Tuesday, February 1, 2011

ਸਿਰਦਾਰ ਕਪੂਰ ਸਿੰਘ ਯਾਦਗਾਰੀ ਤਕਰੀਰ ਲੜੀ ਆਰੰਭ

ਬਹੁਤ ਸਮੇਂ ਤੋਂ ਸਿਰਦਾਰ ਕਪੂਰ ਸਿੰਘ ਜੀ ਦੇ ਕਦਰਦਾਨਾਂ ਦੀ ਖਾਹਿਸ਼ ਸੀ ਕਿ ਸਿਰਦਾਰ ਦੀ ਕੁਈ ਢੁਕਵੀਂ ਯਾਦਗਾਰ ਬਣਾਈ ਜਾਵੇ ਪਰ ਏਸ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਅੜਚਨਾਂ ਕਈ ਸਨ। ਮੁੱਢਲੀ ਕਿਸਮ ਦੀਆਂ ਅੜਚਨਾਂ ਵਿੱਚ ਵੱਡੀ ਪੈਸੇ ਦੀ ਸੀ ਅਤੇ ਦੂਸਰੀ ਢੁਕਵੇਂ ਸਥਾਨ ਆਦਿ ਦੀ। ਮੈਕਸ ਆਰਥਰ ਮੈਕੌਲਿਫ਼ ਦੀ ਯਾਦਗਾਰ ਵਿੱਚ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇਣ ਲਈ ਪੈਸੇ ਇਕੱਠੇ ਕਰਨ ਦਾ ਮਸਲਾ ਆਗਿਆ ਨਹੀਂ ਸੀ ਦਿੰਦਾ ਕਿ ਹੌਂਸਲਾ ਕਰ ਕੇ ਝੋਲੀ ਫ਼ੈਲਾਈ ਜਾਵੇ।

ਮੈਕੌਲਿਫ਼ ਵਾਂਗ ਸਿਰਦਾਰ ਵੀ ਸਦਾ ਗੰਗਾ (ਅਰਥਾਤ ਸਥਾਪਤੀ) ਦੇ ਵਿਰੁੱਧ ਹੀ ਵਗਦਾ ਰਿਹਾ ਸੀ। ਓਸ ਦੀ ਯਾਦਗਾਰ ਲਈ ਪੈਸੇ ਦੇਣੇ ਜ਼ੋਖ਼ਮ ਦਾ ਕੰਮ ਸੀ। ਸਥਾਪਤੀ ਦਾ ਪੱਖ ਪੂਰਨ ਵਾਲਿਆਂ ਦੀਆਂ ਯਾਦਗਾਰਾਂ ਤਾਂ ਸਥਾਪਤੀ ਖ਼ੁਦ ਹੀ ਉੱਦਮ ਕਰ ਕੇ ਬਣਾ ਦਿੰਦੀ ਹੈ ਜਿਵੇਂ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਯਾਦਗਾਰ ਬਣ ਚੁੱਕੀ ਹੈ। ਪਰ ਸੰਤ ਜਰਨੈਲ ਸਿੰਘ ਖ਼ਾਲਸਾ ਦੀ ਯਾਦਗਾਰ ਵੱਲ ਕਿਸੇ ਦਾ ਧਿਆਨ ਨਹੀਂ। ਸਿਆਸੀ ਪਿੜ ਦੇ ਮਾਹਰਾਂ ਨੂੰ ਪਤਾ ਹੁੰਦਾ ਹੈ ਕਿਸ ਨੂੰ ਹੱਥ ਲਾਇਆਂ ਉਂਗਲਾਂ ਸੜਦੀਆਂ ਹਨ। ਇਹਨਾਂ ਕਾਰਣਾਂ ਕਰ ਕੇ ਜਿਵੇਂ ਕੌਮੀ ਸ਼ਹੀਦ ਬੇ-ਕਫ਼ਨ ਹੀ ਤੁਰ ਗਏ, ਏਵੇਂ ਉਹਨਾਂ ਦੀਆਂ ਯਾਦਗਾਰਾਂ ਲਈ ਸਮੁੰਦਰ ਤੋਂ ਪਰਬਤ ਤੱਕ ਕੁਈ ਜਗ੍ਹਾ ਨਹੀਂ ਲੱਭਦੀ।

ਸਿਰਦਾਰ ਦੀ ਯਾਦਗਾਰ ਦੇ ਮਸਲੇ ਵਿੱਚ ਵੱਡੀ ਔਕੜ ਇਹ ਵੀ ਸੀ ਕਿ ਉਹ ਬੜਾ ਖ਼ੁਦਦਾਰ ਇਨਸਾਨ ਸੀ, ਬਿਲਕੁਲ ਓਵੇਂ ਜਿਵੇਂ ਕਿ ਦਸਵੇਂ ਗੁਰੂ ਦਾ ਸਿੱਖ ਹੋਣਾ ਚਾਹੀਦਾ ਹੈ। ਓਸ ਲਈ ਝੋਲੀ ਫ਼ੈਲਾਉਣਾ ਵੀ ਵਾਜਬ ਨਹੀਂ ਸੀ। ਦੋਸਤਾਂ-ਮਿੱਤਰਾਂ ਨੂੰ ਕਈ ਵਾਰ ਟੋਹਿਆ ਗਿਆ ਪਰ ਹੁੰਗਾਰਾ ਲੋੜੋਂ ਵੱਧ ਮੱਠਾ ਰਿਹਾ। ਆਖ਼ਰ ਫ਼ੈਸਲਾ ਹੋਇਆ ਕਿ ਅਜਿਹੀ ਯਾਦਗਾਰ ਹੋਵੇ ਜਿਸ ਉੱਤੇ ਖਰਚਾ ਵੀ ਘੱਟ ਹੋਵੇ, ਤਾਜਦਾਰਾਂ ਦੇ ਭੂਖੰਡ ਉੱਤੇ ਵੀ ਨਾ ਹੋਵੇ ਅਤੇ ਫ਼ੇਰ ਵੀ ਢੁਕਵੀਂ ਹੋਵੇ।

ਆਖ਼ਰ ਓਸ ਜੁਝਾਰੂ ਸੂਰਮੇ ਵਾਸਤੇ ਕਿਸੇ ਯੂਨੀਵਰਸਿਟੀ ਵਿੱਚ ਯਾਦਗਾਰੀ ਸਾਲਾਨਾ ਲੈਕਚਰ ਸਥਾਪਤ ਕਰਨ ਨੂੰ ਤਰਜੀਹ ਦਿੱਤੀ ਗਈ। ਪਰਮਜੀਤ ਸਿੰਘ ਸਿਰਦਾਰ ਦਾ ਵੱਡਾ ਪ੍ਰਸੰਸਕ ਹੈ, ਪਟਿਆਲਾ ਯੂਨੀਵਰਸਿਟੀ ਦੇ ਨੇੜੇ ਹੀ ਰਹਿੰਦਾ ਹੈ ਅਤੇ ਅਧਿਕਾਰੀਆਂ ਨਾਲ ਗੱਲਬਾਤ ਚਲਾਉਣ ਦੇ ਯੋਗ ਵੀ ਹੈ। ਓਸ ਨੇ ਏਸ ਕੰਮ ਨੂੰ ਸਿਰੇ ਚਾੜ੍ਹਨ ਦੀ ਜ਼ਿੰਮੇਵਾਰੀ ਲਈ। ਦੇਵਨੇਤ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਉਪ-ਕੁਲਪਤੀ ਵੀ ਅਜਿਹਾ ਆ ਗਿਆ ਜੋ ਸਿਰਦਾਰ ਦੀ ਵਿਦਵਤਾ ਤੋਂ ਭਲੀ ਭਾਂਤ ਜਾਣੂੰ ਹੋਣ ਸਦਕਾ ਉਹਨਾਂ ਦਾ ਸਤਿਕਾਰ ਵੀ ਕਰਦਾ ਸੀ। ਪਰਮਜੀਤ ਸਿੰਘ ਨੇ ਹਿੰਮਤ ਅਤੇ ਮਿਹਨਤ ਕਰ ਕੇ ਕੰਮ ਸਿਰੇ ਚਾੜ੍ਹ ਲਿਆ।

ਪੰਜਾਬੀ ਯੂਨੀਵਰਸਿਟੀ ਨੇ ਸਿਰਦਾਰ ਦੇ ਨਾਂ ਉੱਤੇ ਇੱਕ ਤਕਰੀਰ ਲੜੀ ਸਥਾਪਤ ਕਰ ਦਿੱਤੀ। ਏਸ ਅਧੀਨ ਕਿਸੇ ਵਿਦਵਾਨ ਕੋਲੋਂ ਹਰ ਸਾਲ ਇੱਕ ਵਿਆਖਿਆਨ ਸਿਰਦਾਰ ਨੂੰ ਸਮਰਪਿਤ ਕਰਵਾਇਆ ਜਾਇਆ ਕਰੇਗਾ। ਏਸ ਉੱਤੇ ਅੱਜ-ਕੱਲ੍ਹ ਤਕਰੀਬਨ ਚਾਲੀ ਹਜ਼ਾਰ ਰੁਪਏ ਖਰਚਾ ਆਉਂਦਾ ਹੈ। ਐਤਕੀਂ ਵਾਰੀ ਏਨੇਂ ਕੁ ਪੈਸਿਆਂ ਦਾ ਇੰਤਜ਼ਾਮ ਪਰਮਜੀਤ ਸਿੰਘ ਨੇ ਆਪਣੇ ਕੋਲੋਂ ਕਰ ਲਿਆ। ਅਗਾਂਹ ਵਾਸਤੇ ਇੱਕ ਸਿਰਦਾਰ ਕਪੂਰ ਸਿੰਘ ਫਾਊਂਡੇਸ਼ਨ ਦਾ ਗਠਨ ਹੋਇਆ ਹੈ ਜਿਸ ਨੇ ਸੰਸਥਾ ਦੇ ਨਾਂ ਉੱਤੇ ਇੱਕ ਖਾਤਾ ਖੋਲ੍ਹ ਲਿਆ ਹੈ।

ਫਾਊਂਡੇਸ਼ਨ ਦਾ ਕੰਮ ਏਨਾਂ ਹੀ ਹੈ ਕਿ ਉਹ ਪੰਜ ਕੁ ਲੱਖ ਰੁਪੈ ਦਾ ਇੰਤਜ਼ਾਮ ਕਰੇ ਤਾਂ ਕਿ ਓਸ ਦੇ ਵਿਆਜ ਨਾਲ ਵਿਖਿਆਨ-ਕਰਤਾ ਵਿਦਵਾਨ ਦਾ, ਹੋਣ ਵਾਲੇ ਸਮਾਗਮ ਅਤੇ ਆਏ ਲੋਕਾਂ ਲਈ ਲੰਗਰ-ਪਾਣੀ ਦਾ ਇੰਤਜ਼ਾਮ ਸਾਲਾਂ ਬੱਧੀ ਨਿਰੰਤਰ ਹੁੰਦਾ ਰਹੇ। ਯੂਨੀਵਰਸਿਟੀ ਦੀ ਲੋੜ ਏਨੀਂ ਕੁ ਹੈ ਕਿ ਏਸ ਨਿਧੀ ਵਿੱਚ ਪੰਜ ਲੱਖ ਰੁਪਿਆ ਪਾਇਆ ਜਾਵੇ ਤਾਂ ਕਿ ਓਸ ਦੇ ਵਿਆਜ ਨਾਲ ਕੰਮ ਸਰਦਾ ਰਹੇ।

ਪੰਜ ਲੱਖ ਇਕੱਠਾ ਕਰਨ ਲਈ ਯਤਨ ਆਰੰਭੇ ਗਏ। ਸੱਠ ਕੁ ਹਜ਼ਾਰ ਰੁਪੈ ਪਰਮਜੀਤ ਸਿੰਘ ਨੇ ਆਪਣੇ ਸੱਜਣਾਂ-ਮਿੱਤਰਾਂ ਕੋਲੋਂ ਉਗਰਾਹੇ। ਪੱਚੀ ਹਜ਼ਾਰ ਹਰਸ਼ਿੰਦਰ ਸਿੰਘ ਨੇ ਆਪਣੇ ਕੋਲੋਂ ਦਿੱਤੇ ਅਤੇ ਏਵੇਂ ਹੀ ਪੰਜਾਹ ਹਜ਼ਾਰ ਪ੍ਰੋਫ਼ੈਸਰ ਕੁਲਬੀਰ ਸਿੰਘ ਅਤੇ ਰੂਪਿੰਦਰਬੀਰ ਸਿੰਘ ਨੇ ਆਪਣੇ ਖਜ਼ਾਨੇ ਵਿੱਚੋਂ ਕੱਢੇ। ਪ੍ਰੋਫ਼ੈਸਰ ਅਮਰਜੀਤ ਸਿੰਘ ਨੇ ਪੈਂਤੀ ਹਜ਼ਾਰ ਰੁਪੈ ਏਸ ਕੰਮ ਲਈ ਖਿੜੇ ਮੱਥੇ ਦਿੱਤੇ। ਸੱਠ ਕੁ ਹਜ਼ਾਰ ਦਸਵੰਧ ਵਿੱਚੋਂ ਪ੍ਰਾਪਤ ਕੀਤੇ ਅਤੇ ਇਉਂ ਕਰ ਕਰਾ ਕੇ ਦੋ ਲੱਖ ਤੀਹ ਹਜ਼ਾਰ ਰੁਪੈ ਉਸ ਨਿਧੀ ਵਿੱਚ ਪਾ ਦਿੱਤੇ ਗਏ। ਬਾਕੀ ਦੋ ਲੱਖ ਸੱਤਰ ਹਜ਼ਾਰ ਦਾ ਵੀ ਦਸਵੰਧ ਖਾਤੇ ਵਿੱਚੋਂ ਪ੍ਰਾਪਤ ਕਰਨ ਦਾ ਪੁਖਤਾ ਇੰਤਜ਼ਾਮ ਹੋ ਚੁੱਕਾ ਹੈ। ਸਿਰਦਾਰ ਦੀ ਖ਼ੁਦਦਾਰੀ ਨੂੰ ਆਂਚ ਨਹੀਂ ਆਉਣ ਦਿੱਤੀ ਗਈ।

ਪੈਸੇ ਜੁਟਾਉਣ ਦੀ ਗਾਥਾ ਇੱਕ ਪੱਖੋਂ ਰੌਚਕ ਵੀ ਹੋ ਨਿੱਬੜੀ। ਜੂਨ 2010 ਵਿੱਚ ਇਹ ਲੇਖਕ ਇੰਗਲੈਂਡ ਇੱਕ ਸੈਮੀਨਾਰ ਸਬੰਧੀ ਗਿਆ ਹੋਇਆ ਸੀ। ਫਾਊਂਡੇਸ਼ਨ ਨੇ ਸੋਚਿਆ ਕਿ ਉਹ ਆਪਣੇ ਅਮੀਰ ਮਿੱਤਰਾਂ ਕੋਲੋਂ ਏਨੀਂ ਨਿਗੂਣੀ ਰਕਮ ਤਾਂ ਉਗਰਾਹ ਹੀ ਲਵੇਗਾ। ਉਸ ਨੇ ਸਭ ਤੋਂ ਪਹਿਲਾਂ ਸਿਰਦਾਰ ਦੇ ਵੱਡੇ ਪ੍ਰਸੰਸਕ ਹੋਣ ਦਾ ਦਾਅਵਾ ਕਰਦੇ ਇੱਕ ਮਿਤਰ ਨਾਲ ਗੱਲ ਕੀਤੀ। ਜੁਆਬ ਬੜਾ ਉਤਸ਼ਾਹਜਨਕ ਸੀ। 'ਇਹ ਤਾਂ ਕੇਵਲ ਸੱਤ ਕੁ ਹਜ਼ਾਰ ਪੌਂਡ ਹੀ ਬਣਦਾ ਹੈ, ਏਨੇਂ ਕੁ ਤਾਂ ਮੈਂ ਕੱਲਾ ਹੀ ਕਰ ਦੇਵਾਂਗਾ।' ਅੱਗੋਂ ਕਿਸੇ ਨਾਲ ਗੱਲ ਕਰਨ ਦੀ ਲੋੜ ਹੀ ਨਾ ਸਮਝੀ ਗਈ। ਜਦੋਂ ਅਮਰਜੀਤ ਸਿੰਘ ਨੇ ਇਹ ਗਲ ਸੁਣੀ ਤਾਂ ਓਸ ਨੇ ਆਖਿਆ ਕਿ ਲੋੜ ਪੈਣ ਉੱਤੇ ਉਹ ਵੀ ਕੁਝ ਨ ਕੁਝ ਜ਼ਰੂਰ ਭੇਟ ਕਰੇਗਾ। ਉੱਥੇ ਇੱਕ ਬੜੇ ਵੱਡੇ 'ਦਾਨੀ' ਸੱਜਣ ਸਨ; ਸੌ ਫ਼ੀਸਦੀ ਪੰਥਕ ਜਾਣੇ ਜਾਂਦੇ ਹਨ। ਇਹਤਿਆਤ ਦੇ ਤੌਰ ਉੱਤੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਫ਼ੁਰਮਾਇਆ, 'ਕਪੂਰ ਸਿੰਘ ਬੜਾ ਅੱਖੜ ਆਦਮੀ' ਸੀ। ਕਪੂਰ ਸਿੰਘ ਦੀ ਅਦੁੱਤੀ ਵਿਦਵਤਾ, ਸਿੱਖ ਕੌਮ ਦੀ ਕੀਤੀ ਬੇਜੋੜ ਸੇਵਾ, ਹਰ ਪਲ਼ ਕੌਮ ਲਈ ਕੁਰਬਾਨੀਆਂ ਕਰਨ ਵਾਲਾ ਅੰਦਾਜ਼, ਸਾਰੀ ਉਮਰ ਤੰਗੀਆਂ-ਤੁਰਸ਼ੀਆਂ ਸਹਿੰਦਿਆਂ ਨਿਸ਼ਕਾਮ ਵਿਚਰਨਾ, ਸਾਰੀ ਘਾਲ-ਕਮਾਈ ਪੰਜਾਬੀ ਪੈਂਤੀ ਦੇ ਕੇਵਲ ਤਿੰਨ ਅੱਖਰਾਂ ---ਅ---ਖ---ੜ ਵਿੱਚ ਡੋਬ ਦਿੱਤੀ ਗਈ। ਮੈਂ ਆਪਣੇ-ਆਪ ਨੂੰ ਬੜਾ ਕੋਸਿਆ। ਜੇ ਮੈਂ ਗੱਲ ਨਾ ਕਰਦਾ ਤਾਂ ਸਿਰਦਾਰ ਦੀ ਖ਼ੁਦਦਾਰੀ ਨੂੰ 'ਅੱਖੜ' ਵਿੱਚ ਤਬਦੀਲ ਹੁੰਦਿਆਂ ਨਾ ਵੇਖਦਾ। ਖ਼ੈਰ, ਤੀਰ ਭੱਥੇ ਵਿੱਚੋਂ ਨਿਕਲ ਚੁੱਕਾ ਸੀ। ਓਸ ਵੱਡੇ 'ਦਾਨੀ' ਨੂੰ ਪੁੱਛਣਾ ਚਾਹੁੰਦਾ ਸਾਂ ਕਿ ਜਿਸ ਗੁਰੂ ਕੋਲੋਂ (ਓਸ ਦੇ ਆਪਣੇ ਅਕੀਦੇ ਅਨੁਸਾਰ) ਓਸ ਨੇ ਏਨਾਂ ਧਨ ਪ੍ਰਾਪਤ ਕੀਤਾ ਹੈ ਓਸ ਨੇ ਤਾਂ ਕਦੇ ਓਸ ਦੀ ਨਾ-ਅਹਿਲੀ ਵੱਲ ਵੇਖ ਕੇ ਹੱਥ ਨਾ ਖਿੱਚਿਆ। ਗੱਲ ਆਈ ਗਈ ਹੋ ਗਈ ਕਿਉਂਕਿ ਇੰਤਜ਼ਾਮ ਤਾਂ ਹੋ ਹੀ ਚੁੱਕਾ ਸੀ! ਇਹ ਤਾਂ ਕੇਵਲ ਅਣ-ਆਈ ਨੂੰ ਟਾਲਣ ਦਾ ਉਪਰਾਲਾ ਸੀ।

ਸ਼ਰਤ ਅਨੁਸਾਰ ਖਾਤਾ ਖੋਲ੍ਹ ਕੇ ਫਾਊਂਡੇਸ਼ਨ ਰਜਿਸਟਰ ਕਰਵਾ ਕੇ, ਯੂਨੀਵਰਸਿਟੀ ਕੋਲੋਂ ਪੱਤਰ ਪ੍ਰਾਪਤ ਕਰ ਕੇ ਪੰਜ ਲੱਖ ਇਕੱਲਿਆਂ ਦੇਣ ਵਾਲੇ ਸੱਜਣ ਨੂੰ ਭੇਜ ਦਿੱਤਾ ਗਿਆ। ਇਹ ਵੀ ਦੱਸਿਆ ਗਿਆ ਕਿ ਇੱਕ ਲੱਖ ਵੀਹ ਹਜ਼ਾਰ ਇਕੱਠਾ ਕਰ ਕੇ ਉਹਨਾਂ ਦਾ ਬੋਝ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਸ ਦੇ ਤੇਵਰ ਵੀ ਬਦਲ ਗਏ। 'ਤੁਸੀਂ ਸਰਕਾਰ ਅਤੇ ਯੂਨੀਵਰਸਿਟੀ ਨਾਲ ਮਿਲ ਕੇ ਪਤਾ ਨਹੀਂ ਕੀ ਘਾੜਤਾਂ ਘੜ ਰਹੇ ਹੋ। ਮੈਂ ਇੱਕ ਪੈਸਾ ਨਹੀਂ ਦੇਣਾ ਚਾਹੁੰਦਾ ਪਰ ਕਿਉਂਕਿ 'ਕੁਝ ਕੁ' ਦੇਣ ਦਾ ਵਾਅਦਾ ਕੀਤਾ ਸੀ ਏਸ ਲਈ ਕੁਝ ਨ ਕੁਝ (ਕਦੇ ਨਾ ਕਦੇ) ਜ਼ਰੂਰ ਦੇਵਾਂਗਾ।' ਏਸ ਤੋਂ ਬਾਅਦ ਓਸ ਆਦਮੀ ਨਾਲ ਵੀ ਕੁਈ ਗੱਲ ਅਗਾਂਹ ਤੋਰਨ ਨੂੰ ਵਾਜਬ ਨਾ ਸਮਝਿਆ ਗਿਆ ਅਤੇ ਓਸ ਦੇ ਯੋਗਦਾਨ ਤੋਂ ਬਿਨਾਂ ਹੀ ਸਾਰ ਲਿਆ ਗਿਆ।

ਪਰ ਕਿਉਂਕਿ ਅਚਾਨਕ ਅਵੱਲਾ ਮੋੜ ਆ ਗਿਆ ਸੀ ਏਸ ਲਈ ਥੋੜ੍ਹੀ ਘਬਰਾਹਟ ਜ਼ਰੂਰ ਹੋਈ। ਤੁਰੰਤ ਕੁਝ ਕਰਨ ਦੀ ਸੋਚੀ। ਅਮਰੀਕਾ ਵਿੱਚ ਵੀ ਤਿੰਨ ਸੱਜਣ ਸਨ ਜਿਨ੍ਹਾਂ ਉੱਤੇ ਗੁਰੂ ਦੀ ਬਹੁਤ ਕਿਰਪਾ ਹੈ। ਓਹਨਾਂ ਵਿੱਚੋਂ ਇੱਕ ਨੂੰ ਮਾਇਆਧਾਰੀ ਹੋਣ ਕਾਰਣ ਛੱਡ ਦਿੱਤਾ ਗਿਆ। ਦੂਜੇ ਦੋਨਾਂ ਵਿੱਚੋਂ ਇੱਕ ਨੂੰ ਬੇਨਤੀ ਕੀਤੀ ਪਰ ਓਸ ਆਪਣੀ ਅਸਮਰੱਥਾ ਪ੍ਰਗਟਾਈ। ਅਮਰੀਕਾ ਦਾ ਰਵੱਈਆ ਵੇਖਦਿਆਂ ਦੂਜੇ ਨਾਲ ਗੱਲ ਕਰਨ ਦਾ ਹੌਂਸਲਾ ਹੀ ਨਾ ਪਿਆ ਅਤੇ ਦਸਵੰਧ ਉੱਤੇ ਹੀ ਟੇਕ ਰੱਖੀ ਗਈ।

ਇਹ ਸਾਰੀ ਕਹਾਣੀ ਏਸ ਲਈ ਲਿਖੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਜਾਣਕਾਰੀ ਰਹੇ ਕਿ ਪੰਥ ਵਿੱਚ ਪੰਥਕ ਸੇਵਕਾਂ ਦੀ ਕਿੰਨੀ ਕੁ ਕਦਰ ਹੈ। ਕਈ ਸਾਰੇ ਭਰਮ ਵੀ ਟੁੱਟੇ। ਉਹਨਾਂ ਦੀ ਚੀਸ ਵੀ ਸਭ ਨਾਲ ਸਾਂਝੀ ਕਰਨੀ ਬਣਦੀ ਸੀ। ਇਹ ਲਿਖਣ ਦਾ ਇੱਕ ਮਕਸਦ ਹਰ ਮਾਈ-ਭਾਈ ਨੂੰ ਇਹ ਪ੍ਰੇਰਨਾ ਦੇਣਾ ਵੀ ਹੈ ਕਿ ਉਹ ਗੁਰੂ ਕੀ ਦਸਵੰਧ ਨੇਮ ਨਾਲ ਕੱਢਣ। ਏਸ ਨਾਲ ਬਹੁਤ ਕੰਮ ਸਹਿਜੇ ਹੀ ਸੰਵਰ ਜਾਂਦੇ ਹਨ ਅਤੇ ਕਿਸੇ ਦਾ ਅਹਿਸਾਨ ਲੈਣ ਦੀ ਵੀ ਲੋੜ ਨਹੀਂ ਰਹਿੰਦੀ। 'ਗੁਰੂ ਕੀ ਕਉਡੀ' ਸਾਡੇ ਧਰਮ-ਸ਼ਾਸਤ੍ਰਾਂ ਅਨੁਸਾਰ ਜ਼ਹਿਰ ਸਮਾਨ ਹੈ। ਏਸ ਲਈ ਦਸਵੰਧ ਆਖ਼ਰ ਗੁਰੂ ਨਮਿਤ ਹੀ ਖਰਚ ਹੁੰਦੀ ਹੈ ਕਿਉਂਕਿ ਮੰਦ ਤੋਂ ਮੰਦ ਬੁੱਧੀ ਇਨਸਾਨ ਅਤੇ ਵੱਡੇ ਤੋਂ ਵੱਡਾ ਲਾਲਚੀ ਕਿਸੇ ਹਾਲਤ ਵਿੱਚ ਵੀ 'ਗੁਰੂ ਕੀ ਕਉਡੀ' ਨੂੰ ਆਪਣੇ ਬਾਲਾਂ ਦੇ ਮੂੰਹ ਪਾਉਣ ਤੋਂ ਝਿਜਕਦਾ ਹੈ। ਲੋਕਾਂ ਤੋਂ ਮੰਗਣ ਵਾਲੇ ਆਖ਼ਰ ਖੁਆਰ ਹੀ ਹੁੰਦੇ ਹਨ (ਮੰਗਣ ਗਇਆ ਸੁ ਮਰ ਗਇਆ) ਪ੍ਰੰਤੂ ਦਸਵੰਧ ਵਰਤਣ ਵਿੱਚ ਨ ਨਮੋਸ਼ੀ, ਨ ਝਿਜਕ, ਨ ਖੁਆਰੀ। ਸਾਰਿਆਂ ਦਾ ਰਲ-ਮਿਲ ਕੇ ਏਸ ਮਹਾਨ ਸੰਸਥਾ (ਪ੍ਰਥਾ) ਨੂੰ ਨਿੱਗਰ ਨੀਹਾਂ ਉੱਤੇ ਖੜ੍ਹਾ ਕਰਨਾ ਬਣਦਾ ਹੈ।

ਅਜਬ ਤੇ ਅਜਾਇਬ ਤੇ ਉਮਰਸਾਹਿ ਸੰਘੇ ਮਸੰਦ ਹੈਸਨਿ.. .. .. ਇੱਕ ਦਿਨ ਸਾਹਿਬ (ਗੁਰੂ ਅਰਜਨ) ਪੁੱਛਿਆ: ਤੁਸੀਂ ਗੁਰੂ ਕੀ ਕੌਡੀ ਕੀਕਰ ਜਾਣਦੇ ਹੋਂ? ਤਾਂ ਉਹਨਾਂ ਕਹਿਆ: ''.. .. ਜੈਸੇ ਵਿਖੁ ਤੈਸੇ ਜਾਣਦੇ ਹਾਂ।'' ਤਾਂ ਬਚਨ ਹੋਇਆ: ''ਏਤੇ ਕਰ ਤੁਸਾਡਾ ਉਧਾਰ ਹੋਵੇਗਾ।''
(ਭਾਈ ਮਨੀ ਸਿੰਘ, ਸਿਖਾਂ ਦੀ ਭਗਤਮਾਲਾ, ਖ਼ਾਲਸਾ ਸਮਾਚਾਰ, ਅੰਮ੍ਰਿਤਸਰ, 1955, ਪੰਨਾ 112)


ਉਪਰੋਕਤ ਦੁਸ਼ਵਾਰੀਆਂ ਵਿੱਚੋ ਲੰਘਦਿਆਂ ਆਖ਼ਰ ਸਿਰਦਾਰ ਦੇ ਨਾਂਅ ਉੱਤੇ ਲੈਕਚਰ ਲੜੀ ਆਰੰਭ ਹੋ ਹੀ ਗਈ। ਏਸ ਲੜੀ ਦਾ ਪਹਿਲਾ ਵਿਖਿਆਨ ਸਿਰਦਾਰ ਦੀ ਇਤਿਹਾਸ ਅਤੇ ਫ਼ਲਸਫ਼ੇ ਨੂੰ ਦੇਣ ਸਬੰਧੀ 20 ਜਨਵਰੀ 2011 ਨੂੰ ਸੀ ਜੋ ਬੜੀ ਸ਼ਾਨ ਨਾਲ ਸੰਪੰਨ ਹੋਇਆ। ਡੌਕਟਰ ਜਗਤਾਰ ਸਿੰਘ ਗਰੇਵਾਲ ਨੇ ਵਿਆਖਿਆ ਕੀਤੀ ਅਤੇ ਸਿਰਦਾਰ ਦੀ ਸੋਚ ਤੋਂ ਲਾਭ ਉਠਾਉਣ ਲਈ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਪ੍ਰੋਫ਼ੈਸਰ ਏਨੀਂ ਵੱਡੀ ਗਿਣਤੀ ਵਿੱਚ ਪੁੱਜੇ ਕਿ ਕਈ ਦਰਜਨ ਸੁਣਨ ਵਾਲਿਆਂ ਨੂੰ ਖੜ੍ਹੇ ਹੋ ਕੇ ਹੀ ਸੁਣਨਾ ਪਿਆ। ਸਾਰਿਆਂ ਨੇ ਰੱਜ ਕੇ ਸਿਰਦਾਰ ਨੂੰ ਯਾਦ ਕੀਤਾ ਅਤੇ ਓਸ ਦੀ ਕਰਨੀ ਦੀ ਸਰਾਹਨਾ ਕੀਤੀ। ਹਰ ਇੱਕ ਜਾਣਿਆਂ ਕਿ ਓਸ ਦਾ ਆਉਣਾਂ ਸੁਕਾਰਥ ਹੋਇਆ ਹੈ।

ਪ੍ਰਬੰਧਕਾਂ ਦਾ ਯਤਨ ਸਫ਼ਲ ਹੋਇਆ, ਓਹਨਾਂ ਦੀ ਘਾਲ ਥਾਂ ਪਈ। ਆਉਂਦੇ ਸਾਲ ਵਿੱਚ ਉਹ ਸਿਰਦਾਰ ਸਬੰਧੀ ਦੋ-ਤਿੰਨ ਪੁਸਤਕਾਂ ਅਤੇ ਘੱਟੋ-ਘੱਟ ਇੱਕ ਕਿਤਾਬਚਾ ਛਾਪਣ ਦਾ ਮਨਸੂਬਾ ਬਣਾ ਕੇ ਬੈਠੇ ਹਨ। ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਰ ਚੇਤੰਨ ਮਨੁੱਖ ਦੀ ਇਹ ਕਾਮਨਾ ਹੋਣੀ ਚਾਹੀਦੀ ਹੈ ਕਿ ਸਿਰਦਾਰ ਕਪੂਰ ਸਿੰਘ ਵਰਗੇ ਰੰਗਲੇ ਸੱਜਣ ਦੇ ਚਾਨਣ ਮੁਨਾਰੇ ਤੋਂ ਸੰਸਾਰ ਨੂੰ ਸਦਾ ਸਹੀ ਸੇਧ ਮਿਲਦੀ ਰਹੇ ਅਤੇ ਗੁਰੂ ਸੱਚੇ ਪਾਤਸ਼ਾਹ ਦੀ ਮਹਾਂ ਨਿਰਮਲ ਕੀਰਤੀ ਤੇਲ ਵਾਂਗ ਹਰ ਪਾਣੀ ਦਾ ਸ਼ਿੰਗਾਰ ਬਣੇ। ਨਾ ਕਦੇ ਪ੍ਰਮੇਸ਼ਰ-ਸਰੂਪ ਗੁਰੂ ਗੋਬਿੰਦ ਸਿੰਘ ਦੁਬਾਰਾ ਪੈਦਾ ਹੋਣਾ ਹੈ ਨਾ ਕਦੇ ਸਿਰਦਾਰ ਵਰਗਾ ਅਣਖੀ ਫ਼ਕੀਰ ਖ਼ਾਲਸਾ ਦੁਬਾਰਾ ਆਵੇਗਾ ਜੋ ਮੁਕੰਮਲ ਤੌਰ ਉੱਤੇ ਗੁਰੂ ਨੂੰ ਸਮਰਪਿਤ ਹੋਵੇ ਅਤੇ ਓਸ ਦੀ ਕਲਗ਼ੀ ਦੇ ਇੱਕ ਝਲਕਾਰੇ ਉੱਤੋਂ ਲੱਖਾਂ ਜ਼ਿੰਦਗੀਆਂ ਵਾਰਨ ਨੂੰ ਧੰਨਭਾਗ ਜਾਣੇ।

ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ


ਜਾਪਦਾ ਹੈ ਕਿ ਸਿਰਦਾਰ ਕਪੂਰ ਸਿੰਘ ਦੀ ਸ਼ਖ਼ਸੀਅਤ ਨੂੰ ਵਿਧਾਤਾ ਨੇ ਬੜੀ ਨੀਝ ਨਾਲ ਘੜ ਕੇ ਮਨੁੱਖੀ ਉੱਤਮਤਾਈ ਦੇ ਕਈ ਗੁਣਾਂ ਨਾਲ ਸ਼ਿੰਗਾਰਿਆ ਸੀ। ਇੱਕ ਦਰਮਿਆਨੇ ਕੱਦ ਦੇ ਮਨੁੱਖੀ ਸਰੀਰ ਵਿੱਚ ਵੱਡੇ ਬੌਧਿਕ ਗੁਣਾਂ ਨੂੰ ਸਮਾ ਕੇ, ਓਸ ਉੱਤੇ ਅਨਿੰਨ ਸ਼ਰਧਾ ਦਾ ਲੇਪ ਕਰ ਕੇ ਐਸਾ ਪੁਤਲਾ ਗੁਰੂ ਨੇ ਸਾਜਿਆ ਜੋ ਸਿੱਖੀ ਦਾ ਮਹਾਨ ਥੰਮ੍ਹ ਅਤੇ ਮਨੁੱਖਤਾ ਦਾ ਚਾਨਣ ਮੁਨਾਰਾ ਹੋ ਨਿੱਬੜਿਆ। ਓਸ ਨੇ ਇੱਕ ਹੱਥੀਂ ਵਾਹੀ ਕਰਦੇ ਮੱਧਵਰਗੀ ਪਰਿਵਾਰ ਵਿੱਚੋਂ ਸ਼ੁਰੂ ਕਰ ਕੇ ਆਈ. ਸੀ. ਐਸ. ਅਤੇ ਸੰਸਦ ਮੈਂਬਰ ਤੱਕ ਦਾ ਰੰਗੀਨ ਸਫ਼ਰ ਬੜੀ ਸਜ-ਧਜ ਨਾਲ, ਪੂਰਣ ਸੰਜੀਦਗੀ ਨਾਲ ਸੰਪੰਨ ਕੀਤਾ। ਹਿੱਸੇ ਆਈ ਗੁੰਮਨਾਮੀ ਅਤੇ ਇਕੱਲ ਨੂੰ ਵੀ ਬੜੇ ਸਹਿਜ ਨਾਲ, ਬੜੇ ਧੀਰਜ ਨਾਲ, ਪੂਰਨ ਸਿਦਕ ਨਾਲ ਹੰਢਾਇਆ। ਆਖ਼ਰ ਉੱਹ ਸਿੱਖ ਸੋਚਵਾਨਾਂ ਲਈ ਵੱਡਾ ਉਤਸ਼ਾਹ ਦਾ ਸੋਮਾ ਬਣ ਗਿਆ।

ਵਿਦਿਆਰਥੀ ਜੀਵਨ ਤੋਂ ਸ਼ੁਰੂ ਹੋ ਕੇ ਪੜਚੋਲ ਕਰਨ ਦੀ ਬਿਬੇਕ ਅਤੇ ਅਣਥੱਕ ਮਿਹਨਤ ਰਾਹੀਂ ਹਰ ਮਸਲੇ ਦੀ ਡੂੰਘਾਈ ਤੱਕ ਪੜਤਾਲ ਕਰਨ ਦਾ ਉਸ ਦਾ ਸੁਭਾਅ ਤੋੜ ਨਿਭਿਆ। ਕੋਈ ਨਾਜਾਇਜ਼ ਝੇਪ, ਕਿਸੇ ਦੁਨਿਆਵੀ ਸ਼ਕਤੀ ਦਾ ਭਉ ਓਸ ਨੂੰ ਗੁਰੂ ਦੇ ਰਾਹ ਉੱਤੋਂ ਵਿਚਲਿਤ ਨਾ ਕਰ ਸਕਿਆ। ਜ਼ਿੰਦਗੀ ਦੇ ਹਰ ਪੜਾਅ ਦੇ ਧਰਮ ਨੂੰ ਬਖ਼ੂਬੀ ਨਿਭਾਉਣਾਂ ਓਸ ਤੋਂ ਸਿੱਖਣਾ ਬਣਦਾ ਹੈ। ਇਨਸਾਨੀ ਜੀਵਨ ਦੀ ਬਿਹਤਰੀ ਦੀਆਂ ਸਿਖਰਾਂ ਨੂੰ ਛੁਹਣ ਦੇ ਓਸ ਕੋਲ ਕਈ ਗੁਰ ਸਨ। ਓਸ ਦੀ ਸ਼ਖ਼ਸੀਅਤ ਦੇ ਅਨੇਕਾਂ ਪਹਿਲੂ ਹਨ ਜਿਨ੍ਹਾਂ ਨੇ ਉਸ ਪ੍ਰਤੀ ਲੋਕ-ਮਨਾਂ ਵਿੱਚ ਅਸਾਧਾਰਣ ਸਨੇਹ ਅਤੇ ਸਤਿਕਾਰ ਪੈਦਾ ਕੀਤਾ।

ਏਹੋ ਸਨੇਹ ਉਹਨਾਂ ਦੇ ਤੁਰ ਜਾਣ ਤੋਂ ਢਾਈ ਦਹਾਕੇ ਬਾਅਦ ਵੀ ਲੋਕ-ਮਨਾਂ ਵਿੱਚ ਅਜੇ ਤੱਕ ਓਸੇ ਤੀਬਰਤਾ ਨਾਲ ਮੌਜੂਦ ਹੈ।

ਉਹ ਮਹਾਂ-ਤਿਆਗੀ ਤੱਤ-ਵੇਤਾ ਮੁੱਢਲੇ ਸੁਭਾਉ ਪੱਖੋਂ ਫ਼ਕੀਰੀ ਦੀ ਚਰਮ ਸੀਮਾ ਤੱਕ ਸੰਸਾਰਕ ਰਹਿਮਤਾਂ ਵੱਲੋਂ ਬੇ-ਨਿਆਜ਼ ਸੀ। ਸਾਰੀ ਉਮਰ ਉਹ ਮਹਾਂ-ਚੇਤੰਨ ਜਗਿਆਸੂ ਰਿਹਾ ਅਤੇ ਜੋ ਵੀ ਵਸਤੂ ਓਸ ਨੂੰ ਆਪੇ ਚੁਣੇ ਅਧਿਆਤਮਕ ਰਾਹ ਉਤੋਂ ਵਿਚਲਿਤ ਕਰਦੀ ਜਾਪੀ ਓਸ ਨੇ ਤੁਰੰਤ ਹੇਚ ਜਾਣ ਕੇ ਤਿਆਗ ਦਿੱਤੀ।

ਸਿਰਦਾਰ ਵਿੱਚ ਮਨੁੱਖੀ ਜੀਵਨ ਦੇ ਮਸਲਿਆਂ ਅਤੇ ਬੌਧਿਕ ਆਲਮ ਦੇ ਗੂੜ੍ਹ ਰਹੱਸ ਸਮਝਣ ਦੀ ਅਸਾਧਾਰਣ ਸਮਰੱਥਾ ਸੀ; ਉਹਨਾਂ ਦੀ ਖੁੱਲ੍ਹੀ ਵਿਆਖਿਆ ਕਰ ਸਕਣ ਦੀ ਅਮੁੱਕ ਦਲੇਰੀ ਸੀ। ਜਦੋਂ ਉਹ ਆਪਣੇ ਵਿਚਾਰਾਂ ਨੂੰ ਸਜੀਵ ਲਫ਼ਜ਼ਾਂ, ਸੰਕਲਪਾਂ, ਇਤਿਹਾਸਕ ਹਵਾਲਿਆਂ, ਸਾਹਿਤਕ ਬਿੰਬਾਵਲੀ, ਰੋਜ਼ਮੱਰਾ ਜੀਵਨ ਦੀਆਂ ਤਸ਼ਬੀਹਾਂ, ਮੁੱਢਲੇ ਫ਼ਲਸਫ਼ੇ ਅਤੇ ਸਮਕਾਲੀ ਮਨੁੱਖ ਦੇ ਸਰੋਕਾਰਾਂ ਨਾਲ ਸਜਾ, ਸੰਵਾਰ, ਸ਼ਿੰਗਾਰ ਕੇ ਪੇਸ਼ ਕਰਦਾ ਸੀ ਤਾਂ ਸੁਣਨ ਵਾਲਿਆਂ ਦੇ ਮਨ ਵਿੱਚ ਇੱਕ ਅਤਿਅੰਤ ਆਸ਼ਾਵਾਦੀ ਜਿਊਂਦਾ-ਜਾਗਦਾ ਸੰਸਾਰ ਸਿਰਜਿਆ ਜਾਂਦਾ ਸੀ। ਹਵਾਵਾਂ ਕੰਨ ਧਰ ਕੇ ਓਸ ਨੂੰ ਸੁਣਦੀਆਂ ਸਨ ਅਤੇ ਹਨੇਰੀਆਂ ਦਾਦ ਦੇਣ ਲਈ ਘੜੀ ਦੋ ਘੜੀ ਥੰਮ੍ਹ ਜਾਂਦੀਆਂ ਸਨ। ਹਰ ਸ੍ਰੋਤਾ ਸਿਰਦਾਰ ਦੇ ਹਾਣ ਦੀ ਸਮਝ ਨਾਲ ਚਰਚਿਤ ਮਸਲਿਆਂ ਨੂੰ ਵਿਚਾਰਣ ਦੇ ਕਾਬਲ ਹੋ ਜਾਂਦਾ ਸੀ। ਸਾਧਾਰਣ ਪੇਂਡੂ ਜਨਤਾ ਤੋਂ ਲੈ ਕੇ ਉੱਚਤਮ ਵਿੱਦਿਅਕ ਸੰਸਥਾਵਾਂ ਵਿੱਚ ਬੈਠੇ ਧੁਰੰਦਰ ਵਿਚਾਰਵਾਨ ਓਸ ਦੇ ਤਰਕ ਦੇ ਕਾਇਲ ਹੋ ਜਾਂਦੇ ਸਨ।
ਕੌਮੀ ਮਸਲਿਆਂ ਉੱਤੇ ਤਰਕ-ਸੰਗਤ, ਮੁੱਢੋਂ ਨਿਰੁੱਤਰ ਕਰਨ ਵਾਲੀ ਬਹਿਸ ਦਾ ਉਹ ਮਾਹਿਰ ਸੀ। ਏਸ ਵੱਡੇ ਪ੍ਰਤਿਭਾਸ਼ਾਲੀ ਗੁਣ ਦੀ ਓਸ ਨੇ ਵਿਧਾਨ ਸਭਾ, ਲੋਕ ਸਭਾ ਵਿੱਚ ਖ਼ੂਬ ਵਰਤੋਂ ਕੀਤੀ। ਰਣ-ਤੱਤੇ ਵਿੱਚ ਨੰਗੇ ਧੜ ਜੂਝਦੇ ਸੂਰਮਿਆਂ ਵਾਂਗ ਓਸ ਨੇ ਸੱਚਾਈ ਦਾ ਪੱਖ ਪੇਸ਼ ਕੀਤਾ। ਉਸ ਦੇ ਅਨੇਕਾਂ ਐਸੇ ਵਿਆਖਿਆਨ ਹਨ ਜਿਨ੍ਹਾਂ ਦੇ ਉੱਤਰ ਦੇਣ ਦੀ ਕਿਸੇ ਨੇ ਜੁਰਅਤ ਨਾ ਕੀਤੀ। 'ਸਿੱਖਾਂ ਨਾਲ ਵਿਸਾਹਘਾਤ' ਵਾਲਾ ਉਹਨਾਂ ਦਾ ਲੋਕ ਸਭਾ ਦਾ ਪ੍ਰਵਚਨ, ਜਿਸ ਵਿੱਚ ਭਾਰਤ ਦੀ 'ਹਜ਼ਾਰਾਂ ਸਾਲ ਪੁਰਾਣੀ' ਸ਼੍ਰੋਮਣੀ ਸਮਝੀ ਜਾਂਦੀ ਸੱਭਿਅਤਾ ਦੀ ਤਰਕਯੁਕਤ ਅਤੇ ਅਤਿਅੰਤ ਕਰੜੀ ਨਿਖੇਧੀ ਸੀ, ਨੂੰ ਵੀ ਵੱਡੇ ਨੀਤੀਵੇਤਾ ਸ਼ੀਰੇ ਮਾਦਰ ਸਮਝ ਕੇ ਡਕਾਰ ਗਏ; ਕਿਸੇ ਇੱਕ ਤਰਕ ਨੂੰ ਵੀ ਝੂਠਾ ਸਾਬਤ ਨਾ ਕਰ ਸਕੇ। ਨੀਵੀਂ ਪਾ ਕੇ ਘੋਰ ਨਮੋਸ਼ੀ ਦੇ ਸਮੁੰਦਰ ਵਿੱਚ ਗਰਕ ਹੋ ਕੇ ਸੁਣਦੇ ਰਹੇ। ਇੱਕ ਅੱਧ ਸੜਕਛਾਪ ਨੁਮਾ ਐਮ. ਪੀ. ਨੇ ਘਟੀਆ ਟਿੱਚਰ ਕਰਨ ਦੀ ਜੁਰਅਤ ਕਰ ਕੇ ਕੇਵਲ ਆਪਣੀ ਕੌਮ ਦੇ ਬੌਧਿਕ ਦਿਵਾਲੀਏਪਣ ਦਾ ਐਲਾਨ ਹੀ ਕੀਤਾ।

ਕਹਿਣ ਦੀ ਲੋੜ ਨਹੀਂ ਕਿ ਸਿੱਖੀ ਵਿੱਚ ਉਸ ਦਾ ਪ੍ਰਪੱਕ, ਅਹਿੱਲ ਯਕੀਨ ਸੀ। ਗੁਰੂ ਸਾਹਿਬਾਨ ਦੀ ਬਾਣੀ ਅਤੇ ਇਤਿਹਾਸ ਓਸ ਲਈ ਸਦਾ ਜੀਵਨ ਦੇ ਪ੍ਰੇਰਨਾ ਸ੍ਰੋਤ ਬਣੇ ਰਹੇ। ਆਮ ਗੱਲਬਾਤ ਵਿੱਚ ਵੀ ਉਹ ਗੁਰੂ ਦਾ ਨਾਂਅ ਜ਼ੁਬਾਨ ਉੱਤੇ ਆਉਂਦਿਆਂ ਹੀ ਮੋਮ ਵਾਂਗ ਢਲ ਕੇ ਆਪਣੇ ਤਸੱਵਰ ਵਿੱਚ ਗੁਰੂ-ਚਰਨਾਂ ਨਾਲ ਲਿਪਟ ਜਾਂਦਾ ਸੀ। ਓਸ ਦੀ ਤੱਕਣੀ ਅਤੇ ਆਵਾਜ਼ ਵੀ ਬਦਲ ਜਾਂਦੀ, ਸੁਣਨ ਵਾਲੇ ਉੱਤੇ ਚੁੱਪੀ ਵਰਤ ਜਾਂਦੀ ਅਤੇ ਉਹ ਮਹਿਫ਼ਲ ਵਿੱਚ ਗੁਰੂ ਦੀ ਆਮਦ ਦੀ ਖੁਸ਼ਬੋ ਨੂੰ ਸੁੰਘਣ ਯੋਗ ਹੋ ਜਾਂਦਾ। ਕਈ ਵਾਰ ਵਜਦ ਵਿੱਚ ਆ ਕੇ ਭਾਈ ਸੰਤੋਖ ਸਿੰਘ ਦਾ, ''ਹਰਗੋਬਿੰਦ ਨੰਦਨ, ਨੰਦਨ ਕੋ ਅਭੀਬੰਦਨ ਕੈ ਪਦ ਜੇ ਅਰਬਿੰਦੂ। ਦੁੱਖ ਦੁੰਦ ਨਿਕੰਦਨ ਆਨੰਦ ਕੰਦ ਮੁਕੰਦ ..." ਨੂੰ ਗੁਣਗੁਣਾਉਣ ਲੱਗ ਪੈਂਦਾ।

ਬਾਅਦ ਵਿੱਚ ਮੈਂ ਇਹੋ ਖੂਬੀ ਅਤੇ ਏਸੇ ਕਿਸਮ ਦਾ ਵਤੀਰਾ ਅਤੇ ਹਾਵ-ਭਾਵ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲਬਾਤ ਵਿੱਚ ਮਹਿਸੂਸ ਕੀਤੇ।

ਅਨੇਕਾਂ ਬੋਲੀਆਂ ਦਾ ਭਰਪੂਰ ਗਿਆਨ, ਧਰਮ ਦੀ ਸੋਝੀ, ਕਾਦਰ ਦੀ ਕੁਦਰਤ ਨਾਲ ਵਿਸ਼ਾਲ - ਸਭ ਕਾਸੇ ਨੁੰ ਗਲਵੱਕੜੀ ਵਿਚ ਲੈਣ ਵਾਲਾ - ਪਿਆਰ, ਫ਼ਲਸਫ਼ੇ ਦੀ ਪਿੱਠਭੂਮੀ, ਦੂਜੇ ਜਹਾਨ ਨਾਲ ਲਗਾਤਾਰ ਸਬੰਧ ਬਣਾਈ ਰੱਖਣ ਦੀ ਤਿੱਖੀ ਚਾਹ, ਗੁਰੂ-ਸੇਵਾ ਵਿੱਚ ਸਦਾ ਤਤਪਰ ਰਹਿਣ ਦੀ ਤੀਬਰ ਲਾਲਸਾ ਦਾ ਮੁੱਖ ਮੰਤਵ, ਜਦ ਇਹ ਸਭ ਮਿਲ ਕੇ ਸਿਆਹੀ ਸਿਰਜਦੇ ਸਨ ਤਾਂ ਸਿਰਦਾਰ ਦੇ ਵਾਕ ਅਤੇ ਲੇਖ ਬਣਦੇ ਸਨ। ਹਰ ਲਫ਼ਜ਼ ਵਿੱਚ ਸੱਚੀ ਟਕਸਾਲ ਦੇ ਅਹਿਰਣ ਉੱਤੇ ਘੜੇ ਹੋਏ ਸਿੱਕੇ ਦੀ ਟੁਣਕਾਰ ਹੁੰਦੀ ਸੀ। ਹਰ ਲੇਖ ਵਿੱਚ ਟਿਕਾਣੇ ਦੀ ਗੱਲ ਹੁੰਦੀ ਸੀ ਅਤੇ ਉਹ ਹਰ ਲੇਖ ਨੂੰ ਸਿਰੇ ਲਾਉਣ ਤੱਕ ਸਿਰਜਣ ਪ੍ਰਕ੍ਰਿਆ ਵਿੱਚ ਰੁੱਝਾ ਰਹਿੰਦਾ ਸੀ।

ਅਲਪ ਬੁੱਧੀ, ਖਰੜ ਗਿਆਨੀਆਂ, ਸਿਆਸੀ ਨੌਸਰਬਾਜ਼ਾਂ, ਵਿਹਲੜ ਘੁਣਤਰੀ ਵਿਤੰਡਾਵਾਦੀਆਂ, ਆਪਣੀ ਹਉਮੈ ਦੀ ਦਲਦਲ ਵਿੱਚ ਗਲ ਤੱਕ ਖੁਭੇ, ਆਪਣੀ ਆਵਾਜ਼ ਦੇ ਆਪੇ ਮੋਹੇ ਗਾਲੜੀਆਂ ਨੂੰ ਓਸ ਦਾ ਸੁਭਾਅ ਅੱਖੜ ਲੱਗਦਾ ਸੀ ਪ੍ਰੰਤੂ ਜਗਿਆਸੂਆਂ, ਸ਼ਰਧਾਵਾਨਾਂ ਦੀ ਝੋਲੀ ਓਸ ਦੇ ਦਰ ਤੋਂ ਜ਼ਰੂਰ ਬੇਸ਼ਕੀਮਤੀ ਮੋਤੀਆਂ ਦੀ ਖ਼ੈਰ ਪੈਂਦੀ ਸੀ।

ਮੈਂ ਕਦੇ ਗੁਰੂ ਬਿਨਾਂ ਕਿਸੇ ਮਨੁੱਖ ਨੂੰ ਆਪਣਾ ਪੀਰ ਨਹੀਂ ਜਾਣਿਆ ਪਰ ਅੱਜ ਜਦੋਂ ਡੌਕਟਰ ਗਰੇਵਾਲ ਨੇ ਮੈਨੂੰ ਸਿਰਦਾਰ ਦਾ 'ਚੇਲਾ' ਦੱਸਿਆ ਤਾਂ ਮੈਂ ਖਿੜੇ ਮੱਥੇ ਏਸ ਤਖੱਲਸ ਨੂੰ ਪੁੱਠੇ ਕੌਮਿਆਂ ਵਿੱਚ ਰੱਖ ਕੇ ਪ੍ਰਵਾਨ ਕਰ ਲਿਆ। 'ਚੇਲਾ' ਤਾਂ ਮੈਂ ਨਹੀਂ ਸਾਂ, ਨਾ ਹੀ ਅੱਜ ਹਾਂ (ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ॥ ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ॥) ਪਰ ਓਸ ਸਭਾ ਵਿੱਚ ਏਸ ਨੁਕਤੇ ਉੱਤੇ ਇਤਰਾਜ਼ ਜਤਾਉਣ ਨਾਲ ਸਿਰਦਾਰ ਦੀ ਹੇਠੀ ਹੁੰਦੀ ਸੀ ਜੋ ਨਾ-ਕਾਬਲੇ-ਬਰਦਾਸ਼ਤ ਸੀ। ਉਂਝ ਵੀ ਓਸ ਬੇਪਰਵਾਹ ਫ਼ਕੀਰ ਦਾ ਚੇਲਾ ਹੋਣਾ ਕਿਸੇ ਵਾਸਤੇ ਵੀ ਮਾਣ-ਵਰਧਕ ਸੰਕਲਪ ਹੈ।

ਇੱਕ ਦਿਨ ਸਿਰਦਾਰ ਆਉਣ ਵਾਲੇ ਸਮੇਂ ਦੇ ਇਸ਼ਾਰਿਆਂ ਦਾ ਵਿਸ਼ਲੇਸ਼ਣ ਕਰ ਰਿਹਾ ਸੀ। ਪਰਲ ਬੱਕ ਦੀ ਕਿਤਾਬ ਗੁੱਡਅਰਥ ਦਾ ਇੱਕ ਦ੍ਰਿਸ਼ਟਾਂਤ ਓਸ ਦੀ ਯਾਦਗਾਰ ਵਿੱਚ ਉੱਭਰਿਆ। 'ਚੀਨ ਦਾ ਮਾਤਮ' ਅਖਵਾਉਂਦਾ ਦਰਿਆ ਸਭ ਮਰਿਯਾਦਾਵਾਂ ਤੋੜ ਕੇ ਕਿਨਾਰਿਆਂ ਤੋਂ ਬਾਹਰ ਵਗਣ ਲੱਗ ਪਿਆ। ਨੇੜੇ-ਤੇੜੇ ਵੱਸਦੇ ਸਭ ਕਿਸਾਨ ਉੱਜੜ-ਪੁੱਜੜ ਗਏ। ਕੁਝ ਕੁ ਥੋੜ੍ਹਾ-ਬਹੁਤ ਜ਼ਰੂਰੀ ਸਮਾਨ ਬਚਾਉਣ ਵਿੱਚ ਕਾਮਯਾਬ ਹੋਏ। ਇੱਕ ਅਜਿਹੇ ਕਿਸਾਨ ਨੇ ਸਮਾਨ ਦੀ ਵਹਿੰਗੀ ਮੋਢਿਆਂ ਉੱਤੇ ਰੱਖ ਕੇ ਸੁੱਕੀ ਜ਼ਮੀਨ ਵੱਲ ਚਾਲੇ ਪਾ ਦਿੱਤੇ। ਸਾਰੇ ਸਮਾਨ ਤੋਂ ਉੱਤੇ, ਸਭ ਤੋਂ ਮਹਿਫ਼ੂਜ਼ ਕਰ ਕੇ ਓਸ ਨੇ ਮਿੱਟੀ ਦੀ ਇੱਕ ਕੁੱਜੀ ਰੱਖੀ। ਬੜੀ ਸਾਂਭ-ਸੰਭਾਲ ਨਾਲ ਉਹ ਓਸ ਦਾ ਖਿਆਲ ਰੱਖ ਰਿਹਾ ਸੀ। ਕਿਸੇ ਵੇਖਣ ਵਾਲੇ ਨੇ ਪੁੱਛਿਆ ਤਾਂ ਓਸ ਨੇ ਕਿਹਾ, 'ਏਸ ਵਿੱਚ ਬੀਅ ਹੈ। ਦਰਿਆ ਤਬਾਹੀ ਕਰ ਕੇ ਥੱਕ ਜਾਵੇਗਾ, ਆਪਣੀ ਮਰਿਯਾਦਾ ਨੂੰ ਯਾਦ ਕਰ ਕੇ ਆਪਹੁਦਰੀਆਂ ਬੰਦ ਕਰ ਦੇਵੇਗਾ ਅਤੇ ਮੁੜ ਕੇ ਕਿਨਾਰਿਆਂ ਤੋਂ ਹੇਠਾਂ ਹੋ ਕੇ ਵਗਣ ਲੱਗੇਗਾ। ਮੇਰੀ ਧਰਤੀ ਏਸ ਦੀ ਗਰਿਫ਼ਤ ਵਿੱਚੋਂ ਮੁਕਤ ਹੋ ਕੇ ਫੇਰ ਮੇਰਾ ਭੁੱਖਾ ਢਿੱਡ ਭਰਨਾ ਲੋਚੇਗੀ ਤਾਂ ਓਸ ਵੇਲੇ ਮੈਂ ਇਹ ਬੀਅ ਏਸ ਵਿੱਚ ਬੀਜਾਂਗਾ। ਭਰਪੂਰ ਫ਼ਸਲਾਂ ਹੋਣਗੀਆਂ। ਅਸੀਂ ਸਾਰਾ ਪਰਿਵਾਰ ਰਲ ਕੇ ਖਾਵਾਂਗੇ ਅਤੇ ਵਾਧੂ ਅਨਾਜ ਜਾਨਵਰਾਂ, ਦੂਜੇ ਭੁੱਖੇ ਲੋਕਾਂ ਦੇ ਕੰਮ ਆਵੇਗਾ।'

ਸਿਰਦਾਰ ਕਹਾਣੀ ਸੁਣਾ ਕੇ ਆਖਣ ਲੱਗਾ, ''ਆਉਣ ਵਾਲੇ ਸਮਿਆਂ ਵਿੱਚ ਸਿੱਖੀ ਉੱਤੇ ਅਨੇਕਾਂ ਮਾਰੂ ਹਮਲੇ ਹੋਣਗੇ। ਕਿਸੇ ਵੇਲੇ ਸਭ ਕੁਝ ਰੁੜ੍ਹ ਗਿਆ ਜਾਪੇਗਾ। ਅਸੁਰੀ ਸ਼ਕਤੀਆਂ ਸਭ ਕੁਝ ਨਿਗ਼ਲ ਜਾਣਗੀਆਂ। ਓਸ ਵੇਲੇ ਵਿਚਲਿਤ ਨਹੀਂ ਹੋਣਾ। ਗੁਰੂ ਭਰੋਸੇ ਚੰਗੇ ਦਿਨਾਂ ਦੀ ਆਮਦ ਦੀ ਆਸ ਟੁੱਟਣ ਨਹੀਂ ਦੇਣੀ। ਅਸਲ ਸਿੱਖੀ ਦੇ ਬੀਅ ਨੂੰ ਘੁੱਟ ਕੇ ਗਲ਼ ਨਾਲ ਲਾਈ ਰੱਖਣਾ। ਬੀਅ ਵਿੱਚ ਬੜੀ ਸ਼ਕਤੀ ਹੈ। ਮਿਸਰ ਦੀਆਂ ਪਿਰਾਮਿਡਾਂ ਵਿੱਚੋਂ ਬੀਅ ਮਿਲੇ ਹਨ ਜੋ ਬੀਜਦਿਆਂ ਸਾਰ ਹੀ ਪੌਦੇ-ਪੇੜ ਬਣ ਗਏ। ਦਰਿਆ ਦੇ ਕਹਿਰ ਤੋਂ ਬਾਅਦ ਧਰਤੀ ਹੋਰ ਉਪਜਾਊ ਹੋ ਜਾਵੇਗੀ। ਸੂਰਜ ਨਵਾਂ ਜੀਵਨ ਲੈ ਕੇ ਰੌਸ਼ਨੀ ਬਿਖੇਰੇਗਾ, ਓਸ ਬੀਅ ਨੂੰ ਦੁਬਾਰੇ ਬੀਜ ਦੇਣਾ। ਉਹ ਸਿੱਖੀ ਦੀ ਨਵੀਂ ਫ਼ਸਲ ਪੈਦਾ ਕਰੇਗਾ। ਛੋਟੇ-ਛੋਟੇ ਬੀਆਂ ਤੋਂ ਹੀਂ ਵੱਡੇ-ਵੱਡੇ ਦਰਖਤ ਬਣਦੇ ਹਨ, ਜੋ ਪਸ਼ੂ-ਪੰਖੀਆਂ ਦਾ ਆਸਰਾ ਅਤੇ ਮਨੁੱਖ ਨੂੰ ਛਾਂ ਪ੍ਰਦਾਨ ਕਰਨ ਦੇ ਕਾਬਲ ਹੁੰਦੇ ਹਨ। ਏਸ ਲਈ ਸੰਕਟ ਸਮੇਂ ਸਭ ਤੋਂ ਵੱਧ ਸਾਂਭਣ ਵਾਲੀ ਵਸਤੂ ਬੀਅ ਹੀ ਹੁੰਦਾ ਹੈ।''

ਸਿਰਦਾਰ ਦੇ ਨਾਂਅ ਉੱਤੇ ਤਕਰੀਰ ਲੜੀ ਆਰੰਭਣ ਵਾਲੇ ਦਿਨ (20 ਜਨਵਰੀ 2011) ਨੂੰ ਮੈਂ ਬੀਅ ਨੂੰ ਸੰਭਾਲਣ ਦੀ ਕਾਰਵਾਈ ਹੀ ਜਾਣਦਾ ਹਾਂ। ਕਈ ਵਿੱਦਿਅਕ ਸੰਸਥਾਵਾਂ ਦੇ ਜ਼ਰਖ਼ੇਜ਼ ਜ਼ਿਹਨ ਏਥੇ ਸੁਸ਼ੋਭਿਤ ਹਨ ਅਤੇ ਏਸ ਲਈ ਏਸ ਬੀਅ ਨੂੰ ਬੀਜਣ ਦਾ ਢੁਕਵਾਂ ਸਮਾਂ, ਸਥਾਨ ਆ ਪਹੁੰਚਿਆ ਹੈ। ਪੇਸ਼ੇ ਵਜੋਂ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਕਾਮਨਾ ਕਰਦਾ ਹਾਂ ਕਿ ਭਰਪੂਰ ਫ਼ਸਲ ਹੋਵੇ; ਆਪ ਵੀ ਰੱਜ ਜਾਈਏ, ਇਹਨਾਂ ਖੇਤਾਂ ਉੱਤੇ ਨਿਰਭਰ ਪਸ਼ੂ-ਪੰਖੀ ਵੀ ਤ੍ਰਿਪਤ ਹੋਣ ਅਤੇ ਹਰ ਭੁੱਖੇ ਦੀ ਗੁਰ-ਸ਼ਬਦ ਨਾਲ ਭੁੱਖ ਦੂਰ ਹੋਵੇ, ਜਗਿਆਸੂ ਸਰਸ਼ਾਰ ਹੋਣ। ਗੁਰੂ-ਪ੍ਰਮੇਸ਼ਰ ਦੀ ਹਰ ਸੁਖ ਪ੍ਰਦਾਨ ਕਰਨ ਵਾਲੀ ਝਲਕ ਪਾਉਣ।

2 comments:

  1. ''ਆਉਣ ਵਾਲੇ ਸਮਿਆਂ ਵਿੱਚ ਸਿੱਖੀ ਉੱਤੇ ਅਨੇਕਾਂ ਮਾਰੂ ਹਮਲੇ ਹੋਣਗੇ। ਕਿਸੇ ਵੇਲੇ ਸਭ ਕੁਝ ਰੁੜ੍ਹ ਗਿਆ ਜਾਪੇਗਾ। ਅਸੁਰੀ ਸ਼ਕਤੀਆਂ ਸਭ ਕੁਝ ਨਿਗ਼ਲ ਜਾਣਗੀਆਂ। ਓਸ ਵੇਲੇ ਵਿਚਲਿਤ ਨਹੀਂ ਹੋਣਾ। ਗੁਰੂ ਭਰੋਸੇ ਚੰਗੇ ਦਿਨਾਂ ਦੀ ਆਮਦ ਦੀ ਆਸ ਟੁੱਟਣ ਨਹੀਂ ਦੇਣੀ। ਅਸਲ ਸਿੱਖੀ ਦੇ ਬੀਅ ਨੂੰ ਘੁੱਟ ਕੇ ਗਲ਼ ਨਾਲ ਲਾਈ ਰੱਖਣਾ। ਬੀਅ ਵਿੱਚ ਬੜੀ ਸ਼ਕਤੀ ਹੈ। ਮਿਸਰ ਦੀਆਂ ਪਿਰਾਮਿਡਾਂ ਵਿੱਚੋਂ ਬੀਅ ਮਿਲੇ ਹਨ ਜੋ ਬੀਜਦਿਆਂ ਸਾਰ ਹੀ ਪੌਦੇ-ਪੇੜ ਬਣ ਗਏ। ਦਰਿਆ ਦੇ ਕਹਿਰ ਤੋਂ ਬਾਅਦ ਧਰਤੀ ਹੋਰ ਉਪਜਾਊ ਹੋ ਜਾਵੇਗੀ। ਸੂਰਜ ਨਵਾਂ ਜੀਵਨ ਲੈ ਕੇ ਰੌਸ਼ਨੀ ਬਿਖੇਰੇਗਾ, ਓਸ ਬੀਅ ਨੂੰ ਦੁਬਾਰੇ ਬੀਜ ਦੇਣਾ। ਉਹ ਸਿੱਖੀ ਦੀ ਨਵੀਂ ਫ਼ਸਲ ਪੈਦਾ ਕਰੇਗਾ। ਛੋਟੇ-ਛੋਟੇ ਬੀਆਂ ਤੋਂ ਹੀਂ ਵੱਡੇ-ਵੱਡੇ ਦਰਖਤ ਬਣਦੇ ਹਨ, ਜੋ ਪਸ਼ੂ-ਪੰਖੀਆਂ ਦਾ ਆਸਰਾ ਅਤੇ ਮਨੁੱਖ ਨੂੰ ਛਾਂ ਪ੍ਰਦਾਨ ਕਰਨ ਦੇ ਕਾਬਲ ਹੁੰਦੇ ਹਨ। ਏਸ ਲਈ ਸੰਕਟ ਸਮੇਂ ਸਭ ਤੋਂ ਵੱਧ ਸਾਂਭਣ ਵਾਲੀ ਵਸਤੂ ਬੀਅ ਹੀ ਹੁੰਦਾ ਹੈ।''

    ReplyDelete