Monday, January 8, 2018

ਪੁਸਤਕ “ਬ੍ਰਾਹਮਣਵਾਦ ਤੋਂ ਹਿੰਦੂਵਾਦ” ਸਬੰਧੀ ਇੱਕ ਪੜਚੋਲ

ਪ੍ਰੋ ਗੁਰਮੀਤ ਸਿੰਘ ਸਿੱਧੂ ਦੀ ਨਵੇਂ ਸਾਲ ਵਿੱਚ (3 ਜਨਵਰੀ 2018 ਨੂੰ) ਆਈ ਨਵੀਂ ਕਿਤਾਬ, ਬ੍ਰਾਹਮਣਵਾਦ ਤੋਂ ਹਿੰਦੂਵਾਦ, ਵਿੱਚ ਇੱਕ ਨਵਾਂ-ਨਵੇਲਾ ਅਤੇ ਅਸੀਮ ਸੰਭਾਵਨਾਵਾਂ ਵਾਲਾ ਸਿਆਸੀ ਸੰਵਾਦ ਸਿਰਜਣ ਦੀ ਸਮਰੱਥਾ ਹੈ। ਦੋ ਕੁ ਸੌ ਸਫ਼ਿਆਂ ਦੀ ਗੁੰਦਵੀਂ ਬੋਲੀ ਅਤੇ ਵਿਚਾਰਾਂ ਵਿੱਚ ਲਿਖੀ ਕਿਤਾਬ ਨੂੰ ਉਨ੍ਹਾਂ ਨੇ ਨੌਂ ਅਧਿਆਇਆਂ ਵਿੱਚ ਵੰਡਿਆ ਹੈ। ਕੀਮਤ ਪੱਖੋਂ ਵੀ ਇਹ ਹਰ ਪਾਠਕ ਦੀ ਪਹੁੰਚ ਵਿੱਚ ਹੈ।

“ਮੁੱਢਲੇ ਵਿਚਾਰ” ਦੇ ਛੇ ਕੁ ਸਫ਼ੇ ਕਿਤਾਬ ਦੇ ਮੂਲ ਸੁਨੇਹੇ ਦੀ ਵਿਆਖਿਆ ਕਰਦੇ ਹਨ। ਇਹਨਾਂ ਪੰਨਿਆਂ ਵਿੱਚ ਲੇਖਕ ਹਿੰਦੂ ਪ੍ਰਚਾਰਕਾਂ ਦੇ ਝੂਠੇ ਪ੍ਰਚਾਰ ਕਿ, “ਹਿੰਦੂਵਾਦ ਸਭ ਤੋਂ ਪੁਰਾਣਾ ਧਰਮ ਹੈ” ਨੂੰ ਬੇਪਰਦ ਕਰਦਾ ਹੈ। ਬ੍ਰਾਹਮਣਵਾਦ ਸੰਸਾਰ ਦੇ ਮਨੁੱਖੀ ਰਿਸ਼ਤਿਆਂ ਵਿੱਚ ਨਫ਼ਰਤ ਫੈਲਾਉਣ ਦਾ ਅਤੇ  ਮਨੁੱਖਤਾ ਨੂੰ ਨਿਰਦਈ ਡੱਬਾਬੰਦੀ ਵਿੱਚ ਸਦਾ ਲਈ ਕੈਦ ਕਰਨ ਦੇ ਘੋਰ ਕੁਕਰਮ ਤੋਂ ਕਿਸੇ ਮੰਤਰ ਨਾਲ ਗੰਗਾਜਲ਼ ਛਿੜਕ ਕੇ ਕਦੇ ਵੀ ਮਨੁੱਖਤਾ ਪ੍ਰਤੀ ਸੁਹਿਰਦ ਅਤੇ “ਤੁਅੱਸਬ ਦੀ ਜ਼ਹਿਰ” ਤੋਂ ਮੁਕਤ ਪਰਗਟ ਨਹੀਂ ਕੀਤਾ ਜਾ ਸਕਦਾ। ਜਾਤੀ-ਵੰਡ, ਜਿਸ ਦਾ ਪ੍ਰਚਾਰ ਅਤੇ ਜਿਸ ਨੂੰ ਸਭ ਤੋਂ ਜ਼ਾਲਮ ਅਤੇ ਕੁਰੱਖਤ ਤਰੀਕੇ ਨਾਲ ਬ੍ਰਾਹਮਣਵਾਦ ਸਦੀਆਂ ਤੋਂ ਲਾਗੂ ਕਰਦਾ ਆਇਆ ਹੈ, ਨੂੰ ਕਿਵੇਂ ਵੀ ਜਾਤਾਂ ਨੂੰ ਜੋੜਨ ਵਾਲੇ ਹਿੰਦੂਵਾਦ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ। “ਅੱਠ ਸਦੀਆਂ ਬਾਅਦ” ਹਿੰਦ ਦੀ ਸਿਆਸਤ ਉੱਤੇ ਕਾਬਜ਼ ਹੋਏ ਲੋਕ “ਭਾਰਤ ਭੂਮੀ ਨੂੰ ਭਾਰਤ ਮਾਤਾ” ਬਣਾਉਣ ਦੇ ਚਾਹੇ ਕਿੰਨੇਂ ਵੀ ਹਰਬੇ ਵਰਤਣ, ਏਸ ਸੱਚ ਨੂੰ ਵਿਸਾਰ ਨਹੀਂ ਸਕਦੇ ਕਿ ਨਾ ਤਾਂ ਕਦੇ ਭਾਰਤੀ ਸਮਾਜ ਇੱਕ ਇਕਾਈ ਰਿਹਾ ਹੈ ਅਤੇ ਨਾ ਹੀ ਰੇਤ ਦੀ ਹਰ ਪਲ਼ ਭੁਰਦੀ ਨੀਂਹ ਉੱਤੇ ਇੱਕ ਮਜ਼ਬੂਤ ਸੱਭਿਆਚਾਰਕ ਇਕਾਈ ਉਸਾਰੀ ਜਾ ਸਕਦੀ ਹੈ। ਰਾਸ਼ਟਰਵਾਦ ਦੀ ਚਾਲਕ ਸ਼ਕਤੀ, ਬ੍ਰਾਹਮਣਵਾਦ ਦਾ ਆਧਾਰ ਅਤੇ ਆਧੁਨਿਕ ਸਟੇਟ ਦੀ ਮਾਰੂ ਸੈਨਿਕ ਸ਼ਕਤੀ ਮਿਲ ਕੇ ਵੀ ਏਨੀਂ ਸਿਰਜਣਾਤਮਕ ਤਾਕਤ ਨਹੀਂ ਰੱਖਦੇ ਕਿ ਅਜੋਕੇ ਜ਼ਮਾਨੇ ਵਿੱਚ ਪ੍ਰਵਾਣਤ, ਸੁਖਾਵਾਂ ਗੁਲਦਸਤਾ ਪੇਸ਼ ਕਰ ਸਕਣ। ਹਿੰਦੂਵਾਦ ਦਾ ਮਹਾਂਪ੍ਰਵਚਨ ਇਹਨਾਂ ਹਾਲਤਾਂ ਵਿੱਚ ਉੱਸਰਨਾ ਅਸੰਭਵ ਹੈ।

“ਵਰਣ-ਧਰਮ ਅਤੇ ਸਮਾਜ ਦੀ ਵੰਡ” ਅਧਿਆਇ ਵਿੱਚ ਸਦੀਆਂ ਤੋਂ ਚੱਲੇ ਆਉਂਦੇ ਵਰਣ-ਆਸ਼ਰਮ ਪ੍ਰਬੰਧ ਨੂੰ, ਸਾਰੇ ਸੁਚੇਤ ਵਿਚਾਰਵਾਨਾਂ ਵਾਂਗ, ਹਿੰਦੂਵਾਦ ਨਾਲ ਇੱਕ-ਮਿੱਕ ਦਰਸਾਇਆ ਗਿਆ ਹੈ। ਤਰਕ ਨੂੰ ਦੈਵੀ ਉਤਪਤੀ, ਮਿਥਿਹਾਸ, ਬਾਅਦ ਵਿੱਚ ਆਈ ਦੰਡ-ਵਿਵਸਥਾ, ਧਰਮ ਆਧਾਰਤ ਸਮਾਜ, ਦਰਜੇਵਾਰ ਵਰਗੀਕਰਣ, ਨਸਲਾਂ ਉੱਤੇ ਭਾਰੂ ਵਰਣ-ਵੰਡ, ਭਿੱਟ-ਸੁੱਚ ਦੇ ਸੰਕਲਪ, ਤ੍ਰੈਗੁਣ ਦੇ ਠੁੰਮ੍ਹਣੇ, ਰੰਗ-ਭੇਦ ਦੇ ਮਿਲਗੋਭੇ ਅਤੇ ਬ੍ਰਾਹਮਣ ਦੀ ਸਰਦਾਰੀ ਦੀ ਮਰਿਯਾਦਾ ਅਧੀਨ ਮਨੂੰ ਸਿਮਰਤੀ ਅਨੁਸਾਰ ਤਰਤੀਬ ਦੇਣ ਦੀ ਪ੍ਰਕਿਰਿਆ ਦੀ ਖ਼ੂਬ ਖੋਲ੍ਹ ਕੇ ਵਿਆਖਿਆ ਕੀਤੀ ਗਈ ਹੈ। ਇਹ ਸਭ ਕੁਝ ਸਮਾਜ ਦੀ ਲੋੜ ਅਨੁਸਾਰ ਨਹੀਂ ਸੀ ਹੋਇਆ ਬਲਕਿ ਬ੍ਰਾਹਮਣਵਾਦ ਦੀ ਲੁੱਟ-ਖਸੁੱਟ, ਸ਼ੋਸ਼ਣ ਦੀ ਮਾਨਸਿਕਤਾ ਅਧੀਨ ਹੋਇਆ ਸੀ।

“ਜਾਤ ਅਤੇ ਹਿੰਦੂ ਸਮਾਜ” ਵਿੱਚ ਜਾਤੀ-ਪ੍ਰਣਾਲੀ ਜੋ ਕਿ ਹਿੰਦੂ ਸਮਾਜ ਦਾ ਮਜਬੂਤ ਥੰਮ੍ਹ ਹੈ, ਦਾ ਮਜੀਦ ਵਿਸ਼ਲੇਸ਼ਣ ਹੈ। ਜਾਤ ਪ੍ਰਥਾ ਨੂੰ ਪਰਿਭਾਸ਼ਤ ਕਰਨ ਦੀਆਂ ਦੁਸ਼ਵਾਰੀਆਂ ਨਾਲ ਗੁਰੀਏ, ਕੇਤਕਰ, ਮਜੂਮਦਾਰ, ਹੱਟਨ ਵਰਗੇ ਵਿਦਵਾਨਾਂ ਦਿਆਂ ਹਵਾਲਿਆਂ ਨਾਲ ਸਿੱਝਿਆ ਗਿਆ ਹੈ। ਜਾਤ ਦਾ ਜਨਮ ਤੋਂ ਨਿਸ਼ਚਿਤ ਹੋਣਾ, ਪੀੜ੍ਹੀ ਦਰ ਪੀੜ੍ਹੀ ਚੱਲਣਾ, ਕਿੱਤਾ-ਵੰਡ ਦਾ ਆਧਾਰ ਹੋਣਾ, ਪੁੜਬੰਦੀ ਸਿਧਾਂਤ ਦੀ ਗ਼ੁਲਾਮੀ ਕਰਨਾ, ਰੁਤਬੇ ਨਿਰਧਾਰਤ ਕਰਨਾ ਆਦਿ ਦੇ ਰੁਝਾਨਾਂ “ਜਿਸ ਨੇ ਸ਼ੂਦਰਾਂ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਗ਼ੁਲਾਮ ਬਣਾਇਆ ਹੈ” ਦਾ ਭਰਪੂਰ ਜ਼ਿਕਰ ਹੈ। ਵਰਣ-ਵਿਵਸਥਾ ਨੇ ਕਿਵੇਂ ਅਤੇ ਕਦੋਂ ਜਾਤੀ-ਵੰਡ ਦਾ ਰੂਪ ਵਟਾਇਆ, ਦੀ ਵੀ ਨਿਸ਼ਾਨਦੇਹੀ ਕੀਤੀ ਗਈ ਹੈ। ਜਾਤ-ਪ੍ਰਥਾ ਤੋਂ ਪੈਦਾ ਹੋਏ ਵਿਕਾਰਾਂ, ਨੁਕਸਾਨਾਂ ਦਾ ਲੇਖਾ-ਜੋਖਾ ਵੀ ਕੀਤਾ ਗਿਆ ਹੈ।

ਅਗਲੇ ਦੋ ਅਧਿਆਇ “ਪੁਰਸ਼ਾਰਥ ਅਤੇ ਮਨੁੱਖੀ ਜੀਵਨ” ਅਤੇ “ਆਸ਼ਰਮ ਧਰਮ ਅਤੇ ਸਮਾਜਕ ਪ੍ਰਬੰਧ” ਪਹਿਲੇ ਦੋਹਾਂ ਅਧਿਆਇਆਂ ਦੇ ਪੂਰਕ ਹਨ ਅਤੇ ਜਾਤ-ਪਾਤੀ ਸਮਾਜ ਦੀ ਕਹਾਣੀ ਨੂੰ ਮੁਕੰਮਲ ਕਰਦੇ ਹਨ। “ਕਰਮ ਦਾ ਸਿਧਾਂਤ: ਹਿੰਦੂਵਾਦ ਦੀ ਨੀਂਹ” ਨੂੰ ਲੇਖਕ ਨੇ ਬੜੇ ਸੁਚੱਜੇ ਢੰਗ ਨਾਲ ਪੇਸ਼ ਕਰ ਕੇ ਕਿਤਾਬ ਦੇ ਕੇਂਦਰ-ਬਿੰਦੂ ਵਜੋਂ ਉਸਾਰਿਆ ਹੈ। ਸੱਚ ਤਾਂ ਇਹ ਹੈ ਕਿ ਉਪਰੋਕਤ ਸਾਰੇ ਵਿਚਾਰ ਕਿਤਾਬ ਦੀ ਰੂਹ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਜਾਤ-ਪਾਤ ਦੇ ਵਰਤਾਰੇ ਨੂੰ ਭਲੀ ਪ੍ਰਕਾਰ ਸਮਝਿਆ ਜਾ ਸਕਦਾ ਹੈ। ਇਹਨਾਂ ਵਿੱਚ ਹੀ ਉਹ ਤੱਥ ਹਨ ਜੋ ਜਾਤ-ਪਾਤ ਨੂੰ ਹਿੰਦੂ ਧਰਮ ਦੀ ਵਾਹਦ ਮਲਕੀਅਤ ਅਤੇ ਲੱਛਣ ਦਰਸਾਉਂਦੇ ਹਨ। ਸੰਸਾਰ ਦੀਆਂ ਅਨੇਕ ਸਮਾਜਕ ਇਕਾਈਆਂ ਵਿੱਚ, ਕਿਸੇ ਭੂਗੋਲਕ ਖਿੱਤੇ ਵਿੱਚ ਜਾਤ-ਪਾਤ ਵਰਗਾ ਕੁਝ ਹੋਰ ਹੈ ਨਹੀਂ; ਨਾ ਹੀ ਹੋ ਸਕਦਾ ਹੈ। ਕਿਤਾਬ ਦੇ ਮਹੱਤਪੂਰਣ ਹਿੱਸੇ ਵਿੱਚ “ਬ੍ਰਾਹਮਣਵਾਦੀ ਚਿੰਤਕ, ਦਲਿਤ ਚਿੰਤਕ ਅਤੇ ਮਾਰਕਸਵਾਦੀ/ਰਾਸ਼ਟਰਵਾਦੀ ਚਿੰਤਕਾਂ” ਦੇ ਵਿਚਾਰਾਂ ਨੂੰ ਸਮਝਣ ਦੀ ਸਾਰਥਕ ਕੋਸ਼ਿਸ਼ ਕੀਤੀ ਗਈ ਹੈ।

ਸਿੱਖੀ ਦੇ ਨੁਕਤੇ-ਨਜ਼ਰੀਆ ਤੋਂ ਜਿਨ੍ਹਾਂ ਨੇ ਇਹ ਪੁਸਤਕ ਨੀਝ ਨਾਲ ਪੜ੍ਹਨੀ ਹੈ ਉਹ ਜਾਣ ਲੈਣ ਕਿ ਲੇਖਕ ਨੂੰ ਡੌਕਟਰ ਅੰਬੇਡਕਰ ਨੂੰ ਸਮਝਣ ਵਿੱਚ ਵੱਡਾ ਟਪਲਾ ਲੱਗਾ ਹੈ। ਜਾਪਦਾ ਹੈ ਕਿ ਸਿੱਖ-ਵਿਰੋਧੀਆਂ ਵੱਲੋਂ ਫੈਲਾਈਆਂ ਝੂਠੀਆਂ ਅਫ਼ਵਾਹਾਂ ਅਤੇ ਮਨਘੜਤ ਬਿਰਤਾਂਤਾਂ ਉੱਤੇ ਬਣਾਈਆਂ ਧਾਰਨਾਵਾਂ ਨੂੰ ਲੇਖਕ ਨੇ ਓਨੀਂ ਡੂੰਘਾਈ ਨਾਲ ਨਹੀਂ ਵਿਚਾਰਿਆ ਜਿਸ ਦੀਆਂ ਇਹ ਅਧਿਕਾਰੀ ਸਨ। ਦਲਿਤਾਂ ਨੂੰ ਇਸ ਪੱਕੀ-ਪੀਢੀ ਜਾਤ-ਪਾਤ ਦੀ ਗ਼ੁਲਾਮੀ ਤੋਂ ਬਚਣ ਲਈ ਸਿੱਖੀ ਦੀ ਲੋੜ ਨੂੰ ਅੰਬੇਡਕਰ ਭਲੀ ਭਾਂਤ ਸਮਝਦਾ ਸੀ। ਓਸ ਨੇ 1935-1937 ਤੱਕ ਵੱਡਾ ਹੰਭਲਾ ਮਾਰ ਕੇ ਸਿੱਖ ਧਰਮ ਅਪਨਾਉਣ ਦੀ ਕੋਸ਼ਿਸ਼ ਕੀਤੀ। ਓਸ ਦੇ ਮਨਸੂਬੇ ਨੂੰ ਨਕਾਰਨ ਵਾਲੀਆਂ ਹਿੰਦੂਤਵੀ ਤਾਕਤਾਂ, ਜਿਸ ਵਿੱਚ ਓਸ ਜ਼ਮਾਨੇ ਦਾ ਹਰ ‘ਮਹਾਨ ਹਿੰਦੂ ਆਗੂ’ ਸ਼ਾਮਲ ਸੀ, ਨੇ ਭਰਪੂਰ ਯੋਗਦਾਨ ਪਾਇਆ। ਏਸ ਘਟਨਾਕ੍ਰਮ ਦੇ ਸਾਰੇ ਹਵਾਲੇ ਇਤਿਹਾਸ ਵਿੱਚ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਹਵਾਲੇ ਤਾਂ ਅੰਬੇਡਕਰ ਦੀਆਂ ਆਪਣੀਆਂ ਲਿਖਤਾਂ, ਜੋ ਮਹਾਂਰਾਸ਼ਟਰ ਦੀ ਸਰਕਾਰ ਨੇ ਛਾਪੀਆਂ ਹਨ, ਵਿੱਚ ਵੀ ਵੱਡੀ ਗਿਣਤੀ ਵਿੱਚ ਮਿਲਦੇ ਹਨ। ਅੰਬੇਡਕਰ ਨੇ ਸਪਸ਼ਟ ਲਿਖਿਆ ਹੈ ਕਿ ਕਿਸ ਤਰ੍ਹਾਂ ਛੜਯੰਤਰ ਰਚ ਕੇ ਓਸ ਦੇ ਸਿੱਖ ਬਣਨ ਦੇ ਇਰਾਦੇ ਨੂੰ ਠੱਲ੍ਹ ਪਾਈ ਗਈ।

ਇਹਨਾਂ ਸਾਰੇ ਹਵਾਲਿਆਂ ਨੂੰ ਵਿਸਾਰ ਕੇ ਭੁਲੇਖਾ ਪਾਉਣ ਲਈ ਪ੍ਰਗਟੇ ਕੁਝ ‘ਦਲਿਤ ਅਤੇ ਹਿੰਦੂਵਾਦੀ’ ਵਿਚਾਰਵਾਨ, ਜਿਨ੍ਹਾਂ ਦੇ ਨਾਂਅ ਅਸੀਂ ਜਾਣਦੇ ਹਾਂ। ਇਹਨਾਂ ਨੇ ਐਸਾ ਮਾਇਆਜਾਲ ਏਸ ਘਟਨਾਕ੍ਰਮ ਦੇ ਉਦਾਲੇ ਉਸਾਰਿਆ ਕਿ ਸੂਰਜ ਚੜ੍ਹੇ ਦੇ ਚਾਨਣ ਨੂੰ ਘੁੱਪ ਹਨੇਰੇ ਵਿੱਚ ਪਲਟਾ ਦਿੱਤਾ। ਸਿੱਖ ਆਗੂਆਂ ਦੇ ਅੰਬੇਡਕਰ ਦੀ ਮਦਦ ਵਿੱਚ ਅਣਥੱਕ ਅਤੇ ਸਿਰਤੋੜ ਯਤਨਾਂ ਨੂੰ ਇਹਨਾਂ ਨੇ ਸਿੱਖਾਂ ਦੀ ਬੇਕਿਰਕ ਬੇਰੁਖ਼ੀ ਅਤੇ ਦਲਿਤ-ਨਫ਼ਰਤ ਵਿੱਚ ਬਦਲ ਦਿੱਤਾ। ਇਹਨਾਂ ਦੀਆਂ ਧਾਰਨਾਵਾਂ ਚੱਲ ਗਈਆਂ ਕਿਉਂਕਿ ਅਜੇ ਨਾ ਤਾਂ ਸਿੱਖ ਯਤਨਾਂ ਦੇ ਮੋਢੀਆਂ ਨੇ ਆਪਣੇ ਕੰਮ ਉੱਤੇ ਚਾਨਣ ਪਾਇਆ ਸੀ ਅਤੇ ਨਾ ਹੀ ਅੰਬੇਡਕਰ ਦੀਆਂ ਲਿਖਤਾਂ ਦਾ ਸੰਗ੍ਰਹਿ ਛਪਿਆ ਸੀ। ਇਹ ਏਸ ਕਾਰਣ ਵੀ ਪ੍ਰਚੱਲਤ ਹੋ ਗਈਆਂ ਕਿਉਂਕਿ ਅੰਬੇਡਕਰ ਦੀ ਚੇਸ਼ਟਾ ਪ੍ਰਤੀ ਬਹੁਤੀਆਂ ਖ਼ਬਰਾਂ ਦੱਖਣ ਭਾਰਤ ਦੀਆਂ ਬੋਲੀਆਂ ਵਿੱਚ ਜਾਂ ਦੱਖਣ ਦੇ ਅਖ਼ਬਾਰਾਂ ਵਿੱਚ ਛਪੀਆਂ ਸਨ।

ਪ੍ਰੋਫ਼ੈਸਰ ਗੁਰਮੀਤ ਸਿੰਘ ਨੇ ਜੇ ਉਪਰੋਕਤ ਹਵਾਲਿਆਂ ਵੱਲ ਧਿਆਨ ਮਾਰਿਆ ਹੁੰਦਾ ਤਾਂ ਉਹ ਹਰਗਿਜ਼ ਏਸ ਭੁਲੇਖੇ ਦਾ ਸ਼ਿਕਾਰ ਨਾ ਹੁੰਦੇ। ਅੰਬੇਡਕਰ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਵਿੱਚ ਬਾਰ-ਬਾਰ ਜ਼ਿਕਰ ਕਰਦਾ ਹੈ ਕਿ ਓਸ ਨੂੰ ਸਿੱਖ ਧਰਮ ਵਿੱਚ ਜਾਤ-ਪਾਤ ਦੀ ਉੱਕਾ ਅਣਹੋਂਦ ਜਾਪਦੀ ਹੈ। ਏਸ ਦੇ ਬਾਵਜੂਦ ਇਹ ਆਖਣਾ ਕਿ ਉਹ ਸਿੱਖਾਂ ਵਿੱਚ ਜਾਤ-ਪਾਤ ਦੀ ਹੋਂਦ ਤੋਂ ਨਿਰਾਸ਼ ਹੋ ਗਿਆ ਸੀ, ਸੱਚ ਤੋਂ ਅੱਖਾਂ ਮੀਟਣ ਤੁਲ ਹੈ।

ਦੁਸ਼ਮਣ ਦਾ ਭੰਡੀ-ਪ੍ਰਚਾਰ ਏਨਾਂ ਵਿਆਪਕ ਸੀ ਕਿ ਸਿਰਦਾਰ ਕਪੂਰ ਸਿੰਘ ਵਰਗੇ ਵਿਦਵਾਨ ਨੂੰ ਵੀ ਭੁਲੇਖਾ ਲੱਗ ਗਿਆ ਸੀ ਪਰ ਇਹ ਤਕਰੀਬਨ 40 ਸਾਲ ਪਹਿਲਾਂ ਹੋਇਆ ਸੀ। ਅੱਜ ਅਜਿਹੇ ਭੁਲੇਖੇ ਨੂੰ ਟਾਲਣ ਲਈ ਤਾਂ ਕੇਵਲ ਥੋੜ੍ਹਾ ਸਤਰਕ ਹੋਣ ਦੀ ਲੋੜ ਹੈ।

ਹਿੰਦੂਵਾਦ ਦਾ ਦਲਿਤਾਂ ਨੂੰ ਗ਼ੁਲਾਮ ਰੱਖਣ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ, ਇਹ ਤਾਂ ਕਿਤਾਬ ਲੋਕ-ਅਰਪਣ ਕਰਨ ਵਾਲੇ ਦਿਨ ਹੀ ਸਾਫ਼ ਨਜ਼ਰ ਆ ਗਿਆ ਸੀ। ਭੀਮਾ ਕੋਰੇਗਾਂਵ, ਮੁੰਬਈ ਆਦਿ ਦੀਆਂ ਘਟਨਾਵਾਂ ਨੇ ਭਾਰਤੀ ਸਮਾਜ ਵਿੱਚ ਵੱਡੀ ਉਥਲ-ਪੁਥਲ ਲਿਆ ਦਿੱਤੀ ਸੀ ਜਿਸ ਦਾ ਪ੍ਰਭਾਵ ਸਦੀਆਂ ਤੱਕ ਦਲਿਤਾਂ ਨੂੰ ਬ੍ਰਾਹਮਣਵਾਦ-ਹਿੰਦੂਵਾਦ ਗ਼ੁਲਾਮ ਬਣਨ ਤੋਂ ਰੋਕਦਾ ਰਹੇਗਾ। ਇਹਨਾਂ ਘਟਨਾਵਾਂ ਨਾਲ ਜੋੜ ਕੇ ਜਿਹੜੇ ਏਸ ਪੁਸਤਕ ਨੂੰ ਪੜ੍ਹਨਗੇ ਉਹ ਏਸ ਦੀ ਸਾਰਥਕਤਾ ਦਾ ਪੂਰਾ ਲਾਭ ਲੈ ਸਕਣਗੇ।

ਸਿੱਖ ਨਜ਼ਰੀਏ ਤੋਂ ਪੜ੍ਹਨ ਵਾਲਿਆਂ ਨੂੰ ਆਪੇ ਫ਼ੈਸਲਾ ਕਰਨਾ ਪਵੇਗਾ ਕਿ ਡੌਕਟਰ ਅੰਬੇਡਕਰ ਦੇ ਦਲਿਤਾਂ ਸਮੇਤ ਸਿੱਖ ਬਣਨ ਦੇ ਚਹੇਤੇ ਇਰਾਦੇ ਦੇ ਸੰਦਰਭ ਵਿੱਚ ਆਉਣ ਵਾਲੇ ਵਿਚਾਰ-ਮੰਥਨ ਵਿੱਚ ਕਿਵੇਂ ਆਪਣਾ ਹਿੱਸਾ ਪਾਉਣਾ ਹੈ। ਏਸ ਦੀ ਅੱਜ ਵੀ ਓਨੀਂ ਹੀ ਲੋੜ ਹੈ ਕਿਉਂਕਿ ਕੋਈ ਸਰਬ-ਸਾਂਝੀਵਾਲਤਾ ਦਾ ਮਹਿਲ ਸਿਰਫ਼ ਉੱਚਤਮ ਸਿਧਾਂਤਾਂ ਦੀ ਨੀਤੀ ਉੱਤੇ ਹੀ ਉਸਰ ਸਕਦਾ ਹੈ। ਗੁਰਬਾਣੀ ਸੁਨੇਹੇ ਦੇ ਸੱਚ ਅਤੇ ਗੁਰੂ ਦੇ ਨਾਸ਼-ਸਿਧਾਂਤ ਨੂੰ ਸਿਰ-ਮੱਥੇ ਰੱਖ ਕੇ ਹੀ ਜਾਤ-ਪਾਤ ਦੇ ਕੋਹੜ ਤੋਂ ਸਦੀਵੀ ਮੁਕਤੀ ਪਾਈ ਜਾ ਸਕਦੀ ਹੈ। ਖੰਡੇ-ਬਾਟੇ ਦੇ ਅੰਮ੍ਰਿਤ ਦੀਆਂ ਚੁਲ਼ੀਆਂ ਦੇ ਨਾਲ ਹੀ ਗੁਰੂ ਕਰਮਨਾਸ਼, ਕਿਰਤਨਾਸ਼, ਧਰਮਨਾਸ਼, ਕੁੱਲਨਾਸ਼, ਭਰਮਨਾਸ਼ ਦਾ ਧੁਰ ਦਰਗਾਹ ਦਾ ਸੁਨੇਹਾ ਅਪਾਰ ਕਿਰਪਾ ਕਰ ਕੇ ਵਰਤਾਉਂਦਾ ਹੈ। ਏਸ ਠੋਸ ਅਧਾਰ ਦੀ ਅਣਹੋਂਦ ਕਾਰਣ ਭੂਤਕਾਲ ਵਿੱਚ ਦਲਿਤਾਂ ਵੱਲੋਂ ਬਰਾਬਰੀ ਹਾਸਲ ਕਰਨ ਦੇ ਅਨੇਕਾਂ ਯਤਨ ‘ਬਾਲੂ ਕੀ ਭੀਤ’ ਵਾਂਗ ਕਿਰ ਚੁੱਕੇ ਹਨ। ਕਈ ਅੰਦੋਲਨ ਸਥਾਈ ਸਫ਼ਲਤਾ ਹਾਸਲ ਨਹੀਂ ਕਰ ਸਕੇ। ਬੁੱਧ ਦੀ ਸ਼ਰਣ ਵੀ ਅਜੋਕੇ ਜ਼ਮਾਨੇ ਵਿੱਚ ਉਹਨਾਂ ਨੂੰ ਮੁਕੰਮਲ ਧਰਵਾਸ ਨਹੀਂ ਦੇ ਸਕੀ। ਸਦੀਆਂ ਤੋਂ ਤਰਸਦੀਆਂ, ਤ੍ਰਾਸੀਆਂ ਰੂਹਾਂ ਦਾ ਸੰਤਾਪ ਕੇਵਲ ਗੁਰੂ ਗ੍ਰੰਥ ਦਾ ਉਪਦੇਸ਼, ਨਾਮ ਦਾ ਅਭਿਆਸ ਅਤੇ ਖ਼ਾਲਸੇ ਦੀ ਰਹਿਤ ਹੀ ਸਦਾ ਲਈ ਮਿਟਾ ਸਕਦੀ ਹੈ। “ਬਾਝੁ ਗੁਰੂ ਡੁਬਾ ਜਗੁ ਸਾਰਾ” ਹੀ ਮਨੁੱਖੀ ਇਤਿਹਾਸ ਦਾ ਸੱਚ ਹੈ।

ਉਮੀਦ ਅਤੇ ਅਰਦਾਸ ਹੈ ਕਿ ਉਪਰੋਕਤ ਸੰਦਰਭ ਵਿੱਚ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਰ ਪਾਠਕ ਪ੍ਰੋਫ਼ੈਸਰ ਗੁਰਮੀਤ ਸਿੰਘ ਦੀ ਕਿਤਾਬ ਨੂੰ ਧਿਆਨ ਨਾਲ ਪੜ੍ਹੇਗਾ।
― ਗੁਰਤੇਜ ਸਿੰਘ, 9 ਜਨਵਰੀ 2018 

Saturday, January 6, 2018

ਭਾਈ ਰਾਜਿੰਦਰ ਸਿੰਘ ਰਚਿਤ “ਖ਼ਾਲਸਾ ਪੰਥ ਬਨਾਮ ਡੇਰਾਵਾਦ” ਦਾ ਮੁੱਖ-ਬੰਦ (ਇਹ ਪੁਸਤਕ 2 ਦਸੰਬਰ 2017 ਨੂੰ ਚੰਡੀਗੜ੍ਹ ਵਿੱਚ ਲੋਕ-ਅਰਪਣ ਕੀਤੀ ਗਈ)

ਭਾਈ ਰਾਜਿੰਦਰ ਸਿੰਘ ਵਿੱਚ ਸਿੱਖ ਪੰਥ ਨੂੰ, ਸਿੱਖੀ ਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਵੇਖਣ ਦੀ ਰੀਝ ਹੈ। ਮੈਂ ਕੁਈ ਤੀਹ ਕੁ ਸਾਲਾਂ ਤੋਂ ਇਹਨਾਂ ਨੂੰ ਸੱਚ ਲਈ ਜੂਝਦਿਆਂ ਵੇਖ ਰਿਹਾ ਹਾਂ। ਜੋ ਵੀ ਸਾਧਨ ਇਹਨਾਂ ਦੀ ਪਕੜ ਵਿੱਚ ਆਇਆ ਇਹਨਾਂ ਨੇ ਉਸੇ ਨੂੰ ਆਪਣੀਆਂ ਸੱਧਰਾਂ ਦਾ ਘੋੜਾ ਬਣਾ ਲਿਆ। ਕਈ ਸਾਰੇ ਸੰਚਾਰ-ਵਸੀਲਿਆਂ ਦੀ ਇਹ ਵਰਤੋਂ ਕਰ ਰਹੇ ਹਨ। ਆਪਣੀਆਂ ਲਿਖਤਾਂ ਰਾਹੀਂ ਇਹ ਅੰਦਰੂਨੀ ਭਖਦੇ ਮਸਲਿਆਂ ਬਾਰੇ ਵੀ ਓਸੇ ਸਹਿਜ ਨਾਲ ਲਿਖਦੇ ਹਨ ਜਿਸ ਸਹਿਜ ਨਾਲ ਇਹ ਦਰਪੇਸ਼ ਬਹਰੂਨੀ ਮਸਲਿਆਂ ਦਾ ਵਿਰੋਧ ਕਰਨ ਲਈ ਜਲਸੇ-ਜਲੂਸ ਇਤਿਆਦਿ ਦੀ ਅਗਵਾਈ ਕਰਦੇ ਹਨ। ਇਹਨਾਂ ਦਾ ਨਵਾਂ ਸ਼ਹਿਰ ਦੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ 'ਧਾਰਮਕ' ਵਿਅਕਤੀ ਵਿਰੁੱਧ ਅੰਦੋਲਨ ਅਕਾਲ ਤਖ਼ਤ ਤੱਕ ਵੀ ਪਹੁੰਚਿਆ ਸੀ। ਉਸ ਮਸਲੇ ਵਿੱਚ ਜੋ ਕੁਰੱਖ਼ਤ, ਸਿੱਖੀ ਦਰਦ ਤੋ ਕੋਰਾ ਰੁਖ਼ ਅਕਾਲ ਤਖ਼ਤ ਦੇ (ਜਥੇਦਾਰ) ਜੋਗਿੰਦਰ ਸਿੰਘ ਨੇ ਅਪਣਾਇਆ ਸੀ, ਉਸ ਨੇ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਦੇ ਕੁਕਰਮਾਂ ਦਾ ਅਹਿਸਾਸ ਕੌਮ ਨੂੰ ਕਰਵਾ ਦਿੱਤਾ ਸੀ। ਰਾਜਿੰਦਰ ਸਿੰਘ ਅਤੇ ਇਹਨਾਂ ਦੇ ਸਾਥੀਆਂ ਨੇ ਸਿਰ ਧੜ ਦੀ ਬਾਜੀ ਲਾ ਕੇ ਵੀ ਆਪਣਾ ਕੌਲ ਗੁਰੂ ਨਾਲ ਜਿਸ ਸਿਦਕ ਨਾਲ ਨਿਭਾਇਆ ਸੀ ਉਸ ਨੂੰ ਯਾਦ ਕਰਨਾ ਬਣਦਾ ਹੈ।

ਖ਼ਾਲਸਾ ਪੰਥ ਬਨਾਮ ਡੇਰਾਵਾਦ ਵਿੱਚ ਇਹਨਾਂ ਨੇ ਸਿੱਖੀ ਨੂੰ ਦਰਪੇਸ਼ ਸਭ ਤੋਂ ਗੰਭੀਰ ਮਸਲੇ ਬਾਰੇ ਆਪਣੇ ਸਾਰਥਕ ਵਿਚਾਰ ਪੇਸ਼ ਕੀਤੇ ਹਨ। ਡੇਰਿਆਂ ਦੇ ਸਿੱਖੀ ਨੂੰ ਕੁਰਾਹੇ ਪਾਉਣ ਦੇ ਇਰਾਦਿਆਂ ਨੂੰ ਇਹਨਾਂ ਨੇ ਪੂਰੀ ਤਫ਼ਸੀਲ ਨਾਲ ਲਿਖਿਆ ਹੈ। ਸਿਆਸੀ ਸ਼ਕਤੀਆਂ ਦੀ ਸਦਾ ਤੋਂ ਇੱਛਾ ਰਹੀ ਹੈ ਕਿ ਉਹ ਧਾਰਮਕ ਆਗੂਆਂ ਨੂੰ ਆਪਣੇ ਅਨੁਸਾਰ ਚਲਾ ਸਕਣ ਅਤੇ ਜੁਝਾਰੂ ਜਨਤਾ ਦੇ ਜਜ਼ਬਿਆਂ ਨੂੰ ਉਹ ਇਹਨਾਂ ਆਗੂਆਂ ਰਾਹੀਂ ਆਪਣੀ ਸ਼ਕਤੀ ਵਧਾਉਣ ਦਾ ਜ਼ਰੀਆ ਬਣਾ ਸਕਣ। ਸੰਪੂਰਣ ਮਨੁੱਖ ਸਿਰਜਣ ਦਾ ਵਾਅਦਾ ਲੈ ਕੇ ਆਈ ਸਿੱਖੀ 'ਹੰਨੇ ਹੰਨੇ ਮੀਰ' ਅਰਥਾਤ ਮੁਕੰਮਲ ਖ਼ੁਦ-ਮੁਖ਼ਤਿਆਰ ਮਨੁੱਖ ਦਾ ਟੀਚਾ ਲੈ ਕੇ ਵਿਚਰਦੀ ਹੈ। ਇਹ ਲੋਕਾਂ ਨੂੰ ਆਪਣੇ ਅਧੀਨ ਰੱਖਣ ਨੂੰ ਸਿਆਸਤ ਸਮਝਣ ਵਾਲੇ ਬੌਣੇ ਹੁਕਮਰਾਨਾਂ ਨੂੰ ਫੁੱਟੀ ਅੱਖ ਨਹੀਂ ਭਾਉਂਦੀ।

ਮਨੁੱਖੀ ਇਤਿਹਾਸ ਦਾ ਇਹ ਵਰਤਾਰਾ ਵੇਖ ਕੇ ਗੁਰੂ ਨੇ ਏਸ ਗ਼ੁਲਾਮ ਜ਼ਹਿਨੀਅਤ ਨੂੰ ਸਿੱਖੀ ਵਿੱਚੋਂ ਅਤੇ ਆਖ਼ਰ ਮਨੁੱਖ-ਮਾਤਰ ਵਿੱਚੋਂ ਮਨਫ਼ੀ ਕਰਨ ਲਈ ਵੱਡੇ ਕਦਮ ਚੁੱਕੇ, ਜਿਨ੍ਹਾਂ ਵਿੱਚੋਂ ਦੋ ਕਦਮ ਬੁਨਿਆਦੀ ਹਨ। ਗੁਰੂ ਨੇ ਆਪਣੇ ਅਰਥ-ਭਰਪੂਰ ਫ਼ੁਰਮਾਨ "ਕਾਦੀ ਕੂੜੁ ਬੋਲਿ ...... ਤੀਨੇ ਓਜਾੜੇ ਕਾ ਬੰਧੁ" ਰਾਹੀਂ ਮਨੁੱਖਤਾ ਨੂੰ ਸਮਝਇਆ ਹੈ ਕਿ ਪੁਜਾਰੀ ਜਮਾਤ ਮਨੁੱਖਤਾ ਦੀ ਦੁਰਦਸ਼ਾ ਲਈ ਖ਼ਾਸ ਜ਼ਿੰਮੇਵਾਰ ਹੈ। ਇਹ ਉਜਾੜਾ ਇਹ ਆਪਣੇ ਸਿਆਸੀ ਆਗੂਆਂ ਨਾਲ ਮਿਲ ਕੇ ਮਨੁੱਖੀ ਹਿਰਦਿਆਂ ਵਿੱਚ ਧਰਮ ਅਤੇ ਰਾਜਸੱਤਾ ਦਾ ਦੂਹਰਾ ਆਤੰਕ ਫ਼ੈਲਾ ਕੇ ਕਰਦੀ ਹੈ। ਮੁਹੰਮਦ ਇਕਬਾਲ ਵੀ ਆਪਣੇ ਇੱਕ ਸ਼ੇਅਰ ਵਿੱਚ ਲਿਖਦੇ ਹਨ: 'ਹੇ ਰੱਬਾ ਤੇਰੇ ਸਾਦਾ ਦਿਲ ਬੰਦੇ ਕਿੱਧਰ ਜਾਣ? ਇੱਕ ਪਾਸੇ ਸ਼ਾਹੀ ਦਾ ਆਤੰਕ ਹੈ ਤਾਂ ਦੂਜੇ ਪਾਸੇ ਫ਼ਕੀਰੀ ਦਾ'। ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਵਿੱਚ "ਚਾਕਰ ਨਹਦਾ ਪਾਇਨਿ੍ ਘਾਉ" ਵਾਲੇ ਸ਼ਬਦ ਵਿੱਚ ਓਸ ਤੋਂ ਅਗਲੀ ਹਾਲਤ ਨੂੰ  ਬਿਆਨ ਕੀਤਾ ਹੈ ਜਦੋਂ ਸਿਆਸੀ ਆਗੂ 'ਗਿਆਨ ਵਿਹੂਣੀ' ਜਨਤਾ ਦਾ ਆਪਣੇ ਕਰਿੰਦਿਆਂ ਰਾਹੀਂ ਸ਼ੋਸ਼ਣ ਕਰਦੇ ਹਨ ਅਤੇ ਜਨਤਾ ਨੂੰ ਰਾਹ ਵਿਖਾਉਣ ਵਾਲੇ ਧਾਰਮਕ ਆਗੂ 'ਗਉ ਬ੍ਰਾਹਮਣ ਨੂੰ ਕਰ' ਬਰਦਾਸ਼ਤ ਕਰ ਕੇ ਵਿਖਾਵੇ ਅਤੇ ਪਾਖੰਡ ਰਾਹੀਂ ਸੰਸਾਰ-ਸਾਗਰ ਤੋਂ ਪਾਰ ਹੋ ਜਾਣ ਦੇ ਲਾਰੇ ਵਿੱਚ ਲੋਕਾਂ ਨੂੰ ਰਿਝਾਈ ਰੱਖਦੇ ਹਨ। ਇਸ ਲਈ ਗੁਰੂ-ਕ੍ਰਿਪਾਲ ਨੇ ਪੁਜਾਰੀਵਾਦ ਨੂੰ ਸਿੱਖੀ ਵਿੱਚੋਂ ਸਮੂਲ ਖ਼ਤਮ ਕਰ ਦਿੱਤਾ ਸੀ।

ਸਿਆਸਤਦਾਨ-ਪੁਜਾਰੀ ਗਠਜੋੜ ਨੂੰ ਘਾਤਕ ਜਾਣ ਕੇ ਗੁਰੂ ਨੇ ਇਸ ਨੂੰ ਮੁੱਢੋਂ ਖ਼ਤਮ ਕਰਨ ਲਈ ਅਣਮੁੱਲਾ ਉਪਦੇਸ਼ ਬਖ਼ਸ਼ਿਆ। ਚੇਤੇ ਰਹੇ ਕਿ ਗੁਰੂ ਨਾਨਕ ਤੋਂ ਸਦੀਆਂ ਬਾਅਦ ਵੀ ਯੂਰਪ ਦੇ ਕਈ ਚਿੰਤਕਾਂ ਨੂੰ ਇਸ ਗਠਜੋੜ ਨੇ ਨਾਸਤਿਕਤਾ ਵੱਲ ਧੱਕ ਦਿੱਤਾ ਸੀ। ਏਸ ਕਸ਼ਮਕਸ਼ ਵਿੱਚੋਂ 'ਸੈਕੂਲਰਇਜ਼ਮ' ਨੇ ਜਨਮ ਲੈ ਕੇ ਮਨੁੱਖਤਾ ਉੱਤੇ ਪ੍ਰਮਾਣੂ ਬੰਬ, ਬਸਤੀਵਾਦ, ਇੱਕ-ਪੁਰਖੀ ਰਾਜ ਅਤੇ ਆਲਮੀ ਜੰਗਾਂ ਵਰਗੀਆਂ ਮਹਾਂ-ਮਾਰੀਆਂ ਲਿਆਂਦੀਆਂ। ਗੁਰੂ ਨੇ ਅਉਖਾ ਪਰ ਸਰਵ-ਕਲਿਆਣਕਾਰੀ, ਸੁਤੇ ਸਿੱਧ ਸਦਾ ਸਾਰਥਕ ਰਹਿਣ ਵਾਲਾ 'ਗਾਡੀ ਰਾਹ' ਮਨੁੱਖਤਾ ਨੂੰ ਵਿਖਾਇਆ। ਇਸ ਪੰਥ ਉੱਤੇ ਜ਼ਾਲਮ ਅਨਿਆਂਕਾਰੀ ਰਾਜਿਆਂ ਨੂੰ ਇਹ ਆਖ ਕੇ ਰੱਦ ਕੀਤਾ ਕਿ ਕੇਵਲ ਨਿਰੰਕਾਰ ਹੀ ਸੱਚਾ ਪਾਤਸ਼ਾਹ ਹੈ, ਆਪਣੇ-ਆਪ ਨੂੰ ਹਾਕਮ ਪ੍ਰਗਟ ਕਰਨ ਵਾਲੇ ਝੂਠੇ ਦਾਅਵੇ ਕਰਨ ਵਾਲੇ ਛਿਨ ਭੰਗਰੇ ਪ੍ਰਾਣੀ ਉਸ ਦੇ ਦਰਬਾਰ ਵਿੱਚ ਕੀੜਿਆਂ- ਮਕੌੜਿਆਂ ਦੀ ਹੈਸੀਅਤ ਰੱਖਦੇ ਹਨ। ਪੁਜਾਰੀ ਜਮਾਤ ਨੂੰ ਗੁਰੂ ਪਾਤਸ਼ਾਹ ਨੇ “ਨਿਰਾਪਰਾਧ ਚਿਤਵਹਿ ਬੁਰਿਆਈ” ਅਤੇ ਹੱਥ ਛੁਰੀਆਂ ਰੱਖਣ ਵਾਲੀ ‘ਜਗਤ-ਕਸਾਈ' ਜਮਾਤ ਦੱਸਿਆ। ਹਰ ਕਿਸਮ ਦੇ ਵਿਚੋਲਿਆਂ ਨੂੰ ਅਧਿਆਤਮਕ ਰਾਹ ਤੋਂ ਖਾਰਜ ਕਰ ਕੇ, ਮਨੁੱਖ ਨੂੰ ਮਹਾਂ ਦਿਆਲੂ ਕਰੁਣਾਸਾਗਰ ਮਾਤ-ਪਿਤਾ ਅਕਾਲ ਪੁਰਖ ਦੀ ਗੋਦੀ ਵਿੱਚ ਲਿਆ ਬਿਠਾਇਆ।

ਦਸਵੇਂ ਜਾਮੇ ਵਿੱਚ ਸਾਹਿਬਾਂ ਨੇ ਇਹੋ ਉਪਦੇਸ਼ ਦ੍ਰਿੜ੍ਹਾਇਆ ਅਤੇ ਬੰਦਾ ਬਹਾਦਰ ਅਤੇ ਉਸ ਦੇ ਅਦੁੱਤੀ ਸਾਥੀਆਂ ਦੇ ਖੂਨ, ਪਸੀਨੇ, ਹੱਡ, ਮਾਸ ਨਾਲ ਇੱਕ ਅਜਬ ਥੀਸਿਸ ਲਿਖੀ। ਇਸ ਦਾ ਅੱਖਰ-ਅੱਖਰ ਗੁਰਸਿੱਖਾਂ ਦੀਆਂ ਕਰਨੀਆਂ ਵਿੱਚੋਂ ਪਰਗਟ ਹੋਇਆ ਅਤੇ ਮਹਾਂ-ਪ੍ਰਕਾਸ਼ ਬਣ ਕੇ ਜਗਤ-ਗੁਰੂ ਦੇ ਦੈਵੀ ਨਿਸ਼ਾਨੇ ਨੂੰ ਮਨੁੱਖੀ ਵਰਤਾਰਾ ਬਣਾਉਣ ਵੱਲ ਪੂਰੇ ਵੇਗ ਨਾਲ ਚੱਲਿਆ। ਮਿਸਲ ਕਾਲ ਵਿੱਚ ਇਸ ਦਾ ਵੇਗ਼ ਕੁਝ ਸੁਸਤ ਹੋਇਆ; ਰਣਜੀਤ ਸਿੰਘ ਵੇਲੇ ਅਸਲੋਂ ਮੱਠਾ ਪੈ ਗਿਆ। ਅਗਲੇ ਦੌਰ ਵਿੱਚ ਗ਼ੁਲਾਮੀ ਦੇ ਤੌਕ ਨੂੰ ਡਾਢਿਆਂ ਨੇ ਤਮਗ਼ਾ ਬਣਾ ਕੇ ਪੇਸ਼ ਕੀਤਾ ਅਤੇ ਅਸੀਂ ਅਜਿਹੇ ਉਲਝੇ ਕਿ ਆਪਣੀ ਤਾਣੀ ਨੂੰ ਅਜੇ ਤੱਕ ਸੁਲਝਾ ਨਹੀਂ ਸਕੇ।

ਜਦੋਂ ਫ਼ੌਰਸਟਰ ਨੇ ਸਿੰਘਾਂ ਦੀ ਤਾਕਤ ਦਾ ਅੰਦਾਜ਼ਾ ਲਾਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ 1782-83 ਵਿੱਚ ਤਿੰਨ ਲੱਖ ਘੋੜ-ਚੜ੍ਹੇ ਮੈਦਾਨ ਵਿੱਚ ਉਤਾਰਨ ਦੇ ਕਾਬਲ ਸਨ। ਸੰਨ 1818 ਵਿੱਚ ਵੀ ਹਿੰਦੋਸਤਾਨ ਵਿੱਚ ਕੁਈ ਸ਼ਕਤੀ ਐਸੀ ਨਹੀਂ ਸੀ ਜੋ ਲੜਾਈ ਦੇ ਮੈਦਾਨ ਵਿੱਚ 22000 ਤੋਂ ਵੱਧ ਫ਼ੌਜ ਉਤਾਰ ਸਕੇ। ਜਦੋਂ ਫ਼ੌਰਸਟਰ, ਜੌਨ ਮੈਲਕਮ ਅਤੇ ਹੋਰ ਸੂਹੀਆਂ ਨੇ ਸਿੱਖੀ ਕਿਰਦਾਰ ਦੀ ਘੋਖ-ਪੜਤਾਲ ਕੀਤੀ ਤਾਂ ਪਾਇਆ ਕਿ ਇਹ ਖ਼ਰੇ ਸੋਨੇ ਵਿੱਚ ਦਸਮੇਸ਼ ਨੇ ਘੜਿਆ ਸੀ। ਹਰ ਸਿਪਾਹੀ ਆਪਣੇ-ਆਪ ਨੂੰ ਮੁਕੰਮਲ ਖ਼ੁਦਮੁਖ਼ਤਿਆਰ ਅਕਾਲ ਪੁਰਖ ਦਾ ਫ਼ੌਜੀ ਸਮਝਦਾ ਸੀ। ਵਿੱਦਿਆ ਦਾ ਚਾਨਣ ਏਨਾਂ ਸੀ ਕਿ ਰਣਜੀਤ ਸਿੰਘ ਵੇਲੇ ਤੱਕ ਪਿੰਡਾਂ ਵਿੱਚ 78 ਪ੍ਰਤੀਸ਼ਤ ਲੋਕ ਸਾਖਰ ਸਨ ਅਤੇ ਸ਼ਹਿਰਾਂ ਵਿੱਚ 87 ਪ੍ਰਤੀਸ਼ਤ। ਅੰਗ੍ਰੇਜ਼ ਨੇ ਪ੍ਰਤੱਖ ਵੇਖਿਆ ਕਿ ਇੱਕ ਨਵੀਂ ਕੌਮ ਖੰਡੇ-ਬਾਟੇ ਨੇ ਪੈਦਾ ਕਰ ਦਿੱਤੀ ਹੈ ਜਿਹੜੀ ਕਿ ਜੇ ਗੁਰੂ-ਪ੍ਰਮੇਸ਼ਰ ਦੇ ਦੱਸੇ ਅਸੂਲਾਂ ਉੱਤੇ ਕਾਇਮ ਰਹਿ ਸਕੀ ਤਾਂ ਜਲਦੀ ਹੀ ਸੰਸਾਰ ਫ਼ਤਹਿ ਕਰਨ ਦੇ ਕਾਬਲ ਹੈ।

ਉਹਨਾਂ ਘੋਖੀਆਂ ਨੂੰ ਏਸ ਕੌਮ ਨੂੰ ਨਿਸ਼ਾਨੇ ਤੋਂ ਥਿੜਕਾਉਣ ਦਾ ਰਾਹ ਵੀ ਹਿੰਦੋਸਤਾਨ ਵਿੱਚੋਂ ਹੀ ਲੱਭ ਗਿਆ। ਫ਼ੌਰਸਟਰ ਨੇ ਲਿਖਿਆ ਕਿ ਹਿੰਦੂ-ਧਰਮ-ਪੁਸਤਕਾਂ ਅਤੇ ਦੇਵੀ-ਦੇਵਤਿਆਂ ਦਾ ਪ੍ਰਚਾਰ ਹੀ ਇਹਨਾਂ ਨੂੰ ਪੁਜਾਰੀ ਦੇ ਗ਼ੁਲਾਮ ਬਣਾਉਣ ਲਈ ਸਮਰੱਥ ਹੈ। ਏਸ ਤੋਂ ਬਾਅਦ ਅੰਗ੍ਰੇਜ਼ਾਂ ਨੇ ਸਿੱਖਾਂ ਨੂੰ ਗ਼ੁਲਾਮੀ ਦੇ ਜੂਲੇ ਹੇਠ ਲਿਆਉਣ ਲਈ ਆਪਣੇ ਯਤਨ ਆਰੰਭ ਕਰ ਦਿੱਤੇ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਦੇ ਉਪਦੇਸ਼ ਆਖੇਪ ਕਰਨ ਲਈ, ਭਾਈ ਬੰਨੋ ਵਾਲੀ ਖਾਰੀ ਬੀੜ ਨਾਲ ਹਿੰਦੂ ਮਿਥਿਹਾਸ ਦੇ ਬਚਿਤ੍ਰ ਨਾਟਕ ਗ੍ਰੰਥ ਨੂੰ ਨੱਥੀ ਕਰ ਕੇ ਸਿੱਖਾਂ ਨੂੰ ਦੇਵੀ ਪੂਜਾ, ਮੂਰਤੀ ਪੂਜਾ ਆਦਿ ਦੇ ਰਾਹ ਤੋਰਿਆ ਗਿਆ। ਏਸ ਗ੍ਰੰਥ ਦਾ ਉਲੱਥਾ ਕਰਵਾ ਕੇ ਏਸ ਨੂੰ ਅੰਗ੍ਰੇਜ਼ ਵਿਦਵਾਨਾਂ ਵਿੱਚ ਸਿੱਖ ਮੱਤ ਦਾ ਆਧਾਰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਹਿਲੋ-ਪਹਿਲ ਕਲਕੱਤੇ ਦੇ ਨਿਰਮਲੇ ਬ੍ਰਾਹਮਣ ਆਤਮਾ ਰਾਮ ਰਾਹੀਂ 'ਅਪਨੀ ਕਥਾ' ਅਤੇ ਹੋਰ ਕੁਝ ਕਵਿਤਾਵਾਂ ਡਿੰਗਲ ਕਾਵਿ, ਪ੍ਰਿਥਵੀਰਾਜ ਰਾਸੋ ਆਦਿ ਵਿੱਚੋਂ ਲੈ ਕੇ, ਦਸਮ ਗੁਰੂ ਦੀਆਂ ਆਖ ਕੇ ਪ੍ਰਚੱਲਤ ਕੀਤੀਆਂ। 'ਅਪਨੀ ਕਥਾ' ਅੰਗ੍ਰੇਜ਼ ਨੂੰ ਰਾਸ ਆਉਣ ਵਾਲੇ ਸੂਤਰਾਂ ਦੇ ਆਲੇ ਦੁਆਲੇ ਰਚੀ ਗਈ। ਏਸ ਦਾ ਪਹਿਲਾ ਖੁੱਲ੍ਹਾ ਅਨੁਵਾਦ ਜੌਨ ਮੈਲਕਮ ਨੇ ਆਪਣੀ ਕਿਤਾਬ, Sketch of The Sikhs, ਵਿੱਚ ਛਾਪਿਆ। ਬਾਅਦ ਵਿੱਚ ਅਰਨਸਟ ਟਰੰਪ ਦੇ ਇਨਕਾਰ ਕਰਨ ਉਪਰੰਤ ਅਤਰ ਸਿੰਘ ਭਦੌੜ ਤੋਂ ਕੁਝ ਹਿੱਸੇ ਦਾ ਅੰਗ੍ਰੇਜ਼ੀ ਵਿੱਚ ਉਲੱਥਾ ਕਰਵਾਇਆ ਗਿਆ। ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਸਭ ਤੋਂ ਪਹਿਲਾ ਕਦਮ ਬਚਿਤ੍ਰਨਾਟਕ ਗ੍ਰੰਥ ਦਾ ਉਲੱਥਾ ਕਰਵਾਉਣ ਦਾ ਹੀ ਮਿਥਿਆ ਗਿਆ। ਆਖ਼ਰ ਅੰਗ੍ਰੇਜ਼ ਵੱਲੋਂ ਤਿਆਰ ਕਰਵਾਈ ਬੀੜ ਨੂੰ ਪ੍ਰਮਾਣਕ ਦਰਜਾ ਦੇਣ ਲਈ ਬਾਬਾ ਖੇਮ ਸਿੰਘ ਬੇਦੀ ਅਤੇ ਅਤਰ ਸਿੰਘ ਭਦੌੜ ਰਾਹੀਂ ਸੋਧਕ ਕਮੇਟੀ (1896) ਦਾ ਢੌਂਗ ਰਚਿਆ ਗਿਆ।

ਦੂਸਰੇ ਕਦਮ ਵਜੋਂ ਸਿੱਖ ਪੰਥ ਅੰਦਰ ਪੁਜਾਰੀ ਜਮਾਤ ਲਈ ਥਾਂ ਬਣਾਈ ਗਈ ਅਤੇ ਸੰਤ-ਬਾਬਿਆਂ ਨੂੰ ਵੀ ਗੁਰੂ ਗ੍ਰੰਥ ਦੇ ਸ਼ਰੀਕ ਥਾਪਿਆ ਗਿਆ। ਕੁਈ ਦਸ ਕੁ ਫ਼ੌਜੀ ਅਜਿਹੇ ਨਿਤਾਰੇ ਗਏ ਜਿੰਨ੍ਹਾਂ ਨੂੰ ਪ੍ਰਮਾਤਮਾ ਦੇ ਵੱਡੇ ਭਗਤ ਦਰਸਾ ਕੇ ਸੰਤਾਂ ਵਜੋਂ ਸਿੱਖ ਪੰਥ ਦੇ ਗਲ਼ ਮੜ੍ਹਿਆ ਗਿਆ। 'ਵਾਰਦਾਤ ਵਿਧੀ' ਇਹ ਅਪਣਾਈ ਗਈ: ਪ੍ਰਚੱਲਤ ਕੀਤਾ ਕਿ ਕਰਮ ਸਿੰਘ ਫ਼ੌਜੀ ਹੋਤੀ ਮਰਦਾਨ ਦੇ ਨੇੜੇ ਦੀਆਂ ਇਕਾਂਤ ਥਾਵਾਂ ਉੱਤੇ ਬੈਠ ਕੇ ਧਿਆਨ ਧਰਨ ਦਾ ਆਦੀ ਸੀ। ਇੱਕ ਦਿਨ ਐਸੀ ਲਿਵ ਲੱਗੀ ਕਿ ਪਰੇਡ ਉੱਤੇ ਹਾਜ਼ਰ ਹੋਣਾ ਯਾਦ ਨਾ ਆਇਆ; ਤਾਂ ਪ੍ਰਮਾਤਮਾ ਖ਼ੁਦ ਆ ਕੇ ਉਸ ਦੀ ਥਾਂਵੇਂ ਰਫ਼ਲ ਫੜ ਕੇ ਪ੍ਰੇਡ ਕਰਦਾ ਰਿਹਾ। ਇਸ ਚਮਤਕਾਰ ਤੋਂ ਬਾਅਦ ਉਸ ਨੇ ਅੰਗ੍ਰੇਜ਼ ਨੂੰ ਨੌਕਰੀ ਤੋਂ ਖਾਰਜ ਕਰਨ ਦੀ ਦਰਖ਼ਾਸਤ ਦਿੱਤੀ ਪਰ ਅੰਗ੍ਰੇਜ਼ ਨੇ ਨਾਂਹ ਕਰ ਦਿੱਤੀ। ਕਰਮ ਸਿੰਘ ਨੇ ਆਖਿਆ ਕਿ ਭਰਤੀ ਕਰਨ ਵੇਲੇ ਬਣੀ ਸੂਚੀ ਦਾ ਮੁਆਇਨਾ ਕੀਤਾ ਜਾਵੇ; ਮੈਂ ਤਾਂ ਕਦੇ ਭਰਤੀ ਹੀ ਨਹੀਂ ਹੋਇਆ। ਸੂਚੀ ਵੇਖਣ ਉੱਤੇ ਉਸ ਦਾ ਨਾਂਅ ਸੂਚੀ ਵਿੱਚੋਂ ਗਾਇਬ ਪਾਇਆ ਗਿਆ। ਕਰਮ ਸਿੰਘ ਸੰਤ ਕਰਮ ਸਿੰਘ ਹੋਤੀ ਮਰਦਾਨ ਬਣ ਕੇ, ਗੁਰਦੁਆਰਾ ਬਣਾ ਕੇ (ਅੰਗ੍ਰੇਜ਼ ਪ੍ਰਵਾਣਤ) ਸਿੱਖੀ ਦਾ ਪ੍ਰਚਾਰ ਕਰਨ ਲੱਗ ਪਿਆ। ਕਰਾਮਾਤੀ ਪਹਿਲੇ ਦਿਨ ਤੋਂ ਹੀ ਅੰਗ੍ਰੇਜ਼ ਨੇ ਤਸਦੀਕ ਕਰ ਦਿੱਤਾ। ਇਉਂ ਏਸ ਦੀ ਵੱਡੀ ਮਾਨਤਾ ਦਿਨਾਂ ਵਿੱਚ ਹੀ ਹੋ ਗਈ। ਚੜ੍ਹਾਵਿਆਂ ਦੀਆਂ ਪੰਡਾਂ ਆਉਣ ਲੱਗ ਪਈਆਂ। ਇਹ ਜਦੋਂ ਬਾਹਰੋਂ ਪ੍ਰਚਾਰ ਕਰ ਕੇ ਵਾਪਸ ਆਉਂਦਾ ਤਾਂ ਪਲਟਨ ਦਾ ਅੰਗ੍ਰੇਜ਼ੀ ਬਾਜਾ-ਬੈਂਡ ਪੀਪਣੀਆਂ, ਢੋਲਕੀਆਂ ਵਜਾਉਂਦਾ ਹੋਇਆ ਇਸ ਨੂੰ ਗੁਰਦੁਆਰੇ ਤੱਕ ਛੱਡ ਕੇ ਆਉਂਦਾ। ਲੋਕਾਂ ਉੱਤੇ ਧਾਂਕ ਪੈ ਗਈ ਕਿ ਬਹੁਤ ਵੱਡਾ ‘ਅਧਿਆਤਮ ਗੁਰੂ’ ਹੈ ਤਾਂਹੀਏਂ ਤਾਂ ਅੰਗ੍ਰੇਜ਼-ਲੋਕਾਂ ਵਿੱਚ ਵੱਡੀ ਮਾਨਤਾ ਹੈ।

ਅੰਗ੍ਰੇਜ਼ ਦਾ ਪਹਿਲਾ ਤਜ਼ਰਬਾ ਸਫ਼ਲ ਰਿਹਾ। ਏਸੇ ਫ਼ਰੇਬੀ ਵਿਧੀ ਨਾਲ ਅਤਰ ਸਿੰਘ ਮਸਤੂਆਣਾ, ਜੈਮਲ ਸਿੰਘ ਰਾਧਾ ਸੁਆਮੀ, ਈਸ਼ਰ ਸਿੰਘ ਰੇਰੂ ਆਦਿ ਦਸ ਕੁ ਸਾਧਾਂ ਨੂੰ ਵੱਡੇ ਅਧਿਆਤਮਕ ਰੁਤਬਿਆਂ ਦਾ ਧਾਰਨੀ ਬਣਾ ਕੇ ਸਿੱਖ ਪੰਥ ਵਿੱਚ ਠੇਲ੍ਹ ਦਿੱਤਾ। ਦੂਜੀ "ਵਾਰਦਾਤ ਵਿਧੀ" ਅਨੁਸਾਰ ਬਾਬਾ ਖੇਮ ਸਿੰਘ ਬੇਦੀ ਨੂੰ 28742 ਏਕੜ ਜ਼ਮੀਨ ਅਤੇ ਵੱਡੇ ਸਰਕਾਰੀ ਅਹੁਦੇ ਆਦਿ ਦੇ ਕੇ ਸਿੱਖਾਂ ਦਾ ਗੁਰੂ ਪ੍ਰਚਾਰਿਆ ਗਿਆ। ਇਹ ਦਰਬਾਰ ਸਾਹਿਬ ਕਮੇਟੀ, ਚੀਫ਼ ਖ਼ਾਲਸਾ ਦੀਵਾਨ, ਵਾਇਸ ਰਾਇ ਕੌਂਸਲ ਆਦਿ ਦਾ ਮੈਂਬਰ ਬਣਾਇਆ ਅਤੇ ਬਦਲੇ ਵਿੱਚ ਇਸ ਨੇ ਅਨੇਕਾਂ ਕੋਝੇ ਹਰਬੇ ਵਰਤ ਕੇ ਸਿੱਖੀ ਨੂੰ ਢਾਅ ਲਾਈ।

ਨਵੇਂ ਥਾਪੇ ਸੰਤ ਬਾਬਿਆਂ ਨੇ ਵੀ ਕਸਰ ਨਾ ਰਹਿਣ ਦਿੱਤੀ। ਕਈਆਂ ਦੇ ਖੂੰਡੇ, ਤਿੱਲੇ ਵਾਲੀਆਂ ਜੁੱਤੀਆਂ, ਪੋਤੜੇ ਆਦਿ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੂਜੇ ਜਾਂਦੇ ਹਨ। ਇਹ ਇੱਕ ਪੁਜਾਰੀ ਜਮਾਤ ਬਣ ਗਈ ਜਿਸ ਨੇ ਪੰਥ ਅਤੇ ਅਕਾਲ ਪੁਰਖ ਦੀ ਵਿਚੋਲਗੀ ਦਾ ਭਾਰ ਕਮਜ਼ੋਰ ਜਿਸਮ ਉੱਤੇ ਚੁੱਕਣ ਦਾ ਦਾਈਆ ਬੱਧਾ। ਔਰੰਗਜ਼ੇਬ ਨੂੰ ਕਿਸੇ ਬੰਗਾਲੀ ਨੇ ਗੁਰੂ ਧਾਰਨ ਦੀ ਪੇਸ਼ਕਸ਼ ਕੀਤੀ ਸੀ ਤਾਂ ਉਸ ਨੇ ਗੁਰੂ ਨਾਨਕ ਦੇ ਸ਼ਬਦ ਦਾ ਹਵਾਲਾ ਦੇ ਕੇ ਕੋਰੀ ਨਾਂਹ ਕਰ ਦਿੱਤੀ ਸੀ। ਉਸ ਆਖਿਆ 'ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ। ਚੂਹਾ ਖਡ ਨ ਮਾਵਈ ਤਿਕਲਿ ਬੰਨੈ੍ ਛਜ'। ਸਿੱਖੀ ਦੇ ਵੱਡੇ ਦੁਸ਼ਮਣ ਨੂੰ ਵੀ ਪਤਾ ਸੀ ਕਿ ਗੁਰੂ ਬਣ ਬੈਠਣਾਂ ਮਾਨਵਤਾ ਵਿਰੋਧੀ ਕਰਮ ਹੈ ਪਰ ਸਾਡੇ ਅੰਗ੍ਰੇਜ਼ ਨਿਵਾਜੇ, ‘ਪੂਜਨੀਕ 108’ ਬਾਬਿਆਂ ਨੂੰ ਏਨਾਂ ਗਿਆਨ ਨਹੀਂ ਸੀ। ਖ਼ੈਰ, ਇਹਨਾਂ ਨੇ ਅੰਗ੍ਰੇਜ਼ ਸਮਰਾਜ ਦੀ ਅਤੇ ਹਿੰਦੂ ਧਰਮ ਦੀ ਖ਼ੂਬ ਵਫ਼ਾਦਾਰੀ ਨਿਭਾਈ। ਸਿੱਖੀ ਦਾ ਢੌਂਗ ਰਚ ਕੇ ਆਪਣੀਆਂ ਗੱਦੀਆਂ, ਮਰਿਯਾਦਾਵਾਂ, ਪੂਜਾ-ਵਿਧੀਆਂ ਚਲਾ ਕੇ ਸਿੱਖੀ ਨੂੰ ਕਈ ਟੁਕੜਿਆਂ ਵਿੱਚ ਵੰਡ ਕੇ ਸਿਆਸੀ ਪੱਖੋਂ ਨਿਸੱਤਾ ਅਤੇ ਧਾਰਮਕ ਪੱਖੋਂ ਖੋਖਲਾ ਕਰ ਦਿੱਤਾ। ਧੰਨਾ ਸਿੰਘ ਪਟਿਆਲਵੀ ਜਦੋਂ ਕੈਮਰੇ ਨਾਲ ਲੈਸ ਹੋ ਕੇ, ਸਾਈਕਲ ਸਵਾਰ ਹੋ ਕੇ, ਹੋਤੀ ਮਰਦਾਨ ਪਹੁੰਚਿਆ ਤਾਂ ਉਸ ਨੇ ਪਾਇਆ ਕਿ ਬਾਬੇ ਕਰਮ ਸਿੰਘ ਦਾ ਜਾਨਸ਼ੀਨ ਗੁਰੂ ਗ੍ਰੰਥ ਦੇ ਬਰਾਬਰ ਗੱਦਾ ਲਾ ਕੇ ਮੱਥੇ ਟਿਕਾ ਰਿਹਾ ਹੈ। ਬਾਬਾ ਖੇਮ ਸਿੰਘ ਬੇਦੀ ਤਾਂ ਦਰਬਾਰ ਸਾਹਿਬ ਵਿੱਚ ਵੀ ਗਦੈਲਾ ਵਿਛਾ ਕੇ ਬਿਰਾਜਮਾਨ ਹੁੰਦਾ ਸੀ, ਮੱਥੇ ਟਿਕਾਉਂਦਾ ਸੀ। ਬਚਪਨ ਵਿੱਚ ਮੈਂ ਵੀ ਆਪਣੇ ਪਿੰਡ ਵਿੱਚ ਬਾਬਿਆਂ ਦਾ “ਠੂਠਾ” ਫ਼ਿਰਦਾ ਵੇਖਿਆ ਸੀ। ਇਹ ਗੱਡੇ ਉੱਤੇ ਰੱਖਿਆ ਵੱਡਾ ਕੜਾਹਾ ਹੁੰਦਾ ਸੀ ਜੋ ਹਾੜੀ ਦੇ ਦਿਨੀਂ ਹਰ ਘਰ ਵਿੱਚੋਂ ਦਾਣਿਆਂ ਦੇ ਰੂਪ ਵਿੱਚ ਦਸਵੰਧ ਉਗਰਾਹੁੰਦਾ ਸੀ। ਸਭ ਨੂੰ ਪਤਾ ਸੀ ਕਿ ਆਖ਼ਰ ਸਾਰੀ ਜਿਣਸ ਨੂੰ ਨੇੜੇ ਦੀ ਮੰਡੀ ਵਿੱਚ ਵੇਚ ਕੇ ਬਾਬਿਆਂ ਦੇ ਏਜੰਟ ਨੇ ਪੈਸੇ ਸਮੇਟ ਕੇ ਚਲੇ ਜਾਣਾ ਹੈ।


ਸਿੱਖੀ ਵਿੱਚ ਡੂੰਘੀਆਂ ਖਾਈਆਂ ਪੁੱਟਣ ਵਾਲੇ ਅਤੇ ਗਰੀਬ ਦੇ ਮੂੰਹ ਨੂੰ ਜਾਂਦੀ ਗੋਲਕ ਉੱਤੇ ਇਹ ਗੋਰੇ-ਕਾਲੇ ਅੰਗ੍ਰੇਜ਼ਾਂ ਦੇ ਥਾਪੇ ਬਾਬੇ ਜੋਕਾਂ ਵਾਂਗੂੰ ਚੁੰਬੜ ਗਏ। ਇਹਨਾਂ ਦੇ ਵੱਡੇ ਢਿੱਡਾਂ ਵਿੱਚ ਸਿੱਖੀ ਦਾ ਅਥਾਹ ਆਰਥਕ ਅਤੇ ਅਧਿਆਤਮਕ ਸਰਮਾਇਆ ਸਮਾ ਕੇ ਮਿੱਟੀ ਹੋ ਗਿਆ। ਗਰੀਬਾਂ, ਸਿਕਲੀਗਰਾਂ, ਵਣਜਾਰਿਆਂ, ਦੂਰ-ਦੁਰਾਡੇ ਦੇ ਗਰੀਬਾਂ ਤੱਕ ਸਿੱਖੀ ਦਾ ਹਾਅ ਦਾ ਨਾਅਰਾ ਵੀ ਨਾ ਪਹੁੰਚ ਸਕਿਆ। ਪਿੱਛੇ ਜਿਹੇ ਪਤਾ ਚੱਲਿਆ ਕਿ ਇੱਕ ਮਾਮੂਲੀ ਜਿਹੇ ਬਾਬੇ ਦੇ ਅਧੀਨ ਦਰਜਨਾਂ ਗੁਰਦੁਆਰੇ ਖੱਟੀ ਦੀਆਂ ਦੁਕਾਨਾ ਵਾਂਗ ਚੱਲਦੇ ਹਨ ਜਿਸ ਦਾ ਸਬੂਤ ਇਹ ਹੈ ਕਿ ਉਸ ਨੇ ਘਟੋ-ਘੱਟ 1400 ਕਰੋੜ ਦੀ ਜਾਇਦਾਦ ਬਣਾਈ ਹੋਈ ਹੈ। ਇੱਕ ਕਚਹਿਰੀ ਵਿੱਚ ਉਸ ਦਾ ਹਲਫ਼ੀਆ ਬਿਆਨ ਦਰਜ ਹੈ ਕਿ 'ਅਸੀਂ ਆਪਣੇ ਡੇਰੇ ਗ੍ਰੰਥ ਸਾਹਿਬ ਵੀ ਰੱਖਿਆ ਹੋਇਆ ਹੈ ਪਰ ਮੱਥੇ ਮੈਨੂੰ ਟਿਕਦੇ ਹਨ ਅਤੇ ਚੜ੍ਹਾਵਾ ਵੀ ਮੈਨੂੰ ਹੀ ਚੜ੍ਹਦਾ ਹੈ।' ਇਸ ਬਾਬੇ ਨੂੰ ਸਿੱਖੀ ਦਾ ਸੱਚਾ ਪ੍ਰਚਾਰਕ ਪਰਗਟ ਕਰਦੇ 'ਮਹਾਂ ਪੁਜਾਰੀਆਂ' (High Priests) ਨੇ ਅਨੇਕ ਹੁਕਮਨਾਮੇ ਜਾਰੀ ਕੀਤੇ ਹੋਏ ਹਨ।


ਸਿੱਖੀ ਨੂੰ ਲੋਕਾਂ ਵਿੱਚੋਂ ਖਾਰਜ ਕਰਨ ਲਈ ਅੰਗ੍ਰੇਜ਼ਾਂ ਨੇ ਇਹ ਕੀਤਾ ਕਿ ਦਰਬਾਰ ਸਾਹਿਬ ਸਮੇਤ ਸਿੱਖੀ ਦੇ ਵੱਡੇ ਸੋਮਿਆਂ ਉੱਤੇ ਸਿੱਧੇ-ਅਸਿੱਧੇ ਕਬਜ਼ੇ ਕਰਵਾ ਕੇ ਉਹਨਾਂ ਨੂੰ ਸਿੱਖੀ ਦਾ ਘਾਣ ਕਰਨ ਲਈ ਵਰਤਿਆ। ਅਗਸਤ 1947 ਵਿੱਚ ਭਾਰਤ ਆਜ਼ਾਦ ਹੋਇਆ ਪਰ ਸਾਡਾ 26 ਦਸੰਬਰ 1950 ਨੂੰ ਫ਼ੇਰ ਗੁਲਾਮੀਕਰਣ ਹੋ ਗਿਆ। ਗੋਰੇ ਅੰਗ੍ਰੇਜ਼ਾਂ ਦੀ ਥਾਂ ਕਾਲੇ ਅੰਗ੍ਰੇਜ਼ਾਂ ਨੇ ਲੈ ਲਈ ਅਤੇ ਸਿੱਖੀ ਦੇ ਗੌਰਵ ਨੂੰ ਮੁੱਢੋਂ ਖ਼ਤਮ ਕਰਨ ਦੀ ਨੀਤੀ ਬਰਕਰਾਰ ਰਹੀ। ਕਾਰਣ ਵੀ ਸਹੀ ਸੀ ― ਸਿੱਖ ਜਾਤ-ਪਾਤ, ਰੰਗ-ਭੇਦ, ਸੁੱਚ-ਭਿਟ, ਊਚ-ਨੀਚ ਅਤੇ ਜਾਤੀ-ਵਰਣ-ਵਿਵਸਥਾ ਵਿੱਚ ਫਸ ਕੇ ਬ੍ਰਾਹਮਣੀ ਸਮਾਜ ਦੀ ਗ਼ੁਲਾਮੀ ਨੂੰ ਕਬੂਲਣ ਤੋਂ ਮੁਨਕਰ ਹੈ। ਹਿੰਦ ਦੀ ਸਥਾਈ ਸੱਭਿਆਚਾਰਕ ਬਹੁਗਿਣਤੀ ਆਦਿ ਸਮੇਂ ਤੋਂ ਹੀ ਸਿੱਖੀ ਨੂੰ ਆਪਣੇ ਧਰਮ-ਵਿਰੋਧੀ ਗਰਦਾਨ ਕੇ ਇਸ ਨੂੰ ਖ਼ਤਮ ਕਰਨ ਦੀ ਚੇਸ਼ਟਾ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਂਦੀ ਰਹੀ ਹੈ। ਸਿੱਖ ਗੁਰੂ ਦਾ ਦਰ ਨਹੀਂ ਛੱਡਦਾ ਜਿਹੜਾ ਸਿੱਧਾ ਮਾਨਵ- ਕਲਿਆਣ ਦੀ ਮੰਜ਼ਲ ਨੂੰ ਜਾਂਦਾ ਹੈ ―"ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ"?

ਦਸਮੇਸ਼ ਦੀ ਨਿਰਾਲੀ ਛਬ ਅਤੇ ਲਾਸਾਨੀ ਗੌਰਵ ਨੂੰ ਸਮਝਣ ਦੇ ਨੇੜੇ ਤੇੜੇ ਅਸੀਂ ਇਤਿਹਾਸਕ ਸੰਦਰਭ ਦੀ ਸਹਾਇਤਾ ਲੈ ਕੇ ਹੀ ਪਹੁੰਚ ਸਕਦੇ ਹਾਂ। ਧਰਮ ਦੇ ਬਾਨੀ ਅਤੇ ਫ਼ਲਸਫ਼ੇ ਦੇ ਮਾਹਿਰਾਂ ਦੇ ਫ਼ਰਕ ਦਾ ਵੀ ਅੰਦਾਜ਼ਾ ਇਸੇ ਵਿਧੀ ਨਾਲ ਲਾਇਆ ਜਾ ਸਕਦਾ ਹੈ। ਫ਼ੇਰ ਅਸੀਂ ਇਹ ਸਮਝਣ ਦੇ ਕਾਬਲ ਵੀ ਹੋ ਜਾਵਾਂਗੇ ਕਿ 'ਬਚਿਤ੍ਰਨਾਟਕ' ਵਰਗੇ ਗ੍ਰੰਥ ਗੁਰੂ ਦੇ ਨਾਂਅ ਮੜ੍ਹ ਕੇ ਕਿਹੋ ਜਿਹੇ ਸਿਹ ਦੇ ਤੱਕਲੇ ਸਿੱਖ ਪੰਥ ਦੇ ਵਿਹੜੇ ਵਿੱਚ ਗੱਡੇ ਜਾ ਰਹੇ ਹਨ। ਵੱਡੇ ਫ਼ਲੌਸਫ਼ਰ ਅਰਸਤੂ ਦਾ ਚੇਲਾ ਸਿਕੰਦਰ ਸੀ ਜੋ ਜਾਤੀ ਹਵਸ ਅਤੇ ਫੋਕੀ ਸ਼ੁਹਰਤ ਦੀ ਭਾਲ ਵਿੱਚ ਫ਼ੌਜਾਂ ਅਤੇ ਦਿਗਵਿਜੇ ਦਾ ਚਾਅ ਲੈ ਕੇ ਸੰਸਾਰ ਫ਼ਤਹਿ ਕਰਨ ਚੜ੍ਹਿਆ। ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਘਾਣ ਕਰ ਕੇ, ਕਈ ਸੱਭਿਅਤਾਵਾਂ ਨੂੰ ਖ਼ਤਮ ਕਰ ਕੇ ਉਸ ਨੇ ਆਪਣਾ ਸ਼ੌਕ ਪਾਲਿਆ। ਕਾਰਲ ਮਾਰਕਸ ਦੇ ਦੋ ਪ੍ਰਮੁੱਖ ਚੇਲੇ ਹੋਏ ਜੋਜ਼ਫ਼ ਸਟੈਲਿਨ ਅਤੇ ਮਾਉ-ਜੇ-ਤੁੰਗ। ਦੋਨਾਂ ਨੇ ਇਸ ਦੇ ਸੁਪਨਿਆਂ ਦੇ ਸੰਸਾਰ ਨੂੰ ਧਰਤੀ ਉੱਤੇ ਉਤਾਰਨ ਲਈ ਘੱਟੋ-ਘੱਟ ਦਸ-ਦਸ ਲੱਖ ਚੈਨ ਨਾਲ ਵੱਸਦੇ-ਰਸਦੇ ਲੋਕਾਂ ਦਾ ਘਾਣ ਕੀਤਾ। ਇਹ ਸੁਪਨਾ ਅਜੇ ਅਧੂਰਾ ਹੀ ਨਹੀਂ ਚਕਨਾਚੂਰ ਵੀ ਹੋ ਚੁੱਕਿਆ ਹੈ। ਫ੍ਰੈਡਰਿਕ ਨੀਟਸ਼ੇ ਦਾ ਆਦਰਸ਼ ਮਨੁੱਖ ਸੀ ਹਿਟਲਰ ਜਿਸ ਨੇ ਨਿਰਦੋਸ਼ ਬੱਚਿਆਂ, ਬੁੱਢਿਆਂ ਸਮੇਤ ਲੱਖਾਂ ਅਸਹਾਇ, ਨਿਰਦੋਸ਼ ਯਹੂਦੀ ਮੌਤ ਦੀ ਗੋਦ ਵਿੱਚ ਸੁਆਏ ਅਤੇ ਜੰਗਾਂ-ਯੁੱਧਾਂ ਰਾਹੀਂ ਲੱਖਾਂ ਹੋਰਾਂ ਦਾ ਘਾਣ ਕੀਤਾ। ਏਸ ਨੇ ਮਨੁੱਖੀ ਵਿਨਾਸ਼ ਅਤੇ ਨਸਲਕੁਸ਼ੀ ਦੇ ਨਵੇਂ-ਨਵੇਂ ਤਰੀਕੇ ਲੱਭੇ।


ਸਰਬੱਤ ਦੇ ਭਲੇ ਦਾ ਕੌਲ ਕਰ ਕੇ ਆਈ ਸਿੱਖੀ ਦੇ ਮੋਢੀ ਦਸਵੇਂ ਨਾਨਕ ਦਾ ਪ੍ਰਮੁੱਖ ਚੇਲਾ ਹੋਇਆ ਬੰਦਾ ਸਿੰਘ ਬਹਾਦਰ। ਇਸ ਨੇ ਜ਼ਾਲਮ ਰਾਜਿਆਂ ਦਾ ਰਾਜ ਖ਼ਤਮ ਕੀਤਾ ਪਰ ਕੇਵਲ ਮਨੁੱਖੀ ਤਰਸ ਨੂੰ ਮਨੁੱਖਤਾ ਦੀ ਰੋਂਅ ਬਣਾਉਣ ਲਈ। ਏਸ ਲਈ ਉਹਨਾਂ ਰਾਜਿਆਂ ਦੇ ਘੱਟੋ-ਘੱਟ 5000 ਹਮ-ਮਜ਼੍ਹਬ ਸਿਪਾਹੀ ਏਸ ਦੇ ਨਾਲ ਹੋ ਕੇ ਰਣ ਵਿੱਚ ਜੂਝਦੇ ਰਹੇ। ਜ਼ਾਲਮਾਂ ਨੂੰ ਲੜਾਈ ਦੇ ਮੈਦਾਨ ਵਿੱਚ ਵੰਗਾਰ ਕੇ ਮਾਰਿਆ ਪਰ ਰਣਭੂਮੀ ਤੋਂ ਬਾਹਰ ਇੱਕ ਵੀ ਕਤਲ ਉਸ ਦੇ ਜਿੰਮੇਂ ਨਹੀਂ ਲੱਗਦਾ। ਬਦਲਾਖੋਰੀ ਤੋਂ ਏਨਾਂ ਦੂਰ ਸੀ ਕਿ ਪੰਜਵੇ ਪਾਤਸ਼ਾਹ ਨੂੰ ਸ਼ਹੀਦ ਕਰਵਾਉਣ ਵਾਲੇ ਸ਼ੇਖ ਅਹਿਮਦ ਸਰਹੰਦੀ ਦਾ ਮਕਬਰਾ ਅੱਜ ਵੀ ਓਥੇ ਖੜ੍ਹਾ ਹੈ। ਏਸ ਦੇ ਮੈਦਾਨ ਵਿੱਚ ਹੀ ਸਰਹੰਦ ਉੱਤੇ ਆਖ਼ਰੀ ਹਮਲੇ ਤੋਂ ਪਹਿਲਾਂ ਸਿੱਖ ਫ਼ੌਜਾਂ ਜੁੜੀਆਂ ਸਨ। ਇੱਥੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ ਵੀ ਕੁਝ ਕੁ ਕਰਮਾਂ ਉੱਤੇ ਹੈ। ਸਮਾਜ ਅਤੇ ਸਿਆਸਤ ਵਿੱਚੋਂ ਨਾ-ਬਰਾਬਰੀ ਨੂੰ ਖ਼ਤਮ ਕਰ ਕੇ ਸੰਸਾਰ ਦੇ ਸਾਂਝੇ ਭਲ਼ੇ ਲਈ ਆਦਰਸ਼ਕ ਸਿਆਸੀ ਅਤੇ ਸਮਾਜਕ ਪ੍ਰਬੰਧ ਗੁਰੂ ਦੇ ਬੰਦੇ ਨੇ ਸਾਜਿਆ ― ਜਿਸ ਦੇ ਹਾਣ ਦਾ ਹੋਣ ਲਈ ਅਜੋਕਾ ਲੋਕਰਾਜੀ ਪ੍ਰਬੰਧ ਵੀ ਤਰਲੋ ਮੱਛੀ ਹੋ ਰਿਹਾ ਹੈ, ਜੋ ਅੱਜ ਦੀ ਹਾਲਤ ਅਨੁਸਾਰ, ਜ਼ਾਹਰ ਤੌਰ ਉੱਤੇ ਸੰਸਾਰ ਦੇ ਸਾਂਝੇ ਭਲ਼ੇ ਲਈ ਸਰਵੋਤਮ ਵਿਵਸਥਾ ਸਿਰਜਣ ਦਾ ਨੀਂਹ-ਪੱਥਰ ਹੈ। ਇਹ ਹੈ ਦਸਮੇਸ਼ ਦਾ ਵਿਰਾਟ ਰੂਪ ਅਤੇ ਸਿੱਖੀ ਦਾ ਗੌਰਵ ਜੋ ਖੁਣਸੀਆਂ ਨੂੰ ਫੁੱਟੀ ਅੱਖ ਨਹੀਂ ਭਾਉਂਦਾ।

ਹੁਣ ਸਿੱਖੀ ਦੇ ਸਾਹਮਣੇ ਇੱਕੋ ਹੀ ਵਿਕਲਪ ਰਹਿ ਜਾਂਦਾ ਹੈ ਜੋ ਸਦੀਵ ਕਾਲ ਤੋਂ ਇਸ ਨੂੰ ਆਪਣੇ ਵੱਲ ਬੜੇ ਚਾਅ ਨਾਲ ਖਿੱਚਦਾ ਆ ਰਿਹਾ ਹੈ। ਇਸ ਸਬੰਧੀ ਦ੍ਰਿਸ਼ਟਾਂਤ ਹੈ ਕਿ ਜੋ ਦਾਣੇ ਚੱਕੀ ਦੀ ਮਾਨੀ ਨਾਲ ਲੱਗ ਜਾਂਦੇ ਹਨ ਪੀਠੇ ਜਾਣ ਤੋਂ ਬਚ ਜਾਂਦੇ ਹਨ। ਗੁਰੂ ਦੇ ਲੜ ਲੱਗ ਕੇ ਆਪਣੀ ਹੋਂਦ ਨੂੰ ਦੁਨੀਆਂ ਦੇ ਭਲ਼ੇ ਲਈ ਬਚਾ ਕੇ ਰੱਖਣ ਦਾ ਸੰਕਲਪ ਸਦਾ ਕਾਰਗਰ ਰਿਹਾ ਹੈ ਅਤੇ ਅੱਜ ਵੀ ਹੈ। ਪ੍ਰਚੱਲਤ ਕਹਾਵਤ ਅਨੁਸਾਰ ਸਿੱਖੀ ਸ਼ੇਰਨੀ ਦਾ ਦੁੱਧ ਹੈ ਜੋ ਕੇਵਲ ਸੋਨੇ ਦੇ ਭਾਂਡੇ ਵਿੱਚ ਹੀ ਸਮਾ ਸਕਦਾ ਹੈ। ਇਸ ਦੀ ਮੰਗ ਹੈ ਕਿ ਹਰ ਸਿੱਖ ਦਾ ਕਿਰਦਾਰ ਸੋਨੇ ਵਰਗਾ ਸ਼ੁੱਧ ਹੋਵੇ ਤਾਂ ਹੀ ਸਿੱਖੀ ਧਾਰਨ ਦਾ ਹੱਕਦਾਰ ਬਣ ਸਕਦਾ ਹੈ। ਸਭ ਤੋਂ ਪਹਿਲਾਂ ਸਾਨੂੰ ਇਸ ਪੁਰਾਤਨ ਰੀਤ ਨੂੰ ਗਲ਼ ਲਾਉਣਾ ਪਵੇਗਾ।

ਪਰ ਗੱਲ ਇੱਥੇ ਖ਼ਤਮ ਨਹੀਂ ਹੁੰਦੀ ਕਿਉਂਕਿ ਸਿੱਖੀ ਦੇ ਪਰ-ਉਪਕਾਰੀ ਸੁਨੇਹੇ ਦਾ ਦੁਨਿਆਵੀ ਪੱਖ ਵੀ ਓਨੀਂ ਹੀ ਮਹੱਤਤਾ ਰੱਖਦਾ ਹੈ। ਸਾਨੂੰ ਨਿਰੋਲ ਲੋਕ-ਪੱਖੀ ਕਦਰਾਂ-ਕੀਂਮਤਾਂ ਉੱਤੇ ਨਿਰਭਰ ਸਿਆਸੀ ਜਮਾਤ ਬਣਾਉਣੀ ਪਵੇਗੀ। ਇਹ ਤਕਰੀਬਨ ਉਸੇ ਤਰ੍ਹਾਂ ਦੀ ਹੋਵੇਗੀ ਜਿਹੋ ਜਿਹੀ ਦਸਵੇਂ ਪਾਤਸ਼ਾਹ ਨੇ ਬੰਦੇ ਨੂੰ ਪੰਜਾਬ ਭੇਜਣ ਵੇਲੇ ਆਪਣੇ ਮੁਬਾਰਕ ਹੱਥਾਂ ਨਾਲ ਸਿਰਜੀ ਸੀ। ਇਸ ਵਿੱਚ ਪੁਸ਼ਤ ਦਰ ਪੁਸ਼ਤ ਚੱਲਦੀਆਂ ਸਰਦਾਰੀਆਂ ਦਾ ਮੋਹ ਤਿਆਗ ਕੇ ਲੋਕਰਾਜੀ ਕਦਰਾਂ-ਕੀਮਤਾਂ ਦੀ ਕਸਵੱਟੀ ਨੂੰ ਹਰ ਪੜਾਅ ਉੱਤੇ ਲਾਗੂ ਕਰਨਾ ਪਵੇਗਾ। 'ਹੰਨੇ ਹੰਨੇ ਮੀਰ' ਦਾ ਸਿੱਖੀ ਆਦਰਸ਼ ਦੁਬਾਰਾ ਉਭਾਰਨਾ ਪਵੇਗਾ। ਸੱਚ ਜਾਣੋਂ ਕਿ ਇਹ ਉਹੀ ਵਿਵਸਥਾ ਹੈ ਜਿਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਕੁੱਲ ਆਲਮ ਆਪਣਾ ਆਦਰਸ਼ ਸਮਝਦਾ ਹੈ। ਇਹ ਆਉਣ ਵਾਲੇ ਸਮੇਂ ਦੀ ਪੁਕਾਰ ਹੈ ਅਤੇ ਮਾਨਵ-ਕਲਿਆਣ ਦੀ ਜਾਮਨ ਵਿਵਸਥਾ ਹੈ; ਸਿੱਖੀ ਦੇ ਸਿਆਸੀ ਨਿਚੋੜ ਦਾ ਸਰੂਪ ਹੈ। ਜਦੋਂ ਵੀ ਅਸੀਂ ਇਸ ਨੂੰ ਅਪਣਾਇਆ ਹੈ ਚੜ੍ਹਦੀ ਕਲਾ ਵਿੱਚ ਗਏ ਹਾਂ।

ਇਸ ਉੱਤਮ ਵਿਵਸਥਾ ਨੂੰ ਲਾਗੂ ਕਰਦਿਆਂ ਇਹ ਨਿਰਣਾ ਵੀ ਸੁਤੇ ਸਿੱਧ ਹੋ ਜਾਵੇਗਾ ਕਿ ਸਿੱਖੀ ਨੇ ਮਨੁੱਖੀ ਬਰਾਬਰੀ ਅਤੇ ਸਰਬੱਤ ਦੇ ਭਲ਼ੇ ਲਈ ਲੜਦੇ ਮਹਿਖਾਸੁਰ ਦਾ ਸਾਥ ਦੇਣਾ ਹੈ ਜਾਂ ਇੱਕ ਪੁਰਖੀ, ਅਨਿਆਂਕਾਰੀ ਨਿਜ਼ਾਮ ਨੂੰ ਸਭ ਉੱਤੇ ਠੋਸਣ ਲਈ ਲੜਦੀ ਮਹਿਸ਼ਾਸੁਰ ਮਰਦਨੀ ਦਾ। ਜੇ ਅਜਿਹਾ ਕੋਈ ਉੱਦਮ ਹੁੰਦਾ ਹੈ ਤਾਂ ਭਾਈ ਰਾਜਿੰਦਰ ਸਿੰਘ ਦੀ ਹੱਥਲੀ ਕਿਤਾਬ ਉਸ ਨੂੰ ਸਿਰੇ ਚਾੜ੍ਹਨ ਵਿੱਚ ਵੱਡੀ ਸਹਾਇਤਾ ਕਰ ਸਕਦੀ ਹੈ ਕਿਉਂਕਿ ਇਸ ਵਿੱਚ ਸਿੱਖੀ ਨੂੰ ਖੇਰੂੰ-ਖੇਰੂੰ ਕਰਨ ਹਿਤ ਸਾਜੇ ਡੇਰਿਆਂ, ਸੰਪਰਦਾਵਾਂ ਬਾਰੇ ਮੁਕੰਮਲ ਜਾਣਕਾਰੀ ਇੱਕੋ ਜਿਲਦ ਵਿੱਚ ਇਕੱਠੀ ਕੀਤੀ ਮਿਲਦੀ ਹੈ ਅਤੇ ਉਹਨਾਂ ਟੋਇਆਂ-ਟਿੱਬਿਆਂ ਤੋਂ ਬਚਣ ਦੇ ਰਾਹ ਨਿਰੂਪਣ ਕਰਨ ਵਿੱਚ ਸਹਾਇਤਾ, ਸਹਿਜੇ ਹੀ ਮਿਲ ਸਕਦੀ ਹੈ।

ਡੇਰਾਵਾਦ ਦੇ ਆਰਥਕ ਪੱਖ, ਜਿਸ ਵਿੱਚ ਸਭ ਦਾ ਸ਼ੋਸ਼ਣ ਸ਼ਾਮਲ ਹੈ, ਬਾਰੇ ਵੀ ਅਗਲੇ ਸੰਸਕਰਣ ਵਿੱਚ ਜੇ ਰਾਜਿੰਦਰ ਸਿੰਘ ਲਿਖ ਦੇਣ ਤਾਂ ਉਹ ਵੀ ਪੰਜਾਬ ਅਤੇ ਸਿੱਖੀ ਦੇ ਭਲ਼ੇ ਦਾ ਹੀ ਰਾਹ ਖੋਲ੍ਹੇਗਾ। ਇੱਕ ਇਸ਼ਾਰਾ ਇਉਂ ਹੈ:
ਦੁਨੀਆਦਾਰੀ ਦੇ ਨੁਕਤੇ-ਨਜ਼ਰੀਆ ਤੋਂ ਵੇਖਿਆ ਜਾਵੇ ਤਾਂ ਇੱਕ ਮਾਮੂਲੀ ਸਾਧ ਚੜ੍ਹਾਵੇ ਦੀ ਮਿਹਰ ਨਾਲ 1400 ਕਰੋੜ ਦੀ ਜ਼ਮੀਨ ਦਾ ਮਾਲਕ ਬਣ ਸਕਦਾ ਹੈ। ਜਿਸਦੀ ਗੱਲ ਚੱਲ ਰਹੀ ਹੈ ਬਹੁਤ ਛੋਟੀਆਂ ਮੱਛੀਆਂ ਵਿੱਚੋਂ ਹੈ; ਵੱਡੀਆਂ-ਵੱਡੀਆਂ ਬਹੁਤ ਹਨ। ਇੱਕ-ਦੋ ਮਗਰਮੱਛਾਂ ਨੂੰ ਤਾਂ ਕਈ ਸੈਂਕੜੇ ਕਰੋੜ ਮਹੀਨੇ ਦਾ ਚੜ੍ਹਾਵਾ ਚੜ੍ਹਦਾ ਹੈ। ਇਹਨਾਂ ਤੋਂ ਵੱਡਿਆਂ ਬਾਰੇ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਇਹਨਾਂ ਸਾਰਿਆਂ ਨੂੰ ਦਾਨ ਦੇਣ ਵਾਲੇ ਬਹੁਤੇ ਗਰੀਬ ਸਿੱਖ ਹਨ। ਉਹ ਇਹਨਾਂ ਨੂੰ ਸਿੱਖੀ ਦੇ ਹਿਤੈਸ਼ੀ ਸਮਝ ਕੇ ਪੰਥ (ਲੋਕਾਂ ਦੇ ਭਲ਼ੇ) ਲਈ ਦਾਨ ਦਿੰਦੇ ਹਨ। ਜ਼ਾਹਰ ਹੈ ਕਿ ਇਹ ਸਾਰਾ ਪੈਸਾ ਨਿੱਜੀ ਘਰ ਭਰਨ ਅਤੇ ਸਿੱਖੀ ਦਾ ਘਾਣ ਕਰਨ ਲਈ ਹੀ ਵਰਤਿਆ ਜਾਂਦਾ ਹੈ। ਧਰਮ ਦੇ ਮਖੌਟੇ ਪਾ ਕੇ ਚੱਲ ਰਹੇ ਨਿੱਜੀ ਵਪਾਰਕ ਅਦਾਰਿਆਂ ਦੀ ਨਾ ਤਾਂ ਕੋਈ ਪੁੱਛ-ਪੜਤਾਲ ਹੈ ਅਤੇ ਨਾ ਹੀ ਇਹਨਾਂ ਉੱਤੇ ਕੋਈ ਕਰ, ਚੁੰਗੀ ਆਦਿ ਹੈ। ਜੇ ਸਿਰਫ਼ ਇਹਨਾਂ ਦਾ ਹਿਸਾਬ-ਕਿਤਾਬ ਹੀ ਰੱਖਿਆ ਜਾਵੇ ਤਾਂ ਵੀ ਹਜ਼ਾਰਾਂ ਕ੍ਰੋੜ ਰੁਪਿਆ ਲੋਕ-ਭਲਾਈ ਵਾਸਤੇ ਹਰ ਸਾਲ ਪ੍ਰਾਪਤ ਹੋ ਸਕਦਾ ਹੈ। ਇਸੇ ਤੋਂ ਅੰਦਾਜ਼ਾ ਲੱਗ ਜਾਣਾ ਚਾਹੀਦਾ ਹੈ ਕਿ ਸਿੱਖੀ ਨੂੰ ਅਧਿਆਤਮਕ ਖੋਰਾ ਲਾਉਣ ਵਾਲੇ ਇਹ ਡੇਰੇ ਪੰਜਾਬ ਦੀ ਆਰਥਕਤਾ ਨੂੰ ਕਿੰਨੀ ਵੱਡੀ ਸੱਟ ਮਾਰ ਰਹੇ ਹਨ। ਜੇ ਅਸੀਂ ਜਾਗਰੂਕ ਹੋਈਏ ਤਾਂ, ਸਰਕਾਰੀ ਵਸੀਲੇ ਨਾ ਵਰਤ ਕੇ, ਕੇਵਲ ਭਾਈਬੰਦੀ ਰਾਹੀਂ ਹੀ ਇਸ ਜ਼ਰੀਏ ਤੋਂ ਪੰਜਾਬ ਨੂੰ ਸਵਿਟਜ਼ਰਲੈਂਡ ਬਣਾਉਣ ਜੋਗਾ ਧਨ ਹਰ ਸਾਲ ਕੱਢਿਆ ਜਾ ਸਕਦਾ ਹੈ। ਜੇ ਅਸੀਂ 'ਦਸਵੰਧ ਨਿਧੀ' ਕਾਇਮ ਕਰ ਕੇ, ਲੋਕ-ਭਲਾਈ ਕਾਰਜ ਕਰਨ ਦਾ ਤਹੱਈਆ ਕਰ ਲਈਏ ਤਾਂ ਵੀ ਡੇਰਾਵਾਦ ਦੇ ਸ਼ੋਸ਼ਣ ਤੋਂ ਨਜਾਤ ਪਾਈ ਜਾ ਸਕਦੀ ਹੈ। ਕੀ ਇਹ ਉਪਰਾਲਾ ਕੋਈ ਕਰੇਗਾ?

ਖ਼ਾਲਸਾ ਪੰਥ ਬਨਾਮ ਡੇਰਾਵਾਦ ਵਿੱਚ ਦਿੱਤੀ ਜਾਣਕਾਰੀ ਹਰ ਪੰਜਾਬੀ ਨੂੰ ਹੋਣੀ ਜ਼ਰੂਰੀ ਹੈ। ਜਦੋਂ ਵੀ ਯੁੱਗ-ਪਲਟੇ ਦਾ ਸਮਾਂ ਆਵੇਗਾ ਇਸ ਜਾਣਕਾਰੀ ਤੋਂ ਸਿੱਖੇ ਸਬਕ ਸਿੱਖ ਕੌਮ ਦੀ ਅਗਵਾਈ ਕਰਨਗੇ। ਡੇਰੇਦਾਰਾਂ ਵੱਲੋਂ ਕੌਮ ਦੇ ਗਲ਼ ਪਾਈ ਤੀਹਰੀ ਗ਼ੁਲਾਮੀ ਦੇ ਤੌਕ ਜਦੋਂ ਚੂਰ- ਚੂਰ ਹੋਣਗੇ ਅਤੇ ਸਿੱਖੀ ਨਵੀਂ ਨਿੱਖਰੀ ਸਵੇਰ ਵਿੱਚ ਤਰੋ-ਤਾਜ਼ਾ ਹੋ ਕੇ ਵਿਚਰੇਗੀ ਤਾਂ ਮਨੁੱਖੀ ਆਜ਼ਾਦੀ, ਬਰਾਬਰੀ ਅਤੇ ਕਲਿਆਣ ਦੀ ਗੁਰੂ ਵੱਲੋਂ ਜਗਾਈ ਸਦੀਵੀ ਜੋਤ ਹੋਰ ਬਲਵਾਨ ਹੋ ਕੇ ਮਨੁੱਖੀ ਤਰੱਕੀ ਦੇ ਅੱਖਰ ਉਠਾਉਣ ਵਿੱਚ ਸਚਿਆਰਾਂ ਦੀ ਮਦਦ ਕਰੇਗੀ। ਨਿਸ਼ਚੇ ਹੀ ਗੁਰੂ ਦਾ ਜੱਸ ਨਵਾਂ ਜੋਸ਼ ਫ਼ਿਜ਼ਾ ਵਿੱਚ ਭਰੇਗਾ ਅਤੇ ਮਨੁੱਖਤਾ ਨੁੰ ਸਮਝ ਪਵੇਗੀ ਅਕਾਲ ਰੂਪ ਗੁਰੂ ਦੇ ਅੰਤਮ ਬਚਨਾਂ ਦੀ ਜੋ ਸਿੱਖੀ ਦਾ ਸਾਰ ਹਨ: "ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਦਾ ਅਤੇ ਸਿੱਖ ਭਲ਼ਾ ਸਰਬੱਤ ਦਾ ਲੋਚੇ"।
ਗੁਰਤੇਜ ਸਿੰਘ
1 ਜੁਲਾਈ 2017