਂ ਮੇਰੀ ਚੇਤਨਾ ਏਸ ਮਿਲਣੀ ਦੇ ਸੰਦਰਭ ਵਿੱਚ ਭੋਰਾ ਭਰ ਵੀ ਤਿੱਖੀ ਨਹੀਂ ਸੀ ਜਾਪ ਰਹੀ। ਮਨ ਉੱਤੇ ਆਸ਼ਾ ਦੀ ਹੱਸਦੀ, ਚਾਨਣ ਵੰਡਦੀ ਬਦਲੀ ਦੀ ਥਾਂ ਲੈਣ ਲਈ ਨਿਰਾਸ਼ਾ ਦੀਆਂ ਘਟਾਵਾਂ ਉਮੜ ਰਹੀਆਂ ਸਨ।

ਉਹਨਾਂ ਨੂੰ ਵੀ ਕੀ ਦੋਸ਼ ਸੀ। ਜਿਸ ਕੌਮ ਦੇ ਰਹਿਨੁਮਾ ਸਮਝੇ ਜਾਂਦੇ, ਵੱਡੇ-ਵੱਡੇ ਤੁਰਲਿਆਂ ਵਾਲੇ, ਤਿੰਨ-ਤਿੰਨ ਅੱਖਾਂ ਵਾਲੇ, ਚੀਲ ਦੇ ਦਰਖ਼ਤਾਂ ਜਿੱਡੇ ਪਹਾੜਾਂ ਦੇ ਹਾਣ ਦੇ ਮਨੁੱਖ ਵੀ ਗ਼ੁਲਾਮੀ ਨੂੰ ਏਸ ਹੱਦ ਤੱਕ ਗਲ਼ ਲਗਾ ਚੁੱਕੇ ਹੋਣ ਕਿ ਸੱਚ-ਝੂਠ ਦੀ ਸ਼ਨਾਖ਼ਤ ਕਰਨਯੋਗ ਹੀ ਨਾ ਰਹੇ ਹੋਣ ਤਾਂ ਨਿਰਾਸ਼ਾ ਦੀਆਂ ਘਣਘੋਰ ਘਟਾਵਾਂ ਨੇ ਤਾਂ ਉਮੜ-ਉਮੜ ਆਉਣਾ ਹੀ ਸੀ। ਪੂਰਾ ਜ਼ੋਰ ਲਾ ਕੇ ਮੈਂ ਇਹਨਾਂ ਨੂੰ ਪਿਛਾਂਹ ਧੱਕਿਆ ਅਤੇ ਭਾਈ ਸੰਤੋਖ ਸਿੰਘ ਦੇ ਬਚਨਾਂ ਵਿੱਚੋਂ ਪੂਰਾ ਧਰਵਾਸ ਪਾਇਆ:‘‘ਅਬ ਆਨ ਕੀ ਆਸ ਨਿਰਾਸ ਭਈ ਸ੍ਰੀ ਕਲਗ਼ੀਧਰ ਬਾਸ ਕੀਆ ਮਨ ਮਾਹੀਂ।”