(ਗੁਰੂ ਨਾਨਕ ਸਟੱਡੀਜ਼ ਸੈਂਟਰ ਵੱਲੋਂ "ਗੁਰੂ ਨਾਨਕ ਸਾਹਿਬ ਦੀ ਆਧੁਨਿਕਤਾ ਨੂੰ ਦੇਣ" ਵਿਸ਼ੇ 'ਤੇ ੨੯ ਮਾਰਚ ੨੦੧੧ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਕਰਵਾਈ ਗਈ ਵਿਚਾਰ-ਗੋਸ਼ਟੀ ਵਿੱਚ ਪ੍ਰਧਾਨਗੀ ਭਾਸ਼ਣ ਦੇ ਤੌਰ ਉੱਤੇ ਪੜ੍ਹਿਆ ਗਿਆ ਪਰਚਾ)
ਗੁਰੂ ਨਾਨਕ (੧੪੬੯-੧੫੩੯) ਦਾ ਜੀਵਨ-ਕਾਲ ਕਈ ਪੱਖਾਂ ਤੋਂ ਮੱਧਕਾਲ ਅਤੇ ਆਧੁਨਿਕ ਕਾਲ ਨੂੰ ਨਿਖੇੜਨ ਵਾਲੀ ਇੱਕ ਚਾਨਣ-ਵੰਡਦੀ ਲੀਕ ਦਾ ਪ੍ਰਤੀਕ ਜਾਣਿਆ ਜਾ ਸਕਦਾ ਹੈ।ਅਜੋਕੇ ਸਮਿਆਂ ਦੇ ਮਨੁੱਖੀ ਸਰੋਕਾਰ, ਜਿਨ੍ਹਾਂ ਦੀ ਪਿੱਠ ਉੱਤੇ ਮੌਜੂਦਾ ਸਮਾਜਕ, ਆਰਥਕ ਅਤੇ ਸਿਆਸੀ ਢਾਂਚੇ ਉਸਰੇ ਹੋਏ ਹਨ, ਦੀਆਂ ਜੜ੍ਹਾਂ ਲੱਭਣ ਲਈ ਸਾਨੂੰ ਗੁਰੂ ਨਾਨਕ ਦੇ ਜੀਵਨ-ਕਾਲ ਤੱਕ ਪਹੁੰਚ ਕਰਨ ਦੀ ਲੋੜ ਪੈਂਦੀ ਹੈ।ਮਨੁੱਖ ਦਾ ਬੌਧਿਕ ਵਿਕਾਸ ਆਦਿ ਕਾਲ ਤੋਂ ਨਿਰੰਤਰ ਜਾਰੀ ਹੈ ਪਰ ਗੁਰੂ ਤੋਂ ਪਹਿਲਾਂ ਦੀਆਂ ਪ੍ਰਸਥਿਤੀਆਂ ਦੀ ਆਧੁਨਿਕ ਸਮਿਆਂ ਲਈ ਉਸਾਰੂ ਪ੍ਰਸੰਗਕਤਾ ਸਥਾਪਤ ਕਰਨਾ ਬਹੁਤਾ ਲਾਹੇਵੰਦ ਸਾਬਤ ਹੁੰਦਾ ਨਹੀਂ ਜਾਪਦਾ।ਅੱਜ ਦੀ ਮਨੁੱਖਤਾ ਨੂੰ ਟੁੰਬਣ ਵਾਲੇ ਅਤੇ ਆਪਣੇ ਗਰਭ ਵਿੱਚ ਮਨੁੱਖੀ ਵਿਕਾਸ ਦੀ ਚਰਮ-ਸੀਮਾ ਨੂੰ ਪਹੁੰਚਾਉਣ ਵਾਲੇ ਤੱਥਾਂ ਨੂੰ ਪਾਲ਼ ਰਹੇ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਨ ਲਈ ਸਾਨੂੰ ਗੁਰੂ ਵੱਲ ਹੀ ਪਰਤਣਾ ਪਵੇਗਾ।ਸਮੁੱਚੇ ਮਨੁੱਖੀ ਭਾਈਚਾਰੇ ਦੇ ਪਰਮ-ਸੁੱਖ ਦੀ ਤੀਬਰ ਚਾਹ ਲੈ ਕੇ ਜੋ "ਬਲਿਓ ਚਰਾਗੁ ਅੰਧ੩ਾਰ ਮਹਿ ੩" ਉਹ ਗੁਰੂ ਨਾਨਕ ਹੀ ਸੀ ਜਿਸ ਦੇ ਸਰਬ-ਸਾਂਝੇ 'ਨਾਮ-ਧਰਮ' ਨੇ ਮਨੁੱਖਤਾ ਨੂੰ ਆਪਣੇ-ਆਪ ਨੂੰ ਆਪਣੀ ਜੁੱਤੀ ਦੀ ਨੋਕ ਤੋਂ ਫੜ ਕੇ ਉੱਚਾ ਚੁੱਕਣ ਦਾ ਰਾਹ ਉਜਾਗਰ ਕੀਤਾ ("... ਸਭ ਕਲਿ ਉਧਰੀ ਇਕ ਨਾਮ ਧਰਮ॥"- ਗੁਰੂ ਗ੍ਰੰਥ, ੧੩੮੭)।
੨. ਮਨੁੱਖੀ ਜੀਵਨ ਦੀ ਨੁਹਾਰ, ਪ੍ਰਮਾਤਮਾ ਦੇ ਮਨੁੱਖੀ ਇਤਿਹਾਸ ਨਾਲ ਰਿਸ਼ਤੇ ਦੇ ਰਹੱਸ ਬਾਰੇ ਵਿਚਾਰਾਂ ਦੀ ਘਾਟ ਨਹੀਂ।ਜਾਪਦਾ ਹੈ ਕਿ ਮੁਕੰਮਲ ਰਹੱਸ ਨੂੰ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ ਜਾਣਿਆ ਅਤੇ ਪ੍ਰਚਾਰਿਆ।ਭਾਈ ਗੁਰਦਾਸ ਦਾ ਬਚਨ "ਪਹਿਲਾਂ ਬਾਬੇ ਪਾਯਾ ਬਖਸ਼ ਦਰ" ਏਸ ਸਥਿਤੀ ਵੱਲ ਇਸ਼ਾਰਾ ਕਰਦਾ ਹੈ।ਗੁਰੂ ਨੇ ਆਪਣੀ ਬਾਣੀ ਵਿੱਚ ਕਈ ਇਸ਼ਾਰੇ ਏਸ ਹਾਲਤ ਨੂੰ ਸਮਝਾਉਣ ਲਈ ਕੀਤੇ ਹਨ:"ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ॥"(ਗੁਰੂ ਗ੍ਰੰਥ, ੭੬੩)।ਏਸ ਬਚਨ ਵਿੱਚ ਉਹ ਨਿਰੋਲ ਪ੍ਰਮਾਤਮਾ ਦੇ ਹੁਕਮਾਂ ਦੀਆਂ ਸੀਮਾਵਾਂ ਅੰਦਰ ਰਹਿਣ ਦੇ ਆਪਣੇ ਨਿਸ਼ਚੇ ਨੂੰ ਵੀ ਦ੍ਰਿਢਾਉਂਦੇ ਹਨ।ਅਤਿਅੰਤ ਸ਼ੁਕਰਾਨੇ ਦੇ ਘਰ ਵਿੱਚ ਨਿਵਾਸ ਕਰਦੇ ਹੋਏ ਗੁਰੂ ਨੇ ਅਤਿ ਦੀ ਹਲੀਮੀ ਨਾਲ ਏਸ ਦਾਤ ਨੂੰ ਸਵੀਕਾਰ ਕੀਤਾ ਜਦੋਂ ਉਨ੍ਹਾਂ ਫੁਰਮਾਇਆ,"ਹਉ ਢਾਢੀ ਵੇਕਾਰੁ ਕਾਰੈ ਲਾਇਆ॥"(ਗੁਰੂ ਗ੍ਰੰਥ, ੧੫੦)।ਗੁਰੂ ਨਾਨਕ ਬਾਣੀ ਤੋਂ ਲੈ ਕੇ ਸਾਹਿਬ ਦਸਵੇਂ ਪਾਤਸ਼ਾਹ ਦੇ ਬਹਾਦਰ ਸ਼ਾਹ ਦੇ ਕਾਜ਼ੀ ਨਾਲ ਹੋਏ ਸੰਵਾਦ ਤੱਕ ਇਹ ਉਪਦੇਸ ਨਿਰੰਤਰ ਮਿਲਦੇ ਹਨ ਕਿ ਏਸ ਪਾਵੇ ਨੂੰ ਪ੍ਰਾਪਤ ਕਰਨ ਲਈ ਮਨੁੱਖ ਯਤਨ ਤਾਂ ਕਰ ਸਕਦਾ ਹੈ, ਵੱਡੀਆਂ ਕਠਨ ਘਾਲਣਾਵਾਂ ਵੀ ਘਾਲ ਸਕਦਾ ਹੈ ਪ੍ਰੰਤੂ ਇਹ ਯਕੀਨੀ ਨਹੀਂ ਬਣਾ ਸਕਦਾ ਕਿ ਉਨ੍ਹਾਂ ਦਾ ਨਤੀਜਾ ਪ੍ਰਮਾਤਮਾ ਦੇ ਦਰ ਉੱਤੇ ਅਜਿਹੀ ਪ੍ਰਵਾਨਗੀ ਅਤੇ ਬਖ਼ਸ਼ਿਸ਼ ਵਿੱਚ ਹੀ ਨਿਕਲੇਗਾ:"ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ॥" (ਗੁਰੂ ਗ੍ਰੰਥ, ੯੩੫)। ਜਿਨ੍ਹਾਂ ਨੇ ਭਾਰੀ ਤਪੱਸਿਆਵਾਂ ਕੀਤੀਆਂ, ਬਾਲਣ ਵਾਂਗ ਆਪਣੇ ਹੱਡ ਬਾਲੇ, ਚਿਲ਼ੇ ਕੱਟੇ ਅਤੇ ਇਹ ਪ੍ਰਾਪਤੀ ਨ ਕਰ ਸਕੇ ਉਨ੍ਹਾਂ ਵਿੱਚੋਂ ਇੱਕ ਸਨ ਨੀਮ-ਨਾਸਤਕ ਸੋਚ ਵਾਲੇ ਮਹਾਤਮਾ ਬੁੱਧ ਜੀ।ਅਨੇਕਾਂ ਕਸ਼ਟਾਂ, ਭੁੱਖਾਂ ਨੇ ਉਨ੍ਹਾਂ ਦੇ ਸਰੀਰ ਨੂੰ ਕੇਵਲ ਨਾਸ਼ ਹੋਣ ਦੇ ਕੰਢੇ ਹੀ ਲਿਆ ਖੜ੍ਹਾ ਕੀਤਾ।ਪ੍ਰਮਾਤਮਾ ਦੇ ਅਨੁਭਵ ਤੋਂ ਸੱਖਣੇ ਮਹਾਤਮਾ ਜੀ ਨੂੰ ਆਖ਼ਰ ਸੋਝੀ ਹੋਈ ਕਿ ਮਨੁੱਖ ਦੀ ਗਤੀ ਨੂੰ ਸਮਝਣ ਲਈ, ਜੀਵਨ ਦੇ ਪਰਮ-ਸੱਤ ਨੂੰ ਜਾਣਨ ਲਈ ਸਾਧਿਆ ਬੌਧਿਕ ਚਿੰਤਨ ਹੀ ਸਭ ਤੋਂ ਵੱਧ ਕਾਰਗਰ ਸਾਬਤ ਹੋ ਸਕਦਾ ਹੈ।ਭਾਈ ਸਾਹਿਬ ਕਹਿੰਦੇ ਜਾਪਦੇ ਹਨ ਕਿ ਗੁਰੂ ਨਾਨਕ ਨੇ ਪਹਿਲਾਂ ਆਪਣੀਅ ਮਨੋ-ਬਿਰਤੀਆਂ, ਮਨੋਵੇਗਾਂ ਨੂੰ ਸਾਕਾਰਾਤਮਕ ਲੀਹਾਂ ਉੱਤੇ ਤੋਰ ਕੇ ਆਪਣੇ-ਆਪ ਨੂੰ ਪਰਮ-ਸੱਚ ਨੂੰ ਜਾਣਨ ਦੇ ਵੱਧ ਤੋਂ ਵੱਧ ਕਾਬਲ ਬਣਾਇਆ।ਅੰਤ ਰੱਬੀ ਮਿਹਰ ਸਦਕਾ ਅਜਿਹੇ ਰੁਤਬੇ ਨੂੰ ਹਾਸਲ ਕੀਤਾ।ਗੁਰੂ ਨਾਨਕ ਦੇ ਫ਼ਲਸਫ਼ੇ ਵਿੱਚ ਪ੍ਰਮਾਤਮਾ ਦੇ ਹੁਕਮ ਅਤੇ ਮਿਹਰ ਨੂੰ ਸਾਰਥਕਤਾ ਦਾ ਮੂਲ ਜਾਣਨਾ ਮਨੁੱਖੀ ਕਲਿਆਣ ਦਾ ਅਮਿੱਟ ਧੁਰਾ ਬਣਿਆ।ਏਸ ਸਮੁੱਚੇ ਅਨੁਭਵ ਨੂੰ ਆਪਣੇ-ਆਪ ਵਿੱਚ ਬੌਧਿਕ ਅਤੇ ਪਰਾ-ਬੌਧਿਕ ਦਾ ਸਿਖ਼ਰ ਵੀ ਆਖ ਸਕਦੇ ਹਾਂ।ਏਹੋ ਗੁਰੂ ਨਾਨਕ ਦੀ ਆਧੁਨਿਕਤਾ ਨੂੰ ਪਹਿਲੀ ਦੇਣ ਸੀ।ਏਸ ਪਹਿਲੂ ਦੀ ਅਣਹੋਂਦ ਹੀ ਸ਼ਾਇਦ ਨਾਸਤਿਕਤਾ ਦੀ ਛੁਹ ਪ੍ਰਾਪਤ ਫ਼ਲਸਫ਼ੇ ਦੇ ਆਧਾਰ ਉੱਤੇ ਉਸਰੇ ਸੋਵੀਅਤ ਸਾਮਰਾਜ ਅਤੇ ਸਮਾਜ ਦੇ ਰੇਤ ਦੇ ਮਹਿਲ ਵਾਂਗ ਢਹਿ-ਢੇਰੀ ਹੋ ਜਾਣ ਦਾ ਮੂਲ ਕਾਰਣ ਹੈ।
੩. ਪਰਮ-ਸੱਤ ਦੀ ਗਤੀ ਅਤੇ ਉਸ ਦੇ ਹੁਕਮ ਅੰਦਰ ਰਹਿਣ ਦੀਆਂ ਸੀਮਾਵਾਂ ਨੂੰ ਜਾਣਨ ਤੋਂ ਬਾਅਦ ਗੁਰੂ ਨਾਨਕ ਨੇ ਸਾਰੇ ਜੱਗ ਦੀਆਂ ਸਮੱਸਿਆਵਾਂ ਦਾ ਜਾਤੀ ਅਨੁਭਵ ਕਰਨ ਲਈ ਇੱਕ ਵੱਡਾ ਹੰਭਲਾ ਮਾਰਿਆ ਜਿਸ ਨੂੰ ਭਾਈ ਗੁਰਦਾਸ 'ਪਿਛੋਂ ਦੇ ਫਿਰ ਘਾਲ ਕਮਾਈ' ਦੇ ਸ਼ਬਦਾਂ ਵਿੱਚ ਦੱਸਦੇ ਹਨ।ਏਸ ਮਹਾਂਯੱਗ, ਸੰਸਾਰ-ਮੰਥਨ ਦਾ ਵਿਸਥਾਰ ਨਾਲ ਕੀਤਾ ਯਤਨ ਜਨਮ ਸਾਖੀਆਂ ਵਿੱਚ ਮਿਲਦਾ ਹੈ ਜਿਸ ਨੂੰ ਨਾ ਸਮਝਣ ਦੀ ਹੈਂਕੜ ਨਾਲ ਜੂਝ ਰਹੇ ਕੁਝ ਪੱਛਮੀ ਵਿਦਵਾਨਾਂ ਨੇ ਏਸ ਵਰਤਾਰੇ ਨੂੰ 'ਇਤਿਹਸ ਦੀ ਜ਼ੱਦ ਤੋਂ ਬਾਹਰ' (ਹੳਗੋਿਗਰੳਪਹੇ) ਦੀ ਸੰਗਿਆ ਦਿੱਤੀ ਹੈ।ਇਨ੍ਹਾਂ ਘਾਲਣਾਵਾਂ ਦਾ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਭਰਪੂਰ ਜ਼ਿਕਰ ਮਿਲਦਾ ਹੈ।ਇਹ ਅਭਿਯਾਨ ਗੁਰੂ ਨਾਨਕ ਨੂੰ ਸਾਰੇ ਸੰਸਾਰ ਦੇ ਦੌਰੇ ਉੱਤੇ ਲੈ ਗਿਆ:'ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥' ਉਨ੍ਹਾਂ ਤੋਂ ਪਹਿਲਾਂ ਹੋਏ ਸਾਰੇ ਪੈਗੰਬਰਾਂ, ਅਵਤਾਰਾਂ ਨੇ ਰਲ ਕੇ ਏਨਾਂ ਭ੍ਰਮਣ ਮਨੁੱਖ-ਮਾਤਰ ਦੀਆਂ ਸਮੱਸਿਆਵਾਂ ਜਾਣਨ ਅਤੇ ਉਨ੍ਹਾਂ ਦਾ ਹੱਲ ਸੁਝਾਉਣ ਲਈ ਨਹੀਂ ਕੀਤਾ ਜਿੰਨਾਂ ਗੁਰੂ ਨਾਨਕ ਨੇ (ਚੜ੍ਹਿਆ ਸੋਧਨ ਧਰਤ ਲੁਕਾਈ - ਭਾਈ ਗੁਰਦਾਸ, ਵਾਰ ੧-੨੪-੮)।ਗੁਰੂ ਨੇ ਇੱਕ ਆਧੁਨਿਕ ਤੱਤ-ਵੇਤਾ ਵਿਗਿਆਨੀ ਅਥਵਾ ਸਮਾਜਕ ਖੋਜੀ ਦੀ ਰੀਤ ਚਲਾਈ।ਸੰਸਾਰ ਦੇ ਵੱਧ ਤੋਂ ਵੱਧ ਜਾਗਦੇ ਮਨੁੱਖਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸਮਾਧਾਨ ਲਈ ਆਪਣੇ ਸੁਝਾਅ ਪੇਸ਼ ਕੀਤੇ।ਵੱਡੇ-ਵੱਡੇ ਧਰਮ ਦੇ ਠੇਕੇਦਾਰਾਂ ਨਾਲ ਤੁਹਾਡੀਆਂ ਸੈਮੀਨਾਰਾਂ ਦੀ ਤਰਜ਼ ਉੱਤੇ ਗੋਸ਼ਟੀਆਂ ਰਚਾਈਆਂ ਅਤੇ ਲਾਹੇਵੰਦ ਨਿਸ਼ਕਰਸ਼ ਕੱਢਣ ਦੇ ਢੰਗ-ਤਰੀਕੇ ਈਜਾਦ ਕੀਤੇ।ਪੁਰਾਤਨ ਅਵਤਾਰਾਂ, ਪੈਗੰਬਰਾਂ ਦੀ ਇੱਕ-ਤਰਫ਼ੇ ਪ੍ਰਵਚਨ ਕਰਨ ਦੀ ਰੀਤ ਨੂੰ ਤਜ ਕੇ ਸੰਵਾਦ ("ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥"- ਗੁਰੂ ਗ੍ਰੰਥ, ੬੬੧) ਦੇ ਨਵੇਂ ਸਾਧਨ, ਮਿਆਰ ਅਤੇ ਹੱਦਾਂ-ਬੰਨੇ ਸਿਰਜੇ ("ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ॥"- ਗੁਰੂ ਗ੍ਰੰਥ, ੨੨)।ਵੱਧ ਤੋਂ ਵੱਧ ਆਮ ਲੋਕਾਂ ਨਾਲ ਸੰਪਰਕ ਕਰ ਕੇ ਨਵੇਂ ਨਿਆਰੇ ਢੰਗ-ਤਰੀਕਿਆਂ ਨਾਲ ਉਹਨਾਂ ਦੇ ਅੰਤਰ-ਮਨਾਂ ਤੱਕ ਪਹੁੰਚ ਕੀਤੀ ਜਿਵੇਂ ਕਿ ਅੱਜ ਦੀਆਂ ਸੰਚਾਰ ਪੱਧਤੀਆਂ ਕਰ ਰਹੀਆਂ ਹਨ।ਵਾਰਤਾਲਾਪ ਵਿੱਚ ਸੁਣਨ ਦੀ ਪ੍ਰਕਿਰਿਆ, ਕਹਿਣ ਅਤੇ ਮੰਨਣ ਦੇ ਮਹੱਤਵ ਦੀ ਵਿਸਥਾਰ ਨਾਲ ਵਿਆਖਿਆ ਕੀਤੀ।ਦੈਵੀ ਕਾਬਲੀਅਤ ਨਾਲ ਉਹਨਾਂ ਸੰਚਾਰ ਪੱਧਤੀ ਅਤੇ ਸਿੱਖਿਆ ਪ੍ਰਣਾਲੀ ਦੇ ਮੁੱਢਲੇ ਨੇਮਾਂ ਨੂੰ ਲਾਗੂ ਕੀਤਾ।ਇਸ ਦਾ ਵਿਸ਼ਲੇਸ਼ਣ ਕਰੀਏ ਤਾਂ ਜਾਣਾਂਗੇ ਕਿ ਉਹਨਾਂ ਦੇ ਭ੍ਰਮਣ ਨੇ ਹੈਰਾਨੀਜਨਕ ਹੱਦ ਤੱਕ ਅਚੇਤ ਮਨੁੱਖੀ-ਮਨਾਂ ਨੂੰ ਟੁੰਬਿਆ:"ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥"
੪. ਏਸੇ ਨਵੀਂ ਵਿਕਸਤ ਕੀਤੀ ਸੋਚ-ਪੱਧਤੀ ਦਾ ਇੱਕ ਅਹਿਮ ਅੰਗ ਸੀ ਲੋਕਾਂ ਦੀ ਆਪਣੀ ਬੋਲੀ ਨੂੰ ਫ਼ਲਸਫ਼ੇ, ਕੋਮਲ-ਕਲਾਵਾਂ, ਇਤਿਹਾਸ, ਸਾਹਿਤ, ਪ੍ਰਬੰਧਕੀ ਮਸਲਿਆਂ, ਤਕਨੀਕੀ ਬਾਰੀਕੀਆਂ ਆਦਿ ਨੂੰ ਬਿਆਨ ਕਰਨ ਦਾ ਇੱਕ ਵਧੀਆ ਜ਼ਰੀਆ ਬਣਾਉਣਾ।ਇਸ ਮਕਸਦ ਲਈ ਗੁਰੂ ਨੇ ਸਭ ਤੋਂ ਪੁਰਾਤਨ ਬੋਲੀ ਪੰਜਾਬੀ ਦੀ ਪਹਿਲਾਂ ਲਿਪੀ ਬਣਾਈ।ਲਿਪੀ ਵੀ ਐਸੀ ਕਿ ਹਰ ਕਿਸਮ ਦੀ ਆਵਾਜ਼ ਨੂੰ ਲਿਖਤ ਵਿੱਚ ਢਾਲਣ ਦੇ ਸਮਰੱਥ ਹੋਵੇ।ਉਹਨਾਂ ਆਪਣੇ ਗੂੜੇ "ਵੈਣੁ (ਬਚਨ) ਅਪਾਰੁ" ਵੀ ਏਸੇ ਬੋਲੀ ਵਿੱਚ ਏਹੋ ਲਿਪੀ ਵਰਤ ਕੇ ਲਿਖੇ। ਲਿਖਣ-ਪ੍ਰਬੰਧ ਇਸ ਪ੍ਰਕਾਰ ਦਾ ਕੀਤਾ ਕਿ ਨਾ ਓਸ ਵਿੱਚ ਅੱਖਰ, ਲਗ, ਮਾਤ੍ਰਾ ਦਾ ਵਾਧਾ ਕੀਤਾ ਜਾ ਸਕੇ ਨਾ ਘਾਟਾ।ਨਿਸਚੇ ਹੀ ਉਹਨਾਂ ਦੇ ਸਾਹਮਣੇ ਅਨੇਕਾਂ ਨਜ਼ੀਰਾਂ ਸਨ ਜੋ ਦੱਸਦੀਆਂ ਸਨ ਕਿ ਲਿਖਤਾਂ ਦਾ ਮੁਹਾਂਦਰਾ ਵਿਗਾੜਨ ਵਿੱਚ ਆਖੇਪਕਾਰਾਂ ਨੇ ਵੱਡੀਆਂ ਮੱਲਾਂ ਮਾਰੀਆਂ ਸਨ।ਮਹਾਤਮਾ ਬੁੱਧ ਦਾ ਇੱਕ ਵੀ ਪ੍ਰਵਚਨ ਉਸੇ ਰੂਪ ਵਿੱਚ ਨਹੀਂ ਮਿਲਦਾ ਜਿਸ ਰੂਪ ਵਿੱਚ ਉਹਨਾਂ ਕਦੇ ਉਚਾਰਿਆ ਹੋਵੇਗਾ।ਪੈਗੰਬਰਾਂ ਦੇ ਕਹੇ ਲਫ਼ਜ਼ ਦੀਵਾ ਲੈ ਕੇ ਭਾਲਿਆਂ ਵੀ ਅੰਜੀਲ ਵਿੱਚ ਨਹੀਂ ਲੱਭਦੇ।ਮਹਿਜ਼ ਅਠਾਰਾਂ ਸਲੋਕਾਂ ਤੋਂ ਵਧ ਕੇ ਸ੍ਰੀ ਮਦ ਭਗਵਤ ਗੀਤਾ ਅਠਾਰਾਂ ਅਧਿਆਇ ਬਣ ਚੁੱਕੀ ਹੈ।ਅਸੀਂ ਜਾਣਦੇ ਹਾਂ ਕਿ ਕਬੀਰ ਬੀਜਕ ਵਿੱਚ ਅਸਾਧਾਰਣ ਵਾਧਾ ਹੋਇਆ ਹੈ ਜਿਸ ਨੇ ਏਸ ਨੂੰ ਭੀਮਕਾਯ ਗ੍ਰੰਥ ਬਣਾ ਦਿੱਤਾ ਹੈ।ਨਾ ਜਾਣੇ ਕਿੰਨੇ ਮਹਾਂ-ਪੁਰਖਾਂ ਦੇ ਮਨੁੱਖਤਾ ਨੂੰ ਸੇਧ ਦੇਣ ਲਈ ਉਚਾਰੇ ਕੀਮਤੀ ਬੋਲ ਆਖੇਪਕਾਰਾਂ ਦੇ ਢਹੇ ਚੜ੍ਹ ਕੇ ਘੱਟੇ ਵਿੱਚ ਰੁਲ ਗਏ ਹੋਣਗੇ।ਇਹ ਕਹਿਣਾ ਵੀ ਸੰਭਵ ਨਹੀਂ ਕਿ ਕਿੰਨੇ ਹੀਰੇ, ਰਤਨ ਆਖੇਪਕਾਰਾਂ ਨੇ ਕੌਡੀਆਂ ਵਿੱਚ ਜੜ ਦਿੱਤੇ ਹੋਣਗੇ।ਗੁਰੂ ਨਾਨਕ ਮਹਾਂ-ਪਰੋਪਕਾਰੀ ਨੇ ਆਪਣੇ ਜਗਤ-ਕਲਿਆਣਕਾਰੀ ਬੋਲਾਂ ਨੂੰ ਸਾਂਭਣ ਦਾ ਅਜਿਹਾ ਨਿੱਗਰ ਉਪਰਾਲਾ ਕੀਤਾ ਕਿ ਅੱਜ ਵੀ ਉਹ ਸਾਨੂੰ ਉਸੇ ਰੂਪ ਵਿੱਚ ਓਹੋ ਨਿਰਮਲ ਆਭਾ ਪ੍ਰਸਾਰਦੇ ਨਜ਼ਰ ਆ ਰਹੇ ਹਨ।ਉਹਨਾਂ ਦਾ ਪੰਜਾਬੀ ਬੋਲੀ ਨੂੰ ਅਦੁੱਤੀ ਬਲ਼ ਬਖ਼ਸ਼ਣ ਦਾ ਕਾਰਨਾਮਾ ਇੰਨਾ ਮਹਾਨ ਹੈ ਕਿ ਉਹਨਾਂ ਨੂੰ ਹਰ ਆਉਣ ਵਾਲੇ ਯੁੱਗ ਦੇ ਹਾਣ ਦਾ ਸਥਾਪਤ ਕਰਨ ਲਈ ਕਾਫ਼ੀ ਹੈ।
੫. ਗੁਰੂ ਨੇ ਇੱਕ ਬੇਹੱਦ ਸਾਧੇ ਮਨ ਵਾਲੇ ਓਸ ਵਿਗਿਆਨੀ ਵਾਂਗ, ਜਿਹੜਾ ਆਪਣੇ ਪ੍ਰਬਲ ਮਨੋ-ਵੇਗਾਂ ਉੱਤੇ ਕਾਬੂ ਪਾ ਕੇ, ਖੰਡਿਤ ਬਿਰਤੀਆਂ ਨੂੰ ਇਕਾਗਰ ਕਰ ਕੇ ਆਪਣੀ ਸਾਧਨਾ ਦੇ ਕੇਂਦਰ ਉੱਤੇ ਆਪਣਾ ਧਿਆਨ ਟਿਕਾ ਕੇ 'ਜੋ ਵੇਖਿਦਾ ਸੋ ਆਖਦਾ' ਹੈ ਦੇ ਪ੍ਰਮਾਣ ਅਨੁਸਾਰ ਅਕਾਲ ਪੁਰਖ ਦੇ ਗੁਣਾਂ ਦਾ ਨਿਰੂਪਣ ਕੀਤਾ।ਏਸ ਵਿਰਾਟ ਵਿਧੀ ਰਾਹੀਂ ਉਹਨਾਂ ਨੇ ਅਕਾਲ ਪੁਰਖ ਨੂੰ 'ਆਦਿ ਤੋਂ ਸਥਾਪਤ, ਜੁਗਾਂ ਦੇ ਗੇੜਾਂ ਵਿੱਚ ਅਟੱਲ, ਹੁਣ ਭੀ ਸੱਚ ਅਤੇ ਸਦ-ਰਹਿਣਾ' ਮਨਮੋਹਣਾ ਸੱਤ-ਸਰੂਪ ਪਰਗਟ ਕੀਤਾ।ਆਪਣੀਆਂ ਮਹੱਤਵਾਕਾਂਖਿਆਵਾਂ ਲਈ ਸੂਈ ਦੇ ਨੱਕੇ ਜਿੰਨੀ ਵੀ ਥਾਂ ਨਾ ਰੱਖੀ।ਇਹ ਐਸਾ ਕਾਰਨਾਮਾ ਹੈ ਜੋ ਵੱਡੇ-ਵੱਡੇ ਵਲੀ, ਅਵਤਾਰ, ਪੈਗੰਬਰ ਵੀ ਨਾ ਕਰ ਸਕੇ; ਨਾ ਹੀ ਪਰਬਤਾਂ ਦੀਆਂ ਟੀਸੀਆਂ ਦੇ ਹਾਣ ਦੇ ਵਿਗਿਆਨੀ।ਆਪਣੇ ਵਿਚਾਰਾਂ ਦੀ ਮਹੱਤਤਾ ਸਥਾਪਤ ਕਰਨ ਲਈ ਕਈਆਂ ਨੇ ਪ੍ਰਮਾਤਮਾ ਤੋਂ ਬੇਕਾਬੂ ਬੁਰਾਈ ਦੇ ਸੰਕਲਪ ਨੂੰ ਸਿਰਜਿਆ।ਨਾਸਤਕ ਬੁੱਧ ਧਰਮ ਨੂੰ ਵੀ 'ਮਾੜੇ' ਦੇ ਸੰਕਲਪ ਦੀ ਲੋੜ ਭਾਸੀ।ਵਿਗਿਆਨੀਆਂ ਵੱਲ ਆਈਏ ਤਾਂ ਇਸ ਪ੍ਰਵਿਰਤੀ ਨੂੰ ਹੋਰ ਬਲਵਾਨ ਹੁੰਦਾ ਵੇਖਾਂਗੇ।ਇੱਕ ਪ੍ਰਮੁੱਖ ਵਿਗਿਆਨੀ ਨੇ ਆਪਣੇ ਵੱਡੇ ਸਹਿਯੋਗੀ ਨੂੰ ਪੱਤਰ ਲਿਖਿਆ ਕਿ ਮਨੁੱਖ ਤਾਂ ਅਜੇ ਵੀ ਆਪਣੇ ਦਿਮਾਗ਼ ਦਾ ਛੋਟਾ ਜਿਹਾ ਹਿੱਸਾ ਵਰਤ ਰਿਹਾ ਹੈ; ਅਸੀਂ ਇਸ ਦੇ ਬਾਂਦਰਾਂ ਤੋਂ ਵਿਕਾਸ ਕਰ ਕੇ ਏਥੇ ਪਹੁੰਚਣ ਨੂੰ ਏਸ ਤੱਥ ਤੋਂ ਨਿਖੇੜ ਕੇ ਕਿਵੇਂ ਠੁੰਮ੍ਹਣਾ ਦੇ ਸਕਦੇ ਹਾਂ? ਓਸ ਨੂੰ ਚੁੱਪ ਰਹਿਣ ਦੀ ਹਿਦਾਇਤ ਕਰਦਿਆਂ ਸੰਖੇਪ ਜਵਾਬ ਦਿੱਤਾ ਗਿਆ,'ਆਪਣੇ ਬੱਚੇ ਨੂੰ ਆਪੇ ਨਾ ਮਾਰੋ।' ਗੁਰੂ ਨਾਨਕ ਪਾਤਸ਼ਾਹ ਨੇ ਐਸਾ ਕੁਈ ਹਰਬਾ ਨਾ ਵਰਤਿਆ ਅਤੇ ਹਰ ਕਿਸਮ ਦੀ ਸੰਗ, ਭਰਮ, ਦੁਬਿਧਾ ਦਾ ਤਿਆਗ ਕਰ ਕੇ ਹਰ ਹਾਲ ਨਿਰੋਲ ਸੱਚ ਦਾ ਪੱਲਾ ਫੜੀ ਰੱਖਿਆ।ਇਹ ਏਨੀਂ ਵੱਡੀ ਗੱਲ ਹੈ ਕਿ ਚੋਟੀ ਦੇ ਸੰਸਾਰੀ ਮਨੁੱਖਾਂ ਨੂੰ ਇਸ ਪੱਧਰ ਤੱਕ ਪੁੱਜਣ ਲਈ ਅਜੇ ਸਦੀਆਂ ਲੱਗ ਜਾਣਗੀਆਂ।'ਏਸ ਪ੍ਰਸਤਾਵ ਵਿੱਚ ਮੇਰੇ ਲਈ ਕੀ ਹੈ?' ਉੱਤੇ ਨਿਰੰਤਰ ਕਾਂ-ਅੱਖ ਰੱਖਣ ਵਾਲੇ ਲੋਕ ਗੁਰੂ ਨਾਨਕ ਨੂੰ ਕਿਵੇਂ ਸਮਝਣਗੇ?
੬. ਮਾੜੇ, ਸੇਟਨ, ਸ਼ੈਤਾਨ ਦੇ ਸੰਕਲਪ ਨੂੰ ਗੁਰੂ ਨੇ ਸਿਧਾਂਤਹੀਣ ਅਤੇ ਆਪੇ ਪਛਾਣੇ ਸੱਚ ਦੇ ਵਿਪਰੀਤ ਪਾਇਆ। ਅਜਿਹੇ ਸੰਕਲਪ ਨੂੰ ਤਿਆਗਣ ਲਈ ਉਹ ਇੱਕ ਪਲ਼ ਵੀ ਨਾ ਝਿਜਕੇ ਹਾਲਾਂਕਿ ਏਸ ਦਾ ਸਹਾਰਾ ਲੈ ਕੇ ਅਨੇਕਾਂ ਮਹਾਂਪੁਰਖਾਂ (ਜਾਂ ਉਹਨਾਂ ਦੇ ਚੇਲਿਆਂ) ਨੇ ਆਪਣੀਆਂ ਝੋਲੀਆਂ ਫ਼ੋਕੇ 'ਯਸ਼' ਨਾਲ ਭਰੀਆਂ।ਭਾਈ ਗੁਰਦਾਸ ਨੇ ਏਸ ਸਥਿਤੀ ਦੀ ਵਿਆਖਿਆ ਕਰਦਿਆਂ ਕਿਹਾ ਹੈ,"ਹਉਮੈਂ ਅੰਦਰ ਸਭਕੋ ਡੁਬੇ ਗੁਰੂ ਸਣੇਂ ਬਹੁ ਚੇਲੇ॥" ਇਹ ਅੱਖਰ ਲਿਖਦਿਆਂ ਉਹਨਾਂ ਦੀ ਨਜ਼ਰ "ਜਤੀ, ਸਤੀ, ਸਾਧਿਕ, ਸਿਧ, ਨਾਥ, ਦੇਵੀਆਂ, ਦੇਵ, ਰਿਖੀਸਰ, ਭੈਰਉ, ਖੇਤਰਪਾਲ, ਗਣ, ਗੰਧਰਬ, ਅਪਸਰਾ, ਕਿਨਰ, ਰਾਖਸ਼" ਕਈ ਕੌਮਾਂ ਦੇ "ਪੀਰ ਪੈਕੰਬਰ" ਆਦਿ ਸਭ ਸਨ।ਆਪਣੇ ਮਹੱਤਵ ਨੂੰ ਸਥਾਪਤ ਕਰਨ ਤੋਂ ਗ਼ੁਰੇਜ਼ ਕਰ ਕੇ ਨਿਰੋਲ ਸੱਚ ਦੇ ਲੜ ਲੱਗੇ ਰਹਿਣਾ ਕੇਵਲ ਗੁਰੂ ਨਾਨਕ ਦੇ ਹਿੱਸੇ ਹੀ ਆਇਆ ਹੈ।ਤਾਂ ਹੀ ਤਾਂ ਕਥਾ ਚੱਲੀ ਸੀ ਪ੍ਰਮਾਤਮਾ ਨੂੰ ਰਿਝਾ ਕੇ ਇੱਕ ਪਾਈਆ ਗਰੀਬੀ (ਹਲੀਮੀ) ਦਾ ਦਾਨ ਮੰਗਣ ਵਾਲੇ ਸਾਧਕ ਦੀ।ਅਕਾਲ ਪੁਰਖ ਦਾ ਜਵਾਬ ਸੀ, 'ਇਹ ਨਹੀਂ ਹੋ ਸਕਦਾ; ਮੇਰੇ ਘਰ ਇਹ ਵਸਤ ਹੈ ਨਹੀਂ।ਕੁੱਲ ਗਰੀਬੀ ਇੱਕ ਸੇਰ ਸੀ;ਓਸ ਵਿੱਚੋਂ ਇਕੱਲਾ ਨਾਨਕ ਤਿੰਨ ਪਾ ਲੈ ਗਿਆ; ਅੱਧਾ ਪਾਈਆ ਸਾਰੇ ਸੰਸਾਰ ਵਿੱਚ ਵੰਡੀ ਹੋਈ ਹੈ।ਬਾਕੀ ਕੇਵਲ ਅੱਧਾ ਪਾ ਹੀ ਹੈ।'
੭. ਆਪਣੇ ਚੇਲੇ ਮੁੰਨਣ ਦੀ ਥਾਂਵੇਂ, ਆਪਣੇ ਵਾੜੇ ਵਿੱਚ ਭੇਡਾਂ ਇਕੱਠੀਆਂ ਕਰਨ ਦੀ ਬਜਾਏ ਜਗਤ-ਗੁਰੂ ਨਾਨਕ ਨੇ ਹਰ ਧਰਮ ਦੇ ਮਨੁੱਖ ਦੇ ਜੀਵਨ-ਮੁਕਤ ਹੋ ਕੇ, ਪ੍ਰਮਾਤਮਾ ਰੂਪ ਧਾਰ ਕੇ ਸੰਸਾਰ ਵਿੱਚ ਆਜ਼ਾਦੀ ਨਾਲ ਵਿਚਰਨ ਦਾ ਗਾਡੀ ਰਾਹ ਸਦਾ ਲਈ ਸਥਾਪਤ ਕੀਤਾ।ਮਰਨ ਤੋਂ ਬਾਅਦ ਮੁਕਤੀ ਦੇ ਭਰਮ ਨੂੰ ਤਿਆਗਿਆ, ਨਰਕ-ਸਵਰਗ ਦੇ ਲਾਰੇ ਤਿਆਗੇ ਅਤੇ ਪ੍ਰਮਾਤਮਾ ਦੇ ਗੁਣਾਂ ਨੂੰ ਸਹਿਜੇ-ਸਹਿਜੇ ਗ੍ਰਹਿਣ ਕਰਦਿਆਂ ਅਕਾਲ-ਰੂਪ ਹੋ ਸੰਸਾਰ ਉੱਤੇ ਜਿਊਣ ਦੀ ਜਾਚ ਦੱਸੀ।ਮੁਕਤੀ, ਨਿਰਵਾਣ ਜਾਂ ਪ੍ਰਮਾਤਮਾ ਦੀ ਪ੍ਰਾਪਤੀ, ਜੋ ਆਮ ਸਾਧਕਾਂ ਦੇ ਜੀਵਨ ਦਾ ਇੱਕੋ-ਇੱਕ ਨਿਸ਼ਾਨਾ ਹੈ, ਗੁਰੂ ਨਾਨਕ (ਜਿਸ ਨੇ 'ਪਹਿਲਾਂ ਬਖ਼ਸ਼ ਦਰ' ਪਾਇਆ ਸੀ- ਭਾਈ ਗੁਰਦਾਸ, ੧-੨੪-੧) ਨੂੰ ਗੁਰੂ ਮੰਨਣ ਵਾਲਿਆਂ ਲਈ ਇਹ ਅਧਿਆਤਮਕ ਜੀਵਨ ਦਾ ਪਹਿਲਾ ਕਦਮ ਹੈ।ਓਸ ਤੋਂ ਬਾਅਦ ਦਾ ਜੀਵਨ ਪ੍ਰਮਾਤਮਾ-ਰੂਪ ਹੋ ਕੇ ਸੰਸਾਰ ਦੇ ਭਲ਼ੇ ਹਿਤ, ਆਪਣੇ ਆਲੇ-ਦੁਆਲੇ ਨੂੰ ਸੰਭਾਲਦੇ-ਸੁਆਰਦੇ, ਆਪਣੀ ਘਾਲ-ਕਮਾਈ ਉੱਤੇ ਨਿਰਭਰ ਹੁੰਦਿਆਂ ਆਪਣੇ ਤੋਂ ਕਮਜ਼ੋਰਾਂ ਦੀ ਮਦਦ ਕਰਦੇ ਹੋਏ (ਘਾਲਿ ਖਾਇ ਕਿਛੁ ਹਥਹੁ ਦੇਇ॥- ਗੁਰੂ ਗ੍ਰੰਥ, ੧੨੪੫) ਗ੍ਰਹਿਸਥੀ ਜੀਵਨ ਜਿਊਣ ਦਾ ਹੀ ਗੁਰੂ ਦਾ ਉਪਦੇਸ਼ ਹੈ।ਆਧੁਨਿਕ ਸਮਿਆਂ ਵਿੱਚ ਹਰ ਉੱਤਮ ਨਿਸ਼ਠਾਵਾਨ ਮਨੁੱਖ, ਹਰ ਸੰਸਥਾ ਅਤੇ ਹਰ 'ਵੈਲਫ਼ੇਅਰ' ਰਾਜ ਆਪਣਾ ਏਹੋ ਨਿਸ਼ਾਨਾ ਜਾਣਦਾ ਹੈ।ਗੁਰੂ ਨਾਨਕ ਤੋਂ ਪਹਿਲਾਂ ਕਿਸੇ ਸਰਕਾਰ ਦਾ ਇਹ ਨਿਸ਼ਾਨਾ ਨਹੀਂ ਸੀ।'ਰਾਜੇ ਸੀਹ ਮੁਕਦਮ ਕੁਤੇ॥'(ਗੁਰੂ ਗ੍ਰੰਥ, ੧੨੮੮) ਦੀ ਪ੍ਰਵਿਰਤੀ ਪ੍ਰਧਾਨ ਸੀ।ਏਥੋਂ ਤੱਕ ਕਿ ਕਈ ਧਾਰਮਕ ਸੰਸਥਾਵਾਂ ਵੀ ਸਰਕਾਰ ਦੀ ਤਰਜ਼ ਉੱਤੇ ਲੋਕਾਂ ਦਾ ਸ਼ੋਸ਼ਣ ਕਰਦੀਆਂ ਸਨ।ਇਹ ਉਹਨਾਂ ਦੀਆਂ ਧਾਰਮਕ ਭਾਵਨਾਵਾਂ ਤੱਕ ਨੂੰ ਅਧਿਆਤਮਕ ਅਤੇ ਸਮਾਜਕ ਗ਼ਲਾਮੀ ਵਿੱਚ ਜਕੜਨ ਵੱਲ ਵਧਦੀਆਂ ਸਨ।ਯੂਰਪ ਵਿੱਚ ਰੋਮਨ ਕੈਥੋਲਿਕ ਚਰਚ ਤਕਰੀਬਨ ਰਾਜਿਆਂ ਜਿੰਨੀਆਂ ਜ਼ਮੀਨਾਂ ਉੱਤੇ ਕਾਬਜ ਸੀ ਅਤੇ ਉਸ ਦੇ ਮੁਜਾਰਿਆਂ ਦੀ ਹਾਲਤ ਸਰਕਾਰੀ ਮੁਜਾਰਿਆਂ ਨਾਲੋਂ ਬਦਤਰ ਸੀ।ਚਰਚ ਗ਼ੁਲਾਮ ਵੀ ਰੱਖਦਾ ਸੀ।ਹੋਰ ਨੇੜੇ ਆਈਏ ਤਾਂ ਅਮਰੀਕਨ ਸੰਵਿਧਾਨ ਵਿੱਚ ਅਜ਼ਾਦੀ ਦੇ ਸੋਹਲੇ ਗਾਉਣ ਵਾਲਾ ਅਮਰੀਕਾ ਦਾ ਪਹਿਲਾ ਸਦਰ ਜੌਰਜ ਵਸ਼ਿੰਗਟਨ ਵੀ ਆਪਣੇ ਖੇਤਾਂ ਵਿੱਚ ਗ਼ੁਲਾਮਾਂ ਦੀ ਮਦਦ ਨਾਲ ਖੇਤੀ ਕਰਦਾ ਸੀ।ਫ਼ਰਾਂਸ ਦੀ ਕ੍ਰਾਂਤੀ ਨਾਲ ਸਬੰਧਤ ਮਨੁੱਖੀ ਅਧਿਕਾਰਾਂ (੍ਰਗਿਹਟਸ ੋਡ ੰੳਨ) ਦਾ ਦਸਤਾਵੇਜ਼ ਵੀ ਗੁਰੂ ਨਾਨਕ ਤੋਂ ਢਾਈ ਸੌ ਸਾਲ ਬਾਅਦ ਲਿਖਿਆ ਗਿਆ।
੮. ਗੁਰੂ ਨਾਨਕ ਦੇ ਸਮੇਂ ਔਰਤ ਦਾ ਅਤਿ ਨੀਵਾਂ ਸਮਾਜਕ ਰੁਤਬਾ ਅਤੇ ਹੋ ਰਹੀ ਦੁਰਦਸ਼ਾ ਇਤਿਹਾਸ ਤੋਂ ਗੁੱਝੀ ਨਹੀਂ।ਜਗਤ-ਜਣਨੀ ਦੀ ਦੁਰਦਸ਼ਾ ਬਿਆਨ ਕਰਦੇ ਹਜ਼ਾਰਾਂ ਕਿੱਸੇ, ਵਰਣਨ, ਕਹਾਣੀਆਂ ਅਤੇ ਕਵਿਤਾਵਾਂ ਹਰ ਬੋਲੀ ਵਿੱਚ ਮਿਲਦੇ ਹਨ।ਇੱਕ ਹੈ ਜੋ ਚੰਦ ਲਫ਼ਜ਼ਾਂ ਵਿੱਚ ਸੰਸਾਰ ਦੇ ਇਤਿਹਾਸ ਦੇ ਸਭ ਤੋਂ ਹੌਲਨਾਕ ਦਰਦ ਨੂੰ ਬਿਆਨ ਕਰਦਾ ਹੈ:'ਅਬਲਾ! ਹਾਏ! ਤੇਰੀ ਯਹੀ ਕਹਾਨੀ, ਆਂਚਲ ਮੇਂ ਦੂਧ ਔਰ ਆਂਖੋਂ ਮੇਂ ਪਾਨੀ।' ਜੇ ਇਸ ਪ੍ਰਸਥਿਤੀ ਦੇ ਮੁੱਢ ਵੱਲ ਜਾਈਏ ਤਾਂ ਜਾਣਾਂਗੇ ਕਿ ਸੱਭਿਅਕ ਸਮਾਜ ਦਾ ਨਿਰਮਾਣ ਕਰਨ ਵਾਲੇ ਸਾਰੇ ਰਿਸ਼ੀਆਂ, ਮੁਨੀਆਂ, ਅਵਤਾਰਾਂ, ਪੈਗੰਬਰਾਂ ਨੇ ਅੰਤਮ ਸੱਚ ਨੂੰ ਪੁਰਸ਼ ਰੂਪ ਵਿੱਚ ਵੇਖਿਆ ਅਤੇ ਪ੍ਰਚਾਰਿਆ।ਮਰਦ ਪ੍ਰਧਾਨ ਸਮਾਜ ਦੀ ਨੀਂਹ ਏਸੇ ਭ੍ਰਾਂਤੀ ਉੱਤੇ ਰੱਖੀ ਗਈ।'ਨਾਸਤਕ ਧਰਮਾਂ' ਵੀ ਏਸ ਸਥਿਤੀ ਨੂੰ ਅਪਣਾ ਲਿਆ।ਮਹਾਂ ਪਰਿਨਿਰਵਾਣ ਦੇ ਸਮੇਂ ਘਾਹ ਦੇ ਬਿਸਤਰ ਉੱਤੇ ਲੇਟਿਆਂ ਨੂੰ ਪ੍ਰਮੁੱਖ ਚੇਲੇ ਆਨੰਦ ਨੇ ਬੇਨਤੀ ਕੀਤੀ,'ਮਹਾਂ ਮੁਨੀ, ਔਰਤ ਨੂੰ ਸੰਘ ਵਿੱਚ ਸ਼ਾਮਲ ਕਰਨ ਦੀ ਇਜਾਜ਼ਤ ਦਿਉ।' ਸ਼ਾਕਯ ਸਿੰਘ ਇੱਕ ਪਲ਼ ਚੁੱਪ ਰਹੇ; ਸਮੇਂ ਦੇ ਅੱਥਰੇ ਘੋੜੇ ਨੂੰ ਸਰਪਟ ਦੌੜਦਿਆਂ ਜਾਣ ਕੇ ਬੋਲੇ,'ਇਜਾਜ਼ਤ ਹੈ ਆਨੰਦ। ਪਰ ਜਿਸ ਧਰਮ ਨੇ ਹਜ਼ਾਰ ਸਾਲ ਰਹਿਣਾ ਸੀ, ਹੁਣ ਮਸਾਂ ਪੰਜ ਸੌ ਸਾਲ ਹੀ ਕੱਟੇਗਾ।' ਅੱਜ ਦਾ ਸੰਸਾਰ ਔਰਤ-ਮਰਦ ਬਰਾਬਰੀ ਪ੍ਰਵਾਨ ਕਰਨ ਵੱਲ ਵਧ ਰਿਹਾ ਹੈ।ਕਿਤੇ ਨਾ ਕਿਤੇ, ਏਸ ਨਵੇਂ ਵਿਚਾਰ ਦੀ ਜੜ੍ਹ ਵਿੱਚ ਗੁਰੂ ਨਾਨਕ ਦੇ ਉਹ ਮਹਾਂਵਾਕ ਹਨ ਜਿਨ੍ਹਾਂ ਨੂੰ ਉਹਨਾਂ ਨੇ ਸੱਚ ਦੇ ਜਲੌਅ ਵਿੱਚ ਖੜ੍ਹ ਕੇ ਉਚਾਰਿਆ ਸੀ: "ਸੁੰਨ ਮੰਡਲ ਇਕੁ ਜੋਗੀ ਬੈਸੇ॥ਨਾਰਿ ਨ ਪੁਰਖੁ ਕਹਹੁ ਕੋਊ ਕੈਸੇ॥"(ਧਨਾਸਰੀ ਮ:੧, ਗੁਰੂ ਗ੍ਰੰਥ, ੬੮੫)।ਮਾਰੂ ਰਾਗ ਵਿੱਚ ਆਪ ਨੇ ਫ਼ੁਰਮਾਇਆ ਸੀ:" ਆਪੇ ਪੁਰਖੁ ਆਪੇ ਹੀ ਨਾਰੀ॥" (ਗੁਰੂ ਗ੍ਰੰਥ, ਪੰਨਾ ੧੦੨੦)।ਇਹਨਾਂ ਲੀਹਾਂ ਉੱਤੇ ਚੱਲਦਿਆਂ ਉਹਨਾਂ ਵੱਲੋਂ ਸਦਾ "ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ" (ਭੈਰਉ ਮਹਲਾ ੫, ਗੁਰੂ ਗ੍ਰੰਥ, ੧੧੪੦) ਪ੍ਰਚਾਰਿਆ ਗਿਆ। ਗੁਰੂ ਨਾਨਕ ਨੇ ਪ੍ਰਮਾਤਮਾ ਨੂੰ ਲਿੰਗ-ਭੇਦ ਤੋਂ ਉਤਾਂਹ ਹੋ ਕੇ ਵੇਖਿਆ ਸੀ ਅਤੇ ਮਰਦ-ਪ੍ਰਧਾਨ ਸਮਾਜ ਦੀ ਰਤਾ ਕਾਣ ਨਾ ਰੱਖਦਿਆਂ ਉਵੇਂ ਹੀ ਪ੍ਰਗਟ ਕੀਤਾ।ਦੂਸਰਿਆਂ ਦੀਆਂ ਮਜਬੂਰੀਆਂ ਦੂਸਰੇ ਜਾਣਨ!
੯. ਜਿਸ ਤਰ੍ਹਾਂ ਦਾ ਸਰਬ-ਸਾਂਝਾ ਮਨੁੱਖੀ ਸਮਾਜ ਗੁਰੂ ਸਿਰਜਣਾ ਲੋਚਦੇ ਸਨ ਉਹ ਕੇਵਲ ਗਿਆਨ ਦੀ ਪੱਕੀ-ਪੀਢੀ ਨੀਂਹ ਉੱਤੇ ਹੀ ਉਸਾਰਿਆ ਜਾ ਸਕਦਾ ਸੀ। ਅਜੇ ਸੰਸਾਰ ਓਸ ਸੰਕਲਪ ਤੋਂ ਕੋਹਾਂ ਦੂਰ ਹੈ ਪਰ ਫ਼ੇਰ ਵੀ ਗਿਆਨ ਅੱਜ ਦੇ ਸੰਸਾਰ ਦਾ ਧੁਰਾ ਹੈ ਅਤੇ ਏਸ ਦਾ ਰਚੈਤਾ ਵੀ।ਅੱਜ ਅਗਿਆਨਤਾ ਏਨਾਂ ਵੱਡਾ ਕਲੰਕ ਹੈ ਜਿੰਨਾ ਵੱਡਾ ਇਹ ਪਹਿਲਾਂ ਕਦੇ ਵੀ ਨਹੀਂ ਸੀ।ਗੁਰੂ ਨੇ ਏਸ ਮਰਮ ਨੂੰ ਸਦੀਆਂ ਪਹਿਲਾਂ ਭਾਂਪ ਲਿਆ ਸੀ ("ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ॥"- ਗੁਰੂ ਗ੍ਰੰਥ, ੧੦੬੯)।ਗੁਰੂ ਗ੍ਰੰਥ ਵਿੱਚ ਦੋ ਵਾਰ ਆਏ ਇੱਕ ਸ਼ਬਦ ਵਿੱਚ ਆਪ ਆਖਦੇ ਹਨ,'ਮਨਾਂ ਦੇ ਅੰਨ੍ਹੇ ਲੋਕ ਅੰਨ੍ਹੇ ਖੂਹ ਵਾਂਗ ਖ਼ਤਰਨਾਕ ਹੁੰਦੇ ਹਨ।ਉਹਨਾਂ ਦੀ ਸਮਝ ਪੁੱਠੇ ਕਮਲ ਵਾਂਗ ਸੱਖਣੀ ਰਹਿੰਦੀ ਹੈ।ਉਹ ਨਾ ਸ਼ਬਦਾਂ ਦਾ ਭੇਦ ਜਾਣਨ, ਨਾ ਉੱਤਮ ਰੀਤਾਂ ਪਛਾਣਨ।ਉਹ ਨਿਰੇ ਕਰੂਪ ਦਿੱਸ ਆਉਂਦੇ ਹਨ।ਨਾ ਉਹ ਨਾਦ ਦੀ ਸੁੱਧ ਰੱਖਦੇ ਹਨ, ਨਾ ਬੌਧਿਕ ਪ੍ਰਵਿਰਤੀ, ਨਾ ਰਸਾਂ ਦੀ ਵਾਕਫ਼ੀਅਤ।ਪਸ਼ੂ ਪ੍ਰਵਿਰਤੀਆਂ ਨੂੰ ਪਾਲਦੇ ਇਹ ਲੋਕ ਅਸਲ ਖੋਤੇ ਹਨ ਜੋ ਗੁਣਹੀਣਤਾ ਉੱਤੇ ਗਰਬ ਕਰਦੇ ਹਨ।'
੧੦. ਆਪ ਨੇ ਅੰਧਵਿਸ਼ਵਾਸ, ਮਾਨਸਿਕ ਡਰ, ਭੈ, ਭਰਮ, ਬੇਲੋੜੀ ਸ਼ਰਧਾ ਦੀ ਜਕੜ ਅਤੇ ਨਰਕ-ਸਵਰਗ ਦੇ ਛਲਾਵਿਆਂ ਆਦਿ ਨੂੰ ਆਪਣੇ ਮਤ ਦੇ ਅਨੁਯਾਈ ਬਣਾਉਣ ਲਈ ਨਹੀਂ ਵਰਤਿਆ ਹਾਲਾਂਕਿ ਓਦੋਂ ਇਹ ਬੜਾ ਸੌਖਾ ਤਰੀਕਾ ਸੀ। ਅਨੇਕਾਂ ਫ਼ਰੇਬੀ ਸੰਤਾਂ, ਡੇਰੇਦਾਰਾਂ, ਬਹਿਰੂਪੀਆਂ, ਪਾਖੰਡੀਆਂ ਦੇ ਚੇਲਿਆਂ ਦੀ ਭਰਮਾਰ ਦੱਸਦੀ ਹੈ ਕਿ ਇਹ ਹਰਬੇ ਅੱਜ ਵੀ ਓਨੇਂ ਹੀ ਕਾਰਗਰ ਹਨ।ਮੁਕਾਬਲੇ ਵਿੱਚ ਆਪ ਦਾ ਪ੍ਰਚਾਰ ਹੈ," ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ ਅਕਲੀ ਪੜਿ ੨ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥"(ਗੁਰੂ ਗ੍ਰੰਥ, ਪੰਨਾ ੧੨੪੫)।
੧੧. ਅਜਿਹੇ ਮੱਤ ਵੀ ਹਨ ਜੋ ਨਿਰੋਲ ਕਰਾਮਾਤਾਂ ਉੱਤੇ ਆਧਾਰਤ ਹਨ।ਧਰਮ ਪੁਸਤਕਾਂ ਵਿੱਚ ਲਿਖੇ ਅਜਿਹੇ ਬਿਆਨ ਵੀ ਹਨ ਕਿ ਫ਼ਲਾਨੀਆਂ-ਫ਼ਲਾਨੀਆਂ ਕਰਾਮਾਤਾਂ ਨਹੀਂ ਵਾਪਰੀਆਂ ਤਾਂ ਸਾਡਾ ਯਕੀਨ, ਇਮਾਨ ਵਿਅਰਥ ਹੈ।ਜਦੋਂ ਨਾਨਕ ਨੇ ਜੋਗੀਆਂ ਸਾਹਮਣੇ ਆਪਣੇ ਜਗਤ ਉਧਾਰ ਦਾ ਮਨਸੂਬਾ ਰੱਖਿਆ ਤਾਂ ਜੋਗੀਆਂ ਨੇ ਏਸ ਨੂੰ ਮੋਮ ਦੇ ਦੰਦਾਂ ਨਾਲ ਲੋਹਾ ਖਾਣ ਤੁਲ ਜਾਣ ਕੇ ਪੁੱਛਿਆ ਕਿ ਕਿਹੜੀ ਕਰਾਮਾਤ ਹੈ ਤੇਰੇ ਕੋਲ ਜਿਸ ਰਾਹੀਂ ਏਸ ਮਨਸੂਬੇ ਨੂੰ ਹਕੀਕਤ ਵਿੱਚ ਤਬਦੀਲ ਕਰੇਂਗਾ? ਆਪ ਦਾ ਜੁਆਬ ਸੀ,'ਸਾਧ ਸੰਗਤ ਅਤੇ ਸੱਚੇ ਨਾਮ ਬਿਨਾ ਮੇਰੇ ਕੋਲ ਕੋਈ ਕਰਾਮਾਤ ਨਹੀਂ।' ਇਹਨਾਂ ਲਫ਼ਜ਼ਾਂ ਨਾਲ ਉਹਨਾਂ ਨੇ 'ਨਿਆਂ ਆਧਾਰਤ ਲੋਕ-ਰਾਜ' ਨੂੰ ਪਰਿਵਰਤਨ ਦਾ ਵੱਡਾ ਜ਼ਰੀਆ ਸੰਸਾਰ ਦੇ ਤਖ਼ਤੇ ਉੱਤੇ ਪਹਿਲੀ ਵਾਰ ਪ੍ਰਗਟ ਕੀਤਾ ਜਿਸ ਤੋਂ ਬਿਨਾ ਅੱਜ-ਕੱਲ੍ਹ ਰਾਜ-ਪ੍ਰਬੰਧ ਦਾ ਤਸੱਵਰ ਕਰਨਾ ਵੀ ਅਸੰਭਵ ਹੈ।ਗਿਆਨਵਾਨ ਲੋਕ ਹੀ ਲੋਕਤੰਤਰ ਦਾ ਆਧਾਰ ਹੋ ਸਕਦੇ ਹਨ।ਗਿਆਨ ਨੂੰ ਆਪ ਨੇ ਸਦੀਵੀ ਪਵਿੱਤਰਤਾ ਦਾ ਸੋਮਾ ਦੱਸਿਆ:"ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ॥" (ਗੁਰੂ ਗ੍ਰੰਥ, ੬੩੭)
੧੨. ਉਪਰੋਕਤ ਅੰਧਵਿਸ਼ਵਾਸ ਦਾ ਇੱਕ ਪਹਿਲੂ ਲੋਕਾਂ ਨੂੰ ਇਹ ਆਖ ਕੇ ਵਰਗਲਾਉਂਦਾ ਹੈ ਕਿ 'ਤੁਹਾਨੂੰ ਕਿਸੇ ਹੋਰ ਤਰੱਦਦ ਦੀ ਲੋੜ ਨਹੀਂ; ਤੁਸੀਂ ਸਿਰਫ਼ ਫ਼ਲਾਨੇ ਪੈਗੰਬਰ ਵਿੱਚ ਯਕੀਨ ਹੋਣ ਸਦਕਾ ਹੀ ਸਵਰਗ ਵਿੱਚ ਪਹੁੰਚ ਜਾਉਗੇ।' ਇਹ ਵਹਿਮ ਅਨੇਕਾਂ ਸਾਮੀ ਅਤੇ ਹਿੰਦੀ ਧਰਮਾਂ ਵਿੱਚ ਪ੍ਰਚੱਲਤ ਹੈ।ਗੁਰੂ ਨਾਨਕ ਨੇ ਏਸ ਪਹੁੰਚ ਨੂੰ ਮੁੱਢੋਂ ਰੱਦ ਕੀਤਾ।ਮੱਕੇ ਵਿੱਚ ਹਾਜੀਆਂ ਨੇ ਪੁੱਛਿਆ ਕਿ ਹਿੰਦੂ ਮੱਤ ਚੰਗਾ ਹੈ ਜਾਂ ਮੁਸਲਮਾਨ ਮੱਤ? ਗੁਰੂ ਦਾ ਜੁਆਬ ਸੀ 'ਸ਼ੁਭ ਅਮਲਾਂ ਦਾ ਮੱਤ ਸਭ ਤੋਂ ਸ੍ਰੇਸ਼ਠ ਹੈ' ("ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥"- ਗੁਰੂ ਗ੍ਰੰਥ, ੧੪੧)।ਇਹ ਸੋਚ ਅਤੇ ਪਹੁੰਚ ਏਨੀਂ ਸਾਰਥਕ ਹੈ ਕਿ ਅਜੇ ਉਹ ਜ਼ਮਾਨਾ ਨਹੀਂ ਆਇਆ ਜੋ ਏਸ ਨੂੰ ਅਪਣਾ ਕੇ ਆਪਣੇ-ਆਪ ਨੂੰ ਆਧੁਨਿਕਤਾ ਦੇ ਹਾਣ ਦਾ ਪ੍ਰਮਾਣਤ ਕਰ ਸਕੇ।
੧੩. ਗੁਰੂ ਨਾਨਕ ਦੇ ਉਪਦੇਸ਼ ਦਾ ਅੰਤਮ ਫਲ਼ ਹੈ ਕੁਲ਼ਨਾਸ਼, ਧਰਮਨਾਸ਼, ਕਰਮਨਾਸ਼, ਭਰਮਨਾਸ਼ ਖ਼ਾਲਸਾ ਜਿਸ ਨੇ ਗੁਰੂ ਪਾਸ ਪ੍ਰਾਪਤ ਅੰਮ੍ਰਿਤ ਨੂੰ ਲੱਭ ਲਿਆ ਅਤੇ ਮਨੁੱਖਾ ਜੀਵਨ ਦਾ ਅਧਿਆਤਮਕ ਟੀਚਾ ਸਰ ਕੀਤਾ ("ਜਿਸ ਜਲ ਨਿਧਿ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਉ॥ਛੋਡਉ ਵੇਸ ਭੇਖ ਚਤੁਰਾਈ ਦੁਬਿਧਾ ਇਹੁ ਫਲ ਨਾਹੀ ਜੀਉ॥" - ਗੁਰੂ ਗ੍ਰੰਥ, ੫੯੮)।ਇਹ ਨਵਾਂ ਮਨੁੱਖ ਏਨਾਂ ਸਬਲ਼ ਹੋ ਨਿੱਬੜਿਆ ਕਿ ਏਸ ਨੇ ਅੱਠ ਨੌ ਸਦੀਆਂ ਦੀ ਗ਼ੁਲਾਮੀ ਨੂੰ ਸੱਪ ਦੀ ਕੁੰਜ ਵਾਂਗ ਲਾਹ ਕੇ ਵਗਾਹ ਮਾਰਿਆ।ਇਉਂ ਏਸ ਨੇ ਮੋਮ ਦੇ ਦੰਦਾਂ ਨਾਲ ਲੋਹਾ ਚੱਬਿਆ।ਏਸ ਨੇ ਮੁਕਤੀ ਪ੍ਰਾਪਤ ਕਰ ਕੇ ਲੋਕ-ਸੇਵਾ ਨੂੰ ਆਪਣਾ ਆਦਰਸ਼ ਬਣਾਇਆ ਅਤੇ ਏਸ ਨੂੰ ਅਧਿਆਤਮਕ ਤਰੱਕੀ ਜਾਣਿਆ।ਗੁਰੂ ਨਾਨਕ ਨੇ ਦੱਸਿਆ ਕਿ ਹਰ ਸਮਾਜ ਅਜਿਹੇ ਮਨੁੱਖ ਸੰਗਠਿਤ ਕਰ ਕੇ ਸਦੀਵੀ ਸੁਖ-ਚੈਨ ਦਾ ਰਾਹ ਉਲੀਕ ਸਕਦਾ ਹੈ।ਤਾਂ ਹੀ ਆਪ 'ਜਗਤ ਗੁਰੂ' ਅਕਵਾਏ (ਜਗਤ ਗੁਰੂ ਗੁਰ ਨਾਨਕ ਦੇਉ॥- ਭਾਈ ਗੁਰਦਾਸ, ੨੪-੨-੭)
੧੪. ਮਨੁੱਖਤਾ ਨੂੰ ਏਥੇ ਪਹੁੰਚਾਉਣ ਲਈ ਗੁਰੂ ਨੇ ਇੱਕ ਪ੍ਰੌਢ ਮਨੋਵਿਗਿਆਨੀ ਵਾਂਗ ਕੰਮ ਕੀਤਾ।ਸਭ ਤੋਂ ਪਹਿਲਾਂ ਆਪ ਨੇ ਕੇਵਲ ਪ੍ਰਮਾਤਮਾ ਨੂੰ 'ਸੱਚਾ ਪਾਤਸ਼ਾਹ' ਜਾਣਿਆ ("ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ॥"- ਗੁਰੂ ਗ੍ਰੰਥ, ੧੪੨)।ਉਹਨਾਂ ਪ੍ਰੇਰਨਾ ਦਿੱਤੀ ਕਿ "ਪਹਿਲਾ ਮਰਣੁ ਕਬੂਲਿ" ਕੇ "ਸਿਰੁ ਧਰਿ ਤਲੀ ਗਲੀ ਮੇਰੀ ਆਉ॥" (ਗੁਰੂ ਗ੍ਰੰਥ, ੧੪੧੨) ਅਤੇ ਏਸ ਪ੍ਰਕਿਰਿਆ ਨੂੰ ਪ੍ਰਮਾਤਮਾ ਨੂੰ ਪਿਆਰ ਕਰਨ ਦੀ ਚਰਮ-ਸੀਮਾ ਦੱਸਿਆ:" ਜਉ ਤਉ ਪ੍ਰੇਮ ਖੇਲਣ ਕਾ ਚਾਉ॥੩" (ਗੁਰੂ ਗ੍ਰੰਥ, ੧੪੧੨)।ਨਿਰਭਉ ਵਿੱਚ ਸਮਾ ਕੇ ਪਹਿਲਾਂ ਮੌਤ ਕਬੂਲ ਕਰ ਚੁੱਕਿਆ ਮਨੁੱਖ ਗੁਰੋਪਦੇਸ਼ ਨੇ ਏਨਾਂ ਸਬਲ਼ ਬਣਾ ਦਿੱਤਾ ਕਿ ਉਹ 'ਸੂਰਮਾ' ਬਣ ਕੇ "ਗੋਸਾਈ ਦਾ ਪਹਿਲਵਾਨੜਾ" (ਗੁਰੂ ਗ੍ਰੰਥ, ੭੪) ਬਣ ਕੇ ਨਿਡਰ ਹੋ ਗਿਆ ("ਮੂਏ ਕਉ ਕਹੁ ਮਾਰੇ ਕਉਨੁ॥ ਨਿਡਰੇ ਕਉ ਕੈਸਾ ਡਰੁ ਕਵਨੁ॥"- ਰਾਗ ਗਉੜੀ, ਮ:੧, ਗੁਰੂ ਗ੍ਰੰਥ, ੨੨੧) ਅਤੇ ਨਿਹੱਥੇ, ਨਿਮਾਣੇ, ਨਪੀੜੇ, ਲਿਤਾੜੇ ਲੋਕਾਂ ਦੇ ਪ੍ਰਮਾਤਮਾ ਵੱਲੋਂ ਬਖ਼ਸ਼ੇ ਹੱਕਾਂ ਨੂੰ ਮਹਿਫ਼ੂਜ਼ ਰੱਖਣ ਲਈ ਨਿਰੰਤਰ ਜੂਝਿਆ।ਕਬੀਰ ਜੀ ਦੇ ਸੁਪਨੇ ਨੂੰ ਓਸ ਨੇ ਸੱਚ ਕਰ ਵਿਖਾਇਆ:"ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥" (ਗੁਰੂ ਗ੍ਰੰਥ, ੧੧੦੫)। ਮੈਦਾਨੇ ਜੰਗ ਦੇ ਜੋ ਨੇਮ ਓਸ ਨੇ ਆਪਣੇ-ਆਪ ਲਈ ਸਿਰਜੇ ਉਹ ਸਾਰੇ ਸੰਸਾਰ ਦੇ ਜੰਗੀ ਨੇਮਾਂ ਤੋਂ ਵਿਲੱਖਣ ਸਨ।ਉਹ ਮਾਨਵ-ਪ੍ਰੇਮ, ਇਸਤਰੀ-ਸਤਿਕਾਰ, ਭਰਾਤਰੀ-ਭਾਵ ਅਤੇ ਸਾਊਪੁਣੇ ਨਾਲ ਏਨੇਂ ਓਤ-ਪੋਤ ਹਨ ਕਿ ਸਿਪਾਹੀ ਨੂੰ ਇੱਕ ਪਰਮ-ਸਾਧਕ ਨਾਲੋਂ ਨਿਖੇੜਨਾ ਅਸੰਭਵ ਹੋ ਜਾਂਦਾ ਹੈ।ਸੰਤ-ਸਿਪਾਹੀ ਦਾ ਇਹ ਸੰਕਲਪ ਮਨੁੱਖੀ ਬਿਹਤਰੀ ਦਾ ਜਾਮਨ ਬਣਾ ਕੇ, ਮਨੁੱਖੀ ਅਧਿਆਤਮਕ ਵਿਕਾਸ ਦੀ ਚਰਮ-ਸੀਮਾ ਦੇ ਆਦਰਸ਼ ਵਜੋਂ ਘੜ ਕੇ ਗੁਰੂ ਨੇ ਮਾਨਵਤਾ ਨੂੰ ਤੋਹਫ਼ੇ ਦੇ ਤੌਰ ਉੱਤੇ ਪਰੋਸਿਆ।ਐਸਾ ਪੁਖ਼ਤਾ ਪ੍ਰਬੰਧ ਦਇਆ-ਨਿਧਾਨ ਨੇ ਕੀਤਾ ਕਿ ਜਦੋਂ ਵੀ ਮਨੁੱਖਤਾ ਏਸ ਨੂੰ ਅਪਣਾ ਲਵੇਗੀ ਓਸ ਦੇ ਸਾਰੇ ਦੁੱਖ-ਦਰਦ, ਕਲਹ-ਕਲੇਸ਼ ਓਸ ਨਾਲੋਂ ਤੁਰੰਤ ਝੜ ਜਾਣਗੇ।ਮਨੁੱਖਤਾ ਨੇ ਗੁਰੂ ਨਾਨਕ ਦੇ ਏਸ ਆਦਰਸ਼ ਦੇ ਹਾਣ ਦਾ ਹੋ ਕੇ ਅਜੇ ਉੱਭਰਨਾ ਹੈ।
੧੫. ਪਹਿਲੇ ਸਮਿਆਂ ਵਿੱਚ ਪੁਜਾਰੀਵਾਦ ਦੇ ਫ਼ੈਲਾਏ ਆਤੰਕ ਅਤੇ ਸ਼ੋਸ਼ਣ ਨੇ ਗੁਰੂ ਨਾਨਕ ਦਾ ਧਿਆਨ ਆਪਣੇ ਵੱਲ ਖਿੱਚਿਆ।ਉਹਨਾਂ ਵੇਖਿਆ ਕਿ ਸਾਰੇ ਜਗਤ ਨੂੰ ਕੋਹਣ ਦਾ ਕਰਮ ਕਰਨ ਵਾਲੇ ਮੱਥੇ ਟਿੱਕੇ ਲਾ ਕੇ ਪੁਜਾਰੀ ਬਣੇ ਹੋਏ ਹਨ:"ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥" (ਗੁਰੂ ਗ੍ਰੰਥ, ੪੭੧-੪੭੨)। ਧਨਾਸਰੀ ਰਾਗ ਵਿੱਚ ਆਪ ਨੇ ਫ਼ੁਰਮਾਇਆ ਕਿ ਕਾਜ਼ੀ, ਬ੍ਰਾਹਮਣ ਅਤੇ ਜੋਗੀ ਸਾਰੇ ਮਨੁੱਖਤਾ ਦੇ ਉਜਾੜੇ ਦਾ ਪੱਕਾ ਬੰਦੋਬਸਤ ਹਨ:"ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥"(ਗੁਰੂ ਗ੍ਰੰਥ, ੬੬੨)। ਮਨੁੱਖ ਅਤੇ ਪ੍ਰਮਾਤਮਾ ਦੇ ਵਿਚਾਲੇ ਆਪੇ ਬਣੇ ਵਿਚੋਲਿਆਂ ਦੀਆਂ ਖ਼ਤਰਨਾਕ ਕਰਤੂਤਾਂ ਨੂੰ ਗੁਰੂ ਨੇ ਨਸ਼ਰ ਕੀਤਾ ਅਤੇ ਨਕਾਰਿਆ।ਬਾਬਰਵਾਣੀ ਵਾਲੇ ਸ਼ਬਦ ਵਿੱਚ ਉਹਨਾਂ ਇਹਨਾਂ ਲੋਕਾਂ ਨੂੰ ਘੋਰ ਅੰਧ-ਵਿਸ਼ਵਾਸ ਫ਼ੈਲਾਉਣ ਦੇ ਵੱਡੇ ਸੋਮੇ ਬਣੇ ਵੇਖਿਆ।ਇਹਨਾਂ ਨੂੰ ਕਲਾਮ ਪੜ੍ਹ ਕੇ ਦੁਸ਼ਮਣ ਫ਼ੌਜਾਂ ਨੂੰ ਅੰਨ੍ਹਿਆਂ ਕਰਨ ਦੇ ਦਾਅਵੇ ਕਰਦਿਆਂ ਵੇਖਿਆ।ਅਜਿਹੇ ਦਾਅਵੇ ਕਦੇ ਸੋਮਨਾਥ ਦੇ ਪੁਜਾਰੀਆਂ ਨੇ ਕਰ ਕੇ ਹਿੰਦੁਸਤਾਨ ਦੀ ਸਦੀਆਂ ਦੀ ਗ਼ੁਲਾਮੀ ਦਾ ਮੁੱਢ ਬੰਨ੍ਹਿਆ ਸੀ।ਯਕੀਨਨ ਗੁਰੂ ਦੇ ਧਿਆਨ ਵਿੱਚ ਕਰੂਸੇਡ (ਚਰੁਸੳਦੲਸ) ਵੀ ਸਨ ਜਿਨ੍ਹਾਂ ਨੂੰ ਛੇੜ ਕੇ ਪੋਪ ਅਰਬਨ ਦੂਜੇ ਨੇ ਦੋ ਸਦੀਆਂ 'ਸੱਭਿਅਤਾਵਾਂ ਦਾ ਭੇੜ' ਕਰਵਾਇਆ ਅਤੇ ਲੱਖਾਂ ਲੋਕਾਂ ਦੇ ਦੁੱਖਾਂ ਦਾ ਕਾਰਣ ਬਣਿਆ।ਗੁਰੂ ਨਾਨਕ ਨੇ ਦੱਸਿਆ ਕਿ ਆਪਣੇ-ਆਪ ਨੂੰ ਸਵਰਗ ਪਹੁੰਚਾਉਣ ਲਈ ਆਪੂੰ ਥਾਪੇ ਵਿਚੋਲੇ ਤਾਂ ਪੁਜਾਰੀਆਂ ਨੇ ਕੀ ਹੋਣਾ ਸੀ ਇਹ ਜਮਾਂ ਦੀ ਮਾਰ ਤੋਂ ਆਪਣੇ-ਆਪ ਨੂੰ ਵੀ ਨਹੀਂ ਬਚਾਅ ਸਕਦੇ ("ਕਾਜੀ ਮੁਲਾਂ ਹੋਵਹਿ ਸੇਖ॥ ਜੋਗੀ ਜੰਗਮ ਭਗਵੇ ਭੇਖ॥ ਕੋ ਗਿਰਹੀ ਕਰਮਾ ਕੀ ਸੰਧਿ॥ ਬਿਨੁ ਬੂਝੇ ਸਭ ਖੜੀਅਸਿ ਬੰਧਿ॥"- ਬਸੰਤ ਮ:੧, ਗੁਰੂ ਗ੍ਰੰਥ, ੧੧੬੯ )।ਇਹਨਾਂ ਕਾਰਣਾਂ ਸਦਕਾ ਗੁਰੂ ਨੇ ਪੁਜਾਰੀਵਾਦ ਨੂੰ ਬੀਤੇ ਕਾਲੇ ਸਮਿਆਂ ਤੋਂ ਉਪਜੀ ਸੰਸਥਾ ਤਸੱਵਰ ਕਰਦਿਆਂ ਆਪਣੀ ਵਿਚਾਰਧਾਰਾ ਵਿੱਚੋਂ ਏਸ ਨੂੰ ਮੁਕੰਮਲ ਤੌਰ ਉੱਤੇ ਮਨਫ਼ੀ ਕਰ ਦਿੱਤਾ।ਆਉਣ ਵਾਲੇ ਯੁੱਗਾਂ ਦੀ ਲੋੜ ਨੂੰ ਭਾਂਪਦਿਆਂ ਪਰਮਾਤਮਾ ਅਤੇ ਮਨੁੱਖ ਦੇ ਰਿਸ਼ਤੇ ਵਿੱਚੋਂ ਵਿਚੋਲਿਆਂ ਨੂੰ ਸਦਾ ਲਈ ਖਾਰਜ ਕਰ ਦਿੱਤਾ।
੧੬. ਅੰਤ ਵਿੱਚ ਕਹਿਣਾ ਬਣਦਾ ਹੈ ਕਿ ਗੁਰੂ ਨਾਨਕ ਨਾ ਕੇਵਲ ਆਧੁਨਿਕ ਸਮਿਆਂ ਦੇ ਜ਼ਿੰਮੇਵਾਰ ਜਾਮਨ ਹਨ ਬਲਕਿ ਉਹਨਾਂ ਪ੍ਰਵਿਰਤੀਆਂ ਦੇ ਸਾਜਣ ਵਾਲੇ ਹਨ ਜਿਨ੍ਹਾਂ ਨੇ ਮਨੁੱਖ ਮਾਤਰ ਨੂੰ ਮੱਧ-ਕਾਲ ਦੇ ਹਨੇਰੇ ਵਿੱਚੋਂ ਕੱਢ ਕੇ ਸਿੱਧਾ ਆਧੁਨਿਕ ਸਮਿਆਂ ਦੇ ਦਰਵਾਜ਼ੇ ਉੱਤੇ ਲਿਆ ਖੜ੍ਹਾ ਕੀਤਾ।ਉਹਨਾਂ ਆਉਣ ਵਾਲੇ ਸਮਿਆਂ ਲਈ ਵੀ ਵੱਡਮੁੱਲੀ ਅਗਵਾਈ ਪ੍ਰਦਾਨ ਕੀਤੀ।ਹੋਣਾ ਵੀ ਇਉਂ ਹੀ ਚਾਹੀਦਾ ਸੀ ਕਿਉਂਕਿ ਜਿਸ ਪ੍ਰਮਾਤਮਾ ਦਾ ਰੂਪ ਹੋ ਕੇ ਆਪ ਸੰਸਾਰ ਉੱਤੇ ਵਿਚਰੇ ਉਹ 'ਨਿਤ ਨਵਾਂ ਸਾਹਿਬ' ਹੈ।ਉਹ ਕਦੇ ਪੁਰਾਣਾ ਨਹੀਂ ਹੁੰਦਾ ("ਸਚੁ ਪੁਰਾਣਾ ਨਾ ਥੀਐ੩੩॥"- ਗੁਰੂ ਗ੍ਰੰਥ, ੧੨੪੮)।ਗੁਰੂ ਦੀ ਏਸ ਸਦੀਵੀ ਪ੍ਰਸੰਗਕਤਾ ਨੂੰ ਜਿਨ੍ਹਾਂ ਪ੍ਰਵਾਨ ਕੀਤਾ ਉਹਨਾਂ ਅਨੇਕਾਂ ਗੁੰਝਲਾਂ, ਜੰਜਾਲਾਂ ਤੋਂ ਮੁਕਤੀ ਪ੍ਰਾਪਤ ਕੀਤੀ ("ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥ ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ॥"- ਗੁਰੂ ਗ੍ਰੰਥ, ੧੦੦੨)।
ਗੁਰੂ ਨਾਨਕ ਨੇ ਕੋਈ ਐਸੀ ਸ਼ਰਤ ਨਹੀਂ ਰੱਖੀ ਕਿ ਉਹਨਾਂ ਦਾ ਪ੍ਰਗਟ ਕੀਤਾ ਸੱਚ ਕੇਵਲ ਉਹਨਾਂ ਨੂੰ ਰਹਿਬਰ ਮੰਨਣ ਵਾਲਿਆਂ ਤੱਕ ਸੀਮਤ ਹੈ।ਨਿੱਤਯਾਨੰਦ ਸੁਆਮੀ ਦੇ ਗੁਰੂ ਸੁਆਮੀ ਬ੍ਰਹਮਾਨੰਦ ਜੋਗੀ ਦੀ ਆਖ਼ਰੀ ਇੱਛਾ ਸੀ ਕਿ ਉਹਨਾਂ ਨੂੰ ਇੱਕ ਜੀਵਨ ਹੋਰ ਮਿਲੇ ਜਿਸ ਵਿੱਚ ਉਹ ਗੁਰੂ ਦੇ ਪਾਵਨ ਉਪਦੇਸ਼ ਦਾ ਭਰਪੂਰ ਫ਼ਾਇਦਾ ਉਠਾ ਸਕਣ।ਰਾਮ ਤੀਰਥ ਦੰਡੀ ਸੁਆਮੀ ਨੇ ਗੁਰੂ ਦੀ ਬਾਣੀ ਨੂੰ ਸੰਪੂਰਨ ਤੌਰ ਉੱਤੇ ਨਿਰਦੋਸ਼, ਸਰਬ-ਫਲ਼-ਦਾਇਨੀ ਜਾਣਿਆ ਅਤੇ ਆਪਣਾ ਜੀਵਨ ਏਸ ਦੇ ਲੜ ਲੱਗ ਕੇ ਸਫ਼ਲ ਕੀਤਾ।ਜਿਵੇਂ ਜਿਵੇਂ ਗੁਰੂ ਨਾਨਕ ਦੀ ਸਭ ਧਰਮਾਂ ਨੂੰ ਪਵਿੱਤਰਤਾ ਅਤੇ ਖੁਸ਼ਬੂ ਬਖ਼ਸ਼ਣ ਦੀ ਰੀਤ ("ਅਗੋਂ ਪੀਰ ਮੁਲਤਾਨ ਦੇ ਦੁਧ ਕਟੋਰਾ ਭਰ ਲੈ ਆਈ॥ਬਾਬੇ ਕਢ ਚੰਬੇਲੀ ਬਗਲੀ ਤੇ ਦੁੱਧ ਵਿਚ ਮਿਲਾਈ॥) ਨੂੰ ਦੁਨੀਆ ਦੇ ਲੋਕ ਜਾਣਨਗੇ, ਤਿਵੇਂ ਤਿਵੇਂ ਉਹ ਅਨੇਕਾਂ ਪਾਪਾਂ, ਦੁੱਖਾਂ ਤੋਂ ਬਚਣ ਦਾ ਗਾਡੀ ਰਾਹ ਲੱਭ ਲੈਣਗੇ।ਅਲ ਕਾਇਦਾ ਦੇ ਜਹਾਦ ਦੇ ਸੰਦਰਭ ਵਿੱਚ ਸੰਸਾਰ ਭਰ ਦੇ ਮੁਸਲਮਾਨਾਂ ਨੂੰ ਅਸਲ ਇਸਲਾਮ ਸਬੰਧੀ ਵਾਕਫ਼ੀਅਤ ਦੇਣ ਲਈ ਕੈਨੇਡਾ ਵਿੱਚ ਇੱਕ ਕਿਤਾਬ ਛਪੀ (ਠੳਰੲਕ ਢੳਟੲਹ, ਛਹੳਸਨਿਗ ੳ ੰਰਿੳਗੲ, ਝੋਹਨ ਾਂਲਿਏ ਫ਼ ਸ਼ੋਨਸ, ਛੳਨੳਦੳ- ੀਸ਼ਭਂ ੯੭੮-੦-੪੭੦-੮੪੧੧੬-੭)।ਭੂਮਿਕਾ ਵਿੱਚ ਲੇਖਕ ਆਖਦਾ ਹੈ,'ਮੁਸਲਮਾਨਾਂ ਨੂੰ ਇਸਲਾਮ ਦੇ ਅਸਲ ਰੂਪ ਵੱਲ ਪਰਤਣਾ ਚਾਹੀਦਾ ਹੈ ਜਿਸ ਦੀ ਵਿਆਖਿਆ ਗੁਰੂ ਨਾਨਕ ਨੇ ਆਪਣੇ ਪਵਿੱਤਰ ਕਲਾਮ ਵਿੱਚ ਕੀਤੀ ਹੈ':" ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥" (ਗੁਰੂ ਗ੍ਰੰਥ, ੧੪੦-੧੪੧)।
ਜਦੋਂ ਗੁਰੂ ਨਾਨਕ ਦੇ ਸਰਬ-ਕਲਿਆਣਕਾਰੀ ਉਪਦੇਸ਼ ਲੋਕ-ਮਨਾਂ ਵਿੱਚ ਵੱਸ ਜਾਣਗੇ ਓਦੋਂ 'ਈਮਾਂ ਦੀ ਹਰਾਰਤ' ਲੋਕਾਂ ਵਿੱਚੋਂ ਖ਼ਤਮ ਹੋ ਜਾਵੇਗੀ (ਮਸਜਿਦ ਤੋ ਬਨਾ ਦੀ ਸ਼ਬ ਭਰ ਮੇਂ ਈਮਾਂ ਕੀ ਹਰਾਰਤ ਵਾਲੋਂ ਨੇ।ਮਨ ਅਪਨਾ ਪੁਰਾਨਾ ਪਾਪੀ ਹੈ ਬਰਸੋਂ ਮੇਂ ਨਮਾਜ਼ੀ ਬਨ ਨਾ ਸਕਾ।); ਓਦੋਂ ਮਨ ਸੱਚੇ ਦੀ ਪ੍ਰਸਤਿਸ਼ ਵਿੱਚ ਸਾਰਥਕ ਪ੍ਰਾਰਥਨਾਵਾਂ ਕਰਨ ਯੋਗ ਹੋ ਜਾਣਗੇ।ਮਾਨਵਤਾ ਨੂੰ ਸਮਝ ਪੈ ਜਾਵੇਗੀ ਕਿ ਸਭ ਰਸਤੇ ਓਸੇ ਇੱਕ ਪ੍ਰਮਾਤਮਾ ਦੇ ਦਰ ਉੱਤੇ ਪੁੱਜਣ ਲਈ ਕਿਰਿਆਸ਼ੀਲ ਹਨ ਜਿਹੜਾ "ਸਭਨਾ ਕਾ ਮਾ ਪਿਉ ਆਪਿ ਹੈ" (ਗੁਰੂ ਗ੍ਰੰਥ, ੬੫੩)।ਫ਼ੇਰ ਧਰਮ ਪਰਿਵਰਤਨ ਦੀ ਲੋੜ, ਜੋ ਸਭ ਪੁਆੜਿਆਂ ਦੀ ਜੜ੍ਹ ਹੈ, ਨੂੰ ਮੱਧ-ਯੁੱਗ ਦੀ ਪੁਜਾਰੀ ਜਮਾਤ ਦੀ ਬਿਮਾਰ ਮਾਨਸਿਕਤਾ ਦੀ ਉਪਜ ਜਾਣ ਕੇ ਤਿਆਗ ਦਿੱਤਾ ਜਾਵੇਗਾ।ਲੋਕਾਂ ਦੇ ਧਰਮ-ਪਰਿਵਰਤਨ ਲਈ ਕਰੂਸੇਡਜ਼ ਨੂੰ ਅੱਗੇ ਤੋਰਦੀਆਂ ਸੈਨਾਵਾਂ (ਸ਼ੳਲਵੳਟੋਿਨ ਅਰਮੇ) ਅਤੇ ਜਹਾਦੀ ਵਾਪਸ ਬੁਲਾ ਲਏ ਜਾਣਗੇ।ਸਿਆਸੀ ਧੌਂਸ ਨਾਲ ਗੁਰੂ ਨਾਨਕ ਦੁਆਰਾ ਹੋਂਦ ਵਿੱਚ ਲਿਆਂਦੀ ਸਾਂਝੀ ਸੱਭਿਅਤਾ ਦੇ ਗਲ਼ੇ ਘੁੱਟਣ (ਗਲ਼ਾਂ ਵਿੱਚ ਟਾਇਰ ਪਾ ਕੇ ਸਾੜਨ) ਦੀਆਂ ਕੁਚੇਸ਼ਟਾਵਾਂ ਬੰਦ ਹੋਣਗੀਆਂ; ਸਭ ਪਾਸੇ ਅਮਨ-ਚੈਨ ਹੋਵੇਗਾ।ਪੰਜਵੇਂ ਨਾਨਕ ਦੇ ਇਹ ਸ਼ਬਦ ਓਸ ਸਮੇਂ ਦਾ ਸਿੰਘਨਾਦ ਹੋਣਗੇ:"ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨ ਕਿਸੈ ਰਞਾਣਦਾ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ॥"(ਗੁਰੂ ਗ੍ਰੰਥ, ੭੪)। ਆਧੁਨਿਕ ਮਨੁੱਖ ਇਹ ਪ੍ਰਾਪਤੀ ਕਰਨ ਦੇ ਯੋਗ ਹੈ ਬਸ਼ਰਤੇ ਕਿ ਇਹ ਗੁਰੂ ਨਾਨਕ ਦੇ ਬਚਨਾਂ ਨੂੰ ਸਦ-ਜੀਵਨ ਦੇਣ ਵਾਲਾ ਅੰਮ੍ਰਿਤ ਜਾਣ ਕੇ ਦਿਲ਼ਾਂ ਵਿੱਚ ਥਾਂ ਦੇਵੇ।ਕਾਸ਼! ਓਹ ਸੁਲੱਖਣੀ ਘੜੀ ਛੇਤੀ ਆਵੇ ਜਿਸ ਵਿੱਚ ਮਨੁੱਖਤਾ ਸ਼ਹੀਦਾਂ ਦੇ ਸਿਰਤਾਜ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਗੁਰੂ ਨਾਨਕ ਨੂੰ ਸੰਬੋਧਤ ਹੋ ਕੇ ਆਖੇ:"ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ॥ ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ॥੧॥ ਰਹਾਉ॥ ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥" (ਗੁਰੂ ਗ੍ਰੰਥ, ੫੩੪)।