'ਸ਼ਹੀਦ' ਅਰਬੀ ਦਾ ਲਫ਼ਜ ਹੈ ਅਤੇ ਨਿਰਜਿੰਦ ਸ਼ਬਦ ਕੋਸ਼ਾਂ ਵਿੱਚ ਇਸ ਦਾ ਅਰਥ ਹੈ ਗਵਾਹੀ ਦੇਣ ਵਾਲਾ ਜਾਂ ਅਜੇਹਾ ਕਾਰਨਾਮਾਂ ਕਰਨ ਵਾਲਾ ਜੋ ਪ੍ਰਮਾਣ ਹੋ ਨਿਬੜੇ । ਸਿੱਖੀ ਵਿਚ ਇਹ ਸ਼ਬਦ ਉਸ ਅਤਿਅੰਤ ਸਚਿਆਰ ਮਹਾਂਪੁਰਖ ਵਾਸਤੇ ਵਰਤਿਆ ਜਾਂਦਾ ਹੈ, ਜੋ ਸੱਚ ਦੀ ਖ਼ਾਤਰ ਸਿਰ ਧੜ ਦੀ ਬਾਜ਼ੀ ਨਿਸੰਗ ਹੋ ਕੇ ਲਾ ਦੇਵੇ ਅਤੇ ਸੱਚ ਨੂੰ ਦੋਹਾਂ ਜਹਾਨਾਂ ਵਿੱਚ ਪ੍ਰਤੱਖ ਕਰਨ ਖ਼ਾਤਰ ਆਪਣੇ ਜੀਵਨ ਨੂੰ ਲੇਖੇ ਲਾ ਦੇਵੇ । ਅਰਬੀ ਦੇ ਏਸ ਲਫ਼ਜ਼ ਵਿੱਚ ਜੋ ਸਿੱਖੀ ਨੇ ਜਾਨ ਪਾਈ, ਉਸ ਦੇ ਨਤੀਜੇ ਵਜੋਂ, ਇਹ ਸ਼ਬਦ ਇਕ ਨਿਰਾਲੀ ਦਿੱਖ ਵਾਲੇ ਹੀਰੇ ਵਾਂਗ ਸਾਹਿਤ ਦੀ ਦੁਨੀਆਂ ਵਿਚ ਚਮਕ ਰਖਦਾ ਹੈ । ਸ਼ਰਧਾ ਦਾ ਭਾਵ ਏਸ ਵਿੱਚ ਇਸ ਹੱਦ ਤਕ ਘੁਲ ਮਿਲ ਗਿਆ ਹੈ ਕਿ ਸ਼ਬਦ ਸੁਣਦਿਆਂ ਸਿੱਖ ਦਾ ਸਿਰ ਆਪਣੇ ਆਪ ਸਤਿਕਾਰ ਨਾਲ ਝੁਕ ਜਾਂਦਾ ਹੈ । ਪੁਰਾਤਨ ਸਿੰਘਾਂ ਦੀ ਮਨੌਤ ਸੀ ਕਿ ਕੇਵਲ ਸ਼ਹੀਦ ਦਾ ਨਾਂਅ ਜ਼ੁਬਾਨ ਤੇ ਲਿਆਉਣ ਨਾਲ ਬੱਜਰ ਪਾਪੀ ਦੇ ਵੀ ਹਜ਼ਾਰਾਂ ਅਪਰਾਧ ਖਿਨ ਵਿੱਚ ਧੋਤੇ ਜਾਂਦੇ ਹਨ ।
ਸਵਾਲ ਉਠਦਾ ਹੈ ਕਿ ਭਾਰਤ ਵਿੱਚ ਕਈ ਭਾਸ਼ਾਵਾਂ ਪ੍ਰਚੱਲਤ ਸਨ, ਸੰਸਕ੍ਰਿਤ ਦੇ ਪੁਜਾਰੀ ਏਸ ਦੀ ਸਰਬਸਮਰੱਥਤਾ ਦੇ ਗੁਣ ਗਾਉਂਦੇ ਨਹੀਂ ਥੱਕਦੇ, ਫੇਰ ਕਿਉਂ ਸੰਸਕ੍ਰਿਤ, ਹਿੰਦੀ, ਊੜੀਆ, ਤੈਲਗੂ ਆਦਿ ਵਿਚੋਂ ਕੋਈ ਸ਼ਬਦ ਸਿੱਖੀ ਨੇ ਨਾ ਅਪਣਾਇਆ ? ਜੁਆਬ ਸਪਸ਼ਟ ਹੈ, ਸਿੱਖੀ ਤੋਂ ਪਹਿਲਾਂ ਦੇ ਭਾਰਤੀ ਚਿੰਤਨ ਵਿਚ ਸ਼ਹੀਦੀ ਦਾ ਸੰਕਲਪ ਹੀ ਨਹੀਂ ਸੀ; ਸ਼ਹਾਦਤ ਨੂੰ ਪ੍ਰਗਟ ਕਰਨ ਲਈ ਸ਼ਬਦ ਕਿਥੋਂ ਹੋਣੇ ਸਨ! ਧਰਮ ਦਾ ਦੂਜਾ ਨਾਂ ਹੀ ਵਰਣ ਆਸ਼ਰਮ ਧਰਮ ਸੀ, ਜੋ ਅਨਿਆਂ ਦਾ ਕੋਹੇਤੂਰ ਸੀ । ਵੰਡੀਆਂ ਏਨੀਆਂ ਸਨ ਕਿ ਹਿੰਦੂ ਧਰਮ ਦੀ ਪਰਿਭਾਸ਼ਾ ਅਜੇ ਤਕ ਨਹੀਂ ਮਿਲਦੀ; ਧਰਮ ਵਾਸਤੇ ਕੌਣ ਸਿਰ ਧੜ ਦੀ ਬਾਜ਼ੀ ਲਾਉਂਦਾ ਅਤੇ ਕਿਹੜੇ ਧਰਮ ਲਈ ? ਅਜੇਹੇ ਵਾਤਾਵਰਣ ਵਿੱਚ ਧਰਮ, ਨਿਆਂ, ਸੱਚ ਅਤੇ ਹੱਕ ਦੇ ਮਸਲੇ ਤਾਂ ਚਰਚਾਯੋਗ ਵੀ ਨਹੀਂ ਸਨ ਬਣ ਸਕਦੇ, ਕਿਸੇ ਨੂੰ ਸ਼ਹੀਦੀ ਲਈ ਕਿਵੇਂ ਪ੍ਰੇਰਦੇ ? ਮਹਿਮੂਦ ਵਰਗੇ ਧਾੜਵੀ ਕੇਵਲ ਤੀਹ ਹਜ਼ਾਰ ਦੀ ਫ਼ੌਜ ਨਾਲ ਸੋਮਨਾਥ ਦੇ ਮੰਦਰ ਨੂੰ ਲੁੱਟ ਸਕਦੇ ਸਨ, ਜਦ ਕਿ ਮੰਦਰ ਦੇ ਅਧੀਨ ਤੀਹ ਹਜ਼ਾਰ ਪਿੰਡ ਸਨ ।
ਰਾਜਨੀਤੀ ਦੇ ਖੇਤਰ ਵਿਚ ਭੀ ਭਾਰਤ ਦੇ ਮੂੰਹ ਉਤੇ ਉਹੋ ਮੁਰਦੇਹਾਣੀ ਛਾਈ ਹੋਈ ਸੀ । ਰਾਜਾ ਪ੍ਰਮਾਤਮਾਂ ਦੀ ਛਾਂ ਸੀ ਅਤੇ ਪਰਜਾ ਦੇ ਕੋਈ ਹੱਕ ਨਹੀਂ ਸਨ, ਅਣਖ ਸਵੈਮਾਣ ਦੀ ਤਾਂ ਗੱਲ ਹੀ ਕੀ ਕਰਨੀ । ਪਰਜਾ ਦਾ ਕੰਮ, ਜੋ ਰਾਜਾ ਆਖੇ ਉਸ ਸਾਹਮਣੇ ਸਿਰ ਝੁਕਾ ਕੇ ਤਨ, ਮਨ, ਧਨ ਹਾਜ਼ਰ ਕਰਨ ਦਾ ਹੀ ਸੀ ; ਅਜੇਹਾ ਕਰਨਾ ਧਰਮ ਦਾ ਅੰਗ ਅਤੇ ਸ਼ਾਸ਼ਤਰਾਂ ਦੇ ਆਦੇਸ਼ ਅਨੁਸਾਰ ਵੀ ਸੀ । ਮੁਗਲ ਰਾਜ ਦੇ ਕਹਿਰ ਦੇ ਦਗਦੇ ਸੂਰਜ ਦੀ ਦੁਪਹਿਰ ਵਿਚ ਸੂਰਦਾਸ (ਜਨਮ ੧੪੮੩ ਈ:) ਅਤੇ ਤੁਲਸੀ ਦਾਸ (੧੫੩੪-੧੬੨੩ ਈਸਵੀ) ਮਣਾਂਮੂੰਹੀ ਕਵਿਤਾ ਰਚਦੇ ਰਹੇ, ਪ੍ਰੰਤੂ ਉਹਨਾਂ ਨੇ ਆਪਣੀ ਸੱਭਿਅਤਾ ਅਤੇ ਧਰਮ ਦੇ ਸਿਰ ਉਤੇ ਜੁੱਤੀ ਦੀ ਅੱਡੀ ਰੱਖ ਕੇ ਬੈਠਿਆਂ ਵਿਰੁੱਧ ਇਕ ਸ਼ਬਦ ਵੀ ਨਾ ਲਿਖਿਆ । 'ਖਤ੍ਰਰੀਆਂ ਤਾਂ ਧਰਮੁ ਛੋਡਿਆ ਮਲੇਛ ਭਾਖਿਆ ਗਹੀ' ਦੀ ਹੂਕ ਮੱਧ ਕਾਲ ਦੇ ਸਾਰੇ ਬ੍ਰਜ ਸਾਹਿਤ ਵਿੱਚ ਸੁਣਨ ਨੂੰ ਨਹੀਂ ਮਿਲਦੀ ਅਤੇ ਨਾ ਹੀ 'ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣ ਨਾ ਜਾਈ' ਦੀ ਪੁਕਾਰ । ਬਲਕਿ ਗ਼ੁਲਾਮੀ ਦੇ ਸੰਗਲਾਂ ਨੂੰ ਚਾਅ ਨਾਲ ਚੁੰਮ ਕੇ ਗਲ ਵਿਚ ਪਾਉਣ ਦੀ ਚਾਹ ਕਈ ਲਿਖਤਾਂ ਤੋ ਪ੍ਰਗਟ ਹੁੰਦੀ ਹੈ । ਸ਼ੂਨਯ ਪਰਾਣ ਦਾ ਕਰਤਾ ਬੰਗਾਲ ਦਾ ਰਮਾਈ ਪੰਡਤ ਲਿਖਦਾ ਹੈ, ਧਰਮ ਰਖਸ਼ਕ ਦੇਵਤਿਆਂ ਨੇ ਧਰਮ ਦੀ ਰਖਸ਼ਾ ਲਈ ਰੂਪ ਬਦਲਿਆ । ਬ੍ਰਹਮਾ ਮੁਹੰਮਦ ਹੋ ਗਏ, ਵਿਸ਼ਨੂੰ ਪੈਗ਼ੰਬਰ ਹੋ ਗਏ; ਮਹਾਂਦੇਵ ਆਦਮ, ਗਣੇਸ਼ ਗ਼ਾਜ਼ੀ, ਕਾਰਤਿਕ ਕਾਜ਼ੀ ਤੇ ਰਿਸ਼ੀਗਣ ਫ਼ਕੀਰ ਬਣ ਗਏ; ਨਾਰਦ ਵੇਸ ਬਦਲ ਕੇ ਸ਼ੇਖ਼ ਬਣੇ, ਇੰਦਰ ਮੌਲਾਨਾ ਬਣ ਗਏ ਅਤੇ ਚੰਡਿਕਾ ਹਾਯਾ ਬੀਬੀ ਬਣ ਗਈ । ਸਭ ਦੇਵਗਣ ਮੁਸਲਮਾਨ ਭੇਸ ਬਦਲ ਕੇ ਆਏ । ਇਸ ਤਰ੍ਹਾਂ ਧਰਮ ਕੇ ਪਾਂਵ ਪਕੜ ਕਰ 'ਰਮਾਈ' ਪੰਡਤ ਗਾਤੇ ਹੈਂ । ਕਰਨੀ ਦੇ ਮੈਦਾਨ ਦੀਆਂ ਕੇਵਲ ਦੋ ਇਤਿਹਾਸਕ ਘਟਨਾਵਾਂ ਚਿਤਾਰਨ ਨਾਲ ਹੀ ਹਿੰਦੋਸਤਾਨ ਦੇ ਲੋਕਾਂ ਦੀ ਮਨੋਬਿਰਤੀ ਉਭਰ ਕੇ ਸਾਹਮਣੇ ਆ ਜਾਂਦੀ ਹੈ । ਬੰਗਾਲ ਵਿਚ ਖਿਲਜੀ ਰਾਜ ਦੀ ਸਥਾਪਨਾ ਬਖ਼ਤਿਆਰ ਖ਼ਿਲਜੀ ਨੇ ਕੇਵਲ ਸਤਾਰਾਂ ਸਿਪਾਹੀਆਂ ਨਾਲ ਸੇਨ ਰਾਜੇ ਨੂੰ ਤਖ਼ਤੋਂ ਲਾਹ ਕੇ ਕੀਤੀ ਸੀ ਅਤੇ ਪਲਾਸੀ ਦੀ ਲੜਾਈ (ਜੂਨ ੧੭੫੭), ਜਿਸ ਤੋਂ ਅੰਗਰੇਜ਼ ਰਾਜ ਦਾ ਸੂਰਜ ਉਦੇ ਹੋਇਆ ਸੀ, ਵਿਚ ਮਹਿਤਾ ਚੌਕ ਦੀ ਪੁਲਿਸ ਫਾਇਰਿੰਗ ਨਾਲੋਂ ਵੀ ਘਟ ਮੌਤਾਂ ਹੋਈਆਂ ਸਨ । ਜਦ ਰਾਜਨੀਤੀ ਦਾ ਕੋਈ ਅਟੱਲ ਸੱਚ ਹੈ ਹੀ ਨਹੀਂ ਸੀ, ਤਾਂ ਸਿਰ ਦੇਕੇ ਪ੍ਰਗਟ ਕਿਸ ਨੇ ਕਰਨਾ ਸੀ ! ਰਾਜਪੂਤ ਯੋਧੇ ਈਰਖਾ ਅਧੀਨ ਤਾਂ ਸਨਮੁਖ ਹੋ ਜੂਝਦੇ ਸਨ ਅਤੇ ਕੁੱਲ ਤਕ ਦੀ ਬਲੀ ਚੜ੍ਹਾ ਦਿੰਦੇ ਸਨ, ਪ੍ਰੰਤੂ ਕਿਸੇ ਵਿਸ਼ਵ ਵਿਆਪੀ ਅਸੂਲ ਲਈ, ਜਾਨ ਹੂਲਣਾ ਤਾਂ ਪਾਸੇ ਰਿਹਾ, ਛੋਟੀ ਉਂਗਲ ਕਟਵਾਣ ਲਈ ਵੀ ਕਦੇ ਤਿਆਰ ਨਹੀਂ ਸਨ ਹੋਏ। ਰਾਣਾ ਪ੍ਰਤਾਪ ਦੀ ਅਣਖ਼ ਦੀ ਚਿੰਗਾਰੀ ਬਲਦੀ ਰਹੀ ਸੀ ਤਾਂ ਕੇਵਲ ਬਾਬਾ ਸ੍ਰੀ ਚੰਦ ਜੀ ਦੇ ਸਿੱਖੀ ਉਪਦੇਸ਼ਾਂ ਕਾਰਣ। ਸਿੱਖੀ ਦੇ ਅਸੂਲਾਂ ਦੇ ਜੜ੍ਹ ਫੜਨ ਤੋਂ ਪਹਿਲਾਂ, ਨਾ ਤਾਂ ਭਾਰਤ ਦੀ ਏਸ ਅਭਾਗੀ ਧਰਤੀ ਨੇ ਕਿਸੇ ਰਾਜਸੀ ਸ਼ਹੀਦ ਦੇ ਚਰਨ ਚੁੰਮੇ ਸਨ ਅਤੇ ਨਾ ਏਸ ਦੇ ਮੱਥੇ ਉਤੇ ਕਿਸੇ ਧਰਮਬੀਰ ਦੇ ਖ਼ੂਨ ਦਾ ਸੰਧੂਰ ਸਜਿਆ ਸੀ ।
ਸਦੀਆਂ ਦੀ ਮਾਰੂ ਚੁੱਪ ਤੋਂ ਬਾਅਦ ਪਹਿਲੋਂ ਪਹਿਲ ਅਣਖ ਅਤੇ ਸੱਚ ਦੀ ਦੋਹੀ ਦੇਣ ਵਾਲੀ ਸਾਹਿਬ ਸਤਿਗੁਰ ਨਾਨਕ ਦੀ ਆਵਾਜ਼ ਹੀ ਸੀ । ਸਭ ਤੋਂ ਪਹਿਲਾਂ ਆਪ ਨੇ ਹੀ ਭਾਰਤ ਦੇ ਰਾਜਸੀ ਚਿੰਤਨ ਨੂੰ ਇਹ ਅਣਮੁੱਲਾ ਵਿਚਾਰ ਦਿੱਤਾ ਕਿ ਪਰਜਾ ਦੇ ਵੀ ਹੱਕ ਹੁੰਦੇ ਹਨ ਅਤੇ ਉਹਨਾਂ ਹੱਕਾਂ ਦੀ ਰਾਖੀ ਲਈ ਅਜੇਹਾ ਸਮਾਂ ਆਉਦਾ ਹੈ, ਜਦੋਂ ਜੂਝ ਮਰਨਾ ਜਿਉਂਦੇ ਰਹਿਣ ਨਾਲੋਂ ਵਧੇਰੇ ਸੋਭਨੀਕ ਹੁੰਦਾ ਹੈ ; 'ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪ੍ਰਵਾਣੋਂ'। ਸਿਆਸੀ ਅਤੇ ਧਾਰਮਕ ਜੀਵਨ ਦੇ ਸੁਮੇਲ ਦੀ ਲੜੀ ਵਿੱਚ ਇਕ ਹੋਰ ਭੇਤ ਦੀ ਗੱਲ ਕਰਦੇ ਹੋਏ ਹਜ਼ੂਰ ਫ਼ਰਮਾਉਂਦੇ ਹਨ ਕਿ ਰਾਜੇ ਕੁਝ ਦਿਨਾਂ ਦੇ ਹੀ ਪ੍ਰਾਹੁਣੇ ਹੁੰਦੇ ਹਨ (ਆਵਨਿ ਅਠਤਰੈ ਜਾਨਿ ਸਤਾਨਵੈ) ਅਤੇ ਉਹਨਾਂ ਨੂੰ ਪ੍ਰਮਾਤਮਾ ਵਲੋਂ ਜ਼ੁਲਮ ਕਰਨ ਦਾ ਕੋਈ ਅਧਿਕਾਰ ਨਹੀਂ ਹੁੰਦਾ । ਸੱਚ ਦੇ ਰਾਹ ਉਤੇ ਮੌਤ ਕਬੂਲਣ ਨੂੰ ਸਿੱਖੀ ਜੀਵਨ ਦਾ ਅਰੰਭ ਆਪ ਨੇ ਦਸਿਆ । ਵਾਰਾਂ ਤੇ ਵਧੀਕ ਸਲੋਕਾਂ ਵਿਚ ਆਪ ਫ਼ੁਰਮਾਉਂਦੇ ਹਨ :
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥
ਤ੍ਰੈਕਾਲ ਦਰਸ਼ੀ ਸਤਿਗੁਰਾਂ ਦੀ ਅਗੰਮੀ ਸੂਝ ਕਾਰਨ ਸਿੱਖ ਧਰਮ ਸਾਰੇ ਸੰਸਾਰ ਦੇ ਭਲੇ ਲਈ ਸਭ ਦਾ ਸਾਂਝਾ ਧਰਮ ਹੋ ਨਿਬੜਿਆ; ਕਿਉਂਕਿ ਏਸ ਦੀਆਂ ਕਦਰਾਂ ਕੀਮਤਾਂ ਵਿਸ਼ਵ-ਕਲਿਆਣਕਾਰੀ ਅਤੇ ਨਿਰਸੰਦੇਹ ਪ੍ਰਮਾਤਮਾ ਦੇ ਆਸ਼ੇ ਅਨੁਸਾਰ ਹਨ । ਗੁਰੂ ਸਾਹਿਬਾਨ ਨੇ ਧਾਰਮਿਕ ਅਤੇ ਰਾਜਨੀਤਕ ਜੀਵਨ ਵਿੱਚ ਅਜੇਹੀਆਂ ਕਦਰਾਂ ਕੀਮਤਾਂ ਪ੍ਰਗਟ ਕੀਤੀਆਂ, ਜਿਨ੍ਹਾਂ ਦੀ ਮਾਨਤਾ ਅਤੇ ਬੁਲੰਦੀ ਸੰਸਾਰ ਦੇ ਸਾਰੇ ਜੀਵਾਂ ਦੇ ਭਲੇ ਅਤੇ ਵਾਧੇ ਲਈ ਹੈ । ਕੇਵਲ ਏਨਾਂ ਹੀ ਨਹੀਂ ਕਿ ਉਹ ਏਸ ਨਿਰਮਲ ਗੰਗਾ ਨੂੰ ਵਗਾ ਕੇ ਸ਼ਾਂਤ ਬੈਠ ਗਏ, ਉਹਨਾਂ ਏਸ ਦੀ ਸੁਰੱਖਿਆ ਹਿੱਤ ਪਹਿਲਾਂ ਸਿਰ ਦੇ ਕੇ ਸ਼ਹੀਦੀਆਂ ਪਾਉਣ ਦੀ ਪ੍ਰੰਪਰਾ ਵੀ ਚਲਾਈ ।
ਏਨੀ ਕੁ ਵਿਚਾਰ ਤੋਂ ਬਾਅਦ ਸਿੱਖੀ ਵਿੱਚ ਸ਼ਹਾਦਤ ਦੇ ਸਿਧਾਂਤ ਨੂੰ ਸਮਝਣ ਲਈ ਕੇਵਲ ਕੁਝ ਕੁ ਨੁਕਤਿਆਂ ਤੇ ਗੌਰ ਕਰਨਾ ਹੀ ਬਾਕੀ ਰਹਿ ਜਾਂਦਾ ਹੈ । ਸਿੱਖੀ ਅਨੁਸਾਰ ਸਭ ਮਨੁੱਖ ਮਾਤਰ ਨੁੰ ਪਰਮ ਕ੍ਰਿਪਾਲੂ ਪਿਤਾ ਨੇ ਅਮਿਟ ਅਧਿਕਾਰ ਦਿੱਤਾ ਹੈ ਕਿ ਉਹ ਨਿਰਵਿਘਨ ਖੇੜੇ ਅਤੇ ਖੁਸ਼ੀਆਂ ਦਾ ਜੀਵਨ ਜਿਉਂ ਸਕਣ ('ਹਰਖ ਅਨੰਤ ਸੋਗ ਨਹੀਂ ਬੀਆ' ਅਤੇ 'ਸਭ ਸੁਖਾਲੀ ਵੁਠੀਆਂ ਇਹੁ ਹੋਆ ਹਲੇਮੀ ਰਾਜੁ ਜੀਉ') ਪ੍ਰਮਾਤਮਾਂ ਨੂੰ ਇਹੋ ਮਨਜ਼ੂਰ ਹੈ ਕਿ ਧਰਮ ਵਿਸ਼ਵ-ਕਲਿਆਣਕਾਰੀ ਹੋਵੇ ਅਤੇ ਸੰਸਾਰ ਦੇ ਹਰ ਦੂਜੇ ਧਰਮਾਂ ਲਈ ਭਾਈਚਾਰੇ ਅਤੇ ਸਦਭਾਵਨਾ ਦੇ ਵਿਚਾਰ ਰੱਖਦਾ ਹੋਵੇ । ਏਸ ਲਈ ਪੰਜਵੇਂ ਪਾਤਸ਼ਾਹ ਨੇ ਮੁਗਲਾਂ ਨੂੰ ਰਾਜਸੀ ਹੰਕਾਰ ਅਤੇ ਧਰਮ ਅਧਾਰਤ ਵਿਤਕਰੇ ਦੀ ਨੀਤੀ ਤਿਆਗ ਕੇ 'ਮੋਮ ਦਿਲ ' ਹੋਣ ਦੀ ਪ੍ਰੇਰਨਾ ਕੀਤੀ ਸੀ । ਰਾਜਨੀਤੀ ਉਹੋ ਹੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੋ ਸਕਦੀ ਹੈ ਜਿਹੜੀ ਮਨੁੱਖ ਦੇ ਖੇੜੇ ਖ਼ੁਸ਼ੀਆਂ ਦੇ ਹੱਕ ਨੂੰ ਨਿਰਸੰਕੋਚ ਤਸਲੀਮ ਕਰੇ ਅਤੇ ਹਰ ਮਨੁੱਖ ਦੇ ਆਪਣੀ ਜ਼ਮੀਰ ਅਨੁਸਾਰ ਜਿਉਂਣ ਦੇ ਹੱਕ ਨੂੰ ਸਪਸ਼ਟ ਮੰਨੇ । ਹਰ ਮਨੁੱਖ ਦੇ ਸਵੈਮਾਣ ਅਤੇ ਅਣਖ ਨਾਲ ਜਿਉ'ਣ ਦੇ ਹੱਕ ਦੀ ਰਾਖੀ ਕਰਨਾ ਰਾਜਨੀਤੀ ਦਾ ਪਹਿਲਾ ਫ਼ਰਜ਼ ਹੈ ; 'ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਿਞਾਣਦਾ' । ਸੰਸਾਰ ਦੀਆਂ ਬਾਦਸ਼ਾਹੀਆਂ ਸੱਚਾ ਪਾਤਸ਼ਾਹ ਆਪ ਸਿਰਜਦਾ ਹੈ ਅਤੇ ਇਹਨਾਂ ਨੂੰ ਕੇਵਲ ਉਦੋਂ ਤਕ ਕਾਇਮ ਰੱਖਦਾ ਹੈ ਜਦੋਂ ਤਕ ਉਹ ਆਪਣੀ ਸ਼ਕਤੀ ਨੂੰ ਉਸ ਦੇ ਆਸ਼ੇ ਅਨੁਸਾਰ ਵਰਤਦੀਆਂ ਹਨ । ਜੇ ਉਹ ਅਨਿਆਂਕਾਰੀ ਜਾਂ ਫ਼ਿਰਕਾਦਾਰਾਨਾ ਹੋ ਜਾਣ ਤਾਂ ਸਿਰਜਣ ਵਾਲਾ ਉਹਨਾਂ ਨੂੰ ਬਲਹੀਣ ਕਰਕੇ ਰਾਜ ਕਰਨ ਦੇ ਅਧਿਕਾਰ ਤੋਂ ਵਾਂਝਾ ਕਰ ਦਿੰਦਾ ਹੈ 'ਜਿਸਨੋ ਆਪਿ ਖੁਆਏ ਕਰਤਾ ਖਸਿ ਲਏ ਚੰਗਿਆਈ' । ਜਦੋਂ ਐਸੀਆਂ ਅਲਾਮਤਾਂ ਪਰਗਟ ਹੋ ਜਾਣ ਤਾਂ ਹਰ ਧਰਮੀ ਮਨੁੱਖ, ਪ੍ਰਮਾਤਮਾ ਦਾ ਭੈ ਰੱਖਣ ਵਾਲੇ ਇਨਸਾਨ, ਦਾ ਫ਼ਰਜ਼ ਬਣਦਾ ਹੈ ਕਿ ਉਹ ਅਜੇਹੀ ਰਾਜਸੀ ਸ਼ਕਤੀ (ਬਾਦਸ਼ਾਹਤ)ਦਾ ਤਖ਼ਤਾ ਉਲਟਾਉਣ ਲਈ ਟਿੱਲ ਲਾ ਦੇਵੇ ਜੋ ਪ੍ਰਮਾਤਮਾ ਦੇ ਰਾਹ ਨੂੰ ਵਿਸਾਰ ਚੁਕੀ ਹੈ ਅਤੇ ਫਲਸਰੂਪ ਰਾਜ ਕਰਨ ਦਾ ਅਧਿਕਾਰ ਗੁਆ ਚੁੱਕੀ ਹੈ।
ਆਦਿ ਸਮੇਂ ਤੋਂ ਲੈ ਕੇ ਕੱਲ੍ਹ ਤੱਕ ਦੇ ਸਿੱਖ ਸ਼ਹੀਦਾਂ ਦੇ ਜੀਵਨ ਨੂੰ ਵਿਚਾਰਨ ਤੋਂ ਇੱਕ ਠੋਸ ਕੇਂਦਰੀ ਨੁਕਤਾ ਖ਼ਾਲਸੇ ਦੀ ਸਰਦਾਰੀ ਹੀ ਦਿੱਸ ਆਉਂਦਾ ਹੈ । ਸਾਰੇ ਸ਼ਹੀਦਾਂ ਦਾ ਪਵਿੱਤਰ ਮਕਸਦ ਪ੍ਰਮਾਤਮਾ ਦੇ ਇਸ਼ਕ ਵਿੱਚ ਰੱਤੇ ਖ਼ਾਲਸੇ ਦੀ ਅਤਿਅੰਤ ਨਿਆਂਕਾਰੀ ਅਤੇ ਧਰਮ ਨਿਰਪੱਖ ਰਾਜਸੀ ਸ਼ਕਤੀ ਕਾਇਮ ਕਰਨਾ ਹੀ ਸੀ । ਉਨ੍ਹਾਂ ਦੇ ਦਿਲਾਂ ਦਿਮਾਗਾਂ ਉਤੇ ਕੇਵਲ 'ਰਾਜ ਕਰੇਗਾ ਖਾਲਸਾ' ਹੀ ਉਕਰਿਆ ਹੋਇਆ ਸੀ । ਬਜ਼ੁਰਗ ਸੰਤ, ਸਰਬੰਸ ਦਾਨੀ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਦਾ ਉਸੇ ਵੇਲੇ ਫੈਸਲਾ ਹੋ ਗਿਆ ਜਦੋ ਉਹਨਾਂ ਨਿਝੱਕ ਖ਼ਾਲਸਾ ਰਾਜ ਦੀਆਂ ਗੱਲਾਂ ਕੀਤੀਆਂ ਅਤੇ ਖ਼ਾਲਸੇ ਦੀ ਫ਼ਤਹ ਦਾ ਨਿਸ਼ਚਾ ਸੂਬੇਦਾਰ ਦੇ ਸਾਹਮਣੇ ਭਰੀ ਕਚਹਿਰੀ ਵਿਚ ਜਾ ਦੁਹਰਾਇਆ । ਮਿਥ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਈ ਬੋਤਾ ਸਿੰਘ ਤਾਂ ਕੇਵਲ ਮਸਫੁੱਟ ਗਭਰੂ ਹੀ ਸਨ ; ਅਜੇ ਛਕਿਆ ਅੰਮ੍ਰਿਤ ਵੀ ਉਹਨਾਂ ਦੇ ਗੱਲੋਂ ਥੱਲੇ ਨਹੀਂ ਸੀ ਲੱਥਾ । ਉਹ ਅੰਮ੍ਰਿਤਸਰ ਤੋਂ ਅੰਮ੍ਰਿਤ ਛਕ ਕੇ ਜਾ ਰਹੇ ਸਨ ਕਿ ਸਿੱਖੀ ਦੇ ਸੂਰਜ ਵਾਂਗ ਰੌਸ਼ਨ ਮੁਕੰਮਲ ਖ਼ੁਦਮੁਖ਼ਤਿਆਰੀ ਦੇ, ਨਿਸ਼ਚੇ ਨੂੰ ਸਿਰ ਦੇ ਕੇ ਪ੍ਰਗਟਾਉਣ ਦਾ ਸਬੱਬ ਰਾਹ ਵਿਚ ਹੀ ਬਣ ਗਿਆ । ਉਹਨਾਂ ਨੇ ਏਸ ਸੱਚ, ਕਿ ਸਰਬ ਸਮਰੱਥ ਹੋਣ ਕਾਰਨ ਖ਼ਾਲਸਾ ਹੀ ਕਰ ਉਗ੍ਰਾਹੁਣ ਦਾ ਇਕੋ ਇਕ ਅਧਿਕਾਰੀ ਹੈ, ਨੂੰ ਪ੍ਰਚਾਰਨ ਹਿੱਤ ਸ਼ਹੀਦੀ ਪ੍ਰਾਪਤ ਕਰਨ ਦਾ ਨਿਸ਼ਚਾ ਕਰ ਲਿਆ । ਉਹ ਸੋਟਾ ਫੜ ਮੈਦਾਨ ਵਿਚ ਉਤਰੇ ਅਤੇ ਤੀਹ ਸਿਪਾਹੀਆਂ ਨੂੰ ਮਾਰ ਕੇ ਸ਼ਹੀਦ ਹੋ ਗਏ :
ਦੌਲਤ ਕੇ ਨਹਿ ਭੂਖੇ ਥੇ ਸਿੰਘ, ਚਰਚਾ ਪੰਥ ਚਲਾਣ ਚਹੀ ।
ਸਿੱਖੀ ਵਿਚ ਸ਼ਹੀਦੀ ਦਰਜਾ ਪ੍ਰਾਪਤ ਕਰਨ ਸਬੰਧੀ ਇਕ ਹੋਰ ਵਚਿੱਤਰ ਗੱਲ ਇਹ ਹੈ ਕਿ ਏਸ ਦੀ ਸੰਭਾਵਨਾਂ ਨੇ ਗਹਿਰ ਗੰਭੀਰ ਬਜ਼ੁਰਗਾਂ ਤੋਂ ਲੈ ਕੇ ਮਨਚਲੇ ਨੌਜਵਾਨਾਂ, ਬੱਚਿਆਂ ਅਤੇ ਸਿੰਘਣੀਆਂ ਤੱਕ ਨੂੰ ਇਉਂ ਆਪਣੇ ਵੱਲ ਖਿਚਿਆ ਜਿਵੇਂ ਮਿਕਨਾਤੀਸ ਲੋਹੇ ਨੂੰ ਖਿਚਦਾ ਹੈ । ਸ਼ਹੀਦੀ ਦਾ ਉੱਤਮ ਦਰਜਾ ਪ੍ਰਾਪਤ ਕਰਨ ਲਈ ਜਿਥੇ ਭਾਈ ਗਰਜਾ ਸਿੰਘ ਵਰਗੇ ਅਨਪੜ੍ਹ ਅਤੇ ਅਲ੍ਹੜ ਨੌਜਵਾਨ ਉਤਵਾਲੇ ਰਹੇ ਉਥੇ ਸ੍ਰੀ ਦਸਮੇਸ਼ ਦੇ ਮੁਬਾਰਕ ਹੱਥਾਂ ਤੋਂ ਅੰਮ੍ਰਿਤ ਛਕਣ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਅਰਬੀ ਅਤੇ ਫ਼ਾਰਸੀ ਵਿਚ ਉਲਥਾ ਕਰਨ ਵਾਲੇ ਮਹਾਂ ਵਿਦਵਾਨ, ਸ਼ਾਂਤ ਸੁਭਾ, ਬਾਬਾ ਦੀਪ ਸਿੰਘ ਜੀ ਵੀ ਇਕ ਹੱਥ ਖੰਡਾ ਲੈ ਦੂਜੇ ਤੇ ਸੀਸ ਰੱਖ ਕੇ ਜਾ ਜੂਝੇ । ਜਿਸ ਕੋਲੋਂ ਜਿਵੇਂ ਵੀ ਸੇਵਾ ਬਣ ਆਈ ਕੀਤੀ । ਪ੍ਰੰਤੂ ਜਦੋਂ ਮਾਹੀ ਦੀ ਸੱਦ ਕੰਨੀ ਪਈ, ਵਿੱਚੇ ਕਲਮ ਛੱਡ ਕੇ, ਬਲਦਾਂ ਨੂੰ ਪੰਜਾਲੀਆ ਵਿੱਚ ਛੱਡ ਕੇ, ਮਹਿਲਾਂ ਦੇ ਸੁਖ ਤਿਆਗ ਕੇ ਜ਼ਾਲਮ ਦੀ ਤੇਗ ਨੂੰ ਜਾ ਗਲ ਲਾਇਆ । ਪੰਜਵੇਂ ਪਾਤਸ਼ਾਹ ਹਜ਼ੂਰ ਤੋਂ ਲੈ ਕੇ ਅਜੋਕੇ ਸ਼ਹੀਦ ਸਿੰਘ ਤੱਕ ਸਭ ਸ਼ਹੀਦਾਂ ਮੁਰੀਦਾਂ ਦੇ ਮਨਾਂ ਵਿਚ ਸ਼ਹੀਦੀਆਂ ਪਾਉਣ ਦਾ ਚਾਅ ਪ੍ਰਤੱਖ ਦਿਸ ਆਉਂਦਾ ਹੈ ।
ਸ਼ਹੀਦਾਂ ਨੂੰ ਪਾਏ ਪਰਚਿਆਂ ਤੋਂ ਪਤਾ ਲਗਦਾ ਹੈ ਕਿ ਜੇ ਉਹ ਚਾਹੁੰਦੇ ਤਾਂ ਸਦਾ ਆਪਣੀ ਜਾਨ ਬਚਾ ਸਕਦੇ ਸਨ । ਉਹਨਾਂ ਨੂੰ ਚੋਣ ਦਾ ਮੌਕਾ ਦਿੱਤਾ ਜਾਂਦਾ ਸੀ ਅਤੇ ਉਹ ਹਮੇਸ਼ਾਂ ਆਪਣੇ ਧਰਮ, ਆਪਣੀ ਅਣਖ, ਆਪਣੇ ਦਾਈਏ ਅਤੇ ਸਵੈਮਾਣ ਨੂੰ ਚੁਣਦੇ ਸਨ ; ਫੋਕੀ ਸ਼ੁਹਰਤ, ਗੈਰਾਂ ਦਾ ਧਰਮ ਅਤੇ ਸਰਕਾਰੀ ਰੁਤਬੇ ਸੰਗਤ ਦੇ ਚਰਨਾਂ ਦੀ ਧੂੜ ਉਤੋਂ ਵਗਾਹ ਕੇ ਮਾਰਦੇ ਸਨ । ਉਹਨਾਂ ਦੀ ਕਥਨੀ ਅਤੇ ਕਰਨੀ ਵਿਚ ਫ਼ਰਕ ਨਹੀਂ ਸੀ ਹੁੰਦਾ ਅਤੇ ਉਹ ਕਿਸੇ ਸਮੇਂ ਮੁਤਾਬਕ ਪ੍ਰਵਾਣਤ ਬਾਣੀ ਨੂੰ ਜ਼ੁਬਾਨ ਉਤੇ ਲਿਆਉਣ ਦੇ ਵਿਚਾਰ ਨੂੰ ਮੁਢੋਂ ਹੀ ਜ਼ਹਿਰ ਜਾਣ ਕੇ ਨੇੜੇ ਨਹੀਂ ਸਨ ਫਟਕਣ ਦਿੰਦੇ । ਇਹਨਾਂ ਵਿਚਾਰਾਂ ਦੀ ਪੁਸ਼ਟੀ ਲਹੌਰ ਦੇ ਰਹਿਣ ਵਾਲੇ ਭਾਈ ਸੁਬੇਗ ਸਿੰਘ ਜੰਬਰ ਦੀ ਨਿਰਾਲੀ ਕਥਾ ਤੋਂ ਭਲੀ ਪ੍ਰਕਾਰ ਹੋ ਜਾਂਦੀ ਹੈ । ਇਹਨਾਂ ਦੇ ਵੱਡੇ ਕੇ ਤੀਜੀ ਪਾਤਸ਼ਾਹੀ ਵੇਲੇ ਸਿੱਖ ਬਣੇ ਸਨ । ਭਾਈ ਸੁਬੇਗ ਸਿੰਘ ਆਪਣੇ ਪਿਉ ਦਾਦੇ ਵਾਂਗ ਸਰਕਾਰੀ ਨੌਕਰ ਸਨ । ਇਹਨਾਂ ਦਾ ਇਕਲੌਤਾ ਲੜਕਾ ਸ਼ਾਹਬਾਜ ਸਿੰਘ ਵੀ ਸਰਕਾਰੀ ਨੌਕਰੀ ਲਈ ਅਰਬੀ, ਫ਼ਾਰਸੀ ਦਾ ਇਲਮ ਗ੍ਰਹਿਣ ਕਰ ਰਿਹਾ ਸੀ । ਇਹਨਾਂ ਨੇ ਮੁਹੰਮਦ ਅਸਲਮ ਖ਼ਾਂ, ਦਲੇਰ ਜੰਗ ਅਤੇ ਖ਼ਾਨ ਬਹਾਦਰ ਜ਼ਕਰੀਆ ਖ਼ਾਂ ਵਰਗੇ ਜ਼ਾਲਮ ਅਤੇ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਸੂਬੇਦਾਰ ਅਧੀਨ ਵੀ ਉੱਚੇ ਅਹੁਦਿਆਂ ਉੱਤੇ ਪੂਰੀ ਵਫ਼ਾਦਾਰੀ ਨਾਲ ਨੌਕਰੀ ਕੀਤੀ; ਪ੍ਰੰਤੂ ਆਪਣੀ ਆਤਮਾ ਨੂੰ ਆਂਚ ਨਾ ਆਉਣ ਦਿੱਤੀ । ਕਈ ਪ੍ਰਮੁੱਖ ਸਿੱਖਾਂ ਦੀਆਂ ਸ਼ਹੀਦੀਆਂ ਆਪ ਦੇ ਲਾਹੌਰ ਦਾ ਕੋਤਵਾਲ ਹੁੰਦਿਆਂ ਹੋਈਆਂ ਸਨ । ਸੰਨ ੧੭੩੩ ਵਿੱਚ ਜਦੋਂ ਆਪ ਸੂਬੇ ਵੱਲੋਂ ਨਵਾਬੀ ਦੀ ਖ਼ਿਲਤ ਲੈ ਕੇ ਅਕਾਲ ਤਖਤ ਉਤੇ ਪੇਸ਼ ਹੋਏ ਸਨ ਤਾਂ ਤੁਰਕ ਦਾ ਨੌਕਰ ਹੋਣ ਕਾਰਨ ਰਸਮੀ ਤਨਖ਼ਾਹ ਲਾਉਣ ਤੋਂ ਬਾਅਦ ਖਾਲਸੇ ਦੇ ਸਮੂਹ ਨੇ ਆਪਣਾ ਅੰਗ ਸਮਝ ਕੇ ਸਤਿਕਾਰਿਆ ਸੀ ; ਏਸ ਲਈ ਕਿ ਉਹਨਾਂ ਦੀ ਆਤਮਾਂ ਗੰਗਾ ਜਲ ਵਾਂਗ ਪਵਿੱਤਰ ਸੀ ਅਤੇ ਗੁਰੂ ਉਤੇ ਉਹਨਾਂ ਦਾ ਨਿਸ਼ਚਾ ਦ੍ਰਿੜ੍ਹ ਸੀ । ਜਦੋਂ ਪਰਚਾ ਪਿਆ ਤਾਂ ਆਪ ਨੇ ਖ਼ਾਲਸੇ ਦੇ ਧਾਰਮਕ ਅਤੇ ਰਾਜਸੀ ਅਕੀਦਿਆਂ ਉਤੇ ਡਟ ਕੇ ਪਹਿਰਾ ਦਿੱਤਾ । ਜਦੋਂ ਆਪ ਨੂੰ ਸੁਝਾ ਦਿਤਾ ਗਿਆ ਕਿ ਕੇਵਲ ਕੁਲ ਰੱਖਣ ਖ਼ਾਤਰ ਆਪਣੇ ਬੱਚੇ ਨੂੰ ਸਿੱਖੀ ਤਿਆਗਣ ਦੀ ਇਜਾਜ਼ਤ ਦੇਣ ਤਾਂ ਆਪ ਨੇ ਬੜੇ ਹੌਸਲੇ ਨਾਲ ਕਿਹਾ, 'ਹਮ ਕਾਰਣ ਗੁਰ ਕੁਲਹ ਗਵਾਹੀ । ਹਮ ਕੁਲ ਰਾਖੇ ਕਵਨ ਵਡਿਆਈ' । ਆਪਣੇ ਆਪ ਨੂੰ ਅਤੇ ਆਪਣੇ ਇਕਲੌਤੇ ਪੁੱਤਰ ਨੂੰ ਚਰਖੜੀ ਦੇ ਬੇਰਹਿਮ ਰੱਤ ਪੀਣੇ ਦੰਦਿਆਂ ਸਾਹਮਣੇ ਖੜ੍ਹੇ ਵੇਖ ਕੇ ਆਪ ਨੇ ਅਰਦਾਸ ਕੀਤੀ ਸੀ :
ਧੰਨਯ ਘੜੀ ਸੋ ਧੰਨਯ ਚਰਖੜੀ,
ਧੰਨਯ ਨਿਆਉਂ ਤੁਮਾਰਾ ।
ਧਰਮ ਹੇਤ ਜੋ ਚੜ੍ਹੇ ਚਰਖੜੀ,
ਧੰਨਯ ਵਜੂਦ ਹਮਾਰਾ
ਦੋਨੋਂ ਸਿੰਘ ਜਪੁਜੀ ਸਾਹਿਬ ਦਾ ਪਾਠ ਕਰਦੇ ਹੋਏ, ਅਡੋਲ ਰਹਿ ਕੇ, ਸਿੱਖੀ ਨੂੰ ਸੰਪੂਰਨ ਕਰ ਗਏ । ਦੋਨੋਂ ਸੂਰਬੀਰ ਉਹ ਅਕਹਿ ਕਹਾਣੀ ਕਹਿ ਗਏ ਜਿਸ ਨੂੰ ਲਫਜ਼ਾਂ ਵਿਚ ਨਹੀਂ ਕਿਹਾ ਜਾ ਸਕਦਾ । ਇਹਨਾਂ ਦੀ ਲਾਮਿਸਾਲ ਸ਼ਹੀਦੀ ਦਾ ਮੁਕਾਬਲਾ ਕਿਸੇ ਹੱਦ ਤੱਕ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਮਾਸੂਮ ਬੇਟੇ ਅਜੇ ਸਿੰਘ ਦੀ ਸ਼ਹੀਦ ਨਾਲ ਹੀ ਕੀਤਾ ਜਾ ਸਕਦਾ ਹੈ ।
ਇਹਨਾਂ ਬਿਦੇਹ ਸਿੰਘਾਂ ਦੀ ਸ਼ਹੀਦੀ ਵੇਖਦੇ ਹੋਏ ਭਟ ਦੇ ਵੀ ਦੰਦ ਜੁੜ ਗਏ ਅਤੇ ਉਹ ਕੇਵਲ ਏਨਾ ਹੀ ਕਹਿ ਸਕਿਆ, ਉਹੇਠਾਂ ਧਰਤੀ ਉਤੇ ਅੰਬਰ, ਵਿਚ ਫਿਰੇ ਸੁਬੇਗ ਸਿੰਘ ਜੰਬਰ ।
ਸ਼ਹਾਦਤ ਸਬੰਧੀ ਸਿੱਖੀ ਦੇ ਸਿਧਾਂਤ ਨੂੰ ਵਿਸਥਾਰ ਵਿੱਚ ਸਮਝਣ ਲਈ ਅਸਾਨੂੰ ਨੀਲੇ ਕੱਪੜਿਆਂ ਵਾਲੇ ਭੁਝੰਗੀ ਗੁਰਬਖਸ਼ ਸਿੰਘ ਨਿਹੰਗ ਦੀ ਕਥਾ ਚਿਤਾਰਨ ਦੀ ਲੋੜ ਹੈ । ਇਹ ਖੇਮਕਰਨ ਨੇੜੇ ਲੀਲ ਪਿੰਡ ਵਿੱਚ ਪੈਦਾ ਹੋਏ ਸਨ ਅਤੇ ਇਹਨਾਂ ਭਾਈ ਮਨੀ ਸਿੰਘ ਜੀ ਪਾਸੋ ਅੰਮ੍ਰਿਤ ਛਕਿਆ ਸੀ । ਪੰਥ ਪ੍ਰਕਾਸ਼ ਦੇ ਕਰਤਾ ਅਨੁਸਾਰ ਜ਼ਮਾਨਾ ਉਹਨਾਂ ਨੂੰ 'ਹਠੀ ਜਤੀ ਔ ਤਪੀ, ਦਾਤਾ ਪੂਰਾ ਸੂਰਾ' ਕਰਕੇ ਜਾਣਦਾ ਸੀ । ਉਹਨਾਂ ਦੀ ਮੁਰਦਾ ਰੂਹਾਂ ਵਿਚ ਜਾਨ ਪਾਉਣ ਵਾਲੀ ਸ਼ਹੀਦੀ ੧ ਦਿਸੰਬਰ ੧੭੬੪ ਈਸਵੀ ਨੂੰ ਅਹਿਮਦਸ਼ਾਹ ਅਬਦਾਲੀ ਦੇ ਸੱਤਵੇਂ ਹੱਲੇ ਦੌਰਾਨ ਹੋਈ ਸੀ ।
ਅਬਦਾਲੀ, ਜਵਾਹਰ ਮੱਲ ਜਾਟ ਦੇ ਖ਼ਿਲਾਫ, ਨਜੀਬ ਖ਼ਾਂ ਦੀ ਮੱਦਦ ਵਾਸਤੇ ਆਇਆ ਹੋਇਆ ਸੀ । ਇਕ ਦਿਨ ਰਹਿਰਾਸ ਵੇਲੇ ਗੁਰੂ ਚਰਨਾਂ ਵਿੱਚ ਜੁੜੇ ਸਿੰਘਾਂ ਨੂੰ ਖ਼ਬਰ ਮਿਲੀ ਕਿ ਅਬਦਾਲੀ ਉਹਨਾਂ ਉਤੇ ਹਮਲਾ ਕਰਨ ਲਈ ਲਹੌਰੋਂ ਚਲ ਚੁੱਕਾ ਹੈ । ਡਟ ਕੇ ਰੜੇ ਮੈਦਾਨ ਵਿੱਚ ਮੁਕਾਬਲਾ ਕਰਨਾ ਮੁੱਠੀ ਭਰ ਸਿੰਘਾਂ ਵਾਸਤੇ ਕਿਸੇ ਪੱਖੋਂ ਵੀ ਯੁੱਧ ਨੀਤੀ ਨਹੀਂ ਸੀ । ਏਸ ਲਈ ਫ਼ੈਸਲਾ ਕੀਤਾ ਗਿਆ ਕਿ ਖ਼ਾਲਸਾ ਹਰਨ ਹੋ ਜਾਵੇ ਅਤੇ ਆਸੇ ਪਾਸੇ ਹੋ ਕੇ ਮੁਸੀਬਤ ਨੂੰ ਟਾਲ ਦੇਵੇ । ਗੁਰਮਤਾ ਪ੍ਰਵਾਨ ਹੋਣ ਤੋਂ ਬਾਅਦ ਭਾਈ ਗੁਰਬਖ਼ਸ਼ ਸਿੰਘ ਉਠ ਖੜੇ ਹੋਏ ਅਤੇ ਬੇਨਤੀ ਕੀਤੀ ਕਿ ਉਹਨਾਂ ਦੇ ਮਨ ਵਿਚ ਗੁਰੂ ਦੇ ਦੁਆਰ ਸ਼ਹੀਦ ਹੋਣ ਦੀ ਤੀਬਰ ਇਛਾ ਹੈ । ਏਸ ਲਈ ਪੰਥ ਗੁਰਮਤਾ, ਉਹਨਾਂ ਸਿੰਘਾਂ ਉਤੇ ਲਾਗੂ ਨਾ ਕਰੇ ਜੋ ਇਹ ਇਛਾ ਰੱਖਦੇ ਹਨ । ਪ੍ਰਵਾਨਗੀ ਮਿਲਣ ਤੇ ਉਹਨਾਂ ਨੇ ਇਉਂ ਵੰਗਾਰ ਪਾਈ :
ਉਹੈ ਕੋਈ ਸਿੰਘ ਇਸ ਪੰਥ ਮਝਾਰ ।
ਲਾਇ ਸੀਸ ਕਰੇ ਦਰਗਾਹ ਪੁਕਾਰ
ਸੋ ਪੁਕਾਰ ਉਸ ਮੰਨੇ ਕਰਤਾਰ ।
ਹਠੀਆਂ ਤਪੀਆ ਜਪੀਆ ਜੋਇ ।
ਰਹਿਤਵਾਨ ਸਚਿਆਰ ਵੀ ਹੋਇ ।
ਪਰਸਵਾਰਥ ਹਿੱਤ ਦੇਹਿ ਸੁ ਲਾਵੈ ।
ਵਾਂਗ ਤਾਰੂ ਸਿੰਘ ਤੁਰਕਨ ਗਲਾਵੈ ।
ਉਹਨਾਂ ਦੀ ਪੁਕਾਰ ਹਰ ਸਿੰਘ ਦੇ ਦਿਲ ਨੁੰ ਟੁੰਬ ਗਈ ਪ੍ਰੰਤੂ ਅੰਤ ਵਿਚ ਕੇਵਲ ਤੀਹਾਂ ਨੂੰ ਹੀ ਗੁਰਮਤੇ ਦੀ ਛੋਟ ਦਿੱਤੀ ਗਈ । ਇਹ ਸਿੰਘ ਬੜੇ ਚਾਅ ਨਾਲ ਸ਼ਹੀਦੀ ਦੀ ਤਿਆਰੀ ਵਿਚ ਰੁਝ ਗਏ । ਸ਼ਹੀਦੀ ਵਾਲੇ ਦਿਨ ਇਹਨਾਂ ਨੇ ਇਸ਼ਨਾਨ ਕਰ ਕੇ ਨੀਲੇ, ਸਫੈ ਅਰ ਕੇਸਰੀ ਬਾਣੇ ਸਜਾਏ । ਉਹ ਸਰੀਰਾਂ ਉਤੇ ਅਤਰ ਅੰਬੀਰ ਆਦਿ ਲਾ ਕੇ ਫੁਲਾਂ ਦੇ ਸਿਹਰੇ ਸਜਾ ਕੇ ਸ਼ਹੀਦ ਹੋਣ ਲਈ ਇਉਂ ਤਿਆਰ ਹੋਏ ਜਿਵੇਂ ਕੋਈ ਲਾੜਾ ਸ਼ਗਨਾਂ ਦੇ ਗਾਨੇ ਬੰਨ੍ਹ ਕੇ ਲਾੜੀ ਵਰਨ ਲਈ ਜਾਂਦਾ ਹੈ ।
ਤੀਹ ਹਜ਼ਾਰ ਫੌਜ ਸਮੇਤ ਕੂਚ ਕਰਦੇ ਹੋਏ ਅਹਿਮਦਸ਼ਾਹ ਨੇ ਬੱਤੀ ਮੀਲ ਦੇ ਫ਼ਾਸਲੇ ਨੂੰ ਤਿੰਨ ਦਿਨਾਂ ਵਿਚ ਤੈਅ ਕੀਤਾ ਅਤੇ ਚੌਥੇ ਦਿਨ ਅੰਮ੍ਰਿਤਸਰ ਦੀ ਪਾਕ ਹਦੂਦ ਵਿਚ ਦਾਖ਼ਲ ਹੋਇਆ । ਉਹ ਦਰਬਾਰ ਸਾਹਿਬ ਵੱਲ ਵਧਿਆ ਜਿੱਥੇ ਕਿ ਉਸ ਦੀਆਂ ਅੱਖਾਂ ਦੇ ਸਾਹਮਣੇ ਹੀ ਉਸਦਾ ਆਪਣਾ ਇਖਲਾਕੀ ਨੜੋਆ ਤੀਹ ਸਿੰਘਾਂ ਦੇ ਚਰਨਾਂ ਦੀ ਖ਼ਾਕ ਵਿੱਚ ਰੁਲਣਾ ਸੀ । ਜੰਗਨਾਮਾ ਲਿਖਣ ਵਾਲਾ ਕਾਜ਼ੀ ਨੂਰ ਮੁਹੰਮਦ, ਜੋ ਏਸ ਮੁਹਿੰਮ ਵਿੱਚ ਅਬਦਾਲੀ ਦਾ ਹਮਰਕਾਬ ਸੀ, ਲਿਖਦਾ ਹੈ ਕਿ ਇਹਨਾਂ ਤੀਹ ਬੱਬਰ ਸ਼ੇਰਾਂ ਦੇ ਦਮਕਦੇ ਚਿਹਰਿਆਂ ਉਤੇ 'ਨਾ ਕਤਲੇਆਮ ਦਾ ਡਰ ਸੀ, ਨਾ ਮੌਤ ਦਾ ਭੈਅ' । ਇਉਂ ਇਹਨਾਂ ਤੀਹ ਸਨਮੁਖ ਸਿੰਘਾਂ ਨੇ ਜੁਗੋ ਜੁਗ ਅਟੱਲ ਸ੍ਰੀ ਅਕਾਲ ਤਖ਼ਤ ਅਤੇ ਭਗਤੀ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਦੇ ਸਾਂਝੇ ਅਹਾਤੇ ਵਿਚ ਮੌਤ ਨੂੰ ਠੱਠਾ ਕਰਦਿਆਂ ਸੂਰਮਗਤੀ ਪ੍ਰਾਪਤ ਕੀਤੀ । ਸ਼ਹੀਦੀ ਪ੍ਰਾਪਤ ਕਰਨ ਨਾਲ ਇਹਨਾਂ ਲਈ ਗੁਰੂ ਦਰਬਾਰ ਦੇ ਬੂਹੇ ਖੁਲ੍ਹ ਗਏ ਅਤੇ ਉਹ ਪੁਕਾਰ ਕਰਨ ਦੀ ਇਜਾਜ਼ਤ ਮਿਲ ਗਈ ਜਿਸ ਦੀ ਤਮੰਨਾ ਲੈ ਕੇ ਇਹਨਾਂ ਨੇ ਸੀਸ ਲਾਇਆ ਸੀ । ਓਥੇ ਉਹਨਾਂ ਦੀ ਪੁਕਾਰ ਇਹ ਸੀ :
ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹਿ ।
ਦਖਣੀ ਪੱਛਮੀ ਕਿਮ ਲੈ ਜਾਹਿ ।
ਬਚਨ ਸਿੰਘ ਸੁਨ ਗੁਰ ਖੁਸ਼ ਭਏ ।
'ਤਥਾ ਅਸਤ' ਸਤਿਗੁਰ ਬਚ ਕਹੇ ।
ਗੁਰਬਖਸ਼ ਸਿੰਘ ਸ਼ਹੀਦ ਅਤੇ ਉਹਨਾਂ ਦੇ ਸਾਥੀਆਂ ਦੀਆਂ ਸ਼ਹੀਦੀਆਂ ਤੋਂ ਜ਼ਾਹਿਰ ਹੈ ਕਿ ਸ਼ਹੀਦੀ ਉਹੋ ਹੀ ਲੋਚ ਸਕਦਾ ਹੈ ਜੋ ਪੂਰਨ ਰਹਿਤਵਾਨ, ਨਿਰਵੈਰ, ਸਚਿਆਰ ਅਤੇ ਪਰਉਪਕਾਰੀ ਹੋਵੇ । ਸ਼ਹੀਦੀ ਵਾਸਤੇ ਮਨ ਵਿੱਚ ਚਾਅ ਅਤੇ ਖੇੜਾ ਜਰੂਰੀ ਹੈ, ਜਿਵੇਂ ਇਨ੍ਹਾਂ ਦੇ ਮਨਾਂ ਵਿਚ ਗੁਰੂ ਦਰਬਾਰ ਦੇ ਦਰਸ਼ਣਾਂ ਦਾ ਅਤੇ ਗੁਰੂ ਦੇ ਸਾਹਮਣੇ ਪੁਕਾਰ ਕਰਨ ਦਾ ਚਾਅ ਸੀ । ਸ਼ਹੀਦ ਉਹ ਹੈ ਜੋ ਮੋਰ ਵਾਂਗ ਪੈਲ ਪਾਉਂਦਾ ਤੇਗ਼ ਦੇ ਜੌਹਰ ਵਿਖਾਵੇ । ਜਿਸ ਧੱਜ ਸੇ ਕੋਈ ਮਕਤਲ ਮੇਂ ਗਯਾਂ, ਵੁਹ ਸ਼ਾਨ ਸਲਾਮਤ ਰਹਿਤੀ ਹੈ । ਯਹ ਜਾਨ ਤੋਂ ਆਨੀ ਜਾਨੀ ਹੈ ਇਸ ਜਾਂ ਕੀ ਤੋ ਕੋਈ ਬਾਤ ਨਹੀਂ । ਹਰ ਸ਼ਹੀਦੀ ਖ਼ਾਲਸੇ ਦੀ ਬਾਦਸ਼ਾਹੀ ਦੀ ਸਥਾਪਨਾ ਵਾਸਤੇ ਦਿਤੀ ਜਾਂਦੀ ਰਹੀ । ਰਾਜਸੀ ਸ਼ਕਤੀਆਂ ਸਿਰਜਣ ਵਾਲੇ ਗੁਰੂ ਪ੍ਰਮੇਸ਼ਰ ਦੇ ਦਰਬਾਰ ਵਿੱਚ ਸ਼ਹੀਦ ਦਾ ਮੌਜੂਦ ਹੋਣਾ ਹੀ ਪੱਕੀ ਗਵਾਹੀ ਹੈ ਕਿ ਸੰਸਾਰ ਦੇ ਸਬੰਧਤ ਖਿਤੇ ਵਿੱਚ ਰਾਜਸੀ ਨਿਜ਼ਾਮ ਭਰਿਸ਼ਟਿਆ ਜਾ ਚੁਕਾ ਹੈ ਅਤੇ ਧਰਮ ਕਰਮ ਅਸਲੋਂ ਸੰਭਵ ਨਹੀਂ । ਆਪਣੀ ਉੱਮਤ ਨੂੰ ਧਰਮ ਦੇ ਰਾਹ ਚਲਦਿਆਂ ਖੇੜੇ ਖੁਸ਼ੀਆਂ ਦਾ ਜੀਵਨ ਬਤੀਤ ਕਰਦੇ ਦੇਖਣ ਦਾ ਚਾਹਵਾਨ ਪ੍ਰਮਾਤਮਾ, ਸੰਸਾਰ ਸਿਰਜਣ ਦੇ ਆਸ਼ੇ ਦਾ ਵਿਰੋਧ ਅਤੇ ਮਨੁੱਖੀ ਜੀਵਨ ਦੇ ਮਨੋਰਥ ਦਾ ਅੰਤ ਹੁੰਦਾ ਵੇਖ ਕੇ, ਤੁਰੰਤ ਨਕਾਰਾ ਰਾਜਸੀ ਸ਼ਕਤੀ ਨੂੰ ਸੱਤਾਹੀਣ ਕਰ ਕੇ ਨਵੇਂ ਨਿਜ਼ਾਮ ਦੀਆਂ ਜੜ੍ਹਾਂ ਪੱਕੀਆਂ ਕਰ ਦੇਂਦਾ ਹੈ । ਇੰਨ ਬਿੰਨ ਇਹੋ ਸਿਧਾਂਤ ਸਾਨੂੰ ਉਸ ਗੁਰਮਤੇ ਵਿਚ ਮਿਲਦਾ ਹੈ ਜੋ ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਨੇ ਕੀਤਾ ਸੀ । ਅਬ ਈਹਾਂ ਕਿਛੁ ਦੰਗਾ ਮਚਾਈਐ, ਤੁਰਕਨ ਸਿਰ ਦੇ ਝੂਠੇ ਕਰਾਈਏ । ਫਿਰ ਖ਼ਾਲਸੇ ਕੀ ਚਰਚਾ ਹੋਇ, ਪਾਤਸ਼ਾਹੀ ਦਾਵਾ ਚਾਹੇ ਜੋਇ । ਸ਼ਹੀਦੀ ਤੋਂ ਉਪਰੰਤ ਸ਼ਹੀਦ ਦੇ ਧਰਮ ਭਰਾਵਾਂ, ਸਹਿਯੋਗੀਆਂ, ਹਮਦਰਦਾਂ, ਪੈਰੋਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਜੜ੍ਹਾਂ ਤੋਂ ਪੁਟੀ ਜਾ ਚੁੱਕੀ ਖੋਖਲੀ ਸ਼ਕਤੀ ਦਾ ਖੁਰਾ-ਖੋਜ ਮਿਟਾ ਦੇਣ । ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਹਜ਼ੂਰ ਦਸਵੇਂ ਪਾਤਸ਼ਾਹ ਨੇ ਕਾਹੀ ਦੇ ਬੂਟੇ ਨੂੰ ਤੀਰ ਨਾਲ ਜੜੋਂ ਉਖੇੜ ਕੇ ਇਹੋ ਸਿਧਾਂਤ ਪ੍ਰਗਟ ਕੀਤਾ ਸੀ । ਏਸੇ ਲਈ ਸੱਚੇ ਪਾਤਸ਼ਾਹ ਹਜ਼ੂਰ ਨੇ ਮੁਗ਼ਲ ਰਾਜ ਦੀਆਂ ਸਫ਼ਾਂ ਵਲੇਟਣ ਦਾ ਕਾਰਜ ਸਿੰਘਾਂ ਨੂੰ ਨਾਂਦੇੜ ਵਿੱਚ ਸੌਂਪਿਆ ਸੀ । ਬੰਦਾ ਸਿੰਘ ਬਹਾਦਰ ਦੇ ਸ਼ੰਕੇ ਦੀ ਨਵਿਰਤੀ ਕਰਦਿਆਂ, ਆਪ ਨੇ ਫ਼ਰਮਾਇਆ ਸੀ ਕਿ ਮੁਗਲਾਂ ਦੀ ਚੀਰੀ ਹੁਣ ਦਰਗਾਹ ਵਿੱਚ ਪਾਟ ਚੁੱਕੀ ਹੈ (ਜਿਨਕੀ ਚੀਰੀ ਦਰਗਾਹ ਪਾਟੀ ਤਿਨਾ ਮਰਣਾ ਭਾਈ) ।
ਇਸ ਵਿੱਚ ਰੰਚਕ ਮਾਤਰ ਸ਼ੱਕ ਨਹੀਂ ਕਿ ਸਿੱਖੀ ਵਿਚ ਸ਼ਹਾਦਤ ਪ੍ਰਾਪਤ ਕਰਨ ਦਾ ਮੁਢਲਾ ਅਤੇ ਇਕੋ ਇੱਕ ਮੰਤਵ ਖ਼ਾਲਸੇ ਦੀ ਰਾਜਸੀ ਸ਼ਕਤੀ ਸਥਾਪਤ ਕਰਨਾ ਹੁੰਦਾ ਹੈ ਤਾਂ ਕਿ ਜ਼ਾਤ ਪਾਤ, ਧਰਮ ਕਰਮ, ਰੰਗ ਰੂਪ ਆਦਿ ਦੇ ਭਰਮ ਭੇਦ ਨੂੰ ਭੁਲਾ ਕੇ ਸਾਰੇ ਮਨੁੱਖ ਸਰਬ ਸਾਂਝੇ ਰਾਜ ਵਿੱਚ ਸੁਖੀ ਰਹਿ ਸਕਣ ਅਤੇ ਆਪਣੇ ਅਕੀਦਿਆਂ ਅਨੁਸਾਰ ਪ੍ਰਮਾਤਮਾਂ ਦੀ ਪੂਜਾ ਬੇਖ਼ੌਫ ਕਰ ਸਕਣ । ਕਿਸੇ ਨੂੰ ਅਜਾਈਂ ਮੌਤ ਮਰਨ ਦਾ ਡਰ ਨਾ ਰਹੇ ਅਤੇ ਸਭ ਇਸਤ੍ਰੀ ਪੁਰਸ਼ ਨਿਡਰ ਹੋ ਵਿਚਰਨ, ਐਸੇ ਰਾਜ ਵਿਚ, ਜੋ ਮੁਕੰਮਲ ਤੌਰ ਉਤੇ ਧਰਮ ਨਿਰਪੱਖ ਹੋਵੇ, ਪ੍ਰੰਤੂ ਟੀਸੀ ਤੋਂ ਲੈ ਕੇ ਜੜ੍ਹਾਂ ਤੱਕ ਧਰਮ ਵਿੱਚ ਰੰਗਿਆ ਹੋਵੇ।
ਭਾਈ ਮਨੀ ਸਿੰਘ ਵਰਗੇ ਬਜ਼ੁਰਗ ਸੰਤ ਨੂੰ ਮੁਗ਼ਲ ਰਾਜ ਦੀਆਂ ਜੜ੍ਹਾਂ ਗਾਲਣ ਵਾਸਤੇ ਸ਼ਹੀਦੀ ਦੇਣੀ ਪਈ, ਕਿਉਂਕਿ ਅਨਿਆਂ ਉਤੇ ਅਧਾਰਤ ਜ਼ਾਲਮ ਨਿਜ਼ਾਮ ਵਿੱਚ ਅਣਖ ਦਾ ਜੀਵਨ, ਜਿਸ ਦਾ ਸਾਰਾ ਮਨੁੱਖ ਮਾਤਰ ਅਧਿਕਾਰੀ ਹੈ, ਉੱਕਾ ਸੰਭਵ ਨਹੀਂ ਸੀ । ਉਹ ਅਤੇ ਉਹਨਾਂ ਵਰਗੇ ਅਨੇਕ ਸਿੰਘ ਸਿਰ ਦੇ ਕੇ ਸਾਬਤ ਕਰ ਗਏ ਕਿ ਉਹ ਮੁਗਲ ਰਾਜ, ਜਿਸ ਵਿਚ ਹਠੀਆਂ, ਜਪੀਆਂ ਤਪੀਆਂ ਪਰਉਪਕਾਰੀ ਸੰਤਾਂ ਦੀਆਂ ਖੋਪਰੀਆਂ ਉਤਾਰੀਆਂ ਜਾਂਦੀਆਂ ਹਨ, ਬਦਲਣ ਦੇ ਕਾਬਲ ਹੈ । ਏਵੇਂ ਉਹਨਾਂ ਦੇ ਲਹੂ ਦੀ ਲਲਕਾਰ ਨੂੰ ਪੰਥ ਨੇ ਸਮਝਿਆ ਅਤੇ ਸ਼ਹੀਦੀਆਂ ਤੋਂ ਪ੍ਰਭਾਵਿਤ ਹੋ ਕੇ ਅਜੇਹਾ ਖੰਡਾ ਖੜਕਾਇਆ ਕਿ ਤਾਜਾਂ ਦਾ ਮੀਂਹ ਖ਼ਾਲਸੇ ਦੇ ਘੋੜਿਆਂ ਦੀਆਂ ਕਾਠੀਆਂ ਦੇ ਹੰਨਿਆਂ ਉਤੇ ਵਰਨ੍ਹ ਲੱਗਾ ।
ਅੰਗਰੇਜ਼ ਰਾਜ ਵਿਚ ਗ਼ੁਲਾਮੀ ਦੇ ਪਿੰਜਰੇ ਦੀ ਘੁਟਨ ਸਭ ਤੋਂ ਪਹਿਲਾਂ ਕੂਕੇ ਸਿੰਘਾਂ ਨੇ ਮਹਿਸੂਸ ਕੀਤੀ । ਤੋਪਾਂ ਦੇ ਮੂੰਹਾਂ ਸਾਹਮਣੇ ਖੜੋ ਕੇ ਉਹਨਾਂ ਦਾ ਐਲਾਨ ਸੀ, ਅਸੀਂ ਏਥੋਂ ਦੇ ਸ਼ਹਿਨਸ਼ਾਹ ਹਾਂ, ਸਾਡਾ ਹੁਕਮ ਏਥੇ ਚਲੇਗਾ। ਰਾਜ ਅਸਾਡਾ ਤੇ ਕੁਰਸੀ ਅਸਾਡੀ। ਗੁਲਾਮੀ ਨੂੰ ਅਸਿਹ ਤਸੱਵਰ ਕਰਕੇ ਸਵੈਮਾਣ ਦੇ ਜੀਵਨ ਨੂੰ ਅਸੰਭਵ ਜਾਣ ਕੇ ਰਾਜ ਪਲਟਾ ਲਿਆਉਣ ਲਈ ਸ਼ਹੀਦੀਆਂ ਦੇਣ ਵਾਲੇ ਸੈਕਂੜੇ ਸਿੰਘਾਂ ਦਾ ਅੰਸ਼ਕ ਰੂਪ ਵਿਚ ਜ਼ਿਕਰ ਅਸੀਂ ਨਿੱਤ ਆਪਣੀ ਅਰਦਾਸ ਵਿਚ ਕਰਦੇ ਹਾਂ । ਇਹਨਾਂ ਸਿੰਘਾਂ ਨੇ ਗੋਲੀਆਂ ਖਾ ਕੇ, ਡਾਗਾਂ ਸਹਿ ਕੇ, ਗੱਡੀਆਂ ਅੱਗੇ ਸਿਰ ਦੇ ਕੇ ਇਹ ਸਾਬਤ ਕੀਤਾ ਕਿ ਜ਼ਾਲਮ ਅੰਗਰੇਜ਼ਾਂ ਨੂੰ ਰਾਜ ਕਰਨ ਦਾ ਕੋਈ ਹੱਕ ਨਹੀਂ। ਸਿੰਘਾਂ ਨੇ ਸਿਰ ਦੇ ਕੇ ਆਜ਼ਾਦੀ ਦੀ ਅਸਲ ਲੜਾਈ ਲੜੀ ।
ਸਰਹਿੰਦ ਦੀਆਂ ਨੀਹਾਂ ਵਿੱਚੋਂ ਉਗਮਿਆ, ਉਬਲਦੀਆ ਦੇਗਾਂ ਵਿਚ ਕੜ੍ਹਿਆ, ਡਾਂਗਾਂ ਦੀਆਂ ਸੰਮਾਂ ਦੀ ਛਾਵੇਂ ਪਲਿਆ ਸ਼ਹਾਦਤ ਸਬੰਧੀ ਸਿੱਖੀ ਦਾ ਇਹ ਅਸੂਲ ਸਦਾ ਧਰੂ ਤਾਰੇ ਵਾਂਗ ਚਮਕਦਾ ਰਿਹਾ । ਰੰਬੀਆਂ ਏਸ ਨੂੰ ਕੱਟ ਨਾ ਸਕੀਆਂ, ਚਰਖੀਆਂ ਦੇ ਦੰਦੇ ਏਸ ਕੋਲ ਆਉਂਦਿਆਂ ਹੀ ਖੁੰਢੇ ਹੋ ਗਏ । ਪਰ ਜਾਪਦਾ ਇਉਂ ਹੈ ਕਿ ਗਾਂਧੀ ਦੇ ਚਰਖੇ ਦੀ ਘੂਕਰ ਨੇ ਏਸ ਨੂੰ ਤਰੰਗੇ ਦਾ ਕੱਫ਼ਣ ਪਾ ਕੇ ਸਦਾ ਦੀ ਨੀਂਦ ਸੁਆ ਦਿੱਤਾ ਹੈ । ਵੱਡੇ ਸਹਿਬਜ਼ਾਦਿਆਂ ਦੇ ਪਾਕ ਖੂਨ ਨਾਲ ਚਮਕੌਰ ਦੀ ਗੜ੍ਹੀ ਦੀਆਂ ਕੰਧਾਂ ਉਤੇ ਉਕਰਿਆ ਇਹ ਅਸੂਲ ਅੱਜ ਕੌਮੀ ਯਾਦਦਾਸ਼ਤ ਦੀਆਂ ਹਨੇਰੀਆਂ ਗੁਫ਼ਾਵਾਂ ਵਿਚ ਉਸਲਵੱਟ ਲੈ ਰਿਹਾ ਹੈ ।
ਨਿੱਤ ਸੁਣਦੇ ਹਾਂ ਪੂਰਾਂ ਦੇ ਪੂਰ ਰਹਿਤਵਾਨ ਸੰਤਾਂ ਸਿੰਘਾਂ ਬਾਰੇ, ਜੋ ਮੁਕਾਬਲਿਆਂ ਵਿੱਚ ਸ਼ਹੀਦ ਹੋ ਚੁਕੇ ਹਨ। ਪ੍ਰੰਤੂ ਜਾਪਦਾ ਹੈ ਕਿ ਜੱਸਾ ਸਿੰਘ, ਕਪੂਰ ਸਿੰਘ ਅਤੇ ਮਹਾਂ ਸਿੰਘ ਦਾ ਖ਼ੂਨ ਕੌਮ ਦੀਆਂ ਰਗ਼ਾਂ ਵਿਚੋਂ ਸੁੱਕ ਚੁਕਾ ਹੈ, ਕਿਉਂਕਿ ਕਦੇ ਨਾਅਰਾ ਨਹੀਂ ਲਗਦਾ ਕਿ ਰੱਤ ਪੀਣੀ ਸਰਕਾਰ ਨਹੀਂ ਰਹਿਣੀ, ਅਤੇ ਹੁਣ ਰਾਜ ਕਰਨ ਦਾ ਕੇਵਲ ਖ਼ਾਲਸਾ ਹੀ ਅਧਿਕਾਰੀ ਹੈ । ਕੋਈ ਨਹੀਂ ਕਹਿੰਦਾ ਕਿ ਜਿਨ੍ਹਾਂ ਨੂੰ ਖਾਲਸੇ ਨੇ ਬੇਓੜਕ ਕੁਰਬਾਨੀਆਂ ਦੇ ਕੇ ਤਖ਼ਤ ਉਤੇ ਬਿਠਾਇਆ ਸੀ, ਉਹ ਹੁਣ ਸਿੰਘਾਂ ਦੀ ਰੱਤ ਦੇ ਬੇਅੰਤ ਪਿਆਸੇ ਹਨ ਤਾਂ ਹੁਣ ਇਹ ਨਿਜ਼ਾਮ ਬਦਲਣਾ ਪੈਣਾ ਹੈ । ਗਾਂਧੀ ਦਾ ਤਾਂ ਫ਼ਰਜ ਬਣਦਾ ਹੀ ਸੀ ਕਿ ਉਹ ਸਾਡੇ ਸਾਰੇ ਅਸੂਲਾਂ ਨੂੰ ਖ਼ੱਦਰ ਦੀਆਂ ਚਾਦਰਾਂ ਵਿਚ ਬੰਨ੍ਹ ਬੰਨ੍ਹ ਕੇ ਅਤੀਤ ਕਾਲ ਦੇ ਬੇਅੰਤ ਸਾਗਰਾਂ ਵਿਚ ਰੋੜ੍ਹ ਦਿੰਦਾ, ਪ੍ਰੰਤੂ ਕੀ ਤਲਵਾਰਾਂ ਦੀ ਛਾਵੇਂ ਪਲੇ, ਗੁਰੂ ਹਜ਼ੂਰ ਨੌਵੇਂ ਪਾਤਸ਼ਾਹ ਦੀ ਦੇਹਲੀ ਤੇ ਸਿਜਦਾ ਕਰਨ ਵਾਲੇ ਸਾਡੇ ਆਪਣੇ ਆਗੂਆਂ ਦਾ ਵੀ ਇਹ ਕਿਰਦਾਰ ਹੋਣਾ ਚਾਹੀਦਾ ਹੈ ਕਿ ਉਹ ਸਾਡੇ ਹੱਥ ਪੈਰ ਬੰਨ੍ਹ ਕੇ, ਕੁਰਬਾਨੀ ਦੇ ਬੱਕਰੇ ਬਣਾ ਬਣਾ ਕੇ, ਕਦੇ ਨਹਿਰੂ ਤੇ ਕਦੇ ਉਸਦੀ ਧੀ ਅੱਗੇ ਸੁੱਟਦੇ ਰਹਿਣ ਅਤੇ ਸਾਨੂੰ ਮੁਕੰਮਲ ਰਾਜਸੀ ਸੱਤਾ ਲੈਣ ਦੇ ਰਾਹ ਤੋਂ ਸਿਰ ਪਰ ਹੋ ਕੇ ਵਰਜਦੇ ਰਹਿਣ ਅਤੇ ਸੂਬੇਦਾਰੀਆਂ ਨੂੰ ਰਾਜ ਭਾਗ ਆਖ ਆਖ ਕੇ ਸਾਨੂੰ ਪਰਚਾਉਂਦੇ ਰਹਿਣ ?
ਹਮ ਰਾਖਤ ਪਾਤਸ਼ਾਹੀ ਦਾਵਾ ।
ਜਾਂ ਇਤ ਕੋ ਜਾਂ ਅਗਲੋ ਪਾਵਾ ।
ਜੋ ਸਤਿਗੁਰ ਸਿਖਨ ਕਈ ਬਾਤ ।
ਹੋਗੁ ਸੋਈ ਨਹਿੰ ਖਾਲੀ ਜਾਤ ॥
ਧਰੂ ਵਿਧਰਤ ਔ ਧਵਲ ਡੁਲਾਇ ।
ਸਤਿਗੁਰ ਬਚਨ ਨਾ ਖਾਲੀ ਜਾਇ ॥
ਹਮ ਪਾਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਇ॥
ਜਹਿੰ ਜਹਿੰ ਬਹੈਂ ਜ਼ਮੀਨ ਮਲ ਤਹਿੰ ਤਖ਼ਤ ਬਨਾਇ॥
ਸਮਕਾਲੀਆਂ ਅਨੁਸਾਰ ਸਾਹਿਬ ਨੌਵੇਂ ਪਾਤਸ਼ਾਹ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਹਜ਼ੂਰ ਦਸਵੇਂ ਪਾਤਸ਼ਾਹ ਨੇ ਦਿੱਲੀ ਦੇ ਸ਼ਹਿਨਸ਼ਾਹ ਨੂੰ ਲਿਖਿਆ ਸੀ, ਮੈਂ ਤੇਰੇ ਘੋੜਿਆਂ ਦੇ ਖੁਰਾਂ ਹੇਠ ਅਜਿਹੀ ਅੱਗ ਬਾਲਾਂਗਾ ਕਿ ਤੂੰ ਪੰਜਾਬ ਦੇ ਪਾਣੀਆਂ ਦਾ ਘੁਟ ਨਹੀਂ ਪੀ ਸਕੇਂਗਾ। (ਚੁਨਾਂ ਆਤਸ਼ ਜ਼ੇਰੇ ਨਾਲਤ ਨਿਹ ਜਿ ਪੰਜਾਬ ਆਬਤ ਨਾ ਖ਼ੁਰਦਨ ਦਿਹਮ) ।
No comments:
Post a Comment