ਏਨਾ ਕੁ ਤੱਥ ਜਾਣਨ ਲਈ ਧੁਰੰਦਰ ਭਾਸ਼ਾ ਵਿਗਿਆਨੀ ਹੋਣ ਦੀ ਲੋੜ ਨਹੀ' ਕਿ ਕਿਸੇ ਵੀ ਬੋਲੀ ਦੇ ਲਫਜ਼ਾਂ ਦੀ ਪਿੱਠ ਉਤੇ ਉਸ ਬੋਲੀ ਨੂੰ ਬੋਲਣ ਵਾਲਿਆਂ ਦੇ ਅਨੇਕਾਂ ਧਾਰਮਕ ਅਕੀਦੇ, ਸਭਿਆਚਾਰਕ ਕਦਰਾਂ ਕੀਮਤਾਂ, ਇਤਿਹਾਸਕ ਪਰੰਪਰਾਵਾਂ ਅਤੇ ਮਨੌਤਾਂ ਆਦਿ ਦੇ ਕਈ ਪਹਿਲੂ ਅਸਵਾਰ ਹੁੰਦੇ ਹਨ । ਹਰ ਬੋਲੀ ਵਿੱਚ ਕਈ ਸ਼ਬਦਾਂ ਨਾਲ ਅਧਿਆਤਮਕ ਜੀਵਨ ਦੇ ਕਈ ਪੱਖ, ਸਦੀਵੀ ਜੀਵਨ ਦੀਆਂ ਤਾਂਘਾਂ, ਮੁਕਤੀ ਦੇ ਸੰਕਲਪ ਅਤੇ ਪ੍ਰਮਾਤਮਾਂ ਨੂੰ ਰਿਝਾਉਣ ਦੀ ਘਾਲਣਾ ਦੇ ਸੰਕੇਤ ਇਤਿਆਦੀ ਵੀ ਰਲਗੱਡ ਹੁੰਦੇ ਹਨ । ਅਰਬੀ ਮੂਲ ਦਾ ਅਜਿਹਾ ਲਫਜ਼ ਹੈ 'ਸ਼ਹਾਦਤ'। ਪ੍ਰਮੁਖ ਤੌਰ ਉਤੇ ਸ਼ਹਾਦਤ ਦਾ ਸੰਕਲਪ ਇਸਾਈ ਮੱਤ, ਇਸਲਾਮ ਅਤੇ ਸਿੱਖ ਮੱਤ ਵਿੱਚ ਪ੍ਰਚੱਲਤ ਹੈ । ਜਦੋ'ਇਸਲਾਮੀ ਸਭਿਅਤਾ ਹਿੰਦੋਸਤਾਨ ਉਤੇ ਭਾਰੂ ਹੋਈ ਤਾਂ ਸ਼ਹੀਦ ਦਾ ਸੰਕਲਪ ਵੀ ਏਸ ਨਾਲ ਏਥੇ ਪੁੱਜਾ । ਇਸਲਾਮ ਵਿੱਚ ਵੀਹ ਕਿਸਮ ਦੀ ਮੌਤ ਮਰਨ ਵਾਲਿਆਂ ਨੂੰ ਸ਼ਹੀਦੀ ਦਰਜਾ ਮਿਲਦਾ ਹੈ । ਸੁਲਤਾਨ ਮਹਿਮੂਦ ਗਜ਼ਨੀ ਦਾ ਭਤੀਜਾ ਗਾਜ਼ੀ ਮੀਆਂ (ਸਲਾਰ ਮਸੂਦ) ਸ਼ਾਇਦ ਹਿੰਦ ਵਿੱਚ ਪਹਿਲਾ ਮੁਸਲਮਾਨ ਸ਼ਹੀਦ ਸੀ ਜੋ ਕਿ 'ਕਾਫਿਰਾਂ' ਵਿਰੁੱਧ ਜਹਾਦ ਵਿੱਚ ਮਰਿਆ । ਏਸ ਨੂੰ ਸ਼ਹੀਦੀ ਰੁਤਬਾ ਮਿਲਿਆ ਅਤੇ ਏਸਦੀ ਮਜ਼ਾਰ ਦੀ ਪੂਜਾ ਅੱਜ ਤੱਕ ਹਿੰਦੂ ਮੁਸਲਮਾਨ ਦੋਨੋ'ਕਰਦੇ ਹਨ । ਫਿਰੋਜ਼ਪੁਰ ਐਸ ਐਸ ਪੀ ਦੀ ਕੋਠੀ ਦੀ ਕੰਧ ਨਾਲ ਜਿਸ ਪੀਰ ਬਹਾਵਲ ਸ਼ਾਹ ਦਾ ਮਜ਼ਾਰ ਹੈ ਉਸ ਦੇ ਸੁਤੇ ਪਏ ਦੇ ਸਰ੍ਹਾਣੇ ਚੋਰ, ਚੋਰੀ ਦਾ ਮਾਲ ਭੇਟ ਕਰ ਗਿਆ ਸੀ ਜੋ ਮਗਰੇ ਆਉ'ਦੀ ਵਾਹਰ ਨੇ ਬਰਾਮਦ ਕਰ ਲਿਆ ਅਤੇ ਏਸ ਨੂੰ ਚੋਰ ਸਮਝ ਕੇ ਮਾਰ ਦਿੱਤਾ । ਨਾ-ਹੱਕ ਮਾਰੇ ਜਾਣ ਕਾਰਨ ਇਹ ਵੀ ਸ਼ਹੀਦ ਅਖਵਾਇਆ ਅਤੇ ਏਸਦੀ ਮਜਾਰ ਉੱਤੇ ਚੰਗੀ ਰੌਣਕ ਲਗਦੀ ਹੈ ।
ਕੌਮਾਂ ਦੇ ਸਭਿਆਚਾਰਕ ਪ੍ਰਭਾਵ ਨੂੰ ਨਸ਼ਟ ਕਰਨ ਲਈ ਅਪਣਾਇਆ ਗਿਆ ਇੱਕ ਤਰੀਕਾ ਇਹ ਵੀ ਹੈ ਕਿ ਉਸਦੇ ਨਿਰਣਾਇਕ ਅਕੀਦਿਆਂ ਨੂੰ ਪ੍ਰਗਟ ਕਰਦੇ ਸ਼ਬਦ ਅਤੇ ਨਾਂਵਾਂ ਇਤਿਆਦਿ ਨੂੰ ਨਵੇ' ਅਤੇ ਕਈ ਵਾਰੀ' ਵਿਰੋਧੀ ਅਰਥ ਪ੍ਰਦਾਨ ਕੀਤੇ ਜਾਣ । ਧਰਮਾਂ ਦੇ ਇਤਿਹਾਸ ਵਿੱਚ ਇਹ ਵਰਤਾਰਾ ਕਈ ਵਾਰ ਵਰਤਿਆ ਹੈ । ਆਰੀਆਂ ਤੋ' ਬਾਅਦ ਇਰਾਨ ਵਿੱਚ ਵਸਣ ਵਾਲੇ ਪਾਰਸੀਆਂ ਦੀਆ ਧਰਮ ਪੁਸਤਕਾਂ ਨੇ ਇੰਦ੍ਰ ਨੂੰ ਦਾਨਵ ਰੂਪ ਵਿੱਚ ਚਿਤਰਿਆ । ਹਿੰਦ ਵਿੱਚ ਆਰੀਆਂ ਨੇ ਦ੍ਰਾਵਿੜ ਸਭਿਅਤਾ ਖਤਮ ਕਰਨ ਲਈ ਰਾਵਣ ਨੂੰ ਬੁਰਾਈ ਦਾ ਪ੍ਰਤੀਕ ਬਣਾ ਧਰਿਆ । ਇਉ'ਇਤਿਹਾਸ ਵਿੱਚ ਅਨੇਕਾਂ ਦੇਵਤਿਆਂ ਦਾ ਦਾਨਵੀਕਰਣ ਹੋਇਆ ।
ਸੁਲਹ ਕੁੱਲ ਸਿੱਖ ਧਰਮ ਨੇ ਨਵੀ' ਪਿਰਤ ਪਾਈ ਜਿਸ ਨੂੰ ਭਾਈ ਗੁਰਦਾਸ ਉਲਟੀ ਗੰਗ ਵਗਾਈਅਨ ਕਹਿੰਦੇ ਹਨ । ਸਿੱਖੀ ਨੇ ਸਭਿਆਚਾਰਕ ਮਸਲਿਆਂ ਵਿੱਚ ਵਡੀਆਂ ਲਕੀਰਾਂ ਖਿਚਣ ਦੀ ਰੀਤ ਚਲਾਈ । ਕਿੳ'ਕਿ ਭਾਈ ਸੰਤੋਖ ਸਿੰਘ ਦੇ ਅਮਰ ਬਚਨਾਂ ਅਨੁਸਾਰ ਹਮ ਲੇ ਜਾਣੋ ਪੰਥ ਉਚੇਰੇ ਦਾ ਸੰਕਲਪ ਸੀ । ਨਵੇ' ਇਤਿਹਾਸਿਕ ਸੰਦਰਭ ਵਿੱਚ ਸ਼ਹਾਦਤ ਦੇ ਮੁਢਲੇ ਅਰਥਾਂ ਨੂੰ ਕਾਇਮ ਰੱਖ ਕੇ ਏਸ ਦੇ ਨਵੇ' ਪਹਿਲੂ ਸਿਰਜੇ ਗਏ ਜੋ ਕਿ ਸਮੇ' ਨਾਲ ਸਮੂਹਿਕ ਮਨੁੱਖੀ ਮਨ ਵਿੱਚ ਅਮਿੱਟ ਯਾਦਾਂ ਅਤੇ ਸ਼ਰਧਾ ਭਰਪੂਰ, ਨਿਗਰ ਬਿੰਬ ਬਣ ਕੇ ਸਮਾ ਗਏ । ਸਿੱਖਾਂ ਦੇ ਕੌਮੀ ਜੀਵਨ ਦੇ ਜੋ ਮੁਢਲੇ ਅਧਾਰ ਬਣੇ ਉਹਨਾਂ ਵਿੱਚ ਹੈ ਸ਼ਹਾਦਤ ਦਾ ਸੰਕਲਪ । ਇਹ ਨੀਹਾਂ ਏਨੀਆਂ ਪ੍ਰਪੱਕ ਹਨ ਕਿ ਹਰ ਸਿੱਖ ਰੋਜ ਇਕ ਤੋ' ਵੱਧ ਵਾਰੀ ਸ਼ਹੀਦਾਂ ਮੁਰੀਦਾਂ, ਹਠੀਆਂ ਨੂੰ ਅਰਦਾਸ ਵਿੱਚ ਚਿਤਾਰਦਾ ਹੈ ਅਤੇ ਉਸ ਯਾਦ ਤੋ' ਇਤਿਹਾਸ ਸਿਰਜਣ ਦੀ ਅਥਾਹ ਸ਼ਕਤੀ ਹਾਸਲ ਕਰਦਾ ਹੈ ।
ਸਿੱਖਾਂ ਦੇ ਦੋਸਤ ਨਹੀ' ਜਾਣਦੇ ਪ੍ਰੰਤੂ ਵਿਰੋਧੀ ਸਪਸ਼ਟ ਹਨ ਕਿ ਏਸ ਬਿੰਬ ਦਾ ਤਿੜਕ ਜਾਣਾ ਸਿੱਖ ਕੌਮੀ ਜੀਵਨ ਲਈ ਬੇਹੱਦ ਘਾਤਕ ਸਿੱਧ ਹੋ ਸਕਦਾ ਹੈ ।
ਜ਼ਾਹਰ ਹੈ ਕਿ ਹਿੰਦੋਸਤਾਨਿਆਂ ਵਿੱਚੋ' ਸ਼ਹੀਦੀ ਪ੍ਰੰਪਰਾਂ ਨੂੰ ਨਵੇ' ਨਰੋਏ ਰੂਪ ਵਿੱਚ ਕੇਵਲ ਅਤੇ ਕੇਵਲ ਸਿੱਖਾਂ ਨੇ ਹੀ ਅਪਣਾਇਆ ਸੀ ਅਤੇ ਅੱਜ ਤੱਕ ਇਹ ਏਸ ਦੇ ਵਾਹਦ ਪੈਰੋਕਾਰ ਚਲੇ ਆਉ'ਦੇ ਹਨ । ਕਿਸੇ ਵੀ ਲੇਖੇ ਜੋਖੋ ਅਨੁਸਾਰ ਸ਼ਹਾਦਤ ਦਾ ਦਰਜਾ ਪ੍ਰਾਪਤ ਕਰਨ ਵਾਲੇ ਸਭ ਤੋ' ਵੱਧ ਸਿੱਖ ਹੀ ਹਨ । ਏਸ ਲਈ ਏਸ ਸ਼ਬਦ ਦੀ ਵਿਆਖਿਆ ਅਤੇ ਏਸ ਦਾ ਪ੍ਰੀਭਾਸ਼ਾ ਨਿਰਧਾਰਨ ਕੇਵਲ ਸਿੱਖ ਅਕੀਦਿਆਂ, ਸਿੱਖ-ਇਤਿਹਾਸ ਅਤੇ ਪੰਰਪਰਾ ਦੇ ਸੰਦਰਭ ਵਿੱਚ ਹੋ ਸਕਦਾ ਹੈ । ਸ਼ਹੀਦ ਸ਼ਬਦ ਦੇ ਓਹੋ ਅਰਥ ਜਾਇਜ਼ ਹਨ ਜਿਨ੍ਹਾਂ ਨੂੰ ਕਾਇਮ ਰੱਖਣ ਲਈ ਮਹਾਂ ਪਰਉਪਕਾਰੀ ਖਾਲਸਾ ਪੰਥ ਦੇ ਅਨੇਕਾਂ ਕਾਫਲੇ ਏਸ ਰਾਹ ਉਤੋ' ਹੋ ਗੁਜ਼ਰੇ ਹਨ । ਅਜੇਹਾ ਨਾ ਕਰਨਾ ਅਨਰਥ ਕਰਨਾ ਹੈ । ਅਰਥ ਸ਼ਬਦ ਤੋ' ਪੰਜਾਬੀ ਵਾਲੇ 'ਮਾਇਨਾ' ਸਮਝਦੇ ਹਨ, ਅੰਗ੍ਰੇਜ਼ੀ ਬੋਲੀ ਵਾਲੇ 'ਧਰਤੀ' ਅਤੇ ਸੰਸਕ੍ਰਿਤ ਵਾਲੇ 'ਦਰਬ' ਜਾਂ 'ਪਦਾਰਥ' । ਜੇ ਤਿਨੋ' ਆਪੋ ਆਪਣੇ ਤਸੱਵਰ ਉਤੇ ਕਾਇਮ ਰਹਿਣ ਤਾਂ ਕਿਸੇ ਕਿਸਮ ਦਾ ਅਰਥ ਭਰਪੂਰ ਵਾਰਤਾਲਾਪ ਸੰਭਵ ਨਹੀ' । ਵਿੱਚਾਰ ਅਗੇ ਤੋਰਨ ਤੋ' ਪਹਿਲਾਂ 'ਸ਼ਹੀਦ' ਸਬਦ ਦੀ ਏਥੋ' ਦੀ ਪ੍ਰੰਪਰਾ ਅਨੁਸਾਰ ਪ੍ਰੀਭਾਸ਼ਾ ਕਾਇਮ ਕਰਨਾ ਨਿਹਾਇਤ ਜ਼ਰੂਰੀ ਹੈ ।
ਸਭ ਤੋ' ਪਹਿਲਾਂ ਇਹ ਜ਼ਰੂਰੀ ਹੈ ਕਿ ਸ਼ਹੀਦ ਅਖਵਾਉਣ ਦਾ ਹੱਕਦਾਰ ਪ੍ਰਮਾਤਮਾਂ ਵਿੱਚ ਯਕੀਨ ਰੱਖਦਾ ਹੋਵੇ ਅਤੇ ਮੰਨਦਾ ਹੋਵੇ ਕਿ ਉਹ ਸਾਰੇ ਸੰਸਾਰ ਦਾ ਅਸਲ ਬਾਦਸ਼ਾਹ ਹੈ । ਉਹ ਸੰਸਾਰ ਵਿੱਚ ਜਨਤਾ ਨੂੰ ਨਿਆਂ ਦੇਣ, ਉਸਦੇ ਧਾਰਮਿਕ ਅਕੀਦਿਆਂ ਦੀ ਰੱਖਿਆ ਕਰਨ ਅਤੇ ਅਥਾਹ ਸੁਖ ਮਾਨਣ ਦੇ ਅਧਿਕਾਰਾਂ ਨੂੰ ਮਹਿਫੂਜ਼ ਰੱਖਣ ਦੇ ਇਰਾਦੇ ਨਾਲ ਹਾਕਮ ਸਿਰਜਦਾ ਹੈ । ਏਸ ਇਲਾਹੀ ਇਰਾਦੇ ਨੂੰ ਉਸਦਾ 'ਭਾਣਾਂ' ਜਾ 'ਹੁਕਮ' ਆਖਿਆ ਗਿਆ ਹੈ । ਜਦੋ' ਕੋਈ ਰਾਜ ਕਰਨ ਵਾਲਾ ਇਹਨਾਂ ਮੁੱਢਲੀਆਂ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਹੁਕਮ ਅੰਦਰ ਵਿੱਚਰਦੇ ਮਹਾਂਪੁਰਖਾਂ ਦਾ ਫਰਜ਼ ਬਣਦਾ ਹੈ ਕਿ ਉਹ ਅਸ਼ਾਂਤੀ, ਅਨਿਆਂ ਅਤੇ ਅਧਰਮ ਦਾ ਵਿਰੋਧ ਕਰਨ । ਏਸ ਪ੍ਰਕਿਰਿਆ ਦੀ ਪਉੜੀ ਦਾ ਆਖਰੀ ਡੰਡਾ ਹੈ ਜਾਨ ਕੁਰਬਾਨ ਕਰ ਦੇਣਾ । ਇਹ ਪੰਜਾਬ ਦੀ ਸ਼ਹੀਦੀ ਪ੍ਰੰਪਰਾ ਦਾ ਸਾਰ ਹੈ ।
ਏਸ ਮੱਤ ਅਨੁਸਾਰ ਸ਼ਹਾਦਤ ਇੱਕ ਦੋ-ਧਾਰਾ ਖੰਡਾ ਹੈ । ਏਸ ਦੀ ਸੰਸਾਰਮੁਖੀ ਧਾਰ ਪ੍ਰਗਟ ਕਰਦੀ ਹੈ ਕਿ ਸੱਚ ਕੀ ਹੈ ਅਤੇ ਉਸ ਰਾਹ ਉਤੇ ਤੁਰਨ ਦੀ ਧਰਮੀ' ਲੋਕਾਂ ਦੀ ਨਿਰੂਪਣ ਕੀਤੀ ਕੀ ਰੀਤ ਹੈ । ਏਸ ਦੀ ਦੂਜੀ ਧਾਰ ਹੈ ਪ੍ਰਮਾਤਮਾਂ ਦੀ ਦਰਗਾਹ ਵਿੱਚ ਪੁਕਾਰ ਕਰਨਾਂ ਤਾਕਿ ਜਾਲਮਾਂ ਦਾ ਰਾਜ ਕਰਨ ਦਾ ਅਧਿਕਾਰ ਵਾਪਸ ਲਿਆ ਜਾਵੇ ਕਿਉ'ਕਿ ਉਹ ਏਸ ਦੀ ਦੁਰਵਰਤੋ' ਕਰਕੇ ਲੋਕਾਂ ਨੂੰ ਦੁਖ ਦੇ ਰਹੇ ਹਨ ਅਤੇ ਧਰਮੀਆਂ ਦਾ ਜਿਉਣਾਂ ਦੂਭਰ ਕਰ ਰਹੇ ਹਨ । ਰਤਨ ਸਿੰਘ ਭੰਗੂ ਅਨੁਸਾਰ ਗੁਰਬਖਸ਼ ਸਿੰਘ ਸ਼ਹੀਦ ਅਤੇ ਉਹਨਾਂ ਦੇ ਚੰਦ ਸਾਥੀ ਏਸ ਅਕੀਦੇ ਅਧੀਨ ਅਤਰ ਫੁਲੇਲ ਮਲ ਕੇ ਫੁਲਾਂ ਦੇ ਹਾਰ ਪਾ ਕੇ ਤਿਆਰ ਹੋਏ ਅਤੇ ਬੜੇ ਚਾਵ੍ਹਾਂ ਮਲ੍ਹਾਰਾਂ ਨਾਲ ਅਹਿਮਦਸ਼ਾਹ ਅਬਦਾਲੀ ਦੇ ਟਿੱਡੀ ਦਲ ਦਾ ਮੁਕਾਬਲਾ ਕਰਨ ਲਈ ਮੈਦਾਨੇ ਜੰਗ ਵਿੱਚ ਉਤਰੇ ।
ਸ਼ਹੀਦ ਹੋਣ ਵਾਲੇ ਲਈ ਲਾਜ਼ਮੀ ਹੈ ਕਿ ਉਹ ਉਹਨਾਂ ਕਦਰਾਂ ਕੀਮਤਾਂ ਦਾ ਧਾਰਨੀ ਹੋਵੇ ਜਿਨ੍ਹਾਂ ਲਈ ਉਹ ਸ਼ਹੀਦ ਹੋਣਾਂ ਲੋਚਦਾ ਹੈ । ਉਸਦੇ ਕਿਰਦਾਰ ਵਿੱਚੋ' ਪ੍ਰਮਾਤਮਾਂ ਦੇ ਹੁਕਮ ਨੂੰ ਮੰਨਣ ਦੀ ਝਲਕ ਪੈਣੀ ਲਾਜ਼ਮੀ ਹੈ । ਕੁਈ ਰਾਜਪੂਤੀ ਸ਼ਾਨ ਨੂੰ ਕਾਇਮ ਰੱਖਣ ਲਈ ਮਾਤ੍ਰਭੂਮੀ ਤੋ' ਕੁਰਬਾਨ ਹੋ ਸਕਦਾ ਹੈ । ਓਸਦੀ ਕੁਰਬਾਨੀ ਸ਼ਲਾਘਾ ਯੋਗ ਹੈ ਲੇਕਿਨ ਇਹ 'ਬਲੀਦਾਨ' ਯਾ 'ਵੀਰਗਤੀ' ਤੋ' ਉਚਾ ਦਰਜਾ ਨਹੀ' ਰੱਖਦੀ । ਇਹ ਸ਼ਹੀਦੀ ਤੋ' ਹੇਠਾਂ ਦਾ ਦਰਜਾ ਹੈ । ਕੁਈ ਚਾਹੇ ਤਾਂ ਏਸਨੂੰ ਬਰਾਬਰ ਜਾਂ ਉਚਾ ਸਮਝ ਸਕਦਾ ਹੈ । ਖੁੰਢ ਉਤੇ ਬਹਿ ਕੇ ਰੋਟੀ ਖਾਣ ਵਾਲਾ ਉਸ ਨੂੰ ਕੁਰਸੀ ਮੇਜ਼ ਪਰਚਾਰੇ ਤਾਂ ਕਿਸੇ ਨੂੰ ਕੀ । ਪਰ ਉਹ ਹਰਗਿਜ਼ ਇਹ ਮੰਗ ਨਹੀ' ਕਰ ਸਕਦਾ ਕਿ ਅਗਾਂਹ ਤੋ' ਸਾਰੀ ਦੁਨੀਆਂ ਖੁੰਢ ਨੂੰ ਕੁਰਸੀ ਮੇਜ ਹੀ ਆਖੇ ਤੇ ਮੰਨੇ । ਸ਼ਹੀਦ ਅਖਵਾਉਣ ਲਈ 'ਹੁਕਮ' ਦਾ ਵਾਹਨ ਬਣ ਕੇ, ਸ਼ਹੀਦੀ ਪਲ ਵਿੱਚ ਪ੍ਰਮਾਤਮਾ ਰੂਪ ਧਾਰਣ ਕਰਕੇ ਉਹਨਾਂ ਕਦਰਾਂ ਕੀਮਤਾਂ ਲਈ ਜੂਝਣਾ ਜ਼ਰੂਰੀ ਹੈ ਜੋ ਪ੍ਰਭੂ ਗੁਣ ਹੋਣ ਕਾਰਨ ਜਗਤ ਦੇ ਅਧਿਆਤਮਕ ਆਧਾਰ ਦਾ ਦਰਜਾ ਰੱਖਦੀਆਂ ਹਨ । ਗੁਣਨਿਧਾਨ ਤੋ' ਪ੍ਰਾਪਤ ਕੀਤੇ ਇਹਨਾਂ ਗੁਣਾਂ ਨੂੰ ਮੁਕੰਮਲ ਰੂਪ ਵਿੱਚ ਧਾਰਣ ਕਰਕੇ ਅੰਤਮ ਸੱਚ ਵਿੱਚ ਵਿਲੀਨ ਹੋ ਜਾਣ ਦੀ ਚੇਸ਼ਟਾ (ਜੇਹਾ ਸੇਵੇ ਤੇਹਾ ਹੋਵੇ),ਸ਼ਹੀਦੀ ਜਜਬੇ ਦਾ ਧੁਰਾ ਹੈ ।
ਸ਼ਹੀਦੀ ਸਭਿਆਚਾਰਾਂ ਦੇ ਭੇੜਾਂ ਵਿੱਚ ਪਣਪਦੀ ਹੈ । ਸ਼ਹੀਦ ਲਈ ਉਤਮ ਸਭਿਆਚਾਰ ਦੇ ਦਾਰਸ਼ਨਿਕ ਪੱਖ ਦਾ ਸਮਰਥਨ ਜ਼ਰੂਰੀ ਹੈ । ਮਨੁਖੀ ਗੁਲਾਮੀ ਨੂੰ ਕਾਇਮ ਰੱਖਣ ਲਈ ਲੜਦੇ ਅੰਗ੍ਰੇਜ਼ਾਂ ਜਾਂ ਦੱਖਣੀ ਅਮਰੀਕਨਾਂ ਵਿੱਚੋ' ਕੁਈ ਵੀ ਸ਼ਹੀਦੀ ਦਰਜੇ ਦਾ ਦਾਅਵੇਦਾਰ ਨਹੀ' ਹੋ ਸਕਦਾ ।
ਸ਼ਹੀਦੀ ਦਰਜੇ ਦੀ ਇਕ ਬਾਰੀਕੀ ਇਹ ਵੀ ਹੈ ਕਿ ਸ਼ਹੀਦ ਹੋਣ ਵਾਲੇ ਕੋਲ ਜਾਨ ਬਚਾ ਲੈਣ ਦਾ ਵਿਕਲਪ ਮੌਜੂਦ ਹੋਵੇ । ਸਭ ਪੁਰਾਤਨ ਸਿੰਘਾਂ ਉਤੇ ਏਹੋ ਫਤਵਾ ਲੱਗਦਾ ਸੀ ਕਿ ਮੌਤ ਕਬੂਲੋ ਜਾਂ ਇਸਲਾਮ । ਜਿਉ'ਦੇ ਰਹਿਣ ਦੇ ਲਾਲਚ ਵਿੱਚ ਕੈਂਟਰਬਰੀ ਦਾ ਆਰਕਬਿਸ਼ਪ ਥੌਮਸ ਕਰੈਨਮਰ, ਇਮਾਨ ਤੋ' ਵਕਤੀ ਤੌਰ ਉਤੇ ਡੋਲ ਗਿਆ ਸੀ, ਏਸ ਲਈ ਉਸਨੂੰ ਧਦਕਦੀ ਅੱਗ ਵਿੱਚ ਆਪਣਾ ਬੇ-ਦਾਵਾ ਲਿਖਣ ਵਾਲਾ ਹੱਥ ਪਹਿਲਾਂ ਜਿਉ'ਦੇ ਜੀ ਸਾੜ ਕੇ ਸ਼ਹੀਦ ਪਦਵੀ ਦਾ ਦਾਅਵੇਦਾਰ ਬਣਨਾ ਪਿਆ । ਮੁਕਤਸਰ ਦੇ ਚਾਲੀ ਮੁਕਤਿਆਂ ਦੀ ਗਾਥਾ ਤੋ'ਤਾਂ ਹਰ ਕੁਈ ਵਾਕਫ ਹੈ ।
ਹੁਣ ਗੱਲ ਪੁਹੰਚਦੀ ਹੈ ਕਿਸੇ ਨੂੰ ਸ਼ਹੀਦ 'ਆਖਣ' ਜਾਂ 'ਮੰਨਣ' ਤੱਕ । ਆਖਣਾਂ ਮਨੁਖੀ ਬੋਲਚਾਲ ਦੀ ਸਾਧਾਰਨ ਪ੍ਰਕ੍ਰਿਆ ਵਿੱਚੋ' ਉਪਜਿਆ ਕਰਮ ਹੈ । ਆਖਣ ਵਾਲੇ ਦੀ ਆਮ ਵਰਤੀ ਬੋਲੀ ਤੋ' ਪਰ੍ਹੇ ਏਸ ਦੀ ਅਹਿਮੀਅਤ ਨਹੀ' (ਮੂਹ ਕਾ ਕਹਿਆ ਵਾਉ)। ਪਰ 'ਮੰਨਣਾਂ' ਕਿਸੇ ਹੋਰ ਗਹਿਰ ਗੰਭੀਰ ਆਲਮ ਦਾ ਵਾਸੀ ਸੰਕਲਪ ਹੈ । ਉੱਤਲੇ ਸੰਦਰਭ ਵਿੱਚ ਮੰਨਣ ਵਾਲੇ ਲਈ ਜ਼ਰੂਰੀ ਹੈ ਕਿ ਉਹ ਸਾਫ ਮਨ ਨਾਲ ਉਹਨਾਂ ਵਿਚਾਰਾਂ ਦਾ ਧਾਰਨੀ ਹੋਵੇ ਜਿਨ੍ਹਾਂ ਦੇ ਧਾਰਨੀ ਨੂੰ ਸ਼ਹੀਦ ਮੰਨਦਾ ਹੈ । ਉਹ ਉਹਨਾਂ ਨੂੰ ਜਗਤ ਕਲਿਆਣਕਾਰੀ ਪ੍ਰਚਾਰ ਸਕਦਾ ਹੋਵੇ ਅਤੇ ਉੱਤਮ ਮਨੁੱਖਾਂ ਦੇ ਅਧਿਆਤਮਕ ਜੀਵਨ ਦਾ ਮੂਲ ਆਧਾਰ ਦਰਸਾ ਸਕਦਾ ਹੋਵੇ । ਸ਼ੀਆ ਫਿਰਕੇ ਤੋ ਬਾਹਰ ਦੇ ਮੁਸਲਮਾਨ ਮੁਹੰਮਦ ਦੇ ਸਕੇ ਦੁਹਤਰਿਆਂ ਦਾ ਬੇ-ਹਦ ਸਤਕਾਰ ਕਰਦੇ ਹੋਏ ਵੀ ਉਹਨਾਂ ਨੂੰ ਸ਼ਹੀਦ ਨਹੀ' ਮੰਨ ਸਕਦੇ ਕਿਉ'ਕਿ ਇਉ' ਕੀਤਿਆਂ ਇਸਲਾਮ ਦੇ ਇਮਾਮੀ ਤਸਵਰ ਵਿੱਚ ਪਾੜਾ ਪੈਂਦਾ ਹੈ ਜੋ ਉਹਨਾਂ ਦੀ ਨਜ਼ਰ ਵਿੱਚ ਦੀਨੇ-ਮੁਹੰਮਦੀ ਦਾ ਨੁਕਸਾਨ ਕਰ ਸਕਦਾ ਹੈ । ਮਹਾਨ ਸੂਫੀ ਸਰਮਦ ਅਧੇ ਕਲਮੇ ਨੂੰ ਮੰਨਦਾ ਸੀ । ਬਾਕੀ ਅੱਧੇ ਨੂੰ ਨਾ ਮੰਨਣ ਦੇ ਜੁਰਮ ਵਿੱਚ ਉਸ ਸਿਰ ਕਲਮ ਕਰਵਾ ਲਿਆ ਸੀ । ਜੋ ਮੰਨਣ ਦੇ ਅਰਥ ਜਾਣਦੇ ਹਨ ਰਾਜ ਦੇ ਪ੍ਰਕੋਪ ਜਾਂ ਬਹੁਗਿਣਤੀ ਦੀ ਧਉ'ਸ ਨਾਲ ਕਦੇ ਨਹੀ' ਮੰਨਦੇ । ਆਪਣੇ ਸਮਾਜ ਦੇ ਅਕੀਦਿਆਂ, ਤੌਰ ਤਰੀਕਿਆਂ ਅਤੇ ਧਾਰਨਾਵਾਂ ਨੂੰ ਸ਼ੁੱਧ ਰੂਪ ਵਿੱਚ ਬਰਕਰਾਰ ਰੱਖਣਾਂ ਹਰ ਉਸ ਮਨੁਖ ਦਾ ਫਰਜ ਹੈ ਜੋ ਇਹਨਾਂ ਨੂੰ ਮਨੁਖ ਮਾਤਰ ਦੀ ਅਧਿਆਤਮਿਕ ਤਰੱਕੀ ਦੀ ਅਧਾਰਸ਼ਿਲਾ ਪ੍ਰਵਾਨ ਕਰਦਾ ਹੈ । ਸ਼ਬਦਾਂ ਦੇ ਅਨਰਥ ਕਰਦੀਆਂ ਕੌਮਾਂ ਆਪਣੀ ਹੋ'ਦ ਦੇ ਨਿਗਰ ਥੰਮ੍ਹਾਂ ਨੂੰ ਤਿੜਕਾ ਲੈਦੀਆਂ ਹਨ ਅਤੇ, ਪਤਾ ਲੱਗਣ ਤੋ' ਪਹਿਲਾਂ ਇਤਿਹਾਸ ਦੇ ਡੂੰਘੇ ਹਨੇਰਿਆਂ ਵਿੱਚ ਗਰਕ ਹੋ ਜਾਂਦੀਆਂ ਹਨ । ਸਫਾ-ਏ-ਹਸਤੀ ਤੋ' ਮਿਟ ਜਾਂਦੀਆਂ ਹਨ । ਸੈਂਕੜੇ ਸਾਲਾਂ ਦੀ ਘਾਲਣਾ ਨਾਲ ਤਰਾਸ਼ੇ ਆਪਣੀ ਬੋਲੀ ਦੇ ਨਿਰਣਾਇਕ ਸ਼ਬਦਾਂ ਦੇ ਅਸਲ ਅਰਥਾਂ ਨੂੰ ਕਾਇਮ ਰੱਖਣਾਂ ਹੀ ਮਨੁਖੀ ਵਰਤਾਰੇ ਦੀ ਉੱਤਮਤਾਈ ਦਾ ਮਿਆਰ ਹੈ । (ਇਸ਼ਕ ਨਗੀਨਾਂ ਸੋਈ ਸਮਝਣ ਜੋ ਹੋਵਣ ਆਪ ਨਗੀਨੇ । ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ ਕਾਇਰ ਲੋਕ ਕਮੀਨੇ)
(ਪੁਸਤਕ ਸਿੱਖ ਚੇਤਨਾ ਤੇ ਭਗਤ ਸਿੰਘ ਵਿਚੋ')
No comments:
Post a Comment