Monday, January 8, 2018

ਪੁਸਤਕ “ਬ੍ਰਾਹਮਣਵਾਦ ਤੋਂ ਹਿੰਦੂਵਾਦ” ਸਬੰਧੀ ਇੱਕ ਪੜਚੋਲ

ਪ੍ਰੋ ਗੁਰਮੀਤ ਸਿੰਘ ਸਿੱਧੂ ਦੀ ਨਵੇਂ ਸਾਲ ਵਿੱਚ (3 ਜਨਵਰੀ 2018 ਨੂੰ) ਆਈ ਨਵੀਂ ਕਿਤਾਬ, ਬ੍ਰਾਹਮਣਵਾਦ ਤੋਂ ਹਿੰਦੂਵਾਦ, ਵਿੱਚ ਇੱਕ ਨਵਾਂ-ਨਵੇਲਾ ਅਤੇ ਅਸੀਮ ਸੰਭਾਵਨਾਵਾਂ ਵਾਲਾ ਸਿਆਸੀ ਸੰਵਾਦ ਸਿਰਜਣ ਦੀ ਸਮਰੱਥਾ ਹੈ। ਦੋ ਕੁ ਸੌ ਸਫ਼ਿਆਂ ਦੀ ਗੁੰਦਵੀਂ ਬੋਲੀ ਅਤੇ ਵਿਚਾਰਾਂ ਵਿੱਚ ਲਿਖੀ ਕਿਤਾਬ ਨੂੰ ਉਨ੍ਹਾਂ ਨੇ ਨੌਂ ਅਧਿਆਇਆਂ ਵਿੱਚ ਵੰਡਿਆ ਹੈ। ਕੀਮਤ ਪੱਖੋਂ ਵੀ ਇਹ ਹਰ ਪਾਠਕ ਦੀ ਪਹੁੰਚ ਵਿੱਚ ਹੈ।

“ਮੁੱਢਲੇ ਵਿਚਾਰ” ਦੇ ਛੇ ਕੁ ਸਫ਼ੇ ਕਿਤਾਬ ਦੇ ਮੂਲ ਸੁਨੇਹੇ ਦੀ ਵਿਆਖਿਆ ਕਰਦੇ ਹਨ। ਇਹਨਾਂ ਪੰਨਿਆਂ ਵਿੱਚ ਲੇਖਕ ਹਿੰਦੂ ਪ੍ਰਚਾਰਕਾਂ ਦੇ ਝੂਠੇ ਪ੍ਰਚਾਰ ਕਿ, “ਹਿੰਦੂਵਾਦ ਸਭ ਤੋਂ ਪੁਰਾਣਾ ਧਰਮ ਹੈ” ਨੂੰ ਬੇਪਰਦ ਕਰਦਾ ਹੈ। ਬ੍ਰਾਹਮਣਵਾਦ ਸੰਸਾਰ ਦੇ ਮਨੁੱਖੀ ਰਿਸ਼ਤਿਆਂ ਵਿੱਚ ਨਫ਼ਰਤ ਫੈਲਾਉਣ ਦਾ ਅਤੇ  ਮਨੁੱਖਤਾ ਨੂੰ ਨਿਰਦਈ ਡੱਬਾਬੰਦੀ ਵਿੱਚ ਸਦਾ ਲਈ ਕੈਦ ਕਰਨ ਦੇ ਘੋਰ ਕੁਕਰਮ ਤੋਂ ਕਿਸੇ ਮੰਤਰ ਨਾਲ ਗੰਗਾਜਲ਼ ਛਿੜਕ ਕੇ ਕਦੇ ਵੀ ਮਨੁੱਖਤਾ ਪ੍ਰਤੀ ਸੁਹਿਰਦ ਅਤੇ “ਤੁਅੱਸਬ ਦੀ ਜ਼ਹਿਰ” ਤੋਂ ਮੁਕਤ ਪਰਗਟ ਨਹੀਂ ਕੀਤਾ ਜਾ ਸਕਦਾ। ਜਾਤੀ-ਵੰਡ, ਜਿਸ ਦਾ ਪ੍ਰਚਾਰ ਅਤੇ ਜਿਸ ਨੂੰ ਸਭ ਤੋਂ ਜ਼ਾਲਮ ਅਤੇ ਕੁਰੱਖਤ ਤਰੀਕੇ ਨਾਲ ਬ੍ਰਾਹਮਣਵਾਦ ਸਦੀਆਂ ਤੋਂ ਲਾਗੂ ਕਰਦਾ ਆਇਆ ਹੈ, ਨੂੰ ਕਿਵੇਂ ਵੀ ਜਾਤਾਂ ਨੂੰ ਜੋੜਨ ਵਾਲੇ ਹਿੰਦੂਵਾਦ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ। “ਅੱਠ ਸਦੀਆਂ ਬਾਅਦ” ਹਿੰਦ ਦੀ ਸਿਆਸਤ ਉੱਤੇ ਕਾਬਜ਼ ਹੋਏ ਲੋਕ “ਭਾਰਤ ਭੂਮੀ ਨੂੰ ਭਾਰਤ ਮਾਤਾ” ਬਣਾਉਣ ਦੇ ਚਾਹੇ ਕਿੰਨੇਂ ਵੀ ਹਰਬੇ ਵਰਤਣ, ਏਸ ਸੱਚ ਨੂੰ ਵਿਸਾਰ ਨਹੀਂ ਸਕਦੇ ਕਿ ਨਾ ਤਾਂ ਕਦੇ ਭਾਰਤੀ ਸਮਾਜ ਇੱਕ ਇਕਾਈ ਰਿਹਾ ਹੈ ਅਤੇ ਨਾ ਹੀ ਰੇਤ ਦੀ ਹਰ ਪਲ਼ ਭੁਰਦੀ ਨੀਂਹ ਉੱਤੇ ਇੱਕ ਮਜ਼ਬੂਤ ਸੱਭਿਆਚਾਰਕ ਇਕਾਈ ਉਸਾਰੀ ਜਾ ਸਕਦੀ ਹੈ। ਰਾਸ਼ਟਰਵਾਦ ਦੀ ਚਾਲਕ ਸ਼ਕਤੀ, ਬ੍ਰਾਹਮਣਵਾਦ ਦਾ ਆਧਾਰ ਅਤੇ ਆਧੁਨਿਕ ਸਟੇਟ ਦੀ ਮਾਰੂ ਸੈਨਿਕ ਸ਼ਕਤੀ ਮਿਲ ਕੇ ਵੀ ਏਨੀਂ ਸਿਰਜਣਾਤਮਕ ਤਾਕਤ ਨਹੀਂ ਰੱਖਦੇ ਕਿ ਅਜੋਕੇ ਜ਼ਮਾਨੇ ਵਿੱਚ ਪ੍ਰਵਾਣਤ, ਸੁਖਾਵਾਂ ਗੁਲਦਸਤਾ ਪੇਸ਼ ਕਰ ਸਕਣ। ਹਿੰਦੂਵਾਦ ਦਾ ਮਹਾਂਪ੍ਰਵਚਨ ਇਹਨਾਂ ਹਾਲਤਾਂ ਵਿੱਚ ਉੱਸਰਨਾ ਅਸੰਭਵ ਹੈ।

“ਵਰਣ-ਧਰਮ ਅਤੇ ਸਮਾਜ ਦੀ ਵੰਡ” ਅਧਿਆਇ ਵਿੱਚ ਸਦੀਆਂ ਤੋਂ ਚੱਲੇ ਆਉਂਦੇ ਵਰਣ-ਆਸ਼ਰਮ ਪ੍ਰਬੰਧ ਨੂੰ, ਸਾਰੇ ਸੁਚੇਤ ਵਿਚਾਰਵਾਨਾਂ ਵਾਂਗ, ਹਿੰਦੂਵਾਦ ਨਾਲ ਇੱਕ-ਮਿੱਕ ਦਰਸਾਇਆ ਗਿਆ ਹੈ। ਤਰਕ ਨੂੰ ਦੈਵੀ ਉਤਪਤੀ, ਮਿਥਿਹਾਸ, ਬਾਅਦ ਵਿੱਚ ਆਈ ਦੰਡ-ਵਿਵਸਥਾ, ਧਰਮ ਆਧਾਰਤ ਸਮਾਜ, ਦਰਜੇਵਾਰ ਵਰਗੀਕਰਣ, ਨਸਲਾਂ ਉੱਤੇ ਭਾਰੂ ਵਰਣ-ਵੰਡ, ਭਿੱਟ-ਸੁੱਚ ਦੇ ਸੰਕਲਪ, ਤ੍ਰੈਗੁਣ ਦੇ ਠੁੰਮ੍ਹਣੇ, ਰੰਗ-ਭੇਦ ਦੇ ਮਿਲਗੋਭੇ ਅਤੇ ਬ੍ਰਾਹਮਣ ਦੀ ਸਰਦਾਰੀ ਦੀ ਮਰਿਯਾਦਾ ਅਧੀਨ ਮਨੂੰ ਸਿਮਰਤੀ ਅਨੁਸਾਰ ਤਰਤੀਬ ਦੇਣ ਦੀ ਪ੍ਰਕਿਰਿਆ ਦੀ ਖ਼ੂਬ ਖੋਲ੍ਹ ਕੇ ਵਿਆਖਿਆ ਕੀਤੀ ਗਈ ਹੈ। ਇਹ ਸਭ ਕੁਝ ਸਮਾਜ ਦੀ ਲੋੜ ਅਨੁਸਾਰ ਨਹੀਂ ਸੀ ਹੋਇਆ ਬਲਕਿ ਬ੍ਰਾਹਮਣਵਾਦ ਦੀ ਲੁੱਟ-ਖਸੁੱਟ, ਸ਼ੋਸ਼ਣ ਦੀ ਮਾਨਸਿਕਤਾ ਅਧੀਨ ਹੋਇਆ ਸੀ।

“ਜਾਤ ਅਤੇ ਹਿੰਦੂ ਸਮਾਜ” ਵਿੱਚ ਜਾਤੀ-ਪ੍ਰਣਾਲੀ ਜੋ ਕਿ ਹਿੰਦੂ ਸਮਾਜ ਦਾ ਮਜਬੂਤ ਥੰਮ੍ਹ ਹੈ, ਦਾ ਮਜੀਦ ਵਿਸ਼ਲੇਸ਼ਣ ਹੈ। ਜਾਤ ਪ੍ਰਥਾ ਨੂੰ ਪਰਿਭਾਸ਼ਤ ਕਰਨ ਦੀਆਂ ਦੁਸ਼ਵਾਰੀਆਂ ਨਾਲ ਗੁਰੀਏ, ਕੇਤਕਰ, ਮਜੂਮਦਾਰ, ਹੱਟਨ ਵਰਗੇ ਵਿਦਵਾਨਾਂ ਦਿਆਂ ਹਵਾਲਿਆਂ ਨਾਲ ਸਿੱਝਿਆ ਗਿਆ ਹੈ। ਜਾਤ ਦਾ ਜਨਮ ਤੋਂ ਨਿਸ਼ਚਿਤ ਹੋਣਾ, ਪੀੜ੍ਹੀ ਦਰ ਪੀੜ੍ਹੀ ਚੱਲਣਾ, ਕਿੱਤਾ-ਵੰਡ ਦਾ ਆਧਾਰ ਹੋਣਾ, ਪੁੜਬੰਦੀ ਸਿਧਾਂਤ ਦੀ ਗ਼ੁਲਾਮੀ ਕਰਨਾ, ਰੁਤਬੇ ਨਿਰਧਾਰਤ ਕਰਨਾ ਆਦਿ ਦੇ ਰੁਝਾਨਾਂ “ਜਿਸ ਨੇ ਸ਼ੂਦਰਾਂ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਗ਼ੁਲਾਮ ਬਣਾਇਆ ਹੈ” ਦਾ ਭਰਪੂਰ ਜ਼ਿਕਰ ਹੈ। ਵਰਣ-ਵਿਵਸਥਾ ਨੇ ਕਿਵੇਂ ਅਤੇ ਕਦੋਂ ਜਾਤੀ-ਵੰਡ ਦਾ ਰੂਪ ਵਟਾਇਆ, ਦੀ ਵੀ ਨਿਸ਼ਾਨਦੇਹੀ ਕੀਤੀ ਗਈ ਹੈ। ਜਾਤ-ਪ੍ਰਥਾ ਤੋਂ ਪੈਦਾ ਹੋਏ ਵਿਕਾਰਾਂ, ਨੁਕਸਾਨਾਂ ਦਾ ਲੇਖਾ-ਜੋਖਾ ਵੀ ਕੀਤਾ ਗਿਆ ਹੈ।

ਅਗਲੇ ਦੋ ਅਧਿਆਇ “ਪੁਰਸ਼ਾਰਥ ਅਤੇ ਮਨੁੱਖੀ ਜੀਵਨ” ਅਤੇ “ਆਸ਼ਰਮ ਧਰਮ ਅਤੇ ਸਮਾਜਕ ਪ੍ਰਬੰਧ” ਪਹਿਲੇ ਦੋਹਾਂ ਅਧਿਆਇਆਂ ਦੇ ਪੂਰਕ ਹਨ ਅਤੇ ਜਾਤ-ਪਾਤੀ ਸਮਾਜ ਦੀ ਕਹਾਣੀ ਨੂੰ ਮੁਕੰਮਲ ਕਰਦੇ ਹਨ। “ਕਰਮ ਦਾ ਸਿਧਾਂਤ: ਹਿੰਦੂਵਾਦ ਦੀ ਨੀਂਹ” ਨੂੰ ਲੇਖਕ ਨੇ ਬੜੇ ਸੁਚੱਜੇ ਢੰਗ ਨਾਲ ਪੇਸ਼ ਕਰ ਕੇ ਕਿਤਾਬ ਦੇ ਕੇਂਦਰ-ਬਿੰਦੂ ਵਜੋਂ ਉਸਾਰਿਆ ਹੈ। ਸੱਚ ਤਾਂ ਇਹ ਹੈ ਕਿ ਉਪਰੋਕਤ ਸਾਰੇ ਵਿਚਾਰ ਕਿਤਾਬ ਦੀ ਰੂਹ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਜਾਤ-ਪਾਤ ਦੇ ਵਰਤਾਰੇ ਨੂੰ ਭਲੀ ਪ੍ਰਕਾਰ ਸਮਝਿਆ ਜਾ ਸਕਦਾ ਹੈ। ਇਹਨਾਂ ਵਿੱਚ ਹੀ ਉਹ ਤੱਥ ਹਨ ਜੋ ਜਾਤ-ਪਾਤ ਨੂੰ ਹਿੰਦੂ ਧਰਮ ਦੀ ਵਾਹਦ ਮਲਕੀਅਤ ਅਤੇ ਲੱਛਣ ਦਰਸਾਉਂਦੇ ਹਨ। ਸੰਸਾਰ ਦੀਆਂ ਅਨੇਕ ਸਮਾਜਕ ਇਕਾਈਆਂ ਵਿੱਚ, ਕਿਸੇ ਭੂਗੋਲਕ ਖਿੱਤੇ ਵਿੱਚ ਜਾਤ-ਪਾਤ ਵਰਗਾ ਕੁਝ ਹੋਰ ਹੈ ਨਹੀਂ; ਨਾ ਹੀ ਹੋ ਸਕਦਾ ਹੈ। ਕਿਤਾਬ ਦੇ ਮਹੱਤਪੂਰਣ ਹਿੱਸੇ ਵਿੱਚ “ਬ੍ਰਾਹਮਣਵਾਦੀ ਚਿੰਤਕ, ਦਲਿਤ ਚਿੰਤਕ ਅਤੇ ਮਾਰਕਸਵਾਦੀ/ਰਾਸ਼ਟਰਵਾਦੀ ਚਿੰਤਕਾਂ” ਦੇ ਵਿਚਾਰਾਂ ਨੂੰ ਸਮਝਣ ਦੀ ਸਾਰਥਕ ਕੋਸ਼ਿਸ਼ ਕੀਤੀ ਗਈ ਹੈ।

ਸਿੱਖੀ ਦੇ ਨੁਕਤੇ-ਨਜ਼ਰੀਆ ਤੋਂ ਜਿਨ੍ਹਾਂ ਨੇ ਇਹ ਪੁਸਤਕ ਨੀਝ ਨਾਲ ਪੜ੍ਹਨੀ ਹੈ ਉਹ ਜਾਣ ਲੈਣ ਕਿ ਲੇਖਕ ਨੂੰ ਡੌਕਟਰ ਅੰਬੇਡਕਰ ਨੂੰ ਸਮਝਣ ਵਿੱਚ ਵੱਡਾ ਟਪਲਾ ਲੱਗਾ ਹੈ। ਜਾਪਦਾ ਹੈ ਕਿ ਸਿੱਖ-ਵਿਰੋਧੀਆਂ ਵੱਲੋਂ ਫੈਲਾਈਆਂ ਝੂਠੀਆਂ ਅਫ਼ਵਾਹਾਂ ਅਤੇ ਮਨਘੜਤ ਬਿਰਤਾਂਤਾਂ ਉੱਤੇ ਬਣਾਈਆਂ ਧਾਰਨਾਵਾਂ ਨੂੰ ਲੇਖਕ ਨੇ ਓਨੀਂ ਡੂੰਘਾਈ ਨਾਲ ਨਹੀਂ ਵਿਚਾਰਿਆ ਜਿਸ ਦੀਆਂ ਇਹ ਅਧਿਕਾਰੀ ਸਨ। ਦਲਿਤਾਂ ਨੂੰ ਇਸ ਪੱਕੀ-ਪੀਢੀ ਜਾਤ-ਪਾਤ ਦੀ ਗ਼ੁਲਾਮੀ ਤੋਂ ਬਚਣ ਲਈ ਸਿੱਖੀ ਦੀ ਲੋੜ ਨੂੰ ਅੰਬੇਡਕਰ ਭਲੀ ਭਾਂਤ ਸਮਝਦਾ ਸੀ। ਓਸ ਨੇ 1935-1937 ਤੱਕ ਵੱਡਾ ਹੰਭਲਾ ਮਾਰ ਕੇ ਸਿੱਖ ਧਰਮ ਅਪਨਾਉਣ ਦੀ ਕੋਸ਼ਿਸ਼ ਕੀਤੀ। ਓਸ ਦੇ ਮਨਸੂਬੇ ਨੂੰ ਨਕਾਰਨ ਵਾਲੀਆਂ ਹਿੰਦੂਤਵੀ ਤਾਕਤਾਂ, ਜਿਸ ਵਿੱਚ ਓਸ ਜ਼ਮਾਨੇ ਦਾ ਹਰ ‘ਮਹਾਨ ਹਿੰਦੂ ਆਗੂ’ ਸ਼ਾਮਲ ਸੀ, ਨੇ ਭਰਪੂਰ ਯੋਗਦਾਨ ਪਾਇਆ। ਏਸ ਘਟਨਾਕ੍ਰਮ ਦੇ ਸਾਰੇ ਹਵਾਲੇ ਇਤਿਹਾਸ ਵਿੱਚ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਹਵਾਲੇ ਤਾਂ ਅੰਬੇਡਕਰ ਦੀਆਂ ਆਪਣੀਆਂ ਲਿਖਤਾਂ, ਜੋ ਮਹਾਂਰਾਸ਼ਟਰ ਦੀ ਸਰਕਾਰ ਨੇ ਛਾਪੀਆਂ ਹਨ, ਵਿੱਚ ਵੀ ਵੱਡੀ ਗਿਣਤੀ ਵਿੱਚ ਮਿਲਦੇ ਹਨ। ਅੰਬੇਡਕਰ ਨੇ ਸਪਸ਼ਟ ਲਿਖਿਆ ਹੈ ਕਿ ਕਿਸ ਤਰ੍ਹਾਂ ਛੜਯੰਤਰ ਰਚ ਕੇ ਓਸ ਦੇ ਸਿੱਖ ਬਣਨ ਦੇ ਇਰਾਦੇ ਨੂੰ ਠੱਲ੍ਹ ਪਾਈ ਗਈ।

ਇਹਨਾਂ ਸਾਰੇ ਹਵਾਲਿਆਂ ਨੂੰ ਵਿਸਾਰ ਕੇ ਭੁਲੇਖਾ ਪਾਉਣ ਲਈ ਪ੍ਰਗਟੇ ਕੁਝ ‘ਦਲਿਤ ਅਤੇ ਹਿੰਦੂਵਾਦੀ’ ਵਿਚਾਰਵਾਨ, ਜਿਨ੍ਹਾਂ ਦੇ ਨਾਂਅ ਅਸੀਂ ਜਾਣਦੇ ਹਾਂ। ਇਹਨਾਂ ਨੇ ਐਸਾ ਮਾਇਆਜਾਲ ਏਸ ਘਟਨਾਕ੍ਰਮ ਦੇ ਉਦਾਲੇ ਉਸਾਰਿਆ ਕਿ ਸੂਰਜ ਚੜ੍ਹੇ ਦੇ ਚਾਨਣ ਨੂੰ ਘੁੱਪ ਹਨੇਰੇ ਵਿੱਚ ਪਲਟਾ ਦਿੱਤਾ। ਸਿੱਖ ਆਗੂਆਂ ਦੇ ਅੰਬੇਡਕਰ ਦੀ ਮਦਦ ਵਿੱਚ ਅਣਥੱਕ ਅਤੇ ਸਿਰਤੋੜ ਯਤਨਾਂ ਨੂੰ ਇਹਨਾਂ ਨੇ ਸਿੱਖਾਂ ਦੀ ਬੇਕਿਰਕ ਬੇਰੁਖ਼ੀ ਅਤੇ ਦਲਿਤ-ਨਫ਼ਰਤ ਵਿੱਚ ਬਦਲ ਦਿੱਤਾ। ਇਹਨਾਂ ਦੀਆਂ ਧਾਰਨਾਵਾਂ ਚੱਲ ਗਈਆਂ ਕਿਉਂਕਿ ਅਜੇ ਨਾ ਤਾਂ ਸਿੱਖ ਯਤਨਾਂ ਦੇ ਮੋਢੀਆਂ ਨੇ ਆਪਣੇ ਕੰਮ ਉੱਤੇ ਚਾਨਣ ਪਾਇਆ ਸੀ ਅਤੇ ਨਾ ਹੀ ਅੰਬੇਡਕਰ ਦੀਆਂ ਲਿਖਤਾਂ ਦਾ ਸੰਗ੍ਰਹਿ ਛਪਿਆ ਸੀ। ਇਹ ਏਸ ਕਾਰਣ ਵੀ ਪ੍ਰਚੱਲਤ ਹੋ ਗਈਆਂ ਕਿਉਂਕਿ ਅੰਬੇਡਕਰ ਦੀ ਚੇਸ਼ਟਾ ਪ੍ਰਤੀ ਬਹੁਤੀਆਂ ਖ਼ਬਰਾਂ ਦੱਖਣ ਭਾਰਤ ਦੀਆਂ ਬੋਲੀਆਂ ਵਿੱਚ ਜਾਂ ਦੱਖਣ ਦੇ ਅਖ਼ਬਾਰਾਂ ਵਿੱਚ ਛਪੀਆਂ ਸਨ।

ਪ੍ਰੋਫ਼ੈਸਰ ਗੁਰਮੀਤ ਸਿੰਘ ਨੇ ਜੇ ਉਪਰੋਕਤ ਹਵਾਲਿਆਂ ਵੱਲ ਧਿਆਨ ਮਾਰਿਆ ਹੁੰਦਾ ਤਾਂ ਉਹ ਹਰਗਿਜ਼ ਏਸ ਭੁਲੇਖੇ ਦਾ ਸ਼ਿਕਾਰ ਨਾ ਹੁੰਦੇ। ਅੰਬੇਡਕਰ ਆਪਣੀਆਂ ਲਿਖਤਾਂ ਅਤੇ ਭਾਸ਼ਣਾਂ ਵਿੱਚ ਬਾਰ-ਬਾਰ ਜ਼ਿਕਰ ਕਰਦਾ ਹੈ ਕਿ ਓਸ ਨੂੰ ਸਿੱਖ ਧਰਮ ਵਿੱਚ ਜਾਤ-ਪਾਤ ਦੀ ਉੱਕਾ ਅਣਹੋਂਦ ਜਾਪਦੀ ਹੈ। ਏਸ ਦੇ ਬਾਵਜੂਦ ਇਹ ਆਖਣਾ ਕਿ ਉਹ ਸਿੱਖਾਂ ਵਿੱਚ ਜਾਤ-ਪਾਤ ਦੀ ਹੋਂਦ ਤੋਂ ਨਿਰਾਸ਼ ਹੋ ਗਿਆ ਸੀ, ਸੱਚ ਤੋਂ ਅੱਖਾਂ ਮੀਟਣ ਤੁਲ ਹੈ।

ਦੁਸ਼ਮਣ ਦਾ ਭੰਡੀ-ਪ੍ਰਚਾਰ ਏਨਾਂ ਵਿਆਪਕ ਸੀ ਕਿ ਸਿਰਦਾਰ ਕਪੂਰ ਸਿੰਘ ਵਰਗੇ ਵਿਦਵਾਨ ਨੂੰ ਵੀ ਭੁਲੇਖਾ ਲੱਗ ਗਿਆ ਸੀ ਪਰ ਇਹ ਤਕਰੀਬਨ 40 ਸਾਲ ਪਹਿਲਾਂ ਹੋਇਆ ਸੀ। ਅੱਜ ਅਜਿਹੇ ਭੁਲੇਖੇ ਨੂੰ ਟਾਲਣ ਲਈ ਤਾਂ ਕੇਵਲ ਥੋੜ੍ਹਾ ਸਤਰਕ ਹੋਣ ਦੀ ਲੋੜ ਹੈ।

ਹਿੰਦੂਵਾਦ ਦਾ ਦਲਿਤਾਂ ਨੂੰ ਗ਼ੁਲਾਮ ਰੱਖਣ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ, ਇਹ ਤਾਂ ਕਿਤਾਬ ਲੋਕ-ਅਰਪਣ ਕਰਨ ਵਾਲੇ ਦਿਨ ਹੀ ਸਾਫ਼ ਨਜ਼ਰ ਆ ਗਿਆ ਸੀ। ਭੀਮਾ ਕੋਰੇਗਾਂਵ, ਮੁੰਬਈ ਆਦਿ ਦੀਆਂ ਘਟਨਾਵਾਂ ਨੇ ਭਾਰਤੀ ਸਮਾਜ ਵਿੱਚ ਵੱਡੀ ਉਥਲ-ਪੁਥਲ ਲਿਆ ਦਿੱਤੀ ਸੀ ਜਿਸ ਦਾ ਪ੍ਰਭਾਵ ਸਦੀਆਂ ਤੱਕ ਦਲਿਤਾਂ ਨੂੰ ਬ੍ਰਾਹਮਣਵਾਦ-ਹਿੰਦੂਵਾਦ ਗ਼ੁਲਾਮ ਬਣਨ ਤੋਂ ਰੋਕਦਾ ਰਹੇਗਾ। ਇਹਨਾਂ ਘਟਨਾਵਾਂ ਨਾਲ ਜੋੜ ਕੇ ਜਿਹੜੇ ਏਸ ਪੁਸਤਕ ਨੂੰ ਪੜ੍ਹਨਗੇ ਉਹ ਏਸ ਦੀ ਸਾਰਥਕਤਾ ਦਾ ਪੂਰਾ ਲਾਭ ਲੈ ਸਕਣਗੇ।

ਸਿੱਖ ਨਜ਼ਰੀਏ ਤੋਂ ਪੜ੍ਹਨ ਵਾਲਿਆਂ ਨੂੰ ਆਪੇ ਫ਼ੈਸਲਾ ਕਰਨਾ ਪਵੇਗਾ ਕਿ ਡੌਕਟਰ ਅੰਬੇਡਕਰ ਦੇ ਦਲਿਤਾਂ ਸਮੇਤ ਸਿੱਖ ਬਣਨ ਦੇ ਚਹੇਤੇ ਇਰਾਦੇ ਦੇ ਸੰਦਰਭ ਵਿੱਚ ਆਉਣ ਵਾਲੇ ਵਿਚਾਰ-ਮੰਥਨ ਵਿੱਚ ਕਿਵੇਂ ਆਪਣਾ ਹਿੱਸਾ ਪਾਉਣਾ ਹੈ। ਏਸ ਦੀ ਅੱਜ ਵੀ ਓਨੀਂ ਹੀ ਲੋੜ ਹੈ ਕਿਉਂਕਿ ਕੋਈ ਸਰਬ-ਸਾਂਝੀਵਾਲਤਾ ਦਾ ਮਹਿਲ ਸਿਰਫ਼ ਉੱਚਤਮ ਸਿਧਾਂਤਾਂ ਦੀ ਨੀਤੀ ਉੱਤੇ ਹੀ ਉਸਰ ਸਕਦਾ ਹੈ। ਗੁਰਬਾਣੀ ਸੁਨੇਹੇ ਦੇ ਸੱਚ ਅਤੇ ਗੁਰੂ ਦੇ ਨਾਸ਼-ਸਿਧਾਂਤ ਨੂੰ ਸਿਰ-ਮੱਥੇ ਰੱਖ ਕੇ ਹੀ ਜਾਤ-ਪਾਤ ਦੇ ਕੋਹੜ ਤੋਂ ਸਦੀਵੀ ਮੁਕਤੀ ਪਾਈ ਜਾ ਸਕਦੀ ਹੈ। ਖੰਡੇ-ਬਾਟੇ ਦੇ ਅੰਮ੍ਰਿਤ ਦੀਆਂ ਚੁਲ਼ੀਆਂ ਦੇ ਨਾਲ ਹੀ ਗੁਰੂ ਕਰਮਨਾਸ਼, ਕਿਰਤਨਾਸ਼, ਧਰਮਨਾਸ਼, ਕੁੱਲਨਾਸ਼, ਭਰਮਨਾਸ਼ ਦਾ ਧੁਰ ਦਰਗਾਹ ਦਾ ਸੁਨੇਹਾ ਅਪਾਰ ਕਿਰਪਾ ਕਰ ਕੇ ਵਰਤਾਉਂਦਾ ਹੈ। ਏਸ ਠੋਸ ਅਧਾਰ ਦੀ ਅਣਹੋਂਦ ਕਾਰਣ ਭੂਤਕਾਲ ਵਿੱਚ ਦਲਿਤਾਂ ਵੱਲੋਂ ਬਰਾਬਰੀ ਹਾਸਲ ਕਰਨ ਦੇ ਅਨੇਕਾਂ ਯਤਨ ‘ਬਾਲੂ ਕੀ ਭੀਤ’ ਵਾਂਗ ਕਿਰ ਚੁੱਕੇ ਹਨ। ਕਈ ਅੰਦੋਲਨ ਸਥਾਈ ਸਫ਼ਲਤਾ ਹਾਸਲ ਨਹੀਂ ਕਰ ਸਕੇ। ਬੁੱਧ ਦੀ ਸ਼ਰਣ ਵੀ ਅਜੋਕੇ ਜ਼ਮਾਨੇ ਵਿੱਚ ਉਹਨਾਂ ਨੂੰ ਮੁਕੰਮਲ ਧਰਵਾਸ ਨਹੀਂ ਦੇ ਸਕੀ। ਸਦੀਆਂ ਤੋਂ ਤਰਸਦੀਆਂ, ਤ੍ਰਾਸੀਆਂ ਰੂਹਾਂ ਦਾ ਸੰਤਾਪ ਕੇਵਲ ਗੁਰੂ ਗ੍ਰੰਥ ਦਾ ਉਪਦੇਸ਼, ਨਾਮ ਦਾ ਅਭਿਆਸ ਅਤੇ ਖ਼ਾਲਸੇ ਦੀ ਰਹਿਤ ਹੀ ਸਦਾ ਲਈ ਮਿਟਾ ਸਕਦੀ ਹੈ। “ਬਾਝੁ ਗੁਰੂ ਡੁਬਾ ਜਗੁ ਸਾਰਾ” ਹੀ ਮਨੁੱਖੀ ਇਤਿਹਾਸ ਦਾ ਸੱਚ ਹੈ।

ਉਮੀਦ ਅਤੇ ਅਰਦਾਸ ਹੈ ਕਿ ਉਪਰੋਕਤ ਸੰਦਰਭ ਵਿੱਚ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਹਰ ਪਾਠਕ ਪ੍ਰੋਫ਼ੈਸਰ ਗੁਰਮੀਤ ਸਿੰਘ ਦੀ ਕਿਤਾਬ ਨੂੰ ਧਿਆਨ ਨਾਲ ਪੜ੍ਹੇਗਾ।
― ਗੁਰਤੇਜ ਸਿੰਘ, 9 ਜਨਵਰੀ 2018 

Saturday, January 6, 2018

ਭਾਈ ਰਾਜਿੰਦਰ ਸਿੰਘ ਰਚਿਤ “ਖ਼ਾਲਸਾ ਪੰਥ ਬਨਾਮ ਡੇਰਾਵਾਦ” ਦਾ ਮੁੱਖ-ਬੰਦ (ਇਹ ਪੁਸਤਕ 2 ਦਸੰਬਰ 2017 ਨੂੰ ਚੰਡੀਗੜ੍ਹ ਵਿੱਚ ਲੋਕ-ਅਰਪਣ ਕੀਤੀ ਗਈ)

ਭਾਈ ਰਾਜਿੰਦਰ ਸਿੰਘ ਵਿੱਚ ਸਿੱਖ ਪੰਥ ਨੂੰ, ਸਿੱਖੀ ਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਵੇਖਣ ਦੀ ਰੀਝ ਹੈ। ਮੈਂ ਕੁਈ ਤੀਹ ਕੁ ਸਾਲਾਂ ਤੋਂ ਇਹਨਾਂ ਨੂੰ ਸੱਚ ਲਈ ਜੂਝਦਿਆਂ ਵੇਖ ਰਿਹਾ ਹਾਂ। ਜੋ ਵੀ ਸਾਧਨ ਇਹਨਾਂ ਦੀ ਪਕੜ ਵਿੱਚ ਆਇਆ ਇਹਨਾਂ ਨੇ ਉਸੇ ਨੂੰ ਆਪਣੀਆਂ ਸੱਧਰਾਂ ਦਾ ਘੋੜਾ ਬਣਾ ਲਿਆ। ਕਈ ਸਾਰੇ ਸੰਚਾਰ-ਵਸੀਲਿਆਂ ਦੀ ਇਹ ਵਰਤੋਂ ਕਰ ਰਹੇ ਹਨ। ਆਪਣੀਆਂ ਲਿਖਤਾਂ ਰਾਹੀਂ ਇਹ ਅੰਦਰੂਨੀ ਭਖਦੇ ਮਸਲਿਆਂ ਬਾਰੇ ਵੀ ਓਸੇ ਸਹਿਜ ਨਾਲ ਲਿਖਦੇ ਹਨ ਜਿਸ ਸਹਿਜ ਨਾਲ ਇਹ ਦਰਪੇਸ਼ ਬਹਰੂਨੀ ਮਸਲਿਆਂ ਦਾ ਵਿਰੋਧ ਕਰਨ ਲਈ ਜਲਸੇ-ਜਲੂਸ ਇਤਿਆਦਿ ਦੀ ਅਗਵਾਈ ਕਰਦੇ ਹਨ। ਇਹਨਾਂ ਦਾ ਨਵਾਂ ਸ਼ਹਿਰ ਦੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ 'ਧਾਰਮਕ' ਵਿਅਕਤੀ ਵਿਰੁੱਧ ਅੰਦੋਲਨ ਅਕਾਲ ਤਖ਼ਤ ਤੱਕ ਵੀ ਪਹੁੰਚਿਆ ਸੀ। ਉਸ ਮਸਲੇ ਵਿੱਚ ਜੋ ਕੁਰੱਖ਼ਤ, ਸਿੱਖੀ ਦਰਦ ਤੋ ਕੋਰਾ ਰੁਖ਼ ਅਕਾਲ ਤਖ਼ਤ ਦੇ (ਜਥੇਦਾਰ) ਜੋਗਿੰਦਰ ਸਿੰਘ ਨੇ ਅਪਣਾਇਆ ਸੀ, ਉਸ ਨੇ ਨਨਕਾਣਾ ਸਾਹਿਬ ਦੇ ਮਹੰਤ ਨਰੈਣ ਦਾਸ ਦੇ ਕੁਕਰਮਾਂ ਦਾ ਅਹਿਸਾਸ ਕੌਮ ਨੂੰ ਕਰਵਾ ਦਿੱਤਾ ਸੀ। ਰਾਜਿੰਦਰ ਸਿੰਘ ਅਤੇ ਇਹਨਾਂ ਦੇ ਸਾਥੀਆਂ ਨੇ ਸਿਰ ਧੜ ਦੀ ਬਾਜੀ ਲਾ ਕੇ ਵੀ ਆਪਣਾ ਕੌਲ ਗੁਰੂ ਨਾਲ ਜਿਸ ਸਿਦਕ ਨਾਲ ਨਿਭਾਇਆ ਸੀ ਉਸ ਨੂੰ ਯਾਦ ਕਰਨਾ ਬਣਦਾ ਹੈ।

ਖ਼ਾਲਸਾ ਪੰਥ ਬਨਾਮ ਡੇਰਾਵਾਦ ਵਿੱਚ ਇਹਨਾਂ ਨੇ ਸਿੱਖੀ ਨੂੰ ਦਰਪੇਸ਼ ਸਭ ਤੋਂ ਗੰਭੀਰ ਮਸਲੇ ਬਾਰੇ ਆਪਣੇ ਸਾਰਥਕ ਵਿਚਾਰ ਪੇਸ਼ ਕੀਤੇ ਹਨ। ਡੇਰਿਆਂ ਦੇ ਸਿੱਖੀ ਨੂੰ ਕੁਰਾਹੇ ਪਾਉਣ ਦੇ ਇਰਾਦਿਆਂ ਨੂੰ ਇਹਨਾਂ ਨੇ ਪੂਰੀ ਤਫ਼ਸੀਲ ਨਾਲ ਲਿਖਿਆ ਹੈ। ਸਿਆਸੀ ਸ਼ਕਤੀਆਂ ਦੀ ਸਦਾ ਤੋਂ ਇੱਛਾ ਰਹੀ ਹੈ ਕਿ ਉਹ ਧਾਰਮਕ ਆਗੂਆਂ ਨੂੰ ਆਪਣੇ ਅਨੁਸਾਰ ਚਲਾ ਸਕਣ ਅਤੇ ਜੁਝਾਰੂ ਜਨਤਾ ਦੇ ਜਜ਼ਬਿਆਂ ਨੂੰ ਉਹ ਇਹਨਾਂ ਆਗੂਆਂ ਰਾਹੀਂ ਆਪਣੀ ਸ਼ਕਤੀ ਵਧਾਉਣ ਦਾ ਜ਼ਰੀਆ ਬਣਾ ਸਕਣ। ਸੰਪੂਰਣ ਮਨੁੱਖ ਸਿਰਜਣ ਦਾ ਵਾਅਦਾ ਲੈ ਕੇ ਆਈ ਸਿੱਖੀ 'ਹੰਨੇ ਹੰਨੇ ਮੀਰ' ਅਰਥਾਤ ਮੁਕੰਮਲ ਖ਼ੁਦ-ਮੁਖ਼ਤਿਆਰ ਮਨੁੱਖ ਦਾ ਟੀਚਾ ਲੈ ਕੇ ਵਿਚਰਦੀ ਹੈ। ਇਹ ਲੋਕਾਂ ਨੂੰ ਆਪਣੇ ਅਧੀਨ ਰੱਖਣ ਨੂੰ ਸਿਆਸਤ ਸਮਝਣ ਵਾਲੇ ਬੌਣੇ ਹੁਕਮਰਾਨਾਂ ਨੂੰ ਫੁੱਟੀ ਅੱਖ ਨਹੀਂ ਭਾਉਂਦੀ।

ਮਨੁੱਖੀ ਇਤਿਹਾਸ ਦਾ ਇਹ ਵਰਤਾਰਾ ਵੇਖ ਕੇ ਗੁਰੂ ਨੇ ਏਸ ਗ਼ੁਲਾਮ ਜ਼ਹਿਨੀਅਤ ਨੂੰ ਸਿੱਖੀ ਵਿੱਚੋਂ ਅਤੇ ਆਖ਼ਰ ਮਨੁੱਖ-ਮਾਤਰ ਵਿੱਚੋਂ ਮਨਫ਼ੀ ਕਰਨ ਲਈ ਵੱਡੇ ਕਦਮ ਚੁੱਕੇ, ਜਿਨ੍ਹਾਂ ਵਿੱਚੋਂ ਦੋ ਕਦਮ ਬੁਨਿਆਦੀ ਹਨ। ਗੁਰੂ ਨੇ ਆਪਣੇ ਅਰਥ-ਭਰਪੂਰ ਫ਼ੁਰਮਾਨ "ਕਾਦੀ ਕੂੜੁ ਬੋਲਿ ...... ਤੀਨੇ ਓਜਾੜੇ ਕਾ ਬੰਧੁ" ਰਾਹੀਂ ਮਨੁੱਖਤਾ ਨੂੰ ਸਮਝਇਆ ਹੈ ਕਿ ਪੁਜਾਰੀ ਜਮਾਤ ਮਨੁੱਖਤਾ ਦੀ ਦੁਰਦਸ਼ਾ ਲਈ ਖ਼ਾਸ ਜ਼ਿੰਮੇਵਾਰ ਹੈ। ਇਹ ਉਜਾੜਾ ਇਹ ਆਪਣੇ ਸਿਆਸੀ ਆਗੂਆਂ ਨਾਲ ਮਿਲ ਕੇ ਮਨੁੱਖੀ ਹਿਰਦਿਆਂ ਵਿੱਚ ਧਰਮ ਅਤੇ ਰਾਜਸੱਤਾ ਦਾ ਦੂਹਰਾ ਆਤੰਕ ਫ਼ੈਲਾ ਕੇ ਕਰਦੀ ਹੈ। ਮੁਹੰਮਦ ਇਕਬਾਲ ਵੀ ਆਪਣੇ ਇੱਕ ਸ਼ੇਅਰ ਵਿੱਚ ਲਿਖਦੇ ਹਨ: 'ਹੇ ਰੱਬਾ ਤੇਰੇ ਸਾਦਾ ਦਿਲ ਬੰਦੇ ਕਿੱਧਰ ਜਾਣ? ਇੱਕ ਪਾਸੇ ਸ਼ਾਹੀ ਦਾ ਆਤੰਕ ਹੈ ਤਾਂ ਦੂਜੇ ਪਾਸੇ ਫ਼ਕੀਰੀ ਦਾ'। ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਵਿੱਚ "ਚਾਕਰ ਨਹਦਾ ਪਾਇਨਿ੍ ਘਾਉ" ਵਾਲੇ ਸ਼ਬਦ ਵਿੱਚ ਓਸ ਤੋਂ ਅਗਲੀ ਹਾਲਤ ਨੂੰ  ਬਿਆਨ ਕੀਤਾ ਹੈ ਜਦੋਂ ਸਿਆਸੀ ਆਗੂ 'ਗਿਆਨ ਵਿਹੂਣੀ' ਜਨਤਾ ਦਾ ਆਪਣੇ ਕਰਿੰਦਿਆਂ ਰਾਹੀਂ ਸ਼ੋਸ਼ਣ ਕਰਦੇ ਹਨ ਅਤੇ ਜਨਤਾ ਨੂੰ ਰਾਹ ਵਿਖਾਉਣ ਵਾਲੇ ਧਾਰਮਕ ਆਗੂ 'ਗਉ ਬ੍ਰਾਹਮਣ ਨੂੰ ਕਰ' ਬਰਦਾਸ਼ਤ ਕਰ ਕੇ ਵਿਖਾਵੇ ਅਤੇ ਪਾਖੰਡ ਰਾਹੀਂ ਸੰਸਾਰ-ਸਾਗਰ ਤੋਂ ਪਾਰ ਹੋ ਜਾਣ ਦੇ ਲਾਰੇ ਵਿੱਚ ਲੋਕਾਂ ਨੂੰ ਰਿਝਾਈ ਰੱਖਦੇ ਹਨ। ਇਸ ਲਈ ਗੁਰੂ-ਕ੍ਰਿਪਾਲ ਨੇ ਪੁਜਾਰੀਵਾਦ ਨੂੰ ਸਿੱਖੀ ਵਿੱਚੋਂ ਸਮੂਲ ਖ਼ਤਮ ਕਰ ਦਿੱਤਾ ਸੀ।

ਸਿਆਸਤਦਾਨ-ਪੁਜਾਰੀ ਗਠਜੋੜ ਨੂੰ ਘਾਤਕ ਜਾਣ ਕੇ ਗੁਰੂ ਨੇ ਇਸ ਨੂੰ ਮੁੱਢੋਂ ਖ਼ਤਮ ਕਰਨ ਲਈ ਅਣਮੁੱਲਾ ਉਪਦੇਸ਼ ਬਖ਼ਸ਼ਿਆ। ਚੇਤੇ ਰਹੇ ਕਿ ਗੁਰੂ ਨਾਨਕ ਤੋਂ ਸਦੀਆਂ ਬਾਅਦ ਵੀ ਯੂਰਪ ਦੇ ਕਈ ਚਿੰਤਕਾਂ ਨੂੰ ਇਸ ਗਠਜੋੜ ਨੇ ਨਾਸਤਿਕਤਾ ਵੱਲ ਧੱਕ ਦਿੱਤਾ ਸੀ। ਏਸ ਕਸ਼ਮਕਸ਼ ਵਿੱਚੋਂ 'ਸੈਕੂਲਰਇਜ਼ਮ' ਨੇ ਜਨਮ ਲੈ ਕੇ ਮਨੁੱਖਤਾ ਉੱਤੇ ਪ੍ਰਮਾਣੂ ਬੰਬ, ਬਸਤੀਵਾਦ, ਇੱਕ-ਪੁਰਖੀ ਰਾਜ ਅਤੇ ਆਲਮੀ ਜੰਗਾਂ ਵਰਗੀਆਂ ਮਹਾਂ-ਮਾਰੀਆਂ ਲਿਆਂਦੀਆਂ। ਗੁਰੂ ਨੇ ਅਉਖਾ ਪਰ ਸਰਵ-ਕਲਿਆਣਕਾਰੀ, ਸੁਤੇ ਸਿੱਧ ਸਦਾ ਸਾਰਥਕ ਰਹਿਣ ਵਾਲਾ 'ਗਾਡੀ ਰਾਹ' ਮਨੁੱਖਤਾ ਨੂੰ ਵਿਖਾਇਆ। ਇਸ ਪੰਥ ਉੱਤੇ ਜ਼ਾਲਮ ਅਨਿਆਂਕਾਰੀ ਰਾਜਿਆਂ ਨੂੰ ਇਹ ਆਖ ਕੇ ਰੱਦ ਕੀਤਾ ਕਿ ਕੇਵਲ ਨਿਰੰਕਾਰ ਹੀ ਸੱਚਾ ਪਾਤਸ਼ਾਹ ਹੈ, ਆਪਣੇ-ਆਪ ਨੂੰ ਹਾਕਮ ਪ੍ਰਗਟ ਕਰਨ ਵਾਲੇ ਝੂਠੇ ਦਾਅਵੇ ਕਰਨ ਵਾਲੇ ਛਿਨ ਭੰਗਰੇ ਪ੍ਰਾਣੀ ਉਸ ਦੇ ਦਰਬਾਰ ਵਿੱਚ ਕੀੜਿਆਂ- ਮਕੌੜਿਆਂ ਦੀ ਹੈਸੀਅਤ ਰੱਖਦੇ ਹਨ। ਪੁਜਾਰੀ ਜਮਾਤ ਨੂੰ ਗੁਰੂ ਪਾਤਸ਼ਾਹ ਨੇ “ਨਿਰਾਪਰਾਧ ਚਿਤਵਹਿ ਬੁਰਿਆਈ” ਅਤੇ ਹੱਥ ਛੁਰੀਆਂ ਰੱਖਣ ਵਾਲੀ ‘ਜਗਤ-ਕਸਾਈ' ਜਮਾਤ ਦੱਸਿਆ। ਹਰ ਕਿਸਮ ਦੇ ਵਿਚੋਲਿਆਂ ਨੂੰ ਅਧਿਆਤਮਕ ਰਾਹ ਤੋਂ ਖਾਰਜ ਕਰ ਕੇ, ਮਨੁੱਖ ਨੂੰ ਮਹਾਂ ਦਿਆਲੂ ਕਰੁਣਾਸਾਗਰ ਮਾਤ-ਪਿਤਾ ਅਕਾਲ ਪੁਰਖ ਦੀ ਗੋਦੀ ਵਿੱਚ ਲਿਆ ਬਿਠਾਇਆ।

ਦਸਵੇਂ ਜਾਮੇ ਵਿੱਚ ਸਾਹਿਬਾਂ ਨੇ ਇਹੋ ਉਪਦੇਸ਼ ਦ੍ਰਿੜ੍ਹਾਇਆ ਅਤੇ ਬੰਦਾ ਬਹਾਦਰ ਅਤੇ ਉਸ ਦੇ ਅਦੁੱਤੀ ਸਾਥੀਆਂ ਦੇ ਖੂਨ, ਪਸੀਨੇ, ਹੱਡ, ਮਾਸ ਨਾਲ ਇੱਕ ਅਜਬ ਥੀਸਿਸ ਲਿਖੀ। ਇਸ ਦਾ ਅੱਖਰ-ਅੱਖਰ ਗੁਰਸਿੱਖਾਂ ਦੀਆਂ ਕਰਨੀਆਂ ਵਿੱਚੋਂ ਪਰਗਟ ਹੋਇਆ ਅਤੇ ਮਹਾਂ-ਪ੍ਰਕਾਸ਼ ਬਣ ਕੇ ਜਗਤ-ਗੁਰੂ ਦੇ ਦੈਵੀ ਨਿਸ਼ਾਨੇ ਨੂੰ ਮਨੁੱਖੀ ਵਰਤਾਰਾ ਬਣਾਉਣ ਵੱਲ ਪੂਰੇ ਵੇਗ ਨਾਲ ਚੱਲਿਆ। ਮਿਸਲ ਕਾਲ ਵਿੱਚ ਇਸ ਦਾ ਵੇਗ਼ ਕੁਝ ਸੁਸਤ ਹੋਇਆ; ਰਣਜੀਤ ਸਿੰਘ ਵੇਲੇ ਅਸਲੋਂ ਮੱਠਾ ਪੈ ਗਿਆ। ਅਗਲੇ ਦੌਰ ਵਿੱਚ ਗ਼ੁਲਾਮੀ ਦੇ ਤੌਕ ਨੂੰ ਡਾਢਿਆਂ ਨੇ ਤਮਗ਼ਾ ਬਣਾ ਕੇ ਪੇਸ਼ ਕੀਤਾ ਅਤੇ ਅਸੀਂ ਅਜਿਹੇ ਉਲਝੇ ਕਿ ਆਪਣੀ ਤਾਣੀ ਨੂੰ ਅਜੇ ਤੱਕ ਸੁਲਝਾ ਨਹੀਂ ਸਕੇ।

ਜਦੋਂ ਫ਼ੌਰਸਟਰ ਨੇ ਸਿੰਘਾਂ ਦੀ ਤਾਕਤ ਦਾ ਅੰਦਾਜ਼ਾ ਲਾਇਆ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ 1782-83 ਵਿੱਚ ਤਿੰਨ ਲੱਖ ਘੋੜ-ਚੜ੍ਹੇ ਮੈਦਾਨ ਵਿੱਚ ਉਤਾਰਨ ਦੇ ਕਾਬਲ ਸਨ। ਸੰਨ 1818 ਵਿੱਚ ਵੀ ਹਿੰਦੋਸਤਾਨ ਵਿੱਚ ਕੁਈ ਸ਼ਕਤੀ ਐਸੀ ਨਹੀਂ ਸੀ ਜੋ ਲੜਾਈ ਦੇ ਮੈਦਾਨ ਵਿੱਚ 22000 ਤੋਂ ਵੱਧ ਫ਼ੌਜ ਉਤਾਰ ਸਕੇ। ਜਦੋਂ ਫ਼ੌਰਸਟਰ, ਜੌਨ ਮੈਲਕਮ ਅਤੇ ਹੋਰ ਸੂਹੀਆਂ ਨੇ ਸਿੱਖੀ ਕਿਰਦਾਰ ਦੀ ਘੋਖ-ਪੜਤਾਲ ਕੀਤੀ ਤਾਂ ਪਾਇਆ ਕਿ ਇਹ ਖ਼ਰੇ ਸੋਨੇ ਵਿੱਚ ਦਸਮੇਸ਼ ਨੇ ਘੜਿਆ ਸੀ। ਹਰ ਸਿਪਾਹੀ ਆਪਣੇ-ਆਪ ਨੂੰ ਮੁਕੰਮਲ ਖ਼ੁਦਮੁਖ਼ਤਿਆਰ ਅਕਾਲ ਪੁਰਖ ਦਾ ਫ਼ੌਜੀ ਸਮਝਦਾ ਸੀ। ਵਿੱਦਿਆ ਦਾ ਚਾਨਣ ਏਨਾਂ ਸੀ ਕਿ ਰਣਜੀਤ ਸਿੰਘ ਵੇਲੇ ਤੱਕ ਪਿੰਡਾਂ ਵਿੱਚ 78 ਪ੍ਰਤੀਸ਼ਤ ਲੋਕ ਸਾਖਰ ਸਨ ਅਤੇ ਸ਼ਹਿਰਾਂ ਵਿੱਚ 87 ਪ੍ਰਤੀਸ਼ਤ। ਅੰਗ੍ਰੇਜ਼ ਨੇ ਪ੍ਰਤੱਖ ਵੇਖਿਆ ਕਿ ਇੱਕ ਨਵੀਂ ਕੌਮ ਖੰਡੇ-ਬਾਟੇ ਨੇ ਪੈਦਾ ਕਰ ਦਿੱਤੀ ਹੈ ਜਿਹੜੀ ਕਿ ਜੇ ਗੁਰੂ-ਪ੍ਰਮੇਸ਼ਰ ਦੇ ਦੱਸੇ ਅਸੂਲਾਂ ਉੱਤੇ ਕਾਇਮ ਰਹਿ ਸਕੀ ਤਾਂ ਜਲਦੀ ਹੀ ਸੰਸਾਰ ਫ਼ਤਹਿ ਕਰਨ ਦੇ ਕਾਬਲ ਹੈ।

ਉਹਨਾਂ ਘੋਖੀਆਂ ਨੂੰ ਏਸ ਕੌਮ ਨੂੰ ਨਿਸ਼ਾਨੇ ਤੋਂ ਥਿੜਕਾਉਣ ਦਾ ਰਾਹ ਵੀ ਹਿੰਦੋਸਤਾਨ ਵਿੱਚੋਂ ਹੀ ਲੱਭ ਗਿਆ। ਫ਼ੌਰਸਟਰ ਨੇ ਲਿਖਿਆ ਕਿ ਹਿੰਦੂ-ਧਰਮ-ਪੁਸਤਕਾਂ ਅਤੇ ਦੇਵੀ-ਦੇਵਤਿਆਂ ਦਾ ਪ੍ਰਚਾਰ ਹੀ ਇਹਨਾਂ ਨੂੰ ਪੁਜਾਰੀ ਦੇ ਗ਼ੁਲਾਮ ਬਣਾਉਣ ਲਈ ਸਮਰੱਥ ਹੈ। ਏਸ ਤੋਂ ਬਾਅਦ ਅੰਗ੍ਰੇਜ਼ਾਂ ਨੇ ਸਿੱਖਾਂ ਨੂੰ ਗ਼ੁਲਾਮੀ ਦੇ ਜੂਲੇ ਹੇਠ ਲਿਆਉਣ ਲਈ ਆਪਣੇ ਯਤਨ ਆਰੰਭ ਕਰ ਦਿੱਤੇ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਦੇ ਉਪਦੇਸ਼ ਆਖੇਪ ਕਰਨ ਲਈ, ਭਾਈ ਬੰਨੋ ਵਾਲੀ ਖਾਰੀ ਬੀੜ ਨਾਲ ਹਿੰਦੂ ਮਿਥਿਹਾਸ ਦੇ ਬਚਿਤ੍ਰ ਨਾਟਕ ਗ੍ਰੰਥ ਨੂੰ ਨੱਥੀ ਕਰ ਕੇ ਸਿੱਖਾਂ ਨੂੰ ਦੇਵੀ ਪੂਜਾ, ਮੂਰਤੀ ਪੂਜਾ ਆਦਿ ਦੇ ਰਾਹ ਤੋਰਿਆ ਗਿਆ। ਏਸ ਗ੍ਰੰਥ ਦਾ ਉਲੱਥਾ ਕਰਵਾ ਕੇ ਏਸ ਨੂੰ ਅੰਗ੍ਰੇਜ਼ ਵਿਦਵਾਨਾਂ ਵਿੱਚ ਸਿੱਖ ਮੱਤ ਦਾ ਆਧਾਰ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਹਿਲੋ-ਪਹਿਲ ਕਲਕੱਤੇ ਦੇ ਨਿਰਮਲੇ ਬ੍ਰਾਹਮਣ ਆਤਮਾ ਰਾਮ ਰਾਹੀਂ 'ਅਪਨੀ ਕਥਾ' ਅਤੇ ਹੋਰ ਕੁਝ ਕਵਿਤਾਵਾਂ ਡਿੰਗਲ ਕਾਵਿ, ਪ੍ਰਿਥਵੀਰਾਜ ਰਾਸੋ ਆਦਿ ਵਿੱਚੋਂ ਲੈ ਕੇ, ਦਸਮ ਗੁਰੂ ਦੀਆਂ ਆਖ ਕੇ ਪ੍ਰਚੱਲਤ ਕੀਤੀਆਂ। 'ਅਪਨੀ ਕਥਾ' ਅੰਗ੍ਰੇਜ਼ ਨੂੰ ਰਾਸ ਆਉਣ ਵਾਲੇ ਸੂਤਰਾਂ ਦੇ ਆਲੇ ਦੁਆਲੇ ਰਚੀ ਗਈ। ਏਸ ਦਾ ਪਹਿਲਾ ਖੁੱਲ੍ਹਾ ਅਨੁਵਾਦ ਜੌਨ ਮੈਲਕਮ ਨੇ ਆਪਣੀ ਕਿਤਾਬ, Sketch of The Sikhs, ਵਿੱਚ ਛਾਪਿਆ। ਬਾਅਦ ਵਿੱਚ ਅਰਨਸਟ ਟਰੰਪ ਦੇ ਇਨਕਾਰ ਕਰਨ ਉਪਰੰਤ ਅਤਰ ਸਿੰਘ ਭਦੌੜ ਤੋਂ ਕੁਝ ਹਿੱਸੇ ਦਾ ਅੰਗ੍ਰੇਜ਼ੀ ਵਿੱਚ ਉਲੱਥਾ ਕਰਵਾਇਆ ਗਿਆ। ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਸਭ ਤੋਂ ਪਹਿਲਾ ਕਦਮ ਬਚਿਤ੍ਰਨਾਟਕ ਗ੍ਰੰਥ ਦਾ ਉਲੱਥਾ ਕਰਵਾਉਣ ਦਾ ਹੀ ਮਿਥਿਆ ਗਿਆ। ਆਖ਼ਰ ਅੰਗ੍ਰੇਜ਼ ਵੱਲੋਂ ਤਿਆਰ ਕਰਵਾਈ ਬੀੜ ਨੂੰ ਪ੍ਰਮਾਣਕ ਦਰਜਾ ਦੇਣ ਲਈ ਬਾਬਾ ਖੇਮ ਸਿੰਘ ਬੇਦੀ ਅਤੇ ਅਤਰ ਸਿੰਘ ਭਦੌੜ ਰਾਹੀਂ ਸੋਧਕ ਕਮੇਟੀ (1896) ਦਾ ਢੌਂਗ ਰਚਿਆ ਗਿਆ।

ਦੂਸਰੇ ਕਦਮ ਵਜੋਂ ਸਿੱਖ ਪੰਥ ਅੰਦਰ ਪੁਜਾਰੀ ਜਮਾਤ ਲਈ ਥਾਂ ਬਣਾਈ ਗਈ ਅਤੇ ਸੰਤ-ਬਾਬਿਆਂ ਨੂੰ ਵੀ ਗੁਰੂ ਗ੍ਰੰਥ ਦੇ ਸ਼ਰੀਕ ਥਾਪਿਆ ਗਿਆ। ਕੁਈ ਦਸ ਕੁ ਫ਼ੌਜੀ ਅਜਿਹੇ ਨਿਤਾਰੇ ਗਏ ਜਿੰਨ੍ਹਾਂ ਨੂੰ ਪ੍ਰਮਾਤਮਾ ਦੇ ਵੱਡੇ ਭਗਤ ਦਰਸਾ ਕੇ ਸੰਤਾਂ ਵਜੋਂ ਸਿੱਖ ਪੰਥ ਦੇ ਗਲ਼ ਮੜ੍ਹਿਆ ਗਿਆ। 'ਵਾਰਦਾਤ ਵਿਧੀ' ਇਹ ਅਪਣਾਈ ਗਈ: ਪ੍ਰਚੱਲਤ ਕੀਤਾ ਕਿ ਕਰਮ ਸਿੰਘ ਫ਼ੌਜੀ ਹੋਤੀ ਮਰਦਾਨ ਦੇ ਨੇੜੇ ਦੀਆਂ ਇਕਾਂਤ ਥਾਵਾਂ ਉੱਤੇ ਬੈਠ ਕੇ ਧਿਆਨ ਧਰਨ ਦਾ ਆਦੀ ਸੀ। ਇੱਕ ਦਿਨ ਐਸੀ ਲਿਵ ਲੱਗੀ ਕਿ ਪਰੇਡ ਉੱਤੇ ਹਾਜ਼ਰ ਹੋਣਾ ਯਾਦ ਨਾ ਆਇਆ; ਤਾਂ ਪ੍ਰਮਾਤਮਾ ਖ਼ੁਦ ਆ ਕੇ ਉਸ ਦੀ ਥਾਂਵੇਂ ਰਫ਼ਲ ਫੜ ਕੇ ਪ੍ਰੇਡ ਕਰਦਾ ਰਿਹਾ। ਇਸ ਚਮਤਕਾਰ ਤੋਂ ਬਾਅਦ ਉਸ ਨੇ ਅੰਗ੍ਰੇਜ਼ ਨੂੰ ਨੌਕਰੀ ਤੋਂ ਖਾਰਜ ਕਰਨ ਦੀ ਦਰਖ਼ਾਸਤ ਦਿੱਤੀ ਪਰ ਅੰਗ੍ਰੇਜ਼ ਨੇ ਨਾਂਹ ਕਰ ਦਿੱਤੀ। ਕਰਮ ਸਿੰਘ ਨੇ ਆਖਿਆ ਕਿ ਭਰਤੀ ਕਰਨ ਵੇਲੇ ਬਣੀ ਸੂਚੀ ਦਾ ਮੁਆਇਨਾ ਕੀਤਾ ਜਾਵੇ; ਮੈਂ ਤਾਂ ਕਦੇ ਭਰਤੀ ਹੀ ਨਹੀਂ ਹੋਇਆ। ਸੂਚੀ ਵੇਖਣ ਉੱਤੇ ਉਸ ਦਾ ਨਾਂਅ ਸੂਚੀ ਵਿੱਚੋਂ ਗਾਇਬ ਪਾਇਆ ਗਿਆ। ਕਰਮ ਸਿੰਘ ਸੰਤ ਕਰਮ ਸਿੰਘ ਹੋਤੀ ਮਰਦਾਨ ਬਣ ਕੇ, ਗੁਰਦੁਆਰਾ ਬਣਾ ਕੇ (ਅੰਗ੍ਰੇਜ਼ ਪ੍ਰਵਾਣਤ) ਸਿੱਖੀ ਦਾ ਪ੍ਰਚਾਰ ਕਰਨ ਲੱਗ ਪਿਆ। ਕਰਾਮਾਤੀ ਪਹਿਲੇ ਦਿਨ ਤੋਂ ਹੀ ਅੰਗ੍ਰੇਜ਼ ਨੇ ਤਸਦੀਕ ਕਰ ਦਿੱਤਾ। ਇਉਂ ਏਸ ਦੀ ਵੱਡੀ ਮਾਨਤਾ ਦਿਨਾਂ ਵਿੱਚ ਹੀ ਹੋ ਗਈ। ਚੜ੍ਹਾਵਿਆਂ ਦੀਆਂ ਪੰਡਾਂ ਆਉਣ ਲੱਗ ਪਈਆਂ। ਇਹ ਜਦੋਂ ਬਾਹਰੋਂ ਪ੍ਰਚਾਰ ਕਰ ਕੇ ਵਾਪਸ ਆਉਂਦਾ ਤਾਂ ਪਲਟਨ ਦਾ ਅੰਗ੍ਰੇਜ਼ੀ ਬਾਜਾ-ਬੈਂਡ ਪੀਪਣੀਆਂ, ਢੋਲਕੀਆਂ ਵਜਾਉਂਦਾ ਹੋਇਆ ਇਸ ਨੂੰ ਗੁਰਦੁਆਰੇ ਤੱਕ ਛੱਡ ਕੇ ਆਉਂਦਾ। ਲੋਕਾਂ ਉੱਤੇ ਧਾਂਕ ਪੈ ਗਈ ਕਿ ਬਹੁਤ ਵੱਡਾ ‘ਅਧਿਆਤਮ ਗੁਰੂ’ ਹੈ ਤਾਂਹੀਏਂ ਤਾਂ ਅੰਗ੍ਰੇਜ਼-ਲੋਕਾਂ ਵਿੱਚ ਵੱਡੀ ਮਾਨਤਾ ਹੈ।

ਅੰਗ੍ਰੇਜ਼ ਦਾ ਪਹਿਲਾ ਤਜ਼ਰਬਾ ਸਫ਼ਲ ਰਿਹਾ। ਏਸੇ ਫ਼ਰੇਬੀ ਵਿਧੀ ਨਾਲ ਅਤਰ ਸਿੰਘ ਮਸਤੂਆਣਾ, ਜੈਮਲ ਸਿੰਘ ਰਾਧਾ ਸੁਆਮੀ, ਈਸ਼ਰ ਸਿੰਘ ਰੇਰੂ ਆਦਿ ਦਸ ਕੁ ਸਾਧਾਂ ਨੂੰ ਵੱਡੇ ਅਧਿਆਤਮਕ ਰੁਤਬਿਆਂ ਦਾ ਧਾਰਨੀ ਬਣਾ ਕੇ ਸਿੱਖ ਪੰਥ ਵਿੱਚ ਠੇਲ੍ਹ ਦਿੱਤਾ। ਦੂਜੀ "ਵਾਰਦਾਤ ਵਿਧੀ" ਅਨੁਸਾਰ ਬਾਬਾ ਖੇਮ ਸਿੰਘ ਬੇਦੀ ਨੂੰ 28742 ਏਕੜ ਜ਼ਮੀਨ ਅਤੇ ਵੱਡੇ ਸਰਕਾਰੀ ਅਹੁਦੇ ਆਦਿ ਦੇ ਕੇ ਸਿੱਖਾਂ ਦਾ ਗੁਰੂ ਪ੍ਰਚਾਰਿਆ ਗਿਆ। ਇਹ ਦਰਬਾਰ ਸਾਹਿਬ ਕਮੇਟੀ, ਚੀਫ਼ ਖ਼ਾਲਸਾ ਦੀਵਾਨ, ਵਾਇਸ ਰਾਇ ਕੌਂਸਲ ਆਦਿ ਦਾ ਮੈਂਬਰ ਬਣਾਇਆ ਅਤੇ ਬਦਲੇ ਵਿੱਚ ਇਸ ਨੇ ਅਨੇਕਾਂ ਕੋਝੇ ਹਰਬੇ ਵਰਤ ਕੇ ਸਿੱਖੀ ਨੂੰ ਢਾਅ ਲਾਈ।

ਨਵੇਂ ਥਾਪੇ ਸੰਤ ਬਾਬਿਆਂ ਨੇ ਵੀ ਕਸਰ ਨਾ ਰਹਿਣ ਦਿੱਤੀ। ਕਈਆਂ ਦੇ ਖੂੰਡੇ, ਤਿੱਲੇ ਵਾਲੀਆਂ ਜੁੱਤੀਆਂ, ਪੋਤੜੇ ਆਦਿ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੂਜੇ ਜਾਂਦੇ ਹਨ। ਇਹ ਇੱਕ ਪੁਜਾਰੀ ਜਮਾਤ ਬਣ ਗਈ ਜਿਸ ਨੇ ਪੰਥ ਅਤੇ ਅਕਾਲ ਪੁਰਖ ਦੀ ਵਿਚੋਲਗੀ ਦਾ ਭਾਰ ਕਮਜ਼ੋਰ ਜਿਸਮ ਉੱਤੇ ਚੁੱਕਣ ਦਾ ਦਾਈਆ ਬੱਧਾ। ਔਰੰਗਜ਼ੇਬ ਨੂੰ ਕਿਸੇ ਬੰਗਾਲੀ ਨੇ ਗੁਰੂ ਧਾਰਨ ਦੀ ਪੇਸ਼ਕਸ਼ ਕੀਤੀ ਸੀ ਤਾਂ ਉਸ ਨੇ ਗੁਰੂ ਨਾਨਕ ਦੇ ਸ਼ਬਦ ਦਾ ਹਵਾਲਾ ਦੇ ਕੇ ਕੋਰੀ ਨਾਂਹ ਕਰ ਦਿੱਤੀ ਸੀ। ਉਸ ਆਖਿਆ 'ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ। ਚੂਹਾ ਖਡ ਨ ਮਾਵਈ ਤਿਕਲਿ ਬੰਨੈ੍ ਛਜ'। ਸਿੱਖੀ ਦੇ ਵੱਡੇ ਦੁਸ਼ਮਣ ਨੂੰ ਵੀ ਪਤਾ ਸੀ ਕਿ ਗੁਰੂ ਬਣ ਬੈਠਣਾਂ ਮਾਨਵਤਾ ਵਿਰੋਧੀ ਕਰਮ ਹੈ ਪਰ ਸਾਡੇ ਅੰਗ੍ਰੇਜ਼ ਨਿਵਾਜੇ, ‘ਪੂਜਨੀਕ 108’ ਬਾਬਿਆਂ ਨੂੰ ਏਨਾਂ ਗਿਆਨ ਨਹੀਂ ਸੀ। ਖ਼ੈਰ, ਇਹਨਾਂ ਨੇ ਅੰਗ੍ਰੇਜ਼ ਸਮਰਾਜ ਦੀ ਅਤੇ ਹਿੰਦੂ ਧਰਮ ਦੀ ਖ਼ੂਬ ਵਫ਼ਾਦਾਰੀ ਨਿਭਾਈ। ਸਿੱਖੀ ਦਾ ਢੌਂਗ ਰਚ ਕੇ ਆਪਣੀਆਂ ਗੱਦੀਆਂ, ਮਰਿਯਾਦਾਵਾਂ, ਪੂਜਾ-ਵਿਧੀਆਂ ਚਲਾ ਕੇ ਸਿੱਖੀ ਨੂੰ ਕਈ ਟੁਕੜਿਆਂ ਵਿੱਚ ਵੰਡ ਕੇ ਸਿਆਸੀ ਪੱਖੋਂ ਨਿਸੱਤਾ ਅਤੇ ਧਾਰਮਕ ਪੱਖੋਂ ਖੋਖਲਾ ਕਰ ਦਿੱਤਾ। ਧੰਨਾ ਸਿੰਘ ਪਟਿਆਲਵੀ ਜਦੋਂ ਕੈਮਰੇ ਨਾਲ ਲੈਸ ਹੋ ਕੇ, ਸਾਈਕਲ ਸਵਾਰ ਹੋ ਕੇ, ਹੋਤੀ ਮਰਦਾਨ ਪਹੁੰਚਿਆ ਤਾਂ ਉਸ ਨੇ ਪਾਇਆ ਕਿ ਬਾਬੇ ਕਰਮ ਸਿੰਘ ਦਾ ਜਾਨਸ਼ੀਨ ਗੁਰੂ ਗ੍ਰੰਥ ਦੇ ਬਰਾਬਰ ਗੱਦਾ ਲਾ ਕੇ ਮੱਥੇ ਟਿਕਾ ਰਿਹਾ ਹੈ। ਬਾਬਾ ਖੇਮ ਸਿੰਘ ਬੇਦੀ ਤਾਂ ਦਰਬਾਰ ਸਾਹਿਬ ਵਿੱਚ ਵੀ ਗਦੈਲਾ ਵਿਛਾ ਕੇ ਬਿਰਾਜਮਾਨ ਹੁੰਦਾ ਸੀ, ਮੱਥੇ ਟਿਕਾਉਂਦਾ ਸੀ। ਬਚਪਨ ਵਿੱਚ ਮੈਂ ਵੀ ਆਪਣੇ ਪਿੰਡ ਵਿੱਚ ਬਾਬਿਆਂ ਦਾ “ਠੂਠਾ” ਫ਼ਿਰਦਾ ਵੇਖਿਆ ਸੀ। ਇਹ ਗੱਡੇ ਉੱਤੇ ਰੱਖਿਆ ਵੱਡਾ ਕੜਾਹਾ ਹੁੰਦਾ ਸੀ ਜੋ ਹਾੜੀ ਦੇ ਦਿਨੀਂ ਹਰ ਘਰ ਵਿੱਚੋਂ ਦਾਣਿਆਂ ਦੇ ਰੂਪ ਵਿੱਚ ਦਸਵੰਧ ਉਗਰਾਹੁੰਦਾ ਸੀ। ਸਭ ਨੂੰ ਪਤਾ ਸੀ ਕਿ ਆਖ਼ਰ ਸਾਰੀ ਜਿਣਸ ਨੂੰ ਨੇੜੇ ਦੀ ਮੰਡੀ ਵਿੱਚ ਵੇਚ ਕੇ ਬਾਬਿਆਂ ਦੇ ਏਜੰਟ ਨੇ ਪੈਸੇ ਸਮੇਟ ਕੇ ਚਲੇ ਜਾਣਾ ਹੈ।


ਸਿੱਖੀ ਵਿੱਚ ਡੂੰਘੀਆਂ ਖਾਈਆਂ ਪੁੱਟਣ ਵਾਲੇ ਅਤੇ ਗਰੀਬ ਦੇ ਮੂੰਹ ਨੂੰ ਜਾਂਦੀ ਗੋਲਕ ਉੱਤੇ ਇਹ ਗੋਰੇ-ਕਾਲੇ ਅੰਗ੍ਰੇਜ਼ਾਂ ਦੇ ਥਾਪੇ ਬਾਬੇ ਜੋਕਾਂ ਵਾਂਗੂੰ ਚੁੰਬੜ ਗਏ। ਇਹਨਾਂ ਦੇ ਵੱਡੇ ਢਿੱਡਾਂ ਵਿੱਚ ਸਿੱਖੀ ਦਾ ਅਥਾਹ ਆਰਥਕ ਅਤੇ ਅਧਿਆਤਮਕ ਸਰਮਾਇਆ ਸਮਾ ਕੇ ਮਿੱਟੀ ਹੋ ਗਿਆ। ਗਰੀਬਾਂ, ਸਿਕਲੀਗਰਾਂ, ਵਣਜਾਰਿਆਂ, ਦੂਰ-ਦੁਰਾਡੇ ਦੇ ਗਰੀਬਾਂ ਤੱਕ ਸਿੱਖੀ ਦਾ ਹਾਅ ਦਾ ਨਾਅਰਾ ਵੀ ਨਾ ਪਹੁੰਚ ਸਕਿਆ। ਪਿੱਛੇ ਜਿਹੇ ਪਤਾ ਚੱਲਿਆ ਕਿ ਇੱਕ ਮਾਮੂਲੀ ਜਿਹੇ ਬਾਬੇ ਦੇ ਅਧੀਨ ਦਰਜਨਾਂ ਗੁਰਦੁਆਰੇ ਖੱਟੀ ਦੀਆਂ ਦੁਕਾਨਾ ਵਾਂਗ ਚੱਲਦੇ ਹਨ ਜਿਸ ਦਾ ਸਬੂਤ ਇਹ ਹੈ ਕਿ ਉਸ ਨੇ ਘਟੋ-ਘੱਟ 1400 ਕਰੋੜ ਦੀ ਜਾਇਦਾਦ ਬਣਾਈ ਹੋਈ ਹੈ। ਇੱਕ ਕਚਹਿਰੀ ਵਿੱਚ ਉਸ ਦਾ ਹਲਫ਼ੀਆ ਬਿਆਨ ਦਰਜ ਹੈ ਕਿ 'ਅਸੀਂ ਆਪਣੇ ਡੇਰੇ ਗ੍ਰੰਥ ਸਾਹਿਬ ਵੀ ਰੱਖਿਆ ਹੋਇਆ ਹੈ ਪਰ ਮੱਥੇ ਮੈਨੂੰ ਟਿਕਦੇ ਹਨ ਅਤੇ ਚੜ੍ਹਾਵਾ ਵੀ ਮੈਨੂੰ ਹੀ ਚੜ੍ਹਦਾ ਹੈ।' ਇਸ ਬਾਬੇ ਨੂੰ ਸਿੱਖੀ ਦਾ ਸੱਚਾ ਪ੍ਰਚਾਰਕ ਪਰਗਟ ਕਰਦੇ 'ਮਹਾਂ ਪੁਜਾਰੀਆਂ' (High Priests) ਨੇ ਅਨੇਕ ਹੁਕਮਨਾਮੇ ਜਾਰੀ ਕੀਤੇ ਹੋਏ ਹਨ।


ਸਿੱਖੀ ਨੂੰ ਲੋਕਾਂ ਵਿੱਚੋਂ ਖਾਰਜ ਕਰਨ ਲਈ ਅੰਗ੍ਰੇਜ਼ਾਂ ਨੇ ਇਹ ਕੀਤਾ ਕਿ ਦਰਬਾਰ ਸਾਹਿਬ ਸਮੇਤ ਸਿੱਖੀ ਦੇ ਵੱਡੇ ਸੋਮਿਆਂ ਉੱਤੇ ਸਿੱਧੇ-ਅਸਿੱਧੇ ਕਬਜ਼ੇ ਕਰਵਾ ਕੇ ਉਹਨਾਂ ਨੂੰ ਸਿੱਖੀ ਦਾ ਘਾਣ ਕਰਨ ਲਈ ਵਰਤਿਆ। ਅਗਸਤ 1947 ਵਿੱਚ ਭਾਰਤ ਆਜ਼ਾਦ ਹੋਇਆ ਪਰ ਸਾਡਾ 26 ਦਸੰਬਰ 1950 ਨੂੰ ਫ਼ੇਰ ਗੁਲਾਮੀਕਰਣ ਹੋ ਗਿਆ। ਗੋਰੇ ਅੰਗ੍ਰੇਜ਼ਾਂ ਦੀ ਥਾਂ ਕਾਲੇ ਅੰਗ੍ਰੇਜ਼ਾਂ ਨੇ ਲੈ ਲਈ ਅਤੇ ਸਿੱਖੀ ਦੇ ਗੌਰਵ ਨੂੰ ਮੁੱਢੋਂ ਖ਼ਤਮ ਕਰਨ ਦੀ ਨੀਤੀ ਬਰਕਰਾਰ ਰਹੀ। ਕਾਰਣ ਵੀ ਸਹੀ ਸੀ ― ਸਿੱਖ ਜਾਤ-ਪਾਤ, ਰੰਗ-ਭੇਦ, ਸੁੱਚ-ਭਿਟ, ਊਚ-ਨੀਚ ਅਤੇ ਜਾਤੀ-ਵਰਣ-ਵਿਵਸਥਾ ਵਿੱਚ ਫਸ ਕੇ ਬ੍ਰਾਹਮਣੀ ਸਮਾਜ ਦੀ ਗ਼ੁਲਾਮੀ ਨੂੰ ਕਬੂਲਣ ਤੋਂ ਮੁਨਕਰ ਹੈ। ਹਿੰਦ ਦੀ ਸਥਾਈ ਸੱਭਿਆਚਾਰਕ ਬਹੁਗਿਣਤੀ ਆਦਿ ਸਮੇਂ ਤੋਂ ਹੀ ਸਿੱਖੀ ਨੂੰ ਆਪਣੇ ਧਰਮ-ਵਿਰੋਧੀ ਗਰਦਾਨ ਕੇ ਇਸ ਨੂੰ ਖ਼ਤਮ ਕਰਨ ਦੀ ਚੇਸ਼ਟਾ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਂਦੀ ਰਹੀ ਹੈ। ਸਿੱਖ ਗੁਰੂ ਦਾ ਦਰ ਨਹੀਂ ਛੱਡਦਾ ਜਿਹੜਾ ਸਿੱਧਾ ਮਾਨਵ- ਕਲਿਆਣ ਦੀ ਮੰਜ਼ਲ ਨੂੰ ਜਾਂਦਾ ਹੈ ―"ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ"?

ਦਸਮੇਸ਼ ਦੀ ਨਿਰਾਲੀ ਛਬ ਅਤੇ ਲਾਸਾਨੀ ਗੌਰਵ ਨੂੰ ਸਮਝਣ ਦੇ ਨੇੜੇ ਤੇੜੇ ਅਸੀਂ ਇਤਿਹਾਸਕ ਸੰਦਰਭ ਦੀ ਸਹਾਇਤਾ ਲੈ ਕੇ ਹੀ ਪਹੁੰਚ ਸਕਦੇ ਹਾਂ। ਧਰਮ ਦੇ ਬਾਨੀ ਅਤੇ ਫ਼ਲਸਫ਼ੇ ਦੇ ਮਾਹਿਰਾਂ ਦੇ ਫ਼ਰਕ ਦਾ ਵੀ ਅੰਦਾਜ਼ਾ ਇਸੇ ਵਿਧੀ ਨਾਲ ਲਾਇਆ ਜਾ ਸਕਦਾ ਹੈ। ਫ਼ੇਰ ਅਸੀਂ ਇਹ ਸਮਝਣ ਦੇ ਕਾਬਲ ਵੀ ਹੋ ਜਾਵਾਂਗੇ ਕਿ 'ਬਚਿਤ੍ਰਨਾਟਕ' ਵਰਗੇ ਗ੍ਰੰਥ ਗੁਰੂ ਦੇ ਨਾਂਅ ਮੜ੍ਹ ਕੇ ਕਿਹੋ ਜਿਹੇ ਸਿਹ ਦੇ ਤੱਕਲੇ ਸਿੱਖ ਪੰਥ ਦੇ ਵਿਹੜੇ ਵਿੱਚ ਗੱਡੇ ਜਾ ਰਹੇ ਹਨ। ਵੱਡੇ ਫ਼ਲੌਸਫ਼ਰ ਅਰਸਤੂ ਦਾ ਚੇਲਾ ਸਿਕੰਦਰ ਸੀ ਜੋ ਜਾਤੀ ਹਵਸ ਅਤੇ ਫੋਕੀ ਸ਼ੁਹਰਤ ਦੀ ਭਾਲ ਵਿੱਚ ਫ਼ੌਜਾਂ ਅਤੇ ਦਿਗਵਿਜੇ ਦਾ ਚਾਅ ਲੈ ਕੇ ਸੰਸਾਰ ਫ਼ਤਹਿ ਕਰਨ ਚੜ੍ਹਿਆ। ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਘਾਣ ਕਰ ਕੇ, ਕਈ ਸੱਭਿਅਤਾਵਾਂ ਨੂੰ ਖ਼ਤਮ ਕਰ ਕੇ ਉਸ ਨੇ ਆਪਣਾ ਸ਼ੌਕ ਪਾਲਿਆ। ਕਾਰਲ ਮਾਰਕਸ ਦੇ ਦੋ ਪ੍ਰਮੁੱਖ ਚੇਲੇ ਹੋਏ ਜੋਜ਼ਫ਼ ਸਟੈਲਿਨ ਅਤੇ ਮਾਉ-ਜੇ-ਤੁੰਗ। ਦੋਨਾਂ ਨੇ ਇਸ ਦੇ ਸੁਪਨਿਆਂ ਦੇ ਸੰਸਾਰ ਨੂੰ ਧਰਤੀ ਉੱਤੇ ਉਤਾਰਨ ਲਈ ਘੱਟੋ-ਘੱਟ ਦਸ-ਦਸ ਲੱਖ ਚੈਨ ਨਾਲ ਵੱਸਦੇ-ਰਸਦੇ ਲੋਕਾਂ ਦਾ ਘਾਣ ਕੀਤਾ। ਇਹ ਸੁਪਨਾ ਅਜੇ ਅਧੂਰਾ ਹੀ ਨਹੀਂ ਚਕਨਾਚੂਰ ਵੀ ਹੋ ਚੁੱਕਿਆ ਹੈ। ਫ੍ਰੈਡਰਿਕ ਨੀਟਸ਼ੇ ਦਾ ਆਦਰਸ਼ ਮਨੁੱਖ ਸੀ ਹਿਟਲਰ ਜਿਸ ਨੇ ਨਿਰਦੋਸ਼ ਬੱਚਿਆਂ, ਬੁੱਢਿਆਂ ਸਮੇਤ ਲੱਖਾਂ ਅਸਹਾਇ, ਨਿਰਦੋਸ਼ ਯਹੂਦੀ ਮੌਤ ਦੀ ਗੋਦ ਵਿੱਚ ਸੁਆਏ ਅਤੇ ਜੰਗਾਂ-ਯੁੱਧਾਂ ਰਾਹੀਂ ਲੱਖਾਂ ਹੋਰਾਂ ਦਾ ਘਾਣ ਕੀਤਾ। ਏਸ ਨੇ ਮਨੁੱਖੀ ਵਿਨਾਸ਼ ਅਤੇ ਨਸਲਕੁਸ਼ੀ ਦੇ ਨਵੇਂ-ਨਵੇਂ ਤਰੀਕੇ ਲੱਭੇ।


ਸਰਬੱਤ ਦੇ ਭਲੇ ਦਾ ਕੌਲ ਕਰ ਕੇ ਆਈ ਸਿੱਖੀ ਦੇ ਮੋਢੀ ਦਸਵੇਂ ਨਾਨਕ ਦਾ ਪ੍ਰਮੁੱਖ ਚੇਲਾ ਹੋਇਆ ਬੰਦਾ ਸਿੰਘ ਬਹਾਦਰ। ਇਸ ਨੇ ਜ਼ਾਲਮ ਰਾਜਿਆਂ ਦਾ ਰਾਜ ਖ਼ਤਮ ਕੀਤਾ ਪਰ ਕੇਵਲ ਮਨੁੱਖੀ ਤਰਸ ਨੂੰ ਮਨੁੱਖਤਾ ਦੀ ਰੋਂਅ ਬਣਾਉਣ ਲਈ। ਏਸ ਲਈ ਉਹਨਾਂ ਰਾਜਿਆਂ ਦੇ ਘੱਟੋ-ਘੱਟ 5000 ਹਮ-ਮਜ਼੍ਹਬ ਸਿਪਾਹੀ ਏਸ ਦੇ ਨਾਲ ਹੋ ਕੇ ਰਣ ਵਿੱਚ ਜੂਝਦੇ ਰਹੇ। ਜ਼ਾਲਮਾਂ ਨੂੰ ਲੜਾਈ ਦੇ ਮੈਦਾਨ ਵਿੱਚ ਵੰਗਾਰ ਕੇ ਮਾਰਿਆ ਪਰ ਰਣਭੂਮੀ ਤੋਂ ਬਾਹਰ ਇੱਕ ਵੀ ਕਤਲ ਉਸ ਦੇ ਜਿੰਮੇਂ ਨਹੀਂ ਲੱਗਦਾ। ਬਦਲਾਖੋਰੀ ਤੋਂ ਏਨਾਂ ਦੂਰ ਸੀ ਕਿ ਪੰਜਵੇ ਪਾਤਸ਼ਾਹ ਨੂੰ ਸ਼ਹੀਦ ਕਰਵਾਉਣ ਵਾਲੇ ਸ਼ੇਖ ਅਹਿਮਦ ਸਰਹੰਦੀ ਦਾ ਮਕਬਰਾ ਅੱਜ ਵੀ ਓਥੇ ਖੜ੍ਹਾ ਹੈ। ਏਸ ਦੇ ਮੈਦਾਨ ਵਿੱਚ ਹੀ ਸਰਹੰਦ ਉੱਤੇ ਆਖ਼ਰੀ ਹਮਲੇ ਤੋਂ ਪਹਿਲਾਂ ਸਿੱਖ ਫ਼ੌਜਾਂ ਜੁੜੀਆਂ ਸਨ। ਇੱਥੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ ਵੀ ਕੁਝ ਕੁ ਕਰਮਾਂ ਉੱਤੇ ਹੈ। ਸਮਾਜ ਅਤੇ ਸਿਆਸਤ ਵਿੱਚੋਂ ਨਾ-ਬਰਾਬਰੀ ਨੂੰ ਖ਼ਤਮ ਕਰ ਕੇ ਸੰਸਾਰ ਦੇ ਸਾਂਝੇ ਭਲ਼ੇ ਲਈ ਆਦਰਸ਼ਕ ਸਿਆਸੀ ਅਤੇ ਸਮਾਜਕ ਪ੍ਰਬੰਧ ਗੁਰੂ ਦੇ ਬੰਦੇ ਨੇ ਸਾਜਿਆ ― ਜਿਸ ਦੇ ਹਾਣ ਦਾ ਹੋਣ ਲਈ ਅਜੋਕਾ ਲੋਕਰਾਜੀ ਪ੍ਰਬੰਧ ਵੀ ਤਰਲੋ ਮੱਛੀ ਹੋ ਰਿਹਾ ਹੈ, ਜੋ ਅੱਜ ਦੀ ਹਾਲਤ ਅਨੁਸਾਰ, ਜ਼ਾਹਰ ਤੌਰ ਉੱਤੇ ਸੰਸਾਰ ਦੇ ਸਾਂਝੇ ਭਲ਼ੇ ਲਈ ਸਰਵੋਤਮ ਵਿਵਸਥਾ ਸਿਰਜਣ ਦਾ ਨੀਂਹ-ਪੱਥਰ ਹੈ। ਇਹ ਹੈ ਦਸਮੇਸ਼ ਦਾ ਵਿਰਾਟ ਰੂਪ ਅਤੇ ਸਿੱਖੀ ਦਾ ਗੌਰਵ ਜੋ ਖੁਣਸੀਆਂ ਨੂੰ ਫੁੱਟੀ ਅੱਖ ਨਹੀਂ ਭਾਉਂਦਾ।

ਹੁਣ ਸਿੱਖੀ ਦੇ ਸਾਹਮਣੇ ਇੱਕੋ ਹੀ ਵਿਕਲਪ ਰਹਿ ਜਾਂਦਾ ਹੈ ਜੋ ਸਦੀਵ ਕਾਲ ਤੋਂ ਇਸ ਨੂੰ ਆਪਣੇ ਵੱਲ ਬੜੇ ਚਾਅ ਨਾਲ ਖਿੱਚਦਾ ਆ ਰਿਹਾ ਹੈ। ਇਸ ਸਬੰਧੀ ਦ੍ਰਿਸ਼ਟਾਂਤ ਹੈ ਕਿ ਜੋ ਦਾਣੇ ਚੱਕੀ ਦੀ ਮਾਨੀ ਨਾਲ ਲੱਗ ਜਾਂਦੇ ਹਨ ਪੀਠੇ ਜਾਣ ਤੋਂ ਬਚ ਜਾਂਦੇ ਹਨ। ਗੁਰੂ ਦੇ ਲੜ ਲੱਗ ਕੇ ਆਪਣੀ ਹੋਂਦ ਨੂੰ ਦੁਨੀਆਂ ਦੇ ਭਲ਼ੇ ਲਈ ਬਚਾ ਕੇ ਰੱਖਣ ਦਾ ਸੰਕਲਪ ਸਦਾ ਕਾਰਗਰ ਰਿਹਾ ਹੈ ਅਤੇ ਅੱਜ ਵੀ ਹੈ। ਪ੍ਰਚੱਲਤ ਕਹਾਵਤ ਅਨੁਸਾਰ ਸਿੱਖੀ ਸ਼ੇਰਨੀ ਦਾ ਦੁੱਧ ਹੈ ਜੋ ਕੇਵਲ ਸੋਨੇ ਦੇ ਭਾਂਡੇ ਵਿੱਚ ਹੀ ਸਮਾ ਸਕਦਾ ਹੈ। ਇਸ ਦੀ ਮੰਗ ਹੈ ਕਿ ਹਰ ਸਿੱਖ ਦਾ ਕਿਰਦਾਰ ਸੋਨੇ ਵਰਗਾ ਸ਼ੁੱਧ ਹੋਵੇ ਤਾਂ ਹੀ ਸਿੱਖੀ ਧਾਰਨ ਦਾ ਹੱਕਦਾਰ ਬਣ ਸਕਦਾ ਹੈ। ਸਭ ਤੋਂ ਪਹਿਲਾਂ ਸਾਨੂੰ ਇਸ ਪੁਰਾਤਨ ਰੀਤ ਨੂੰ ਗਲ਼ ਲਾਉਣਾ ਪਵੇਗਾ।

ਪਰ ਗੱਲ ਇੱਥੇ ਖ਼ਤਮ ਨਹੀਂ ਹੁੰਦੀ ਕਿਉਂਕਿ ਸਿੱਖੀ ਦੇ ਪਰ-ਉਪਕਾਰੀ ਸੁਨੇਹੇ ਦਾ ਦੁਨਿਆਵੀ ਪੱਖ ਵੀ ਓਨੀਂ ਹੀ ਮਹੱਤਤਾ ਰੱਖਦਾ ਹੈ। ਸਾਨੂੰ ਨਿਰੋਲ ਲੋਕ-ਪੱਖੀ ਕਦਰਾਂ-ਕੀਂਮਤਾਂ ਉੱਤੇ ਨਿਰਭਰ ਸਿਆਸੀ ਜਮਾਤ ਬਣਾਉਣੀ ਪਵੇਗੀ। ਇਹ ਤਕਰੀਬਨ ਉਸੇ ਤਰ੍ਹਾਂ ਦੀ ਹੋਵੇਗੀ ਜਿਹੋ ਜਿਹੀ ਦਸਵੇਂ ਪਾਤਸ਼ਾਹ ਨੇ ਬੰਦੇ ਨੂੰ ਪੰਜਾਬ ਭੇਜਣ ਵੇਲੇ ਆਪਣੇ ਮੁਬਾਰਕ ਹੱਥਾਂ ਨਾਲ ਸਿਰਜੀ ਸੀ। ਇਸ ਵਿੱਚ ਪੁਸ਼ਤ ਦਰ ਪੁਸ਼ਤ ਚੱਲਦੀਆਂ ਸਰਦਾਰੀਆਂ ਦਾ ਮੋਹ ਤਿਆਗ ਕੇ ਲੋਕਰਾਜੀ ਕਦਰਾਂ-ਕੀਮਤਾਂ ਦੀ ਕਸਵੱਟੀ ਨੂੰ ਹਰ ਪੜਾਅ ਉੱਤੇ ਲਾਗੂ ਕਰਨਾ ਪਵੇਗਾ। 'ਹੰਨੇ ਹੰਨੇ ਮੀਰ' ਦਾ ਸਿੱਖੀ ਆਦਰਸ਼ ਦੁਬਾਰਾ ਉਭਾਰਨਾ ਪਵੇਗਾ। ਸੱਚ ਜਾਣੋਂ ਕਿ ਇਹ ਉਹੀ ਵਿਵਸਥਾ ਹੈ ਜਿਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਕੁੱਲ ਆਲਮ ਆਪਣਾ ਆਦਰਸ਼ ਸਮਝਦਾ ਹੈ। ਇਹ ਆਉਣ ਵਾਲੇ ਸਮੇਂ ਦੀ ਪੁਕਾਰ ਹੈ ਅਤੇ ਮਾਨਵ-ਕਲਿਆਣ ਦੀ ਜਾਮਨ ਵਿਵਸਥਾ ਹੈ; ਸਿੱਖੀ ਦੇ ਸਿਆਸੀ ਨਿਚੋੜ ਦਾ ਸਰੂਪ ਹੈ। ਜਦੋਂ ਵੀ ਅਸੀਂ ਇਸ ਨੂੰ ਅਪਣਾਇਆ ਹੈ ਚੜ੍ਹਦੀ ਕਲਾ ਵਿੱਚ ਗਏ ਹਾਂ।

ਇਸ ਉੱਤਮ ਵਿਵਸਥਾ ਨੂੰ ਲਾਗੂ ਕਰਦਿਆਂ ਇਹ ਨਿਰਣਾ ਵੀ ਸੁਤੇ ਸਿੱਧ ਹੋ ਜਾਵੇਗਾ ਕਿ ਸਿੱਖੀ ਨੇ ਮਨੁੱਖੀ ਬਰਾਬਰੀ ਅਤੇ ਸਰਬੱਤ ਦੇ ਭਲ਼ੇ ਲਈ ਲੜਦੇ ਮਹਿਖਾਸੁਰ ਦਾ ਸਾਥ ਦੇਣਾ ਹੈ ਜਾਂ ਇੱਕ ਪੁਰਖੀ, ਅਨਿਆਂਕਾਰੀ ਨਿਜ਼ਾਮ ਨੂੰ ਸਭ ਉੱਤੇ ਠੋਸਣ ਲਈ ਲੜਦੀ ਮਹਿਸ਼ਾਸੁਰ ਮਰਦਨੀ ਦਾ। ਜੇ ਅਜਿਹਾ ਕੋਈ ਉੱਦਮ ਹੁੰਦਾ ਹੈ ਤਾਂ ਭਾਈ ਰਾਜਿੰਦਰ ਸਿੰਘ ਦੀ ਹੱਥਲੀ ਕਿਤਾਬ ਉਸ ਨੂੰ ਸਿਰੇ ਚਾੜ੍ਹਨ ਵਿੱਚ ਵੱਡੀ ਸਹਾਇਤਾ ਕਰ ਸਕਦੀ ਹੈ ਕਿਉਂਕਿ ਇਸ ਵਿੱਚ ਸਿੱਖੀ ਨੂੰ ਖੇਰੂੰ-ਖੇਰੂੰ ਕਰਨ ਹਿਤ ਸਾਜੇ ਡੇਰਿਆਂ, ਸੰਪਰਦਾਵਾਂ ਬਾਰੇ ਮੁਕੰਮਲ ਜਾਣਕਾਰੀ ਇੱਕੋ ਜਿਲਦ ਵਿੱਚ ਇਕੱਠੀ ਕੀਤੀ ਮਿਲਦੀ ਹੈ ਅਤੇ ਉਹਨਾਂ ਟੋਇਆਂ-ਟਿੱਬਿਆਂ ਤੋਂ ਬਚਣ ਦੇ ਰਾਹ ਨਿਰੂਪਣ ਕਰਨ ਵਿੱਚ ਸਹਾਇਤਾ, ਸਹਿਜੇ ਹੀ ਮਿਲ ਸਕਦੀ ਹੈ।

ਡੇਰਾਵਾਦ ਦੇ ਆਰਥਕ ਪੱਖ, ਜਿਸ ਵਿੱਚ ਸਭ ਦਾ ਸ਼ੋਸ਼ਣ ਸ਼ਾਮਲ ਹੈ, ਬਾਰੇ ਵੀ ਅਗਲੇ ਸੰਸਕਰਣ ਵਿੱਚ ਜੇ ਰਾਜਿੰਦਰ ਸਿੰਘ ਲਿਖ ਦੇਣ ਤਾਂ ਉਹ ਵੀ ਪੰਜਾਬ ਅਤੇ ਸਿੱਖੀ ਦੇ ਭਲ਼ੇ ਦਾ ਹੀ ਰਾਹ ਖੋਲ੍ਹੇਗਾ। ਇੱਕ ਇਸ਼ਾਰਾ ਇਉਂ ਹੈ:
ਦੁਨੀਆਦਾਰੀ ਦੇ ਨੁਕਤੇ-ਨਜ਼ਰੀਆ ਤੋਂ ਵੇਖਿਆ ਜਾਵੇ ਤਾਂ ਇੱਕ ਮਾਮੂਲੀ ਸਾਧ ਚੜ੍ਹਾਵੇ ਦੀ ਮਿਹਰ ਨਾਲ 1400 ਕਰੋੜ ਦੀ ਜ਼ਮੀਨ ਦਾ ਮਾਲਕ ਬਣ ਸਕਦਾ ਹੈ। ਜਿਸਦੀ ਗੱਲ ਚੱਲ ਰਹੀ ਹੈ ਬਹੁਤ ਛੋਟੀਆਂ ਮੱਛੀਆਂ ਵਿੱਚੋਂ ਹੈ; ਵੱਡੀਆਂ-ਵੱਡੀਆਂ ਬਹੁਤ ਹਨ। ਇੱਕ-ਦੋ ਮਗਰਮੱਛਾਂ ਨੂੰ ਤਾਂ ਕਈ ਸੈਂਕੜੇ ਕਰੋੜ ਮਹੀਨੇ ਦਾ ਚੜ੍ਹਾਵਾ ਚੜ੍ਹਦਾ ਹੈ। ਇਹਨਾਂ ਤੋਂ ਵੱਡਿਆਂ ਬਾਰੇ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਇਹਨਾਂ ਸਾਰਿਆਂ ਨੂੰ ਦਾਨ ਦੇਣ ਵਾਲੇ ਬਹੁਤੇ ਗਰੀਬ ਸਿੱਖ ਹਨ। ਉਹ ਇਹਨਾਂ ਨੂੰ ਸਿੱਖੀ ਦੇ ਹਿਤੈਸ਼ੀ ਸਮਝ ਕੇ ਪੰਥ (ਲੋਕਾਂ ਦੇ ਭਲ਼ੇ) ਲਈ ਦਾਨ ਦਿੰਦੇ ਹਨ। ਜ਼ਾਹਰ ਹੈ ਕਿ ਇਹ ਸਾਰਾ ਪੈਸਾ ਨਿੱਜੀ ਘਰ ਭਰਨ ਅਤੇ ਸਿੱਖੀ ਦਾ ਘਾਣ ਕਰਨ ਲਈ ਹੀ ਵਰਤਿਆ ਜਾਂਦਾ ਹੈ। ਧਰਮ ਦੇ ਮਖੌਟੇ ਪਾ ਕੇ ਚੱਲ ਰਹੇ ਨਿੱਜੀ ਵਪਾਰਕ ਅਦਾਰਿਆਂ ਦੀ ਨਾ ਤਾਂ ਕੋਈ ਪੁੱਛ-ਪੜਤਾਲ ਹੈ ਅਤੇ ਨਾ ਹੀ ਇਹਨਾਂ ਉੱਤੇ ਕੋਈ ਕਰ, ਚੁੰਗੀ ਆਦਿ ਹੈ। ਜੇ ਸਿਰਫ਼ ਇਹਨਾਂ ਦਾ ਹਿਸਾਬ-ਕਿਤਾਬ ਹੀ ਰੱਖਿਆ ਜਾਵੇ ਤਾਂ ਵੀ ਹਜ਼ਾਰਾਂ ਕ੍ਰੋੜ ਰੁਪਿਆ ਲੋਕ-ਭਲਾਈ ਵਾਸਤੇ ਹਰ ਸਾਲ ਪ੍ਰਾਪਤ ਹੋ ਸਕਦਾ ਹੈ। ਇਸੇ ਤੋਂ ਅੰਦਾਜ਼ਾ ਲੱਗ ਜਾਣਾ ਚਾਹੀਦਾ ਹੈ ਕਿ ਸਿੱਖੀ ਨੂੰ ਅਧਿਆਤਮਕ ਖੋਰਾ ਲਾਉਣ ਵਾਲੇ ਇਹ ਡੇਰੇ ਪੰਜਾਬ ਦੀ ਆਰਥਕਤਾ ਨੂੰ ਕਿੰਨੀ ਵੱਡੀ ਸੱਟ ਮਾਰ ਰਹੇ ਹਨ। ਜੇ ਅਸੀਂ ਜਾਗਰੂਕ ਹੋਈਏ ਤਾਂ, ਸਰਕਾਰੀ ਵਸੀਲੇ ਨਾ ਵਰਤ ਕੇ, ਕੇਵਲ ਭਾਈਬੰਦੀ ਰਾਹੀਂ ਹੀ ਇਸ ਜ਼ਰੀਏ ਤੋਂ ਪੰਜਾਬ ਨੂੰ ਸਵਿਟਜ਼ਰਲੈਂਡ ਬਣਾਉਣ ਜੋਗਾ ਧਨ ਹਰ ਸਾਲ ਕੱਢਿਆ ਜਾ ਸਕਦਾ ਹੈ। ਜੇ ਅਸੀਂ 'ਦਸਵੰਧ ਨਿਧੀ' ਕਾਇਮ ਕਰ ਕੇ, ਲੋਕ-ਭਲਾਈ ਕਾਰਜ ਕਰਨ ਦਾ ਤਹੱਈਆ ਕਰ ਲਈਏ ਤਾਂ ਵੀ ਡੇਰਾਵਾਦ ਦੇ ਸ਼ੋਸ਼ਣ ਤੋਂ ਨਜਾਤ ਪਾਈ ਜਾ ਸਕਦੀ ਹੈ। ਕੀ ਇਹ ਉਪਰਾਲਾ ਕੋਈ ਕਰੇਗਾ?

ਖ਼ਾਲਸਾ ਪੰਥ ਬਨਾਮ ਡੇਰਾਵਾਦ ਵਿੱਚ ਦਿੱਤੀ ਜਾਣਕਾਰੀ ਹਰ ਪੰਜਾਬੀ ਨੂੰ ਹੋਣੀ ਜ਼ਰੂਰੀ ਹੈ। ਜਦੋਂ ਵੀ ਯੁੱਗ-ਪਲਟੇ ਦਾ ਸਮਾਂ ਆਵੇਗਾ ਇਸ ਜਾਣਕਾਰੀ ਤੋਂ ਸਿੱਖੇ ਸਬਕ ਸਿੱਖ ਕੌਮ ਦੀ ਅਗਵਾਈ ਕਰਨਗੇ। ਡੇਰੇਦਾਰਾਂ ਵੱਲੋਂ ਕੌਮ ਦੇ ਗਲ਼ ਪਾਈ ਤੀਹਰੀ ਗ਼ੁਲਾਮੀ ਦੇ ਤੌਕ ਜਦੋਂ ਚੂਰ- ਚੂਰ ਹੋਣਗੇ ਅਤੇ ਸਿੱਖੀ ਨਵੀਂ ਨਿੱਖਰੀ ਸਵੇਰ ਵਿੱਚ ਤਰੋ-ਤਾਜ਼ਾ ਹੋ ਕੇ ਵਿਚਰੇਗੀ ਤਾਂ ਮਨੁੱਖੀ ਆਜ਼ਾਦੀ, ਬਰਾਬਰੀ ਅਤੇ ਕਲਿਆਣ ਦੀ ਗੁਰੂ ਵੱਲੋਂ ਜਗਾਈ ਸਦੀਵੀ ਜੋਤ ਹੋਰ ਬਲਵਾਨ ਹੋ ਕੇ ਮਨੁੱਖੀ ਤਰੱਕੀ ਦੇ ਅੱਖਰ ਉਠਾਉਣ ਵਿੱਚ ਸਚਿਆਰਾਂ ਦੀ ਮਦਦ ਕਰੇਗੀ। ਨਿਸ਼ਚੇ ਹੀ ਗੁਰੂ ਦਾ ਜੱਸ ਨਵਾਂ ਜੋਸ਼ ਫ਼ਿਜ਼ਾ ਵਿੱਚ ਭਰੇਗਾ ਅਤੇ ਮਨੁੱਖਤਾ ਨੁੰ ਸਮਝ ਪਵੇਗੀ ਅਕਾਲ ਰੂਪ ਗੁਰੂ ਦੇ ਅੰਤਮ ਬਚਨਾਂ ਦੀ ਜੋ ਸਿੱਖੀ ਦਾ ਸਾਰ ਹਨ: "ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਦਾ ਅਤੇ ਸਿੱਖ ਭਲ਼ਾ ਸਰਬੱਤ ਦਾ ਲੋਚੇ"।
ਗੁਰਤੇਜ ਸਿੰਘ
1 ਜੁਲਾਈ 2017

Wednesday, April 12, 2017

ਬਚਿਤ੍ਰ ਨਾਟਕ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ - ਜਰਮਨ ਘਟਨਾਕ੍ਰਮ (ਮਾਰਚ 25, 2017 - ਪੰਜਾਬੀ ਅਨੁਵਾਦ)

ਸੋਚਵਾਨ ਸਿੱਖ ਬਚਿਤ੍ਰ ਨਾਟਕ ਗ੍ਰੰਥ ਅਥਵਾ, ਮਗਰੋਂ ਰੱਖੇ ਨਾਂ ਅਨੁਸਾਰ, ਦਸਮ ਗ੍ਰੰਥ ਦੇ ਮੁੱਦੇ ਸਬੰਧੀ ਚਿਰੋਕਣੇ ਫ਼ਿਕਰਮੰਦ ਚੱਲੇ ਆ ਰਹੇ ਹਨ। ਜੇ ਏਸ ਵਿਵਾਦ ਦੀ ਗ਼ੈਰ-ਵਾਜਬ ਹੱਠ ਨਾਲ ਪੈਰਵੀ ਕੀਤੀ ਜਾਂਦੀ ਰਹੀ ਤਾਂ ਇਹ ਸਿੱਖ ਕੌਮ ਨੂੰ ਦੋਫ਼ਾੜ ਕਰਨ ਦੀ ਸਮਰੱਥਾ ਰੱਖਦਾ ਹੈ। ਜਿਹੜੇ ਏਸ ਨੂੰ ਇੱਕ ਜਾਅਲੀ ਗ੍ਰੰਥ ਅਤੇ ਫੁੱਟ ਪਾਉਣ ਦੀ ਮਨਸ਼ਾ ਤਹਿਤ ਖੜ੍ਹਾ ਕੀਤਾ ਗਿਆ ਗੁਰੂ ਦਾ ਸ਼ਰੀਕ ਸਮਝਦੇ ਹਨ, ਉਹ ਇਹ ਵੀ ਸਮਝਦੇ ਹਨ ਕਿ ਇਹ ਆਪਣੇ ਏਸ ਮਕਸਦ ਵਿੱਚ ਕੇਵਲ ਉਦੋਂ ਤਾਈਂ ਸਫ਼ਲ ਹੋ ਸਕਦਾ ਹੈ ਜਦੋਂ ਤੱਕ ਏਸ ਦਾ ਵਿਸ਼ਾ-ਵਸਤੂ, ਕ੍ਰਿਤਤਵ, ਉਤਪਤੀ ਅਤੇ ਉਦੇਸ਼ ਅਗਿਆਤ ਰਹਿੰਦੇ ਹਨ। ਉਹ ਇਹਨਾਂ ਪੱਖਾਂ ਬਾਰੇ ਵਿਆਪਕ ਪ੍ਰਸਾਰਣ ਵਾਲੀ ਵਿਚਾਰ-ਗੋਸ਼ਟੀ ਚਾਹੁੰਦੇ ਹਨ ਤਾਂ ਕਿ ਹਰ ਸਿੱਖ ਆਪੋ-ਆਪਣਾ ਫ਼ੈਸਲਾ ਲੈ ਸਕੇ। ਜਿਹੜੇ ਏਸ ਨੂੰ ਲਾਸਾਨੀ ਦਸਮ ਗੁਰੂ ਵੱਲੋਂ ਲਿਖਿਆ ਹੋਣ ਵਿੱਚ ਸੱਚਮੁੱਚ ਵਿਸ਼ਵਾਸ ਰੱਖਦੇ ਹਨ ਉਹ ਏਸ ਦੀ ਪ੍ਰਮਾਣਿਕਤਾ ਸਵਿਕਾਰਨ ਵਾਲਿਆਂ ਦੇ ਆਪਸੀ ਦਾਇਰੇ ਵਿੱਚ ਚਰਚਾ ਤੋਂ ਸਿਵਾਏ ਹੋਰ ਕਿਧਰੇ ਵੀ ਅਜਿਹੀ ਬਹਿਸ ਨਹੀਂ ਚਾਹੁੰਦੇ।

ਜਰਮਨੀ ਦੇ ਕੁਝ ਫ਼ਿਕਰਮੰਦ ਸਿੱਖਾਂ, ਜਿਨ੍ਹਾਂ ਵਿੱਚ ਨਿਰਮਲ ਸਿੰਘ ਹੰਸਪਾਲ, ਰਣਜੀਤ ਸਿੰਘ, ਮਲਕੀਤ ਸਿੰਘ ਜੋਸਨ ਅਤੇ ਗੁਰਦੀਪ ਸਿੰਘ ਪਰਦੇਸੀ ਸ਼ਾਮਲ ਹਨ, ਨੇ ਵਿਚਾਰ-ਗੋਸ਼ਟੀ ਲਈ ਸਹਿਯੋਗ ਦੇਣ ਅਤੇ ਇਸ ਦੀ ਮੇਜ਼ਬਾਨੀ ਕਰਨ ਦਾ ਫ਼ੈਸਲਾ ਕੀਤਾ। ਉਹਨਾਂ ਇੰਗਲੈਂਡ ਦੇ ਸਿੰਘਨਾਦ ਰੇਡੀਉ ਨੂੰ ਏਸ ਸਬੱਬ ਦੀ ਵਿਆਪਕ ਮਸ਼ਹੂਰੀ ਕਰਨ ਦਾ ਸੱਦਾ ਦਿੱਤਾ। ਏਸ ਬਹਿਸ-ਮੁਬਾਹਸੇ ਦੀ ਰਿਕਾਰਡਿੰਗ ਅਤੇ ਏਸ ਦੇ ਸਿੱਧੇ ਪ੍ਰਸਾਰਣ ਦਾ ਪ੍ਰਬੰਧ ਕੀਤਾ ਗਿਆ। ਉਹਨਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਹਿਸ ਲਈ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਦੀ ਟੀਮ ਭੇਜਣ ਦੀ ਬੇਨਤੀ ਕੀਤੀ। ਕਮੇਟੀ ਨੇ ਪ੍ਰਿੰਸੀਪਲ ਵਰਿਆਮ ਸਿੰਘ, ਪ੍ਰੋਫ਼ੈਸਰ ਅਮਰਜੀਤ ਸਿੰਘ, ਡੌਕਟਰ ਇੰਦਰਜੀਤ ਸਿੰਘ ਗੋਗੋਆਣੀ ਅਤੇ ਦੋ ਹੋਰਨਾਂ ਦੀ ਸ਼ਮੂਲੀਅਤ ਵਾਲਾ ਵਫ਼ਦ ਏਸ ਸ਼ਰਤ 'ਤੇ ਨਿਯੁਕਤ ਕੀਤਾ ਕਿ ਦੂਸਰੀ ਧਿਰ ਵੱਲੋਂ ਪ੍ਰੋਫ਼ੈਸਰ ਦਰਸ਼ਨ ਸਿੰਘ ਵੀ ਹਿੱਸਾ ਲੈਣਗੇ। ਇਹ ਬੜਾ ਅਣਸੁਖਾਵਾਂ ਅਤੇ ਅਸ਼ੋਭਨੀਕ ਸੀ ਕਿਉਂਕਿ ਦਰਸ਼ਨ ਸਿੰਘ ਇੱਕ ਮਸਰੂਫ਼ ਆਦਮੀ ਹਨ ਅਤੇ ਕਿਉਂਕਿ ਵਿਵਾਦ ਵਿਚਲੀ ਇੱਕ ਧਿਰ ਇਹ ਸ਼ਰਤ ਨਹੀਂ ਠੋਸ ਸਕਦੀ ਕਿ ਉਸ ਦੀ ਵਿਰੋਧੀ ਧਿਰ ਦੀ ਨੁਮਾਇੰਦਗੀ ਕੌਣ ਕਰੇ। ਏਸ ਨੂੰ ਮੰਨ ਲਿਆ ਗਿਆ ਅਤੇ ਬੜੀ ਮੁਸ਼ਕਿਲ ਨਾਲ ਏਸ ਦਾ ਬੰਦੋਬਸਤ ਹੋ ਸਕਿਆ। ਦਸਮ ਗ੍ਰੰਥ ਨੂੰ ਗੁਰੂ-ਕ੍ਰਿਤ ਮੰਨਣੋਂ ਇਨਕਾਰੀ ਧਿਰ ਦੀ ਨੁਮਾਇੰਦਗੀ ਲਈ ਪੰਜਾਬ 'ਚੋਂ ਨਿਯੁਕਤ ਕੀਤੇ ਪੰਜ ਜਣਿਆਂ 'ਚੋਂ ਕੇਵਲ ਤਿੰਨ - ਪ੍ਰੋਫ਼ੈਸਰ ਗੁਰਦਰਸ਼ਨ ਸਿੰਘ, ਸਰਦਾਰ ਦਲਬੀਰ ਸਿੰਘ ਅਤੇ ਗੁਰਤੇਜ ਸਿੰਘ - ਹੀ ਜਰਮਨੀ ਪਹੁੰਚਣ 'ਚ ਕਾਮਯਾਬ ਹੋ ਸਕੇ। ਸ਼੍ਰੋਮਣੀ ਕਮੇਟੀ ਵਫ਼ਦ 3 ਮਾਰਚ 2017 ਨੂੰ ਪੁੱਜ ਗਿਆ ਸੀ, ਦੂਸਰੇ 6 ਮਾਰਚ ਨੂੰ ਪਹੁੰਚੇ। ਦਰਸ਼ਨ ਸਿੰਘ 8 ਮਾਰਚ ਨੂੰ ਬਾਅਦ ਦੁਪਹਿਰ ਉਹਨਾਂ ਨਾਲ ਰਲ਼ੇ।

ਬਹਿਸ ਲਈ ਮਿਥੇ ਦਿਨ ਤੋਂ ਇੱਕ ਦਿਨ ਪਹਿਲਾਂ, 7 ਮਾਰਚ ਨੂੰ, ਦੋਵੇਂ ਵਫ਼ਦ ਹੰਸਪਾਲ ਦੇ ਨਿਵਾਸ, ਜਿੱਥੇ ਸ਼੍ਰੋਮਣੀ ਕਮੇਟੀ ਦੇ ਵਿਦਵਾਨ ਠਹਿਰੇ ਹੋਏ ਸਨ, 'ਤੇ ਦੁਪਹਿਰ ਦੇ ਖਾਣੇ ਲਈ ਇੱਕਠੇ ਹੋਏ। ਜਦੋਂ ਗੁਰਦਰਸ਼ਨ ਸਿੰਘ ਤੇ ਗੁਰਤੇਜ ਸਿੰਘ ਪੁੱਜੇ, ਦਲਬੀਰ ਸਿੰਘ ਤੇ ਹਰਜਿੰਦਰ ਸਿੰਘ ਦਿਲਗੀਰ ਦੀ ਪਹਿਲਾਂ ਹੀ ਬਹਿਸ ਚੱਲ ਰਹੀ ਸੀ। ਨਵੇਂ ਪੁੱਜੇ ਦੋਵੇਂ ਜਣੇ ਵੀ ਏਸ ਵਿੱਚ ਸ਼ਾਮਲ ਹੋ ਗਏ। ਬਹਿਸ ਇੱਕ ਅਜਿਹੇ ਪੜਾਅ 'ਤੇ ਪੁੱਜ ਗਈ ਜਿੱਥੇ ਸ਼੍ਰੋਮਣੀ ਕਮੇਟੀ ਵਿਦਵਾਨ ਬਾਕੀ ਸਾਰੀ ਪੁਸਤਕ ਨੂੰ ਤਿਲਾਂਜਲੀ ਦੇਣ ਦੇ ਇਰਾਦੇ ਤਹਿਤ ਕੇਵਲ 'ਅੰਮ੍ਰਿਤ ਬਾਣੀਆਂ' ਦੀ ਹੋਣੀ ਪ੍ਰਤੀ ਚਿੰਤਾਤੁਰ ਦਿਖਾਈ ਦਿੱਤੇ। ਦੂਸਰੀ ਧਿਰ ਨੇ ਏਸ ਤੱਥ ਵੱਲ ਇਸ਼ਾਰਾ ਕਰਦਿਆਂ ਬਹਿਸ ਨੂੰ ਹੋਰ ਸੀਮਤ ਕਰਨ ਦਾ ਯਤਨ ਕੀਤਾ ਕਿ ਬਹੁਤ ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੇ ਅਹਿਮ ਅਧਿਕਾਰੀਆਂ ਨੇ ਏਸ ਪੁਸਤਕ ਦੇ ਚਰਿਤ੍ਰੋ ਪਾਖਿਆਨ ਅਧਿਆਇ ਸਬੰਧੀ ਬੜੀ ਸੋਚੀ-ਵਿਚਾਰੀ ਰਾਇ ਦਿੱਤੀ ਸੀ। ਉਹਨਾਂ ਨਿਰਣਾ ਦਿੱਤਾ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨਹੀਂ ਹੈ। ਪੰਜਾਬੀ ਯੂਨੀਵਰਸਿਟੀ ਨੇ ਵੀ ਪੰਜ ਸਤਿਕਾਰਯੋਗ ਵਿਦਵਾਨਾਂ (ਡੌਕਟਰ ਤਾਰਨ ਸਿੰਘ, ਡੌਕਟਰ ਪ੍ਰੇਮ ਪ੍ਰਕਾਸ਼ ਸਿੰਘ, ਪ੍ਰੋਫ਼ੈਸਰ ਗੁਲਵੰਤ ਸਿੰਘ, ਡੌਕਟਰ ਜੀਤ ਸਿੰਘ ਸੀਤਲ ਅਤੇ ਭਾਈ ਰਣਧੀਰ ਸਿੰਘ) ਦੇ ਮਾਰਗ-ਦਰਸ਼ਨ ਅਨੁਸਾਰ ਚਰਿਤ੍ਰੋ ਪਾਖਿਆਨ ਦੇ 900 ਪੰਨੇ ਕੱਢ ਕੇ ਅਖੌਤੀ ਦਸਮ ਗ੍ਰੰਥ ਪ੍ਰਕਾਸ਼ਿਤ ਕੀਤਾ ਸੀ। ਦੂਸਰੀ ਧਿਰ ਨੇ ਆਪਣੀ ਹੀ ਸੰਸਥਾ ਜਾਂ ਯੂਨੀਵਰਸਿਟੀ ਵਾਲਿਆਂ ਦੀ ਰਾਇ ਅਪਣਾਉਣ ਤੋਂ ਇਨਕਾਰ ਕਰ ਦਿੱਤਾ। ਤਿੰਨੇ ਵਿਦਵਾਨਾਂ ਨੇ ਏਸੇ ਨੁਕਤੇ 'ਤੇ ਜ਼ੋਰ ਦਿੱਤਾ ਕਿ ਇਹ ਇੱਕ ਕਮੇਟੀ ਦੇ ਮਹਿਜ਼ ਇੱਕ ਡਿਪਟੀ ਸੈਕਟਰੀ ਵੱਲੋਂ ਲਿਖੀ ਹੋਈ ਚਿੱਠੀ ਹੈ ਅਤੇ ਗੁਰਤੇਜ ਸਿੰਘ ਨੂੰ ਨਸੀਹਤ ਦਿੱਤੀ ਕਿ ਉਹ ਏਸ 'ਤੇ ਅੜੀ ਨਾ ਕਰੇ ਕਿਉਂਕਿ ਅਜਿਹਾ ਕੀਤਿਆਂ ਓਸ ਦੀ ਛਵੀ ਖਰਾਬ ਹੋਏਗੀ। ਇਹ ਸਰਾਸਰ ਗ਼ਲਤ ਸੀ ਪਰ ਖ਼ਾਮੋਸ਼ੀਪੂਰਵਕ ਮੰਨ ਲਿਆ ਗਿਆ ਕਿਉਂਕਿ ਕਿਸੇ ਵੀ ਤਲਖ਼ਕਲਾਮੀ ਨੂੰ ਮੌਕਾ ਦੇਣਾ ਵਾਜਬ ਨਹੀਂ ਸੀ।

ਫ਼ਿਰ ਗੁਰਤੇਜ ਸਿੰਘ ਨੇ, ਮੌਕੇ ਦੀ ਨਜ਼ਾਕਤ ਨੂੰ ਭਾਂਪਦਿਆਂ, ਸੁਝਾਅ ਦਿੱਤਾ ਕਿ ਦੋਵੇਂ ਧਿਰਾਂ 'ਅੰਮ੍ਰਿਤ ਬਾਣੀਆਂ' ਦੇ ਮੁੱਦੇ 'ਤੇ ਅਸਹਿਮਤ ਰਹਿਣ ਲਈ ਸਹਿਮਤ ਹੋ ਸਕਦੀਆਂ ਹਨ। ਜਨਤਕ ਸੰਵਾਦ ਵਿੱਚੋਂ ਕੁੜੱਤਣ ਖ਼ਤਮ ਕਰਨ ਲਈ ਦੋਵੇਂ ਧਿਰਾਂ 'ਅੰਮ੍ਰਿਤ ਬਾਣੀਆਂ' ਦੇ ਵਿਸ਼ੇ 'ਤੇ ਆਪਣੇ ਐਲਾਨੀਆ ਵਿਚਾਰਾਂ ਦੀ ਪੈਰਵੀ ਤੇ ਪ੍ਰਚਾਰ ਜਾਰੀ ਰੱਖਣ ਅਤੇ ਇਹਨਾਂ ਦੇ ਪੱਖ ਤੇ ਵਿਰੋਧ ਵਿੱਚ ਸ਼ਾਇਸਤਾ ਸੰਵਾਦ ਦੀ ਰੀਤ ਅਨੁਸਾਰ ਆਪੋ-ਆਪਣੀਆਂ ਦਲੀਲਾਂ ਦਾਗ਼ਦੇ ਰਹਿਣ ਜਦੋਂ ਕਿ ਇਹਨਾਂ ਸਬੰਧੀ ਫ਼ੈਸਲੇ ਦੀ ਚੋਣ ਸਿੱਖਾਂ 'ਤੇ ਵਿਅਕਤੀਗਤ ਤੌਰ 'ਤੇ ਛੱਡ ਦਿੱਤੀ ਜਾਵੇ। ਏਸ ਦਾ ਮਤਲਬ ਇਹ ਹੋਵੇਗਾ ਕਿ ਆਖ਼ਰਕਾਰ ਦੋਵੇਂ ਧਿਰਾਂ ਇੱਕ-ਦੂਜੇ ਨੂੰ 'ਬੇਗਾਨਾ' ਸਮਝੇ ਬਿਨਾ ਆਪਣੇ-ਆਪਣੇ ਵਿਚਾਰ ਦੀ ਪੈਰਵੀ ਕਰਨਗੀਆਂ। ਇਹ ਉਹਨਾਂ ਕੁਝ ਲੋਕਾਂ ਲਈ ਇੱਕ ਸੁਪਨਾ ਸਾਕਾਰ ਹੋਣ ਦੇ ਤੁਲ ਸੀ ਜਿਹੜੇ ਪਾਹੁਲ ਨੂੰ ਇੱਕ ਕਰਮ-ਕਾਂਡ ਨਹੀਂ ਬਲਕਿ ਇੱਕ ਵਚਨਬੱਧਤਾ ਮੰਨਦੇ ਹਨ ਜਿਸ ਦੀ ਕਾਰਗਰਤਾ ਏਸ 'ਤੇ ਮੁਨੱਸਰ ਨਹੀਂ ਕਿ ਇਸ ਨੂੰ ਛਕਾਉਣ ਸਮੇਂ ਕੀ ਉਚਾਰਿਆ ਗਿਆ। ਉਹਨਾਂ ਕੋਲ ਆਪਣੀ ਹਿਮਾਇਤ ਲਈ ਇਤਿਹਾਸ ਮੌਜੂਦ ਸੀ। ਬਾਕੀ ਦੇ ਉਹ ਸਾਰੇ, ਜਿਹੜੇ ਏਸ ਸਮੁੱਚੇ ਗ੍ਰੰਥ ਨੂੰ ਰੂਹਾਨੀ ਗਿਆਨ-ਦਾਤਾ ਮੰਨਦੇ ਸਨ, ਆਪਣੇ ਜ਼ੋਖ਼ਮ 'ਤੇ ਏਸ ਨੂੰ ਪੜ੍ਹਨਾ ਜਾਰੀ ਰੱਖ ਸਕਦੇ ਸਨ।

ਸ਼੍ਰੋਮਣੀ ਕਮੇਟੀ ਦੇ ਤਿੰਨੇਂ ਵਿਦਵਾਨ ਏਸ ਤਜਵੀਜ਼ ਨਾਲ ਤੁਰੰਤ ਸਹਿਮਤ ਹੋ ਗਏ। ਗੁਰਤੇਜ ਸਿੰਘ ਨੂੰ ਸੁਖਦਾਇਕ ਹੈਰਾਨੀ ਹੋਈ ਭਾਵੇਂ ਕਿ ਉਹ ਸਿੱਖਾਂ ਦੀ ਤਕਦੀਰ ਪ੍ਰਤੀ ਚਿੰਤਾਤੁਰ ਸਭ ਸੰਜੀਦਾ ਵਿਦਵਾਨਾਂ ਤੋਂ ਅਜਿਹੀ ਤਵੱਕੋਂ ਰੱਖਦਾ ਹੈ। ਉਸ ਨੇ ਆਪਣੇ ਸੁਝਾਅ ਨੂੰ ਮੁੜ-ਮੁੜ ਵੱਖੋ-ਵੱਖ ਸ਼ਬਦਾਂ ਦੇ ਵਾਕੰਸ਼ਾਂ ਰਾਹੀਂ ਤਿੰਨ ਵਾਰ ਸੁਣਾਇਆ ਤਾਂ ਕਿ ਇਹ ਯਕੀਨੀ ਬਣੇ ਕਿ ਕੁਝ ਵੀ ਅਸਪਸ਼ਟ ਨਾ ਰਹੇ। ਤਿੰਨੇਂ ਵਿਦਵਾਨਾਂ ਨੇ ਹਰ ਵਾਰ ਸੁਤੰਤਰਤਾ ਪੂਰਵਕ ਸਹਿਮਤੀ ਪ੍ਰਗਟਾਈ। ਉਹ ਤਾਂ ਸਗੋਂ ਗੁਰਦਰਸ਼ਨ ਸਿੰਘ ਅਤੇ ਦਲਬੀਰ ਸਿੰਘ ਨੂੰ ਇਹ ਪੁੱਛਣ ਦੀ ਹੱਦ ਤੱਕ ਚਲੇ ਗਏ ਕਿ ਕੀ ਉਹ ਦੋਵੇਂ ਏਸ ਤਜਵੀਜ਼ ਨਾਲ ਮੁਤਫਿਕ ਹਨ। ਇਹ ਬੜੀ ਵੱਡੀ ਗੱਲ ਸੀ ਅਤੇ ਅੱਧਿਓਂ ਬਹੁਤਾ ਕੰਮ ਨੇਪਰੇ ਚੜ੍ਹ ਗਿਆ ਸੀ। ਜੇ ਸ਼੍ਰੋਮਣੀ ਕਮੇਟੀ ਦੇ ਵਿਦਵਾਨ ਡੂੰਘੀ ਸੋਚ-ਵਿਚਾਰ 'ਚੋਂ ਉਪਜੀ ਆਪਣੀ ਰਾਇ 'ਤੇ ਡਟੇ ਰਹਿੰਦੇ ਤਾਂ ਉਹ ਸਮੁੱਚੀ ਸਿੱਖ ਕੌਮ ਦੀ ਵਾਹ-ਵਾਹ ਖੱਟ ਸਕਦੇ ਸਨ। ਉਹ ਏਸ ਚਿਰਕਾਲੀ ਤਿੱਖੇ ਵਿਵਾਦ ਨੂੰ ਇੱਕ ਅਸਲੋਂ ਨਵਾਂ ਅਤੇ ਅਤਿ ਸੁਖਾਵਾਂ ਮੋੜ ਦੇਣ ਵਿੱਚ ਯੋਗਦਾਨ ਪਾ ਸਕਦੇ ਸਨ।

ਦੁਪਹਿਰ ਦੇ ਖਾਣੇ ਤੋਂ ਬਾਅਦ ਦੀ ਵਿਚਾਰ-ਗੋਸ਼ਟੀ ਅਤੇ 7 ਮਾਰਚ ਦੀ ਦੇਰ-ਸ਼ਾਮ ਵਿਚਾਲੇ ਕੁਝ ਵਾਪਰਿਆ ਜਿਸ ਦੀ ਹੋਰ ਕਿਸੇ ਨੂੰ ਕੋਈ ਸਪਸ਼ਟ ਜਾਣਕਾਰੀ ਨਹੀਂ ਹੈ। ਜੋ ਪਤਾ ਹੈ ਉਹ ਕੇਵਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਵਿਦਵਾਨਾਂ ਨੇ ਅਗਲੇ ਦਿਨ ਕਰਵਾਈ ਜਾਣ ਵਾਲੀ ਬਹਿਸ ਵਿੱਚ ਹਿੱਸਾ ਨਾ ਲੈਣ ਦੇ ਆਪਣੇ ਫ਼ੈਸਲੇ ਦਾ ਐਲਾਨ ਕਰਨ ਤੋਂ ਪਹਿਲਾਂ ਹਿੰਦੁਸਤਾਨ ਅਤੇ ਵਿਦੇਸ਼ਾਂ ਵਿੱਚ ਆਪਣੇ ਮਿੱਤਰਾਂ ਨੂੰ ਅਨੇਕਾਂ ਫ਼ੋਨ ਕੀਤੇ। ਉਹਨਾਂ ਜਿਹੜੇ ਕਾਰਣ ਦੱਸੇ ਉਹ ਚਾਰ ਦਿਨਾਂ ਮਗਰੋਂ ਚੋਖੇ ਮਸ਼ਹੂਰ ਕੈਨੇਡੀਅਨ ਸਿੱਖ ਰੇਡੀਓ 'ਤੇ ਹੋਈ ਇੱਕ ਆਹਮੋ-ਸਾਹਮਣੀ ਬਹਿਸ ਦੌਰਾਨ ਨਿਆਂਸੰਗਤ ਨਹੀਂ ਜਾਪੇ।

ਜਰਮਨੀ ਵਿਚਲੇ ਬਿਰਤਾਂਤ ਬਾਰੇ ਬਾਕੀ ਸਭ ਕੁਝ ਦੀ ਤਾਂ ਸਭ ਨੂੰ ਭਲੀ-ਭਾਂਤ ਜਾਣਕਾਰੀ ਹੈ ਪਰ ਉਪਰੋਕਤ ਪਹਿਲੂ ਲੋਕ-ਨਜ਼ਰਾਂ ਤੋਂ ਲੁਕਿਆ ਰਹਿ ਜਾਣਾ ਸੀ ਜੇਕਰ ਮੈਨੂੰ ਵਿਸ਼ੇਸ਼ ਤੌਰ 'ਤੇ ਏਸ ਵਿਸ਼ੇ 'ਤੇ ਲਿਖਣ ਲਈ sikhnewsexpress.com ਵਾਲੇ ਜਸਨੀਤ ਸਿੰਘ ਵੱਲੋਂ ਨਾ ਕਿਹਾ ਜਾਂਦਾ। ਅਖ਼ੀਰ ਸੌ ਹੱਥ ਰੱਸਾ ਸਿਰੇ 'ਤੇ ਗੰਢ ਵਜੋਂ ਮੈਂ ਇਹੋ ਕਹਿੰਦਾ ਹਾਂ ਕਿ ਅਸੀਂ ਸਾਰਿਆਂ ਨੇ ਅਤਿਅੰਤ ਸੰਤਾਪ-ਗ੍ਰਸਤ ਸਿੱਖਾਂ ਨੂੰ ਕੁਝ ਕੁ ਰਾਹਤ ਪਹੁੰਚਾਉਣ ਦਾ ਇੱਕ ਸ਼ਾਨਦਾਰ ਮੌਕਾ ਗੁਆ ਦਿੱਤਾ ਹੈ।

(ਹਰਭਜਨ ਸਿੰਘ ਦੇਹਰਾਦੂਨ ਦੇ ਪ੍ਰਤੀਕਰਮ ਦਾ ਪ੍ਰਤੀਕਰਮ) ਸਾਕਤ ਕੂੜ ਕਪਟ ਮਹਿ ਟੇਕਾ॥ ਅਹਿਨਿਸਿ ਨਿੰਦਾ ਕਰਹਿ ਅਨੇਕਾ॥ (ਮ:੧, ਗੁ.ਗ੍ਰ. 1030)

ਹਰਭਜਨ ਸਿੰਘ ਦੇਹਰਾਦੂਨ (ਹ.ਸ.ਦ.) ਦਾ ਇੱਕ, ਪੰਜਾਬੀ ਟਰੱਕਾਂ ਵਾਂਗ ਸ਼ਬਦਾਂ ਨਾਲ 'ਓਵਰਲੋਡ' ਲੇਖ ਪੜ੍ਹਿਆ। ਜੋ ਕੁਝ ਓਸ ਨੇ, ਮੇਰੀ ਫ਼ੇਸਬੁੱਕ ਉੱਤੇ ਪਾਏ ਲੇਖ ਬਾਰੇ ਲਿਖਿਆ ਕੇਵਲ ਚਾਰ ਪੈਰਿਆਂ ਵਿਚ, ਸੱਭਿਅਕ ਸਾਰ ਵਾਲੀ ਭਾਸ਼ਾ ਵਿਚ ਵੀ ਆਖਿਆ ਜਾ ਸਕਦਾ ਸੀ - ਮੇਰੀ ਭੰਡੀ ਕਰਨ ਵਾਲੇ ਦੋ ਪੈਰੇ ਜ਼ਰੂਰ ਵੱਡੇ ਹੋ ਜਾਣੇ ਸਨ। ਹ.ਸ.ਦ. ਕੋਲ ਗੁਆਰੇ ਦੇ ਦਾਣੇ ਤਾਂ ਥੋੜ੍ਹੇ ਸਨ ਪਰ ਕਣਕ ਦਾ ਭੁਲੇਖਾ ਪਾ ਕੇ ਓਸ ਨੇ, ਸ਼ਬਦਾਂ ਦਾ ਆਸਰਾ ਲੈ ਕੇ, ਵੱਡਾ ਬੋਹਲ ਉਸਾਰ ਦਿੱਤਾ। ਕਮਾਲ ਇਹ ਕਿ ਜੋ ਮੈਂ ਕਿਹਾ ਸੀ ਓਸ ਨੂੰ ਕਿਸੇ ਮਦਾਰੀ ਦਾ ਝੁਰਲੂ ਫੇਰ ਕੇ ਗਾਇਬ ਕਰ ਦਿੱਤਾ।

ਜਿਵੇਂ ਕਿ ਸਿਰਲੇਖ ਤੋਂ ਸਾਫ਼ ਸੀ, ਮੈਂ ਇਹ ਲੇਖ 'ਬਚਿਤ੍ਰ ਨਾਟਕ ਗ੍ਰੰਥ' (ਹ.ਸ.ਦ. ਲਈ ਦਸਮ ਗ੍ਰੰਥ) ਨੂੰ ਗੁਰੂ-ਕ੍ਰਿਤ ਮੰਨਣ ਵਿਰੁੱਧ ਲਿਖਿਆ ਸੀ; ਅੰਤ ਵੀ ਏਸ ਦੀ ਪ੍ਰੋੜ੍ਹਤਾ ਵਿਚ ਹੁੰਦਾ ਹੈ। ਏਸ ਬਾਰੇ ਹ.ਸ.ਦ. ਕੋਲੋਂ ਚੰਦ ਲਫ਼ਜ਼ ਹੀ ਸਰੇ: "ਮੇਰੇ ਵਰਗੇ ਵਿਸ਼ਵਾਸੀਆਂ ਵਾਸਤੇ ਹਰ ਯੁਕਤੀ ਨਾਲ ਸ੍ਰੀ ਦਸਮ ਗ੍ਰੰਥ ਸਾਡੇ ਗੁਰੂ ਜੀ ਦੀ ਰਚਨਾ ਹੈ।" ਓਸ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪੜ੍ਹਨ-ਲਿਖਣ ਦੀ ਸਦੀਆਂ ਪੁਰਾਣੀ ਰੀਤ ਵਿਚ ਇਹ ਅਲਫ਼ਾਜ਼ ਹਰ ਸਦੀ ਵਿਚ ਉਜੱਡ ਅਤੇ ਦੰਭੀ ਗਿਣੇ ਗਏ ਹਨ। ਜੇ ਕਿਸੇ ਦਾ ਵਿਸ਼ਵਾਸ ਹੈ ਕਿ ਚੰਦ ਉੱਤੇ ਬੈਠ ਕੇ ਬੁੱਢੀ ਚਰਖਾ ਕੱਤ ਰਹੀ ਹੈ ਜਾਂ ਪ੍ਰਿਥਵੀ ਰਾਜ ਰਾਸੋ ਡੌਕਟਰ ਤਾਰਨ ਸਿੰਘ ਨੇ ਲਿਖਿਆ ਸੀ ਤਾਂ ਓਸ ਦੀ ਇਸ ਸਮਝ ਦਾ ਧੇਲਾ ਮੁੱਲ ਨਹੀਂ ਪੈਂਦਾ। ਜੇ ਕੋਈ ਉਪਰੋਕਤ ਕਿਤਾਬ ਨੂੰ ਗੁਰੂ-ਕ੍ਰਿਤ ਜਾਣਦਾ ਹੈ ਤਾਂ ਓਸ ਲਈ, ਸੱਭਿਅਕ ਬੋਲੀ ਵਿਚ ਸਾਰਥਕ ਪ੍ਰਮਾਣ ਪੇਸ਼ ਕਰਨ ਦੀ ਲੋੜ ਹੈ। ਉਹ ਆਪਣੇ ਸ਼ੌਕ ਅਤੇ ਮਨੋ-ਬਿਰਤੀ ਅਨੁਸਾਰ ਜੋ ਮਰਜ਼ੀ ਪੜ੍ਹੇ ਪਰ ਓਸ ਨੂੰ ਲੋਕਾਂ ਉੱਤੇ ਆਪਣੇ ਵਿਚਾਰ ਥੋਪਣ ਦੀ ਚੇਸ਼ਟਾ ਨੂੰ ਅਕਾਦਮਿਕ ਜ਼ਮਾਨਾ ਮਾਨਤਾ ਨਹੀਂ ਦਿੰਦਾ। ਗੁਰੂ-ਕ੍ਰਿਤ ਹੋਣ ਸਬੰਧੀ ਓਸ ਦੇ ਵਿਚਾਰਾਂ ਉੱਤੇ ਓਹੀ ਆਦਮੀ ਯਕੀਨ ਲਿਆ ਸਕਦਾ ਹੈ ਜੋ ਓਸ ਨੂੰ ਪੈਗੰਬਰ ਸਮਝਦਾ ਹੋਵੇ ਵਰਨਾ ਲੋਕਾਂ ਉੱਤੇ ਤਰਸ ਕਰਨਾ ਬਣਦਾ ਹੈ। ਅੱਜ-ਕੱਲ੍ਹ ਤਾਂ ਜਾਨਵਰਾਂ ਪ੍ਰਤੀ ਵੀ ਦਇਆ ਰਹਿਤ ਵਰਤਾਰਾ ਗ਼ੈਰ-ਕਾਨੂੰਨੀ ਹੈ।

ਸਿਰਦਾਰ ਕਪੂਰ ਸਿੰਘ ਨੂੰ ਮੈਂ ਸਮੁੱਚੇ ਸਿੱਖ ਇਤਿਹਾਸ ਦੇ ਪੰਜ ਪਿਆਰਿਆਂ ਵਿਚ ਜਾਣਦਾ ਹਾਂ। ਆਪਣੇ ਬਾਰੇ ਮੇਰੀ ਧਾਰਨਾ ਹੈ ਕਿ ਵੱਡਾ ਯਤਨ ਕਰ ਕੇ ਵੀ ਮੇਰਾ ਕੱਦ ਓਸ ਦੇ ਗਿੱਟੇ-ਗੋਡੇ ਹੀ ਅੱਪੜਦਾ ਹੈ। ਸਿਰਦਾਰ ਅੱਜ ਵੀ ਮੇਰਾ ਸਿਰਦਾਰ (ਆਗੂ) ਹੈ। ਓਸ ਦਾ ਹਰ ਸਤਿਕਾਰ ਮੇਰੇ ਲਈ ਆਪਣਾ ਮਾਣ ਹੈ। ਪਰ ਸਿਰਦਾਰ ਨੂੰ ਗੁਰੂ ਸਮਝਣਾ ਸਿੱਖ ਦਾ ਧਰਮ ਨਹੀਂ। ਇਹ ਸਭ ਮੈਂ ਆਖ, ਲਿਖ ਚੁੱਕਾ ਹਾਂ। ਹੁਣ ਮੇਰਾ 'ਵਿਸ਼ਵਾਸ' ਹੈ ਕਿ ਜੇ ਮੈਂ ਹ.ਸ.ਦ. ਦੇ ਮੋਢਿਆਂ ਉੱਤੇ ਖੜ੍ਹ ਕੇ ਵੀ ਕੋਸ਼ਿਸ਼ ਕਰਾਂ ਤਾਂ ਮੇਰਾ ਕੱਦ ਹੋਰ ਵੀ ਘਟ ਜਾਵੇਗਾ ਕਿਉਂਕਿ ਹ.ਸ.ਦ. ਤਾਂ ਮੁਕੰਮਲ ਤੌਰ ਉੱਤੇ ਧਰਤੀ-ਦੋਜ਼ ਹੋ ਵਿਚਰਦਾ ਹੈ। ਪਰੰਪਰਾ ਦੀ ਰਟ ਬੇ-ਮਾਅਨੇ ਹੈ ਕਿਉਂਕਿ ਪਰੰਪਰਾ ਦਾ ਪਹਾੜ ਸਿਧਾਂਤ ਦੀ ਇਕ ਰੱਤੀ ਬਰਾਬਰ ਨਹੀਂ ਤੁਲ ਸਕਦਾ।

ਹ.ਸ.ਦ. ਮੈਨੂੰ ਸ਼ਾਕਤ ਫ਼ਲਸਫ਼ਾ ਨਾ ਸਮਝਣ ਦੇ ਮਿਹਣੇ ਮਾਰਦਾ ਹੈ। ਜੇ ਮੇਰਾ ਮਕਸਦ ਫ਼ਲਸਫ਼ੇ ਦੀ ਵਿਆਖਿਆ ਹੁੰਦਾ ਤਾਂ ਗੂਗਲ ਉੱਤੇ ਚਾਰ ਉਂਗਲਾਂ ਮਾਰ ਕੇ ਜਾਂ ਚਾਰ ਕਿਤਾਬਾਂ ਪੜ੍ਹ ਕੇ ਹ.ਸ.ਦ. ਵਾਂਗ ਹੀ ਲਿਖ ਦਿੰਦਾ। ਮੈਂ ਤਾਂ ਸ਼ਾਕਤ ਮੱਤ ਦੀ ਉਤਪਤੀ ਅਤੇ ਵਿਕਾਸ ਬਾਰੇ ਸੰਖੇਪ ਪ੍ਰਚਲਤ ਵਿਚਾਰ ਦੱਸੇ ਸਨ ਤਾਂ ਕਿ ਗੁਰਬਾਣੀ ਵਿੱਚ ਸਭ ਤੋਂ ਨਖਿੱਧ ਸਮਝੀਆਂ ਜਾਂਦੀਆਂ ਸਾਕਤ ਲਿਖਤਾਂ ਨੂੰ ਮੇਰੇ ਗੁਰਭਾਈ ਪਛਾਣ ਸਕਣ। ਏਧਰਲੇ ਪਾਸੇ ਏਸ ਕਰਮ ਨੂੰ ਸੇਵਾ ਸਮਝਿਆ ਜਾਂਦਾ ਹੈ।

ਮੁਰਦੇ ਖਾਣ, ਗਲਿਆ-ਸੜਿਆ ਮਾਸ ਅਤੇ ਮਲ-ਮੂਤਰ ਸੇਵਨ ਵਿਚ ਵੱਡਾ ਫ਼ਲਸਫ਼ਾ ਲੁਕਿਆ ਹੋਵੇਗਾ ਪਰ ਗੁਰਬਾਣੀ ਅਜਿਹੇ ਕਰਮ ਨੂੰ ਅਣਮਨੁੱਖੀ, ਘਟੀਆ ਸਮਝਦੀ ਹੈ (ਵੇਖੋ ਗੁਰੂ ਗ੍ਰੰਥ ਦੇ ਪੰਨਾ 149 'ਤੇ ਗੁਰੂ ਨਾਨਕ ਦਾ "ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ....." ਵਾਲਾ ਸ਼ਬਦ)। ਅਜਿਹੇ ਫ਼ਲਸਫ਼ੇ ਨੂੰ ਸ਼ਾਇਦ ਅੱਜ ਦੇ ਅਘੋਰੀ ਵੀ ਪ੍ਰਵਾਨ ਨਾ ਕਰਨ। ਹ.ਸ.ਦ. ਦੀ ਅਜਿਹੇ ਫ਼ਲਸਫ਼ੇ ਵਿਚ ਰੁਚੀ ਲਫ਼ਜ਼ੀ ਹੀ ਹੋਵੇ ਤਾਂ ਚੰਗਾ ਹੈ। ਸਿੱਖ ਲਈ ਤਾਂ ਗੁਰੂ ਨੇ ਅੰਮ੍ਰਿਤ ਸ਼ਬਦਾਂ ਸਮੇਤ ਪਵਿੱਤਰ ਕੜਾਹ ਪ੍ਰਸਾਦਿ, ਨੇਕ-ਜਨ ਮਾਤਾ ਖੀਵੀ ਨੇ "ਖੀਰਿ ਘਿਆਲੀ" ਅਤੇ ਮਾਤਾ ਸਾਹਿਬ ਕੌਰ ਨੇ ਪਤਾਸੇ ਬਖ਼ਸ਼ੇ ਹਨ। ਇਸ਼ਨਾਨ ਵੀ ਸਿੱਖੀ ਦਾ ਹਿੱਸਾ ਹੈ।

ਮੈਂ ਕੋਈ ਭਾਸ਼ਾ-ਵਿਗਿਆਨੀ ਨਹੀਂ। ਪਰ ਜੇ ਮੈਨੂੰ ਪਤਾ ਹੁੰਦਾ ਕਿ ਚੰਦਰੀ ਅੱਧਕ ਨੇ ਸਿੱਖ ਸ਼ਕਲ ਵਾਲੇ ਦਾ ਹਿਰਦਾ ਵਲੂੰਧਰ ਕੇ ਰੱਖ ਦੇਣਾ ਹੈ ਤਾਂ ਮੈਂ ਕਦੇ ਨਾ ਲਿਖਦਾ। ਮੈਂ ਪੰਜਾਬੀ ਟਾਈਪ ਨਹੀਂ ਕਰ ਸਕਦਾ ਅਤੇ ਟਾਈਪ ਕਰਨ ਵਾਲੇ ਦੇ ਮਨ ਦੀ ਮੌਜ ਨੂੰ ਧਿਆਨ ਵਿੱਚ ਰੱਖ ਕੇ ਹੀ ਲੇਖਾਂ ਨੂੰ ਪੜ੍ਹਦਾ ਹਾਂ। ਪਰ "ਜਉ ਦੇਖੈ ਛਿਦ੍ਰੁ ਤਉ ਨਿੰਦਕੁ ਉਮਾਹੈ...." (ਗੁ. ਗ., ਪੰਨਾ 823) ਦੀ ਰੀਤ ਤਾਂ ਗੁਰਸਿੱਖਾਂ ਦੀ ਨਹੀਂ, ਸਾਕਤਾਂ ਦੀ ਹੈ। ਸ਼ਬਦ ਘੱਟ ਵਰਤਣ ਦੀ ਆਦਤ ਕਾਰਣ ਮੈਂ ਗੁਰਬਾਣੀ ਤੁਕਾਂ ਸੰਕੇਤਕ ਲਿਖਦਾ ਹਾਂ ਵਰਨਾ ਆਈ-ਗੁਰਬਾਣੀ ਤੇ ਗੁਰਬਾਣੀ ਸਰਚਰ ਆਦਿ (Apps) ਮੈਂ ਵੀ ਵਰਤ ਸਕਦਾ ਹਾਂ। ਇੱਕ ਗੱਲੋਂ ਹ.ਸ.ਦ. ਨੇ ਦਰੁਸਤ ਲਿਖਿਆ ਕਿ ਮੈਂ ਗੁਰਸਿੱਖੀ ਤੋਂ ਨਾਵਾਕਫ਼ ਹਾਂ। ਤਾਂਹੀਏਂ ਤਾਂ ਮੈਂ ਸਿੱਖ (ਸਿੱਖਣ ਵਾਲਾ) ਅਖਵਾਉਂਦਾ ਹਾਂ। ਵੈਸੇ ਮੈਂ ਓਸ ਗੁਰੂ ਦਾ ਸਿੱਖ ਹਾਂ ਜਿਸ ਦੇ ਹੁਕਮ ਨਾਲ ਹਰ ਸਿੱਖ ਨੇ ਸੱਤੇ-ਬਲਵੰਡ ਨੂੰ ਟਕਾ ਟਕਾ ਭੇਂਟ ਕੀਤਾ ਸੀ ਪਰ ਜਿਸ ਨੇ ਖ਼ੁਦ ਇਕ ਪੈਸਾ ਬਖ਼ਸ਼ ਕੇ ਆਖਿਆ ਸੀ, 'ਮੈਂ ਤਾਂ ਅਜੇ ਸਿੱਖ ਬਣਨ ਦੀ ਜੱਦੋ-ਜਹਿਦ ਵਿੱਚੋਂ ਨਿਕਲ ਰਿਹਾ ਹਾਂ।'

ਹ.ਸ.ਦ. ਨੇ ਪੂਰਾ ਜ਼ੋਰ ਲਾ ਕੇ ਸ਼ਾਕਤ ਮੱਤ ਦੀ ਕਿਤਾਬ ਵਿੱਚੋਂ ਦੋ ਕਵਿਤਾਵਾਂ ਕੱਢੀਆਂ ਹਨ ਜੋ ਨਿਰੰਕਾਰ ਪ੍ਰਭੂ ਦੀ ਪ੍ਰੋੜ੍ਹਤਾ ਕਰਦੀਆਂ ਹਨ। ਮੈਂ ਸਹਿਜੇ ਹੀ ਇਸੇ ਕਿਤਾਬ ਵਿੱਚੋਂ ਘੱਟੋ-ਘੱਟ 20 ਕਵਿਤਾਵਾਂ ਕੱਢ ਸਕਦਾ ਹਾਂ ਜੋ ਮਹਾਂਕਾਲ ਨੂੰ ਹੀ ਪ੍ਰਭੂ ਦੱਸਦੀਆਂ ਹਨ ਅਤੇ ਨਿਰੰਕਾਰ ਹੋਣ ਦਾ ਸੰਕੇਤ ਵੀ ਕਰਦੀਆਂ ਹਨ। ਗਿਆਨਵਾਨ ਤਾਂ ਪੰਜਾਹ ਵੀ ਕੱਢ ਸਕਦੇ ਹਨ। ਜੇ ਅਸੀਂ ਹਰ ਓਸ ਕ੍ਰਿਤ ਨੂੰ ਗੁਰੂ ਦੀ ਲਿਖੀ ਸਮਝਣ ਲੱਗ ਜਾਈਏ ਜੋ ਨਿਰੰਕਾਰ ਦਾ ਜ਼ਿਕਰ ਕਰਦੀ ਹੈ ਤਾਂ ਹਾਸੋਹੀਣੀ ਸਥਿਤੀ ਬਣ ਜਾਵੇਗੀ। ਜਿਵੇਂ ਹਿੰਦ ਦਾ ਸੰਵਿਧਾਨ ਅਮਰੀਕਾ ਵਿੱਚ ਲਾਗੂ ਨਹੀਂ ਹੋ ਸਕਦਾ ਭਾਵੇਂ ਦੋਨਾਂ ਦੀ ਮੁੱਢਲੀ ਧਾਰਨਾ ਇੱਕੋ ਜਿਹੀ ਹੋਵੇ; ਜਿਵੇਂ ਡੌਕਟਰ ਅੰਬੇਡਕਰ ਨੂੰ ਜੈਫਰਸਨ ਦੀ ਥਾਂਵੇਂ ਅਮਰੀਕੀ ਵਿਧਾਨ ਦਾ ਘਾੜਾ ਨਹੀਂ ਸਾਬਤ ਕੀਤਾ ਜਾ ਸਕਦਾ, ਉਵੇਂ ਨਿਰੰਕਾਰ ਬਾਰੇ ਲਿਖੀ ਹਰ ਸਾਕਤ ਲਿਖਤ ਨੂੰ ਗੁਰੂ-ਲਿਖਤ ਸਾਬਤ ਨਹੀਂ ਕੀਤਾ ਜਾ ਸਕਦਾ: "ਕੂੜੁ ਨ ਪਹੁੰਚੈ ਸਚ ਨੋ ਸਉ ਘਾੜਤ ਘੜੀਐ।" (ਭਾਈ ਗੁਰਦਾਸ ਜੀ)

ਜੇ ਮੇਰੇ ਵਿਚਾਰਾਂ ਕੋਲ ਦੋ ਵਿੱਢ ਵਾਲੇ ਗੱਡੇ ਸ਼ਬਦਾਂ ਦੇ ਭਰੇ ਹੁੰਦੇ ਤਾਂ ਮੈਂ ਵੀ ਸਹਿਜੇ ਹੀ ਹ.ਸ.ਦ. ਵਾਂਗੂੰ 15 ਪੰਨੇ ਕਾਲੇ ਕਰ ਦਿੰਦਾ। ਪਰ ਮੈਂ ਕੁਦਰਤ ਦੀ ਹਰ ਦਾਤ ਨੂੰ ਸੰਕੋਚ ਕੇ ਵਰਤਣ ਦਾ ਹਾਮੀ ਹਾਂ। ਅਪਸ਼ਬਦਾਂ ਦੀ ਮੇਰੇ ਕੋਲ ਮੁਕੰਮਲ ਘਾਟ ਹੈ; ਹ.ਸ.ਦ. ਨੇ ਜੋ ਮੇਰੇ ਲਈ ਵਰਤੇ ਹਨ ਉਹਨਾਂ ਨੂੰ ਆਪਣੇ ਜਾਣ ਕੇ ਆਪਣੇ ਪ੍ਰਤੀ ਅਪਣਾ ਲੈਣ ਤਾਂ ਧੰਨਵਾਦੀ ਹੋਵਾਂਗਾ।

ਅੰਤ ਵਿੱਚ ਹ.ਸ.ਦ. ਨੇ ਵਿਰੋਧੀਆਂ ਨੂੰ ਸਲਾਹ ਦਿੱਤੀ ਹੈ ਕਿ ਗੁਰਤੇਜ ਸਿੰਘ ਅਗਿਆਨਤਾ ਕਾਰਣ ਉਹਨਾਂ ਲਈ ਨਮੋਸ਼ੀ ਦਾ ਕਾਰਣ ਬਣ ਸਕਦਾ ਹੈ। ਏਸੇ ਅਣਮੰਗੀ ਸਲਾਹ ਦਾ ਉਹ ਜੋ ਸਮਝਣਗੇ ਬਣਾ ਲੈਣਗੇ ਪਰ ਮੈਂ ਧੰਨਵਾਦੀ ਹਾਂ। ਕਈ ਹੋਰ ਰੁਝੇਵੇਂ ਵੀ ਹਨ। ਸਲਾਹਾਂ ਦੇ ਚਲਦੇ ਮੌਸਮ ਵਿੱਚ ਮੈਂ ਵੀ ਇੱਕ ਸਲਾਹ ਹ.ਸ.ਦ. ਨੂੰ ਦੇਣਾ ਫ਼ਰਜ਼ ਸਮਝਦਾ ਹਾਂ। ਜੇ ਹ.ਸ.ਦ. ਅਘੋਰੀ ਫ਼ਲਸਫ਼ੇ ਅਨੁਸਾਰ ਖਾਣ-ਪਾਣ ਵਿੱਚ ਰੁਚੀ ਰੱਖਦਾ ਹੈ ਤਾਂ ਖਾਣੇ ਦੀ ਕਿਸੇ ਸਾਂਝੀ ਮੇਜ਼ ਉੱਤੇ, ਉਹ ਸ਼ਕਲੋਂ ਸਿੱਖ ਹੋਣ ਕਾਰਣ, ਸਾਰੀ ਕੌਮ ਲਈ ਨਮੋਸ਼ੀ ਦਾ ਵੱਡਾ ਕਾਰਣ ਬਣ ਸਕਦਾ ਹੈ। ਸਾਵਧਾਨ ਰਹਿਣਾ ਚਾਹੀਦਾ ਹੈ।

ਜੇ ਸੱਜਣਾਂ-ਮਿੱਤਰਾਂ ਨੇ ਜ਼ਰੂਰੀ ਸਮਝਿਆ ਤਾਂ ਹ.ਸ.ਦ. ਦੇ ਲੇਖ ਦੇ ਹਰ ਪੈਰੇ ਦਾ ਉੱਤਰ ਮੈਂ ਸਮੇਂ ਅਨੁਸਾਰ ਦੇ ਦੇਵਾਂਗਾ। ਅੱਜ ਤਾਂ ਸਿਰਫ਼ ਪੰਜਵੇਂ ਪਾਤਸ਼ਾਹ ਦੇ ਸਦਜੀਵੀ ਸ਼ਬਦਾਂ ਵਿੱਚ, ਏਸ ਮਰਹਲੇ ਉੱਤੇ ਅੰਤ ਹੈ:
“ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ॥
ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ॥“ (ਗੁ.ਗ., ਪੰਨਾ 820)

ਨੋਟ: ਇਹ ਲੇਖ 'ਨਿਰੋਲ ਸ਼ਾਕਤ ਮੱਤ ਦੀ ਕਿਤਾਬ ਹੈ ਬਚਿਤ੍ਰ ਨਾਟਕ ਗ੍ਰੰਥ' ਦੇ ਪ੍ਰਤੀਕਰਮ ਵਜੋਂ ਹਰਭਜਨ ਸਿੰਘ ਦੇਹਰਾਦੂਨ ਦੀ ਲਿਖਤ ਦੇ ਜਵਾਬ ਵਜੋਂ 28 ਮਾਰਚ 2017 ਨੂੰ ਫੇਸਬੁੱਕ 'ਤੇ ਛਾਯਾ ਕੀਤਾ ਗਿਆ।

Thursday, April 6, 2017

Attempt at resolving the bachittarnatak controversy - the German episode

(March 25, 2017)
   
The thinking Sikhs have long been exercised about the issue of the bachittarnatakgranth or, the lately christened, dasamgranth. If the controversy is mindlessly pursued, it has the potential of splitting the Sikh nation. Those who believe it to be a fake granth and a pretender guru propped up for the purpose of causing division, also believe that it can perform that task only as long as its contents, authorship, origin and purpose remain obscure. They seek well publicised discussion on these aspects so that the individual Sikhs can make up their own minds. Those who genuinely believe it to be written by the incomparable Tenth Guru, want no such debate except among those who affirm its genuineness.
       Some concerned Sikhs from Germany, including Nirmal Singh Hanspal, Ranjit Singh, Malkit Singh and Gurdip Singh Pardesi, decided to facilitate and host the discussion. They invited the Singhnaad Radio from England to give the event a wide publicity. Arrangements for recording and relaying the discussion live, were made. They requested the Shiromani Gurdwara Parbandhak Committee (SGPC) to send a team of believers for the discussion. The SGPC deputed Principal Waryam Singh, Professor Amarjit Singh, Dr. Inderjit Singh Gogoaani and two others on the condition that Professor Darshan Singh will also participate from the opposite side. This was unbecoming and inconvenient because Darshan Singh is a busy man and because a party to the controversy cannot dictate who will represent the other side. This was accepted and arranged with much difficulty. Of the five designated to represent the naysayers only three, Professor Gurdarshan Singh, Sardar Dalbir Singh and Gurtej Singh, could make it to Germany. The SGPC team had reached on March 3, 2017, the others arrived on March 6. Darshan Singh joined them on the afternoon of March 8.
       On March 7, a day before the event, the two teams met for lunch at Hanspal’s place where the SGPC scholars were staying. When Gurdarshan Singh and Gurtej Singh reached, Dalbir Singh and Harjinder Singh Dilgir were already engaged in a discussion with them. The newcomers also joined in. The discussion reached a stage at which the SGPC scholars were seen to be only concerned about the fate of ‘amrit banis’ to the exclusion of the rest of the book. The other side tried to narrow the discussion further by pointing out that earlier the SGPC and the important officials of Darbar Sahib and the Akal Takhat had given a considered opinion about the charitropakhyan chapter of the book. They held it was not written by Guru Gobind Singh. The Punjabi University, guided by the opinion of five respectable scholars (Dr. Taran Singh, Dr. Prem Parkash Singh, Prof. Gulwant Singh, Dr. Jeet Singh Seetal and Bhai Randhir Singh), had also published the so called dasamgranth leaving out charitropakhyan chapter of about 900 pages. The other side did not own up the opinion of its own organisation or those of the University. All three of the scholars asserted that it was a letter written by a mere deputy secretary of one of the committees and advised Gurtej Singh not to insist on that as insistence would reflect poorly on him. This was wrong but was tacitly accepted as no acrimony was to be encouraged. Then Gurtej Singh, sensing the potential of the moment, proposed that both sides could agree to disagree on the aspect of ‘amritbanis’.
      To remove the bitterness from the public discourse, both sides could continue to propagate and pursue their declared views on the subject of ‘amritbanis’ and to marshal arguments for and against it in the nature of genuine discourse, while leaving it to the individual Sikhs to make up their minds. It would mean that eventually both sides would pursue their beliefs without being considered ‘the other’ by either side. This was a dream come true for some people who do not believe pahul to be a ritual but a commitment, the efficacy of which did not depend upon what was recited on the occasion of administering it. They had history to support them. All those others who took the entire volume to be spiritually enlightening could continue to read it - at their own peril.
        All three SGPC scholars readily agreed to the proposal. Gurtej Singh was pleasantly surprised though he expected this from all genuine scholars concerned with the fate of Sikhs. He repeated the suggestion thrice, in differently worded phrases, to make sure nothing was left ambiguous. All three scholars gave their consent freely each time. They even went to the extent of asking Gurdarshan Singh and Dalbir Singh whether they agreed with the proposal. This was significant and more than half the job was done. Had the SGPC scholars stuck to their well thought out opinion, they could have earned the gratitude of the entire Sikh people. They could have participated in giving a brand new and most pleasant turn to the long raging controversy.
       Something, not clearly known to others, happened between the after lunch discussion and the late evening of March 7. All that is known is that the SGPC scholars made several calls to their friends in India and abroad before they announced their decision not to participate in the debate to be held the next day. The reasons they gave were found to be untenable in a face to face discussion on the well publicised Canadian Sikh radio four days later.
      Everything else is well known about the event in Germany but the above aspect would have remained hidden from the public view if I had not been asked specifically to write on the subject by Jasneet Singh of sikhnewsexpress.com. All I say in the end is that, we all missed a great opportunity to afford some relief to the greatly tormented Sikh people.

Monday, March 27, 2017

ਨਿਰੋਲ ਸ਼ਾਕਤ ਮੱਤ ਦੀ ਕਿਤਾਬ ਹੈ ਬਚਿੱਤ੍ਰ ਨਾਟਕ ਗ੍ਰੰਥ

(21 ਮਾਰਚ 2017 ਨੂੰ ਫ਼ੇਸਬੁੱਕ 'ਤੇ ਛਾਯਾ ਕੀਤਾ ਗਿਆ)
ਬਚਿਤ੍ਰ ਨਾਟਕ ਗ੍ਰੰਥ ਵਿੱਚ ਸ਼ਰਾਬ, ਭੰਗ, ਅਫ਼ੀਮ ਦਾ ਗੁਣਗਾਨ; ਨਰ-ਨਾਰੀ ਸਬੰਧਾਂ ਦੀ ਨੰਗੀ ਬੋਲੀ ਵਿੱਚ ਖੁੱਲ੍ਹੀ ਚਰਚਾ; ਮਹਾਂਕਾਲ, ਮਹਾਂਕਾਲੀ, ਭਗਵਤੀ ਦੀ ਪੂਜਾ ਦਾ ਵਰਣਨ; ਸ਼ਿਵ ਸ਼ਕਤੀ ਦੀ ਪ੍ਰਤੀਕ ਸ਼ਸਤਰ ਪੂਜਾ ਸਿੱਧ ਕਰਦੇ ਹਨ ਕਿ ਇਹ ਗ੍ਰੰਥ ਸ਼ਾਕਤ ਮੱਤ ਦਾ ਗ੍ਰੰਥ ਹੈ। ਇਹ ਗ੍ਰੰਥ ਦਸ ਗੁਰੂ ਸਾਹਿਬਾਨ ਨੂੰ ਮਹਾਂਕਾਲ-ਮਹਾਂਕਾਲੀ ਦੀ ਪੂਜਾ ਕਰਨ ਵਾਲੇ ਪ੍ਰਗਟ ਕਰਦਾ ਹੈ। ਭਾਈ ਨੰਦ ਲਾਲ ਦੇ ਸਮਝੇ ਜਾਂਦੇ ਰਹਿਤਨਾਮੇ, ਜਿਸ ਦੀ ਸਬੰਧਤ ਸ਼ਬਦਾਵਲੀ ਇਸ ਗ੍ਰੰਥ ਦੇ ਚਰਿਤ੍ਰੋਪਖਿਆਨ ਸਰਗ ਤੋਂ ਲਈ ਗਈ ਹੈ, ਨੂੰ ਉਲਥਾਉਂਦੇ ਹੋਏ ਅਤਰ ਸਿੰਘ ਭਦੌੜ ਲਿਖਦੇ ਹਨ:
The goddess Bhagwati was first worshipped by (Guru) Nanak; then by Gurus Angad, Amardas, Ramdas and then she was propitious. Then followed Guru Arjan, Hargobind, Har rai, Harkrishan and Tegbahadur and they also rose to the highest honours. Guru Gobind Singh was also assisted by her.【Nand Lal's Rahitnama, translated by Attar Singh Rais Bhadaur (1876) p. 5 and Trumpp's Adi Granth p. C XIII, quoted by Shamsher Singh Ashok, pp. 38-39】

ਜੇ ਇਹ ਗ੍ਰੰਥ ਏਸ ਤਰ੍ਹਾਂ ਸਿੱਖ ਮੱਤ ਵਿੱਚ ਖਲਲ ਪਾਉਣ ਦੀ ਚੇਸ਼ਟਾ ਨਾ ਕਰਦਾ ਤਾਂ ਸਿੱਖਾਂ ਨੂੰ ਏਸ ਵਿਰੁੱਧ ਕੋਈ ਸ਼ਿਕਾਇਤ ਨਹੀਂ ਸੀ ਹੋਣੀ। ਇਸ ਕੁਚੇਸ਼ਟਾ ਦੀ ਵਜ੍ਹਾ ਨਾਲ ਸਿੱਖਾਂ ਨੂੰ ਤਾਂਤਰਿਕ/ਸ਼ਾਕਤ ਮੱਤ ਬਾਰੇ ਸੋਝੀ ਪ੍ਰਾਪਤ ਕਰਨੀ ਲਾਜ਼ਮੀ ਹੋ ਗਈ ਹੈ।

ਸ਼ਾਕਤ ਮੱਤ ਦਾ ਦਾਰੋਮਦਾਰ ਸ਼ਕਤੀ ਪੂਜਾ ਉੱਤੇ ਹੈ। ਏਸ ਕਰਮ ਰਾਹੀਂ ਤਾਂਤਰਿਕ ਅਜਿਹੀਆਂ ਰਿੱਧੀਆਂ-ਸਿੱਧੀਆਂ ਪ੍ਰਾਪਤ ਕਰਨ ਦਾ ਦਾਅਵਾ ਕਰਦੇ ਹਨ ਜੋ ਇਹਨਾਂ ਨੂੰ ਅਥਾਹ ਸਮਰੱਥਾ ਅਤੇ ਸ਼ਕਤੀ ਬਖ਼ਸ਼ਦੀਆਂ ਹਨ। ਸ਼ਾਕਤ ਮੱਤ ਵਿੱਚ ਓਹੀ ਪੌਰਾਣਕ ਦੇਵੀ-ਦੇਵਤੇ ਪੂਜੇ ਜਾਂਦੇ ਹਨ ਜੋ ਹਿੰਦੂ ਕਲਪਨਾ ਨੇ ਕਈ ਦਹਿਸਦੀਆਂ ਪਹਿਲਾਂ ਸਿਰਜੇ ਸਨ। ਸ਼ਾਕਤਾਂ ਨੇ ਇਹਨਾਂ ਨੂੰ ਆਪਣੇ ਮੱਤ ਅਨੁਸਾਰ ਢਾਲ ਲਿਆ ਹੈ ਅਤੇ ਇਹਨਾਂ ਦੀ ਪੂਜਾ-ਵਿਧੀ ਵੀ ਆਪਣੀ ਵਿਚਾਰਧਾਰਾ ਅਨੁਸਾਰ ਬਣਾ ਲਈ ਹੈ। ਇਉਂ ਤਾਂਤਰਿਕ ਮੱਤ ਹਿੰਦੂ ਮੂਲ ਦਾ ਹੁੰਦਿਆਂ ਹੋਇਆਂ ਵੀ ਬਹੁਤ ਵੱਖ ਹੈ।

ਦੇਵਤਿਆਂ ਦੀਆਂ ਨਾਰੀਆਂ ਨੂੰ ਸ਼ਕਤੀ ਸਰੂਪ ਜਾਣ ਕੇ ਪੂਜਣਾ ਅਤੇ ਆਮ ਨਾਰੀਆਂ ਨੂੰ ਪੂਜਾ ਸਮੱਗਰੀ, ਸਾਧਨ ਸਮਝ ਕੇ ਵਰਤਣਾ ਇਸ ਮੱਤ ਦੀ ਖ਼ਾਸੀਅਤ ਹੈ। ਕੁਆਰੀ ਕੰਨਿਆ ਨੂੰ ਦੇਵੀ ਜਾਣ ਕੇ ਪੂਜਣ ਦਾ ਕਰਮ ਪੌਰਾਣਾਂ ਤੋਂ ਹੀ ਸ਼ੁਰੂ ਹੁੰਦਾ ਹੈ। ਏਸ ਦੇ ਅਗਲੇ ਪੜਾਅ ਵਿੱਚ ਇਹ ਪੌਰਾਣਿਕ ਸਿਧਾਂਤ ਹੋਂਦ ਵਿੱਚ ਆਇਆ ਕਿ ਦੇਵਤਾ ਅਤੇ ਓਸ ਦੀ ਵਹੁਟੀ ਬਰਾਬਰ ਪੂਜਣਯੋਗ ਇਕਾਈ ਹਨ। ਦਸ ਪ੍ਰਮੁੱਖ ਦੇਵਤਿਆਂ, ਅਵਤਾਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਜਿਨ੍ਹਾਂ ਨੂੰ ਸਹਜ ਅਤੇ ਕਰਤਾ ਗੁਣਾਂ ਦੇ ਸੋਮੇ ਦੱਸਿਆ ਗਿਆ। ਏਸ ਸੰਦਰਭ ਵਿੱਚ ਦੇਵੀ-ਦੇਵਤਾ ਜੋੜੀ ਨੂੰ ਇਕਾਈ ਤਸੱਵਰ ਕਰ ਕੇ ਪੂਜਾ ਕਰਨ ਦਾ ਵਿਧਾਨ ਬਣ ਗਿਆ। ਆਪਣੇ ਮਨਭਾਉਂਦੇ ਇਸ਼ਟ-ਜੋੜੇ ਨੂੰ ਸਰਵ-ਉੱਤਮ ਪ੍ਰਵਾਨ ਕਰਨ ਦੀ ਪ੍ਰੰਪਰਾ ਏਸੇ ਵਿਧਾਨ ਦਾ ਹਿੱਸਾ ਹੈ।

ਸ਼ਾਕਤ ਮੱਤ ਜਾਦੂ-ਟੂਣੇ, ਮੰਤਰ ਸਾਰਥਕਤਾ ਉੱਤੇ ਆਧਾਰਤ ਮੱਤ ਹੈ। ਧਰਮ ਦਾ ਨਿਸ਼ਾਨਾ ਅਥਾਹ ਸ਼ਕਤੀ, ਸਮਰੱਥਾ ਹਾਸਲ ਕਰ ਕੇ, ਮੁਕਤੀ ਦੇ ਬਹਾਨੇ ਸਮਾਜ ਵਿੱਚ ਸਨਮਾਨ ਹਾਸਲ ਕਰਨ ਦੀ ਲਾਲਸਾ ਪ੍ਰਤੱਖ ਦਿੱਸ ਆਉਂਦਾ ਹੈ। ਦੇਵੀ-ਦੇਵਤਾ ਜੋੜੇ ਦੇ ਸਾਂਝੇ ਗੁਣਾਂ ਨੂੰ ਨਿਖੇੜ ਕੇ, ਕਰਤਾਰੀ (ਸਿਰਜਣਾਤਮਕ) ਗੁਣ ਨੂੰ ਨਾਰੀ ਗੁਣ ਗਰਦਾਨ ਕੇ ਸ਼ਕਤੀ ਦਾ ਸੋਮਾ ਪ੍ਰਵਾਨ ਕਰਨ ਨਾਲ ਸ਼ਾਕਤ ਮੱਤ ਦਾ ਉਦਯ ਹੁੰਦਾ ਹੈ। ਪੂਜਾ ਦੀ ਵਿਧੀ ਮਨਭਾਉਂਦੇ ਇਸ਼ਟ-ਜੋੜੇ ਦੀ ਮੁਕੰਮਲ ਸ਼ਕਤੀ ਨੂੰ ਨਾਰੀ ਰੂਪ ਜਾਣ ਕੇ ਓਸ ਨੂੰ ਪ੍ਰਸੰਨ ਕਰਨ ਉਦਾਲੇ ਘੁੰਮਦੀ ਨਜ਼ਰ ਆਉਂਦੀ ਹੈ। ਨਾਰੀ ਦੇ ਪ੍ਰਜਣਨ ਅੰਗਾਂ ਦਾ ਏਸ ਪੂਜਾ-ਵਿਧੀ ਵਿੱਚ ਕੇਂਦਰ ਬਣ ਜਾਣਾ ਸੁਭਾਵਕ ਦਿੱਸ ਆਉਂਦਾ ਹੈ। ਏਸ ਪ੍ਰਯੋਜਨ ਅਧੀਨ ਸ਼ਿਵ ਨੂੰ ਕਾਨਨ ਵਣ ਵਿੱਚ ਰਿਸ਼ੀਆਂ ਦੀਆਂ ਇਸਤਰੀਆਂ ਨਾਲ ਅਤੇ ਖ਼ੁਦ ਪਾਰਬਤੀ ਨਾਲ ਪਾਸ਼ਵੀ ਬਿਉਹਾਰ ਕਰਦਾ ਦੱਸਿਆ ਗਿਆ। ਇਹ ਕੁਕਰਮ ਮਨੁੱਖੀ ਸਮਾਜ ਵਿੱਚ ਅਸ਼ਲੀਲਤਾ, ਨਗਨਤਾ ਨੂੰ ਪੂਜਾ ਦਾ ਰੂਪ ਦੇਣ ਲਈ ਕੀਤਾ ਗਿਆ ਜਾਪਦਾ ਹੈ। ਆਖ਼ਰ ਨਰ-ਨਾਰੀ ਸਬੰਧਾਂ ਨੂੰ ਪੂਜਾ ਦਾ ਨਾਂਅ ਦਿੱਤਾ ਗਿਆ ਅਤੇ ਕਾਮ-ਉਕਸਾਊ, ਕਾਮ-ਕ੍ਰੀੜਾ ਵਿੱਚ ਸਹਾਇਕ ਸਮਝੇ ਜਾਂਦੇ ਖਾਣ-ਪਦਾਰਥਾਂ ਦੇ ਸੇਵਨ ਨੂੰ ਧਰਮ ਦਾ ਅੰਗ ਬਣਾਇਆ ਗਿਆ।

ਨਾਰੀ ਗੁਣਾਂ ਦੀ ਪੂਜਾ ਨਾਲ ਨਾਰੀ-ਸਰੀਰ ਜੁੜਨ ਕਾਰਣ ਨਿਰੂਪਣ ਕੀਤੀ ਪੂਜਾ-ਵਿਧੀ ਨੂੰ ਸ਼ਾਕਤਾਂ ਦੇ 'ਪੰਜ ਮਕਾਰ' ਸ਼ਬਦਾਂ ਵਿੱਚ ਸਮੇਟਿਆ ਜਾਂਦਾ ਹੈ। ਇਹ ਪੰਜ ਮਕਾਰ ਹਨ: ਮਦਿਰਾ ਆਦਿ ਨਸ਼ੀਲੇ ਪਦਾਰਥਾਂ ਦਾ ਸੇਵਨ, ਮਾਸ-ਮੱਛੀ ਖਾਣਾ, ਮੁਦਰਾ (ਚਿੜਵਾ) ਵਰਤਣਾ ਅਤੇ ਮੈਥੁਨ (ਸੰਭੋਗ) ਕਰਨਾ। ਇਹ ਕਰਮ ਕਰ ਕੇ ਤਾਂਤਰਿਕ (ਸ਼ਾਕਤ) ਸਮਝਦੇ ਹਨ ਕਿ ਉਹ ਰਿੱਧੀਆਂ-ਸਿੱਧੀਆਂ ਪ੍ਰਾਪਤ ਕਰ ਸਕਦੇ ਹਨ ਤੇ ਇਸ ਪ੍ਰਾਪਤੀ ਰਾਹੀਂ ਉਹ ਵਿਰੋਧੀਆਂ ਉੱਤੇ ਭਾਰੂ ਪੈ ਸਕਦੇ ਹਨ, ਪ੍ਰਮੁੱਖ ਆਦਮੀਆਂ ਦੀ ਗਿਣਤੀ ਵਿੱਚ ਆ ਜਾਂਦੇ ਹਨ ਅਤੇ ਆਪਣੇ ਲਈ ਮੁਕਤੀ ਦੇ ਦਰਵਾਜੇ ਖੋਲ੍ਹ ਸਕਦੇ ਹਨ।

ਗਹੁ ਨਾਲ ਪਰਖੀਏ ਤਾਂ ਚਰਿਤ੍ਰੋਪਖਿਆਨ, ਜੋ ਬਚਿੱਤ੍ਰ ਨਾਟਕ ਗ੍ਰੰਥ ਦਾ ਵੱਡਾ ਹਿੱਸਾ ਹੈ, ਸ਼ਾਕਤ-ਪੂਜਾ ਨਾਲ ਹੀ ਸਬੰਧਤ ਹੈ। ਚੰਡੀ ਦੇਵੀ ਨੂੰ ਏਸ ਗ੍ਰੰਥ ਦੇ ਚਾਰ ਭਾਗਾਂ ਵਿੱਚ ਵਡਿਆਇਆ ਜਾਣਾ ਵੀ ਸ਼ਾਕਤ-ਪੂਜਾ ਦਾ ਹਿੱਸਾ ਹੀ ਹੈ। ਬਚਿੱਤ੍ਰ ਨਾਟਕ ਗ੍ਰੰਥ ਕੇਵਲ ਮਹਾਂਕਾਲ-ਮਹਾਂਕਾਲੀ ਨੂੰ ਸ਼ਾਕਤ ਮਾਨਤਾਵਾਂ ਅਨੁਸਾਰ ਸ੍ਰਿਸ਼ਟੀ ਦੇ ਰਚਣ, ਸੰਘਾਰਨ ਲਈ ਜ਼ਿੰਮੇਵਾਰ ਦੱਸ ਕੇ ਸਾਰੇ ਦੇਵੀ-ਦੇਵਤਿਆਂ ਤੋਂ ਸ੍ਰੇਸ਼ਟ ਜਾਣਦਾ ਹੈ। ਮਹਾਂਕਾਲ ਦਾ ਉਪਾਸ਼ਕ ਮਹਾਂਕਾਲ ਦੇ ਸਾਹਮਣੇ ਬ੍ਰਹਮਾ, ਵਿਸ਼ਣੂ ਆਦਿ ਦੀ ਹਸਤੀ ਨੂੰ ਤੁੱਛ ਜਾਣਦਾ ਹੈ। ਏਸੇ ਸੰਦਰਭ ਵਿੱਚ ਪ੍ਰਾਰਥਨਾ ਹੈ, "ਮੈ ਨ ਗਣੇਸਹਿ ਪ੍ਰਿਥਮ ਮਨਾਊਂ, ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ........" ਅਰਥਾਤ 'ਹੇ ਮਹਾਂਕਾਲ ਮੈਂ ਤੇਰੀ ਕਿਰਪਾ ਸਦਕਾ ਤੇਰਾ ਹੀ ਜਾਪ ਕਰਦਾ ਹਾਂ'। ਏਸ ਕਾਰਣ ਹੀ ਸਪਤਸ੍ਰਿੰਗ (ਜੋ ਕਿ ਉਜੈਨ ਦੀਆਂ ਪਹਾੜੀਆਂ ਵਿੱਚ ਹੈ) ਉੱਤੇ ਬਚਿੱਤ੍ਰ ਨਾਟਕ ਗ੍ਰੰਥ ਦਾ ਪਾਤਰ 'ਮਹਾਂਕਾਲ ਕਾਲਕਾ' ਨੂੰ ਆਰਾਧ ਰਿਹਾ ਹੈ।

ਏਸ ਵਿਵਾਦਤ ਗ੍ਰੰਥ ਵਿੱਚ ਚੇਟਕ ਨਾਥ ਵਰਗੇ ਅਘੋਰੀ ਫ਼ਿਰਕੇ ਦੇ ਸਾਧੂ ਹਨ ਜਿਸ ਦੀ ਖੁਰਾਕ ਇੱਕ ਮਨੁੱਖੀ ਸਰੀਰ ਰੋਜ਼ ਦੀ ਦੱਸੀ ਜਾਂਦੀ ਹੈ। ਚਰਿਤ੍ਰੋਪਖਿਆਨ ਦੀਆਂ ਕਈ ਨਾਰਾਂ ਆਪਣੇ ਘਰ ਵਾਲੇ ਆਦਿ ਦਾ ਮਾਸ ਰਿੰਨ੍ਹ ਕੇ ਸਤਿਸੰਗੀਆਂ, ਮਿੱਤਰਾਂ ਨੂੰ ਖਵਾ ਦਿੰਦਿਆਂ ਹਨ। ਬੇਦੀਆਂ, ਸੋਢੀਆਂ ਦੀ ਉਤਪਤੀ ਅਤੇ ਏਸ ਨਾਲ ਸਬੰਧਤ ਮਿਥਿਹਾਸ ਕੇਵਲ ਬਚਿੱਤ੍ਰ ਨਾਟਕ ਗ੍ਰੰਥ ਦੀ ਨਿਵੇਕਲੀ ਉਪਜ ਹੈ ਜਿਸ ਦੀ ਕਿਸੇ ਵੀ ਸ਼ਾਸਤ੍ਰ, ਪੌਰਾਣ ਵਿੱਚੋਂ ਪੁਸ਼ਟੀ ਨਹੀਂ ਹੁੰਦੀ। ਇਹਨਾਂ ਫ਼ਰਜ਼ੀ ਘਰਾਣਿਆਂ ਦਾ ਗੁਰ-ਇਤਿਹਾਸ ਨਾਲ ਕੋਈ ਦੂਰ ਦਾ ਵੀ ਸਬੰਧ ਨਹੀਂ ਅਤੇ 'ਕੁੱਲ ਨਾਸ਼, ਧਰਮ ਨਾਸ਼, ਕਰਮ ਨਾਸ਼, ਭਰਮ ਨਾਸ਼' ਖ਼ਾਲਸੇ ਜਾਂ ਖ਼ਾਲਸੇ ਦੇ ਜਨਮਦਾਤੇ ਨਾਲ ਤਾਂ ਉੱਕਾ ਹੀ ਕੋਈ ਰਿਸ਼ਤਾ ਨਹੀਂ।

ਸਨਾਤਨ ਹਿੰਦੂ ਮੱਤ ਵਿੱਚ ਸ਼ਾਕਤ/ਤਾਂਤਰਿਕ ਮੱਤ ਅਤੇ ਏਸ ਦੇ ਅਘੋਰੀ ਆਦਿ ਫ਼ਿਰਕਿਆਂ ਦਾ ਸਨਮਾਨ ਨਜ਼ਰ ਨਹੀਂ ਆਉਂਦਾ। ਗੁਰੂ ਗ੍ਰੰਥ ਵਿੱਚ ਸਾਕਤਾਂ ਸਬੰਧੀ ਸੈਂਕੜੇ ਮਹਾਂਵਾਕਾਂ ਵਿੱਚ ਸਾਕਤਾਂ ਨੂੰ ਅਤਿ ਨਿੰਦਣਯੋਗ ਮੰਨਿਆ ਗਿਆ ਹੈ। ਕੇਂਦਰੀ ਭਾਵ "ਬਿਰਥੀ ਸਾਕਤ ਕੀ ਆਰਜਾ॥ ਸਾਚ ਬਿਨਾ ਕਹ ਹੋਵਤ ਸੂਚਾ॥" ਉਦਾਲੇ ਘੁੰਮਦਾ ਨਜ਼ਰ ਆਉਂਦਾ ਹੈ।

Sunday, February 26, 2017

ਅੰਬੇਡਕਰ ਨੂੰ ਸਿੱਖ ਬਣਨ ਤੋਂ ਰੋਕਣ ਵਾਲੇ ਬੇਨਕਾਬ

ਸਿੱਖ ਇਤਿਹਾਸ ਨੁੰ ਪੜ੍ਹਦਿਆਂ ਸਭ ਤੋਂ ਵੱਧ ਧਿਆਨ ਦੇਣ ਯੋਗ ਉਹ ਭ੍ਰਾਂਤੀਆਂ ਅਤੇ ਛਲਾਵੇ ਹਨ ਜੋ ਮੰਦ ਭਾਵਨਾ ਅਧੀਨ ਵਿਰੋਧੀਆਂ ਵਲੋਂ ਇਸ ਦਾ ਹਿੱਸਾ ਬਣਾਏ ਗਏ ਹਨ। ਜੇ ਪੈਰ ਪੈਰ ਉੱਤੇ ਪੂਰਾ ਧਿਆਨ ਨ ਦਿੱਤਾ ਜਾਵੇ ਤਾਂ ਇਕਸਾਰ ਵਹਿੰਦੇ ਇਤਿਹਾਸਕ ਅਮਲ ਵਿੱਚ ਵੱਡੇ ਵਿਘਨ ਪੈ ਜਾਂਦੇ ਹਨ। ਇਹ ਛਲੇਡੇ ਉਨ੍ਹਾਂ ਘੁਸਪੈਠੀਆਂ ਵਾਂਗ ਹਨ ਜਿਹੜੇ ਮੁਲਕਾਂ ਨੂੰ ਨੇਸਤੋਨਾਬੂਦ ਕਰਨ ਲਈ, ਦੁਸ਼ਮਣ ਵਲੋਂ ਘਾਤਕ ਹਥਿਆਰਾਂ ਨਾਲ ਲੈਸ ਕਰਕੇ, ਸਮਾਜਿਕ ਜੀਵਨ ਨੂੰ ਤਹਿਸ ਨਹਿਸ ਕਰਨ ਦੇ ਮਨਸੂਬੇ ਨਾਲ ਸੋਚ ਸਮਝ ਕੇ ਦਾਖਲ ਕੀਤੇ ਜਾਂਦੇ ਹਨ। ਇਹ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਕਾਬਲ ਹੁੰਦੇ ਹਨ ਅਤੇ ਇਕ ਵਾਰੀ ਅਵੇਸਲੇਪਣ ਵਿੱਚ ਦਾਖਲ ਹੋ ਜਾਣ ਤਾਂ ਗਲਤ ਕਿਟਾਣੂਆਂ ਵਾਂਗ ਇਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਪਛਾੜਨ ਨੂੰ ਸੁਚੇਤ ਲੋਕਾਂ ਨੂੰ ਵੀ ਕਈ ਕਈ ਦਹਾਕੇ ਲਗ ਜਾਂਦੇ ਹਨ। ਸਿੱਖਾਂ ਵਰਗੀ ਹਰ ਬੰਦੇ ਉੱਤੇ ਭਰੋਸਾ ਕਰਨ ਵਾਲੀ ਕੌਮ ਦੇ ਘਰ ਵਿੱਚ ਤਾਂ ਇਹ ਭੁਲੇਖੇ ਛੌਣੀਆਂ ਪਾ ਕੇ ਬਹਿ ਜਾਂਦੇ ਹਨ ਅਤੇ ਹਰ ਕੌਮੀ ਪੂਰ ਨੂੰ ਗੁਮਰਾਹ ਕਰਨ ਵਿੱਚ ਵੱਡਾ ਹਿੱਸਾ ਪਾਉਂਦੇ ਹਨ। ਕਈ ਵਾਰੀਂ ਵੱਡੇ ਸੁਹਿਰਦ ਵਿਦਵਾਨ ਵੀ ਇਨ੍ਹਾਂ ਨੂੰ ਪਛਾਣ ਨਹੀਂ ਸਕਦੇ।
ਸਿਰਦਾਰ ਕਪੂਰ ਸਿੰਘ ਜਮਾਨੇ ਦਾ ਸਿਰਮੌਰ ਚਿੱੰਤਕ ਅਤੇ ਰੌਸ਼ਨ ਦਿਮਾਗ ਸਿੱਖ ਸੀ ਪਰ ਡੌਕਟਰ ਅੰਬੇਡਕਰ ਦੇ ਸਿੱਖ ਨ ਬਣ ਸਕਣ ਦੀ ਵਾਰਤਾ ਵਿੱਚ ਰਲਾਏ ਕੋਰੇ ਝੂਠਾਂ ਨੂੰ ਪਛਾੜਣ ਵਿੱਚ ਉਹ ਵੀ ਧੋਖਾ ਖਾ ਗਿਆ। ਇਹ ਘੱਟ ਧਿਆਨ ਦੇਣ ਕਾਰਣ ਨਹੀਂ ਹੋਇਆ ਬਲਕਿ ਸਬੰਧਤ ਜਾਣਕਾਰੀ ਪ੍ਰਾਪਤ ਨ ਹੋਣ ਕਾਰਣ ਅਤੇ ਦਲਿਤਾਂ ਵਲੋਂ ਆਪਣੀ ਗਲਤੀ ਨੂੰ ਲੁਕਾਉਣ ਲਈ ਚਲੀਆਂ ਗਈਆਂ ਸ਼ਾਤਰ ਚਾਲਾਂ ਦੇ ਸ਼ਿਕਾਰ ਹੋਣ ਕਾਰਣ ਹੋਇਆ ਸੀ। ਸਰਦਾਰ ਨਰੈਣ ਸਿੰਘ ਦੇ ਮੂਹੋਂ ਅਸਲ ਕਹਾਣੀ ਸੁਣਨ ਵਾਲਿਆਂ ਦੀ ਪਕੜ ਵਿੱਚ ਸੱਚ ਆ ਗਿਆ ਪਰ ਅੰਬੇਡਕਰ ਨੂੰ ਦੋਸ਼ਮੁਕਤ ਕਰਨ ਅਤੇ ਇਸ ਅਮਲ ਲਈ ਬੁਰੇ ਦੇ ਘਰ ਤੱਕ ਜਾਣ ਵਾਲੇ ਲਾਹੌਰੀ ਰਾਮ ਬਾਲੀ ਵਰਗੇ ਚੰਦ ਦਲਿਤ ਬੁੱਧੀਜੀਵੀਆਂ ਉੱਤੇ ਟੇਕ ਰੱਖਣ ਵਾਲੇ ਸਾਰੇ ਸਿਰਦਾਰ ਵਾਂਗ ਹੀ ਟਪਲਾ ਖਾ ਗਏ। ਅਸਲੀਅਤ ਨੇ ਆਖਰ ਡੌਕਟਰ ਅੰਬੇਡਕਰ ਦੀਆਂ ਲਿਖਤਾਂ ਦੇ ਮਹਾਂਰਾਸ਼ਟਰਾ ਸਰਕਾਰ ਵਲੋਂ ਛਾਪੇ ਜਾਣ ਤੋਂ ਬਾਅਦ ਹੀ ਆਪਣਾ ਘੰਡ ਚੁੱਕ ਕੇ ਨੂਰੀ ਦੀਦਾਰ ਕਰਵਾਏ।
ਅੰਬੇਡਕਰ ਲਿਖਤ ਸੰਗ੍ਰਹਿ ਦੀ 17 ਵੀਂ ਪੋਥੀ, ਜੋ 2003 ਵਿੱਚ ਛਪੀ, ਨੇ ਸਾਰੀ ਹਕੀਕਤ ਖੋਲ੍ਹ ਕੇ ਰੱਖ ਦਿੱਤੀ। ਪਹਿਲਾਂ ਪ੍ਰਾਪਤ ਜਾਣਕਾਰੀ ਦੀ ਇਸ ਨੇ ਪੁਸ਼ਟੀ ਕੀਤੀ; ਮਸਲਨ ਅੰਬੇਡਕਰ ਸਿੰਘ ਸਜਣ ਲਈ ਉਤਾਵਲਾ ਸੀ ਅਤੇ ਹਿੰਦੂ ਸਮਾਜ ਦੇ ਮਹਾਂ ਰਥੀਆਂ ਨੂੰ ਉਸਨੇ ਇਹ ਕਦਮ ਚੁੱਕਣ ਲਈ ਸਹਿਮਤ ਕਰ ਲਿਆ ਸੀ। ਉਸਨੂੰ ਵੀ ਕੁਦਰਤ ਵਲੋਂ ਭਰੋਸਾ ਦਾਨ ਦੇ ਖੁਲ੍ਹੇ ਗੱਫੇ ਮਿਲੇ ਹੋਏ ਸਨ ਅਤੇ ਉਹ ਪੇਚਾ ਦੇ ਅੰਦਰਲੇ ਪੇਚਾਂ ਦੀ ਥਾਹ ਨ ਪਾ ਸਕਿਆ। ਸਿਖ ਸਜਣ ਦੇ ਆਖਰੀ ਪੜਾਅ ਵਿੱਚ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਡੌਕਟਰ ਮੂੰਜੇ ਦਾ ਬਿਆਨ ਆਉਣਾਂ ਸੀ ਜਿਸ ਵਿੱਚ ਉਸਨੇ ਹਿੰਦੂ ਸਮਾਜ ਵਲੋਂ ਸ਼ਰ੍ਹੇਆਮ ਲਿਖਤੀ ਸਹਿਮਤੀ ਦੇਣੀ ਸੀ। ਅੰਬੇਡਕਰ ਨੇ ਪਹਿਲਾਂ ਤਹਿ ਕੀਤੇ ਘਟਨਾਂਕਰਮ ਵਜੋਂ, 18 ਜੂਨ 1936 ਨੂੰ ਬੰਬਈ ਹੋਈ ਮਿਲਣੀ ਵਿੱਚ, ਮੂੰਜੇ ਵਲੋਂ ਦਿੱਤਾ ਜਾਣ ਵਾਲਾ ਬਿਆਨ ਲਿੱਖ ਕੇ ਉਸਦੇ ਸਪੁਰਦ ਕਰ ਦਿੱਤਾ। ਇਹ ਤਹਿ ਹੋ ਚੁੱਕਿਆ ਸੀ ਕਿ ਅੇਨ ਸਮਾ ਆਉਣ ਤੱਕ ਇਸਨੂੰ ਗੁਪਤ ਰੱਖਿਆ ਜਾਵੇਗਾ।
ਜਾਪਦਾ ਇਹ ਹੈ ਕਿ ਜੁਗਲ ਕਿਸ਼ੋਰ ਬਿਰਲਾ, ਮਦਨਮੋਹਨ ਮਾਲਵੀਆ ਸਮੇਤ ਸਾਰੇ ਹਿੰਦੂ ਨਾਇਕਾਂ ਦਾ ਮੰਤਵ ਕੇਵਲ ਅੰਬੇਡਕਰੀਆਂ ਨੂੰ ਇੱਕ ਵਾਰੀ ਇਸਾਈ ਜਾਂ ਮੁਸਲਮਾਨ ਬਣਨ ਤੋਂ ਹਟਕੁਣਾਂ ਸੀ। 17 ਵੇਂ ਸੰਸਕਰਣ ਦੀਆਂ ਲਿਖਤਾਂ ਤੋਂ ਇਹ ਵੀ ਜਾਪਦਾ ਹੈ ਕਿ ਦਲਿਤਾਂ ਨੂੰ ਆਰੀਆ ਸਮਾਜ ਵੱਲ ਪ੍ਰੇਰਨ ਦੀ ਵੀ ਚੇਸ਼ਟਾ ਕੀਤੀ ਗਈ ਸੀ ਜੋ ਉਨ੍ਹਾਂ ਨੇ ਦ੍ਰਿਢਤਾ ਨਾਲ ਰੱਦ ਕਰ ਦਿੱਤੀ ਸੀ। ਸ਼ਾਇਦ ਸਿੱਖੀ ਧਾਰਣ ਕਰਨ ਦੀ ਸਹਿਮਤੀ ਦਾ ਢੋਂਗ ਰਚ ਕੇ ਦਲਿਤਾਂ ਦੇ ਮਨੋਰਥ ਨੂੰ ਇਕੋ ਝਟਕੇ ਨਾਲ ਤਾਰ ਤਾਰ ਕਰਨ ਦਾ ਮਨਸੂਬਾ ਵੀ ਨਾਲੋ ਨਾਲ ਘੜਿਆ ਜਾ ਚੁੱਕਾ ਸੀ। ਸਦੀਆਂ ਦੀ ਨਫਰਤ ਅਤੇ ਸਦੀਵੀ ਗੁਲਾਮ ਬਣਾਈ ਰੱਖਣ ਦੀ ਲਾਲਸਾ ਨੂੰ ਮਨਜੂਰ ਨਹੀਂ ਸੀ ਕਿ ਸ਼ਸਤ੍ਰਧਾਰੀ ਸਿੰਘ ਸਜ ਕੇ ਦਲਿਤ ਸਿੱਖਾਂ ਵਾਂਗ ਜਾਤਪਾਤ ਦੀ ਵਲਗਣ ਉਲੰਘ ਜਾਣ ਅਤੇ ਸਮਾਜਿਕ ਬਰਾਬਰੀ ਤੋਂ ਅੱਗੇ ਵਧ ਕੇ ਨਿਆਂ ਹਾਸਲ ਕਰਨ ਦੇ ਰਾਹ ਪੈ ਜਾਣ। ਉਹ ਤਾਂ ਸਗੋਂ ਸਿਖਾਂ ਦੀ ਵੀ ਬਰਬਾਦੀ ਲਈ ਰੱਸੇ ਪੈੜੇ ਵੱਟ ਰਹੇ ਸਨ।
ਸਾਰੀ ਤਹਿ ਸ਼ੁਦਾ ਸਕੀਮ ਅਧੀਨ ਗੁਪਤ ਰੱਖਣ ਦੇ ਕੌਲ-ਇਕਰਾਰਾਂ ਨੂੰ ਦਰਕਿਨਾਰ ਕਰਕੇ, ਡੌਕਟਰ ਮੂੰਜੇ ਨੇ ਨਾਗਪੁਰ ਪਹੁੰਚਦਿਆਂ ਹੀ 30 ਜੂਨ 1936 ਨੂੰ ਇੱਕ ਚਿੱਠੀ ਅੰਬੇਡਕਰ ਦੇ ਸਿਆਸੀ ਵਿਰੋਧੀ ਰਾਏ ਬਹਾਦਰ ਐਮ. ਸੀ. ਰਾਜਾ ਨੂੰ ਲਿੱਖੀ (ਅਪੈਡਕਸ X)।ਉਸਨੂੰ ਪਹਿਲੀ ਵਾਰ ਪਤਾ ਲੱਗਾ ਕਿ ਦਲਿਤਾਂ ਦੇ ਸਿੱਖ ਬਣਨ ਦੇ ਮਨਸੂਬੇ ਸਿਰੇ ਚੜ੍ਹਨ ਹੀ ਵਾਲੇ ਹਨ ਅਤੇ ਉਨ੍ਹਾਂ ਨੂੰ ਬਤੌਰ ਸਿੱਖ, ਹਿੰਦੂ ਸਮਾਜ ਵਲੋਂ ਮਾਨਤਾ ਦੇਣ ਅਤੇ ਕਾਨੂਨੀ ਆਧਾਰ ਮੁਹੱਈਆ ਕਰਨ ਦੀਆਂ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਹਨ। ਇਹ ਜਾਣਕਾਰੀ ਮੂੰਜੇ ਵਲੋਂ ਦਿੱਤੇ ਜਾਣ ਵਾਲੇ ਬਿਆਨ, ਜਿਸਦੀ ਤਹਿਰੀਰ ਅੰਬੇਡਕਰ ਨੇ ਖੁਦ ਲਿੱਖੀ ਸੀ, (ਜਿਲਦ 17 ਸਫੇ 239 ਤੋਂ 243) ਵਿੱਚ ਵੇਰਵੇ ਸਹਿਤ ਦਰਜ ਸਨ। ਜਾਪਦਾ ਇਹ ਹੈ ਕਿ ਰਾਜਾ ਨੇ ਇਸ ਮਨਸੂਬੇ ਨੂੰ ਖਤਮ ਕਰਨ ਦਾ ਮਨ ਬਣਾ ਕੇ ਮ.ਕ. ਗਾਂਧੀ, ਰਾਜਗੋਪਾਲਾਚਾਰੀਆ, ਮਦਨ ਮੋਹਨ ਮਾਲਵੀਆ ਨਾਲ ਸਲਾਹ ਮਸ਼ਵਰਾਂ ਕੀਤਾ। ਇਹ ਸਾਰੇ ਉਸ ਨਾਲ ਸਹਿਮਤ ਹੋ ਗਏ। ਸ਼ਾਇਦ ਉਨੇ ਹੀ ਜੋਸ਼ ਨਾਲ ਜਿੰਨੇ ਜੋਸ਼ ਨਾਲ ਦਲਿਤਾਂ ਦੇ ਸਿੱਖ ਬਣਨ ਦੇ ਮਨਸੂਬੇ ਨਾਲ ਪਹਿਲਾਂ ਸਹਿਮਤ ਹੋਏ ਸਨ। ਇਨ੍ਹੀ ਦਿਨੀਂ ਹੀ ਗਾਂਧੀ ਦਾ ਉਹ ਮਨਹੂਸ ਬਿਆਨ ਆਇਆ ਜਿਸਦਾ ਭਾਵ ਸੀ ਕਿ ਸਿੱਖ ਬਣਨ ਨਾਲੋਂ ਤਾਂ ਚੰਗਾ ਹੈ ਕਿ ਦਲਿਤ ਮੁਸਲਮਾਨ ਜਾਂ ਇਸਾਈ ਹੀ ਬਣ ਜਾਣ।
ਸਾਬੋਤਾਜ ਦਾ ਮੁਕੰਮਲ ਸ਼ੜਯੰਤਰ ਰਚ ਕੇ ਰਾਜਾ ਨੇ ਘੋਰ ਵਿਰੋਧ ਕਰਦਿਆਂ ਇੱਕ ਖਤ ਲਿਖਿਆ ਜੋ ਉਸਨੇ ਗਾਂਧੀ ਸਮੇਤ ਸਾਰੇ ਹਿੰਦੂ ਨਾਇਕਾਂ ਨੂੰ ਵੀ ਭੇਜ ਦਿੱਤਾ। ਆਖਰ 8 ਅਗਸਤ 1936  ਨੂੰ The Bombay Chronicle ਵਿੱਚ ਛਾਪ ਦਿੱਤਾ।ਇਹ ਖਤ ਅਤੇ ਇਸਦੀ ਪਿੱਠਭੂਮੀ ਵਿੱਚ ਰਚੇ ਚੱਕ੍ਰਵਿਯੂਹ ਨੇ ਹੀ ਡੌਕਟਰ ਅੰਬੇਡਕਰ ਦੇ ਸਿੱਖ ਬਣਨ ਦੇ ਪੂਰੇ ਵੇਗ ਨਾਲ ਸੰਪੂਰਣਤਾ ਵੱਲ ਵਧ ਰਹੇ ਵਿਚਾਰ ਨੂੰ ਸਦਾ ਲਈ ਸਮਾਪਤ ਕਰ ਦਿੱਤਾ। ਇਸ ਚਿੱਠੀ ਦਾ ਮੂਲ ਅੰਬੇਡਕਰ ਲਿੱਖਤ ਸੰਗ੍ਰਹਿ ਦੇ ਪੰਨੇ 477-479 ਉੱਤੇ ਵੇਖਿਆ ਜਾ ਸਕਦਾ ਹੈ। 479 – 483 ਪੰਨਿਆ ਉੱਤੇ ਰਾਜਗੋਪਾਲਾਚਾਰੀਆ, ਪੰਡਤ ਮਦਨਮੋਹਨ ਮਾਲਵੀਆ, ਮ.ਕ.ਗਾਂਧੀ ਅਤੇ ਚੰਡੌਰਕਰ ਦੇ ਪਤਰ ਸੁਨੇਹੇਂ ਆਦਿ ਹਨ ਜੋ ਅੰਬੇਡਕਰ ਨੂੰ ਸਿੱਖ ਬਣਨ ਦੇ ਇਰਾਦੇ ਤੋਂ ਹੋੜਨ ਦਾ ਇਕੋ ਇੱਕ ਵਡਾ ਕਾਰਣ ਬਣੇ।
ਮਹਾਤਮਾ ਬੁੱਧ ਦੇ ਉਪਦੇਸ਼ ਨੂੰ ਪ੍ਰਵਾਨ ਕਰਕੇ ਇੱਕ ਵੇਲੇ ਹਿੰਦ ਦੀ ਗਰਕ ਹੁੰਦੀ ਜਾ ਰਹੀ ਜਮੀਰ ਨੂੰ ਸੰਸਾਰ ਦੇ ਸ੍ਰੇਸ਼ਟ ਧਰਮ ਵਲੋਂ ਉਭਰਨ ਦਾ ਮੌਕਾ ਦਿੱਤਾ ਸੀ ਜੋ ਆਦਿ ਸ਼ੰਕਰਾਚਾਰੀਆਂ ਨੇ ਹਿੰਸਕ ਧਾੜਵੀਆਂ ਦੀ ਅਗਵਾਈ ਕਰਕੇ ਖਤਮ ਕਰ ਦਿੱਤਾ। ਸਦੀਆਂ ਬਾਅਦ ਸਿੱਖੀ ਦੇ ਲੜ ਲੱਗ ਕੇ ਮਨੁੱਖੀ ਅਧਿਆਤਮਿਕ ਵਿਕਾਸ ਦੀ ਚਰਮ ਸੀਮਾ ਵੱਲ ਵਧ ਰਹੀ ਆਤਮਾਂ ਨੂੰ ਹਿੰਦ ਦੇ ਮਹਾਂਰਥੀ ਆਗੂਆਂ ਨੇ ਇੱਕ ਵਾਰ ਫੇਰ ਪਛਾੜ ਦਿੱਤਾ। ਅੰਬੇਡਕਰ ਨੇ ਖੁੱਦ ਆਉਂਦੀ ਕ੍ਰਾਂਤੀ ਨੂੰ ਖਤਮ ਕਰਨ ਲਈ ਇਨ੍ਹਾਂ ਹਿੰਦੂ ਆਗੂਆਂ ਨੂੰ ਜ਼ਿਮੇਵਾਰ ਦੱਸਿਆ ਹੈ ਨ ਕਿ ਸਿੱਖ ਆਗੂਆਂ ਨੂੰ।